Friday 20 January 2012

ਵਾਤਾਵਰਨ ਤੇ ਸਿਹਤ ਸਰੋਕਾਰ ਹੋਣ ਚੋਣ ਮੁੱਦਾ

ਵਾਤਾਵਰਨ ਤੇ ਸਮਾਜ ਬਚਾਓ ਮੋਰਚਾ, ਪੰਜਾਬ ਦਾ ਹੋਇਆ ਗਠਨ

ਪੰਜਾਬ ਅੰਦਰ ਕੁਦਰਤੀ ਵਾਤਾਵਰਣ, ਜਨ-ਸਿਹਤ ਅਤੇ ਸਮਾਜਿਕ ਸੰਤੁਲਨ ਦੀ ਰਾਖੀ ਲਈ ਸਰਗਰਮ ਧਾਰਮਿਕ, ਰਾਜਸੀ, ਸਮਾਜਿਕ ਅਤੇ ਸਵੈ-ਸੇਵੀ ਸੰਗਠਨਾਂ ਅਤੇ ਬੁੱਧੀਜੀਵੀਆਂ ਦੀ ਦੋ ਦਿਨਾਂ ਬੈਠਕ ਮਿਤੀ 26 ਅਤੇ 27 ਨਵੰਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਦੋ ਦਿਨ ਹੋਏ ਗੰਭੀਰ ਵਿਚਾਰ-ਵਟਾਂਦਰੇ ਉਪਰੰਤ “ਵਾਤਾਵਰਨ ਤੇ ਸਮਾਜ ਬਚਾਓ ਮੋਰਚਾ, ਪੰਜਾਬ” ਸਥਾਪਤ ਕਰਕੇ ਪੰਜਾਬ ਅੰਦਰ ਜਨ-ਸਿਹਤਾਂ, ਵਾਤਾਵਰਨ ਅਤੇ ਸਮਾਜਿਕ ਪਤਨ ਦੇ ਮੁੱਦਿਆਂ 'ਤੇ ਲੋਕ ਲਹਿਰ ਉਸਾਰਨ ਲਈ ਸਾਂਝੇ ਯਤਨ ਆਰੰਭਣ ਦਾ ਐਲਾਨ ਕੀਤਾ ਗਿਆ। ਇਸ ਬੈਠਕ ਵਿੱਚ 40 ਤੋਂ ਵੱਧ ਜੱਥੇਬੰਦੀਆਂ ਨੇ ਹਿੱਸਾ ਲਿਆ ਜਾਂ ਆਪਣਾ ਸਮਰਥਨ ਭੇਜਿਆ। 

