Friday, 20 January 2012

ਖਬਰਾਂ ਖੇਤਾਂ 'ਚੋਂ

…ਤੇ ਬਾਪੂ ਮੰਨ ਗਿਆ

ਬੀਤੇ ਸਾਲ ਅਕਤੂਬਰ ਮਹੀਨੇ ਜਲੰਧਰ ਜਿਲ੍ਹੇ ਤੋਂ ਕੁਦਰਤੀ ਖੇਤੀ ਦੀ ਟ੍ਰੇਨਿੰਗ ਲੈ ਕੇ ਗਏ ਪਿੰਡ ਘੁੱਗ ਦੇ ਕਿਸਾਨਾਂ ਦੇ ਆਗੂ ਸ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਟ੍ਰੇਨਿੰਗ ਲੈਣ ਉਪਰੰਤ ਜਦੋਂ ਅਸੀਂ ਪਿੰਡ ਜਾ ਆਪਣੇ ਬਜ਼ੁਰਗਾਂ ਨਾਲ ਕੁਦਰਤੀ ਖੇਤੀ ਸ਼ੁਰੂ ਕਰਨ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਇੱਕ ਦਮ ਮਨਾ ਕਰ ਦਿੱਤਾ ਅਤੇ ਕਿਹਾ ਕਿ ਬਿਨਾਂ ਜ਼ਹਿਰਾਂ ਅਤੇ ਰਸਇਣਕ ਖਾਦਾਂ ਦੇ ਖੇਤੀ ਹੋ ਹੀ ਨਹੀਂ ਸਕਦੀ।  ਪਰ ਜਿਵੇਂ ਹੀ ਅਸੀਂ ਟ੍ਰੇਨਿੰਗ ਦੌਰਾਨ ਸਿੱਖੀਆਂ ਕੁਦਰਤੀ ਖੇਤੀ ਵਿਧੀਆਂ ਖੇਤੀ ਵਿੱਚ ਲਾਗੂ ਕੀਤਾ ਤਾਂ ਉਹਨਾਂ ਦੇ ਚਮਤਕਾਰੀ ਨਤੀਜੇ ਮਿਲਣੇ ਸ਼ੁਰੂ ਹੋ ਗਏ। 
ਸਤਿੰਦਰਪਾਲ ਨੇ ਦੱਸਿਆ ਕਿ ਉਹਨਾਂ ਦੁਆਰੇ ਹਰੇ ਚਾਰੇ ਅਤੇ ਆਲੂਆਂ  ਦੀ ਫਸਲ ਉੱਤੇ ਇੱਕ ਸਾਲ ਪੁਰਾਣੀਆਂ ਪਾਥੀਆਂ ਦੇ ਪਾਣੀ ਅਤੇ ਖੱਟੀ ਲੱਸੀ ਦੇ ਛਿੜਕਾਅ ਨੇ ਚਮਤਕਾਰ ਹੀ ਕਰ ਦਿੱਤਾ। ਇਹਨਾਂ ਦੇ ਛਿੜਕਾਅ ਨਾਲ ਜਿੱਥੇ ਹਰੇ ਚਾਰੇ ਅਤੇ ਆਲੂਆਂ ਦੀ ਫਸਲ ਦਾ ਭਰਪੂਰ ਵਾਧਾ ਹੋਇਆ ਉੱਥੇ ਹੀ ਆਲੂਆਂ ਦੀ ਫਸਲ ਵਾਇਰਸ ਦੇ ਹਮਲੇ ਤੋਂ ਵੀ ਬਚ ਗਈ ਅਤੇ ਸਬਜ਼ੀਆਂ ਵਿੱਚ ਨਤੀਜ਼ੇ ਲਾਜਵਾਬ ਰਹੇ। ਇਹ ਸਭ ਦੇਖ ਕੇ ਜਿੱਥੇ ਸਾਡੇ ਬਜ਼ੁਰਗਾਂ ਅਰਥਾਤ ਮੇਰੇ ਬਾਪੂ ਨੇ ਕੁਦਰਤੀ ਖੇਤੀ ਕਰਨ ਲਈ ਹਾਂ ਕਰ ਦਿੱਤੀ ਉੱਥੇ ਦੂਜੇ ਪਾਸੇ ਸਾਡੇ ਨਾਲ ਟ੍ਰੇਨਿੰਗ ਲੈ ਕੇ ਗਏ ਇੱਕ ਬਜ਼ੁਰਗ ਕਿਸਾਨ ਦਾ ਪੁੱਤਰ ਜਿਹੜਾ ਕਿ ਸਾਡੇ ਬਜ਼ੁਰਗ ਵਾਂਗੂ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਬਿਨਾਂ ਜ਼ਹਿਰਾਂ ਅਤੇ ਰਸਇਣਕ ਖਾਦਾਂ ਤੋਂ ਵੀ ਖੇਤੀ ਹੋ ਸਕਦੀ ਹੈ। ਕੁਦਰਤੀ ਖੇਤੀ ਦੇ ਉਪਰੋਕਤ ਚਮਤਕਾਰ ਦੇਖ ਕੇ ਉਸਨੇ ਵੀ ਕੁਦਰਤੀ ਖੇਤੀ ਵੱਲ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਹੈ।  
ਸਤਿੰਦਰਪਾਲ ਨੇ ਇਹ ਵੀ ਦੱਸਿਆ ਕਿ ਮੌਜੂਦਾ ਸਮੇਂ ਉਹਨਾਂ ਦੁਆਰਾ ਕੁਦਰਤੀ ਖੇਤੀ ਤਹਿਤ ਬੀਜੀ ਗਈ ਕਣਕ, ਹਰਾ ਚਾਰਾ ਅਤੇ ਸਬਜ਼ੀਆਂ ਹਰ ਪੱਖੋਂ ਤਸੱਲੀਬਖ਼ਸ਼ ਨਤੀਜੇ ਦੇ ਰਹੀਆਂ ਹਨ। 

