Saturday, 22 October 2011

ਸੰਪਾਦਕੀ

ਗੋਬਿੰਦਪੁਰੇ ਦਾ ਕਿਸਾਨ ਸੰਘਰਸ਼

ਗੋਬਿੰਦਪੁਰੇ 'ਚ ਜ਼ਮੀਨਾਂ ਬਚਾਉਣ ਲਈ ਚੱਲ ਰਿਹਾ ਕਿਸਾਨ ਸੰਘਰਸ਼ ਆਉਣ ਵਾਲੇ ਭਿਆਨਕ ਸਮੇਂ  ਦੇ ਸੰਕੇਤ ਦੇ ਰਿਹਾ ਹੈ। ਇਹ ਸੰਘਰਸ਼ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਸ ਤਰ੍ਹਾਂ 'ਵਿਕਾਸ' ਨੇ ਸਾਡੇ ਕੁਦਰਤੀ ਸੋਮਿਆਂ ਦੀ ਬਲੀ ਲੈਣੀ ਹੀ ਲੈਣੀ ਹੈ। ਇਹ ਕੁਦਰਤੀ ਸੋਮੇਂ- ਜਲ, ਜੰਗਲ, ਬੀਜ, ਜ਼ਮੀਨ, ਖਣਿਜ, ਬਨਸਪਤੀ ਅਤੇ ਜੈਵਿਕ ਵਿਭਿੰਨਤਾ ਸਿਰਫ ਸੋਮਾ ਜਾਂ ਸੰਸਾਧਨ ਹੀ ਨਹੀਂ  ਸਗੋਂ ਇਹ ਸਾਡੇ ਕਿਸਾਨਾਂ, ਕਾਰੀਗਰਾਂ, ਵਣ-ਵਾਸੀਆਂ ਸਮੇਤ ਸਮੂਹ ਲੋਕਾਂ ਦੀ ਆਜੀਵਿਕਾ ਵੀ ਹੁੰਦੇ ਹਨ। ਇਹਨਾਂ ਦਾ ਆਮ ਲੋਕਾਂ ਹੱਥੋਂ, ਖੁੱਸਣਾ, ਖੋਹਿਆ ਜਾਣਾ ਜਾਂ ਪਲੀਤ ਹੋ ਕੇ ਬਰਬਾਦ ਹੋਣਾ ਦੋਹਾਂ ਹੀ ਸੂਰਤਾਂ ਇਹ ਲੋਕਾਂ ਦੀ ਰੋਜ਼ੀ-ਰੋਟੀ, ਖੁਦਮੁਖਤਾਰੀ, ਸਵੈਮਾਣ ਅਤੇ ਪਰੰਪਰਾਗਤ ਖੁਸ਼ਹਾਲੀ ਦਾ ਨਾਸ਼ ਕਰੇਗਾ। ਮੌਜੂਦਾ ਸਮੇਂ ਖੇਤੀਯੋਗ ਉਪਜਾਊ ਜ਼ਮੀਨਾਂ ਐਕੁਆਇਰ ਕਰਨ ਦੀ ਕਾਹਲ ਤੇ ਰਫ਼ਤਾਰ ਦੇਖ ਕੇ ਇੰਞ ਲੱਗਦਾ ਹੈ ਕਿ ਸਰਕਾਰਾਂ ਦੇਸ਼ ਦੀ ਕਿਸਾਨੀ ਅਤੇ ਅੰਨ ਸੁਰੱਖਿਆ ਨੂੰ ਨੇਸਤੋਨਾਬੂਦ ਕਰਨ 'ਤੇ ਤੁਲੀਆਂ ਹੋਈਆਂ ਹਨ।

ਦੁੱਖ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਰ ਥਾਂ ਹਰੇਕ ਪ੍ਰੋਜੈਕਟ ਲਈ ਲੋੜ ਤੋਂ ਕਿਤੇ ਵੱਧ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਗਿੱਦੜਬਾਹਾ ਵਿਖੇ ਲੱਗ ਰਹੇ ਥਰਮਲ ਪਾਵਰ ਪਲਾਂਟ ਲਈ ਲਗਪਗ 2000 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ ਜਦਕਿ ਉੱਥੋਂ ਦੇ ਇੰਜ਼ਨੀਅਰਾਂ ਦਾ ਸਾਫ ਕਹਿਣਾ ਹੈ ਕਿ ਲੋੜ ਸਿਰਫ ਇੱਕ ਹਜ਼ਾਰ ਏਕੜ ਦੀ ਹੈ। ਗੋਬਿੰਦਪੁਰੇ ਵਿੱਚ ਵੀ ਪਹਿਲਾਂ 1237 ਏਕੜ ਜ਼ਮੀਨ ਐਕੁਆਇਰ ਕਰਨ ਦੀ ਸ਼ੁਰੂਆਤ ਕੀਤੀ ਗਈ ਜਿਹੜੀ ਕਿਸਾਨ ਸੰਘਰਸ਼ ਸਦਕਾ ਘਟ ਕੇ 880 ਏਕੜ ਤੱਕ ਆ ਗਈ ਹੈ। ਹੁਣ ਸੰਘਰਸ਼ ਕਰ ਰਹੇ ਕਿਸਾਨਾਂ ਦੀ ਇਹ ਮੰਗ ਹੈ ਕਿ ਜਿਹੜੇ ਕਿਸਾਨ ਜ਼ਮੀਨ ਨਹੀਂ ਦੇਣਾ ਚਹੁੰਦੇ ਉਹਨਾਂ ਦੀ 186 ਏਕੜ ਜ਼ਮੀਨ ਉਹਨਾਂ ਨੂੰ ਵਾਪਿਸ ਕੀਤੀ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਕਿਸੇ ਵੇਲੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ ਸੀ ਕਿ ਸਰਕਾਰ ਜ਼ਬਰਦਸਤੀ ਜ਼ਮੀਨਾ ਐਕੁਆਇਰ ਨਹੀਂ ਕਰੇਗੀ। ਅਸੀਂ ਮੁੱਖ ਮੰਤਰੀ ਨੂੰ ਆਪਣੇ ਉਸ ਐਲਾਨ 'ਤੇ ਖਰੇ ਉਤਰਣ ਦੀ ਅਪੀਲ ਕਰਦੇ ਹਾਂ। ਖੇਤੀ ਵਿਰਾਸਤ ਮਿਸ਼ਨ ਇਸ ਮੁੱਦੇ 'ਤੇ ਸੰਘਰਸ਼ ਕਰ ਰਹੀਆਂ ਸਮੂਹ ਕਿਸਾਨ ਜੱਥੇਬੰਦੀਆਂ ਦਾ ਸਮਰਥਨ ਕਰਦਾ ਹੈ।


ਲਹੂ ਲੁਹਾਣ ਹੋ ਰਹੀ ਭਾਰਤ ਮਾਤਾ

ਅੱਜ ਮਾਂ ਭਾਰਤੀ ਲਹੂ-ਲੁਹਾਣ ਹੋ ਰਹੀ ਹੈ। ਆਜ਼ਾਦੀ ਦੇ ਚੌਂਹਟ ਵਰ੍ਹਿਆਂ ਬਾਅਦ ਵੀ ਭਾਰਤ ਦੀ ਵੱਡੀ ਆਬਾਦੀ ਜ਼ਿੰਦਗੀ ਦੀਆਂ ਮੁਢਲੀਆਂ ਸਹੂਲਤਾਂ ਤੋਂ ਵਾਂਝੀ ਹੈ। ਦੇਸ ਦੀ 80 ਫੀਸਦੀ ਵਸੋਂ ਲਈ ਸੰਤੁਲਤ ਭੋਜਨ, ਮੌਸਮ ਅਨੁਸਾਰ ਕੱਪੜੇ ਅਤੇ ਘਰ ਅੱਜ ਵੀ ਇੱਕ ਸੁਪਨਾ ਹੀ ਹੈ। ਉਹਨਾਂ ਦੇ ਬੱਚਿਆਂ ਨੂੰ ਢੰਗ ਸਿਰ ਦੀ ਸਿੱਖਿਆ ਅਤੇ ਸਿਹਤ ਸਹੂਲਤਾਂ ਉਪਲਭਧ ਨਹੀਂ ਹਨ। ਲੋਕ ਮਿਹਨਤ ਕਰਨ ਨੂੰ ਤਿਆਰ ਹਨ ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ। ਸਮਾਜਿਕ ਸੁਰੱਖਿਆ ਨਾਂਅ ਦੀ ਚੀਜ ਸਮਾਜ ਵਿੱਚੋਂ ਗਾਇਬ ਹੈ। ਉੱਪਰਲੇ ਚੰਦ ਕੁ ਲੋਕ ਖਾਣ ਲਈ ਜਿਉਂਦੇ ਹਨ ਅਤੇ ਹੇਠਲੇ 70 ਫੀਸਦੀ ਲੋਕਾਂ ਕੋਲ ਜਿਉਣ ਲਈ ਖਾਣਾ ਹੀ ਉਪਲਭਧ ਨਹੀਂ ਹੈ।

