Thursday 15 March 2012

ਕੁਦਰਤੀ ਖੇਤੀ ਵਿੱਚ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਅਗਾਂਊ ਤਿਆਰੀ

ਗੁਰਪ੍ਰੀਤ ਦਬੜੀਖਾਨਾ
ਕਿਸਾਨ ਵੀਰੋ! ਕੁਦਰਤੀ ਖੇਤੀ ਵਿੱਚ ਸਾਉਣੀਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਸਮਾਂ ਨੇੜੇ ਆ ਰਿਹਾ ਹੈ। ਸੋ ਸਾਨੂੰ ਹੁਣੇ ਤੋਂ ਹੀ ਸਾਉਣੀ ਦੀਆਂ ਫ਼ਸਲਾਂ ਲਈ ਲੋੜੀਂਦੀ ਵਿਉਂਤਬੰਦੀ ਕਰ ਲੈਣੀ ਚਾਹੀਦੀ ਹੈ। ਕਣਕ ਦੀ ਕਟਾਈ ਤੋਂ ਪਹਿਲਾਂ ਦੇ ਇਹਨਾਂ ਕੁੱਝ ਘੱਟ ਬੋਝਲ ਦਿਨਾਂ ਦੀ ਸਹੀ ਇਸਤੇਮਾਲ ਕਰਕੇ ਅਸੀ ਸਾਊਣੀ ਦੀਆਂ ਫ਼ਸਲਾਂ ਦੀ ਬਿਜਾਈ ਦੀ ਅਗਾਂਊ ਤਿਆਰੀ ਸਮਾਂ ਰਹਿੰਦਿਆਂ ਹੀ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਸਾਨੂੰ ਹੇਠ ਲਿਖੇ ਅਨੁਸਾਰ ਤਿਆਰੀ ਵਿੱਚ ਜੁਟ ਜਾਣਾ ਚਾਹੀਦਾ ਹੈ:
ਰੌਣੀ ਕਰਦੇ ਸਮੇਂ ਪ੍ਰਤੀ ਏਕੜ ਇੱਕ ਡਰੰਮ ਗੁੜ ਜਲ ਅੰਮ੍ਰਿਤ ਜ਼ਰੂਰ ਪਾਉ: ਹਾੜੀ ਦੀਆਂ ਫ਼ਸਲਾਂ ਦੀ ਕਟਾਈ ਉਪਰੰਤ ਭੂਮੀ ਵਿੱਚ ਵਿੱਚ ਸੂਖਮ ਜੀਵਾਂ ਦੀ ਸੰਖਿਆ ਵਧਾਉਣ ਲਈ ਖੇਤ ਦੀ ਰੌਣੀ ਕਰਦੇ ਸਮੇਂ ਪ੍ਰਤੀ ਏਕੜ ਇੱਕ ਡਰੰਮ ਗੁੜਜਲ ਅੰਮ੍ਰਿਤ ਜ਼ਰੂਰ ਪਾਉ। ਇਸ ਨਾਲ ਭੂਮੀ ਵਿੱਚ ਲੋੜੀਂਦੇ ਸੂਖਮ ਜੀਵਾਂ ਦੀ ਸੰਖਿਆ ਵਿੱਚ ਬੇਹਿਸਾਬ ਵਾਧਾ ਹੁੰਦਾ ਹੈ।  ਗੁੜਜਲ ਅੰਮ੍ਰਿਤ ਬਣਾਉਣ ਲਈ ਲੋੜੀਂਦਾ ਸਮਾਨ ਅਤੇ ਬਣਾਉਣ ਦਾ ਢੰਗ ਹੇਠ ਲਿਖੇ ਅਨੁਸਾਰ ਹੈ-
