Thursday, 15 March 2012

ਸਰਗਰਮੀਆਂ

ਖੁੱਬਣ ਵਿਖੇ ਹੋਈ ਚੋਣਵੇਂ ਕੁਦਰਤੀ ਖੇਤੀ ਕਿਸਾਨਾਂ ਦੀ ਇੱਕ ਰੋਜ਼ਾ ਵਰਕਸ਼ਾਪ
ਡਾ. ਰੁਪੇਲਾ ਨੇ ਕਿਸਾਨਾਂ ਨਾਲ ਮਿਲ ਕੇ ਬਣਾਈ ਕੁਦਰਤੀ ਖੇਤੀ ਵਿੱਚ ਨਵੇਂ ਪ੍ਰਯੋਗਾਂ ਦੀ ਰੂਪ ਰੇਖਾ
ਆਪਣੇ ਪੰਜਾਬ ਦੌਰੇ ਦੇ ਤੀਜੇ ਦਿਨ ਡਾ. ਰੁਪੇਲਾ 28 ਫਰਵਰੀ ਨੂੰ ਡਾ. ਓਮ ਪ੍ਰਕਾਸ਼ ਰੁਪੇਲਾ ਫਾਜ਼ਿਲਕਾ ਦੇ ਪਿੰਡ ਖੁੱਬਣ ਵਿਖੇ ਉੱਘੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਆਸ਼ੀਸ਼ ਆਹੂਜਾ ਦੇ ਖੇਤ ਪਹੁੰਚੇ। ਇੱਥੇ ਉਹਨਾਂ ਨੇ ਖੇਤੀ ਵਿਰਾਸਤ ਮਿਸ਼ਨ ਦੁਆਰਾ ਆਯੋਜਿਤ ਕੀਤੀ ਗਈ ਪੰਜਾਬ ਦੇ ਕੁੱਝ ਚੋਣਵੇ ਪ੍ਰਯੋਗਸ਼ੀਲ ਕਿਸਾਨਾਂ ਦੀ ਇੱਕ ਰੋਜ਼ਾ ਵਰਕਸ਼ਾਪ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦਸ਼ੇਕ ਸ਼੍ਰੀ ਉਮੇਂਦਰ ਦੱਤ, ਕੁਦਰਤੀ ਖੇਤੀ ਟ੍ਰੇਨਰ  ਗੁਰਪ੍ਰੀਤ ਦਬੜੀਖਾਨਾ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਜੱਥੇਬੰਦਕ ਸਕੱਤਰ ਬਲਵਿੰਦਰ ਸਿੰਘ ਜੈ ਸਿੰਘ ਵਾਲਾ ਵਿਸ਼ੇਸ਼ ਤੌਰ 'ਤੇ ਉਹਨਾ ਦੇ ਨਾਲ ਰਹੇ।
ਵਰਕਸ਼ਾਪ ਵਿੱਚ ਪੰਜਾਬ ਦੇ ਉੱਘੇ ਕੁਦਰਤੀ ਖੇਤੀ ਕਿਸਾਨ ਹਰਜੰਟ ਸਿੰਘ ਰਾਏ ਕੇ ਕਲਾਂ, ਹਰਤੇਜ ਸਿੰਘ ਮਹਿਤਾ (ਬਠਿੰਡਾ), ਨਿਰਮਲ ਸਿੰਘ ਭੋਤਨਾ (ਬਰਨਾਲਾ), ਆਸ਼ੀਸ਼ ਆਹੂਜਾ (ਫਾਜ਼ਿਲਕਾ), ਇੰਦਰਜੀਤ ਸਿੰਘ ਸਹੋਲੀ, ਗੁਰਮੇਲ ਸਿੰਘ ਗੁਣੀਕੇ (ਪਟਿਆਲਾ), ਜਰਨੈਲ ਸਿੰਘ ਮਾਝੀ (ਸੰਗਰੂਰ), ਬੇਅੰਤ ਸਿੰਘ ਮਹਿਮਾ ਸਰਜਾ (ਬਠਿੰਡਾ), ਉਪਕਾਰ ਸਿੰਘ ਚੱਕ ਦੇਸ ਰਾਜ (ਜਲੰਧਰ) ਵਿਸ਼ੇਸ਼ ਤੌਰ 'ਤੇ ਸ਼ਮਿਲ ਹੋਏ। ਇਸ ਮੌਕੇ ਡਾ. ਰੁਪੇਲਾ ਨੇ ਕੁਦਰਤੀ ਖੇਤੀ ਵਿੱਚ ਵੱਖ-ਵੱਖ ਫਸਲਾਂ ਖਾਸ ਤੌਰ 'ਤੇ ਕਣਕ ਦਾ ਝਾੜ ਵਧਾਉਣ ਲਈ ਨਵੇਕਲੀ ਵਿਉਂਤਬੰਦੀ ਅਤੇ ਪ੍ਰਯੋਗਾਂ ਦੀ ਰੂਪ-ਰੇਖਾ ਤੈਅ ਕਰਨ ਲਈ ਆਏ ਹੋਏ ਕਿਸਾਨਾਂ ਨਾਲ ਡੂੰਘਾ ਵਿਚਾਰ-ਵਟਾਂਦਰਾ ਕੀਤਾ। ਉਹਨਾਂ ਕਿਹਾ ਕਿ ਕੁਦਰਤੀ ਖੇਤੀ ਵਿੱਚ ਫਸਲਾਂ ਚੋਖਾ ਝਾੜ ਲੈਣ ਲਈ ਕਿਸਾਨਾਂ ਨੂੰ ਕਣਕ-ਝੋਨੇ ਅਤੇ ਕਣਕ ਨਰਮੇ ਦਾ ਫਸਲ ਚੱਕਰ ਤੋੜ ਜਾਂ ਇਸ ਨਾਲ ਬੇਹਤਰ ਤਾਲਮੇਲ ਬਿਠਾ ਕੇ ਲੋੜੀਂਦੇ ਉਪਰਾਲੇ ਕਰਨ ਦੀ ਫ਼ੌਰੀ ਲੋੜ ਹੈ।
ਇਸ ਮੌਕੇ ਹੋਈ ਵਿਚਾਰ ਚਰਚਾ ਦੌਰਾਨ ਸਾਉਣੀ ਵਿੱਚ ਨਰਮੇ ਦੇ ਬਦਲ ਵਜੋਂ ਜਵਾਰ ਅਤੇ ਗੁਆਰੇ ਦਾ ਫ਼ਸਲ ਚੱਕਰ ਅਪਣਾਉਣ 'ਤੇ ਸਹਿਮਤੀ ਬਣੀ। ਪਰੰਤੂ ਝੋਨੇ ਦੇ ਬਦਲ ਦੇ ਤੌਰ 'ਤੇ ਮੱਕੀ ਦੀ ਫਸਲ 'ਤੇ ਸਹਿਮਤੀ ਨਹੀਂ ਬਣ ਸਕੀ। ਪਰ ਹਾਂ ਇਹ ਫੈਸਲਾ ਜ਼ਰੂਰ ਹੋਇਆ ਕਿ ਕੁਦਰਤੀ ਖੇਤੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀਆਂ ਉੱਚਿਤ ਤਕਨੀਕਾਂ ਈਜਾਦ ਕੀਤੀਆਂ ਜਾਣ। ਇਹ ਫੈਸਲਾ ਵੀ ਲਿਆ ਗਿਆ ਕਿ ਜਰਨੈਲ ਸਿੰਘ ਮਾਝੀ, ਇੰਦਰਜੀਤ ਸਿੰਘ ਸਹੋਲੀ ਅਤੇ ਗੁਰਮੇਲ ਸਿੰਘ ਗੁਣੀਕੇ ਆਪਣੇ ਖੇਤਾਂ ਵਿੱਚ ਘੱਟੋ-ਘੱਟ ਅੱਧਾ ਏਕੜ ਜ਼ਮੀਨ 'ਤੇ ਐੱਸ ਆਰ ਆਈ ਵਿਧੀ ਤਹਿਤ ਘੱਟ ਪਾਣੀ ਵਰਤ ਕੇ ਝੋਨਾ ਦੀ ਸਫ਼ਲ ਕਾਸ਼ਤ ਕਰਨ ਦਾ ਪ੍ਰਯੋਗ ਕਰਨਗੇ।
ਇਸ ਮੌਕੇ ਇਹ ਫੈਸਲਾ ਵੀ ਲਿਆ ਗਿਆ ਕਿ ਆਸ਼ੀਸ਼ ਆਹੂਜਾ, ਹਰਜੰਟ ਸਿੰਘ ਅਤੇ ਹਰਤੇਜ ਸਿੰਘ ਮਹਿਤਾ ਆਪਣੀ ਜ਼ਮੀਨ ਦੇ ਕੁੱਝ ਹਿੱਸੇ 'ਤੇ ਜਵਾਰ ਅਤੇ ਗੁਆਰੇ ਨੂੰ ਨਰਮੇ ਦੇ ਬਦਲ ਵਜੋਂ ਸਥਾਪਿਤ ਕਰਨ ਦਾ ਪ੍ਰਯੋਗ ਕਰਨਗੇ। ਇਸ ਮੌਕੇ ਡਾ. ਰੁਪੇਲਾ ਨੇ ਸੁਝਾਇਆ ਕਿ ਝੋਨੇ ਦੀ ਫਸਲ ਨੂੰ ਆਖਰੀ ਪਾਣੀ ਦਿੰਦੇ ਸਮੇਂ ਉਸ ਵਿੱਚ ਕਣਕ ਲਈ ਹਰੀ ਖਾਦ ਵਜੋਂ 10-15 ਕਿੱਲੋ ਦੋ ਦਲੇ ਬੀਜਾਂ ਦਾ ਸਿੱਟਾ ਜ਼ਰੂਰ ਦਿੱਤਾ ਜਾਵੇ ਤਾਂ ਕਿ ਵਿੱਚ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਉਪਲਭਧ ਹਰੀ ਖਾਦ ਵਾਹ ਕੇ ਭੂਮੀ ਨੂੰ ਕਣਕ ਦੀ ਫਸਲ ਲਈ ਵਧੇਰੇ ਤਾਕਤਵਰ ਬਣਇਆ ਜਾ ਸਕੇ।
ਵਿਚਾਰ ਵਟਾਂਦਰੇ ਦੌਰਾਨ ਇਹ ਗੱਲ ਵਿਸ਼ੇਸ਼ ਤੌਰ 'ਤੇ ਉੱਭਰ ਕੇ ਸਾਹਮਣੇ ਆਈ ਕਿ ਲੇਬਰ ਦੀ ਘਾਟ ਕਾਰਨ ਨਦੀਨਾਂ ਦੀ ਰੋਕਥਾਮ ਕੁਦਰਤੀ ਖੇਤੀ ਵਿੱਚ ਪ੍ਰਮੁੱਖ ਸਮੱਸਿਆ ਹੈ। ਸੋ ਨਦੀਨਾਂ ਦੀ ਰੋਕਥਾਮ ਲਈ ਕੁਦਰਤ ਵਿੱਚ ਉਪਲਭਧ ਵਨਸਪਤੀਆਂ ਤੋਂ ਕੋਈ ਜੈਵਿਕ ਨਦੀਨ ਨਾਸ਼ਕ ਬਣਾਇਆ ਜਾਵੇ। ਇਸ ਦੇ ਜਵਾਬ ਵਿੱਚ ਨਦੀਨਾਂ ਨੂੰ ਜੈਵਿਕ ਤਰੀਕਿਆਂ ਨਾਲ ਕਾਬੂ ਕਰਨ ਲਈ ਕੁੱਝ ਪ੍ਰਯੋਗ ਸੁਝਾਏ ਗਏ ਅਤੇ ਇਸ ਸਬੰਧ ਵਿੱਚ ਵਧੇਰੇ ਖੋਜ਼ ਕਰਨ ਦੀ ਮਦ 'ਤੇ ਵੀ ਸਹਿਮਤੀ ਬਣੀ।
ਅੰਤ ਦੁਪਹਿਰ ਦੇ ਖਾਣੇ ਉਪਰੰਤ ਵਰਕਸ਼ਾਪ ਆਪਣੇ ਅੰਤਿਮ ਪੜਾਅ ਨੂੰ ਪ੍ਰਾਪਤ ਹੋ ਗਈ। ਤੈਅਸ਼ੁਦਾ ਪ੍ਰੋਗਰਾਮ ਤਹਿਤ ਡਾ. ਰੁਪੇਲਾ 29 ਫਰਵਰੀ ਨੂੰ ਜਰਨੈਲ ਸਿੰਘ ਮਾਝੀ, ਗੁਰਮੇਲ ਸਿੰਘ ਗੁਣੀਕ ਅਤੇ ਇੰਦਰਜੀਤ ਸਹੋਲੀ ਹੁਣਾਂ ਦੇ ਖੇਤ ਵੇਖਣ ਅਤੇ ਉਹਨਾਂ ਨਾਲ ਸਬੰਧਤ ਪ੍ਰਯੋਗਾਂ ਬਾਰੇ ਹੋਰ ਵਿਚਾਰ ਵਟਾਂਦਰਾ ਕਰਨ ਲਈ ਸੰਗਰੂਰ ਅਤੇ ਪਟਿਆਲਾ ਸਥਿਤ ਉਹਨਾਂ ਦੇ ਪਿੰਡਾਂ ਲਈ ਰਵਾਨਾ ਹੋ ਗਏ।

ਬਠਿੰਡਾ ਵਿਖੇ ਹੋਇਆ ਟਿਕਾਊ ਖੇਤੀ ਅਤੇ ਢੁਕਵੀਆਂ ਗ੍ਰਾਮੀਣ ਤਕਨੀਕਾਂ ਦੇ ਵਿਸ਼ੇ 'ਤੇ ਸੈਮੀਨਾਰ
ਪੀ ਟੀ ਯੂ ਕਰੇਗਾ ਕੁਦਰਤੀ ਖੇਤੀ ਲਈ ਢੁਕਵੇ ਤੇ ਸਸਤੇ ਖੇਤੀ ਸੰਦਾ ਦੀ ਈਜਾਦ: ਡਾ. ਰਜਨੀਸ਼ ਅਰੋੜਾ
 
ਬੀਤੇ ਮਹੀਨੇ 27 ਫਰਵਰੀ ਨੂੰ ਖੇਤੀ ਵਿਰਾਸਤ ਮਿਸ਼ਨ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਗਿਆਨੀ ਜੈਲ ਸਿੰਘ ਕਾਲਜ, ਬਠਿੰਡਾ ਵਿਖੇ ਟਿਕਾਊ ਖੇਤੀ ਅਤੇ ਗ੍ਰਾਮੀਣ ਆਜੀਵਿਕਾ : ਸੁਮੇਲ ਅਤੇ ਨੀਤੀਗਤ ਸ਼ੁਰੂਆਤ ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਉਪ ਕੁਲਪਤੀ ਪੀ ਟੀ ਯੂ ਸ਼੍ਰੀ ਰਜਨੀਸ਼ ਅਰੋੜਾ ਨੇ ਕੀਤੀ।  