Friday, 20 January 2012

ਕਵਰ ਸਟੋਰੀ- ਮੌਨਸੈਂਟੋ ਦੀਆਂ ਕਰਤੂਤਾਂ


ਇੱਕ ਵਾਰ ਫਿਰ ਵਿੱਗਿਆਨਕ ਧੋਖੇਬਾਜ਼ੀ ਦਾ ਸ਼ਿਕਾਰ ਹੋਇਆ ਦੇਸ

2011 ਦਾ ਅੰਤ 2010 ਦੀ ਤਰਾਂ ਹੀ ਭਾਰਤੀ ਵਿਗਿਆਨਕ ਸਮੁਦਾਇ 'ਤੇ ਧੱਬਾ ਛੱਡ ਗਿਆ। ਬੀ ਟੀ ਨਰਮਾ, ਜਿਸਦਾ ਪ੍ਰਚਾਰ-ਪ੍ਰਸਾਰ 'ਭਾਰਤ ਦੇ ਪਹਿਲੇ ਸਵਦੇਸ਼ੀ ਸਰਕਾਰੀ ਜੀ ਐੱਮ ਉਤਪਾਦ'ਦੇ ਤੌਰ ਤੇ ਕੀਤਾ ਗਿਆ ਸੀ, ਜੋ ਕਿ ਕੇਂਦਰੀ ਕਪਾਹ ਖੋਜ ਕੇਂਦਰ, ਨਾਗਪੁਰ, ਯੂਨੀਵਰਸਿਟੀ ਆਫ ਐਗਰੀਕਲਚਰਲ ਸਾਂਇੰਸਜ਼, ਧਾਰਵਾੜ ਅਤੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਦੁਆਰਾ ਪੈਦਾ ਕੀਤੀ ਗਈ ਮੰਨੀ ਗਈ ਸੀ, ਦੇ ਵਿੱਚ ਮੈਨਸੈਂਟੋ ਦੇ ਪੇਟੈਂਟਸ਼ੁਦਾ ਬੀ ਟੀ ਜੀਨ ਪਾਏ ਗਾਏ ਹਨ। ਸਿੱਟੇ ਵਜੋਂ ਭਾਰਤੀ ਖੇਤੀਬਾੜੀ ਖੋਜ਼ ਪਰਿਸ਼ਦ ਨੂੰ ਇਸ ਤਰਾਂ ਦੇ ਸਵਦੇਸ਼ੀ ਜ਼ੀ ਐੱਮ ਨਰਮਾ ਬੀਜ ਉਤਪਾਦਨ ਨੂੰ ਬੰਦ ਕਰਨਾ ਪਿਆ। ਇਹ ਖੁਲਾਸਾ ਕਰਦਿਆਂ 'ਜੀ ਐਮ ਮੁਕਤ ਭਾਰਤ ਗਠਜੋੜ' ਨੇ ਦਾਅਵਾ ਕੀਤਾ ਹੈ ਕਿ ਇਸ ਤਰਾਂ ਭਾਰਤੀ ਬਾਇਓਤਕਨੀਕੀ ਦੇ ਮਾਹਿਰਾਂ ਨੇ ਨਾ ਸਿਰਫ ਆਮ ਜਨਤਾ ਦੇ ਪੈਸੇ ਦਾ ਦੁਰਪਯੋਗ ਹੀ ਕੀਤਾ ਹੈ ਸਗੋਂ ਮੌਨਸੈਂਟੋ ਦੀ ਪੇਟੈਂਟਸ਼ੁਦਾ ਤਕਨੀਕ ਨੂੰ ਆਪਣੀ ਤਕਨੀਕ ਦੱਸ ਕੇ ਦੇਸ ਨੂੰ ਗੁੰਮਰਾਹ ਵੀ ਕੀਤਾ ਹੈ। 
ਇਸ ਲਈ ਗਠਜੋੜ ਮੰਗ ਕਰਦਾ ਹੈ ਕਿ ਸਰਕਾਰ ਜਨਤਕ ਖੇਤਰ ਵਿੱਚ ਹੋ ਰਹੀ ਇਸ ਤਰਾਂ ਦੀ ਕਿਸੇ ਵੀ ਜੀਨ ਪਰਿਵਰਤਿਤ ਖੋਜ਼ ਉੱਤੇ ਤੁਰੰਤ ਰੋਕ ਲਾਵੇ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਪ੍ਰਕਾਰ ਦੇ  ਹੋਰਨਾ ਖੋਜ਼ ਪ੍ਰੋਜੈਕਟਾਂ ਦੀ ਉੱਚ ਪੱਧਰੀ ਤੇ ਸੁਤੰਤਰ ਪੜਤਾਲ ਕੀਤੀ ਜਾਵੇ। ਗਠਜੋੜ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਨੂੰ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਮਾਮਲਾ ਸਮਝਿਆ ਜਾਵੇ ਅਤੇ ਇਸ ਵਿੱਚ ਸ਼ਾਮਿਲ ਸਾਰੇ ਸੰਸਥਾਨਾਂ ਅਤੇ ਵਿਗਿਆਨੀਆਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। 
ਬੀ ਟੀ ਨਰਮਾ, ਜਿਸ ਬਾਰੇ ਇਹ ਵਿਵਾਦ ਪੈਦਾ ਹੋਇਆ ਹੈ, ਉਸਦੀ ਇੱਕ ਕਿਸਮ ਹੈ ਬੀਕਾਨੇਰੀ ਨਰਮਾ (ਬੀ ਐਨ) ਬੀ ਟੀ ਅਤੇ ਇੱਕ ਹੈ ਐੱਨ ਐੱਚ ਐੱਚ 44 ਬੀ ਟੀ (ਹਾਈਬ੍ਰਿਡ)। ਇਹਨਾਂ ਦੋਵਾਂ ਵਿੱਚ ਬੀ ਟੀ ਕ੍ਰਾਈ 1 ਏ ਸੀ ਪ੍ਰੋਟੀਨ ਜੀਨ ਪਾਇਆ ਗਿਆ ਹੈ। ਕੇਂਦਰੀ ਕਪਾਹ ਖੋਜ ਕੇਂਦਰ ਅਤੇ ਯੂਨੀਵਰਸਿਟੀ ਆੱਫ ਐਗਰੀਕਲਚਰਲ ਸਾਂਇੰਸਜ਼ ਇਹ ਦਾਵਾ ਕਰਦੇ ਹਨ ਕਿ ਬੀ ਐੱਨ ਬੀ ਟੀ ਵਿੱਚ ਜੋ ਕ੍ਰਾਈ 1 ਏ ਸੀ ਜੀਨ ਹੈ, ਜੋ ਕਿ ਮੌਨਸੈਂਟੋ ਦੇ ਉਤਪਾਦ MON 531 ਵਿੱਚ ਪਾਏ ਜਾਣ ਵਾਲੇ ਕ੍ਰਾਈ 1 ਏ ਸੀ ਜੀਨ ਦੇ ਨਾਲ ਮਿਲਦਾ ਜੁਲਦਾ ਹੈ, ਉਹ ਉਹਨਾਂ ਦੁਆਰਾ ਵਿਕਸਿਤ ਕੀਤਾ ਗਿਆ ਹੈ। ਕੇਂਦਰੀ ਕਪਾਹ ਖੋਜ ਕੇਂਦਰ ਦੇ ਇੱਕ ਅਖ਼ਬਾਰ(ਅਪ੍ਰੈਲ-ਜੂਨ 2008) ਨੇ GEAC ਵੱਲੋਂ ਜੀਨ ਪਰਿਵਰਤਿਤ ਬੀ ਐੱਨ ਬੀ ਟੀ ਨੂੰ ਮਨਜ਼ੂਰੀ ਦਿੱਤੇ ਜਾਣ ਉਪਰੰਤ ਇਹ ਦਾਅਵਾ ਕੀਤਾ ਹੈ ਕਿ ਇਸ ਬੀ ਟੀ ਨਰਮੇ ਦਾ ਵਿਕਾਸ ਵਿਸ਼ਵ ਬੈਂਕ ਦੁਆਰਾ ਸਹਾਇਤਾ ਪ੍ਰਾਪਤ NATP ਦੁਆਰਾ ਸਨ 2000 ਤੋਂ 2008 ਤੱਕ ਦੇ ਸਮੇਂ ਦੌਰਾਨ  ਕੀਤਾ ਗਿਆ ਹੈ। ਇਸ ਸਥਿਤੀ ਵਿੱਚ ਇਹ ਮੰਨ ਲਿਆ ਗਿਆ ਕਿ ਬੀ ਟੀ ਕ੍ਰਾਈ 1 ਏ ਸੀ ਜੀਨ IARI ਦੀ NRPCB  ਦੁਆਰਾ CICR  ਦੇ ਨਾਲ ਮਿਲ ਕੇ ਵਿਕਸਿਤ ਕੀਤਾ ਗਿਆ ਹੈ ਅਤੇ ਇਸਦੇ ਬੀਜਾਂ ਨੂੰ ਵਧਾਉਣ ਦਾ ਕੰਮ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਂਇੰਸਜ਼ ਨੇ ਕੀਤਾ ਹੈ।
GEAC ਦੀ 2 ਅਪ੍ਰੈਲ 2008 ਨੂੰ ਹੋਈ ਬੈਠਕ ਦੌਰਾਨ ਇਸ ਦੇ ਮੈਂਬਰਾਂ ਨੇ ਪਹਿਲਾਂ ਤਾਂ ਵੱਡੇ ਪੱਧਰ ਤੇ ਇਹਨਾਂ ਸੰਸਥਾਵਾਂ ਦੁਆਰਾ ਵਿਕਸਤ ਕੀਤੇ ਗਏ ਇਸ ਬੀਟੀ ਨਰਮੇ ਦੇ ਟ੍ਰਾਇਲ ਕਰਨ ਦੀ ਇਜ਼ਾਜਤ ਦੇ ਦਿੱਤੀ ਪਰ ਫਿਰ ਅਗਲੀ ਮੀਟਿੰਗ, ਜੋ ਕਿ ਮਈ 2008 ਵਿੱਚ ਹੋਈ, ਮੈਂਬਰਾਂ ਨੇ ਦੁਬਾਰਾ ਆਪਣੇ ਫੈਸਲੇ ਤੇ ਵਿਚਾਰ ਕੀਤਾ ਅਤੇ ਬੀ ਟੀ ਨੂੰ ਬਿਨਾਂ ਕਿਸੇ ਟ੍ਰਾਇਲ ਦੇ ਵੇਚਣ ਦੀ ਅਗਿਆ ਦੇ ਦਿੱਤੀ। ਇਸ ਦੇ ਪਿੱਛੇ ਉਹਨਾਂ ਦਾ ਤਰਕ ਇਹ ਸੀ ਕਿ ਕਿਸਾਨ ਬੀਕਾਨੇਰੀ ਬੀ ਟੀ ਨਰਮੇ ਦੇ ਬੀਜ ਬਚਾ ਸਕਦੇ ਹਨ, ਇਸ ਲਈ ਵੱਡੇ ਟ੍ਰਾਇਲ ਦੀ ਲੋੜ ਨਹੀਂ ਹੈ। ਹਾਲਾਂਕਿ ਇੱਕ ਸਾਲ ਦੇ ਪ੍ਰਚਾਰ-ਪ੍ਰਸਾਰ ਤੋ ਬਾਅਦ ਬਿਨਾਂ ਕੋਈ ਸਫਾਈ ਦਿੱਤੇ ਇਸਨੂੰ ਬਾਜ਼ਾਰ ਵਿੱਚੋਂ ਵਾਪਸ ਲੈ ਲਿਆ ਗਿਆ ਅਤੇ ਇਸਦੀ ਉਸ ਸਮੇਂ ਤੱਕ ਦੀ ਕਾਰਗੁਜ਼ਾਰੀ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ। ਫਿਰ ਉਸੇ ਬੀ ਟੀ ਜੀਨ ਦੀ ਵਰਤੋਂ,NHH 44 ਨਾਂ ਦੇ ਬੀ ਟੀ ਹਾਈਬ੍ਰਿਡ ਨੂੰ ਬਣਾਉਣ ਵਿੱਚ ਇਸਤੇਮਾਲ ਕੀਤੀ ਗਈ। ਜ਼ੀ ਐੱਮ ਮੁਕਤ ਭਾਰਤ ਦੀਆਂ ਦੋ ਮੈਂਬਰ ਜੱਥੇਬੰਦੀਆਂ, ਯੁਵਾ ਅਤੇ ਹਮਾਰਾ ਬੀਜ ਅਭਿਆਨ ਵੱਲੋ 2010 ਵਿੱਚ ' 2009 ਵਿੱਚ ਕੇਂਦਰੀ ਕਪਾਹ ਖੋਜ ਕੇਂਦਰ ਦੇ ਬੀ ਟੀ ਨਰਮੇ ਦੀ ਕਾਰਗੁਜ਼ਾਰੀ - ਇੱਕ ਸਰਵੇ ਰਿਪੋਰਟ' ਲਿਆਂਦੀ ਗਈ ਜੋ ਕਿ ਇਹ ਦੱਸਦੀ ਹੈ ਕਿ ਬੀਕਾਨੇਰੀ ਬੀ ਟੀ ਨਰਮਾ ਕਿਸਾਨਾਂ ਦੇ ਖੇਤਾਂ ਵਿੱਚ ਸਫਲ ਨਾ ਹੋ ਸਕਿਆ ਅਤੇ ਸਾਰੇ ਦਾਅਵੇ ਝੂਠ ਨਿਕਲੇ। ਸਭ ਤੋ ਜ਼ਿਆਦਾ ਬੁਰੀ ਗੱਲ ਇਹ ਰਹੀ ਕਿ ਇਸ ਅਸਫਲਤਾ ਦੀ ਜਿੰਮੇਦਾਰੀ ਕਿਸੇ ਨੂੰ ਵੀ ਨਹੀਂ ਦਿੱਤੀ ਗਈ।  ਇਸੇ ਰਿਪੋਰਟ ਵਿੱਚ ਹੀ ਗਠਜੋੜ ਵੱਲੋ ਇਹ ਮੰਗ ਕੀਤੀ ਗਈ ਕਿ ਕੇਂਦਰੀ ਕਪਾਹ ਖੋਜ ਕੇਂਦਰ ਇਸ ਗੱਲ ਦੀ ਸਫਾਈ ਦੇਵੇ ਕਿ ਆਖਿਰ ਉਹ ਕਿਹੜੇ ਕਾਰਨ ਸਨ ਜਿੰਨਾ ਕਰਕੇ ਬੀਕਾਨੇਰੀ ਬੀ ਟੀ ਨਰਮੇ ਨੂੰ ਇੱਕ ਸਾਲ ਦੇ ਅੰਦਰ-ਅੰਦਰ ਵਾਪਸ ਲੈ ਲਿਆ ਗਿਆ। 
ਹੁਣ ਆਰ ਟੀ ਆਈ ਦੇ ਰਾਹੀ ਇਹ ਗੱਲ ਸਾਹਮਣੇ ਆਈ ਹੈ ਕਿ ਕੇਂਦਰੀ ਕਪਾਹ ਖੋਜ ਕੇਂਦਰ, ਨਾਗਪੁਰ ਅਤੇ ਯੂਨੀਵਰਸਿਟੀ ਆੱਫ ਐਗਰੀਕਲਚਰਲ ਸਾਇੰਸਜ਼ ਦੁਆਰਾ ਵਰਤੇ ਗਏ ਬੀ ਟੀ ਜੀਨ ਦੀ ਬਣਤਰ, ਵਿੱਚ ਕੁੱਝ ਵੀ ਦੇਸੀ ਨਹੀ ਸੀ, ਉਹ ਤਾਂ ਮੌਨਸੈਂਟੋ ਦਾ ਕ੍ਰਾਈ 1 ਏ ਸੀ ਜੀਨ ਸੀ। ਮੀਡੀਆ ਦੀਆਂ ਖ਼ਬਰਾਂ ਦੇ ਅਨੁਸਾਰ, NARS ਇਹ ਕਹਿ ਕੇ ਕਿ ਇਹ ਨਰਮੇ ਦੇ ਬੀਟੀ ਬੀਜ ਦੀ ਇਹ ਕਿਸਮ ਦੂਸ਼ਿਤ ਹੋ ਚੁੱਕੀ ਹੈ, ਇਸਦਾ ਬਚਾਅ ਕਰ ਰਿਹਾ ਹੈ। ਇਹ ਮਜ਼ੇ ਦੀ ਗੱਲ ਹੈ ਕਿ ਜਦ ਸਿਵਲ ਸੁਸਾਇਟੀ ਗਰੁੱਪਾਂ ਦੇ ਮੈਂਬਰਾਂ ਦੁਆਰਾ ਬੀ ਟੀ ਦੇ ਦੇਸ਼ ਵਿੱਚ ਆਉਣ 'ਤੇ ਦੂਸਰੀਆਂ ਦੇਸੀ ਕਿਸਮਾਂ ਨੂੰ ਦੂਸ਼ਿਤ ਕਰਨ ਦੇ ਖਤਰੇ ਬਾਰੇ ਦੱਸਿਆ ਸੀ ਤਾਂ ਇਹਨਾਂ ਵਿਗਿਆਨਕਾਂ ਨੇ ਇਹਨਾਂ ਗੱਲਾਂ ਨੂੰ ਖਾਰਿਜ਼ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਵਿਕਾਸ ਵਿਰੋਧੀ ਦੱਸਿਆ ਸੀ ਪਰ ਅੱਜ ਉਹੀ ਵਿਗਿਆਨਕ ਆਪਣੀ ਅਸਫਲਤਾ ਦੀ ਸਫਾਈ ਦੇਣ ਵੇਲੇ ਸਿਵਲ ਸੁਸਾਇਟੀ ਦੇ ਮੈਂਬਰਾਂ ਦੁਆਰਾ ਚਿਤਾਏ ਖ਼ਤਰੇ ਨੂੰ ਸ਼ਪੱਸ਼ਟੀਕਰਨ ਦੇਣ ਲਈ ਵਰਤ ਰਹੇ ਹਨ। 
ਇਹਨਾਂ ਗੱਲਾਂ ਕਰਕੇ ਕੁੱਝ ਪ੍ਰਸ਼ਨ ਪੈਦਾ ਹੁੰਦੇ ਹਨ-
• ਇਹ ਕਿਵੇਂ ਹੋ ਸਕਦਾ ਹੈ ਕਿ ਜਿੰਨਾ ਰੈਗੂਲੇਟਰਾਂ ਨੇ ਲਗਾਤਾਰ ਉਤਪਾਦ ਦਾ ਪ੍ਰੀਖਣ ਕੀਤਾ, ਉਹ ਵਰਤੀ ਗਈ ਜੀਨ ਬਣਤਰ ਨੂੰ ਪਹਿਚਾਣ ਨਾ ਸਕੇ ਹੋਣ। ਇਹ ਰੈਗੂਲੇਟਰਾਂ ਦੀ ਕਾਬਲੀਅਤ ਉੱਤੇ ਸਵਾਲ ਉਠਾਉਂਦਾ ਹੈ। 
• ਇਹ ਵੀ ਸਾਹਮਣੇ ਲਿਆਉਣ ਵਾਲੀ ਗੱਲ ਹੈ ਕਿ ਉਸ ਸਮੇਂ ਦੇ CICR ਦੇ ਨਿਰਦੇਸ਼ਕ,GEAC  ਦੇ ਮੈਂਬਰ ਵੀ ਸਨ। ਇਹ ਹਿੱਤਾਂ ਦੇ ਸੰਘਰਸ਼ ਦਾ ਇੱਕ ਸਾਫ-ਸਾਫ ਮਾਮਲਾ ਹੈ।
• ਜੇ ਇਹ ਜੈਵਿਕ ਪ੍ਰਦੂਸ਼ਣ ਦਾ ਮਾਮਲਾ ਹੈ ਅਤੇ ਇਸੇ ਕਰਕੇ ਬੀਜ ਉਤਪਾਦਨ ਰੋਕਿਆ ਗਿਆ ਹੈ ਕਿਉਕਿ ਮੌਨਸੌਂਟੋ ਦੇ ਕੋਲ ਜੀਨ ਅਤੇ ਤਕਨੀਕ ਉੱਪਰ  ਪੇਟੈਂਟ  ਹੈ। ਤਾਂ ਫਿਰ ਬਾਕੀ ਜਿੰਨੀਆਂ ਬੀ ਟੀ ਫਸਲਾਂ ਜਿਹੜੀਆਂ ਲਾਈਨ ਵਿੱਚ ਹਨ, ਉਹਨਾਂ ਦਾ ਕੀ ਬਣੇਗਾ ਕਿਉਕਿ ਜੈਵਿਕ ਪ੍ਰਦੂਸ਼ਣ ਨਹੀ ਰੋਕਿਆ ਜਾ ਸਕਦਾ।
• ਕੀ ਇਹ ਫ਼ਸਲਾਂ ਦਾ ਜੈਵਿਕ ਪ੍ਰਦੂਸ਼ਣ ਹੈ ਜਾਂ ਫਿਰ ਇੱਕ ਵਿਗਿਆਨਕ ਧੋਖਾਧੜੀ ਹੈ ਜੋ ਕਿ ਦੇਸੀ ਤਕਨੀਕ ਦੀ ਅਯੋਗਤਾ ਨੂੰ ਦਰਸਾਉਂਦੀ ਹੈ। 
• ਸਵਾਲ ਤਾਂ ਇਹ ਹੈ ਕਿ ਬੀਕਾਨੇਰੀ ਬੀ ਟੀ ਨਰਮੇ ਅਤੇ ਐਨ ਐੱਚ ਐੱਚ 44 ਬੀ ਟੀ ਉੱਪਰ ਹੁਣ ਕਿਸਦਾ ਅਧਿਕਾਰ ਹੈ। ਕੀ ਭਾਰਤੀ ਵਿਗਿਆਨਕਾਂ ਨੇ ਇਸਨੂੰ ਮੌਨਸੈਂਟੋ ਨੂੰ ਇੱਕ ਉਪਹਾਰ ਦੇ ਤੌਰ 'ਤੇ ਦਿੱਤਾ ਹੈ? 
• ਕੀ ਕੀੜਿਆਂ, ਬਿਮਾਰੀਆਂ ਅਤੇ ਵਾਤਾਵਰਣੀ ਖ਼ਤਰੇ ਨੂੰ ਕਾਬੂ ਕਰਨ ਦੇ ਸਥਾਨਕ ਤਰੀਕਿਆਂ ਨੂੰ ਛੱਡ ਕੇ ਜੀ ਐੱਮ ਤਕਨੀਕ ਉੱਪਰ ਇੰਨਾਂ ਪੈਸਾ ਖ਼ਰਚ ਕਰਕੇ ਇਹੀ ਸਭ ਕੁੱਝ ਮਿਲਦਾ ਹੈ?

