Saturday 22 October 2011

ਬਲਿਹਾਰੀ ਕੁਦਰਤ

ਖੇਤੀ ਵਿਰਾਸਤ ਮਿਸ਼ਨ ਦਾ ਬੁਲਾਰਾ
ਬਲਿਹਾਰੀ ਕੁਦਰਤ
ਕੁਦਰਤ,ਕੁਦਰਤੀ ਖੇਤੀ, ਵਾਤਾਵਰਣ, ਸਿਹਤ ਸਰੋਕਾਰਾਂ ਅਤੇ ਲੋਕ ਪੱਖੀ ਵਿਕਾਸ ਨੂੰ ਸਮਰਪਿਤ ਜਨ ਪੱਤ੍ਰਿਕਾ
ਸਿਤੰਬਰ- ਅਕਤੂਬਰ ਅੰਕ 2011

'ਬਲਿਹਾਰੀ ਕੁਦਰਤ' ਖੇਤੀ ਵਿਰਾਸਤ ਮਿਸ਼ਨ ਵੱਲੋਂ ਨਿੱਜੀ ਵਿਤਰਣ ਲਈ ਪ੍ਰਕਾਸ਼ਿਤ ਦੋ ਮਾਸਿਕ ਜਨ ਪੱਤ੍ਰਿਕਾ ਹੈ। ਜੇਕਰ ਤੁਸੀਂ ਕੁਦਰਤ ਅਤੇ ਵਾਤਾਵਰਣ ਨਾਲ ਸਰੋਕਾਰ ਰੱਖਦੇ ਹੋ ਤਾਂ ਪੱਤ੍ਰਿਕਾ ਵਿੱਚ ਪ੍ਰਕਾਸ਼ਨ ਲਈ ਆਪਣੇ ਲੇਖ, ਰਚਨਾਵਾਂ ਅਤੇ ਸਲਾਹ ਭੇਜ ਸਕਦੇ ਹੋ। ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਕੁਦਰਤੀ ਖੇਤੀ ਸਬੰਧੀ ਆਪਣੇ ਅਨੁਭਵ, ਸਵਾਲ ਅਤੇ ਰਚਨਾਵਾਂ  ਜ਼ਰੂਰ ਭੇਜਿਆ ਕਰਨ।

ਸੰਪਾਦਕ 
'ਬਲਿਹਾਰੀ ਕੁਦਰਤ'
79, ਡਾਕਟਰਜ਼ ਕਾਲੋਨੀ, ਭਾਦਸੋਂ ਰੋਡ 
ਪਟਿਆਲਾ-147001, ਫੋਨ ਨੰ. 98728-61321
baliharikudrat0gmail.com 

ਸੰਪਾਦਕੀ

ਗੋਬਿੰਦਪੁਰੇ ਦਾ ਕਿਸਾਨ ਸੰਘਰਸ਼

ਗੋਬਿੰਦਪੁਰੇ 'ਚ ਜ਼ਮੀਨਾਂ ਬਚਾਉਣ ਲਈ ਚੱਲ ਰਿਹਾ ਕਿਸਾਨ ਸੰਘਰਸ਼ ਆਉਣ ਵਾਲੇ ਭਿਆਨਕ ਸਮੇਂ  ਦੇ ਸੰਕੇਤ ਦੇ ਰਿਹਾ ਹੈ। ਇਹ ਸੰਘਰਸ਼ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਸ ਤਰ੍ਹਾਂ 'ਵਿਕਾਸ' ਨੇ ਸਾਡੇ ਕੁਦਰਤੀ ਸੋਮਿਆਂ ਦੀ ਬਲੀ ਲੈਣੀ ਹੀ ਲੈਣੀ ਹੈ। ਇਹ ਕੁਦਰਤੀ ਸੋਮੇਂ- ਜਲ, ਜੰਗਲ, ਬੀਜ, ਜ਼ਮੀਨ, ਖਣਿਜ, ਬਨਸਪਤੀ ਅਤੇ ਜੈਵਿਕ ਵਿਭਿੰਨਤਾ ਸਿਰਫ ਸੋਮਾ ਜਾਂ ਸੰਸਾਧਨ ਹੀ ਨਹੀਂ  ਸਗੋਂ ਇਹ ਸਾਡੇ ਕਿਸਾਨਾਂ, ਕਾਰੀਗਰਾਂ, ਵਣ-ਵਾਸੀਆਂ ਸਮੇਤ ਸਮੂਹ ਲੋਕਾਂ ਦੀ ਆਜੀਵਿਕਾ ਵੀ ਹੁੰਦੇ ਹਨ। ਇਹਨਾਂ ਦਾ ਆਮ ਲੋਕਾਂ ਹੱਥੋਂ, ਖੁੱਸਣਾ, ਖੋਹਿਆ ਜਾਣਾ ਜਾਂ ਪਲੀਤ ਹੋ ਕੇ ਬਰਬਾਦ ਹੋਣਾ ਦੋਹਾਂ ਹੀ ਸੂਰਤਾਂ ਇਹ ਲੋਕਾਂ ਦੀ ਰੋਜ਼ੀ-ਰੋਟੀ, ਖੁਦਮੁਖਤਾਰੀ, ਸਵੈਮਾਣ ਅਤੇ ਪਰੰਪਰਾਗਤ ਖੁਸ਼ਹਾਲੀ ਦਾ ਨਾਸ਼ ਕਰੇਗਾ। ਮੌਜੂਦਾ ਸਮੇਂ ਖੇਤੀਯੋਗ ਉਪਜਾਊ ਜ਼ਮੀਨਾਂ ਐਕੁਆਇਰ ਕਰਨ ਦੀ ਕਾਹਲ ਤੇ ਰਫ਼ਤਾਰ ਦੇਖ ਕੇ ਇੰਞ ਲੱਗਦਾ ਹੈ ਕਿ ਸਰਕਾਰਾਂ ਦੇਸ਼ ਦੀ ਕਿਸਾਨੀ ਅਤੇ ਅੰਨ ਸੁਰੱਖਿਆ ਨੂੰ ਨੇਸਤੋਨਾਬੂਦ ਕਰਨ 'ਤੇ ਤੁਲੀਆਂ ਹੋਈਆਂ ਹਨ।

ਦੁੱਖ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਰ ਥਾਂ ਹਰੇਕ ਪ੍ਰੋਜੈਕਟ ਲਈ ਲੋੜ ਤੋਂ ਕਿਤੇ ਵੱਧ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਗਿੱਦੜਬਾਹਾ ਵਿਖੇ ਲੱਗ ਰਹੇ ਥਰਮਲ ਪਾਵਰ ਪਲਾਂਟ ਲਈ ਲਗਪਗ 2000 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ ਜਦਕਿ ਉੱਥੋਂ ਦੇ ਇੰਜ਼ਨੀਅਰਾਂ ਦਾ ਸਾਫ ਕਹਿਣਾ ਹੈ ਕਿ ਲੋੜ ਸਿਰਫ ਇੱਕ ਹਜ਼ਾਰ ਏਕੜ ਦੀ ਹੈ। ਗੋਬਿੰਦਪੁਰੇ ਵਿੱਚ ਵੀ ਪਹਿਲਾਂ 1237 ਏਕੜ ਜ਼ਮੀਨ ਐਕੁਆਇਰ ਕਰਨ ਦੀ ਸ਼ੁਰੂਆਤ ਕੀਤੀ ਗਈ ਜਿਹੜੀ ਕਿਸਾਨ ਸੰਘਰਸ਼ ਸਦਕਾ ਘਟ ਕੇ 880 ਏਕੜ ਤੱਕ ਆ ਗਈ ਹੈ। ਹੁਣ ਸੰਘਰਸ਼ ਕਰ ਰਹੇ ਕਿਸਾਨਾਂ ਦੀ ਇਹ ਮੰਗ ਹੈ ਕਿ ਜਿਹੜੇ ਕਿਸਾਨ ਜ਼ਮੀਨ ਨਹੀਂ ਦੇਣਾ ਚਹੁੰਦੇ ਉਹਨਾਂ ਦੀ 186 ਏਕੜ ਜ਼ਮੀਨ ਉਹਨਾਂ ਨੂੰ ਵਾਪਿਸ ਕੀਤੀ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਕਿਸੇ ਵੇਲੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ ਸੀ ਕਿ ਸਰਕਾਰ ਜ਼ਬਰਦਸਤੀ ਜ਼ਮੀਨਾ ਐਕੁਆਇਰ ਨਹੀਂ ਕਰੇਗੀ। ਅਸੀਂ ਮੁੱਖ ਮੰਤਰੀ ਨੂੰ ਆਪਣੇ ਉਸ ਐਲਾਨ 'ਤੇ ਖਰੇ ਉਤਰਣ ਦੀ ਅਪੀਲ ਕਰਦੇ ਹਾਂ। ਖੇਤੀ ਵਿਰਾਸਤ ਮਿਸ਼ਨ ਇਸ ਮੁੱਦੇ 'ਤੇ ਸੰਘਰਸ਼ ਕਰ ਰਹੀਆਂ ਸਮੂਹ ਕਿਸਾਨ ਜੱਥੇਬੰਦੀਆਂ ਦਾ ਸਮਰਥਨ ਕਰਦਾ ਹੈ।


ਲਹੂ ਲੁਹਾਣ ਹੋ ਰਹੀ ਭਾਰਤ ਮਾਤਾ

ਅੱਜ ਮਾਂ ਭਾਰਤੀ ਲਹੂ-ਲੁਹਾਣ ਹੋ ਰਹੀ ਹੈ। ਆਜ਼ਾਦੀ ਦੇ ਚੌਂਹਟ ਵਰ੍ਹਿਆਂ ਬਾਅਦ ਵੀ ਭਾਰਤ ਦੀ ਵੱਡੀ ਆਬਾਦੀ ਜ਼ਿੰਦਗੀ ਦੀਆਂ ਮੁਢਲੀਆਂ ਸਹੂਲਤਾਂ ਤੋਂ ਵਾਂਝੀ ਹੈ। ਦੇਸ ਦੀ 80 ਫੀਸਦੀ ਵਸੋਂ ਲਈ ਸੰਤੁਲਤ ਭੋਜਨ, ਮੌਸਮ ਅਨੁਸਾਰ ਕੱਪੜੇ ਅਤੇ ਘਰ ਅੱਜ ਵੀ ਇੱਕ ਸੁਪਨਾ ਹੀ ਹੈ। ਉਹਨਾਂ ਦੇ ਬੱਚਿਆਂ ਨੂੰ ਢੰਗ ਸਿਰ ਦੀ ਸਿੱਖਿਆ ਅਤੇ ਸਿਹਤ ਸਹੂਲਤਾਂ ਉਪਲਭਧ ਨਹੀਂ ਹਨ। ਲੋਕ ਮਿਹਨਤ ਕਰਨ ਨੂੰ ਤਿਆਰ ਹਨ ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ। ਸਮਾਜਿਕ ਸੁਰੱਖਿਆ ਨਾਂਅ ਦੀ ਚੀਜ ਸਮਾਜ ਵਿੱਚੋਂ ਗਾਇਬ ਹੈ। ਉੱਪਰਲੇ ਚੰਦ ਕੁ ਲੋਕ ਖਾਣ ਲਈ ਜਿਉਂਦੇ ਹਨ ਅਤੇ ਹੇਠਲੇ 70 ਫੀਸਦੀ ਲੋਕਾਂ ਕੋਲ ਜਿਉਣ ਲਈ ਖਾਣਾ ਹੀ ਉਪਲਭਧ ਨਹੀਂ ਹੈ।

ਵਿਕਾਸ ਦਾ ਮੌਜੂਦਾ ਮਾਡਲ ਹਿੰਸਾ ਭਰਪੂਰ ਹੈ। ਖੇਤੀ ਅਤੇ ਸਅਨਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਹਿਰਾਂ ਨੇ ਧਰਤੀ, ਪਾਣੀ, ਹਵਾ ਅਤੇ ਭੋਜਨ ਪ੍ਰਣਾਲੀ ਨੂੰ ਖ਼ਤਰਨਾਕ ਹੱਦ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ। ਧਰਤੀ ਦੇ ਜੀਵ-ਜੰਤੂ ਬੜੀ ਤੇਜੀ ਨਾਲ ਮਰ ਰਹੇ ਹਨ। ਮਨੁੱਖੀ ਸਮਾਜ ਵਿੱਚ ਵੱਡੇ ਪੱਧਰ 'ਤੇ ਬਿਮਾਰੀਆਂ ਫੈਲ ਰਹੀਆਂ ਹਨ। ਸਿਹਤ ਸੇਵਾਵਾਂ ਰੋਗਾਂ ਦੀ ਜੜ੍ਹ 'ਤੇ ਵਾਰ ਕਰਨ ਦੀ ਬਜਾਏ ਰੋਗੀ ਨੂੰ ਜਿਆਦਾ ਸਮੇਂ ਤੱਕ ਜਿਉਂਦੇ ਰੱਖਣ ਵਿੱਚ ਮੁਹਾਰਤ ਹਾਸਿਲ ਕਰ ਰਹੀਆਂ ਹਨ।

ਪੈਟਰੋਲੀਅਮ ਪਦਾਰਥਾਂ ਦੀ ਅਤਿ ਦੀ ਵਰਤੋਂ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਬਿਜਲੀ ਉਤਪਾਦਕ ਸਾਧਨਾਂ ਕਾਰਨ ਵਾਤਾਵਰਣ ਵਿੱਚ ਗਰੀਨ ਹਾਊਸ ਗੈਸਾਂ ਵਿੱਚ ਭਾਰੀ ਵਾਧਾ ਹੋਇਆ। ਸਿੱਟੇ ਵਜੋਂ ਤਾਪਮਾਨ ਵਿੱਚ ਵਾਧੇ ਕਾਰਨ  ਗਲੇਸ਼ੀਅਰ ਬੜੀ ਤੇਜੀ ਨਾਲ ਪਿਘਲ ਰਹੇ ਹਨ ਤੇ ਸਮੁੰਦਰਾਂ ਦਾ ਪਾਣੀ ਲਗਾਤਾਰ ਚੜਦਾ ਜਾ ਰਿਹਾ ਹੈ। ਇਸ ਕਾਰਨ ਤਟਵਰਤੀ ਇਲਾਕੇ ਅਤੇ ਟਾਪੂਆਂ ਦੀ ਹੋਂਦ ਖ਼ਤਰੇ  ਵਿੱਚ ਹੈ। ਸਦਾ ਬਹਾਰ ਦਰਿਆ ਮੌਸਮੀ ਦਰਿਆ ਬਣਦੇ ਜਾ ਰਹੇ ਹਨ। ਤਾਪਮਾਨ ਵਿੱਚ ਵਾਧਾ ਫਸਲੀ ਚੱਕਰ, ਜੀਵ ਜੰਤੂਆਂ, ਮਨੁੱਖੀ ਜ਼ਿੰਦਗੀ, ਮੌਸਮਾਂ ਅਤੇ ਸਮੂਹ ਕੁਦਰਤੀ ਸੰਤੁਲਨ ਵਿੱਚ ਗੰਭੀਰ ਵਿਗਾੜ ਪੈਦਾ ਕਰ ਰਿਹਾ ਹੈ।  ਸਮੁੱਚਾ ਜੀਵਨ ਆਪਣੀ ਹੋਂਦ ਦੇ ਸੰਕਟ ਨਾਲ ਦੋ ਚਾਰ ਹੈ। ਇੱਥੋਂ ਤੱਕ ਕਿ ਹਾਲਾਤ ਧਰਤੀ ਦੀ ਹੋਂਦ ਵੀ ਖਤਮ ਹੋਣ ਵੱਲ ਮੋੜਾ ਕੱਟ ਰਹੇ ਹਨ।

ਵਿਕਾਸ ਦੇ ਇਸ ਹਿੰਸਕ ਮਾਡਲ ਨੂੰ ਮੁੱਠੀ ਭਰ ਅਤੇ ਅਤਿ ਦੇ ਅਮੀਰ ਲੋਕਾਂ ਦੇ ਹੋਰ ਵੀ ਅਮੀਰ ਹੋਣ ਦੀ ਲਾਲਸਾ ਦੀ ਪੂਰਤੀ ਲਈ ਚਲਾਇਆ ਜਾ ਰਿਹਾ ਹੈ। ਸਿਰੇ ਦੇ ਭ੍ਰਿਸ਼ਟ ਰਾਜਸੀ ਨੇਤਾ, ਅਫਸਰ ਅਤੇ ਮਨੇਜਰ ਵਿਕਾਸ ਦੇ ਇਸ ਟੁੱਚੇ ਮਾਡਲ ਨੂੰ ਮਜਬੂਤ ਕਰਕੇ ਕਾਰਪੋਰੇਟ ਘਰਾਨਿਆਂ ਲਈ ਦਲਾਲੀ ਕਰ ਰਹੇ ਹਨ।

ਇਸ ਭ੍ਰਿਸ਼ਟਾਚਾਰ ਕਾਰਨ ਕਿਸਾਨਾਂ, ਖਪਤਕਾਰਾਂ, ਜੀਵ-ਜੰਤੂਆਂ ਅਤੇ ਕੁਦਰਤੀ ਸੰਤੁਲਨ ਦੇ ਵੈਰੀ ਅਤਿ ਦੇ ਜ਼ਹਿਰੀਲੇ ਰਸਾਇਣਕ ਖੇਤੀ ਮਾਡਲ  ਨੂੰ ਨਿਰੰਤਰ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਭ੍ਰਿਸ਼ਟਾਚਾਰ ਕਾਰਨ ਸਅਨਤਾਂ ਵਿੱਚੋਂ ਜ਼ਹਿਰੀਲਾ ਮਾਦਾ ਸਿੱਧਾ ਹੀ ਪਾਣੀ ਦੇ ਸੋਮਿਆਂ ਵਿੱਚ ਸੁੱਟਿਆ ਜਾ ਰਿਹਾ ਹੈ। ਦੋਹੇਂ ਤਰ੍ਹਾਂ ਦੇ ਜ਼ਹਿਰਾਂ ਕਾਰਨ ਧਰਤੀ ਉਤਲਾ ਅਤੇ ਹੇਠਲਾ ਦੋਹੇਂ ਤਰ੍ਹਾਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਪੰਜ ਦਰਿਆਵਾਂ ਦੀ ਧਰਤੀ ਜਿਹੜੀ ਕਦੇ ਆਪਣੇ ਪਾਣੀਆਂ 'ਤੇ ਮਾਣ ਕਰਦੀ ਸੀ ਅੱਜ ਜ਼ਹਿਰੀਲੇ ਪਾਣੀਆਂ ਕਾਰਨ ਲਹੂ ਲੁਹਾਣ ਹੋ ਰਹੀ ਹੈ।

ਆਓ ਸਭ ਤਰ੍ਹਾਂ ਦੇ ਭੇਦ-ਭਾਵ ਭੁੱਲ ਕੇ ਇੱਕ ਮੁੱਠ ਹੋਈਏ। ਆਪਣੇ ਗੁਰੂਆਂ, ਪੀਰਾਂ, ਫ਼ਕੀਰਾਂ ਦੇ ਉਪਦੇਸ਼ਾਂ 'ਤੇ ਅਮਲ ਕਰਦੇ ਹੋਏ ਆਪਣੇ ਗੁਰੂ, ਆਪਣੇ ਪਿਤਾ ਅਤੇ ਆਪਣੀ ਮਾਤਾ ਦੀ ਰੱਖਿਆ ਕਰੀਏ ਤੇ ਨਾਲ ਹੀ ਮਨੁੱਖਤਾ ਅਤੇ ਹੋਰਨਾਂ ਜੀਵ-ਜੰਤੂਆਂ ਨੂੰ ਬਚਾਈਏ!


ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ


ਨਾਨਕ ਨਾਮ ਚੜਦੀ ਕਲਾ , ਤੇਰੇ ਭਾਣੇ ਸਰਬਤ ਦਾ ਭਲਾ।




ਸਾਡੀ ਦੇਸੀ ਗਾਂ ਦਾ ਦੁੱਧ ਵਿਦੇਸ਼ੀ ਗਾਵਾਂ ਦੇ ਦੁੱਧ ਤੋਂ ਵੱਧ ਗੁਣਕਾਰੀ

ਹਾਲ ਹੀ ਵਿੱਚ ਹੋਈ ਇੱਕ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਸਾਡੀਆਂ ਦੇਸੀ ਗਾਵਾਂ ਦੇ ਵਿੱਚ ਵੱਡੀ ਮਾਤਰਾ ਵਿੱਚ ਇੱਕ ਅਜਿਹਾ ਜੀਨ ਹੈ ਜੋ ਉਹਨਾਂ ਦੇ ਦੁੱਧ ਨੂੰ ਵਿਦੇਸ਼ੀ ਨਸਲਾਂ ਦੀ ਗਾਵਾਂ ਦੀ ਤੁਲਨਾ ਵਿੱਚ ਜ਼ਿਆਦਾ ਗੁਣਵੱਤਾ ਵਾਲਾ ਅਤੇ ਸਿਹਤਕਾਰੀ ਬਣਾਉਂਦਾ ਹੈ। ਭਾਰਤ ਦੀ ਪਸ਼ੂਧਨ ਬਾਰੇ ਸਭ ਤੋਂ ਵੱਡੀ ਖੋਜ ਸੰਸਥਾ - ਨੈਸ਼ਨਲ ਬਿਊਰੋ ਆਫ ਐਨੀਮਲ ਜੈਨੇਟਿਕ ਰਿਸੌਰਸਜ਼ ( ਐਨ ਬੀ ਏ ਜੀ ਆਰ) ਵੱਲੋਂ ਕੀਤੀ ਗਈ ਇਸ ਖੋਜ ਮੁਤਾਬਿਕ ਸਾਡੀਆਂ ਗਾਵਾਂ ਦੇ ਸ਼ਰੀਰ ਵਿੱਚ ਪਾਏ ਜਾਣ ਵਾਲੇ ਇਸ ਜੀਨ ਦਾ ਵਿਗਿਆਨਿਕ ਨਾਮ - 'ਏ-2 ਅਲੈਲੇ' ਹੈ।

ਵਿਗਿਆਨਿਕਾਂ ਮੁਤਾਬਿਕ ਭਾਰਤੀ ਨਸਲ ਦੀਆਂ ਗਾਵਾਂ, ਜਿੰਨਾਂ ਦਾ ਵਿਗਿਆਨਕ ਨਾਮ 'ਬੋਸ ਇੰਡੀਕਸ' ਹੈ, ਦੇ ਵਿੱਚ ਇਸ ਜੀਨ ਦੀ ਮਾਤਰਾਂ 100 ਪ੍ਰਤਿਸ਼ਤ ਪਾਈ ਗਈ ਜਦਕਿ ਵਿਦੇਸ਼ੀ ਨਸਲਾਂ ਵਿੱਚ ਇਸਦਾ ਪ੍ਰਤਿਸ਼ਤ ਸਿਰਫ 60 ਹੀ ਪਾਇਆ ਗਿਆ। ਏਨਾ ਹੀ ਨਹੀ, ਭਾਰਤੀ ਨਸਲਾਂ ਦੇ ਵਿੱਚ ਇਸਦੇ ਪਾਏ ਜਾਣ ਦੀ ਆਵ੍ਰਿਤੀ 1.0 ਹੈ ਜਦਕਿ ਵਿਦੇਸ਼ੀ ਨਸਲਾਂ ਵਿੱਚ ਇਹ ਆਵ੍ਰਿਤੀ 0.6 ਤੋਂ ਵੀ ਘੱਟ ਹੈ। ਇਸ ਖੋਜ ਲਈ ਭਾਰਤੀ ਨਸਲਾਂ - ਲਾਲ ਸਿੰਧੀ, ਸਾਹੀਵਾਲ, ਥਾਰਪਾਰਕਰ, ਰਾਠੀ ਅਤੇ ਗੀਰ ਨੂੰ ਜਾਂਚਿਆ ਗਿਆ। ਐਨ ਬੀ ਏ ਜੀ ਆਰ ਦੇ ਨਿਰਦੇਸ਼ਕ ਡਾ. ਬੀ ਕੇ ਜੋਸ਼ੀ ਦੇ ਮੁਤਾਬਿਕ ਏ-2 ਏਲੈਲੇ ਜੀਨ ਇੱਕ ਹੋਰ ਦੂਸਰੇ ਜੀਨ ਏ-1 ਦੇ ਪ੍ਰਭਾਵ ਨੂੰ ਉਲਟਾਉਦਾਂ ਹੈ। ਇਸ ਏ-1 ਜੀਨ ਦਾ ਸਿੱਧਾ ਰਿਸ਼ਤਾ ਮੋਟਾਪੇ, ਸ਼ੂਗਰ ਅਤੇ ਦਿਲ ਦੇ ਰੋਗਾਂ ਨਾਲ ਹੈ। ਹਾਲਾਂਕਿ ਵਿਦੇਸ਼ੀ ਗਾਵਾਂ ਭਾਰਤੀ ਨਸਲਾਂ ਨਾਲੋਂ ਜ਼ਿਆਦਾ ਦੁੱਧ ਦਿੰਦੀਆਂ ਹਨ ਪਰ ਵਿਦੇਸ਼ੀ ਗਾਵਾਂ ਦੇ ਸ਼ਰੀਰ ਵਿੱਚ ਏ-1 ਜੀਨ ਅਧਿਕ ਮਾਤਰਾਂ ਵਿੱਚ ਹੋਣ ਕਰਕੇ ਉਹਨਾਂ ਦਾ ਦੁੱਧ ਘਟੀਆ ਹੁੰਦਾ ਹੈ। ਸੋ ਵਿਦੇਸ਼ੀ ਗਾਵਾਂ ਦੇ ਦੁੱਧ ਦਾ ਲੰਬੇ ਸਮੇਂ ਤੱਕ ਸੇਵਨ ਕਰਨ ਨਾਲ ਕਈਂ ਪ੍ਰਕਾਰ ਦੇ ਸਿਹਤ ਸੰਬੰਧੀ ਵਿਗਾੜ ਪੈਦਾ ਹੋ ਸਕਦੇ ਹਨ।  ਭਾਵ ਕਿ ਜਿੰਨਾ ਗਾਵਾਂ ਦੇ ਵਧੇਰੇ ਦੁੱਧ ਦੀ ਦੁਹਾਈ ਦੇ ਕੇ ਅਸੀਂ ਵਿਦੇਸ਼ੀ ਨਸਲ ਦੇ ਸਾਂਡਾਂ ਦਾ ਵੀਰਜ ਲੈ ਕੇ ਆਪਣੀਆਂ ਦੇਸੀ ਨਸਲਾਂ ਨੂੰ ਟੀਕਾ ਲਗਾ ਕੇ ਗਰਭਧਾਨ ਕਰਵਾ ਕੇ ਉਹਨਾਂ ਨੂੰ ਬਰਬਾਦ ਕੀਤਾ, ਹੁਣ ਉਹਨਾਂ ਘਟੀਆਂ ਸਮਝੀਆਂ ਗਈਆਂ ਗਾਵਾਂ ਵੱਲ ਮੁੜ ਪਰਤਣ ਦੀ ਨੌਬਤ ਆ ਗਈ ਹੈ।

ਵਿਗਿਆਨਿਕਾਂ ਨੇ ਭਾਰਤੀ ਗਾਵਾਂ ਦੀਆਂ 23 ਨਸਲਾਂ ਦਾ ਪਰੀਖਣ ਕੀਤਾ ਅਤੇ ਪਾਇਆ ਕਿ ਦੁੱਧ ਦੇਣ ਵਾਲੀਆਂ 5 ਭਾਰਤੀ ਨਸਲਾਂ - ਲਾਲ ਸਿੰਧੀ, ਸਾਹੀਵਾਲ, ਥਾਰਪਾਰਕਰ, ਰਾਠੀ ਅਤੇ ਗੀਰ - ਵਿੱਚ  ਏ-2 ਏਲੈਲੇ ਜੀਨ ਦਾ ਦਰਜਾ 100 ਪ੍ਰਤੀਸ਼ਤ ਹੈ ਜਦਕਿ ਖੇਤੀ ਦੇ ਕੰਮ ਵਿੱਚ ਪ੍ਰਯੋਗ ਹੋਣ ਵਾਲੀਆਂ ਭਾਰਤੀ ਨਸਲਾਂ ਵਿੱਚ ਇਹ 94 ਪ੍ਰਤੀਸ਼ਤ ਹੈ। ਵਿਗਿਆਨਕਾਂ ਨੇ ਵਿਦੇਸ਼ਾਂ ਤੋਂ ਆਯਾਤ ਕੀਤੀਆ ਗਈਆਂ 2 ਪ੍ਰਸਿੱਧ ਵਿਦੇਸ਼ੀ ਨਸਲਾਂ ਹੋਲਿਸਟਿਨ ਫਰਾਈਸਿਅਨ ਅਤੇ ਜਰਸੀ, ਜਿੰਨਾਂ ਦੇ ਬਲਬੂਤੇ ਚਿੱਟਾ ਇਨਕਲਾਬ ਲਿਆਉਣ ਦੀ ਗੱਲ ਕੀਤੀ ਗਈ, ਦੇ ਸ਼ਰੀਰ ਵਿੱਚ ਇਸ ਜੀਨ ਦੀ ਮਾਤਰਾ ਸਿਰਫ 60 ਪ੍ਰਤਿਸ਼ਤ ਹੀ ਪਾਈ ਗਈ।

ਇਹ ਵਿਗਿਆਨਕ ਤੱਥ ਸਾਡੇ ਉਸ ਵਿਸ਼ਵਾਸ ਨੂੰ ਦ੍ਰਿੜ ਬਣਾਉਂਦੇ ਨੇ ਕਿ ਭਾਰਤੀ ਨਸਲ ਦੀਆਂ ਗਾਵਾਂ ਦੁਨੀਆਂ ਵਿੱਚ ਸਰਵਸ਼੍ਰੇਸ਼ਠ ਹਨ। ਭਾਂਵੇ ਕੁਦਰਤੀ ਖੇਤੀ ਅਤੇ ਦੇਸੀ ਗਾਵਾਂ ਬਾਰੇ ਸਾਡੇ ਵਿਸ਼ਵਾਸ ਨੂੰ ਕੁੱਝ ਆਲੋਚਕ ਮਿੱਤਰ 'ਗੋ-ਮੂਤਵਾਦੀ' ਕਹਿ ਕੇ ਭੰਡਦੇ ਰਹੇ ਹਨ, ਪਰ ਇਸ ਖੋਜ ਦੇ ਪ੍ਰਗਟ ਹੋਣ ਤੋਂ ਬਾਅਦ ਉਮੀਦ ਹੈ ਕਿ  ਨਵੇਂ ਉਜਾਗਰ ਹੋਏ ਵਿਗਿਆਨਿਕ ਤੱਥਾਂ ਦੇ ਮੱਦੇਨਜ਼ਰ ਉਹ ਲੋਕ ਹੁਣ ਸਾਡੇ ਨਾਲ ਸਹਿਮਤ ਹੋਣਗੇ ਅਤੇ ਸਾਡਾ ਸਾਥ ਦੇਣਗੇ।

ਇਸਦੇ ਨਾਲ ਹੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਹ ਨਵੇਂ ਵਿਗਿਆਨਕ ਤੱਥ ਉਹਨਾਂ ਦੇ ਰਸਤੇ ਦੇ ਠੀਕ ਹੋਣ ਦੀ ਤਸਦੀਕ ਵੀ ਕਰਦੇ ਹਨ। ਅੱਜ ਲੋੜ ਹੈ ਸਾਨੂੰ ਦੇਸੀ ਨਸਲਾਂ ਨੂੰ ਮੁੜ ਸਾਂਭਣ ਦੀ, ਵਿਦੇਸ਼ੀ ਨਸਲ ਦੀਆਂ ਗਾਵਾਂ ਤੋ ਖਹਿੜਾ ਛੁੜਾਉਣ ਦੀ।

ਕੀ ਬੀਟੀ ਬੈਂਗਣ ਤੇ ਪਾਬੰਦੀ ਬਣੀ ਵਾਤਾਵਰਣ ਮੰਤਰਾਲੇ ਤੋਂ ਜੈ ਰਾਮ ਰਮੇਸ਼ ਦੀ ਛੁੱਟੀ ਦਾ ਕਾਰਨ ?

-ਵਿੱਕੀ ਲੀਕਸ ਦਾ ਖੁਲਾਸਾ

ਬੀਟੀ ਬੈਂਗਣ 'ਤੇ ਪਾਬੰਦੀ ਤੋਂ ਖੁਸ਼ ਨਹੀਂ ਸੀ ਅਮਰੀਕਾ

ਓਮੇਂਦਰ ਦੱਤ

ਬੀਟੀ ਬੈਂਗਣ ਨੂੰ ਭਾਰਤ ਵਿੱਚ ਆਉਣ ਦੀ ਇਜਾਜ਼ਤ ਨਾ ਦੇ ਕੇ ਕੇਂਦਰੀ ਮੰਤਰੀ ਜੈ ਰਮੇਸ਼ ਨੇ ਨਿਸ਼ਚਿਤ ਹੀ ਇਤਿਹਾਸਕ ਕੰਮ ਕੀਤਾ । ਪਰੰਤੂ ਇਸ ਸਾਹਸ ਅਤੇ ਹਿੰਮਤ ਦੇ ਕਾਰਨ ਉਹਨਾਂ ਨੂੰ ਵਾਤਾਵਰਨ ਮੰਤਰਾਲੇ ਤੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ। ਵਿੱਕੀਲੀਕਸ ਨੇ ਪਿਛਲੇ ਦਿਨੀਂ ਜਿਹੜੇ ਦਸਤਾਵੇਜ਼ ਦਾ ਖੁਲਾਸਾ ਕੀਤਾ ਹੈ ਉਹ ਦੱਸਦਾ ਹੈ ਕਿ ਫਰਵਰੀ 2010 ਵਿੱਚ ਜੈ ਰਾਮ ਰਮੇਸ਼ ਨੇ ਵਾਤਾਵਰਣ ਮੰਤਰੀ ਰਹਿੰਦੇ ਹੋਏ ਅਮਰੀਕਾ ਨੂੰ ਕਾਫੀ ਨਾਰਾਜ਼ ਕਰ ਦਿੱਤਾ ਸੀ। ਉਹਨਾਂ ਨੇ ਆਪਣੇ ਮੰਤਰੀ ਧਰਮ ਦਾ ਪਾਲਣ ਕਰਦਿਆਂ ਬੀਟੀ ਬੈਂਗਣ ਨੂੰ ਬਜ਼ਾਰ ਵਿੱਚ ਉਤਾਰਨ ਤੋਂ ਸਾਫ ਮਨ੍ਹਾਂ ਕਰ ਦਿੱਤਾ। ਉਹਨਾਂ ਦੇ ਇਸ ਸਾਹਸੀ ਫੈਸਲੇ ਕਾਰਨ ਅਮਰੀਕੀ ਬਹੁਕੌਮੀ ਕੰਪਨੀ ਮੋਨਸੈਂਟੋ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਿਆ। ਇਸ ਸਾਰੇ ਘਟਨਾ ਚੱਕਰ ਤੋਂ ਬਾਅਦ ਹੀ ਜੈ ਰਮੇਸ਼ ਇੱਕ ਖਾਸ ਗੁੱਟ ਦੇ ਨਿਸ਼ਾਨੇ 'ਤੇ ਸਨ। ਨਤੀਜੇ ਵਜੋਂ ਉਹਨਾਂ ਦਾ ਤਬਾਦਲਾ ਦੂਜੇ ਮੰਤਰਾਲੇ ਵਿੱਚ ਕਰ ਦਿੱਤਾ ਗਿਆ।

ਵਿੱਕੀਲੀਕਸ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਖੁਲਾਸਿਆਂ ਨਾਲ ਇਸ ਸਬੰਧ ਵਿੱਚ ਅਮਰੀਕਾ ਦੀ ਭੂਮਿਕਾ ਉੱਤੇ ਵੀ ਕਈ ਸਵਾਲ ਖੜੇ ਹੋ ਗਏ ਹਨ। ਬੀਟੀ ਬੈਂਗਣ ਉੱਤੇ ਪਾਬੰਦੀ ਤੋਂ ਬਾਅਦ ਅਮਰੀਕੀ ਦੂਤਾਵਾਸ ਨੇ ਜਿਹੜੇ ਕੂਟਨੀਤਕ ਸੰਦੇਸ਼ ਵਾਸ਼ਿੰਗਟਨ ਭੇਜੇ ਸਨ, ਉਹਨਾਂ ਦਾ ਕੱਚਾ ਚਿੱਠਾ ਹੁਣ ਖੁਲ੍ਹਕੇ ਸਾਹਮਣੇ ਆਇਆ ਹੈ। ਇਹਨਾਂ ਸੰਦੇਸ਼ਾਂ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਅਮਰੀਕਾ ਗੁੱਸੇ ਅਤੇ ਤਿਲਮਿਲਾਹਟ ਦੇ ਨਾਲ-ਨਾਲ ਉਸਦੀ ਦੁਨੀਆਂ ਭਰ ਤੇ ਆਪਣੀ ਦਾਦਾਗਿਰੀ ਜਮਾਉਣ ਮਨਸ਼ਾ ਤੋਂ ਵੀ ਪਰਦਾ ਉਠਾਉਂਦੇ ਹਨ।

ਜ਼ਿਕਰਯੋਗ ਹੈ ਕਿ 9 ਫਰਵਰੀ 2010 ਨੂੰ ਜੈ ਰਾਮ ਰਮੇਸ਼ ਭਾਰਤ ਦੀ ਪਹਿਲੀ ਜੀਨ ਪਰਿਵਰਤਿਤ ਖਾਣ ਵਾਲੀ ਫਸਲ ਬੀਟੀ ਬੈਂਗਣ ਨੂੰ ਬਜ਼ਾਰ ਵਿੱਚ ਉਤਾਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹਾ ਕਰਕੇ ਉਹਨਾਂ ਨੇ ਦੇਸ਼ ਦੇ ਕਰੋੜਾਂ ਲੋਕਾਂ ਦੀ ਸਿਹਤ 'ਤੇ ਮੰਡਰਾ ਰਹੇ ਖ਼ਤਰੇ ਨੂੰ ਖਤਮ ਕੀਤਾ ਉੱਥੇ ਹੀ ਦੇਸ਼ ਦੀ ਖੇਤੀ ਖੁਦਮੁਖਤਾਰੀ ਨੂੰ ਬਚਾਉਣ ਦਾ ਬੜਾ ਵੱਡਾ ਕੰਮ ਕੀਤਾ ਸੀ। ਬੀਟੀ ਬੈਂਗਣ ਉੱਤੇ ਫੈਸਲਾ ਦਿੰਦੇ ਸਮੇਂ ਸ਼੍ਰੀ ਰਮੇਸ਼ ਨੇ ਵਾਤਾਵਰਣ ਅਤੇ ਸਿਹਤਾਂ ਉੱਤੇ ਬੀਟੀ ਬੈਂਗਣ ਦੇ ਸੰਭਾਵੀ ਮਾਰੂ ਅਸਰਾਂ ਦਾ ਵਿਸਥਾਰ

ਨਾਲ ਜ਼ਿਕਰ ਕੀਤਾ ਸੀ। ਉਹਨਾਂ ਨੇ ਬੜਾ ਸੋਚ ਸਮਝ ਕੇ ਦੇਸ਼ ਭਰ ਵਿੱਚ 6 ਵੱਖ-ਵੱਖ ਥਾਂਵਾਂ 'ਤੇ ਜਨ-ਸੁਣਵਾਈਆਂ ਕਰਨ ਉਪਰੰਤ ਬੀਟੀ ਬੈਂਗਣ ਅਤੇ ਅਜਿਹੀਆਂ ਹੋਰਨਾਂ ਜੀ ਐਮ ਫਸਲਾਂ ਉੱਪਰ ਉਹਨਾਂ ਦੀ ਹਰੇਕ ਪ੍ਰਕਾਰ ਦੀ ਜਾਂਚ ਪੂਰੀ ਹੋਣ ਅਤੇ ਉਹਨਾਂ ਦੇ ਸਿਹਤਾਂ ਅਤੇ ਵਾਤਾਵਰਣ ਪ੍ਰਤੀ ਸੁਰੱਖਿਅਤ ਸਿੱਧ ਹੋਣ ਤੱਕ ਬੀਟੀ ਬੈਂਗਣ ਉੱਤੇ ਪਾਬੰਦੀ ਆਇਦ ਕੀਤੀ ਸੀ। ਹਾਲਾਂਕਿ ਇਹਨਾਂ ਜਨ-ਸੁਣਵਾਈਆਂ ਵਿੱਚ ਬੀਟੀ ਬੈਂਗਣ ਦੇ ਸਮਰਥਕ ਅਤੇ ਵਿਰੋਧੀ ਦੋਹੇਂ ਹੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਸਨ ਅਤੇ ਇਸ ਮੌਕੇ ਕਾਫੀ ਗਰਮਾ-ਗਰਮੀ ਅਤੇ ਹੰਗਾਮਾ ਵੀ ਹੋਇਆ ਸੀ। ਲੋਕਾਂ ਨੇ ਬੀਟੀ ਬੈਂਗਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਵੀ ਕੀਤੇ ਸਨ। ਖਾਸ ਗੱਲ ਇਹ ਰਹੀ ਕਿ ਬੀਟੀ ਬੈਂਗਣ ਦੇ ਵਿਰੋਧ ਵਿੱਚ ਸਾਰੀਆਂ ਹਮ-ਖ਼ਿਆਲ ਵਿਚਾਰ ਧਾਰਾਵਾਂ ਦੇ ਲੋਕ ਇੱਕ ਮੰਚ 'ਤੇ ਇਕੱਠੇ ਦੇਖੇ ਗਏ। ਗਾਂਧੀਵਾਦੀ, ਖੱਬੇਪੱਖੀ ਜਨ ਸਗਠਨਾਂ, ਸੰਘ ਪਰਿਵਾਰ, ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ, ਡਾਕਟਰਾਂ, ਕਿਸਾਨ ਯੂਨੀਅਨਾਂ, ਵਾਤਾਵਰਣ ਕਾਰਕੁੰਨਾਂ ਨੇ ਪੂਰੀ ਤਾਕਤ ਨਾਲ ਬੀਟੀ ਬੈਂਗਣ ਦਾ ਵਿਰੋਧ ਕੀਤਾ। ਵੱਖ-ਵੱਖ ਰਾਜਨੀਤਕ ਵਿਚਾਰਾਂ ਦੇ ਲੋਕ ਇਸ ਮੁੱਦੇ 'ਤੇ ਇੱਕਮਤ ਸਨ। ਮੀਡੀਆ ਵਿੱਚ ਵੀ ਇਸ ਮੁੱਦਾ 'ਤੇ ਸਾਰਥਕ ਬਹਿਸ ਖੜੀ ਹੋਈ ਸੀ।

ਲੋਕਾਂ ਦੇ ਇਸ ਦਬਾਅ ਨੇ ਜੈ ਰਾਮ ਰਮੇਸ਼ ਨੂੰ ਅਜਿਹੀ ਤਾਕਤ ਬਖ਼ਸ਼ੀ ਉਹ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦਾ ਸਾਹਸ ਕਰ ਸਕੇ। ਉਹਨਾਂ ਦਾ ਇਹ ਕਦਮ ਲਾਮਿਸਾਲ ਹੌਸਲੇ ਵਾਲਾ ਸੀ। ਬੀਟੀ ਬੈਂਗਣ ਉੱਤੇ ਹੋਈ ਦੇਸ਼ ਵਿਆਪੀ ਚਰਚਾ ਵਿੱਚ ਸਿਹਤ ਅਤੇ ਵਾਤਾਵਰਣੀ ਦੇ ਸਰੋਕਾਰ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਬਣ ਕੇ ਉੱਭਰੇ। ਇਹਦੇ ਨਾਲ ਹੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਖਾਸਕਰ ਅਮਰੀਕੀ ਕੰਪਨੀ ਮੋਨਸੈਂਟੋ ਦੇ ਕਬਜ਼ੇ 'ਚ ਜਾ ਰਹੀ ਸਾਡੀ ਭੋਜਨ ਸੁਰੱਖਿਆ ਅਤੇ ਖੇਤੀ ਖੁਦਮੁਖਤਾਰੀ ਦਾ ਸੰਵੇਦਨਸ਼ੀਲ ਮੁੱਦਾ ਵੀ ਗੰਭੀਰਤਾ ਨਾਲ ਉੱਭਰਿਆ।

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਵਧਦੀ ਹੈਸੀਅਤ ਕਾਰਨ ਵਿਕਾਸਸ਼ੀਲ ਕਹਾਉਣ ਵਾਲੇ ਸਾਰੇ ਦੇਸ਼ ਅੱਜ ਬਹੁਤ ਸਾਰੇ ਮੁੱਦਿਆਂ ਸਬੰਧੀ ਫੈਸਲਾ ਲੈਣ ਲੱਗੇ ਭਾਰਤ ਵੱਲ ਵੇਖਦੇ ਹਨ। ਭਾਰਤ ਵੱਲੋਂ ਬੀਟੀ ਬੈਂਗਣ ਨੂੰ ਨਕਾਰਨ ਦਾ ਪ੍ਰਭਾਵ ਇਹਨਾਂ ਦੇਸ਼ਾਂ ਦੀ ਨਿਰਣੇ ਪ੍ਰਕਿਰਿਆਂ 'ਤੇ ਪੈਣਾ ਲਾਜ਼ਮੀ ਸੀ। ਜਿੱਥੇ ਕਿ ਜੀ ਐਮ ਫਸਲਾਂ ਦੇ ਪ੍ਰਯੋਗ (ਟ੍ਰਾਇਲ) ਹੋ ਰਹੇ ਸਨ। ਇਸ ਲਈ ਭਾਰਤ ਵਿੱਚ ਬੀਟੀ ਬੈਂਗਣ ਦੀ ਆਮਦ ਮਤਲਬ ਹੁੰਦਾ ਕਿ ਵੱਡੀ ਗਿਣਤੀ ਵਿੱਚ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਦੇ ਦਰਵਾਜ਼ੇ ਜੀ ਐੱਮ ਫਸਲਾਂ ਲਈ ਸਦਾ ਲਈ ਖੋਲ੍ਹ ਦੇਣਾ। ਇਸੇ ਕਾਰਨ ਮੋਨਸੈਂਟੋ ਨੇ ਅਨੇਕ ਪ੍ਰਕਾਰ ਦੇ ਘਟੀਆ ਅਤੇ ਅਨੈਤਿਕ ਹਥਕੰਡੇ ਅਪਣਾ ਕੇ ਜ਼ਬਰਦਸਤ ਲਾਬਿੰਗ ਕੀਤੀ। ਜਨ-ਸੁਣਵਾਈਆਂ ਦੌਰਾਨ ਮੋਨਸੈਂਟੋ ਨੇ ਬਾ-ਕਾਇਦਾ ਕੀਟਨਾਸ਼ਕ ਅਤੇ ਬੀਜ ਵਿਕ੍ਰੇਤਾਵਾਂ ਦੇ ਮਾਧਿਅਮ ਨਾਲ ਆਪਣੇ ਅਖੌਤੀ ਸਮਰਥਕਾਂ ਦੀਆਂ ਗੱਡੀਆਂ ਭਰ-ਭਰ ਕੇ ਵੱਡੀਆਂ ਭੀੜਾ ਇਕੱਠੀਆਂ ਕੀਤੀਆਂ ਗਈਆਂ ਅਤੇ ਹੋ ਹੱਲਾ ਮਚਾਇਆ ਗਿਆ। ਅਸਲ ਵਿੱਚ ਹਾਲਾਤ ਤਾਂ ਇਹ ਸਨ ਕਿ ਮੋਨਸੈਂਟੋ ਨੇ ਕਿਰਾਏ ਦੀ ਭੀੜ ਨਾਲ ਸਭਾ ਸਥਾਨ 'ਤੇ ਕਬਜ਼ਾ ਵੀ ਕਰਵਾਇਆ। ਕਈ ਥਾਵਾਂ 'ਤੇ ਤਾਂ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਜਨ-ਸੁਣਵਾਈ ਲਈ ਤੜਕੇ 3 ਵਜੇ ਹੀ ਕਿਰਾਏ 'ਤੇ ਲਿਆਂਦੇ ਗਏ ਮੋਨਸੈਂਟੋ ਸਮਰਥਕ ਪਹੁੰਚ ਕੇ ਹਾਲ ਵਿੱਚ ਲੱਗੀਆਂ ਸਾਰੀਆਂ ਕੁਰਸੀਆਂ 'ਤੇ ਕਬਜ਼ਾ ਕਰ ਲੈਂਦੇ ਸਨ।

ਜੈ ਰਾਮ ਰਮੇਸ਼ ਨੇ ਆਪਣੀ ਰਪਟ ਵਿੱਚ ਇਹਨਾਂ ਸਾਰੇ ਤੱਥਾਂ ਦਾ ਹਵਾਲਾ ਦਿੱਤਾ ਅਤੇ ਬੀਟੀ ਬੈਂਗਣ ਦੇ ਵਪਾਰਕ ਅਤੇ ਇਸਤੇਮਾਲ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਦੇ ਇਸ ਫੈਸਲੇ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇਸੇ ਬੀਟੀ ਬੈਂਗਣ ਨੂੰ ਕੁੱਝ ਮਹੀਨੇ ਪਹਿਲਾਂ ਹੀ ਜੈ ਰਾਮ ਰਮੇਸ਼ ਦੀ ਹੀ ਅਗਵਾਈ ਵਾਲੇ ਵਾਤਾਵਰਣ ਮੰਤਰਾਲੇ ਹੇਠਲੀ ਜੈਨੇਟਿਕ ਇੰਜਨੀਅਰਿੰਗ ਅਪਰੂਵਲ ਕਮੇਟੀ (ਜੇ ਈ ਏ ਸੀ) ਨੇ ਬਜ਼ਾਰ 'ਚ ਉਤਾਰਨ ਦੀ ਇਜਾਜ਼ਤ ਦੇ ਦਿੱਤੀ ਸੀ। ਇਸਦੇ ਬਾ-ਵਜੂਦ ਜੈ ਰਾਮ ਰਮੇਸ਼ ਨੇ ਬੀਟੀ ਬੈਂਗਣ ਉੱਤੇ ਪਾਬੰਦੀ ਆਇਦ ਕਰਨ ਦਾ ਸਾਹਸੀ ਫੈਸਲਾ ਲੈਣ ਦਾ ਹੌਸਲਾ ਕੀਤਾ। ਹੁਣ ਆਪਣੇ ਇਸ ਫੈਸਲੇ ਕਾਰਨ ਜੈ ਰਾਮ ਰਮੇਸ਼ ਲੋਕ ਨਾਇਕ ਤਾਂ ਬਣ ਗਏ ਪਰੰਤੂ ਦੂਜੇ ਪਾਸੇ ਆਪਣੇ ਇਸੇ ਫੈਸਲੇ ਕਾਰਨ ਉਹ ਅਮਰੀਕਾ ਅਤੇ ਖਾਸਕਰ ਮੋਨਸੈਂਟੋ ਦੀ ਨਜ਼ਰ ਵਿੱਚ ਖਲਨਾਇਕ ਬਣ ਚੁੱਕੇ ਸਨ। ਵਿੱਕੀ ਲੀਕਸ ਦੁਆਰਾ ਜਾਰੀ ਦਸਤਾਵੇਜ ਵੀ ਇਹ ਹੀ ਦੱਸਦੇ ਹਨ। ਅਮਰੀਕੀ ਸਫਾਰਤਖਾਨੇ ਵੱਲੋਂ ਅਮਰੀਕੀ ਸਰਕਾਰ ਨੂੰ ਭੇਜੇ ਗਏ ਸੰਦੇਸ਼ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਹਰ ਹਾਲ 'ਚ ਭਾਰਤ ਵਿੱਚ ਬੀਟੀ ਬੈਂਗਣ ਦੇ ਵਪਾਰਕ ਵਰਤੋਂ ਨੂੰ ਇਜਾਜ਼ਤ ਦਿਵਾਉਣਾ ਚੰਹੁਦਾ ਸੀ। ਸੰਦੇਸ਼ ਇਹ ਵੀ ਦਸਦੇ ਹਨ ਕਿ ਅਮਰੀਕੀ ਪ੍ਰਸ਼ਾਸ਼ਨ ਦਾ ਮੰਨਣਾ ਸੀ ਕਿ ਭਾਰਤ ਦੁਆਰਾ ਬੀਟੀ ਬੈਂਗਣ ਦੇ ਖਾਲਫ਼ ਫੈਸਲੇ ਦਾ ਅਸਰ ਹੋਰ ਛੋਟੇ ਦੇਸਾਂ ਉੱਤੇ ਵੀ ਪਵੇਗਾ ਅਤੇ ਉਹ ਵੀ ਜੀ ਐਮ ਫਸਲਾਂ ਦੇ ਖਿਲਾਫ਼ ਜਾ ਸਕਦੇ ਹਨ। ਕੂਟਨੀਤਕ ਸੰਦੇਸ਼ਾਂ ਵਿੱਚ ਇਸਨੂੰ ਅਮਰੀਕੀ ਹਿੱਤਾਂ ਨੂੰ ਹਾਨੀ ਪੰਹੁਚਾਉਣ ਵਾਲਾ ਇੱਕ ਖ਼ਤਰਨਾਕ ਕਦਮ ਮੰਨਿਆ ਗਿਆ। ਅਮਰੀਕਾ ਨੂੰ ਸ਼ੱਕ ਸੀ ਕਿ ਇਸ ਕਾਰਨ ਹੋਰ ਦੇਸ਼ ਵੀ ਜੀ ਐਮ ਫਸਲਾਂ ਦੇ ਪੱਖ ਵਿੱਚ ਫੈਸਲਾ ਲੈਣ ਵਿੱਚ ਝਿਜਕਣਗੇ। ਸ਼ੰਦੇਸ਼ ਵਿੱਚ ਇਸ ਗੱਲ ਦਾ ਜ਼ਿਕਰ ਵੀ ਬੜੀ ਤਲਖੀ ਨਾਲ ਕੀਤਾ ਗਿਆ ਹੈ ਕਿ ਜੈ ਰਾਮ ਰਮੇਸ਼ ਨੇ ਕੰਪਨੀਆਂ ਦੁਆਰਾ ਜੀ ਐਮ ਫਸਲਾਂ ਰਾਹੀਂ ਦੁਨੀਆਂ ਦੀ ਭੋਜਨ ਲੜੀ 'ਤੇ ਕਬਜਾ ਕਰਨਾ ਦੀ ਮਨਸ਼ਾ ਉੱੇਤੇ ਸਵਾਲ ਖੜੇ ਕੀਤੇ ਹਨ।

