Friday 20 January 2012

ਆਦਰਸ਼ ਕੁਦਰਤੀ ਖੇਤੀ ਕਿਸਾਨ ਸ਼੍ਰੀ ਅਮਰਜੀਤ ਸ਼ਰਮਾ ਨਾਲ ਖਾਸ ਮੁਲਾਕਾਤ

ਕੁਦਰਤੀ ਖੇਤੀ ਕੁਦਰਤੀ ਸੋਮਿਆਂ ਨੂੰ ਸੁਰੱਖਿਅਤ ਕਰਕੇ ਵਾਤਾਵਰਣ ਦੀ ਰੱਖਿਆ ਕਰਦੀ ਹੈ।
“ਬਲਿਹਾਰੀ ਕੁਦਰਤ” ਦੇ ਪਾਠਕਾਂ ਲਈ ਕੁਦਰਤੀ ਖੇਤੀ ਵਿੱਚ ਸਫਲਤਾ ਦੇ ਨਿੱਤ ਨਵੇਂ ਦਿਸਹੱਦੇ ਸਿਰਜਣ ਵਾਲੇ ਸਿਰਫ ਪੰਜ ਏਕੜ ਦੀ ਮਾਲਕੀ ਵਾਲੇ ਉੱਘੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਅਮਰਜੀਤ ਸ਼ਰਮਾ ਦੀ ਗੁਰਪ੍ਰੀਤ ਦਬੜੀਖਾਨਾ ਦੁਆਰਾ ਕੀਤੀ ਗਈ ਇੰਟਰਵਿਊ ਇਸ ਆਸ ਨਾਲ ਪ੍ਰਕਾਸ਼ਿਤ ਕਰ ਰਹੇ ਹਾਂ ਕਿ ਕੁਦਰਤੀ ਖੇਤੀ ਨਾਲ ਜੁੜਨ ਦੇ ਇੱਛਕ ਕਿਸਾਨ ਸ਼ਰਮਾ ਜੀ ਦੇ ਤਜ਼ਰਬੇ ਦਾ ਲਾਹਾ ਲੈ ਸਕਣ। 
ਸਵਾਲ: ਸ਼ਰਮਾ ਜੀ ਕੁਦਰਤੀ ਖੇਤੀ ਵੱਲ ਰੁਝਾਨ ਕਦੋਂ ਤੇ ਕਿਵੇਂ ਹੋਇਆ?
ਜਵਾਬ: ਰਸਾਇਣਕ ਖੇਤੀ ਦੌਰਾਨ 1991 ਤੋਂ 2003 ਤੱਕ ਸਮਾਂ ਨਰਮੇ ਦੀ ਖੇਤੀ ਲਈ ਬਹੁਤ ਹੀ ਕਾਲਾ ਦੌਰ ਸਾਬਿਤ ਹੋਇਆ। 1984 ਤੋਂ 90 ਦੌਰਾਨ ਜਿਹੜੇ ਨਰਮੇ ਦਾ ਝਾੜ 10 ਤੋਂ 14 ਕਵਿੰਟਲ ਪ੍ਰਤੀ ਏਕੜ ਨਿਕਲਦਾ ਸੀ ਸਨ 2000 ਆਉਂਦੇ-ਆਉਂਦੇ ਇੱਕ ਸਮੇਂ 50 ਕਿੱਲੋ ਪ੍ਰਤੀ ਏਕੜ ਰਹਿ ਗਿਆ। ਪਰੰਤੂ ਪਹਿਲਾਂ ਦੇ ਮੁਕਾਬਲੇ ਲਾਗਤ ਖਰਚੇ ਵਿੱਚ ਜ਼ਮੀਨ-ਅਸਮਾਨ ਦਾ ਫਰਕ ਆ ਗਿਆ। ਮੈਂ ਕਿਸੇ ਵੀ ਹਾਲ ਵਿੱਚ ਹੋਰ ਜਿਆਦਾ ਸਮਾਂ ਘਾਟਾ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ। ਸੋ ਖੇਤੀ ਛੱਡ ਕੇ ਕਰਿਆਨੇ ਦੀ ਦੁਕਾਨ ਕਰ ਲਈ। ਇਹਦੇ ਬਾਵਜ਼ੂਦ ਮੈਂ ਸਦਾ ਇਹ ਹੀ ਸੋਚਦਾ ਰਹਿੰਦਾ ਸੀ ਕਿ ਰਸਾਇਣਕ ਖੇਤੀ ਦਾ ਬਦਲ ਲੱਭਣ ਦੀ ਲੋੜ ਹੈ ਤੇ ਮੈਂ ਆਪਣੀ ਤਲਾਸ਼ ਆਰੰਭ ਕਰ ਦਿੱਤੀ। ਸਨ 2005 ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਖੇਤੀ ਵਿਰਾਸਤ ਮਿਸ਼ਨ ਅਤੇ ਉਮੇਂਦਰ ਦੱਤ ਬਾਰੇ ਪਤਾ ਲੱਗਿਆ। ਫਿਰ ਮੈਂ ਖੇਤੀ ਵਿਰਾਸਤ ਮਿਸ਼ਨ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਜਦੋਂ ਮੈਨੂੰ ਇਹ ਯਕੀਨ ਹੋ ਗਿਆ ਕਿ ਇਹ ਸੰਸਥਾ ਵਾਕਿਆ ਹੀ ਕਿਸਾਨ ਪੱਖੀ ਹੈ ਤਾਂ ਮੈਂ ਖੇਤੀ ਵਿਰਾਸਤ ਮਿਸ਼ਨ ਦੀ ਪ੍ਰੇਰਣਾ ਨਾਲ  ਕੁਦਰਤੀ ਖੇਤੀ ਵੱਲ ਪਲੇਠਾ ਕਦਮ ਪੁੱਟ ਲਿਆ। 
ਸਵਾਲ: ਕੁਦਰਤੀ ਖੇਤੀ ਬਾਰੇ ਲੋੜੀਂਦੀ ਜਾਣਕਾਰੀ ਤੇ ਗਿਆਨ ਕਿੱਥੋਂ ਹਾਸਿਲ ਹੋਇਆ ਤੇ ਸ਼ੁਰੂ ਵਿੱਚ ਕਿੰਨੇ ਰਕਬੇ ਵਿੱਚ ਕੁਦਰਤੀ ਖੇਤੀ ਤਹਿਤ ਕਿਹੜੀ ਫਸਲ ਬੀਜੀ ਤੇ ਨਤੀਜ਼ਾ ਕੀ ਰਿਹਾ?
ਜਵਾਬ: ਖੇਤੀ ਵਿਰਾਸਤ ਮਿਸ਼ਨ ਦੁਆਰਾ ਕੁਦਰਤੀ ਖੇਤੀ ਸਬੰਧੀ ਭਗਤੂਆਣੇ ਚਲਾਏ ਜਾ ਰਹੇ ਕਿਸਾਨ ਸਕੂਲ ਵਿੱਚ ਜਾਣਾ ਸ਼ੁਰੂ ਕੀਤਾ। ਉੱਥੇ ਕੀ ਵੀ ਐਮ ਦੁਆਰਾ ਹੋਰਨਾਂ ਸੂਬਿਆਂ ਤੋਂ ਬੁਲਾਏ ਗਏ ਮਨੋਹਰ ਭਾਊ ਪ੍ਰਚੁਰੇ, ਪ੍ਰੀਤੀ ਜੋਸ਼ੀ ਆਦਿ ਕੁਦਰਤੀ ਖੇਤੀ ਮਾਹਰਾਂ ਦੀ ਸੰਗਤ ਕਰਕੇ ਮਨ ਨੂੰ ਯਕੀਨ ਬੱਝ ਗਿਆ ਕਿ ਰਸਾਇਣਕ ਖਾਦਾਂ ਅਤੇ ਜ਼ਹਿਰਾਂ ਤੋਂ ਬਿਨਾਂ ਵੀ ਖੇਤੀ ਸੰਭਵ ਹੈ। ਉਪਰੰਤ ਮੈਂ ਮਾਹਿਰਾਂ ਦੁਆਰਾ ਕਿਸਾਨਾਂ ਨਾਲ ਸਾਂਝੇ ਕੀਤੇ ਗਏ ਖੇਤੀ ਵਿਗਿਆਨ ਅਤੇ ਦੱਸੀਆਂ ਗਈਆਂ ਤਕਨੀਕਾਂ ਨੂੰ ਅਜਮਾਉਣ ਦਾ ਫੈਸਲਾ ਕਰ ਲਿਆ ਤੇ ਸ਼ੁਰੂ ਵਿੱਚ ਕੁਦਰਤੀ ਖੇਤੀ ਤਹਿਤ 4 ਕਨਾਲਾਂ ਕਣਕ ਬੀਜ ਕੇ ਵੇਖੀ। ਮੇਰਾ ਇਹ ਤਜ਼ਰਬਾ ਸਫਲ ਰਿਹਾ। ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰਾਂ ਅਤੇ ਨਦੀਨ ਨਾਸ਼ਕਾਂ ਤੋਂ ਬਗ਼ੈਰ ਕਣਕ ਦਾ ਝਾੜ ਏਕੜ ਪਿੱਛੇ 12 ਕਵਿੰਟਲ ਮਿਲ ਗਿਆ। 
ਸਵਾਲ: ਇੱਕ ਛੋਟਾ ਕਿਸਾਨ ਹੋਣ ਦੇ ਬਾਵਜੂਦ ਇਸ ਵੇਲੇ ਤੁਸੀਂ ਆਪਣੀ ਸਾਰੀ ਜ਼ਮੀਨ ਕੁਦਰਤੀ ਖੇਤੀ ਦੇ ਲੇਖੇ ਲਾਈ ਹੋਈ ਹੈ, ਕਿਉਂ ਅਤੇ ਕਿੰਨੇ ਸਮੇਂ ਤੋਂ?