ਇਹ ਪ੍ਰਕਰਣ ਇਹ ਵੀ ਦਰਸਾਂਦਾ ਹੈ ਕਿ ਜੀਨ ਪਰਿਵਰਤਿਤ ਫਸਲਾਂ  ਨਾਲ ਸੰਬੰਧਿਤ ਪੇਟੈਂਟ ਦੇ ਮਾਮਲੇ ਅਤੇ ਭਾਰਤੀ ਵਿਗਿਆਨਕਾਂ ਦੁਆਰਾ ਮੌਨਸੈਂਟੋ ਦੀ ਪੇਟੈਂਟ ਤਕਨੀਕ ਨੂੰ ਵਰਤ ਲੈਣ ਦੀ ਕਲਪਨਾ ਆਦਿ ਬਾਰੇ ਦੁਬਾਰਾ ਸੋਚਣ ਦੀ ਲੋੜ ਹੈ।
ਭਾਰਤੀ ਵਿਗਿਆਨਕ ਬਿਨਾਂ ਕਿਸੇ ਹੋਰ ਵਿਕਲਪ ਬਾਰੇ ਸੋਚੇ ਜੀ ਐੱਮ ਤਕਨੀਕ ਨੂੰ ਫੈਲਾਉਣ ਵਿੱਚ ਲੱਗੇ ਹੋਏ ਹਨ। ਹਾਲਾਂਕਿ ਇਹਨਾਂ ਦੇ ਕੋਲ ਇਸ ਜੀ ਐੱਮ ਤਕਨੀਕ ਦੇ ਖ਼ਤਰਿਆਂ ਬਾਰੇ ਸਾਰੇ ਪ੍ਰਮਾਣ ਹਨ। ਅਜਿਹੇ ਵਿਗਿਆਨਕ ਧੋਖੇ ਇਹ ਪ੍ਰਸ਼ਨ ਪੈਦਾ ਕਰਦੇ ਹਨ ਕਿ ਬਾਇਓਤਕਨੀਕ ਦੇ ਵਿਗਿਆਨਕ ਜੀ ਐੱਮ ਤਕਨੀਕ ਨੂੰ ਸਾਡੀ ਖੇਤੀ ਉੱਪਰ ਥੋਪਣ ਲਈ ਕਿਸ ਹੱਦ ਤੱਕ ਜਾਣਗੇ ਅਤੇ ਕਿਹੜੀ ਚੀਜ਼ ਉਹਨਾਂ ਨੂੰ ਇਹ ਸਭ ਕਰਨ ਲਈ ਪ੍ਰੇਰਿਤ ਕਰਦੀ ਹੈ। ਕੀ ਆਮ ਜਨਤਾ ਨੂੰ ਅਜਿਹੇ ਵਿਗਿਆਨਕਾਂ ਤੇ ਭਰੋਸਾ ਕਰਨਾ ਚਾਹੀਦਾ ਹੈ ਜੋ ਦੇਸ਼ ਅਤੇ ਦੇਸ਼ ਦੀ ਜਨਤਾ ਨਾਲ ਧੋਖਾਧੜੀ ਕਰਨ ਤੋਂ ਕਦੇ ਵੀ ਬਾਜ਼ ਨਹੀਂ ਆਉਂਦੇ। 
ਦੁਰਭਾਗ ਨਾਲ ਇਹ ਵਿਗਿਆਨਕ ਧੋਖਾਧੜੀ ਦਾ ਕੋਈ ਪਹਿਲਾਂ ਮਾਮਲਾ ਨਹੀ ਹੈ ਜੋ ਕਿ ਦੇਸ਼ ਦੇਖ ਰਿਹਾ ਹੈ।  ਪਿਛਲੇ ਸਾਲ 6 ਪ੍ਰਸਿੱਧ ਵਿਗਿਆਨਕ ਅਕਾਦਮੀਆਂ ਨੇ ਬੀ ਟੀ ਬੈਂਗਣ ਦੇ ਪੱਖ ਵਿੱਚ ਅਤੇ ਉਸਦੇ ਪ੍ਰਸਾਰ ਲਈ ਮੌਨਸੈਂਟੋ ਦੇ ਬੀ ਟੀ ਦੇ ਪੱਖ ਵਿੱਚ ਦਿੱਤੇ ਤਰਕਾਂ ਨੂੰ ਆਪਣੇ ਨਾਮ ਤੇ ਵਰਤਿਆ। ਉਸ ਸਮੇਂ ਦੇ ਵਾਤਾਵਰਣ ਅਤੇ ਜੰਗਲਾਤ ਵਿਭਾਗ ਦੇ ਮੰਤਰੀ ਸ਼੍ਰੀ ਜੈਰਾਮ ਰਮੇਸ਼ ਨੇ ਇਸ ਰਿਪੋਰਟ ਨੂੰ ਇਹ ਕਹਿ ਕੇ ਕਿ ਇਹ ਰਿਪੋਰਟ ਵਿਗਿਆਨਕ ਗੁਣਵੱਤਾ ਉੱਤੇ ਖਰੀ ਨਹੀ ਉੱਤਰਦੀ, ਖਾਰਿਜ ਕਰ ਦਿੱਤਾ। ਇਸਦੇ ਬਾਵਜੂਦ ਵੀ ਅਕਾਦਮੀਆਂ ਨੇ ਸਿਰਫ ਬੀ ਟੀ ਬੈਂਗਣ ਦੀ ਇੱਕ ਧਾਰਾ ਦਾ ਸੰਸ਼ੋਧਨ ਕਰਕੇ ਵਾਪਸ ਸਾਰਵਜਨਿਕ ਕਰ ਦਿੱਤਾ  ਅਤੇ ਕਿਹਾ ਕਿ ਉਹ ਆਪਣੇ ਕੱਢੇ ਹੋਏ ਨਤੀਜਿਆਂ ਦੇ ਨਾਲ ਖੜੇ ਹਨ। ਇਸ ਸਭ ਉੱਪਰ ਕੋਈ ਕਾਰਵਾਈ ਨਹੀ ਕੀਤੀ ਗਈ, ਕੋਈ ਸਫਾਈ ਨਹੀ ਮੰਗੀ ਗਈ ਕਿ ਇਹ ਕਿਉਂ ਹੋਇਆ ਅਤੇ ਨਾ ਹੀ ਕਿਸੇ ਦੇ ਖ਼ਿਲਾਫ ਕੋਈ ਕਦਮ ਚੁੱਕਿਆ ਗਿਆ। ਗਠਜੋੜ ਨੇ ਇਸਨੂੰ ਇੱਕ ਵਿਗਿਆਨਕ ਸਮੁਦਾਇ ਦੁਆਰਾ ਦੇਸ਼ ਅਤੇ ਦੇਸ਼ ਦੇ ਲੋਕਾਂ ਨਾਲ ਵੱਡਾ ਧੋਖਾ ਦੱਸਿਆ।  ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਦੋਵੇਂ ਘੋਟਾਲਿਆਂ ਵਿੱਚ ਡਾ. ਪੀ ਅਨੰਦ ਕੁਮਾਰ, NRCPB ਅਤੇ ਡਾ. ਕੇ ਸੀ ਬਾਂਸਲ, ICAR ਨੇ ਪ੍ਰਮੁੱਖ ਰੋਲ ਅਦਾ ਕੀਤਾ। 
ਇਹ ਸਮੁੱਚਾ ਘਟਨਾਕ੍ਰਮ ਅਤੇ ਖ਼ਾਸ ਤੌਕ ਤੇ UAS-D/CICR/IARI(NRCPB) ਦੀ ਅਸਫਲਤਾ ਇਹ ਸਾਬਤ ਕਰਦੀ ਹੈ ਕਿ ਭਾਰਤੀ ਵਿਗਿਆਨਕਾਂ ਦਾ ਇੱਕ ਤਬਕਾ  ਦੇਸ਼  ਅਤੇ ਦੇਸ਼ ਦੇ ਲੋਕਾਂ ਨਾਲ ਬੇਈਮਾਨੀ ਕਰਨ ਅਤੇ ਉਹਨਾਂ ਨੂੰ ਗੁੰਮਰਾਹ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀ ਕਰਦਾ। ਪਬਲਿਕ ਖੇਤਰ ਨੂੰ ਕਿਸੇ ਵੀ ਅਜਿਹੀ ਤਕਨੀਕ ਨੂੰ ਕਿਸਾਨਾਂ ਅਤੇ ਖ਼ਪਤਕਾਰਾਂ ਉੱਪਰ ਥੋਪਣ ਦੀ ਲੋੜ ਨਹੀਂ ਹੈ, ਜਿਹੜੀ ਕਿ ਹਾਲੇ ਤੱਕ ਵਿਵਾਦਾ ਵਿੱਚ ਘਿਰੀ ਹੋਈ ਹੈ ਅਤੇ ਜਿਸਨੂੰ ਹਾਲੇ ਤੱਕ ਸੁਰੱਖਿਅਤ ਨਹੀਂ ਮੰਨਿਆ ਗਿਆ। ਸਾਡੇ ਕੋਲ ਖੇਤੀ ਸੰਕਟ ਨਾਲ ਨਿਪਟਣ ਲਈ ਲੇਕ ਅਤੇ ਕਿਸਾਨ ਪੱਖੀ ਸਫਲ ਅਤੇ ਢੁਕਵੇ ਸਮਾਧਾਨ ਹਨ। KVM-ASHA-CGMFI  ਇਹ ਮੰਗ ਕਰਦੇ ਹਨ ਕਿ ਸਰਕਾਰ ਜੀ ਐੱਮ ਵਰਗੀ ਵਿਵਾਦਾਂ ਵਿੱਚ ਘਿਰੀ ਤਕਨੀਕ ਤੇ ਕੰਮ ਕਰਨ ਦੀ ਬਜਾਏ  ਇਹਨਾਂ ਸਮਾਧਾਨਾਂ ਉੱਪਰ ਕੰਮ ਕਰੇ।
ਕੁੱਝ ਰਾਜਨੀਤਿਕ ਦਲ ਜੋ ਕਿ ਪਬਲਿਕ ਖੇਤਰ ਵਿੱਚ ਜੀ ਐੱਮ ਬੀਜਾਂ ਦਾ ਸਮਰਥਨ ਕਰਦੇ ਹਨ, ਉਹਨਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਅਸੁਰੱਖਿਅਤ ਵਸਤੂ ਸਿਰਫ ਇਸ ਲਈ ਸੁਰੱਖਿਅਤ ਨਹੀ ਮੰਨੀ ਜਾ ਸਕਦੀ ਕਿਉਕਿ ਉਹ ਪਬਲਿਕ ਖੇਤਰ ਵੱਲੋ ਲਿਆਂਦੀ ਜਾ ਰਹੀ ਹੈ।  ਵਾਸਤਵ ਵਿੱਚ ਜਵਾਬਦੇਹੀ ਦੇ ਮੁੱਦੇ ਇੱਥੇ ਅੰਧੇਰੇ ਵਿੱਚ ਰੱਖ ਦਿੱਤੇ ਗਏ ਹਨ ਜਿਵੇਂ ਕਿ CICR ਦੇ ਬੀ ਟੀ ਨਰਮੇ ਦੇ ਕੇਸ ਵਿੱਚ ਦੇਖਿਆ ਗਿਆ ਹੈ ਜਿੱਥੇ ਕਿ ਵੱਡੇ ਪੱਧਰ ਤੇ ਫੀਲਡ ਟ੍ਰਾਇਲ ਨੂੰ ਸਿਰਫ ਇਸੇ ਲਈ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿਉਕਿ ਇਹ ਬੀ ਟੀ ਪਬਲਿਕ ਖੇਤਰ ਵੱਲੋਂ ਲਿਆਂਦਾ ਜਾ ਰਿਹਾ ਸੀ।
'ਅੰਤ, ਇਹ ਸਾਰੇ ਪ੍ਰਯੋਗ ਦੁਖੀ ਭਾਰਤੀ ਕਿਸਾਨ ਦੀ ਕੀਮਤ ਤੇ ਹੋ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ। ਇਸ ਮੁੱਦੇ ਉੱਪਰ ਉੱਚੇ ਸਤਰ ਦੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਅਸੀ ਮੰਗ ਕਰਦੇ ਹਾਂ ਕਿ ਸਰਕਾਰ ਇਸ ਮੁੱਦੇ ਤੇ ਜਿੰਨਾ ਵੀ ਨਿਵੇਸ਼ ਕੀਤਾ ਗਿਆ ਹੈ ਉਸਦੀ ਸਾਫ-ਸਾਫ ਜਾਣਕਾਰੀ ਦੇਵੇ ਅਤੇ ਜਦ ਤੱਕ ਸਾਰੇ ਪ੍ਰਸ਼ਨਾਂ ਦੇ ਉੱਤਰ, ਜਿੰਨਾ ਵਿੱਚ, ਪਬਲਿਕ ਖੇਤਰ ਵਿੱਚ ਜੀਨ ਪਰਿਵਰਤਿਤ ਖੋਜ ਅਤੇ ਵਿਕਾਸ ਲਈ ਪ੍ਰਯੋਗ ਕੀਤੀਆ ਤਕਨੀਕਾ, ਪੇਟੈਂਟ ਦੇ ਮੁੱਦੇ, ਭਵਿੱਖ ਵਿੱਚ ਜੈਵਿਕ ਪ੍ਰਦੂਸ਼ਣ ਦੀ ਸੰਭਾਵਨਾ ਦੇ ਮੁੱਦੇ ਸ਼ਾਮਿਲ ਹਨ, ਉਦੋਂ ਤੱਕ ਪ੍ਰੋਜੈਕਟ ਦੇ ਲਈ ਨਿਵੇਸ਼ ਬੰਦ ਕਰ ਦਿੱਤਾ ਜਾਵੇ। ਇਹਨਾਂ ਦੁਰਲਭ ਅਤੇ ਬਹੁਮੁੱਲੇ ਸੰਸਾਧਨਾ ਦੀ ਵਰਤੋਂ ਸੁਰੱਖਿਅਤ ਅਤੇ ਕਿਸਾਨੀ ਨਿਯੰਤਰਣ ਵਾਲੀ ਤਕਨੀਕ ਨੂੰ ਕਿਸਾਨਾਂ ਤੱਕ ਲੈ ਜਾਣ ਲਈ ਕੀਤਾ ਜਾਣਾ ਚਾਹੀਦਾ ਹੈ। ਖੇਤੀ ਵਿਰਾਸਤ ਮਿਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਹ ਬੇਨਤੀ ਕਰਦਾ ਹੈ ਕਿ ਉਹ ਇਹਨਾਂ ਸਾਰੇ ਪ੍ਰਕਰਣਾਂ ਤੋਂ ਸਬਕ ਸਿੱਖੇ ਅਤੇ ਆਪਣੇ ਖੋਜ ਏਜੰਡੇ ਖਾਸ ਕਰਕੇ ਜੀ ਐੱਮ ਫਸਲਾਂ ਦੀ ਸਮੀਖਿਆ ਕਰੇ। 