ਵਿੱਕੀਲੀਕਸ ਵੱਲੋਂ ਨਸ਼ਰ ਕੀਤੇ ਗਏ ਦਸਤਾਵੇਜ਼ ਇਸ ਤੱਥ ਦੀ ਵੀ ਪੁਸ਼ਟੀ ਕਰਦੇ ਹਨ ਕਿ ਅਮਰੀਕੀ ਸਰਕਾਰ ਦੀ ਇੱਕ ਉੱਚ ਅਧਿਕਾਰੀ ਨੀਨਾ ਫੇਡਰੋਫ ਬੀਟੀ ਬੈਂਗਣ ਦੇ ਪੱਖ ਵਿੱਚ ਬਾਕਾਇਦਾ ਲਾਬਿੰਗ ਕਰਨ ਲਈ ਵਿਸ਼ੇਸ਼ ਤੌਰ 'ਤੇ ਭਾਰਤ ਆਈ ਸੀ। ਨੀਨਾ ਫੈਡਰੋਫ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਕ ਦੀ ਵਿੱਗਿਆਨ ਅਤੇ ਤਕਨੀਕੀ ਮਾਮਲਿਆਂ ਦੀ ਸਲਾਹਕਾਰ ਹੈ। ਉਹ ਭਾਰਤ ਉਹਨਾਂ ਦਿਨਾਂ ਵਿੱਚ ਹੀ ਭਾਰਤ ਆਈ ਸੀ ਜਦੋਂ ਜੈ ਰਾਮ ਰਮੇਸ਼ ਬੀਟੀ ਬੈਂਗਣ ਸਬੰਧੀ ਆਪਣਾ ਫੈਸਲਾ ਸੁਣਾਉਣ ਵਾਲੇ ਸਨ।

ਇਹ ਦੱਸਣਾ ਮਹੱਤਵਪੂਰਨ ਹੋਵੇਗਾ ਕਿ ਦੇਸ਼ ਭਰ ਵਿੱਚ ਹੋਈਆਂ ਜਨ-ਸੁਣਵਾਈਆਂ ਮਗਰੋਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਜੈ ਰਾਮ ਰਮੇਸ਼ 10 ਜਾਂ 11 ਫਰਵਰੀ ਨੂੰ ਆਪਣਾ ਫੈਸਲਾ ਸੁਣਾਉਣਗੇ। ਇਹ ਫੈਸਲਾ ਬੀਟੀ ਬੈਂਗਣ ਦੇ ਪੱਖ ਵਿੱਚ ਜਾਵੇ ਇਸੇ ਇੱਕ ਮਾਤਰ ਮਿਸ਼ਨ ਨੂੰ ਲੈ ਕੇ ਨੀਨਾ ਫੈਡਰੋਫ ਦਿੱਲੀ ਪੰਹੁਚੀ ਸੀ ਅਤੇ ਉਸਦਾ ਸਿੱਧਾ-ਸਿੱਧਾ ਮਕਸਦ ਬੀਟੀ ਬੈਂਗਣ ਨੂੰ ਕਿਸੀ ਵੀ ਕੀਮਤ 'ਤੇ ਇਜਾਜ਼ਤ ਦਿਵਾਉਣਾ ਸੀ। ਤੈਅਸ਼ੁਦਾ ਪ੍ਰੋਗਰਾਮ ਮੁਤਾਬਿਕ ਨੀਨਾ ਨੇ 6 ਫਰਵਰੀ ਨੂੰ ਭਾਰਤ ਪਹੁੰਚ ਜਾਣਾ ਸੀ ਪਰ ਉਸੇ ਸਮੇਂ ਅਮਰੀਕਾ ਵਿੱਚ ਆਏ ਬਰਫੀਲੇ ਤੁਫ਼ਾਨ ਨੇ ਵਾਸ਼ਿੰਗਟਨ ਤੋਂ ਉੱਡਣ ਵਾਲੀਆਂ ਹਵਾਈ ਉਡਾਣਾਂ ਨੂੰ ਅਜਿਹਾ ਰੋਕਿਆ ਕਿ ਚਾਹ ਕੇ ਵੀ ਨੀਨਾ 6 ਫਰਵਰੀ ਦੀ ਬਜਾਏ 8 ਫਰਵਰੀ 2010 ਨੂੰ ਹੀ ਭਾਰਤ ਪਹੁੰਚ ਪਾਈ। ਦੂਜੇ ਪਾਸੇ ਜੈ ਰਾਮ ਰਮੇਸ਼ ਨੂੰ ਪਤਾ ਨਹੀਂ ਕੀ ਸੁੱਝੀ ਜਾਂ ਕਿਤੋਂ ਇਹ ਭਿਣਕ ਲੱਗੀ ਕਿ ਕੁੱਝ ਗੜਬੜ ਹੋ ਸਕਦੀ ਹੈ ਸੋ ਉਹਨਾਂ ਨੇ ਆਪਣਾ ਫੈਸਲਾ 9 ਫਰਵਰੀ ਨੂੰ ਹੀ ਸੁਣਾ ਦਿੱਤਾ। ਕਿਹਾ ਜਾਂਦਾ ਹੈ ਕਿ ਜੇਕਰ ਜੈ ਰਾਮ ਰਮੇਸ਼ ਇਹ ਫੈਸਲਾ 9 ਫਰਵਰੀ ਨੂੰ ਨਾ ਸੁਣਾਉਂਦੇ ਤਾਂ ਹੋ ਸਕਦਾ ਹੈ ਇਤਿਹਾਸ ਕੁੱਝ ਹੋਰ ਹੁੰਦਾ। ਆਪਣੀ ਲਾਬਿੰਗ ਅਤੇ ਅਮਰੀਕੀ ਪ੍ਰਭਾਵ ਦਾ ਇਸਤੇਮਾਲ ਕਰਕੇ ਨੀਨਾ ਅਤੇ ਮੋਨਸੈਂਟੋ ਕੋਈ ਵੱਡੀ ਖੇਡ, ਖੇਡ ਜਾਂਦੇ। ਇਸਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 9 ਫਰਵਰੀ ਨੂੰ ਜਦੋਂ ਜੈ ਰਮੇਸ ਬੀਟੀ ਬੈਂਗਣ ਉੱਤੇ “ਮੋਰੋਟੋਰੀਅਮ” ਜਾਣੀ ਪਾਬੰਦੀ ਦਾ ਐਲਾਨ ਕਰ ਰਹੇ ਸਨ ਠੀਕ ਉਸੇ ਸਮੇਂ ਨੀਨਾ ਫੈਡਰੋਫ ਯੋਜਨਾ ਆਯੋਗ ਦੇ ਪ੍ਰਮੁੱਖ ਮੋਨਟੇਕ ਸਿੰਘ ਆਹਲੂਵਾਲੀਆ ਨਾਲ ਮੀਟਿੰਗ ਕਰ ਰਹੀ ਸੀ। ਆਹਲੂਵਾਲੀਆਂ ਸਾਬ੍ਹ ਨੀਨਾ ਨੂੰ ਕਹਿ ਰਹੇ ਸਨ ਕਿ ਜੈ ਰਾਮ ਰਮੇਸ਼ ਨੇ ਸਾਰੀ ਕਾਰਵਾਈ ਅਤੇ ਜਨ-ਸੁਣਵਾਈਆਂ ਇੱਕ ਤਰਫਾ ਹੋ ਕੇ ਆਯੋਜਿਤ ਕੀਤੀਆਂ ਹਨ ਅਤੇ ਬੀਟੀ ਬੈਂਗਣ ਦਾ ਵਿਰੋਧ ਕਰਨ ਵਾਲੀਆਂ ਸਮਾਜ ਸੇਵੀ ਸੰੰਸਥਾਵਾਂ ਨੂੰ ਯੂਰਪੀ ਸੰਗਠਨਾਂ ਤੋਂ ਪੈਸਾ ਮਿਲਦਾ ਹੈ। ਵਿੱਕੀਲੀਕਸ ਨੇ ਜਿਹੜੀਆਂ ਅਮਰੀਕੀ ਸ਼ੰਦੇਸ਼ ਜਾਰੀ ਕੀਤੇ ਹਨ ਉਹਨਾਂ ਮੁਤਾਬਿਕ ਆਪਣੀ ਅਮਰੀਕਾਪ੍ਰਸਤੀ ਦਾ ਪ੍ਰਗਟਾਵਾ ਕਰਦਿਆਂ ਮੋਨਟੇਕ ਸਿੰਘ ਨੇ ਜੈ ਰਾਮ ਰਮੇਸ਼ ਦੇ ਖਿਲਾਫ਼ ਕਾਫੀ ਬੁਰਾ ਭਲਾ ਬੋਲਿਆ ਅਤੇ ਕਿਹਾ ਕਿ ਜੇਕਰ ਬੀਟੀ ਬੈਂਗਣ ਦੇ ਮਸਲੇ 'ਤੇ ਜੈ ਰਾਮ ਰਮੇਸ਼ ਨੂੰ ਇੱਕ ਤਰਫਾ ਕਾਰਵਾਈ ਕਰਨ ਦਿੱਤੀ ਜਾਂਦੀ ਹੈ ਤਾਂ ਇਹ ਬਹੁਤ ਵੱਡਾ ਝਟਕਾ ਹੋਵੇਗਾ। ਨੀਨਾ ਮੋਨਟੇਕ ਵਿੱਚ ਹੋਈ ਇਸ ਗੱਲਬਾਤ ਤੋਂ ਇਹ ਪਤਾ ਲੱਗਦਾ ਹੈ ਕਿ ਮੋਨਟੇਕ ਨੂੰ ਭਾਰਤ ਦੇ ਲੋਕਾਂ ਦੇ ਸਿਹਤ ਦੀ ਬਜਾਏ ਅਮਰੀਕੀ ਹਿੱਤਾਂ ਦੀ ਚਿੰਤਾ ਖਾਈ ਜਾ ਰਹੀ ਸੀ।

ਸ਼ੰਦੇਸ਼ ਵਿੱਚ ਬੀਟੀ ਬੈਂਗਣ ਮਾਮਲੇ ਵਿੱਚ ਸ਼ਰਦ ਪਵਾਰ ਦੀ ਭੂਮਿਕਾ ਦਾ ਵੀ ਜ਼ਿਕਰ ਹੈ। 9 ਫਰਵਰੀ ਨੂੰ ਬੀਟੀ ਬੈਂਗਣ ਉੱਤੇ ਪਾਬੰਦੀ ਲੱਗਣ ਉਪਰੰਤ ਸ਼ਰਦ ਪਵਾਰ ਨੇ ਜੈ ਰਾਮ ਰਮੇਸ਼ ਦੀ ਨਿੰਦਾ ਕੀਤੀ ਸੀ, ਜਿਹਦਾ ਜ਼ਿਕਰ ਸ਼ੰਦੇਸ਼ ਵਿੱਚ ਕੀਤਾ ਗਿਆ ਹੈ। ਪਰ ਨਾਲ ਹੀ ਇਸ ਗੱਲ 'ਤੇ ਹੈਰਾਨੀ ਵੀ ਪ੍ਰਗਟ ਕੀਤੀ ਗਈ ਕਿ ਸ਼ਰਦ ਪਵਾਰ ਨੇ ਆਪਣੇ ਵਿਰੋਧ ਨੂੰ ਹੋਰ ਤਿੱਖਾ ਕਿਉਂ ਨਹੀਂ ਕੀਤਾ। ਨਾਲ ਹੀ ਉਸ ਸਮੇਂ ਦੇ ਵਿੱਗਿਆਨ ਅਤੇ ਤਕਨੀਕ ਮੰਤਰੀ ਪ੍ਰਿਥਵੀ ਰਾਜ ਚੋਹਾਨ ਦੁਆਰਾ ਬੀਟੀ ਬੈਂਗਣ ਦੇ ਸਮਰਥਨ ਅਤੇ ਜੈ ਰਾਮ ਰਮੇਸ਼ ਦੇ ਫੈਸਲੇ ਦਾ ਸਰਸਰੀ ਵਿਰੋਧ ਕਰਨ ਦਾ ਵੀ ਜ਼ਿਕਰ ਹੈ। ਵਿੱਕੀਲੀਕਸ ਦੇ ਇਹਨਾਂ ਖੁਲਾਸਿਆਂ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਬੀਟੀ ਬੈਂਗਣ ਦੇ ਖਿਲਫ਼ ਜਾ ਕੇ ਜੈ ਰਾਮ ਰਮੇਸ਼ ਨੇ ਕਿੰੰਨਾ ਵੱਡਾ ਖ਼ਤਰਾ ਮੁੱਲ ਲਿਆ ਸੀ।

ਇਹਨਾਂ ਕੂਟਨੀਤਕ ਸ਼ੰਦੇਸ਼ਾਂ ਦੀ ਭਾਸ਼ਾ ਸਮਝੀਏ ਤਾਂ ਪਤਾ ਲੱਗੇਗਾ ਕਿ ਅਮਰੀਕਾ ਬੀਟੀ ਬੈਂਗਣ ਨੂੰ ਬਜ਼ਾਰ ਵਿੱਚ ਉਤਾਰਨ ਲਈ ਕਿਹੜੇ-ਕਿਹੜੇ ਹੱਥਕੰਡੇ ਅਤੇ ਦਲੀਲਾਂ ਵਰਤ ਰਿਹਾ ਸੀ। ਕਈ ਪ੍ਰਕਾਰ ਦੇ ਅਰਥਹੀਣ ਸਰੋਕਾਰਾਂ ਨੂੰ ਵੀ ਉਛਾਲਿਆ ਗਿਆ। ਇਹਨਾਂ ਸ਼ੰਦੇਸ਼ਾਂ ਨੂੰ ਪੜਕੇ ਇੱਞ ਲੱਗਦਾ ਹੈ ਕਿ ਅਮਰੀਕਾ ਨੂੰ ਭਾਰਤ ਦੇ ਕਿਸਾਨਾਂ ਦੀ ਬੜੀ ਚਿੰਤਾ ਸੀ, ਅਮਰੀਕਾ ਭਾਰਤ ਦੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੀ ਚਿੰਤਾ ਵੀ ਕਰ ਰਿਹਾ ਸੀ। ਅਮਰੀਕਾ ਸਾਡੇ ਦੇਸ਼ ਵਿੱਚ ਖੇਤੀ 'ਚ ਵਰਤੇ ਜਾਣ ਵਾਲੇ ਕੀੜੇਮਾਰ ਜ਼ਹਿਰਾਂ ਦੀ ਜਿਆਦਾ ਵਰਤੋਂ ਤੋਂ ਵੀ ਬਹੁਤ ਫ਼ਿਕਰਮੰਦ ਸੀ। ਫਿਰ ਉਹ ਭਾਰਤ ਵਿੱਚ ਬੈਂਗਣ ਦੀ ਉਪਲਭਧਤਾ ਲਈ ਵੀ ਬਹੁਤ ਚਿੰਤਤ ਸੀ। ਅਮਰੀਕਾ ਨੂੰ ਲੱਗਦਾ ਸੀ ਕਿ ਬੀਟੀ ਬੈਂਗਣ ਭਾਰਤ ਵਿੱਚ ਵੱਡਾ ਬਦਲਾਅ ਲਿਆਏਗਾ ਅਤੇ ਪੂਰੀ ਦੁਨੀਆਂ ਨੂੰ ਫ਼ਤਿਹ ਕਰਨ ਦੀ ਆਪਣੀ ਯੋਜਨਾ ਵਿੱਚ ਉਹ ਇੱਕ ਵੱਡਾ ਮੀਲ ਪੱਥਰ ਪਾਰ ਕਰ ਜਾਵੇਗਾ। ਪਰੰਤੂ ਜੈ ਰਾਮ ਰਮੇਸ਼ ਦੇ ਇਸ ਫੈਸਲੇ ਨਾਲ ਅਮਰੀਕਾ, ਮੋਨਸੈਂਟੋ, ਜੀ ਐੱਮ ਅਤੇ ਬੀਟੀ ਫਸਲਾਂ ਦੀ ਲਾਬੀ ਨੂੰ ਨਿਰਾਸ਼ਾ ਹੀ ਹੱਥ ਲੱਗੀ। ਨੀਨਾ ਫੈਡਰੋਫ ਦਾ ਭਾਰਤ ਦੌੜਨਾ ਤਾਂ ਬੇਕਾਰ ਹੀ ਗਿਆ। ਅਮਰੀਕੀ ਨਿਰਾਸ਼ਾ ਦੀ ਹੱਦ ਤਾਂ ਇਹ ਸੀ ਕਿ ਖਿਸਿਆਈ ਬਿੱਲੀ ਖੰਭਾ ਨੋਚੇ ਦੀ ਤਰਜ਼ 'ਤੇ ਅਮਰੀਕੀ ਰਾਜਦੂਤ ਨੇ ਵਾਸ਼ਿੰਗਟਨ ਭੇਜੇ ਆਪਣੇ ਕੂਟਨੀਤਕ ਸ਼ੰਦੇਸ਼ ਵਿੱਚ ਲਿਖਿਆ- ਜੈ ਰਾਮ ਰਮੇਸ਼ ਦੇ ਇਸ ਫੈਸਲੇ ਨਾਲ ਭਾਰਤੀ ਵਿੱਗਿਆਨਕ ਨਿਰਾਸ਼ ਹੋਏ ਹਨ ਅਤੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੋਈ ਹੈ।

ਇਹ ਸਾਰੇ ਸੰਦੇਸ਼ ਅਤੇ ਘਟਨਾਕ੍ਰਮ ਦੱਸਦੇ ਹਨ ਕਿ ਜੀ ਐੱਮ ਫਸਲਾਂ ਨੂੰ ਬਜ਼ਾਰ ਵਿੱਚ ਉਤਾਰਨ ਦੀ ਇਜਾਜ਼ਤ ਦਿਵਾਉਣਾ ਅਮਰੀਕਾ ਲਈ ਕਿੰਨਾ ਅਹਿਮ ਅਤੇ ਸੰਵੇਦਨਸ਼ੀਲ ਮੁੱਦਾ ਸੀ। ਅਜਿਹੇ ਸਮੇਂ ਵਿੱਚ ਬੀਟੀ ਬੈਂਗਣ ਦੇ ਵਿਰੋਧ ਵਿੱਚ ਬੜੀ ਖੂਬਸੂਰਤੀ ਨਾਲ ਆਪਣੀ ਚਾਲ ਚੱਲ ਚੁੱਕੇ ਜੈ ਰਾਮ ਰਮੇਸ਼ ਦੀ ਦੇਰ-ਸਵੇਰ ਵਾਤਾਵਰਣ ਮੰਤਰਾਲੇ ਵਿੱਚੋਂ ਛੁੱਟੀ ਹੋਣਾ ਕੋਈ ਵੱਡੀ ਗੱਲ ਨਹੀਂ ਸੀ ਹੋਣੀ। ਕਦੀ ਕਿਹਾ ਜਾਂਦਾ ਸੀ ਕਿ ਦੇਸ਼ ਦਾ ਵਿੱਤ ਮੰਤਰੀ ਉਹ ਹੀ ਹੋਵੇਗਾ ਜਿਹੜਾ ਅਮਰੀਕੀ ਹਿੱਤਾਂ ਦੇ ਖਿਲਾਫ਼ ਨਹੀਂ ਜਾਵੇਗਾ। ਪਰ ਹੁਣ ਲੱਗਦਾ ਹੈ ਕਿ ਦੇਸ਼ ਦਾ ਵਾਤਾਵਰਣ ਮੰਤਰੀ ਵੀ ਉਹ ਹੀ ਹੋਵੇਗਾ ਜਿਹੜਾ ਅਮਰੀਕੀ ਇਸ਼ਾਰਿਆਂ ਨੂੰ ਸਮਝੇਗਾ। ਬੀਟੀ ਬੈਂਗਣ ਉੱਤੇ ਪਾਬੰਦੀ ਲਾਉਣ ਮਗਰੋਂ  ਜੈ ਰਾਮ ਰਮੇਸ਼ ਦੀ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਦੀ ਪਾਰਟੀ ਟਿਕਟ ਕੱਟਣ ਦਾ ਦਬਾਅ ਸੀ। ਪਰ ਕਾਂਗਰਸ ਹਾਈਕਮਾਂਡ ਨੂੰ ਲੱਗਿਆ ਕਿ ਇਸ ਤਰ੍ਹਾਂ ਕਰਨ ਨਾਲ ਦੇਸ਼ ਭਰ ਵਿੱਚ ਗਲਤ ਸੰਦੇਸ਼ ਜਾਵੇਗਾ ਇਸ ਲਈ ਉਹਨਾਂ ਨੂੰ ਟਿਕਟ ਤਾਂ ਮਿਲਿਆ ਅਤੇ ਉਹ ਮੰਤਰੀ ਵੀ ਰਹੇ। ਪਰ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਨੂੰ ਤਰੱਕੀ ਦੇ ਕੇ ਵਾਤਾਵਰਣ ਮੰਤਰਾਲੇ ਤੋਂ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ। ਇਹ ਗੱਲ ਬਿੱਲਕੁੱਲ ਸਾਫ ਹੈ ਕਿ ਸਾਡੀ ਖੇਤੀ ਖੁਦਮੁਖਤਾਰੀ, ਖਾਧ ਅਤੇ ਵਾਤਾਵਰਣ ਸੁਰੱਖਿਆ ਘੋਰ ਸੰਕਟ ਵਿੱਚ ਹਨ। ਉਹਨਾਂ ਉੱਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੀ ਗਿੱਧ ਦ੍ਰਿਸ਼ਟੀ ਹੈ।

ਇਹ ਇੱਕ ਅਹਿਮ ਸਵਾਲ ਹੈ ਕਿ ਕੀ ਜੈ ਰਾਮ ਰਮੇਸ਼ ਦੀ ਵਾਤਾਵਰਣ ਮੰਤਰਾਲੇ ਤੋਂ ਛੁੱਟੀ ਬੀਟੀ ਬੈਂਗਣ ਉੱਤੇ ਪਾਬੰਦੀ ਆਇਦ ਕਰਨ ਕਾਰਨ ਕੀਤੀ ਗਈ ਹੈ। ਘਟਨਾਕ੍ਰਮ ਤਾਂ ਇਹ ਹੀ ਕਹਿੰਦੇ ਹਨ। ਇਸ ਗੱਲ ਦਾ ਮਹੱਤਵ ਇਸ ਲਈ ਵੀ ਹੈ ਕਿਉਂਕਿ ਆਗਾਮੀ ਕੁੱਝ ਮਹੀਨਿਆਂ ਵਿੱਚ ਕੁੱਝ ਹੋਰਨਾਂ ਜੀ ਐੱਮ ਫਸਲਾਂ ਨੂੰ ਬਜ਼ਾਰ ਵਿੱਚ ਉਤਾਰਨ ਦੀ ਗੱਲ ਉੱਠਣ ਵਾਲੀ ਹੈ ਅਤੇ ਸਾਨੂੰ ਹੁਣ ਹੋਰ ਜੈ ਰਾਮ ਰਮੇਸ਼ਾਂ ਦੀ ਜ਼ਰੂਰਤ ਹੈ। ਪਰ ਉਸਤੋਂ ਵੀ ਜਿਆਦਾ ਜ਼ਰੂਰੀ ਹੈ ਉਹਨਾਂ ਅੰਦੋਲਨਾਂ ਨੂੰ ਹੋਰ ਜਿਆਦਾ ਮਜਬੂਤ ਕਰਨ ਦੀ ਜਿਹਨਾਂ ਨੇ ਅਮਰੀਕੀ ਮਨਸੂਬਿਆਂ ਅਤੇ ਮੋਨਸੈਂਟੋ ਦੇ ਖੇਤੀ ਅਤੇ ਖ਼ੁਰਾਕ ਦੇ ਸਮਰਾਜਵਾਦ ਨੂੰ ਜੋਰਦਾਰ ਟੱਕਰ ਦਿੱਤੀ। ਇਹਨਾਂ ਹੀ ਅੰਦੋਲਨਾਂ ਨੇ ਜੈ ਰਾਮ ਰਮੇਸ਼ ਨੂੰ ਬੀਟੀ ਬੈਂਗਣ ਸਬੰਧੀ ਰਾਸ਼ਟਰ ਅਤੇ ਵਿਆਪਕ ਲੋਕ ਹਿੱਤ ਵਿੱਚ ਇੱਕ ਇਤਿਹਾਸਕ ਫੈਸਲਾ ਲੈਣ ਦੀ ਤਾਕਤ ਬਖ਼ਸ਼ੀ ਸੀ। ਜੈ ਰਾਮ ਰਮੇਸ਼ ਤਾਂ ਚਲੇ ਗਏ ਪਰ ਆਉਣ ਵਾਲੇ ਮਹੀਨਿਆਂ ਵਿੱਚ ਬੀਟੀ ਚਾਵਲ, ਬੀਟੀ ਮੱਕੀ, ਆਲੂ ਅਤੇ ਕਈ ਹੋਰ ਫਸਲਾਂ ਦੀ ਲਾਈਨ ਲੱਗੀ ਹੋਈ ਹੈ ਅਤੇ ਮੋਨਸੈਂਟੋ ਦੀ ਪੂਰੀ ਤਾਕਤ ਵੀ। ਸੋ ਆਓ ਅਸੀਂ ਮਿਲ ਕੇ ਇੱਕ ਵਾਰ ਫਿਰ ਅਜਿਹਾ ਜਨ-ਅੰਦੋਲਨ ਖੜਾ ਕਰੀਏ ਕਿ ਜਯੰਤੀ ਨਟਰਾਜਨ ਨੂੰ ਵੀ ਜੈ ਰਾਮ ਰਮੇਸ਼ ਹੀ ਬਣਨਾ ਪਏ। ਆਖਿਰ ਇਹ ਭਾਰਤ ਦੀ ਆਜ਼ਾਦੀ ਅਤੇ ਸਾਡੇ ਸਵੈਨਿਰਭਰ ਭਵਿੱਖ ਦਾ ਸਵਾਲ ਹੈ।








ਗੰਭੀਰ ਖ਼ਤਰੇ ਵਿੱਚ ਹੈ ਖੇਤੀ ਖੁਦਮੁਖਤਾਰੀ ਅਤੇ ਖ਼ੁਰਾਕ ਦੀ ਆਜ਼ਾਦੀ

ਗੁਰਪ੍ਰੀਤ ਦਬੜ੍ਹੀਖਾਨਾ

ਅੱਜ ਸਮੁੱਚਾ ਭਾਰਤ (ਇੰਡੀਆ ਨਹੀਂ) ਅਤੇ ਖਾਸ ਕਰ ਦੇਸ਼ ਦੀ ਖੇਤੀ ਆਪਣੀ ਹੋਂਦ ਦੇ ਸੰਕਟ ਨਾਲ ਦੋ-ਚਾਰ ਹੈ। ਨਵ-ਉਦਰਵਾਦੀ ਨੀਤੀਆਂ ਦੀਆਂ ਪੈਰੋਕਾਰ ਸਮੇਂ ਦੀਆਂ ਸਰਕਾਰਾਂ ਸਾਡੀ ਖੇਤੀ ਖੁਦਮੁਖਤਾਰੀ, ਖ਼ੁਰਾਕ ਸੁਰੱਖਿਆ ਅਤੇ ਦੇਸ਼ ਦੀ ਆਜ਼ਾਦੀ ਨੂੰ ਮੋਨਸੈਂਟੋ, ਡਿਊਪੋਂਟ, ਕਾਰਗਿਲ, ਬਾਇਰ, ਵਾਲਮਾਰਟ, ਪੈਪਸੀ ਅਤੇ ਕੋਕ ਆਦਿ ਅਨੇਕਾਂ ਹੀ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਥ ਵੇਚਣ 'ਤੇ ਤੁਲੀਆਂ ਹੋਈਆਂ ਹਨ।

ਇਸ ਸਾਰੀ ਕਾਰਸ਼ੈਤਾਨੀ ਲਈ ਮੁੱਖ ਰੂਪ ਵਿੱਚ ਦੇਸ਼ ਦੀਆਂ ਭ੍ਰਿਸ਼ਟ ਕੇਂਦਰ ਸਰਕਾਰਾਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦਾ ਨਾ-ਪਾਕ ਗਠਜੋੜ ਜ਼ਿੰਮੇਦਾਰ ਹੈ। ਵਰਤਮਾਨ ਸਮੇਂ ਅਸੀਂ ਇੱਕ ਅਜਿਹੀ ਕੇਂਦਰ ਸਰਕਾਰ ਦੇ ਸ਼ਿਕਾਰ ਹਾਂ ਜਿਸਦੇ ਸਿਖਰਲੇ ਅਹੁਦੇਦਾਰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੋਹੇਂ ਹੀ ਸੰਸਾਰ ਬੈਂਕ ਦੇ ਪੈਨਸ਼ਨਰ ਹਨ। ਇੱਥੋਂ ਤੱਕ ਕਿ ਯੋਜਨਾ ਕਮਿਸ਼ਨ ਦਾ 20 ਸਾਲਾਂ ਤੋਂ ਸਥਾਈ ਮੈਂਬਰ ਅਤੇ ਪਿਛਲੇ ਸੱਤ ਸਾਲਾਂ ਤੋਂ ਕਮਿਸ਼ਨ ਦੇ ਉੱਪ ਚੇਅਰਮੈਨ ਵਜੋਂ ਅਮਰੀਕਾ ਦੀ ਸੇਵਾ ਕਰ ਰਿਹਾ ਮੋਨਟੇਕ ਸਿੰਘ ਆਹਲੂਵਾਲੀਆ ਵੀ ਸੰਸਾਰ ਬੈਂਕ ਦਾ ਪੈਨਸ਼ਨਰ ਹੈ। ਸੋ ਦੇਸ਼ ਵਿੱਚ ਕਿਸਾਨਾਂ, ਖਪਤਕਾਰਾਂ ਅਤੇ ਆਮ ਲੋਕਾਂ ਨਾਲ ਜੋ ਵੀ ਵਾਪਰ ਰਿਹਾ ਹੈ ਉਹਦੇ ਲਈ ਦੇਸ਼ ਨੂੰ ਚਲਾ ਰਿਹਾ ਸੰਸਾਰ ਬੈਂਕ ਦਾ ਇਹ ਨਿਜ਼ਾਮ ਹੀ ਮੁੱਖ ਰੂਪ ਵਿੱਚ ਜ਼ਿਮੇਦਾਰ ਹੈ।

ਦੇਸ਼ ਦੀਆਂ ਸਮੁੱਚੀਆਂ ਨੀਤੀਆਂ ਦੇਸ਼ ਤੋਂ ਬਾਹਰ ਸੰਸਾਰ ਬੈਂਕ, ਸੰਯੁਕਤ ਰਾਜ ਅਮਰੀਕਾਂ ਜਾਂ ਜਿਨੇਵਾ ਵਿੱਖੇ ਘੜੀਆਂ ਜਾਂਦੀਆਂ ਹਨ ਅਤੇ ਕੇਂਦਰ ਸਰਕਾਰ ਵਿੱਚ ਬੈਠੇ ਸੰਸਾਰ ਬੈਂਕ ਦੇ ਦਲਾਲਾਂ ਰਾਹੀਂ  ਇਹ ਨੀਤੀਆਂ ਇੰਨ ਬਿੰਨ ਏਥੇ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ। ਅਮਰੀਕੀ ਕਬਜ਼ੇ ਹੇਠਲਾ ਸੰਸਾਰ ਬੈਂਕ ਅਤੇ ਆਈ ਐਮ ਐਫ ਵਰਗੀਆਂ ਵਿਸ਼ਵ ਪੱਧਰੀ ਵਿੱਤੀ ਸੰਸਥਾਵਾਂ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਇਹਨਾਂ ਦੇਸ਼ਾਂ ਦੇ ਕੁੱਝ ਸਿਖਰਲੇ ਅਹੁਦੇਦਾਰਾਂ ਨੂੰ ਖ਼ਰੀਦ ਕੇ ਕਰਜ਼ੇ ਦੇ ਅਜਿਹੇ ਮਕੜ ਜਾਲ ਵਿੱਚ ਉਲਝਾ ਲੈਂਦੀਆਂ ਹਨ ਕਿ ਸ਼ਿਕਾਰ ਚਾਹ ਕੇ ਵੀ ਆਜ਼ਾਦ ਨਹੀਂ ਹੋ ਸਕਦਾ।

ਸੰਸਾਰ ਬੈਂਕ ਅਤੇ ਆਈ ਐਮ ਐਫ ਵਰਗੀਆਂ ਅੰਤਰਰਾਸ਼ਟਰੀ ਵਿੱਤੀ ਸੰਸਥਾਂਵਾਂ ਬਹੁਤ ਹੀ ਘਿਨਾਉਣੀਆਂ ਸ਼ਰਤਾਂ 'ਤੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਕਰਜ਼ਾ ਦਿੰਦੀਆਂ ਹਨ ਜਿਹਨਾਂ ਸਦਕੇ ਸਬੰਧਤ ਦੇਸ਼ਾਂ ਦੇ ਆਮ ਲੋਕ ਹਰ ਪੱਖੋਂ ਖੁਦ ਨੂੰ ਮਜ਼ਬੂਰ, ਕੰਗਾਲ, ਬੇਬਸ ਅਤੇ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਕਰਜ਼ੇ ਦੀਆਂ ਸ਼ਰਤਾਂ ਅਨੁਸਾਰ ਸਬੰਧਤ ਦੇਸ਼ਾਂ ਦੀ ਖੇਤੀ, ਭੂਮੀ, ਪਾਣੀ, ਕੱਚਾ ਤੇਲ, ਲੋਹਾ, ਤਾਂਬਾ, ਕਾਪਰ, ਬਾਕਸਾਈਟ ਆਦਿ ਕੁਦਰਤੀ ਸੋਮਿਆਂ ਦੀ ਅੰਨ੍ਹੀ ਲੁੱਟ ਕੀਤੀ ਜਾਂਦੀ ਹੈ। ਉੱਥੋਂ ਦੇ ਕੁਦਰਤੀ ਵਾਤਾਵਰਨ, ਨਦੀਆਂ, ਨਾਲਿਆਂ, ਸਾਗਰਾਂ ਅਤੇ ਜੰਗਲਾਂ ਨੂੰ ਤਬਾਹ-ਓ-ਬਰਬਾਦ ਕਰ ਦਿੱਤਾ ਜਾਂਦਾ ਹੈ। ਕਰਜ਼ੇ ਦੀਆਂ ਸ਼ਰਤਾਂ ਮੁਤਾਬਿਕ ਬਹੁਕੌਮੀ ਕਾਰਪਰੇਸ਼ਨਾਂ ਨੂੰ ਮਣਾਂ ਮੂਹੀਂ ਮੁਨਾਫ਼ੇ ਕਮਾਉਣ ਲਈ ਕਰਜ਼ਦਾਰ ਦੇਸ਼ਾਂ ਵਿੱਚ ਵੱਡੇ-ਵੱਡੇ ਡੈਮ, ਸੜਕਾਂ ਅਤੇ ਸ਼ਹਿਰ ਉਸਾਰਨ ਦੇ ਠੇਕੇ ਦਿੱਤੇ ਜਾਂਦੇ ਹਨ। ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਕਾਨੂੰਨਾਂ ਵਿੱਚ ਮਨਮਾਨੀਆਂ ਸੋਧਾਂ ਕੀਤੀਆਂ ਜਾਂਦੀਆਂ ਹਨ। ਸਬੰਧਤ ਦੇਸ਼ਾਂ ਦੇ ਖੇਤੀ ਸਮੇਤ ਸਾਰੇ ਕੁਦਰਤੀ ਸੋਮਿਆਂ ਉੱਤੇ ਕਬਜ਼ਾ ਕਰਨ ਲਈ ਅਤੇ ਮਨ ਚਾਹੇ ਕਾਨੂੰਨ ਬਣਵਾਏ ਜਾਂਦੇ ਹਨ।

ਸੀਡ ਐਕਟ, ਬਾਇਓ ਤਕਨੌਲਜ਼ੀ ਰੈਗੂਲੇਟਰੀ ਅਥਾਰਟੀ ਆਫ ਇੰਡੀਆਂ ਐਕਟ ਅਤੇ ਕੰਪਨੀਆਂ ਪੱਖੀ ਪੇਟੈਂਟ ਐਕਟ ਆਦਿ ਵਰਗੇ ਕਾਲੇ ਕਾਨੂੰਨਾਂ ਦੀ ਵਿਵਸਥਾ ਕੀਤੀ ਜਾਂਦੀ ਹੈ। ਇੱਥੇ ਹੀ ਬਸ ਨਹੀਂ ਸਗੋਂ ਸੰਸਾਰ ਬੈਂਕ ਦੀਆਂ ਕਠਪੁਤਲੀ ਸਰਕਾਰਾਂ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਤੁਰੰਤ ਫ਼ਾਇਦਾ ਪਹੁੰਚਾਉਣ ਲਈ ਰਾਤੋ-ਰਾਤ ਆਰਡੀਨੈਂਸ ਜਾਰੀ ਕਰਕੇ ਖੇਤੀ ਵਿੱਚ 100% ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੰਦੀਆਂ ਹਨ। ਬੀਤੀ 31 ਮਾਰਚ ਨੂੰ ਸਾਡੇ ਦੇਸ਼ ਵਿੱਚ ਇੰਞ ਹੀ ਵਾਪਰਿਆ ਹੈ। ਭਾਰਤ ਦੀ ਮਹਾਂ ਭ੍ਰਿਸ਼ਟ ਕੇਂਦਰ ਸਰਕਾਰ ਨੇ ਇੱਕ ਬਿਨਾਂ ਸੰਸਦ ਨੂੰ ਭਰੋਸੇ ਵਿੱਚ ਲਏ ਰਾਤੋ-ਰਾਤ ਇੱਕ ਆਰਡੀਨੈਂਸ ਜਾਰੀ ਕਰਕੇ ਭਾਰਤੀ ਖੇਤੀ ਵਿੱਚ 100% ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਚੁੱਕੀ ਹੈ। ਇਸਦਾ ਸਿੱਧਾ ਜਿਹਾ ਅਤੇ ਸਪਸ਼ਟ ਅਰਥ ਇਹ ਹੈ ਕਿ ਭਾਰਤੀ ਖੇਤੀ ਦੇ ਕੰਪਨੀਕਰਨ ਵੱਲ ਸਰਕਾਰ ਨੇ ਇੱਕ ਵੱਡਾ ਕਦਮ ਪੁੱਟ ਲਿਆ ਹੈ।

ਮੋਨਸੈਂਟੋ ਅਤੇ ਇਸ ਵਰਗੀਆਂ ਅਨੇਕਾਂ ਹੀ ਹੋਰ ਬਹੁਕੌਮੀ ਕਾਰਪੋਰੇਸ਼ਨਾਂ ਦੇ ਹਿੱਤ ਸਾਧਣ 'ਚ ਜੁਟੀਆਂ ਹੋਈਆਂ ਸਰਕਾਰਾਂ ਇੱਕ ਲੰਮੇ ਅਰਸੇ ਤੋਂ ਅਜਿਹੀਆਂ ਖੇਤੀ ਨੀਤੀਆਂ ਲਾਗੂ ਕਰਦੀਆਂ ਆ ਰਹੀਆਂ ਹਨ ਜਿਹਨਾਂ ਦੇ  ਅੰਤਿਮ ਸਿੱਟੇ ਵਜੋਂ ਬਹੁ-ਗਿਣਤੀ ਕਿਸਾਨ ਖੇਤੀ ਵਿੱਚੋਂ ਆਪਣੇ-ਆਪ ਬਾਹਰ ਹੋ ਜਾਣਗੇ। ਇਸ ਗੱਲ ਨੂੰ ਜਰਾ ਠੰਡੇ ਦਿਮਾਗ ਨਾਲ ਸੋਚਣ ਅਤੇ ਪਰਖਣ ਦੀ ਲੋੜ ਹੈ ਅਤੇ ਇਸ ਵਾਸਤੇ ਸਾਨੂੰ ਪਿੱਛਲ ਝਾਤ ਮਾਰਨੀ ਪਵੇਗੀ। 40 ਸਾਲ ਪਹਿਲਾਂ ਹਰੀ ਕ੍ਰਾਂਤੀ ਵਾਲੇ ਰਸਾਇਣਕ ਖੇਤੀ ਯੁਗ ਦੀ ਸ਼ੁਰੂਆਤ ਹੋਈ। ਸਭ ਤੋਂ ਪਹਿਲਾਂ ਖੇਤੀ ਵਿੱਚ ਅਖੌਤੀ ਉੱਨਤ ਬੀਜਾਂ ਦੀ ਆਮਦ ਹੋਈ ਫਿਰ ਇਹਨਾਂ ਦੇ ਪਿੱਛੇ-ਪਿੱਛੇ ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰਾਂ (ਜਿਹਨਾਂ ਨੂੰ ਕਿ ਦਵਾਈਆਂ ਆਖਿਆ ਗਿਆ) ਵੀ ਖੇਤੀ ਵਿੱਚ ਉਤਾਰ ਦਿੱਤੀਆਂ ਗਈਆਂ। ਰਸਾਇਣਕ ਖੇਤੀ ਦੇ ਸ਼ੁਰੂਆਤੀ ਚਮਤਕਾਰ ਦੇ ਢਹੇ ਚੜ੍ਹੇ ਸਾਡੇ ਕਿਸਾਨ ਭਰਾ ਬੀਤਦੇ ਸਮੇਂ ਨਾਲ ਹੌਲੀ-ਹੌਲੀ ਖੇਤੀ ਲਈ ਹਰ ਪੱਖੋਂ ਦੇਸ਼ੀ-ਵਿਦੇਸ਼ੀ ਬਹੁਕੌਮੀ ਕੰਪਨੀਆਂ 'ਤੇ ਨਿਰਭਰ ਹੁੰਦੇ ਗਏ। ਇਹ ਦੇਸ਼ ਦੇ ਕਿਸਾਨਾਂ ਦੀ ਗ਼ੁਲਾਮੀ ਅਤੇ ਖੇਤੀ ਉੱਤੇ ਕੰਪਨੀਆਂ ਦੇ ਸਮੁੱਚੇ ਕਬਜ਼ੇ ਵੱਲ ਪਲੇਠਾ ਤੇ ਉਮੀਦ ਨਾਲੋਂ ਵਧ ਕੇ ਸਫਲ ਕਦਮ ਸੀ। ਹਰੀ ਕ੍ਰਾਂਤੀ ਦੇ ਨਾਂਅ 'ਤੇ ਸਥਾਪਿਤ ਕੀਤੇ ਗਏ ਖੇਤੀ ਖੋਜ਼ ਕੇਂਦਰਾਂ ਅਤੇ ਕੰਪਨੀਆਂ ਦੇ ਮਕੜ ਜਾਲ ਵਿੱਚ ਉਲਝ ਚੁੱਕੇ ਕਿਸਾਨ ਇੱਕ-ਇੱਕ ਕਰਕੇ ਰਵਾਇਤੀ ਖੇਤੀ ਦੀ ਹਰੇਕ ਵਿਰਾਸਤ ਨੂੰ ਗੰਵਾਉਂਦੇ ਚਲੇ ਗਏ ਅੰਤ ਨੂੰ ਸਾਡੀ ਰਵਾਇਤੀ ਖੇਤੀ ਮੁਹਾਰਤ ਅਤੇ ਵਿਰਾਸਤੀ ਮੌਖਿਕ ਖੇਤੀ ਵਿਗਿਆਨ ਹਰੀ ਕ੍ਰਾਂਤੀ ਦੇ ਡੂੰਘੇ ਹਨੇਰਿਆਂ ਵਿੱਚ ਕਿੱਧਰੇ ਗਵਾਚ ਗਿਆ।

ਖੇਤੀ ਦਾ ਵੱਡ ਪੱਧਰਾ ਮਸ਼ੀਨੀਕਰਨ ਰਸਾਇਣਕ ਖੇਤੀ ਦੀ ਇੱਕ ਹੋਰ ਅਹਿਮ ਵਿਸ਼ੇਸ਼ਤਾ ਰਹੀ ਹੈ। ਖੇਤੀ ਵਿਚਲੇ ਕ੍ਰਮਵਾਰ ਮਸ਼ੀਨੀਕਰਨ ਨੇ ਸਾਡੇ ਖੇਤਾਂ ਵਿੱਚ ਹੌਲੀ-ਹੌਲੀ ਮਜ਼ਦੂਰਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ। ਇਹ ਭਾਰਤੀ ਖੇਤੀ ਉੱਤੇ ਕੰਪਨੀਆਂ ਦੇ ਕਬਜ਼ੇ ਵੱਲ ਦੂਜਾ ਕਦਮ ਸੀ। ਆਰੰਭ ਵਿੱਚ ਵਹਾਈ-ਬਿਜਾਈ ਵਾਲੀਆਂ ਮਸ਼ੀਨਾਂ ਲਿਆਂਦੀਆਂ ਗਈਆਂ। ਇਹਨਾਂ ਕਾਰਨ ਬਹੁਤ ਹੀ ਛੋਟੇ ਪੱਧਰ 'ਤੇ ਖੇਤ ਮਜ਼ਦੂਰਾਂ ਨੂੰ ਪ੍ਰਭਾਵਿਤ ਕੀਤਾ। ਖੇਤ ਦੀ ਵਹਾਈ-ਬਿਜਾਈ ਦੇ ਕੰਮਾਂ ਵਿੱਚੋਂ ਮਜ਼ਦੂਰਾਂ ਦੀ ਛੁੱਟੀ ਹੋ ਗਈ ਹਾਲਾਂਕਿ ਉਹਨਾਂ ਦੇ ਖੇਤੀ ਵਿੱਚੋਂ ਬਾਹਰ ਹੋਣ ਦੀ ਨੌਬਤ ਨਹੀਂ ਆਈ। ਪਰ ਕੰਪਨੀਆਂ ਨੂੰ ਆਪਣੇ ਮਨਸੂਬੇ ਤੋੜ ਚੜਾਉਣ ਵਿੱਚ ਆਰੰਭਕ ਸਫਲਤਾ ਜ਼ਰੂਰ ਮਿਲ ਗਈ।

ਇਸ ਸਭ ਦੇ ਬਾਵਜੂਦ ਮਜ਼ਦੂਰਾਂ ਲਈ ਹਾਲੇ ਵੀ ਦੋ ਖਾਸ ਖੇਤੀ ਕੰਮ ਬਚੇ ਹੋਏ ਸਨ। ਇੱਕ ਤਾਂ ਫਸਲਾਂ ਵਿੱਚ ਗੁਡਾਈ ਕਰਨਾ ਅਤੇ ਦੂਜਾਂ ਫਸਲਾਂ ਦੀ ਕਟਾਈ ਕਰਨਾ।  ਹੁਣ ਖੇਤੀ ਵਿੱਚ ਅਗਲੇ ਪੜਾਅ ਦਾ ਮਸ਼ੀਨੀਕਰਨ ਕਰ ਦਿੱਤਾ ਗਿਆ ਅਤੇ ਖੇਤੀ ਵਿੱਚ ਫਸਲਾਂ ਦੀ ਕਟਾਈ ਲਈ ਹਾਰਵੈਸਟਰ ਕੰਬਾਈਨਾਂ ਦੀ ਆਮਦ ਹੋ ਗਈ। ਸਿੱਟੇ ਵਜੋਂ ਬਹੁ ਗਿਣਤੀ ਮਜ਼ਦੂਰ ਜਿਹੜੇ ਕਿ ਫਸਲਾਂ ਦੀ ਕਟਾਈ, ਕਢਾਈ ਅਤੇ ਢੋਆ- ਢੁਆਈ ਦਾ ਕੰਮ ਕਰਦੇ ਸਨ ਖੇਤੀ ਵਿੱਚੋਂ ਵੱਡੇ ਪੱਧਰ 'ਤੇ ਬਾਹਰ ਹੋ ਗਏ।

ਸਰਮਾਏਦਾਰ ਨਿਜ਼ਾਮ ਦੀਆਂ ਹੱਥਠੋਕਾ ਸਾਡੀਆਂ ਸਰਕਾਰਾਂ ਅਤੇ ਬਹੁਕੌਮੀ ਕੰਪਨੀਆਂ ਦਾ ਨ-ਪਾਕ ਗਠਜੋੜ ਇੱਥੇ ਹੀ ਨਹੀਂ ਰੁਕਿਆ। ਹੁਣ ਉਹਨਾਂ ਨੇ ਖੇਤੀ ਵਿੱਚ ਬਚੀ-ਖੁਚੀ ਲੇਬਰ ਨੂੰ ਵੀ ਖੁੱਡੇ ਲਾਈਨ ਲਾਉਣ ਦਾ ਇਰਾਦਾ ਕਰ ਲਿਆ ਅਤੇ ਖੇਤੀ ਵਿੱਚ ਨਦੀਨ ਨਾਸ਼ਕ ਜ਼ਹਿਰਾਂ ਦੀ ਆਮਦ ਹੋ ਗਈ। ਨਤੀਜ਼ਤਨ ਖੇਤੀ ਵਿੱਚ ਬਚੀ ਹੋਈ ਰਹੀ ਸਹੀ ਲੇਬਰ ਜਿਹੜੀ ਕਿ ਫਸਲਾਂ ਦੀ ਗੁਡਾਈ ਕਰਕੇ ਆਪਣਾ ਢਿੱਡ ਤੋਰਦੀ ਸੀ ਨੂੰ ਵੀ ਖੇਤੀ ਵਿੱਚੋਂ ਬਾਹਰ ਕਰ ਦਿੱਤਾ ਗਿਆ।  ਸਿੱਟੇ ਵਜੋਂ ਅੱਜ ਖੇਤੀ ਵਿੱਚ ਲੇਬਰ ਦੀ ਘਾਟ ਇੱਕ ਗੰਭੀਰ ਸਮੱਸਿਆ ਦਾ ਰੂਪ ਧਾਰ ਚੁੱਕੀ  ਹੈ। ਇਸ ਤੱਥ ਤੋਂ ਕੋਈ ਵੀ ਕਿਸਾਨ ਇਨਕਾਰ ਨਹੀਂ ਕਰ ਸਕਦਾ ਕਿ ਮਸ਼ੀਨਾਂ ਦੇ ਹੁੰਦਿਆਂ ਹੋਇਆਂ ਵੀ ਮਜ਼ਦੂਰਾਂ ਬਿਨਾਂ ਖੇਤੀ ਸੰਭਵ ਨਹੀਂ  ਹੈ। ਅੱਜ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਖੇਤ ਮਜ਼ਦੂਰਾਂ ਦੀ ਪੁਰਾਣੀ ਮਾਹਿਰ ਪੀੜ੍ਹੀ ਹੁਣ ਸ਼ਰੀਰਕ ਪੱਖੋਂ ਇਸ ਲਾਇਕ ਨਹੀਂ ਰਹਿ ਗਈ ਹੈ ਕਿ ਉਹ ਖੇਤਾਂ ਵਿੱਚ ਕੰਮ ਕਰ ਸਕੇ ਅਤੇ ਨਵੀਂ ਪੀੜ੍ਹੀ ਦੇ ਮਜ਼ਦੂਰ ਖੇਤ ਮਜ਼ਦੂਰੀ ਕਰਨਾ ਹੀ ਨਹੀਂ ਚਹੁੰਦੇ ਅਤੇ ਨਾ ਹੀ ਉਹਨਾਂ ਕੋਲ ਖੇਤਾਂ ਵਿੱਚ ਕੰਮ ਕਰਨ ਦੀ ਮੁਹਾਰਤ ਹੀ ਹੈ।  ਮੌਜੂਦਾ ਸਮੇਂ ਖੇਤੀ ਵਿੱਚ ਲੇਬਰ ਦੀ ਘਾਟ ਅਤੇ ਇਸ ਘਾਟ ਵਿੱਚੋਂ ਜਨਮੀਂ ਮਹਿੰਗੀ ਖੇਤ ਮਜ਼ਦੂਰੀ ਵੀ ਛੋਟੇ ਕਿਸਾਨਾਂ  ਲਈ ਜ਼ਮੀਨਾਂ ਵੇਚਣ ਦਾ ਇੱਕ ਵੱਡਾ ਕਾਰਨ ਬਣ ਚੁੱਕੀ ਹੈ।