ਉੱਘੇ ਕੁਦਰਤੀ ਖੇਤੀ ਵਿਗਿਆਨੀ ਤੇ ਇਕਰੀਸੈਟ ਦੇ ਸਾਬਕਾ ਪ੍ਰਧਾਨ ਵਿਗਿਆਨਕ ਸ਼੍ਰੀ ਓਮ ਪ੍ਰਕਾਸ਼ ਰੁਪੇਲਾ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਸੈਮੀਨਾਰ ਦੇ ਸੂਤਰਧਾਰ ਦੀ ਭੂਮਿਕਾ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਨੇ ਨਿਭਾਈ। ਇਹਨਾਂ ਦੇ ਇਲਾਵਾ ਡਾ. ਆਰ ਕੇ ਮਹਾਜਨ ਅਤੇ  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਮੈਡਮ ਨੀਤਾ ਰਾਜ ਸ਼ਰਮਾ ਵਿਸ਼ੇਸ਼ ਤੌਰ 'ਤੇ ਇਸ ਸੈਮੀਨਾਰ ਵਿੱਚ ਸ਼ਾਮਿਲ ਹੋਏ।
ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਗਿਆਨੀ ਜੈਲ ਸਿੰਘ ਕਾਲਜ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਹੁੰਦਲ ਆਪਣੇ ਸਵਾਗਤੀ ਭਾਸ਼ਣ ਵਿੱਚ ਟਿਕਾਊ ਟਿਕਾਊ ਖੇਤੀ ਤਕਨੀਕਾਂ ਵਿਕਸਤ ਕਰਨ ਦੇ ਸਬੰਧ ਵਿੱਚ ਪੀ ਟੀ ਯੂ ਦੇ ਗਿਆਨੀ ਜੈਲ ਸਿੰਘ ਕੈਂਪਸ ਦੁਆਰਾ ਵਿਉਂਤੇ ਗਏ ਸਾਂਝੇ ਉਪਰਾਲੇ ਬਾਰੇ ਜਾਣਕਾਰੀ ਦਿੱਤੀ। ਜਿਹਦੇ ਤਹਿਤ ਗਿਆਨੀ ਜੈਲ ਸਿੰਘ ਕੈਂਪਸ ਦੇ ਮਾਹਰ ਅਤੇ ਵਿਦਿਆਰਥੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨਾਲ ਮਿਲ ਕੇ ਕੁਦਰਤੀ ਖੇਤੀ ਲਈ ਲੋੜੀਂਦੇ ਢੁਕਵੇਂ ਸੰਦ ਵਿਕਸਤ ਕਰਨ ਦਾ ਉਪਰਾਲਾ ਕਰਨਗੇ।
ਉਪਰੰਤ ਸ਼੍ਰੀ ਉਮੇਂਦਰ ਦੱਤ ਨੇ ਸੈਮੀਨਾਰ ਦੀ ਪਿੱਠ ਭੂਮੀ 'ਤੇ ਚਾਨਣਾ ਪਾਉਂਦਿਆਂ ਇਸ ਸੈਮੀਨਾਰ ਦੀ ਲੋੜ ਅਤੇ ਮਹੱਤਵ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਨੂੰ ਸਥਾਨਕ ਹਾਲਤਾਂ ਅਤੇ ਲੋੜਾਂ ਮੁਤਾਬਿਕ ਸਸਤੀਆਂ ਅਤੇ ਟਿਕਾਊ ਖੇਤੀ ਤਕਨੀਕਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ। ਹੁਣ ਵੇਲਾ ਆ ਗਿਆ ਹੈ ਕਿ ਤਕਨੀਕ ਦਾ ਮੂੰਹ ਵੱਡੇ-ਵੱਡੇ ਕਾਰਪੋਰੇਟ ਘਰਾਨਿਆਂ ਦੀ ਬਜਾਏ ਆਮ ਲੋਕਾਂ ਦੇ ਪੱਖ ਮੋੜਨ ਦੇ ਸਿਰੜੀ ਉਪਰਾਲੇ ਕੀਤੇ ਜਾਣ। ਉਹਨਾਂ ਹੋਰ ਕਿਹਾ ਕਿ ਪੰਜਾਬ ਨੂੰ ਦਰਪੇਸ਼ ਸਿਹਤਾਂ ਅਤੇ ਵਾਤਾਵਰਣ ਦੇ ਮੌਜੂਦਾ ਸੰਕਟ ਦੇ ਮੱਦ-ਏ-ਨਜ਼ਰ ਵਾਤਾਵਰਣ ਬਚਾਊ ਖੇਤੀ ਢੰਗ ਨੂੰ ਉਤਸ਼ਹਿਤ ਕਰਨ ਦੇ ਨਾਲ-ਨਾਲ ਢੁਕਵੇਂ ਖੇਤੀ ਸੰਦਾਂ ਦਾ ਵਿਕਾਸ ਕਰਨਾ ਸਮੇਂ ਦੀ ਲੋੜ ਹੈ।
ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਆਪਣੀ ਗੱਲ ਰੱਖਦਿਆਂ ਡਾ. ਓਮ ਪ੍ਰਕਾਸ਼ ਰੁਪੇਲਾ ਨੇ ਹਾਜ਼ਰੀਨ ਨਾਲ ਕੁਦਰਤੀ ਖੇਤੀ ਸਬੰਧੀ ਆਪਣੇ ਅਨੁਭਵ ਸਾਂਝਾ ਕਰਦਿਆਂ ਕੁਦਰਤੀ ਖੇਤੀ ਦੀ ਤਕਨੀਕੀ ਜਾਣਕਾਰੀ ਅਤੇ ਬਾਰੀਕੀਆਂ 'ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਕੁਦਰਤੀ ਖੇਤੀ ਵਿੱਚ ਕਿਸਾਨਾਂ ਦੁਆਰਾ ਘਰ ਵਿੱਚ ਹੀ ਬਣਾ ਕੇ ਵਰਤੇ ਜਾਂਦੇ ਜੀਵਾਣੂ ਕਲਚਰਾਂ ਦੇ ਵਿਗਿਆਨਕ ਪੱਖ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਜੀਵਾਣੂ ਕਲਚਰ ਕਿਸਾਨਾਂ ਦੁਆਰਾ ਵਿਕਸਤ ਕੀਤੇ ਸਥਾਨਕ ਵਿਗਿਆਨ ਅਤੇ ਤਕਨੀਕ ਦੀ ਉਮਦਾ ਮਿਸਾਲ ਹਨ। ਸਰਕਾਰਾਂ ਅਤੇ ਪੀ ਟੀ ਯੂ ਵਰਗੇ ਤਕਨੀਕੀ ਸਿੱਖਿਆ ਅਦਾਰਿਆਂ ਨੂੰ ਪਹਿਲ ਦੇ ਆਧਾਰ 'ਤੇ ਅਜਿਹੀਆਂ ਢੁਕਵੀਆਂ ਖੇਤੀ ਤਕਨੀਕਾਂ ਅਤੇ ਸੰਦ ਵਿਕਸਤ ਕਰਨ ਵਿੱਚ ਕਿਸਾਨਾਂ ਦੀ ਸਹਾਇਤਾ ਕਰਨ ਜਿਹੜੇ ਕੇ ਕੁਦਰਤੀ ਖੇਤੀ ਵਿੱਚ ਉਹਨਾਂ ਲਈ ਸਹਾਈ ਸਿੱਧ ਹੋਣ। ਉਹਨਾਂ ਹੋਰ ਕਿਹਾ ਕਿ ਸਾਨੂੰ ਸਰਕਾਰਾਂ 'ਤੇ ਅਜਿਹੀਆਂ ਖੇਤੀ ਨੀਤੀਆਂ ਬਣਾਉਣ ਲਈ ਲਗਾਤਾਰ ਦਬਾਅ ਬਣਾਉਣਾ ਚਾਹੀਦਾ ਹੈ ਜਿਹੜੀਆਂ ਕਿ ਕੁਦਰਤ, ਵਾਤਾਵਰਣ, ਸਮਾਜ ਅਤੇ ਕਿਸਾਨ ਪੱਖੀ ਹੋਣ। ਇਸ ਮੌਕੇ ਡਾ. ਰੁਪੇਲਾ ਨੇ ਕੁਦਰਤੀ ਅਤੇ ਰਸਾਇਣਕ ਖੇਤੀ ਦਾ ਤੁਲਨਾਤਮਕ ਅਧਿਐਨ ਸਾਂਝਾ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਭੂਮੀ, ਪਾਣੀ ਅਤੇ ਸਮੁੱਚੇ ਵਾਤਾਵਰਣ ਦੀ ਸੰਭਾਲ ਹਿੱਤ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਸਰਕਾਰਾਂ 'ਤੇ ਅਜਿਹਾ ਕਰਨ ਲਈ ਦਬਾਅ ਬਣਾਏ ਰੱਖਣਾ ਚਾਹੀਦਾ ਹੈ।
