Saturday 22 October 2011

ਖੇਤੀ ਖ਼ੁਰਾਕ ਆਜ਼ਾਦੀ ਜੱਥੇ ਨੂੰ ਮਿਲਿਆ ਭਰਪੂਰ ਹੁੰਗਾਰਾ

ਖੇਤੀ ਖੁਦਮੁਖਤਾਰੀ ਅਤੇ ਖ਼ਰਾਕ ਦੀ ਆਜ਼ਾਦੀ ਵੀ ਹੋਵੇ ਸਭ ਲਈ ਸੰਘਰਸ਼ ਦਾ ਮੁੱਦਾ

ਅਗਸਤ 8 ਤੋਂ 17, 2011

ਖੇਤੀ ਵਿਰਾਸਤ ਮਿਸ਼ਨ ਵੱਲੋਂ ਵੱਖ-ਵੱਖ ਹਮਖ਼ਿਆਲ ਜੱਥੇਬੰਦੀਆਂ ਨਾਲ ਮਿਲ ਕੇ ਅਗਸਤ ਮਹੀਨੇ 8 ਤੋਂ 17 ਤਰੀਕ ਤੱਕ ਸੂਬੇ ਭਰ 'ਚ ਇੱਕ ਚੇਤਨਾ ਮਾਰਚ ਦੇ ਰੂਪ ਵਿੱਚ ਖੇਤੀ ਖ਼ੁਰਾਕ ਆਜ਼ਾਦੀ ਜੱਥਾ ਕੱਢਿਆ ਗਿਆ। ਖੇਤੀ ਖੁਦਮੁਖਤਾਰੀ ਅਤੇ ਖ਼ੁਰਾਕ ਦੀ ਆਜ਼ਾਦੀ ਨੂੰ ਦਰਪੇਸ਼ ਖ਼ਤਰੇ ਖਿਲਾਫ਼ ਚੇਤਨਾ ਫੈਲਾਉਣਾ ਅਤੇ ਲੋਕਾਂ ਨੂੰ ਲਾਮਬੰਦ ਕਰਨਾ ਜੱਥੇ ਦਾ ਮੁੱਖ ਉਦੇਸ਼ ਰਿਹਾ।
ਚੇਤਨਾ ਮਾਰਚ ਨੇ 9 ਅਗਸਤ ਨੂੰ “ਅੰਗਰੇਜ਼ੋ ਭਾਰਤ ਛੱਡੇ ਅੰਦੋਲਨ” ਦੀ ਬਿਆਸੀਵੀਂ ਵਰੇਗੰਢ ਮੌਕੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਸਮਾਰਕ 'ਤੇ ਨਤਮਸਤਕ ਹੋ ਕੇ ਲੁਧਿਆਣੇ ਤੋਂ ਰਵਾਨਗੀ ਪਾਈ। ਇਸ ਦੌਰਾਨ ਜੱਥੇ ਨੇ ਇਸੇ ਦਿਨ ਲੁਧਿਆਣੇ ਕੁਦਰਤ ਮਾਨਵ ਕੇਂਦਰ ਲੋਕ ਲਹਿਰ ਦੇ ਇਜਲਾਸ ਵਿੱਚ ਵੀ ਸ਼ਿਰਕਤ ਕੀਤੀ ਅਤੇ ਸਬੰਧਤ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਜੱਥੇ ਦੀ ਅਗਵਾਈ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਓਮੇਂਦਰ ਦੱਤ ਨੇ ਕੀਤੀ। ਖੇਤੀ ਖ਼ੁਰਾਕ ਆਜ਼ਾਦੀ ਜੱਥਾ ਇਸ ਚੇਤਨਾ ਮਾਰਚ ਰਾਹੀਂ ਲੁਧਿਆਣਾ, ਜਲੰਧਰ,ਨਵਾਂ ਸ਼ਹਿਰ ਹੁਸ਼ਿਆਰਪੁਰ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ ਅਤੇ ਫ਼ਰੀਦਕੋਟ ਕੋਟ ਜ਼ਿਲਿਆਂ ਦੇ ਅਨੇਕਾਂ ਪਿੰਡਾਂ ਅਤੇ ਸ਼ਹਿਰਾਂ ਆਮ ਲੋਕਾਂ ਅਤੇ ਕਿਸਾਨ ਭਰਾਵਾਂ ਦੇ ਰੂ-ਬ-ਰੂ ਹੋਇਆ। ਮਾਰਚ ਦੌਰਾਨ ਚੱਕ ਦੇਸ ਰਾਜ, ਲਾਂਬੜਾਂ ਸ਼ਾਹਕੋਟ- ਜੰਲਧਰ, ਹਰਿਆਣਾ, ਭਾਗਪੁਰ ਸਤੌਰ-ਹੁਸ਼ਿਆਰਪੁਰ, ਇੰਦਗੜ, ਤਲਵੰਡੀ ਭੰਗੇਰੀਆਂ, ਕੁੱਸਾ ਖਾਈ-ਮੋਗਾ, ਬਖਤਗੜ-ਬਰਨਾਲਾ, ਜਲਾਲ, ਨਥਾਣਾ, ਜੀਦਾ ਮਹਿਮਾ ਸਰਜਾ, ਕਰਮਗੜ ਸਤਰਾਂ, ਮੌੜ ਕਲਾਂ-ਬਠਿੰਡਾ, ਦਬੜੀਖਾਨਾ-ਫ਼ਰੀਦਕੋਟ, ਮੱਲ ਸਿੰਘ ਵਾਲਾ-ਮਾਨਸਾ, ਭੁੱਲਰਾਂ, ਧੂਰੀ,ਕੱਕੜਵਾਲ, ਮਲੌਦ ਮਾਝੀ, ਲਹਿਰਾਗਾਗਾ ਅਤੇ ਮਲੇਰਕੋਟਲਾ-ਸੰਗਰੂਰ ਰੌਣੀ-ਲੁਧਿਆਣਾ, ਵਿਖੇ ਭਰਵੇਂ ਇਕੱਠ ਹੋਏ। ਇਹਨਾਂ ਪ੍ਰੋਗਰਾਮਾਂ ਵਿੱਚ ਬੁਲਾਰਿਆਂ ਨੇ ਲੋਕਾਂ ਨੂੰ ਬਹੁਕੌਮੀ ਕੰਪਨੀਆਂ ਦੁਆਰਾ ਸਰਕਾਰਾਂ ਅਤੇ ਅਫਸਰਾਂ ਨਾਲ ਮਿਲੀਭੁਗਤ ਕਰਕੇ ਬੀਟੀ ਬੀਜਾਂ ਰਾਹੀਂ ਕਿਸਾਨਾਂ ਦੀ ਖੇਤੀ ਖੁਦਮੁਖਤਾਰੀ, ਜ਼ਮੀਨਾਂ ਖੋਹਣ ਅਤੇ ਦੇਸ਼ ਉੱਤੇ ਰੋਟੀ ਦਾ ਬਸਤੀਵਾਦ ਲੱਦਣ ਦੇ ਕੋਝੇ ਮਨਸੂਬਿਆਂ ਦਾ ਪਰਦਾਫਾਸ਼ ਕਰਦੇ ਹੋਏ ਲੋਕਾਂ ਨੂੰ ਸਮੇਂ ਦੀਆਂ ਭ੍ਰਿਸ਼ਟ ਸਰਕਾਰਾਂ ਅਤੇ ਕੰਪਨੀਆਂ ਦੇ ਖਿਲਾਫ਼ ਇੱਕਮੁੱਠ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਮਾਰਚ ਦੇ ਵੱਖ-ਵੱਖ ਪੜਾਵਾਂ 'ਤੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਓਮੇਂਦਰ ਦੱਤ ਨੇ ਦੱਸਿਆ ਕਿ ਕਿਸ ਤਰਾਂ ਬਹੁਕੌਮੀ ਕੰਪਨੀਆਂ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਗੰਢਤੁੱਪ ਕਰਕੇ ਬੀਟੀ ਬੀਜਾਂ ਨੂੰ ਬਜ਼ਾਰ 'ਚ ਉਤਾਰਨ ਲਈ ਪਰ ਤੋਲ ਰਹੀਆਂ ਹਨ। ਹਾਲਾਂਕਿ ਦੁਨੀਆਂ ਭਰ ਵਿੱਚ ਬੀਟੀ ਫਸਲਾਂ ਦੇ ਹੁਣ ਤੱਕ ਮਨੁੱਖਾਂ ਅਤੇ ਜਾਨਵਰਾਂ ਉੱਤੇ ਜਿੰਨੇ ਵੀ ਤਜ਼ਰਬੇ ਹੋਏ ਹਨ ਉਹਨਾਂ ਵਿੱਚੋਂ ਇੱਕ ਵੀ ਹਾਂ ਪੱਖੀ ਨਹੀਂ ਸਿੱਧ ਹੋਇਆ। ਸਗੋਂ ਜਿਹਨਾਂ ਮਨੁੱਖਾਂ ਅਤੇ ਜਾਨਵਰਾਂ ਉੱਤੇ ਇਹ ਤਜ਼ਰਬੇ ਕੀਤੇ ਗਏ ਉਹ ਭਿਆਨਕ ਕਿਸਮ ਦੀਆਂ ਸਿਹਤ ਅਤੇ ਪ੍ਰਜਨਣ ਸਮੱਸਿਆਵਾਂ ਦਾ ਸ਼ਿਕਾਰ ਬਣ ਗਏ। ਤਜ਼ਰਬਿਆਂ ਦੌਰਾਨ ਇਹ ਗੱਲ ਸਪਸ਼ਟ ਹੋਈ ਕਿ ਬੀਟੀ ਫਸਲਾਂ ਤੋਂ ਬਣੇ ਖ਼ੁਰਾਕੀ ਪਦਾਰਥਾਂ ਦੇ ਸੇਵਨ ਕਰਨ ਵਾਲੇ ਲੋਕਾਂ ਭਵਿੱਖ ਵਿੱਚ ਨਿਪੁੰਸਕ ਹੋ ਜਾਣਗੇ ਅਤੇ ਇਸ ਤਰਾਂ ਮਨੁੱਖੀ ਵਸੋਂ ਦਾ ਵੱਡਾ ਹਿੱਸਾ ਲੋਪ ਹੋ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਹ ਸਭ ਇੱਕ ਖ਼ਤਰਨਾਕ ਸ਼ਾਜਿਸ਼ ਤਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਧਰਤੀ ਤੋਂ ਮੁੱਕਦੇ ਜਾ ਰਹੇ ਕੁਦਰਤੀ ਵਸੀਲਿਆਂ ਦੇ ਮੱਦੇ ਨਜ਼ਰ ਅਮਰੀਕਾ ਵਰਗੇ ਸ਼ੈਤਾਨ ਦੇਸਾਂ ਦੀ ਹੋਂਦ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾ ਸਕੇ। ਉਹਨਾਂ ਅਮਰੀਕੀ ਬਹੁਕੌਮੀ ਕੰਪਨੀ ਕੰਪਨੀ ਮੋਨਸੈਂਟੋ ਦੇ ਉਸ ਐਲਾਨਨਾਮੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਿਹਦੇ ਤਹਿਤ ਉਹ 2020 ਤੱਕ ਦੁਨੀਆਂ ਭਰ ਵਿੱਚ ਉਗਾਈਆਂ ਜਾਣ ਵਾਲੀਆਂ ਸਭ ਫਸਲਾਂ ਦੇ ਬੀਜਾਂ ਦੀ ਮਲਕੀਅਤ ਹਾਸਿਲ ਕਰਨ ਦੀ ਪ੍ਰਬਲ ਇੱਛਕ ਹੈ। ਇਹਨਾਂ ਤੋਂ ਇਲਾਵਾ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਤੋਂ ਨਰਿੰਦਰਜੀਤ ਸਿੰਘ ਸੋਢੀ-ਪ੍ਰਧਾਨ, ਸੁਖਦੇਵ ਸਿੰਘ ਭੋਪਾਲ,ਗੁਰਦਿਆਲ ਸਿੰਘ ਸ਼ੀਤਲ, ਦੇਸ਼ ਰਾਜ ਹੋਰਾਂ ਨੇ ਵੱਖ-ਵੱਖ ਪੜਾਵਾਂ 'ਤੇ ਕੀਤੇ ਗਏ ਪ੍ਰੋਗਰਾਮਾਂ ਵਿੱਚ ਮੇਜ਼ਰ ਜੀ ਐਸ ਔਲਖ-ਸੂਬਾ ਪ੍ਰਧਾਨ ਭਾਰਤ ਜਨ-ਵਿਗਿਆਨ ਜੱਥਾ,  ਸ. ਰਾਜਬੀਰ ਸਿੰਘ-ਪਿੰਗਲਵਾੜਾ ਅੰਮ੍ਰਿਤਸਰ,ਬਲਵਿੰਦਰ ਜੀਰਾ, ਗੁਰਪ੍ਰੀਤ ਦਬੜੀਖਾਨਾ-ਖੇਤੀ ਵਿਰਾਸਤ ਮਿਸ਼ਨ ਸਮੇਤ ਲੋਕਾਂ ਨੂੰ ਇਹਨਾਂ ਮੁੱਦਿਆਂ ਪ੍ਰਤੀ ਜਾਗਰੂਕ ਕੀਤਾ।

No comments:

Post a Comment