ਜੇ ਇਹਨਾਂ ਤੱਥਾਂ ਨੂੰ ਗਹੁ ਨਾਲ ਵਾਚੀਏ ਤਾਂ ਖੇਤਾਂ ਵਿੱਚੋਂ ਮਜ਼ਦੂਰਾਂ ਨੂੰ ਬਾਹਰ ਕਰਨਾ ਕੰਪਨੀਆਂ ਦਾ ਭਾਰਤੀ ਖੇਤੀ 'ਤੇ ਕਬਜ਼ੇ ਵੱਲ ਦੂਜਾ ਅਹਿਮ ਕਦਮ ਸੀ ਜਿਹਦੇ ਵਿੱਚ ਉਹਨਾ ਨੂੰ 100 ਫੀਸਦੀ ਸਫਲਤਾ ਹਾਸਿਲ ਹੋਈ। ਇਹ ਹੀ ਕਾਰਨ ਹੈ ਕਿ ਅੱਜ ਕਿਸਾਨ ਮਜ਼ਦੂਰ ਨੂੰ ਅਤੇ ਮੁਜ਼ਦੂਰ ਕਿਸਾਨ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਣ ਲੱਗਾ ਹੈ ਹਾਲਾਂਕਿ ਕਿਸੇ ਵੇਲੇ ਕਿਸਾਨ ਅਤੇ ਮਜ਼ਦੂਰ ਦਾ ਰਿਸ਼ਤਾ ਨਹੁੰ ਤੇ ਮਾਸ ਵਾਲਾ ਹੁੰਦਾ ਸੀ। ਰੋਟੀ ਪਿੱਛੇ ਦੋ ਬਿੱਲੀਆਂ ਦੀ ਲੜ੍ਹਾਈ ਵਿੱਚ ਦੋਹਾਂ ਦੇ ਹਿੱਸੇ ਦੀ ਰੋਟੀ ਮੋਨਸੈਂਟੋ ਵਰਗੇ ਬਹੁਕੌਮੀ ਬਾਂਦਰ ਡਕਾਰ ਗਏ।  

ਵਰਤਮਾਨ ਸਮੇਂ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਸਾਡੀਆਂ ਸਰਕਾਰਾਂ ਦੇ ਨਾ-ਪਾਕ ਗਠਜੋੜ ਨੇ ਭਾਰਤੀ ਖੇਤੀ ਦਾ ਕੰਪਨੀਕਰਨ ਕਰਨ  ਦੇ ਆਪਣੇ ਕੋਝੇ ਮਨਸੂਬੇ ਜਗ ਜ਼ਾਹਿਰ ਕਰ ਦਿੱਤੇ ਹਨ। ਕੇਂਦਰ ਅਤੇ ਬਹੁਗਿਣਤੀ ਸੂਬਾ ਸਰਕਾਰਾਂ ਸਮੇਤ ਪੰਜਾਬ ਇਸ ਗੱਲ 'ਤੇ ਇੱਕ ਮਤ ਹਨ ਕਿ ਖੇਤੀ ਵਿੱਚ ਸਿਰਫ ਅਤੇ ਸਿਰਫ 15 ਫੀਸਦੀ ਲੋਕ ਹੀ ਰਹਿਣੇ ਚਾਹੀਦੇ ਹਨ। ਜੇ ਯਕੀਨ ਨਾ ਆਉਂਦਾ ਹੋਵੇ ਤਾਂ ਸਰਦਾਰਾ ਸਿੰਘ ਜੋਹਲ ਤੋਂ ਪੁੱਛ ਲਿਓ ਜਿਹਨੇ ਕਿ ਇਸ ਸਬੰਧ ਵਿੱਚ ਸਪਸ਼ਟ ਬਿਆਨ ਦਿੱਤਾ ਸੀ।

ਸਮੁੱਚੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਤਕਨੀਕ ਦੇ ਨਾਂਅ 'ਤੇ ਮੂਰਖ ਬਣਾ ਕੇ ਸਮੁੱਚਾ ਅਮਰੀਕੀ ਖੇਤੀ ਮਾਡਲ ਸਾਡੇ ਦੇਸ਼ ਵਿੱਚ ਅੰਤਿਮ ਰੂਪ ਵਿੱਚ ਲਾਗੂ ਕਰਨ ਦੀਆਂ ਸ਼ਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਸਮੁੱਚੇ ਅਮਰੀਕੀ ਖੇਤੀ ਮਾਡਲ ਦਾ ਅਰਥ ਹੈ ਹਜ਼ਾਰਾਂ ਏਕੜਾਂ ਦੇ ਖੇਤ ਜਿਹੜੇ ਕਿ ਦੇਸ਼ੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਦੀ ਮਲਕੀਅਤ ਹੋਣਗੇ ਅਤੇ ਜਿੱਥੇ ਖੇਤੀ ਦਾ ਸਾਰੇ ਕੰਮ ਪੂਰੀ ਤਰ੍ਹਾਂ ਵੱਡੀਆਂ-ਵੱਡੀਆਂ ਮਸ਼ੀਨਾਂ ਨਾਲ ਕੀਤੇ ਜਾਇਆ ਕਰਨਗੇ ਅਤੇ ਸਾਰੀ ਖੇਤੀ ਵਿੱਚ ਅੰਨ੍ਹੇਵਾਹ ਕੈਮੀਕਲ ਖਾਦਾਂ, ਕੀੜੇਮਾਰ ਅਤੇ ਨਦੀਨਨਾਸ਼ਕ ਜ਼ਹਿਰਾਂ ਦਾ ਛਿੜਕਾਅ ਹਵਾਈ ਜ਼ਹਾਜਾਂ ਨਾਲ ਕੀਤਾ ਜਾਇਆ ਕਰੇਗਾ। ਇਸ ਤਰ੍ਹਾਂ ਦਾ ਖੇਤੀ ਮਾਡਲ ਸਾਡੀ ਖੇਤੀ, ਕਿਸਾਨੀ, ਕੁਦਰਤੀ ਜੈਵ-ਭਿੰਨਤਾ, ਸਾਡੇ ਬਚੇ-ਖੁਚੇ ਵਾਤਾਵਰਨ, ਸਿਹਤਾਂ ਅਤੇ ਸਾਡੀ ਆਰਥਿਕਤਾ ਨੂੰ ਤਹਿਸ-ਨਹਿਸ਼ ਕਰ ਦੇਵੇਗਾ।

ਅੱਜ ਅਮਰੀਕਾ ਵਿੱਚ ਹਾਲਾਤ ਇਹ ਹਨ ਕਿ ਉੱਥੋਂ ਦੀਆਂ ਜੇਲਾਂ ਵਿੱਚ ਕੈਦੀਆਂ ਦੀ ਸੰਖਿਆ ਤਾਂ 70 ਲੱਖ ਹੈ ਅਤੇ ਖੇਤਾਂ ਵਿੱਚ ਕਿਸਾਨ ਸਿਰਫ 7 ਲੱਖ ਹੀ ਬਚੇ ਹਨ ਅਰਥਾਤ ਅਮਰੀਕਾ ਦੀ ਕੁੱਲ ਆਬਾਦੀ ਦਾ 1 ਫੀਸਦੀ। ਕੀ ਅਸੀਂ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨ ਦੀ ਇੱਛਾ ਰੱਖਦੇ ਹਾਂ?

         ਸਰਕਾਰਾਂ ਅਤੇ ਕੰਪਨੀਆਂ ਦੇ ਇਸ ਨਾਪਾਕ ਗਠਜੋੜ ਨੇ ਆਪਣੇ ਇਸ ਸ਼ੈਤਾਨੀ ਕਰਤੂਤ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪੇਟੈਂਟ ਸ਼ੁਦਾ ਬੀਟੀ ਬੀਜਾਂ ਜਿਹਨਾਂ ਨੂੰ ਕਿ ਸਾਂਇੰਸ ਦੀ ਭਾਸ਼ਾ ਵਿੱਚ ਜੈਨੇਟਿਕਲੀ ਮੋਡੀਫਾਈਡ ਬੀਜ ਕਿਹਾ ਜਾਂਦਾ ਨੂੰ ਆਪਣਾ ਨਿਵੇਕਲਾ ਅਤੇ ਸਟੀਕ ਹਥਿਆਰ ਬਣਾਇਆ ਹੈ। ਇਸ ਹਥਿਆਰ ਦਾ ਇਸਤੇਮਾਲ ਕਰਕੇ, ਖੇਤੀ ਵਸਤਾਂ ਦੇ ਵਪਾਰ ਵਿੱਚ ਲੱਗੀਆ ਮੋਨਸੈਂਟੋ ਵਰਗੀਆਂ ਅਨੇਕਾਂ ਹੀ ਬਹੁਕੌਮੀ ਕਾਰਪੋਰੇਸ਼ਨਾਂ ਸਮੁੱਚੀ ਦੁਨੀਆਂ ਦੇ ਹਰੇਕ ਉਸ ਬੀਜ ਨੂੰ ਕਬਜ਼ਾਉਣਾ ਚਹੁੰਦੀਆਂ ਹਨ ਜਿਹਦੇ ਤੋਂ ਕਿ ਅਜਿਹੀਆਂ ਫਸਲਾਂ ਪੈਦਾ ਹੁੰਦੀਆਂ ਹਨ ਜਿਹਨਾਂ ਦੇ ਉਤਪਾਦ ਦਾ ਇਸਤੇਮਾਲ ਖ਼ੁਰਾਕੀ ਪਦਾਰਥ ਬਣਾਊਣ ਲਈ ਕੀਤਾਂ ਜਾਂਦਾਂ ਹੈ।

ਇਸ ਵੇਲੇ ਮੋਨਸੈਂਟੋ, ਬੀਟੀ ਬੀਜ ਬਣਾਉਣ ਅਤੇ ਵੇਚਣ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਤਾਕਤਵਰ ਕੰਪਨੀ ਹੈ। ਬੀਟੀ ਬੀਜਾਂ ਦੀ 60 ਫੀਸਦੀ ਮਾਰਕੀਟ ਸਿੱਧੇ ਜਾਂ ਅਸਿੱਧੇ ਤੌਰ 'ਤੇ ਮੋਨਸੈਂਟੋ ਦੇ ਕਬਜ਼ੇ ਹੇਠ ਹੈ। ਇਸ ਨੇ ਦੁਨੀਆਂ ਭਰ ਵਿੱਚ ਮਹੀਕੋ ਵਰਗੀਆਂ ਸਥਾਨਕ ਬੀਜ ਕੰਪਨੀਆਂ ਦੀ ਹਿੱਸੇਦਾਰੀ ਖ਼ਰੀਦ ਰੱਖੀ ਹੈ। ਮੋਨਸੈਂਟੋ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਸਨੇ ਆਪਣੀ ਵੈੱਬਸਾਈਟ ਉੱਤੇ ਲਿਖਿਤ ਰੂਪ ਵਿੱਚ ਇਹ ਘੋਸ਼ਣਾ ਕੀਤੀ ਹੋਈ ਹੈ ਕਿ ਸਨ 2020 ਤੱਕ ਇਸ ਧਰਤੀ 'ਤੇ ਖ਼ੁਰਾਕੀ ਪਦਾਰਥ ਲਈ ਉਗਾਈ ਜਾਣ ਵਾਲੀ ਹਰੇਕ ਫਸਲ ਦੇ ਬੀਜਾਂ ਉੱਤੇ ਸਿਰਫ ਅਤੇ ਸਿਰਫ ਮੋਨਸੈਂਟੋ ਦਾ ਏਕਧਿਕਾਰ ਹੋਵੇਗਾ। ਮੋਨਸੈਂਟੋ ਦੀ ਇਸ ਘੋਸ਼ਣਾ ਨੂੰ “ਵਿਜ਼ਨ ਟਵੰਟੀ-ਟਵੰਟੀ” ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜਗਿਆਸੂ ਪਾਠਕ ਇੰਟਰਨੈੱਟ 'ਤੇ ਇਸ ਘੋਸ਼ਣਾ ਨੂੰ ਹੂ-ਬ-ਹੂ ਪੜ੍ਹ ਸਕਦੇ ਹਨ।

ਆਪਣੇ ਉਪਰੋਕਤ ਟੀਚੇ ਨੂੰ ਪੂਰਾ ਕਰਨ ਲਈ ਮੋਨਸੈਂਟੋ ਨੇ ਆਪਣੇ ਪੇਟੈਂਟ ਥੱਲੇ, ਮਨੁੱਖ ਸਮੇਤ ਸਮੂਹ ਜੀਵ-ਜੰਤੂਆਂ ਦੀ ਸਿਹਤ, ਵਾਤਾਵਰਨ ਅਤੇ ਜੈਵ-ਭਿੰਨਤਾ ਲਈ ਬੇਹੱਦ ਖ਼ਤਰਨਾਕ ਅਸੁਰੱਖਿਅਤ ਬੀਟੀ ਬੀਜ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਹੋਈ ਹੈ। ਜਦੋਂ ਅਸੀਂ ਬੀਟੀ ਬੀਜਾਂ ਲਈ ਬੇਹੱਦ ਖ਼ਤਰਨਾਕ ਅਤੇ ਅਸੁਰੱਖਿਅਤ ਸ਼ਬਦਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਸਾਡਾ ਭਾਵ ਹੁਣ ਤੱਕ ਦੁਨੀਆਂ ਭਰ ਵਿੱਚ ਬੀਟੀ ਬੀਜਾਂ ਅਤੇ ਫਸਲਾਂ ਦੇ ਹੁਣ ਤੱਕ ਹੋਏ ਖ਼ੁਰਾਕ ਟਰਾਇਲਾਂ ਦੇ ਉਹਨਾਂ ਇੱਕ ਹਜ਼ਾਰ ਸੁੰਤਤਰ ਅਧਿਐਨਾਂ ਤੋਂ ਹੁੰਦਾ ਹੈ ਜਿਹਨਾਂ ਵਿੱਚ ਇਹ ਸਿੱਧ ਹੋਇਆ ਹੈ ਕਿ ਬੀਟੀ ਫਸਲਾਂ ਕਿਸੇ ਵੀ ਪੱਖੋਂ ਖ਼ੁਰਾਕ ਦੇ ਤੌਰ 'ਤੇ ਨਾ ਤਾਂ ਮਨੁੱਖਾਂ ਲਈ ਅਤੇ ਨਾ ਹੀ ਜਾਨਵਰਾਂ ਅਤੇ ਨਾ ਹੀ ਵਾਤਾਵਰਨ ਲਈ ਹੀ ਸੁਰੱਖਿਅਤ ਹਨ।

ਪਰੰਤੂ ਇਸਦੇ ਬਾਵਜੂਦ ਮੋਨਸੈਂਟੋ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਉਹਨਾਂ ਦੇ ਅਮਲੇ-ਫੈਲੇ ਨਾਲ ਗੰਢ-ਤੁੱਪ ਕਰਕੇ ਉੱਥੋਂ ਦੀ ਖੇਤੀ ਵਿੱਚ ਬੀਟੀ ਬੀਜਾਂ/ਫਸਲਾਂ ਨੂੰ ਮਨਜ਼ੂਰੀ ਲਈ ਰਾਹ ਪੱਧਰੇ ਕਰਨ ਵਿੱਚ ਜੁਟੀ ਹੋਈ ਹੈ। ਮੋਨਸੈਂਟੋ ਲਈ ਇਹ ਕੋਈ ਵੱਡਾ ਕੰਮ ਨਹੀਂ ਹੈ। ਕਿਉਂਕਿ ਆਰਥਿਕ ਪੱਖੋਂ  ਮੋਨਸੈਂਟੋ ਇੰਨੀ ਕੁ ਤਾਕਤਵਰ ਕੰਪਨੀ ਹੈ ਜਿਹਦਾ ਕਿ ਸਾਲਾਨਾ ਮੁਨਾਫ਼ਾ ਹੀ ਸੰਸਾਰ ਦੇ 49 ਵਿਕਾਸਸ਼ੀਲ ਦੇਸ਼ਾਂ ਦੇ ਕੁੱਲ ਸਕਲ ਘਰੇਲੂ ਉਤਪਾਦ ਤੋਂ ਜਿਆਦਾ ਹੁੰਦਾ ਹੈ। ਉਹ ਕਿਸੇ ਨੂੰ ਵੀ ਅੱਖ ਦੇ ਫੋਰ ਵਿੱਚ ਖ਼ਰੀਦਣ ਦੀ ਹੈਸੀਅਤ ਰੱਖਦੀ ਹੈ। ਫਿਰ ਉਹ ਕਿਸੇ ਦੇਸ਼ ਦਾ ਕੇਂਦਰੀ ਖੇਤੀ ਮੰਤਰੀ ਹੋਵੇ ਜਾਂ ਫਿਰ ਜੇ ਈ ਏ ਸੀ ਵਰਗੀ ਅਜਿਹੀ ਸੰਸਥਾ ਜਿਹਦਾ ਗਠਨ ਦੇਸ਼ ਵਿੱਚ ਬੀਟੀ ਫਸਲਾਂ ਨੂੰ ਉਹਨਾਂ ਦੇ ਬਾਇਓ ਸੇਫਟੀ ਟਰਾਇਲਾਂ ਦੇ ਆਧਾਰ 'ਤੇ ਮਨਜ਼ੂਰ ਜਾਂ ਨਾ-ਮਨਜ਼ੂਰ ਕਰਨ ਲਈ ਕੀਤਾ ਗਿਆ ਹੋਵੇ। ਮੋਨਸੈਂਟੋ ਆਪਣੀ ਅੰਨ੍ਹੀ ਤਾਕਤ ਦੇ ਬਲ 'ਤੇ ਕੇਂਦਰੀ ਵਣ ਅਤੇ ਵਾਤਾਵਰਨ ਮੰਤਰਾਲੇ ਤੋਂ ਲੋਕ ਪੱਖੀ ਫੈਸਲੇ ਲੈਣ ਵਾਲੇ ਇਮਾਨਦਾਰ ਮੰਤਰੀ ਜੈ ਰਾਮ ਰਮੇਸ਼ ਦੀ ਛੁੱਟੀ ਕਰਵਾਉਣ ਦੀ ਹੈਸੀਅਤ ਵੀ ਰੱਖਦੀ ਹੈ।

ਸਾਨੂੰ ਲੱਗਦਾ ਹੈ ਕਿ ਸ਼੍ਰੀ ਜੈ ਰਾਮ ਰਮੇਸ਼ ਦੀ ਕੇਂਦਰੀ ਵਣ ਅਤੇ ਵਾਤਾਰਵਰਨ ਮੰਤਰਾਲੇ ਤੋਂ ਛੁੱਟੀ ਕਰਕੇ ਕੇਂਦਰ ਸਰਕਾਰ ਨੇ ਦੇਸ਼ ਵਿੱਚ ਬੀਟੀ ਫਸਲਾਂ ਨੂੰ ਮਨਜ਼ੂਰੀ ਦੇਣ ਵੱਲ ਇੱਕ ਹੋਰ ਕਦਮ ਵਧਾ ਲਿਆ ਹੈ। ਜੇਕਰ ਅਜਿਹਾ ਵਾਪਰ ਗਿਆ ਤਾਂ ਕਿਸਾਨਾਂ ਦੀ ਖੇਤੀ ਖੁਦਮੁਖਤਾਰੀ, ਸਾਡੀ ਖ਼ੁਰਾਕ ਸੁਰੱਖਿਆ ਅਤੇ ਦੇਸ਼ ਦੀ ਆਜ਼ਾਦੀ ਇੱਕ ਵਾਰ ਫਿਰ ਤੋਂ ਗੰਭੀਰ ਖ਼ਤਰੇ ਵਿੱਚ ਪੈ  ਜਾਵੇਗੀ। ਜਦੋਂ ਹਰੇਕ ਫਸਲ ਦੇ ਬੀਜ ਲਈ ਕਿਸਾਨ ਕੰਪਨੀਆਂ 'ਤੇ ਨਿਰਭਰ ਹੋ ਗਏ ਤਾਂ ਕੰਪਨੀਆਂ ਬੀਜਾਂ ਲਈ ਉਹਨਾਂ ਤੋਂ ਮਨਮਾਨੀ ਕੀਮਤ ਵਸੂਲਣਗੀਆਂ। ਆਪਣੀ ਮਰਜ਼ੀ ਦੇ ਅਤੇ ਜਿਹਨੂੰ ਚਹੁਣਗੀਆਂ ਬੀਜ ਦੇਣਗੀਆਂ। ਕਿਸਾਨ ਰੋਜ਼ੀ-ਰੋਟੀ ਲਈ ਕੰਪਨੀਆਂ ਦੇ ਮੁਥਾਜ ਹੋ ਜਾਣਗੇ। ਸਿੱਟੇ ਵਜੋਂ ਕਿਸਾਨ ਉਹੀ ਫਸਲਾਂ ਬੀਜਣ ਲਹੀ ਮਜ਼ਬੂਰ ਹੋ ਜਾਣਗੇ ਜਿਹੜੀਆਂ ਕਿ ਸਾਮਰਾਜਵਾਦੀ ਤਾਕਤਾਂ ਦੀਆਂ ਤੇਲ ਦੀਆਂ ਲੋੜਾਂ ਪੂਰੀਆਂ ਕਰ ਸਕਣ ਦੇ ਯੋਗ ਹੋਣਗੀਆਂ। ਸਿੱਟੇ ਵਜੋਂ ਦੇਸ਼ ਇੱਕ ਵਾਰ ਫਿਰ ਤੋਂ ਪਹਿਲਾਂ ਨਾਲੋਂ ਵੀ ਵਧੇਰੇ ਬੁਰੀ ਤਰ੍ਹਾਂ ਕੰਪਨੀਆਂ ਦਾ ਗ਼ੁਲਾਮ ਹੋ ਜਾਵੇਗਾ।

          ਇਸ ਭਿਆਨਕ ਕਿਸਮ ਦੀ ਗ਼ੁਲਾਮੀ ਦਾ ਆਗ਼ਾਜ਼ ਬਜ਼ਾਰ ਵਿੱਚ ਉਪਲਭਧ ਬੀਟੀ ਨਰਮੇ ਦੇ ਬੀਜਾਂ ਤੋਂ ਕਦ ਦਾ ਹੋ ਚੁੱਕਾ ਹੈ। ਕਿਸਾਨ ਆਪਣੇ ਦੇਸੀ ਬੀਜ ਬਿਲਕੁੱਲ ਗਵਾ ਚੁੱਕੇ ਹਨ ਅਤੇ ਨਰਮੇ ਦੀ ਖੇਤੀ ਲਈ ਬੀਜਾਂ ਵਾਸਤੇ ਉਹ ਹਰ ਪੱਖੋਂ ਬੀਟੀ ਬੀਜ ਕੰਪਨੀਆਂ 'ਤੇ ਗ਼ੁਲਾਮ  ਹੋ ਚੁੱਕੇ ਹਨ। ਕੰਪਨੀਆਂ ਕਿਸਾਨਾਂ ਤੋਂ ਮਨ-ਮਾਨੀਆਂ ਕੀਮਤਾਂ ਵਸੂਲ ਕਰ ਰਹੇ ਹਨ। ਇੱਥੋਂ ਤੱਕ ਕਿ ਕਿਸਾਨਾਂ ਨੂੰ ਉਹਨਾਂ ਦੀ ਪਸੰਦ ਦੇ ਬੀਜ ਵੀ ਨਹੀਂ ਦਿੱਤੇ ਜਾਂਦੇ। ਇਹ ਤਾਂ ਆਉਣ ਵਾਲੀ ਭਿਆਨਕ ਗ਼ੁਲਾਮੀ ਦਾ ਸੰਕੇਤ ਮਾਤਰ ਹੈ। ਕਲਪਨਾ ਕਰੋ ਜਦੋਂ ਕਿਸਾਨ ਹਰੇਕ ਬੀਜ ਲਈ ਬੀਟੀ ਬੀਜ ਕੰਪਨੀਆਂ 'ਤੇ ਨਿਰਭਰ ਹੋ ਜਾਵੇਗਾ ਉਦੋਂ ਕੀ ਹੋਵੇਗਾ?

ਜੀ.ਐੱਮ.ਫਸਲਾਂ ਖਿਲਾਫ਼ ਉੱਠੀ ਆਵਾਜ਼ ਨੂੰ ਦਬਾਉਣ ਦਾ ਕੋਝਾ ਮਨਸੂਬਾ

                   ---ਨਵੇਂ ਬਾਇਓਟੈੱਕ ਰੈਗੂਲੇਟਰ ਬਿੱਲ ਦੇ ਸੰਦਰਭ 'ਚ---

-ਓਮੇਂਦਰ ਦੱਤ

ਆਗਾਮੀ ਲੋਕ ਸਭਾ ਸ਼ੈਸ਼ਨ ਦੌਰਾਨ ਕੇਂਦਰ ਸਰਕਾਰ ਦੁਆਰਾ ਲਿਆਂਦੇ ਜਾਣ ਵਾਲੇ ਬਾਇਓਟੈੱਕ ਰੈਗੂਲੇਟਰ ਬਿੱਲ ਨੂੰ ਦੇਸ ਦੀਆਂ ਅਨੇਕਾਂ ਕਿਸਾਨ, ਸਮਾਜਿਕ, ਵਿੱਗਿਆਨਕ ਤੇ ਖਪਤਕਾਰ ਜੱਥੇਬੰਦੀਆਂ ਨੇ ਗਲਤ ਲੋਕਾਂ ਵੱਲੋਂ ਅਤੇ ਗਲਤ ਮਨਸ਼ਾ ਵਾਲਾ ਕਰਾਰ ਦਿੱਤਾ ਹੈ।।ਏਥੇ ਇਹ ਜ਼ਿਕਰਯੋਗ ਹੈ ਕਿ ਇਸ ਬਿੱਲ ਦੇ ਤਹਿਤ ਦੇਸ ਵਿੱਚ ਜੀ ਐੱਮ ਫਸਲਾਂ/ ਬੀਜਾਂ ਦੇ ਉਤਪਾਦਨ ਅਤੇ ਉਹਨਾਂ ਦੇ ਵਪਾਰ ਨੂੰ ਮਨਜ਼ੂਰੀ ਦੇਣ ਲਈ ਬਾਇਓਟੈਕਨਾਲੌਜ਼ੀ ਰੈਗੁਲਟਰ ਅਥਾਰਟੀ ਆਫ ਇੰਡੀਆ ਦੇ ਗਠਨ ਕੀਤੇ ਜਾਣ ਦੀ ਤਜ਼ਵੀਜ਼ ਰੱਖੀ ਗਈ ਹੈ।। ਪਰੰਤੂ ਬਿੱਲ ਵਿਚਲੀਆਂ ਅਨੇਕਾਂ ਗੰਭੀਰ ਖਾਮੀਆਂ ਅਤੇ ਇਹਦੇ ਪਿੱਛੇ ਦੀ ਸ਼ੱਕੀ ਮਨਸ਼ਾ ਦੇ ਮੱਦੇ ਨਜ਼ਰ ਉਪਰੋਕਤ ਜੱਥੇਬੰਦੀਆਂ ਨੇ ਦੇਸ ਲਈ ਬਿੱਲ ਵਿੱਚ ਪ੍ਰਸਤਾਵਿਤ ਅਥਾਰਟੀ ਦੀ ਥਾਂ ਰਾਸ਼ਟਰੀ ਜੈਵ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਸੁਤੰਤਰ ਨੈਸ਼ਨਲ ਬਇਓਸੇਫਟੀ ਪ੍ਰੋਟੈਕਸ਼ਨ ਅਥਾਰਟੀ ਦੇ ਗਠਨ ਦੀ ਮੰਗ ਕੀਤੀ ਹੈ।


ਜੈਨੇਟੀਕਲ ਇੰਜਨੀਅਰਿੰਗ ਅਪਰੂਵਲ ਕਮੇਟੀ ਵਿੱਚ ਸੁਪਰੀਮ ਕੋਰਟ ਦੇ ਨਿਗਰਾਨ, ਡਾ. ਪੁਸ਼ਪ ਮਿੱਤਰ ਭਾਰਗਵ ਨੇ ਬਾਇਓਟੈੱਕਨਾਲਜੀ ਵਿਭਾਗ / ਸਾਂਇੰਸ ਅਤੇ ਤਕਨਾਲੋਜੀ ਮੰਤਰਾਲੇ ਦੇ ਅਧੀਨ ਲਿਆਂਦੇ ਜਾਣ ਵਾਲੇ ਸੰਭਾਵਿਤ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਆਪਣੇ ਆਪ ਵਿੱਚ ਨਾ ਮੰਨੇ ਜਾਣ ਵਾਲੀ ਤੇ ਇਤਰਾਜ਼ਯੋਗ ਕਾਰਵਾਈ ਹੈ। ਬਾਇਓਟੈੱਕ ਰੈਗੂਲੇਟਰ ਬਿੱਲ ਦੇ ਨਵੇਂ ਖਰੜੇ ਤੋਂ ਇਹ ਸਿੱਧ ਹੁੰਦਾ ਹੈ ਕਿ ਦੇਸ ਭਰ ਵਿੱਚ ਜੀ ਐੱਮ ਫਸਲਾਂ ਖਿਲਾਫ਼ ਉੱਠੀ ਆਵਾਜ਼ ਨੂੰ ਦਬਾਉਣ ਲਈ ਬੜੀਆਂ ਭਿਆਨਕ ਧਾਰਾਵਾਂ ਵਾਲਾ ਇਹ ਬਿੱਲ ਸਿਹਤਾਂ ਅਤੇ ਵਾਤਾਵਰਣ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਬਜਾਏ ਦੇਸ ਵਿੱਚ ਜੀ ਐੱਮ ਫਸਲਾਂ ਦੀ ਮਨਜ਼ੂਰੀ ਸਬੰਧੀ ਕੰਪਨੀਆਂ ਦੀਆਂ ਅਰਜ਼ੀਆਂ ਨੂੰ ਮਨਜ਼ੂਰੀ ਲਈ ਰਾਹ ਸਾਫ ਕਰਨ ਦਾ ਹੱਥਕੰਡਾ ਮਾਤਰ ਜਾਪਦਾ ਹੈ। ਏਥੇ ਇਹ ਵੀ ਜ਼ਿਕਰਯੋਗ ਹੈ ਕਿ ਆਧੁਨਿਕ ਬਾਇਓ ਤਕਨਾਲੌਜ਼ੀ ਇੱਕ ਬਹੁਤ ਹੀ ਵਿਆਪਕ ਵਿੱਗਿਆਨ ਹੈ, ਜਿਸ ਵਿੱਚ ਇਮਿਊਨੋ ਤਕਨਾਲੌਜ਼ੀ, ਸਟੈਮ ਸੈਲ, ਨੈਨੋ ਬਾਇਓ ਤਕਨਾਲੌਜ਼ੀ ਆਦਿ ਸਮੇਤ ਵਿੱਗਿਆਨ ਦੇ ਤੀਹ ਵੱਖ-ਵੱਖ ਖੇਤਰ ਸ਼ਾਮਿਲ ਹਨ । ਜਦ ਕਿ ਪ੍ਰਸਾਤਾਵਿਤ ਬਿੱਲ ਸਿਰਫ ਜੈਨੇਟਿਕ ਇੰਜ਼ਨੀਅਰਿੰਗ ਕੇਂਦਰਤ ਹੀ ਲੱਗਦਾ ਹੈ। ਡਾ. ਪੁਸ਼ਪ ਮਿੱਤਰ ਭਾਰਗਵ ਜਿਹੜੇ ਕਿ ਸੈਂਟਰ ਫਾਰ ਸੈਲੂਲਰ ਮੌਲੀਕਿਉਲਰ ਬਾਇਓਲੌਜ਼ੀ ਦੇ ਸੰਸਥਾਪਕ ਨਿਰਦੇਸ਼ਕ ਰਹੇ ਹਨ ਦਾ ਇਹ ਵੀ ਕਹਿਣਾ ਹੈ ਕਿ ਇਸ ਬਿੱਲ ਨੂੰ ਆਧੁਨਿਕ ਬਾਇਓ ਤਕਨਾਲੌਜ਼ੀ ਦਾ ਨਿੰਯਤਰਕ ਆਖਣਾ ਗੁੰਮਰਾਹਕੁੰਨ ਅਤੇ ਬਿੱਲ ਦਾ ਖਰੜਾ ਤਿਆਰ ਕਰਨ ਵਾਲੇ ਲੋਕਾਂ ਦੀ ਅਗਿਆਨਤਾ ਦਾ ਪ੍ਰਤੱਖ ਪ੍ਰਮਾਣ ਹੈ।

ਪ੍ਰਸਤਾਵਿਤ ਬਿੱਲ ਦੀ ਧਾਰਾ-63 ਗੰਭੀਰ ਇਤਰਾਜ਼ਯੋਗ ਹੈ ਜਿਹਦੇ ਮੁਤਾਬਿਕ ਹਰੇਕ ਉਹ ਵਿਅਕਤੀ ਜਿਹੜਾ ਕਿ ਬਿਨਾਂ ਸਬੂਤ ਅਤੇ ਵਿੱਗਿਆਨਕ ਆਧਾਰ ਦੇ ਜੀ ਐੱਮ ਫਸਲਾਂ/ਪਦਾਰਥਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਲੋਕਾਂ ਨੂੰ ਸੁਚੇਤ ਕਰੇਗਾ ਜਾਂ ਸੰਬੰਧਤ ਫਸਲਾਂ ਦੇ ਸੁਰੱਖਿਅਤ ਹੋਣ ਸਬੰਧੀ ਸਵਾਲ ਖੜੇ ਕਰੇਗਾ ਉਹ ਸਜਾ ਅਤੇ ਜੁਰਮਾਨੇ ਦਾ ਭਾਗੀ ਹੋਵੇਗਾ। ਇਹ ਕੁਦਰਤ, ਵਾਤਾਵਰਣ, ਖੇਤੀ ਅਤੇ ਕਿਸਾਨ ਪੱਖੀ ਆਵਾਜ਼ ਦਾ ਗਲਾ ਘੁੱਟਣ ਦਾ ਕੋਝਾ ਸ਼ੜਿਯੰਤਰ ਹੈ ਅਤੇ ਕੰਪਨੀਆਂ ਦੇ ਹੱਕ ਵਿੱਚ ਨਿਹਾਇਤ ਹੀ ਫਾਸੀਵਾਦੀ ਪਹੁੰਚ ਵੀ। ਸਵਾਲ ਤਾਂ ਇਹ ਹੈ ਕਿ ਜੀ ਐੱਮ ਫਸਲਾਂ ਦੀ ਸੁਰੱਖਿਆ ਸਬੰਧੀ ਸਵਾਲ ਖੜੇ ਕਰਨਾ, ਗੁੰਮਰਾਹਕੁੰਨ ਹੈ ਇਹ ਗੱਲ ਕਿਹੜੇ ਆਧਾਰ 'ਤੇ ਅਤੇ ਕਿਸ ਦੁਆਰਾ ਤੈਅ ਕੀਤੀ ਜਾਵੇਗੀ।। ਜਦ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੀਆਂ ਕੰਪਨੀਆਂ ਜਾਂ ਜੋ ਲੋਕ ਬਿਨਾ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤਿਆਂ ਅਜਿਹੀਆਂ ਫਸਲਾਂ, ਬੀਜ਼ਾਂ ਜਾਂ ਤਕਨਾਲੌਜ਼ੀ ਨੂੰ ਬਾਜ਼ਾਰ ਵਿੱਚ ਉਤਾਰਦੀਆਂ ਹਨ, ਪ੍ਰਸਾਤਵਿਤ ਬਿੱਲ ਤਹਿਤ ਉਹਨਾਂ ਖਿਲਾਫ਼ ਕਾਰਵਾਈ ਦਾ ਪ੍ਰਾਵਧਾਨ ਰੱਖਿਆ ਜਾਂਦਾ। ਪਰ ਇਸਦੀ ਬਜਾਏ ਜਿਹੜੇ ਲੋਕ ਸਿਹਤਾਂ, ਵਾਤਾਵਰਣ ਅਤੇ ਜੈਵ ਸੁਰੱਖਿਆ ਲਈ ਚਿੰਤਤ ਹਨ ਉਹਨਾਂ ਦੀ ਆਵਾਜ਼ ਨੂੰ ਦਬਾਉਣ ਅਤੇ ਉਹਨਾਂ ਨੂੰ ਪ੍ਰੇਸ਼ਾਨ ਕਰਨ ਦੇ ਕਾਨੂੰਨੀ ਤਰੀਕੇ ਘੜੇ ਜਾ ਰਹੇ ਨੇ।।

ਇਹ ਬਾਇਓਟੈਕ ਰੈਗੁਲੇਟਰ ਬਿੱਲ ਉਸ ਬਾਇਓਤਕਨਾਲੌਜ਼ੀ ਵਿਭਾਗ ਦੁਆਰਾ ਹੀ ਲਿਆਂਦਾ ਜਾ ਰਿਹਾ ਹੈ ਜਿਹਦਾ ਗਠਨ ਹੀ ਜੀ ਐੱਮ ਫਸਲਾਂ ਨੂੰ ਹਰ ਹੀਲੇ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ।। ਹਾਲ ਹੀ ਵਿੱਚ ਜਿਹੜੀ ਬਹਿਸ ਬੀਟੀ ਬੈਂਗਣ ਦੁਆਲੇ ਖੜੀ ਹੋਈ, ਉਸਨੂੰ ਦਰਕਿਨਾਰ ਕਰਦੇ ਹੋਏ ਜੀ ਐੱਮ ਫਸਲਾਂ ਨੂੰ ਹਰ ਹਰਬੇ ਬਜ਼ਾਰ 'ਚ Àਤਾਰਨ ਦੇ ਕੰਪਨੀਆਂ ਦੇ ਏਜੰਡੇ ਨੂੰ ਲਾਗੂ ਕਰਨਾ ਹੀ ਇਸ ਬਿੱਲ ਦਾ ਮੁੱਖ ਮਕਸਦਾ ਪ੍ਰਤੀਤ ਹੁੰਦਾ ਹੈ।। ਬੀਟੀ ਬੈਂਗਣ ਜਿਹੀ ਫਸਲ ਜਿਹੜੀ ਕਿ ਦੁਨੀਆਂ ਦੀ ਪਹਿਲੀ ਅਜਿਹੀ ਜੀਨ ਪਰਿਵਰਤਿਤ ਸਬਜ਼ੀ ਸੀ ਜਿਸ ਵਿੱਚ ਇੱਕ ਬੈਕਟੀਰੀਆ ਦਾ ਜੀਨ ਪਾਇਆ ਗਿਆ ਸੀ, ਦੇ ਮੁੱਦੇ 'ਤੇ ਦੇਸ ਭਰ ਵਿੱਚ ਛਿੜੀ ਬਹਿਸ ਨੇ ਅਸਲ ਵਿੱਚ ਇਸ ਗੱਲ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ ਕਿ ਭਾਰਤ ਵਿੱਚ ਇਸ ਮਾਮਲੇ 'ਚ ਇੱਕ ਅਜਿਹੇ ਨਿਯੰਤਰਕ ਦੀ ਲੋੜ ਹੈ ਜਿਸ ਉੱਤੇ ਆਮ ਲੋਕ ਇਹ ਭਰੋਸਾ ਕਰ ਸਕਣ ਕਿ ਉਹ ਉਹਨਾਂ ਦੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਕਰੇਗਾ।। ਸਮੇਂ ਦਾ ਤਕਾਜ਼ਾ ਹੈ ਕਿ ਸਰਕਾਰ, ਮੁਨਾਫ਼ਾ ਕਮਾਉਣ ਦੀ ਹਵਸ ਵਿੱਚ ਗਲਤਾਨ ਕੰਪਨੀਆਂ ਦੇ ਉਤਪਾਦਾਂ ਨੂੰ ਬਾਜ਼ਾਰ ਵਿੱਚ ਉਤਾਰਨ ਲਈ ਇੱਕ ਹੋਰ ਸਹਾਇਕ ਜਾਂ ਵਿਚੋਲੇ ਦੀ ਥਾਂ 'ਤੇ ਦੇਸ ਦੀ ਜੈਵ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀ ਨੈਸ਼ਨਲ ਬਾਇਓ-ਸੇਫਟੀ ਪ੍ਰੋਟੈਕਸ਼ਨ ਅਥਾਰਟੀ ਦਾ ਗਠਨ ਕਰੇ। ਪਿਛਲੇ ਕੁੱਝ ਸਮੇਂ ਦੌਰਾਨ ਦੇਸ ਭਰ ਵਿੱਚ ਜੀ ਐੱਮ ਫਸਲਾਂ ਵਿਰੁੱਧ ਉਠੀਆਂ ਜੋਰਦਾਰ ਆਵਾਜ਼ਾਂ ਅਤੇ ਵੱਡੇ ਪੱਧਰ 'ਤੇ ਹੋਈ ਲੋਕ ਲਾਮਬੰਦੀ ਇਸ ਗੱਲ ਦਾ ਸੰਕੇਤ ਹੈ ਕਿ ਪ੍ਰਸਤਾਵਿਤ ਬਾਇਓ ਤਕਨਾਲੌਜ਼ੀ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵਰਗੀ ਕਿਸੇ ਵੀ ਸੰਸਥਾ ਦੀ ਆੜ ਵਿੱਚ ਚੋਰ ਦਰਵਾਜਿਓਂ ਜੀ ਐਮ ਫਸਲਾਂ ਦੀ ਆਮਦ ਦਾ ਕਰੜਾ ਵਿਰੋਧ ਹੋਵੇਗਾ।

ਪ੍ਰਸਤਾਵਿਤ ਅਥਾਰਟੀ ਸੁਬਾਈ ਸਰਕਾਰਾਂ ਦੇ ਖੇਤੀ ਉੱਤੇ ਸੰਵਿਧਾਨਕ ਨਿਯੰਤਰਣ ਨੂੰ ਖਤਮ ਕਰਦੇ ਹੋਏ ਚੰਦ ਤਕਨੀਕੀ ਲੋਕਾਂ ਦੇ ਹੱਥ 'ਚ ਹੀ ਫੈਸਲੇ ਲੈਣ ਦਾ ਅਧਿਕਾਰ ਮਹਿਦੂਦ ਕਰ ਦਿੰਦੀ ਹੈ, ਜਦ ਕਿ ਜੀ ਐੱਮ ਪਦਾਰਥਾਂ ਦੀ ਸਾਡੇ ਖ਼ੁਰਾਕ ਅਤੇ ਖੇਤੀ ਵਿੱਚ ਆਮਦ ਦਾ ਮੁੱਦਾ ਸਿਰਫ ਅਤੇ ਸਿਰਫ ਤਕਨੀਕੀ ਹੀ ਨਹੀਂ ਸਗੋਂ ਇਸ ਦੇ ਸਿਹਤਾਂ, ਵਾਤਾਵਰਣ ਅਤੇ ਜੈਵ ਸੁਰੱਖਿਆ ਵਰਗੇ ਹੋਰਨਾਂ ਅਨੇਕਾਂ ਪਹਿਲੂ ਅਤੇ ਸਰੋਕਾਰ ਵੀ ਹਨ। ਪ੍ਰਸਾਤਵਿਤ ਬਿੱਲ ਵਾਤਾਵਰਣਕ ਸੁਰੱਖਿਆ ਅਤੇ ਕਿਸਾਨੀਂ ਦੀ ਸਥਾਈ ਆਰਥਿਕਤਾ ਨੂੰ ਸਿਰੇ ਤੋਂ ਨਜ਼ਰਅੰਦਾਜ਼ ਕਰਦਾ ਹੈ।  ਭਾਰਤ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ 2004 ਵਿੱਚ ਐਗਰੀਕਲਚਰ ਬਾਇਓ ਤਕਨਾਲੌਜ਼ੀ ਲਈ ਗਠਿਤ ਕੀਤੀ ਗਈ ਟਾਸਕ ਫੋਰਸ ਦੀ ਰਿਪੋਰਟ ਵਿੱਚ ਸਾਫ ਆਖਿਆ ਗਿਆ ਹੈ ਕਿ ਵਾਤਾਵਰਣ ਦੀ ਸੁਰੱਖਿਆ, ਕਿਸਾਨ ਪਰਿਵਾਰਾਂ ਦੀ ਭਲਾਈ, ਖੇਤੀ ਪ੍ਰਣਾਲੀਆਂ ਦਾ ਵਾਤਾਵਰਣੀ ਅਤੇ ਆਰਥਿਕ ਟਿਕਾਊਪਣ, ਖਪਤਕਾਰਾਂ ਦੀ ਸਿਹਤ ਅਤੇ ਪੋਸ਼ਣ ਸੁਰੱਖਿਆ, ਵਿਦੇਸ ਅਤੇ ਘਰੇਲੂ ਵਪਾਰ ਦੇ ਹਿਤਾਂ ਦੀ ਸੁਰੱਖਿਆ ਅਤੇ ਦੇਸ ਦੀ ਜੈਵ ਸੁਰੱਖਿਆ ਦਾ ਖਿਆਲ ਰੱਖਣਾ ਕਿਸੇ ਵੀ ਪ੍ਰਸਤਾਵਿਤ ਬਾਇਓਤਕਨਾਲੌਜ਼ੀ ਰੈਗੂਲੇਟਰੀ ਪਾਲਿਸੀ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ।। ਪਰ ਲੱਗਦਾ ਹੈ ਭਾਰਤ ਸਰਕਾਰ ਇਹਨਾਂ ਸਰੋਕਾਰਾਂ ਨੂੰ ਭੁੱਲ ਚੁੱਕੀ ਹੈ। ਜਿਸ ਕਾਰਨ ਇਹ ਸਾਰੇ ਅਹਿਮ ਪਹਿਲੂਆਂ ਅਤੇ ਸਰੋਕਾਰਾਂ ਨੂੰ ਪ੍ਰਸਤਾਵਿਤ ਬਿੱਲ 'ਚ ਕੋਈ ਸਥਾਨ ਨਹੀਂ ਦਿੱਤਾ ਗਿਆ। ਇਸ ਬਿੱਲ ਤਹਿਤ ਜੀ ਐਮ ਜਾਂ ਬੀਟੀ ਫਸਲਾਂ ਨੂੰ ਵਿਕਸਤ ਕਰਨ ਵਾਲੀਆਂ ਕੰਪਨੀਆਂ ਨੂੰ ਆਪਣੀ ਗੁਪਤ ਵਪਾਰਕ ਜਾਣਕਾਰੀ ਨੂੰ ਗੁਪਤ ਹੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ ਜਿਹਦੇ ਤਹਿਤ ਉਹ ਜੀ ਐੱਮ ਫਸਲਾਂ ਉੱਤੇ ਕੀਤੇ ਗਏ ਪ੍ਰਯੋਗਾਂ ਦੇ ਨਤੀਜ਼ੇ, ਉਹਨਾਂ ਦੇ ਵਿੱਗਿਆਨਕ ਅੰਕੜੇ ਅਤੇ ਜਾਣਕਾਰੀਆਂ ਜਨਤਕ ਨਾ ਕਰਨ ਲਈ ਆਜ਼ਾਦ ਹੋਣਗੀਆਂ। ਜ਼ਿਕਰਯੋਗ ਹੈ ਕਿ ਬੀਟੀ ਬੈਂਗਣ ਸਬੰਧੀ ਬਾਇਓਸੇਫਟੀ ਨਾਲ ਜੁੜੀਆਂ ਜਾਣਕਾਰੀਆਂ ਲੈਣ ਲਈ ਸਮਾਜਿਕ ਸੰਗਠਨਾਂ ਨੂੰ ਸੂਚਨਾ ਦੇ ਅਧਿਕਾਰ ਤਹਿਤ ਲੰਬੀ ਲੜ੍ਹਾਈ ਲੜਨੀ ਪਈ ਸੀ। ਇਸ ਪਿਛੋਕੜ ਨੂੰ ਦੇਖਦੇ ਹੋਏ ਚਾਹੀਦਾ ਤਾਂ ਇਹ ਸੀ ਕਿ ਸਬੰਧਤ ਫਸਲਾਂ ਦੇ ਬਾਇਓਸੇਫਟੀ ਟੈਸਟਾਂ ਨਾਲ ਜੁੜੀ ਸਾਰੀ ਜਾਣਕਾਰੀ ਨੂੰ ਜਨਤਕ ਕਰਨਾ ਜ਼ਰੂਰੀ ਕੀਤਾ ਜਾਂਦਾ, ਜਿਹੜੀ ਕਿ ਕਿਸੇ ਵੀ ਸੁਤੰਤਰ ਵਿੱਗਿਆਨਕ ਅਧਿਐਨ ਅਤੇ ਲੋਕਾਂ ਦੀ ਪੜਚੋਲ ਲਈ ਉਪਲਭਧ ਹੋਣੀ ਚਾਹੀਦੀ ਹੈ।। ਪਰ ਇਸ ਬਿੱਲ ਵਿੱਚ ਤਜ਼ਵੀਜ਼ ਕੀਤੀਆਂ ਧਾਰਾਵਾਂ ਨੂੰ ਵੇਖ ਕੇ ਲੱਗਦਾ ਹੈ ਕਿ ਕਾਨੂੰਨ, ਪੂਰੀ ਤਰ੍ਹਾਂ ਕੰਪਨੀਆਂ ਦੇ ਹਿੱਤ ਸਾਧਣ ਲਈ ਹੀ ਬਣਾਏ ਗਏ ਹਨ ਅਤੇ ਜਿਹੜੇ ਲੋਕਾਂ ਨੇ ਸਬੰਧਤ ਫਸਲਾਂ / ਪਦਾਰਥਾਂ ਦੀ ਖਪਤ ਕਰਨੀ ਹੈ ਉਹਨਾਂ ਤੋਂ ਜੀ ਐੱਮ ਫਸਲਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਗੁਪਤ ਰੱਖੇ ਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।। ਇਹ ਭੋਜਨ ਸਬੰਧੀ ਸਾਡੇ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਇਹ ਬਿੱਲ ਕੰਪਨੀਆਂ ਦੁਆਰਾ ਵਿਕਸਤ ਕੀਤੇ ਗਏ ਜੀ ਐਮ ਬੀਜਾਂ/ਫਸਲਾਂ ਦੁਆਰਾ ਗੈਰ ਜੀ ਐੱਮ ਫਸਲਾਂ ਉੱਤੇ ਪੈਣ ਵਾਲੇ ਸੰਭਾਵਿਤ ਦੁਰਪ੍ਰਭਾਵਾਂ, ਮਨਜ਼ੂਰੀ ਤੋਂ ਪਹਿਲਾਂ ਬੀਜਾਂ ਦੇ ਮਾਰਕਿਟ ਵਿੱਚ ਆਉਣ ਅਤੇ ਜੀ ਐਮ ਫਸਲਾਂ ਦੇ ਭਵਿੱਖ ਵਿੱਚ ਮਨੁੱਖੀ ਸਿਹਤ ਅਤੇ ਵਾਤਾਵਰਣ ਉੱਪਰ ਪੈ ਸਕਣ ਵਾਲੇ ਹਾਨੀਕਾਰਕ ਅਸਰਾਂ ਵਾਸਤੇ ਸਬੰਧਤ ਕੰਪਨੀਆਂ ਦੀ ਜਿੰਮੇਦਾਰੀ ਤੈਅ ਨਹੀਂ ਕਰਦਾ।
ਬਾਇਓਸੇਫਟੀ ਟੈਸਟਾਂ ਅਤੇ ਜੀ ਐਮ ਉਤਪਾਦਾਂ ਦੀ ਨਿਰਮਿਤੀ ਨਾਲ ਜੁੜੀ ਹਰ ਪ੍ਰਕਿਰਿਆ ਸਬੰਧੀ ਸਾਰੀ ਜਾਣਕਾਰੀ ਪੂਰੀ ਤਰ੍ਹਾ ਜਨਤਕ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਨਾ ਕਿ ਇਸ ਜਾਣਕਾਰੀ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਪ੍ਰਸਤਾਵਿਤ ਬਾਇਓ ਤਕਨਾਲੌਜ਼ੀ ਰੈਗੂਲੇਟਰੀ ਅਥਾਰਟੀ ਦੇ ਚੰਦ ਅਧਿਕਾਰੀਆਂ 'ਤੇ ਛੱਡ ਦਿੱਤਾ ਜਾਵੇ।। ਜੀ ਐੱਮ ਫਸਲਾਂ/ਬੀਜਾਂ ਦੇ ਉਤਪਾਦਨ ਨਾਲ ਜੁੜੇ ਸੰਭਾਵਿਤ ਖ਼ਤਰਿਆਂ ਦਾ ਮੁਲਾਂਕਣ ਕਰਨ ਲਈ ਅਜਿਹੀ ਪ੍ਰਣਾਲੀ ਅਪਣਾਈ ਜਾਣੀ ਚਾਹੀਦੀ ਹੈ ਜਿਸ ਵਿੱਚ ਜੀ ਐਮ ਫਸਲ ਜਾਂ ਉਤਪਾਦ ਵਿਕਸਤ ਕਰਨ ਵਾਲੀ ਕੰਪਨੀ ਵੱਲੋਂ ਸੌਂਪੇ ਗਏ ਬਾਇਓਸੇਫਟੀ ਡੋਜ਼ੀਅਰ ਦੀ ਸੁਤੰਤਰ ਵਿੱਗਿਆਨਕ ਜਾਂਚ, ਉਸਦੇ ਪਾਰਦਰਸ਼ੀ ਮੁਲਾਂਕਣ ਅਤੇ ਜ਼ਰੂਰੀ ਜਨਤਕ ਪੜਚੋਲ ਕਰਨ ਦੀ ਵਿਵਸਥਾ ਲਾਜ਼ਮੀ ਹੋਵੇ। ਇਸਦੇ ਨਾਲ ਹੀ ਪ੍ਰਸਤਾਵਿਤ ਅਥਾਰਟੀ ਕੋਲ ਅਜਿਹੇ ਟੈਸਟ ਕਰਨ ਦੀ ਸਮਰਥਾ ਅਤੇ ਅਧਿਕਾਰ ਵੀ ਹੋਣਾ ਚਾਹੀਦਾ ਹੈ ਤਾਂ ਕਿ ਉਹ ਕੰਪਨੀਆਂ ਵੱਲੋਂ ਸੌਂਪੇ ਗਏ ਅੰਕੜਿਆਂ ਨੂੰ ਆਪਣੇ ਤੌਰ 'ਤੇ ਇੱਕ ਨਿਰਪੱਖ ਪ੍ਰਯੋਗਸ਼ਾਲਾ ਵਿੱਚ ਪਰਖ ਸਕੇ ਅਤੇ ਜੇਕਰ ਕੰਪਨੀ ਦੁਆਰਾ ਉਪਲਭਧ ਕਰਾਈ ਗਈ ਜਾਣਕਾਰੀ ਪਰਖ ਦੌਰਾਨ ਗਲਤ ਸਿੱਧ ਹੁੰਦੀ ਹੈ ਤਾਂ ਅਥਾਰਟੀ ਕੰਪਨੀ ਵਿਰੁੱਧ ਸਖਤ ਕਾਰਵਾਈ ਕਰਨ ਲਈ ਸੁਤੰਤਰ ਹੋਣੀ ਚਾਹੀਦੀ ਹੈ।  ਹੁਣ ਜਦੋਂਕਿ ਕੇਂਦਰ ਸਰਕਾਰ ਵੱਲੋਂ ਇਹ ਪ੍ਰਸਤਾਵਿਤ ਬਿੱਲ ਆਗਾਮੀ ਸ਼ੈਸ਼ਨ ਦੌਰਾਨ ਲੋਕ ਸਭਾ ਵਿੱਚ ਰੱਖੇ ਜਾਣ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ, ਅਸੀਂ ਖੇਤੀ ਵਿਰਾਸਤ ਮਿਸ਼ਨ ਅਤੇ ਅਲਾਂਇਸ ਫਾਰ ਜੀ ਐੱਮ ਫਰੀ ਐਂਡ ਸੇਫ ਫੂਡ ਦੀਆਂ ਹੋਰਨਾਂ ਭਾਈਵਾਲ ਜੱਥੇਬੰਦੀਆਂ ਵੱਲੋਂ ਲੋਕ ਸਭਾ ਦੇ ਸਮੂਹ ਮੈਂਬਰਾਂ ਨੂੰ ਅਪੀਲ ਕਰਦੇ ਹ ਕਿ ਉਹ ਖੇਤੀ, ਵਾਤਾਵਰਣ, ਖ਼ੁਰਾਕ ਅਤੇ ਬੀਜਾਂ ਦੀ ਖੁਦਮੁਖਤਿਆਰੀ ਦੇ ਮੱਦੇ ਨਜ਼ਰ ਜਨਹਿਤ ਵਿੱਚ ਸਹੀ ਅਤੇ ਸਟੀਕ ਫੈਸਲਾ ਲੈ ਕੇ ਪ੍ਰਸਤਾਵਿਤ ਬਾਇਓਟੈੱਕ ਰੈਗੂਲੇਟਰ ਬਿੱਲ ਨੂੰ ਨਾਮਨਜ਼ੂਰ ਕਰਦੇ ਹੋਏ ਦੇਸ ਪ੍ਰਤੀ ਆਪਣੇ ਕਰਤਵ ਨੂੰ ਇਮਾਨਦਾਰੀ ਨਾਲ ਪੂਰਾ ਕਰਨ।

