Thursday, 15 March 2012

ਕੀਟਨਾਸ਼ਕ ਬਿਮਾਰੀਆਂ ਅਤੇ ਜੀ ਐੱਮ ਸੋਇਆਬੀਨ

ਅਰਜਨਟੀਨਾ ਵਿੱਚ ਹਵਾਈ ਛਿੜਕਾਅ ਉੱਤੇ ਰੋਕ ਦੀ ਮੰਗ

ਜੀ ਐੱਮ ਸੋਇਆਬੀਨ ਦੇ ਪ੍ਰਚਲਨ ਦੇ ਫਲਸਵਰੂਪ ਵਧ ਰਹੇ ਕੀਟਨਾਸ਼ਕਾਂ ਸੰਬੰਧਤ ਰੋਗਾਂ ਦੇ ਦਸਤਾਵੇਜ਼ੀ ਪ੍ਰਮਾਣਾਂ ਦੇ ਆਧਾਰ ਤੇ ਡਾਕਟਰਾਂ, ਚਿਕਿਤਸਕਾਂ ਅਤੇ ਖੋਜਕਾਰਾਂ ਦੇ ਸਮੂਹ ਨੇ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। (ਡਾ. ਈਵਾ ਸ਼੍ਰੀਨਾਥ ਸਿੰਘ ਜੀ)
ਇਹ ਰਿਪੋਰਟ ਇੰਸਟੀਚਿਊਟ ਆੱਫ ਸਾਇੰਸ ਇਨ ਸੁਸਾਇਟੀ ਦੀ ਵੈੱਬਸਾਈਟ ਉੱਪਰ ਵੀ ਦੇਖੀ ਜਾ ਸਕਦੀ ਹੈ।

ਜੀ ਐੱਮ ਸੋਇਆਬੀਨ ਦੇ ਪ੍ਰਚਲਨ ਤੋਂ ਬਾਅਦ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਦੇ ਕਾਰਨ ਵਧਦੇ ਕੈਂਸਰ ਅਤੇ ਕੀਟਨਾਸ਼ਕਾਂ ਨਾਲ ਸੰਬੰਧਿਤ ਹੋਰ ਬਿਮਾਰੀਆਂ ਦੇ ਵਧਣ ਕਰਕੇ ਅਰਜਨਟੀਨਾ ਦੇ 160 ਚਿਕਿਤਸਕਾਂ, ਸਿਹਤ ਕਰਮਚਾਰੀਆਂ ਅਤੇ ਖੋਜਕਾਰਾਂ ਦੇ ਇੱਕ ਨੈੱਟਵਰਕ ਨੇ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਹ ਬਿਮਾਰੀਆਂ ਵਿਕਾਸ, ਪ੍ਰਜਣਨ, ਚਮੜੀ, ਰੋਗਾਂ ਨਾਲ ਲੜਨ ਦੀ ਸ਼ਕਤੀ, ਸ਼ਵਸਨ, ਨਾੜੀ ਪ੍ਰਣਾਲੀ ਅਤੇ ਇੰਡੋਕ੍ਰਾਈਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ।
ਇਹ ਨੈੱਟਵਰਕ ਪਹਿਲੀ ਵਾਰ ਅਗਸਤ 2010 ਅਤੇ ਦੁਬਾਰਾ 2011 ਵਿੱਚ ਇਕੱਤਰ ਹੋਇਆ। 2010 ਦੀ ਬੈਠਕ ਤੋਂ ਬਾਅਦ ਜਿੱਥੇ ਖੇਤੀ ਰਸਾਇਣਾਂ ਦੀ ਬਹੁਤ ਵਰਤੋਂ ਹੁੰਦੀ ਸੀ ਉਹਨਾਂ ਖੇਤਰਾਂ ਵਿੱਚ ਖੇਤੀ ਰਸਾਇਣਾਂ ਦੇ ਸੰਪਰਕ ਵਿੱਚ ਆਉਣ ਅਤੇ ਕੁੱਝ ਖ਼ਾਸ ਬਿਮਾਰੀਆਂ ਦੇ ਵਧਣ, ਜਿੰਨਾਂ ਵਿੱਚ ਜਮਾਂਦਰੂ ਦੋਸ਼ ਅਤੇ ਕੈਂਸਰ ਸ਼ਾਮਿਲ ਹਨ , ਦੇ ਸੰਬੰਧਾ ਉੱਪਰ ਇੱਕ ਰਿਪੋਰਟ ਸੰਕਲਿਤ ਕੀਤੀ ਗਈ। ਵਧਦੀਆਂ ਹੋਈਆਂ ਬਿਮਾਰੀਆਂ ਮੌਨਸੈਂਟੋ ਦੇ ਗਲਾਈਸੋਫੇਟ ਆਧਾਰਿਤ ਨਦੀਨਨਸਸ਼ਕ ਰਾਊਂਡ ਅੱਪ ਪ੍ਰਤਿ ਸਹਿਣਸ਼ੀਲ ਮੌਨਸੈਂਟੋ ਦੀ ਜੀ ਐੱਮ ਸੋਇਆਬੀਨ ਦੇ ਆਉਣ ਦੇ ਕਾਰਨ ਬਿਮਾਰੀਆਂ ਵਧੀਆਂ ਹਨ.
