Thursday, 15 March 2012

ਰਸਾਇਣਕ ਖੇਤੀ ਦੀ ਮਾਰ ਤੋਂ ਬਾਅਦ ਕੁਦਰਤੀ ਖੇਤੀ ਵਿਚ ਪੰਛੀਆਂ ਦਾ ਯੋਗਦਾਨ

14 ਮਾਰਚ ਨੂੰ 'ਸਿੱਖ ਵਾਤਾਵਰਨ ਦਿਵਸ 'ਤੇ ਵਿਸ਼ੇਸ਼

ਖੇਤੀ ਵਿਚ ਰਸਾਇਣਕ ਉਪਯੋਗ ਦਾ ਮਨੁੱਖ ਅਤੇ ਧਰਤੀ ਦੀ ਸਿਹਤ 'ਤੇ ਅਸਰ
ਪੰਜਾਬ ਵਿਚ ਹਰੀ ਕ੍ਰਾਂਤੀ ਦੀ ਜੁਗਤ ਫ਼ੇਲ ਤਾਂ ਹੋਈ ਹੀ ਸਗੋਂ ਨਾਲ ਹੀ ਕਿਸਾਨਾਂ ਸਮੇਤ ਪੰਜਾਬੀਆਂ ਦਾ ਉਹ ਬੁਰਾ ਹਾਲ ਕਰ ਦਿੱਤਾ ਜਿਸ ਤੋਂ ਖਹਿੜਾ ਛੁਡਾਉਣ ਲਈ ਹੁਣ ਹਰ ਕੋਈ ਤਰਲੋਮੱਛੀ ਹੋ ਰਿਹਾ ਹੈ। ਰਸਾਇਣਕ ਖਾਦਾਂ ਅਤੇ ਜ਼ਹਿਰ ਵਾਲੀਆਂ ਕੀਟਨਾਸ਼ਕ ਰਸਾਇਣਕਾਂ ਨੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਾਂਝਪਣ ਦੀ ਹੱਦ ਤੱਕ ਨਕਾਰਾ ਕਰ ਦਿੱਤਾ। ਇਸੇ ਤਰਾਂ ਹੀ ਖੁਦ ਪੰਜਾਬੀਆਂ ਦੀ ਸਿਹਤ ਦੀ ਵੀ ਸੱਤਿਆ ਖਤਮ ਹੋਣ ਕਿਨਾਰੇ ਪੁੱਜ ਚੁੱਕੀ ਹੈ। ਇਥੋਂ ਦੇ ਪਿੰਡ ਸ਼ਹਿਰਾਂ ਵਿਚ ਵੱਡੀ ਪੱਧਰ 'ਤੇ ਜਾਨਲੇਵਾ ਘਾਤਕ ਬਿਮਾਰੀਆਂ ਨੇ ਹੱਲਾ ਬੋਲ ਦਿੱਤਾ ਹੈ। ਕੈਂਸਰ ਦਾ ਦੈਂਤ ਪਿੰਡਾਂ ਦੇ ਪਿੰਡ ਖਾਈ ਜਾ ਰਿਹਾ ਹੈ। ਬਾਂਝਪਣ ਅਤੇ ਮੰਦਬੁੱਧੀ ਦੀਆਂ ਸਮੱਸਿਆਵਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਥੋਂ ਦਾ ਅੰਮ੍ਰਿਤ ਵਰਗਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਇਥੋਂ ਤੱਕ ਕਿ ਮਾਂ ਦੇ ਦੁੱਧ ਵਿਚ ਵੀ ਕੀਟਨਾਸ਼ਕ ਜ਼ਹਿਰਾਂ ਦੇ ਅੰਸ਼ ਮਿਲੇ ਹਨ। ਵਿਸ਼ਵ ਸੁਆਸਥ ਸੰਸਥਾ (ਡਬਲਯੂ.ਐਚ.ਓ) ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਿਥੇ ਦੁਨੀਆਂ ਭਰ ਵਿਚ ਪੇਂਡੂ ਖੇਤਰਾਂ ਵਿਚ ਬਿਮਾਰ ਲੋਕਾਂ ਦੀ ਗਿਣਤੀ 30 ਫੀਸਦੀ ਹੈ, ਉਥੇ ਪੰਜਾਬ ਦੇ ਲੋਕਾਂ ਵਿਚ ਇਹ ਦਰ 45 ਫੀਸਦੀ ਤੱਕ ਹੈ। ਸਰੀਰਕ ਪ੍ਰਤੀਰੋਧੀ ਸ਼ਕਤੀ ਘਟ ਜਾਣ ਨਾਲ ਪੰਜਾਬੀ ਛੇਤੀ ਹੀ ਬਿਮਾਰੀ ਦੀ ਲਪੇਟ ਵਿਚ ਆ ਜਾਂਦੇ ਹਨ। 