ਜੀਨ ਪਰਿਵਰਤਿਤ ਭੋਜਨ ਪ੍ਰਤੀ ਲੇਕ ਚੇਤਨਾ
ਭਾਰਤੀ ਵਿਗਿਆਪਨ ਮਿਆਰ ਕੌਸਿਲ ਦਾ ਸਿੱਟਾ:ਮਾਹੀਕੋ ਮੋਨਸੈਂਟੋ ਦੇ ਬੋਲਗਾਰਡ ਸਬੰਧੀ ਦਾਅਵੇ ਝੂਠੇ
30 ਅਗਸਤ ਨੂੰ ਹਿੰਦੁਸਤਾਨ ਟਾਈਮਜ਼ ਵਿੱਚ ਮਹੀਕੋ-ਮੌਨਸੈਂਟੋ ਬਾਇਓਟਿਕ ਲਿਮਿਟਡ ਦਾ ਇੱਕ ਪ੍ਰਸਿੱਧ ਵਿਗਿਆਪਨ 'ਬੋਲਗਾਰਡ ਨੇ ਲਿਆਂਦਾ ਭਾਰਤੀ ਨਰਮਾ ਕਿਸਾਨਾਂ ਦੀ ਆਮਦਨ ਵਿੱਚ 31,500 ਕਰੋੜ ਦਾ ਉਛਾਲ' ਛਪਿਆ। ਜਿਸ ਦਿਨ ਇਹ ਵਿਗਿਆਪਨ ਛਪਿਆ, ਉਸੇ ਦਿਨ ਹੀ ਗੁੜਗਾਂਉਂ ਦੀ ਰਹਿਣ ਵਾਲੀ ਜੀਨ ਪਰਿਵਰਤਿਤ ਭੋਜਨ ਬਾਰੇ ਜਨ ਚੇਤਨਾ ਗਰੁੱਪ ਦੀ ਮੈਂਬਰ ਰਚਨਾ ਅਰੋੜਾ ਨੇ ਭਾਰਤੀ ਵਿਗਿਆਪਨ ਸਟੈਂਡਰਡ ਕੌਸਿਲ ਵਿੱਚ ਇਸ ਵਿਗਿਆਪਨ ਦੇ ਗਲਤ ਅਤੇ ਗੁੰਮਰਾਹ ਕਰਨ ਵਾਲੀ ੇ ਅਤੇ ਇਸ ਵਿੱਚ ਕੀਤੇ ਦਾਅਵਿਆਂ ਦੇ ਝੂਠੇ ਹੋਣ ਬਾਰੇ ਸ਼ਿਕਾਇਤ ਕੀਤੀ। 

