Saturday 22 October 2011

ਸਰਗਰਮੀਆਂ

ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਰਤਾਵਾਂ ਦੀ ਹੋਈ ਕੀਟ ਪਛਾਣ ਟ੍ਰੇਨਿੰਗ

ਕੁਦਰਤੀ ਖੇਤੀ ਕਰਨ ਲਈ ਕੀੜਿਆਂ ਦੀ ਪਛਾਣ ਹੋਣਾ ਬਹੁਤ ਹੀ ਜ਼ਰੂਰੀ ਹੈ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਤੀ 6 ਜੂਨ ਤੋਂ10 ਜੂਨ ਤੱਕ ਖੇਤੀ ਵਿਰਾਸਤ ਮਿਸ਼ਨ ਵੱਲੋਂ 6 ਲੋਕਾਂ ਦਾ ਇੱਕ ਗਰੁੱਪ ਹਰਿਆਣਾ ਵਿਚ ਜੀਂਦ ਭੇਜਿਆ ਗਿਆ। ਗਰੁੱਪ ਵਿੱਚ 2 ਮਹਿਲਾ ਅਤੇ 4 ਮਰਦ ਕਿਸਾਨ ਸ਼ਾਮਿਲ ਸਨ। ਜੀਂਦ ਵਿਖੇ ਖੇਤੀ ਵਿਭਾਗ ਵਿੱਚ ਬਤੌਰ ਏ ਡੀ ਓ ਸੇਵਾਵਾਂ ਨਿਭਾ ਰਹੇ ਡਾ. ਸੁਰਿੰਦਰ ਦਲਾਲ ਦੀ ਅਗਵਾਈ ਵਿੱਚ ਕਿਸਾਨਾਂ ਵਿੱਚ ਚਲਾਈ ਜਾ ਰਹੀ ਕੀਟ ਪਛਾਣ ਮੁਹਿੰਮ ਦਾ ਹਿੱਸਾ ਬਣ ਕੇ ਕੇ. ਵੀ. ਐਮ. ਕਾਰਜਕਰਤਾਵਾਂ ਨੂੰ ਕੀਟਾਂ ਸਬੰਧੀ ਭਰਪੂਰ ਜਾਣਕਾਰੀ ਅਤੇ ਗਿਆਨ ਮਾਣਨ ਦਾ ਮੌਕਾ ਮਿਲਿਆ।

ਜ਼ਿਕਰਯਗ ਹੈ ਕਿ ਜਿਲ੍ਹਾ ਜੀਂਦ ਦੇ ਪਿੰਡ ਨਿਡਾਨਾ ਦੀਆਂ ਅਨਪੜ੍ਹ ਪਰ ਕੀਟਾ ਦੀ ਜਾਣਕਾਰੀ ਦੇ ਮਾਮਲੇ ਵਿੱਚ ਖੇਤੀ ਵਿਗਿਆਨਕਾਂ ਤੋਂ ਵੀ ਜ਼ਿਆਦਾ ਜਾਣਕਾਰ, ਔਰਤਾ ਵੱਲੋਂ ਕੀਟਾਂ ਦੀ ਪਛਾਣ ਕਰਨ ਦਾ ਸ਼ੁਰੂ ਕੀਤਾ ਇਹ ਕੰਮ ਹੌਲੀ-ਹੌਲੀ ਇਲਾਕੇ ਦੇ ਹੋਰ ਪਿੰਡਾ ਵਿੱਚ ਵੀ ਫੈਲ ਰਿਹਾ ਹੈ। ਜਿਸ ਸਾਲ ਪੰਜਾਬ ਦੇ ਕਿਸਾਨ ਮਿਲੀ ਬੱਗ ਨੂੰ ਰੋਕਣ ਲਈ 650 ਕਰੋੜ ਦੇ ਕੀਟਨਾਸ਼ਕ ਖ਼ਰੀਦ ਕੇ ਛਿੜਕ ਰਹੇ ਸਨ, ਉਸ ਸਮੇਂ ਜਿਲ੍ਹਾ ਜੀਂਦ ਦੇ ਇਹਨਾਂ ਪਿੰਡਾ ਵਿੱਚ ਮਿਲੀ ਬੱਗ ਨੂੰ ਮਾਰਨ ਵਾਲੇ ਕੀੜਿਆਂ ਦੀ ਪਛਾਣ ਕਰਕੇ ਬਿਨਾਂ ਹਾਨੀਕਾਰਕ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਮਿਲੀ ਬੱਗ ਨੂੰ ਕੰਟਰੋਲ ਕੀਤਾ ਗਿਆ।

ਭੋਤਨੇ ਵਿਖੇ ਸਜਿਆ ਨਵ-ਤ੍ਰਿੰਞਣ, ਬੀਬੀਆਂ ਨੇ ਦਿੱਤਾ ਜ਼ਹਿਰ ਮੁਕਤ ਰਸੋਈ ਦਾ ਸੱਦਾ


ਬੀਤੇ 14 ਅਗਸਤ ਨੂੰ ਤੀਆਂ ਦੇ ਸਮਾਪਨ ਦਿਹਾੜੇ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿੰਡ ਭੋਤਨਾ ਵਿਖੇ ਬੀਬੀਆਂ ਦਾ ਪ੍ਰੋਗਰਾਮ ਨਵ-ਤ੍ਰਿੰਞਣ ਮਨਾਇਆ ਗਿਆ। ਹਮੇਸ਼ਾ ਦੀ ਤਰ੍ਹਾ ਇਸ ਵਾਰ ਵੀ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਬੀਬੀਆਂ ਵੱਲੋਂ ਹੀ ਕੀਤਾ ਗਿਆ। ਬੀਬੀ ਅਮਰਜੀਤ ਕੌਰ ਨੇ ਹੁਣ ਤੱਕ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿੰਡ ਭੋਤਨਾ ਵਿਖੇ “ਜ਼ਹਿਰ ਮੁਕਤ ਰਸੋਈ, ਜ਼ਹਿਰ ਮੁਕਤ ਖ਼ੁਰਾਕ” ਦੇ ਨਾਰੇ ਹੇਠ ਕੀਤੇ ਜਾ ਰਹੇ ਕੰਮਾ ਬਾਰੇ ਦੱਸਿਆ। ਇਸ ਮੌਕੇ ਤੇ ਬੋਲਦਿਆਂ ਉਹਨਾ ਦੱਸਿਆ ਕਿ ਕਿਸ ਤਰ੍ਹਾ ਆਪਾਂ ਇਕੱਠ ਮਿਲ ਕੇ ਬੈਠਣਾ ਭੁੱਲਦੇ ਜਾ ਰਹੇ ਹਾਂ। ਜੋ ਪਹਿਲਾਂ ਦੇ ਵੇਲਿਆਂ ਵਿੱਚ ਸਿਹਤਮੰਦ ਖਾਣੇ ਸਨ ਜਿਵੇਂ ਜ਼ਵਾਰ, ਬਾਜਰੇ, ਛੋਲਿਆਂ ਦੀ ਰੋਟੀ, ਉਹ ਸਭ ਫਾਸਟ ਫੂਡ ਦੇ ਪਿੱਛੇ ਲੱਗ ਕੇ ਭੁੱਲਦੇ ਜਾ ਰਹੇ ਹਾਂ। ਉਹਨਾਂ ਨੇ ਫਿਰ ਇਹਨਾਂ ਖਾਣਿਆ ਨੂੰ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਬੀਬੀ ਜਸਬੀਰ ਕੌਰ ਨੇ ਇਸ ਮੌਕੇ ਧੀਆਂ ਉੱਪਰ ਲਿਖੀ ਇੱਕ ਕਵਿਤਾ ਵੀ ਸੁਣਾਈ।

ਪਿੰਡ ਦੀਆਂ ਬੀਬੀਆਂ ਨੇ ਕੁਦਰਤੀ ਖੇਤੀ ਦੀ ਲੋੜ ਤੇ ਜਾਗੋ ਵੀ ਕੱਢੀ। ਪ੍ਰੋਗਰਾਮ ਦੇ ਅੰਤ ਵਿੱਚ ਸਭਨਾਂ ਨੇ ਰਵਾਇਤੀ ਖਾਣਿਆਂ, ਜਿੰਨਾਂ ਵਿੱਚ ਮੋਠ-ਬਾਜਰੇ ਦੀ ਖਿਚੜੀ, ਜਵਾਰ, ਬਾਜਰੇ, ਕਣਕ, ਮੱਕੀ ਦੇ ਭੂਤ-ਪਿੰਨੇ, ਮੱਕੀ ਦੀ ਰੋਟੀ ਅਤੇ ਚੌਲਾਈ ਦਾ ਸਾਗ, ਮਾਲ-ਪੂੜੇ, ਖੀਰ-ਗੁਲਗੁਲੇ ਆਦਿ ਸ਼ਾਮਿਲ ਸਨ, ਦਾ ਅਨੰਦ ਲਿਆ।


