Saturday, 22 October 2011

ਖਬਰਾਂ

ਜ਼ਹਿਰ ਮੁਕਤ ਕਣਕ ਦਾ ਚਮਤਕਾਰ, ਯੂਰਿਕ ਐਸਿਡ ਹੋਇਆ ਠੀਕ ਸ਼ੂਗਰ ਤੋਂ ਮਿਲੀ ਰਾਹਤ
ਗੋਣਿਆਣਾ, ਬਠਿੰਡਾ ( ਗੁਰਪ੍ਰੀਤ ਦਬੜੀਖਾਨਾ) :                        
ਬਠਿੰਡੇ ਜ਼ਿਲੇ ਦੇ ਕਸਬੇ ਗੋਣਿਆਣਾ ਮੰਡੀ ਵਿੱਚ, ਕੁਦਰਤੀ ਖੇਤੀ ਤਹਿਤ ਉਗਾਈ ਗਈ ਜ਼ਹਿਰ ਮੁਕਤ ਕਣਕ ਨੇ ਇੱਕ ਹੋਰ ਚਮਤਕਾਰ ਕਰ ਵਿਖਾਇਆ। ਜ਼ਹਿਰ ਮੁਕਤ ਕੁਦਰਤੀ ਕਣਕ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਿਲ ਕਰਨ ਵਾਲੇ ਆੜਤੀ ਰਤਨ ਕੁਮਾਰ ਅੱਜ-ਕੱਲ ਇਸਦੇ ਗੁਣ ਗਾਉਂਦੇ ਨਹੀਂ ਥੱਕਦੇ
ਤੇਜ ਰਾਮ ਮੇਘ ਰਾਜ ਆੜਤ ਦੇ ਮਾਲਿਕ ਰਤਨ ਕੁਮਾਰ ਨੇ ਲਾਗਲੇ ਪਿੰਡ ਮਹਿਮਾ ਸਰਜਾ ਦੇ ਕਿਸਾਨ ਬੇਅੰਤ ਸਿੰਘ ਤੋਂ ਘਰੇਲੂ ਖਪਤ ਲਈ ਜ਼ਹਿਰ ਮੁਕਤ ਕਣਕ ਖਰੀਦੀ ਸੀ। ਰਤਨ ਕੁਮਾਰ, ਜਿਹੜੇ ਕਿ ਯੂਰਿਕ ਐਸਿਡ ਦੀ ਬਿਮਾਰੀ ਤੋਂ ਬਹੁਤ ਪ੍ਰੇਸ਼ਾਨ ਸਨ ਨੇ ਦੱਸਿਆ ਕਿ  ਜਦੋਂ ਤੂ ਉਹਨਾਂ ਨੇ ਜ਼ਹਿਰ ਮੁਕਤ ਕਣਕ ਦੀ ਰੋਟੀ ਖਾਣੀ ਸ਼ੁਰੂ ਕੀਤੀ ਹੈ ਉਹਨਾਂ ਦਾ ਯੂਰਿਕ ਐਸਿਡ ਨਾਰਮਲ ਹੋ ਗਿਆ ਹੈ। ਇੰਨਾ ਹੀ ਨਹੀਂ ਸ਼ੂਗਰ ਵੀ 180 ਤੋਂ  ਘਟ ਕੇ 150 ਤੱਕ ਸਿਮਟ ਗਈ ਹੈ।  ਉਹਨਾਂ ਹੋਰ ਦੱਸਿਆ ਕਿ ਜਦੋਂ ਉਹ ਆਮ (ਜ਼ਹਿਰੀਲੀ) ਕਣਕ ਦੀ ਰੋਟੀ ਖਾਂਦੇ ਸਨ ਉਦੋਂ ਰੋਟੀ ਖਾਣ ਉਪਰੰਤ ਉੁਹਨਾਂ ਦਾ ਸ਼ੂਗਰ ਲੈਵਲ ਵੱਧ ਕੇ 180-85 ਹੋ ਜਾਂਦਾ ਸੀ ਜਿਹੜਾ ਕਿ ਹੁਣ 150 ਦੇ ਆਸ-ਪਾਸ ਹੀ ਸੀਮਤ ਰਹਿੰਦਾ ਹੈ। ਲੈਬਰਾਟਰੀ ਦੀਆਂ ਟੈਸਟ ਰਿਪੋਰਟਾਂ ਵੀ ਉਹਨਾਂ ਦੇ ਇਸ ਦਾਅਵੇ ਦੀ ਪੁਸ਼ਟੀ ਕਰਦੀਆਂ ਹਨ।  