*ਕਾਰਜਕਾਰੀ ਨਿਰਦੇਸ਼ਕ

ਖੇਤੀ ਵਿਰਾਸਤ ਮਿਸ਼ਨ, ਜੈਤੋ

ਕੁਦਰਤੀ ਖੇਤੀ - ਖੋਜ਼ ਮੁਤਾਬਿਕ ਕੁਦਰਤੀ ਖੇਤੀ ਨੇ ਹਰ ਪੱਖੋਂ ਰਸਾਇਣਕ ਖੇਤੀ ਨੂੰ ਦਿੱਤੀ ਭਾਂਜ


ਅਮਰੀਕਾ ਦੇ ਰੋਡਲ ਇੰਸਟੀਚਿਊਟ ਦਾ ਅਧਿਐਨ
ਅਮਰੀਕਾ ਦੇ ਰੋਡਲ ਇੰਸਟੀਚਿਊਟ ਦੇ ਫਾਰਮਿੰਗ ਸਿਸਟਮ ਟ੍ਰਾਇਲ ਤਹਿਤ ਕੀਤੇ ਗਏ 30 ਸਾਲ ਲੰਬੇ ਤਜ਼ਰਬਿਆਂ ਦਾ ਨਿਚੋੜ ਇਹ ਹੈ ਕਿ ਜੈਵਿਕ ਜਾਂ ਕੁਦਰਤੀ ਖੇਤੀ ਝਾੜ ਪੱਖੋਂ ਰਸਾਇਣਿਕ ਖੇਤੀ ਤੋਂ ਨਾ ਸਿਰਫ ਅੱਗੇ ਹੈ ਬਲਕਿ ਉਹ ਰਸਾਇਣਿਕ ਖੇਤੀ ਦੇ ਮੁਕਾਬਲੇ ਜ਼ਿਆਦਾ ਮੁਨਾਫਾ ਵੀ ਦਿੰਦੀ ਹੈ। 1981 ਤੋਂ ਸ਼ੁਰੂ ਹੋਏ ਇਸ ਅਧਿਐਨ ਦੇ ਮੁਤਾਬਿਕ ਕੁਦਰਤੀ ਖੇਤੀ ਝਾੜ  ਪੱਖੋਂ ਚੰਗੀ ਲਾਹੇਵੰਦ ਰਹੀ ਹੈ ਅਤੇ ਸੋਕੇ ਦੇ ਸਾਲਾਂ ਵਿੱਚ ਕੁਦਰਤੀ ਖੇਤੀ ਨੇ ਰਸਾਇਣਿਕ ਖੇਤੀ ਨੂੰ ਖਾਸਾ ਪਿੱਛੇ ਛੱਡ ਦਿੱਤਾ। ਜੋ ਹੋਰ ਮਹੱਤਵਪੂਰਨ ਤੱਥ ਸਾਹਮਣੇ ਆਏ ਹਨ ਉਹਨਾਂ ਮੁਤਾਬਿਕ ਕੁਦਰਤੀ ਖੇਤੀ ਨੇ ਮਿੱਟੀ ਦੇ ਵਿੱਚ ਜੈਵਿਕ ਮਾਦੇ ਦਾ ਵਾਧਾ ਕੀਤਾ ਹੈ ਅਤੇ ਉਸਨੂੰ ਹੋਰ ਟਿਕਾਊ ਬਣਾਇਆ ਹੈ। ਊਰਜਾ ਖ਼ਪਤ ਵਾਲੇ ਮਾਮਲੇ ਵਿੱਚ ਕੁਦਰਤੀ ਖੇਤੀ ਨੇ 45% ਘੱਟ ਊਰਜਾ ਦੀ ਖ਼ਪਤ ਕਰਦੇ ਹੋਏ  ਵੱਧ ਕਾਰਜਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਦੂਜੇ ਪਾਸੇ ਰਸਾਇਣਿਕ ਖੇਤੀ ਨੇ 40% ਜ਼ਿਆਦਾ ਗ੍ਰੀਨ ਹਾਊਸ ਗੈਸਾਂ ਪੈਦਾ ਕੀਤੀਆਂ। ਜ਼ਿਕਰਯੋਗ ਹੈ ਕਿ ਇਹ ਗੈਸਾਂ ਭੂਮੰਡਲੀ ਤਪਸ਼ ਵਿੱਚ ਵਾਧੇ ਦਾ ਇੱਕ ਵੱਡਾ ਕਾਰਨ ਹਨ। ਇਸ ਅਧਿਐਨ ਦੀ ਰਿਪੋਰਟ ਨੂੰ ਜਾਰੀ ਕਰਦੇ ਹੋਏ ਰੋਡਲ ਇੰਸਟੀਚਿਊਟ ਨੇ ਟਿੱਪਣੀ ਕੀਤੀ ਕਿ ਕੁਦਰਤੀ ਖੇਤੀ ਅਜੋਕੇ ਸਮੇਂ ਦੇ ਨਾਲ-ਨਾਲ ਪਰਿਵਰਤਨਸ਼ੀਲ ਭਵਿੱਖ ਵਿੱਚ ਸਾਨੂੰ ਰੋਟੀ ਖਵਾਉਣ ਵਿੱਚ ਵੀ ਜ਼ਿਆਦਾ ਸਮਰੱਥ ਹੈ।
ਇਸ ਤਜ਼ਰਬੇ ਤਹਿਤ ਕੁਦਰਤੀ ਖੇਤੀ ਅਤੇ ਰਸਾਇਣਿਕ ਖੇਤੀ ਦੇ ਖੇਤ ਨਾਲ ਨਾਲ ਬਣਾਏ ਗਏ ਅਤੇ ਉਹਨਾਂ ਦਾ ਲਗਾਤਾਰ ਮੁਲਾਂਕਣ ਸ਼ੁਰੂ ਕੀਤਾ ਗਿਆ।  ਤਜ਼ਰਬੇ ਤਹਿਤ ਮੱਕੀ ਅਤੇ ਸੋਇਆਬੀਨ ਨੂੰ ਤਜ਼ਰਬੇ ਲਈ ਚੁਣਿਆ ਗਿਆ। ਵਿਗਿਆਨਕਾਂ ਨੇ ਪਾਇਆ ਕਿ ਕੁਦਰਤੀ ਖੇਤੀ ਵਿੱਚ ਸ਼ੁਰੂਆਤੀ ਸਾਲਾਂ ਦੇ ਦੌਰਾਨ ਝਾੜ ਘਟਿਆ ਪਰ ਛੇਤੀ ਹੀ ਕੁਦਰਤੀ ਖੇਤੀ ਨੇ ਨਾ ਸਿਰਫ਼ ਰਸਾਇਣਿਕ ਖੇਤੀ ਦੇ ਬਰਾਬਰ ਝਾੜ ਲਿਆਂਦਾ ਬਲਕਿ ਫਿਰ ਉਹ ਉਸਨੂੰ ਪਿੱਛੇ ਵੀ ਛੱਡ ਗਈ। ਤਜ਼ਰਬੇ ਦੇ ਤਹਿਤ ਰੂੜ੍ਹੀ ਅਤੇ ਗੋਬਰ ਦੀ ਖਾਦ 'ਤੇ ਆਧਾਰਿਤ ਕੁਦਰਤੀ ਖੇਤੀ ਸਿਸਟਮ ਅਤੇ ਦੂਜਾ ਦੋ ਦਲਿਆਂ ਨਾਲ ਨਾਈਟ੍ਰੋਜ਼ਨ ਦੀ ਜ਼ਰੂਰਤ ਪੂਰੀ ਕਰਨ ਵਾਲਾ ਅਤੇ ਤੀਜਾ ਰਸਾਇਣਿਕ ਆਗਤਾਂ ਯਾਨੀ ਕੀਟਨਾਸ਼ਕ, ਉੱਲੀਨਾਸ਼ਕ ਅਤੇ ਨਦੀਨਨਾਸ਼ਕ ਉੱਤੇ ਆਧਾਰਿਤ ਰਸਾਇਣਿਕ ਖੇਤੀ ਦੇ ਮਾਡਲਾਂ ਦੀ ਜਾਂਚ ਕੀਤੀ ਗਈ।
ਅਧਿਐਨ ਦੇ ਮੁਤਾਬਿਕ ਕੁਦਰਤੀ ਖੇਤੀ ਦਾ ਫਸਲੀ ਚੱਕਰ ਜ਼ਿਆਦਾ ਵਿਭਿੰਨਤਾ ਪੂਰਨ ਸੀ ਜਿਸ ਦਾ ਨਤੀਜਾ ਇਹ ਕੱਢਿਆ ਗਿਆ ਕਿ ਰਸਾਇਣਿਕ ਖੇਤੀ ਜ਼ਿਆਦਾ ਮੱਕੀ ਜਾਂ ਸੋਇਆਬੀਨ ਇਸ ਲਈ ਪੈਦਾ ਕਰਦੀ ਹੈ ਕਿ ਉਹ ਫ਼ਸਲੀ ਚੱਕਰ ਵਿੱਚੋਂ ਜ਼ਿਆਦਾ ਵਾਰ ਉਗਾਏ ਜਾਂਦੇ ਹਨ। ਜਦਕਿ ਕੁਦਰਤੀ ਖੇਤੀ ਜ਼ਿਆਦਾ ਵਿਵਿਧਤਾਪੂਰਨ ਹੋਣ ਕਰਕੇ ਆਪਣੀ ਵਿਭਿੰਨਤਾ ਕਰਕੇ ਜ਼ਿਆਦਾ ਪੌਸ਼ਟਿਕ ਖੁਰਾਕ ਦੇਣ ਵਿੱਚ ਕਾਮਯਾਬ ਰਹੀ। ਖਾਸ ਕਰਕੇ ਖਰਾਬ ਮੌਸਮ ਦੇ ਦੌਰਾਨ ਵੀ ਇਸਦੀ ਉਤਪਾਦਕਤਾ ਵੀ ਜ਼ਿਆਦਾ ਪਾਈ ਗਈ।
ਕੁਦਰਤੀ ਖੇਤੀ ਵਧਾਉਂਦੀ ਹੈ ਭੂਮੀ ਦੀ ਉਪਜਾਊ ਸ਼ਕਤੀ:


ਇੱਕ ਹੋਰ ਮਹੱਤਵਪੂਰਨ ਤੱਥ ਸਾਹਮਣੇ ਆਇਆ ਹੈ ਕਿ ਰੂੜ੍ਹੀ- ਗੋਹੇ ਦੀ ਖਾਦ ਵਾਲੇ ਸਿਸਟਮ ਦੇ ਤਹਿਤ ਮਿੱਟੀ ਵਿੱਚ ਕਾਰਬਨ ਤੱਤ ਦਾ ਸਭ ਤੋਂ ਜ਼ਿਆਦਾ ਵਾਧਾ ਹੋਇਆ, ਦੂਜੇ ਸਥਾਨ ਉੱਤੇ ਦੋ ਦਲੀਆਂ ਵਾਲਾ ਸਿਸਟਮ ਰਿਹਾ ਪਰ ਰਸਾਇਣਿਕ ਖੇਤੀ ਵਾਲੇ ਸਿਸਟਮ ਵਿੱਚ ਕਾਰਬਨ ਵਧਣ ਦੀ ਬਜਾਏ ਘਟ ਗਿਆ। ਕੁਦਰਤੀ ਖੇਤੀ ਵਾਲੇ ਖੇਤਾਂ ਵਿੱਚ ਇਹ ਪਾਇਆ ਗਿਆ ਕਿ ਉੱਥੇ ਪੌਦਿਆਂ ਲਈ ਜ਼ਿਆਦਾ ਖ਼ੁਰਾਕ ਉਪਲਬਧ ਹੈ, ਮਿੱਟੀ ਦੇ ਕਣ ਆਪਸ ਵਿੱਚ ਜ਼ਿਆਦਾ ਚੰਗੀ ਤਰ੍ਹਾ ਜੁੜੇ ਹਨ, ਮਿੱਟੀ ਦਾ ਤਾਪਮਾਨ ਅਤੇ ਸੂਖ਼ਮ ਜੀਵਾਣੂਆਂ ਲਈ ਜ਼ਿਆਦਾ ਭੋਜਨ ਉਪਲਬਧ ਹੈ। ਕੁਦਰਤੀ ਖੇਤੀ ਵਾਲੇ ਖੇਤਾਂ ਦੀ ਮਿੱਟੀ ਕਾਲੀ, ਗਾੜ੍ਹੇ ਰੰਗ ਦੀ ਅਤੇ ਸੰਘਣੀ ਪਾਈ ਗਈ।
ਪਾਣੀ ਰਿਚਾਰਜ ਵਾਲੇ ਮਾਮਲੇ ਵਿੱਚ ਵੀ ਕੁਦਰਤੀ ਖੇਤੀ ਬਹੁਤ ਅੱਗੇ ਰਹੀ। ਕੁਦਰਤੀ ਖੇਤੀ ਵਾਲੇ ਖੇਤ ਵਿੱਚ ਪਾਣੀ ਦਾ ਰਿਚਾਰਜ ਤਾਂ ਵੱਧ ਹੋਇਆ ਹੀ, ਮੀਂਹ ਦਾ ਪਾਣੀ ਜੋ ਐਂਵੇ ਹੀ ਰੁੜ ਜਾਂਦਾ ਸੀ ਉਹ ਹੁਣ ਧਰਤੀ ਵਿੱਚ ਰਿਚਾਰਜ ਹੋਣ ਲੱਗਿਆ। ਇਸ ਦਾ ਇਹ ਵੀ ਫਾਇਦਾ ਹੋਇਆ ਪਾਣੀ ਦੇ ਰੁੜ ਕੇ ਜਾਣ ਨਾਲ ਜੋ ਭੂ-ਖੁਰਣ ਹੁੰਦਾ ਸੀ ਉਹ ਵੀ ਖ਼ਤਮ ਹੋ ਗਿਆ। ਇਸਦਾ ਇਹ ਵੀ ਅਸਰ ਹੋਇਆ ਕਿ ਇਹਨਾਂ ਖੇਤਾਂ ਵਿੱਚ ਪਾਣੀ ਦਾ ਭੰਡਾਰ ਕਰਨ ਦੀ ਜ਼ਿਆਦਾ ਸਮਰੱਥਾ ਹੈ ਅਤੇ ਇਸ ਕਰਕੇ ਜਦੋਂ ਪੌਦਿਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਲਈ ਪਾਣੀ ਨਮੀ ਦੇ ਰੂਪ ਵਿੱਚ ਉਪਲਬਧ ਹੋ ਜਾਂਦਾ ਹੈ।
ਜਦੋ ਰਸਾਇਣਿਕ ਖੇਤੀ ਵਾਲੇ ਖੇਤਾਂ ਵਿੱਚ ਖਾਦਾ ਦਿੱਤੀਆ ਗਈਆਂ ਤਾਂ ਮਿੱਟੀ ਵਿੱਚੋਂ ਉਹ ਜਲਦੀ ਹੀ ਰੁੜ ਗਈਆਂ ਜਾਂ ਧਰਤੀ ਵਿੱਚ ਸਿੰਮ ਗਈਆਂ। ਤਜ਼ਰਬੇ ਕਰਨ ਵਾਲੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਰਸਾਇਣਿਕ ਖੇਤੀ ਦੀ ਇਸ ਵਿਰਤੀ ਕਰਕੇ ਮੀਂਹ ਜਾਂ ਬਰਫਬਾਰੀ ਦਾ ਉਲਟ ਅਸਰ ਹੁੰਦਾ ਹੈ ਕਿਉਂਕਿ ਪੌਦਿਆਂ ਲਈ ਲੋੜੀਂਦੇ ਤੱਤ ਮਿੱਟੀ ਵਿੱਚ ਉਪਲਬਧ ਨਹੀ ਰਹਿੰਦੇ।
ਝਾੜ ਪੱਖੋਂ ਵੀ ਕੁਦਰਤੀ ਖੇਤੀ ਨੇ ਮਾਰੀਆਂ ਮੱਲਾਂ:

ਖੇਤੀ ਦੀ ਉਹੀਉ ਪ੍ਰਣਾਲੀ ਲੰਬੇ ਸਮੇਂ ਲਈ ਟਿਕਾਊ ਅਤੇ ਲਾਹੇਵੰਦ ਹੋਵੇਗੀ ਜੋ ਨਾ ਸਿਰਫ ਸਾਡੀਆਂ ਹੁਣ ਜਾਂ ਹੁਣ ਤੋਂ 10 ਸਾਲ ਬਾਅਦ ਤੱਕ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ ਬਲਕਿ ਹੁਣ ਤੋਂ 100 ਸਾਲ ਬਾਅਦ ਜਾਂ ਉਸ ਤੋਂ ਵੀ ਜ਼ਿਆਦਾ ਲੰਬੇ ਸਮੇਂ ਤੱਕ ਖ਼ੁਰਾਕ ਉਪਲਬਧ ਕਰਵਾ ਸਕੇ।
ਤਜ਼ਰਬੇ ਵਿੱਚ ਇਹ ਵੀ ਪਾਇਆ ਗਿਆ ਕਿ ਤਿੰਨ ਸਾਲਾਂ ਦੇ ਅੰਦਰ ਹੀ ਕੁਦਰਤੀ ਖੇਤੀ ਦਾ ਝਾੜ ਰਸਾਇਣਿਕ ਦੇ ਬਰਾਬਰ ਆ ਗਿਆ ਸੀ ਅਤੇ ਦੂਜੇ ਪਾਸੇ ਰਸਾਇਣਿਕ ਖੇਤੀ ਖ਼ਰਪਤਵਾਰ ਨਾਸ਼ਕਾਂ ਦੇ  ਜ਼ਿਆਦਾ ਇਸਤੇਮਾਲ ਕਰਕੇ ਨਵੇਂ ਢੰਗ ਦੇ 'ਮਹਾਂਨਦੀਨਾਂ' ਦੀ ਸਮੱਸਿਆ ਨਾਲ ਜੂਝ ਰਹੀ ਸੀ। ਜਦਕਿ ਕੁਦਰਤੀ ਖੇਤੀ ਦੇ ਖੇਤਾਂ ਵਿੱਚ ਫਸਲਾਂ ਨੇ ਨਦੀਨਾਂ ਦਾ ਜ਼ਿਆਦਾ ਅਸਰ ਨਾ ਮੰਨਦੇ ਹੋਏ ਆਪਣੇ ਝਾੜ ਨੂੰ ਬਰਕਰਾਰ ਰੱਖਿਆ ਉਹ ਵੀ ਬਿਨਾਂ ਨਦੀਨ ਨਾਸ਼ਕਾਂ ਦੀ ਵਰਤੋਂ ਦੇ।
ਮੱਕੀ ਅਤੇ ਸੋਇਆਬੀਨ ਦੇ ਕੁਦਰਤੀ ਖੇਤੀ ਵਾਲੇ ਖੇਤਾਂ ਵਿੱਚ ਫ਼ਸਲਾਂ ਨੂੰ ਰਸਾਇਣਕ ਦੇ ਮੁਕਾਬਲੇ ਨਦੀਨਾਂ ਦਾ ਜ਼ਿਆਦਾ ਮੁਕਾਬਲਾ  ਕਰਨਾ ਪਿਆ ਪਰ ਇਸਦੇ ਬਾਵਜ਼ੂਦ ਉਹਨਾਂ ਦਾ ਝਾੜ ਰਸਾਇਣਿਕ ਦੇ ਬਰਾਬਰ ਪਾਇਆ ਗਿਆ।
ਕੁਦਰਤੀ ਖੇਤੀ ਵਾਲੇ ਮੱਕੀ ਦੇ ਖੇਤਾਂ ਵਿੱਚ ਸਾਧਾਰਨ ਪਰਸਥਿਤੀਆਂ ਵਿੱਚ ਮੱਕੀ ਦਾ ਝਾੜ ਰਸਾਇਣਿਕ ਖੇਤੀ ਦੇ ਝਾੜ ਦੇ ਬਰਾਬਰ ਸੀ ਪਰ ਸੋਕੋ ਦੇ ਵਰ੍ਹਿਆਂ ਵਿੱਚ ਕੁਦਰਤੀ ਮੱਕੀ ਦਾ ਝਾੜ 31% ਜ਼ਿਆਦਾ ਰਿਹਾ।  ਭਾਵ ਕੁਦਰਤੀ ਖੇਤੀ ਜ਼ਿਆਦਾ ਟਿਕਾਊ ਹੈ ਅਤੇ ਮੌਸਮ ਦੀ ਮਾਰ ਵਿੱਚ ਵੀ ਖੜੀ ਰਹਿ ਸਕਦੀ ਹੈ। ਇਸ ਤਜ਼ਰਬੇ ਦੀ ਇੱਕ ਹੋਰ ਖ਼ਾਸੀਅਤ ਇਹ ਰਹੀ ਕਿ ਇਸ ਤਜ਼ਰਬੇ ਵਿੱਚ ਸੋਕਾ ਸਹਿਣ ਲਈ ਖ਼ਾਸ ਤੌਰ ਉੱਤੇ ਤਿਆਰ ਕੀਤੀ ਗਈ ਜੀ ਐਮ ਮੱਕੀ ਨੂੰ ਵੀ ਸ਼ਾਮਿਲ਼ ਕੀਤਾ ਗਿਆ। ਜ਼ਿਰਕਯੋਗ ਹੈ ਕਿ ਬਹੁਕੌਮੀ ਕੰਪਨੀਆਂ ਅਤੇ ਜੀ ਐਮ ਫ਼ਸਲਾਂ ਦੇ ਹਮਾਇਤੀ ਇਹ ਦਾਵਾ ਕਰਦੇ ਹਨ ਕਿ ਮੌਸਮੀ ਬਦਲਾਵ ਅਤੇ ਭੂ-ਮੰਡਲੀ ਤਪਸ਼ ਕਰਕੇ ਪੈਣ ਵਾਲੇ ਸੰਭਾਵਿਤ ਸੋਕਿਆਂ ਦਾ ਹੱਲ 'ਜ਼ੈਨੇਟੀਕਲੀ ਇੰਜਨੀਅਰਡ' ਫ਼ਸਲਾਂ ਵਿੱਚ ਹੀ ਹੈ। ਪਰ ਇਸ ਤਜ਼ਰਬੇ ਦੌਰਾਨ ਲਾਈ ਗਈ ਜੀ ਐੱਮ ਮੱਕੀ ਵੀ ਝਾੜ ਵਿੱਚ ਰਸਾਇਣਿਕ ਖੇਤੀ ਤੋ 6.7% ਤੋਂ 13.3% ਦਾ ਵਾਧਾ ਹੀ ਕਰ ਸਕੀ ਪਰ ਕੁਦਰਤੀ ਖੇਤੀ ਦੇ 31% ਝਾੜ ਦੇ ਵਾਧੇ ਤੋਂ ਪਿੱਛੇ ਹੀ ਰਹੀ।


ਟ੍ਰਾਇਲ ਦੇ ਤਹਿਤ ਕੀਤੇ ਗਏ ਤਜ਼ਰਬੇ ਨੇ ਇਹ ਵੀ ਸਿੱਧ ਕੀਤਾ ਕਿ-

ਕੁਦਰਤੀ ਖੇਤੀ ਕਮਾਈ ਪੱਖੋਂ ਰਸਾਇਣਕ ਨਾਲੋਂ ਅੱਗੇ:

ਕੁਦਰਤੀ / ਜੈਵਿਕ ਖੇਤੀ ਰਸਾਇਣਿਕ ਖੇਤੀ ਦੇ ਮੁਕਾਬਲੇ ਤਿੰਨ ਗੁਣਾਂ ਜ਼ਿਆਦਾ ਫਾਇਦੇਮੰਦ ਹੈ। ਅਖ਼ੀਰਲੇ ਤਿੰਨ ਸਾਲਾਂ 2008 ਤੋ 2010 ਤੱਕ ਕੀਤੇ ਗਏ ਆਰਥਿਕ ਅਧਿਐਨ ਵਿੱਚ ਪਾਇਆ ਗਿਆ ਕਿ ਪ੍ਰਤਿ ਏਕੜ ਪ੍ਰਤਿ ਸਾਲ ਰਸਾਇਣਿਕ ਖੇਤੀ ਵਿੱਚੋਂ 495 ਡਾਲਰ ਦੀ ਆਮਦਨ ਹੋਈ ਜਦਕਿ ਉਸਦੇ ਮੁਕਾਬਲੇ ਕੁਦਰਤੀ / ਜੈਵਿਕ ਖੇਤੀ ਵਿੱਚ 835 ਡਾਲਰ ਦੀ ਆਮਦਨ ਹੋਈ। ਲਾਗਤਾਂ ਵਿੱਚ ਰਸਾਇਣਿਕ ਖੇਤੀ ਦੀ ਲਾਗਤ ਪ੍ਰਤਿ ਏਕੜ ਪ੍ਰਤਿ ਸਾਲ 305 ਡਾਲਰ ਰਹੀ ਜਦਕਿ ਕੁਦਰਤੀ/ਜੈਵਿਕ ਖੇਤੀ ਵਿੱਚ ਇਹ 277 ਡਾਲਰ ਆਈ। ਇਸ ਕਰਕੇ ਪ੍ਰਤਿ ਏਕੜ ਪ੍ਰਤਿ ਸਾਲ ਸ਼ੁੱਧ ਮੁਨਾਫ਼ੇ ਦੇ ਤੌਰ 'ਤੇ ਕੁਦਰਤੀ ਖੇਤੀ ਨੇ 558 ਡਾਲਰ ਦੀ ਕਮਾਈ ਕਰਵਾਈ ਜਦਕਿ ਰਸਾਇਣਿਕ ਖੇਤੀ ਨੇ 190 ਡਾਲਰ ਦੀ ਕਮਾਈ ਕਰਵਾਈ। ਸੋ ਲੰਬੇ ਸਮੇਂ ਵਿੱਚ ਜਿੱਥੇ ਕੁਦਰਤੀ ਖੇਤੀ ਜ਼ਿਆਦਾ ਮੁਨਾਫ਼ੇਦਾਰ ਹੈ, ਉੱਥੇ ਰਸਾਇਣਿਕ ਖੇਤੀ ਘਾਟੇ ਦਾ ਸੌਦਾ ਸਾਬਿਤ ਹੋਵੇਗੀ।

ਕੁਦਰਤੀ ਖੇਤੀ ਘੱਟ ਊਰਜਾ ਖਰਚਦੀ ਹੈ:


ਮੌਸਮ ਦੀ ਤਬਦੀਲੀ ਅਤੇ ਭੂ ਮੰਡਲੀ ਤਪਸ਼ ਦੇ ਦੌਰ ਵਿੱਚ ਖੇਤੀ ਦੀਆਂ ਤਕਨੀਕਾਂ ਕਰਕੇ ਪੈਦਾ ਹੋਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਵੀ ਇੱਕ ਵੱਡਾ ਸਰੋਕਾਰ ਹਨ। ਊਰਜਾ ਖ਼ਪਤ ਵਾਲੇ ਮਾਮਲੇ ਵਿੱਚ ਕੁਦਰਤੀ ਖੇਤੀ ਨੇ 45% ਘੱਟ ਊਰਜਾ ਦੀ ਖ਼ਪਤ ਕਰਦੇ ਹੋਏ ਵੱਧ ਕਾਰਜਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਰਸਾਇਣਿਕ ਖੇਤੀ ਵਿੱਚ ਪੈਦਾ ਹੋਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਦਾ ਇੱਕ ਵੱਡਾ ਹਿੱਸਾ ਰਸਾਇਣਿਕ ਖ਼ਾਦ ਬਣਾਉਣ ਅਤੇ ਖੇਤ ਵਿੱਚ ਇਸਤੇਮਾਲ ਕੀਤੀ ਗਈ ਮਸ਼ੀਨਰੀਂ ਜਾਂ ਟਿਊਬਵੈੱਲ ਆਦਿ ਤੋ ਪੈਦਾ ਹੁੰਦਾ ਹੈ।

ਜ਼ਹਿਰ ਮੁਕਤ ਖੇਤੀ ਦਾ ਸੱਦਾ


-ਹਰਮੇਲ ਪਰੀਤ

ਪੰਜਾਬ ਦੇ ਖੇਤੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਪੰਜਾਬ ਦੇ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਦਾ ਸੱਦਾ ਦਿੱਤਾ ਹੈ। ਉਹਨਾਂ ਕੁਦਰਤੀ ਸੋਮਿਆਂ ਦੀ ਸੰਕੋਚਵੀਂ ਵਰਤੋਂ ਤੇ ਸੁਚੱਜੀ ਸੰਭਾਲ ਤੇ ਸੁਰੱਖਿਆ ਦਾ ਵੀ ਸੱਦਾ ਦਿੱਤਾ ਹੈ। ਲੰਗਾਹ ਹੁਰਾਂ ਦੇ ਇਸ ਬਿਆਨ ਨੂੰ ਸ਼ੁਭ ਸੰਕੇਤ ਵਜੋਂ ਦੇਖਿਆ ਜਾਣਾ ਚਾਹੀਦੈ। ਦੇਰ ਬਾਅਦ ਹੀ ਸਹੀ ਪਰ ਕੁੱਝ ਗੁਆ ਲੈਣ ਤੋਂ ਪਹਿਲਾਂ ਜਹਿਰ ਮੁਕਤ ਖੇਤੀ ਦੇ ਮਹੱਤਵ ਨੂੰ ਸਮਝਿਆ ਜਾਣ ਲੱਗਾ ਹੈ। ਖੇਤੀ, ਵਾਤਾਵਰਣ ਤੇ ਸਿਹਤ ਲਈ ਕੰਮ ਕਰਦੇ ਕਈ ਗੈਰਸਰਕਾਰੀ ਸੰਗਠਨ ਤੇ ਸੰਸਥਾਵਾਂ ਤਾਂ ਕਦੋਂ ਦੀਆਂ ਰਸਾਇਣਕ ਖੇਤੀ ਦੇ ਇਨ੍ਹਾਂ ਸਾਰੇ ਖੇਤਰਾਂ 'ਤੇ ਪੈਣ ਵਾਲੇ ਅਤਿ ਮਾੜੇ ਅਸਰਾਤ ਦੇ ਮੱਦੇਨਜ਼ਰ ਖੇਤੀ ਨੂੰ ਜ਼ਹਿਰ ਮੁਕਤ ਕਰਨ ਲਈ ਖੁਦ ਕੰਮ ਕਰ ਰਹੀਆਂ ਹਨ ਤੇ ਸਰਕਾਰ ਤੋਂ ਮੰਗ ਕਰ ਰਹੀਆਂ ਹਨ ਕਿ ਉਹ ਰਸਾਇਣਕ ਖੇਤੀ ਦੇ ਮੁਕਾਬਲੇ ਜਹਿਰਮੁਕਤ ਖੇਤੀ ਨੂੰ ਉਤਸਾਹਿਤ ਕਰੇ। ਪਰ ਸਰਕਾਰ ਇਨ੍ਹਾਂ ਸਾਰੀਆਂ ਆਵਾਜ਼ਾਂ ਨੂੰ ਨਜ਼ਰ ਅੰਦਾਜ਼ ਕਰਦੀ ਆ ਰਹੀ ਸੀ। ਖ਼ੈਰ ਹੁਣ ਰਾਜ ਦੇ ਖੇਤੀਬਾੜੀ ਮੰਤਰੀ ਦਾ ਇਹ ਸੁਨੇਹਾ ਮਹੱਤਵ ਰੱਖਦਾ ਹੈ।

ਅਸੀਂ ਸਭ ਜਾਣਦੇ ਹਾਂ ਕਿ ਸਾਡੀ ਖੇਤੀ ਵਿਚ ਰਸਾਇਣਕ ਖਾਦਾਂ ਤੇ ਕੀੜੇਮਾਰ ਜ਼ਹਿਰਾਂ ਦਾ ਦਖ਼ਲ ਬੇਹੱਦ ਵਧ ਗਿਆ ਹੈ। ਹਾੜੀ/ਸਾਉਣੀ ਦੋਹੇਂ ਤਰ੍ਹਾਂ ਦੀਅ ਫਸਲਾਂ ਵਿਚ ਯੂਰੀਆ ਖਾਦ ਦੀ ਵਰਤੋਂ ਦੀ ਵਰਤੋਂ ਛੜੱਪੇ ਮਾਰਕੇ ਵਧ ਰਹੀ ਹੈ। ਇਹ ਚਾਰ ਤੋਂ ਪੰਜ ਗੱਟੇ (ਬੈਗ) ਪ੍ਰਤੀ ਏਕੜ ਤੱਕ ਜਾ ਪੁੱਜੀ ਹੈ। ਇਵੇਂ ਵੀ ਬੀ.ਟੀ. ਤੇ ਫੇਰ ਬੀ.ਟੀ. ਦੋ ਨਰਮਾ ਬੀਜਣ ਤੇ ਬਾਵਜੂਦ ਕਿਸਾਨਾਂ ਦੀ ਪਿੱਠ ਤੋਂ ਕੀੜੇਮਾਰ ਜ਼ਹਿਰ ਛਿੜਕਣ ਵਾਲੀ ਡਰੰਮੀ ਨਹੀਂ ਲੱਥੀ। ਮਹਿੰਗੇ ਭਾਅ ਦੇ ਬੀਜ ਬੀਜਕੇ (ਜਿੰਨ੍ਹਾਂ ਬਾਰੇ ਸ਼ੁਰੂ ਵਿਚ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਇਹ ਬੀਜ ਕੀੜੇਮਾਰ ਜ਼ਹਿਰ ਦੀ ਵਰਤੋਂ ਮਨਫੀ ਕਰਨਗੇ) ਵੀ ਕਿਸਾਨ ਨਰਮੇ ਦੀ ਫਸਲ 'ਤੇ ਘੱਟੋ ਘੱਟ 6-7 ਛਿੜਕਾਅ ਕਰਨ ਲਈ ਮਜ਼ਬੂਰ ਹੈ। ਸਿੱਟੇ ਵਜੋਂ ਸਾਡੀ ਖੁਰਾਕ, ਮਿੱਟੀ, ਪਾਣੀ ਤੇ ਵਾਤਾਵਰਣ ਦੋਵੇਂ ਜ਼ਹਿਰਾਂ ਨਾਲ ਭਰ ਗਏ ਹਨ। ਨਤੀਜੇ ਵਜੋਂ ਤੰਦਰੁਸਤ ਲੋਕਾਂ ਦਾ ਖਿੱਤਾ (ਪੰਜਾਬ) ਬੀਮਾਰੀਆਂ ਦਾ ਘਰ ਬਣ ਗਿਐ। ਬੀਮਾਰੀਆਂ ਵੀ ਭਿਆਨਕ ਤੋਂ ਭਿਆਨਕ। ਕੈਂਸਰ ਦੇ ਹਰ ਪਿੰਡ ਵਿਚ ਦਰਜਨਾ ਮਰੀਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ ਕੁੱਝ ਹੋਰ ਬੀਮਾਰੀਆਂ ਹਨ ਜਿਹੜੀਆਂ ਹੁਣ ਉਮਰੋਂ ਪਹਿਲਾਂ ਹੀ ਘੇਰਾ ਘੱਤ ਰਹੀਆਂ ਹਨ।  ਤੇ ਇਸ ਤੋਂ ਵੀ ਵੱਡੀ ਚਿੰਤਾ ਪ੍ਰਜਣਨ ਸਬੰਧੀ ਰੋਗ। ਔਰਤਾਂ ਵਿਚ ਆਪਣੇਆਪ ਗਰਭਪਾਤ ਹੋਣ ਦੀ ਦਰ ਵਧ ਰਹੀ ਹੈ। ਬੱਚਿਆਂ ਦਾ ਜਨਮ ਕੁਦਰਤੀ ਨਹੀਂ ਹੋ ਰਿਹਾ। ਜਨਮ ਤੋਂ ਪਹਿਲਾਂ ਜੰਮਣ ਵਾਲੇ ਬੱਚਿਆਂ ਦੀ ਦਰ ਵਿਚ ਇਜ਼ਾਫਾ ਦਰਜ ਹੋ ਰਿਹਾ ਹੈ। ਬੱਚੇ ਦਿਮਾਗ ਤੇ ਸਰੀਰ ਪੱਖੋਂ ਅਪਾਹਜ ਪੈਦਾ ਹੋ ਰਹੇ ਹਨ। ਔਰਤਾਂ ਵਿਚ ਬਾਂਝਪਨ ਤੇ ਮਰਦਾਂ ਵਿਚ ਨਾਮਰਦੀ ਵੀ ਵਧ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜੋਕੇ ਨੌਜਵਾਨਾਂ ਬਾਪ ਬਣਨ ਦੀ ਤਾਕਤ ਆਪਣੇ ਦਾਦਿਆ ਨਾਲੋਂ ਮਸਾਂ ਅੱਧੀ ਬਚੀ ਹੈ ਅਤੇ ਆਉਂਦੀ ਪੀੜ੍ਹੀ ਤੱਕ ਇਹ ਸਥਿਤੀ ਹੋਰ ਵੀ ਗੰਭੀਰ ਹੋ ਜਾਣੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਕੱਲ੍ਹ ਅਸੀਂ ਭੋਜਨ ਦੀ ਥਾਂ ਜ਼ਹਿਰ ਖਾ ਕੇ  ਭੁੱਖ ਮਿਟਾ ਰਹੇ ਹਾਂ। ਸਿਰਫ ਭੁੱਖ ਹੀ ਨਹੀਂ ਆਪਣੇ ਆਪ ਨੂੰ ਵੀ ਮਿਟਾ ਰਹੇ ਹਾਂ। ਮਹਿੰਗੇ ਬੀਜਾਂ, ਰੇਹਾਂ, ਸਪ੍ਰੇਹਾਂ 'ਤੇ ਹੁੰਦੇ ਵੱਡੇ ਖਰਚਿਆਂ ਕਾਰਨ ਖੇਤੀ ਕਿਸਾਨ ਦੀਆਂ ਲੋੜਾਂ ਜੋਗੀ ਕਮਾਈ ਦਾ ਸਾਧਨ ਵੀ ਨਹੀਂ ਰਹੀ। ਕਿਸਾਨ (ਰੋਜ਼ ਜ਼ਹਿਰਾਂ ਨਾਲ ਕੰਮ ਕਰਦਿਆਂ) ਆਪਣੀ ਜਾਨ ਜੋਖ਼ਮ ਵਿਚ ਪਾਕੇ ਕਮਾਈ ਕਰਦਾ ਹੈ ਅਤੇ ਬੀਜ/ਖਾਦ/ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਦੀ ਝੋਲੀ ਦਾ ਦਿੰਦਾ ਹੈ। ਇਨ੍ਹਾਂ ਵਿਚੋਂ ਬਹੁਤੀਆਂ ਕੰਪਨੀਆਂ ਪੁਰੀ ਤਰ੍ਹਾਂ ਵਿਦੇਸ਼ੀ ਹਨ ਤੇ ਬਾਕੀ ਵਿਦੇਸ਼ੀ ਹਿੱਸੇਦਾਰੀ ਵਾਲੀਆਂ। ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਲਿਖਾਈ ਕਰਵਾਉਣ, ਉਨ੍ਹਾਂ ਦੇ ਚੰਗੇ ਵਿਆਹ ਕਰਨ ਲਈ ਉਹ ਕਰਜੇ ਚੁੱਕਦਾ ਹੈ। ਬਹੁਤ ਲੋਕ ਕਹਿੰਦੇ ਹਨ ਕਿ ਕਿਸਾਨ ਕਰਜੇ ਲੈ ਕੇ ਧੀਆਂ ਪੁੱਤਾਂ ਦੇ ਵਿਆਹਾਂ 'ਤੇ ਅਤੇ ਜੀਵਨ ਦੀਆਂ ਹੋਰ ਸੁੱਖ ਸਹੁਲਤਾਂ ਜੁਟਾਉਣ ਲਈ ਕਿਉਂ ਵਰਤਦੇ ਹਨ। ਉਤੋਂ ਉਤੋਂ ਇਹ ਸਵਾਲ (ਸਗੋਂ ਦੋਸ਼) ਬੜਾ ਸਟੀਕ ਲੱਗਦੈ। ਜੇਕਰ ਪੈਸੇ ਜੇਬ ਵਿਚ ਨਹੀਂ ਤਾਂ ਆਪਣੇ ਖਰਚ ਕੰਟਰੋਲ ਕੀਤੇ ਜਾਣੇ ਚਾਹੀਦੇ ਹਨ। ਚਾਦਰ ਤੋਂ ਬਾਹਰ ਪੈਰ ਪਸਾਰਣੇ ਸਿਆਣਪ ਵਾਲੀ ਗੱਲ ਉੰਕਾ ਨਹੀਂ। ਪਰ ਦੂਜੇ ਪਾਸੇ ਵਿਚਾਰਨਯੋਗ ਹੈ ਕਿ ਜੇਕਰ ਕਿਸਾਨ ਦੀਆਂ ਉਪਜਾਈਆਂ ਚੀਜ਼ਾਂ ਦੇ ਵਪਾਰੀ ਐਸ਼ ਕਰਦੇ ਹਨ ਤਾਂ ਕਿਸਾਨ ਨੂੰ ਇਹ ਹੱਕ ਕਿਉਂ ਨਹੀਂਂ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਵੇ ਤੇ ਉਹਨਾਂ ਨੂੰ ਹੋਰ ਵਰਗਾਂ ਦੇ ਬਰਾਬਰ ਸੁੱਖ ਸਹੂਲਤਾਂ ਦੇਵੇ। ਇਸੇ ਕਰਕੇ ਖੇਤੀ ਮਾਹਿਰ ਡਾ: ਦਵਿੰਦਰ ਸ਼ਰਮਾ ਕਿਸਾਨਾਂ ਲਈ ਪ੍ਰਤੀਮਹੀਨਾ ਬੱਝਵੀਂ ਆਮਦਨ ਯਕੀਨੀ ਬਣਾਏ ਜਾਣ ਦੀ ਮੰਗ ਕਰਦੇ ਹਨ।

ਅਸਲ ਵਿਚ ਖੇਤੀ ਨੂੰ ਸਿਰਫ ਜ਼ਹਿਰ ਮੁਕਤ ਹੀ ਨਹੀਂ ਸਗੋ ਸਵੈਮਾਨੀ ਬਣਾਉਣ ਦੀ ਵੀ ਲੋੜ ਹੈ। ਇਸ ਖਾਤਰ ਇਸ ਨੂੰ ਕਾਰਪੋਰੇਟ ਦੇ ਚੁੰਗਲ 'ਚੋਂ ਕੱਢਣਾ ਲਾਜ਼ਮੀ ਹੈ। ਉਹਦੇ ਲਈ ਕੁਦਰਤੀ ਵਸੀਲਿਆਂ ਦੀ ਵਰਤੋਂ ਕਰਕੇ ਤੇ ਬਾਜ਼ਾਰ ਤੋਂ ਨਿਰਭਰਤਾ ਖ਼ਤਮ ਕਰਕੇ ਕੀਤੀ ਖੇਤੀ ਹੀ ਕਿਸਾਨਾਂ ਨੂੰ ਆਤਮ ਨਿਰਭਰ ਬਣਾ ਸਕਦੀ ਹੈ। ਜ਼ਹਿਰ ਮੁਕਤ ਖੇਤੀ ਮੰਜ਼ਿਲ ਤਾਂ ਭਾਵੇਂ ਨਹੀਂ ਪਰ ਮੰਜ਼ਿਲ ਵੱਲ ਜਾਂਦਾ ਰਾਹ ਜ਼ਰੂਰ ਹੈ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਸਾਇਣਕ ਖੇਤੀ ਦੀ ਥਾਂ ਹੁਣ ਕੁਦਰਤੀ (ਜ਼ਹਿਰ ਮੁਕਤ) ਖੇਤੀ ਲਈ ਖੋਜਾਂ 'ਤੇ ਧਨ ਖਰਚੇ। ਰਸਾਇਣਕ ਖੇਤੀ ਨਾ ਕੀਤੀ ਤਾਂ ਅਸੀਂ ਭੁੱਖੇ ਮਰ ਜਾਵਾਂਗੇ, ਇਹ ਬੇਈਮਾਨਾ ਰਾਗ ਆਲਾਪਣਾ ਬੰਦ ਕੀਤਾ ਜਾਣਾ ਚਾਹੀਦੈ। ਛੋਟੇ ਜਿਹੇ ਦੇਸ਼ ਕਿਊਬਾ ਦੇ ਲੋਕ ਜ਼ਹਿਰ ਮੁਕਤ (ਕੁਦਰਤੀ) ਖੇਤੀ ਕਰਕੇ ਭੁੱਖੇ ਨਹੀਂ ਮਰੇ, ਸਗੋਂ ਸਮਰੱਥ ਬਣੇ ਹਨ। ਜੈਵਿਕ ਖੁਰਾਕੀ ਪਦਾਰਥਾਂ ਦੇ ਵੱਡੇ ਨਿਰਯਾਤਕ ਬਣੇ ਹਨ। ਫੇਰ ਅਸੀਂ ਸਮਰੱਥ ਹੋਣ ਦੀ ਬਜਾਏ ਭੁੱਖੇ ਕਿਉਂ ਮਰਾਂਗੇ? ਇਸ ਲਈ ਸਰਕਾਰ ਨੂੰ ਚਾਹੀਦੈ ਕਿ ਰਸਾਇਣ ਖਾਦਾਂ 'ਤੇ ਦਿੱਤੀ ਜਾਂਦੀ ਵੱਡੀ ਸਬਸਿਡੀ ਵਿਚੋਂ ਵੱਡਾ ਹਿੱਸਾ, ਜਹਿਰ ਮੁਕਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇ। ਇਹ ਰਾਸ਼ੀ ਪ੍ਰਤੀਏਕੜ ਦੇ ਹਿਸਾਬ ਨਾਲ ਦਿੱਤੀ ਜਾਵੇ। ਅਜਿਹਾ ਕਰਨ ਨਾਲ ਜ਼ਹਿਰ ਮੁਕਤ ਖੇਤੀ ਦੀ ਲਹਿਰ ਨੂੰ ਬਲ ਮਿਲੇਗਾ ਤੇ ਇਹੀ ਲਹਿਰ ਪੰਜਾਬ ਦੇ ਹਿਤ ਵਿਚ ਹੈ।

ਕਣਕ ਦੇ ਕੀਟਾਂ ਨਾਲ ਜਾਣ-ਪਹਿਚਾਣ

ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿੱਚ ਕੀਟਾਂ ਲਈ ਕੋਈ ਵੈਰ-ਵਿਰੋਧ ਨਹੀ ਸੀ, ਫਿਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਕਿਸਾਨ ਅਤੇ ਕੀਟਾਂ ਵਿਚਕਾਰ ਜੰਗ ਛਿੜ ਗਈ। ਕਿਸਾਨ ਹੱਥ ਧੋ ਕੇ ਇਹਨਾਂ ਕੀਟਾਂ ਮਗਰ ਪੈ ਗਿਆ ਪਰ ਇਹ ਕੀਟ ਫਿਰ ਵੀ ਕਿਸਾਨ ਤੋਂ ਕਾਬੂ ਨਾ ਆਏ। ਇਹਨਾਂ ਕੀਟਾਂ ਤੋਂ ਜੇ ਕਿਸਾਨ ਨੇ ਜੰਗ ਜਿੱਤਣੀ ਹੈ ਤਾਂ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ।

