Thursday 15 March 2012

ਕੁਦਰਤੀ ਖੇਤੀ ਤਹਿਤ ਨਰਮੇ ਦੀ ਬਿਜਾਈ

ਚਰਨਜੀਤ ਸਿੰਘ ਪੁੰਨੀ
ਕਿਸਾਨ ਵੀਰੋ ਜਦ ਤੱਕ ਇਹ ਲੇਖ ਆਪਜੀ ਤੱਕ ਪੁਜਦਾ ਹੋਵੇਗਾ ਤਦ ਤੱਕ ਨਰਮੇਂ ਦੀ ਬਿਜਾਈ ਦਾ ਢੁਕਵਾਂ ਸਮਾਂ ਸ਼ੁਰੂ ਹੋ ਚੁੱਕਾ ਹੋਵੇਗਾ। ਸੋ ਇਸ ਲੇਖ ਰਾਹੀਂ ਅਸੀਂ ਆਪਜੀ ਨਾਲ ਕੁਦਰਤੀ ਖੇਤੀ ਤਹਿਤ ਨਰਮੇ ਦੀ ਬਿਜਾਈ, ਉਸਦੇ ਪਾਲਣ ਪੋਸ਼ਣ ਅਤੇ ਸਮੇਂ-ਸਮੇਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ ਕਰ ਰਹੇ ਹਾਂ।
ਕੁਦਰਤੀ ਖੇਤੀ ਤਹਿਤ ਨਰਮੇ ਦੀ ਬੰਪਰ ਫ਼ਸਲ ਲੈਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਸਬੰਧੀ ਕੁਦਰਤੀ ਖੇਤੀ ਦੀਆਂ ਸਾਰੀਆਂ ਤਕਨੀਕਾਂ ਨੂੰ ਆਪਣੇ ਖੇਤ ਵਿੱਚ ਲਾਗੂ ਕਰੀਏ। ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਇੱਕ ਪਾਸੇ ਸਾਡੀ ਫ਼ਸਲ ਹਰ ਪੱਖੋਂ ਤਸੱਲੀਬਖ਼ਸ਼ ਅਤੇ ਵਧੀਆ ਹੋਵੇਗੀ। ਉੱਥੇ ਹੀ ਅਗਲੀ ਫ਼ਸਲ ਵਾਸਤੇ ਵਧੇਰੇ ਤਿਆਰ ਅਤੇ ਉਪਜਾਊ ਭੂਮੀ ਵੀ ਸਾਨੂੰ ਉਪਲਭਧ ਰਹੇਗੀ।
ਆਉ ਹੁਣ ਕੁਦਰਤੀ ਖੇਤੀ ਤਹਿਤ ਨਰਮਾ ਬੀਜਣ ਲਈ ਕੀਤੇ ਜਾਣ ਵਾਲੇ ਜ਼ਰੂਰੀ ਕਾਰਜਾਂ ਤੋਂ ਜਾਣੂ ਹੋਈਏ!