ਗੁਣੀਕੇ ਵਿਖੇ ਹੋਈ ਗੰਨੇ ਦੀ ਕੁਦਰਤੀ ਖੇਤੀ ਸਬੰਧੀ ਵਰਕਸ਼ਾਪ,


ਸ਼੍ਰੀ ਸੁਰੇਸ਼ ਦੇਸਾਈ ਨੇ ਦਿੱਤੀ ਕਿਸਾਨਾਂ ਨੂੰ ਟ੍ਰੇਨਿੰਗ

ਬੀਤੇ 28 ਅਗਸਤ ਨੂੰ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਟਿਆਲਾ  ਜ਼ਿਲ੍ਹੇ ਦੇ ਪਿੰਡ ਗੁਣੀਕੇ ਵਿਖੇ ਕੁਦਰਤੀ ਖੇਤ ਵਿੱਚ ਗੰਨੈ ਦੀ ਬਿਜਾਈ ਸਬੰਧੀ ਇੱਕ ਕਾਰਜਸ਼ਾਲਾ ਲਗਾਈ ਗਈ। ਇਸ ਕਾਰਜਸ਼ਾਲਾ ਵਿੱਚ ਉੱਘੇ ਕੁਦਰਤੀ ਖੇਤੀ ਗੁਰੂ ਅਤੇ ਗੰਨੇ ਦੀ ਰਿਕਾਰਡ ਪੈਦਾਵਾਰ ਲੈਣ ਵਾਲੇ ਕਰਨਾਟਕਾ ਦੇ ਵਿਸ਼ਵ ਪ੍ਰਸਿੱਧ ਕਿਸਾਨ ਸ਼੍ਰੀ ਸੁਰੇਸ਼ ਦੇਸਾਈ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਆਏ ਕਿਸਾਨ ਭਰਾਵਾਂ ਨੇ ਇਸ ਕਾਰਜਸ਼ਾਲਾ ਵਿੱਚ ਭਰਵੀਂ ਸ਼ਮੂਲੀਅਤ ਕੀਤਾ।

ਇਸ ਮੌਕੇ ਸ਼੍ਰੀ ਸੁਰੇਸ਼ ਦੇਸਾਈ ਨੇ ਹਾਜ਼ਰ ਕਿਸਾਨਾਂ ਨੂੰ ਕੁਦਰਤੀ ਖੇਤੀ ਤਹਿਤ ਗੰਨੇ ਦੀ ਬਿਜਾਈ ਬਾਰੇ ਬਹੁਤ ਹੀ ਸਰਲ ਢੰਗ ਨਾਲ ਅਤੇ ਵਿਸਥਾਰ ਪੂਰਵਕ ਸਿਖਲਾਈ ਦਿੱਤੀ। ਜ਼ਿਕਰਯੋਗ ਹੈ ਕਿ ਸ਼੍ਰੀ ਦੇਸਾਈ ਜੀ ਦੁਆਰਾ ਗੰਨੇ ਦੀ ਖੇਤੀ ਸਬੰਧੀ ਵਿਕਸਤ ਕੀਤੀ ਗਈ ਤਕਨੀਕ, ਜਿਹਦੇ ਤਹਿਤ ਪ੍ਰਤੀ ਏਕੜ 750 ਤੋਂ 1000 ਕੁਇੰਟਲ ਤੱੱਕ ਗੰਨਾ ਪੈਦਾ ਕੀਤਾ ਜਾ ਸਕਦਾ ਹੈ ਨੂੰ ਕੌਮਾਂਤਰੀ ਮਾਨਤਾ ਪ੍ਰਾਪਤ ਹੈ। ਉਹਨਾਂ ਦੁਆਰਾ ਵਿਕਸਤ ਕੀਤੀ ਇਸ ਤਕਨੀਕ ਨੂੰ ਸੰਯੁਕਤ ਰਾਜ ਸੰਘ (ਯੂ ਐੱਨ ਓ) ਦੀਆਂ ਸੰਸਥਾਵਾਂ ਯੂ ਐੱਨ ਡੀ ਪੀ ਅਤੇ ਐਫ ਏ ਓ ਦੁਨੀਆਂ ਭਰ ਵਿੱਚ ਫੈਲਾਉਣ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ।

ਵਰਕਸ਼ਾਪ ਦੌਰਾਨ ਖੇਤੀ ਵਿਰਾਸਤ ਮਿਸ਼ਨ ਦੇ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਸਹੋਲੀ ਨੇ ਹਾਜ਼ਰ ਕਿਸਾਨਾਂ ਨੂੰ ਬਿਨਾਂ ਹੋਰ ਵਕਤ ਗਵਾਏ ਕੁਦਰਤੀ ਖੇਤੀ ਲਹਿਰ ਨਾਲ ਜੁੜ ਕੇ ਦਾ ਸੱਦਾ ਦਿੱਤਾ।


ਸ਼੍ਰੀ ਪ੍ਰਕਾਸ਼ ਰਘੂਵੰਸ਼ੀ ਨੇ ਦਿੱਤੀ ਬੀਜ ਵਿਕਸਤ ਕਰਨ ਦੀ ਟ੍ਰੇਨਿੰਗ


ਬੀਤੇ 2 ਅਗਸਤ ਨੂੰ ਖੇਤੀ ਵਿਰਾਸਤ ਮਿਸ਼ਨ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਵਿਖੇ ਵਧੀਆ ਬੀਜ ਚੁਣਨ ਅਤੇ ਆਪਣਾ ਬੀਜ ਤਿਆਰ ਕਰਨ ਬਾਰੇ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਆਸ-ਪਾਸ ਦੇ 6 ਪਿੰਡਾ ਦੇ ਲੋਕ ਪਹੁੰਚੇ। ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ 80 ਦੇਸੀ ਕਿਸਮਾਂ ਵਿਕਸਿਤ ਕਰਨ ਵਾਲੇ 2 ਵਾਰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਜ਼ਿਲ੍ਹਾ ਵਾਰਾਨਸੀ, ਉੱਤਰ ਪ੍ਰਦੇਸ਼ ਦੇ ਉੱਘੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਪ੍ਰਕਾਸ਼ ਰਘੂਵੰਸ਼ੀ ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਸਨ। ਉਹਨਾਂ ਨੇ ਕਿਸਾਨਾਂ ਨੂੰ ਆਪਣਾ ਬੀਜ ਆਪ ਤਿਆਰ ਕਰਨ ਦੀਆਂ ਅਲੱਗ-ਅਲੱਗ ਤਕਨੀਕਾਂ ਦੱਸੀਆਂ। ਉਹਨਾਂ ਨੇ ਕਿਸਾਨਾ ਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾ ਕਿਸਾਨ ਆਪਣਾ ਖ਼ੁਦ ਦਾ ਬੀਜ ਤਿਆਰ ਕਰਕੇ ਸਵੈ ਨਿਰਭਰ ਬਣ ਸਕਦੇ ਹਨ। ਰਘੂਵੰਸ਼ੀ ਜੀ ਅਜਿਹੇ ਕਿਸਾਨ ਹਨ, ਜਿਹੜੇ ਹਰ ਸਾਲ ਬੀਜਾਂ ਦੇ ਹਜਾਰਾਂ ਪੈਕਟ ਕਿਸਾਨਾ ਨੂੰ ਆਪਣੇ ਖ਼ਰਚ ਉੱਤੇ ਭੇਜਦੇ ਹਨ। ਇਸ ਮੌਕੇ ਵੀ ਉਹਨਾਂ ਨੇ ਕਣਕ ਦੇ ਬੀਜ ਕਿਸਾਨਾ ਵਿੱਚ ਵੰਡੇ।

ਸਿਤੰਬਰ ਮਹੀਨੇ ਖੇਤੀ ਵਿਰਾਸਤ ਮਿਸ਼ਨ ਨੇ ਕੱਢੀਆਂ ਪ੍ਰਭਾਤ ਫੇਰੀਆਂ

ਕੁਦਰਤੀ ਖੇਤੀ ਦੇ ਸੰਬੰਧ ਵਿੱਚ ਖੇਤੀ ਵਿਰਾਸਤ ਮਿਸ਼ਨ ਵੱਲੋਂ ਸਿਤੰਬਰ ਦੇ ਮਹੀਨੇ ਵਿੱਚ ਪਿੰਡ ਜੀਦਾ ਜਿਲ੍ਹਾ ਬਠਿੰਡਾ, ਦਬੜ੍ਹੀਖਾਨਾ ਅਤੇ ਚੈਨਾ ਜਿਲ੍ਹਾ ਫਰੀਦਕੋਟ ਵਿਖੇ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਗਿਆ। ਸ਼੍ਰੀ ਉਮੇਂਦਰ ਦੱਤ, ਨਿਰਦੇਸ਼ਕ ਖੇਤੀ ਵਿਰਾਸਤ ਮਿਸ਼ਨ , ਗੁਰਪ੍ਹੀਤ, ਕੁਦਰਤੀ ਖੇਤੀ ਟ੍ਰੇਨਰ , ਖੇਤੀ ਵਿਰਾਸਤ ਮਿਸ਼ਨ ਦੇ ਹੋਰ ਕਾਰਜਕਰਤਾਵਾਂ ਅਤੇ ਪਿੰਡ ਵਾਸੀਆਂ ਨੇ ਇਹਨਾਂ ਪ੍ਰਭਾਤ ਫੇਰੀਆਂ ਵਿੱਚ ਹਿੱਸਾ ਲਿਆ।  ਪ੍ਰਭਾਤ ਫੇਰੀ ਰਾਹੀ ਪਿੰਡ ਵਾਸੀਆਂ ਨੂੰ  ਕੁਦਰਤੀ ਢੰਗ ਨਾਲ ਕਣਕ ਅਤੇ ਸਿਆਲੂ ਸਬਜ਼ੀਆਂ ਉਗਾਉਣ ਦੀ ਬੇਨਤੀ ਕੀਤੀ ਗਈ।


ਭੋਤਨਾ ਵਾਸੀਆਂ ਨੇ ਪਿੰਡ ਵਿੱਚ ਕੱਢੀ ਜਾਗੋ

ਬੀਤੇ 29 ਸਿਤੰਬਰ ਨੂੰ ਕੁਦਰਤੀ ਖੇਤੀ ਦਾ ਹੋਕਾ ਦੇਣ ਲਈ ਪਿੰਡ ਭੋਤਨਾ ਵਿਖੇ ਇਸਤਰੀ ਇਕਾਈ-ਖੇਤੀ ਵਿਰਾਸਤ ਮਿਸ਼ਨ, ਕਿਸਾਨ ਯੂਨੀਅਨ- ਏਕਤਾ ਉਗਰਾਹਾਂ, ਭਾਰਤੀ ਮਜ਼ਦੂਰ ਯੂਨੀਅਨ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਜਾਗੋ ਕੱਢੀ। ਜਾਗੋ ਰਾਹੀ ਪਿੰਡ ਵਾਸੀਆਂ ਨੂੰ ਕੁਦਰਤੀ ਢੰਗ ਨਾਲ ਕਣਕ ਅਤੇ ਸਿਆਲੂ ਸਬਜ਼ੀਆਂ ਉਗਾਉਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਵੀ ਯਾਦ ਕੀਤਾ ਗਿਆ ਅਤੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੰਕਲਪ ਲਿਆ। ਜਾਗੋ ਵਿੱਚ ਸੁਖਦੇਵ ਸਿੰਘ, ਬਲਾਕ ਪ੍ਰਧਾਨ ਕਿਸਾਨ ਯੂਨੀਅਨ- ਏਕਤਾ ਉਗਰਾਹਾਂ, ਸੁਖਦੇਵ ਸਿੰਘ,ਪ੍ਰਧਾਨ, ਪਿੰਡ ਇਕਾਈ ਭੋਤਨਾ, ਕਿਰਤੀ ਮਜ਼ਦੂਰ ਯੂਨੀਅਨ , ਹਰਦੀਪ ਸਿੰਘ, ਭਗਵੰਤ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ  ਕੁਲਵੰਤ ਕੌਰ ਅਤੇ ਅਮਨਜੋਤ ਕੌਰ, ਖੇਤੀ ਵਿਰਾਸਤ ਮਿਸ਼ਨ ਇਸ ਮੌਕੇ ਸ਼ਾਮਿਲ ਸਨ। ਕੁਦਰਤੀ ਖੇਤੀ ਦੀ ਜਾਗੋ ਬੀਬੀ  ਕੁਲਵੰਤ ਕੌਰ ਨੇ ਲਿਖੀ।


ਕਟੈਹੜਾ ਵਿਖੇ ਹੋਈ ਆਸ਼ਾ ਦੀ  ਉੱਤਰ ਭਾਰਤ ਦੀ ਵਰਕਸ਼ਾਪ

ਬੀਤੇ 30 ਅਗਸਤ ਤੋਂ 1 ਸਿਤੰਬਰ ਨੂੰ ਕਟੈਹੜਾ ਵਿਖੇ ਖੇਤੀ ਖੁਦਮੁਖਤਾਰੀ ਅਤੇ ਖ਼ੁਰਾਕ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਦੇਸ਼ ਭਰ ਦੀਆਂ 400 ਜੱਥੇਬੰਦੀਆਂ ਦੇ ਰਾਸ਼ਟਰੀ ਗਠਜੋੜ ਆਸ਼ਾ ਦੀ ਉਤਰ ਭਾਰਤੀ ਰਾਜਾਂ ਦੀ ਇੱਕ ਵਿਸ਼ੇਸ਼ ਕਾਰਜਸ਼ਾਲਾ ਹੋਈ। ਕਾਰਜਸ਼ਾਲਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਗਠਜੋੜ ਦੀਆਂ ਮੈਂਬਰ ਸੰਸਥਾਵਾਂ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਅਲਾਂਇੰਸ ਫਾਰ ਸਸਟੇਨੇਬਲ ਐਂਡ ਹੋਲਿਸਟਿਕ ਐਗਰੀਕਲਚਰ (ਆਸ਼ਾ) ਦੇ ਰਾਸ਼ਟਰੀ ਅਹੁਦੇਦਾਰ ਕਵਿਤਾ ਕੁਰੂਗੰਟੀ, ਡਾ. ਰਾਮਾਂਜਿਯਾਲੂ ਦੋਹੇਂ ਆਂਧਰਾ ਪ੍ਰਦੇਸ਼ ਤੇ ਅਨੰਤੂ ਜੀ ਤਾਮਿਲਨਾਡੂ ਤੋਂ ਵਿਸ਼ੇਸ਼ ਤੌਰ 'ਤੇ ਕਾਰਜਸ਼ਾਲਾ ਵਿੱਚ ਸ਼ਮਿਲ ਹੋਏ। ਇਹਨਾਂ ਨਾਲ ਹੀ ਕਰਨਾਟਕ ਤੋਂ ਗੰਨੇ ਦੇ ਮਾਹਿਰ ਕਿਸਾਨ ਸ਼੍ਰੀ ਸੁਰੇਸ਼ ਦੇਸਾਈ, ਵਾਰਨਾਸੀ ਉੱਤਰ ਪ੍ਰਦੇਸ਼ ਤੋਂ ਬੀਜਾਂ ਦੇ ਮਾਹਿਰ ਕਿਸਾਨ ਸ਼੍ਰੀ ਪ੍ਰਕਾਸ਼ ਸਿੰਘ ਰਘੂਵੰਸ਼ੀ ਅਤੇ ਆਂਧਰਾ ਪ੍ਰਦੇਸ਼ ਤੋਂ ਕੁਦਰਤੀ ਖੇਤੀ ਮਾਹਿਰ ਅਤੇ ਦੇਸ਼ ਦੇ ਇੱਕੋ-ਇੱਕ “ਪਦਮ ਸ਼੍ਰੀ” ਐਵਾਰਡੀ ਕਿਸਾਨ ਸ਼੍ਰੀ ਨਰਸਿਮਹਾ ਰਾਜੂ ਨੇ ਵੀ ਕਾਰਜਸ਼ਾਲਾ ਵਿੱਚ ਗਿਆਨ ਦੀ ਰੌਸ਼ਨੀ ਵੰਡੀ। ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਓਮੇਂਦਰ ਦੱਤ ਨੇ ਕਾਰਜਸ਼ਾਲਾ ਵਿੱਚ ਸੂਤਰਧਾਰ ਦੀ ਭੂਮਿਕਾ ਨਿਭਾਈ