ਸੈਮੀਨਾਰ ਵਿੱਚ ਆਏ ਕੁਦਰਤੀ ਖੇਤੀ ਕਿਸਾਨਾਂ ਹਰਜੰਟ ਸਿੰਘ  ਰਾਏ ਕੇ ਕਲਾਂ, ਹਰਤੇਜ ਸਿੰਘ ਮਹਿਤਾ, ਬੇਅੰਤ ਸਿੰਘ ਮਹਿਮਾ ਸਰਜਾ, ਜਰਨੈਲ ਸਿੰਘ ਮਾਝੀ, ਇੰਦਰਜੀਤ ਸਿੰਘ ਸਹੋਲੀ, ਗੁਰਮੇਲ ਸਿੰਘ ਗੁਣੀਕੇ, ਮਨਦੀਪ ਸਿੰਘ ਪੰਨੀਵਾਲਾ ਮਾਹਲਾ, ਉਪਕਾਰ ਸਿੰਘ ਚੱਕ ਦੇਸ ਰਾਜ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਾਬੂ ਸਿੰਘ ਨੇ ਕੁਦਰਤੀ ਖੇਤੀ ਵਿੱਚ ਲੋੜੀਂਦੇ ਸੰਦਾ ਬਾਰੇ ਆਪਣੀ ਗੱਲ ਰੱਖਦਿਆਂ ਪੀਟੀਯੂ ਦੇ ਗਿਆਨੀ ਜੈਲ ਸਿੰਘ ਕੈਂਪਸ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਹਰਾਂ ਨੂੰ ਇਸ ਸਬੰਧ ਵਿੱਚ ਖੋਜ਼ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਤੋਂ ਪ੍ਰੋਫੈਸਰ ਸ਼੍ਰੀ ਰਜਿੰਦਰ ਚੌਧਰੀ ਨੇ ਕੁਦਰਤੀ ਖੇਤੀ ਵਿੱਚ ਲੋੜੀਂਦੇ ਸੰਦਾਂ ਬਾਰੇ ਵਿਸਥਾਰ ਨਾਲ ਆਪਣੀ ਗੱਲ ਰੱਖੀ ਅਤੇ ਕਿਹਾ ਕਿ ਕੁਦਰਤੀ ਖੇਤੀ ਤੋਂ ਲੇਬਰ ਦਾ ਬੋਝ ਹਲਕਾ ਕਰਨ ਲਈ ਫ਼ਸਲਾਂ ਦੀ ਬਿਜਾਈ, ਗੁਡਾਈ ਅਤੇ ਕਟਾਈ ਲਈ ਖਾਸ ਕਿਸਮ ਦੇ ਅਤੇ ਸਸਤੇ ਖੇਤੀ ਸੰਦ ਤਿਆਰ ਕਰਕੇ ਕਿਸਾਨਾਂ ਤੱਕ ਪੁੱਜਦੇ ਕਰਨਾ ਸਮੇਂ ਦੀ ਲੋੜ ਹੈ। ਇਹ ਕੰਮ ਤਕਨੀਕੀ ਸਿੱਖਿਆ ਅਦਾਰਾ ਬਾਖੂਬੀ ਕਰ ਸਕਦੇ ਹਨ।
ਆਪਣੇ ਸੰਬੋਧਨ ਦੌਰਾਨ ਲਵਲੀ ਪ੍ਰੋਫਸ਼ਨਲ ਯੂਨੀਵਰਸਿਟੀ ਦੇ ਮੈਡਮ ਨੀਤਾ ਰਾਜ ਸ਼ਰਮਾ ਨੇ ਆਏ ਹੋਏ ਕਿਸਾਨਾਂ ਨੂੰ ਆਪਣੀ ਲੈਬਰਾਟਰੀ ਵਿੱਚ ਉਹਨਾਂ ਦੁਆਰਾ ਵਰਤੇ ਅਤੇ ਪੈਦਾ ਕੀਤੇ ਜਾਣ ਵਾਲੇ ਉਤਪਾਦਾਂ ਦੀ ਟੈਸਟਿੰਗ ਲਈ ਉਪਰਾਲਾ ਕਰਨ ਦਾ ਵਿਸ਼ਵਾਸ਼ ਦਿਵਾਇਆ ਅਤੇ ਨਾਲ ਹੀ ਅਜਿਹੇ ਰੁੱਖ ਲਾਉਣ ਦੀ ਵੀ ਅਪੀਲ ਕੀਤੀ ਜਿਹਨਾ ਦੀ ਉਪਜ ਸਰੀਰ ਵਿੱਚ ਕਈ ਪ੍ਰਕਾਰ ਦੇ ਤੱਤਾਂ ਦੀ ਘਾਟ ਨੂੰ ਪੂਰਨ ਲਈ ਜਾਣੀ ਜਾਂਦੀ ਹੈ।