ਸਮਾਨ: ਦੇਸੀ ਗਊ ਜਾਂ ਮੱਝਾਂ ਦਾ ਤਾਜਾ ਗੋਹਾ 60 ਕਿੱਲੋ, ਗੁੜ ਘੱਟੋ-ਘੱਟ 3 ਕਿੱਲੋ, ਬੇਸਣ 1 ਕਿੱਲੋ, ਸਰੋਂ ਦਾ ਤੇਲ 200 ਗ੍ਰਾਮ, ਬੰਨੇ ਦੀ ਮਿੱਟੀ ਇੱਕ ਮੁੱਠੀ, ਪਾਣੀ 150 ਲਿਟਰ, ਪਲਾਸਟਿਕ ਦਾ ਡਰੰਮ ਇੱਕ।
ਵਿਧੀ: ਸਭ ਤੋਂ ਪਹਿਲਾਂ ਦੋਹਾਂ ਹੱਥਾਂ ਨਾਲ 4-5 ਕਿੱਲੋ ਗੋਹੇ ਵਿੱਚ ਸਰੋਂ ਦਾ ਤੇਲ, ਬੰਨੇ• ਦੀ ਮਿੱਟੀ ਅਤੇ ਬੇਸਣ ਚੰਗੀ ਤਰਾਂ ਮਿਲਾ ਲਵੋ। ਹੁਣ ਇਸ ਗੋਹੇ ਨੂੰ ਬਾਕੀ ਬਚੇ ਗੋਹੇ ਵਿੱਚ ਮਿਕਸ ਕਰਕੇ ਉਸਨੂੰ ਪਲਾਸਟਿਕ ਦੇ ਡਰੰਮ ਵਿੱਚ ਪਾ ਕੇ ਉਪਰੋਂ 150 ਲਿਟਰ ਪਾਣੀ ਪਾ ਕੇ ਲੱਕੜੀ ਦੀ ਸਹਾਇਤਾ ਨਾਲ 15 ਮਿਨਟ ਲਈ ਚੰਗੀ ਤਰਾਂ ਸਿੱਧੇ ਹੱਥ ਘੋਲੋ। ਹੁਣ ਇਸ ਮਿਸ਼ਰਣ ਨੂੰ ਜੂਟ ਦੇ ਬੋਰੇ ਨਾਲ ਢੱਕ ਕੇ 2 ਦਿਨ ਲਈ ਛਾਂਵੇਂ ਰੱਖੋ। ਇਸ ਘੋਲ ਨੂੰ  ਦਿਨ ਵਿੱਚ 2 ਵਾਰ ਸਿੱਧੇ ਹੱਥ ਹਿਲਾਉਂਦੇ ਰਹੋ। 48 ਘੰਟੇ ਬਾਅਦ ਗੁੜਜਲ ਅੰਮ੍ਰਿਤ ਤਿਆਰ ਮਿਲੇਗਾ।
ਵਰਤੋਂ : ਰੌਣੀ ਕਰਦੇ ਸਮੇਂ ਪਾਣੀ ਨਾਲ ਥੋੜੀ-ਥੋੜੀ ਮਾਤਰਾ ਵਿੱਚ ਗੁੜਜਲ ਅੰਮ੍ਰਿਤ ਖੇਤੀ ਵਿੱਚ ਪੁੱਜਦਾ ਕਰੋ। ਇਸ ਕੰਮ ਨੂੰ ਆਸਾਨੀ ਨਾਲ ਕਰਨ ਲਈ  ਡਰੰਮ ਦੇ ਤਲੇ ਤੋਂ 6 ਇੰਚ ਉੱਪਰ ਇੱਕ ਤਿੰਨ ਇੰਚੀ ਗੇਟ ਵਾਲ ਲਗਾਇਆ ਜਾ ਸਕਦਾ ਹੈ।
