Friday 20 January 2012

ਕੋਲੇ ਤੋਂ ਬਿਜਲੀ, ਤਬਾਹੀ ਨੂੰ ਸੱਦਾ

ਡਾ. ਅਮਰ ਸਿੰਘ ਆਜ਼ਾਦ

ਅੱਜ ਪੂਰਾ ਜੀਵਨ ਬਿਜਲੀ ਉੱਪਰ ਨਿਰਭਰ ਹੋ ਚੁੱਕਾ ਹੈ। ਅੱਜ ਦਾ ਮਨੁੱਖ ਬਿਜਲੀ ਤੋਂ ਬਿਨਾ ਇੱਕ ਪਲ ਵੀ ਨਹੀ ਰਹਿ ਸਕਦਾ। ਜੀਵਨ ਦੀ ਹਰ ਪ੍ਰਕ੍ਰਿਆ ਬਿਜਲੀ ਨਾਲ ਜੁੜ ਗਈ ਹੈ। ਜਿਨ੍ਹਾਂ ਕੋਈ ਵੱਧ ਅਮੀਰ ਹੈ, ਉਹਨੀ ਹੀ ਉਸਦੀ ਬਿਜਲੀ ਦੀ ਖਪਤ ਵੱਧ ਹੈ। ਬਹੁਤ ਸਾਰੀ ਬਿਜਲੀ ਅੱਯਾਸ਼ੀ ਅਤੇ ਦਿਖਾਵੇ ਲਈ ਖਰਚੀ ਜਾਂਦੀ ਹੈ। ਬਿਜਲੀ ਉਪਕਰਨਾਂ ਨੂੰ ਵਰਤਦੇ ਸਮੇਂ ਅਸੀਂ ਇਸ ਪੱਖੋਂ ਕਦੇ ਵੀ ਚੇਤੰਨ ਨਹੀ ਹੁੰਦੇ ਕਿ 'ਬਿਜਲੀ ਦਾ ਹਰ ਯੂਨਿਟ ਵਾਤਾਵਰਣ ਨੂੰ ਗੰਧਲਾ ਕਰਨ ਦੀ ਕੀਮਤ ਦੇ ਕੇ ਪੈਦਾ ਕੀਤਾ ਜਾਂਦਾ ਹੈ।' ਬਿਜਲੀ ਦੀ ਬੇਤਹਾਸ਼ਾ ਅਤੇ ਬੇਲੋੜੀ ਵਰਤੋਂ ਦੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਅੱਜ ਸਾਨੂੰ ਇਹ ਸੋਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ ਜੀਵਨ ਨੂੰ ਚਿਰੰਜੀਵੀ ਬਣਾਉਣ ਲਈ ਬਿਜਲੀ ਤੋਂ ਕਿਧਰੇ ਵੱਧ ਸਾਫ ਸੁਥਰਾ ਵਾਤਾਵਰਣ ਅਤੇ ਕੁਦਰਤੀ ਸੰਤੁਲਣ ਨੂੰ ਬਚਾਉਣਾ ਹੈ। ਸਾਨੂੰ ਇਸ ਬਾਰੇ ਵੀ ਚੇਤੰਨ ਹੋਣ ਦੀ ਲੋੜ ਹੈ ਕਿ ਜੋ ਬਿਜਲੀ ਅਸੀ ਜੀਵਨ ਨੂੰ ਸੋਹਣਾ ਅਤੇ ਸੁਖਾਲਾ ਬਣਾਉਣ ਲਈ ਵਰਤ ਰਹੇ ਹਾਂ, ਉਹ ਕਿਤੇ ਲੰਮੇ ਸਮੇਂ ਵਿੱਚ ਸਾਡੀ ਬਰਬਾਦੀ ਦਾ ਕਾਰਨ ਨਾ ਬਣ ਜਾਵੇ।
'ਬਿਜਲੀ ਪੈਦਾ ਕਰਨਾ', ਸ਼ਾਇਦ ਸਹੀ ਸ਼ਬਦ ਨਹੀਂ। ਸੱਚ ਤਾਂ ਇਹ ਹੈ ਕਿ ਅਸੀ ਬਿਜਲੀ ਪੈਦਾ ਕਰ ਹੀ ਨਹੀਂ ਸਕਦੇ। ਬਿਜਲੀ ਊਰਜਾ ਕੁਦਰਤ ਵਿੱਚ ਕਿਸੇ ਨਾ ਕਿਸੇ ਸ਼ਕਲ ਵਿੱਚ ਛੁਪੀ ਹੋਈ ਹੈ। ਪੂਰਾ ਬ੍ਰਹਿਮੰਡ ਹੀ ਊਰਜਾ ਦਾ ਭਰਿਆ ਹੋਇਆ ਹੈ। ਅਸੀ ਆਪਣੀ ਵਰਤੋਂ ਦੇ ਲਾਇਕ ਬਿਜਲੀ ਕੁਦਰਤ ਦੀ ਊਰਜਾ ਤੋਂ ਹੀ ਲੈਂਦੇ ਹਾਂ। ਇਸੇ ਪ੍ਰਕ੍ਰਿਆ ਨੂੰ ਅਸੀਂ ਬਿਜਲੀ ਪੈਦਾ ਕਰਨਾ ਕਹਿ ਦਿੰਦੇ ਹਾਂ।
ਬਿਜਲੀ ਹੇਠ ਲਿਖੇ ਕੁਦਰਤੀ ਸ੍ਰੋਤਾਂ ਵਿੱਚ ਛੁਪੀ ਹੋਈ ਹੈ-
1. ਸੂਰਜ ਦੀ ਧੁੱਪ ਵਿੱਚ
2. ਵਗਦੀ ਹਵਾ ਵਿੱਚ
3. ਵਗਦੇ ਪਾਣੀ ਵਿੱਚ
4. ਧਰਤੀ ਦੇ ਗਰਭ ਵਿੱਚ ਦੱਬੇ ਤੇਲ ਅਤੇ ਕੋਲੇ ਵਿੱਚ
5. ਜ਼ਲਣਸ਼ੀਲ ਪਦਾਰਥਾਂ ਵਿੱਚ
6. ਗਲਣਸ਼ੀਲ ਪਦਾਰਥਾਂ ਵਿੱਚ
7. ਐਟਮੀ ਸ਼ਕਤੀ ਵਿੱਚ
ਇਹਨਾਂ ਵਿੱਚੋਂ ਬਿਜਲੀ ਪੈਦਾ ਕਰਨ ਦੇ ਕੁੱਝ ਢੰਗ ਤਾਂ ਬਿਲਕੁਲ ਵੀ ਪ੍ਰਦੂਸ਼ਣ ਨਹੀ ਫੈਲਾਉਦੇਂ ਜਿਵੇਂ ਕਿ ਹਵਾ, ਧੁੱਪ ਅਤੇ ਪਾਣੀ ਤੋਂ ਬਿਜਲੀ ਪੈਦਾ ਕਰਨ ਦੀ ਪ੍ਰਕ੍ਰਿਆ ਲਗਭਗ ਪ੍ਰਦੂਸ਼ਣ ਮੁਕਤ ਹੈ। ਜਦੋਂਕਿ ਕੁੱਝ ਢੰਗ ਹੱਦ ਦਰਜ਼ੇ ਦਾ ਪ੍ਰਦੂਸ਼ਣ ਫੈਲਾਉਂਦੇ ਹਨ ਜਾਂ ਹੋਰ ਕਾਰਨਾਂ ਕਰਕੇ ਬੇਹੱਦ ਖ਼ਤਰਨਾਕ ਹਨ। ਕੋਲੇ ਤੋਂ ਬਿਜਲੀ ਪੈਦਾ ਕਰਨ ਦੀ ਪ੍ਰਕ੍ਰਿਆ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੀ ਹੈ। ਇਸੇ ਲਈ ਹਵਾ, ਪਾਣੀ ਅਤੇ ਧੁੱਪ ਤੋਂ ਪੈਦਾ ਕੀਤੀ ਬਿਜਲੀ ਨੂੰ ਸਾਫ-ਸੁਥਰੀ ਬਿਜਲੀ ਅਤੇ ਕੋਲੇ ਤੋਂ ਪੈਦਾ ਕੀਤੀ ਬਿਜਲੀ ਨੂੰ ਸਭ ਤੋਂ ਗੰਦੀ ਬਿਜਲੀ ਮੰਨਿਆ ਜਾਂਦਾ ਹੈ। 
ਕੋਲੇ ਤੋਂ ਬਿਜਲੀ ਪੈਦਾ ਕਰਨਾ ਇੰਨਾ ਕੁ ਖ਼ਤਰਨਾਕ ਹੈ ਕਿ ਇਸ ਨੂੰ ਬੰਦ ਕਰਨ ਦੀ ਮੰਗ ਪੂਰੀ ਦੁਨੀਆ ਵਿੱਚ ਉੱਠ ਰਹੀ ਹੈ। ਇਸਦੇ ਬਾਵਜੂਦ ਦੁਨੀਆਂ ਦੇ ਬਹੁਤੇ ਦੇਸ਼ਾਂ ਵਿੱਚ ਜਿਆਦਾਤਰ ਬਿਜਲੀ ਕੋਲੇ ਤੋਂ ਹੀ ਪੈਦਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਵੀ ਕੋਲੇ 'ਤੇ ਆਧਾਰਿਤ ਤਾਪ ਬਿਜਲੀ ਘਰ ਲਗਾਏ ਗਏ ਹਨ ਅਤੇ ਕਈ ਹੋਰ ਤਾਪ ਬਿਜਲੀ ਘਰ ਤੇਜ਼ੀ ਨਲ ਲਗਾਏ ਜਾ ਰਹੇ ਹਨ। ਇਹਨਾਂ ਤਾਪ ਬਿਜਲੀ ਘਰਾਂ ਦੇ ਲੰਮੇ ਸਮੇਂ ਵਿੱਚ ਵਾਤਾਵਰਣ, ਕੁਦਰਤੀ ਸੰਤੁਲਣ ਅਤੇ ਪ੍ਰਾਣੀਆਂ (ਮਨੁੱਖਾਂ ਸਮੇਤ) ਉੱਪਰ ਹੋਣ ਵਾਲੇ ਅਸਰਾਂ ਪ੍ਰਤਿ ਲੋਕ-ਚੇਤਨਾ ਬਹੁਤ ਹੀ ਨੀਵੇਂ ਪੱਧਰ ਦੀ ਹੈ। ਇਸੇ ਕਾਰਨ ਇੱਕ ਛੋਟੇ ਜਿਹੇ ਸੂਬੇ ਵਿੱਚ ਏਨੇ ਜ਼ਿਆਦਾ ਕੋਲੇ 'ਤੇ ਆਧਾਰਿਤ ਤਾਪ ਬਿਜਲੀ ਘਰਾਂ ਦੇ ਨਿਰਮਾਣ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਅਤੇ ਇਹ ਕੰਮ ਬੇਰੋਕ ਜਾਰੀ ਹੈ। ਸੁਮੱਚੇ ਪੰਜਾਬ ਦਾ ਵਾਤਾਵਰਣ ਪਹਿਲਾਂ ਹੀ ਬਹੁਤ ਗੰਧਲਾ ਹੋ ਚੁੱਕਿਆ ਹੈ। ਇਸ ਨੂੰ ਅੱਤ ਦਾ ਗੰਧਲਾ ਅਤੇ ਜ਼ਹਿਰੀਲਾ ਬਣਾਉਣ ਲਈ ਜਿੱਥੇ ਖੇਤੀ ਰਸਾਇਣ (ਕੀਟ ਨਾਸ਼ਕ ਅਤੇ ਰਸਾਇਣਿਕ ਖਾਦਾਂ) ਵੱਡੀ ਭੂਮਿਕਾ ਨਿਭਾ ਰਹੇ ਹਨ, ਉੱਥੇ ਹਿਮਾਚਲ, ਹਰਿਆਣਾ ਅਤੇ ਪੰਜਾਬ ਦੀਆਂ ਸਨਅਤਾਂ ਨੇ ਪੂਰੇ ਪਾਣੀ ਦਾ ਸਤਿਆਨਾਸ਼ ਕਰ ਦਿੱਤਾ ਹੈ। ਉਹ ਆਪਣਾ ਗੰਦਾ ਪਾਣੀ (ਜੋ ਬੇਹੱਦ ਜ਼ਹਿਰੀਲਾ ਹੁੰਦਾ ਹੈ) ਬਿਨਾਂ ਸਾਫ ਕੀਤੇ ਪਾਣੀ ਸਰੋਤਾਂ ਵਿੱਚ ਸੁੱਟੀ ਜਾ ਰਹੇ ਹਨ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਵਾਤਾਵਰਣੀ ਪ੍ਰਦੂਸ਼ਣ ਵਿੱਚ ਤਾਪ ਬਿਜਲੀ ਘਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਚਿੰਤਾਂ ਤਾਂ ਇਸ ਗੱਲ ਦੀ ਹੈ ਕਿ ਜਦੋਂ ਸਾਰੇ ਨਵੇਂ ਤਾਪ ਘਰ ਵੀ ਚਾਲੂ ਹੋ ਗਏ ਤਾਂ ਸਥਿਤੀ ਹੋਰ ਵੀ ਮਾੜੀ ਹੋ ਜਾਵੇਗੀ। ਇਸ ਲਈ ਅੱਜ ਹਰ ਪੰਜਾਬੀ ਨੂੰ ਘੱਟੋ-ਘੱਟ ਇੰਨਾਂ ਜ਼ਰੂਰ ਪਤਾ ਹੋਣਾ ਚਹੀਦਾ ਹੈ ਕਿ ਤਾਪ ਬਿਜਲੀ ਘਰਾਂ ਵਿੱਚ ਬਾਲਿਆ ਜਾਣ ਵਾਲਾ ਕੋਲਾ ਕਿਸ ਤਰਾਂ ਦੀ ਬਰਬਾਦੀ ਕਰ ਸਕਦਾ ਹੈ।?