ਪਹਿਲੀ ਮੀਟਿੰਗ ਵਿੱਚ ਪੇਸ਼ ਕੀਤੇ ਬਿਮਾਰੀਆਂ ਅਤੇ ਕੀਟਨਾਸ਼ਕਾਂ ਵਿਚਕਾਰ ਸੰਬੰਧਾਂ ਨੇ ਚਿਕਿਤਸਕਾਂ ਦੇ ਨੈੱਟਵਰਕ ਨੂੰ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਉੱਪਰ ਪੂਰਨ ਪਾਬੰਦੀ, ਹੱਦੋ ਵੱਧ ਖ਼ਤਰਨਾਕ la ਅਤੇ  ਬਹੁਤ ਖ਼ਤਰਨਾਕ ਕੀਟਨਾਸ਼ਕਾਂ lb  ਅਤੇ ਆਬਾਦੀ ਵਾਲੇ ਇੱਕ ਕਿਲੋਮੀਟਰ ਖੇਤਰ ਦੇ ਅੰਦਰ ਕਿਸੇ ਵੀ ਤਰਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਉੱਪਰ ਪੂਰਨ ਪਾਬੰਦੀ ਦੀ ਮੰਗ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਰਤਮਾਨ ਖੇਤੀਬਾੜੀ ਆਧਾਰਿਤ ਉਦਯੋਗਾਂ ਅਤੇ ਟ੍ਰਾਂਸਜੈਨਿਕ ਉਤਪਾਦਨ ਮਾੱਡਲ ਉੱਪਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਰਾਜ ਦੀ ਯੂਨਵਰਸਿਟੀ ਨੂੰ ਖੇਤੀ ਵਿੱਚ ਜੈਵਿਕ ਉਤਪਾਦਨ (agro-ecological production) ਲਈ ਹੋਰ ਵਿਕਲਪਾਂ ਨੂੰ ਵੀ ਪ੍ਰੋਤਸਾਹਿਤ ਅਤੇ ਵਿਕਸਿਤ ਕਰਨਾ ਚਾਹੀਦਾ ਹੈ।
ਦੂਜੀ ਮੀਟਿੰਗ ਵਿੱਚ ਸਥਾਨਕ ਅਤੇ ਦੇਸ਼ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਖੇਤੀਬਾੜੀ ਸੰਬੰਧਿਤ ਬਿਜਨੈੱਸ ਕਰਨ ਵਾਲਿਆਂ ਅਤੇ ਨਿੱਜੀ ਮਾਲਿਕਾਂ ਦੇ ਅਧਿਕਾਰਾਂ ਦੀ ਜਗਾ ਆਮ ਲੋਕਾਂ ਦੇ ਚੰਗੀ ਸਿਹਤ ਦੇ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਨ ਅਤੇ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਉੱਪਰ ਪੂਰੀ ਤਰਾ ਪਾਬੰਦੀ ਲਗਾਉਣ।