ਕੁਦਰਤੀ ਖੇਤੀ ਵਿੱਚ ਦੇਸੀ ਨਰਮੇ ਨੇ ਦਿੱਤਾ ਪ੍ਰਤੀ ਏਕੜ 28 ਮਣ ਝਾੜ

ਫ਼ਰੀਦਕੋਟ ਜਿਲ੍ਹੇ ਦੇ ਪਿੰਡ ਚੈਨਾ ਵਿਖੇ ਉੱਘੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਅਮਰਜੀਤ ਸ਼ਰਮਾ ਦੇ ਖੇਤ ਕੁਦਰਤੀ ਖੇਤੀ ਤਹਿਤ ਉਗਾਏ ਗਏ ਦੇਸੀ ਨਰਮੇ ਨੇ ਪ੍ਰਤਿ ਏਕੜ 28 ਮਣ ਝਾੜ ਦਿੱਤਾ। ਇਸਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਨਰਮੇ ਦੀ ਇਸ ਫਸਲ ਉੱਤੇ ਇੱਕ ਨਵੇਂ ਪੈਸੇ ਦੀ ਲਾਗਤ ਨਹੀਂ ਆਈ। ਕਿਉਂਕਿ ਉਹਨਾਂ ਨੇ ਨਰਮੇ ਦੀ ਇਸ ਫਸਲ 'ਤੇ ਸਿਰਫ 4 ਸਪ੍ਰੇਆਂ ਗੋਮੂਤਰ ਅਤੇ 4 ਹੀ ਸਪ੍ਰੇਆ ਖੱਟੀ ਲੱਸੀ ਦੀਆਂ ਕੀਤੀਆਂ ਜਿਹਨਾਂ ਉੱਤੇ ਕਿ ਇੱਕ ਵੀ ਪੈਸਾ ਖਰਚ ਨਹੀਂ ਹੋਇਆ। ਦੇਸੀ ਨਰਮੇ ਦਾ ਇਹ ਬੇਨਾਮ ਬੀਜ ਉਹਨਾਂ ਨੂੰ ਖੇਤੀ ਵਿਰਾਸਤ ਮਿਸ਼ਨ ਦੇ ਮਾਧਿਅਮ ਨਾਲ ਰਤੀਏ ਦੇ ਇੱਕ ਕੁਦਰਤੀ ਖੇਤੀ ਕਿਸਾਨ ਤੋਂ ਮਿਲਿਆ ਸੀ। 