ਪੰਜਾਬ ਵਿੱਚ ਪਹਿਲਾਂ ਹੀ ਕੋਲੇ ਨਾਲ ਚੱਲਣ ਵਾਲੇ ਤਿੰਨ ਤਾਪ ਬਿਜਲੀ ਘਰ ਚੱਲ ਰਹੇ ਹਨ 
1. ਗੁਰੂ ਨਾਨਕ ਦੇਵ ਤਾਪ ਬਿਜਲੀ ਘਰ ਬਠਿੰਡਾ - ਇਸ ਵਿੱਚ ਚਾਰ ਯੂਨਿਟ ਹਨ। ਇਹ 1970 ਵਿੱਚ ਬਣਨਾ ਸ਼ੁਰੂ ਹੋਇਆ ਅਤੇ 1982 ਤੋਂ ਚਲ ਰਿਹਾ ਹੈ। ਇਸ ਦੀ ਸਮਰੱਥਾ 440 ਮੈਗਾਵਾਟ ਹੈ।
2. ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਜਿਲ੍ਹਾ ਬਠਿੰਡਾ) - ਇਸ ਵਿਚਲੇ ਦੋ ਯੂਨਿਟ (420 ਮੈਗਾਵਾਟ) ਚਾਲੂ ਹਨ ਅਤੇ ਦੋ ਹੋਰ ਯੂਨਿਟ (500 ਮੈਗਾਵਾਟ) ਹੋਰ ਲੱਗਣ ਜਾ ਰਹੇ ਹਨ। ਇਸ ਤਰਾਂ ਇਸ ਦੀ ਕੁੱਲ ਸਮਰੱਥਾ 920 ਮੈਗਾਵਾਟ ਹੋ ਜਾਵੇਗੀ।
3. ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਬਿਜਲੀ ਘਰ ਰੋਪੜ - ਜਿਸਦੇ ਕੁੱਲ ਛੇ ਯੂਨਿਟਾਂ ਦੀ ਸਮਰੱਥਾ 1260 ਮੈਗਾਵਾਟ ਹੈ। ਸਾਲ 1984 ਤੋਂ ਸ਼ੁਰੂ ਹੋ ਕੇ 1993 ਤੋਂ ਇਸ ਦੇ ਸਾਰੇ ਯੂਨਿਟ ਚਾਲੂ ਹਨ। ਪਰ ਇਸ ਦੇ ਬਾਵਜੂਦ ਵਧਦੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ ਸਰਕਾਰ ਦੁਆਰਾ ਲਹਿਰਾ ਮਹੁਬੱਤ (ਬਠਿੰਡਾ), ਨਲਾਸ-ਰਾਜਪੁਰਾ (ਪਟਿਆਲਾ), ਗਿੱਤੜਬਾਹਾ (ਮੁਕਤਸਰ), ਤਲਵੰਡੀ ਸਾਬੋ (ਮਾਨਸਾ) ਅਤੇ ਗੋਇੰਦਵਾਲ (ਤਰਨਤਾਰਨ) ਵਿਖੇ 500 ਤੋਂ 2640 ਮੈਗਾਵਾਟ ਸਮਰਥਾ ਵਾਲੇ ਪੰਜ ਹੋਰ ਕੋਲਾ ਆਧਾਰਿਤ ਤਾਪ ਬਿਜਲੀ ਘਰਾਂ ਦੇ ਨਿਰਮਾਣ ਲਈ ਜਾਂ ਤਾਂ ਰਾਹ ਪੱਧਰਾ ਕਰ ਦਿੱਤਾ ਗਿਆ ਜਾਂ ਕੀਤਾ ਜਾ ਰਿਹਾ ਹੈ। 
ਹਾਲਾਂਕਿ ਕੋਲਾ, ਕੁਦਰਤ ਵਿੱਚ ਪਾਏ ਜਾਣ ਵਾਲੇ ਸਾਰੇ ਬਾਲਣਾਂ ਵਿੱਚੋਂ ਸਭ ਤੋਂ ਅਸ਼ੁੱਧ ਗਿਣਿਆ ਜਾਂਦਾ ਹੈ। ਕੋਲਾ ਬਾਲਣ ਉਪਰੰਤ ਪੈਦਾ ਹੋਈ ਗਰਮੀ ਤੋਂ ਅਸੀ ਬਿਜਲੀ ਬਣਾ ਲੈਂਦੇ ਹਾਂ। ਪਰ ਇਸ ਪ੍ਰਕ੍ਰਿਆ ਵਿੱਚ ਬਹੁਤ ਕੁੱਝ ਅਣਚਾਹਿਆ ਨਿਕਲਦਾ ਹੈ। ਅਨੇਕਾਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਹਵਾ ਵਿੱਚ ਰਲ ਜਾਂਦੀਆਂ ਹਨ। ਇਸ ਤਰਾਂ ਹਵਾ ਖ਼ਤਰਨਾਕ ਹੱਦ ਤੱਕ ਪ੍ਰਦੂਸ਼ਤ ਹੋ ਜਾਂਦੀ ਹੈ। ਖਾਣਾਂ ਵਿੱਚੋਂ ਕੱਢਣ ਤੋਂ ਲੈ ਕੇ ਤਾਪ ਘਰ ਵਿੱਚ ਬਲਣ ਤੱਕ ਕੋਲਾ ਅਤੇ ਕੋਲੇ ਵਿੱਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾ, ਕੋਲੇ ਦੀ ਗਾਰ ਵਾਤਾਵਰਣ ਦਾ ਹਿੱਸਾ ਬਣ ਜਾਂਦੀ ਹੈ। 500 ਮੈਗਾਵਾਟ ਵਾਲੇ ਤਾਪ ਘਰ ਵਿੱਚ ਹਰ ਸਾਲ ਇੱਕ ਲੱਖ 20 ਹਜ਼ਾਰ ਟਨ (12 ਲੱਖ ਕੁਇੰਟਲ) ਸੁਆਹ ਅਤੇ ਇੱਕ ਲੱਖ 93 ਹਜ਼ਾਰ ਟਨ ਕੋਲੇ ਦੀ ਗਾਰ ਪਿੱਛੇ ਬਚ ਜਾਂਦੀ ਹੈ।
ਇਹ ਸਾਰਾ ਕਚਰਾ ਅਨੇਕਾਂ ਕਿਸਮ ਦੇ ਜ਼ਹਿਰਾਂ ਨਾਲ ਭਰਪੂਰ ਹੁੰਦਾ ਹੈ। ਬਲਣ ਉਪਰੰਤ ਨਿਕਲੀਆਂ ਗੈਸਾਂ ਅਤੇ ਸੁਆਹ ਦਾ ਕਾਫ਼ੀ ਹਿੱਸਾ ਸਿੱਧਾ ਹਵਾ ਵਿੱਚ ਪਹੁੰਚ ਜਾਂਦਾ ਹੈ। ਹਵਾ ਰਾਹੀ ਇਹ 600 ਮੀਲ (600 ਮੀਲ ਚਾਰੇ ਪਾਸੇ) ਤੱਕ ਪਹੁੰਚ ਕੇ ਵਾਤਾਵਰਣ ਵਿੱਚ ਮਿਲ ਜਾਂਦਾ ਹੈ। ਜਿਹੜਾ ਕਿ ਬਾਅਦ ਵਿੱਚ ਥੱਲੇ ਆ ਕੇ ਪਾਣੀ ਅਤੇ ਧਰਤੀ ਵਿੱਚ ਹੀ ਮਿਲਦਾ ਹੈ। ਇੰਨਾਂ ਹੀ ਨਹੀਂ ਤਾਪ ਬਿਜਲੀ ਘਰਾਂ ਚੋਂ ਨਿਕਲੀ ਕੋਲੇ ਦੀ ਰਾਖ ਵੀ ਨੇੜਲੇ ਇਲਾਕਿਆਂ ਵਿੱਚ ਇਧਰ-ਉਧਰ ਖਾਲੀ ਥਾਂਵਾਂ ਜਾਂ ਰੇਲਵੇ ਲਾਈਨਾਂ ਦੇ ਕਿਨਾਰੇ ਡੰਪ ਕਰ ਦਿੱਤੀ ਜਾਂਦੀ ਹੈ।
ਹਵਾ, ਪਾਣੀ ਅਤੇ ਧਰਤੀ ਰਾਹੀ ਸਾਰੇ ਜ਼ਹਿਰੀਲੇ ਤੱਤ ਭੋਜਨ ਲੜ੍ਹੀ ਰਾਹੀ ਸਮੂਹ ਪ੍ਰਾਣੀਆਂ ਦੇ ਸ਼ਰੀਰਾਂ ਦਾ ਹਿੱਸਾ ਬਣ ਜਾਂਦੇ ਹਨ। ਭੋਜਨ ਲੜ੍ਹੀ ਵਿੱਚ ਇਹਨਾਂ ਦੀ ਮਾਤਰਾ ਸੈਂਕੜੇ, ਹਜ਼ਾਰ ਜਾਂ ਲੱਖਾਂ ਗੁਣਾ ਵੱਧ ਜਾਂਦੀ ਹੈ। ਕੁਦਰਤ ਦੇ ਇਸ ਵਰਤਾਰੇ ਨੂੰ ਬਾਇਓ ਅਨੁਮਿਊਲੇਸ਼ਨ ਅਤੇ ਬਾਇਓਮੈਗਨੀਫਿਕੇਸ਼ਨ ਆਖਿਆ ਜਾਂਦਾ ਹੈ।