ਕਾਰਜਸ਼ਾਲਾ ਵਿੱਚ ਗਠਜੋੜ ਦੇ ਮੈਂਬਰਾਂ ਨੇ ਸਰਕਾਰਾਂ ਦੇ ਮਨਸੂਬਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਭਾਵੀ ਨੀਤੀ ਘੜਨ ਲਈ  ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਗ੍ਹਾਂਊ ਯੋਜਨਾਬੰਦੀ ਦੀ ਰੂਪ ਰੇਖਾ ਉੁਲੀਕਣ ਲਈ ਮੁੱਢਲਾ ਖਾਕਾ ਖਿੱਚਣ ਦੀ ਕੋਸ਼ਿਸ਼ ਕੀਤੀ ਗਈ।

ਇਸ ਮੌਕ ਡਾ. ਰਾਮੂ ਨੇ ਜੀ ਐੱਮ ਫਸਲਾਂ ਦੇ ਸਿਹਤਾਂ ਅਤੇ ਵਾਤਾਵਰਣ ਉੱਤੇ ਮਾਰੂ ਅਸਰਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਦੁਨੀਆਂ ਭਰ ਵਿੱਚ ਜਾਨਵਰਾਂ ਅਤੇ ਮਨੁੱਖਾਂ ਉੱਤੇ ਬੀਟੀ ਫਸਲਾਂ ਦੇ ਅਨੇਕਾਂ ਹੀ ਨਾਕਾਮ  ਟ੍ਰਾਇਲਾਂ ਦੇ ਹਵਾਲੇ ਦਿੰਦੇ ਹੋਏ ਜੀ ਐਮ ਫਸਲਾਂ ਖਿਲਾਫ਼ ਲੋਕਾਂ ਨੂੰ ਹੋਰ ਵੀ ਜਾਗਰੂਕ ਕਰਨ ਦਾ ਸੱਦਾ ਦਿੱਤਾ।


ਇਸ ਮੌਕੇ ਕਵਿਤਾ ਕੁਰੂਗੰਟੀ ਚਰਚਾ ਵਿੱਚ ਭਾਗ ਲੈਂਦਿਆਂ ਸਰਕਾਰਾਂ ਦੁਆਰਾਂ ਕੰਪਨੀਆਂ ਨਾਲ ਮਿਲ ਕੇ ਦੇਸ਼ ਦੀ ਪ੍ਰਭੂਤਾ, ਖੇਤੀ ਖੁਦਮੁਖਤਾਰੀ ਅਤੇ ਖ਼ਰਾਕ ਦੀ ਆਜ਼ਾਦੀ ਨੂੰ ਦਾਅ 'ਤੇ ਲਾਏ ਜਾਣ ਦੇ ਨਾਪਾਕ ਯਤਨਾਂ ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਕਿਹਾ ਕਿ ਬਹੁਕੌਮੀ ਕੰਪਨੀਆਂ ਅਤੇ ਅਮਰੀਕਾ ਦੇ ਦਲਾਲ ਬਣੇ ਸਾਡੇ ਸਿਆਸਤਦਾਨ ਅਤੇ ਸਰਕਾਰਾਂ ਚੰਦ ਛਿੱਲੜਾਂ ਦੀ ਖਾਤਿਰ ਦੇਸ਼ ਦੇ ਨਾਗਰਿਕਾਂ ਨੂੰ ਲੈਬਾਰਟਰੀ ਦੇ ਚੂਹੇ ਬਣਾਉਣ 'ਤੇ ਤੁਲੀਆਂ ਹੋਈਆਂ ਹਨ। ਸਾਨੂੰ ਸਰਕਾਰਾਂ ਉੱਤੇ ਜਨਤਕ ਦਬਾਅ ਬਣਾ ਕੇ ਜਨਹਿਤ ਵਿੱਚ ਫੈਸਲੇ ਕਰਵਾਉਣ ਦਾ ਹੀਲਾ ਹੋਰ ਵੀ ਤਾਕਤ ਅਤੇ ਵਧੇਰੇ ਇੱਕਜੁੱਟਤਾ ਨਾਲ ਕਰਨਾ ਚਾਹੀਦਾ ਹੈ।

ਕਾਰਜਸ਼ਾਲਾ ਦੇ ਅਗਲੇ ਭਾਗ ਵਿੱਚ ਕੁਦਰਤੀ ਖੇਤੀ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਮਾਹਿਰ ਕਿਸਾਨ ਇੱਕ-ਇੱਕ ਕਰਕੇ ਹਾਜ਼ਰੀਨ ਦੇ ਰੂ-ਬ-ਰੂ ਹੋਏ। ਸਭ ਤੋਂ ਪਹਿਲਾਂ ਕੁਦਰਤੀ ਖੇਤੀ ਤਹਿਤ ਗੰਨੇ ਦੀ ਖੇਤੀ ਵਿੱਚ ਨਵੇਂ ਆਯਾਮ ਸਿਰਜਣ ਵਾਲੇ ਕਿਸਾਨ ਸੁਰੇਸ਼ ਦੇਸਾਈ ਨੇ ਹਾਜ਼ਰ ਕਿਸਾਨਾਂ ਨਾਲ ਖੁਦ ਦੁਆਰਾ ਵਿਕਸਤ ਕੀਤੀ ਗਈ ਗੰਨਾ ਲਾਉਣ ਦੀ ਤਕਨੀਕ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਸ ਤਕਨੀਕ ਨਾਲ ਪ੍ਰਤੀ ਏਕੜ 100 ਟਨ ਤੱਕ ਗੰਨਾ ਪੈਦਾ ਕੀਤਾ ਜਾ ਸਕਦਾ ਹੈ। ਇਸ ਮੌਕੇ ਉਹਨਾਂ ਨੇ ਕੁਦਰਤੀ ਖੇਤੀ ਤਹਿਤ ਖੁਦ ਦੁਆਰਾ ਹੀ ਵਿਕਸਤ ਕੀਤੀ ਗਈ ਇੱਕ ਹੋਰ ਸਫਲ ਤਕਨੀਕ ਐੱਲ ਐੱਲ ਬੀ-ਲੋ ਕੌਸਟ ਲੋਕਲ ਬਾਇਓਡਾਇਜੈਸਟਰ ਬਾਰੇ ਵੀ ਕਿਸਾਨਾਂ ਨੂੰ ਦੱਸਿਆ।

ਬੀਜ ਦਾਨ ਮਹਾਦਾਨ ਦੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਉੱਦਮੀ ਕਿਸਾਨ ਸ਼੍ਰੀ ਪ੍ਰਕਾਸ਼ ਸਿੰਘ ਰਘੂਵੰਸ਼ੀ ਨੇ ਕਿਸਾਨਾਂ ਨੂੰ ਸਹੀ ਬੀਜ ਚੁਣਨ, ਬੀਜਾਂ ਨੂੰ ਬਚਾਉਣ ਅਤੇ ਵਧਾਉਣ ਦੀ ਲੋੜ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਦੱਸਿਆ ਕਿ ਪਿਛਲੇ 15 ਸਾਲਾਂ ਦੌਰਾਨ ਉਹਨਾਂ ਨੇ ਵੱਖ-ਵੱਖ ਫਸਲਾਂ ਦੇ ਵੱਧ ਝਾੜ ਦੇਣ ਵਾਲੇ 120 ਕਿਸਮਾਂ ਦੇ ਦੇਸੀ ਬੀਜ ਵਿਕਸਤ ਕਰਕੇ ਕਿਸਾਨਾਂ ਤੱਕ ਪੁੱਜਦੇ ਕੀਤੇ ਹਨ। ਇਹਨਾਂ ਵਿੱਚ 80 ਵਰਾਇਟੀਆਂ ਤਾਂ ਸਿਰਫ ਕਣਕ ਦੇ ਬੀਜਾਂ ਦੀਆਂ ਹੀ ਹਨ ਬਾਕੀਆਂ ਵਿੱਚ ਅਰਹਰ, ਛੋਲੇ, ਸਰੋਂ ਆਦਿ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਕਿਸੇ ਬੀਜ ਦੀ ਇੱਕ ਵਰਾਇਟੀ ਵਿਕਸਤ ਕਰਨ ਲਈ 5-6 ਸਾਲ ਦਾ ਸਮਾਂ ਲੈਂਦੀ ਹੈ ਅਤੇ ਘੱਟੋ-ਘੱਟ ਇੱਕ ਕਰੋੜ ਰੁਪਏ ਖਰਚ ਕਰਦੀ ਹੈ। ਸ਼੍ਰੀ ਰਘੂਵੰਸ਼ੀ ਨੇ ਹੋਰ ਦੱਸਿਆ ਕਿ ਉਹ ਹਰ ਸਾਲ ਕਣਕ ਦੇ 100 ਕੁਇੰਟਲ ਬੀਜ ਦੇਸ਼ ਭਰ ਦੇ ਕਿਸਾਨਾਂ ਵਿੱਚ ਫ੍ਰੀ ਵੰਡਦੇ ਹਨ।

ਆਂਧਰਾ ਤੋਂ ਦੇਸ਼ ਦੇ ਇੱਕੋ-ਇੱਕ “ਪਦਮ ਸ਼੍ਰੀ” ਕਿਸਾਨ ਸ਼੍ਰੀ ਨਰਸਿਮਹਾ ਰਾਜੂ ਨੇ ਦੱਸਿਆ ਕਿ ਉਹ ਕੁਦਰਤੀ ਖੇਤੀ ਤਹਿਤ ਹਰ ਫਸਲ ਦਾ ਰਿਕਾਰਡ ਤੋੜ ਝਾੜ ਲੈਂਦੇ ਹਨ। ਉਹਨਾਂ ਕਿਹਾ ਕਿ ਝਾੜ ਪੱਖੋਂ ਰਸਾਇਣਕ ਖੇਤੀ ਉਹਨਾਂ ਦੀ ਖੇਤੀ ਸਾਹਮਣੇ ਕਿਤੇ ਵੀ ਨਹੀਂ ਠਹਿਰਦੀ। ਪ੍ਰਤੀ ਏਕੜ 70 ਕੁਇੰਟਲ ਝੋਨਾ, 40-40 ਫੁੱਟ ਉੱਚੇ ਟਮਾਟਰ ਦੇ ਪੌਦੇ ਪ੍ਰਤੀ ਪੌਦਾ 100 ਕਿੱਲੋ ਟਮਾਟਰ, 6-6 ਫੁੱਟ ਦੇ ਮਾਂਹ ਦੀ ਦਾਲ ਦੇ ਬੂਟੇ, 10-10 ਫੁੱਟ ਦੇ ਮਿਰਚਾਂ ਦੇ ਬੂਟੇ, ਇਹ ਸਭ ਉਹਨਾਂ ਦੀ ਖੇਤੀ ਵਿੱਚ ਹੀ ਹੁੰਦਾ ਹੈ। ਉਹਨਾਂ ਹੋਰ ਦੱਸਿਆ ਕਿ ਉਹਨਾਂ ਦੇ ਖੇਤ 'ਚ ਲੱਗਿਆ 424 ਸਾਲ ਪੁਰਾਣਾ ਅੰਬ ਦਾ ਰੁੱਖ ਹਰ ਸਾਲ ਇੱਕ ਟਰੱਕ ਲੋਡ ਅੰਬ ਦਿੰਦਾ ਹੈ। ਜਿਹੜਾ ਕਿ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਵੀ ਦਰਜ਼ ਹੈ। ਉਹਨਾਂ ਆਪਣੀ ਚਮਤਕਾਰਕ ਖੇਤੀ ਦਾ ਭੇਦ ਦੱਸਦਿਆਂ ਕਿਹਾ ਕਿ ਉਹ ਗਰਮੀਆਂ ਵਿੱਚ ਇੱਕ-ਡੇਢ ਮਹੀਨੇ ਲਈ ਆਪਣੇ ਖੇਤ ਵਿੱਚ ਹਰ ਸਾਲ ਪੂਰੇ ਪਿੰਡ ਦੀਆਂ 2000 ਦੇਸ਼ੀ ਗਾਵਾਂ ਬਿਠਾਉਂਦੇ ਹਨ ਇਸਤੋਂ ਇਲਾਵਾ ਉਹਨਾਂ ਕੋਲ ਖੁਦ ਦੇ 40 ਜੋੜੀਆਂ ਦੇਸੀ ਬੈਲ ਅਤੇ 100 ਦੇਸੀ ਗਊਆਂ ਹਨ। ਉਹਨਾਂ ਦਾ ਗੋਬਰ-ਮੂਤਰ ਹੀ ਉਹਨਾਂ ਦੇ ਖੇਤ ਵਿੱਚ ਹੋ ਰਹੇ ਚਮਤਕਾਰ ਦੇ ਪਿੱਛੇ ਦੀ ਤਾਕਤ ਹੈ।

ਕਾਰਜਸ਼ਾਲਾ ਦੇ ਅਗਲੇ ਸ਼ੈਸ਼ਨ ਵਿੱਚ ਡਾ. ਰਾਮੂ ਨੇ ਕਿਸਾਨਾਂ ਨੂੰ ਖੁਦ ਦੇ ਹਾਈਬ੍ਰਿਡ ਬੀਜ ਬਣਾਉਣ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਬਹੁਤ ਸਾਰੇ ਕਿਸਾਨ ਉਹਨਾਂ ਦੀ ਸੰਸਥਾ ਤੋਂ ਸਿਖਲਾਈ ਲੈ ਕੇ ਆਪਣੇ ਲਈ ਹਾਈਬ੍ਰਿਡ ਬੀਜ ਖੁਦ ਹੀ ਤਿਆਰ ਕਰ ਰਹੇ ਹਨ। ਉਹਨਾਂ ਨੇ ਕਿਸਾਨਾਂ ਨੂੰ ਬੀਜਾਂ ਦਾ ਮਹੱਤਵ ਸਮਝ ਕੇ ਘਰ-ਘਰ ਅਤੇ ਪਿੰਡ-ਪਿੰਡ ਬੀਜ ਬੈਂਕ ਬਣਾਉਣ ਦੀ ਅਪੀਲ ਵੀ ਕੀਤੀ।

ਅੰਤ ਵਿੱਚ ਡਾ ਓ ਪੀ ਰੁਪੇਲਾ ਨੇ ਇੰਟਰਨੈੱਟ 'ਤੇ ਵੀਡੀਓ ਗੱਲਬਾਤ ਰਾਹੀਂ ਹਾਜ਼ਰ ਕਿਸਾਨਾਂ ਨਾਲ ਕਣਕ ਦੇ ਝਾੜ ਦੀ ਸਮੱਸਿਆ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ। ਉਹਨਾਂ ਕਿਹਾ ਕਿ ਬਾਇਓਮਾਸ ਦੀ ਘਾਟ ਇਸਦਾ ਵੱਡਾ ਕਾਰਨ ਹੈ ਸੋ ਸਮੂਹ ਕਿਸਾਨਾਂ ਨੂੰ ਖੇਤਾਂ ਵਿੱਚ ਬਾਇਓਮਾਸ ਦੀ ਮਾਤਰਾ ਵਧਾਉਣ ਲਈ ਸਾਰਥਕ ਯਤਨ ਕਰਨੇ ਚਾਹੀਦੇ ਹਨ। ਇਸ ਕੰਮ ਲਈ ਉਹਨਾਂ ਨੇ ਕਿਸਾਨਾਂ ਨੂੰ ਕੁੱਝ ਤਜ਼ਰਬੇ ਕਰਨ ਦੀ ਵੀ ਸਿਫ਼ਾਰਸ਼ ਕੀਤੀ।

ਕਾਰਜਸ਼ਾਲਾ ਵਿੱਚ ਐਸ ਆਰ ਆਈ ਵਿਧੀ ਨਾਲ ਝੋਨਾ ਲਾਉਣ, ਗੰਨਾ ਲਾਉਣ ਦੀ ਤਕਨੀਕ ਅਤੇ ਲੋ ਕੌਸਟ ਲੋਕਲ ਬਾਇਓਡਾਇਜੈਸਟਰ (ਐਲ ਐਲ ਬੀ) ਤਕਨੀਕ ਦੇ ਪ੍ਰੈਕਟੀਕਲ ਵੀ ਕਰ ਕੇ ਦਿਖਾਏ ਗਏ।


ਬਠਿੰਡਾ ਵਿੱਚ  ਜ਼ਹਿਰ ਮੁਕਤ ਖ਼ੁਰਾਕੀ ਵਸਤਾਂ ਦੇ ਆਰਗੈਨਿਕ ਆਹਾਰ ਬਜ਼ਾਰ ਦਾ ਸ਼ੁੱਭ-ਆਰੰਭ

ਬਠਿੰਡ (ਗੁਰਪ੍ਰੀਤ ਦਬੜ੍ਹੀਖਾਨਾ):