ਮਿਸ਼ਰਤ ਹਰੀ ਖਾਦ ਦੀ ਬਿਜਾਈ ਕਰੋ: ਕੁਦਰਤੀ ਖੇਤੀ ਤਹਿਤ ਝੋਨਾ ਜਾਂ ਬਾਸਮਤੀ ਉਗਾਉਣ ਦੇ ਇੱਛਕ ਕਿਸਾਨ ਆਪਣੇ ਖੇਤਾਂ ਵਿੱਚ ਮਿਸ਼ਰਤ ਹਰੀ ਖਾਦ ਜ਼ਰੂਰ ਬੀਜਣ। ਮਿਸ਼ਰਤ ਹਰੀ ਖਾਦ ਜਿੱਥੇ ਭੂਮੀ ਵਿੱਚ ਨਾਈਟਰੋਜ਼ਨ ਜਮਾਂ ਕਰਨ ਦਾ ਕੰਮ ਕਰਦੀ ਹੈ ਉੱਥੇ ਹੀ ਭੂਮੀ ਵਿੱਚ ਤੱਤਾਂ ਦੀ ਘਾਟ ਵੀ ਪੂਰੀ ਕਰਦੀ ਹੈ। ਇੱਥੇ ਹੀ ਬਸ ਨਹੀਂ ਭੂਮੀ ਵਿੱਚ ਮਿਸ਼ਰਤ ਹਰੀ ਖਾਦ ਤਹਿਤ ਬੀਜੀਆਂ ਗਈਆਂ ਫ਼ਸਲਾਂ ਦੀਆਂ ਜੜਾਂ 'ਤੇ ਪਲਣ ਵਾਲੇ ਵੱਖ-ਵੱਖ ਪ੍ਰਕਾਰ ਦੇ ਲਾਭਕਾਰੀ ਸੂਖਮ ਜੀਵਾਂ ਦੀ ਸੰਖਿਆ ਵਿੱਚ ਅਥਾਹ ਵਾਧਾ ਹੁੰਦਾ ਹੈ। ਕਿਸਾਨ ਵੀਰ ਹੇਠ ਲਿਖੇ ਅਨੁਪਾਤ ਵਿੱਚ ਪ੍ਰਤੀ ਏਕੜ 10-15 ਕਿੱਲੋ ਮਿਸ਼ਰਤ ਹਰੀ ਖਾਦ ਬੀਜ ਸਕਦੇ ਹਨ-
ਦੋ ਦਲੇ ਬੀਜ: 8 ਕਿੱਲੋ ਜਿਵੇਂ ਕਿ ਮੂੰਗੀ, ਢੈਂਚਾ, ਚੌਲੇ ਜਾਂ ਰਵਾਂ, ਗੁਆਰਾ ਆਦਿ
ਇੱਕ ਦਲੇ ਬੀਜ: 3 ਕਿੱਲੋ ਜਿਵੇਂ ਜਵਾਰ, ਬਾਜ਼ਰਾ, ਮੱਕੀ, ਝੋਨਾ ਅਦਿ
ਤੇਲ ਬੀਜ   1 ਕਿੱਲੋ ਜਿਵੇਂ ਤਿਲ, ਮੂੰਗਫਲੀ, ਸੋਇਆਬੀਨ ਆਦਿ
ਮਸਾਲਾ ਬੀਜ  250 ਗ੍ਰਾਮ ਤੋਂ 1 ਕਿੱਲੋ ਜਿਹੜੇ ਉਪਲਭਧ ਹੋਣ  
ਉਪ੍ਰੋਕਤ ਸਾਰੇ ਬੀਜਾਂ ਨੂੰ ਆਪਸ ਵਿੱਚ ਮਿਲਾ ਕੇ ਬੀਜ ਅੰਮ੍ਰਿਤ ਨਾਲ ਸੋਧ ਕੇ ਬੀਜ ਦਿਉ। ਉੱਗਣ ਉਪਰੰਤ ਘੱਟੋ-ਘੱਟ 45 ਦਿਨਾਂ ਦੇ ਹੋ ਜਾਣ 'ਤੇ ਹਰੀ ਖਾਦ ਨੂੰ ਖੇਤ ਵਿੱਚ ਵਾਹ ਦਿਉ। ਅਗਲੀ ਫ਼ਸਲ ਦੀ ਬਿਜਾਈ ਲਈ ਜ਼ਮੀਨ ਬਿਲਕੁੱਲ ਤਿਆਰ ਹੈ। ਕਣਕ ਵਾਲੀ ਥਂ ਨਰਮਾ ਬੀਜਣ ਵਾਲੇ ਕਿਸਾਨ ਕਣਕ ਨੂੰ ਆਖਰੀ ਪਾਣੀ ਲਾਂਉਂਦੇ ਸਮੇਂ ਕਣਕ ਵਿੱਚ ਮਿਸ਼ਰਤ ਹਰੀ ਖਾਦ ਦਾ ਸਿੱਟਾ ਜ਼ਰੂਰ ਦਿਉ। ਕਣਕ ਦੀ ਤੂੜੀ ਬਣਾਉਣ ਉਪਰੰਤ ਖੇਤ ਤਿਆਰ ਕਰਕੇ ਨਰਮੇ ਦੀ ਬਿਜਾਈ ਕਰਨ ਲਈ ਤੰਦਰੁਸਤ ਜ਼ਮੀਨ ਤਿਆਰ ਮਿਲੇਗੀ।
ਸੁੱਕਾ ਗਾੜਾ ਜੀਵ ਅੰਮ੍ਰਿਤ ਕੰਪੋਸਟ ਬਣਾਉ: ਸੁੱਕੇ ਗਾੜੇ ਜੀਵ ਅੰਮ੍ਰਿਤ ਤਿਆਰ ਕਰਨਾ ਕੁਦਰਤੀ ਖੇਤੀ ਵਿੱਚ ਸਾਊਣੀ ਦੀਆਂ ਫ਼ਸਲਾਂ ਦੀ ਬਿਜਾਈ ਦੀ ਤਿਆਰੀ ਵੱਲ ਪਹਿਲਾ ਕਦਮ ਹੈ। ਸੁੱਕਾ ਗਾੜਾ ਜੀਵ ਅੰਮ੍ਰਿਤ ਭੂਮੀ ਵਿੱਚ ਜੀਵਾਣੂਆਂ ਦੀ ਸੰਖਿਆ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਕੁਦਰਤੀ ਖੇਤੀ ਵਿੱਚ ਕਿਸੇ ਵੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ 2 ਕਵਿੰਟਲ ਖੇਤ ਵਿੱਚ ਪਾਇਆ ਗਿਆ ਸੁੱਕਾ ਗਾੜਾ ਜੀਵ ਅੰਮ੍ਰਿਤ ਸਬੰਧਤ ਫ਼ਸਲ ਦੀਆਂ ਪੋਸ਼ਕ ਤੱਤਾਂ ਸਬੰਧੀ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਇੱਕ ਏਕੜ ਜ਼ਮੀਨ ਲਈ ਇਸਨੂੰ ਬਣਾਉਣ ਲਈ ਲੋੜੀਂਦਾ ਸਮਾਨ , ਬਣਾਉਣ ਦੀ ਵਿਧੀ ਅਤੇ ਵਰਤੋਂ ਦਾ ਢੰਗ ਇਸ ਪ੍ਰਕਾਰ ਹੈ:
ਸਮਾਨ : ਦੇਸੀ ਗਊ ਜਾਂ ਦੇਸੀ ਪਸ਼ੂਆਂ ਦਾ ਛਾਂਵੇਂ ਸੁਕਾਇਆ ਹੋਇਆ ਭੁਰਭੁਰਾ ਗੋਹਿਆ 2 ਕਵਿੰਟਲ,  ਪਸ਼ੂ ਮੂਤਰ 10 ਲਿਟਰ,  ਪਾਣੀ 10 ਲਿਟਰ, ਗੁੜ 2 ਕਿੱਲੋ, ਛੋਲਿਆਂ ਦਾ ਬੇਸਣ 2 ਕਿੱਲੋ, ਬੰਨੇ ਦੀ ਮਿੱਟੀ 2 ਕਿੱਲੋ।