8 ਤੋਂ 10 ਸਾਲ ਦੇ ਬੱਚਿਆਂ ਵਿਚ ਕੈਂਸਰ ਦੀ ਬਿਮਾਰੀ ਦਾ ਰਿਕਾਰਡ ਵਾਧਾ ਨੋਟ ਕੀਤਾ ਗਿਆ ਹੈ। ਮਰਦਾਂ ਵਿਚ ਸ਼ੁਕਰਾਣੂ ਦੇ ਐਕਸ ਕਰੋਮੋਸੋਮ ਦੀ ਗਿਣਤੀ ਘਟਣ ਜਾਂ ਗਤੀ ਘਟਣ ਨਾਲ ਕੁੜੀਆਂ ਦੀ ਜਨਮ ਦਰ ਘਟ ਰਹੀ ਹੈ ਅਤੇ ਨਾਲ ਹੀ ਔਰਤਾਂ ਵਿਚ ਗਰਭ ਨਾਲ ਸਬੰਧਤ ਸਮੱਸਿਆਵਾਂ 'ਚ ਵੀ ਭਾਰੀ ਵਾਧਾ ਹੋ ਰਿਹਾ ਹੈ। ਖੇਤੀ ਜ਼ਹਿਰਾਂ ਦੀ ਲਗਾਤਾਰ ਅਤੇ ਅੰਨ•ੇਵਾਹ ਵਰਤੋਂ ਨੇ ਸਿੱਧੇ ਤੌਰ 'ਤੇ ਮਨੁੱਖਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਇਸ ਦੀ ਵਰਤੋਂ ਨਾਲ ਪਸ਼ੂਆਂ ਵਿਚ ਵੀ ਕੈਂਸਰ ਦਾ ਰੋਗ ਵਧ ਰਿਹਾ ਹੈ। ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ 2009-10 ਵਿਚ ਹਰੇ ਚਾਰੇ ਦੇ 183 ਨਮੂਨਿਆਂ ਵਿਚੋਂ 60 ਫੀਸਦੀ ਨਮੂਨਿਆਂ ਵਿਚ ਜ਼ਹਿਰਾਂ ਦੀ ਮਾਤਰਾ ਨਿਰਧਾਰਤ ਹੱਦ ਤੋਂ ਵੱਧ (2500 ਪ ਪ ਸ) ਪਾਈ ਗਈ। ਭਾਬਾ ਪ੍ਰਮਾਣੂ ਖੋਜ ਕੇਂਦਰ (ਬੀ.ਏ.ਆਰ.ਸੀ.) ਨੇ ਹੁਣ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੇ ਵਧਣ ਦਾ ਕਾਰਨ ਇਥੇ ਵਰਤੀਆਂ ਜਾ ਰਹੀਆਂ ਫਾਸਫੇਟ ਖਾਦਾਂ ਹਨ ਜਿਹੜੀਆਂ ਕਿ ਧਰਤੀ ਹੇਠਲੇ ਪਾਣੀ ਨਾਲ ਰਸਾਇਣਕ ਕਿਰਿਆ ਕਰਕੇ ਯੂਰੇਨੀਅਮ ਨੂੰ ਪਾਣੀ ਵਿਚ ਘੋਲ ਰਹੀਆਂ ਹਨ ਇਸ ਦੇ ਸਿੱਟੇ ਵਜੋਂ ਪੰਜਾਬ ਦੇ ਮਾਲਵਾ ਖੇਤਰ ਖਾਸਕਰ ਫਰੀਦਕੋਟ ਦੇ ਇਲਾਕੇ ਵਿਚ ਨਵਜਾਤ ਬੱਚਿਆਂ ਵਿਚ ਵਿਕਾਸ ਨਾ ਹੋਣਾ ਅਤੇ ਅਪੰਗਤਾ ਵਰਗੀਆਂ ਅਲਾਮਤਾਂ ਪੈਦਾ ਹੋਈਆਂ ਹਨ।
