Saturday 22 October 2011

ਕਣਕ ਦੇ ਕੀਟਾਂ ਨਾਲ ਜਾਣ-ਪਹਿਚਾਣ

ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿੱਚ ਕੀਟਾਂ ਲਈ ਕੋਈ ਵੈਰ-ਵਿਰੋਧ ਨਹੀ ਸੀ, ਫਿਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਕਿਸਾਨ ਅਤੇ ਕੀਟਾਂ ਵਿਚਕਾਰ ਜੰਗ ਛਿੜ ਗਈ। ਕਿਸਾਨ ਹੱਥ ਧੋ ਕੇ ਇਹਨਾਂ ਕੀਟਾਂ ਮਗਰ ਪੈ ਗਿਆ ਪਰ ਇਹ ਕੀਟ ਫਿਰ ਵੀ ਕਿਸਾਨ ਤੋਂ ਕਾਬੂ ਨਾ ਆਏ। ਇਹਨਾਂ ਕੀਟਾਂ ਤੋਂ ਜੇ ਕਿਸਾਨ ਨੇ ਜੰਗ ਜਿੱਤਣੀ ਹੈ ਤਾਂ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ।

                   ਇਹ ਕੀਟ ਧਰਤੀ ਉੱਪਰ ਲਗਭਗ 33 ਕਰੋੜ ਸਾਲ ਪਹਿਲਾਂ ਆਏ ਜਦਕਿ ਕਿਸਾਨ ਸਿਰਫ਼ 10 ਲੱਖ ਸਾਲ ਪਹਿਲਾਂ ਇਸ ਧਰਤੀ ਉੱਤੇ ਆਇਆ। ਇਹਨਾਂ ਕੀਟਾਂ ਨੇ ਅੱਗ ਦੇ, ਬਰਫ਼ ਦੇ ਯੁੱਗ ਵੇਖੇ ਅਤੇ ਇਹਨਾਂ ਯੁੱਗਾ ਨੂੰ ਪਾਰ ਕਰਦੇ ਹੋਏ ਅੱਜ ਤੱਕ ਜੀਵਿਤ ਹਨ। ਤਾਂ ਫਿਰ ਕਿਸਾਨ ਕਿਵੇਂ ਇਹਨਾਂ ਦਾ ਵੰਸ਼-ਨਾਸ਼ ਕਰ ਸਕਦਾ ਹੈ। ਅੱਜ ਹਰ ਕੰਪਨੀ ਨਵੇਂ ਤੋ ਨਵੇਂ ਕੀਟਨਾਸ਼ਕ ਨਾਲ ਇਹਨਾਂ ਕੀਟਾ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ, ਪਰ ਜ਼ਰਾ ਸੋਚੋ ਕਿ ਜੇ ਇੰਝ ਹੋ ਸਕਦਾ ਤਾਂ ਅੱਜ ਚਾਲ੍ਹੀ ਸਾਲਾਂ ਵਿੱਚ ਇਹਨਾਂ ਕੀਟਾ ਦਾ ਨਾਮੋ-ਨਿਸ਼ਾਨ ਵੀ ਨਹੀ ਰਹਿਣਾ ਚਾਹੀਦਾ ਸੀ, ਪਰ ਇੰਝ ਨਹੀ ਹੋਇਆ ਅਤੇ ਕਿਸਾਨ ਹਰ ਵਾਰ ਇਹਨਾਂ ਕੀਟਾਂ ਨੂੰ ਕੰਟਰੋਲ ਕਰਨ ਦੇ ਨਾਮ ਉੱਤੇ ਇਹਨਾਂ ਕੰਪਨੀਆਂ ਵੱਲੋਂ ਲੁੱਟਿਆ ਗਿਆ। ਸੋ ਇਹਨਾਂ ਕੀਟਾ ਨਾਲ ਆਪਣੀ ਜੰਗ ਵਿੱਚ ਕਿਸਾਨ ਅੱਜ ਤੱਕ ਇਹਨਾਂ ਕੀਟਨਾਸ਼ਕ ਜ਼ਹਿਰਾਂ ਦੇ ਸਿਰ ਉੱਤੇ ਨਹੀ ਜਿੱਤ ਪਾਇਆ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਜਿੱਤ ਸਕੇਗਾ।