ਵਿਧੀ: ਸਭ ਤੋਂ ਪਹਿਲਾਂ ਪਾਣੀ ਅਤੇ ਪਸ਼ੂ ਮੂਤਰ ਵਿੱਚ 2 ਕਿੱਲੋ ਗੁੜ ਅਤੇ ਬੇਸਣ ਨੂੰ ਚੰਗੀ ਤਰਾਂ ਘੋਲ ਦਿਉ। ਇਸ ਮਿਸ਼ਰਣ ਨੂੰ ਰਾਤ ਭਰ ਇਸੇ ਤਰਾਂ ਰੱਖੋ। ਸਵੇਰ ਵੇਲੇ ਛਾਂਵੇਂ ਸੁਕਾਏ ਹੋਏ 2 ਕਵਿੰਟਲ ਗੋਹੇ ਵਿੱਚ 2 ਕਿੱਲੋ ਬੰਨੇ• ਦੀ ਮਿੱਟੀ ਦਾ ਧੂੜਾ ਦੇ ਦਿਉ। ਹੁਣ ਇਸ ਮਿਸ਼ਰਣ ਉੱਤੇ ਥੋੜੀ-ਥੋੜੀ ਮਾਤਰਾ ਵਿੱਚ ਗੁੜ-ਬੇਸਣ ਅਤੇ ਪਸ਼ੂ ਮੂਤਰ ਯੁਕਤ ਪਾਣੀ ਛਿੜਕਦੇ ਹੋਏ ਮਿਸ਼ਰਣ ਨੂੰ ਕਹੀ ਨਾਲ ਚੰਗੀ ਤਰਾਂ ਆਪਸ ਵਿੱਚ ਮਿਲਾਉਂਦੇ ਜਾਉ।  ਚਾਰ ਕੁ ਵਾਢਾਂ ਦੇਣ ਉਪਰੰਤ ਸਾਰਾ ਸਮਾਨ ਆਪਸ ਵਿੱਚ ਚੰਗੀ ਤਰ•ਾਂ ਰਲਗੱਡ ਹੋ ਜਾਵੇਗਾ। ਹੁਣ ਇਸ ਸਮਾਨ ਨੂੰ ਹਫ਼ਤਾ-ਦਸ ਦਿਨ ਛਾਂ ਵਿੱਚ ਸੁਕਾ ਕੇ ਜੂਟ ਦੇ ਗੱਟਿਆਂ ਵਿੱਚ ਭਰ ਕੇ ਰੱਖ ਲਵੋ। ਸੁੱਕਾ ਗਾੜਾ ਜੀਵ ਅੰਮ੍ਰਿਤ ਤਿਆਰ ਹੈ।
ਵਰਤੋਂ: ਬਿਜਾਈ ਲਈ ਜ਼ਮੀਨ ਤਿਆਰ ਕਰਦੇ ਸਮੇਂ ਆਖਰੀ ਸੁਹਾਗਾ ਮਾਰਨ ਤੋਂ ਪਹਿਲਾਂ 2 ਕਵਿੰਟਲ ਸੁੱਕੇ ਗਾੜੇ ਜੀਵ ਅੰਮ੍ਰਿਤ ਨੂੰ 2 ਕਵਿੰਟਲ ਰੂੜੀ ਦੀ ਖਾਦ ਵਿੱਚ ਮਿਲਾ ਕੇ ਇੱਕ ਏਕੜ ਖੇਤ ਪਾ ਦਿਉ।
ਹੁਣੇਂ ਤੋਂ ਇਕ ਸਾਲ ਪੁਰਾਣੀਆਂ ਪਾਥੀਆਂ, ਅਤੇ ਲੱਸੀ ਪਸ਼ੂ ਮੂਤਰ ਦਾ ਪ੍ਰਬੰਧ ਕਰਨਾ ਸ਼ੁਰੂ ਕਰੋ: ਕਿਸਾਨ ਵੀਰੋ ਇਸ ਤੋਂ ਪਹਿਲਾਂ ਕਿ ਗਰਮੀ ਦੀ ਰੁੱਤ ਆਪਣੇ ਜ਼ੌਹਰ ਵਿਖਾਉਣੇ ਸ਼ੁਰੂ ਕਰੇ ਕੁਦਰਤੀ ਖੇਤੀ ਲਈ ਲੋੜੀਂਦੇ ਜੀਵਾਣੂ ਕਲਚਰ ਬਣਾਉਣ ਲਈ ਖੱਟੀ ਲੱਸੀ ਅਤੇ ਪਸ਼ੂ-ਮੂਤਰ ਜਮਾਂ ਕਰਨਾ ਸ਼ੁਰੂ ਕਰ ਦੇਵੋ। ਕਿਉਂਕਿ ਗਰਮੀਆਂ ਵਿੱਚ ਇਹਨਾਂ ਦੋਹੇਂ ਚੀਜਾਂ ਘੱਟ ਮਾਤਰਾ ਵਿੱਚ ਹੀ ਮਿਲ ਪਾਉਂਦੀਆਂ ਹਨ। ਇਸੇ ਤਰਾਂ ਫਸਲਾਂ ਦੇ ਉੱਚਿਤ ਵਾਧੇ ਅਤੇ ਵਿਕਾਸ ਲਈ ਜਿਬਰੈਲਿਕ ਘੋਲ ਬਣਾ ਕੇ ਛਿੜਕਣ ਵਾਸਤੇ 1 ਸਾਲ ਪੁਰਾਣੀਆਂ ਪਾਥੀਆਂ ਵੀ ਜੁਟਾਉਣੀਆਂ ਸ਼ੁਰੂ ਕਰ ਦਿਉ ਤਾਂ ਕਿ ਲੋੜ ਪੈਣ 'ਤੇ ਝੋਨੇ ਦੀ ਪਨੀਰੀ ਉੱਤੇ ਇਸਦਾ ਛਿੜਕਾਅ ਕਰਕੇ ਉਸਦਾ ਉੰਨਾਂ ਕੁ ਵਿਕਾਸ ਕਰ ਲਿਆ ਜਾਵੇ ਕਿ 25 ਦਿਨਾਂ ਦੀ ਪਨੀਰੀ ਖੇਤ ਵਿੱਚ ਟਰਾਂਸਪਲਾਂਟ ਕੀਤੀ ਜਾ ਸਕੇ। ਇਸਦੇ ਨਾਲ ਹੀ ਸਾਉਣੀ ਦੀਆਂ ਸਬਜ਼ੀਆਂ ਸਮੇਤ ਹਰੇਕ ਫਸਲ ਤੋਂ ਚੋਖਾ ਝਾੜ ਲੈਣ ਲਈ ਵੀ ਉਪ੍ਰੋਕਤ ਸਾਰਾ ਸਮਾਨ ਹੁਣੇ ਤੋਂ ਇਕੱਠਾ ਕਰਨਾ ਲਾਜ਼ਮੀ ਹੈ।
ਜਾਨਦਾਰ ਬੀਜਾਂ ਦੀ ਚੋਣ ਹੁਣੇ ਕਰੋ: ਕਿਸਾਨ ਵੀਰੋ ਬੀਜ ਫਸਲ ਦੀ ਨੀਂਹ ਹੁੰਦੇ ਹਨ। ਸੋ ਇਹਨੀਂ ਦਿਨੀ ਸਾਡੇ ਜਿਮ੍ਮੇ ਇੱਕ ਹੋਰ ਵੱਡਾ ਕੰਮ ਸਾਉਣੀ ਦੀਆਂ ਫਸਲਾਂ ਦੇ ਜਾਨਦਾਰ ਬੀਜ ਚੁਣਨਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੀ ਵੀ ਫ਼ਸਲ ਤੁਸੀਂ ਬੀਜਣ ਜਾ ਰਹੇ ਹੋ ਉਸਦੇ ਆਪਣੇ ਕੋਲ ਉਪਲਭਧ ਬੀਜਾਂ ਨੂੰ ਹੁਣੇ  ਤੋਂ ਛੱਜ-ਛਾਨਣਾ ਲਾ ਕੇ ਜਾਨਦਾਰ ਬੀਜ ਅਲੱਗ ਕਰ ਲਵੋ। ਬਾਅਦ ਵਿੱਚ ਇਹਨਾਂ ਬੀਜਾਂ ਨੂੰ ਬੀਜ ਅੰਮ੍ਰਿਤ ਨਾਲ ਰੋਗ ਰਹਿਤ ਕਰਕੇ ਫਸਲਾਂ ਦੀ ਬਿਜਾਈ ਕਰ ਦਿਉ।