ਇਸ ਸਬੰਧੀ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਓਮੇਂਦਰ ਦੱਤ ਦੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਅੰਦਰ ਕਿਹਾ ਗਿਆ ਹੈ ਕਿ ਪੰਜਾਬ ਅੰਦਰ ਕੁਦਰਤੀ ਵਾਤਾਵਰਨ ਅਤੇ ਸਮਾਜਿਕ ਸੰਤੁਲਨ ਅੰਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਵਿਕਾਸ ਮਾਡਲ ਅਤੇ ਸੁਆਰਥੀ ਰਾਜਸੀ ਜਮਾਤਾਂ ਵੱਲੋਂ ਲੋਕਾਂ ਪ੍ਰਤੀ ਧਾਰਨ ਕੀਤੀ ਗਈ ਬੇਪਰਵਾਹੀ ਵਾਲੀ ਸੋਚ ਕਾਰਨ ਗੰਭੀਰ ਵਿਗਾੜ ਪੈਦਾ ਹੋ ਗਏ ਹਨ। ਇਸ ਮਨੁੱਖ ਵਿਰੋਧੀ ਵਰਤਾਰੇ ਖਿਲਾਫ਼ ਪੰਜਾਬ ਅੰਦਰ ਸਰਗਰਮ ਧਿਰਾਂ ਨੂੰ ਇੱਕ ਸਾਂਝੇ ਮੰਚ ਹੇਠ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅੰਦਰ ਹਵਾ, ਪਾਣੀ ਅਤੇ ਧਰਤ ਨੂੰ ਜ਼ਹਿਰੀਲਾ ਬਣਾਉਣ ਅਤੇ ਭਾਈਚਾਰੇ ਅੰਦਰ ਤਨਾਅ, ਪਾੜਾ ਤੇ ਬੇਵਿਸ਼ਵਾਸ਼ੀ ਫੈਲਾਉਣ ਦੇ ਕਾਰਨਾ ਦੀ ਤਹਿ ਤੱਕ ਪਹੁੰਚ ਕੇ ਉਹਨਾਂ ਨੂੰ ਦੂਰ ਕਰਨ ਜਾਗਰੂਕਤਾ ਮੁਹਿੰਮ ਵਿੱਢਣ ਦਾ ਫੈਸਲਾ ਕਰਨਾ ਬਹੁਤ ਹੀ ਪ੍ਰਭਾਵਸ਼ਾਲੀ  ਤੇ ਸਾਰਥਕ ਉਪਰਾਲਾ ਹੈ। ਬਿਆਨ ਅੰਦਰ ਕਿਹਾ ਗਿਆਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਅੰਦਰ ਸਰਗਰਮ ਰਾਜਸੀ ਦਲਾਂ ਅੱਗੇ ਉਪਰੋਕਤ ਮਸਲਿਆਂ ਨੂੰ ਵਿਚਾਰਨ ਤੇ ਲੋਕਾਂ ਨੂੰ  ਸਮਾਂਬੱਧ ਹੱਲ ਪੇਸ਼ ਕਰਨ ਲਈ ਲੋਕ ਰਾਇ ਲਾਮਬੰਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਨੂੰ ਬਲਦੀ ਦੇ ਬੂਥੇ ਧੱਕ ਰਹੀਆਂ ਇਹਨਾਂ ਅਲਾਮਤਾਂ ਨੂੰ ਖਤਮ ਕਰਨ ਦੇ ਨਾਲ-ਨਾਲ ਲੋਕਾਂ ਨੂੰ ਚੋਣ ਅਮਲ ਅੰਦਰ ਸਰਗਰਮ ਤੇ ਪੁਖਤਾ ਪਹੁੰਚ ਨਾਲ ਸ਼ਮੂਲੀਅਤ ਕਰਨੀ ਪਵੇਗੀ। ਰਾਜਸੀ ਦਲਾਂ 'ਤੇ ਇਸ ਗੱਲ ਲਈ ਦਬਾਅ ਬਣਾਇਆ ਜਾਵੇਗਾ ਕਿ ਉਹ ਵਾਤਾਵਰਨ ਤੇ ਸਿਹਤਾਂ ਦੇ ਮਸਲੇ ਨੂੰ ਚੋਣ ਮੁੱਦਾ ਬਣਾਉਣ ਅਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਕਾਨੂੰਨੀ ਜਾਮਾ ਪਹਿਨਾਉਣ। ਸਰਕਾਰ ਅਤੇ ਚੋਣ ਕਮਿਸ਼ਨ 'ਤੇ ਇਸ ਗੱਲ ਲਈ ਵੀ ਦਬਾਅ ਬਣਾਇਆ ਜਾਵੇਗਾ ਕਿ ਵੋਟਰਾਂ ਨੂੰ ਨਾਪਸੰਦਗੀ ਦਾ ਅਧਿਕਾਰ ਦਿੱਤਾ ਜਾਵੇ। 

ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਪ੍ਰਸ਼ਾਸ਼ਨ ਦੇ ਲੋਕ ਵਿਰੋਧੀ ਵਤੀਰੇ ਕਾਰਨ ਆਮ ਲੋਕਾਂ ਦੁਸ਼ਵਾਰ ਹਾਲਤਾਂ ਅੰਦਰ ਜਿਊਣ ਲਈ ਮਜ਼ਬੂਰ ਹਨ। ਉਹਨਾਂ ਹੋਰ ਕਿਹਾ ਕਿ ਲੋਕਾਂ ਨੂੰ ਹਵਾ, ਪਾਣੀ ਤੇ ਖ਼ੁਰਾਕੀ ਪਦਾਰਥਾਂ ਨੂੰ ਦੂਸ਼ਿਤ ਕਰਨ ਵਾਲੇ ਵਰਤਾਰੇ ਦੇ ਠੋਸ ਮੁੱਦਿਆਂ 'ਤੇ ਵੋਟਾਂ ਮੰਗਣ ਆਏ ਉਮੀਦਵਾਰਾਂ ਤੋਂ ਠੋਸ ਕਦਮ ਚੁੱਕਣ ਲਈ ਦੇ ਵਾਅਦੇ ਲਏ ਜਾਣ। ਅਤੇ ਵਾਅਦੇ ਨਾ ਪੂਰੇ ਕਰਨ ਦੀ ਸੂਰਤ ਵਿੱਚ ਉਹਨਾਂ ਤੇ ਕਾਨੂੰਨੀ ਕਾਰਵਾਈ ਦੀ ਸ਼ਾਹਦੀ ਭਰਦਾ ਪ੍ਰਣ ਪੱਤਰ ਵੀ ਉਹਨਾਂ ਤੋਂ ਲਿਆ ਜਾਵੇ। 
ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਜੀ ਨੇ ਮੀਟਿੰਗ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਸਮਾਜਕ ਕਾਰਕੁੰਨਾਂ ਤੇ ਸਿਆਸੀ ਆਗੂਆਂ ਨੂੰ ਮਿਲ ਬੈਠਣ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਇਤਿਹਾਸ ਤੇ ਵਿਰਾਸਤ ਸਾਨੂੰ ਅਜਿਹੀ ਖ਼ਤਰਨਾਕ ਸਥਿਤੀ ਦਾ ਸਾਹਮਣਾ ਕਰਨ ਲਈ ਸੇਧ ਤੇ ਸਮਰਥਾ ਬਖ਼ਸ਼ਦਾ ਹੈ। 