                ਇਹ ਸਭ ਪੜ੍ਹਨ ਤੋਂ ਬਾਅਦ ਕਿਸਾਨਾਂ ਦੇ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਜੇ ਕੀਟਨਾਸ਼ਕ ਜ਼ਹਿਰਾਂ ਨਹੀ ਵਰਤਣੀਆਂ ਤਾਂ ਇਹਨਾਂ ਨੂੰ ਕਾਬੂ ਕਿਵੇਂ ਕੀਤਾ ਜਾਵੇ। ਇਸ ਸਵਾਲ ਦਾ ਜਵਾਬ ਹੈ - ਕੀਟਾਂ ਨੂੰ ਜਾਣ-ਸਮਝ ਕੇ।  ਜਿਵੇਂ ਕਿਸੇ ਦੁਸ਼ਮਣ ਨਾਲ ਜੰਗ ਜਿੱਤਣ ਲਈ ਉਸ ਦੀ ਤਾਕਤ, ਉਸਦੀ ਕਮਜ਼ੋਰੀ ਅਤੇ ਉਸਦੇ ਭੇਦਾ ਬਾਰੇ ਪਤਾ ਹੋਣਾ ਜ਼ਰੂਰੀ ਹੈ, ਠੀਕ ਇਸੇਂ ਤਰ੍ਹਾ ਸਾਨੂੰ ਕੀਟਾ ਨਾਲ ਆਪਣੀ ਜੰਗ ਜਿੱਤਣ ਲਈ ਇਹਨਾਂ ਦੀ ਪਛਾਣ, ਇਹਨਾਂ ਦੀ ਤਾਕਤ ਅਤੇ ਕਮਜ਼ੋਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਫਿਰ ਹੀ ਇਹ ਜੰਗ ਜਿੱਤੀ ਜਾ ਸਕੇਗੀ। ਮਹਾਭਾਰਤ ਜਿਹੀ ਵੱਡੀ ਲੜ੍ਹਾਈ ਸਿਰਫ 18 ਦਿਨ ਵਿੱਚ ਖ਼ਤਮ ਹੋ ਗਈ ਕਿਉਂਕਿ ਕੌਰਵਾਂ ਅਤੇ ਪਾਂਡਵਾਂ ਨੂੰ ਇੱਕ ਦੂਜੇ ਦੇ ਭੇਦਾ, ਤਾਕਤ ਅਤੇ ਕਮਜ਼ੋਰੀਆਂ ਦੀ ਪੂਰੀ ਜ਼ਾਣਕਾਰੀ ਸੀ। ਜਦਕਿ ਕਿਸਾਨਾਂ ਕੋਲ ਕੀਟਾ ਬਾਰੇ ਇਸ ਤਰ੍ਹਾ ਦੀ ਕੋਈ ਜਾਣਕਾਰੀ ਨਹੀ, ਇਸਲਈ ਕਿਸ;ਾਨ ਅੱਜ ਤੱਕ ਇਹ ਜੰਗ ਨਹੀ ਜਿੱਤ ਸਕਿਆ। ਦੂਸਰੀ ਮਹੱਤਵਪੂਰਨ ਗੱਲ, ਮਹਾਂਭਾਰਤ ਦੀ ਲੜ੍ਹਾਈ ਵਿੱਚ ਹਰ ਯੋਧੇ ਕੋਲ ਦੋ ਤਰ੍ਹਾ ਦੇ ਹਥਿਆਰ ਸਨ, ਇੱਕ ਖ਼ੁਦ ਦੀ ਰੱਖਿਆ ਕਰਨ ਲਈ ਅਤੇ ਇੱਕ ਦੂਸਰਿਆਂ ਨੂੰ ਮਾਰਨ ਵਾਸਤੇ, ਪਰ ਸਾਡੇ ਕਿਸਾਨਾ ਕੋਲ ਸਿਰਫ ਮਾਰਨ ਵਾਲੇ ਹਥਿਆਰ ਹਨ ਅਤੇ ਉਹ ਵੀ ਬੇਗਾਨੇ। ਅਤੇ ਬੇਗਾਨੇ ਹਥਿਆਰਾਂ ਨਾਲ ਜੰਗ ਨਹੀ ਜਿੱਤੀ ਜਾਂਦੀ।  ਇਸਲਈ ਅੱਜ ਤੱਕ ਇਹ ਜੰਗ ਜਾਰੀ ਹੈ।

ਸੋ ਕਿਸਾਨਾਂ ਨੇ ਜੇ ਇਹ ਜੰਗ ਜਿੱਤਣੀ ਹੈ ਤਾਂ ਉਸ ਨੂੰ ਤਿੰਨ ਕੰਮ ਕਰਨੇ ਪੈਣਗੇ-

1. ਕੀਟਾਂ ਦੀਆਂ ਵਿਭਿੰਨ ਅਵਸਥਾਵਾਂ ਦੀ ਸਹੀ ਪਹਿਚਾਨ

2. ਕੀਟਾਂ ਦੇ ਭੇਦ ਜਾਣਨੇ

3. ਆਪਣੇ ਖ਼ੁਦ ਦੇ ਹਥਿਆਰ ਵਿਕਸਿਤ ਕਰਨੇ।


ਕੀਟ ਉਹਨਾਂ ਰੀੜ੍ਹਵਿਹੀਨ ਜੀਵਾ ਨੂੰ ਕਿਹਾ ਜਾਂਦਾ ਹੈ, ਜਿੰਨ੍ਹਾ ਦਾ ਸ਼ਰੀਰ ਤਿੰਨ ਭਾਗਾਂ ਸਿਰ, ਧੜ ਅਤੇ ਪੇਟ ਵਿੱਚ ਵੰਡਿਆ ਹੁੰਦਾ ਹੈ ਅਤੇ ਦੋ ਜੋੜੀ ਖੰਭ ਅਤੇ ਤਿੰਨ ਜੋੜੀ ਲੱਤਾ ਹੁੰਦੀਆਂ ਹਨ।   ਕੀਟ ਦੀਆਂ ਅੱਖਾ, ਮੂੰਹ ਅਤੇ ਐਟੀਨਾ ਇਸਦੇ ਸਿਰ ਵਾਲੇ ਹਿੱਸੇ ਵਿੱਚ ਹੁੰਦੀਆ ਹਨ। ਲੱਤਾ ਅਤੇ ਖੰਭ ਧੜ ਉੱਪਰ ਹੁੰਦੇ ਹਨ। ਇਹਨਾਂ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ- ਅੰਡਾ, ਲਾਰਵਾ, ਪਿਊਪਾ ਅਤੇ ਬਾਲਗ। ਲਾਰਵਾ(ਸੁੰਡੀ)  ਵਿੱਚ ਹੀ ਕੀਟ ਨੁਕਸਾਨ ਪਹੁੰਚਾਉਦੇ ਹਨ। ਕੀਟਾਂ ਦਾ
ਖ਼ੂਨ ਹਵਾ ਦੇ ਸੰਪਰਕ ਵਿੱਚ ਆਉਣ ਤੇ ਨਹੀ ਜੰਮਦਾ। ਇਸ ਲਈ ਖ਼ੂਨ ਵਹਿ ਜਾਣ ਨਾਲ ਵੀ ਇਹਨਾਂ ਦੀ ਮੌਤ ਯਕੀਨੀ ਹੈ।