ਅਰਜਨਟੀਨੀ ਸਮੁਦਾਇਆਂ ਦੀ ਨਿਆਂਇਕ, ਸਿਹਤ ਸੰਭਾਲ ਅਤੇ ਕੀਟਨਾਸ਼ਕਾਂ ਦੀ ਵਰਤੋ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਨੂੰ ਸਰਕਾਰੀ ਮਾਨਤਾ ਦਿਵਾਉਣ ਦੀ ਇਹ ਲੜਾਈ 10 ਸਾਲ ਪੁਰਾਣੀ ਹੈ। ਗੈਰ ਸਰਕਾਰੀ ਸੰਸਥਾਵਾਂ ਅਤੇ ਸਮੁਦਾਇ ਦੇ ਨਿਵਾਸੀਆਂ ਦੁਆਰਾ ਸੰਕਲਿਤ ਕੀਤਾ ਸਾਰ 'ਕਰੋਯਾ ਦੀ ਘੋਸ਼ਣਾ' ਵਿੱਚ ਸ਼ਾਮਿਲ ਹੈ। ਇਸ ਵਿੱਚ 'ਹਵਾਈ ਛਿੜਕਾਅ ਵਾਲੇ ਖੇਤਰਾਂ ਦੇ ਨਿਵਾਸੀਆਂ ਵਿੱਚ ਕੁਪੋਸ਼ਣ ਅਤੇ ਸ਼ਰੀਰ ਦੀ ਕੁਦਰਤੀ ਸੁਰੱਖਿਆ ਪ੍ਰਣਾਲੀ ਦੇ ਘਟਣ ਕਰਕੇ ਔਸਤ ਉਮਰ ਅਤੇ ਕੱਦ ਦੇ ਘਟਣ ਬਾਰੇ, ਜਮਾਂਦਰੂ ਦੋਸ਼ਾਂ, ਗਰਭਪਾਤ, ਉਦਾਸੀ, ਤਨਾਅ ਅਤੇ ਆਤਮਹੱਤਿਆ, ਨਾੜੀ ਤੰਤਰ ਵਿੱਚ ਗੜਬੜ, ਰੀੜ ਦੀ ਹੱਡੀ ਦੇ ਨੁਕਸ, ਚਮੜੀ ਦੇ ਰੋਗ, ਖੂਨ ਅਤੇ ਹੋਰ ਕਈ ਪ੍ਰਕਾਰ ਦੇ ਕੈਂਸਰਾਂ, ਦਮਾ, ਅਲਰਜੀਆਂ ਅਤੇ ਸਾਹ ਅਤੇ ਫੇਫੜਿਆਂ ਸੰਬੰਧੀ ਬਿਮਾਰੀਆਂ, ਪੁਰਸ਼ਾਂ ਵਿੱਚ ਨਪੁੰਸਕਤਾ ਅਤੇ ਨਾਮਰਦੀ, ਹਰਮੋਨਾਂ ਵਿੱਚ ਗੜਬੜ, ਬੱਚਿਆਂ ਦਾ ਘੱਟ ਵਿਕਾਸ, ਬੱਚਿਆਂ ਦਾ ਪ੍ਰਦੂਸ਼ਕਾਂ ਪ੍ਰਤੀ ਕਮਜ਼ੋਰ ਹੋਣਾ, ਰਕਤਹੀਣਤਾ, ਦਿਮਾਗ ਦੇ ਕਿਸੇ ਹਿੱਸੇ ਵਿੱਚ ਆਕਸੀਜਨ ਦੀ ਘਾਟ ਅਤੇ ਮੌਤ ਆਦਿ ਦਾ ਜ਼ਿਕਰ ਕੀਤਾ ਗਿਆ ਹੈ।

ਜਮਾਂਦਰੂ ਦੋਸ਼ਾਂ, ਕੈਂਸਰ ਅਤੇ ਹੋਰ ਬਿਮਾਰੀਆਂ ਵਿੱਚ ਚਿੰਤਾਜਨਕ ਵਾਧਾ
ਜਨਤਕ ਸਿਹਤ ਅਧਿਕਾਰੀਆਂ ਵੱਲੋਂ ਸਿਹਤ ਸੰਭਾਲ ਕਰਮਚਾਰੀਆਂ ਵੱਲੋਂ ਦਿੱਤੀਆਂ ਗਈਆਂ ਚਿੰਤਾਜਨਕ ਟਿੱਪਣੀਆਂ ਨੂੰ ਨਜ਼ਰਅੰਦਾਜ ਕੀਤਾ ਗਿਆ ਜਿਸ ਕਾਰਨ ਇਸ ਸੰਬੰਧੀ ਬਹੁਤ ਘੱਟ ਅਧਿਐਨ ਹੋਏ। ਹਾਲਾਂਕਿ ਚਿਕਿਤਸਕਾਂ (ਜਿੰਨਾਂ ਵਿੱਚੋ ਜ਼ਿਆਦਾਤਰ ਉਸੇ ਹੀ ਆਬਾਦੀ ਨੂੰ ਪਿਛਲੇ 25 ਸਾਲਾਂ ਤੋ ਸਿਹਤ ਸੰਬੰਧੀ ਸੁਵਿਧਾਵਾਂ ਦੇ ਰਹੇ ਸਨ।) ਕੋਲ ਨਿਰੀਖਣ ਦੇ ਆਧਾਰ ਤੇ ਚਿੰਤਤ ਕਰ ਦੇਣ ਵਾਲੇ ਅੰਕੜੇ ਸਨ ਜੋ ਕਿ ਸਮੁਦਾਇ ਦੇ ਲੋਕਾਂ ਵੱਲੋਂ ਖੇਤੀ ਰਸਾਇਣਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਦੱਸੀਆਂ ਕਹਾਣੀਆਂ ਨਾਲ ਮੇਲ ਖਾਂਦੇ ਸਨ। ਉਹਨਾਂ ਨੇ ਪਿਛਲੇ ਕੁੱਝ ਸਾਲਾਂ ਦੇ ਇਹਨਾਂ ਅਸਾਧਾਰਣ ਨਿਰੀਖਣਾਂ ਅਤੇ ਖੇਤੀ ਰਸਾਇਣਾਂ ਦੇ ਪ੍ਰਭਾਵ ਵਿੱਚ ਇੱਕ ਵਿਵਸਥਿਤ ਕੜੀ ਨੂੰ ਸਾਹਮਣੇ ਲਿਆਂਦਾ।
ਚਾਕੋ ਪ੍ਰਾਂਤ, ਜਿੱਥੇ ਡਾਕਟਰ ਮਾਰੀਆ ਡੇਲ ਕੈਰਮੈਨ ਸਰਵੈਸੋ ਇੱਕ ਹਸਪਤਾਲ ਦੀ ਵਿਸਤ੍ਰਿਤ ਪਣਾਲੀ ਦੀ ਪ੍ਰਮੁੱਖ ਹੈ, ਨੇ ਪ੍ਰਾਂਤ ਦੇ ਕਕਈ ਸ਼ਹਿਰਾਂ ਵਿੱਚ ਵਧਦੀਆਂ ਬਿਮਾਰੀਆਂ ਦੀ ਵਿਨਾਸ਼ਕਾਰੀ ਰੂਪਰੇਖਾ ਪੇਸ਼ ਕੀਤੀ। ਇਹ ਬਿਮਾਰੀਆਂ ਹਨ- ਗੁਰਦਿਆਂ ਦਾ ਫੇਲ ਹੋਣਾ, ਜਵਾਨ ਮਾਤਾਵਾਂ ਦੇ ਬੱਚਿਆਂ ਵਿੱਚ ਜਮਾਂਦਰੂ ਦੋਸ਼, ਜਵਾਨ ਲੋਕਾਂ ਵਿੱਚ ਕੈਂਸਰ, ਗਰਭਪਾਤ, ਗਰਭ ਧਾਰਨ ਕਰਨ ਵਿੱਚ ਸਮੱਸਿਆਵਾਂ, ਸਾਹ ਸੰਬੰਧੀ ਬਿਮਾਰੀਆਂ ਅਤੇ ਤੇਜ਼ ਐਲਰਜੀਆਂ। ਸਿਹਤ ਟੀਮਾਂ ਦੁਆਰਾ ਇਹ ਸਾਰੀਆਂ ਬਿਮਾਰੀਆਂ ਹਾਲ ਹੀ ਵਿੱਚ ਇਸ ਇਲਾਕੇ ਦੀ ਛੋਟੇ ਪੱਧਰ ਦੀ ਕਪਾਹ ਦੀ ਖੇਤੀ ਅਤੇ ਸਥਾਨਕ ਜੰਗਲਾਂ ਨੂੰ ਹਟਾ ਕੇ ਅਤੇ ਉਹਨਾਂ ਦੀ ਥਾਂ ਥੋਪੀ ਗਈ ਰਸਾਇਣਿਕ ਖੇਤੀ ਦੁਆਰਾ ਫੈਲਾਏ ਰਸਾਇਣਿਕ ਪ੍ਰਦੂਸ਼ਣ ਨਾਲ ਸੰਬੰਧਿਤ ਹਨ। ਇਹ ਪਾਇਆ ਗਿਆ ਕਿ ਸਾਹ ਸੰਬੰਧੀ ਬਿਮਾਰੀਆਂ ਪੈਰਾਕੁਆਟ (ਇੱਕ ਜ਼ਹਿਰੀਲਾ ਰਸਾਇਣ ਜੋ ਨਦੀਨਾਂ ਨੂੰ ਕਾਬੂ ਕਰਨ ਲਈ ਵਰਤਿਆ ਜਾਂਦਾ ਹੈ) ਦੇ ਕਾਰਨ ਹੋਈਆ ਹਨ।
ਕੋਰਡੋਬਾ ਯੂਨੀਵਰਸਿਟੀ ਦੇ ਮਾਤ੍ਰਤਵ ਅਤੇ ਨਵਜਾਤ ਯੂਨਿਟ ਦੇ ਵੰਸ਼ ਅਤੇ ਜੀਵਾਂ ਵਿੱਚ ਵਿਭਿੰਨਤਾ ਦਾ ਅਧਿਐਨ ਕਰਨ ਵਾਲੇ ਡਾ. ਗਲੈਡਿਸ ਟ੍ਰੋਮਬੋਟੋ ਦੁਆਰਾ ਕੀਤੇ ਗਏ ਕੁੱਝ ਅਧਿਐਨਾਂ ਵਿੱਚ ਪਿਛਲੇ 10 ਸਾਲਾਂ ਵਿੱਚ ਹੋਏ 1,10,000 ਜਨਮਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਪਾਇਆ ਕਿ 1971 ਤੋਂ ਲੈ ਕੇ 2003 ਦੌਰਾਨ ਜਨਮਜਾਤ ਅਤੇ ਮਾਂਸਪੇਸ਼ੀਆਂ ਅਤੇ ਹੱਡੀਆਂ ਦੇ ਢਾਂਚੇ ਸੰਬੰਧੀ ਦੋਸ਼ਾਂ ਵਿੱਚ ਦੋ ਤੋਂ ਤਿੰਨ ਗੁਣਾ ਤੱਕ ਵਾਧਾ ਹੋਇਆ ਹੈ।
ਡਾ. ਓਟਾਨੋ ਦੁਆਰਾ ਪੇਸ਼ ਕੀਤਾ ਬੱਚਿਆਂ ਦੇ ਕੈਂਸਰ ਸੰਬੰਧੀ ਅੰਕੜਿਆਂ ਤੋਂ ਵੀ ਓਹੀ ਸਾਹਮਣੇ ਆਇਆ ਜੋ ਬਾਕੀ ਚਿਕਿਤਸਕਾਂ ਦੁਆਰਾ ਆਪਣੇ ਨਿਰੀਖਣਾਂ ਦੌਰਾਨ ਪਾਇਆ ਗਿਆ ਸੀ - ਜਮਾਂਦਰੂ ਦੋਸ਼ਾਂ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਉਹਨਾਂ ਨੇ 1985 ਦੇ ਰਿਕਾਰਡਾਂ ਜਿੰਨਾਂ ਵਿੱਚ ਇੱਕ ਲੱਖ ਪਿੱਛੇ 10.5 ਕੇਸ ਸਨ, ਦੇ ਮੁਕਾਬਲੇ 2007 ਵਿੱਚ ਇੱਕ ਲੱਖ ਪਿੱਛੇ 15.7 ਕੇਸ ਦਰਜ ਕੀਤੇ।
ਕੀਟਨਾਸ਼ਕਾਂ ਦੇ ਪ੍ਰਭਾਵ ਅਤੇ ਵਧ ਰਹੀਆਂ ਬਿਮਾਰੀਆਂ ਵਿੱਚ ਮਜ਼ਬੂਤ ਸੰਬੰਧ 2005 ਵਿੱਚ ਕੋਰਡੋਬਾ ਇਤਸ਼ਾਇਗੋ ਇਲਾਕੇ ਦੇ ਮੈਂਬਰਾਂ ਦੁਆਰਾ ਕੀਤੇ ਨਿਰੀਖਣ ਦੀ ਉਦਾਹਰਣ ਦੁਆਾਰਾ ਮਜ਼ਬੂਤੀ ਨਾਲ ਰੱਖਿਆ ਗਿਆ ਜਿਸ ਵਿੱਚ ਇਹ ਪਾਇਆ ਗਿਆ ਕਿ ਛਿੜਕਾਅ ਵਾਲੇ ਇਲਾਕਿਆਂ ਦੇ ਕੋਲ ਰਹਿੰਦੇ ਨਿਵਾਸੀਆਂ ਵਿੱਚ ਕੈਂਸਰ ਦੀ ਦਰ ਲਗਾਤਾਰ ਵੱਧ ਰਹੀ ਹੈ।
ਡਾਕਟਰਾਂ ਨੂੰ ਅੰਦੇਸ਼ਾ ਹੈ ਕਿ ਖੇਤੀ ਰਸਾਇਣਾਂ ਦੁਆਰਾ ਮਨੁੱਖੀ ਸਿਹਤ ਨੂੰ ਪਹੁੰਚਾਏ ਗਏ ਨੁਕਸਾਨ ਦਾ ਪੱਧਰ ਪੂਰੀ ਤਰਾਂ ਪਛਾਣਿਆ ਨਹੀ ਜਾ ਸਕਿਆ ਹੈ। ਉਹਨਾਂ ਅਨੁਸਾਰ ਗਰਭਪਾਤਾਂ ਦੀ ਮੌਜ਼ੂਦਾ ਦਰ ਦਰਜ ਕੀਤੀ ਗਈ ਦਰ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਅਤੇ ਹੋਰ ਨਾੜੀ ਤੰਤਰ ਅਤੇ ਮਨੋਵਿਗਿਆਨਕ ਸਮੱਸਿਆਵਾਂ ਦਾ ਹਾਲੇ ਮੁਲਾਂਕਣ ਨਹੀ ਕਤਾ ਗਿਆ ਹੈ। ਇੱਕ ਸਾਲ ਤੱਕ ਦੇ ਬੱਚਿਆਂ ਦੇ ਆਰੰਭਿਕ ਅਤੇ ਛੋਟੇ ਪੈਮਾਨੇ ਦੀ ਜਾਂਚ ਇਹ ਦਰਸਾਉਂਦੀ ਹੈ ਕਿ ਖੇਤੀ ਰਸਾਇਣਾਂ ਦੀ ਵਰਤੋਂ ਵਾਲੇ ਖੇਤਰਾਂ ਵਿੱਚ ਅਜਿਹੇ ਰੋਗ ਪ੍ਰਚੱਲਿਤ ਹਨ।