ਡਾ. ਅਮਰ ਸਿੰਘ ਆਜਾਦ, ਸੁਖਦੇਵ ਸਿੰਘ ਭੁਪਾਲ, ਚਰਣ ਗਿੱਲ, ਹਮੀਰ ਸਿੰਘ ਪੱਤਰਕਾਰ, ਪ੍ਰੋ. ਜਗਮੋਹਨ ਸਿੰਘ, ਜਗਦੇਵ ਸਿੰਘ ਜੱਸੋਵਾਲ, ਡਾ. ਜੀ ਪੀ ਆਈ ਸਿੰਘ, ਕਰਨੈਲ ਸਿੰਘ ਜਖੇਪਲ, ਸੁਰਜੀਤ ਸਿੰਘ ਫੂਲ, ਡਾ. ਹਰਮਿੰਦਰ ਸਿੱਧੂ, ਡਾ. ਪਵਿੱਤਰ ਸਿੰਘ, ਬਲਵਿੰਦਰ ਸਿੰਘ ਜੈ ਸਿੰਘ ਵਾਲਾ, ਹਰਤੇਜ ਸਿੰਘ ਮਹਿਤਾ, ਡਾ. ਏ ਐੱਸ ਮਾਨ ਸੰਗਰੂਰ, ਮਾਲਵਿੰਦਰ ਸਿੰਘ ਮਾਲੀ, ਮਾਸਟਰ ਮਦਨ ਲਾਲ, ਦੀਪਕ ਬੱਬਰ ਅੰਮ੍ਰਿਤਸਰ, ਸੁਰਿੰਦਰ ਕੌਸ਼ਲ ਬਰਨਾਲਾ, ਸਾਬਕਾ ਸਰਪੰਚ ਹਰਬੰਤ ਸਿੰਘ ਠੁੱਲੇਵਾਲ ਸਮੇਤ ਬਹੁਤ ਸਾਰੇ ਬੁਲਾਰਿਆਂ ਨੇ ਕੁਦਰਤੀ ਵਾਤਾਵਰਨ, ਕੁਦਰਤੀ ਖੇਤੀ, ਚੋਣ ਅਮਲ ਅੰਦਰ ਸੁਧਾਰ ਮੁਹਿੰਮ ਆਦਿ ਬਾਰੇ ਵੱਖ-ਵੱਖ ਪੱਖਾਂ ਦਾ ਵਿਸਥਾਰ ਪੇਸ਼ ਕੀਤਾ। ਮੀਟਿੰਗ ਦੇ ਅੰਤਲੇ ਪੜਾਅ ਵਿੱਚ ਸਭ ਨੇ ਇੱਕ ਸੁਰ ਹੋ ਕੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ 'ਤੇ ਸਾਂਝਾ ਮੰਚ ਉਸਾਰ ਕੇ ਪੰਜਾਬ ਅੰਦਰ ਇੱਕ ਸ਼ਕਤੀਸ਼ਾਲੀ ਲੋਕ ਲਹਿਰ ਖੜੀ ਕਰਨ ਉੱਪਰ ਸਹਿਮਤੀ ਪ੍ਰਗਟਾਈ। 
ਅੰਤ ਵਿੱਚ ਆਪਸੀ ਸਹਿਮਤੀ ਨਾਲ ਤਿਆਰ ਕੀਤੇ ਗਏ ਸਾਂਝੇ ਪ੍ਰੋਗਰਾਮ ਤਹਿਤ ਸਾਂਝਾਂ ਮੰਚ ਉਸਾਰਨ ਲਈ “ਵਾਤਾਵਰਨ ਤੇ ਸਮਾਜ ਬਚਾਓ ਮੋਰਚਾ, ਪੰਜਾਬ” ਦੇ ਗਠਨ ਦਾ ਐਲਾਨ ਕਰਦਿਆਂ ਸ਼੍ਰੀ ਓਮੇਂਦਰ ਦੱਤ ਨੇ ਸੱਦਾ ਦਿੱਤਾ ਕਿ ਹਾਲੇ ਵੀ ਸਾਂਝੇ ਮੰਚ ਤੋਂ ਬਾਹਰ ਰਹਿ ਗਈਆਂ ਜੱਥੇਬੰਦੀਆਂ ਤੇ ਚੇਤੰਨ ਵਿਅਕਤੀਆਂ ਨਾਲ ਜੋੜਨ ਲਈ ਗੰਭੀਰ ਯਤਨ ਜਾਰੀ ਰੱਖੇ ਜਾਣਗੇ। ਮੰਚ ਦੀ ਸੂਬਾ ਕਮੇਟੀ ਨੇ ਇਹ ਫੈਸਲਾ ਵੀ ਲਿਆ ਕਿ ਜਲਦ ਹੀ ਮੁਹਿੰਮ ਦੀ ਰੂਪ ਰੇਖਾ ਵੀ ਐਲਾਨੀ ਜਾਵੇਗੀ। ਵਾਤਾਵਰਨ ਤੇ ਸਮਾਜ ਬਚਾਓ ਮੋਰਚਾ, ਪੰਜਾਬ ਦੀ ਪਹਿਲੀ ਮੀਟਿੰਗ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ ਜਿਸ ਵਿੱਚ ਸ਼ਾਮਿਲ ਹੋਣ ਲਈ ਸਮੂਹ ਕੁਦਰਤ ਅਤੇ ਲੋਕ ਪੱਖੀ ਜੱਥੇਬੰਦੀਆਂ ਅਤੇ ਚਿੰਤਨਸ਼ੀਲ ਵਿਅਕਤੀਆਂ ਨੂੰ ਆਉਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। 

No comments:

Post a Comment