ਆਉ ਬੀਜ ਅੰਮ੍ਰਿਤ ਬਣਾਈਏ: ਬੀਜ ਅੰਮ੍ਰਿਤ ਬਣਾਉਣ ਲਈ ਲੋੜੀਂਦਾ ਸਮਾਨ, ਵਿਧੀ ਅਤੇ ਇਸਦੀ ਵਰਤੋਂ ਦਾ ਢੰਗ ਇਸ ਪ੍ਰਕਾਰ ਹੈ-
ਸਮਾਨ: ਦੇਸੀ ਗਊ ਦਾ ਗੋਹਾ 1 ਕਿੱਲੋ, ਦੇਸੀ ਗਊ ਦਾ ਮੂਤਰ 1 ਲਿਟਰ, ਸਾਦਾ ਪਾਣੀ 1.5 ਲਿਟਰ,  ਚੂਨਾ 50 ਗ੍ਰਾਮ ।
ਵਿਧੀ: ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ 1 ਲਿਟਰ ਗਊ ਮੂਤਰ, 1ਲਿਟਰ ਗੋਬਰ ਅਤੇ 1 ਲਿਟਰ ਪਾਣੀ ਪਾ ਕੇ ਆਪਸ ਵਿੱਚ ਚੰਗੀ  ਤਰਾਂ ਘੋਲ ਦਿਉ। ਹੁਣ ਇੱਕ ਹੋਰ ਬਰਤਨ ਵਿੱਚ ਅੱਧਾ ਲਿਟਰ ਪਾਣੀ ਵਿੱਚ 50 ਗ੍ਰਾਮ ਚੂਨਾ ਮਿਲਾ ਦਿਉ। ਦੋਹਾਂ ਮਿਸ਼ਰਣਾਂ ਨੂੰ ਇਸੇ ਹਾਲਤ ਵਿੱਚ 24 ਘੰਟੇ ਅਲੱਗ-ਅਲੱਗ ਪਏ ਰਹਿਣ ਦਿਉ। 24 ਘੰਟਿਆਂ ਬਾਅਦ ਦੋਹਾਂ ਮਿਸ਼ਰਣਾਂ ਦਾ ਨਿਚੋੜ ਇੱਕ ਵੱਖਰੇ ਭਾਂਡੇ ਵਿੱਚ ਕੱਢ ਲਵੋ। ਬੀਜ ਅੰਮ੍ਰਿਤ ਤਿਆਰ ਹੈ। ਝੋਨੇ ਦੇ 30 ਅਤੇ ਨਰਮੇ ਦੇ 6-7 ਕਿੱਲੋ ਬੀਜਾਂ ਦਾ ਉਪਚਾਰ ਕਰਨ ਲਈ ਕਾਫੀ ਹੈ
ਵਰਤੋਂ: ਚੁਣੇ ਹੋਏ ਜਾਨਦਾਰ ਬੀਜਾਂ ਉੱਤੇ ਬੀਜ ਅੰਮ੍ਰਿਤ ਛਿੜਕਦੇ ਹੋਏ ਦੋਹਾਂ ਹੱਥਾ ਨਾਲ ਪੋਲਾ-ਪੋਲਾ ਮਲਦੇ ਰਹੋ। ਇੱਕ-ਇੱਕ ਬੀਜ ਨੂੰ ਬੀਜ ਅੰਮ੍ਰਿਤ ਲੱਗ ਜਾਣ ਉਪਰੰਤ ਬੀਜਾਂ ਨੂੰ 2 ਘੰਟੇ ਛਾਂਵੇਂ ਸੁਕਾ ਕੇ ਬਿਜਾਈ ਕਰ ਦਿਉ।
ਨੋਟ: ਨਰਮ ਛਿਲਕੇ ਵਾਲੇ ਬੀਜਾਂ ਨੂੰ ਸੋਧਣ ਲਈ ਬੀਜ ਅੰਮ੍ਰਿਤ ਬਣਾਉਂਦੇ ਸਮੇਂ ਚੂਨੇ ਦੀ ਵਰਤੋਂ ਨਾ ਕਰੋ।

No comments:

Post a Comment