ਖੇਤੀ ਲਈ ਕੀਟਾਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਜ਼ਹਿਰਾਂ ਦੀ ਵਰਤੋਂ ਦਿਲ-ਦਹਿਲਾ ਦੇਣ ਵਾਲੀ ਹੈ। ਰਿਪੋਰਟਾਂ ਅਨੁਸਾਰ ਪੂਰੇ ਭਾਰਤ ਵਿਚ ਵਰਤੀਆਂ ਜਾਣ ਵਾਲੀਆਂ ਜ਼ਹਿਰੀਲੀਆਂ ਕੀਟਨਾਸਕਾਂ ਜ਼ਹਿਰਾਂ ਦਾ 17% ਹਿੱਸਾ ਇਕੱਲਾ ਪੰਜਾਬ ਹੀ ਵਰਤਦਾ ਹੈ ਜਦਕਿ ਇਸ ਦਾ ਖੇਤੀਯੋਗ ਖੇਤਰ ਭਾਰਤ ਦੇ ਮੁਕਾਬਲੇ 2 ਫੀਸਦੀ ਹੀ ਬਣਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਾਕਟਰ ਗੁਰਿੰਦਰ ਕੌਰ ਅਨੁਸਾਰ ਕਿਸਾਨ ਜਿਹੜੀਆਂ ਕੀਟਨਾਸਕ ਜ਼ਹਿਰਾਂ ਫਸਲਾਂ ਉਤੇ ਛਿੜਕਾਅ ਕਰਦੇ ਹਨ ਉਹਨਾਂ ਦਾ ਸਿਰਫ਼ 0.01 ਹਿੱਸਾ ਹੀ ਕੀਟਾਂ ਤੱਕ ਪੁੱਜਦਾ ਹੈ ਬਾਕੀ ਦਾ 99.99 ਹਿੱਸਾ ਹਵਾ, ਪਾਣੀ ਅਤੇ ਖਾਦ ਪਦਾਰਥਾਂ ਵਿਚ ਰਲ ਜਾਂਦਾ ਹੈ ਜਿਹੜਾ ਅੱਗੇ ਜਾ ਕੇ ਸਾਡੇ ਲਈ ਹਰ ਪੱਖੋਂ ਵਿਨਾਸ਼ਕਾਰੀ ਸਿੱਧ ਹੁੰਦਾ ਹੈ ਇਸ ਦਾ ਵਰਣਨ ਅਸੀਂ ਪਹਿਲਾਂ ਹੀ ਕਰ ਆਏ ਹਾਂ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇੰਨੀ ਕੁ ਥੋੜੀ ਮਾਤਰਾ 'ਚ ਫਸਲਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਜ਼ਹਿਰਾਂ ਵਰਤਣ ਤੋਂ ਕੀ ਸਾਡਾ ਖਹਿੜਾ ਛੁੱਟ ਸਕਦਾ ਹੈ? ਇਹਨਾਂ ਰਸਾਇਣਕ ਪਦਾਰਥਾਂ ਨੇ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਧੱਕਾ ਤਾਂ ਲਾਇਆ ਹੈ। ਪਿਛਲੇ 20 ਸਾਲਾਂ ਵਿਚ ਹੀ ਅਨਾਜ ਦੀ ਪੈਦਾਵਾਰ ਅਤੇ ਪੋਸ਼ਿਕ ਤੱਤਾਂ ਦੇ ਉਪਯੋਗ ਦਾ ਅਨੁਪਾਤ (ਨਿਊਟਰੀਐਂਟ ਰਿਸਪੌਂਸ ਰੇਸੋਂ) ਵਿਚ ਲਗਾਤਾਰ ਗਿਰਾਵਟ ਆਈ 1990-91 ਵਿਚ ਇਹ ਅਨੁਪਾਤ 14.06% ਸੀ ਜੋ ਕਿ 2010 ਵਿਚ ਇਹ ਘਟ ਕੇ 8.59% ਹੀ ਰਹਿ ਗਿਆ ਜਿਸ ਨਾਲ ਮਿੱਟੀ ਦੇ ਉਪਜਾਊ ਪਣ ਦਾ ਘਟਣਾ ਸਿੱਧ ਹੁੰਦਾ ਹੈ। ਧਰਤੀ ਅੰਦਰਲੇ ਵੱਡੇ ਤੱਤ ਡਾਈ ਅਮੋਨੀਆ, ਨਾਈਟਰੋਜਨ ਅਤੇ ਛੋਟੇ ਤੱਤ ਸਲਫਰ, ਜਿੰਕ, ਬੋਰੋਨ ਅਤੇ ਲੋਹਾ ਤੱਤ ਦੀ ਕਮੀ ਨੇ ਇਸ ਧਰਤੀ ਤੋਂ ਪੈਦਾ ਹੋਏ ਅਨਾਜ ਨੂੰ ਖਾਣ ਵਾਲੇ ਜੀਵਾਂ ਵਿਚ ਵੀ ਕਮੀ ਆ ਰਹੀ ਹੈ। ਇਸੇ ਵਿਕਸਤ ਮਾਡਲ ਦੇ ਹਰੀ ਕ੍ਰਾਂਤੀ ਵਾਲੇ ਤਜਰਬੇ ਨੇ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਪੱਖੋਂ ਕੰਗਾਲ ਕਰ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਨਾਲ ਗੁੱਸੇ ਹੋ ਕੇ ਨਵੀਂ ਪਾਰਟੀ ਦੀ ਸਥਾਪਨਾ ਕਰਨ ਵਾਲੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੰਕਸਾਫ ਕੀਤਾ ਹੈ ਕਿ ਪੰਜਾਬ ਦੇ ਕਿਸਾਨ ਦਾ ਹਰ ਮੈਂਬਰ ਇਸ ਸਮੇਂ 40 ਹਜ਼ਾਰ ਰੁਪਏ ਦਾ ਕਰਜ਼ਈ ਹੈ। ਮਾਲਵੇ ਦੀ ਕਪਾਹ ਪੱਟੀ ਇਸ ਸਮੇਂ ਕੈਂਸਰ ਪੱਟੀ ਨਾਲ ਪ੍ਰਸਿੱਧ ਹੈ। ਹਰੀ ਕ੍ਰਾਂਤੀ ਨੇ ਪੰਜਾਬ ਵਿਚ ਖੁਸ਼ਹਾਲੀ ਦੀ ਥਾਂ ਬਰਬਾਦੀ ਲਿਆਂਦੀ ਹੈ। ਕਰਜ਼ੇ ਵੱਸ ਹੁਣ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਸੋਚੋ! ਹਰੀ ਕ੍ਰਾਂਤੀ ਦੇ ਮਾਡਲ ਨੇ ਸਾਨੂੰ ਕੀ ਦਿੱਤਾ ਹੈ? ਹਰ ਪਾਸਿਓ ਨਿਰਾਸ਼ ਹੋ ਚੁੱਕੇ ਕਿਸਾਨ ਨੂੰ ਹੁਣ ਸੋਚਣਾ ਪਵੇਗਾ ਕਿ ਉਹ ਆਪਣੀ ਵੰਸ਼ ਬਚਾਉਣ ਲਈ ਕਿਹੜੇ ਨਵੇਂ ਰਾਹਾਂ ਦਾ ਪਾਂਧੀ ਬਣੇ।
ਖੇਤੀ ਰਸਾਇਣਕਾਂ ਦਾ ਪੰਛੀਆਂ 'ਤੇ ਬੁਰਾ ਪ੍ਰਭਾਵ
ਰਸਾਇਣਕ ਵਸਤਾਂ ਦੇ ਖੇਤੀ ਵਿਚ ਉਪਯੋਗ ਨੇ ਜਿਥੇ ਮਨੁੱਖੀ ਸਿਹਤ, ਧਰਤੀ ਦੀ ਉਪਜਾਊ ਸ਼ਕਤੀ ਘੱਟ ਕਰਨ ਵਿਚ ਵੱਡਾ 'ਤੇ ਬੁਰਾ ਰੋਲ ਅਦਾ ਕੀਤਾ ਹੈ ਉਥੇ ਕਿਸਾਨਾਂ ਦਾ ਅਰਥਚਾਰਾ ਵੀ ਤਬਾਹ ਕਰ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਜੰਗਲੀ ਜੀਵਾਂ ਅਤੇ ਪੰਛੀਆਂ ਲਈ ਵੀ ਇਹ ਤਜ਼ਰਬਾ ਤਬਾਹਕੁੰਨ ਸਾਬਤ ਹੋਇਆ ਹੈ।
