Friday, 20 January 2012

ਵਾਤਾਵਰਣ ਅਤੇ ਸਮਾਜ ਬਚਾਓ ਮੋਰਚਾ ਪੰਜਾਬ ਐਲਾਨਨਾਮਾ


1.ਜਿਉਂਦਾ ਰਹਿਣ  ਦੇ ਮਨੁੱਖੀ ਅਧਿਕਾਰ ਨੂੰ  ਸ਼ੁੱਧ ਹਵਾ, ਪੀਣ ਲਈ ਸ਼ੁੱਧ ਪਾਣੀ, ਪੌਸਟਿਕ ਭੋਜਨ, ਕੱਪੜਾ, ਮਕਾਨ, ਮੁਫਤ ਸੇਹਤ ਸੇਵਾਵਾਂ ਅਤੇ ਸਿੱਖਿਆ ਰਾਹੀਂ ਸਮਾਜਿਕ ਸੁਰੱਖਿਆ ਨੂੰ ਬੁਨਿਆਦੀ ਅਧਿਕਾਰ ਦੇ ਤੌਰ ਤੇ ਯਕੀਨੀ ਬਣਾਇਆ ਜਾਵੇ।
2. ਵਾਤਾਵਰਣ (ਹਵਾ, ਮਿੱਟੀ ਅਤੇ ਪਾਣੀ) ਪਲੀਤ ਕਰਨ ਦੇ ਸੋਮਿਆਂ ਦੀ ਪਹਿਚਾਣ ਕਰਕੇ, ਉਹਨਾ ਥਾਵਾਂ ਤੇ ਹੀ ਰੋਕਥਾਮ ਲਈ ਠੋਸ ਕਦਮ ਚੁੱਕੇ ਜਾਣ।
3. ਜ਼ੀ.ਐੱਮ ਫ਼ਸਲਾਂ ਦੀ ਆਮਦ ਨੂੰ ਰੋਕਣਾ ਯਕੀਨੀ ਬਣਾਇਆ ਜਾਵੇ।
4. ਵਾਤਾਵਰਣ/ ਕੁਦਰਤੀ ਸੰਤੁਲਨ ਵਿੱਚ ਵਿਗਾੜ (ਕਿੱਥੇ ਅਤੇ ਕਿੰਨਾ) ਦੀ ਸਚਾਈ ਜਾਨਣ ਲਈ ਸਰਕਾਰ ਵਾਤਾਵਰਣ/ਕੁਦਰਤੀ ਸੰਤੁਲਨ ਦਾ ਪੂਰਾ ਹਿਸਾਬ ਕਿਤਾਬ (ਆਡਿਟ) ਕਰਵਾਏ। ਇਸ ਦੇ ਮਨੁੱੁਖ ਅਤੇ ਸਮੂਹ ਪ੍ਰਾਣੀਆਂ ਤੇ ਪੈਣ ਵਾਲੇ ਪ੍ਰਭਾਵਾਂ ਦੇ ਤੱਥ ਸਾਹਮਣੇ ਆਉਣ ਤੇ ਇਸ  ਨੂੰ ਠੀਕ ਕਰਨ ਲਈ ਉਚਿੱਤ ਨੀਤੀਆਂ ਅਤੇ ਤਬਦੀਲੀਆਂ ਯਕੀਨੀ ਬਣਾਵੇ।
5. ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਠੋਸ ਨੀਤੀ ਬਣਾਈ ਜਾਵੇ ਅਤੇ ਇਸ ਨਾਲ ਜੁੜੇ ਕਿਸਾਨਾਂ ਨੂੰ ਵੀ ਰਿਆਇਤਾਂ ਦਿੱਤੀਆਂ ਜਾਣ।
6. ਮਾਲਵਾ ਖੇਤਰ ਵਿੱਚ ਵਾਤਾਵਰਣਕ ਜਹਿਰਾਂ ਦੇ ਪ੍ਰਕੋਪ ਦੇ ਮੱਦੇ ਨਜ਼ਰ ਉੱਥੇ ਜਨ ਸੇਹਤ ਐਮਰਜੈਂਸੀ ਐਲਾਨੀ ਜਾਵੇ ਅਤੇ ਸਾਰੇ ਜਰੂਰੀ ਸਾਧਨ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਏ ਜਾਣ।
7. ਵਿਧਾਨ ਸਭਾ ਚੋਣਾਂ ਵਿੱਚੋਂ ਧਨ ਅਤੇ ਬਾਹੂਬਲ ਅਤੇ ਪਰਿਵਾਰਵਾਦ ਦੀ ਜਕੜ ਤੋੜ ਕੇ ਆਮ ਲੋਕਾਂ ਦੀ ਪੁੱਗਤ ਵਧਾਈ ਜਾਵੇ।
8. ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਪੰਜਾਬ ਦੀ ਜਵਾਨੀ ਨਾਲ ਖਿਲਵਾੜ ਕਰਨ ਦਾ ਰੁਝਾਨ ਬੰਦ ਕਰਨ ਅਤੇ ਲੋਕ ਪਿੰਡ ਪੱਧਰ ਤੇ ਕਮੇਟੀਆਂ ਬਣਾ ਕੇ ਨਸ਼ੇ ਵਰਤਾਉਣ ਵਾਲਿਆਂ  ਨੂੰ ਮੂੰਹ ਤੋੜ ਜਵਾਬ ਦੇਣ।
9. ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਤੇ ਨਾਪਸੰਦਗੀ ਦਾ ਬਟਨ ਲਗਾਇਆ ਜਾਵੇ ਅਤੇ ਕੰਡਕਟ ਆਫ ਇਲੈਕਸ਼ਨ ਰੂਲ 1961 ਦੇ ਸੈਕਸ਼ਨ 49 (ਓ) ਦੇ ਤਹਿਤ ਮਿਲੇ ਅਧਿਕਾਰ ਦੇ ਇਸਤੇਮਾਲ ਨੂੰ ਆਸਾਨ ਬਣਾਉਣ ਲਈ ਹਰ ਪੋਲਿੰਗ ਬੂਥ ਤੇ 17 ਨੰਬਰ ਫਾਰਮ ਉਪਲਬਧ ਕਰਵਾਏ ਜਾਣ। ਲੋਕ ਵੀ ਜਮਹੂਰੀ ਪ੍ਰਬੰਧ ਨੂੰ ਮਜਬੂਤ ਕਰਨ ਅਤੇ ਇਸਤੇ ਜਬਰੀ ਕਾਬਜ ਲੋਕਾਂ ਨੂੰ ਬਾਹਰ ਕਰਨ ਦੇ ਉਪਰਾਲੇ ਵਜੋਂ ਇਸ ਅਧਿਕਾਰ ਦੇ ਇਸਤੇਮਾਲ ਲਈ ਅੱਗੇ ਆਉਣ।
10. ਚੋਣ ਮੈਨੀਫੈਸਟੋ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ ਤਾਂ ਕਿ ਵੋਟਰਾਂ ਨੂੰ ਲੁਭਾਉਣ ਲਈ ਝੂਠੇ ਵਾਅਦੇ ਕਰਨ ਅਤੇ ਬਾਦ ਵਿੱਚ ਮੁਕਰਨ ਦੀ ਪ੍ਰਵਿਰਤੀ ਖਤਮ ਕੀਤੀ ਜਾ ਸਕੇ।
11. ਹਰੇਕ ਇਲਾਕੇ ਨਾਲ ਸੰਬੰਧਿਤ ਠੋਸ ਮੁੱਦਿਆਂ ਦਾ ਹੱਲ ਕਰਨ ਲਈ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਤੋਂ ਲਿਖਤੀ ਵਾਅਦਾ ਲਿਆ ਜਾਵੇ।
1੨. ਪੰਜਾਬ ਦੇ ਲੋਕ ਆਪਸੀ ਧੜੇਬੰਦੀ ਖਤਮ ਕਰਕੇ ਪਿੰਡਾਂ ਅਤੇ ਮੁਹੱਲਿਆਂ ਅੰਦਰ ਚੋਣ ਪ੍ਰਚਾਰ ਅਤੇ ਵੋਟਾਂ ਦੇ ਮੌਕੇ ਸਾਂਝੇ ਮੰਚ ਉਸਾਰਣ। ਇਸ ਮੌਕੇ ਲੋਕ ਉਮੀਦਵਾਰਾਂ ਦੀ ਕਾਰਗੁਜਾਰੀ ਅਤੇ ਭਵਿੱਖ ਦੇ ਏਜੰਡੇ ਬਾਰੇ ਸਵਾਲ ਪੁੱਛਣ ਦਾ ਰੁਝਾਨ ਸ਼ੁਰੂ ਕਰਨ।  

No comments:

Post a Comment