                  ਭੋਜਨ ਦੀ ਤਾਸੀਰ ਦੇ ਆਧਾਰ ਉੱਤੇ ਕੀਟ ਦੋ ਪ੍ਰਕਾਰ ਦੇ ਹਨ- ਮਾਂਸਾਹਾਰੀ ਅਤੇ ਸ਼ਾਕਾਹਾਰੀ। ਸ਼ਾਕਾਹਾਰੀ ਕਿਸਾਨ ਦੇ ਦੁਸ਼ਮਣ ਅਤੇ ਮਾਂਸਾਹਾਰੀ ਕਿਸਾਨ ਦੇ ਮਿੱਤਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਮੂੰਹ ਦੀ ਬਨਾਵਟ ਦੇ ਆਧਾਰ ਤੇ ਵੀ ਦੋ ਪ੍ਰਕਾਰ ਦੇ ਹਨ- ਰਸ ਚੂਸਣ ਵਾਲੇ ਅਤੇ ਪੱਤੇ ਖਾਣ ਵਾਲੇ।

ਕਿਸਾਨ ਭਰਾਂਵਾ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਕਣਕ ਦੀ ਫ਼ਸਲ ਵਿੱਚ ਤੇਲੇ ਦੀ ਜ਼ਿਆਦਾ ਮਾਰ ਪੈਂਦੀ ਹੈ, ਇਸਲਈ ਅੱਜ ਆਪਾਂ ਇਸ ਬਾਰੇ ਜਾਣਾਗੇ।


ਰਸ ਚੂਸਕ ਕੀਟ - ਤੇਲਾ

ਨਰਮੇ ਅਤੇ ਕਣਕ ਦਾ ਰਸ ਚੂਸ ਕੇ ਨੁਕਸਾਨ ਕਰਨ ਵਾਲੇ ਕੀਟਾ ਵਿੱਚੋਂ ਤੇਲਾ ਇੱਕ ਮੁੱਖ ਕੀਟ ਹੈ। ਇਹ ਤੋਤੀਏ ਰੰਗ ਦਾ ਹੁੰਦਾ ਹੈ। ਅੰਗਰੇਜੀ ਵਿੱਚ ਇਸ ਨੂੰ ਜੈਸਿਡ ਕਹਿੰਦੇ ਹਨ। ਲੋਹਾਰ ਦੀ ਛੈਣੀ ਵਰਗਾ ਦਿਸਣ ਵਾਲਾ ਇਹ ਕੀਟ ਲਗਭਗ ਤਿੰਨ ਮੀਟਰ ਲੰਬਾ ਹੁੰਦਾ ਹੈ। ਇਸਦਾ ਸੁਭਾਅ ਬਾਕੀ ਕੀਟਾਂ ਵਾਂਗ ਲਾਈਟ ਵੱਲ ਆਕਰਸ਼ਿਤ ਹੋਣ ਵਾਲਾ ਹੁੰਦਾ ਹੈ।

ਤੇਲੇ ਦਾ ਬਾਲਗ ਅਤੇ ਤੇਲੇ ਦਾ ਬੱਚਾ ਜਿਸ ਨੂੰ ਨਿਮਫ ਕਿਹਾ ਜਾਂਦਾ ਹੈ, ਫ਼ਸਲ ਦਾ ਰਸ ਚੂਸ ਕੇ ਫ਼ਸਲ ਨੂੰ ਨੁਕਸਾਨ ਪਹੁੰਚਾਉਦੇ ਹਨ। ਇੱਥੇ ਹੀ ਬੱਸ ਨਹੀਂ, ਇਹ ਤਾਂ ਰਸ ਚੂਸਣ ਦੀ ਪ੍ਰਕ੍ਰਿਆ ਵੇਲੇ ਪੱਤਿਆਂ ਵਿੱਚ ਜ਼ਹਿਰ ਵੀ ਛੱਡਦੇ ਹਨ। ਰਸ ਚੂਸਣ ਦੇ ਕਾਰਣ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੱਤਿਆਂ ਉੱਪਰ ਲਾਲ ਰੰਗ ਦੇ ਬਿੰਦੀਨੁਮਾਂ ਮਹੀਨ ਨਿਸ਼ਾਨ ਪੈ ਜਾਂਦੇ ਹਨ। ਜ਼ਿਆਦਾ ਪ੍ਰਕੋਪ ਹੋਣ ਉੱਤੇ ਪੱਤਾ ਪੂਰਾ ਹੀ ਲਾਲ ਹੋ ਜਾਂਦਾ ਹੈ ਅਤੇ ਹੇਠਾਂ ਵੱਲ ਮੁੜ ਜਾਂਦਾ ਹੈ। ਅੰਤ ਵਿੱਚ ਪੱਤਾ ਸੁੱਕ ਕੇ ਹੇਠਾਂ ਡਿੱਗ ਪੈਂਦਾ ਹੈ।