ਉਹਨਾਂ ਹੋਰ ਕਿਹਾ ਕਿ ਜੇਕਰ ਰੋਜ਼ਾਨਾ ਦੇ ਭੋਜਨ ਵਿੱਚ ਸਿਰਫ ਜ਼ਹਿਰ ਮੁਕਤ ਕਣਕ .ਸ਼ਾਮਿਲ ਹੋਣ ਨਾਲ ਹੀ ਇੰਨਾ ਫਰਕ ਪੈ  ਸਕਦਾ ਹੈ ਤਾਂ ਸਾਰੀ ਖ਼ੁਰਾਕ ਹੀ ਜ਼ਹਿਰ ਮੁਕਤ ਹੋਣ ਨਾਲ ਕਿੰਨਾ ਵੱਡਾ ਚਮਤਕਾਰ ਹੋਵੇਗਾ ਤੁਸੀਂ ਆਪ ਹੀ ਸੋਚ ਲਵੋ।

ਜ਼ਹਿਰਮੁਕਤ ਗ਼ੈਰ ਬੀਟੀ ਨਰਮੇ ਨੇ ਪਵਾਈਆਂ ਬੀਟੀ ਨਰਮੇ ਵਾਲੇ ਕਿਸਾਨਾਂ ਦੇ ਮੂੰਹ ਵਿੱਚ ਉੰਗਲਾਂ
ਮਹਿਮਾ ਸਰਜਾ, ਬਠਿੰਡਾ (ਗੁਰਪ੍ਰੀਤ ਦਬੜੀਖਾਨਾ) :
ਪਿੰਡ ਮਹਿਮਾ ਸਰਜਾ ਦੇ ਕੁਦਰਤੀ ਖੇਤੀ ਕਿਸਾਨ ਸ. ਬੇਅੰਤ ਸਿੰਘ ਦੇ ਖੇਤ ਵਿੱਚ ਨਰਮੇ ਦੀ ਦੇਸੀ ਕਿਸਮ ਐਫ-1378 ਦੀ ਭਰਪੂਰ ਫਸਲ ਪਿੰਡ ਦੇ ਬਾਕੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਖਾਸ ਕਰਕੇ' ਮਹਿੰਗੇ ਭਾਅ ਦਾ ਬੀਜ ਖਰੀਦ ਕੇ ਬੀਟੀ ਨਰਮਾ ਬੀਜਣ ਵਾਲੇ ਕਿਸਾਨ ਜਿਹੜੇ ਕਿ ਹੁਣ ਤੱਕ ਨਰਮੇ ਦੀ ਫਸਲ 'ਤੇ ਸਮੇਤ ਬੀਜ ਰਸਾਇਣਕ ਖਾਦਾਂ ਅਤੇ ਜ਼ਹਿਰਾਂ ਉੱਤੇ 6 ਤੋਂ 7 ਹਜ਼ਾਰ ਰੁਪਏ ਖਰਚ ਕਰ ਚੁੱਕੇ ਹਨ  ਬੇਅੰਤ ਸਿੰਘ ਦੀ ਸੋਚ ਦੀ ਦਾਦ ਦੇ ਰਹੇ ਹਨ। ਸਾਡੇ ਨਾਲ ਗੱਲਬਾਤ ਕਰਦਿਆਂ ਸ. ਬੇਅੰਤ ਸਿੰਘ ਨੇ ਦੱਸਿਆ ਹੁਣ ਤੱਕ ਲਾਗਤ ਦੇ ਨਾਂਅ 'ਤੇ ਬੀਜ ਲਈ ਸਿਰਫ 400 ਰੁਪਏ ਖਰਚ ਕੀਤੇ ਹਨ। ਉਹਨਾਂ ਹੋਰ ਦੱਸਿਆ ਕਿ ਨਰਮੇ ਨੂੰ ਪ੍ਰਤੀ ਬੂਟਾ 90 ਤੋਂ 100 ਟੀਂਡੇ ਦੀ ਔਸਤ ਮਿਲ ਰਹੀ ਹੈ। ਬੇਅੰਤ ਸਿੰਘ ਦੇ ਗਵਾਂਢੀ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਸਾਡੇ ਨਾਲੋਂ ਸੌ ਗੁਣਾ ਚੰਗਾ ਰਿਹੈ। ਅਸੀਂ ਆਪਣੇ ਬੀਟੀ ਨਰਮ ਉੱਤੇ ਮਣਾ ਮੂੰਹੀਂ ਪੈਸੇ ਖਰਚ ਚੁੱਕੇ ਹਾਂ ਪਰ ਇਸਨੇ ਬੀਜ ਤੋਂ ਇਲਾਵਾ ਹੋਰ ਕਿਸੇ ਚੀਜ ਲਈ ਕੋਈ ਪੈਸਾ ਨਹੀਂ ਖਰਚਿਆ। ਅਸੀਂ ਵੀ ਅਗਲੀ ਵਾਰ ਤੋਂ ਬੇਅੰਤ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਗੁਰਦੀਪ ਸਿੰਘ ਨੇ ਹੋਰ ਦੱਸਿਆ ਕਿ ਮੀਂਹ ਕਾਰਨ ਬੀਟੀ ਨਰਮੇ ਦੇ ਮੁਕਾਬਲੇ ਬੇਅੰਤ ਦੇ ਦੇਸ਼ੀ ਨਰਮੇ ਦਾ ਬਹੁਤ ਘੱਟ ਨੁਕਸਾਨ ਹੋਇਆ ਹੈ। ਜਿੱਥੇ ਮੀਂਹ ਦਾ ਪਾਣੀ ਖੜਨ ਕਰਕੇ ਬੀਟੀ ਨਰਮੇ ਵਿੱਚ ਬੂਟੇ ਵੱਡੀ ਗਿਣਤੀ ਵਿੱਚ ਸੁੱਕੇ ਉੱਥੇ ਹੀ ਬੇਅੰਤ ਦੇ ਨਰਮੇ ਵਿੱਚ ਇਹ ਸਮੱਸਿਆ ਨਾਂਹ ਦੇ ਬਰਾਬਰ ਹੀ ਰਹੀ।
ਠੁੱਲੇਵਾਲ ਦੇ ਕਿਸਾਨ ਬੰਤ ਸਿੰਘ ਨੂੰ ਪਾਥੀਆਂ ਦੇ ਪਾਣੀ ਨੇ ਕੀਤਾ ਬਾਗੋਬਾਗ
ਠੁੱਲੇਵਾਲ, ਬਰਨਾਲਾ (ਗੁਰਪ੍ਰੀਤ ਦਬੜੀਖਾਨਾ):
ਫਸਲਾਂ ਉੱਤੇ ਪਾਥੀਆਂ ਦੇ ਪਾਣੀ ਦੀ ਸਪ੍ਰੇਅ ਕਿੰਨੀ ਕਾਰਗਰ ਹੈ ਇਸ ਸਵਾਲ ਦਾ ਜਵਾਬ 
ਠੁੱਲੇਵਾਲ ਦੇ ਸਾਬਕਾ ਸਰਪੰਚ ਅਤੇ ਖੇਤੀ ਵਿਰਾਸਤ ਮਿਸ਼ਨ ਵਿੱਚ ਹੁਣੇ-ਹੁਣੇ ਸ਼ਾਮਿਲ ਹੋਏ ਸ. ਬੰਤ ਸਿੰਘ ਤੋਂ ਬੇਹਤਰ ਕੋਈ ਨਹੀਂ ਦੇ ਸਕਦਾ। ਸ. ਬੰਤ ਸਿੰਘ ਅੱਜ ਕੱਲ ਥਾਂ-ਥਾਂ ਚਮਤਕਾਰੀ ਗੁਣਾਂ ਵਾਲੇ ਪਾਥੀਆਂ ਦੇ ਪਾਣੀ ਦੀ ਸ਼ੋਭਾ ਕਰਦੇ ਫਿਰ ਰਹੇ ਹਨ। ਪਿੰਡ ਵਿੱਚ ਲਗਾਏ ਗਏ ਇੱਕ ਟ੍ਰੇਨਿੰਗ ਕੈਂਪ ਦੌਰਾਨ ਲੇਖਕ ਦੁਆਰਾ ਦੱਸੇ ਗਏ ਸ਼੍ਰੀ ਸੁਰੇਸ਼ ਦੇਸਾਈ ਦੇ ਇਸ ਨੁਸਖੇ ਨੂੰ ਸ. ਬੰਤ ਸਿੰਘ ਨੇ ਨਰਮੇ ਦੀ 2 ਏਕੜ ਫਸਲ 'ਤੇ ਅਜਮਾ ਕੇ ਦੇਖਿਆਂ ਤਾਂ ਬੜੇ ਹੀ ਚਮਤਕਾਰੀ ਨਤੀਜੇ ਸਾਹਮਣੇ ਆਏ। ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਸ. ਬੰਤ ਸਿੰਘ ਨੇ ਦੱਸਿਆ ਕਿ ਉਹਨਾਂ ਆਪਣੇ 2 ਏਕੜ ਨਰਮੇ ਵਿੱਚ ਪ੍ਰਤੀ ਪੰਪ ਦੋ ਲਿਟਰ ਦੇ ਹਿਸਾਬ ਨਾਲ ਇੱਕ ਸਾਲ ਪੁਰਾਣੀਆਂ ਪਾਥੀਆਂ ਦੇ ਪਾਣੀ ਦਾ ਛਿੜਕਾਅ ਕੀਤਾ ਅਤੇ 2 ਏਕੜ ਉੱਪਰ ਨਹੀਂ। ਇੱਕ ਹਫ਼ਤੇ ਦੇ ਅੰਦਰ-ਅੰਦਰ ਜਿਹੜੇ ਨਰਮੇ ਉੱਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕੀਤਾ ਸੀ ਉਹ ਚਮਤਕਾਰੀ ਢੰਗ ਨਾਲ ਫੁੱਲਾਂ ਅਤੇ ਟੀਂਡਿਆਂ ਨਾਲ ਭਰਨਾ ਸ਼ੁਰੂ ਹੋ ਗਿਆ ਪਰ ਜਿਹੜੇ ਨਰਮੇ ਉੱਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਨਹੀਂ ਕੀਤਾ ਉਹ ਜਿਉਂ ਦਾ ਤਿਉਂ ਹੀ ਖੜਾ ਰਿਹਾ। ਉਹਨਾਂ ਹੋਰ ਦੱਸਿਆ ਕਿ ਰਸਾਇਣਕ ਖੇਤੀ ਕਰਨ ਵਾਲੇ ਉਹਨਾਂ ਦੇ ਹੀ ਇੱਕ ਸਾਥੀ ਕਿਸਾਨ ਨੇ ਪਸ਼ੂ ਚਾਰੇ ਲਈ ਬੀਜੇ ਬਾਜ਼ਰੇ ਉੱਤੇ ਵੀ 2-3 ਵਾਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕੀਤਾ ਅਤੇ ਉਸਨੂੰ ਸਿਰਫ ਇੱਕ ਹੀ ਵਾਰ ਯੂਰੀਆ ਪਾਉਣ ਦੀ ਲੋੜ ਪਈ ਪਰ ਜਿਹੜੇ ਬਾਜ਼ਰੇ ਉੱਤੇ ਪਾਥੀਆਂ ਦਾ ਪਾਣੀ ਨਹੀਂ ਛਿੜਕਿਆ ਸੀ ਉਸ ਵਿੱਚ ਤਿੰਨ ਵਾਰ ਯੂਰੀਆ ਖਾਦ ਪਾਉਣੀ ਪਈ। ਸ. ਬੰਤ ਸਿੰਘ ਅਨੁਸਾਰ ਸਮੂਹ ਕਿਸਾਨ ਭਰਾਵਾਂ ਨੂੰ ਖੇਤੀ ਲਾਗਤਾਂ ਘਟਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਪਾਥੀਆਂ ਦੇ ਪਾਣੀ ਵਰਗੇ ਸਧਾਰਨ ਦੇਸੀ ਨੁਕਤੇ ਇਸ ਵਿੱਚ ਉਹਨਾਂ ਲਈ ਬਹੁਤ ਸਹਾਈ ਹੋ ਸਕਦੇ ਹਨ।

No comments:

Post a Comment