ਸਦੀਆਂ ਤੋਂ ਕਿਸਾਨਾਂ ਨਾਲ ਮਿੱਤਰਤਾ ਨਿਭਾ ਰਹੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਖੇਤੀ ਰਸਾਇਣਾਂ ਨੇ ਤਬਾਹ ਕਰ ਦਿੱਤੀਆਂ ਹਨ। ਕਈ ਹੋਰ ਪ੍ਰਜਾਤੀਆਂ ਆਪਣੀਆਂ ਆਖਰੀ ਘੜੀਆਂ ਗਿਣ ਰਹੀਆਂ ਹਨ। ਅੱਠ ਕਿਸਮ ਦੇ ਉੱਲੂ ਪ੍ਰਜਾਤੀ ਦੇ ਪੰਛੀਆਂ ਨੂੰ ਇਥੋਂ ਦੀ ਧਰਤੀ ਤੋਂ ਚਲੇ ਜਾਣ ਲਈ ਖ਼ਤਰੇ ਦਾ ਘੁੱਗੂ ਵਜਾ ਦਿੱਤਾ ਹੈ। ਇਸੇ ਤਰਾਂ ਬਾਜ਼ ਜਾਤੀ ਦੇ ਮੈਂਬਰਾਂ ਜਿਨਾਂ ਵਿਚ ਸ਼ਿਕਰਾ, ਚਿੜੀਮਾਰ, ਬਹਿਰੀ, ਤੁਰਮਤੀ, ਕੂਹੀ, ਚਰਗ, ਲਗੜ, ਉਕਾਬ, ਕਿਰਲਾਮਾਰ, ਟੀਸੇ, ਇਲਾਂ, ਗਿਰਝਾਂ, ਮੱਛੀਮਾਰ, ਕੁਰਲ ਹਨ ਵੀ ਆਪਣੇ-ਆਪਣੇ ਵੰਸ਼ ਨਾਸ਼ ਵੱਲ ਵਧ ਰਹੇ ਹਨ। ਹੋਰ ਕੋਮਲਦਿਲ ਪੰਛੀ ਖੇਤੀ ਰਸਾਇਣਾਂ ਦੇ ਛਿੜਕਣ ਨਾਲ ਆਪਣੀ ਖੁਰਾਕ ਦੇ ਜ਼ਹਿਰੀਲੇ ਚੋਗੇ ਨਾਲ ਮਰ-ਮੁੱਕਣ ਕਿਨਾਰੇ ਪੁੱਜ ਗਏ ਹਨ ਹੁਣ ਖੇਤਾਂ ਵਿਚ ਚੱਕੀਰਾਹਾ, ਪਪੀਹੇ, ਮਮੋਲੇ, ਮੁਰਗਾਬੀਆਂ, ਤਿੱਤਰ, ਬਟੇਰੇ, ਸਾਰਸ, ਪਤਰੰਗੇ, ਘੋਗੜ ਕਾਂ, ਨੜੀਆਂ, ਘੋਗੜ, ਕਾਲਾ ਤਿੱਤਰ, ਭੂਰਾ ਤਿੱਤਰ, ਮੋਰ, ਤਲੌਰ, ਪੀਹੂ, ਘੋਗਾ ਖੋਰ, ਮਰਵਾ, ਲਾਲ ਚਹਾ, ਨੁਕਰੀ, ਤਹੋਰੀ, ਪਨਚੀਰਾ, ਭਟਿਟਰ, ਅੱਠੇ ਕਿਸਮ ਦੇ ਉੱਲੂ, ਅਟੇਰਨਾਂ, ਚੰਡੋਲਾਂ, ਅਬਾਬੀਲ, ਨੜੀਏ, ਤਾਰਪੂਝੇ, ਕੁਝ ਲਿਟੋਰੇ, ਬ੍ਰਾਹਮਣੀ ਮੈਨਾ, ਗੁਲਾਬੀ ਤਿਲੀਅਰ, ਪਹਾੜੀ ਕਾਂ, ਸਹੇਲੀਆਂ, ਪੱਤੜ, ਓਲੀਆਂ, ਟਿਕਟਿਕੀਆਂ, ਨਾਚਾ, ਕੁਝ ਪਿੱਦੀਆਂ, ਦਰਜੀ, ਕੁਝ ਕਸਤੂਰੀਆਂ, ਚਰਚਰੀਆਂ, ਮੁਨੀਆਂ, ਬੋਲੀਆਂ, ਦੇਖਣ ਨੂੰ ਨਹੀਂ ਮਿਲਦੇ। ਫਸਲਾਂ 'ਤੇ ਛਿੜਕਾਅ ਕੀਤੀਆਂ ਜ਼ਹਿਰਾਂ ਦੇ ਅਸਰ ਨਾਲ ਜਿਥੇ ਸਿੱਧੇ ਤੌਰ 'ਤੇ ਅਨੇਕਾਂ ਪੰਛੀ ਮਰ ਜਾਂਦੇ ਹਨ ਉਥੇ ਜ਼ਹਿਰੀਲਾ ਅਨਾਜ, ਕੀਟ ਅਤੇ ਫਲ ਖਾਣ ਨਾਲ ਚਿਰਸਥਾਈ ਬੁਰੇ ਅਸਰ ਨਾਲ ਪੰਛੀਆਂ ਵਿਚ ਪਰਜਨਣ ਸ਼ਕਤੀ ਵੀ ਘਟ ਰਹੀ ਹੈ। ਇਸ ਦੇ ਜਨਨ ਅੰਗ ਵਿਕਸਿਤ ਹੋਣੋ ਰਹਿ ਗਏ ਹਨ। ਰਸਾਇਣਕ ਖਾਦਾਂ ਦੀ ਵਰਤੋਂ ਨੇ ਧਰਤੀ 'ਚ ਰਹਿਣ ਵਾਲੇ ਛੋਟੇ ਕੀਟ-ਪਤੰਗਾਂ ਨੂੰ ਖਤਮ ਕਰ ਦਿੱਤਾ ਹੈ ਜਿਹੜੇ ਕਈ ਕਿਸਮ ਦੇ ਪੰਛੀਆਂ ਦੀ ਖੁਰਾਕ ਬਣਦੇ ਸਨ। ਇਸ ਤੋਂ ਵੀ ਵੱਡਾ ਤੇ ਬੁਰਾ ਅਸਰ ਇਹ ਹੋਇਆ ਕਿ ਰਸਾਇਣਕ ਖਾਦਾਂ ਨੇ ਅਨਾਜ ਵਿਚ ਖੁਰਾਕੀ ਤੱਤਾਂ ਦਾ ਸੰਤੁਲਤਨ ਵਿਗਾੜ ਦਿੱਤਾ ਹੈ। ਕਈ ਤੱਤ ਅਜਿਹੇ ਹਨ ਜੋ ਬੇਲੋੜੇ ਹੀ ਪੰਛੀਆਂ ਦੇ ਪੇਟ ਵਿਚ ਜਾ ਕੇ ਉਹਨਾਂ ਦੀ ਸਰੀਰਕ ਪ੍ਰਣਾਲੀ ਨੂੰ ਖਰਾਬ ਕਰ ਦਿੰਦੇ ਹਨ ਅਤੇ ਇਸੇ ਤਰਾਂ ਕਈ ਲੋੜੀਂਦੇ ਤੱਤ ਦੀ ਕਮੀ ਨਾਲ ਜਿਥੇ ਪੰਛੀ ਸ਼ਰੀਰਕ ਪੱਖੋਂ ਨਿਤਾਣੇ ਹੋ ਗਏ ਹਨ ਉਥੇ ਹੀ ਉਹਨਾਂ ਦੇ ਅੰਡਿਆਂ ਉਪਰਲੇ ਰੱਖਿਅਕ ਖੋਲ ਵੀ ਪਤਲੇ ਹੋ ਗਏ ਹਨ। ਨਤੀਜੇ ਵਜੋਂ ਸਮੇਂ ਤੋਂ ਪਹਿਲਾਂ ਦਿਨ ਤੋਂ ਪਹਿਲਾਂ ਹੀ ਅੰਡਿਆਂ ਵਿਚੋਂ ਬੱਚੇ ਨਿਕਲਣ ਨਾਲ ਉਹ ਕਮਜ਼ੋਰ ਪੈਦਾ ਹੁੰਦੇ ਹਨ ਜਿਹਨਾਂ ਵਿਚੋਂ ਬਹੁਤੇ ਅਕਸਰ ਮਰ ਜਾਂਦੇ ਹਨ ਜੋ ਬਾਕੀ ਬਚ ਰਹਿੰਦੇ ਹਨ ਉਹਨਾਂ ਵਿਚ ਵੀ ਅੱਗੇ ਪ੍ਰਜਨਣ ਸ਼ਕਤੀ ਦੀ ਘਾਟ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਦੀਆਂ ਅਗਲੀਆਂ ਪੀੜੀਆਂ ਪੈਦਾ ਨਹੀਂ ਹੋ ਰਹੀਆਂ। ਇਹਨਾਂ ਬਨਾਉਟੀ ਖਾਦਾਂ ਦੀ ਵਰਤੋਂ ਨਾਲ ਧਰਤੀ ਦੀ ਉਤਲੀ ਸਤਾ 'ਤੇ ਰਹਿਣ ਵਾਲੇ ਜੀਵ ਜਿਵੇਂ ਗੰਡੋਏ, ਘੁਮਾਰ, ਚੀਚ ਵਹੁਟੀਆਂ ਦਾ ਖਾਤਮਾ ਕਰ ਦਿੱਤਾ ਹੈ ਜਿਹੜੇ ਪੰਛੀਆਂ ਦੀ ਪੱਕੀ ਖੁਰਾਕ ਤਾਂ ਹਨ ਹੀ ਸੀ ਨਾਲ ਇਹ ਧਰਤੀ ਨੂੰ ਪੋਲਾ ਕਰਕੇ ਪੌਦਿਆਂ ਲਈ ਸਾਹ ਪ੍ਰਕਿਰਿਆ ਤੇਜ਼ ਕਰਨ ਲਈ ਸਹਾਇਕ ਹੁੰਦੇ ਸਨ। ਰਸਾਇਣਕ ਖੇਤੀ ਨਾਲ ਫਸਲੀ ਚੱਕਰ ਦਾ ਸਮਾਂ ਘੱਟ ਹੋ ਜਾਣ ਨਾਲ ਕਈ ਵਾਰ ਫਸਲਾਂ ਵਿਚ ਪੰਛੀਆਂ ਦੇ ਦਿੱਤੇ ਅੰਡਿਆਂ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਕਿਸਾਨ ਦੁਆਰਾ ਦੂਜੀ ਫਸਲ ਬੀਜੇ ਜਾਣ ਲਈ ਕੀਤੀ ਜਾ ਰਹੀ ਤਿਆਰੀ ਦੀ ਭੇਂਟ ਚੜੇ ਜਾਂਦੇ ਹਨ ਕਈ ਵਾਰ ਤਾਂ ਤੇਜ਼ੀ ਵਿਚ ਕਿਸਾਨ ਆਪਣੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਵੀ ਲਾ ਦਿੰਦਾ ਹੈ ਜਿਸ ਕਾਰਨ ਅੰਡੇ, ਛੋਟੇ ਬੱਚੇ ਅਤੇ ਪੰਛੀ ਮਾਪੇ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਇਸ ਤਰਾਂ ਰਸਾਇਣਕ ਖੇਤੀ ਮਨੁੱਖਾਂ ਅਤੇ ਹੋਰ ਜੀਵਾਂ ਨਾਲ ਪੰਛੀਆਂ ਲਈ ਵੀ ਘਾਤਕ ਸਿੱਧ ਹੋਈ ਹੈ।
ਪੰਛੀ ਖੇਤੀ ਵਿਚ ਕਿਸਾਨਾਂ ਦੇ ਸਹਾਇਕ ਕਿਵੇਂ
ਰਸਾਇਣਕ ਖਾਦਾਂ ਅਤੇ ਜ਼ਹਿਰੀਲੇ ਛਿੜਕਾਅ ਦੀ ਮਦਦ ਨਾਲ  ਖੇਤੀ 'ਤੇ ਫੇਲ ਹੋ ਜਾਣ ਤੋਂ ਬਾਅਦ ਹੁਣ 'ਜ਼ਹਿਰ ਮੁਕਤ' ਕੁਦਰਤੀ ਖੇਤੀ ਬਾਰੇ ਸੋਚਿਆ ਜਾਣ ਲੱਗਿਆ ਹੈ। ਜੇ ਮਨੁੱਖ ਨੇ ਆਪਣੇ ਅਤੇ ਧਰਤੀ ਦੇ ਹੋਰ ਜੀਵਾਂ ਲਈ ਭਲੇ ਵਾਲੀ ਖੇਤੀ ਦੀ ਸ਼ੁਰੂਆਤ ਕਰਨੀ ਹੈ ਤਾਂ ਇਸ ਵਿਚ ਪੰਛੀਆਂ ਦਾ ਯੋਗਦਾਨ ਸਭ ਤੋਂ ਵੱਧ ਹੋ ਸਕਦਾ ਹੈ। ਪੰਜਾਬ ਦੀ ਧਰਤੀ 'ਤੇ ਵਿਚਰਨ ਵਾਲਾ ਹਰ ਪੰਛੀ ਕਿਸੇ ਨਾ ਕਿਸੇ ਤਰਾਂ ਕਿਸਾਨਾਂ ਦਾ ਸਹਾਇਕ ਜ਼ਰੂਰ ਹੈ ਜਿਹੜਾ ਕਿ ਕੁਦਰਤੀ ਖੇਤੀ ਲਈ ਲਾਹੇਵੰਦ ਹੋਵੇਗਾ।
ਜੇ ਅਸੀਂ ਫਸਲਾਂ 'ਤੇ ਜ਼ਹਿਰੀਲੇ ਛਿੜਕਾਅ ਕਰਦੇ ਹਾਂ ਤਾਂ ਇਹਨਾਂ ਦਾ ਪਹਿਲਾਂ ਕਾਰਨ ਫਸਲਾਂ 'ਤੇ ਪੈਦਾ ਹੋਏ ਕਈ ਕਿਸਮ ਦੇ ਕੀਟਾਂ ਅਤੇ ਸੁੰਡੀਆਂ ਦਾ ਖਾਤਮਾ ਕਰਨਾ ਹੁੰਦਾ ਹੈ। ਪਰ ਇਹਨਾਂ ਨੂੰ ਕੁਦਰਤੀ ਢੰਗ ਨਾਲ ਕਾਬੂ 'ਚ ਰੱਖਣ ਲਈ ਕੁਦਰਤ ਨੇ ਆਪ ਹੀ ਪੰਛੀ ਵੀ ਪੈਦਾ ਕੀਤੇ ਹਨ ਜਿਹਨਾਂ ਦੀ ਪੇਟ ਪੂਰਤੀ ਦਾ ਸਾਧਨ ਇਹ ਕੀਟ ਹੀ ਹਨ। ਪੰਜਾਬ ਦਾ ਸਭ ਤੋਂ ਵੱਧ ਜਾਣਿਆ ਪਛਾਣਿਆ ਪੰਛੀ ਘਰੇਲੂ ਚਿੜੀ ਹੀ ਫਸਲੀ ਕੀਟ ਪ੍ਰਬੰਧਨ ਵਿਚ ਵੱਡੀ ਸਹਾਇਕ ਹੈ। ਆਮ ਹਾਲਤਾਂ ਵਿਚ ਇਕ ਚਿੜੀ ਹਰ ਰੋਜ਼ 50 ਦੇ ਕਰੀਬ ਸੁੰਡੀਆਂ ਲੱਭ ਕੇ ਖਾ ਜਾਂਦੀ ਹੈ ਜਦ ਕਿ ਆਪਣੇ ਬੱਚਿਆਂ ਦੇ ਪੋਸ਼ਣ ਸਮੇਂ ਚਿੜਾ-ਚਿੜੀ ਦਾ ਜੋੜਾ ਰਲ ਕੇ 250 ਤੱਕ ਸੁੰਡੀਆਂ ਨੂੰ ਲਿਆ ਕੇ ਆਪਣੇ ਬੱਚਿਆਂ ਨੂੰ ਖਾਣ ਲਈ ਦਿੰਦਾ ਹੈ। ਇਕ ਪਤਰੰਗਾ ਸੁੰਡੀਆਂ ਦੇ ਅੰਡੇ ਦੇਣ ਵਾਲੇ ਅਨੇਕਾਂ ਪਤੰਗਿਆਂ ਨੂੰ ਖਾ ਕੇ ਲੱਖਾਂ ਸੁੰਡੀਆਂ ਦਾ ਜਨਮ ਰੋਕ ਲੈਂਦਾ ਹੈ। ਇਸੇ ਤਰਾਂ ਚੱਕੀਰਾਹਾ, ਗੁਟਾਰਾਂ, ਤੁਰਮਤੀਆਂ, ਇੱਲਾਂ, ਤਿੱਤਰ, ਬਟੇਰੇ, ਪਪੀਹੇ, ਮਮੋਲੇ, ਉੱਲੂ, ਅਟੇਰਨਾਂ, ਨੜੀਏ, ਤਾਰਪੂਝੇ, ਲਟੋਰੇ, ਤਿਲੀਅਰ, ਸਹੇਲੀਆਂ, ਮੁਨੀਆਂ, ਦਰਜੀ, ਬੋਲੀਆਂ, ਪਿੱਦੀਆਂ, ਪਿੱਦੇ ਕਈ ਪੱਖਾਂ ਤੋਂ ਕਿਸਾਨਾਂ ਦੇ ਸਹਾਇਕ ਹਨ। ਮੁਕਦੀ ਗੱਲ ਕਿ ਜਿੱਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਪੰਛੀ ਸਹਾਇਕ ਹਨ ਉਥੇ ਇਹਨਾਂ ਦੀ ਗਿਣਤੀ ਨੂੰ ਵਧਾ ਕੇ ਖੇਤੀ 'ਚ ਵਰਤੀਆਂ ਜਾਣ ਵਾਲੀਆਂ ਜ਼ਹਿਰਾਂ ਦੀ ਮਾਤਰਾ ਘਟਾਈ ਜਾ ਸਕਦੀ ਹੈ। ਪੰਛੀਆਂ ਦੀ ਗਿਣਤੀ ਵਧਾਏ ਵਗੈਰ ਕੁਦਰਤੀ ਖੇਤੀ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਸੋ ਸਾਨੂੰ ਲੋੜ ਹੈ ਇਕ ਕੁਦਰਤ ਦੇ ਇਹਨਾਂ ਜੀਵਾਂ ਵੱਲ ਧਿਆਨ ਦੇਈਏ ਅਤੇ ਮੁੜ ਗਿਣਤੀ ਵਧਾਉਣ ਲਈ ਹਰ ਕੋਈ ਆਪਣੇ ਤੌਰ 'ਤੇ ਯਤਨ ਸ਼ੁਰੂ ਕਰੇ।
- ਗੁਰਸੇਵਕ ਸਿੰਘ ਧੌਲਾ
ਪਿੰਡ+ਡਾਕ ਧੌਲਾ
ਤਹਿ+ਜ਼ਿਲਾ ਬਰਨਾਲਾ
148107
ਮੋਬਾਇਲ ਨੰ. 94632-16267

No comments:

Post a Comment