ਇਸ ਵਰਤਾਰੇ ਨੂੰ ਸਮਝਣਾ ਵੀ ਬੇਹੱਦ ਜ਼ਰੂਰੀ ਹੈ। ਜ਼ਹਿਰ ਸਭ ਤੋਂ ਪਹਿਲਾਂ ਛੋਟੇ-ਵੱਡੇ ਪੌਦਿਆਂ ਵਿੱਚ ਪਹੁੰਚਦੇ ਹਨ। ਇਹਨਾਂ ਪੌਦਿਆਂ ਨੂੰ ਛੋਟੇ ਜੀਵ ਖਾਂਦੇ ਹਨ। ਮੰਨ ਲਉ 10 ਗ੍ਰਾਮ ਦਾ ਇੱਕ ਕੀੜਾ ਆਪਣੇ ਸ਼ਰੀਰ ਨੂੰ 10 ਗ੍ਰਾਮ ਤੇ ਪਹੁੰਚਾਉਣ ਲਈ 100 ਗ੍ਰਾਮ ਪੌਦੇ ਖਾਂਦਾ ਹੈ। ਇਸ ਤਰਾਂ ਉਸਦੇ ਸ਼ਰੀਰ ਅੰਦਰ ਜ਼ਹਿਰ ਪੌਦੇ ਨਾਲੋਂ 10 ਗੁਣਾ ਵੱਧ ਤੀਬਰ ਪੱਧਰ ਤੇ ਹੋਣਗੇ। ਇਸਨੂੰ ਬਾਇਓਅਨੁਮਿਊਲਸ ਆਖਿਆ ਜਾਂਦਾ ਹੈ। ਇਸ ਕੀੜੇ ਨੂੰ ਹੁਣ ਵੱਡੇ ਕੀੜੇ ਨੇ ਖਾਧਾ। ਵੱਡੇ ਕੀੜੇ ਨੇ ਆਪਣਾ ਸ਼ਰੀਰ 20 ਗ੍ਰਾਮ ਬਣਾਉਣ ਲਈ 100 ਗ੍ਰਾਮ ਛੋਟੇ ਕੀੜੇ ਖਾਧੇ। ਇਸ ਤਰਾਂ ਉਸਦੇ ਸ਼ਰੀਰ ਵਿੱਚ ਛੋਟੇ ਕੀੜੇ ਨਾਲੋਂ ਪੰਜ ਗੁਣਾ ਜ਼ਹਿਰ ਹੋਰ ਵੱਧ ਗਏ। ਇਸ ਤਰਾਂ ਪੌਦੇ ਤੋਂ ਛੋਟੇ ਕੀੜੇ ਤੱਕ 10 ਗੁਣਾ - ਛੋਟੇ ਕੀੜੇ ਤੋਂ ਵੱਡੇ ਕੀੜੇ ਵਿਧਚ ਪੰਜ ਗੁਣਾ - ਕੁੱਲ 50 ਗੁਣਾ। ਇਸ ਤਰਾਂ ਭੋਜਨ ਲੜੀ ਵਿੱਚ ਕਈ ਵਾਰੀ 10-20 ਪੌੜੀਆਂ ਹੁੰਦੀਆਂ ਹਨ। ਹਰ ਪੌੜੀ ਤੇ ਵੱਧਦਾ-ਵੱਧਦਾ ਇਹ ਸੈਂਕੜੇ, ਹਜ਼ਾਰਾਂ ਜਾਂ ਲੱਖਾਂ ਗੁਣਾ ਵੀ ਵੱਧ ਸਕਦਾ ਹੈ। ਇਸ ਪ੍ਰਕ੍ਰਿਆ ਨੂੰ ਬਾਇਓਮੈਗਨੀਫਿਕੇਸ਼ਨ ਆਖਿਆ ਜਾਂਦਾ ਹੈ।
ਸਪੱਸ਼ਟ ਹੈ ਕਿ ਜੋ ਵੀ ਜੀਵ ਭੋਜਨ ਲੜੀ ਵਿੱਚ ਜਿਨ੍ਹਾਂ ਉੱਪਰ ਹੋਵੇਗਾ, ਉਸਦੇ ਸ਼ਰੀਰ ਵਿੱਚ ਜ਼ਹਿਰ ਦੀ ਤੀਬਰਤਾ ਦੀ ਪੱਧਰ ਉਨ੍ਹੀ ਹੀ ਵੱਧ ਹੋਵੇਗੀ ਅਤੇ ਜ਼ਹਿਰਾਂ ਦੀ ਮਾਰ ਵਿੱਚ ਪਹਿਲਾਂ ਆਵੇਗਾ। ਇਸ ਕਰਕੇ ਹੀ ਗਿੱਧਾਂ ਸਭ ਤੋਂ ਪਹਿਲਾਂ ਮਾਰ ਵਿੱਚ ਆਈਆ। ਕਿਉਂਕਿ ਉਹਨਾਂ ਨੇ ਤਾਂ ਮਰੇ ਹੋਏ ਸ਼ੇਰ ਨੂੰ ਵੀ ਖਾਣਾ ਹੈ। ਇਸੇ ਤਰਾਂ ਹੀ ਕੀੜੇ ਖਾਣ ਵਾਲੇ ਅਤੇ ਮੱਛੀਆਂ ਖਾਣ ਵਾਲੇ ਪੰਛੀਆਂ ਦੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਹਨ ਜਾਂ ਖ਼ਤਮ ਹੋ ਰਹੀਆਂ ਹਨ। ਇਹ ਵੀ ਸਪੱਸ਼ਟ ਹੈ ਕਿ ਜੋ ਮਨੁੱਖ ਮਾਸ-ਮੱਛੀ ਅਤੇ ਜ਼ਾਨਵਰਾਂ ਤੋਂ ਬੁਣੇ ਭੋਜਨ ਖਾਂਦਾ ਹੋਵੇਗਾ, ਉਹ ਸ਼ਾਕਾਹਾਰੀ ਮਨੁੱਖਾਂ ਤੋਂ ਜਲਦੀ ਇਹਨਾਂ ਜ਼ਹਿਰਾਂ ਦੀ ਮਾਰ ਵਿੱਚ ਆਵੇਗਾ।
