Thursday, 15 March 2012

ਮੋਨਾਰਕ ਤਿਤਲੀਆਂ ਉੱਤੇ ਮੰਡਰਾ ਰਿਹਾ ਨਸਲਕੁਸ਼ੀ ਦਾ ਖ਼ਤਰਾ!

ਘਾਤਕ ਨਦੀਨ ਨਾਸ਼ਕ ਗਲਾਈਫੋਸਟੇਟ ਅਤੇ ਬੀਟੀ ਫਸਲਾਂ ਦੀ ਕਰਨੀ
ਹੁਣੇ-ਹੁਣੇ ਆਈ ਇੱਕ ਰਿਪੋਰਟ ਅਨੁਸਾਰ ਉੱਤਰੀ ਅਮਰੀਕਾ ਵਿੱਚ ਰਾਂਊਡ ਅਪ ਰੈਡੀ ਬੀਟੀ ਮੱਕੀ ਅਤੇ ਸੋਇਆਬੀਨ ਦੀ ਬੀਜਾਂਦ ਹੇਠ ਰਕਬਾ ਵਧਣ ਕਾਰਨ ਉੱਥੇ ਪਾਈਆਂ ਜਾਣ ਵਾਲੀਆਂ ਮੋਨਾਰਕ ਤਿਤਲੀਆਂ ਦੀ ਸੰਖਿਆ ਵਿੱਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ। ਇਨਸੈਕਟ ਕਨਜ਼ਰਵੇਸ਼ਨ ਅਤੇ ਡਾਇਵਰਸਿਟੀ ਰਸਾਲੇ ਵਿੱਚ ਛਪੀ ਇਹ ਰਿਪੋਰਟ ਦਸਦੀ ਹੈ ਕਿ ਰਾਂਊਂਡ ਅਪ ਰੈਡੀ ਬੀਟੀ ਮੱਕੀ ਅਤੇ ਸੋਇਆਬੀਨ ਵਿਚ ਉੱਗਣ ਵਾਲੇ ਮਿਲਕ ਵੀਡ ਨਾਮੀ ਪੌਦਿਆਂ ਨੂੰ ਖਤਮ ਕਰਨ ਲਈ ਵਰਤਿਆ ਜਾਣ ਵਾਲਾ ਘਾਤਕ ਨਦੀਨ ਨਾਸ਼ਕ ਗਲਾਈਫੋਸਟੇਟ ਇਸ ਸਭ ਲਈ ਮੁੱਖ ਤੌਰ 'ਤੇ ਜਿੰਮੇਵਾਰ ਹੈ।
ਕਿਉਂਕਿ ਮੋਨਾਰਕ ਤਿਤਲੀਆਂ ਆਪਣੇ ਭੋਜਨ ਅਤੇ ਨਿਵਾਸ ਲਈ ਮੱਕੀ ਅਤੇ ਸੋਇਆਬੀਨ ਵਿੱਚ ਉੱਗਣ ਵਾਲੀ ਮਿਲਕ ਵੀਡ ਨਾਮਕ  ਇਸ ਵਨਸਪਤੀ ਉੱਪਰ ਹੀ ਨਿਰਭਰ ਕਰਦੀਆਂ ਹਨ। ਪਰੰਤੂ ਰਾਂਊਂਡ ਅਪ ਰੈਡੀ ਬੀਟੀ ਮੱਕੀ ਅਤੇ ਸੋਇਆਬੀਨ  ਵਿੱਚ ਬੇਰੋਕ ਵਰਤੇ ਜਾ ਰਹੇ ਗਲਾਈਫੋਸਟੇਟ ਕਾਰਨ ਇੱਕ ਤਰਾਂ ਨਾਲ ਮਿਲਕ ਵੀਡ ਦੀ ਨਸਲਕੁਸ਼ੀ ਹੀ ਕਰ ਦਿੱਤੀ ਗਈ ਹੈ।  