ਜਵਾਬ: ਇਹ ਛੋਟੇ ਜਾਂ ਵੱਡੇ ਕਿਸਾਨ ਦਾ ਸਵਾਲ ਨਹੀਂ ਸੋਚ ਦਾ ਹੈ। ਖੇਤੀ ਵਿੱਚ ਰਸਾਇਣਕ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਜਿਸ ਤੇਜੀ ਨਾਲ ਵਧਦੀ ਜਾ ਰਹੀ ਸੀ ਉਹ ਮੇਰੇ ਲਈ ਚਿੰਤਾ ਦਾ ਸਵੱਬ ਬਣ ਚੁੱਕੀ ਸੀ। ਤਰਕਸ਼ੀਲ ਵਿਅਕਤੀ ਹੋਣ ਕਰਕੇ ਮੈਨੂੰ ਸਦਾ ਹੀ ਇਹ ਮਹਿਸੂਸ ਹੁੰਦਾ ਸੀ ਕਿ ਫਸਲਾਂ 'ਤੇ ਛਿੜਕੇ ਗਏ ਜ਼ਹਿਰ ਖ਼ੁਰਾਕ ਰਾਹੀਂ ਸਾਡੀ ਸਿਹਤ ਨੂੰ ਵੀ ਖ਼ਰਾਬ ਕਰ ਸਕਦੇ ਹਨ। ਫਿਰ ਪਤਾ ਲੱਗਾ ਕਿ ਪੰਜਾਬ ਵਿੱਚ ਤੇਜੀ ਨਾਲ ਫੈਲ ਰਹੇ ਕੈਂਸਰ ਵਰਗੇ ਲਾਇਲਾਜ਼ ਰੋਗਾਂ ਦਾ ਮੁੱਖ ਕਾਰਨ ਇਹ ਜ਼ਹਿਰ ਹੀ ਹਨ। ਇਸ ਲਈ ਮੈਂ ਸੋਚਿਆ ਕਿ ਘੱਟੋ-ਘੱਟ ਆਪਣੇ ਪਰਿਵਾਰ ਨੂੰ ਮੈਂ ਹੋਰ ਜ਼ਹਿਰ ਨਹੀਂ ਖਿਲਾਵਾਂਗਾ। ਕੁਦਰਤੀ ਖੇਤੀ ਸਬੰਧੀ ਮੇਰਾ ਪਲੇਠਾ ਤਜ਼ਰਬਾ ਸਫਲ ਹੋ ਚੁੱਕਾ ਸੀ ਸੋ ਮੈਂ ਅੱਜ ਤੋਂ 5 ਸਾਲ ਪਹਿਲਾਂ ਆਪਣਾ ਸਾਰੇ ਦਾ ਸਾਰਾ ਖੇਤ ਸਰਬਤ ਦੇ ਭਲਾ ਕਰਨ ਵਾਲੀ ਕੁਦਰਤੀ ਖੇਤੀ ਦੇ ਲੇਖੇ ਲਾ ਦਿੱਤਾ। 
ਸਵਾਲ: ਸ਼ੁਰੂ ਵਿੱਚ ਤੁਹਾਨੂੰ ਕੁੱਝ ਔਕੜਾਂ ਵੀ ਪੇਸ਼ ਆਈਆਂ ਹੋਣਗੀਆਂ, ਉਹਨਾਂ ਤੋਂ ਕਿਵੇਂ ਪਾਰ ਪਾਇਆ?