                   ਇਹ ਕੀਟ ਧਰਤੀ ਉੱਪਰ ਲਗਭਗ 33 ਕਰੋੜ ਸਾਲ ਪਹਿਲਾਂ ਆਏ ਜਦਕਿ ਕਿਸਾਨ ਸਿਰਫ਼ 10 ਲੱਖ ਸਾਲ ਪਹਿਲਾਂ ਇਸ ਧਰਤੀ ਉੱਤੇ ਆਇਆ। ਇਹਨਾਂ ਕੀਟਾਂ ਨੇ ਅੱਗ ਦੇ, ਬਰਫ਼ ਦੇ ਯੁੱਗ ਵੇਖੇ ਅਤੇ ਇਹਨਾਂ ਯੁੱਗਾ ਨੂੰ ਪਾਰ ਕਰਦੇ ਹੋਏ ਅੱਜ ਤੱਕ ਜੀਵਿਤ ਹਨ। ਤਾਂ ਫਿਰ ਕਿਸਾਨ ਕਿਵੇਂ ਇਹਨਾਂ ਦਾ ਵੰਸ਼-ਨਾਸ਼ ਕਰ ਸਕਦਾ ਹੈ। ਅੱਜ ਹਰ ਕੰਪਨੀ ਨਵੇਂ ਤੋ ਨਵੇਂ ਕੀਟਨਾਸ਼ਕ ਨਾਲ ਇਹਨਾਂ ਕੀਟਾ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ, ਪਰ ਜ਼ਰਾ ਸੋਚੋ ਕਿ ਜੇ ਇੰਝ ਹੋ ਸਕਦਾ ਤਾਂ ਅੱਜ ਚਾਲ੍ਹੀ ਸਾਲਾਂ ਵਿੱਚ ਇਹਨਾਂ ਕੀਟਾ ਦਾ ਨਾਮੋ-ਨਿਸ਼ਾਨ ਵੀ ਨਹੀ ਰਹਿਣਾ ਚਾਹੀਦਾ ਸੀ, ਪਰ ਇੰਝ ਨਹੀ ਹੋਇਆ ਅਤੇ ਕਿਸਾਨ ਹਰ ਵਾਰ ਇਹਨਾਂ ਕੀਟਾਂ ਨੂੰ ਕੰਟਰੋਲ ਕਰਨ ਦੇ ਨਾਮ ਉੱਤੇ ਇਹਨਾਂ ਕੰਪਨੀਆਂ ਵੱਲੋਂ ਲੁੱਟਿਆ ਗਿਆ। ਸੋ ਇਹਨਾਂ ਕੀਟਾ ਨਾਲ ਆਪਣੀ ਜੰਗ ਵਿੱਚ ਕਿਸਾਨ ਅੱਜ ਤੱਕ ਇਹਨਾਂ ਕੀਟਨਾਸ਼ਕ ਜ਼ਹਿਰਾਂ ਦੇ ਸਿਰ ਉੱਤੇ ਨਹੀ ਜਿੱਤ ਪਾਇਆ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਜਿੱਤ ਸਕੇਗਾ।

                ਇਹ ਸਭ ਪੜ੍ਹਨ ਤੋਂ ਬਾਅਦ ਕਿਸਾਨਾਂ ਦੇ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਜੇ ਕੀਟਨਾਸ਼ਕ ਜ਼ਹਿਰਾਂ ਨਹੀ ਵਰਤਣੀਆਂ ਤਾਂ ਇਹਨਾਂ ਨੂੰ ਕਾਬੂ ਕਿਵੇਂ ਕੀਤਾ ਜਾਵੇ। ਇਸ ਸਵਾਲ ਦਾ ਜਵਾਬ ਹੈ - ਕੀਟਾਂ ਨੂੰ ਜਾਣ-ਸਮਝ ਕੇ।  ਜਿਵੇਂ ਕਿਸੇ ਦੁਸ਼ਮਣ ਨਾਲ ਜੰਗ ਜਿੱਤਣ ਲਈ ਉਸ ਦੀ ਤਾਕਤ, ਉਸਦੀ ਕਮਜ਼ੋਰੀ ਅਤੇ ਉਸਦੇ ਭੇਦਾ ਬਾਰੇ ਪਤਾ ਹੋਣਾ ਜ਼ਰੂਰੀ ਹੈ, ਠੀਕ ਇਸੇਂ ਤਰ੍ਹਾ ਸਾਨੂੰ ਕੀਟਾ ਨਾਲ ਆਪਣੀ ਜੰਗ ਜਿੱਤਣ ਲਈ ਇਹਨਾਂ ਦੀ ਪਛਾਣ, ਇਹਨਾਂ ਦੀ ਤਾਕਤ ਅਤੇ ਕਮਜ਼ੋਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਫਿਰ ਹੀ ਇਹ ਜੰਗ ਜਿੱਤੀ ਜਾ ਸਕੇਗੀ। ਮਹਾਭਾਰਤ ਜਿਹੀ ਵੱਡੀ ਲੜ੍ਹਾਈ ਸਿਰਫ 18 ਦਿਨ ਵਿੱਚ ਖ਼ਤਮ ਹੋ ਗਈ ਕਿਉਂਕਿ ਕੌਰਵਾਂ ਅਤੇ ਪਾਂਡਵਾਂ ਨੂੰ ਇੱਕ ਦੂਜੇ ਦੇ ਭੇਦਾ, ਤਾਕਤ ਅਤੇ ਕਮਜ਼ੋਰੀਆਂ ਦੀ ਪੂਰੀ ਜ਼ਾਣਕਾਰੀ ਸੀ। ਜਦਕਿ ਕਿਸਾਨਾਂ ਕੋਲ ਕੀਟਾ ਬਾਰੇ ਇਸ ਤਰ੍ਹਾ ਦੀ ਕੋਈ ਜਾਣਕਾਰੀ ਨਹੀ, ਇਸਲਈ ਕਿਸ;ਾਨ ਅੱਜ ਤੱਕ ਇਹ ਜੰਗ ਨਹੀ ਜਿੱਤ ਸਕਿਆ। ਦੂਸਰੀ ਮਹੱਤਵਪੂਰਨ ਗੱਲ, ਮਹਾਂਭਾਰਤ ਦੀ ਲੜ੍ਹਾਈ ਵਿੱਚ ਹਰ ਯੋਧੇ ਕੋਲ ਦੋ ਤਰ੍ਹਾ ਦੇ ਹਥਿਆਰ ਸਨ, ਇੱਕ ਖ਼ੁਦ ਦੀ ਰੱਖਿਆ ਕਰਨ ਲਈ ਅਤੇ ਇੱਕ ਦੂਸਰਿਆਂ ਨੂੰ ਮਾਰਨ ਵਾਸਤੇ, ਪਰ ਸਾਡੇ ਕਿਸਾਨਾ ਕੋਲ ਸਿਰਫ ਮਾਰਨ ਵਾਲੇ ਹਥਿਆਰ ਹਨ ਅਤੇ ਉਹ ਵੀ ਬੇਗਾਨੇ। ਅਤੇ ਬੇਗਾਨੇ ਹਥਿਆਰਾਂ ਨਾਲ ਜੰਗ ਨਹੀ ਜਿੱਤੀ ਜਾਂਦੀ।  ਇਸਲਈ ਅੱਜ ਤੱਕ ਇਹ ਜੰਗ ਜਾਰੀ ਹੈ।

ਸੋ ਕਿਸਾਨਾਂ ਨੇ ਜੇ ਇਹ ਜੰਗ ਜਿੱਤਣੀ ਹੈ ਤਾਂ ਉਸ ਨੂੰ ਤਿੰਨ ਕੰਮ ਕਰਨੇ ਪੈਣਗੇ-

1. ਕੀਟਾਂ ਦੀਆਂ ਵਿਭਿੰਨ ਅਵਸਥਾਵਾਂ ਦੀ ਸਹੀ ਪਹਿਚਾਨ

2. ਕੀਟਾਂ ਦੇ ਭੇਦ ਜਾਣਨੇ

3. ਆਪਣੇ ਖ਼ੁਦ ਦੇ ਹਥਿਆਰ ਵਿਕਸਿਤ ਕਰਨੇ।


ਕੀਟ ਉਹਨਾਂ ਰੀੜ੍ਹਵਿਹੀਨ ਜੀਵਾ ਨੂੰ ਕਿਹਾ ਜਾਂਦਾ ਹੈ, ਜਿੰਨ੍ਹਾ ਦਾ ਸ਼ਰੀਰ ਤਿੰਨ ਭਾਗਾਂ ਸਿਰ, ਧੜ ਅਤੇ ਪੇਟ ਵਿੱਚ ਵੰਡਿਆ ਹੁੰਦਾ ਹੈ ਅਤੇ ਦੋ ਜੋੜੀ ਖੰਭ ਅਤੇ ਤਿੰਨ ਜੋੜੀ ਲੱਤਾ ਹੁੰਦੀਆਂ ਹਨ।   ਕੀਟ ਦੀਆਂ ਅੱਖਾ, ਮੂੰਹ ਅਤੇ ਐਟੀਨਾ ਇਸਦੇ ਸਿਰ ਵਾਲੇ ਹਿੱਸੇ ਵਿੱਚ ਹੁੰਦੀਆ ਹਨ। ਲੱਤਾ ਅਤੇ ਖੰਭ ਧੜ ਉੱਪਰ ਹੁੰਦੇ ਹਨ। ਇਹਨਾਂ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ- ਅੰਡਾ, ਲਾਰਵਾ, ਪਿਊਪਾ ਅਤੇ ਬਾਲਗ। ਲਾਰਵਾ(ਸੁੰਡੀ)  ਵਿੱਚ ਹੀ ਕੀਟ ਨੁਕਸਾਨ ਪਹੁੰਚਾਉਦੇ ਹਨ। ਕੀਟਾਂ ਦਾ
ਖ਼ੂਨ ਹਵਾ ਦੇ ਸੰਪਰਕ ਵਿੱਚ ਆਉਣ ਤੇ ਨਹੀ ਜੰਮਦਾ। ਇਸ ਲਈ ਖ਼ੂਨ ਵਹਿ ਜਾਣ ਨਾਲ ਵੀ ਇਹਨਾਂ ਦੀ ਮੌਤ ਯਕੀਨੀ ਹੈ।

                  ਭੋਜਨ ਦੀ ਤਾਸੀਰ ਦੇ ਆਧਾਰ ਉੱਤੇ ਕੀਟ ਦੋ ਪ੍ਰਕਾਰ ਦੇ ਹਨ- ਮਾਂਸਾਹਾਰੀ ਅਤੇ ਸ਼ਾਕਾਹਾਰੀ। ਸ਼ਾਕਾਹਾਰੀ ਕਿਸਾਨ ਦੇ ਦੁਸ਼ਮਣ ਅਤੇ ਮਾਂਸਾਹਾਰੀ ਕਿਸਾਨ ਦੇ ਮਿੱਤਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਮੂੰਹ ਦੀ ਬਨਾਵਟ ਦੇ ਆਧਾਰ ਤੇ ਵੀ ਦੋ ਪ੍ਰਕਾਰ ਦੇ ਹਨ- ਰਸ ਚੂਸਣ ਵਾਲੇ ਅਤੇ ਪੱਤੇ ਖਾਣ ਵਾਲੇ।

ਕਿਸਾਨ ਭਰਾਂਵਾ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਕਣਕ ਦੀ ਫ਼ਸਲ ਵਿੱਚ ਤੇਲੇ ਦੀ ਜ਼ਿਆਦਾ ਮਾਰ ਪੈਂਦੀ ਹੈ, ਇਸਲਈ ਅੱਜ ਆਪਾਂ ਇਸ ਬਾਰੇ ਜਾਣਾਗੇ।


ਰਸ ਚੂਸਕ ਕੀਟ - ਤੇਲਾ

ਨਰਮੇ ਅਤੇ ਕਣਕ ਦਾ ਰਸ ਚੂਸ ਕੇ ਨੁਕਸਾਨ ਕਰਨ ਵਾਲੇ ਕੀਟਾ ਵਿੱਚੋਂ ਤੇਲਾ ਇੱਕ ਮੁੱਖ ਕੀਟ ਹੈ। ਇਹ ਤੋਤੀਏ ਰੰਗ ਦਾ ਹੁੰਦਾ ਹੈ। ਅੰਗਰੇਜੀ ਵਿੱਚ ਇਸ ਨੂੰ ਜੈਸਿਡ ਕਹਿੰਦੇ ਹਨ। ਲੋਹਾਰ ਦੀ ਛੈਣੀ ਵਰਗਾ ਦਿਸਣ ਵਾਲਾ ਇਹ ਕੀਟ ਲਗਭਗ ਤਿੰਨ ਮੀਟਰ ਲੰਬਾ ਹੁੰਦਾ ਹੈ। ਇਸਦਾ ਸੁਭਾਅ ਬਾਕੀ ਕੀਟਾਂ ਵਾਂਗ ਲਾਈਟ ਵੱਲ ਆਕਰਸ਼ਿਤ ਹੋਣ ਵਾਲਾ ਹੁੰਦਾ ਹੈ।

ਤੇਲੇ ਦਾ ਬਾਲਗ ਅਤੇ ਤੇਲੇ ਦਾ ਬੱਚਾ ਜਿਸ ਨੂੰ ਨਿਮਫ ਕਿਹਾ ਜਾਂਦਾ ਹੈ, ਫ਼ਸਲ ਦਾ ਰਸ ਚੂਸ ਕੇ ਫ਼ਸਲ ਨੂੰ ਨੁਕਸਾਨ ਪਹੁੰਚਾਉਦੇ ਹਨ। ਇੱਥੇ ਹੀ ਬੱਸ ਨਹੀਂ, ਇਹ ਤਾਂ ਰਸ ਚੂਸਣ ਦੀ ਪ੍ਰਕ੍ਰਿਆ ਵੇਲੇ ਪੱਤਿਆਂ ਵਿੱਚ ਜ਼ਹਿਰ ਵੀ ਛੱਡਦੇ ਹਨ। ਰਸ ਚੂਸਣ ਦੇ ਕਾਰਣ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੱਤਿਆਂ ਉੱਪਰ ਲਾਲ ਰੰਗ ਦੇ ਬਿੰਦੀਨੁਮਾਂ ਮਹੀਨ ਨਿਸ਼ਾਨ ਪੈ ਜਾਂਦੇ ਹਨ। ਜ਼ਿਆਦਾ ਪ੍ਰਕੋਪ ਹੋਣ ਉੱਤੇ ਪੱਤਾ ਪੂਰਾ ਹੀ ਲਾਲ ਹੋ ਜਾਂਦਾ ਹੈ ਅਤੇ ਹੇਠਾਂ ਵੱਲ ਮੁੜ ਜਾਂਦਾ ਹੈ। ਅੰਤ ਵਿੱਚ ਪੱਤਾ ਸੁੱਕ ਕੇ ਹੇਠਾਂ ਡਿੱਗ ਪੈਂਦਾ ਹੈ।

ਤੇਲੇ ਦੀ ਮਾਦਾ ਆਪਣੇ ਜੀਵਨ ਕਾਲ ਵਿੱਚ ਤਕਰੀਬਨ15 ਅੰਡੇ ਪੱਤੇ ਦੀ ਹੇਠਲੀ ਸਤ੍ਹਾ ਤੇ ਪੱਤੇ ਦੀ ਸਤ੍ਹਾ ਦੇ ਨਾਲ ਤੰਤੂਆਂ ਵਿੱਚ ਦਿੰਦੀ ਹੈ। 5-6 ਦਿਨਾਂ ਵਿੱਚ ਇੰਨਾਂ ਅੰਡਿਆਂ ਵਿੱਚੋਂ ਬੱਚੇ (ਨਿਮਫ) ਨਿਕਲ ਆਉਦੇਂ ਹਨ। ਇਹ ਨਿਮਫ ਪੱਤੇ ਦੀ ਹੇਠਲੀ ਸਤ੍ਹਾ ਤੋਂ ਰਸ ਚੂਸ ਕੇ ਆਪਣਾ ਗੁਜ਼ਾਰਾ ਕਰਦੇ ਹਨ। ਮੌਸਮ ਦੀ ਅਨੁਕੂਲਤਾ ਅਤੇ ਭੋਜਨ ਦੀ ਉਪਲਬਧਤਾ ਦੇ ਅਨੁਸਾਰ, ਇਹ ਬੱਚੇ ਬਾਲਗ ਬਣਨ ਲਈ 10-20 ਦਿਨ ਦਾ ਸਮਾਂ ਲੈਦੇ ਹਨ। ਇਸ ਦੌਰਾਨ ਇਹ ਬੱਚੇ ਭਾਵ ਨਿਮਫ ਤਕਰੀਬਨ 5 ਵਾਰ ਆਪਣੀ ਕੁੰਜ ਉਤਾਰਦੇ ਹਨ। ਇਹਨਾਂ ਦਾ ਬਾਲਗ ਜੀਵਨ 40-50 ਦਿਨ ਦਾ ਹੁੰਦਾ ਹੈ।

ਇਸ ਪ੍ਰਕ੍ਰਿਤੀ ਦਾ ਇੱਕ ਨਿਯਮ ਹੈ ਕਿ ਇੱਥੇ ਹਰ ਜੀਵ ਨੂੰ ਖਾਣ ਲਈ ਕੋਈ ਨਾਂ ਕੋਈ ਜੀਵ ਕੁਦਰਤ ਵੱਲੋਂ ਬਣਿਆਂ ਹੋਇਆ ਹੈ। ਤੇਲੇ ਵੀ ਇਸ ਨਿਯਮ ਤੋਂ ਬਚੇ ਹੋਏ ਨਹੀ ਹਨ। ਤੇਲੇ ਦੇ ਬੱਚੇ ਅਤੇ ਬਾਲਗ ਫ਼ਸਲ ਵਿੱਚ ਮੱਕੜੀਆਂ, ਦੈਂਤ ਮੱਖੀਆਂ, ਡਾਇਨ ਮੱਖ਼ੀਆਂ, ਕਰਾਈਸੋਪਾ ਅਤੇ ਲੇਡੀ ਬੀਟਲ ( ਜਿਸ ਨੂੰ ਬੱਚੇ ਫ਼ੇਲ-ਪਾਸ ਕਹਿੰਦੇ ਨੇ) ਦਾ ਭੋਜਨ ਬਣਦੇ ਹਨ। ਕਈ ਤਰ੍ਹਾ ਦੇ ਬੱਗ ਜਿਵੇਂ ਡਾਕੂ ਬੱਗ ਅਤੇ ਕਾਤਿਲ ਬੱਗ ਤੇਲੇ ਦੇ ਖ਼ੂਨ ਦੇ ਪਿਆਸੇ ਹੁੰਦੇ ਹਨ।

ਸੋ ਕਿਸਾਨ ਭਰਾਵੋਂ, ਅਗਲੀ ਵਾਰ ਤੇਲੇ ਲਈ ਕੀਟਨਾਸ਼ਕ ਛਿੜਕਣ ਤੋਂ ਪਹਿਲਾਂ ਆਪਣੇ ਖੇਤ ਵਿੱਚ ਕੁਦਰਤ ਵੱਲੋਂ ਤੁਹਾਡੀ ਮੱਦਦ ਲਈ ਭੇਜੇ ਕੁਦਰਤੀ ਕੀਟਨਾਸ਼ਕਾਂ ਮੱਕੜੀਆਂ, ਦੈਂਤ ਮੱਖੀਆਂ, ਡਾਇਨ ਮੱਖ਼ੀਆਂ, ਕਰਾਈਸੋਪਾ ਅਤੇ ਲੇਡੀ ਬੀਟਲ ਵੱਲ ਨਜ਼ਰ ਜ਼ਰੂਰ ਮਾਰ ਲੈਣਾ।
ਹੁਣ ਕਿਸਾਨ ਭਰਾਵਾਂ ਦੇ ਮਨ ਵਿੱਚ ਇਹਨਾਂ ਦੇ ਹੱਲ ਬਾਰੇ ਵੀ ਵਿਚਾਰ ਆ ਰਿਹਾ ਹੋਵੇਗਾ। ਤਾਂ ਕਿਸਾਨ ਵੀਰੋ! ਤੁਹਾਨੂੰ ਕੁਦਰਤ ਨੇ ਆਪ ਹੀ ਮੁਫ਼ਤ ਦੇ ਕੀਟਨਾਸ਼ੀ ਦਿੱਤੇ ਹਨ ਜਿਹੜੇ ਕਿਸਾਨਾਂ ਤੋਂ ਬਿਨਾਂ ਕੁੱਝ ਲਏ ਇਹਨਾਂ ਨੁਥਸਾਨ ਪਹੁੰਚਾਉਣ ਵਾਲੇ ਕੀਟਾ ਨੂੰ ਖ਼ਤਮ ਕਰਦੇ ਹਨ। ਇਹਨਾਂ ਵਿੱਚੋਂ ਇੱਕ ਹੈ - ਲੇਡੀ ਬਗ ਬੀਟਲ।

ਮੁਫਤ ਦੇ ਕੀਟਨਾਸ਼ਕ - ਲੇਡੀ ਬੀਟਲ

ਮਿਲੀ ਬੱਗ,ਤੇਲੇ ਅਤੇ ਚੇਪੇ ਦੀ ਕੁਸ਼ਲ ਸ਼ਿਕਾਰੀ ਜਾਣੀ ਜਾਣ ਵਾਲੀ ਲੇਡੀ ਬੀਟਲ ਕੌਕਸੀਨੋਲਿਡਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਲੇਡੀ ਬੀਟਲ ਦੇ ਬਾਲਗ ਅਤੇ ਬੱਚੇ ਦੋਵੇਂ ਹੀ ਮਾਸਾਹਾਰੀ ਹਨ। ਪੰਜਾਬ ਵਿੱਚ ਇਹ ਰੱਬ ਦੀ ਗਾਂ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਅਤੇ ਬੱਚੇ ਇਸ ਨੂੰ ਫੇਲ੍ਹ-ਪਾਸ ਦੇ ਨਾਮ ਨਾਲ ਵੀ ਜਾਣਦੇ ਹਨ। ਵਿਗਿਆਨਕ ਇਸ ਨੂੰ ਲੇਡੀ ਬਰਡ ਬੀਟਲ ਜਾਂ ਲੇਡੀ ਬੀਟਲ ਕਹਿੰਦੇ ਹਨ। ਇਹ 0.04 ਤੋ 0.4 ਇੰਚ ਤੱਕ ਲੰਬੇ, ਕਾਲੀਆਂ ਲੱਤਾ ਵਾਲੇ, ਇੱਕ ਐਂਟੀਨਾ ਅਤੇ ਲਾਲ, ਪੀਲੇ ਅਤੇ ਸੰਤਰੀ ਰੰਗ ਦੇ ਖੰਭਾ, ਜਿੰਨ੍ਹਾ ਉੱਪਰ ਕਾਲੇ ਰੰਗ ਦੀਆਂ ਬਿੰਦੀਆਂ ਵਰਗੇ ਨਿਸ਼ਾਨ ਹੁੰਦੇ ਹਨ, ਵਾਲੇ ਛੋਟੇ ਕੀਟ ਹਨ। ਇਹਨਾਂ ਦੇ ਖੰਭਾ ਦੀ ਚਮਕ ਚੂੜ੍ਹੀਆਂ ਵਾਂਗ ਲੱਗਦੀ ਹੈ। ਲੇਡੀ ਬੀਟਲ ਦੀਆਂ ਅਲੱਗ-ਅਲੱਗ ਕਿਸਮਾਂ ਦੇ ਬਾਲਗ ਅਤੇ ਬੱਚੇ ਜਨਮਜਾਤ ਮਾਸਾਹਾਰੀ ਹੁੰਦੇ ਹਨ। ਇਹਨਾ ਦੇ ਭੋਜਨ ਵਿੱਚ ਕੀਟਾ ਦੇ ਅੰਡੇ, ਤੇਲਾ, ਚੇਪਾ, ਛੋਟੀਆਂ ਸੁੰਡੀਆਂ, ਮਿਲੀ ਬੱਗ ਅਤੇ ਸਫੇਦ ਮੱਖੀ ਸ਼ਾਮਿਲ ਹਨ। ਇਹ ਕੁਦਰਤ ਵੱਲੋਂ ਕਿਸਾਨ ਨੂੰ ਬਖਸ਼ੇ ਬੇਹਤਰੀਨ ਕਿਸਮ ਦੇ ਕੀਟਨਾਸ਼ੀ ਹਨ। ਜੇਕਰ ਇਹ ਸਾਡੇ ਖੇਤ ਵਿੱਚ ਹੋਣ ਤਾਂ ਕਿਸਾਨਾਂ ਦੇ ਕੀਟਨਾਸ਼ਕਾ ਉੱਪਰ ਹੋਣ ਵਾਲੇ ਖ਼ਰਚ ਨੂੰ ਘਟਾ ਸਕਦੀਆਂ ਹਨ ਅਤੇ ਨਾਲ ਹੀ ਕੀਟਨਾਸ਼ਕਾ ਦੇ ਹਾਨੀਕਾਰਕ ਪ੍ਰਭਾਵਾ ਤੋਂ ਕਿਸਾਨ ਵੀਰ ਖ਼ੁਦ ਵੀ ਬਚ ਸਕਦੇ ਹਨ ਅਤੇ ਹੋਰਾਂ ਨੂੰ ਵੀ ਬਚਾ ਸਕਦੇ ਹਨ।

ਸੋ ਕਿਸਾਨ ਭਰਾਵੋ! ਸਾਡੇ ਆਪਣੇ ਖੇਤਾ ਵਿੱਚ ਹੀ ਕੁਦਰਤੀ ਕੀਟਨਾਸ਼ਕ ਮਿੱਤਰ ਕੀਟਾਂ ਦੇ ਰੂਪ ਵਿੱਚ ਮੌਜ਼ੂਦ ਹਨ, ਜ਼ਰੂਰਤ ਹੈ ਤਾਂ ਸਿਰਫ ਇਹਨਾਂ ਨੂੰ ਪਛਾਣਨ ਦੀ ਅਤੇ ਇਹਨਾਂ ਨਾਲ ਦੋਸਤੀ ਕਰਨ ਦੀ।



ਅਮਨਜੋਤ ਕੌਰ

ਕੁਦਰਤੀ ਖੇਤੀ ਵਿੱਚ ਵੱਡੀਆਂ ਮੱਲਾਂ ਮਾਰਨ ਦਾ ਇੱਛਕ ਖੋਜ਼ੀ ਮਨੋਬਿਰਤੀ ਦਾ ਕਿਸਾਨ ਅਮਨਦੀਪ ਸਿੰਘ ਢਿੱਲੋਂ


ਗੁਰਪ੍ਰੀਤ ਦਬੜ੍ਹੀਖਾਨਾ

ਦੋਸਤੋ ਇੱਕ ਲੰਮੇ ਅਰਸੇ ਮੰਗਰੋਂ ਇੱਕ ਵਾਰ ਫਿਰ ਇਹ ਫੀਚਰ ਲੈ ਕੇ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ। ਇਸ ਵਾਰ ਅਸੀਂ ਆਪਜੀ ਦੇ ਰੂ-ਬ-ਰੂ ਕਰਵਾਉਣ ਲੱਗੇ ਹਾਂ ਫ਼ਰੀਦਕੋਟ ਜ਼ਿਲ੍ਹੇ ਤੋਂ ਦਬੜ੍ਹੀਖਾਨਾ ਪਿੰਡ ਦੇ ਨੌਜਵਾਨ ਤੇ ਗੁਰਸਿੱਖ ਕੁਦਰਤੀ ਖੇਤੀ ਕਿਸਾਨ ਅਮਨਦੀਪ ਸਿੰਘ ਢਿੱਲੋਂ ਨੂੰ। ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਅਮਨਦੀਪ ਸਿੰਘ ਨੇ ਬਾਰਵ੍ਹੀਂ ਜਮਾਤ ਤੱਕ ਸਿੱਖਿਆ ਪ੍ਰਾਪਤ ਕਰਨ ਉਪਰੰਤ ਆਪਣੇ ਪੁਸ਼ਤੈਨੀ ਕਿੱਤੇ ਖੇਤੀ ਨੂੰ ਅਪਣਾ ਕਰਮ ਬਣਾ ਲਿਆ। 17 ਏਕੜ ਖੇਤੀ ਦੇ ਮਾਲਿਕ 34 ਸਾਲਾਂ ਅਮਨਦੀਪ ਸਿੰਘ ਬੀਤੇ 15 ਵਰ੍ਹਿਆਂ ਤੋਂ ਖੇਤੀ ਕਰਦੇ ਆ ਰਹੇ ਹਨ। ਇਸ ਅਰਸੇ ਦੌਰਾਨ    ਉਹਨਾਂ ਦਾ ਨਾਂਅ ਪਿੰਡ ਦੇ ਮੋਹਰੀ ਕਿਸਾਨਾਂ ਵਿੱਚ ਸ਼ੁਮਾਰ ਹੋ ਚੁੱਕਾ ਹੈ।


ਨਵੇਂ ਵਿਚਾਰਾਂ ਅਤੇ ਨਿਵੇਕਲੀ ਸੋਚ ਲਈ ਆਪਣੇ ਦਿਲ-ਦਿਮਾਗ ਦੇ ਬੂਹੇ ਸਦਾ ਖੁੱਲ੍ਹੇ ਰੱਖਣਾ ਅਮਨਦੀਪ ਦੀ ਮੁੱਖ ਵਿਸ਼ੇਸ਼ਤਾ ਹੈ। ਇਸ ਵਿਸ਼ੇਸ਼ਤਾ ਸਦਕੇ ਹੀ ਅੱਜ ਤੋਂ ਕੋਈ ਸਾਢੇ ਤਿੰਨ ਵਰ੍ਹੇ ਪਹਿਲਾਂ ਲੇਖਕ ਦੇ ਸੰਪਰਕ ਵਿੱਚ ਆ ਕੇ ਉਹਨਾਂ ਕੁਦਰਤੀ ਖੇਤੀ ਵੱਲ ਮੋੜਾ ਕੱਟਿਆ ਸੀ। ਇਸ ਵੇਲੇ ਕੁਦਰਤੀ ਖੇਤੀ ਵਿੱਚ ਉਹ ਬਾਸਮਤੀ ਪੂਸਾ-1121 ਦੀ ਚੌਥੀ ਫਸਲ ਫਸਲ ਲੈਣ ਲਈ ਤਿਆਰ ਹਨ। ਂਿÂਸ ਕਾਲਮ ਵਿੱਚ ਅਸੀਂ ਉਹਨਾਂ ਨਾਲ ਗੱਲ ਕਰਕੇ ਕੁਦਰਤੀ ਖੇਤੀ ਵਿੱਚ ਉਹਨਾਂ ਦੇ ਹੁਣ ਤੱਕ ਦੇ ਤਜ਼ਰਬੇ ਅਤੇ ਇਸ ਖੇਤੀ ਸਦਕਾ ਉਹਨਾਂ ਦੇ ਜੀਵਨ ਵਿੱਚ ਆਈਆਂ ਖਾਸ ਤਬਦੀਲੀਆਂ ਬਾਰੇ ਜਾਣਨ-ਸਮਝਣ ਦੀ ਕੋਸ਼ਿਸ਼ ਕੀਤੀ ਹੈ।


ਅਮਨਦੀਪ ਮੁਤਾਬਿਕ ਖੇਤੀ ਵਿਰਾਸਤ ਮਿਸ਼ਨ ਦੀ ਪ੍ਰੇਰਨਾ ਸਦਕਾ ਉਹਨਾਂ ਆਪਣੇ ਆਸ-ਪਾਸ ਅਤੇ ਪਰਿਵਾਰ ਵਿੱਚ ਸਿਹਤਾਂ ਦੇ ਦਿਨੋਂ ਦਿਨ ਨਿੱਘਰਦੇ ਹੋਏ ਹਾਲਾਤਾਂ ਅਤੇ ਰਸਾਇਣਕ ਖੇਤੀ ਵਿੱਚ ਲਗਾਤਾਰ ਵਧ ਰਹੇ ਲਾਗਤ ਖਰਚਿਆਂ ਦੀ ਰੋਸ਼ਨੀ ਵਿੱਚ ਖੋਜ਼ੀ ਮਨੋਬਿਰਤੀ ਦਾ ਕਿਸਾਨ ਹੋਣ ਦੇ ਨਾਤੇ ਕੁਦਰਤੀ ਖੇਤੀ ਕਰਨ ਦਾ ਫੈਸਲਾ ਲਿਆ। ਉਹ ਬੜੇ ਚਾਅ ਨਾਲ ਦੱਸਦੇ ਹਨ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਇਹ ਫੈਸਲਾ ਬਿੱਲਕੁੱਲ ਸਹੀ ਰਿਹਾ।


ਅਮਨਦੀਪ ਦਾ ਮੰਨਣਾ ਹੈ ਕਿ ਕੁਦਰਤੀ ਖੇਤੀ ਵਿੱਚ ਜੇ ਕੋਈ ਵੱਡੀ ਸਮੱਸਿਆ ਹੈ ਤਾਂ ਉਹ ਸਮੱਸਿਆ ਸਿਰਫ ਲੇਬਰ ਦੀ ਹੈ। ਇਸਤੋਂ ਇਲਾਵਾ ਕੁਦਰਤੀ ਖੇਤੀ ਵਿੱਚ ਅਜਿਹਾ ਕੁੱਝ ਵੀ ਨਹੀਂ ਜਿਹੜਾ ਕਿ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਵੱਬ ਬਣ ਸਕੇ। ਉਹਨਾਂ ਦੱਸਿਆ ਕਿ ਕੁਦਰਤੀ ਖੇਤੀ ਵਿੱਚ ਸਾਡੀ ਬਾਸਮਤੀ ਦੀ ਭਰਪੂਰ ਫਸਲ  ਦੇਖ ਕੇ ਸ਼ੁਰੂ-ਸ਼ੁਰੂ ਵਿੱਚ ਗੁਆਂਢੀ ਕਿਸਾਨ ਸਾਡੇ ਸੀਰੀਆਂ ਨੂੰ ਅਕਸਰ ਕਹਿ ਦਿੰਦੇ ਸਨ ਕਿ ਤੁਸੀਂ ਬਾਸਮਤੀ ਵਿੱਚ ਚੋਰੀ-ਛੁੱਪੇ ਰੇਹ ਪਾਈ ਹੋਵੇਗੀ ਪਰ ਹੁਣ ਸਭ ਦੀ ਬੋਲਤੀ ਬੰਦ ਹੋ ਚੁੱਕੀ ਹੈ। ਇਸ ਵਾਰ ਕੁਦਰਤੀ ਖੇਤੀ ਵਿੱਚ ਅਮਨਦੀਪ ਸਿੰਘ ਦੇ ਖੇਤ ਕਣਕ ਦੀ 2733 ਕਿਸਮ ਦਾ ਝਾੜ 48 ਮਣ ਪ੍ਰਤੀ ਏਕੜ ਰਿਹਾ। ਜਿਹੜਾ ਕਿ ਆਪਣੇ-ਆਪ ਵਿੱਚ ਇੱਕ ਰਿਕਾਰਡ ਹੈ।


ਸਾਡੇ ਨਾਲ ਆਪਣੇ ਤਜ਼ਰਬਾ ਸਾਂਝਾ ਕਰਦਿਆਂ ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਸਮੇਂ ਉਹਨਾਂ ਨੂੰ ਸਿਰਫ ਕਣਕ ਵਿੱਚ ਝਾੜ ਸਬੰਧੀ ਕੁੱਝ ਮੁਸ਼ਕਿਲਾਂ ਜ਼ਰੂਰ ਆਈਆਂ ਸਨ ਪਰ ਬਾਸਮਤੀ ਪੂਸਾ-1121 ਦਾ ਝਾੜ ਹਰ ਸਾਲ ਕੈਮੀਕਲ ਵਾਲੀ ਬਾਸਮਤੀ ਦੇ ਬਰਾਬਰ ਜਾਂ ਭੋਰਾ ਵੱਧ ਹੀ ਰਿਹਾ। ਇਹ ਕ੍ਰਮਵਾਰ 16, 18, 20 ਕੁਇੰਟਲ ਪ੍ਰਤੀ ਏਕੜ ਰਿਹਾ। ਕਣਕ ਵਿੱਚ ਝਾੜ ਦੀ ਸਮੱਸਿਆ ਬਾਰੇ ਉਹਨਾਂ ਦੱਸਿਆ ਕਿ ਕਣਕ ਵਿੱਚ ਮੇਰੇ ਦੁਆਰਾ ਕੀਤੇ ਗਏ ਕੁਝ ਤਜ਼ਰਬੇ ਸਫਲ ਨਾ ਹੋਣ ਕਰਕੇ ਹੀ ਇਹ ਮਸਲਾ ਖੜਾ ਹੋਇਆ ਸੀ। ਆਪਣੇ ਤਜ਼ਰਬਿਆਂ ਤੋਂ ਸਿੱਖ ਕੇ ਮੈਂ ਕੁਦਰਤੀ ਖੇਤੀ ਨਾਲ ਜੁੜਨ ਵਾਲੇ ਨਵੇਂ ਕਿਸਾਨਾਂ ਨੂੰ ਇਹ ਕਹਿਣਾ ਚੰਹੁਦਾ ਹਾਂ ਕਿ ਕੁਦਰਤੀ ਖੇਤੀ  ਸ਼ੁਰੂ ਕਰਦੇ ਸਮੇਂ ਕਦੇ ਵੀ ਰੂਟਾਵੇਟਰ ਜਾਂ ਜੀਰੋ ਟਿੱਲ ਮਸ਼ੀਨ ਨਾਲ ਕਣਕ ਦੀ ਬਿਜਾਈ ਨਾ ਕਰਿਓ, ਨੁਕਸਾਨ ਹੋਵੇਗਾ! ਇਸਦੇ ਨਾਲ ਹੀ ਆਪਣੇ ਤਜ਼ਰਬੇ ਦੇ ਆਧਾਂਰ 'ਤੇ ਉਹ ਕਿਸਾਨ ਭਰਾਵਾਂ ਖੁਸ਼ਕ ਖੇਤ ਵਿੱਚ ਹੀ ਕਣਕ ਦੀ ਬਿਜਾਈ ਕਰਨ ਦੀ ਸਿਫਾਰਸ਼ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਕਣਕ ਵਿੱਚ ਨਦੀਨ ਬਹੁਤ ਘੱਟ ਉੱਗਦੇ ਹਨ ਅਤੇ ਦੂਜਾ, ਖੇਤ ਪਹਿਲਾ ਪਾਣੀ ਵੀ ਬੜੀ ਜਲਦੀ ਪੀ ਜਾਂਦਾ ਹੈ। ਜਿਹੜਾ ਕਣਕ ਦੀ ਫਸਲ ਲਈ ਬਹੁਤ ਲਾਭਦਾਇਕ ਵਰਤਾਰਾ ਹੈ।


ਜਦੋਂ ਗੱਲ ਖਰਚਿਆਂ ਦੀ ਤੁਰੀ ਤਾਂ ਅਮਨਦੀਪ ਦਾ ਸਪਸ਼ਟ ਕਹਿਣਾ ਸੀ ਕਿ ਕੁਦਰਤੀ ਖੇਤੀ ਵਿੱੱਚ ਹਰੇਕ ਫਸਲ ਉੱਤੇ ਸਿਰਫ ਗੁਡਾਈ ਦਾ ਹੀ ਖਰਚ ਆਉਂਦਾ ਹੈ। ਬਾਕੀ ਲਾਗਤਾਂ ਪੱਖੋਂ ਕੁਦਰਤੀ ਖੇਤੀ ਹਰ ਪੱਖੋਂ ਜੀਰੋ ਬਜਟ ਖੇਤੀ ਹੈ।  ਕੁਦਰਤੀ ਖੇਤੀ ਦੀ ਪੈਦਾਵਾਰ ਅਨਾਜ ਨਹੀਂ ਸਗੋਂ ਅੰਮ੍ਰਿਤ ਹੈ। ਕੁਦਰਤੀ ਖੇਤੀ ਤੋਂ ਉਪਜੀ ਜ਼ਹਿਰ ਮੁਕਤ ਕਣਕ ਅਤੇ ਤੰਦਰੁਸਤ ਸਬਜ਼ੀਆਂ ਖਾਣ ਸਦਕਾ ਅਮਨਦੀਪ ਦੇ ਪਰਿਵਾਰ ਵਿੱਚੋਂ ਯੂਰਿਕ ਐਸਿਡ ਦਾ ਭੂਤ ਕਦ ਦਾ ਭੱਜ ਚੁੱਕਿਆ ਹੈ। ਅਮਨਦੀਪ ਦਾ ਕਹਿਣਾ ਹੈ ਕਿ ਕੁਦਰਤੀ ਖੇਤੀ ਕਰਨ ਦਾ ਫੈਸਲਾ ਸਾਡੇ ਸਾਰੇ ਪਰਿਵਾਰ ਦਾ ਸਾਂਝਾ ਫੈਸਲਾ ਹੈ ਅਤੇ ਇਸ ਚਾਲੂ ਸੀਜਨ ਤੋਂ ਅਸੀਂ ਕੁਦਰਤੀ ਖੇਤੀ ਹੇਠਲਾ ਰਕਬਾ ਵਧਾ ਕੇ 2 ਏਕੜ ਕਰ ਦਿੱਤਾ ਹੈ। ਹੌਲੀ-ਹੌਲੀ ਸਾਰੀ ਦੀ ਸਾਰੀ ਜ਼ਮੀਨ ਕੁਦਰਤੀ ਖੇਤੀ ਹੇਠ ਲਿਆਉਣ ਦਾ ਇਰਾਦਾ ਹੈ।


ਅਮਨਦੀਪ ਦਾ ਮੰਨਣਾ ਹੈ ਕਿ ਕਿਸਾਨਾਂ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਹਰੀ ਕ੍ਰਾਂਤੀ ਦਾ ਕਿਸਾਨ ਤਬਕੇ ਨੂੰ ਕੀ ਲਾਭ ਹੋਇਐ?ਸਾਡਾ ਪਾਣੀ, ਜ਼ਮੀਨ, ਹਵਾ ਸਭ ਪਲੀਤ ਹੋ ਚੁੱਕੇ ਹਨ। ਵਾਤਾਵਰਣ ਗੰਧਲ ਗਿਆ ਹੈ। ਕੈਂਸਰ ਅਤੇ ਇਸ ਵਰਗੀਆਂ ਅਨੇਕਾਂ ਹੀ ਨਾਮੁਰਾਦ ਬਿਮਾਰੀਆਂ ਸਾਡੀ ਸਰੀਰਾਂ ਨੂੰ ਘੁਣ ਵਾਂਗ ਚਿੰਬੜ ਚੁੱਕੀਆਂ ਹਨ। ਕਰਜ਼ਿਆਂ ਦਾ ਝੰਬਿਆ ਕਿਸਾਨ ਤਬਕਾ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਕਿਸਾਨਾਂ ਦੇ ਧੀਆਂ ਪੁੱਤ ਰੋਜਗਾਰ ਦੀ ਭਾਲ 'ਚ ਵਿਦੇਸ਼ਾਂ ਵਿੱਚ ਬੇਪੱਤ ਹੋ ਰਹੇ ਹਨ। ਪਰ ਹਾਲੇ ਵੀ ਅਸੀਂ ਖੁਦਕੁਸ਼ੀਆਂ ਦੀ ਖੇਤੀ ਤੋਂ ਬਾਜ ਨਹੀਂ ਆ ਰਹੇ।

ਅੰਤ ਵਿੱਚ ਅਮਨਦੀਪ ਨੇ ਗੱਲ ਇਓਂ ਸਿਰੇ ਲਈ, “ ਕੁਦਰਤੀ ਖੇਤੀ ਸਦਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ, ਇੱਕ ਕਿਸਾਨ ਦੇ ਨਾਤੇ ਮੈਂ ਜੋ ਕਰਨਾ ਚੰਹੁਦਾ ਸੀ ਕੁਦਰਤੀ ਖੇਤੀ ਸਦਕਾ ਉਹ ਕਰ ਰਿਹਾ ਹਾਂ, ਮੇਰੇ ਲਈ ਇਹ ਬਹੁਤ ਮਾਣ ਦੀ ਗੱਲ ਹੈ, ਮੈਨੂੰ ਫ਼ਖਰ ਹੈ ਕਿ ਮੈਂ ਕੁਦਰਤੀ ਖੇਤੀ ਕਰਦਾ ਹਾਂ।”

ਅਸੀਂ ਆਸ ਕਰਦੇ ਹਾਂ ਕਿ ਅਮਨਦੀਪ ਸਿੰਘ ਕੁਦਰਤੀ ਖੇਤੀ ਵੱਲ ਮੋੜਾ ਕੱਟਣ ਵਾਲੇ ਨਵੇਂ ਕਿਸਾਨਾਂ ਲਈ ਪ੍ਰੇਰਣਾ ਸ੍ਰੋਤ ਬਣਦੇ ਹੋਏ ਗੁਰੂ ਕ੍ਰਿਪਾ ਸਦਕਾ ਆਪ ਵੀ ਕੁਦਰਤੀ ਖੇਤੀ ਵਿਚ ਨਿੱਤ ਨਵੇਂ ਦਿਸਹੱਦੇ ਸਿਰਜਦੇ ਹੋਏ ਗੁਰਬਾਣੀ ਦੁਆਰਾ ਦਰਸਾਏ ਰਾਹਾਂ 'ਤੇ ਹੋਰ ਅੱਗੇ ਵਧਦੇ ਰਹਿਣਗੇ।

ਕੁਦਰਤੀ ਖੇਤੀ: ਇੱਕ ਤਰੀਕਾ ਇਹ ਵੀ

ਡਾ. ਓਮ ਪ੍ਰਕਾਸ਼ ਰੁਪੇਲਾ

ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਵਿੱਚ ਕੁਦਰਤੀ ਖੇਤੀ ਵਿੱਚ ਰੁਚੀ ਲੈ ਰਹੀ ਹਨ। ਖੇਤੀ ਵਿਰਾਸਤ ਮਿਸ਼ਨ ਦੇ ਯਤਨਾਂ ਸਦਕਾ ਬੀਤੇ 6-7 ਵਰ੍ਹਿਆਂ ਦੌਰਾਨ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਵਿੱਚ ਕੁਦਰਤੀ ਖੇਤੀ ਨਾਲ ਜੁੜੇ ਹਨ। ਪਰ ਸੱਚ ਇਹ ਵੀ ਹੈ ਕਿ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪੰਜਾਬ ਦੀ ਖੇਤੀ ਵਿੱਚ ਜੈਵਿਕ ਮਾਦੇ ਦੀ ਘਾਟ ਇਹਨਾਂ ਵਿੱਚੋਂ ਪ੍ਰਮੁੱਖ ਹੈ।

ਕਿਸਾਨ ਵੀਰੋ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਸਰਫੇਸ ਮਲਚਿੰਗ (ਜ਼ਮੀਨ ਦੀ ਉੱਪਰੀ ਸਤ੍ਹਾ ਨੂੰ ਢਕ ਕੇ ਰੱਖਣਾ) ਕੁਦਰਤੀ ਖੇਤੀ ਦਾ ਇੱਕ ਅਹਿਮ ਥੰਮ ਹੈ ਪਰ ਪੰਜਾਬ ਦੇ ਵੱਡੇ ਏਰੀਏ ਵਿੱਚ ਜੰਗਲ-ਬੇਲਿਆਂ ਦੇ ਖਾਤਮੇ ਕਾਰਨ ਇਸ ਕੰਮ ਲਈ ਲੋੜੀਂਦਾ ਜੈਵਿਕ ਮਾਦਾ- ਦਰਖਤਾਂ ਦੀਆਂ ਕੱਚੀਆਂ ਟਹਿਣੀਆਂ ਅਤੇ ਪੱਤੇ ਆਦਿ ਨਹੀਂ ਮਿਲਦੇ। ਨਤੀਜੇ ਵਜੋਂ ਕਣਕ ਦੇ ਝਾੜ ਸਬੰਧੀ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਇਹਨਾਂ ਸਮੱਸਿਆਵਾਂ ਤੋਂ ਪਾਰ ਪਾਉਣ ਲਈ ਸਾਨੂੰ ਆਪਣੀ ਖੇਤੀ ਨੂੰ “ਲੋ ਕੌਸਟ ਇੰਟੈਂਸਿਵ ਐਗਰੀਕਲਚਰ ਫਾਰ ਸਮਾਲ ਐਂਡ ਮੌਡਰੇਟ ਫਾਰਮਰਜ” ਵਿਧੀ ਅਨੁਸਾਰ ਨਿਵੇਕਲੀ ਅਤੇ ਲਾਹੇਵੰਦ ਦਿਸ਼ਾ ਦੇਣ ਦਾ ਉਪਰਾਲਾ ਕਰਨਾਂ ਹੋਵੇਗਾ:

ਇਸ ਵਿਧੀ ਤਹਿਤ ਤਜ਼ਰਬਾ ਕਰਨ ਲਈ ਕਿਸਾਨ ਵੀਰ 1 ਤੋਂ 2 ਏਕੜ ਦੇ ਖੇਤ ਦੀ ਨਿਸ਼ਾਨਦੇਹੀ ਕਰ ਲੈਣ। ਨਿਸ਼ਾਨਦੇਹੀ ਕੀਤੇ ਹੋਏ ਖੇਤ ਵਿੱਚ ਸਭ ਤੋਂ ਪਹਿਲਾਂ ਢਲਾਣ ਅਨੁਸਾਰ ਖੇਤ ਦੇ ਇੱਕ ਸਿਰੇ 'ਤੇ ਦਸ ਫੁੱਟ ਚੌੜਾ, 20 ਫੁੱਟ ਲੰਬਾ ਅਤੇ ਘੱਟੋ-ਘੱਟ 5 ਫੁੱਟ ਡੂੰਘਾ ਕੱਚਾ ਤਲਾਬ ਬਣਾ ਕੇ ਇਸ ਨੂੰ ਕੰਡਿਆਲੀ ਤਾਰ ਦੀ ਵਾੜ ਕਰ ਦਿਓ। ਇਹ ਤਾਲਾਬ ਬਾਰਿਸ਼ ਦੌਰਾਨ ਤੁਹਾਡੇ ਖੇਤ ਵਿਚਲਾ ਵਾਧੂ ਪਾਣੀ ਸੰਭਾਲਣ ਅਤੇ ਧਰਤੀ ਵਿੱਚ ਮੁੜ ਭੇਜਣ ਦਾ ਕੰਮ ਕਰੇਗਾ ਇਸਦੇ ਨਾਲ ਹੀ ਜੇਕਰ ਗਲਤੀ ਨਾਲ ਕਿਸੇ ਫਸਲ ਨੂੰ ਭਰ ਕੇ ਪਾਣੀ ਲੱਗ ਜਾਵੇ ਤਾਂ ਵਾਧੂ ਪਾਣੀ ਇਸ ਤਾਲਾਬ ਵਿੱਚ ਛੱਡ ਕੇ ਫਸਲ ਦਾ ਨੁਕਸਾਨ ਹੋਣ ਤੋਂ ਰੋਕਿਆ ਜਾ ਸਕਦਾ ਹੈ।