ਉਸ ਤੋਂ ਬਾਅਦ ਭਾਰਤੀ ਵਿਗਿਆਪਨ ਸਟੈਂਡਰਡ ਕੌਸਿਲ (Advertising Standards Council of India (ASCI)  ਦੁਆਰਾ ਜਾਂਚ ਕਰਨ ਤੇ ਮਹੀਕੋ-ਮੌਨਸੈਂਟੋ ਬਾਇਓਟਿਕ ਲਿਮਿਟਡ ਦੇ ਬੀ ਟੀ ਨਰਮੇ ਬਾਰੇ ਕੀਤੇ ਗਏ ਇਸ ਦਾਅਵੇ ਨੂੰ ਝੂਠਾ ਪਾਇਆ।  ASCI ਨੇ ਪਾਇਆ ਕਿ ਇਸ ਵਿਗਿਆਪਨ ਵਿੱਚ ਕੀਤੇ ਦਾਅਵੇ  ASCI  ਦੇ ਸੈਲਫ ਰੈਗੂਲੇਸ਼ਨ ਕੋਡ I.1 ਦੀ ਧਾਰਾ, ਜਿਹੜੀ ਕਿ ਕਿਸੇ ਵੀ ਵਿਗਿਆਪਨ ਦੇ ਪ੍ਰਦਰਸ਼ਨ  ਅਤੇ ਦਾਅਵਿਆਂ ਦੀ ਸੱਚਾਈ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਂਦੀ ਹੈ ਅਤੇ ਗੁੰਮਰਾਹ ਕਰਨ ਵਾਲੇ ਵਿਗਿਆਪਨਾਂ ਦੇ ਖ਼ਿਲਾਫ ਰੱਖਿਅਕ ਸਾਧਨ ਪ੍ਰਦਾਨ ਕਰਦੀ ਹੈ, ਦੇ ਅਧੀਨ ਝੂਠੇ ਪਾਏ ਗਏ ਹਨ। 

ਇਹ ਵਿਗਿਆਪਨ ਐਮ ਐਮ ਬੀ ਦੁਆਰਾ ਸ਼ੁਰੂ ਕੀਤੀ ਗਈ ਵੱਡੀ ਪ੍ਰਚਾਰ ਮੁਹਿੰਮ ਦਾ ਇੱਕ ਹਿੱਸਾ ਸੀ ਜਦੋ ਅਗਸਤ,2011 ਵਿੱਚ ਬਹੁਤ ਸਾਰੀਆ ਮਹੱਤਵਪੂਰਨ ਵਿਗਿਆਪਨ ਰਾਸ਼ਟਰੀ ਰੋਜ਼ਾਨਾ ਅਖ਼ਬਾਰਾਂ ਵਿੱਚ ਆ ਰਹੇ ਸਨ। 
ਇਹ  ਉਸ ਗੱਲ ਦਾ ਸਬੂਤ ਹੈ ਜੋ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇਂ ਹਾਂ ਕਿ ਬੀ ਟੀ ਨਰਮੇ ਬਾਰੇ ਜੋ ਵੀ ਦਾਅਵੇ ਕੀਤੇ ਜਾ ਰਹੇ ਹਨ, ਉਹ ਤੱਥਾਂ ਤੇ ਅਧਾਰਿਤ ਨਹੀ ਹਨ ਸਗੋਂ ਉਹਨਾਂ ਨੂੰ ਵਧਾ ਚੜ੍ਹਾ ਕੇ ਕਿਹਾ ਗਿਆ ਸੀ। ਸਾਨੂੰ ਖੁਸ਼ੀ ਹੈ ਕਿ ਏ ਐਸ ਸੀ ਆਈ ਦੀ ਉਪਭੋਗਤਾ ਸ਼ਿਕਾਇਤ ਕੌਸਿਲ ਨੇ ਇਹ ਮੁੱਦਾ ਜਿਹੜਾ ਕਿ ਇੱਕ ਸ਼ਿਕਾਇਤ ਦੇ ਤੌਰ ਤੇ ਅੱਗੇ ਲਿਆਂਦਾ ਗਿਆ ਸੀ, ਉਸ ਮੁੱਦੇ ਤੇ ਬਹੁਤ ਡੂੰਘਾ ਵਿਚਾਰ ਚਰਚਾ ਕੀਤੀ ਅਤੇ ਇਸ ਨਤੀਜੇ ਤੇ ਪਹੁੰਚੇ। ਰਚਨਾ ਅਰੋੜਾ ਦਾ ਕਹਿਣਾ ਹੈ ਕਿ ਉਹ ਉਹਨਾਂ ਸਾਰਿਆਂ ਨੂੰ ਗੁਜਾਰਿਸ਼ ਕਰਦੀ ਹੈ, ਜੋ ਇਸ ਤਰਾਂ ਦੇ ਵਿਗਿਆਪਨਾਂ ਰਾਹੀ ਗੁੰਮਰਾਹ ਕੀਤੇ ਜਾਂ ਰਹੇ ਹਨ, ਕਿ ਉਹ ਸਾਰੇ ਉਪਲਬਧ ਤੱਥਾ ਨੂੰ ਦੋਬਾਰਾ ਚੰਗੀ ਤਰਾਂ ਦੇਖਣ, ਵਿਚਾਰ ਕਰਨ ਅਤੇ ਬੀ ਟੀ ਨਰਮੇ ਵਰਗੇ ਉਤਪਾਦਾਂ ਬਾਰੇ ਤਰਕ ਅਤੇ ਵਿਗਿਆਨਕ ਸਿੱਟਿਆ ਤੇ ਪਹੁੰਚਣ। ਜੀਨ ਪਰਿਵਰਤਿਤ ਭੋਜਨ ਬਾਰੇ ਜਨ ਚੇਤਨਾ ਗਰੁੱਪ ਦੀ ਰਚਨਾ ਅਰੋੜਾ ਨੇ ਕਿਹਾ।

ਰਚਨਾ ਅਰੋੜਾ ਨੇ ਆਪਣੀ ਸ਼ਿਕਾਇਤ ਵਿੱਚ, ਜਿਹੜੀ ਕਿ ਉਸਨੇ ਵਿਗਿਆਪਨ ਦੇ ਛਪਣ ਵਾਲੇ ਦਿਨ ਹੀ ਕੀਤੀ ਸੀ, ਵਿਗਿਆਪਨਕਰਤਾ ਦੁਆਰਾ ਦਿੱਤੀ ਗਈ ਬੋਲਗਾਰਡ ਤਕਨੀਕ ਬਾਰੇ ਕੀਤੇ ਗਏ ਦਾਅਵਿਆਂ ਜਿੰਨਾ ਵਿੱਚ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਦੇ ਘਟਣ, ਝਾੜ ਦੇ ਵਧਣ, ਕਿਸਾਨਾਂ ਦੀ ਆਮਦਨ ਵਿੱਚ ਵਾਧਾ, ਪੌਦੇ ਦੀ ਅੰਦਰੂਨੀ ਸੁਰੱਖਿਆ ਅਤੇ ਕਿਸਾਨਾਂ ਦੀ ਆਮਦਨ ਵਿੱਚ 31,500 ਕਰੋੜ ਦਾ ਵਾਧਾ ਸ਼ਾਮਿਲ ਹਨ, ਨੂੰ ਚੁਣੌਤੀ ਦਿੱਤੀ ਅਤੇ ਇਹ ਗੱਲ ਉਠਾਈ ਕਿ ਜਾਂ ਤਾਂ ਇਹ ਦਾਅਵੇ ਝੂਠੇ ਹਨ ਜਾਂ ਗਲਤ ਹਨ।

ਏ ਐਸ ਸੀ ਆਈ ਨੇ ਟਿੱਪਣੀਆਂ ਲਈ ਇਹ ਸ਼ਿਕਾਇਤ ਵਿਗਿਆਪਨਕਰਤਾ ਨੂੰ ਭੇਜੀ। ਏ ਐਸ ਸੀ ਆਈ ਦੀ ਉਪਭੋਗਤਾ ਸ਼ਿਕਾਇਤ ਕੌਸਿਲ ਨੇ 22 ਨਵੰਬਰ 2011 ਨੂੰ ਹੋਈ ਮੀਟਿੰਗ ਵਿੱਚ ਇਸ ਸ਼ਿਕਾਇਤ ਤੇ ਵਿਚਾਰ ਕੀਤਾ ਅਤੇ ਉਪਭੋਗਤਾ ਸ਼ਿਕਾਇਤ ਕੌਸਿਲ ਦੁਆਰਾ ਕੀਤੇ ਅਵਲੋਕਨ ਦੀ ਬਾਅਦ ਵਿੱਚ ਵਿਗਿਆਪਨਕਰਤਾ ਦੀਆਂ ਟਿੱਪਣੀਆਂ ਦੇ ਨਾਲ ਦੁਬਾਰਾ ਵਾਚਿਆ ਗਿਆ। ਇਸ ਕਾਰਵਾਈ ਦੇ ਪੂਰੇ ਹੋਣ ਤੋਂ ਬਾਅਦ ਵੀ ਸੀ ਸੀ ਸੀ ਨੇ ਰਚਨਾ ਅਰੋੜਾ ਦੀ ਸ਼ਿਕਾਇਤ ਨੂੰ ਤਵੱਜ਼ੋ ਦਿੱਤੀ ਅਤੇ ਇਸ ਨਤੀਜੇ ਤੇ ਪਹੁੰਚੇ ਕਿ ਵਿਗਿਆਪਨ ਵਿੱਚ ਕੀਤੇ ਗਏ ਦਾਅਵੇ ਅਤੇ ਜਿੰਨਾ ਦਾ ਸ਼ਿਕਾਇਤ ਵਿੱਚ ਵੀ ਹਵਾਲਾ ਦਿੱਤਾ ਗਿਆ ਸੀ, ਝੂਠੇ ਨੇ।

ਏ ਐਸ ਸੀ ਆਈ ਦੀ ਉਪਭੋਗਤਾ ਸ਼ਿਕਾਇਤ ਕੌਸਿਲ ਨੇ ਰਚਨਾ ਅਰੋੜਾ ਦੀ ਸ਼ਿਕਾਇਤ ਨੂੰ 'ਏ ਐਸ ਸੀ ਆਈ ਕੋਡ ਦੇ ਚੈਪਟਰ 1.1 ਦੇ ਵਿਰੁੱਧ ਵਿਗਿਆਪਨ ਦੇ ਤੌਰ ਤੇ' ਪਾਇਆ ਜੋ ਕਿ ਇਹ ਦੱਸਦਾ ਹੈ-
ਵਿਗਿਆਪਨ ਸੱਚ ਤੇ ਅਧਾਰਿਤ ਹੋਣ,ਸਾਰੇ ਵੇਰਵੇ, ਦਾਅਵੇ ਅਤੇ ਤੁਲਨਾਵਾਂ, ਜੋ ਨਿਰਪੱਖਤਾ ਨਾਲ ਨਿਸ਼ਚਿਤ ਕੀਤੇ ਜਾ ਸਕਣ ਵਾਲੇ ਤੱਥਾਂ ਨਾਲ ਸੰਬੰਧਿਤ ਹੋਣ, ਸਾਬਤ ਕਰਨ ਯੋਗ ਹੋਣ ਅਤੇ ਵਿਗਿਆਪਨਕਰਤਾਵਾਂ ਅਤੇ ਵਿਗਿਆਪਨ ਏਜੰਸੀਆਂ ਇਹਨਾਂ ਸੰਬੰਧਿਤ ਪ੍ਰਮਾਣਾਂ ਦੀ ਜਦੋ ਵੀ ਏ ਐਸ ਸੀ ਆਈ ਮੰਗ ਕਰੇ ਤਾਂ ਉਹ ਪੇਸ਼ ਕਰਨ।

ਇਸ ਤੋਂ ਪਹਿਲਾਂ ਵੀ ਮੌਨਸੈਟੋ ਤੇ ਫ੍ਰਾਂਸ ਵਿੱਚ ਜਨਵਰੀ 2007 ਵਿੱਚ ਆਪਣੇ ਨਦੀਨਨਾਸ਼ਕ ਬਾਰੇ ਝੂਠੇ ਵਿਗਿਆਪਨ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ 15,000 ਯੂਰੋ ਦਾ  ਜੁਰਮਾਨਾ ਲਗਾਇਆ ਗਿਆ ਸੀ। ਮਈ 2010 ਵਿੱਚ ਦੱਖਣੀ ਅਫ਼ਰੀਕਾ ਦੀ ਵਿਗਿਆਪਨ ਸਟੈਂਡਰਡ ਅਥਾਰਿਟੀ ਨੇ ਪਾਇਆ ਕਿ ਮੌਨਸੈਂਟੋ ਦੁਆਰਾ ਇੱਕ ਮੈਗਜ਼ੀਨ ਵਿੱਚ ਦਿੱਤੇ ਵਿਗਿਆਪਨ'ਕੀ ਤੁਹਾਡਾ ਖਾਣਾ ਸੁਰੱਖਿਅਤ ਹੈ? ਬਾਇਓਤਕਨੀਕ:ਸੱਚੇ ਤੱਥ' ਰਾਹੀ ਕੀਤੇ ਗਏ ਦਾਅਵੇ ਨੂੰ ਗਲਤ ਪਾਇਆ ਅਤੇ ਤੁਰੰਤ ਵਿਗਿਆਪਨ ਨੂੰ ਬੰਦ ਕਰਨ ਲਈ ਕਿਹਾ।

'ਇਹ ਸਭ ਇਹੀ ਸਾਬਿਤ ਕਰਦਾ ਹੈ ਕਿ ਮੌਨਸੈਂਟੋ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੁਆਰਾ ਇਸ ਦੇ ਉਤਪਾਦਾਂ ਬਾਰੇ ਕੀਤੇ ਗਏ ਦਾਅਵਿਆਂ ਵਿੱਚ ਇਹ ਪੱਖ ਵਾਰ-ਵਾਰ ਦੁਹਰਾਇਆ ਗਿਆ ਹੈ ਅਤੇ ਜਦੋਂਕਿ ਆਮ ਲੋਕ ਜੀਨ ਪਰਿਵਰਤਿਤ ਅਤੇ ਹੋਰ ਜ਼ਹਿਰੀਲੇ ਉਤਪਾਦਾਂ ਦੇ ਖ਼ਤਰਿਆਂ ਤੋ ਜਾਣੂ ਹੋ ਰਹੀ ਹੈ ਫਿਰ ਵੀ ਮੌਨਸੈਂਟੋ ਵਰਗੀਆਂ ਕੰਪਨੀਆਂ ਨੂੰ ਇਹੋ ਜਿਹੇ ਵਿਗਿਆਪਨਾਂ ਤੇ ਆਪਣੇ ਸ੍ਰੋਤਾਂ ਨੂੰ ਖ਼ਰਚ ਕਰ ਰਹੀ ਹੈ।' 

ਸੁਣੀ ਨਹੀਂ ਗਈ ਕਿਸਾਨਾਂ ਦੀ ਪੁਕਾਰ
ਮੋਨਸੈਂਟੋ ਦੀ ਮੱਕੀ ਹੋਈ ਫ਼ੇਲ  ਕਿਸਾਨਾਂ ਨੂੰ ਉਠਾਉਣਾ ਪਿਆ ਭਾਰੀ ਨੁਕਸਾਨ

ਹੁਸ਼ਿਆਰਪੁਰ) ਹੁਸ਼ਿਆਰਪੁਰ ਜਿਲ੍ਹੇ ਵਿੱਚ ਇਸ ਸਾਲ  ਮੋਨਸੈਂਟੋ ਦੁਆਰਾ ਕਿਸਾਨਾਂ ਨੂੰ ਵੱਧ ਝਾੜ ਅਤੇ ਵਧੀਆਂ ਕਵਾਲਿਟੀ ਅਤੇ ਭਰਪੁਰ ਮੁਨਾਫ਼ੇ ਦਾ ਲਾਲਚ ਦੇ ਕੇ ਵੇਚੀ ਗਈ ਸਾਉਣੀ ਦੀ ਮੱਕੀ ਬੁਰੀ ਤਰਾਂ ਫ਼ੇਲ ਹੋ ਗਈ। ਸਿੱਟੇ ਵਜੋਂ ਸਬੰਧਿਤ ਕਿਸਾਨਾਂ ਨੂੰ ਭਾਰੀ ਮਾਲੀ ਨੁਕਸਾਨ ਉਠਾਉਣਾ ਪਿਆ। ਕਿਸਾਨਾਂ ਨਾਲ ਇੱਕ ਵਾਰ ਫਿਰ ਠੱਗੀ ਮਾਰਨ ਵਾਲੀ ਮੋਨਸੈਂਟੋ ਅਕਸਰ ਇਹ ਦਾਅਵਾ ਕਰਦੀ ਹੈ ਕਿ ਰਵਾਇਤੀ ਬੀਜਾਂ ਨਾਲ ਖੇਤੀ ਕਰਨਾ ਘਾਟੇ ਦਾ ਸੌਦਾ ਹੈ। ਇੰਨਾ ਹੀ ਨਹੀਂ ਇਹ ਕੰਪਨੀ ਨਵੀਂ ਤਕਨੀਕ ਦੇ ਨਾਂਅ 'ਤੇ ਦੁਨੀਆਂ ਭਰ ਵਿੱਚ ਜੀ ਐੱਮ/ਬੀਟੀ ਬੀਜਾਂ ਨੂੰ ਖੇਤੀ ਵਿੱਚ ਉਤਾਰਨ ਲਈ ਵੱਡੇ ਪੱਧਰ 'ਤੇ ਯਤਨਸ਼ੀਲ ਹੈ। 
ਪਰ ਹੁਸ਼ਿਆਰਪੁਰ ਜਿਲ੍ਹੇ ਵਿੱਚ ਜਿਹਨਾਂ ਕਿਸਾਨਾਂ ਨੇ ਮੋਨਸੈਂਟੋ ਦੀ ਡੀ ਕੇ ਸੀ-9106 ਮੱਕੀ ਦੀ ਬਿਜਾਈ ਕੀਤੀ ਸੀ ਉਹਨਾਂ ਦਾ ਤਜ਼ਰਬਾ ਕੁਝ ਹੋਰ ਹੀ ਤਸਵੀਰ ਦਿਖਾਉਂਦਾ ਹੈ। ਕਾਲਕਟ ਪਿੰਡ ਦੇ ਕਿਸਾਨਾਂ ਸਤਨਾਮ ਸਿੰਘ ਪੁੱਤਰ ਹਰਦਿਆਲ ਸਿੰਘ ਅਤੇ ਤਰਲੋਚਨ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾ ਸਾਉਣੀ ਦੇ ਬੀਤੇ ਸੀਜਨ ਵਿੱਚ ਮੋਨਸੈਂਟੋ ਦੀ ਮੱਕੀ ਡੀ ਕੇ ਸੀ-9106 ਕੁੱਲ 9 ਏਕੜਾਂ ਵਿੱਚ ਪ੍ਰਤੀ ਏਕੜ 200 ਰੁਪਏ ਪੈਕਟ ਦੇ ਹਿਸਾਬ ਨਾਲ 8 ਤੋਂ 10 ਕਿੱਲੋ ਬੀਜ ਪਾ ਕੇ ਬੀਜੀ ਸੀ। ਵਹਾਈ, ਬਿਜਾਈ, ਸਿੰਜਾਈ, ਖਾਦ, ਕੀਟ ਅਤੇ ਨਦੀਨਾਸ਼ਕਾਂ ਸਮੇਤ ਫਸਲ ਦੀ ਵਢਾਈ ਤੱਕ 10,000 ਰੁਪਏ ਪ੍ਰਤੀ ਏਕੜ ਖਰਚ ਹੋਏ। ਜੇ ਗਿਣਿਆ ਜਾਵੇ ਤਾਂ ਇੱਕ ਫਸਲ ਸੀਜਨ ਦਾ ਕੁੱਲ 13,000 ਰੁਪਏ ਠੇਕਾ ਵੱਖਰਾ। ਇੰਨਾ ਖਰਚ ਕਰਨ ਦੇ ਬਾਵਜੂਦ ਮੋਨਸੈਂਟੋ ਦੀ ਇਸ ਮੱਕੀ ਤੋਂ ਪ੍ਰਤੀ ਏਕੜ ਛੇ ਤੋਂ ਨੌਂ ਹਜ਼ਾਰ ਰੁਪਏ ਹੀ ਆਮਦਨ ਹੋਈ। ਜਦੋਂਕਿ ਹੋਰਨਾ ਵਰਾਇਟੀਆਂ ਦੇ ਬੀਜ ਵਰਤਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ਅਠਾਈ ਤੋਂ ਤੀਹ ਹਜ਼ਾਰ ਰੁਪਏ ਆਮਦਨ ਹੋਈ।
ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਬਿਜਾਈ ਤੋਂ ਲੈ ਕੇ ਕਟਾਈ ਤੱਕ ਕੰਪਨੀ ਦੇ ਨੁਮਾਂਇੰਦਿਆਂ ਦੁਆਰਾ ਦਿੱਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਇੰਨਬਿੰਨ ਪਾਲਣਾ ਕੀਤੀ ਪਰ ਜਦੋਂ ਫਸਲ ਨੂੰ ਛੱਲੀਆਂ ਪਈਆਂ ਤਾਂ ਬੂਟੇ ਸੁੱਕਣੇ ਸ਼ੁਰੂ ਹੋ ਗਏ ਅਤੇ ਛੱਲੀਆਂ ਵਿੱਚ ਬਹੁਤ ਹੀ ਘੱਟ ਦਾਣੇ ਬਣੇ, ਕਈ ਛੱਲੀਆਂ ਤਾਂ ਖ਼ਾਲੀ ਹੀ ਰਹਿ ਗਈਆਂ। ਜਦੋਂ ਉਹਨਾਂ ਨੇ ਕੰਪਨੀ ਦੇ ਨੁਮਾਂਇੰਦਿਆਂ ਨੂੰ ਫਸਲ ਦਿਖਾਈ ਤਾਂ ਉਹ ਕਈ ਤਰਾਂ ਦੇ ਬਹਾਨੇ ਬਣਾਉਣ ਲੱਗ ਪਏ ਕਿ ਜਿਅਦਾ ਵਰਖਾ ਜਾਂ ਸਿਉਂਕ ਦੇ ਕਾਰਨ ਇਹ ਸਭ ਹੋਇਆ ਹੈ। ਪਰ ਜਦੋਂ ਕਿਸਾਨਾਂ ਨੂੰ ਉਹਨਾਂ ਨੂੰ ਦੂਸਰੀ ਵਰਾਇਟੀਆਂ ਵਿੱਚ ਇਹ ਸਮੱਸਿਆਵਾਂ ਕਿਉਂ ਨਹੀਂ ਆਈਆਂ? ਤਾਂ ਉਹਨਾਂ ਨੂੰ ਕੋਲ ਕੋਈ ਜਵਾਬ ਨਹੀਂ ਸੀ। 
ਅੰਤ ਵਿੱਚ ਕੰਪਨੀ ਦੇ ਨੁਮਾਂਇੰਦਿਆਂ ਨੇ ਇਹ ਮੰਨ ਲਿਆ ਕਿ ਇਸ ਕੰਪਨੀ ਦੇ ਬੀਜ ਕਾਰਨ ਹੀ ਫਸਲ ਦਾ ਇੰਨਾ ਨੁਕਸਾਨ ਹੋਇਆ ਹੈ। ਪਰ ਜਦੋਂ ਕਿਸਾਨਾਂ ਨੇ ਕੰਪਨੀ ਤੋਂ ਆਪਣੇ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਤਾਂ ਕੰਪਨੀ ਨੇ ਸਾਫ ਮਨਾ ਕਰ ਦਿੱਤਾ ਅਤੇ ਸਿਰਫ ਇੰਨਾ ਹੀ ਵਾਅਦਾ ਕੀਤਾ ਕਿ ਕੰਪਨੀ ਸਬੰਧਤ ਕਿਸਾਨਾ ਨੂੰ ਬਦਲੇ ਵਿੱਚ ਸਿਆਲੂ ਮੱਕੀ ਦਾ ਬੀਜ ਬਣਦੀ ਮਿਕਦਾਰ 'ਚ ਮੁਫ਼ਤ ਦੇਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਅਖ਼ਬਾਰਾਂ ਵਿੱਚ ਖ਼ਬਰਾਂ ਵੀ ਲਵਾਈਆਂ ਪਰ ਉਹਨਾਂ ਕੋਈ ਸੁਣਵਾਈ ਨਹੀਂ ਹੋਈ।