ਜਵਾਬ: ਬਿਲਕੁੱਲ ਕੁਦਰਤੀ ਖੇਤੀ ਲਈ ਨਵੇਂ ਹੋਣ ਕਰਕੇ ਸ਼ੁਰੂਆਤ ਵਿੱਚ ਦੂਜੇ ਸਾਲ ਤੋਂ ਕਣਕ ਅਤੇ ਨਰਮੇ ਦੇ ਝਾੜ ਵਿੱਚ ਕਾਫੀ ਗਿਰਾਵਟ ਆਉਣੀ ਸ਼ੁਰੂ ਹੋ ਗਈ। ਇੱਕ ਵੇਲੇ ਤਾਂ ਇੰਞ ਲੱਗਾ ਜਿਵੇਂ ਕੁਦਰਤੀ ਖੇਤੀ ਕਰਕੇ ਮੈਂ ਕੋਈ ਗਲਤੀ ਕਰ ਲਈ ਹੋਵੇ। ਪਰ ਮੈਂ ਸਿਦਕ ਨਹੀਂ ਹਾਰਿਆ ਸਗੋਂ ਇਹ ਸੋਚਿਆ ਕਿ ਕੁਦਰਤੀ ਖੇਤੀ ਸਬੰਧੀ ਮੇਰੇ ਗਿਆਨ ਅਤੇ ਅਭਿਆਸ ਵਿੱਚ ਹਾਲੇ ਬਹੁਤ ਸਾਰੀਆਂ ਖਾਮੀਆਂ ਜ਼ਰੂਰ ਰਹੀਆਂ ਹੋਣਗੀਆਂ। ਇਸ ਲਈ ਇਸ ਸਬੰਧੀ ਵੱਧ ਤੋਂ ਵੱਧ ਗਿਆਨ ਇਕੱਠਾ ਕਰਕੇ ਤੇ ਆਪਣੀਆਂ ਖਾਮੀਆਂ ਤੋਂ ਛੁਟਕਾਰਾ ਪਾ ਕੇ ਸਫਲਤਾ ਜ਼ਰੂਰ ਹਾਸਿਲ ਕੀਤੀ ਜਾ ਸਕਦੀ ਹੈ। ਫਿਰ ਮੈਂ ਖੇਤੀ ਵਿਰਾਸਤ ਮਿਸ਼ਨ ਦੁਆਰਾ ਸਮੇਂ-ਸਮੇਂ ਪੰਜਾਬ ਬੁਲਾਏ ਗਏ ਕੁਦਰਤੀ ਖੇਤੀ ਮਾਹਿਰਾਂ ਦੀਆਂ ਵਰਕਸ਼ਾਪਾਂ ਵਿੱਚ ਭਾਗ ਲੈ ਕੇ ਆਪਣੇ ਗਿਆਨ ਦਾ ਦਾਇਰਾ ਹੋਰ ਵਿਸ਼ਾਲ ਕੀਤਾ ਤੇ ਸਫਲ ਕੁਦਰਤੀ ਖੇਤੀ ਲਈ ਸਹੀ ਫਸਲ ਚੱਕਰ ਦੀ ਅਹਿਮੀਅਤ ਸਮਝ ਕੇ ਝਾੜ ਸਬੰਧੀ ਸਾਰੀਆਂ ਸਮੱਸਿਆਵਾਂ ਤੋਂ ਪਾਰ ਪਾ ਲਿਆ। 
ਸਵਾਲ: ਇਸ ਵੇਲੇ ਤੁਹਾਡਾ ਫਸਲ ਚੱਕਰ ਕੀ ਹੈ ਤੇ ਭੂਮੀ ਨੂੰ ਉਪਜਾਊ ਬਣਾਈ ਰੱਖਣ ਲਈ ਤੁਸੀਂ ਕਿਸ ਤਰਾਂ ਦੇ ਅਭਿਆਸ ਕਰਦੇ ਹੋ?
ਜਵਾਬ: ਇਸ ਵੇਲੇ ਮੈਂ ਸਾਲ ਵਿੱਚ ਘੱਟੋ ਘੱਟ ਦੋ ਵਾਰ ਦੋ ਦਲੀਆਂ ਫਸਲਾਂ (ਨਾਈਟਰੋਜਨ ਫਿਕਸਰ) ਲੈ ਕੇ ਤੀਜੀ ਫਸਲ ਇੱਕ ਦਲੀ ਅਰਥਾਤ ਕਣਕ ਜਾਂ ਨਰਮੇ ਦੀ ਲੈਂਦਾ ਹਾਂ। ਮੂੰਗੀ,ਚੌਲੇ (ਰਵਾਂ) ਸਾਉਣੀ ਵਿੱਚ ਅਤੇ ਛੋਲੇ, ਧਨੀਆ, ਮੇਥੇ ਆਦਿ ਹਾੜੀ ਵਿੱਚ ਬੀਜਣ ਲਈ ਦੋ ਦਲੀਆਂ ਫਸਲਾਂ ਪੱਖੋਂ ਬਹੁਤ ਹੀ ਉਪਯੋਗੀ ਫਸਲਾਂ ਹਨ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਇੱਕ ਵਾਰ 'ਚ ਇੱਕ ਖੇਤ ਵਿੱਚ ਇੱਕ ਹੀ ਫਸਲ ਬੀਜਦਾ ਹਾਂ ਸਗੋਂ ਮੈਂ ਹਮੇਸ਼ਾ ਮਿਸ਼ਰਤ ਖੇਤੀ ਕਰਦਾ ਹਾਂ। ਜਿਹਦੇ ਤਹਿਤ ਇੱਕ ਵੇਲੇ ਇੱਕ ਖੇਤ ਵਿੱਚ ਘੱਟੋ-ਘੱਟ ਪੰਜ-ਛੇ ਪ੍ਰਕਾਰ ਦੀਆਂ ਸਹਿਜੀਵੀ ਫਸਲਾਂ ਬੀਜਦਾ ਹਾਂ ਜਿਹੜੀਆਂ ਕਿ ਆਪਣੀਆਂ ਪ੍ਰਸਰਪਰ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਭੂਮੀ ਅਤੇ ਕਿਸਾਨ ਲਈ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ। ਇਹਦੇ ਨਾਲ ਹੀ ਮੈਂ ਆਪਣੇ ਖੇਤ ਵਿੱਚੋਂ ਨਿਕਲੇ ਸਾਰੇ ਦੇ ਸਾਰੇ ਕਚਰੇ ਨੂੰ ਕੁਦਰਤੀ ਖਾਦ ਵਿੱਚ ਬਦਲ ਕੇ ਆਪਣੀ ਭੂਮੀ ਨੂੰ ਲਗਾਤਾਰ ਉਪਜਾਊ ਬਣਾਈ ਰੱਖਣ ਦਾ ਹੀਲਾ ਵੀ ਕਰਦਾ ਹਾਂ। 
ਸਵਾਲ: ਮਿਸ਼ਰਤ ਖੇਤੀ ਤਹਿਤ ਮੁੱਖ ਫਸਲ ਦੇ ਨਾਲ ਕਿਸ ਤਰਾਂ ਦੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ?
ਜਵਾਬ: ਮਿਸ਼ਰਤ ਖੇਤੀ ਤਹਿਤ ਮੁੱਖ ਫਸਲ ਦੇ ਨਾਲ ਘੱਟੋ-ਘੱਟ ਦੋ ਹਿੱਸੇ ਦੋ ਦਲੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਜਿਹੜੀਆਂ ਕਿ ਭੂਮੀ ਵਿੱਚ ਕੁਦਰਤੀ ਰੂਪ ਵਿੱਚ ਨਾਈਟਰੋਜ਼ਨ ਜਮ੍ਹਾ ਕਰਨ ਦਾ ਕੰਮ ਕਰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਅੰਤਰ ਫਸਲਾਂ ਅਜਿਹੀਆਂ ਬੀਜਣੀਆਂ ਚਾਹੀਦੀਆਂ ਹਨ ਜਿਹੜੀਆਂ ਕਿ ਤੁਹਾਡੀ ਮੁੱਖ ਫਸਲ ਦੀਆਂ ਮੁਕਾਬਲੇਬਾਜ਼ ਨਾ ਹੋ ਕੇ ਸਹਿਯੋਗੀ ਹੋਣ। ਉਹ ਭੂਮੀ ਉੱਤੇ ਸਿੱਧੀ ਧੁੱਪ ਨਾ ਪੈਣ ਦੇਣ,ਜ਼ਮੀਨ ਵਿੱਚ ਨਾਈਟਰੋਜ਼ਨ ਜਮ੍ਹਾ ਕਰਨ, ਹਾਨੀਕਾਰਕ ਕੀਟਾਂ ਲਈ ਜਾਲ ਦਾ ਕੰਮ ਕਰਨ ਅਤੇ ਜਿਹਨਾਂ ਤੋਂ ਭੂਮੀ ਨੂੰ ਕਾਫੀ ਜੈਵਿਕ ਮਾਦਾ ਵੀ ਮਿਲ ਸਕੇ। 
ਸਵਾਲ: ਕੁਦਰਤੀ ਖੇਤੀ ਵਿੱਚ ਗੁੜਜਲ ਵਰਗੇ ਜੀਵਾਣੂ ਕਲਚਰਾਂ ਦੀ ਕਿੰਨੀ ਲੋੜ ਹੈ ਕੀ ਇਹ ਖਾਦ ਦਾ ਕੰਮ ਕਰਦੇ ਹਨ?
ਜਵਾਬ: ਜੀ ਨਹੀਂ ਕੁਦਰਤੀ ਖੇਤੀ ਵਿੱਚ ਵਰਤੇ ਜਾਣ ਵਾਲੇ ਜੀਵਾਣੂ ਕਲਚਰ ਸਿੱਧੇ ਤੌਰ 'ਤੇ ਖਾਦ ਦਾ ਕੰਮ ਨਹੀਂ ਕਰਦੇ ਸਗੋਂ ਇਹਨਾਂ ਦੀ ਵਰਤੋਂ ਮਰ-ਮੁੱਕ ਚੱਲੀਆਂ ਜ਼ਮੀਨਾਂ ਵਿੱਚ ਸੂਖਮ ਜੀਵਾਂ ਦੀ ਸੰਖਿਆ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਇਹਦਾ ਮਤਲਬ ਹੈ ਕਿ ਕੁਦਰਤੀ ਖੇਤੀ ਵਿੱਚ ਜੀਵਾਣੂ ਕਲਚਰ ਪਾਉਣ ਦੀ ਲੋੜ ਸਿਰਫ ਪਹਿਲੇ 1-2 ਸਾਲ ਹੀ ਰਹਿੰਦੀ ਹੈ। ਜਦੋਂ ਇੱਕ ਵਾਰ ਤੁਹਾਡੀ ਜ਼ਮੀਨ ਵਿੱਚ ਸੂਖਮ ਜੀਵ ਆ ਜਾਣ ਤਾਂ ਫਿਰ ਉਹਨਾਂ ਨੂੰ ਉੱਥੇ ਲਗਾਤਾਰ ਬਣਾਈ ਰੱਖਣ ਲਈ ਲੋੜੀਂਦੇ ਅਭਿਆਸ ਕਰਨੇ ਚਾਹੀਦਾ ਹਨ।
ਸਵਾਲ: ਸੂਖਮ ਜੀਵਾਂ ਦਾ ਖੇਤੀ ਵਿੱਚ ਕੀ ਕੰਮ ਹੈ ਅਤੇ ਇਹਨਾਂ ਨੂੰ ਖੇਤਾਂ ਵਿੱਚ ਲਗਾਤਾਰ ਬਣਾਈ ਰੱਖਣ ਲਈ ਕੀ ਕਰਨਾ ਚਾਹੀਦਾ ਹੈ?
ਜਵਾਬ: ਬਹੁਤ ਸਾਰੇ ਸੂਖਮ ਜੀਵ ਭੂਮੀ ਵਿੱਚ ਉਪਲਭਧ ਕੱਚੇ ਮਾਲ ਵਜੋਂ ਮੌਜੂਦ ਹਰੇਕ ਪ੍ਰਕਾਰ ਦੇ ਵੱਡੇ-ਛੋਟੇ ਸੂਖਮ ਤੱਤਾਂ ਜਿਵੇਂ ਸਲਫਰ, ਪੋਟਾਸ਼, ਜਿੰਕ, ਆਇਰਨ, ਮੈਂਗਨੀਜ, ਤਾਂਬਾ ਅਦਿ ਨੂੰ ਪੌਦਿਆਂ ਦੀ ਖ਼ੁਰਾਕ ਵਿੱਚ ਬਦਲਣ ਦਾ ਕੰਮ ਕਰਦੇ ਹਨ। ਇਸੇ ਤਰਾਂ ਹੋਰ ਬਹੁਤ ਸਾਰੇ ਸੂਖਮ ਜੀਵ ਉਸ ਖ਼ਰਾਕ ਨੂੰ ਪੌਦਿਆਂ ਦੀ ਜੜ੍ਹਾਂ ਤੱਕ ਪਹੁੰਚਾਉਂਦੇ ਹਨ। ਪਰੰਤੂ ਰਸਾਇਣਕ ਖੇਤੀ ਵਿੱਚ ਇਹ ਕੰਮ ਨਹੀਂ ਹੁੰਦਾ ਇਸੇ ਲਈ ਕਿਸਾਨਾਂ ਨੂੰ ਬਾਹਰ ਤੋਂ ਇਹ ਸਾਰੇ ਤੱਤ ਬਣਾਉਟੀ ਰੂਪ ਵਿੱਚ ਫਸਲਾਂ ਨੂੰ ਦੇਣੇ ਪੈਂਦੇ ਹਨ। ਜਿਹਦਾ ਕਿ ਭੂਮੀ, ਪਾਣੀ, ਹਵਾ ਸਮੇਤ ਸਮੁੱਚੇ ਵਾਤਾਵਰਣ ਦੇ ਨਾਲ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ 'ਤੇ ਮਾਰੂ ਅਸਰ ਪੈਂਦਾ ਹੈ। ਸੋ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਸੂਖਮ ਜੀਵਾਂ ਨੂੰ ਵੱਡੀ ਮਾਤਰਾ ਵਿੱਚ ਸਹੇਜ ਕੇ ਰੱਖਣ ਲਈ ਹਰੇਕ ਪ੍ਰਕਾਰ ਦੇ ਜੈਵਿਕ ਮਾਦੇ ਨੂੰ ਖੇਤ ਵਿੱਚ ਸੜਾਉਣਾ ਚਾਹੀਦਾ ਹੈ। ਮਲਚਿੰਗ ਕਰਕੇ ਜ਼ਮੀਨ ਢਕ ਕੇ ਰੱਖਣੀ ਚਾਹੀਦੀ ਹੈ ਅਤੇ ਖੇਤੀ ਨੂੰ ਘੱਟ ਤੋਂ ਘੱਟ ਤੇ ਲੋੜ ਅਨੁਸਾਰ ਹੀ ਪਾਣੀ ਲਾਉਣੇ ਚਾਹੀਦੇ ਹਨ। ਕਣਕ ਵਿੱਚ ਖਾਸ ਕਰਕੇ ਕਿਸੇ ਵੀ ਹਾਲ ਵਿੱਚ ਤਿੰਨ ਘੰਟਿਆਂ ਤੋਂ ਵੱਧ ਪਾਣੀ ਨਹੀਂ ਖੜਨਾ ਚਾਹੀਦਾ। ਸਾਰੇ ਦੇਸੀ ਪਸ਼ੂਆਂ ਦਾ ਗੋਹਾ ਅਤੇ ਪਿਸ਼ਾਬ ਸਿਰਫ ਤੇ ਸਿਰਫ ਖੇਤ ਵਿੱਚ ਪੈਣਾ ਚਾਹੀਦਾ ਹੈ ਉਹ ਵੀ ਤਾਜੇ ਰੂਪ ਵਿੱਚ ਪਾਣੀ ਨਾਲ ਪਤਲਾ ਕਰਕੇ। ਇੱਕ ਦੇਸੀ ਗਊ ਦਾ ਗੋਬਰ ਤੇ ਪਿਸ਼ਾਬ 10 ਏਕੜ ਖੇਤੀ ਲਈ ਕਾਫੀ ਹੈ। 
ਸਵਾਲ: ਪੰਜ ਸਾਲਾਂ ਦੀ ਕੁਦਰਤੀ ਖੇਤੀ ਦੌਰਾਨ ਤੁਸੀਂ ਆਪਣੀ ਜ਼ਮੀਨ ਦੀ ਤਾਸੀਰ ਵਿੱਚ ਕੀ ਤਬਦੀਲੀ ਵੇਖੀ ਹੈ?
ਜਵਾਬ: ਮੇਰੀ ਜ਼ਮੀਨ ਆਮ ਦੇ ਮੁਕਾਬਲੇ ਵਧੇਰੇ ਸੁੰਗੰਧਿਤ, ਪੋਲੀ ਅਤੇ ਉਪਜਾਊ ਹੋ ਗਈ ਹੈ। ਇਸਦੀ ਪਾਣੀ ਜ਼ੀਰਨ ਅਤੇ ਨਮੀ ਸੰਭਾਲਣ  ਦੀ ਸਮਰਥਾ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ਤਿੰਨ-ਤਿੰਨ ਦਿਨ ਵੱਤਰ ਬਣਿਆ ਰਹਿੰਦਾ ਹੈ ਅਤੇ ਇਹ ਬੀਜ ਨਹੀਂ ਲੁਕਾਉਂਦੀ ਸਗੋਂ ਮੇਰੇ ਖੇਤੀ ਵਿੱਚ ਇੱਕ-ਇੱਕ ਬੀਜ ਪੁੰਗਰਦਾ ਹੈ। ਇਹ ਸਭ ਕੁਦਰਤੀ ਖੇਤੀ ਦੀ ਹੀ ਦੇਣ ਹੈ। 
ਸਵਾਲ: ਕੁਦਰਤੀ ਖੇਤੀ ਦੇ ਸਫਰ ਦੌਰਾਨ ਕਦੇ ਰਸਾਇਣਕ ਅਤੇ ਕੁਦਰਤੀ ਖੇਤੀ ਦੀ ਤੁਲਨਾ ਕੀਤੀ ਹੈ?