ਇਹਨਾਂ ਤੋਂ ਇਲਾਵਾ ਡਾ. ਨਛੱਤਰ ਸਿੰਘ ਡੀਨ- ਪੀ ਟੀ ਯੂ, ਡਾ. ਆਰ ਕੇ ਮਹਾਜਨ -ਸਵਾਮੀ ਵਿਵੇਕਾਨੰਦ ਸਟਡੀਸਰਕਲ, ਬਠਿੰਡਾ, ਸ. ਬੋਘ ਸਿੰਘ ਮਾਨਸਾ ਬੀ ਕੇ ਯੂ ਏਕਤਾ (ਸਿੱਧੂਪੁਰ) ਅਤੇ ਖੇਤੀ ਬਾੜੀ ਵਿਭਾਗ ਬਠਿੰਡਾ ਦੇ ਡਾ. ਕੇਵਲ ਕ੍ਰਿਸ਼ਨ ਜੀਦਾ ਨੇ ਵੀ ਸੈਮੀਨਾਰ ਵਿੱਚ ਆਪਣੇ ਬਹੁਮੁੱਲੇ ਵਿਚਾਰ ਸਭ ਨਾਲ ਸਾਂਝੇ ਕੀਤੇ।
ਅੰਤ ਵਿੱਚ ਸੈਮੀਨਾਰ ਵਿੱਚ ਹੋਈ ਸਾਰੇ ਵਿਚਾਰ ਵਟਾਂਦਰੇ ਨਿਚੋੜ ਵਜੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਹ ਵਚਨਬੱਧਤਾ ਪ੍ਰਗਟ ਕੀਤੀ ਕਿ ਪੀ ਟੀ ਯੂ ਅਤੇ ਇਸਦਾ ਗਿਆਨੀ ਜੈਲ ਸਿੰਘ ਕੈਂਪਸ ਸਥਾਨਕ ਲੋੜਾਂ ਅਤੇ ਕਦਰਤੀ ਖੇਤੀ ਲਈ ਢੁਕਵੇ ਖੇਤੀ ਸੰਦ ਅਤੇ ਤਕਨੀਕਾਂ ਵਿਕਸਤ ਕਰਨ ਵਿੱਚ ਭਰਪੂਰ ਯੋਗਦਾਨ ਦਿੰਦਾ ਰਹੇਗਾ। ਇਸਦੇ ਨਾਲ ਹੀ ਜਲਦੀ ਹੀ ਗਿਆਨੀ ਜੈਲ ਸਿੰਘ ਕੈਂਪਸ ਤੋਂ ਕੁਦਰਤੀ ਖੇਤੀ ਕਿਸਾਨਾਂ ਲਈ ਇੱਕ ਹੈਲਪ ਲਾਈਨ ਖੋਲ•ਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਹੋਰ ਕਿਹਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਜਲੰਧਰ ਸਥਿਤ ਸਾਂਇੰਸ ਸਿਟੀ ਵਿਖੇ ਕੁਦਰਤੀ ਖੇਤੀ ਅਤੇ ਢੁਕਵੀਆਂ ਗ੍ਰਾਮੀਣ ਤਕਨੀਕਾਂ ਸਬੰਧੀ ਇੱਕ ਪੈਵੇਲੀਅਨ ਸਥਾਪਿਤ ਕੀਤਾ ਜਾਵੇ। ਉਹਨਾਂ ਹੋਰ ਕਿਹਾ ਕਿ ਪੀ ਟੀ ਯੂ  ਸਮਾਜ ਪ੍ਰਤੀ ਆਪਣੀ ਜਵਾਬਦੇਹੀ ਨੂੰ ਸਮਝਦੇ ਹੋਏ ਇਹਨਾਂ ਮਸਲਿਆਂ 'ਤੇ ਖੇਤੀ ਵਿਰਾਸਤ ਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਜਿੰਨਾਂ ਸੰਭਵ ਹੋ ਸਕੇਗਾ ਵੱਧ ਤੋਂ ਵੱਧ ਯੋਗਦਾਨ ਦਿੰਦਾ ਰਹੇਗਾ।

ਗ੍ਰੀਨ ਟੈੱਕ ਫੈਸਟ ਵਿੱਚ ਬੇਬੇ ਦੀ ਰਸੋਈ