ਬੀਤੇ 1 ਅਕਤੂਬਰ ਨੂੰ ਖੇਤੀ ਵਿਰਾਸਤ ਮਿਸ਼ਨ ਦੁਆਰਾ ਕੁਦਰਤੀ ਆਹਾਰ ਪਰਿਵਾਰ, ਬਠਿੰਡਾ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਗਏ, “ਆਰਗੈਨਿਕ ਆਹਾਰ ਬਜ਼ਾਰ” ਦਾ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ। ਆਰਗੈਨਿਕ ਆਹਾਰ ਬਜ਼ਾਰ ਵਿੱਚ ਬਠਿੰਡਾ ਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਜਿਵੇਂ ਕਿ ਅਮਰਜੀਤ ਸ਼ਰਮਾ, ਗੁਰਮੇਲ ਸਿੰਘ ਢਿੱਲੋਂ, ਗੋਰਾ ਸਿੰਘ, ਹਰਜੰਟ ਸਿੰਘ, ਹਰਤੇਜ ਸਿੰਘ, ਸਵਰਨ ਸਿੰਘ ਅਤੇ ਰਜਿੰਦਰ ਸਿੰਘ ਬਰਾੜ ਆਦਿ ਆਪਣੀ-ਆਪਣੀ ਪੈਦਾਵਾਰ ਲੈ ਕੇ ਗ੍ਰਾਹਕਾਂ ਦੇ ਰੂ-ਬ-ਰੂ ਹੋਏ।

ਸਮਾਰੋਹ ਵਿੱਚ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸ਼੍ਰੀ ਸਰੂਪ ਚੰਦ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਆਦੇਸ਼ ਮੈਡੀਕਲ ਕਾਲਜ ਰਿਸਰਚ ਸੈਂਟਰ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜੀ ਪੀ ਆਈ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਵਾਈ। ਸ਼੍ਰੀ ਸਿੰਗਲਾ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਦੀ ਰਸਮ ਅਦਾ ਕੀਤੀ। ਆਪਣੇ ਉਦਘਾਟਨੀ ਭਾਸ਼ਨ ਵਿੱਚ ਲੋਕਾਂ ਸੰਬੋਧਿਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਨੂੰ ਦਰਪੇਸ਼ ਮੌਜੂਦਾ ਸਿਹਤ ਅਤੇ ਵਾਤਾਵਰਣ ਸੰਕਟ ਦੇ ਮੱਦ-ਏ-ਨਜ਼ਰ ਜ਼ਹਿਰ ਮੁਕਤ ਖ਼ੁਰਾਕ ਸਮੇਂ ਦੀ ਮੁੱਖ ਲੋੜ ਹੈ। ਲੋਕਾਂ ਦਾ ਇਸ ਦਿਸ਼ਾ ਵਿੱਚ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਤਾਂ ਕਿ ਸਭ ਦੀ ਸਿਹਤ ਅਤੇ ਤੰਦਰੁਸਤੀ ਨੂੰ ਚਿੰਬੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ।

ਇਸ ਮੌਕੇ ਡਾ. ਜੀ ਪੀ ਆਈ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਅਤੇ ਖਾਸਕਰ ਮਾਲਵੇ ਵਿੱਚ ਵਧ ਰਹੀਆਂ ਕੈਂਸਰ ਵਰਗੇ ਨਾਮੁਰਾਦ ਰੋਗਾਂ ਦਾ ਸਿੱਧਾ ਸਬੰਧ ਸਾਡੀ ਖ਼ੁਰਾਕ ਵਿੱਚ ਸ਼ਾਮਿਲ ਹੋ ਚੁੱਕੇ ਜ਼ਹਿਰਾਂ ਨਾਲ ਹੈ। ਰਸਾਇਣਕ ਖੇਤੀ ਵਿੱਚ ਵੱਡੇ ਪੱਧਰ 'ਤੇ ਵਰਤੇ ਜਾਣ ਵਾਲੇ ਜ਼ਹਿਰ ਅਨਾਜ, ਦਾਲਾਂ, ਸਬਜ਼ੀਆਂ, ਫਲਾਂ ਅਤੇ ਦੁੱਧ ਆਦਿ ਰਾਹੀਂ ਸਾਡੇ ਸ਼ਰੀਰ ਵਿੱਚ ਜਾ ਕੇ ਬਰਬਾਦੀ ਦਾ ਅਜਿਹਾ ਤਾਂਡਵ ਕਰਦੇ ਹਨ ਕਿ ਸਿਹਤਾਂ ਦੇ ਨਾਲ-ਨਾਲ ਘਰਾਂ ਦੀ ਵੀ ਉਜਾੜਾ ਹੋ ਰਿਹਾ ਹੈ। ਉਹਨਾਂ ਹੋਰ ਕਿਹਾ ਕਿ ਤੰਦਰੁਸਤ ਜੀਵਨ ਅਤੇ ਖੁਸ਼ਹਾਲ ਭਵਿੱਖ ਲਈ ਸਾਨੂੰ ਜ਼ਹਿਰ ਮੁਕਤ ਖ਼ੁਰਾਕ ਵੱਲ ਮੋੜਾ ਕੱਟਣਾ  ਹੀ ਪੈਣੈ।

ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਓਮੇਂਦਰ ਦੱਤ ਨੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕੁਦਰਤੀ ਖੇਤੀ ਪ੍ਰਤੀ ਸਰਕਾਰ ਦਾ ਲਾ ਪਰਵਾਹ ਰਵੱਈਏ ਕਾਰਨ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹੀ ਮਾਰਕਿਟ ਨਾ ਮਿਲਣ ਕਰਕੇ ਕਿਸਾਨਾਂ ਵਿੱਚ ਨਿਰਾਸ਼ਾ ਪੱਸਰ ਰਹੀ ਸੀ। “ਆਰਗੈਨਿਕ ਆਹਾਰ ਬਜ਼ਾਰ” ਜਿੱਥੇ ਕੁਦਰਤੀ ਖੇਤੀ ਰਾਹੀਂ ਜ਼ਹਿਰ ਮੁਕਤ ਅਨਾਜ, ਦਾਲਾਂ, ਸਬਜ਼ੀਆਂ ਆਦਿ ਖ਼ੁਰਾਕੀ ਵਸਤਾਂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਸਹੀ ਮੁੱਲ ਦੇਵੇਗਾ ਉੱਥੇ ਹੀ ਇਸ ਨਾਲ ਬਠਿੰਡਾ ਵਾਸੀਆਂ ਨੂੰ ਜ਼ਹਿਰ ਮੁਕਤ ਤੇ ਪੌਸ਼ਟਿਕ ਖ਼ੁਰਾਕ ਵੀ ਉਪਲਭਧ ਕਰਵਾਏਗਾ। ਉਹਨਾਂ ਹੋਰ ਦੱਸਿਆ ਕਿ ਬਠਿੰਡਾ ਵਿਖੇ ਆਰਗੈਨਿਕ ਆਹਾਰ ਬਜ਼ਾਰ ਸ਼ੁਰੂ ਕਰਨ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਂਵਾਂ ਅਤੇ ਜਾਗਰੂਕ ਲੋਕਾਂ ਦੀ ਅਹਿਮ ਭੂਮਿਕਾ ਰਹੀ ਹੈ। ਜਿਹੜੇ ਕਿ ਬੀਤੇ 6 ਮਹੀਨਿਆਂ ਤੋਂ ਲਗਾਤਾਰ ਆਰਗੈਨਿਕ ਆਹਾਰ ਬਜ਼ਾਰ ਦੀ ਸਥਾਪਨਾਂ ਲਈ ਵਿਓਂਤਬੰਦੀ ਕਰਦੇ ਆ ਰਹੇ ਸਨ। ਜਿਹਨਾਂ ਵਿੱਚ ਸ਼੍ਰੀ ਰਕੇਸ਼ ਨਰੂਲਾ, ਡਾ. ਆਰ ਕੇ ਮਹਾਜਨ, ਸ਼੍ਰੀ ਵਿੱਕੀ ਸਿੰਗਲ, ਡਾ. ਸ਼ੁੱਭ ਪ੍ਰੇਮ ਬਰਾੜ, ਸ਼ੀ ਜੀ ਸੀ ਗੋਇਲ, ਸ਼੍ਰੀ ਪ੍ਰਦੀਪ ਬਾਂਸਲ, ਸ਼੍ਰੀ ਰਜਿੰਦਰ ਸਿੰਘ ਬਰਾੜ, ਸ਼੍ਰੀ ਰਵੀਪਾਲ ਗਰਗ ਆਦਿ ਮਹਾਨੁਭਾਵਾਂ ਦਾ ਨਾਂਅ ਜ਼ਿਕਰਯੋਗ ਹਨ।

ਇਸ ਮੌਕੇ ਡਾ. ਆਰ ਕੇ ਮਹਾਜਨ ਨੇ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਅਤੇ ਕੁਦਰਤੀ ਆਹਾਰ ਪਰਿਵਾਰ, ਬਠਿੰਡਾ ਦਾ ਇਹ ਛੋਟਾ ਜਿਹਾ ਉਪਰਾਲਾ ਜਾਗਰੂਕ ਸ਼ਹਿਰੀਆਂ ਨੂੰ ਆਪਣੇ ਵੱਲ ਖਿੱਚਣ ਵਿੱਚ ਸਫਲ ਰਿਹਾ ਹੈ। ਸਾਨੂੰ ਆਸ ਹੈ ਕਿ ਆਉਂਦੇ ਸਮੇਂ ਵਿੱਚ ਆਰਗੈਨਿਕ ਆਹਾਰ ਬਜ਼ਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇਗਾ ਅਤੇ ਵੱਡੀ ਗਿਣਤੀ ਵਿੱਚ ਜਾਗਰੂਕ ਸ਼ਹਿਰੀ ਇਸ ਨਾਲ ਜੁੜਨਗੇ।


ਵਾਤਾਵਰਣੀ ਸਿਹਤਾਂ ਅਤੇ ਚੌਗਿਰਦੇ ਦੇ ਸੰਕਟ 'ਤੇ ਬਰਨਾਲਾ, ਖੰਨਾ ਤੇ ਫਿਰੋਜ਼ਪੁਰ ਹੋਏ ਲੋਕ ਸੰਵਾਦ

ਬੀਤੇ ਅਗਸਤ ਸਿਤੰਬਰ ਮਹੀਨੇ ਵਾਤਾਵਰਣੀ ਸਿਹਤ ਅਤੇ ਚੌਗਿਰਦੇ ਦਾ ਸੰਕਟ ਵਿਸ਼ੇ 'ਤੇ ਬਰਨਾਲਾ, ਖੰਨਾ ਅਤੇ ਫਿਰੋਜ਼ਪੁਰ ਵਿੱਚ ਵੱਖ-ਵੱਖ ਸਥਾਨਕ ਸੰਸਥਾਵਾਂ ਵੱਲੋਂ ਲੋਕ ਸੰਵਾਦ ਕਰਵਾਏ ਗਏ। ਇਹਨਾਂ ਲੋਕ ਸੰਵਾਦ ਦੌਰਾਨ ਖ਼ੁਰਾਕ ਲੜੀ ਘੁਸਪੈਠ ਕਰ ਚੁੱਕੇ ਜ਼ਹਿਰਾਂ ਕਾਰਨ ਪੈਦਾ ਹੋਏ ਵਾਤਾਵਰਣ ਅਤੇ ਸਿਹਤਾਂ ਦੇ ਸੰਕਟ ਬਾਰੇ ਗੰਭੀਰ ਵਿਚਾਰ-ਚਰਚਾ ਕੀਤੀ ਗਈ।  ਚਰਚਾ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਤਿੰਨੋਂ ਸ਼ਹਿਰਾਂ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਿਸਾਨਾਂ ਅਤੇ ਸ਼ਹਿਰ ਦੇ ਖਪਤਕਾਰ ਇੱਕ ਸਾਂਝੇ ਉੱਦਮ ਵਜੋਂ ਜਲਦੀ ਹੀ ਕੁਦਰਤੀ ਆਹਾਰ ਬਜ਼ਾਰ ਸ਼ੁਰੂ ਕਰਨਗੇ।

ਇਹਨਾਂ ਲੋਕ ਸੰਵਾਦਾਂ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਓਮੇਂਦਰ ਦੱਤ ਅਤੇ ਕਾਰਜਕਾਰੀ ਪ੍ਰਧਾਨ ਡਾ. ਅਮਰ ਸਿੰਘ ਆਜ਼ਾਦ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਲੋਕ ਸੰਵਾਦਾਂ ਨੂੰ ਸੰਬੋਧਿਤ ਕਰਦਿਆਿਂ ਖੇਤੀ ਵਿਰਾਸਤ ਸ਼੍ਰੀ ਓਮੇਂਦਰ ਦੱਤ ਨੇ ਜਿੱਥੇ ਵਾਤਾਵਰਣ ਉੱਤੇ ਹੋ ਰਹੇ ਜ਼ਹਿਰਾਂ ਦੇ  ਖ਼ਤਰਨਾਕ ਅਸਰਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਡਾ. ਅਮਰ ਸਿੰਘ ਆਜ਼ਾਦ ਨੇ ਹਾਜ਼ਿਰ ਸ਼ਹਿਰੀਆਂ ਨੂੰ ਸਿਹਤਾਂ ਉੱਤੇ ਜ਼ਹਿਰਾਂ ਦੇ ਮਾਰੂ ਅਸਰਾਂ ਬਾਰੇ ਜਾਗਰੂਕ ਕੀਤਾ।

ਫਿਰੋਜ਼ਪੁਰ ਵਿਖੇ ਇਹ ਲੋਕ ਸੰਵਾਦ ਐਕਸ਼ਨ ਫਾਰ ਰਿਸਰਚ ਇਨ ਐਜੂਕੇਸ਼ਨ ਐਂਡ ਇਨਵਾਇਰਨਮੈਂਟਲ ਡਿਵੈਲਪਮੈਂਟ (ਐਗਰੀਡ)ਫਾਂਊਡੇਸ਼ਨ, ਰੋਟਰੀ ਕਲੱਬ-ਫਿਰੋਜ਼ਪੁਰ, ਸਤਲੁਜ ਈਕੋ ਕਲੱਬ, ਸੀਨੀਅਰ ਸਿਟੀਜਲਨ ਕਾਂਊਸਲ, ਭਾਰਤ ਵਿਕਾਸ ਪਰਿਸ਼ਦ ਤੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਕਰਵਾਇਆ ਗਿਆ। ਬਰਨਾਲੇ ਵਿਖੇ ਲੋਕ ਸੰਵਾਦ ਰੋਟਰੀ ਕਲੱਬ ਬਰਨਾਲਾ ਤੇ ਖੇਤੀ ਵਿਰਾਸਤ ਮਿਸ਼ਨ ਦੀ ਸਥਾਨਕ ਇਕਾਈ ਦੀ ਅਗਵਾਈ ਵਿੱਚ ਹੋਇਆ ਅਤੇ ਖੰਨੇ ਵਿਖੇ ਇਹ ਲੋਕ ਸੰਵਾਦ ਖੇਤੀ ਵਿਰਾਸਤ ਮਿਸ਼ਨ ਦੀ ਸਥਾਨਕ ਇਕਾਈ ਨੇ ਪੂਜਾ ਐਜੂਕੇਸ਼ਨ ਟ੍ਰਸਟ ਅਤੇ ਸੀਨੀਅਰ ਸਿਟੀਜਨ ਕਾਂਊਸਲ ਨਾਲ ਮਿਲ ਕੇ ਕਰਵਾਇਆ।

ਫਿਰੋਜ਼ਪੁਰ ਦੇ ਲੋਕ ਸੰਵਾਦ ਵਿੱਚ ਸ. ਬਲਦੇਵ ਸਿੰਘ ਭੁੱਲਰ-ਡਿਪਟੀ ਡਾਇਰੈਕਟਰ ਸਮਾਲ ਸੇਵਿੰਗਜ਼, ਡਾ. ਜੀ ਐਸ ਢਿੱਲੋਂ-ਜ਼ਿਲ੍ਹਾ ਮੈਡੀਕਲ ਕਮਿਸ਼ਨਰ, ਸ਼੍ਰੀ ਹਰੀਸ਼ ਮੌਂਗਾ-ਜਨਰਲ ਸਕੱਤਰ ਜ਼ਿਲ੍ਹਾ ਐੱਨ ਜੀ ਓ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ, ਡਾ. ਸਤਿੰਦਰ ਸਿੰਘ ਅਤੇ ਸ. ਗੁਰਚਰਨ ਸਿੰਘ -ਪ੍ਰਧਾਨ ਤੇ ਮੀਤ ਪ੍ਰਧਾਨ ਐਗਰੀਡ ਫਾਂਊਡੇਸ਼ਨ, ਸ਼੍ਰੀ ਲਲਿਤ ਕੁਮਾਰ, ਸ਼੍ਰੀ ਅਨਿਲ 'ਆਦਮ', ਸ਼੍ਰੀ ਹਰਮੀਤ 'ਵਿੱਦਿਆਰਥੀ', ਸ਼੍ਰੀ ਰਾਜ਼ੀਵ 'ਖ਼ਿਆਲ' ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਾਤਾਵਰਣ ਸਬੰਧੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।