ਬੀਜ ਚੋਣ: ਕੁਦਰਤੀ ਖੇਤੀ ਤਹਿਤ ਨਰਮੇ ਦੀ ਬਿਜਾਈ ਕਰਨ ਲਈ ਹਮੇਸ਼ਾ ਦੇਸੀ ਜਾਂ ਸੁਧਰੇ ਬੀਜਾਂ  ਦੀ ਹੀ ਵਰਤੋਂ ਕਰੋ। ਜਿਵੇਂ ਕਿ ਐਫ-1378, ਐਫ-1861, ਭਿਆਨੀ 161, ਕਾਲੀਆਂ ਸਿਟੀਆਂ ਵਾਲੀ ਦੇਸੀ ਕਪਾਹ ਆਦਿ। ਦੇਸੀ ਬੀਜ ਕੀਟ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਪੱਖੋਂ ਬਾਜ਼ਾਰ ਵਿੱਚ ਉਪਲਭਧ ਬੀਟੀ ਅਤੇ ਹਾਈਬ੍ਰਿਡ ਬੀਜਾਂ ਨਾਲੋਂ ਕਿਤੇ ਵੱਧ ਤਕੜੇ ਹੁੰਦੇ ਹਨ। ਇਹ, ਬੀਟੀ ਤੇ ਹਾਈਬ੍ਰਿਡ ਬੀਜਾਂ ਦੇ ਮੁਕਾਬਲੇ ਬਹੁਤ ਘੱਟ ਪਾਣੀ ਦੀ ਮੰਗ ਕਰਦੇ ਹਨ।
ਜ਼ਮੀਨ ਦੀ ਤਿਆਰੀ: ਸਭ ਤੋਂ ਪਹਿਲਾਂ ਖੇਤ ਨੂੰ ਚੰਗੀ ਤਰਾਂ ਸੁੱਕਾ ਵਾਹ ਕੇ ਪ੍ਰਤੀ ਏਕੜ 200 ਲਿਟਰ ਗੁੜਜਲ ਅਮ੍ਰਿਤ ਜਾਂ ਜੀਵ ਅੰਮ੍ਰਿਤ ਪਾਉਂਦੇ ਹੋਏ ਖੇਤ ਦੀ ਰੌਣੀ ਕਰ ਦਿਉ। ਰੌਣੀ ਉਪਰੰਤ ਵੱਤਰ ਆ ਜਾਣ 'ਤੇ ਲੋੜ ਅਨਾਰ ਵਾਹਾਂ ਪਾ ਕੇ ਖੇਤ ਨੂੰ ਬਿਜਾਈ ਲਈ ਤਿਆਰ ਕਰ ਲਵੋ। ਹੁਣ ਪ੍ਰਤੀ ਏਕੜ ਦੋ ਕਵਿੰਟਲ ਸੁੱਕਾ ਗਾੜਾ ਜੀਵ ਅੰਮ੍ਰਿਤ ਇੰਨੀ ਹੀ ਮਾਤਰਾ ਵਿੱਚ ਰੂੜੀ ਦੇ ਖਾਦ ਵਿੱਚ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਉ। ਨਰਮੇ ਦੀ ਬਿਜਾਈ ਲਈ ਜ਼ਮੀਨ ਤਿਆਰ ਹੈ।
ਬੀਜ ਸੋਧ: ਬੀਜ ਸੋਧ, ਜ਼ਮੀਨ ਦੀ ਤਿਆਰੀ ਉਪਰੰਤ ਕੀਤਾ ਜਾਣਾ ਵਾਲਾ ਮੁਢਲਾ ਕੰਮ ਹੈ। ਵੈਸੇ ਤਾਂ ਪਾਲੇਕਰ ਜੀ ਨੇ ਇਸ ਕੰਮ ਲਈ ਸਾਨੂੰ ਬੀਜ ਅੰਮ੍ਰਿਤ ਦੀ ਵਰਤੋਂ ਸੁਝਾਈ ਹੈ ਪਰ ਇੱਥੇ ਅਸੀਂ ਤੁਹਾਨੂੰ 20 ਸਾਲ ਪਿੱਛੇ ਉਸ ਜ਼ਮਾਨੇ ਵਿੱਚ ਲੈ ਜਾਣਾ ਚਾਹੁੰਦਾ ਹਾਂ ਜਦੋਂ ਅਸੀਂ ਬੀਜ ਸੋਧਣ ਲਈ ਪਾਥੀਆਂ ਦੀ ਰਾਖ ਦਾ ਇਸਤੇਮਾਲ ਕਰਦੇ ਸਾਂ। ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖੇ ਗਏ ਵੜੇਵਿਆਂ ਨੂੰ ਸਵੇਰੇ ਪਾਥੀਆਂ ਦੀ ਰਾਖ ਵਿੱਚ ਮਲ ਕੇ ਬੀਜ ਦਿੱਤਾ ਜਾਂਦਾ ਸੀ। ਪੰਜਾਬ ਵਿੱਚ ਨਰਮੇ ਦੇ ਬੀਜ ਦੀ ਸੋਧ ਦਾ ਇਹ ਤਰੀਕਾ ਸੈਕੜੇਂ ਸਾਲਾਂ ਤੋਂ ਪ੍ਰਚੱਲਿਤ ਸੀ ਅਤੇ ਨਤੀਜ਼ੇ  ਵੀ ਬਹੁਤ ਚੰਗੇ ਦਿੰਦਾ ਸੀ। ਰਾਖ ਵਾਲਾ ਬੀਜ ਅੰਮ੍ਰਿਤ ਅਸੀਂ ਆਪ ਪ੍ਰਯੋਗ ਕਰਦੇ ਰਹੇ ਹਾਂ ਅਤੇ ਹੁਣ ਕੁੱਝ ਹੋਰ ਫਸਲਾਂ 'ਤੇ ਵੀ ਅਸੀਂ ਇਸਦਾ ਸਫ਼ਲ ਪ੍ਰਯੋਗ ਕਰ ਚੁੱਕੇ ਹਾਂ। ਸੋ ਕੁਦਰਤੀ ਖੇਤੀ ਤਹਿਤ ਨਰਮਾ ਬੀਜਣ ਦੇ ਇੱਛਕ ਕਿਸਾਨ ਵੀਰ ਉਪਰੋਕਤ ਸਸਤੇ, ਸਰਲ ਅਤੇ ਟਿਕਾਊ ਤਰੀਕੇ ਨਾਲ ਬੀਜ ਸੋਧ ਕਰਕੇ ਹੀ ਬਿਜਾਈ ਕਰਨ।
ਬਿਜਾਈ ਦਾ ਢੰਗ: ਕਿਸਾਨ ਵੀਰੋ ਕੁਦਰਤੀ ਖੇਤੀ ਵਿੱਚ ਨਰਮੇ ਦੀ ਬਿਜਾਈ ਦਾ ਤਰੀਕਾ ਰਸਾਇਣਕ ਖੇਤੀ ਨਾਲੋਂ ਬਿਲਕੁੱਲ ਵੱਖਰਾ ਹੈ। ਕੁਦਰਤੀ ਖੇਤੀ ਤਹਿਤ ਨਰਮੇ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖਿਆ ਜਾਂਦਾ ਹੈ ਕਿ ਸਿੰਜਾਈ ਲਈ ਪਾਣੀ ਘੱਨ ਤੋਂ ਘੱਟ ਮਿਕਦਾਰ ਵਿੱਚ ਵਰਤਿਆ ਜਾਵੇ। ਸੋ ਇਸ ਨੁਕਤੇ ਨੂੰ ਧਿਆਨ ਵਿੱਚ ਰੱਖਦਿਆਂ ਨਰਮੇ ਦੀ ਬਿਜਾਈ ਬੈੱਡਾ ਉੱਤੇ ਹੀ ਕਰਨ ਦਾ ਹੀਲਾ ਕਰਨਾ ਹੈ। ਇਸ ਕੰਮ ਲਈ ਹੱਥ ਵਾਲੇ ਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ  ਜਾਂ ਫਿਰ ਲੇਬਰ ਦੀ ਸਹਾਇਤਾ ਨਾਲ ਚੂੰਡੀਆਂ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ। ਬਿਜਾਈ ਕਰਦੇ ਸਮੇਂ ਨਰਮੇ ਦੀਆਂ ਦੋ ਲਾਈਨਾਂ ਵਿਚਕਾਰ ਦੂਰੀ ਸਾਢੇ ਤਿੰਨ  ਫੁੱਟ ਤੋਂ ਘੱਟ ਨਹੀਂ ਰੱਖਣੀ। ਇਸ ਕੰਮ ਲਈ ਖੇਤ ਵਿੱਚ ਢਾਈ-ਢਾਈ ਫੁੱਟੇ ਬੈਡ ਬਣਾ ਕੇ ਉੁਹਨਾਂ ਦੀ ਇੱਕ ਸਾਈਡ 'ਤੇ ਨਰਮੇ ਦੀ ਬਿਜਾਈ ਕਰੋ ਅਤੇ ਦੂਜੀ ਸਾਈਡ ਅੰਤਰ ਫ਼ਸਲਾਂ ਦੇ ਤੌਰ 'ਤੇ ਬੌਣੇ ਚੌਲੇ, ਸੋਇਆਬੀਨ, ਮੂੰਗੀ ਜਾਂ ਮੂੰਗਫਲੀ ਦੀ ਬਿਜਾਈ ਕੀਤੀ ਜਾ ਸਕਦੀ ਹੈ ਇਹ ਫਸਲਾਂ ਭੂਮੀ ਵਿੱਚ ਨਾਈਟਰੋਜ਼ਨ ਜਮਾਂ ਕਰਨ ਦਾ ਕੰਮ ਬਾਖੂਬੀ ਕਰਦੀਆਂ ਹਨ। ਉਪਰੋਕਤ ਢੰਗ ਨਾਲ ਬਿਜਾਈ ਕਰਨ ਸਦਕਾ ਨਰਮੇ ਦੀ ਇੱਕ ਲਾਈਨ ਤੋਂ ਦੂਜੀ ਲਾਈਨ ਵਿੱਚ ਲੋੜੀਂਦਾ ਫਾਸਲਾ ਆਪਣੇ ਆਪ ਤੈਅ ਹੋ ਜਾਵੇਗਾ। ਇਸੇ ਤਰਾਂ ਭਰਪੂਰ ਮਾਤਰਾ ਵਿੱਚ ਸੂਰਜੀ ਊਰਜਾ ਅਤੇ ਹਵਾ ਦੇ ਖੇਤ ਵਿੱਚ ਇਸਤੇਮਾਲ ਤੇ ਆਵਾਗਮਨ ਲਈ ਬੂਟੇ ਤੋਂ ਬੂਟੇ ਵਿਚਕਾਰ ਵੀ ਘੱਟੋ-ਘੱਟ ਦੋ ਫੁਟ ਦਾ ਫਾਸਲਾ ਰੱਖਣਾ ਜ਼ਰੂਰੀ ਹੈ। ਨਰਮੇ ਵਿੱਚ ਹਰੇਕ 5-7 ਲਾਈਨਾਂ ਬਾਅਦ ਮੱਕੀ, ਬਾਜਰੇ ਅਤੇ ਜਵਾਰ ਦੀ ਆਡਾਂ ਲਾਉ।  ਨਾਲ ਹੀ ਖੇਤ ਦੇ ਚਾਰੇ ਪਾਸੇ ਘੱਟੋ-ਘੱਟ 2 ਲਾਈਨਾਂ ਮੱਕੀ, ਜਵਾਰ ਅਤੇ ਬਾਜਰੇ ਦਾ ਸੰਘਣਾਂ ਬਾਰਡਰ ਵੀ ਜ਼ਰੂਰ ਲਾਉ। ਇਹ ਤੁਹਾਡੀ ਨਰਮੇ ਦੀ ਫਸਲ ਨੂੰ ਗਵਾਂਢੀ ਖੇਤਾਂ ਤੋਂ ਹੋਣ ਵਾਲੇ ਕੀਟ ਹਮਲੇ ਨੂੰ ਤੁਹਾਡੇ ਖੇਤ ਦੇ ਬਾਹਰ ਹੀ ਰੋਕ ਲਵੇਗਾ। ਬੈੱਡਾਂ 