ਤੇਲੇ ਦੀ ਮਾਦਾ ਆਪਣੇ ਜੀਵਨ ਕਾਲ ਵਿੱਚ ਤਕਰੀਬਨ15 ਅੰਡੇ ਪੱਤੇ ਦੀ ਹੇਠਲੀ ਸਤ੍ਹਾ ਤੇ ਪੱਤੇ ਦੀ ਸਤ੍ਹਾ ਦੇ ਨਾਲ ਤੰਤੂਆਂ ਵਿੱਚ ਦਿੰਦੀ ਹੈ। 5-6 ਦਿਨਾਂ ਵਿੱਚ ਇੰਨਾਂ ਅੰਡਿਆਂ ਵਿੱਚੋਂ ਬੱਚੇ (ਨਿਮਫ) ਨਿਕਲ ਆਉਦੇਂ ਹਨ। ਇਹ ਨਿਮਫ ਪੱਤੇ ਦੀ ਹੇਠਲੀ ਸਤ੍ਹਾ ਤੋਂ ਰਸ ਚੂਸ ਕੇ ਆਪਣਾ ਗੁਜ਼ਾਰਾ ਕਰਦੇ ਹਨ। ਮੌਸਮ ਦੀ ਅਨੁਕੂਲਤਾ ਅਤੇ ਭੋਜਨ ਦੀ ਉਪਲਬਧਤਾ ਦੇ ਅਨੁਸਾਰ, ਇਹ ਬੱਚੇ ਬਾਲਗ ਬਣਨ ਲਈ 10-20 ਦਿਨ ਦਾ ਸਮਾਂ ਲੈਦੇ ਹਨ। ਇਸ ਦੌਰਾਨ ਇਹ ਬੱਚੇ ਭਾਵ ਨਿਮਫ ਤਕਰੀਬਨ 5 ਵਾਰ ਆਪਣੀ ਕੁੰਜ ਉਤਾਰਦੇ ਹਨ। ਇਹਨਾਂ ਦਾ ਬਾਲਗ ਜੀਵਨ 40-50 ਦਿਨ ਦਾ ਹੁੰਦਾ ਹੈ।

ਇਸ ਪ੍ਰਕ੍ਰਿਤੀ ਦਾ ਇੱਕ ਨਿਯਮ ਹੈ ਕਿ ਇੱਥੇ ਹਰ ਜੀਵ ਨੂੰ ਖਾਣ ਲਈ ਕੋਈ ਨਾਂ ਕੋਈ ਜੀਵ ਕੁਦਰਤ ਵੱਲੋਂ ਬਣਿਆਂ ਹੋਇਆ ਹੈ। ਤੇਲੇ ਵੀ ਇਸ ਨਿਯਮ ਤੋਂ ਬਚੇ ਹੋਏ ਨਹੀ ਹਨ। ਤੇਲੇ ਦੇ ਬੱਚੇ ਅਤੇ ਬਾਲਗ ਫ਼ਸਲ ਵਿੱਚ ਮੱਕੜੀਆਂ, ਦੈਂਤ ਮੱਖੀਆਂ, ਡਾਇਨ ਮੱਖ਼ੀਆਂ, ਕਰਾਈਸੋਪਾ ਅਤੇ ਲੇਡੀ ਬੀਟਲ ( ਜਿਸ ਨੂੰ ਬੱਚੇ ਫ਼ੇਲ-ਪਾਸ ਕਹਿੰਦੇ ਨੇ) ਦਾ ਭੋਜਨ ਬਣਦੇ ਹਨ। ਕਈ ਤਰ੍ਹਾ ਦੇ ਬੱਗ ਜਿਵੇਂ ਡਾਕੂ ਬੱਗ ਅਤੇ ਕਾਤਿਲ ਬੱਗ ਤੇਲੇ ਦੇ ਖ਼ੂਨ ਦੇ ਪਿਆਸੇ ਹੁੰਦੇ ਹਨ।

