Thursday 15 March 2012

ਖਬਰਾਂ ਖੇਤਾਂ ਚੋ

ਮੌਜੂਦਾ ਫਸਲ ਚੱਕਰ ਨੂੰ ਤੋੜ ਕੇ  ਕੁਦਰਤੀ ਖੇਤੀ ਵਿੱਚ ਸਫਲਤਾ ਦੇ ਨਵੇਂ ਦਿਸਹੱਦੇ ਸਿਰਜਣ ਦੀ ਲੋੜ: ਡਾ. ਰੁਪੇਲਾ
 
ਉੱਘੇ ਕੁਦਰਤੀ ਖੇਤੀ ਵਿਗਿਆਨੀ ਅਤੇ ਇਕਰੀਸੈਟ ਦੇ ਸਾਬਕਾ ਪ੍ਰਧਾਨ ਵਿਗਿਆਨਕ ਸ਼੍ਰੀ ਓਮ ਪ੍ਰਕਾਸ਼ ਰੁਪੇਲਾ ਨੇ ਖੇਤੀ ਵਿਰਾਸਤ ਮਿਸ਼ਨ ਦੇ ਸੱਦੇ 'ਤੇ ਚਾਰ ਦਿਨਾਂ ਪੰਜਾਬ ਦੌਰਾ ਮੁਕੰਮਲ ਕੀਤਾ। ਉਹਨਾਂ ਦੇ ਇਸ ਦੌਰੇ ਦਾ ਮੁੱਖ ਮਕਸਦ ਪੰਜਾਬ ਭਰ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕੁੱਝ ਚੋਣਵੇਂ ਕਿਸਾਨਾਂ ਨਾਲ ਮਿਲ ਕੇ ਫਸਲਾਂ ਦੇ ਝਾੜ ਸਬੰਧੀ ਪ੍ਰਯੋਗਾਂ ਦੀ ਰੂਪ ਰੇਖਾ ਤੈਅ ਕਰਨਾ ਸੀ।
ਦੌਰੇ ਦੀ ਸ਼ੁਰੂਆਤ 26 ਫਰਵਰੀ ਨੂੰ ਜੈਤੋ ਵਿਖੇ ਕੁਦਰਤੀ ਖੇਤੀ ਕਰ ਰਹੇ ਕਿਸਾਨ ਗੁਰਮੇਲ ਸਿੰਘ ਢਿੱਲੋਂ ਦੇ ਖੇਤ ਤੋਂ ਹੋਈ। ਜਿੱਥੇ ਕਿ ਉਹਨਾਂ ਨੇ ਗੁਰਮੇਲ ਸਿੰਘ ਢਿੱਲੋਂ ਨਾਲ ਉਹਨਾਂ ਦੀ ਫਸਲ ਬਾੜੀ ਸਬੰਧੀ ਖੁੱਲਾ ਵਿਚਾਰ ਵਟਾਂਦਰਾ ਕੀਤਾ ਅਤੇ ਸ਼੍ਰੀ ਢਿੱਲੋਂ ਨੂੰ ਕੁੱਝ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਉਹਨਾਂ ਦੀ ਖੇਤੀ ਵਿੱਚ ਸੁਧਾਰ ਦੀਆਂ ਹੋਰ ਸੰਭਾਨਾਵਾਂ  ਬਾਰੇ ਲਾਹੇਵੰਦ ਗੱਲਬਾਤ ਕੀਤੀ। ਇਸ ਉਪਰੰਤ ਸ਼੍ਰੀ ਰੁਪੇਲਾ, ਜੈਤੋ ਲਾਗਲੇ ਪਿੰਡ ਚੈਨਾ ਵਿਖੇ ਉੱਘੇ ਕੁਦਰਤੀ ਖੇਤੀ ਕਿਸਾਨ ਅਮਰਜੀਤ ਸ਼ਰਮਾ,  ਗੋਰਾ ਸਿੰਘ ਅਤੇ ਚਰਨਜੀਤ ਸਿੰਘ ਪੁੰਨੀ ਦੇ ਖੇਤ ਵੇਖਣ ਗਏ। ਇਸ ਮੌਕੇ ਉਹਨਾਂ ਨੇ ਇਹਨਾਂ ਕਿਸਾਨਾਂ ਤੋਂ ਉਹਨਾਂ ਦੀ ਖੇਤੀ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਲੋੜ ਅਨੁਸਾਰ ਭੂਮੀ, ਕੀਟ ਪ੍ਰਬੰਧਨ ਅਤੇ ਖੇਤਾਂ ਵਿੱਚ ਚੂਹਿਆਂ ਆਦਿ ਰੋਕਥਾਮ ਲਈ ਜ਼ਰੂਰੀ ਉਪਾਅ ਵੀ ਸੁਝਾਏ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਅਤੇ ਕੁਦਰਤੀ ਖੇਤੀ ਟ੍ਰੇਨਿੰਗ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਵੀ ਉਹਨਾਂ ਦੇ ਨਾਲ ਰਹੇ।
ਦੁਪਹਿਰ ਬਾਅਦ ਸ਼੍ਰੀ ਰੁਪੇਲਾ ਚਰਨਜੀਤ ਪੁੰਨੀ ਦੇ ਖੇਤੋਂ ਗੁਰਪ੍ਰੀਤ ਦਬੜੀਖਾਨਾ ਦੇ ਨਾਲ ਜ਼ਿਲਾ ਬਰਨਾਲਾ ਦੇ ਪਿੰਡ ਭੋਤਨਾ ਲਈ ਰਵਾਨਾ ਹੋ ਗਏ। ਜਿੱਥੇ ਕਿ ਉਹਨਾਂ ਨੇ ਉੱਥੋਂ ਦੇ ਕੁਦਰਤੀ ਖੇਤੀ ਕਿਸਾਨਾਂ ਨਿਰਮਲ ਸਿੰਘ, ਭਗਵੰਤ ਸਿੰਘ ਅਤੇ ਭਜਨ ਸਿੰਘ  ਦੇ ਖੇਤੀਂ ਫੇਰੀ ਪਾਈ। ਇਸ ਮੌਕੇ ਡਾ. ਰੁਪੇਲਾ ਨੇ ਖਾਸ ਤੌਰ 'ਤੇ ਭਜਨ ਸਿੰਘ ਤੇ ਭਗਵੰਤ ਸਿੰਘ ਦੇ ਮਲਚਿੰਗ ਕੀਤੀ ਹੋਈ ਕਣਕ ਦੇ ਖੇਤ ਵੇਖੇ। ਇਸ ਮੌਕੇ ਉਹਨਾਂ ਨੇ ਪਾਇਆ ਕਿ ਭਜਨ ਸਿੰਘ ਦੀ ਮਲਚਿੰਗ ਵਾਲੀ ਕਣਕ ਆਮ ਨਾਲੋਂ ਕਾਫੀ ਕਮਜ਼ੋਰ ਨਜ਼ਰ ਆ ਰਹੀ ਸੀ ਜਦੋਂਕਿ ਭਗਵੰਤ ਸਿੰਘ ਦੀ ਮਲਚਿੰਗ ਵਾਲੀ ਕਣਕ ਬਹੁਤ ਹੀ ਚੰਗੀ ਹਾਲਤ ਵਿੱਚ ਸੀ। ਇਸ ਸਬੰਧ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਰੁਪੇਲਾ ਨੇ ਦੱਸਿਆ ਕਿ ਭਜਨ ਸਿੰਘ ਦੀ ਮਲਚਿੰਗ ਵਾਲੀ ਕਣਕ ਦੇ ਕਮਜ਼ੋਰ ਰਹਿਣ ਦਾ ਵੱਡਾ ਕਾਰਨ ਜਲਦੀ ਪਾਣੀ ਦੇਣਾ ਹੈ। ਉਹਨਾਂ ਕਿਹਾ ਕਿ ਮਲਚਿੰਗ ਵਾਲੀ ਕਣਕ ਨੂੰ ਪਹਿਲਾ ਪਾਣੀ ਦੇਣ ਦੀ ਜਲਦੀ ਨਹੀਂ ਕਰਨੀ ਚਾਹੀਦੀ ਕਿਉਂਕਿ ਮਲਚਿੰਗ ਕਾਰਨ ਭੂਮੀ ਵਿਚਲੀ ਨਮੀ ਲੰਮਾਂ ਸਮਾਂ ਬਣੀ ਰਹਿੰਦੀ ਹੈ। ਜਲਦੀ ਪਾਣੀ ਦੇਣ ਨਾਲ ਕਣਕ ਦਬ ਜਾਂਦੀ ਹੈ ਅਤੇ ਉਸ ਦੀ ਗਰੋਥ ਉੱਤੇ ਮਾੜਾ ਅਸਰ ਪੈਂਦਾ ਹੈ। ਇਸ ਮੌਕੇ ਉਹਨਾਂ ਨੇ ਭਜਨ  ਸਿੰਘ ਨੂੰ ਸਬੰਧਤ ਖੇਤ ਵਿਚਲੀ ਕਣਕ ਦੇ ਚੰਗੇ ਵਿਕਾਸ ਲਈ ਪ੍ਰਤੀ ਪੰਪ 2 ਲਿਟਰ ਪਸ਼ੂ ਮੂਤਰ ਦੀਆਂ ਚਾਰ-ਪੰਜ ਸਪ੍ਰੇਆਂ ਕਰਨ ਦਾ ਸੁਝਾਅ ਦਿੱਤਾ।
ਅੰਤ ਵਿੱਚ ਸ਼੍ਰੀ ਰੁਪੇਲਾ ਨਿਰਮਲ ਸਿੰਘ ਦੇ ਖੇਤ ਪੁੱਜੇ ਅਤੇ ਉੱਥੇ ਉਗਾਈ ਗਈ ਸਬਜ਼ੀ, ਗੰਨਾ, ਜੋਂ ਅਤੇ ਕਣਕ ਦੀ ਫਸਲ ਦਾ ਮੁਆਇਨਾ ਕੀਤਾ ਅਤੇ ਉਹਨਾਂ ਨੂੰ ਉਹਨਾਂ ਦੀ ਖੇਤੀ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਕੀਮਤੀ ਸੁਝਾਅ ਦਿੱਤੇ। ਅੰਤ ਵਿੱਚ ਡਾ. ਰੁਪੇਲਾ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ-ਝੋਨੇ ਅਤੇ ਕਣਕ-ਨਰਮੇ ਦੇ ਫਸਲ ਚੱਕਰ ਨੂੰ ਤੋੜ ਕੇ ਜਾਂ ਇਸ ਨਾਲ ਬੇਹਤਰ ਤਾਲਮੇਲ ਬਿਠਾ ਕੇ ਕਾਮਯਾਬ ਕੁਦਰਤੀ ਖੇਤੀ ਕਰਨ ਲਈ ਨਵੇਂ ਦਿਸਹੱਦੇ ਸਿਰਜਣ ਲਈ ਪਹਿਲ ਕਰਨੀ ਚਾਹੀਦੀ ਹੈ। ਉਹਨਾਂ, ਖੇਤੀ ਵਿੱਚ ਪਾਣੀ ਦੇ ਉੱਚਿਤ ਪ੍ਰਬੰਧਨ ਅਤੇ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਖੇਤਾਂ ਵਿੱਚ ਫਸਲੀ ਰਹਿੰਦ-ਖੂੰਹਦ ਦੀ ਮਲਚਿੰਗ ਕਰਨ ਅਤੇ ਖੇਤਾਂ ਵਿੱਚ ਮਿਸ਼ਰਤ ਹਰੀ ਖਾਦ ਉਗਾ ਕੇ ਉਸਨੂੰ ਸਰਫੇਸ (ਜ਼ਮੀਨ ਦੀ ਸਤਾ 'ਤੇ) ਮਲਚਿੰਗ ਦੇ ਤੌਰ 'ਤੇ ਇਸਤੇਮਾਲ ਕਰਨ ਜਾਂ ਡਿਸਕ ਹੈਰੋਂ ਨਾਲ ਭੂਮੀ ਵਿੱਚ ਸਾਢੇ ਚਾਰ-ਪੰਜ ਇੰਚ ਦੀ ਡੂੰਘਾਈ ਤੱਕ ਮਿਲਾਉਣ ਦਾ ਸੁਝਾਅ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਕਿਸਾਨਾ ਭਰਾ ਫਸਲਾਂ ਦੇ ਉੱਚਿਤ ਵਿਕਾਸ ਲਈ ਪਸ਼ੂ ਮੂਤਰ, ਪਾਥੀਆਂ ਦੇ ਪਾਣੀ, ਕੱਚੇ ਦੁੱਧ, ਖੱਟੀ ਲੱਸੀ ਅਤੇ ਗੁੜਜਲ ਵਰਗੇ ਜੀਵਾਣੂ ਕਲਚਰਾਂ ਦਾ ਭਰਪੂਰ ਤੇ ਲਗਾਤਾਰ ਇਸਤੇਮਾਲ ਜ਼ਰੂਰ ਕਰਨ।

ਅੰਤਰ ਅਤੇ ਬਾਰਡਰ ਫ਼ਸਲਾਂ ਉੱਤੇ ਰੁਕਿਆ ਚੇਪਾ, ਕਣਕ ਬਾਗੋ-ਬਾਗ!
 
ਕੁਦਰਤੀ ਖੇਤੀ ਤਹਿਤ ਬੀਜੀ ਗਈ ਕਣਕ ਵਿੱਚ ਅੰਤਰ ਅਤੇ ਬਾਰਡਰ ਫਸਲਾਂ ਵਜੋਂ ਬੀਜੇ ਗਏ ਧਨੀਆ, ਮੇਥੇ ਤੇ ਸਰੋਂ ਦੀਆਂ ਫਸਲਾਂ ਕਣਕ ਲਈ ਵਰਦਾਨ ਸਿੱਧ ਹੋ ਰਹੀਆਂ ਹਨ। ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਰਸਾਇਣਕ ਖੇਤੀ ਵਾਲੇ ਕਿਸਾਨ ਕਣਕ ਦੀ ਫਸਲ ਉੱਤੇ ਚੇਪੇ ਦੇ ਜ਼ਬਰਦਸਤ ਹਮਲੇ ਕਾਰਨ ਹੈਰਾਨ-ਪ੍ਰੇਸ਼ਾਨ ਹਨ ਉੱਥੇ ਹੀ ਕੁਦਰਤੀ ਖੇਤੀ ਕਿਸਾਨ ਚੇਪੇ ਦੇ ਹਮਲੇ ਤੋਂ ਬਿਲਕੁੱਲ ਨਿਰਭੈ ਹਨ।
ਉਹਨਾਂ ਹੋਰ ਵੇਰਵਾ ਦਿੰਦਿਆ ਕਿਹਾ ਕਿ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੁਆਰਾ ਕਣਕ ਦੀ ਫ਼ਸਲ ਵਿੱਚ ਬੀਜੇ ਗਏ ਧਨੀਏ, ਮੇਥਿਆਂ ਅਤੇ ਸਰੋਂ ਨੇ ਚੇਪੇ ਦੇ ਹਮਲੇ ਨੂੰ ਆਪਣੇ ਉੱਪਰ ਲੈ ਲਿਆ ਹੈ। ਸਿੱਟੇ ਵਜੋਂ ਕਣਕ ਦੀ ਫ਼ਸਲ ਚੇਪੇ ਦੇ ਤੋਂ ਬਚ ਹੋਈ ਹੈ। ਚੇਪੇ ਦੇ ਸ਼ਿਕਾਰੀ ਕੀਟ ਲੇਡੀ ਬਰਡ ਬੀਟਲ (ਫ਼ੇਲ-ਪਾਸ) ਦੇ ਲਾਰਵੇ ਅਤੇ ਬਾਲਗ ਅੰਤਰ ਫ਼ਸਲਾਂ ਉੱਤ ਆਏ ਹੋਏ ਚੇਪੇ ਦੀ ਦਾਅਵਤ ਉੜਾ ਰਹੀ ਰਹੇ ਹਨ।
ਇਸ ਸਬੰਧ ਵਿੱਚ ਗੱਲ ਕਰਦਿਆਂ ਪਿੰਡ ਚੈਨਾ ਦੇ ਉੱਘੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਅਮਰਜੀਤ ਸ਼ਰਮਾ ਨੇ ਦੱਸਿਆ ਕਿ ਜਦੋਂ ਤੱਕ ਚੇਪੇ ਨੂੰ ਅੰਤਰ ਫ਼ਸਲਾਂ ਤੋਂ ਵਿਹਲ ਮਿਲੇਗੀ ਉਦੋਂ ਤੱਕ ਕਣਕ ਦੀ ਫ਼ਸਲ ਚੇਪੇ ਦੀ ਮਾਰ ਤੋਂ ਬਾਹਰ ਨਿਕਲ ਜਾਵੇਗੀ ਜਾਂ ਲੇਡੀ ਬਰਡ ਬੀਟਲ ਇਸ ਦਾ ਸਫਾਇਆ ਕਰ ਦੇਵੇਗੀ। ਫਿਰ ਵੀ ਜੇਕਰ ਲੋੜ ਪਈ ਤਾਂ ਨਿੰਮ• ਅਸਤਰ ਦੀ ਇੱਕ ਸਪ੍ਰੇਅ ਕਰਕੇ ਕੁਦਰਤੀ ਖੇਤੀ ਤਹਿਤ ਬੀਜੀ ਹੋਈ ਕਣਕ ਉਤਲੇ ਚੇਪੇ  ਨੂੰ ਕਾਬੂ ਕਰਨ ਲਈ ਕਾਫੀ ਰਹੇਗੀ।

ਜੈਵਿਕ ਗੁੜ ਨੇ ਦਿੱਤਾ ਕਿਸਾਨਾਂ ਦੀ ਆਰਥਿਕਤਾ ਨੂੰ ਠੁੰਮਣਾ

ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਵੱਖ-ਵੱਖ ਪਿੰਡਾ ਦੇ ਕਿਸਾਨਾਂ ਵੱਲੋਂ ਕੁਦਰਤੀ ਖੇਤੀ ਤਹਿਤ ਉਗਾਏ ਗਏ ਜੈਵਿਕ ਗੰਨੇ ਤੋਂ ਬਣਿਆ ਗੁੜ ਆਰਥਿਕ ਪੱਖੋਂ ਉਹਨਾਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਜ਼ਿਕਰਯੋਗ ਹੈ ਫ਼ਰੀਦਕੋਟ ਦੇ ਪਿੰਡ ਚੈਨਾ ਵਿਖੇ ਸ਼੍ਰੀ ਅਮਰਜੀਤ ਸ਼ਰਮਾ, ਗੋਰਾ ਸਿੰਘ, ਹਰੀਸ਼ ਕੁਮਾਰ 'ਰੂਪਾ'  ਸਮੇਤ ਗੁਰਮੇਲ ਸਿੰਘ ਢਿੱਲੋਂ (ਜੈਤੋ)  ਅਤੇ ਬਲਵੰਤ ਗਰਗ (ਫ਼ਰੀਦਕੋਟ) ਨੇ ਆਪਣੇ -ਆਪਣੇ ਖੇਤਾਂ ਦੇ ਕੁੱਝ ਰਕਬੇ ਵਿੱਚ ਗੰਨੇ ਦੀ ਕਾਸ਼ਤ ਕਰਕੇ ਉਸਦਾ ਜੈਵਿਕ ਗੁੜ ਬਣਾਉਣ ਦਾ ਉਪਰਾਲਾ ਕੀਤਾ।
ਇਹ ਉਪਰਾਲਾ ਬਹੁਤ ਸਫਲ ਰਿਹਾ ਅਤੇ ਕਿਸਾਨਾਂ ਨੂੰ ਪ੍ਰਤੀ ਏਕੜ ਗੰਨੇ ਤੋਂ 24 ਕੁਵਿੰਟਲ ਗੁੜ ਪ੍ਰਾਪਤ ਹੋਇਆ। ਕਿਸਾਨਾਂ ਦੁਆਰਾ ਭਿੰਡੀ ਅਤੇ ਸੁਖਲਾਈ ਦੀ ਵਰਤੋਂ ਕਰਕੇ ਬਣਾਇਆ ਗਿਆ ਇਹ ਜੈਵਿਕ ਗੁੜ 50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਲਗਦੇ ਹੱਥ ਹੀ ਵਿਕ ਗਿਆ।