ਹੁਣ ਸਬੰਧਤ ਖੇਤ ਵਿੱਚ ਰੁੱਖ ਲਗਾਉਣ ਲਈ ਹਰੇਕ 50 ਫੁੱਟ ਬਾਅਦ 5 ਫੁੱਟ ਚੋੜੀਆਂ ਘੱਟੋ-ਘੱਟ 3 ਪੱਟੀਆਂ ਬਣਾਉਣ ਲਈ ਨਿਸ਼ਾਨਦੇਹੀ ਕਰ ਲਵੋ। 5-5 ਫੁੱਟ ਚੌੜੀਆਂ ਇਹ ਪੱਟੀਆਂ ਜ਼ਮੀਨ ਦੀ ਸਤ੍ਹਾਂ ਤੋਂ ਘੱਟੋ-ਘੱਟ ਇੱਕ ਫੁੱਟ ਉੱਚੀਆਂ ਹੋਣੀਆਂ ਚਾਹੀਦੀਆਂ ਹਨ। ਸਾਉਣ ਦੇ ਮਹੀਨੇ ਜਾਂ ਬਰਸਾਤਾਂ ਦੌਰਾਨ ਇਹਨਾਂ ਪੱਟੀਆਂ ਉੱਤੇ ਬਾਇਓਮਾਸ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਵਾਲੇ ਫਲਦਾਰ ਰੁੱਖ ਲਗਾਓ। ਹਰੇਕ 2 ਫਲਦਾਰ  ਰੁੱਖਾਂ ਵਿਚਾਲੇ ਬਇਓਮਾਸ ਦੇਣ ਵਾਲਾ ਇੱਕ ਰੁੱਖ ਲਗਾਓ। ਰੁੱਖਾਂ ਦੀ ਚੋਣ ਕਿਸਾਨ ਆਪਣੇ ਇਲਾਕੇ ਦੇ ਵਾਤਾਵਰਣ ਅਤੇ ਆਪਣੇ ਭੂਮੀ, ਪਾਣੀ ਦੀ ਤਾਸੀਰ ਮੁਤਾਬਿਕ ਕਰਨ। ਖੇਤ ਵਿੱਚ ਲਾਏ ਗਏ ਇਹਨਾਂ ਰੁੱਖਾਂ ਨੂੰ ਹੱਥ ਦੀ ਉਚਾਈ ਤੋਂ ਵਧਣ ਅਤੇ 5 ਫੁੱਟ ਦੀ ਪੱਟੀ ਤੋਂ ਬਾਹਰ ਫੈਲਣ ਨਹੀਂ ਦੇਣਾ। ਸੋ ਸਮੇਂ-ਸਮੇਂ ਇਹਨਾਂ ਰੁੱਖਾਂ ਦੀ ਕਟਾਈ-ਛੰਟਾਈ ਅਤੇ ਪਰੂਨਿੰਗ ਕਰਦੇ ਰਹਿਣਾ ਹੋਵੇਗਾ, ਇਸ ਤਰ੍ਹਾ ਕਰਨ ਨਾਲ ਮਿਲਿਆਂ ਹਰਾ ਜੈਵਿਕ ਮਾਦਾ ਤੁਹਾਡੇ ਖੇਤ ਵਿੱਚ ਸਰਫੇਸ ਮਲਚਿੰਗ ਅਤੇ ਹਰੀ ਖਾਦ ਦੇ ਕੰਮ ਆਵੇਗਾ। ਫ਼ਲਦਾਰ ਰੁੱਖਾਂ ਤੋਂ ਕਿਸਾਨਾਂ ਨੂੰ ਨਕਦ ਆਮਦਨ ਅਤੇ ਘਰ ਵਿੱਚ ਖਾਣ ਲਈ ਭਾਂਤ-ਸੁਭਾਂਤੇ ਪਰੰਤੂ ਜ਼ਹਿਰ ਮੁਕਤ ਫ਼ਲ ਮਿਲਣ ਲੱਗਣਗੇ।

ਫ਼ਲਦਾਰ ਰੁੱਖ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਕਿ ਜੇਕਰ ਕੋਈ ਰੱਖ ਤਿੰਨ ਸਾਲ ਦਾ ਹੋਣ 'ਤੇ ਫਲ ਦੇਣ ਲੱਗਦਾ ਹੈ ਤਾਂ ਤੁਸੀਂ 2 ਸਾਲ ਦੀ ਉਮਰ ਦਾ ਰੁੱਖ ਹੀ ਖਰੀਦੋਗੇ ਤਾਂ ਕਿ ਉਸਤੋਂ ਹੋਣ ਵਾਲੀ ਆਮਦਨੀ ਲਈ ਤੁਹਾਨੂੰ ਲੰਮਾਂ ਸਮਾਂ ਉਡੀਕ ਨਾ ਕਰਨੀ ਪਵੇ।

ਖੇਤ ਦੇ ਚਾਰੇ ਪਾਸੇ ਕਰੌਂਦੇ ਵਰਗੀਆਂ ਕੰਡਿਆਲੀਆਂ ਪਰ ਕਿਸਾਨ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਵਾਲੀਆਂ ਝਾੜੀਆਂ ਦੀਆਂ ਕਲਮਾਂ ਲਾ ਦਿਓ। ਇਹ ਅੱਗੇ ਚੱਲ ਕੇ ਖੇਤ ਲਈ ਬੇਹੱਦ ਮਜਬੂਤ ਵਾੜ ਦਾ ਕੰਮ ਕਰਨਗੀਆਂ। ਇਸ ਤਕਨੀਕ ਨਾਲ ਸ਼ਿੰਗਾਰੇ ਖੇਤ ਵਿੱਚ ਕੁਦਰਤੀ ਖੇਤੀ ਤਹਿਤ ਸਹੀ ਢੰਗਾਂ ਨਾਲ ਹਾੜੀ-ਸਾਉਣੀ ਬੀਜਦੇ ਰਹੋ ਚੋਖਾ ਲਾਭ ਹੋਵੇਗਾ। ਕਿਸਾਨਾਂ ਦੀ ਸਹਾਇਤਾ ਲਈ ਇਸ ਤਕਨੀਕ ਤਹਿਤ ਖੇਤ ਵਿੱਚ ਲਗਾਏ ਜਾਣ ਵਾਲੇ ਰੁੱਖਾਂ ਦੀ ਸੂਚੀ ਇਸ ਪ੍ਰਕਾਰ ਹੈ:

ਕੋਈ ਵੀ ਔਸ਼ਧੀ ਜਾਂ ਫ਼ਲ ਦੇਣ ਵਾਲਾ ਲੋਕਲ ਰੁੱਖ ਹਰ 10 ਫੁੱਟ ਉੱਤੇ

1 .    ਅੰਬ
2 .    ਅਨਾਰ - ਇੱਕ ਸਾਲ ਵਿੱਚ ਫੁੱਲ ਅਤੇ ਫਲ
3 .    ਪਪੀਤਾ - ਕੁੱਝ ਕਿਸਮਾਂ ਅੱਠ ਮਹੀਨੇ ਵਿੱਚ ਫਲ ਦਿੰਦੀਆਂ ਹਨ।
4 .    ਮੁਸੰਮੀ
5 .   ਅੰਜੀਰ
6 .   ਚੀਕੂ
7 . ਅਮਰੂਦ
ਬਾਇਉਮਾਸ ਦੇਣ ਵਾਲੇ ਪੌਦੇ - ਜਲਦੀ ਵਧਣ ਵਾਲੇ ਅਤੇ ਆਰਥਿਕ ਮਹੱਤਵ ਵਾਲੇ

1 ਸੁਹੰਜਨਾ - ਕੁੱਝ ਕਿਸਮਾਂ 6 ਮਹੀਨੇ ਵਿੱਚ ਫੁੱਲ ਅਤੇ ਫਲੀਆਂ ਦਿੰਦੀਆਂ ਹਨ। ਇਹ ਰੁੱਖ ਜ਼ਮੀਨ 'ਚ ਵੱਡੀ ਮਾਤਰਾ ਵਿੱਚ ਨਾਈਟਰੋਜ਼ਨ ਫਿਕਸ ਕਰਨ ਲਈ ਜਾਣਿਆ ਜਾਂਦਾ ਹੈ। ਇਸਦੀਆਂ ਕੱਚੀਆਂ ਫਲੀਆਂ ਅਚਾਰ ਪਾਉਣ ਅਤੇ ਸਬਜ਼ੀ ਬਣਾਉਣ ਦੇ ਕੰਮ ਆਉਂਦੀਆਂ ਹਨ। ਪੱਕੀਆਂ ਫਲੀਆਂ ਦੇ ਬੀਜਾਂ ਦਾ ਪਾਊਡਰ ਪਾਣੀ ਨੂੰ ਕੀਟਾਣੂ ਰਹਿਤ ਕਰ ਦਿੰਦਾ ਹੈ। ਇਸਦੀਆਂ ਕੱਚੀਆਂ ਟਹਿਣੀਆਂ ਹਰੀ ਖਾਦ ਬਣਾਉਣ ਅਤੇ ਮਲਚਿੰਗ ਕਰਨ ਦੇ ਕੰਮ ਆਉਂਦੀਆਂ ਹਨ।

2 ਕਚਨਾਰ - ਔਸ਼ਧੀ ਮਹੱਤਵ

ਬਾਰਡਰ ਰੁੱਖ- ਰਲੇ-ਮਿਲੇ ਕੰਡਿਆਲੇ, ਆਰਥਿਕ ਮਹੱਤਵ ਵਾਲੇ, ਜਲਦੀ ਅਤੇ ਹੌਲੀ ਵਧਣ ਵਾਲੇ ਪੌਦੇ


1  ਬੰਬੂ - ਆਰਥਿਕ ਮਹੱਤਵ
2 ਕਰੌਦਾਂ - ਕੰਡਿਆਂ ਵਾਲਾ ਪਰ ਬਾੜ ਦੇ ਕੰਮ, ਫਲ ਦਾ ਆਚਾਰ ਅਤੇ ਮਿਠਾਈ 
3 ਕੜ੍ਹੀ ਪੱਤਾ - ਆਰਥਿਕ ਮਹੱਤਵ
4  ਮੋਤੀਆ - ਆਰਥਿਕ ਮਹੱਤਵ, ਫੁੱਲਾਂ ਦੀ ਖ਼ੁਸ਼ਬੂ ਮਿੱਤਰ ਕੀੜਿਆਂ ਨੂੰ ਬੁਲਾਉਂਦੀ ਹੈ।
5  ਗੁੱਗਲ
ਆਰਥਿਕ ਮਹੱਤਵ
6  ਬੇਲ - ਫਲ ਦਾ ਔਸ਼ਧੀ ਮਹੱਤਵ, ਪੱਤੇ ਸ਼ਿਵ ਦੀ ਪੂਜਾ ਲਈ

ਰੁੱਖ ਜੋ ਥੋੜ੍ਹੇ ਸਮੇ ਵਿੱਚ ਵੱਡੇ ਹੋ ਜਾਂਦੇ ਹਨ

1  ਨਿੰਬੂ
2  ਅਨਾਰ
3  ਬੇਰ

4  ਸੁਹੰਜਨਾ
5  ਅੰਜਨ - ਫਰਨੀਚਰ ਲਈ ਲੱਕੜੀ, ਚਾਰਾ, ਪਸ਼ੂਆਂ ਦਾ ਦੁੱਧ ਵਧਾਉਣ ਵਿੱਚ ਫਾਇਦੇਮੰਦ
6 ਪੰਜ ਸਾਲ ਚੱਲਣ ਵਾਲਾ ਢੈਂਚਾ - ਹਰੀ ਖਾਦ ਅਤੇ ਬਾਇਓਮਾਸ ਦਿੰਦਾ ਹੈ।

ਔਰੋਗ੍ਰੀਨ- ਹਰੀ ਖਾਦ ਲਈ ਇੱਕ ਨਵਾਂ ਤਰੀਕਾ

ਹਰੀ ਖਾਦ ਵਿੱਚ ਐਰੋਗਰੀਨ ਵਿਧੀ ਨੂੰ ਸ਼ਾਮਿਲ ਕਰਨ ਦੇ ਹਾਂ ਪੱਖੀ ਅਸਰਾਂ ਨੂੰ ਧਿਆਨ 'ਚ ਰੱਖਦੇ ਹੋਏ ਇਸਨੂੰ ਲਿਖਤੀ ਰੂਪ ਦੇਣ ਦੀ ਲੋੜ ਹੈ। ਇਹ ਹੇਠ ਲਿਖੇ ਅਨੁਸਾਰ ਲਾਭਕਾਰੀ ਸਿੱਧ ਹੁੰਦੀ ਹੈ:
1 . ਇਹਦੇ ਕਾਰਨ ਭੂਮੀ ਉੱਤੇ ਜੈਵ-ਭਿੰਨਤਾ ਵਧਦੀ ਹੈ, ਜਿਹੜੀ ਵੱਖ-ਵੱਖ ਫਸਲਾਂ ਉੱਤੇ ਆਉਣ ਵਾਲੇ ਸ਼ਾਕਾਹਾਰੀ ਕੀਟਾਂ ਨੂੰ ਇੱਕ ਥਾਂ ਇਕੱਠੇ ਕਰ ਲੈਂਦੀ ਹੈ। ਅਜਿਹਾ ਹੁੰਦਿਆਂ ਹੀ ਸ਼ਾਕਾਹਾਰੀ ਕੀਟਾਂ ਉੱਤੇ ਪਲਣ ਵਾਲੇ ਮਾਸਾਹਾਰੀ ਕੀਟ ਵੀ ਉੱਥੇ ਪਹੁੰਚ ਜਾਂਦੇ ਹਨ, ਬ-ਸ਼ਰਤੇ ਕਿ ਸਬੰਧਤ ਖੇਤ ਵਿੱਚ ਕੋਈ ਰਸਾਇਣਿਕ ਪੈਸਟੀਸਾਈਡ ਨਾ ਵਰਤਿਆ ਗਿਆ ਹੋਵੇ।
2 .   ਹਰੀ ਖਾਦ ਦੀ ਐਰੋਗਰੀਨ ਵਿਧੀ ਭੂਮੀ ਵਿੱਚ ਕੁਦਰਤੀ ਜੈਵਿਕ ਗਤੀਵਿਧੀਆਂ ਵਧਾਉਣ ਵਿੱਚ ਬਹੁਤ ਸਹਾਈ ਹੁੰਦੀ ਹੈ। ਇਹਦੇ ਕਾਰਨ ਭੂਮੀ ਵਿੱਚ ਖੇਤੀਬਾੜੀ ਲਈ ਲਾਭਕਾਰੀ ਅਨੇਕਾਂ ਪ੍ਰਕਾਰ ਦੇ ਸੂਖਮ ਜੀਵਾਂ ਅਤੇ ਵੱਖ -ਵੱਖ ਫਸਲਾਂ ਦੀਆਂ ਜੜ੍ਹਾਂ ਵਿੱਚ ਰਹਿ ਕੇ ਕੰਮ ਕਰਨ ਵਾਲੇ ਜੀਵਾਣੂਆਂ ਦੀ ਸੰਖਿਆ ਵਿੱਚ ਅਥਾਹ ਵਾਧਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪੌਦਿਆਂ ਦੀਆਂ ਜੜ੍ਹਾਂ ਨਾਲ ਪਾਈ ਜਾਣ ਵਾਲੀ ਮਿੱਟੀ ਵਿੱਚ ਪ੍ਰਤੀ ਇੱਕ ਗ੍ਰਾਮ ਖੇਤੀ ਲਈ ਲਾਭਕਾਰੀ ਵੱਖ-ਵੱਖ ਕਿਸਮਾਂ 10 ਲੱਖ ਤੱਕ ਸੂਖਮ ਜੀਵ ਪਾਏ ਜਾਂਦੇ ਹਨ।
੩.  ਐਰੋਗਰੀਨ ਸਦਕਾ ਵੱਖ-ਵੱਖ ਦੋ-ਦਲ (ਦਾਲਾਂ) ਫਸਲਾਂ ਦੀਆਂ ਜੜ੍ਹਾਂ ਵਿੱਚ ਪਾਏ ਜਾਂਦੇ ਨਾਈਟਰੋਜਨ ਫਿਕਸ ਕਰਨ ਵਾਲੇ ਰਾਈਜੋਬੀਅਮ ਬੈਕਟੀਰੀਆ ਦੀ ਸੰਖਿਆ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ। ਪਰ ਜਿੱਥੇ ਭੂਮੀ ਵਿੱਚ ਇਹ ਜੀਵਾਣੂ ਮੁੱਢੋਂ ਹੀ ਨਾ ਹੋਣ ਉੱਥੇ ਬਾਹਰ ਤੋਂ ਖਰੀਦ ਕੇ ਪਾਏ ਜਾ ਸਕਦੇ ਹਨ।
4 .  ਐਰੋਗਰੀਨ ਵਿਧੀ ਵਿੱਚ ਭੂਮੀ ਦੀ ਸਤ੍ਹਾ ਤੇ ਮਲਚਿੰਗ ਕਰਨ ਸਦਕਾ ਭੂਮੀ ਵਿੱਚ ਲੋੜੀਂਦਾ ਉਚਿੱਤ ਤਾਪਮਾਨ ਬਣਿਆ ਰਹਿੰਦਾ ਹੈ।

5 . ਭੂਮੀ ਦੀ ਸਤ੍ਹਾ ਤੇ ਸੰਘਣੀ ਮਲਚਿੰਗ ਸਦਕਾ ਭੂਮੀ ਵਧੇਰੇ ਨਮੀ ਸੰਭਾਲਣ ਦੇ ਯੋਗ ਬਣਦੀ ਹੈ।

ਵਿੱਗਿਆਨੀਆਂ ਅਤੇ ਖੇਤੀ ਖੋਜ਼ ਕੇਂਦਰਾਂ ਨੂੰ ਚਾਹੀਦਾ ਹੈ ਕਿ ਆਪਣੇ ਕੋਲ ਉਪਲਭਧ ਉਪਯੁਕਤ ਸੰਸਧਨਾਂ ਦਾ ਉਪਯੋਗ ਕਰਕੇ ਐਰੋਗਰੀਨ ਅਤੇ ਇਸ ਵਰਗੀਆਂ ਅਨੇਕਾਂ ਹੋਰਨਾਂ ਵਿਧੀਆਂ ਨੂੰ ਟੈਸਟ ਕਰਕੇ ਇਹਨਾਂ ਨੂੰ ਖੇਤੀ ਵਿੱਚ ਲਾਗੂ ਕਰਨ ਦੀ ਸ਼ਿਫਾਰਸ਼ ਕਰਨ।

ਹੇਠ ਲਿਖੇ ਅਨੁਸਾਰ ਐਰੋਗਰੀਨ ਵਿਧੀ ਨੂੰ ਲਾਗੂ ਕੀਤਾ ਜਾ ਸਕਦਾ ਹੈ।

1 . ਇਹ ਹਰੀ ਖਾਦ ਬਣਾਉਣ ਦਾ ਇੱਕ ਨਵਾਂ ਤਰੀਕਾ ਹੈ। ਇਹ ਸ਼ਾਇਦ ਪਾਂਡੇਚਰੀ ਦੀ ਔਰੋਵਿਲ ਕਮਿਊਨਿਟੀ ਨੇ ਵਿਕਸਿਤ ਕੀਤਾ ਹੈ।
2. ਇਸ ਤਰ੍ਹਾ ਦੀ ਹਰੀ ਖਾਦ ਲਈ ਮੁੱਖ ਫ਼ਸਲ ਦੇ ਨਾਲ ਨਾਲ ਹੋਰ ਕਈ ਸਾਰੀਆਂ ਫ਼ਸਲਾਂ ਦੇ ਬੀਜ ਰਲਾਂ  ਕੇ ਬੀਜੇ ਜਾਂਦੇ ਨੇ।

3. ਵਿਭਿੰਨ ਤਰ੍ਹਾਂ ਦੀਆਂ ਫ਼ਸਲਾਂ ਦੇ ਬੀਜ ਮਿਕਸ ਕਰਕੇ ਅਤੇ ਜ਼ਿਆਦਾ ਜ਼ਰਮੀਨੇਸ਼ਨ ਪ੍ਰਾਪਤ ਕਰਨ ਲਈ ਖੇਤ ਵਿੱਚ ਬਿਖੇਰੋ। ਬੀਜ ਅਮ੍ਰਿਤ ਲਾ ਕੇ ਬੀਜ ਸੋਧੋ।

4. 30 ਦਿਨਾਂ ਦੀ ਫ਼ਸਲ ਹੋਣ 'ਤੇ ਖੇਤ ਵਿੱਚ ਦਬਾ ਦਿਉ।

5. ਤਜ਼ਰਬੇ ਕਰਨ ਵਾਲੇ ਦੱਸਦੇ ਹਨ ਕਿ 30 ਦਿਨਾਂ ਦੀ ਇਸ ਫ਼ਸਲ ਤੋਂ ਤਜ਼ਰਬੇ ਕਰਨ ਵਾਲੇ ਦੱਸਦੇ ਹਨ ਕਿ 30 ਦਿਨਾਂ ਦੀ ਇਸ ਫ਼ਸਲ ਤੋਂ ਪ੍ਰਤਿ ਏਕੜ 5 ਟਨ ਬਾਇਉਮਾਸ ਮਿਲਦਾ ਹੈ। ਇਹ ਪ੍ਰੈਕਟਿਸ ਨਦੀਨਾਂ ਨੂੰ ਵੀ ਕੰਟਰੋਲ ਕਰਨ ਵਿੱਚ ਮੱਦਦ ਕਰਦੀ ਹੈ।

6. ਦਬਾਉਣਾ ਜ਼ਰੂਰੀ ਹੈ ਕਿਉਂਕਿ ਇਹ ਸਰਫੇਸ ਮਲਚ ਦੇ ਰੂਪ ਵਿੱਚ  ਬਾਇਓਮਾਸ ਦਿੰਦਾ ਹੈ।

7. ਇਹ ਕਪਾਹ ਜਿਹੀਆਂ ਫ਼ਸਲਾਂ ਵਿੱਚ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਪਰ ਵਿੰਨ੍ਹਾ ਫ਼ਸਲਾਂ ਵਿੱਚ ਇਹ ਕਰਨਾ ਸੰਭਵ ਨਹੀ ਉੱਥੇ ਹੋਰ ਤਰੀਕੇ ਲੱਭਣੇ ਚਾਹੀਦੇ ਹਨ।

8. ਮੁੱਖ ਫ਼ਸਲ ਦੇ ਵੱਡੇ ਹੋਣ ਤੋਂ ਪਹਿਲਾਂ ਜੇ ਮੌਕਾ ਮਿਲੇ ਤਾਂ ਔਰੋਗ੍ਰੀਨ ਫ਼ਸਲਾਂ ਇੱਕ ਵਾਰ ਫਿਰ ਉਗਾਉਣੀਆਂ ਚਾਹੀਦੀਆਂ ਹਨ।

ਔਰੋਗ੍ਰੀਨ ਲਈ ਬੀਜਾਂ ਦਾ ਪ੍ਰਯੋਗ

1. ਪ੍ਰਤਿ ਏਕੜ ਲਈ 10 ਕਿਲੋ ਬੀਜ ਚਾਹੀਦੇ ਹਨ- 6 ਕਿਲੋ ਫ਼ਲੀਦਾਰ, 2 ਕਿਲੋ ਅਨਾਜ ਅਤੇ 1 ਕਿਲੋ ਤੇਲ ਵਾਲੀਆਂ ਫ਼ਸਲਾਂ ਅਤੇ ਰੇਸ਼ੇਦਾਰ ਫ਼ਸਲਾਂ
2. ਲੋਕਲ ਕਿਸਮਾਂ ਨੂੰ ਅਪਣਾਉਣਾ ਚਾਹੀਦਾ ਹੈ। ਬਾਹਰ ਤੋਂ ਬੀਜ ਨਾ ਖ਼ਰੀਦ ਕੇ ਕਿਸਾਨਾਂ ਨੂੰ ਆਪਣੇ ਬਚਾਏ ਹੋਏ ਬੀਜ ਵਰਤਣੇ ਚਾਹੀਦੇ ਹਨ। ਅਨੁਮਾਲ ਹੈ ਕਿ 10 ਕਿਲੋ ਬੀਜਾਂ ਦੀ ਕੀਮਤ 150 ਰੁਪਏ ਪਵੇਗੀ।
3. ਫ਼ਲੀਦਾਰ 6 ਕਿਲੋ - ਮੂੰਗੀ, ਛੋਲੇ, ਮੋਠ, ਅਰਹਰ
4. ਅਨਾਜ 2 ਕਿਲੋ - ਬਾਜਰਾ, ਜਵਾਰ, ਮੱਕੀ, ਕਣਕ, ਰਾਗੀ
5. ਤੇਲ ਵਾਲੀਆਂ - ਸਰੋਂ, ਸੋਇਆਬੀਨ, ਸੂਰਜਮੁਖੀ
6. ਰੇਸ਼ੇ ਵਾਲੀਆਂ - ਕਪਾਹ


ਜ਼ਰੂਰੀ ਨੋਟ - ਮਾਤਰਾਂ ਸਿਫਾਰਿਸ਼ ਦੇ ਅਨੁਸਾਰ ਹੀ ਰੱਖਣੀ ਚਾਹੀਦੀ ਹੈ ਪਰ ਵਿਭਿੰਨਤਾ ਜ਼ਿਆਦਾ ਰੱਖਣੀ ਚਾਹੀਦਹ ਹੈ। ਜਿਵੇਂ 1 ਕਿਲੋ ਤੇਲ ਵਾਲੀਆਂ ਫ਼ਸਲਾਂ ਵਿੱਚ 5-6 ਕਿਸਮਾਂ ਦੇ 200 ਪਾਇਆ ਜਾ ਸਕਦਾ ਹੈ। 10-15 ਕਿਸਮ ਦੀਆਂ ਅਲੱਗ-ਅਲੱਗ ਕਿਸਮਾਂ ਵਰਤਣੀਆਂ ਚਾਹੀਦੀਆਂ ਹਨ।

ਲੋਕਲ ਕਿਸਮਾਂ ਹੀ ਵਰਤਣੀਆਂ ਚਾਹੀਦੀਆਂ ਹਨ।


* ਲੇਖਕ ਮੁਢਲੇ ਤੌਰ 'ਤੇ ਪੰਜਾਬ ਨਾਲ ਸਬੰਧਤ ਹਨ। ਇਹ ਕੌਮਾਂਤਰੀ ਬਰਾਨੀ ਅਤੇ ਅਰਧ ਬਰਾਨੀ ਖੇਤੀ ਖੋਜ਼ ਕੇਂਦਰ (ਇਕਰੀਸੈਟ), ਹੈਦਰਾਬਾਦ ਦੇ ਸਾਬਕਾ ਸੀਨੀਅਰ ਵਿੱਗਿਆਨਕ ਰਹੇ ਹਨ। ਇਹ ਬਾਅਦ ਵਿੱਚ ਯੁਨਾਇਟਡ ਨੇਸ਼ਨਜ਼ ਫੂਡ ਐਂਡ ਐਗਰੀਕਲਚਰ ਆਰਗੇਨਾਇਜੇਸ਼ਨ (ਯੂ.ਐੱਨ-ਐਫ. ਏ. ਓ.) ਦੇ ਸਲਾਹਕਾਰ ਵੀ ਰਹੇ ਹਨ ਅਤੇ ਮੌਜੂਦਾ ਸਮੇਂ ਕਿਸਾਨਾਂ ਨਾਲ ਮਿਲ ਕੇ ਕੁਦਰਤੀ ਖੇਤੀ ਦਾ ਪ੍ਰਚਾਰ ਅਤੇ ਉਸਦੇ ਵਿੱਗਿਆਨਕ ਪੱਖਾਂ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੇ ਹਨ।

ਇੱਕ ਵਿਚਾਰਹੀਣ ਫੈਸਲਾ : ਬਹੁਕੌਮੀ ਜ਼ਹਿਰ ਫਰੋਸ਼ ਡਿਊਪੌਟ ਲਈ ਹੁਣ ਮਾਰਕਫੈੱਡ ਕਰੇਗੀ ਖੁਦ ਜ਼ਹਿਰਾਂ ਦੀ ਦਲਾਲੀ

ਮਾਰਕਫੈੱਡ ਨੇ ਕੀਤਾ ਬਹੁਕੌਮੀ ਕੰਪਨੀ ਡਿਊਪੌਟ ਨਾਲ ਸਮਝੌਤਾ
ਪਹਿਲਾਂ ਤੋਂ ਹੀ ਜ਼ਹਿਰਾਂ ਦੇ ਸ਼ਿਕਾਰ ਪੰਜਾਬ ਨੂੰ ਹੋਰ ਜ਼ਹਿਰਾਂ ਵਿੱਚ ਸੁੱਟਣ ਦੀ ਤਿਆਰੀ

ਖੇਤੀ ਵਿਰਾਸਤ ਮਿਸ਼ਨ ਵੱਲੋਂ ਸਖ਼ਤ ਨਿੰਦਾ

                                           
ਸਿਤੰਬਰ ਦੇ ਮਹੀਨੇ ਦੇ ਆਖਰੀ ਹਫ਼ਤੇ ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈੱਡ ਨੇ 60 ਦੇਸ਼ਾਂ ਵਿੱਚ ਜ਼ਹਿਰਾਂ ਦਾ ਕਾਰੋਬਾਰ ਕਰਨ ਵਾਲੀ ਬਹੁਕੌਮੀ ਕੰਪਨੀ ਡਿਊਪੌਟਨਾਲ ਇੱਕ ਸਮਝੌਤਾ ਕਲਮਬੱਧ ਕੀਤਾ ਹੈ। ਇਸ ਸਮਝੌਤੇ ਦੇ ਤਹਿਤ ਮਾਰਕਫੈੱਡ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਵਾਸਤੇ ਕੀਟਨਾਸ਼ਕ, ਉੱਲੀਨਾਸ਼ਕ ਅਤੇ ਨਦੀਨ ਨਾਸ਼ਕ ਜ਼ਹਿਰਾਂ ਵੇਚਣ ਦਾ ਕੰਮ ਕਰੇਗੀ। ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਅਜੀਤ ਸਿੰਘ ਪੰਨੂੰ ਅਤੇ ਡਿਊਪੌਟ ਦੀ ਦੱਖਣ ਏਸ਼ੀਆ ਅਤੇ ਏਸ਼ੀਅਨ ਦੇਸ਼ਾਂ ਦੇ ਵਪਾਰ ਨਿਰਦੇਸ਼ਕ ਰਾਮ ਕੇ. ਮੁਧੋਲਕਰ ਵਿਚਕਾਰ ਮਾਰਕਫੈੱਡ ਦੇ ਚੇਅਰਮੈਨ ਜਰਨੈਲ ਸਿੰਘ ਵਾਹਿਦ ਦੀ ਮੌਜ਼ੂਦਗੀ ਵਿੱਚ ਕਲਮਬੱਧ ਕੀਤਾ ਗਿਆ। ਹੁਣ ਤੱਕ ਕੰਪਨੀ ਪ੍ਰਾਈਵੇਟ ਨੈੱਟਵਰਕ ਰਾਹੀ ਜ਼ਹਿਰਾਂ ਵੇਚਣ ਦਾ  ਕੰਮ ਕਰਦੀ ਸੀ ਪਰ ਹੁਣ ਇਸ ਸਮਝੌਤੇ ਤਹਿਤ  ਸਹਿਕਾਰੀ ਸਭਾਵਾਂ ਰਾਹੀ ਸਿੱਧੇ ਪਿੰਡਾਂ ਵਿੱਚ ਜ਼ਹਿਰਾਂ ਦਾ ਵਪਾਰ ਕਰ ਸਕੇਗੀ।

        ਖੇਤੀ ਵਿਰਾਸਤ ਮਿਸ਼ਨ ਮਾਰਕਫੈੱਡ ਦੀ ਇਸ ਗੈਰ ਜਿੰਮੇਦਾਰਾਨਾ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹੈ।

ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿੱਚ ਵਾਤਾਵਰਣ ਪ੍ਰੇਮੀ ਅਤੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਡਿਊਪੌਟ ਦਾ ਵਿਰੋਧ ਕਰਦੇ ਹਨ। ਡਿਊਪੌਟ ਦੇ ਜਿੰਨ੍ਹਾਂ ਉਤਪਾਦਾਂ ਨੂੰ ਵੇਚਣ ਦੀ ਤਿਆਰੀ ਮਾਰਕਫੈੱਡ ਕਰ ਰਿਹਾ ਹੈ ਉਹਨਾਂ ਦੇ ਖ਼ਿਲਾਫ ਤਾਂ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਪਾਬੰਦੀਆਂ ਲੱਗੀਆਂ ਹੋਈਆ ਹਨ। ਇਸਦਾ ਭਾਵ ਇਹ ਵੀ ਹੈ ਕਿ ਜਿੰਨ੍ਹਾਂ ਖਤਰਨਾਕ ਕੀਟਨਾਸ਼ਕਾਂ ਉੱਪਰ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਸਿਹਤ ਅਤੇ ਵਾਤਾਵਰਣ ਲਈ ਖਤਰਾ ਹੋਣ ਕਰਕੇ ਪਾਬੰਦੀ ਲੱਗੀ ਹੋਈ ਹੈ ਉਹਨਾਂ ਕੀਟਨਾਸ਼ਕਾਂ ਨੂੰ ਸਾਡੀਆਂ ਸਰਕਾਰਾਂ ਨਾ ਸਿਰਫ ਵੇਚਣ ਦੀ ਇਜਾਜਤ ਦੇ ਰਹੀਆ ਹਨ ਬਲਕਿ ਵੇਚਣ ਵਿੱਚ ਉਹਨਾਂ ਦਾ ਸਾਥ ਵੀ ਦੇ ਰਹੀਆਂ ਹਨ ਅਤੇ ਸਰਕਾਰੀ ਮਸ਼ੀਨਰੀ ਵੀ ਮੁਹੱਈਆਂ ਕਰਵਾ ਰਹੀਆਂ ਹਨ।  ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਪੰਜਾੰਬ ਸਰਕਾਰ ਸੂਬੇ ਵਿੱਚ ਵਧ ਰਹੇ ਕੈਂਸਰ ਬਾਰੇ ਫ਼ਿਕਰਮੰਦ ਹੋਣ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਜ਼ਹਿਰਾਂ ਨੂੰ ਵਧਾਵਾ ਦੇਣ ਵਾਲੇ ਸਮਝੌਤੇ ਵੀ ਕਰਦੀ ਹੈ। ਇਸ ਗੱਲ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਪੰਜਾਬ ਦੇ ਖੇਤੀ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਪੀ ਏ ਯੂ ਦੇ ਉਪ ਕੁਲਪਤੀ ਤਾਂ ਇੱਕ ਪਾਸੇ ਜ਼ਹਿਰ ਮੁਕਤ ਖੇਤੀ ਦੀ ਗੱਲ ਕਰਦੇ ਹਨ ਅਤੇ  ਦੂਜੇ ਪਾਸੇ ਮਾਰਕਫੈੱਡ ਦੇ ਰਾਹੀ ਸਰਕਾਰ ਨੇ ਇਹਨਾਂ ਜ਼ਹਿਰਾਂ ਨੂੰ ਹਰ ਪਿੰਡ ਦੇ ਘਰ-ਘਰ ਵਿੱਚ ਪਹੁੰਚਾਉਣ ਦਾ ਪੂਰਾ ਇੰਤਜਾਮ ਕਰ ਰਹੀ ਹੈ। ਅਸੀਂ ਬਹੁਕੌਮੀ ਕੰਪਨੀਆਂ ਨਾਲ ਤਾਂ ਲੜ ਸਕਦੇ ਹਾਂ ਅਤੇ ਲੜ ਵੀ ਰਹੇ ਹਾਂ ਜਿਵੇਂ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਨਵਾਬ ਸਿਰਾਜੂਦੌਲਾ ਲੜਿਆ ਸੀ। ਪਰ ਅਸੀ ਮਾਰਕਫੈੱਡ ਨਾਲ ਕਿਵੇ ਲੜੀਏ ਕਿਉਂਕਿ ਇਸਦੇ ਅਹੁਦੇਦਾਰ ਤਾਂ ਮੀਰ ਜ਼ਾਫਰ ਦੀ ਭੂਮਿਕਾ ਨਿਭਾ ਰਹੇ ਹਨ।

ਇੱਕ ਪਾਸੇ ਤਾਂ ਦੁਨੀਆ ਦੇ ਕਈ ਮੁਲਕ ਇਹ ਟੀਚਾ ਮਿੱਥ ਰਹੇ ਹਨ ਕਿ ਆਉਣ ਵਾਲੇ 5-6 ਸਾਲਾਂ ਦੇ ਵਿੱਚ ਅਸੀਂ ਆਪਣੇ ਦੇਸ਼ ਵਿੱਚੋ ਪੈਸਟੀਸਾਈਡ ਖਤਮ ਕਰਕੇ ਖੇਤੀ ਵਿੱਚ ਸਭ ਕੁਦਰਤੀ ਕਰ ਲਵਾਂਗੇ ਅਤੇ ਦੂਜੇ ਪਾਸੇ ਭਾਰਤ ਅਤੇ ਪੰਜਾਬ ਦੀ ਸਰਕਾਰਾਂ ਹਨ ਜੋ ਦੁਨੀਆ ਭਰ ਵਿੱਚ ਅਸੁਰੱਖਿਅਤ ਘੋਸ਼ਿਤ ਕੀਤੇ ਪਾਬੰਦੀਸ਼ੁਦਾ ਕੀਟਨਾਸ਼ਕ ਜ਼ਹਿਰਾਂ ਨੂੰ ਸੁਰੱਖਿਅਤ ਦੱਸ ਕੇ ਸਾਡੇ ਕਿਸਾਨਾਂ ਉੱਪਰ ਥੋਪ ਰਹੀਆਂ ਹਨ। ਅਤੇ ਸਾਨੂੰ ਕੈਂਸਰ ਅਤੇ ਹੋਰ ਖਤਰਨਾਕ ਬੀਮਾਰੀਆਂ ਤੋਹਫ਼ੇ ਦੇ ਰੂਪ ਵਿੱਚ ਦੇ ਰਹੀਆਂ ਹਨ।

ਹੋਣਾ ਤਾਂ ਇਹ ਚਾਹੀਦਾ ਸੀ ਕਿ ਮਾਰਕਫੈੱਡ ਪੰਜਾਬ ਦੇ ਪਿੰਡ-ਪਿੰਡ ਵਿੱਚ ਕੁਦਰਤੀ ਖੇਤੀ ਅਤੇ ਇਸ ਦੀਆਂ ਆਗਤਾਂ ਨੂੰ ਪਹੁੰਚਾਉਣ ਦਾ ਕੰਮ ਕਰਦੀ। ਆਪਣੇ ਲੰਮੇ ਚੌੜੇ ਢਾਂਚੇ ਅਤੇ ਸਟਾਫ ਦੇ ਦਮ ਉੱਤੇ ਪੰਜਾਬ ਦੀ ਜ਼ਹਿਰ ਮੁਕਤੀ ਦਾ ਨੇਕ ਉੱਦਮ ਕਰਦੀ। ਪਰ ਅਫਸੋਸ ਕਿ ਵਿਚਾਰਹੀਣਤਾ ਅਤੇ ਨਾਸਮਝੀ ਭਰਿਆ ਫੈਸਲਾ ਕਰਕੇ ਬਹੁਕੌਮੀ ਕੰਪਨੀਆਂ ਦੀ ਬੁੱਕਲ ਵਿੱਚ ਜਾ ਬੈਠੀ।

ਹੁਣ ਇਸ ਫੈਸਲੇ ਦਾ ਸਭ ਤੋਂ ਵੱਧ ਖ਼ਮਿਆਜਾ ਪੰਜਾਬ ਦੇ ਲੋਕ ਖ਼ਾਸ ਕਰਕੇ ਔਰਤਾਂ ਅਤੇ ਆਉਣ ਵਾਲੀ ਪੀੜ੍ਹੀ ਭੁਗਤੋਗੀ। ਪੰਜਾਬ ਦਾ ਜ਼ਹਿਰੀਲਾ ਹੋਇਆ ਵਾਤਾਵਰਣ ਹੋਰ ਜ਼ਹਿਰੀਲਾ ਹੋ ਜਾਵੇਗਾ।                   
         

ìÆå¶

ਪੰਜਾਬ ਇੱਕ ਮਰ ਰਹੀ ਸੱਭਿਅਤਾ ਪੰਜਾਬ ਦਾ ਕਣ-ਕਣ ਹੋਇਆ ਜ਼ਹਿਰੀਲਾ

ਡਾ. ਅਮਰ ਸਿੰਘ ਆਜ਼ਾਦ

ਅੱਜ ਪੰਜਾਬ ਦੇ ਹਾਲਾਤ ਬਹੁਤ ਖ਼ਤਰਨਾ ਮੋੜ ਲੈ ਚੁੱਕੇ ਹਨ। ਹਵਾ, ਧਰਤੀ, ਪਾਣੀ ਸਭ ਜ਼ਹਿਰਾਂ ਨਾਲ ਭਰ ਗਏ ਹਨ। ਸਾਡੇ ਗੁਰੂਆਂ ਨੇ ਸਾਨੂੰ ਇਹ ਸੱਚ ਸਮਝਾਇਆ- ਪੰਜਾਂ ਤੱਤਾਂ ਦਾ ਤੋਂ ਜੀਵਨ ਪਨਪਦਾ ਹੈ। ਪੰਜਾਂ ਤੱਤਾਂ ਦੇ ਸਿਰ 'ਤੇ ਪਲਦਾ ਹੈ ਅਤੇ ਫਿਰ ਪੰਜਾਂ ਤੱਤਾਂ ਵਿੱਚ ਹੀ ਵਿਲੀਨ ਹੋ ਜਾਂਦਾ। ਜੇਕਰ ਇਹ ਜੀਵਨਦਾਈ ਤੱਤ ਖੁਦ ਜੀਵਨ ਭਰਪੂਰ ਹੋਣਗੇ ਤਾਂ ਹੀ ਸਾਡੇ ਜੀਵਨ ਦਾਤੇ ਅਤੇ ਪਾਲਣਹਾਰ ਬਣਨਗੇ। ਇਹਨਾਂ ਵਿੱਚ ਹਵਾ, ਪਾਣੀ ਅਤੇ ਧਰਤੀ ਆਪਣੇ ਜੀਵਨਦਾਈ ਗੁਣਾਂ ਕਰਕੇ ਵਿਸ਼ੇਸ਼ ਮਹੱਤਵ ਰੱਖਦੇ ਹਨ, ਇਸੇ ਲਈ ਗੁਰੂ ਸਹਿਬਾਨ ਨੇ ਵੀ ਇਹਨਾਂ ਨੂੰ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਆਖ ਕੇ ਵੱਡਿਆਇਆ ਹੈ।

ਬੀਤੇ ਕੁੱਝ ਦਹਾਕਿਆਂ ਤੋਂ ਅਸੀਂ ਗੁਰਬਾਣੀ ਦੇ ਉਲਟ ਆਚਰਣ ਕਰਦਿਆਂ ਗੁਰੂ ਰੂਪ ਹਵਾ, ਪਿਤਾ ਰੂਪ ਪਾਣੀ ਅਤੇ ਮਾਤਾ ਰੂਪ ਧਰਤੀ ਦਾ ਸਮੂਲ ਨਾਸ਼ ਮਾਰਨ 'ਤੇ ਤੁਲ ਗਏ ਹਾਂ। ਧਰਤੀ ਵਿਚਲੇ ਹਜ਼ਾਰਾਂ ਕਿਸਮਾਂ ਦੇ  ਜੀਵ ਜ਼ਹਿਰਾਂ ਦੇ ਪ੍ਰਭਾਵ ਅਤੇ ਖੇਤਾਂ ਨੂੰ ਲਾਏ ਜਾਣ ਵਾਲੇ ਲਾਂਬੂਆਂ ਦੀ ਭੇਂਟ ਚੜਦੇ ਜਾ ਰਹੇ ਹਨ। ਸਾਡੀਆਂ ਨਦੀਆਂ ਦਾ ਪਾਣੀ ਸਾਡੇ ਤੱਕ ਪਹੁੰਚਦਿਆਂ-ਪਹੁੰਚਦਿਆਂ ਇੰਨਾ ਜ਼ਹਿਰੀਲਾ ਹੋ ਜਾਂਦਾ ਹੈ ਕਿ ਉਸ ਵਿੱਚ ਜੀਵਨ ਦਾ ਨਾਮ-ਓ-ਨਿਸ਼ਾਨ ਵੀ ਨਹੀਂ ਬਚਦਾ। ਜਿਹੜੇ ਨਦੀਆਂ ਨਾਲੇ 20-30 ਸਾਲ ਪਹਿਲਾਂ ਸ਼ੁੱਧ ਪਾਣੀ ਦੇ ਜੀਵਨ ਭਰਪੂਰ ਸੋਮੇ ਹੋਇਆ ਕਰਦੇ ਸਨ ਅੱਜ ਸਅਨਤੀ ਪ੍ਰਦੂਸ਼ਣ ਦੇ ਕਾਰਨ ਅਤਿ ਦੇ ਜ਼ਹਿਰੀਲੇ ਅਤੇ ਜੀਵਨ ਤੋਂ ਸੱਖਣੇ ਹੋ ਚੁੱਕੇ ਹਨ। ਜਿਸ ਪੰਜਾਬ ਦਾ ਨਾਮ ਹੀ ਉਸਦੇ ਦਰਿਆਵਾਂ ਦੀ ਕੁਦਰਤੀ ਸੰਪਦਾ ਨੂੰ ਆਧਾਰ ਬਣਾ ਕੇ ਰੱਖਿਆ ਗਿਆ ਹੋਵੇ, ਜਿਸ ਦੇ ਪਾਣੀਆਂ ਨੂੰ ਗੁਰੂਆਂ, ਪੀਰਾਂ-ਫ਼ਕੀਰਾਂ ਨੇ ਸਲਾਹਿਆ ਹੋਵੇ। ਜਿਹਨਾਂ ਪਾਣੀਆਂ ਨੂੰ ਕਵੀਆਂ ਅਤੇ ਗੀਤਕਾਰਾਂ ਨੇ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੋਵੇ, ਉਸ ਪਾਣੀ ਦਾ ਹਾਲ ਇਹ ਹੋਵੇਗਾ ਸ਼ਾਇਦ ਕਿਸੇ ਨੇ ਕਦੇ ਚਿਤਵਿਆ ਵੀ ਨਹੀਂ ਹੋਵੇਗਾ। ਧਰਤੀ ਵਿਚਲੇ ਜੀਵ ਜਿਹੜੇ ਕਿ ਧਰਤੀ ਨੂੰ ਉਪਜਾਊ ਬਣਾ ਕੇ ਉਸਨੂੰ ਮਾਂ ਦਾ ਦਰਜ਼ਾ ਬਖ਼ਸ਼ਦੇ ਹਨ ਉਹ ਲਗਾਤਾਰ ਵੱਡੀ ਮਾਤਰਾ ਵਿੱਚ ਮਰ ਰਹੇ ਹਨ। ਦੋ ਜੀਵਾਂ ਦੀ ਉਦਾਹਰਨ ਹੀ ਕਾਫੀ ਹੈ- ਗੰਡੋਏ ਅਤੇ ਸਿਊਂਕ। ਧਰਤੀ 'ਤੇ ਵਸਦੇ ਅਨੇਕਾਂ ਜੀਵ, ਕੀਟ-ਪਤੰਗੇ ਅਤੇ ਪੰਛੀ ਅੱਜ ਭਾਲਿਆਂ ਨਹੀਂ ਥਿਆਉਂਦੇ। ਜੁਗਨੂੰ ਕਿੱਧਰ ਗਿਆ? ਘੁਮਾਰ ਅਤੇ ਚੀਚਕ ਵਹੁਟੀ ਕਿੱਧਰ ਲੋਪ ਹੋ  ਗਏ? ਨਿੱਕੀ ਮਧੂ ਮੱਖੀ ਦਾ ਛੱਤਾ ਲੱਭ ਕੇ ਦਿਖਾਓ! ਚਿੜਿਆਂ ਦੀਆਂ ਦਸ ਹਜ਼ਾਰ ਕਿਸਮਾਂ ਵਿੱਚੋਂ ਸੱਤ ਹਜ਼ਾਰ ਲੋਪ ਹੋ ਗਈਆਂ ਹਨ ਅਤੇ ਬਾਕੀ ਵੀ ਲੋਪ ਹੋਣ ਕਿਨਾਰੇ ਹਨ। ਇੱਕ ਸੀ ਚਿੜੀ ਸੀ ਤੇ ਇੱਕ ਸੀ ਕਾਂ ਦੀ ਕਹਾਣੀ ਵਾਲੀ ਇਸ ਧਰਤੀ ਦੀਆਂ ਚਿੜੀਆਂ ਦੇ ਨਾਲ-ਨਾਲ ਕਾਵਾਂ ਦੀਆਂ ਡਾਰਾਂ ਵੀ ਕਿਧਰੇ ਨਜ਼ਰ ਨਹੀਂ ਪੈਂਦੀਆਂ। ਇੱਲਾਂ, ਉੱਲੂ ਤੇ ਬਾਜ ਵਿਰਲੇ ਹੀ ਦਿਖਦੇ ਹਨ, ਚੱਕੀ ਰਾਹਿਆਂ ਦਾ ਵੀ ਇਹੀ ਹਾਲ ਹੈ ਤੇ ਗਿੱਧਾਂ ਦਾ ਤਾਂ ਭੋਗ ਹੀ ਪੈ ਗਿਆ ਹੈ। ਇਹ ਹੈ ਮੌਤ ਦਾ ਤਾਂਡਵ ਜਿਹੜਾ ਕਿ ਹਰ ਦਿਨ ਗੁਰੂਆਂ, ਪੀਰਾਂ ਦੀ ਇਸ ਧਰਤੀ 'ਤੇ ਨੱਚਿਆ ਜਾ ਰਿਹਾ ਹੈ। ਅਸੀਂ ਹਰ ਪਲ ਗੁਰਮੁੱਖ ਰਹਿਣ ਵਾਲੇ, ਸਰਬਤ ਦਾ ਭਲਾਂ ਮੰਗਣ ਵਾਲੇ, ਪਾਪ ਤੋਂ ਕੋਹਾਂ ਦੂਰ ਰਹਿਣ ਵਾਲੇ, ਸ਼ੁੱਧ ਸ਼ਾਕਾਹਾਰ ਮਹਾਤਮਾ ਬੁੱਧ ਅਤੇ ਮਹਾਂਵੀਰ ਦੀ ਸੰਤਾਨ, ਗਾਂਧੀ ਨੂੰ ਮਹਾਤਮਾ ਅਤੇ ਬਾਪੂ ਦਾ ਦਰਜ਼ਾ ਦੇਣ ਵਾਲੇ ਲੋਕ ਪਲਾਂ ਵਿੱਚ ਹੀ ਜ਼ਹਿਰਾਂ ਦਾ ਛਿੜਕਾਅ ਕਰਕੇ ਹਜ਼ਾਰਾਂ ਜੀਵਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਾਂ।  ਸਾਡੇ ਵਿਵੇਕ ਕਿੱਥੇ ਹੈ? ਸਾਡਾ ਧਰਮ ਕਿੱਥੇ ਹੈ? ਕੀ ਬਲਿਹਾਰੀ ਕੁਦਰਤ ਵਸਿਆ ਇੱਕ ਰਟਣ ਹੀ ਬਣ ਕੇ ਰਹਿ ਗਿਆ ਹੈ?  ਕਿਸਾਨ ਆਖਦੇ ਹਨ, ਜ਼ਹਿਰਾਂ ਬਿਨਾਂ ਖੇਤੀ ਨਹੀਂ ਹੋ ਸਕਦੀ। ਪਰ ਖੇਤੀ ਦਾ ਜ਼ਹਿਰਾਂ ਵਿੰਨਿਆ ਮਾਡਲ ਤਾਂ ਬੀਤੇ ਤੀਹਾਂ ਵਰ੍ਹਿਆਂ ਤੋਂ ਹੀ ਚਲਣ ਵਿੱਚ ਹੈ ਪਰ ਸਾਡਾ ਖੇਤੀ ਇਤਿਹਾਸ ਤਾਂ ਦਸ ਹਜ਼ਾਰ ਸਾਲ ਪੁਰਾਣਾ ਹੈ। ਅੱਜ ਵੀ ਬਜ਼ੁਰਗਾਂ ਨੂੰ ਪੁੱਛਣ ਤੇ ਹਰ ਸੱਚ ਸਾਹਮਣੇ ਆ ਜਾਂਦਾ ਹੈ। ਖੇਤੀ ਨੂੰ ਜ਼ਹਿਰਾਂ ਦੀ ਕੋਈ ਲੋੜ ਨਹੀਂ ਸੀ। ਜ਼ਹਿਰਾਂ ਬਣਾਉਣ ਵਾਲਿਆਂ ਨੂੰ ਖੇਤੀ ਦੀ ਲੋੜ ਸੀ। ਉਹਨਾਂ ਨੇ ਸਾਨੂੰ ਬਰਬਾਦੀ ਦੇ ਰਾਹ ਪਾਇਆ। ਅਸੀਂ ਭਲੇ ਲੋਕ ਲਾਲਚ ਵਿੱਚ ਆ ਗਏ। ਅਮੀਰ ਹੋਣ ਦੀ ਲਾਲਸਾ ਨੇ ਸਾਨੂੰ ਪਾਪ ਦੇ ਰਾਹ ਤੋਰ ਲਿਆ। ਸਿੱਟਾ ਸਾਡੇ ਸਾਹਮਣੇ ਹੈ।

ਇਸ ਤਸਵੀਰ ਦੀ ਭਿਆਨਕਤਾ ਨੂੰ ਸ਼ਾਇਦ ਅਸੀਂ ਠੀਕ ਤਰ੍ਹਾਂ ਸਮਝ ਨਹੀਂ ਪਾ ਰਹੇ। ਇਹੀ ਕਾਰਨ ਹੈ ਕਿ ਅਸੀਂ ਚੁੱਪ-ਚਾਪ ਮੌਤ ਦਾ ਇਹ ਤਮਾਸ਼ਾ ਦੇਖਦੇ ਹੀ ਜਾ ਰਹੇ ਹਾਂ। ਆਓ ਸਮੁੱਚੀ ਕਾਇਨਾਤ ਉੱਤੇ ਜ਼ਹਿਰੀਲੀ ਖੇਤੀ ਦੇ ਮਾੜੇ ਅਸਰਾਂ ਉੱਤੇ ਇੱਕ ਝਾਤੀ ਮਾਰੀਏ:

ਮਨੁੱਖੀ ਸਿਹਤ ਉੱਤੇ ਅਸਰ:

ਅੱਜ ਪੰਜਾਬੀ ਬਿਮਾਰਾਂ ਦੀ ਕੌਮ ਵਿੱਚ ਤਬਦੀਲ ਹੋ ਚੁੱਕੇ ਹਨ। ਜਿਹਨਾਂ ਪੰਜਾਬੀਆਂ ਦੀ ਸਿਹਤਾਂ ਦੇ ਗੀਤ ਗਾਏ ਜਾਂਦੇ ਸਨ। ਜਿਹੜੀਆਂ ਸਿਹਤਾਂ ਪੰਜਾਬੀਆਂ ਦੀ ਪਹਿਚਾਣ ਸਨ ਅੱਜ ਬੀਤੇ ਦੀ ਗੱਲ ਹੋ ਨਿੱਬੜੀਆਂ ਹਨ। ਪਿਛਲੇ ਕਈ ਸਾਲਾਂ ਤੋਂ ਫੌਜ ਵਿੱਚ ਪੰਜਾਬੀਆਂ ਦਾ ਕੋਟਾ ਵੀ ਪੂਰਾ ਨਹੀਂ ਹੋ ਪਾ ਰਿਹਾ। ਸਾਡੇ ਨੌਜਵਾਨ ਫ਼ੋਜ ਵਿੱਚ ਭਰਤੀ ਦੇ ਸਰੀਰਕ ਮਾਪਦੰਡਾ 'ਤੇ ਪੂਰੇ ਨਹੀਂ ਉੱਤਰਦੇ। ਇਹਨਾਂ ਜ਼ਹਿਰਾਂ ਦੇ ਪਿੰਡਾਂ ਵਿੱਚ ਆਮ ਹੀ ਨਜ਼ਰ ਆਉਣ ਵਾਲੇ ਅਸਰ ਇਸ ਪ੍ਰਕਾਰ ਹਨ:

1.  ਕਮਜ਼ੋਰ ਹੋਈ ਰੋਗ ਪ੍ਰਤੀਰੋਧੀ ਤਾਕਤ:ਕਮਜ਼ੋਰ ਪੈਂਦੀ ਜਾ ਰਹੀ ਰੋਗ ਪ੍ਰਤੀਰੋਧੀ ਤਾਕਤ ਦੇ ਕਾਰਨ ਸਾਨੂੰ ਅਨੇਕਾਂ ਪ੍ਰਕਾਰ ਦੇ ਰੋਗ ਅਸਾਨੀ ਨਾਲ ਹੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਜਿਵੇਂ ਵਾਰ-ਵਾਰ ਜ਼ੁਕਾਮ ਲੱਗਣਾ, ਵਾਇਰਲ ਬੁਖ਼ਾਰ ਹੋਣਾ, ਕਾਲਾ ਪੀਲੀਆ ( ਹੈਪੇਟਾਈਟਸ ਬੀ, ਸੀ, ਈ), ਛੋਟੀ ਮਾਤਾ, ਜਨੇਊ, ਡੇਂਗੂ, ਚਿਕਨ ਗੁਣੀਆਂ, ਫਲੂ, ਦਿਮਾਗੀ ਬੁਖ਼ਾਰ, ਚਮੜੀ ਦੀਆਂ ਅਨੇਕਾਂ ਬਿਮਾਰੀਆਂ ਏਡਜ਼ ਅਤੇ ਭਾਂਤ-ਭਾਂਤ ਕਿੰਨੀਆਂ ਹੀ ਹੋਰ ਇਨਫੈਕਸ਼ਨਾਂ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਤੀਬਰਤਾ ਨਾਲ ਅਤੇ ਵੱਡੇ ਪੱਧਰ 'ਤੇ ਆਪਣਾ ਅਸਰ ਵਿਖਾ ਰਹੀਆਂ ਹਨ। ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਵਿੱਚ ਵੀ ਸਰੀਰ ਦੀ ਕਮਜ਼ੋਰ ਰੱਖਿਆ ਪ੍ਰਣਾਲੀ ਦਾ ਵੱਡਾ ਯੋਗਦਾਨ ਹੈ। ਕੁੱਝ ਲੋਕਾਂ ਵਿੱਚ ਰੋਗ ਪ੍ਰਤੀਰੋਧੀ ਸ਼ਕਤੀ ਦੇ ਸਹੀ ਕੰਮ ਨਾ ਕਰਨ ਕਾਰਨ ਕੁੱਝ ਵਾਇਰਸ ਸਰੀਰ 'ਤੇ ਭਾਰੂ ਹੋ ਜਾਂਦੇ ਹਨ ਜਿਹਨਾਂ ਕਰਕੇ ਕੈਂਸਰ ਹੋ ਜਾਂਦਾ ਹੈ। ਇਹ ਵਿੱਗਿਆਨਿਕ ਸੱਚ ਹੈ ਕਿ ਕੈਂਸਰ ਸੈੱਲ ਅਕਸਰ ਹੀ ਸਰੀਰ ਵਿੱਚ ਬਣਦੇ ਰਹਿੰਦੇ ਹਨ। ਜੇਕਰ ਸਰੀਰ ਦੀ ਰੱਖਿਆ ਪ੍ਰਣਾਲੀ ਮਜਬੂਤ ਹੋਵੇ ਤਾਂ ਇਹ ਕੈਂਸਰ ਸੈੱਲਾਂ ਨੂੰ ਬਿਮਾਰੀ ਦਾ ਰੂਪ ਧਾਰਣ ਤੋਂ ਪਹਿਲਾਂ ਹੀ ਖਤਮ ਕਰ ਦਿੰਦਾ ਹੈ।

2.  ਜਨਣ ਅੰਗਾਂ ਅਤੇ ਪ੍ਰਜਨਣ ਸਿਹਤ ਉੱਤੇ ਮਾੜੇ ਪ੍ਰਭਾਵ: ਸਾਡੇ ਜਨਣ ਅੰਗਾਂ ਪ੍ਰਜਨਣ ਕਿਰਿਆ ਅਤੇ ਬੱਚੇ ਦਾ ਸਰੀਰ ਮਾਂ ਦੇ ਪੇਟ ਵਿੱਚ ਹੀ ਬਹੁਤ ਸੋਹਲ ਹੁੰਦੇ ਹਨ। ਇਸ ਕਾਰਨ ਇਹਨਾਂ ਉੱਤੇ ਹੀ ਜ਼ਹਿਰਾਂ ਦਾ ਅਸਰ ਸਭ ਤੋਂ ਪਹਿਲਾਂ ਹੁੰਦਾ ਹੈ। 9-10 ਸਾਲ ਦੀਆਂ ਬੱਚੀਆਂ ਨੂੰ ਮਾਹਵਾਰੀ ਸ਼ੁਰੂ ਹੋਣਾ ਜਾਂ ਛਾਤੀ ਦੀਆਂ ਗੱਠਾਂ ਬਣਨਾ, ਮੁੰਡਿਆਂ ਵਿੱਚ ਜਵਾਨੀ ਦੀ ਆਮਦ ਲੇਟ ਹੋਣੀ, ਔਰਤਾਂ ਵਿੱਚ ਮਾਹਵਾਰੀ ਸਬੰਧੀ ਸਮੱਸਿਆਵਾਂ ਦਾ ਵਧਣਾ, ਅੰਡਕੋਸ਼ਾਂ ਜਾਂ ਬੱਚੇਦਾਨੀ ਦੀਆਂ ਗੱਠਾਂ-ਰਸੌਲੀਆਂ ਦਾ ਵਧਣਾ, ਬੇਔਲਾਦ ਜੋੜਿਆਂ ਦੀ ਗਿਣਤੀ ਵਿੱਚ ਕਈ ਗੁਣਾਂ ਦਾ ਵਾਧਾ, ਗਰਭ ਡਿੱਗ ਜਾਣਾ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋ ਜਾਣਾ, ਮਰੇ ਹੋਏ ਬੱਚੇ ਪੈਦਾ ਹੋਣਾਂ ਜਾਂ ਜੰਮਣ ਉਪਰੰਤ ਕੁੱਝ ਹੀ ਸਮੇਂ ਬਾਅਦ ਮਰ ਜਾਣਾ, ਮਰਦਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘਟਣਾ ਇਹ ਸਾਰੀਆਂ ਅਲਾਮਤਾਂ ਪਿਛਲੇ ਵੀਹਾਂ-ਤੀਹਾਂ ਦੌਰਾਨ ਹੀ ਕਈ ਗੁਣਾਂ ਵਧ ਗਈਆਂ ਹਨ।

ਅੱਜ ਪੰਜਾਬ ਦੇ ਹਰੇਕ ਪਿੰਡ 5 ਤੋਂ 20 ਜੋੜੇ ਬੇਔਲਾਦ ਪਾਏ ਜਾ ਰਹੇ ਹਨ। ਇੰਨੇ ਕੁ ਹੀ ਅਜਿਹੇ ਜੋੜੇ ਵੀ ਹਨ ਜਿਹਨਾਂ ਨੂੰ ਵੱਡੇ-ਵੱਡੇ ਡਾਕਟਰਾਂ ਤੋਂ ਮਹਿੰਗੇ-ਮਹਿੰਗੇ ਇਲਾਜ਼ ਕਰਵਾ ਕੇ ਹੀ ਔਲਾਦ ਦਾ ਸੁਖ ਨਸੀਬ ਹੋਇਆ ਹੈ। ਲਗਪਗ 20 ਤੋਂ 50 ਫੀਸਦੀ ਔਰਤਾਂ ਵਿੱਚ ਬੱਚਾ ਠਹਿਰਣ ਉਪਰੰਤ ਗਰਭਪਾਤ ਹੋ ਜਾਂਦਾ ਹੈ। ਇਸ ਸਥਿਤੀ ਤੋਂ ਬਚਣ ਲਈ ਉਹਨਾਂ ਨੂੰ ਮਾਹਿਰ ਡਾਕਟਰਾਂ ਤੋਂ ਹਾਰਮੋਨਜ ਦੇ ਟੀਕੇ ਲਵਾਉਣੇ ਪੈਂਦੇ ਹਨ। 40 ਸਾਲ ਤੋਂ ਵੱਧ ਉਮਰ ਦੇ ਅੱਧਿਓਂ ਵੱਧ ਮਰਦ ਸੈਕਸ ਪੱਖੋਂ ਕਮਜ਼ੋਰੀ ਦੇ ਸ਼ਿਕਾਰ ਹਨ। ਉਹ ਗੋਲੀਆਂ-ਕੈਪਸੂਲ ਖਾ ਕੇ ਆਪਣੀ ਈਨ ਬਚਾਉਂਦੇ ਹਨ। ਪੋਤੇ ਦੇ ਵੀਰਯ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਦਾਦੇ ਦੇ ਵੇਲਿਆਂ ਮੁਕਾਬਲੇ ਅੱਧੀ ਰਹਿ ਗਈ ਹੈ।

3.  ਜਮਾਂਦਰੂ ਨੁਕਸ: ਇਹਨਾਂ ਜ਼ਹਿਰਾਂ ਦੇ ਮਾੜੇ ਅਸਰਾਂ ਕਾਰਨ ਬੱਚਿਆਂ ਵਿੱਚ ਅਨੇਕਾਂ ਹੀ ਜਮਾਂਦਰੂ ਨੁਕਸ ਰਹਿ ਜਾਂਦੇ ਹਨ। ਉਹਨਾਂ ਦੇ ਵਾਧੇ ਅਤੇ ਵਿਕਾਸ ਉੱਤੇ ਜ਼ਹਿਰ ਮਾੜਾ ਅਸਰ ਪਾਉਂਦੇ ਹਨ। ਸਿੱਟੇ ਵਜੋਂ ਜਮਾਂਦਰੂ ਅਪੰਗ ਅਤੇ ਮੰਦਬੁੱਧੀ ਬੱਚਿਆਂ ਦੀ ਗਿਣਤੀ ਬੀਤੇ ਵੀਹ-ਤੀਹ ਵਰ੍ਹਿਆਂ ਦੌਰਾਨ ਕਈ ਗੁਣਾ ਵਧ ਗਈ ਹੈ। ਅੱਜ ਹਰੇਕ ਪਿੰਡ ਵਿਚ 5 ਤੋਂ 20 ਬੱਚੇ ਗੰਭੀਰ ਕਿਸਮ ਦੀ ਮੰਦਬੁੱਧੀ ਅਪੰਗਤਾ ਦੇ ਸ਼ਿਕਾਰ ਮਿਲ ਜਾਂਦੇ ਹਨ। ਇਹ ਇੱਕ ਵਿਗਿਆਨਿਕ ਸੱਚ ਹੈ ਕਿ ਜ਼ਹਿਰੀਲੇ ਵਾਤਾਵਰਣ ਕਾਰਨ ਗੰਭੀਰ ਮੰਦਬੁੱਧੀ ਬੱਚੇ ਪਿੱਛੇ ਦਸ ਦਰਮਿਆਨੇ ਜਾਂ ਹਲਕੇ ਮੰਦਬੁਧੀ ਬੱਚੇ ਜਨਮ ਲੈ ਰਹੇ ਹਨ। ਜਿਹਨਾਂ ਨੂੰ ਆਮ ਵਿਅਕਤੀ ਨਹੀਂ ਸਗੋਂ ਸਿਰਫ ਮਾਹਿਰ ਹੀ ਪਛਾਣ ਸਕਦੇ ਹਨ। ਆਮ ਲੋਕ ਤਾਂ ਉਸਨੂੰ ਭੋਲਾ, ਨਲਾਇਕ, ਵਿਗੜਿਆ, ਅੜੀਅਲ, ਲੜਾਕਾ, ਗੁੱਸੇਖੋਰ, ਪੰਗੇਬਾਜ ਅਤੇ ਅਨੇਕਾਂ ਹੋਰ ਖਿਤਾਬਾਂ ਨਾਲ ਨਿਵਾਜ਼ ਦਿੰਦੇ ਹਨ। ਸਕੂਲ ਵਿੱਚ ਅਧਿਆਪਕ ਵੀ ਉਸਦੀ ਅਸਲ ਸਥਿਤੀ ਸਮਝਣ ਵਿੱਚ ਅਸਮਰਥ ਹੁੰਦੇ ਹਨ।

4.  ਦਿਮਾਗ ਅਤੇ ਨਸ-ਨਾੜੀਆਂ ਦੇ ਰੋਗ: ਦਿਮਾਗ ਨਸ-ਨਾੜੀਆਂ ਸਬੰਧੀ ਰੋਗਾਂ ਅਤੇ ਮਾਨਸਿਕ ਬਿਮਾਰੀਆਂ ਦੀ ਪੰਜਾਬ ਵਿੱਚ ਭਰਮਾਰ ਹੈ। ਇਹਨਾਂ ਮਾਨਸਿਕ ਰੋਗਾਂ ਵਿੱਚੋਂ ਪਨਪੀ ਚਿੰਤਾ, ਟੈਂਸਨਾਂ, ਡਿਪਰੈਸ਼ਨ, ਆਤਮਹੱਤਿਆਵਾਂ ਅਤੇ ਲੜਾਈ-ਝਗੜੇ ਪੰਜਾਬੀਆਂ ਦੀਆਂ ਖੁਸ਼ੀਆਂ ਨੂੰ ਖਾ ਗਈਆਂ ਹਨ। ਅਸਿੱਧੇ ਤੌਰ 'ਤੇ ਨਸ਼ਿਆਂ ਦਾ ਸੇਵਨ ਅਤੇ ਜੁਰਮਾਂ ਦੀ ਭਰਮਾਰ ਵੀ ਮਾਨਸਿਕ ਰੋਗਾਂ ਦਾ ਹੀ ਇੱਕ ਭਿਆਨਕ ਸਿੱਟਾ ਹਨ। ਦਿਮਾਗ, ਨਮ-ਨਾੜੀਆਂ ਅਤੇ ਸੋਚ ਪ੍ਰਕਿਰਿਆ ਬਹੁਤ ਹੀ ਸੋਹਲ ਹੁੰਦੇ ਹਨ। ਜ਼ਹਿਰਾਂ ਦਾ ਅਸਰ ਇਹਨਾਂ ਉੱਤੇ ਬਹੁਤ ਜਲਦੀ ਅਤੇ ਬਹੁਤ ਖ਼ਤਰਨਾ ਹੁੰਦਾ ਹੈ। ਬੀਤੇ ਸਮੇਂ ਦੀ ਇੱਕ ਉਦਾਹਰਣ ਨਾਲ ਇਹ ਸ਼ਾਇਦ ਇਹ ਸਪਸ਼ਟ ਹੋ ਜਾਵੇ :

ਪਹਿਲਾਂ ਇੰਗਲੈਂਡ ਵਿਚ ਪਾਣੀ ਸਪਲਾਈ ਕਰਨ ਲਈ ਵਰਤੀਆਂ ਜਾਣ ਵਾਲੀਆਂ ਪਾਇਪਾਂ ਲੈੱਡ ਤੋਂ ਬਣਾਈਆਂ ਜਾਂਦੀਆਂ ੍ਰ੍ਰ੍ਰਸਨ। ਪਾਣੀ ਵਿੱਚ ਘੁਲਣ ਕਾਰਨ ਲੈੱਡ ਦੇ ਜ਼ਹਿਰੀਲੇਪਣ ਨੇ ਸਾਰੇ ਇੰਗਲੈਂਡ ਵਾਸੀਆਂ ਉੱਤੇ ਮਾਰੂ ਪ੍ਰਭਾਵ ਪਾਇਆ। ਜਦੋਂ ਵੱਡੇ ਪੱਧਰ 'ਤੇ ਟੈਸਟ ਕੀਤੇ ਗਏ ਤਾਂ ਪਤਾ ਲੱਗਾ ਕਿ ਜ਼ਹਿਰ ਦੀ ਜਦ ਵਿੱਚ ਆਏ ਹਜ਼ਾਰਾਂ ਲੱਖਾਂ ਲੋਕ ਪਹਿਲਾਂ ਮਾਨਸਿਕ ਰੋਗੀ ਐਲਾਨ ਦਿੱਤੇ ਗਏ ਸਨ ਅਤੇ ਉਹਨਾਂ ਦਾ ਇਲਾਜ਼ ਮਾਨਸਿਕ ਰੋਗੀਆਂ ਦੇ ਤੌਰ 'ਤੇ ਕੀਤਾ ਜਾ ਰਿਹਾ ਸੀ। ਬਾਅਦ ਵਿੱਚ ਉਹਨਾਂ ਸਾਰਿਆਂ ਨੂੰ ਲੈੱਡ ਦੇ ਜ਼ਹਿਰ ਤੋਂ ਪ੍ਰਭਾਵਿਤ ਐਲਾਨਿਆ ਗਿਆ। ਹੁਣ ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਮਾਨਸਿਕ ਰੋਗਾਂ, ਨਸ਼ਿਆਂ ਦੀ ਵਰਤੋਂ ਅਤੇ ਵਧਦੇ ਜ਼ੁਰਮਾਂ ਪਿੱਛੇ ਵਾਤਾਵਰਣ ਦਾ ਜ਼ਹਿਰੀਲਾਪਣ ਅਹਿਮ ਰੋਲ ਅਦਾ ਕਰਦਾ ਹੈ।

5.  ਦਮਾ ਅਤੇ ਭਾਂਤ-ਭਾਂਤ ਦੀਆਂ ਅਲੈਰਜ਼ੀਆਂ: ਹੁਣ ਇਹ ਜਾਣਿਆ-ਪਛਾਣਿਆ ਸੱਚ ਹੈ ਕਿ ਦਮਾ ਅਤੇ ਐਲਰਜ਼ੀਆਂ ਵਾਤਾਵਰਣ ਵਿੱਚ ਘੁਸ ਚੁੱਕੇ ਜ਼ਹਿਰਾਂ ਕਾਰਨ ਹੁੰਦੀਆਂ ਹਨ। ਜਿਹੜੀਆਂ ਕਿ ਪਿਛਲੇ ਤੀਹਾਂ ਸਾਲਾਂ ਤੋਂ ਅੰਨ੍ਹੇਵਾਹ ਖੇਤੀ ਵਿੱਚ ਵਰਤੀਆਂ ਜਾ ਰਹੀਆਂ ਹਨ।

6. ਜਿਗਰ, ਪਿੱਤਾ, ਗੁਰਦੇ ਆਦਿ ਦੀਆਂ ਬਿਮਾਰੀਆਂ: ਜਿਗਰ, ਪਿੱਤਾ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਵੀ ਪਿਛਲੇ ਦੋ ਦਹਾਕਿਆਂ ਦੌਰਾਨ ਬਹੁਤ ਵਧੀਆਂ ਹਨ। ਇਹਨਾਂ ਬਿਮਾਰੀਆਂ ਅਤੇ ਵਾਤਾਵਰਣ ਵਿਚਲੇ ਜ਼ਹਿਰਾਂ ਦਾ ਗੂੜਾ ਰਿਸ਼ਤਾ ਵਿੱਗਿਆਨੀ ਪਹਿਲਾਂ ਹੀ ਸਿੱਧ ਕਰ ਚੁੱਕੇ ਹਨ।

7.  ਮੋਟਾਪਾ: ਮੋਟਾਪਾ, ਸ਼ੂਗਰ, ਦਿਲ ਅਤੇ ਲਹ ਨਾੜੀਆਂ ਦੀਆਂ ਬਿਮਾਰੀਆਂ ਮਾਤਰਾ ਵਿੱਚ ਹੋ ਰਿਹਾ ਭਾਰੀ ਵਾਧੇ ਪਿੱਛੇ ਵੀ ਇਹਨਾਂ ਜ਼ਹਿਰਾਂ ਦਾ ਵੱਡਾ ਰੋਲ ਹੈ।

8. ਹੱਡੀਆਂ, ਜੋੜਾਂ ਅਤੇ ਮਾਸਪੇਸ਼ੀਆਂ ਦੀਆਂ ਬਿਮਾਰੀਆਂ: ਸਰੀਰ ਦੇ ਇਹਨਾਂ ਹਿੱਸਿਆਂ ਸਬੰਧੀ ਬਿਮਾਰੀਆਂ-ਤਕਲੀਫ਼ਾਂ ਦਾ ਹੜ ਹੀ ਆਇਆ ਹੋਇਆ ਹੈ। ਹੱਡੀਆਂ ਦਾ ਕਮਜ਼ੋਰ ਹੋਣਾ ਅਤੇ ਮਾਮੂਲੀ ਜਿਹੀ ਸੱਟ ਨਾਲ ਹੀ ਟੁੱਟ ਜਾਣਾ ਆਮ ਵਰਤਾਰਾ ਹੋ ਨਿੱਬੜਿਆ ਹੈ। ਚਮੜੀ ਅਤੇ ਵਾਲਾਂ ਦੀਆਂ ਬਿਮਾਰੀਆਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋਣਾ ਇੱਕ ਆਮ ਜਿਹੀ ਘਟਨਾ ਬਣ ਗਈ ਹੈ। ਚਮੜੀ ਦੀਆਂ ਬਿਮਾਰੀਆਂ ਦਾ ਤਾਂ ਕੋਈ ਅੰਤ ਹੀ ਨਹੀਂ ਹੇ। ਇਹ ਸਭ ਵਾਤਾਵਰਣ ਅਤੇ ਸਾਡੀ ਖ਼ੁਰਾਕ ਵਿੱਚ ਘੁਸਪੈਠ ਕਰ ਚੁੱਕੇ ਜ਼ਹਿਰਾਂ ਕਾਰਨ ਹੋ ਰਿਹਾ ਹੈ।

9. ਖੂਨ ਦੀ ਘਾਟ: ਅੱਜ ਪੂਰਾ ਖੂਨ (ਮਰਦਾਂ ਵਿੱਚ 15-16 ਗ੍ਰਾਮ ਅਤੇ ਔਰਤਾਂ ਵਿੱਚ 13-14 ਗ੍ਰਾਮ) ਰੱਖਣ ਵਾਲੇ ਲੋਕ ਬੜੀ ਮੁਸ਼ਕਿਲ ਨਾਲ ਮਿਲਦੇ ਹਨ। ਮਰਦਾਂ ਵਿੱਚ 10-12 ਗ੍ਰਾਮ, ਔਰਤਾਂ ਅਤੇ ਬੱਚਿਆਂ ਵਿੱਚ ਖੂਨ ਦੀ ਮਾਤਰਾ 8-10 ਗ੍ਰਾਮ ਤੱਕ ਹੀ ਸੀਮਤ ਹੋ ਗਈ ਹੈ। ਹਾਲਾਂਕਿ ਅੱਜ ਤੋਂ 20 ਸਾਲ ਪਹਿਲਾਂ ਬਾਲਗ ਮਰਦਾਂ ਵਿੱਚ ਅਨੀਮੀਆ ਵਿਰਲਾ ਹੀ ਪਾਇਆ ਜਾਂਦਾ ਸੀ ਜਿਹੜਾ ਕਿ ਹੁਣ ਆਮ ਹੈ। ਖੇਤੀ ਰਾਹੀਂ ਖ਼ੁਰਾਕ ਅਤੇ ਵਾਤਾਵਰਣ ਵਿੱਚ ਘੁਸਪੈਠ ਕਰ ਚੁੱਕੇ ਪੈਸਟੀਸਾਈਡ ਸਰੀਰ ਵਿੱਚ ਪੂਰਾ ਖੂਨ ਨਹੀਂ ਬਣਨ ਦਿੰਦੇ।

10. ਕੈਂਸਰ: ਪਿਛਲੇ ਤੀਹਾਂ ਵਰ੍ਹਿਆਂ ਤੋਂ ਕੈਂਸਰ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਕੈਂਸਰ ਨਾਲ ਮੌਤਾਂ ਪਿੰਡਾਂ ਵਿੱਚ ਇੱਕ ਆਮ ਵਰਤਾਰਾ ਬਣ ਗਿਆ ਹੈ ਜਿਹੜਾ ਕਿ ਪਹਿਲਾਂ ਕਦੇ ਵੀ ਨਹੀਂ ਸੀ।

11. ਜੀਨਾਂ ਦਾ ਵਿਗਾੜ: ਪੈਸਟੀਸਾਈਡਜ਼ ਦੇ ਮਾਰੂ ਅਸਰ ਸਿਰਫ ਮੌਜੂਦਾ ਪੀੜ੍ਹੀ ਤੱਕ ਹੀ ਸੀਮਤ ਨਹੀਂ ਰਹਿੰਦੇ। ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਰੋਗੀ ਕਰਨ ਦਾ ਆਧਾਰ ਬਣਦੇ ਹਨ। ਇਹ ਜ਼ਹਿਰ ਮਨੁੱਖੀ ਜੀਨਜ਼ ਵਿੱਚ ਵਿਗਾੜ ਪੈਦਾ ਕਰਦੇ ਹਨ। ਜੈਨੇਟਿਨ ਮਿਊਟੇਸ਼ਨ ਅਗਲੀ ਪੀੜ੍ਹੀ ਨੂੰ ਕਮਜ਼ੋਰ, ਅਪਾਹਿਜ਼ ਅਤੇ ਬਿਮਾਰ ਕਰਨ ਦਾ ਆਧਾਰ ਬਣਦੀ ਹੈ। ਪੀ ਜੀ ਆਈ ਚੰਡੀਗੜ੍ਹ ਦੀਆਂ ਖੋਜ਼ਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬੀਆਂ ਦੇ ਜੀਨ ਵੱਡੀ ਪੱਧਰ 'ਤੇ ਖਰਾਬ ਹੋ ਰਹੇ ਹਨ। ਇਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੱਡੇ ਖ਼ਤਰੇ ਵਿੱਚ ਹਨ।

12.  ਉਮਰ ਦਾ ਘਟ ਜਾਣਾ: ਬਹੁਤ ਲੋਕ ਅਜਿਹੇ ਹੁੰਦੇ ਵੀ ਹੁੰਦੇ ਹਨ, ਜਿਹਨਾਂ ਵਿੱਚ ਬਾਹਰੀ ਤੌਰ 'ਤੇ ਕੋਈ ਰੋਗ ਨਜ਼ਰ ਨਹੀਂ ਆਉਾਂ ਉਹਨਾਂ ਦੀ ਉਮਰ ਚੁੱਪ-ਚੁਪੀਤੇ ਹੀ ਦਸ-ਵੀਹ ਸਾਲ ਘਟ ਜਾਂਦੀ ਹੈ।

13. ਪਾਲਤੂ ਡੰਗਰਾਂ ਅਤੇ ਹੋਰ ਜਾਨਵਰਾਂ ਦੀ ਸਿਹਤ: ਪਾਲਤੂ ਡੰਗਰਾਂ, ਆਵਾਰਾਂ ਅਤੇ ਜੰਗਲੀ ਜਾਨਵਰਾਂ ਵਿੱਚ ਵੀ ਇਹਨਾਂ ਜ਼ਹਿਰਾਂ ਦੇ ਮਾਰੂ ਅਸਰ ਪੰਜਾਬ ਵਿੱਚ ਪ੍ਰਤੱਖ ਦਿਸ ਰਹੇ ਹਨ। ਗਾਵਾਂ, ਮੱਝਾਂ ਅਤੇ ਘੋੜੀਆਂ ਆਦਿ ਵਿੱਚ ਫੰਡਰ ਜਾਨਵਰਾਂ ਦਾ ਅਨੁਪਾਤ ਬਹੁਤ ਵਧ ਗਿਆ ਹੈ। ਬਹੁਤੇ ਜਾਨਵਰਾਂ ਨੂੰ ਵਾਰ-ਵਾਰ ਕੋਸ਼ਿਸ਼ ਕਰਨ 'ਤੇ ਹੀ ਗਰਭ ਠਹਿਰਦਾ ਹੈ। ਗਰਭ ਠਹਿਰਣ ਉਪਰੰਤ ਕੱਚਾ ਗਰਭ ਗਿਰਨ ਦੀ ਸਮੱਸਿਆ ਵੀ ਆਮ ਹੀ ਹੈ। ਜੰਮਣ ਸਮੇਂ ਬੱਚੇ ਕਮਜ਼ੋਰ ਹੁੰਦੇ ਹਨ ਅਤੇ ਜਲਦੀ ਹੀ ਮਰ ਜਾਂਦੇ ਹਨ। ਇਹ ਵੀ ਦੇਖਣ ਵਿੱਚ ਕਾਫੀ ਆ ਰਿਹਾ ਹੈ ਕਿ ਦੁੱਧ ਦੀ ਮਾਤਰਾ ਵੀਹ-ਤੀਹ ਸਾਲ ਪਹਿਲਾਂ ਦੇ ਮੁਕਾਬਲੇ 25-30% ਘਟੀ ਹੈ। ਇਸ ਤਰ੍ਹਾਂ ਲਵੇਰਿਆਂ ਦੇ ਸੂਏ ਵੀ ਇੰਨੇ ਹੀ ਅਨੁਪਾਤ ਵਿੱਚ ਘਟ ਗਈ ਹੈ। ਡੰਗਰਾਂ ਦੇ ਬਿਮਾਰ ਹੋਣ ਦੀ ਦਰ ਵੀ ਬਹੁਤ ਵਧ ਗਈ ਹੈ। ਮਨੁੱਖਾਂ ਅਤੇ ਡੰਗਰਾਂ ਵਿੱਚ ਰੋਗਾਂ ਦਾ ਅਨੁਪਾਤ ਬਰਾਬਰ ਦਾ ਚੱਲ ਰਿਹਾ ਹੈ। ਮੁਰਗੀਆਂ ਅੰਡੇ ਨਹੀਂ ਜਾਂ ਘੱਟ ਦਿੰਦੀਆਂ ਹਨ। ਅੰਡਿਆਂ ਵਿੱਚੋਂ ਬੱਚੇ ਘੱਟ ਨਿੱਕਲਦੇ ਹਨ ਅਤੇ ਉਹਨਾਂ ਵਿੱਚੋਂ ਬਹੁਤੇ ਬੱਚੇ ਜਲਦੀ ਹੀ ਮਰ ਜਾਂਦੇ ਹਨ। ਮੁਰਗੀਆਂ ਵਿੱਚ ਬਿਮਾਰੀਆਂ ਵੀ ਆਮ ਹਨ। ਜੰਗਲੀ ਪੰਛੀਆਂ ਵਿੱਚ ਪ੍ਰਜਨਣ ਕਿਰਿਆ ਕਮਜ਼ੋਰ ਹੋਣ ਕਾਰਨ ਉਹਨਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।

ਜੇਕਰ ਦੁਧਾਰੂ ਅਤੇ ਅੰਡੇ ਮੀਟ ਵਾਲੇ ਪਸ਼ੂਆਂ ਦੇ ਸਰੀਰ ਜ਼ਹਿਰਾਂ ਨਾਂਲ ਭਰੇ ਹੋਣਗੇ ਜਾਂ ਉਹ ਰੋਗਾਂ ਦੇ ਮਾਰੇ ਹੋਣਗੇ ਤਾਂ ਕੀ ਉਹਨਾਂ ਤੋਂ ਪ੍ਰਾਪਤ ਖ਼ੁਰਾਕੀ ਵਸਤਾਂ ਸਾਡੀ ਸਿਹਤ ਬਣਾਉਣਗੇ ਜਾਂ ਵਿਗਾੜਨਗੇ?
14.  ਬਨਸਪਤੀ ਅਤੇ ਖੇਤੀ ਉਤੇ ਪਏ ਅਸਰ: ਜਿੱਥੇ ਜਾਨਵਰਾਂ ਦੀ ਜੈਵਿਕ ਵਿਭਿੰਨਤਾ ਤੇਜੀ ਨਾਲ ਖਤਮ ਹੋ ਰਹੀ ਹੈ ਉੱਥੇ ਹੀ ਪੌਦਿਆਂ ਦੀ ਜੈਵ ਭਿੰਨਤਾ ਦਾ ਵੀ ਨਾਸ਼ ਹੋ ਰਿਹਾ ਹੈ। ਪੌਦਿਆਂ ਦੀਆਂ ਅਨੇਕਾਂ ਕਿਸਮਾਂ ਲੋਪ ਹੋ ਰਹੀਆਂ ਹਨ। ਸਿਰਫ ਕਣਕ, ਚਾਵਲ ਦੇ ਫਸਲੀ ਚੱਕਰ ਅਤੇ ਨਦੀਨਨਾਸ਼ਕਾਂ ਦੀ ਅੰਨ੍ਹੀ ਵਰਤੋਂ ਨੇ ਸਾਡੇ ਭੋਜਨ ਲਈ ਕੰਮ ਆਉਣ ਵਾਲੇ ਅਤੇ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਬਹੁਤ ਸਾਰੇ ਪੌਦਿਆਂ ਨੂੰ ਖਤਮ ਕਰ ਦਿੱਤਾ ਹੈ। ਪੂਰੀ ਭੋਜਨ ਲੜੀ ਤਹਿਸ-ਨਹਿਸ਼ ਹੋ ਗਈ ਹੈ ਅਤੇ ਸਾਡਾ ਪੂਰਾ ਆਯੁਰਵੈਦਿਕ ਸਿਸਟਮ ਨੂੰ ਖ਼ਤਰਾ ਖੜਾ ਹੋ ਗਿਆ ਹੈ। ਜੇਕਰ ਦਵਾਈਆਂ ਦੇ ਤੌਰ 'ਤੇ ਵਰਤੇ ਜਾਣ ਵਾਲੇ ਪੌਦਿਆਂ ਵਿੱਚ ਜ਼ਹਿਰਾਂ ਭਰੀਆਂ ਹੋਣਗੀਆਂ ਤਾਂ ਕੀ ਉਹਨ ਦਵਾਈ ਦਾ ਕੰਮ ਕਰ ਸਕਣਗੇ? ਲੋਕ ਸਿਹਤ ਸਮੱਸਿਆਵਾਂ ਦੇ ਹੱਲ ਲਈ ਐਲੋਪੈਥਿਕ ਦਵਾਈਆਂ ਉੱਤੇ ਨਿਰਭਰ ਹੁੰਦੇ ਜਾ ਰਹੇ ਹਨ। ਜਿਹੜੀਆਂ ਕਿ ਖੁਦ ਗੰਦੇ ਜ਼ਹਿਰ ਹਨ। ਸਾਡਾ ਭੋਜਨ ਸਾਡੀ ਸਿਹਤ ਦਾ ਸਭ ਤੋਂ ਵੱਡਾ ਰਖਵਾਲਾ ਹੈ। ਉਸ ਵਿੱਚ ਵਰਤੇ ਜਾਣ ਵਾਲੇ ਪੌਦਿਆਂ ਦਾ ਸਮੂਲ ਨਾਸ਼ ਸਾਡੇ ਲਈ ਖ਼ਤਰੇ ਦੀ ਵੱਡੀ ਘੰਟੀ ਹੈ। ਇਹ ਹੀ ਤੱਥ ਦੁਧਾਰੂ ਡੰਗਰਾਂ ਦੇ ਭੋਜਨ 'ਤੇ ਵੀ ਇੰਨਬਿੰਨ ਲਾਗੂ ਹੁੰਦੇ ਹਨ।

ਕੈਮੀਕਲ ਖੇਤੀ ਅਤੇ ਹੋਰ ਜ਼ਹਿਰਾਂ ਨੇ ਸਾਡੇ ਪੌਦਿਆਂ ਸਾਡੀ ਖ਼ੁਰਾਕ ਵਿੱਚ ਜਿੱਥੇ ਜ਼ਹਿਰ ਘੋਲੇ ਹਨ ਉੱਥੇ ਹੀ ਪੌਦਿਆਂ ਦੀ ਬੇਹੱਦ ਜ਼ਰੂਰੀ ਪ੍ਰਜਾਤੀਆਂ ਨੂੰ ਗਾਇਬ ਕਰਕੇ ਸਾਨੂੰ ਕਮਜ਼ੋਰ ਬਣਾ ਦਿੱਤਾ ਹੈ। ਸਿੱਟੇ ਵਜੋਂ ਅਸੀਂ ਅਨੇਕਾਂ ਪ੍ਰਕਾਰ ਦੇ ਰੋਗਾਂ ਦੇ ਸ਼ਿਕਾਰ ਬਣ ਰਹੇ ਹਾਂ। ਲੋਪ ਹੋਏ ਪੌਦਿਆਂ ਵਿੱਚ ਸਰੀਰਾਂ ਵਿੱਚੋਂ ਜ਼ਹਿਰ ਕੱਢਣ ਦੀ ਸਮਰਥਾ ਸੀ ਜਿਸ ਤੋਂ ਕਿ ਅਸੀਂ ਵਾਂਝੇ ਹੋ ਗਏ ਹਾਂ।

ਕੈਮੀਕਲ ਖੇਤੀ ਜ਼ਹਿਰਾਂ ਦੀ ਭਰਮਾਰ ਅਤੇ ਸੂਖਮ ਪੋਸ਼ਕ ਤੱਤਾਂ ਦੀ ਘਾਟ ਕਾਰਨ ਪੌਦਿਆਂ ਅੰਦਰ ਜਾਨਵਰਾਂ ਅਤੇ ਮਨੁੱਖਾਂ ਨੂੰ ਸਿਹਤ ਬਖ਼ਸ਼ਣ ਦੀ ਸਮਰਥਾ ਘਟ ਗਈ ਹੈ। ਜਿਹਨਾਂ ਬੂਟਿਆਂ ਨੂੰ ਅਸੀਂ ਨਦੀਨ ਆਖ ਕੇ ਮਾਰ ਸੁੱਟਿਆ ਉਹਨਾਂ ਦੇ ਗੁਣਾਂ ਤੋਂ ਅਸੀਂ ਮਹਿਰੂਮ ਹੋ ਗਏ ਹਾਂ। ਇਹ ਪੌਦੇ (ਨਦੀਨ) ਅਸਿੱਧੇ ਤੌਰ'ਤੇ ਸਾਡੇ ਭੋਜਨ ਵਿੱਚ ਸ਼ਾਮਿਲ ਹੋ ਕੇ ਸਾਨੂੰ ਤੰਦਰੁਸਤ ਰਹਿਣ ਵਿੱਚ ਮਦਦ ਕਰਦੇ ਸਨ। ਹੁਣ ਅਸੀਂ ਇਹਨਾਂ ਬੂਟਿਆਂ ਦੇ ਇਹਨਾਂ ਗੁਣਾਂ ਤੋਂ ਵਾਂਝੇ ਹੋ ਗਏ ਹਾਂ।

15.  ਪਾਣੀ, ਧਰਤੀ ਅਤੇ ਹਵਾ ਦੀ ਸਿਹਤ: ਸਮੂਹ ਜੀਵਾਂ ਦੀ ਸਿਹਤ ਧਰਤੀ ਪਾਣੀ ਅਤੇ ਹਵਾ ਦੀ ਸਿਹਤ ਨਾਲੋਂ ਤੋੜ ਕੇ ਨਹੀਂ ਦੇਖੀ ਜਾ ਸਕਦੀ। ਜੇਕਰ ਧਰਤੀ, ਪਾਣੀ ਅਤੇ ਹਵਾ ਦੀ ਸਿਹਤ ਚੰਗੀ ਨਹੀਂ ਤਾਂ ਜੀਵਾਂ ਦੀ ਸਿਹਤ ਕਿਸੇ ਵੀ ਤਰ੍ਹਾਂ ਚੰਗੀ ਨਹੀਂ ਹੋ ਸਕਦੀ। ਅੱਜ ਸਾਡੀ ਹਵਾ, ਪਾਣੀ ਅਤੇ ਧਰਤੀ ਜ਼ਹਿਰਾਂ ਨਾਲ ਭਰ ਪਏ ਹਨ। ਸਾਡੇ ਆਲੇ ਦੁਆਲੇ ਵਿੱਚ ਬਣਾਏ ਅਤੇ ਵਰਤੇ ਜਾ ਰਹੇ ਜ਼ਹਿਰਾਂ ਨੇ ਹਵਾ, ਪਾਣੀ ਅਤੇ ਧਰਤੀ ਨੂੰ ਬਿਮਾਰ ਕਰ ਦਿੱਤਾ ਹੈ ਉਹ ਦਿਨ-ਬ-ਦਿਨ ਮੁਰਦੇ ਜਾ ਰਹੇ ਹਨ। ਉਹਨਾਂ ਦੀ ਜੀਵਨਦਾਈ ਸ਼ਕਤੀ ਕਮਜ਼ੋਰ ਪੈਂਦੀ ਜਾ ਰਹੀ ਹੈ। ਸੋ ਇਹਨਾਂ ਹਾਲਾਤਾਂ ਦੇ ਸਨਮੁੱਖ ਮਨੁੱਖ ਸਮੇਤ ਸਮੂਹ ਜੀਵਾਂ ਦਾ ਬਿਮਾਰ ਹੋਣਾ ਅਤੇ ਪੂਰੀ ਉਮਰ ਭੋਗਣ ਤੋਂ ਪਹਿਲਾਂ ਹੀ ਮੌਤ ਦੇ ਸ਼ਿਕਾਰ ਹੋ ਜਣਾ ਸੁਭਾਵਿਕ ਵਰਾਤਾਰਾ ਹੈ।

ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਪੰਜਾਬ ਵਿੱਚ ਬਰਸਾਤਾਂ ਘਟ ਰਹੀਆਂ ਹਨ, ਧਰਤੀ ਹੇਠਲਾ ਪਾਣੀ ਮੁੱਕ ਰਿਹਾ ਹੈ। ਤੀਹ, ਸੱਤਰ ਅਤੇ ਡੇਢ ਸੌ ਫੁੱਟ ਵਾਲੇ ਪੱਤਣ ਸੁਕ ਚੱਲੇ ਹਨ। ਧਰਤੀ ਉੱਤੇ ਵਗਦੇ ਜ਼ਹਿਰੀਲੇ ਪਾਣੀਆਂ ਨੇ ਧਰਤੀ ਹੇਠਲੇ ਨਿਰਮਲ ਪਾਣੀਆਂ ਨੂੰ ਵੀ ਜ਼ਹਿਰੀਲੇ ਕਰ ਛੱਡਿਆ ਹੈ। ਬਹੁਤੇ ਡੂੰਘੇ ਪੱਤਣ 'ਤੇ ਜਿਹੜਾ ਪਾਣੀ ਬਚਿਆ ਹੈ ਉਹ ਭਾਰਾ ਹੈ ਜਿਹੜਾ ਕਿ ਨਾ ਤਾਂ ਪੀਣ ਲਈ ਹੀ ਕਾਰਗਰ ਹੈ ਅਤੇ ਨਾ ਹੀ ਫਸਲਾਂ ਲਈ ਹੀ। ਡੂੰਘੇ ਪੱਤਣਾਂ ਦਾ ਪਾਣੀ ਤਾਂ ਪੈਟਰੋਲ ਵਾਂਗ ਕਰੋੜਾਂ ਸਾਲ ਪੁਰਾਣਾ ਹੈ। ਇਹ ਕਿੰਨਾਂ ਕੁ ਚਿਰ ਚੱਲੇਗਾ? ਕੈਮੀਕਲ ਖੇਤੀ ਅਤੇ ਖਾਸ ਕਰ ਕੇ ਜੀਰੀ ਦੀ ਬਿਜਾਈ ਦੇ ਢੰਗ ਨੇ ਧਰਤੀ ਬਹੁਤ ਸਖਤ ਕਰ ਦਿੱਤੀ ਹੈ। ਜਿਹਦੇ ਕਾਰਨ ਸੁੱਕੇ ਪੱਤਣ ਭਰਦੇ ਨਹੀਂ, ਧਰਤੀ ਦੀ ਉਪਜਾਊ ਸ਼ਕਤੀ ਲਗਾਤਾਰ ਘਟ ਰਹੀ ਹੈ। ਇਸਨੂੰ ਕੈਮੀਕਲ ਦੇ ਸਹਾਰੇ ਜਿਉਂਦੇ ਰੱਖਣ ਦੀਆਂ ਕੋਸ਼ਿਸ਼ਾਂ ਕਾਰਗਰ ਹੁੰਦੀਆਂ ਨਹੀਂ ਦਿਖ ਰਹੀਆਂ। ਜਿਹੜੇ ਜੀਵ ਧਰਤੀ ਦੀ ਉਪਜਾਊ ਸ਼ਕਤੀ ਵਧਾਉਦੇ ਹਨ ਉਹਨਾਂ ਨੂੰ ਅਸੀਂ ਲਗਾਤਾਰ ਮਾਰਦ ਚਲੇ ਆ ਰਹੇ ਹਾਂ। ਅਸੀਂ ਧਰਤੀ ਨੂੰ ਜੈਵਿਕ ਮਾਦੇ ਦੀ ਪੂਰਤੀ ਨਹੀਂ ਕਰਦੇ। ਪੱਤੇ, ਘਾਹ-ਫੂਸ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਅਸੀਂ ਸਾੜ ਦਿੰਦੇ ਹਾਂ। ਕੁਦਰਤ ਦਾ ਨਿਯਮ ਹੈ ਜਿਵੇਂ-ਜਿਵੇਂ ਧਰਤੀ 'ਤੇ ਪੈਦਾਵਾਰ ਕੀਤੀ ਲਈ ਜਾਂਦੀ ਹੈ ਇਸਦੀ ਉਪਜਾਊ ਸ਼ਕਤੀ ਵਧਦੀ ਹੈ। ਪਰ ਇਸ ਨਿਯਮ ਦੇ ਕੰਮ ਕਰਨ ਲਈ ਪੌਦਿਆਂ-ਫਸਲਾਂ ਦੀ ਰਹਿੰਦ-ਖੂੰਹਦ ਧਰਤੀ ਨੂੰ ਵਾਪਸ ਮੋੜਨੀ ਅਤੇ ਉਸਨਨੂੰ ਗਲਾਉਣ ਵਾਲੇ ਜੀਵਾਂ ਨੂੰ ਜਿਉਂਦੇ ਰੱਖਣਾ ਜ਼ਰੂਰੀ ਹੈ। ਅੱਜ ਅਸੀਂ ਦੋਹੇਂ ਹੀ ਖਤਮ ਕਰ ਰਹੇ ਹਾਂ। ਸਿੱਟੇ ਵਜੋਂ ਧਰਤੀ ਦੀ ਉਪਜਾਊ ਸ਼ਕਤੀ ਨਿਰੰਤਰ ਘਟਦੀ ਜਾ ਰਹੀ ਹੈ।

ਜ਼ਮੀਨ ਉੱਤੇ ਉੱਗੀਆਂ ਫਸਲਾਂ ਨੂੰ ਆਪਣੇ ਵਾਧੇ-ਵਿਕਾਸ ਲਈ ਕੋਈ 32 ਪੋਸ਼ਕ ਤੱਤ ਚਾਹੀਦੇ ਹੁੰਦੇ ਹਨ। ਜਿਹਨਾਂ ਵਿੱਚੋਂ ਰਸਾਇਣਕ ਖੇਤੀ ਕਰਨ ਵਾਲੇ ਕਿਸਾਨ ਤਿੰਨ ਤਾਂ ਨਕਲੀ (ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼) ਪਾਉਂਦੇ ਹਾਂ। ਕਾਰਬਨ ਪੌਦੇ ਹਵਾ 'ਚੋਂ ਲੈ ਲੈਂਦੇ ਹਨ। ਬਾਕੀ ਬਚੇ 28 ਕਿੱਥੋਂ ਆਉਣਗੇ?ਬਾਕੀ ਬਚੇ ਇਹ ਤੱਤ ਫਸਲਾਂ ਨੂੰ ਉਪਲਭਧ ਕਰਾਉਣ ਦਾ ਕੰਮ ਧਰਤੀ ਵਿੱਚ ਪਾਏ ਜਾਣ ਵਾਲੇ ਸੂਖਮ ਜੀਵ ਨੇ ਕਰਨਾ ਹੁੰਦਾ ਹੈ ਜਿਹਨਾਂ ਨੂੰ ਕਿ ਅਸੀਂ ਖੇਤੀ ਵਿੱਚ ਵੱਡੀ ਮਾਤਰਾਂ ਵਿੱਚ ਰਸਾਇਣਕ ਖਾਦਾਂ, ਕੀੜੇਮਾਰ ਅਤੇ ਨਦੀਨਨਾਸ਼ਕ ਜ਼ਹਿਰਾਂ ਵਰਤ ਕੇ ਲਗਾਤਾਰ ਇੱਕ ਭਿਆਨਕ ਘੱਲੂਘਾਰੇ ਦਾ ਸ਼ਿਕਾਰ ਬਣਾਉਂਦੇ ਆ ਰਹੇ ਹਾਂ। ਸਿੱਟੇ ਵਜੋਂ ਅੱਜ ਸਾਡੀ ਖ਼ੁਰਾਕ ਵਿੱਚ ਅਨੇਕ ਪੋਸ਼ਕ ਤੱਤਾਂ ਦੀ ਘਾਟ ਆ ਗਈ ਹੈ।

ਇਹ ਸਾਡੇ ਪਿਆਰੇ ਪੰਜਾਬ ਦੀ ਭਿਆਨਕ ਤਸਵੀਰ ਦੀ ਇੱਕ ਓਪਰੀ ਜਿਹੀ ਝਲਕ ਪੂਰੀ ਤਸਵੀਰ ਤਾਂ ਇਸ ਤੋਂ ਵੀ ਕਿਤੇ ਵੱਧ ਭਿਆਨਕ ਹੈ। ਸਾਡਾ ਵਰਤਮਾਨ ਬਿਮਾਰੀਆਂ ਅਤੇ ਮੌਤਾਂ ਦੇ ਦਰਦ ਤੋਂ ਪੀੜਤ ਹੈ, ਭਾਵੀ ਪੀੜ੍ਹੀਆਂ ਦਾ ਭਵਿੱਖ ਧੁੰਦਲਾ ਹੈ, ਕੁਦਰਤ ਉੱਤੇ ਵੱਡੇ ਜੁਲਮ ਹੋ ਰਹੇ ਹਨ। ਮਨੁੱਖਤਾ ਅਤੇ ਕੁਦਰਤ ਨੂੰ ਕੁੱਝ ਕੁ ਲੋਕਾਂ ਦੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।

“ਜਬੈ ਬਾਣ ਲਾਗੇ ਤਬੈ ਰੋਸ ਜਾਗੇ।” ਬਾਣਾਂ ਨਾਲ ਵਿੰਨੀ ਇਸ ਪੰਜਾਬੀ ਕੌਮ ਦਾ ਰੋਸ ਕਿੱਥੇ ਹੈ? ਸ਼ਾਇਦ ਇਹ ਬਾਣ ਦੇਖਣ ਲਈ ਗਿਆਨ ਅਤੇ ਚੇਤਨਾ ਦੀ ਅੱਖ ਚਾਹੀਦੀ ਹੈ। ਆਓ ਅਸੀਂ ਆਪਣੇ ਲੋਕਾਂ ਨੂੰ ਇਹ ਸੱਚ ਦੇਖਣ ਵਿੱਚ ਮਦਦ ਕਰੀਏ। ਹੱਲ ਤਾਂ ਲੋਕ ਖੁਦ ਹੀ ਕੱਢ ਲੈਣਗੇ, ਆਮੀਨ!