ਸੋ ਕਿਸਾਨ ਭਰਾਵੋਂ, ਅਗਲੀ ਵਾਰ ਤੇਲੇ ਲਈ ਕੀਟਨਾਸ਼ਕ ਛਿੜਕਣ ਤੋਂ ਪਹਿਲਾਂ ਆਪਣੇ ਖੇਤ ਵਿੱਚ ਕੁਦਰਤ ਵੱਲੋਂ ਤੁਹਾਡੀ ਮੱਦਦ ਲਈ ਭੇਜੇ ਕੁਦਰਤੀ ਕੀਟਨਾਸ਼ਕਾਂ ਮੱਕੜੀਆਂ, ਦੈਂਤ ਮੱਖੀਆਂ, ਡਾਇਨ ਮੱਖ਼ੀਆਂ, ਕਰਾਈਸੋਪਾ ਅਤੇ ਲੇਡੀ ਬੀਟਲ ਵੱਲ ਨਜ਼ਰ ਜ਼ਰੂਰ ਮਾਰ ਲੈਣਾ।
ਹੁਣ ਕਿਸਾਨ ਭਰਾਵਾਂ ਦੇ ਮਨ ਵਿੱਚ ਇਹਨਾਂ ਦੇ ਹੱਲ ਬਾਰੇ ਵੀ ਵਿਚਾਰ ਆ ਰਿਹਾ ਹੋਵੇਗਾ। ਤਾਂ ਕਿਸਾਨ ਵੀਰੋ! ਤੁਹਾਨੂੰ ਕੁਦਰਤ ਨੇ ਆਪ ਹੀ ਮੁਫ਼ਤ ਦੇ ਕੀਟਨਾਸ਼ੀ ਦਿੱਤੇ ਹਨ ਜਿਹੜੇ ਕਿਸਾਨਾਂ ਤੋਂ ਬਿਨਾਂ ਕੁੱਝ ਲਏ ਇਹਨਾਂ ਨੁਥਸਾਨ ਪਹੁੰਚਾਉਣ ਵਾਲੇ ਕੀਟਾ ਨੂੰ ਖ਼ਤਮ ਕਰਦੇ ਹਨ। ਇਹਨਾਂ ਵਿੱਚੋਂ ਇੱਕ ਹੈ - ਲੇਡੀ ਬਗ ਬੀਟਲ।