ਮਹਾਂਮਾਰੀ ਵਿਗਿਆਨ ਦੇ ਅਰਜਨਟੀਨਾ ਤੋਂ ਬਾਹਰ ਕੀਤੇ ਗਏ ਅਧਿਐਨ
ਮੀਟਿੰਗ ਵਿੱਚ ਹੋਰ ਦੇਸ਼ਾਂ ਵਿੱਚ ਕੀਤੇ ਅਧਿਐਨਾਂ ਤੇ ਵੀ ਵਿਚਾਰ ਚਰਚਾ ਕੀਤੀ ਗਈ।  ਸੰਯੁਕਤ ਰਾਜ ਅਮਰੀਕਾ ਦੀ ਵਾਤਾਵਰਣ ਬਚਾਓ ਏਜੰਸੀ ਵੱਲੋਂ ਇਹ ਪਾਇਆ ਗਿਆ ਕਿ ਜਦ 2,4-ਡੀ ਨਦੀਨਨਾਸ਼ਕ ਛਿੜਕੀਆਂ ਕਣਕਾਂ ਦੇ ਨੇੜੇ ਰਹਿਣ ਵਾਲੀਆਂ ਮਾਤਾਵਾਂ ਨੇ ਗਰਭ ਧਾਰਨ ਕੀਤਾ ਤਾਂ ਉੱਥੇ ਜਨਮਜਾਤ ਦੋਸ਼ਾਂ ਵਿੱਚ 5 ਗੁਣਾ ਵਾਧਾ ਪਇਆ ਗਿਆ। ਇੱਕ ਹੋਰ ਅਧਿਐਨ ਵਿੱਚ ਐਟ੍ਰਾਜੀਨ ਜੋ ਕਿ ਇੱਕ ਨਦੀਨਨਾਸ਼ਕ ਹੈ, ਦੇ ਪ੍ਰਯੋਗ ਅਤੇ ਜਮਾਂਦਰੂ ਦੋਸ਼ਾਂ ਵਿੱਚ ਸੰਬੰਧ ਪਾਇਆ ਗਿਆ।  ਗਿਆਰਾਂ ਵਿੱਚੋਂ 9 ਅਧਿਐਨ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਆਉਣ ਅਤੇ ਗਰਭਪਾਤ, ਭਰੂਣ ਦੀ ਮੌਤ, ਜਨਮ ਤੋਂ ਤੁਰੰਤ ਬਾਅਦ ਮੌਤ ਜਾਂ ਮਰੇ ਹੋਏ ਬੱਚੇ ਦਾ ਪੈਦਾ ਹੋਣਾ, ਨਵਜਾਤ ਦੀ ਮੌਤ, ਜਲਦੀ ਜਾਂ ਦੇਰ ਨਾਲ ਗਰਭਪਾਤ ਆਦਿ ਵਿੱਚ ਸਕਾਰਾਤਮਕ ਸੰਬੰਧ ਦਰਸਾਉਂਦੇ ਹਨ।

ਵਿਗਿਆਨਕ ਖੋਜ ਅਤੇ ਕਲੀਨਿਕਲ ਪ੍ਰਮਾਣਾਂ ਦਾ ਪਰਸਪਰ ਸੰਬੰਧ

ਰਿਓ ਡੇ ਲਾਸ ਸਾਊਸੇਸ, ਸਾਇਰਾ, ਜੰਜੀਨਾ, ਮਾਰਕੋਸ ਜੁਆਰੇਜ ਅਤੇ ਲਾਸ ਵਰਟੀਏਂਟਿਸ ( ਇਹ ਉਹ ਇਲਾਕੇ ਹਨ ਜਿੱਥੇ 19% ਔਰਤਾਂ ਦਾ ਆਪਣੇ ਆਪ ਹੋਣ ਵਾਲਾ ਘੱਟੋ ਘੱਟ ਇੱਕ ਗਰਭਪਾਤ ਹੋਇਆ ਸੀ। ) ਦੇ ਨਿਵਾਸੀਆਂ ਦੇ ਖੂਨ ਦੇ ਨਮੂਨੇ ਲੈ ਕੇ ਡੀ ਐੱਨ ਏ ਟੈਸਟ ਕੀਤੇ ਗਏ ਅਤੇ ਪਤਾ ਲੱਗਿਆ ਕਿ ਡੀ ਐੱਨ ਏ ਦਾ ਨੁਕਸਾਨਿਆ ਜਾਣਾ ਵੀ ਕੈਂਸਰ ਦਾ ਇੱਕ ਮੁੱਖ ਕਾਰਨ ਹੈ। ਉਹਨਾਂ ਨੇ ਪਾਇਆ ਕਿ ਜਿੱਥੇ ਖੇਤੀ ਰਸਾਇਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਉੱਥੇ ਡੀ ਐੱਨ ਏ ਦੇ ਨੁਕਸਾਨ ਦੀ ਦਰ ਵਿੱਚ ਕਾਫੀ ਵਾਧਾ ਹੋਇਆ ਹੈ।  