ਵਿਕਾਸ ਦਾ ਮੌਜੂਦਾ ਮਾਡਲ ਹਿੰਸਾ ਭਰਪੂਰ ਹੈ। ਖੇਤੀ ਅਤੇ ਸਅਨਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਹਿਰਾਂ ਨੇ ਧਰਤੀ, ਪਾਣੀ, ਹਵਾ ਅਤੇ ਭੋਜਨ ਪ੍ਰਣਾਲੀ ਨੂੰ ਖ਼ਤਰਨਾਕ ਹੱਦ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ। ਧਰਤੀ ਦੇ ਜੀਵ-ਜੰਤੂ ਬੜੀ ਤੇਜੀ ਨਾਲ ਮਰ ਰਹੇ ਹਨ। ਮਨੁੱਖੀ ਸਮਾਜ ਵਿੱਚ ਵੱਡੇ ਪੱਧਰ 'ਤੇ ਬਿਮਾਰੀਆਂ ਫੈਲ ਰਹੀਆਂ ਹਨ। ਸਿਹਤ ਸੇਵਾਵਾਂ ਰੋਗਾਂ ਦੀ ਜੜ੍ਹ 'ਤੇ ਵਾਰ ਕਰਨ ਦੀ ਬਜਾਏ ਰੋਗੀ ਨੂੰ ਜਿਆਦਾ ਸਮੇਂ ਤੱਕ ਜਿਉਂਦੇ ਰੱਖਣ ਵਿੱਚ ਮੁਹਾਰਤ ਹਾਸਿਲ ਕਰ ਰਹੀਆਂ ਹਨ।

ਪੈਟਰੋਲੀਅਮ ਪਦਾਰਥਾਂ ਦੀ ਅਤਿ ਦੀ ਵਰਤੋਂ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਬਿਜਲੀ ਉਤਪਾਦਕ ਸਾਧਨਾਂ ਕਾਰਨ ਵਾਤਾਵਰਣ ਵਿੱਚ ਗਰੀਨ ਹਾਊਸ ਗੈਸਾਂ ਵਿੱਚ ਭਾਰੀ ਵਾਧਾ ਹੋਇਆ। ਸਿੱਟੇ ਵਜੋਂ ਤਾਪਮਾਨ ਵਿੱਚ ਵਾਧੇ ਕਾਰਨ  ਗਲੇਸ਼ੀਅਰ ਬੜੀ ਤੇਜੀ ਨਾਲ ਪਿਘਲ ਰਹੇ ਹਨ ਤੇ ਸਮੁੰਦਰਾਂ ਦਾ ਪਾਣੀ ਲਗਾਤਾਰ ਚੜਦਾ ਜਾ ਰਿਹਾ ਹੈ। ਇਸ ਕਾਰਨ ਤਟਵਰਤੀ ਇਲਾਕੇ ਅਤੇ ਟਾਪੂਆਂ ਦੀ ਹੋਂਦ ਖ਼ਤਰੇ  ਵਿੱਚ ਹੈ। ਸਦਾ ਬਹਾਰ ਦਰਿਆ ਮੌਸਮੀ ਦਰਿਆ ਬਣਦੇ ਜਾ ਰਹੇ ਹਨ। ਤਾਪਮਾਨ ਵਿੱਚ ਵਾਧਾ ਫਸਲੀ ਚੱਕਰ, ਜੀਵ ਜੰਤੂਆਂ, ਮਨੁੱਖੀ ਜ਼ਿੰਦਗੀ, ਮੌਸਮਾਂ ਅਤੇ ਸਮੂਹ ਕੁਦਰਤੀ ਸੰਤੁਲਨ ਵਿੱਚ ਗੰਭੀਰ ਵਿਗਾੜ ਪੈਦਾ ਕਰ ਰਿਹਾ ਹੈ।  ਸਮੁੱਚਾ ਜੀਵਨ ਆਪਣੀ ਹੋਂਦ ਦੇ ਸੰਕਟ ਨਾਲ ਦੋ ਚਾਰ ਹੈ। ਇੱਥੋਂ ਤੱਕ ਕਿ ਹਾਲਾਤ ਧਰਤੀ ਦੀ ਹੋਂਦ ਵੀ ਖਤਮ ਹੋਣ ਵੱਲ ਮੋੜਾ ਕੱਟ ਰਹੇ ਹਨ।