ਸਿੱਟੇ ਵਜੋਂ ਆਪਣੀ ਖ਼ੁਰਾਕ ਅਤੇ ਨਿਵਾਸ ਲਈ ਇਹਦੇ 'ਤੇ ਨਿਰਭਰ ਮੋਨਾਰਕ ਤਿਤਲੀਆਂ ਦੀ ਆਬਾਦੀ ਤੇਜੀ ਨਾਲ ਘਟ ਰਹੀ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਸਬੰਧਤ ਰਿਪੋਰਟ ਦੇ ਇੱਕਲੇਖਕ ਸ਼੍ਰੀ ਚਿਪ ਟੇਲਰ ਕਾਨਸਾਂਸ ਯੂਨੀਵਰਸਿਟੀ ਵਿੱਚ ਇੱਕ ਇਨਸੈਕਟ ਈਕੋਲੋਜਿਸਟ ਵਜੋਂ ਸੇਵਾਵਾਂ ਨਿਭਾਉਂਦੇ ਹਨ ਉੱਥੇ ਹੀ ਦੂਜੇ ਲੇਖਕ ਸ਼੍ਰੀ ਲਿਨਕੋਲਿਨ ਪੀ. ਬਰਾਉਰ ਸਵੀਟ ਬਰਾਇਰ ਕਾਲਜ ਵਿਖੇ ਕੀਟ ਵਿਗਿਆਨੀ ਹਨ। ਦੋਹਾਂ ਹੀ ਵਿਗਿਆਨੀਆਂ ਦਾ ਮਤ ਹੈ ਕਿ ਰਾਂਊਡ ਅਪ ਰੈਡੀ ਬੀਟੀ ਫਸਲਾਂ ਆਮ ਬੀਟੀ ਫਸਲਾਂ ਦੇ ਮੁਕਾਬਲੇ ਸਮੁੱਚੇ ਵਾਤਾਵਰਣ ਅਤੇ ਜੀਵ-ਜੰਤੂਆਂ ਲਈ ਕਿਤੇ ਵੱਧ ਖ਼ਤਰਨਾਕ ਹਨ।
ਅਮਰੀਕੀ ਕਿਸਾਨਾਂ ਦੁਆਰਾ ਫ਼ਸਲਾਂ ਉੱਤ ਵਿੱਚ ਛਿੜਕੇ ਜਾ ਰਹੇ ਗਲਾਈਫੋਸਟੇਟ ਦੇ ਬਹੁਤ ਸਾਰੇ ਨਾਕਾਰਾਤਮਕ ਅਸਰ ਦੇਖੇ ਜਾ ਰਹੇ ਹਨ। ਜਿਵੇਂ ਕਿ ਪਸ਼ੂਆਂ ਵਿੱਚ ਜ਼ਮਾਂਦਰੂ ਨੁਕਸ, ਕੈਂਸਰ, ਅਣੁਵੰਸ਼ਿਕ ਨੁਕਸਾਨ, ਐਂਡੋਕ੍ਰਾਈਨ ਡਿਸਰਪਸ਼ਨ (ਸਰੀਰ ਵਿੱਚ ਜ਼ਰੂਰੀ ਰਸਾਂ/ਹਾਰਮੋਨਜ਼ ਦੀ ਲੋੜੀਂਦੀ ਉਤਪਤੀ ਯਕੀਨੀ ਬਣਾਉਣ ਵਾਲੀ ਪ੍ਰਣਾਲੀ ਵਿੱਚ ਖਲਲ) ਅਤੇ ਕਈ ਹੋਰ ਗੰਭੀਰ ਪ੍ਰਭਾਵ ਦਰਜ਼ ਕੀਤੇ ਗਏ ਹਨ। ਇੱਥੇ ਹੀ ਬਸ ਨਹੀਂ ਮੱਕੀ ਦੇ ਕੀਟ ਵਿਗਿਆਨੀ ਜੋਹਨ ਲੋਸੀ ਦੇ ਅਧਿਐਨ ਜਿਹੜਾ ਕਿ 1999 ਵਿੱਚ ਪ੍ਰਕਾਸ਼ਿਤ ਹੋਇਆ ਸੀ ਦਸਦਾ ਹੈ ਕਿ ਅਮਰੀਕਾ ਵਿੱਚ ਮੋਨਰਾਕ ਤਿਤਲੀਆਂ ਉੱਤੇ ਬੀਟੀ ਫਸਲਾਂ ਦਾ ਬਹੁਤ ਹੀ ਮਾਰੂ ਅਸਰ ਹੋਇਆ ਹੈ।