ਇਸ ਤਰਾਂ ਖਾਣਾਂ ਵਿੱਚੋਂ ਕੋਲਾ ਕੱਢਣ ਤੋਂ ਵਾਤਾਵਰਣ ਦੀ ਤਬਾਹੀ ਸ਼ੁਰੂ ਹੁੰਦੀ ਹੈ ਅਤੇ ਤਾਪ ਬਿਜਲੀ ਘਰਾਂ ਦੀ ਸ਼ੁਰੂਆਤ ਦੇ ਰੂਪ ਵਿੱਚ ਇਹ ਤਬਾਹੀ ਜ਼ਾਰੀ ਰਹਿੰਦੀ ਹੈ। ਇਹ ਹਵਾ, ਪਾਣੀ ਅਤੇ ਧਰਤੀ ਦਾ ਨਾਸ਼ ਮਾਰਦੀ ਹੈ। ਸਮੂਹ ਪ੍ਰਾਣੀਆਂ ਉੱਪਰ ਅਤਿ ਮਾੜੇ ਪ੍ਰਭਾਵ ਪੈਂਦੇ ਹਨ। ਮਨੁੱਖ ਅਤੇ ਪਸ਼ੂ ਵੱਡੀਆਂ ਅਤੇ ਲਾ-ਇਲਾਜ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਪੂਰੀ ਉਮਰ ਭੋਗਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। 
500 ਮੈਗਾਵਾਟ ਦੇ ਤਾਪ ਬਿਜਲੀ ਘਰਾਂ ਵਿੱਚ ਬਾਲੇ ਜਾਣ ਵਾਲੇ ਕੋਲੇ ਵਿੱਚੋਂ ਜ਼ਹਿਰੀਲੇ ਤੱਤਾਂ ਵਜੋਂ ਹਰ ਸਾਲ 37 ਲੱਖ ਟਨ ਕਾਰਬਨ ਡਾਇਆਕਸਾਈਡ, ਜਿਹੜੀ ਕਿ 16 ਕਰੋੜ ਦਰੱਖਤਾਂ ਨੂੰ ਕੱਟਣ ਦੇ ਬਰਾਬਰ ਹੈ, 10 ਹਜ਼ਾਰ ਟਨ ਸਲਫ਼ਰ ਡਾਈਅਕਸਾਈਡ, 10 ਹਜ਼ਾਰ ਟਨ ਨਾਈਟਰੋਜ਼ਨ ਅਕਸਾਈਡ, 500 ਟਨ ਸੂਖਮ ਕਣ, 720 ਟਨ ਕਾਰਬਨਮੋਨੋਅਕਸਾਈਡ, 220 ਟਨ ਹਾਈਡਰੋ ਕਾਰਬਨ, 170 ਪਾਊਂਡ ਪਾਰਾ (ਮਰਕਰੀ), 225 ਪਾਊਂਡ ਸੰਖੀਆ (ਆਰਸੈਨਿਕ), 114 ਪੌਂਡ ਸਿੱਕਾ (ਲੈੱਡ), 4 ਪਾਊਂਡ ਕੈਡਮੀਅਮ, ਲਗਪਗ 2.5 ਟਨ ਯੂਰੇਨੀਅ ਅਤੇ ਲਗਪਗ 6.7 ਟਨ ਥੋਰੀਅਮ ਨੂੰ ਵਾਤਾਵਰਣ ਵਿੱਚ ਖਿਲਾਰਦਾ ਹੈ। ਕੋਲੇ ਵਿੱਚ 1.3 ਪੀ.ਪੀ.ਐਮ ਯੂਰੇਨੀਅਮ ਅਤੇ 3.2 ਪਾਰਟ ਪਰ ਮਿਲੀਅਨ ਥੋਰੀਅਮ ਹੁੰਦਾ ਹੈ।
ਯੂਰੇਨੀਅਮ ਅਤੇ ਥੋਰੀਅਮ ਜਦ ਟੁੱਟਦੇ ਹਨ ਤਾਂ ਅਨੇਕਾਂ ਜ਼ਹਿਰੀਲੇ ਪਦਾਰਥ ਬਣਦੇ ਹਨ। ਇਹਨਾਂ ਵਿੱਚੋਂ ਰੇਡਾਨ ਗੈਸ ਪ੍ਰਮੁੱਖ ਹੈ ਜਿਹੜੀ ਕਿ ਸਾਹ ਰਾਹੀ ਸਾਡੇ ਸ਼ਰੀਰ ਦੀਆਂ ਹੋਰ ਕੋਸ਼ਿਕਾਵਾਂ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਰੇਡੀਅਮ ਪੋਲੋਨੀਅਮ, ਬਿਸਮਥ ਅਤੇ ਲੈੱਡ ਆਦਿ ਕਈ ਜ਼ਹਿਰੀਲੇ ਤੱਤ ਹਨ ਜਿਹੜੇ ਕਿ ਯੂਰੇਨੀਅਮ ਦੀ ਖਾਸੀਅਤ ਹਨ। ਯੂਰੇਨੀਅਮ ਅਤੇ ਥੋਰੀਅਮ ਜਿੱਥੇ ਰੇਡੀਉ ਐਕਟਿਵ (ਪ੍ਰਮਾਣੂ ਕਿਰਣਾਂ ਪੈਦਾ ਕਰਨ ਵਾਲੇ) ਹਨ, ਉੱਥੇ ਇਹ ਭਾਰੀ ਧਾਤਾਂ ਵੀ ਹਨ। ਇਸ ਲਈ ਇਹ ਤੀਹਰੀ ਮਾਰ ਕਰਦੇ ਹਨ। ਪ੍ਰਮਾਣੂ ਕਿਰਣਾਂ ਰਾਹੀ ਭਾਰੀ ਧਾਤਾਂ ਦੇ ਤੌਰ 'ਤੇ ਅਤੇ ਇਹਨਾਂ ਤੋਂ ਬਣਨ ਵਾਲੇ ਹੋਰ ਜ਼ਹਿਰਾਂ ਦੀ ਸ਼ਕਲ ਵਿੱਚ।
ਕਾਰਬਨ ਡਾਈਆਕਸਾਈਡ, ਕਾਰਬਨ ਮੋਨੇਆਕਸਾਈਡ, ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡਜ਼ ਅਤੇ ਹੋਰ ਅਨੇਕਾਂ ਜ਼ਹਿਰੀਲੀਆਂ ਗੈਸਾਂ ਅਤੇ ਪਾਰੇ ਦੇ ਸਾਹ ਰਾਹੀ ਪ੍ਰਾਣੀਆਂ ਦੇ ਅੰਦਰ ਜਾ ਕੇ ਉਹਨਾਂ ਦਾ ਨੁਕਸਾਨ ਕਰਦੇ ਹਨ। ਇਹ ਮਨੁੱਖਾਂ ਨੂੰ ਬਿਮਾਰੀਆਂ ਲਾਉਂਦੇ ਹਨ ਅਤੇ ਪੂਰੀ ਉਮਰ ਤੋਂ ਪਹਿਲਾਂ ਹੀ ਮੌਤ ਦਾ ਕਾਰਨ ਬਣਦੇ ਹਨ। ਇਹ ਗੈਸਾਂ ਗ੍ਰੀਨ ਹਾਊਸ ਗੈਸਾਂ ਹੁੰਦੀਆਂ ਹਨ ਅਤੇ ਆਲਮੀ ਤਪਸ਼ ਦੇ ਵਧਣ ਦਾ ਕਾਰਨ ਬਣਦੀਆਂ ਹਨ। 
ਇਹ ਗੈਸਾਂ ਹੌਲੀ-ਹੌਲੀ ਧਰਤੀ 'ਤੇ ਡਿੱਗ ਜਾਂਦੀਆਂ ਹਨ ਅਤੇ ਮਿੱਟੀ ਅਤੇ ਪਾਣੀ ਵਿੱਚ ਰਲ ਜਾਂਦੀਆਂ ਹਨ। ਭਾਰੀ ਧਾਤਾਂ ਅਤੇ ਹੋਰ ਜ਼ਹਿਰੀਲੇ ਤੱਤ ਵੀ ਧਰਤੀ ਅਤੇ ਪਾਣੀ ਰਾਹੀ ਹੁੰਦੇ ਹੋਏ ਭੋਜਨ ਲੜੀ ਵਿੱਚ ਰਲ ਜਾਂਦੀਆਂ ਹਨ। ਭੋਜਨ ਲੜੀ ਅਤੇ ਪਾਣੀ ਰਾਹੀ ਇਹ ਮਨੁੱਖਾਂ ਅਤੇ ਹੋਰ ਭੋਜਨ ਲੜੀ ਵਿੱਚ ਆ ਜਾਂਦੇ ਹਨ। ਭੋਜਨ ਲੜੀ ਅਤੇ ਪਾਣੀ ਰਾਹੀ ਇਹ ਮਨੁੱਖਾਂ ਅਤੇ ਹੋਰ ਜੀਵ ਜੰਤੂਆਂ ਦੀ ਸਿਹਤ ਦਾ ਘਾਣ ਕਰਦੇ ਹਨ। ਉਹਨਾਂ ਨੂੰ ਲਾ-ਇਲਾਜ ਅਤੇ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ ਅਤੇ ਪੂਰੀ ਉਮਰ ਭੋਗਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ।

No comments:

Post a Comment