ਆਮ ਤੌਰ ਤੇ ਛਿੜਕੇ ਜਾਣ ਵਾਲੇ ਕੀਟਨਾਸ਼ਕ ਅਤੇ ਨਦੀਨਨਾਸ਼ਕ ਹਨ- ਗਲਾਈਸੋਫੇਟ, ਇੰਡੋਸਲਫਾਨ, ਸਾਈਪ੍ਰਮੈਂਥਰਿਨ, 2,4-ਡੀ, ਐਟਰਾਜਿਨ ਅਤੇ ਕਲੋਰੀਪਾਇਰੋਫਾਸ।
ਉਹਨਾਂ ਅਧਿਐਨਾਂ ਜਿਹੜੇ ਗਲਾਈਸੋਫੇਟ ਕਰਕੇ ਡੱਡੂਆਂ ਅਤੇ ਚੂਚੇ ਭਰੂਣਾਂ ਵਿੱਚ ਪਾਏ ਜਨਮਦੋਸ਼ਾਂ ਨੂੰ ਸਿੱਧ ਕਰਦੇ ਹਨ, ਦੇ ਅੰਕੜਿਆਂ ਨੇ ਕੀਟਨਾਸ਼ਕਾਂ ਤੋਂ ਪ੍ਰਭਾਵਿਤ ਮਾਤਾ-ਪਿਤਾ ਦੇ ਬੱਚਿਆਂ ਵਿੱਚ ਬਿਲਕੁਲ ਇਹੀ ਨਤੀਜਿਆਂ ਦੇ ਮਿਲਣ ਕਰਕੇ ਚਿੰਤਾ ਵਧਾ ਦਿੱਤੀ ਹੈ। ਕਾਨਫਰੰਸ ਵਿੱਚ ਇਸ ਬਾਰੇ ਵੀ ਵਿਚਾਰ ਕੀਤਾ ਗਿਆ।

ਅਰਜਨਟੀਨਾ ਵਿੱਚ ਕੀਟਨਾਸ਼ਕਾਂ ਦੀ ਵਿਆਪਕ ਅਤੇ ਵਧਦੀ ਵਰਤੋਂ ਅਤੇ ਹਵਾਈ ਛਿੜਕਾਅ
ਕੋਰਡੋਬਾ ਯੂਨੀਵਰਸਿਟੀ ਦੇ ਭੂਗੋਲ ਵਿਗਿਆਨੀਆਂ ਨੇ ਅਨੁਮਾਨ ਲਗਾਇਆ ਹੈ ਕਿ ਅਰਜਨਟੀਨਾ ਵਿੱਚ 1 ਕਰੋੜ 20 ਲੱਖ ਲੋਕ ਗਲਾਈਸੋਫੇਟ ਦੇ ਸਿੱਧੇ ਪ੍ਰਭਾਵ ਵਿੱਚ ਹਨ ਅਤੇ ਇਹਨਾਂ ਅੰਕੜਿਆਂ ਵਿੱਚ ਛਿੜਕਾਅ ਵਾਲੇ ਖੇਤਰਾਂ ਦੇ ਵੱਡੇ ਸ਼ਹਿਰਾਂ ਦੀ ਆਬਾਦੀ ਨੂੰ ਸ਼ਾਮਿਲ ਨਹੀ ਕੀਤਾ ਗਿਆ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਲਗਭਗ 22 ਮਿਲੀਅਨ ਹੈਕਟੇਅਰ (2 ਕਰੋੜ 20 ਲੱਖ ਹੈਕਟੇਅਰ) ਵਿੱਚ ਜੀ ਐੱਮ ਸੋਇਆਬੀਨ ਦੀ ਖੇਤੀ ਦੇ ਵਧਣ ਕਰਕੇ ਕੀਟਨਾਸ਼ਕਾਂ ਦਾ ਪ੍ਰਯੋਗ 1990 ਦੇ 3 ਕਰੋੜ 50 ਲੱਖ ਲਿਟਰ (35 ਮਿਲੀਅਨ ਲਿਟਰ)ਕੀਟਨਾਸ਼ਕਾਂ ਤੋਂ ਵੱਧ ਕੇ 2009 ਵਿੱਚ 28 ਕਰੋੜ 50 ਲੱਖ ਲਿਟਰ ਤੱਕ ਪਹੁੰਚ ਗਿਆ ਹੈ। ਜੀ ਐੱਮ ਸੋਇਆਬੀਨ ਦੇ ਅਧੀਨ ਖੇਤਰ ਵਧਣ ਦੇ ਨਾਲ-ਨਾਲ ਫਸਲਾਂ ਉੱਪਰ ਗਲਾਈਸੋਫੇਟ ਦੀਆਂ ਸਪ੍ਰੇਆਂ ਦੀ ਮਾਤਰਾ ਵੀ ਵਧੀ ਹੈ। ਗਲਾਈਸੋਫੇਟ ਦੀ ਸਪ੍ਰੇਅ ਦੀ ਮਾਤਰਾ 1990 ਵਿੱਚ 2 ਲਿਟਰ ਪ੍ਰਤਿ ਹੈਕਟੇਅਰ ਸੀ ਜੋ ਕਿ 2010 ਵਿੱਚ ਵਧ ਕੇ 20 ਲਿਟਰ ਪ੍ਰਤਿ ਹੈਕਟੇਅਰ ਹੋ ਗਈ ਹੈ। ਇਸਦਾ ਮੁੱਖ ਕਾਰਨ ਇਸ ਨਦੀਨਨਾਸ਼ਕ ਵਿਰੁੱਧ ਜੀ ਐੱਮ ਸੋਇਆਬੀਨ ਫਸਲ ਦੁਆਰਾ ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰ ਲੈਣਾ ਹੈ।
ਦੱਖਣੀ ਅਮਰੀਕਾ ਦੇ ਹੋਰ ਦੇਸ਼ ਵੀ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਕਰਵਾ ਰਹੇ ਹਨ। ਪਿੱਛੇ ਜਿਹੇ ਪੈਰਾਗੁਆ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਕਾਰਨ ਮਾਰੀਆਂ ਗਈਆਂ 50 ਪੂਰੀਆਂ ਵਿਕਿਸਿਤ ਗਾਵਾਂ, ਸੱਪਾਂ, ਮੱਛੀਆਂ ਅਤੇ ਕਈ ਪ੍ਰਜਾਤੀਆਂ ਦੇ ਪੰਛੀਆਂ ਦੇ ਮਰਨ ਕਰਕੇ ਖ਼ਬਰਾਂ ਵਿੱਚ ਰਿਹਾ। ਸਾਰੇ ਪਾਣੀ ਉਪਚਾਰ ਸਯੰਤਰਾਂ ਦੇ ਵੀ ਦੂਸ਼ਿਤ ਹੋਣ ਦਾ ਅਨੁਮਾਨ ਹੈ।
ਸਿੱਟੇ ਵਜੋਂ
ਅਰਜਨਟੀਨਾ ਵਿੱਚ 1 ਕਰੋੜ 20 ਲੱਖ ਲੋਕ ਖੇਤੀ ਰਸਾਇਣਾਂ ਦੇ ਪ੍ਰਭਾਵ ਕਾਰਨ ਕੈਂਸਰ, ਜਮਾਂਦਰੂ ਰੋਗਾਂ ਅਤੇ ਹੋਰ ਕਈ ਬਿਮਾਰੀਆਂ ਦੇ ਸ਼ਿਕਾਰ ਹਨ ਜਾਂ ਹੋਣ ਵੱਲ ਵਧ ਰਹੇ ਹਨ। ਕੀਟਨਾਸ਼ਕਾਂ ਅਤੇ ਵਧ ਰਹੀਆਂ ਬਿਮਾਰੀਆਂ ਦੇ ਸੰਬੰਧਾਂ ਉੱਪਰ ਡਾਕਟਰਾਂ ਨੇ ਇੱਕ ਦਸਤਾਵੇਜਾਂ ਦਾ ਸੰਗ੍ਰਿਹ ਤਿਆਰ ਕੀਤਾ ਹੈ ਅਤੇ ਉਸਦੇ ਆਧਾਰ ਤੇ ਸਰਕਾਰ ਤੋਂ ਕੀਟਨਾਸ਼ਕਾਂ ਦੇ ਹਵਾਈ ਸਪ੍ਰੇਅ ਉੱਤੇ ਉਹਨਾਂ ਦੇ ਸੁਰੱਖਿਅਤ ਸਿੱਧ ਹੋਣ ਤੱਕ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ।

No comments:

Post a Comment