ਇਸ ਅਧਿਐਨ ਮਤਾਬਿਕ ਬੀਟੀ ਫਸਲਾਂ ਦਾ ਪਰਾਗ ਮੋਨਾਰਕ ਤਿਤਲੀ ਦੇ ਲਾਰਵਿਆਂ ਲਈ ਬਹੁਤ ਜ਼ਹਿਰੀਲਾ ਸਿੱਧ ਹੁੰਦਾ ਹੈ। ਬਾਅਦ ਵਿੱਚ ਆਈਓਵਾ ਸਟੇਟ ਯੂਨੀਵਰਸਿਟੀ ਵਿੱਚ ਇਸ ਸਬੰਧ ਵਿੱਚ ਹੋਏ ਇੱਕ ਅਧਿਐਨ ਵਿੱਚ ਇਹ ਵੀ ਦੇਖਿਆ ਗਿਆ ਕਿ ਖੇਤ ਵਿੱਚ ਬੀਟੀ ਫਸਲਾਂ ਦੇ ਪਰਾਗ ਯੁਕਤ ਮਿਲਕ ਵੀਡ ਪੌਦਿਆਂ ਦੇ ਪੱਤੇ ਖਾਣ ਉਪਰੰਤ ਮੋਨਾਰਕ ਤਿਤਲੀ ਦੇ ਲਾਰਵੇ ਦੀ ਮੌਤ ਹੋ ਗਈ। ਦੁਨੀਆਂ ਭਰ ਵਿੱਚ ਆਪਣੇ ਹੈਰਾਨੀਜਨਕ ਪ੍ਰਵਾਸ ਲਈ ਜਾਣੀਆਂ ਜਾਂਦੀਆਂ ਮੋਨਾਰਕ ਤਿਤਲੀਆਂ ਉੱਤਰੀ ਅਮਰੀਕਾ ਦੀਆਂ ਘੋਰ ਸਰਦੀਆਂ ਤੋਂ ਬਚਣ ਲਈ 4,000 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਹਰ ਸਾਲ ਮੈਕਸੀਕੋ ਪਹੁੰਚਦੀਆਂ ਹਨ। ਪਰੰਤੂ ਗਲਾਈਫੋਸਟੇਟ ਦੀਆਂ ਝੰਬੀਆਂ ਇਹਨਾਂ ਤਿਤਲੀਆਂ ਦੀ ਸੰਖਿਆ ਵਿੱਚ ਵੱਡ ਪੱਧਰੀ ਗਿਰਾਵਟ ਆਈ ਹੈ।
ਦੁਨੀਆਂ ਭਰ ਦੇ ਹੋਰਨਾਂ ਦੇਸਾਂ ਦੇ ਆਮ ਲੋਕਾਂ ਵਾਂਗੂੰ ਬਹੁਗਿਣਤੀ ਅਮਰੀਕਨ ਵੀ ਸਿਹਤਾਂ, ਵਾਤਾਵਰਣ ਅਤੇ ਕੁਦਰਤ ਦੀ ਕਾਇਨਾਤ ਉੱਤੇ ਪੈਣ ਵਾਲੇ ਬੀਟੀ ਫਸਲ ਦੇ  ਮਾਰੂ ਅਸਰਾਂ ਪ੍ਰਤੀ ਜਾਗਰੂਕ ਨਹੀਂ ਹਨ। ਇਹ ਸਥਿਤੀ ਰਾਂਊਡ ਅੱਪ ਰੈਡੀ ਬੀਟੀ ਫਸਲਾਂ ਅਤੇ ਖੇਤੀ ਵਿੱਚ ਵਰਤੇ ਜਾਣ ਵਾਲੇ ਨਦੀਨ ਨਾਸ਼ਕ ਜ਼ਹਿਰਾ ਸਬੰਧੀ ਵੀ ਬਣੀ ਹੋਈ ਹੈ ਅਤੇ ਬਾਇਓਟੈੱਕ ਕੰਪਨੀਆਂ ਇਸ ਸਭ ਦਾ ਚੋਖਾ ਫ਼ਾਇਦਾ ਉਠਾ ਰਹੀਆਂ ਹਨ। ਸਿੱਟੇ ਵਜੋਂ ਸੰਸਾਰ ਵਿੱਚੋਂ  ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਵਾਂਗੂ ਮੋਨਾਰਕ ਤਿਤਲੀਆਂ ਵੀ ਲੋਪ ਹੋਣ ਕਿਨਾਰੇ ਪਹੁੰਚ ਚੁੱਕੀਆਂ ਹਨ। 

No comments:

Post a Comment