ਬਠਿੰਡਾ ਦੇ ਪਿੰਡ ਦਿਓਣ ਸਥਿਤ ਬਾਬਾ ਫਰੀਦ ਗਰੁੱਪ ਆੱਫ ਇੰਸਟੀਟਿਊਸ਼ਨਜ ਵੱਲੋਂ ਗ੍ਰੀਨ ਟੈੱਕ ਫੈਸਟ ਕਰਵਾਇਆ ਗਿਆ। ਇਸ ਫੈਸਟ ਵਿੱਚ ਇਲਾਕੇ ਦੇ ਹੋਰਨਾਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਸੱਦਾ ਦਿੱਤਾ ਗਿਆ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਵੱਲੋਂ 'ਬੇਬੇ ਦੀ ਰਸੋਈ' ਰਵਾਇਤੀ ਖਾਣਿਆਂ ਦਾ ਸਟਾਲ ਲਗਾਇਆ ਗਿਆ। ਇਹ ਸਟਾਲ ਪਿੰਡ ਭੋਤਨਾ ਜਿਲਾ ਬਰਨਾਲਾ ਦੀਆਂ ਕੁਦਰਤੀ ਘਰੇਲੂ ਬਗੀਚੀ ਕਰਨ ਵਾਲੀਆਂ ਔਰਤਾਂ ਦੇ 'ਸਹਿਯੋਗਿਨੀ ਸੈਲਫ ਹੈਲਪ ਗਰੁੱਪ' ਵੱਲੋਂ ਲਗਾਇਆ ਗਿਆ। ਇਸ ਮੌਕੇ ਬੀਬੀਆ ਵੱਲੋਂ ਪੰਜਾਬੀ ਰਵਾਇਤੀ ਖਾਣੇ ਮੋਠ-ਬਾਜਰੇ ਦੀ ਖਿਚੜੀ, ਮੱਕੀ ਦੀ ਰੋਟੀ-ਸਰੋਂ ਦਾ ਸਾਗ, ਗੁੜ ਦਾ ਸ਼ਰਬਤ, ਬਾਜਰੇ ਦੇ ਪਕੌੜੇ, ਮੱਕੀ, ਜਵਾਰ, ਬਾਜਰੇ ਦੇ ਭੂਤ-ਪਿੰਨੇ ਖਵਾਏ ਗਏ।
ਫੈਸਟ ਦੌਰਾਨ ਕਈ ਸਕੂਲਾਂ ਦੇ ਬੱਚਿਆਂ ਨੇ ਸਟਾਲ ਤੇ ਸ਼ਿਰਕਤ ਕੀਤੀ ਅਤੇ ਰਵਾਇਤੀ ਖਾਣਿਆਂ ਦਾ ਆਨੰਦ ਮਾਣਿਆ। ਬਹੁਤੇ ਬੱਚਿਆ ਨੇ ਇਹਨਾਂ ਵਿੱਚੋਂ ਕਈ ਖਾਣਿਆਂ ਦਾ ਸਵਾਦ ਪਹਿਲੀ ਵਾਰੀ ਚੱਖਿਆ ਸੀ। ਇਹ ਵੀ ਦੇਖਣ ਵਿੱਚ ਆਇਆ ਕਿ ਬਹੁਤੇ ਬੱਚਿਆਂ ਨੂੰ ਜਵਾਰ, ਬਾਜਰੇ ਦੀ ਵੀ ਪਛਾਣ ਨਹੀ ਸੀ, ਇਸਦਾ ਕਾਰਨ ਸ਼ਾਇਦ ਇਹਨਾਂ ਖਾਣਿਆਂ ਦਾ ਸਾਡੀ ਭੋਜਨ ਲੜੀ ਵਿੱਚੋਂ ਗਾਇਬ ਹੋ ਜਾਣਾ ਸੀ।
ਸਕੂਲੀ ਬੱਚਿਆਂ ਨੇ ਇਹਨਾਂ ਖਾਣਿਆ ਸੰਬੰਧੀ ਕਈ ਸਵਾਲ-ਜਵਾਬ ਕੀਤੇ ਜਿਵੇਂ ਕਿ ਇਹ ਕਿਸ ਤਰਾ ਬਣਦੇ ਹਨ, ਇਹਨਾਂ ਦੇ ਖਾਣ ਨਾਲ ਸਿਹਤ ਨੂੰ ਕੀ ਫਾਇਦੇ ਹਨ, ਰਸਾਇਣਿਕ ਤਰੀਕਿਆਂ ਨਾਲ ਤਿਆਰ ਕੀਤੇ ਭੋਜਨ ਦੇ ਕੀ ਨੁਕਸਾਨ ਹਨ।  ਬੀਬੀਆਂ ਵੱਲੋਂ ਸਕੂਲੀ ਬੱਚਿਆਂ ਦੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਗਏ।
ਕੁੱਝ ਸਕੂਲੀ ਲੜਕੀਆਂ ਨੇ ਪਾਣੀ ਹੱਥ ਦੀ ਮੱਕੀ ਦੀ ਰੋਟੀ ਬਣਾਉਣ ਲਈ ਵੀ ਹੱਥ ਅਜ਼ਮਾਇਆ।

No comments:

Post a Comment