ਬਰਨਾਲੇ ਦੇ ਲੋਕ ਸੰਵਾਦ ਵਿੱਚ ਇੰਪਰੂਵਮੈਂਟ ਟ੍ਰਸਟ ਬਰਨਾਲਾ ਦੇ ਪ੍ਰਧਾਨ ਸ. ਇੰਦਰਪਾਲ ਸਿੰਘ ਚਹਿਲ, ਸ. ਨਿਰਮਲ ਸਿੰਘ ਭੋਤਨਾ-ਪ੍ਰਧਾਨ ਖੇਤੀ ਵਿਰਾਸਤ ਮਿਸ਼ਨ ਬਰਨਾਲਾ ਇਕਾਈ, ਭਾਰਤ ਸਭਾਵਿਮਾਨ ਦੇ ਟ੍ਰਸਟ ਦੇ ਪ੍ਰਧਾਨ ਸ਼੍ਰੀ ਦਰਸ਼ਨ ਮਿੱਤਲ, ਸ਼੍ਰੀ ਸੁਰਿੰਦਰ ਕੌਸ਼ਲ ਪ੍ਰਧਾਨ ਰੋਟਰੀ ਕਲੱਬ, ਸ਼੍ਰੀ ਅਨਿਲ ਬਾਂਸਲ (ਨਾਣਾ)-ਪ੍ਰਧਾਨ ਵਪਾਰ ਮੰਡਲ, ਸ਼੍ਰੀ ਸੁਰਿੰਦਰ ਮਿੱਤਲ-ਖਜ਼ਾਨਚੀ ਰੋਟਰੀ ਕਲੱਬ, ਦਵਿੰਦਰ ਜਿੰਦਲ ਸਕੱਤਰ ਰੋਟਰੀ ਕਲੱਬ, ਸ. ਬਲਵੰਤ ਸਿੰਘ ਸੇਖਾ-ਪ੍ਰਧਾਨ ਸੀਨੀਅਰ ਸਿਟੀਜਨ ਸੋਸਾਇਟੀ, ਇੰਜਨੀਅਰ ਜਗਦੀਸ਼ ਸਿੰਗਲਾ-ਪ੍ਰਧਾਨ ਇੰਜ਼ਨੀਅਰਿੰਗ ਕਲੱਬ, ਸ਼੍ਰੀ ਭਾਰਤ ਭੂਸ਼ਨ-ਯੋਗ ਗੁਰੂ, ਸ਼੍ਰੀ ਜਸਵੰਤ ਰਾਏ ਮੈਂਬਰ ਗਊਸ਼ਾਲਾ ਸੰਮਤੀ ਬਰਨਾਲਾ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।

ਖੰਨ ਦੇ ਲੋਕ ਸੰਵਾਦ ਵਿੱਚ ਸ਼੍ਰੀ ਵਰਿੰਦਰ ਗੁਪਤਾ,ਡਾ. ਨਿਸ਼ੀ ਗੈਰਾ ਤੇ ਡਾ. ਦਵਿੰਦਰ ਗੈਰਾ,  ਸ. ਰਵਿੰਦਰ ਸਿੰਘ ਰੌਣੀ, ਸ. ਬਿਕਰਮਜੀਤ ਸਿੰਘ ਰੌਣੀ, ਡਾ. ਵਿੱਪਨ ਕਾਂਸਲ, ਉੱਘੇ ਸਮਾਜ ਸੇਵਕ ਸ਼੍ਰੀ ਨਿਰਮਲ ਸੋਫਤ ਖਾਸ ਤੌਰ 'ਤੇ ਸ਼ਾਮਿਲ ਹੋਏ।

ਡੋਡ ਪਿੰਡ ਦੀਆਂ ਬੀਬੀਆਂ ਨੇ ਲਈ ਘਰੇਲੂ ਬਗੀਚੀ ਵਿਕਸਤ ਕਰਨ ਦੀ ਟ੍ਰੇਨਿੰਗ

ਅਗਸਤ ਮਹੀਨੇ ਖੇਤੀ ਵਿਰਾਸਤ ਮਿਸ਼ਨ ਦੁਆਰਾ ਫ਼ਰੀਦਕੋਟ ਵਿੱਚ ਸਾਦਿਕ ਨੇੜਲੇ ਪਿੰਡ ਡੋਡ ਵਿਖੇ ਪਿੰਡ ਦੀਆਂ ਬੀਬੀਆਂ ਨੂੰ ਰਸੋਈ ਲਈ ਘਰੇਲੂ ਬਗੀਚੀਆਂ ਵਿਕਸਤ ਕਰਨ ਦੀ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਵਿੱਚ ਪਿੰਡ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਟ੍ਰੇਨਿੰਗ ਦੌਰਾਨ ਖੇਤੀ ਵਿਰਾਸਤ ਮਿਸ਼ਨ ਦੇ ਵਿਮੈਨਜ਼ ਐਕਸ਼ਨ ਫਾਰ ਈਕੋਲਜ਼ੀ ਦੀ ਕੁਆਰਡੀਨੇਟਰ ਬੀਬਾ ਅਮਨਜੋਤ ਕੌਰ ਨੇ ਬੀਬੀਆਂ ਨੂੰ ਖੇਤੀ ਵਿੱਚ ਵਰਤੇ ਜਾਣ ਵਾਲੀਆਂ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਕਾਰਨ ਜ਼ਹਿਰੀਲੀ ਹੋ ਚੁੱਕੀ ਖ਼ੁਰਾਕ ਦੇ ਸਿਹਤਾਂ ਉੱਤੇ ਮਾੜੇ ਅਸਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜ੍ਹੀਖਾਨਾ ਨੇ ਹਾਜ਼ਿਰ ਬੀਬੀਆਂ ਨੂੰ ਕੁਦਰਤੀ ਢੰਗਾਂ ਨਾਲ ਘਰ ਵਿੱਚ ਹੀ ਦਾਲਾਂ, ਸਬਜ਼ੀਆਂ ਅਤੇ ਕੁੱਝ ਫ਼ਲਦਾਰ ਬੂਟੇ ਉਗਾਉਣ ਲਈ ਘਰੇਲੂ ਬਗੀਚੀਆਂ ਵਿਕਸਤ ਕਰਨ ਦੀ ਸਿਖਲਾਈ ਦਿੱਤੀ ਗਈ।

ਇਸਦੇ ਕੁਝ ਦਿਨਾਂ ਬਾਅਦ ਹੀ ਮਿਸ਼ਨ ਦੁਆਰਾ ਕ੍ਰਿਸ਼ੀ ਵਿੱਗਿਆਨ ਕੇਂਦਰ ਫ਼ਰੀਦਕੋਟ ਨਾਲ ਮਿਲਕੇ ਪਿੰਡ ਦੀਆਂ ਬੀਬੀਆਂ ਦੇ ਇੱਕ ਪੰਜ ਮੈਂਬਰੀ ਗਰੁੱਪ ਨੂੰ ਆਚਾਰ, ਚਟਨੀਆਂ, ਸ਼ਰਬਤ ਆਦਿ ਬਣਾਉਣ ਦੀ ਸਿਖਲਾਈ ਵੀ ਦਿੱਤੀ ਗਈ। ਬੀਬੀਆਂ ਨੂੰ ਇਹ ਟ੍ਰੇਨਿੰਗ ਕ੍ਰਿਸ਼ੀ ਵਿੱਗਿਆਨ ਕੇਂਦਰ ਵਿੱਚ ਕਾਰਜਸ਼ੀਲ ਬੀਬਾ ਨਵਦੀਪ ਕੌਰ ਜੀ ਨੇ ਬੜੇ ਹੀ ਠਰੰਮੇ ਅਤੇ ਸਲੀਕੇ ਨਾਲ  ਦਿੱਤੀ।

No comments:

Post a Comment