ਮੌਨਸੈਂਟੋ ਦੀ ਬੀ ਟੀ ਮੱਕੀ ਨੇ ਜੜ੍ਹ ਦੇ ਕੀੜੇ ਨੂੰ ਬਣਾਇਆ ਸੁਪਰ ਕੀੜਾ

ਮੈਨਸੈਂਟੋ ਦੀ ਬੀ ਟੀ ਮੱਕੀ ਅਮਰੀਕਾ ਦੇ ਕਿਸਾਨਾਂ ਵਿੱਚ ਇਹ ਕਹਿ ਕੇ ਵੇਚੀ ਗਈ ਕਿ ਇਹ ਮੱਕੀ ਦੀ ਜੜ੍ਹ ਨੂੰ ਖਾਣ ਵਾਲੇ ਕੀੜੇ ਨੂੰ ਖ਼ਤਮ ਕਰਕੇ ਮੱਕੀ ਨੂੰ ਹੋਣ ਵਾਲੇ ਨੁਕਸਾਨ ਤੋ ਸੁਰੱਖਿਅਤ ਕਰੇਗੀ ਪਰ ਇਓਵਾ ਵਿੱਚ ਪਿਛਲੇ ਅਗਸਤ ਵਿੱਚ ਅਚਾਨਕ ਬੀ ਟੀ ਮੱਕੀ ਦੇ ਪੌਦੇ ਡਿੱਗਣੇ ਸ਼ੁਰੂ ਹੋ ਗਏ। ਪਤਾ ਕਰਨ ਤੇ ਪਤਾ ਲੱਗਿਆ ਕਿ ਮੱਕੀ ਦੀਆਂ ਜੜ੍ਹਾਂ ਨੂੰ ਜੜ੍ਹ ਖਾਣ ਵਾਲੇ ਕੀੜਿਆਂ ਨੇ ਖਾਣਾ ਸ਼ੁਰੂ ਕਰ ਦਿੱਤਾ ਸੀ। ਅਜ਼ੀਬ ਗੱਲ ਇਹ ਸੀ ਕਿ ਇਹ ਮੱਕੀ ਦਾ ਬੀਜ ਹੋਰ ਕੋਈ ਬੀਜ ਨਹੀਂ ਬਲਕਿ ਮੌਨਸੈਂਟੋ ਵੱਲੋਂ ਮੱਕੀ ਦੇ ਜੜ੍ਹ ਦੇ ਕੀੜੇ ਨੂੰ ਖ਼ਤਮ ਕਰਨ ਲਈ ਤਿਆਰ ਕੀਤਾ ਗਿਆ ਬੀ ਟੀ ਮੱਕੀ ਦਾ ਬੀਜ ਸੀ। ਪਰ ਇਹ ਬੀਜ ਫੇਲ ਹੋ ਗਿਆ ਅਤੇ ਮੱਕੀ ਦੀ ਜੜ੍ਹ ਖਾਣ ਵਾਲੇ ਕੀੜਿਆਂ ਨੇ ਬੀ ਟੀ ਦੇ ਜ਼ਹਿਰ ਪ੍ਰਤਿ ਪ੍ਰਤਿਰੋਧਕ ਸ਼ਕਤੀ ਵਿਕਸਿਤ ਕਰ ਲਈ। 
ਪਹਿਲਾਂ-ਪਹਿਲ ਤਾਂ ਮੌਨਸੈਂਟੋ ਦੀਆਂ ਜ਼ਹਿਰ ਯੁਕਤ ਫ਼ਸਲਾਂ ਨੂੰ ਰਜਿਸਟਰ ਕਰਨ ਵਾਲੀ ਏਜੰਸੀ ਈ ਪੀ ਏ ਚੁੱਪ ਰਹੀ ਪਰ ਬਾਅਦ ਵਿੱਚ ਏਜੰਸੀ ਦੀ ਰਿਪੋਰਟ ਵਿੱਚ ਮੌਨਸੈਂਟੋ ਨੂੰ ਨਾਕਾਫ਼ੀ ਨਿਰੀਖਣ ਸਿਸਟਮ ਲਈ ਫਿਟਕਾਰ ਲਗਾਈ ਗਈ। ਇਹ ਰਿਪੋਰਟ ਕਿਸੇ ਸਿਆਸੀ ਜਾਂ ਉੱਚ ਅਧਿਕਾਰੀਆਂ ਵੱਲੋਂ ਲਿਖੀ ਨਾ ਹੋ ਕੇ ਸਟਾਫ਼ ਵਿਗਿਆਨੀਆਂ ਵੱਲੋਂ ਨਿਰੀਖਣ ਕਰਕੇ ਤਿਆਰ ਕੀਤੀ ਗਈ।
ਰਿਪੋਰਟ ਤੋ ਇਹ ਗੱਲ ਸਾਹਮਣੇ ਆਈ ਕਿ ਬੀ ਟੀ ਜ਼ਹਿਰ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਵਾਲਾ ਜੜ੍ਹ-ਕੀੜਾ ਚਾਰ ਰਾਜਾਂ ਇਓਵਾ, ਮਿਨੀਸੋਤਾ, ਈਲੀਨੋਸ ਅਤੇ ਨੈਬਰਾਸਕਾ ਵਿੱਚ ਫੈਲ ਚੁੱਕਿਆ ਹੈ ਅਤੇ ਤਿੰਨ ਹੋਰ ਰਾਜਾਂ ਕੋਲੋਰਾਡੋ, ਦੱਖਣੀ ਡਕੋਤਾ ਅਤੇ ਵਿਸਕੌਨਸਿਨ ਵਿੱਚ ਇਸਦੇ ਫੈਲਣ ਦਾ ਸ਼ੱਕ ਹੈ। ਹੁਣ ਈ ਪੀ ਏ, ਮੌਨਸੈਂਟੋ ਅਤੇ ਖੇਤੀਬਾੜੀ ਵਿਗਿਆਨੀ ਇਹ ਜਾਣ ਚੁੱਕੇ ਹਨ ਕਿ ਜੜ੍ਹ ਦੇ ਕੀੜੇ ਦੁਆਰਾ ਬੀ ਟੀ ਮੱਕੀ ਪ੍ਰਤਿ ਪ੍ਰਤੀਰੋਧਕ ਸ਼ਕਤੀ ਦਾ ਵਿਕਾਸ ਇੱਕ ਖ਼ਤਰਾ ਸੀ। ਸੋ 2003 ਵਿੱਚ, ਕੀੜ੍ਹੇ ਦੀ ਇਸ ਪ੍ਰਤੀਰੋਧਕ ਸ਼ਕਤੀ ਨੂੰ ਘਟਾਉਣ ਲਈ ਇਹ ਐਲਾਨ ਕੀਤਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਬੀ ਟੀ ਮੱਕੀ ਵਾਲੇ ਖੇਤਾਂ ਵਿੱਚ ਬੀ ਟੀ ਮੱਕੀ ਦੀ ਜੜ੍ਹ ਕੀੜੇ ਤੋਂ ਰੱਖਿਆ ਲਈ ਗੈਰ ਬੀ ਟੀ ਮੱਕੀ ਵੀ ਲਗਾਈ ਜਾਵੇ ਤਾਂਕਿ ਪ੍ਰਤੀਰੋਧਕ ਸ਼ਕਤੀ ਪੈਦਾ ਕਰ ਚੁੱਕੇ ਜੜ੍ਹ ਦੇ ਕੀੜੇ ਉੱਪਰ ਕਾਬੂ ਪਾਇਆ ਜਾ ਸਕੇ।
ਹੁਣ ਸਵਾਲ ਇਹ ਸੀ ਕਿ ਬੀ ਟੀ ਮੱਕੀ ਦੀ ਰੱਖਿਆ ਲਈ ਗੈਰ ਬੀ ਟੀ ਮੱਕੀ ਦੀ ਕਿੰਨੀ ਮਾਤਰਾ ਲਗਾਈ ਜਾਵੇ। ਇੱਕ ਸਵਤੰਤਰ ਵਿਗਿਆਨਕ ਪੈਨਲ ਨੇ 50 ਪ੍ਰਤੀਸ਼ਤ ਦੀ ਸਿਫ਼ਾਰਿਸ਼ ਕੀਤੀ ਪਰ ਮੈਨਸੈਂਟੋ ਦੇ ਪ੍ਰਭਾਵਾਧੀਨ ਈ ਪੀ ਏ ਵੱਲੋਂ ਸਿਰਫ 20 ਪ੍ਰਤੀਸ਼ਤ ਲਈ ਪ੍ਰਵਾਨਗੀ ਦਿੱਤੀ ਗਈ। 
ਬਾਅਦ ਦੇ ਦਸਤਾਵੇਜ਼ਾਂ ਤੋਂ ਏਜੰਸੀ ਇਹ ਚੰਗੀ ਤਰਾਂ ਜਾਣ ਗਈ ਕਿ ਵਿਗਿਆਨਕ ਪੈਨਲ ਠੀਕ ਸੀ ਅਤੇ ਮੌਨਸੈਂਟੋ ਗਲਤ। ਸਂੈਟਰ ਫਾਰ ਫੂਡ ਸੇਫਟੀ ਦੇ ਬਿਲ ਫ੍ਰੀਜ਼ ਨੇ ਈਲੀਨੋਸ ਦੀ ਯੂਨੀਵਰਸਿਟੀ ਦੇ ਫ਼ਸਲ ਵਿਗਿਆਨੀ ਮਾਈਕਲ ਗ੍ਰੇਅ ਦੀ ਖੋਜ 'ਤੇ ਇਹ ਸਵਾਲ ਉਠਾਇਆ ਹੈ ਕਿ ਈਲੀਨੋਸ ਦੇ ਖੇਤਰਾਂ ਵਿੱਚ 40 ਪ੍ਰਤੀਸ਼ਤ ਕਿਸਾਨਾਂ ਦੀ ਤਾਂ ਉੱਚ ਗੁਣਵੱਤਾ ਵਾਲੇ ਗੈਰ ਬੀ ਟੀ ਬੀਜਾਂ ਤੱਕ ਪਹੁੰਚ ਹੀ ਨਹੀ ਹੈ। ਇਹ ਹੀ ਸਮੱਸਿਆ ਪੂਰੀ ਮੱਕੀ ਪੱਟੀ ਦੇ ਕਿਸਾਨਾਂ ਨੂੰ ਆ ਰਹੀ ਹੈ। ਸੋ ਕਿਸਾਨਾਂ ਨੇ ਸੁਪਰਕੀੜਾ ਬਣ ਚੁੱਕੇ ਜੜ੍ਹ ਦੇ ਇਸ ਕੀੜੇ ਨੂੰ ਕਾਬੂ ਕਰਨ ਲਈ ਜ਼ਹਿਰੀਲੇ ਕੀਟਨਾਸ਼ਕਾਂ ਦੇ ਪ੍ਰਯੋਗ ਦੀ ਮਾਤਰਾ ਵਧਾ ਦਿੱਤੀ।
ਜਦ ਮੌਨਸੈਂਟੋ ਨੂੰ ਕਿਸਾਨਾਂ ਅਤੇ ਬੀਜ ਡੀਲਰਾਂ ਤੋ ਕੀੜੇ ਦੇ ਪ੍ਰਤੀਰੋਧਕ ਸ਼ਕਤੀ ਪੈਦਾ ਕਰ ਲੈਣ ਬਾਰੇ ਪਤਾ ਲੱਗਣ ਉਪਰੰਤ ਵੀ  ਮੌਨਸੈਂਟੋ ਨੇ ਇਸ ਦੀ ਕੋਈ ਜਾਂਚ ਨਹੀਂ ਕਰਵਾਈ ਸਗੋਂ ਮੱਕੀ ਦੀ ਇਸ ਬੀਟੀ ਕਿਸਮ ਖਿਲਾਫ਼ ਆ ਰਹੀਆਂ  ਸ਼ੁਰੂਆਤੀ ਸ਼ਿਕਾਇਤਾਂ ਵੱਲ ਵੀ ਖ਼ਾਸ ਧਿਆਨ ਨਹੀ ਦਿੱਤਾ। 
ਈ ਪੀ ਏ ਨੇ ਦੱਸਿਆ ਕਿ ਮੌਨਸੈਂਟੋ ਨੂੰ ਬੀ ਟੀ ਮੱਕੀ  ਬਾਜ਼ਾਰ ਵਿੱਚ ਲਿਆਉਣ ਤੋਂ ਇੱਕ ਸਾਲ ਬਾਅਦ ਸੰਨ 2004 ਤੋਂ ਹੀ ਜੜ੍ਹ ਦੇ ਕੀੜੇ ਦੁਆਰਾ ਬੀ ਟੀ ਮੱਕੀ ਵਿਰੁੱਧ ਪ੍ਰਤਿਰੋਧਕ ਸ਼ਕਤੀ ਵਿਕਸਿਤ ਕਰ ਲੈਣ ਬਾਰੇ ਰਿਪੋਰਟਾਂ ਮਿਲਣੀਆ ਸ਼ੁਰੂ ਹੋ ਗਈਆਂ ਸਨ। ਉਸ ਸਾਲ ਉਸਨੂੰ ਕੁੱਲ 21 ਸ਼ਿਕਾਇਤਾਂ ਮਿਲੀਆਂ। 2006 ਵਿੱਚ ਸ਼ਿਕਾਇਤਾਂ ਦੀ ਗਿਣਤੀ ਵਧ ਕੇ 96 ਹੋ ਗਈ ਅਤੇ ਹਰ ਸਾਲ ਇਹ ਗਿਣਤੀ ਵਧ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੌਨਸੈਟੋ ਨੇ ਆਪਣੀ ਰਿਪੋਰਟ ਵਿੱਚ ਅਜਿਹੀ ਕੋਈ ਵੀ ਘਟਨਾ ਵਾਪਰਨ ਤੋਂ ਸਾਫ ਇਨਕਾਰ ਕਰ ਦਿੱਤਾ।