ਮੁਫਤ ਦੇ ਕੀਟਨਾਸ਼ਕ - ਲੇਡੀ ਬੀਟਲ

ਮਿਲੀ ਬੱਗ,ਤੇਲੇ ਅਤੇ ਚੇਪੇ ਦੀ ਕੁਸ਼ਲ ਸ਼ਿਕਾਰੀ ਜਾਣੀ ਜਾਣ ਵਾਲੀ ਲੇਡੀ ਬੀਟਲ ਕੌਕਸੀਨੋਲਿਡਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਲੇਡੀ ਬੀਟਲ ਦੇ ਬਾਲਗ ਅਤੇ ਬੱਚੇ ਦੋਵੇਂ ਹੀ ਮਾਸਾਹਾਰੀ ਹਨ। ਪੰਜਾਬ ਵਿੱਚ ਇਹ ਰੱਬ ਦੀ ਗਾਂ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਅਤੇ ਬੱਚੇ ਇਸ ਨੂੰ ਫੇਲ੍ਹ-ਪਾਸ ਦੇ ਨਾਮ ਨਾਲ ਵੀ ਜਾਣਦੇ ਹਨ। ਵਿਗਿਆਨਕ ਇਸ ਨੂੰ ਲੇਡੀ ਬਰਡ ਬੀਟਲ ਜਾਂ ਲੇਡੀ ਬੀਟਲ ਕਹਿੰਦੇ ਹਨ। ਇਹ 0.04 ਤੋ 0.4 ਇੰਚ ਤੱਕ ਲੰਬੇ, ਕਾਲੀਆਂ ਲੱਤਾ ਵਾਲੇ, ਇੱਕ ਐਂਟੀਨਾ ਅਤੇ ਲਾਲ, ਪੀਲੇ ਅਤੇ ਸੰਤਰੀ ਰੰਗ ਦੇ ਖੰਭਾ, ਜਿੰਨ੍ਹਾ ਉੱਪਰ ਕਾਲੇ ਰੰਗ ਦੀਆਂ ਬਿੰਦੀਆਂ ਵਰਗੇ ਨਿਸ਼ਾਨ ਹੁੰਦੇ ਹਨ, ਵਾਲੇ ਛੋਟੇ ਕੀਟ ਹਨ। ਇਹਨਾਂ ਦੇ ਖੰਭਾ ਦੀ ਚਮਕ ਚੂੜ੍ਹੀਆਂ ਵਾਂਗ ਲੱਗਦੀ ਹੈ। ਲੇਡੀ ਬੀਟਲ ਦੀਆਂ ਅਲੱਗ-ਅਲੱਗ ਕਿਸਮਾਂ ਦੇ ਬਾਲਗ ਅਤੇ ਬੱਚੇ ਜਨਮਜਾਤ ਮਾਸਾਹਾਰੀ ਹੁੰਦੇ ਹਨ। ਇਹਨਾ ਦੇ ਭੋਜਨ ਵਿੱਚ ਕੀਟਾ ਦੇ ਅੰਡੇ, ਤੇਲਾ, ਚੇਪਾ, ਛੋਟੀਆਂ ਸੁੰਡੀਆਂ, ਮਿਲੀ ਬੱਗ ਅਤੇ ਸਫੇਦ ਮੱਖੀ ਸ਼ਾਮਿਲ ਹਨ। ਇਹ ਕੁਦਰਤ ਵੱਲੋਂ ਕਿਸਾਨ ਨੂੰ ਬਖਸ਼ੇ ਬੇਹਤਰੀਨ ਕਿਸਮ ਦੇ ਕੀਟਨਾਸ਼ੀ ਹਨ। ਜੇਕਰ ਇਹ ਸਾਡੇ ਖੇਤ ਵਿੱਚ ਹੋਣ ਤਾਂ ਕਿਸਾਨਾਂ ਦੇ ਕੀਟਨਾਸ਼ਕਾ ਉੱਪਰ ਹੋਣ ਵਾਲੇ ਖ਼ਰਚ ਨੂੰ ਘਟਾ ਸਕਦੀਆਂ ਹਨ ਅਤੇ ਨਾਲ ਹੀ ਕੀਟਨਾਸ਼ਕਾ ਦੇ ਹਾਨੀਕਾਰਕ ਪ੍ਰਭਾਵਾ ਤੋਂ ਕਿਸਾਨ ਵੀਰ ਖ਼ੁਦ ਵੀ ਬਚ ਸਕਦੇ ਹਨ ਅਤੇ ਹੋਰਾਂ ਨੂੰ ਵੀ ਬਚਾ ਸਕਦੇ ਹਨ।

ਸੋ ਕਿਸਾਨ ਭਰਾਵੋ! ਸਾਡੇ ਆਪਣੇ ਖੇਤਾ ਵਿੱਚ ਹੀ ਕੁਦਰਤੀ ਕੀਟਨਾਸ਼ਕ ਮਿੱਤਰ ਕੀਟਾਂ ਦੇ ਰੂਪ ਵਿੱਚ ਮੌਜ਼ੂਦ ਹਨ, ਜ਼ਰੂਰਤ ਹੈ ਤਾਂ ਸਿਰਫ ਇਹਨਾਂ ਨੂੰ ਪਛਾਣਨ ਦੀ ਅਤੇ ਇਹਨਾਂ ਨਾਲ ਦੋਸਤੀ ਕਰਨ ਦੀ।



ਅਮਨਜੋਤ ਕੌਰ

No comments:

Post a Comment