ਇਸ ਬਾਰੇ ਗੱਲਬਾਤ ਕਰਦਿਆਂ ਸ਼੍ਰੀ ਅਮਰਜੀਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਖੇਤ ਵਿਖੇ ਤਿੰਨ ਕਨਾਲ ਗੰਨਾ ਲਾਇਆ ਸੀ। ਜਿਹਦੇ ਵਿੱਚੋਂ 10 ਹਜ਼ਾਰ ਰੁਪਏ ਦਾ ਗੰਨਾ ਬੀਜ ਵਜੋਂ ਵਿਕ ਗਿਆ ਅਤੇ ਬਾਕੀ ਬਚੇ ਗੰਨੇ ਦਾ ਗੁੜ ਘਰੋਂ ਹੀ 30,000 ਰੁਪਏ ਦਾ ਵਿਕ ਗਿਆ। ਇਸੇ ਤਰਾ ਗੋਰਾ ਸਿੰਘ  ਨੇ ਦੱਸਿਆ ਕਿ ਉਹਨਾਂ ਨੇ ਦੋ ਕਨਾਲ ਜ਼ਮੀਨ 'ਤੇ ਗੰਨੇ ਦੀ ਕਾਸ਼ਤ ਕੀਤੀ ਸੀ। ਲੋਕਾਂ ਦੁਆਰਾ ਕੀਤੇ ਗਏ ਉਜਾੜੇ ਦੇ ਬਾਵਜੂਦ ਉਹਨਾਂ ਨੂੰ ਉਸ ਗੰਨੇ ਦਾ 6 ਕਵਿੰਟਲ ਗੁੜ ਬਣ ਗਿਆ। ਜਿਹੜਾ ਕਿ 50 ਰੁਪਏ ਪ੍ਰਤੀ ਕਿੱਲੋ ਹੱਥੋਂ ਹੱਥ ਵਿਕ ਗਿਆ। ਗੋਰਾ ਸਿੰਘ ਅਨੁਸਾਰ ਦੋ ਕਨਾਲਾਂ ਗੰਨੇ ਤੋਂ ਤੀਹ ਹਜ਼ਾਰ ਰੁਪਏ ਦੀ ਆਮਦਨ ਹਰ ਪੱਖੋਂ ਲਾਹੇਵੰਦ ਸੌਦਾ ਹੈ।

ਕਰੀਰਵਾਲੀ ਤੇ ਡੇਲਿਆਂਵਾਲੀ  ਵਿਖੇ ਮਹਿਲਾ ਕਿਸਾਨ ਸਕੂਲਾਂ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਖੇਤੀ ਵਿਰਾਸਤ ਮਿਸ਼ਨ ਵੱਲੋਂ ਫ਼ਰੀਦਕੋਟ ਜ਼ਿਲੇ ਦੇ ਜੈਤੋ ਲਾਗਲੇ ਪਿੰਡਾਂ ਕਰੀਰਵਾਲੀ ਤੇ ਡੇਲਿਆਂਵਾਲੀ ਵਿਖੇ ਸ਼ੁਰੂ ਕੀਤੀ ਗਈ ਘਰਾਂ ਵਿੱਚ ਜ਼ਹਿਰ ਮੁਕਤ ਸਬਜ਼ੀਆਂ ਉਗਾਉਣ ਦੀ ਮੁਹਿੰਮ ਤਹਿਤ ਲਾਏ ਜਾ ਰਹੇ ਮਹਿਲਾ ਕਿਸਾਨ ਸਕੂਲਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਮੁਹਿੰਮ ਤਹਿਤ ਮਿਸ਼ਨ ਦੇ ਕਾਰਕੁੰਨਾਂ ਦੁਆਰਾ ਇਹਨਾਂ ਪਿੰਡਾਂ ਵਿੱਚ ਘਰੇਲੂ ਬਗੀਚੀ ਲਾ ਚੁੱਕੀਆਂ ਅਤੇ ਲਾਉਣ ਦੀਆਂ ਇੱਛਕ ਬੀਬੀਆਂ ਲਈ ਹਫ਼ਤਾਵਾਰੀ ਮਹਿਲਾ ਕਿਸਾਨ ਸਕੂਲ ਲਾਏ ਜਾਂਦੇ ਹਨ। ਇਹਨਾਂ ਸਕੂਲਾਂ ਵਿੱਚ ਬੀਬੀਆਂ ਭਰਵੀਂ ਹਾਜ਼ਰੀ ਲਵਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜਨਵਰੀ 'ਚ ਸ਼ੁਰੂ ਹੋਏ ਮਹਿਲਾ ਕਿਸਾਨ ਸਕੂਲਾਂ ਤਹਿਤ ਹੁਣ ਤੱਕ 10 ਸਕੂਲ ਲਾਏ ਜਾ ਚੁੱਕੇ ਹਨ। ਮਹਿਲਾ ਕਿਸਾਨ ਸਕੂਲ ਵਿੱਚ ਬੀਬੀਆਂ ਨੂੰ ਕੀਟ ਪਛਾਣ ਦੇ ਨਾਲ-ਨਾਲ ਘਰੇਲੂ ਬਗੀਚੀ ਵਿੱਚ ਸਫਲਤਾ ਨਾਲ ਜ਼ਹਿਰ ਮੁਕਤ ਸਬਜ਼ੀਆਂ ਪੈਦਾ ਕਰਨ ਦੀ ਪੁਖਤਾ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਖੇਤੀ ਵਿਰਾਸਤ ਮਿਸ਼ਨ ਦੀ ਕਾਰਕੁੰਨ ਅਤੇ ਕੁਆਰਡੀਨੇਟਰ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਹੁਣ ਤੱਕ ਲਾਏ ਗਏ ਮਹਿਲਾ ਕਿਸਾਨ ਸਕੂਲਾਂ ਵਿੱਚ ਬੀਬੀਆਂ ਨੇ ਅੱਠ ਪ੍ਰਕਾਰ ਦੀ ਲੇਡੀ ਬਰਡ ਬੀਟਲ ਦੇ ਅੰਡੇ, ਬੱਚੇ, ਬਾਲਗ ਅਤੇ ਪਿਊਪਾ, ਮੋਇਲੀ ਨਾਮਕ ਕੀਟ (ਚੇਪੇ ਨੂੰ ਖਾਣ ਵਾਲਾ ਕਾਲੇ ਰੰਗ ਦਾ ਮਹੀਨ ਕੀਟ) ਤਿੰਨ ਤਰਾਂ ਦਾ ਚੇਪਾ (ਬੱਚੇ ਤੇ ਬਾਲਗ) ਤੰਬਾਕੂ ਦੀ ਸੁੰਡੀ ਦੀ ਪਛਾਣ ਕਰ ਚੁੱਕੀਆਂ ਹਨ।
ਉਹਨਾਂ ਹੋਰ ਦੱਸਿਆ ਕਿ ਮਹਿਲਾ ਕਿਸਾਨ ਸਕੂਲਾਂ ਵਿੱਚ ਬੀਬੀਆਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਹੈ ਅਤੇ ਹੁਣ ਉਹ ਆਪਣੇ ਘਰ ਦੇ ਖੇਤੀ ਕਰਨ ਵਾਲੇ ਮਰਦ ਮੈਂਬਰਾਂ ਨਾਲ ਕੀਟਾਂ ਦੀ ਪਛਾਣ, ਉਹਨਾਂ ਦੇ ਫ਼ਾਇਦੇ-ਨੁਕਸਾਨ ਆਦਿ ਬਾਰੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ।

No comments:

Post a Comment