ਦੂਜ਼ੇ ਸ਼ਬਦਾ ਵਿੱਚ, ਮੌਨਸੈਟੋ ਦੇ ਅਨੁਸਾਰ ਕੀੜੇ ਦੁਆਰਾ ਬੀ ਟੀ ਜ਼ਹਿਰ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਪੈਦਾ ਕਰ ਲੈਣਾ ਕੋਈ ਵੱਡੀ ਸਮੱਸਿਆ ਨਹੀ ਸੀ। ਮੌਨਸੈਟੋ ਇਸ ਸਮਸਿਆ ਦੇ ਨਿਰੀਖਣ ਲਈ ਜਿੰਮੇਵਾਰ ਸੀ ਪਰ ਇਹ ਗੱਲ ਕਦੇ ਵੀ ਸਾਹਮਣੇ ਨਾ ਆ ਪਾਉਂਦੀ ਜੇਕਰ ਇਓਵਾ ਰਾਜ ਯੂਨੀਵਰਸਿਟੀ ਦੇ ਇੱਕ ਸਵਤੰਤਰ ਕੀਟ ਵਿਗਿਆਨੀ ਆਰਨ ਗਾਸਮਾਨ ਅਗਸਤ ਵਿੱਚ ਇਓਵਾ ਵਿੱਚ ਇਸ ਤਰਾਂ ਦੇ ਹੋਏ ਚਾਰ ਕੇਸਾਂ ਨੂੰ ਲੋਕਾਂ ਸਾਹਮਣੇ ਨਾ ਲੈ ਕੇ ਆਉਂਦੇ।
ਮੌਨਸੈਂਟੋ ਤੋ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਤਰਾਂ ਦੀ ਹੋਈ ਕਿਸੇ ਵੀ ਘਟਨਾ ਨੂੰ ਮੰਨਣ ਤੋ ਇਨਕਾਰ ਕਰ ਦਿੱਤਾ। 
ਇਸ ਤਰਾਂ ਮੱਕੀ ਦੇ ਜੜ੍ਹ ਦੇ ਕੀੜੇ ਨੂੰ ਖ਼ਤਮ ਕਰਨ ਲਈ ਲਿਆਂਦੀ ਬੀ ਟੀ ਮੱਕੀ ਦੇ ਫੇਲ ਹੋਣ ਦੇ ਬਾਵਜ਼ੂਦ ਮੌਨਸੈਂਟੋ ਬੜੀ ਹੀ ਬੇਸ਼ਰਮੀ ਨਾਲ ਆਪਣੀ ਲਵੀਂ 'ਸਮਾਰਟਸਟੈਕਸ' ਮੱਕੀ ਦੇ ਬੀਜਾਂ ਦੀ ਮਸ਼ਹੂਰੀ ਕਰਨ ਵਿੱਚ ਲੱਗ ਗਈ ਹੈ, ਜਿਸ ਵਿੱਚ ਵਰਤਮਾਨ ਫੇਲ ਹੋਏ ਬੀ ਟੀ ਜ਼ਹਿਰ ਦੇ ਨਾਲ ਇੱਕ ਹੋਰ ਜ਼ਹਿਰ ਦਵਾਈ ਦੇ ਤੌਰ ਤੇ ਪਾਇਆ ਗਿਆ ਹੈ, ਜਿਸਨੂੰ ਵਰਤਣ ਦਾ ਲਾਇਸੈਂਸ ਮੌਨਸੈਂਟੋ ਨੇ ਆਪਣੀ ਪ੍ਰਤੀਯੋਗੀ ਕੰਪਨੀ 'ਡੋ' ਤੋ ਲਿਆ ਗਿਆ ਹੈ। 
ਮੌਨਸੈਂਟੋ ਨੇ ਆਪਣੇ ਇੱਕ ਬਿਆਨ ਵਿੱਚ ਉਹਨਾਂ ਕਿਸਾਨਾਂ, ਜਿੰਨਾਂ ਦੇ ਖੇਤਾਂ ਵਿੱਚ ਖੜੀ ਬੀ ਟੀ ਮੱਕੀ ਨੂੰ ਜੜ੍ਹ ਖਾਣ ਵਾਲੇ ਕੀੜੇ ਨੇ ਖ਼ਤਮ ਕਰ ਦਿੱਤਾ ਸੀ, ਨੂੰ ਕਿਹਾ ਹੈ ਕਿ ਉਹਨਾਂ ਨੂੰ ਇਸ ਕੀੜੇ ਤੋਂ ਅੱਗੇ ਰਹਿੰਦੇ ਹੋਏ ਆਪਣਿਆਂ ਢੰਗਾਂ ਨੂੰ ਬਦਲਣਾ ਚਾਹੀਦਾ ਹੈ। ਉਹਨਾਂ ਨੂੰ ਜਾਂ ਤਾਂ ਮੱਕੀ ਅਤੇ ਸੋਇਆਬੀਨ ਦਾ ਫ਼ਸਲ ਚੱਕਰ ਅਪਣਾਉਣਾ ਚਾਹੀਦਾ ਹੈ ਜਾਂ ਫਿਰ ਮੌਨਸੈਂਟੋ ਦਾ ਬੀ ਟੀ ਦੇ ਦੋ ਪ੍ਰਕਾਰ ਦੇ ਜ਼ਹਿਰਾਂ ਵਾਲਾ ਨਵਾਂ 'ਸਮਾਰਟਸਟੈਕਸ' ਮੱਕੀ ਦਾ ਬੀਜ ਖਰੀਦਣਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਜੜ੍ਹ ਦੇ ਕੀੜੇ ਨੂੰ ਖ਼ਤਮ ਕਰਨ ਲਈ ਦੋ ਅਲੱਗ ਪਕਾਰ ਦੇ ਜ਼ਹਿਰ ਹਨ, ਇਸ ਲਈ ਇਸ ਵਿਰੁੱਧ ਪ੍ਰਤੀਰੋਧਕ ਸ਼ਕਤੀ ਪੈਦਾ ਹੋਣ ਦਾ ਖ਼ਤਰਾ ਘੱਟ ਹੈ ਅਤੇ ਇਸ ਲਈ ਰੱਖਿਅਕ ਖੇਤਰ ਵੀ ਸਿਰਫ਼ 5 ਪ੍ਰਤੀਸ਼ਤ ਹੀ ਚਾਹੀਦਾ ਹੈ। ਕੰਪਨੀ ਨੇ ਈ ਪੀ ਏ ਨੂੰ 'ਸਮਾਰਟਸਟੈਕਸ' ਮੱਕੀ ਦੀ ਰੱਖਿਆ ਲਈ ਸਿਰਫ 5 ਪ੍ਰਤੀਸ਼ਤ ਜਮੀਨ ਰੱਖ ਕੇ ਬਾਕੀ 95 ਪ੍ਰਤੀਸ਼ਤ ਜਮੀਨ ਮੌਨਸੈਂਟੋ ਦੇ ਵਪਾਰ ਲਈ ਖੋਲਣ ਲਈ ਕਿਹਾ। 
ਪਰ ਦਸੰਬਰ ਵਿੱਚ ਈ ਪੀ ਏ ਦੇ ਵਿਗਿਆਨੀਆਂ ਵੱਲੋ ਇਸ ਸਿਫਾਰਿਸ਼ ਦੀ ਸਮਝ ਉੱਪਰ ਤਿੱਖਾ ਪ੍ਰਸ਼ਨ ਕੀਤਾ ਗਿਆ। ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਸਿਰਫ 5 ਪ੍ਰਤੀਸ਼ਤ ਰੱਖਿਆ ਖੇਤਰ ਦੇ ਨਾਲ ਬੀਜੇ ਜਾਣ ਤੇ ਦੋ ਬੀ ਟੀ ਜ਼ਹਿਰਾਂ ਵਿੱਚੋਂ ਇੱਕ ਦੇ ਪਹਿਲਾਂ ਹੀ ਫੇਲ ਹੋ ਚੁੱਕੇ ਅਤੇ ਆਪਣਾ ਅਸਰ ਗਵਾ ਚੁੱਕੇ ਬੀ ਟੀ ਜ਼ਹਿਰ ਦੇ ਨਾਲ 'ਸਮਾਰਟਸਟੈਕਸ' ਮੱਕੀ 'ਅਸਲ ਵਿੱਚ ਘੱਟ ਟਿਕਾਊ' ਸਾਬਿਤ ਹੋਵੇਗੀ ਅਤੇ ਅੰਤ ਵਿੱਚ ਇਹ ਕੀੜੇ ਨੂੰ ਕਾਬੂ ਕਰਨ ਲਈ ਵਰਤੇ ਗਏ ਦੂਸਰੇ ਅਸੰਬੰਧਿਤ ਜ਼ਹਿਰ ਨਾਲ ਸਮਝੌਤਾ ਕਰ ਸਕਦੀ ਹੈ। ਦੂਜ਼ੇ ਸ਼ਬਦਾਂ ਵਿੱਚ, 'ਸਮਾਰਟਸਟੈਕਸ' ਮੱਕੀ ਦਾ ਆਉਣਾ ਬੀ ਟੀ ਵਿਰੋਧੀ ਪ੍ਰਤੀਰੋਧਕ ਸ਼ਕਤੀ ਪ੍ਰਾਪਤ ਕਰ ਚੁੱਕੇ ਸੁਪਰਕੀੜੇ ਦੇ ਆਉਣ ਵਿੱਚ ਦੇਰ ਕਰਵਾ ਸਕਦਾ ਹੈ, ਪਰ ਉਸਨੂੰ ਆਉਣ ਤੋਂ ਰੋਕ ਨਹੀ ਸਕਦਾ। ਪ੍ਰੰਤੂ ਸਮੱਸਿਆਵਾਂ ਨੂੰ ਅੱਖੋਂ ਪ੍ਰੋਖੇ ਕਰਕੇ (ਖ਼ਤਮ ਕਰਨ ਲਈ ਨਹੀ) ਨਵੇ, ਮਹਿੰਗੇ ਅਤੇ ਕੰਪਨੀ ਲਈ ਲਾਭਦਾਇਕ ਸਮਾਧਾਨਾਂ ਨੂੰ ਲੈ ਕੇ ਆਉਣਾ ਸ਼ਾਇਦ ਇਸ ਐਗ੍ਰੀਕੈਮੀਕਲ ਕੰਪਨੀ ਦਾ ਬਿਜਨੈੱਸ ਮਾਡਲ ਹੈ।
ਹੁਣ ਪ੍ਰਸ਼ਨ ਇਹ ਹੈ ਕਿ ਕੀ ਈ ਪੀ ਏ ਦੇ ਫੈਸਲਾ ਕਰਨ ਵਾਲੇ ਅਧਿਕਾਰੀ ਰਿਪੋਰਟ ਦੇ ਇਸ ਹੈਰਾਨ ਕਰਨ ਵਾਲੇ ਹਿੱਸੇ ਵੱਲ ਧਿਆਨ ਦੇਣਗੇ ਅਤੇ ਅਸਲ ਕਰਤਾ ਮੌਨਸੈਂਟੋ 'ਤੇ ਸਵਤੰਤਰ ਨਿਗ੍ਹਾ ਰੱਖਣੀ ਸ਼ੁਰੂ ਕਰਨਗੇ?
ਜਿੱਥੋ ਤੱਕ ਮੱਧ ਪੱਛਮ ਵਿੱਚ ਫਿਰ ਰਹੇ ਉਸ ਭੁੱਖੇ ਜੜ੍ਹਾਂ ਨੂੰ ਖਾਣ ਵਾਲੇ ਕੀੜੇ ਦਾ ਸਵਾਲ ਹੈ ਤਾਂ ਉਸ ਲਈ ਬੜਾ ਹੀ ਆਸਾਨ ਹੱਲ ਹੈ - 'ਦਿ ਯੂਨੀਅਨ ਆੱਫ ਕਨਸਰਨਡ ਸਾਂਇੰਟਿਸਟ ਦੇ ਡਾੱਗ ਗੁਰੀਅਨ ਸ਼ੇਰਮਨ ਨੇ ਪਹਿਲਾਂ ਵੀ ਅਤੇ ਹੁਣ ਵੀ ਕਿਹਾ ਹੈ ਕਿ ਸਭ ਤੋਂ ਪਹਿਲਾਂ ਖੇਤਾ ਵਿੱਚ ਬਹੁਤ ਜ਼ਿਆਦਾ ਮੱਕੀ ਲਗਾਉਣਾ ਬੰਦ ਕਰੋ। ਖੇਤਾਂ ਵਿੱਚ ਵੰਨ-ਸੁਵੰਨਤਾ, ਮੌਨਸੈਂਟੋ ਵੱਲੋ ਬਣਾਏ ਅਤੇ ਪੇਟੈਂਟ ਕੀਤੇ ਗਏ ਬੀ ਟੀ ਤਕਨੀਕ ਤੋ ਕਿਤੇ ਵਧੀਆ ਹੈ ਅਤੇ ਇਹ ਵਿਭਿੰਨਤਾ ਸਾਨੂੰ ਇੱਕ ਸਿਹਤਮੰਦ ਭੋਜਨ ਦੀ ਪੂਰਤੀ ਵੀ ਕਰਦੀ ਹੈ।   