ਆਉਣ ਵਾਲੇ ਸਮੇਂ ਵਿੱਚ ਖੇਤੀ ਵਿਰਾਸਤ ਮਿਸ਼ਨ ਇਹਨਾਂ ਮੁੱਦਿਆਂ 'ਤੇ ਕੰਮ ਕਰੇਗਾ

1.  ਰਸਾਇਣਕ ਜ਼ਹਿਰਾਂ, ਖਾਦਾਂ ਅਤੇ ਜੀ ਐੱਮ (ਬੀਟੀ) ਫਸਲਾਂ 'ਤੇ ਆਧਾਰਿਤ ਮੌਜੂਦਾ ਖੇਤੀ ਮਾਡਲ ਦੇ ਮਨੁੱਖੀ ਸਿਹਤ, ਡੰਗਰਾਂ ਹੋਰ ਜਾਨਵਰਾਂ, ਪੌਦਿਆਂ, ਕੁਦਰਤੀ ਸੰਤੁਲਨ ਅਤੇ ਆਰਥਿਕਤਾ ਉੱਪਰ ਮਾਰੂ ਅਸਰਾਂ ਦਾ ਅਧਿਐਨ ਕਰਕੇ ਉਸ ਗਿਆਨ ਨੂੰ ਆਮ ਲੋਕਾਂ ਤੱਕ ਪੰਹੁਚਦਾ ਕਰਨ ਲਈ ਯਤਨਸ਼ੀਲ ਰਹੇਗਾ।

2.  ਰਸਾਇਣਕ ਖੇਤੀ ਦੇ ਮਾਰੂ ਮਾਡਲ ਦੇ ਬਦਲ ਕੁਦਰਤੀ ਖੇਤੀ ਤੇ ਜੈਵਿਕ ਖੇਤੀ ਦੇ ਮਾਡਲ ਨੂੰ ਵਿਕਸਤ ਕਰਨ, ਪ੍ਰਚਾਰਣ ਲਈ ਹਰ ਸੰਭਵ ਯਤਨ ਕਰੇਗਾ।

3.  ਖੇਤੀ ਜ਼ਹਿਰਾਂ ਅਤੇ ਵਾਤਾਵਰਣ ਵਿੱਚ ਫੈਲੇ ਬਾਕੀ ਜ਼ਹਿਰਾਂ ਦੀ ਗੰਭੀਰਤਾ, ਉਸਦੇ ਕਾਰਨਾਂ, ਉਸ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਅਤੇ ਹੋਰ ਮਾਰੂ ਅਸਰਾਂ ਦੇ ਅਧਿਐਨ ਕਰਕੇ ਉਹਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ।

4.  ਪੰਜਾਬ ਦੇ ਜਲ ਸੰਕਟ ਜਿਸ ਵਿੱਚ ਪਾਣੀ ਦੀ ਗੁਣਵੱਤਾ ਅਤੇ ਮਾਤਰਾ ਦੋਹੇਂ ਹੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹਨ, ਦੇ ਅੱਡ-ਅੱਡ ਪੱਖਾਂ ਬਾਰੇ ਗਿਆਨ ਦਾ ਵਿਕਾਸ ਕਰਨਾ ਅਤੇ ਉਸ ਚੇਤਨਾ ਨੂੰ ਲੋਕ ਚੇਤਨਾ ਦਾ ਹਿੱਸਾ ਬਣਾਉਣਾ।

5.  ਤੇਜੀ ਨਾਲ ਲੁਪਤ ਹੁੰਦੀ ਜਾ ਰਹੀ ਜੈਵ-ਭਿੰਨਤਾ ਦੇ ਕਾਰਨਾ ਸਮਝਣਾ, ਜੈਵ-ਭਿੰਨਤਾ ਦੇ ਕੁਦਰਤੀ ਸੰਤੁਲਨ, ਖ਼ੁਰਾਕੀ ਗੁਣਵੱਤਾ, ਸਮੂਹ ਪ੍ਰਾਣੀਆਂ ਦੀ ਸਿਹਤ, ਜੜੀ ਬੂਟੀਆਂ ਸਮੇਤ ਹੋਰਨਾ ਦਵਾ-ਪੌਦਿਆਂ ਅਤੇ ਆਰਥਿਕਤਾ ਉੱਤੇ ਇਸਦੇ ਮਾੜੇ ਅਸਰਾਂ ਦਾ ਅਧਿਐਨ ਕਰਨਾਂ ਤੇ ਜੈਵ-ਵਿਭਿੰਨਤਾ ਨੂੰ ਬਚਾਉਣ ਦੇ ਢੰਗ ਵਿਕਸਤ ਕਰਕੇ ਉਹਨਾਂ ਦਾ ਪ੍ਰਚਾਰ ਕਰਨਾ।

6.  ਖ਼ੁਰਾਕੀ ਸੁਰੱਖਿਆ, ਸੁਰੱਖਿਅਤ ਭੋਜਨ ਅਤੇ ਖ਼ੁਰਾਕੀ ਆਜ਼ਾਦੀ ਵਰਗੇ ਮਸਲਿਆਂ ਦਾ ਅਧਿਐਨ ਕਰਨਾ ਤੇ ਉਸਦਾ ਪ੍ਰਚਾਰ ਕਰਨਾ।

7.  ਜੈਵਿਕ ਭੋਜਨ ਦੀ ਪੈਦਾਵਾਰ, ਵਪਾਰ ਅਤੇ ਵਰਤੋਂ ਨੂੰ ਪੰਜਾਬ ਵਿੱਚ ਹਰਮਨਪਿਆਰਾ ਕਰਨਾ।

8.  ਪੰਜਾਬ ਦੀਆਂ ਆਰਥਿਕ, ਰਾਜਸੀ, ਸਮਾਜਿਕ ਅਤੇ ਸੱਭਿਆਚਾਰਕ ਸਮੱਸਿਆਵਾਂ ਦਾ ਅਧਿਐਨ ਕਰਨਾ, ਇਹਨਾਂ ਪ੍ਰਤੀ ਲੋਕ ਪੱਖੀ ਚੇਤਨਾ ਦਾ ਪ੍ਰਚਾਰ ਕਰਨਾ ਅਤੇ ਇਹਨਾਂ ਨਾਲ ਜੁੜੇ ਸੰਘਰਸ਼ਾਂ ਤੇ ਅੰਦੋਲਨਾਂ ਵਿੱਚ ਸਰਗਰਮ ਸ਼ਮੂਲੀਅਤ ਕਰਨਾ

9.  ਮੌਜੂਦਾ ਵਿਕਾਸ ਢਾਂਚਾ ਜਿਹੜਾ ਕਿ ਮਜ਼ਦੂਰਾਂ, ਕਿਸਾਨਾਂ, ਆਮ ਨਾਗਰਿਕਾਂ ਦੇ ਹੱਕ ਵਿੱਚ ਨਹੀਂ ਹੈ, ਦਾ ਅਧਿਐਨ ਕਰਨਾ ਅਤੇ ਇਸ ਸਮੂਹ ਪੱਖਾਂ ਦਾ ਬਦਲ ਵਿਕਸਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣੀ।

10. ਪੈਦਾਵਾਰ ਅਤੇ ਮੰਡੀਕਰਨ ਦੇ ਮੌਜੂਦਾ ਲੋਕ ਵਿਰੋਧੀ ਸਿਸਟਮ ਦਾ ਅਧਿਐਨ ਕਰਨਾ ਅਤੇ ਉਸਦਾ ਸਹੀ ਬਦਲ ਵਿਕਸਤ ਕਰਨਾ

11. ਖੇਤੀ ਹੋਰ ਸਹਾਇਕ ਆਰਥਿਕ ਧੰਦਿਆਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ।

12. ਕਿਸਾਨਾਂ, ਖੇਤ ਮਜ਼ਦੂਰਾਂ ਨੂੰ ਪਸ਼ੂ ਪਾਲਣ ਦਾ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਇਸ ਕੰਮ ਲਈ ਜੈਵਿਕ ਵਿਧੀਆਂ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਦੇਣਾ।

13. ਬੀਜ ਸਵਰਾਜ ਅਤੇ ਬੀਜ ਸੰਭਾਲ ਪ੍ਰਤੀ ਲੋਕ ਚੇਤਨਾ ਦਾ ਵਿਕਾਸ ਕਰਨਾ ਅਤੇ ਕਿਸਾਨਾਂ ਕਿਸਾਨ ਸਹਿਕਾਰੀ ਸਭਾਵਾਂ, ਸਰਕਾਰੀ ਖੇਤਰ ਵਿੱਚ ਬੀਜ ਵਿਕਾਸ, ਬੀਜ ਸੰਭਾਲ ਦਾ ਸਭਿਆਚਾਰ ਸਿਰਜਣਾ ਤਾਂ ਕਿ ਕਾਰਪੋਰੇਟ ਸਿਸਟਿਮ ਦੀ ਭਿਆਨਕ ਲੁੱਟ ਤੋਂ ਬਚਿਆ ਜਾ ਸਕੇ ਤੇ ਬੀਜਾਂ ਦੀ ਖ਼ਤਰਨਾਕ ਗ਼ੁਲਾਮੀ ਨੂੰ ਤੱਜਿਆ ਜਾ ਸਕੇ।

14. ਧਰਤੀ ਵਿੱਚ ਘਟਦੇ ਜਾ ਰਹੇ ਬਾਇਓਮਾਸ (ਮੱਲੜ) ਦੇ ਗੰਭੀਰ ਸਿੱਟਿਆਂ ਦਾ ਅਧਿਐਨ ਕਰਕੇ ਉਸਦੇ ਕਾਰਨਾਂ ਨੂੰ ਸਮਝਣਾ  ਤਾਂ ਕਿ ਧਰਤੀ ਦੀ ਉਪਜਾਊ ਸ਼ਕਤੀ ਕਾਇਮ ਰੱਖੀ ਜਾ ਸਕੇ ਅਤੇ ਵਧਾਉਣ ਦੇ ਉਪਰਾਲੇ ਵੀ ਕੀਤੇ ਜਾ ਸਕਣ।

15. ਘਰਾਂ, ਵਿਹੜਿਆਂ, ਛੱਤਾਂ 'ਤੇ ਸਬਜ਼ੀਆਂ, ਫਲਾਂ ਦੇ ਪੌਦੇ ਲਾਉਣ ਦਾ ਸੱਭਿਆਚਾਰ ਉਸਾਰਨਾਂ  ਤਾਂ ਕਿ ਸ਼ੁੱਧ ਅਤੇ ਤਾਜੇ ਫਲ ਸਭ ਪਰਿਵਾਰਾਂ ਨੂੰ ਮਿਲ ਸਕਣ।

16.  ਕਿਸਾਨਾਂ ਅਤੇ ਖੇਤ-ਕਾਮਿਆਂ ਵਿਚਲੇ ਜੱਦੀ ਰਿਸ਼ਤਿਆਂ ਨੂੰ ਮਜਬੂਤ ਕਰਨਾ।

17.  ਅਜੋਕੇ ਕੌਮੀ ਅਤੇ ਕੌਮਾਂਤਰੀ ਮਸਲਿਆਂ ਨੂੰ ਲੋਕਾਂ ਦੇ ਪੱਖ ਵਿੱਚ ਸਮਝਣਾ, ਉਸ ਪ੍ਰਤੀ ਚੇਤਨਾਂ ਪੈਦਾ ਕਰਨੀ ਅਤੇ ਬਣਦਾ ਰੋਲ ਅਦਾ ਕਰਨਾ

18.  ਖੇਤੀ ਵਿਰਾਸਤ ਮਿਸ਼ਨ ਦੀ ਸਭਿਆਚਾਰਕ ਮੰਡਲੀ ਬਣਾਉਣੀ ਤਾਂ ਕਿ ਅਸਰਦਾਇਕ ਢੰਗ ਨਾਲ ਮਸਲਿਆਂ ਨੂੰ ਆਮ ਲੋਕਾਂ ਵਿੱਚ ਲਿਜਾਇਆ ਜਾ ਸਕੇ।

19.  ਖੇਤੀ ਵਿਰਾਸਤ ਮਿਸ਼ਨ ਦਾ ਪਰਚਾ, ਕਿਤਾਬਾਂ ਛਾਪਣ ਲਈ ਅਤੇ ਫ਼ਿਲਮ ਨਿਰਮਾਣ ਲਈ ਯੋਗ ਵਿਅਕਤੀਆਂ ਦਾ ਗਰੱਪ ਤਿਆਰ ਕਰਨਾ ਅਤੇ ਉਸ ਲਈ ਸਾਰੇ ਸਾਧਨਾਂ ਦਾ ਇੰਤਜ਼ਾਮ ਕਰਨਾ।

20.  ਤੇਜੀ ਨਾਲ ਟੁੱਟ ਰਹੇ ਸਮਾਜਿਕ ਰਿਸ਼ਤਿਆਂ ਨੂੰ ਮੁੜ ਬਹਾਲ ਕਰਨਾ ਤਾਂ ਕਿ ਸਾਰੀਆਂ ਸਮੱਸਿਆਵਾਂ ਨੂੰ  ਸਾਂਝੀਵਾਲਤਾ, ਆਪਸੀ ਮਿਲਵਰਤਣ ਅਤੇ ਮਨੁੱਖੀ ਭਾਈਚਾਰੇ ਦੇ ਅਸੂਲਾਂ ਤਹਿਤ ਹੱਲ ਕੀਤਾ ਜਾਵੇ ਅਤੇ ਜੀਵਨ ਨੂੰ ਹੋਰ ਸੋਹਣਾ ਬਣਾਇਆ ਜਾ ਸਕੇ।


ਖੇਤੀ ਵਿਰਾਸਤ ਮਿਸ਼ਨ ਦਾ ਜੱਥੇਬੰਦਕ ਢਾਂਚਾ

ਮੈਂਬਰਸ਼ਿਪ: ਹੇਠ ਲਿਖੇ ਲੋਕ ਖੇਤੀ ਵਿਰਾਸਤ ਮਿਸ਼ਨ ਦੇ ਮੈਂਬਰ ਬਣ ਸਕਦੇ ਹਨ।

1 ਕੁਦਰਤੀ-ਜੈਵਿਕ ਖੇਤੀ ਕਰਨ ਵਾਲੇ ਕਿਸਾਨ।

2 ਜੈਵਿਕ ਖੇਤੀ ਨਾਲ ਜੇ ਸਹਾਇਕ ਧੰਦਿਆਂ ਵਿੱਚ ਲੱਗੇ ਲੋਕ।

3 ਜੈਵਿਕ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਵਿੱਚ ਲੱਗੇ ਲੋਕ।

4 ਚੇਤਨ ਖਪਤਕਾਰ ਜਿਹੜੇ ਕਿ ਜੈਵਿਕ ਭੋਜਨ ਖਾਣ ਦੇ ਇੱਛਕ ਹਨ ਜਾਂ ਖਾ ਰਹੇ ਹਨ।

5 ਕੋਈ ਵੀ ਚੇਤਨ ਵਿਅਕਤੀ ਜਾਂ ਬੁੱਧੀਜੀਵੀ ਜਿਹੜਾ ਖੇਤੀ ਵਿਰਾਸਤ ਮਿਸ਼ਨ ਦੇ ਵਿਚਾਰ ਨਾਲ ਸਹਿਮਤ ਹੋਵੇ।
 ਮੈਂਬਰਸ਼ਿਪ ਫੀਸ: ਆਮ ਤੌਰ 'ਤੇ ਸਾਲਾਨਾ ਮੈਂਬਰਸ਼ਿਪ ਫੀਸ 100 ਰੁਪਏ ਹੋਵੇਗੀ। ਵੱਧ ਸਮਰਥਾ ਰੱਖਣ ਵਾਲੇ ਵਿਅਕਤੀਆਂ ਤੋਂ ਆਸ ਰੱਖੀ ਜਾਵੇਗੀ ਕਿ ਉਹ ਵੱਧ ਤੋਂ ਵੱਧ ਸਾਲਾਨਾਂ ਚੰਦਾ ਦੇਣ ਤਾਂ ਕਿ ਜੱਥੇਬੰਦੀ ਦੇ ਖਰਚੇ ਆਸਾਨੀ ਨਾਲ ਚਲਾਏ ਜਾ ਸਕਣ। ਇਕੱਠੀ ਹੋਈ ਮੈਂਬਰਸ਼ਿਪ ਫੀਸ ਚੰਦੇ ਵਿੱਚੋਂ 25 ਫੀਸਦੀ ਪਿੰਡ ਕਮੇਟੀ, 25 ਫੀਸਦੀ ਬਲਾਕ ਕਮੇਟੀ, 25 ਫੀਸਦੀ ਜ਼ਿਲ੍ਹਾ ਕਮੇਟੀ ਕੋਲ ਅਤੇ 25 ਫੀਸਦੀ ਸੂਬਾ ਕਮੇਟੀ ਦੇ ਖਾਤੇ ਵਿੱਚ ਜਮਾਂ੍ਹ ਹੋਵੇਗੀ। ਲੋੜ ਅਨੁਸਾਰ ਇਸ ਅਨੁਪਾਤ ਨੂੰ ਬਦਲਿਆ ਜਾ ਸਕਦਾ ਹੈ। ਜਿਸਦਾ ਫੈਸਲਾ ਜਮੂਹਰੀ ਢੰਗ ਨਾਲ ਕੀਤਾ ਜਾਵੇਗਾ।

ਪਿੰਡ ਕਮੇਟੀ: ਪਿੰਡ ਦੇ ਸਮੂਹ ਮੈਂਬਰਾਂ ਨੂੰ ਰਲਾ ਕੇ ਪਿੰਡ ਕਮੇਟੀ ਬਣੇਗੀ। ਪਿੰਡ ਕਮੇਟੀ ਆਪਣੀ ਕਾਰਜਕਾਰੀ ਕਮੇਟੀ ਜੋ ਕਿ ਵੱਧ ਤੋਂ ਵੱਧ 15 ਮੈਂਬਰੀ ਹੋਵੇਗੀ ਦੀ ਚੋਣ ਜਮਹੂਰੀ ਢੰਗ ਨਾਲ ਕੀਤੀ ਜਾਇਆ ਕਰੇਗੀ।

ਬਲਾਕ ਕਮੇਟੀ: ਸਾਰੇ ਪਿੰਡਾਂ ਤੇ ਸ਼ਹਿਰਾਂ ਦੀ ਕਾਰਜਕਾਰੀ ਕਮੇਟੀ ਦੇ ਘੱਟੋ-ਘੱਟ ਤਿੰਨ ਅਹੁਦੇਦਾਰ (ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ) ਅਤੇ ਵੱਧ ਤੋਂ ਵੱਧ ਮੈਂਬਰ ਮਿਲ ਕੇ ਬਲਾਕ ਕਮੇਟੀ ਦਾ ਗਠਨ ਕਰਨਗੇ। ਬਲਾਕ ਕਮੇਟੀ ਆਪਣੀ ਕਾਰਜਕਾਰਨੀ (ਵੱਧ ਤੋਂ ਵੱਧ 15 ਮੈਂਬਰੀ)ਦੀ ਚੋਣ ਜਮਹੂਰੀ ਢੰਗ ਨਾਲ ਕਰੇਗੀ।

ਜ਼ਿਲ੍ਹਾ ਕਮੇਟੀ: ਸਾਰੀਆਂ ਬਲਾਕ ਕਮੇਟੀਆਂ ਵਿੱਚੋਂ ਘੱਟੋ-ਘੱਟੋ ਤਿੰਨ (ਪ੍ਰਧਾਨ, ਸਕੱਤਰ ਤੇ ਖਜ਼ਾਨਚੀ) ਅਤੇ ਵੱਧ ਤੋਂ ਵੱਧ ਸਾਰੀ ਬਲਾਕ ਕਾਰਜਕਾਰਨੀ ਨੂੰ ਮਿਲਾ ਕੇ ਜ਼ਿਲ੍ਹਾ ਕਮੇਟੀ ਦਾ ਗਠਨ ਹੋਵੇਗੀ। ਜ਼ਿਲ੍ਹਾ ਕਮੇਟੀ ਜ਼ਿਲ੍ਹਾ ਕਾਰਜਕਾਰਨੀ ਦੀ ਚੋਣ ਜਮਹੂਰੀ ਢੰਗ ਨਾਲ ਕਰੇਗੀ।

ਸੂਬਾ ਕਮੇਟੀ: ਸਾਰੀਆਂ ਜ਼ਿਲ੍ਹਾ ਕਾਰਜਕਾਰਨੀਆਂ ਵਿੱਚੋਂ ਘੱਟੋ-ਘੱਟ ਤਿੰਨ (ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ) ਅਤੇ ਵੱਧ ਤੋਂ ਵੱਧ ਸਾਰੀ ਕਾਰਜਕਾਰਨੀ ਮਿਲ ਕੇ ਸੂਬਾ ਕਮੇਟੀ ਬਣਾਏਗੀ। ਸੂਬਾ ਕਮੇਟੀ ਆਪਣੀ ਕਾਰਜਕਾਰਨੀ ( 15 ਮੈਂਬਰੀ )ਦੀ ਚੋਣ ਜਮਹੂਰੀ ਢੰਗ ਨਾਲ ਕਰੇਗੀ।

ਨੋਟ: ਹਰੇਕ ਪੱਧਰ 'ਤੇ  ਦੋ ਖਾਸ ਮੈਂਬਰ ਜਿਹੜੇ ਕਿ ਵਿਸ਼ੇਸ਼ ਤੌਰ 'ਤੇ ਖੇਤੀ ਵਿਰਾਸਤ ਮਿਸ਼ਨ ਦਾ ਕੰਮ ਕਰਨ ਦੇ ਯੋਗ ਹੋਣ ਨੂੰ ਸਬੰਧਤ ਕਮੇਟੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।

ਕਵਿਤਾ ਅਤੇ ਕਹਾਣੀ


ਮਜ਼ਦੂਰ ..

ਸੜਕ ਦੇ ਕੰਢਿਆਂ ਤੇ
ਲੱਗੇ ਹੋਏ ਰੁੱਖ
ਇੰਝ ਖੜੇ ਇੱਕ ਸਾਰ ,
ਜਿਵੇਂ ਰਾਸ਼ਨ ਖਰੀਦਣੇ ਨੂੰ
ਡਿੱਪੂ ਉੱਤੇ ਲੱਗੀ ਮਜ਼ਦੂਰਾਂ ਦੀ ਕਤਾਰ .

ਉਹ ਕੁਹਾੜੀਆਂ ਦੇ ਨਾਲ
ਇਹ ਦਿਹਾੜੀਆਂ ਦੇ ਨਾਲ ,
ਵੇਖੋ ਦੋਵਾਂ ਨੂੰ ਹੀ
ਵੱਢੀ ਟੁੱਕੀ ਜਾਂਦੀ ਸਰਕਾਰ ..

ਕੰਮੀਆਂ ਦੀਆਂ ਮਾਵਾਂ ਦਾ
ਤੇ ਰੁੱਖਾਂ ਦੀਆਂ ਛਾਵਾਂ ਦਾ ,
ਕੋਈ ਚਾਹਕੇ ਵੀ
ਸਕਦਾ ਨਾ ਕਰਜ਼ਾ ਉਤਾਰ ..

ਪੱਤਿਆਂ ਦੀ ਕੂਕ ਸੁਣੋ
ਕਾਮਿਆਂ ਦੀ ਹੂਕ ਸੁਣੋ
ਕੰਨਾਂ ਵਿੱਚੋਂ
ਹੈੱਡ ਫੋਨਾਂ ਦੀਆਂ ਟੂਟੀਆਂ ਉਤਾਰ ..

ਸਾਡੇ ਦੋਵਾਂ ਦੀਆਂ ਛਾਤੀਆਂ ਨੂੰ
ਚੜ ਗਈ ਸਲਾਬ
ਤਾਂ ਵੀ ਸਿਰ ਤੁੰਨੀ ਰੱਖੇ
ਚੁੱਲਿਆਂ ਦੇ ਵਿਚਕਾਰ ..

ਇਹ ਜੋ ਅੰਬਰਾਂ ਚ ਉੱਠਿਆ ਏ
ਲਾਲ ਜਿਹਾ ਧੂੰਆਂ ,
ਸਾਡੇ ਮੁੜਕੇ ਚੋਂ ਨੁੱਚੜੀ
ਹੈ ਲਹੂ ਦੀ ਏ ਧਾਰ ..


-ਖੁਸ਼ਹਾਲ ਸਿੰਘ, ਪਟਿਆਲਾ


ਮਿੰਨੀ ਕਹਾਣੀ

ਪਾਣੀ ਅਨਮੋਲ ਹੈ।

ਇੱਕ ਦਿਨ ਅਮਨ ਆਪਣੇ ਸਕੂਲ ਜਾਣ ਦੀ ਤਿਆਰੀ ਕਰ ਰਹੀ ਸੀ। ਉਸਨੇ ਸਵੇਰੇ ਉੱਠ ਕੇ ਮੰਜਨ ਕੀਤਾ ਅਤੇ ਨਹਾਉਛ ਤੋਂ ਬਾਅਦ ਨਾਸ਼ਤਾ ਕਰਨ ਲੱਗੀ। ਜਿਵੇਂ ਹੀ ਉਸਦੀ ਮਾਂ ਉਸਦੇ ਵਾਲ ਵਾਹੁਣ ਲੱਗੀ ਉਦੋਂ ਹੀ ਇੱਕ ਭਿਆਨਕ ਆਵਾਜ ਸੁਣਾਈ ਦਿੱਤੀ। ਉਹ ਆਪਣੇ ਭਰਾ ਗਗਨ ਦੇ ਨਾਲ ਜਲਦੀ ਹੀ ਆਪਣੇ ਪਿਤਾ ਜੀ ਕੋਲ ਖੇਤ ਪਹੁੰਚੀ ਅਤੇ ਉਸ ਆਵਾਚ ਬਾਰੇ ਪੁੱਛਿਆ। ਪਿਤਾ ਜੀ ਬੋਲੇ, ਇਹ ਗਾਂਵਾਂ ਦੇ ਰੋਣ ਦੀ ਆਵਾਜ਼ ਸੀ। ਕਿਉਂਕਿ ਇਸ ਸਾਲ ਮੀਂਹ ਜ਼ਿਆਦਾ ਨਹੀ ਪਿਆ, ਇਸ ਲਈ ਸਾਰਾ ਪਾਣੀ ਖੇਤਾਂ ਵਿੱਚ ਲੱਗ ਜਾਂਦਾ ਹੈ। ਪਸ਼ੂਆਂ ਨੂੰ ਪਾਣੀ ਪਹੀਣ ਲਈ ਨਹੀ ਮਿਲ ਰਿਹਾ, ਇਸਲਈ ਇਹ ਪਿਆਸੇ ਅਤੇ ਥੱਕੇ ਰਹਿੰਦੇ ਹਨ।

ਬੱਚਿਆਂ ਤੋਂ ਆਪਣੇ ਜਾਨਵਰਾਂ ਲਦੀ ਤਕਲੀਫ ਦੇਖੀ ਨਹੀ ਗਈ ਅਤੇ ਦੋਵੇਂ ਹੀ ਕੋਈ ਤਰੀਕਾ ਲੱਭਣ ਬਾਰੇ ਸੋਚਣ ਲੱਗੇ। ਉਸ ਰਾਤ ਚਦ ਮੀਂਹ ਪੈਣ ਲੱਗਾ ਤਦ ਅਮਨ ਨੂੰ ਇੱਕ ਉਪਾਅ ਸੁੱਝਿਆ। ਉਹ ਗਗਨ ਨੂੰ ਨਾਲ ਲੈ ਕੇ ਛੱਤ ਉੱਪਰ ਬਾਲਟੀਆਂ ਲੈ ਗਈ। ਜਿਵੇਂ ਹੀ ਮੀਂਹ ਦਾ ਪਾਣੀ ਬਾਲਟੀ ਵਿੱਚ ਭਰ ਜਾਂਦਾ, ਉਹ ਉਸਨੂੰ ਇੱਕ ਵੱਡੇ ਟੱਬ ਵਿੱਚ ਉਲੱਦ ਦਿੰਦੇ ਅਤੇ ਖਾਲੀ ਬਾਲਟੀ ਫਿਰ ਛੱਤ ਉੱਤੇ ਰੱਖ ਦਿੰਦੇ। ਗਵਾਂਢੀ ਸਮਝ ਗਏ ਕਿ ਬੱਚੇ ਕੀ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਵੀ ਉਹੀ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਹੀ ਚਿਰ ਵਿੱਚ ਪਿੰਡ ਵਾਲੇ ਮੀਂਹ ਦਾ ਪਾਣੀ ਬਚਾ-ਬਚਾ ਕੇ ਆਪਣੇ ਖੇਤਾਂ ਅਤੇ ਜ਼ਾਨਵਰਾਂ ਲਈ ਇਸਤੇਮਾਲ ਕਰ ਰਹੇ ਸਨ।

ਅਮਨ ਅਤੇ ਗਗਨ ਨੇ ਆਪਣੀ ਸਮਝ ਨਾਲ ਪੂਰੇ ਪਿੰਡ ਨੂੰ ਸੰਕਟ  ਤੋਂ ਬਚਾ ਲਿਆ।

ਸੋ ਬੱਚਿਉਂ, ਸਾਨੂੰ ਵੀ ਅਮਨ ਅਤੇ ਗਗਨ ਦੀ ਤਰ੍ਹਾ ਸਮਝਦਾਰੀ ਦਿਖਾਉਦੇ ਹੋਏ ਮੀਂਹ ਦਾ ਪਾਣੀ ਬਚਾਉਣਾ ਚਾਹੀਦਾ ਹੈ ਕਿਉਂਕਿ ਪਾਣੀ ਅਨਮੋਲ ਹੈ।

ਅਨੁਵਾਦ

ਅਮਨਜੋਤ ਕੌਰ



ਦੁੱਖ ਟੁੱਟ ਜਾਣਗੇ

ਗੁਰੂਆਂ ਦੇ ਬਚਨਾਂ 'ਤੇ ਅਮਲ ਕਰੋ

ਜੀ ਦੁੱਖ ਟੁੱਟ ਜਾਣਗੇ,

ਧਰਤੀ ਦੇ ਸੀਨੇ ਹੋਰ ਅੱਗ ਨਾ ਧਰੋ

ਜੀ ਦੁੱਖ ਟੁੱਟ ਜਾਣਗੇ।

ਧਰਤੀ ਨੂੰ ਜਿਹੜੇ ਉਪਜਾਊ ਬਣਾਉਂਦੇ ਨੇ

ਲੱਖਾਂ ਹੀ ਸੂਖਮ ਜੀਵ ਜਿਉਂਦੇ ਸੜ ਜਾਂਦੇ ਨੇ

ਲੋਕੋ ਰੋਕੋ ਹੁਣ ਇਹ ਕਹਿਰ ਨਾ ਕਰੋ

ਜੀ ਦੁੱਖ ਟੁੱਟ ਜਾਣਗੇ।

ਸਿੱਖੀ ਸਰਬਤ ਦਾ ਭਲਾ ਹੈ ਲੋਚਦੀ,

ਫਿਰ ਕਿਓਂ ਖੇਤਾਂ ਨੂੰ ਅੱਗ ਲਾਉਂਦੇ ਜੀ,

ਪਾਪ ਦੇ ਹੜਾਂ 'ਚ ਹੁਣ ਹੋਰ ਨਾ ਹੜੋ

ਜੀ ਦੁੱਖ ਟੁੱਟ ਜਾਣਗੇ।

ਮਨ ਨੀਵਾਂ ਮੱਤ ਕਦੋਂ ਉੱਚੀ ਕਰੋਂਗੇ,

ਗੁਰੂ ਚਰਨਾਂ 'ਸਿਰ ਕਦੋਂ ਧਰੋਂਗੇ,

ਗੁਰੂਆਂ ਦੀ ਬਾਣੀ ਉੱਤੇ ਅਮਲ ਕਰੋ,

ਜੀ ਦੁੱਖ ਟੁੱਟ ਜਾਣਗੇ।

ਧਰਤੀ ਮਾਤਾ ਨੂੰ ਦਾਸੀ ਕਾਸਤੋਂ ਬਣਾ ਲਿਆ,

ਪਾਣੀ ਪਿਤਾ ਦੇ ਗਿਰੇਬਾਨ ਹੱਥ ਪਾ ਲਿਆ,

ਪਵਣ ਗੁਰੂ 'ਚ ਹੋਰ ਜ਼ਹਿਰ ਨਾ ਭਰੋ,

ਜੀ ਦੁੱਖ ਟੁੱਟ ਜਾਣਗੇ।

ਗੁਰੂਆਂ ਦੇ ਬਚਨਾਂ 'ਤੇ ਅਮਲ ਕਰੋ

ਜੀ ਦੁੱਖ ਟੁੱਟ ਜਾਣਗੇ।

ਗੁਰਪ੍ਰੀਤ ਦਬੜ੍ਹੀਖਾਨਾ

ਸਿਹਤ


ਤੁਲਸੀ

ਡਾ. ਪੁਸ਼ਕਰਵੀਰ ਸਿੰਘ ਭਾਟੀਆ, ਆਯੂਰਵੇਦ ਅਤੇ ਪਰੰਪਰਾਗਤ ਸਿਹਤ ਗਿਆਨ ਦੇ ਮਾਹਿਰ


ਤੁਲਸੀ ਭਾਰਤ ਵਿੱਚ ਲਗਪਗ ਹਰ ਜਗ੍ਹਾ ਮਿਲਣ ਵਾਲਾ ਉਪਯੋਗੀ ਪੌਦਾ ਹੈ। ਇਹ ਮੁੱਖ ਤੌਰ 'ਤੇ ਦੋ ਪ੍ਰਕਾਰ ਦੀ ਹੁੰਦੀ ਹੈ- ਕਾਲੀ ਅਤੇ ਸਫੇਦ। ਇਹ ਸਵਾਦ ਵਿੱਚ ਤਿੱਖ, ਕੌੜੀ, ਥੋੜੀ ਜਿਹੀ ਕਸੈਲੀ ਅਤੇ ਖੁਸ਼ਬੂਦਾਰ ਹੁੰਦੀ ਹੈ। ਆਯੁਰਵੈਦਿਕ ਦਵਾਈਆਂ ਵਿੱਚ ਇਹ ਬਹੁਤ ਉਪਯੋਗ ਕੀਤੀ ਜਾਂਦੀ ਹੈ। ਇਹ ਪਚਣ ਪੱਖੋਂ ਹਲਕੀ ਅਤੇ ਇਸਦੀ ਤਾਸੀਰ ਗਰਮ ਹੁੰਦੀ ਹੈ। ਕੀਟਾਣੂਯੁਕਤ ਪਾਣੀ ਵਿੱਚ ਤੁਲਸੀ ਦੇ ਪੱਤੇ ਪਾਉਣ ਨਾਲ ਪਾਣੀ ਵਿੱਚ ਪੈਦਾ ਹੋਏ ਕੀਟਾਣੂ ਮਰ ਜਾਂਦੇ ਹਨ ਅਤੇ ਪਾਣੀ ਪੀਣਯੋਗ ਹੋ ਜਾਂਦਾ ਹੈ। ਹਰ ਰੋਜ ਇਸਦੇ ਪੰਜ ਪੱਤੇ ਪਾਣੀ ਨਾਲ ਸਬੂਤੇ ਨਿਗਲਣ ਨਾਲ ਕਈ ਤਰ੍ਹਾਂ ਦੇ ਰੋਗਾਂ ਅਤੇ ਦਿਮਾਗੀ ਕਮਜ਼ੋਰੀ ਤੋਂ ਬਚਿਆ ਜਾ ਸਕਦਾ ਹੈ। ਯਾਦਦਾਸ਼ਤ ਵੀ ਮਜ਼ਬੂਤ ਹੁੰਦੀ ਹੈ। ਇਹ ਇਸ ਗੱਲੋਂ ਬਹੁਤ ਵਿਸ਼ੇਸ਼ ਹੈ ਕਿ ਇਹ ਇਸਤ੍ਰੀ, ਪੁਰਸ਼, ਬੱਚੇ, ਬੁੱਢੇ ਸਭ ਲਈ ਹੀ ਲਾਭਦਾਇਕ ਹੈ। ਤੁਲਸੀ ਦੇ ਪੱਤੇ, ਬਦਾਮ ਅਤੇ ਕਾਲੀ ਮਿਰਚ ਪੀਸ ਕੇ ਸ਼ਹਿਦ ਨਾਲ ਖਾਦੇ ਜਾਣ ਤਾਂ ਦਿਮਾਗ ਤੇਜ਼ ਹੁੰਦਾ ਹੈ।

ਵੱਖ-ਵੱਖ ਰੋਗਾਂ ਵਿੱਚ ਤੁਲਸੀ ਦੇ ਪ੍ਰਯੋਗ ਇਸ ਤਰ੍ਹਾਂ ਹਨ-

ਮਲੇਰੀਆ: ਤੁਲਸੀ ਦਾ ਰਸ ਇੱਕ ਚਮਚ, ਗਿਲੋ ਦਾ ਰਸ ਇੱਕ ਚਮਚ, ਨਿੰਮ ਦਾ ਰਸ ਅੱਧਾ ਚਮਚ ਬਰਾਬਰ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਦਿਓ ਰੋਗੀ ਦੇ ਠੀਕ ਹੋਣ ਤੱਕ ਦਿੰਦੇ ਰਹੋ।

ਸਧਾਰਣ ਬੁਖਾਰ: ਕਾਲੀ ਮਿਰਚ ਸੱਤ ਦਾਣ ਅਤੇ ਸੱਤ ਪੱਤੇ ਤੁਲਸੀ ਤਿੰਨ ਦਿਨ ਦੁੱਧ ਨਾਲ ਨਿਗਲਦੇ ਰਹੋ। ਜੇਕਰ ਬੁਖਾਰ ਨਾਲ ਜ਼ੁਕਾਮ ਵੀ ਹੋਵੇ ਤਾਂ ਤੁਲਸੀ ਦਾ ਰਸ ਇੱਕ ਚਮਚ ਅਤੇ ਅਦਰਕ ਦਾ ਰਸ ਇੱਕ ਚਮਚ ਬਰਾਬਰ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਸਵੇਰੇ ਸ਼ਾਮ ਦਿਓ।

ਖਾਂਸੀ: ਤੁਲਸੀ ਅਤੇ ਅੜੂਸੇ ਦੇ ਪੱਤੇ ਬਰਾਬਰ ਮਾਤਰਾ ਵਿੱਚ ਲੈ ਕੇ ਪਾਣੀ ਨਾਲ ਸੇਵਨ ਕਰੋ।

ਕੰਨ ਦਰਦ: ਕੰਨ ਦਰਦ ਵਿੱਚ ਤੁਲਸੀ ਦੇ ਪੱਤੇ ਸਰੋਂ ਦੇ ਤੇਲ 'ਚ ਸਾੜ ਕੇ ਰੱਖ ਲਵੋ ਠੰਡਾ ਹੋਣ ਉਪਰੰਤ ਦੋ-ਦੋ ਬੂੰਦਾ ਕੰੰਨ ਵਿੱਚ ਪਾਓ।

ਵਾਲਾਂ ਦਾ ਝੜਨਾ: ਤੁਲਸੀ, ਭ੍ਰਿੰਗਰਾਜ ਅਤੇ ਆਮਲੇ ਦਾ ਰਸ ਮਿਲਾ ਕੇ ਰਾਤ ਨੂੰ ਸੌਣ ਵੇਲੇ ਵਾਲਾਂ ਨੂੰ ਲਗਾ ਕੇ ਸਵੇਰੇ ਧੋ ਲਵੋ। ਲਗਾਤਾਰ ਪ੍ਰਯੋਗ ਕਰਨ 'ਤੇ ਲਾਭ ਮਿਲੇਗਾ। ਜ਼ੂੰਆਂ ਵੀ ਮਰ ਜਾਂਦੀਆਂ ਹਨ।

ਆਮ ਵਾਤ-ਗਠੀਆ: ਇਸਦਾ ਰਸ ਅਜਵਾਇਨ ਮਿਲਾ ਕੇ ਗਰਮ ਪਾਣੀ ਨਾਲ 40 ਦਿਨ ਦਿਓ ਜਾਂ ਤੁਲਸੀ ਦਾ ਚੂਰਣ ਗੁੜ ਵਿੱਚ ਮਿਲਾ ਕੇ  ਬੱਕਰੀ ਦੇ ਦੁੱਧ ਨਾਲ ਦਿਓ।

ਫੋੜੇ ਫੁੰਨਸੀਆਂ: ਤੁਲਸੀ ਦੇ ਪੱਤੇ ਅਤੇ ਗਿਲੋ ਦਾ ਇੱਕ-ਇੱਕ ਚਮਚ ਕਾੜ੍ਹਾ ਬਣਾ ਕੇ ਮਿਸ਼ਰੀ ਮਿਲਾ ਕੇ ਲਾਭ ਹੋਣ ਤੱਕ ਲਵੋ।

ਖਾਜ਼-ਖੁਜ਼ਲੀ: ਤੁਲਸੀ ਅਤੇ ਨਿੰਮ੍ਹ ਦੇ ਪੱਤੇ ਮਿਲਾ ਕੇ ਖਾਓ। ਇਹਨਾਂ ਦਾ ਪੇਸਟ ਲਗਾਉਣ ਨਾਲ ਵੀ ਫਾਇਦਾ ਹੋਵੇਗਾ।

ਜਖਮ ਹੋਵੇ ਤਾਂ ਤੁਲਸੀ ਦੇ ਰਸ ਵਿੱਚ ਫਿਟਕੜੀ ਮਿਲਾ ਕੇ ਜਖਤ 'ਤੇ ਲਗਾਓ।

ਬੱਚਿਆਂ ਦੇ ਪੇਟ ਦਰਦ ਵਿੱਚ ਤੁਲਸੀ ਦੇ ਰਸ ਵਿੱਚ ਅਦਰਕ ਦਾ ਰਸ ਮਿਲਾ ਕੇ ਦਿਓ।

ਪੇਟ ਦੇ ਕੀੜੇ: ਤੁਲਸੀ ਦੀ ਜੜ ਪਾਣੀ 'ਚ ਪੀਸ ਕੇ ਦਿਨ 'ਚ ਚਾਰ ਵਾਰੀ ਲਗਾਤਰ ਸੱਤ ਦਿਨ ਦਿਓ।

ਅਪਚਣ-ਗੈਸ: ਤੁਲਸੀ ਦੇ ਬੀਜਾਂ ਵਿੱਚ ਗੁੜ ਅਤੇ ਜੀਰਾ ਮਿਲਾ ਕੇ ਰੱਖ ਲਵੋ ਅਤੇ ਲੋੜ ਪੈਣ 'ਤੇ ਤਾਜ਼ੇ ਪਾਣੀ ਨਾਲ ਲਵੋ। ਦੁਪਹਿਰ ਦੇ ਖਾਣੇ ਉਪਰੰਤ ਤੁਲਸੀ ਦੀਆਂ ਪੱਤੀਆਂ ਚਬਾ ਕੇ ਖਾਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ।

ਬੱਚੇ ਦੰਦ ਕੱਢ ਰਹੇ ਹੋਣ ਤਾਂ: ਤੁਲਸੀ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਮਸੂੜਿਆਂ 'ਤੇ ਮਲੋ।

ਪੀਲੀਆ: ਡੇਢ-ਡੇਢ ਚਮਚ ਤੁਲਸੀ ਦੇ ਪੱਤੇ ਅਤੇ ਇਟਸਿਟ ਦੀ ਜੜ੍ਹ ਦਾ ਕਾੜ੍ਹਾ ਬਣਾ ਕੇ ਪਿਲਾਓ।

ਸਿਰ ਦਰਦ: ਗਿਆਰਾਂ-ਗਿਆਰਾਂ ਪੱਤੇ ਅਤੇ ਕਾਲੀ ਮਿਰਚ ਦੇ ਦਾਣੇ ਪਾਣੀ ਨਾਲ ਦਿਓ।

ਚੱਕਰ ਆਉਣਾ: ਤੁਲਸੀ ਦੇ ਪੱਤਿਆਂ ਦਾ ਸਰਬਤ ਬਣਾ ਕੇ ਰੱਖ ਲਵੋ ਅਤੇ ਪਾਣੀ ਮਿਲਾ ਕੇ ਸੇਵਨ ਕਰੋ।

ਸ਼ੀਘਰ ਪਤਨ: ਦੋ ਪੱਤੇ ਅਤੇ ਤੁਲਸੀ ਦੇ ਬੀਜ ਪਾਨ ਵਿੱਚ ਰੱਖ ਕੇ ਚਾਲ੍ਹੀ ਦਿਨ ਖਾਓ।

ਨਪੁੰਸਕਤਾ: ਤੁਲਸੀ ਦੀ ਜੜ੍ਹ ਜਾਂ ਬੀਜਾਂ ਦਾ ਚੂਰਣ ਗੁੜ ਵਿੱਚ ਮਿਲਾ ਕੇ ਰੱਖ ਲਵੋ। ਇੱਕ-ਇੱਕ ਚਮਚ ਸਵੇਰੇ ਸ਼ਾਮ ਗਾਂ ਦੇ ਦੁੱਧ ਨਾਲ ਚਾਲ੍ਹੀ ਦਿਨ ਜਾਂ ਲਾਭ ਪ੍ਰਾਪਤੀ ਤੱਕ ਸੇਵਨ ਕਰੋ।

ਸੁਪਨਦੋਸ਼: ਤੁਲਸੀ ਦੀ ਜੜ੍ਹ ਦਾ ਚੂਰਨ ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਚਾਲ੍ਹੀ ਦਿਨ ਲਵੋ।

ਤੁਲਸੀ ਘਰ ਵਿੱਚ ਲਗਾਉਣ ਨਾਲ  ਘਰ ਦਾ ਵਾਤਾਵਰਨ ਵੀ ਸ਼ੁੱਧ ਹੁੰਦਾ ਹੈ।


ਘਰੇਲੂ ਉਪਚਾਰ

ਡਾ. ਅਮਰ ਸਿੰਘ ਆਜ਼ਾਦ


ਸਵੇਰੇ ਉੱਠਣ ਸਾਰ ਹੇਠ ਲਿਖੀਆਂ ਤਿੰਨ ਚੀਜਾਂ ਦੀ ਵਰਤੋ ਹਰੇਕ ਵਿਅਕਤੀ ਨੂੰ ਕਰਨੀ ਚਾਹੀਦੀ ਹੇ:


1 ਤੁਲਸੀ: ਤੁਲਸੀ ਦੇ ਪੰਜ ਤੋਂ 10 ਪੱਤੇ ਚਬਾ ਕੇ ਪਾਣੀ ਪੀ ਲਵੋ।


2 ਔਲੇ ਦਾ ਜੂਸ ਪੰਜ ਛੇ ਚਮਚ ਬਰਾਬਰ ਮਾਤਰਾ ਵਿੱਚ ਪਾਣੀ ਮਿਲਾ ਕੇ ਪੀ ਲਵੋ।


3 ਕੁਆਰ ਗੰਦਲ ਜੂਸ 4-5 ਚਮਚ ਇੰਨੀ ਹੀ ਮਾਤਰਾ ਵਿੱਚ ਔਲੇ ਦੇ ਜੂਸ ਵਿੱਚ ਮਿਲਾ ਕੇ ਪੀ ਲਵੋ। ਜਾਂ ਜੇਕਰ ਕੁਆਰ ਗੰਦਲ ਘਰ ਲਇਆ ਹੋਵੇ ਤਾਂ ਕੁਆਰ ਗੰਦਲ ਦੇ 3-4 ਇੰਚ ਦੇ ਟੁਕੜੇ ਦਾ ਗੁੱਦਾ ਸਿੱਧਾ ਖਾਧਾ ਜਾ ਸਕਦਾ ਹੈ।


ਕੁਆਰ ਗੰਦਲ ਖਾਣ ਦੀ ਵਿਧੀ: ਕੁਆਰ ਗੰਦਲ ਦਾ 3-4 ਇੰਚ ਦਾ ਟੁਕੜਾ ਕੱਟ ਲਵੋ। ਇਸਨੂੰ ਚੰਗੀ ਤਰ੍ਹਾ ਧੋ ਲਵੋ, ਦੋਹਾਂ ਪਾਸਿਆਂ ਦੀ ਕਿਨਾਰੀ ਨੂੰ ਕੱਟ ਦਿਓ। ਨੀਵੇਂ ਪਾਸੇ ਦਾ ਛਿਲਕਾ ਉਤਾਰ ਦਿਓ। ਹੁਣ ਜਿਵੇਂ ਅੰਬ ਦੀ ਫਾੜੀ ਦਾ ਗੁੱਦਾ ਮੂੰਹ ਵਿੱਚ ਲਈਦਾ ਹੈ ਉਂਵੇਂ ਹੀ ਇਸ ਟੁਕੜੇ ਨੂੰ ਮੂੰਹ ਵਿੱਚ ਪਾ ਕੇ ਪਾਣੀ ਪੀ ਲਵੋ।


ਡੇਂਗੂ ਬੁਖਾਰ ਦਾ ਸ਼ੱਕ ਹੋਣ ਉਪਰੰਤ ਜਾਂ ਡੇਂਗੂ ਦੀ ਪੁਸ਼ਟੀ ਹੋਣ 'ਤੇ ਗਿਲੋ ਜਾਂ ਪਪੀਤੇ ਦੇ ਪੱਤਿਆਂ ਦਾ ਜੂਸ ਅਤੇ ਕੀਵੀ ਫਲ ਦਾ ਇਸਤੇਮਾਲ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ ਪਲੈਟਲੈੱਟ ਨਹੀਂ ਘਟਣਗੇ। ਜੇਕਰ ਪਲੈਟਲੈੱਟ ਨਾ ਘਟਣ ਤਾਂ ਡੇਂਗੂ ਬੁਖਾਰ ਰੋਗੀ ਦਾ ਕੁਝ ਨਹੀਂ ਵਿਗਾੜ ਸਕਦਾ।

ਗਿਲੋਅ ਦਾ ਕਾੜ੍ਹਾ ਬਣਾਉਣ ਦੀ ਵਿਧੀ: ਗਿਲਅੋ ਦੇ ਉੰਗਲੀ ਜਿੰਨੇ ਮੋਟੇ ਤਨੇ ਦਾ 6ਇੰਚ ਟੁਕੜੇ ਨੂੰ ਚੰਗੀ ਤਰ੍ਹਾ ਕੁੱਟ ਕੇ ਪਾਣੀ ਵਿੱਚ ਉਬਾਲ ਕੇ ਕਾੜ੍ਹਾ ਬਣਾ ਲਵੋ। ਦਿਨ ਵਿਚ ਦੋ ਵਾਰ ਪੀਓ। ਗਿਲੋਅ ਦੇ ਇੰਨੇ ਹੀ ਟੋਟੇ ਨੂੰ ਕੁੱਟ ਕੇ ਰਾਤ ਨੂੰ ਇੱਕ ਗਿਲਾਸ ਪਾਣੀ ਵਿੱਚ ਭਿਓਂ ਦਿਓ ਸਵੇਰੇ ਉੱਠਣ ਸਾਰ ਉਸ ਪਾਣੀ ਨੂੰ ਪੀ ਲਓ। ਇਵੇਂ ਹੀ ਸਵੇਰੇ ਭਿਓਂ ਕੇ ਰਾਤ ਨੂੰ ਰੋਟੀ ਤੋਂ ਬਾਅਦ ਪੀ ਲਓ। ਕਾੜਾ ਵੱਧ ਅਸਰਕਾਰਕ ਹੁੰਦਾ ਹੈ।



ਪਪੀਤੇ ਦੇ ਇੱਕ-ਦੋ ਪੱਤਿਆਂ ਨੂੰ ਕੂੰਡੇ ਵਿੱਚ ਕੁੱਟ ਕੇ ਉਸਦਾ ਜੂਸ ਕੱਢ ਲਵੋ। ਡੇਢ-ਡੇਢ ਚਮਚ ਜੂਸ ਦਿਨ ਵਿੱਚ ਦੋ ਤਿੰਨ ਵਾਰ ਲਵੋ।

ਘਰ ਵਿਚ ਨਿੰਮ੍ਹ, ਔਲਾ, ਤੁਲਸੀ, ਕੁਆਰ ਗੰਦਲ ਅਤੇ ਗਿਲੋਅ ਜ਼ਰੂਰ ਲਗਾਓ।