ਜਵਾਬ: ਜੀ ਹਾਂ ਬਿਲਕੁੱਲ! ਕੁਦਰਤੀ ਖੇਤੀ ਕਰਦਿਆਂ ਮੈਨੂੰ ਇਹ ਗੱਲ ਸ਼ੀਸ਼ੇ ਵਾਂਗੂੰ ਸਾਫ ਹੋ ਗਈ ਹੈ ਕਿ ਰਸਾਇਣਕ ਖੇਤੀ ਨੇ ਭੂਮੀ, ਪਾਣੀ, ਹਵਾ, ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਪੱਖੋਂ ਹਰੇਕ ਪ੍ਰਕਾਰ ਦੀ ਬੇਰਹਿਮ ਬਰਬਾਦੀ ਕੀਤੀ ਹੈ। ਜਦੋਂਕਿ ਕੁਦਰਤੀ ਖੇਤੀ ਸਭ ਤਰਾਂ ਦੇ ਕੁਦਰਤੀ ਸੋਮਿਆਂ ਨੂੰ ਸੁਰੱਖਿਅਤ ਕਰਕੇ ਭੂਮੀ, ਪਾਣੀ ਅਤੇ ਹਵਾ ਸਮੇਤ ਸਮੁਚੇ ਵਾਤਾਵਰਣ ਦੀ ਰੱਖਿਆ ਕਰਦੀ ਹੈ। ਇਹ ਸੱਚੇ ਅਰਥਾਂ ਵਿੱਚ ਸਰਬਤ ਦਾ ਭਲਾ ਕਰਨ ਵਾਲੀ ਖੇਤੀ ਹੈ। ਜਦੋਂ ਤੋਂ ਅਸੀਂ  ਕੁਦਰਤੀ ਖੇਤੀ ਵਿੱਚੋਂ ਉਪਜੀ ਖ਼ੁਰਾਕ ਖਾਣੀ ਸ਼ੁਰੂ ਕੀਤੀ ਹੈ ਉਦੋਂ ਤੋਂ ਸਾਡੇ ਪੂਰੇ ਪਰਿਵਾਰ ਵਿੱਚ ਕਿਸੇ ਨੂੰ ਬੁਖ਼ਾਰ ਤੱਕ ਨਹੀਂ ਹੋਇਆ। ਇਸਤੋਂ ਪਹਿਲਾਂ ਹਰ ਸਾਲ ਸਰਦ ਰੁੱਤ ਆਉਂਦੇ-ਆਉਂਦੇ ਮੈਨੂੰ ਟਾਈਫਾਈਡ ਹੋ ਜਾਂਦਾ ਸੀ ਪਿਛਲੇ ਪੰਜ ਸਾਲਾਂ ਤੋਂ ਕਦੇ ਨਹੀਂ ਹੋਇਆ। 
ਸਵਾਲ: ਕੁਦਰਤੀ ਖੇਤੀ ਕਰਨ ਦੇ ਇੱਛਕ ਨਵੇਂ ਕਿਸਾਨਾਂ ਨੂੰ ਕੀ ਸੁਨੇਹਾਂ ਦੇਣਾ ਚਾਹੋਗੇ?
ਜਵਾਬ: ਨਵੇਂ ਕਿਸਾਨਾਂ ਨੂੰ ਸਿਰਫ ਇੰਨਾ ਹੀ ਕਹਿਣਾ ਚਹੁੰਦਾ ਹਾਂ ਕਿ ਪੰਜ ਸਾਲ ਪਹਿਲਾਂ ਦੇ ਮੁਕਾਬਲੇ ਕੁਦਰਤੀ ਖੇਤੀ ਤਕਨੀਕ ਇੰਨੀ ਕੁ ਵਿਕਸਤ ਹੋ ਚੁੱਕੀ ਹੈ ਕਿ ਅੱਜ ਕੋਈ ਵੀ ਕਿਸਾਨ ਜੋ ਕੁਦਰਤੀ ਖੇਤੀ ਕਰਨ ਦਾ ਚਾਹਵਾਨ ਹੈ ਉਸਨੂੰ ਕਿਸੇ ਤਰਾਂ ਦਾ ਕੋਈ ਨੁਕਸਾਨ ਨਹੀਂ ਉਠਾਉਣਾ ਪਵੇਗਾ। ਬਸ਼ਰਤੇ ਕਿ ਉਹ ਕਣਕ-ਝੋਨੇ ਅਤੇ ਕਣਕ-ਨਰਮੇ ਦੇ ਫਸਲ ਚੱਕਰ ਨੂੰ ਹੁਸ਼ਿਆਰੀ ਨਾਲ ਤੋੜ ਕੇ ਮਿਸ਼ਰਤ ਫਸਲ ਪ੍ਰਣਾਲੀ ਤਹਿਤ ਗੁੜਜਲ ਅੰਮ੍ਰਿਤ ਅਤੇ ਪਾਥੀਆਂ ਦੇ ਪਾਣੀ ਦੀ ਲੋੜੀਂਦੀ ਵਰਤੋਂ ਕਰਦਾ ਹੋਇਆਂ ਕੁਦਰਤੀ ਖੇਤੀ ਨੂੰ ਆਪਣੇ ਖੇਤਾਂ ਵਿੱਚ ਥਾਂ ਦੇਵੇ। ਕਿਉਂਕਿ ਕੁਦਰਤੀ ਖੇਤੀ ਹੀ ਦੇਸ, ਸਮਾਜ, ਕਿਸਾਨ, ਕੁਦਰਤ ਅਤੇ ਸਮੁੱਚੇ ਵਾਤਾਵਰਣ ਦੇ ਹਿੱਤ ਦੀ ਖੇਤੀ ਹੈ। 

No comments:

Post a Comment