'ਤੇ ਨਰਮੇ ਸਮੇਤ ਅੰਤਰ ਫ਼ਸਲਾਂ ਦੀ ਬਿਜਾਈ ਕਰਨ ਦੇ ਤੁਰੰਤ ਬਾਅਦ ਇਹਨਾਂ ਵਿਚਕਾਰਲੀਆਂ ਨਾਲੀਆਂ (ਖੇਲਾਂ) ਵਿੱਚ ਪ੍ਰਤੀ ਏਕੜ 200 ਲਿਟਰ ਗੁੜਜਲ ਅੰਮ੍ਰਿਤ ਜਾਂ ਜੀਵ ਅੰਮ੍ਰਿਤ ਮਿਲਿਆ ਪਾਣੀ ਇੰਨੀ ਕੁ ਮਾਤਰਾ ਵਿੱਚ ਦਿਉ ਕਿ ਬੀਜਾਂ ਤੱਕ ਨਮੀ ਪੁਜਦੀ ਹੋ ਜਾਵੇ।
ਬੈੱਡਾਂ 'ਤੇ ਨਰਮੇ ਦੀ ਬਿਜਾਈ ਕਰਨ ਦੇ ਲਾਭ: ਬੈੱਡਾਂ 'ਤੇ ਨਰਮੇ ਦੀ ਬਿਜਾਈ ਕਰਨ ਦਾ ਸਭ ਤੋਂ ਵੱਡਾ ਲਾਭ ਤਾਂ ਇਹ ਹੈ ਇਸ ਤਰਾਂ ਕਰਨ ਨਾਲ ਜਿੱਥੇ ਪ੍ਰਤੀ ਏਕੜ ਬੀਜੇ ਜਾਣ ਵਾਲੇ ਬੀਜ ਦੀ ਮਾਤਰਾ ਘਟ ਕੇ ਇੱਕ-ਡੇਢ ਕਿੱਲੋ ਤੱਕ ਹੀ ਸੀਮਤ ਰਹਿ ਜਾਂਦੀ ਹੈ ਉੱਥੇ ਹੀ ਆਮ ਦੇ ਮੁਕਾਬਲੇ ਸਿੰਜਾਈ ਲਈ ਵਰਤੇ ਜਾਂਦੇ ਪਾਣੀ ਦੀ ਮਾਤਰਾ ਆਮ ਦੇ ਮੁਕਾਬਲੇ ਅੱਧੀ ਰਹਿ ਜਾਂਦੀ ਹੈ। ਸਿੱਟੇ ਵਜੋਂ ਭੂਮੀ ਵਿੱਚ ਲੋੜੀਂਦੀ ਮਾਤਰਾ ਵਿੱਚ ਹਵਾ ਅਤੇ ਨਮੀ ਹਰ ਵੇਲੇ ਬਰਕਰਾਰ ਰਹਿੰਦੀ ਹੈ।
ਇੱਕ ਤਰਾਂ ਨਾਲ ਬੈੱਡਾਂ 'ਤੇ ਬਿਜਾਈ ਸਦਕਾ ਖੇਤ ਦਾ ਬਹੁਤ ਹਿੱਸਾ ਸਾਣਵਾਂ ਰਹਿ ਜਾਂਦਾ ਹੈ ਜਿਹੜਾ ਕਿ ਅਗਲੀ ਫਸਲ ਦੀ ਭਰਪੂਰ ਪੈਦਾਵਾਰ ਵਾਸਤੇ ਕਾਫੀ ਮਹੱਤਵਪੂਰਨ ਸਿੱਧ ਹੁੰਦਾ ਹੈ। ਬੈੱਡਾਂ ਉੱਤੇ ਖਾਲੀ ਥਾਂ 'ਤੇ ਫ਼ਸਲੀ ਰਹਿੰਦ-ਖੂੰਹਦ ਦਾ ਢਕਣਾ ਜ਼ਰੂਰ ਕਰੋ। ਇਸ ਤਰਾਂ ਕਰਨ ਨਾਲ ਇਹਨਾਂ ਦੀ ਨਮੀ ਸਹੇਜਣ ਤੇ ਸੰਭਾਲਣ ਦੀ ਸਮਰਥਾ ਵਿੱਚ ਅਥਾਹ ਵਾਧਾ ਹੋ ਜਾਂਦਾ ਹੈ ਅਤੇ ਭੂਮੀ ਵਿੱਚ ਸੂਖਮ ਜੀਵਾਂ ਦੀ ਗਤੀਵਿਧੀ ਵੀ ਵਧ ਜਾਂਦੀ ਹੈ। ਜਿਹੜੀ ਕਿ ਅੱਗੇ ਚੱਲ ਕੇ ਫ਼ਸਲ ਨੂੰ ਭੂਮੀ ਅਤੇ ਵਾਤਾਵਰਣ ਵਿੱਚੋਂ ਲੋੜੀਂਦੇ ਪੋਸ਼ਕ ਤੱਤ ਉਪਲਭਧ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਨਰਮੇ ਵਿੱਚ ਅੰਤਰ ਤੇ ਬਾਰਡਰ ਫ਼ਸਲਾਂ ਬੀਜਣ ਦੇ ਲਾਭ: ਨਰਮੇ ਵਿੱਚ ਅੰਤਰ ਅਤੇ ਬਾਰਡਰ ਫ਼ਸਲਾਂ ਅਨੇਕ ਪੱਖਾਂ ਤੋਂ ਲਾਭਕਾਰੀ ਹਨ। ਜਿਵੇਂ ਕਿ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕੇ ਹਾਂ ਕਿ ਨਰਮੇ ਵਿੱਚ ਅੰਤਰ ਫ਼ਸਲਾਂ ਵਜੋਂ ਬੀਜੇ ਜਾਣ ਵਾਲੇ ਬੌਣੇ ਚੌਲੇ, ਸੋਇਆਬੀਨ, ਮੂੰਗੀ ਜਾਂ ਮੂੰਗਫਲੀ ਜਿੱਥੇ ਭੂਮੀ  ਵਿੱਚ ਨਾਈਟਰੋਜ਼ਨ ਜਮਾਂ ਕਰਨ ਦਾ ਕੰਮ ਕਰਦੀਆਂ ਹਨ ਉੱਥੇ ਹੀ ਹਰ ਤਰਾਂ ਦੇ ਸੰਭਾਵੀ ਕੀਟ ਹਮਲੇ ਨੂੰ ਵੀ ਖੁਦ 'ਤੇ ਲੈ ਲੈਂ ਕੇ ਨਰਮੇ ਲਈ ਸੁਰੱਖਿਆ ਕਵਚ ਦਾ ਕੰਮ ਕਰਦੀਆਂ ਹਨ। ਇਸੇ ਤਰਾਂ ਨਰਮੇ ਵਿੱਚ ਬੀਜੀਆਂ ਗਈਆਂ ਮੱਕੀ, ਬਾਜ਼ਰੇ ਅਤੇ ਜਵਾਰ ਦੀਆਂ ਕਤਾਰਾਂ ਖੇਤ ਵਿੱਚ ਮਿੱਤਰ ਕੀਟਾਂ ਅਤੇ ਪੰਛੀਆਂ ਲਈ ਪਨਾਹ ਦਾ ਕੰਮ ਕਰਦੀਆਂ ਹਨ। ਸਿੱਟੇ ਵਜੋਂ ਖੇਤ ਵਿੱਚ ਕੁਦਰਤੀ ਕੀਟ ਕੰਟਰੋਲ ਦਾ ਪੁਖਤਾ ਬੰਦੋਬਸਤ ਹੋ ਜਾਂਦਾ ਹੈ। ਬਾਰਡਰ ਫ਼ਸਲ ਤੁਹਾਡੇ ਖੇਤ ਵਿੱਚ ਬਾਹਰ ਤੋਂ ਹੋਣ ਵਾਲੇ ਕੀਟ ਹਮਲੇ ਨੂੰ ਰਾਹ ਵਿੱਚ ਹੀ ਰੋਕ ਕੇ ਲੈਂਦੀ ਹੈ। ਨਤੀਜ਼ੇ ਵਜੋਂ ਕੀਟ ਕੰਟਰੋਲ ਲਈ ਕਿਸਾਨ ਨੂੰ ਵਧੇਰੇ ਤਰਦੱਦ ਕਰਨ  ਦੀ ਲੋੜ ਹੀ ਨਹੀਂ ਰਹਿੰਦੀ।