ਵਿਕਾਸ ਦੇ ਇਸ ਹਿੰਸਕ ਮਾਡਲ ਨੂੰ ਮੁੱਠੀ ਭਰ ਅਤੇ ਅਤਿ ਦੇ ਅਮੀਰ ਲੋਕਾਂ ਦੇ ਹੋਰ ਵੀ ਅਮੀਰ ਹੋਣ ਦੀ ਲਾਲਸਾ ਦੀ ਪੂਰਤੀ ਲਈ ਚਲਾਇਆ ਜਾ ਰਿਹਾ ਹੈ। ਸਿਰੇ ਦੇ ਭ੍ਰਿਸ਼ਟ ਰਾਜਸੀ ਨੇਤਾ, ਅਫਸਰ ਅਤੇ ਮਨੇਜਰ ਵਿਕਾਸ ਦੇ ਇਸ ਟੁੱਚੇ ਮਾਡਲ ਨੂੰ ਮਜਬੂਤ ਕਰਕੇ ਕਾਰਪੋਰੇਟ ਘਰਾਨਿਆਂ ਲਈ ਦਲਾਲੀ ਕਰ ਰਹੇ ਹਨ।

ਇਸ ਭ੍ਰਿਸ਼ਟਾਚਾਰ ਕਾਰਨ ਕਿਸਾਨਾਂ, ਖਪਤਕਾਰਾਂ, ਜੀਵ-ਜੰਤੂਆਂ ਅਤੇ ਕੁਦਰਤੀ ਸੰਤੁਲਨ ਦੇ ਵੈਰੀ ਅਤਿ ਦੇ ਜ਼ਹਿਰੀਲੇ ਰਸਾਇਣਕ ਖੇਤੀ ਮਾਡਲ  ਨੂੰ ਨਿਰੰਤਰ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਭ੍ਰਿਸ਼ਟਾਚਾਰ ਕਾਰਨ ਸਅਨਤਾਂ ਵਿੱਚੋਂ ਜ਼ਹਿਰੀਲਾ ਮਾਦਾ ਸਿੱਧਾ ਹੀ ਪਾਣੀ ਦੇ ਸੋਮਿਆਂ ਵਿੱਚ ਸੁੱਟਿਆ ਜਾ ਰਿਹਾ ਹੈ। ਦੋਹੇਂ ਤਰ੍ਹਾਂ ਦੇ ਜ਼ਹਿਰਾਂ ਕਾਰਨ ਧਰਤੀ ਉਤਲਾ ਅਤੇ ਹੇਠਲਾ ਦੋਹੇਂ ਤਰ੍ਹਾਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਪੰਜ ਦਰਿਆਵਾਂ ਦੀ ਧਰਤੀ ਜਿਹੜੀ ਕਦੇ ਆਪਣੇ ਪਾਣੀਆਂ 'ਤੇ ਮਾਣ ਕਰਦੀ ਸੀ ਅੱਜ ਜ਼ਹਿਰੀਲੇ ਪਾਣੀਆਂ ਕਾਰਨ ਲਹੂ ਲੁਹਾਣ ਹੋ ਰਹੀ ਹੈ।

ਆਓ ਸਭ ਤਰ੍ਹਾਂ ਦੇ ਭੇਦ-ਭਾਵ ਭੁੱਲ ਕੇ ਇੱਕ ਮੁੱਠ ਹੋਈਏ। ਆਪਣੇ ਗੁਰੂਆਂ, ਪੀਰਾਂ, ਫ਼ਕੀਰਾਂ ਦੇ ਉਪਦੇਸ਼ਾਂ 'ਤੇ ਅਮਲ ਕਰਦੇ ਹੋਏ ਆਪਣੇ ਗੁਰੂ, ਆਪਣੇ ਪਿਤਾ ਅਤੇ ਆਪਣੀ ਮਾਤਾ ਦੀ ਰੱਖਿਆ ਕਰੀਏ ਤੇ ਨਾਲ ਹੀ ਮਨੁੱਖਤਾ ਅਤੇ ਹੋਰਨਾਂ ਜੀਵ-ਜੰਤੂਆਂ ਨੂੰ ਬਚਾਈਏ!


ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ


ਨਾਨਕ ਨਾਮ ਚੜਦੀ ਕਲਾ , ਤੇਰੇ ਭਾਣੇ ਸਰਬਤ ਦਾ ਭਲਾ।
No comments:

Post a Comment