ਖੇਤੀ ਵਿੱਚ ਨਦੀਨਾਂ ਨੂੰ ਖਤਮ ਕਰਨ ਲਈ ਗਲਾਈਸੋਫੇਟ ਦੀ ਵਰਤੋਂ ਫਸਲਾਂ, ਜ਼ਮੀਨ, ਪਸ਼ੂਆਂ ਅਤੇ ਖਪਤਕਾਰਾਂ ਦੀ ਸਿਹਤ ਲਈ ਘਾਤਕ

ਅਮਰੀਕਾ ਵਿੱਚ ਵੱਖ-ਵੱਖ ਫਸਲਾਂ ਉੱਤੇ ਗਲਾਈਸੋਫੇਟ ਦੇ ਮਾਰੂ ਅਸਰਾਂ ਬਾਰੇ ਪਿਛਲੇ 20 ਸਾਲਾਂ ਤੇ ਲਗਾਤਾਰ ਖੋਜ਼ ਕਰ ਰਹੇ ਅਮਰੀਕੀ ਖੇਤੀਬਾੜੀ ਵਿਭਾਗ ਦੇ ਸੀਨੀਅਰ ਵਿੱਗਿਆਨੀ ਡਾਨ ਹਿਊਬਰ ਨੇ ਖੁਲਾਸਾ ਕੀਤਾ ਹੈ ਕਿ ਫਸਲਾਂ ਲਗਾਤਾਰ ਵਿੱਚ ਵਧ ਰਹੇ ਰੋਗਾਂ ਦੇ ਹਮਲੇ ਪਿੱਛੇ ਗਲਾਈਸੋਫੇਟ ਸਿੱਧੇ ਤੌਰ 'ਤੇ ਜਿੰਮੇਵਾਰ ਹੈ। ਸ਼੍ਰੀ ਹਿਊਬਰ ਸੰਯੁਕਤ ਰਾਜ ਅਮਰੀਕਾ ਖੇਤੀਬਾੜੀ ਵਿਭਾਗ ਦੇ ਨੈਸ਼ਨਲ ਡਿਜੀਜ਼ ਰਿਕਵਰੀ ਸਿਸਟਮ (ਰਾਸ਼ਟਰੀ ਰੋਗ ਨਿਵਾਰਣ ਪ੍ਰਣਾਲੀ) ਵਿੱਚ ਪਿਛਲੇ 40 ਸਾਲਾਂ ਤੋਂ ਪਲਾਂਟ ਫੀਜਿਉਲੌਜ਼ੀ ਅਤੇ ਪੈਥੋਲੋਜਿਸਟ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਗਲਾਈਸੋਫੇਟ ਦੇ ਫਸਲਾਂ ਉੱਪਰ ਮਾਰੂ ਅਸਰਾਂ ਬਾਰੇ ਖੋਜ਼ ਦੌਰਾਨ ਉਹਨਾਂ ਨੇ ਪਾਇਆ ਕਿ ਗਲਾਈਸੋਫੇਟ ਕਾਰਨ ਭੂਮੀ ਵਿੱਚ ਨਵੀਂ ਤਰ੍ਹਾਂ ਦੇ ਵਿਛਾਣੂ ਪੈਦਾ ਹੋਏ ਹਨ, ਜਿਹਨਾਂ ਨੂੰ ਉਹਨਾਂ ਨੇ ਨਿਊ ਟੂ ਸਾਂਇੰਸ ਦਾ ਵਿਸ਼ੇਸ਼ਣ ਦਿੱਤਾ ਹੈ। ਇਸਦੇ ਨਾਲ ਹੀ ਸ਼੍ਰੀ ਹਿਊਬਰ ਨੇ ਯੂਨਾਇਟਿਡ ਕਿੰਗਡਮ (ਇੰਗਲੈਂਡ) ਦੀ ਸੰਸਦ ਵਿੱਚ ਤਕਰੀਰ ਕਰਦਿਆਂ ਇਹ ਵੀ ਖੁਲਾਸਾ ਕੀਤਾ ਕਿ ਵਾਤਾਵਰਣ, ਜਾਨਵਰਾਂ ਅਤੇ ਮਨੁੱਖੀ ਸਿਹਤ ਲਈ ਸਭ ਤੋਂ ਗੰਭੀਰ ਖ਼ਤਰਾ ਹੈ।
ਸ਼੍ਰੀ ਹਿਊਬਰ ਦੀ ਖੋਜ਼ ਅਨੁਸਾਰ ਗਲਾਈਸੋਫੇਟ ਕਾਰਨ ਭੂਮੀ ਵਿੱਚ ਨਵੀਂਆਂ ਕਿਸਮਾਂ ਦੇ ਵਿਛਾਣੂ ਪਨਪਣ ਕਾਰਨ ਫਸਲਾਂ ਉੱਤੇ ਬਿਮਾਰੀਆਂ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ। ਭੂਮੀ ਵਿਚਲੇ ਸਹਿਯੋਗੀ ਜੀਵਾਣੂਆਂ ਦੇ ਵਿਨਾਸ਼ ਕਾਰਨ ਪੌਦਿਆਂ ਨੂੰ ਪੋਸ਼ਕ ਤੱਤਾਂ ਦੀ ਉਪਲਭਧਤਾ ਘਟ ਜਾਂਦੀ ਹੈ। ਸਿੱਟੇ ਵਜੋਂ ਉਹ ਕਈ ਤਰ੍ਹਾਂ ਦੇ ਤੱਤਾਂ ਘਾਟ ਦਾ ਸ਼ਿਕਾਰ ਹੋ ਜਾਂਦੇ ਹਨ। ਇਸਦੇ ਨਤੀਜੇ ਵਜੋਂ ਜਾਨਵਰ ਅਤੇ ਅੱਗੇ ਚੱਲ ਕੇ ਮਨੁੱਖ ਭਿਆਨਕ ਬਿਮਾਰੀਆਂ ਸ਼ਿਕਾਰ ਹੋ ਸਕਦੇ ਹਨ।
ਖੋਜ਼ ਵਿੱਚ ਇਹ ਤੱਥ ਵਿਸ਼ੇਸ਼ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ ਕਿ ਗਲਾਈਸੋਫੇਟ ਪੌਦਿਆਂ ਨੂੰ ਸੂਖਮ ਪੋਸ਼ਕ ਤੱਤਾਂ ਦੀ ਸਪਲਾਈ ਰੋਕ ਦਿੰਦਾ ਹੈ। ਜਿਹੜੇ ਕਿ ਪੌਦਿਆਂ ਨੂੰ ਤੰਦਰੁਸਤੀ ਪ੍ਰਦਾਨ ਕਰਨ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਪ੍ਰਦਾਨ ਕਰਦੇ ਹਨ। ਜੀ ਐਮ ਜਾਂ ਬੀਟੀ ਫਸਲਾਂ ਦੇ ਮਾਮਲੇ ਵਿੱਚ ਇਹ ਤੱਥ ਹੋਰ ਵੀ ਭਿਆਨਕ ਸਿੱਧ ਹੋ ਸਕਦੇ ਹਨ। ਜਿਵੇਂ ਕਿ ਰਾਂਊਂਡ ਅੱਪ ਰੈਡੀ ਜੀ ਐਮ ਫਸਲਾਂ ਜਿਹਨਾਂ ਵਿੱਚ ਕਿ ਗਲਾਈਸੋਫੇਟ ਵੱਡੇ ਪੱਧਰ 'ਤੇ ਨਦੀਨਨਾਸ਼ਕ ਵਜੋਂ ਛਿੜਕਿਆ ਜਾਂਦਾ ਹੈ ਵਿੱਚ ਨਵੇਂ ਤਰ੍ਹਾਂ ਦੇ ਵਿਛਾਣੂਆਂ ਦੀ ਭਰਮਾਰ ਹੈ। ਜਿਹੜੀ ਕਿ ਹੁਣ ਘੋੜਿਆਂ, ਭੇਡਾਂ, ਸੂਰਾਂ, ਗਊਆਂ, ਮੁਰਗੀਆਂ ਦੇ ਪ੍ਰਜਨਣ ਭਾਗਾਂ- ਵੀਰਯ ਅਤੇ ਐਮਿਉਟਿਕ ਤਰਲ (ਗਰਭ ਕਾਲ ਦੌਰਾਨ ਬੱਚੇਦਾਨੀ ਵਿੱਚ ਪਾਇਆ ਜਾਣ ਵਾਲਾ ਤਰਲ ਪਦਾਰਥ ) ਸਮੇਤ ਮਲਟੀਪਲ ਟਿਸ਼ੂਜ, ਫਸਲੀ ਰਹਿੰਦ-ਖੂੰਹਦ, ਮਲ-ਮੂਤਰ, ਭੂਮੀ, ਅੰਡਿਆਂ, ਦੁੱਧ ਵਿੱਚ ਪਾਈ ਜਾ ਰਹੀ ਹੈ।  ਇੱਥੋਂ ਤੱਕ ਕਿ ਆਮ ਹੀ ਪਾਈਆਂ ਜਾਣ ਵਾਲੀਆ ਹਾਨੀਕਾਰੀ ਉੱਲੀਆਂ ਜਿਵੇਂ ਕਿ ਫਿਊਜੇਰੀਅਮ ਸੋਲਿਨੀ ਐਫ ਐਸ ਪੀ ਗਲਾਈਸਿਨਜ਼ ਮਾਈਸੇਲੀਅਮ ਜੀ ਐਮ ਫਸਲਾਂ 'ਤੇ ਭਾਰੀ ਪੈ ਰਹੀਆਂ ਹਨ। ਸਿੱਟੇ ਵਜੋਂ ਗਲਾਈਸੋਫੇਟ ਦੇ ਛਿੜਕਾਅ ਵਾਲੇ ਖੇਤਾਂ ਵਿੱਚ ਪੌਦੇ ਪਲਾਂਟ ਗੌਸ ਵਿਲਟ ਅਤੇ ਸਡਨ ਡੈੱਥ ਸਿੰਡਰੋਮ ਦੇ ਸ਼ਿਕਾਰ ਹੋ ਕੇ ਮਰ ਰਹੇ ਹਨ।  
ਇਸ ਲਈ ਗਲਾਈਸੋਫੇਟ ਦੇ ਭੂਮੀ ਦੀ ਉਪਜਾਊ ਸ਼ਕਤੀ ਸਮੇਤ ਸਮੁੱਚੇ ਵਾਤਾਵਰਣ, ਜਾਨਵਰਾਂ ਅਤੇ ਮਨੁਖੀ ਉੱਪਰ ਹੋ ਰਹੇ ਮਾਰੂ ਅਸਰਾਂ ਮੱਦ-ਏ-ਨਜ਼ਰ ਖੇਤੀ ਵਿੱਚ ਗਲਾਈਸੋਫੇਟ ਦੀ ਵਰਤੋਂ 'ਤੇ ਮੁੜ ਵਿਚਾਰ ਕੀਤੀ ਜਾਣੀ ਚਾਹੀਦੀ ਹੈ।
ਪੂਰੀ ਰਿਪੋਰਟ ਦਾ ਵਿਸਥਾਰ  “ਬਲਿਹਾਰੀ ਕੁਦਰਤ” ਦੇ ਅਗਲੇ ਅੰਕ ਵਿੱਚ ਪਾਠਕਾਂ ਨਾਲ ਸਾਂਝਾ  ਕੀਤਾ ਜਾਵੇਗਾ

No comments:

Post a Comment