ਬਿਜਾਈ ਕਰਦੇ ਸਮੇਂ ਪ੍ਰਤੀ ਏਕੜ 5 ਬੂਟੇ ਅਰਿੰਡ ਜ਼ਰੂਰ ਬੀਜੋ: ਕਿਸਾਨ ਵੀਰੋ ਨਰਮੇ ਦੀ ਫ਼ਸਲ ਨੂੰ ਤੰਬਾਕੂ ਦੀ ਸੁੰਡੀ ਦੇ ਸੰਭਾਵੀ ਹਮਲੇ ਤੋਂ ਬਚਾਉਣ ਲਈ ਜਾਲ (ਟਰੈਪ) ਫ਼ਸਲ ਵਜੋਂ ਇੱਕ ਏਕੜ ਪਿੱਛੇ 5 ਬੂਟੇ ਅਰਿੰਡ ਦੇ ਜ਼ਰੂਰ ਬੀਜੋ, ਚਾਰ ਬੂਟੇ ਚਾਰੇ ਕੋਣਿਆਂ ਤੇ ਅਤੇ ਇੱਕ ਬੂਟਾ ਖੇਤ ਦੇ ਵਿਚਕਾਰ। ਤੰਬਾਕੂ ਦੀ ਸੁੰਡੀ ਦੇ ਪਤੰਗੇ ਨਰਮੇ ਦੀ ਬਜਾਏ ਅਰਿੰਡ ਦੇ ਪੱਤਿਆਂ 'ਤੇ ਅੰਡੇ ਦੇਣਗੇ। ਇੱਕ ਬੂਟੇ ਪਿੱਛੇ 2-3 ਪੱਤਿਆਂ 'ਤੇ ਤੰਬਾਕੂ ਦੀ ਸੁੰਡੀ ਦੇ ਅੰਡੇ ਪਾਏ ਜਾਂਦੇ ਹਨ। ਫ਼ਸਲ ਦੀ ਦੇਖ ਭਾਲ ਕਰਦੇ ਸਮੇਂ ਅਰਿੰਡ ਦੇ ਪੱਤਿਆਂ ਨੂੰ ਪਲਟ ਕੇ ਦੇਖੋ ਅਤੇ ਜਿਹਨਾਂ ਪੱਤਿਆਂ 'ਤੇ ਅੰਡੇ ਮਿਲਣ ਉਹਨਾਂ ਪੱਤਿਆਂ ਨੂੰ ਤੋੜ ਕੇ ਥਾਂ ਤੇ ਹੀ ਜ਼ਮੀਨ ਵਿੱਚ ਦਬਾਅ ਦਿਉ। ਤੰਬਾਕੂ ਦੀ ਸੁੰਡੀ ਨੂੰ ਕਾਬੂ ਕਰਨ ਲਈ ਹੋਰ ਕੁੱਝ ਕਰਨ ਦੀ ਲੋੜ ਨਹੀਂ ਪਵੇਗੀ। ਇਸੇ ਤਰਾਂ ਨਰਮੇ ਵਿੱਚ ਥਾਂ-ਥਾਂ ਸਰੋਂ ਫੁੱਲੇ ਫੁਲਾਂ ਵਾਲੇ ਬੂਟੇ ਲਗਾ ਕੇ ਅਮਰੀਕਨ ਸੁੰਡੀ ਦੇ ਹਮਲੇ ਨੂੰ ਵੱਡੇ ਪੱਧਰ 'ਤੇ ਰੋਕਿਆ ਜਾ ਸਕਦਾ ਹੈ। ਬਾ-ਸ਼ਰਤ ਇਹ ਕਿ ਸਮੇਂ-ਸਮੇਂ ਉਹਨਾਂ ਬੂਟਿਆਂ ਨੂੰ ਪਏ ਫੁੱਲ ਖੇਤੋਂ ਬਾਹਰ ਨਿਕਲਦੇ ਰਹਿਣ।
ਗੁਡਾਈ: ਸਮੇਂ ਸਮੇਂ ਫ਼ਸਲ ਦੀ ਗੁਡਾਈ ਕਰਦੇ ਰਹੋ। ਇਸ ਤਰ•ਾਂ ਕਰਨ ਨਾਲ ਜਿੱਥੇ ਨਦੀਨਾਂ ਦੀ ਪੁਖਤਾ ਰੋਕਥਾਮ ਹੋਵੇਗੀ ਉੱਥੇ ਹੀ ਭੂਮੀ ਵਿੱਚ ਆਕਸੀਜਨ ਦਾ ਸੰਚਾਰ ਹੁੰਦਾ ਰਹੇਗਾ। ਜਿਹਦੀ ਕਿ ਕਿਸੇ ਵੀ ਫ਼ਸਲ ਦੇ ਚੋਖੇ ਵਾਧੇ ਅਤੇ ਵਿਕਾਸ ਲਈ ਅਟਲ ਲੋੜ ਹੁੰਦੀ ਹੈ।

No comments:

Post a Comment