ਸ਼ਰਮਾ ਜੀ ਨੇ ਇਸ ਸਬੰਧ ਵਿੱਚ ਦੱਸਿਆ ਕਿ ਨਰਮੇ ਦਾ ਇਹ ਦੇਸੀ ਬੀਜ ਕੁਦਰਤੀ ਖੇਤੀ ਵਾਲੇ ਕਿਸਾਨਾਂ ਲਈ ਹਰ ਪੱਖੋਂ ਲਾਹੇਵੰਦ ਸਿੱਧ ਹੋ ਸਕਦਾ ਹੈ। ਕਿਉਂਕਿ ਇਸ ਬੀਜ ਤੋਂ ਉਗਾਈ ਗਈ ਫਸਲ ਆਮ ਨਰਮੇ ਦੇ ਮੁਕਾਬਲੇ ਇੱਕ ਮਹੀਨਾ ਪਹਿਲਾਂ ਹੀ ਖੇਤ ਖਾਲੀ ਕਰ ਦਿੰਦੀ ਹੈ। ਸਿੱਟੇ ਵਜੋਂ ਨਰਮੇ ਦੇ ਵੱਢ ਵਿੱਚ ਕਣਕ ਦੀ ਬਿਜਾਈ ਲੇਟ ਨਹੀਂ ਹੁੰਦੀ। ਸ਼ਰਮਾ ਜੀ ਦਾ ਕਹਿਣਾ ਹੈ ਕਿ ਅਗਲੀ ਵਾਰ ਉਹ ਬਿਜਾਈ ਦੇ ਢੰਗ ਵਿੱਚ ਤਬਦੀਲੀ ਕਰਕੇ ਇਸ ਨਰਮੇ ਦੇ ਝਾੜ ਵਿੱਚ ਹੋਰ ਵੀ ਵਾਧਾ ਕਰਨ ਦੀ ਕੋਸ਼ਿਸ਼ ਕਰਨਗੇ। 
ਸ਼ਰਮਾ ਜੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਖੇਤ ਵਿੱਚ ਬੀਜੇ ਗਏ ਪੀ ਏ ਯੂ ਦੇ ਐੱਫ 1378 ਵਰਾਇਟੀ ਦੇ ਨਰਮੇ ਦਾ ਝਾੜ ਵੀ 22 ਮਣ ਪ੍ਰਤੀ ਏਕੜ ਰਿਹਾ ਹੈ ਅਤੇ ਇਸ ਵਿੱਚ ਬੀਜ ਸਮੇਤ ਉਹਨਾਂ ਦਾ ਲਾਗਤ ਖਰਚ ਸਿਰਫ 600 ਰੁਪਏ ਪ੍ਰਤੀ ਏਕੜ ਰਿਹਾ। ਨਰਮੇ ਦੀ ਇਸ ਫਸਲ 'ਤੇ ਉਹਨਾਂ ਖੱਟੀ ਲੱਸੀ ਅਤੇ ਗੋਮੂਤਰ ਦੀਆਂ ਛੇ-ਛੇ ਸਪ੍ਰੇਆਂ ਕਰਨ ਤੋਂ ਇਲਾਵਾ ਇੱਕ ਸਪ੍ਰੇਅ ਬ੍ਰਹਮ ਅਸਤਰ ਦੀ ਕੀਤੀ।  ਉਹਨਾਂ ਕਿਹਾ ਕਿ ਕਦੇ ਉਹਨਾ ਨੂੰ ਟਿੱਚਰਾਂ ਕਰਨ ਵਾਲੇ ਇਹਨਾਂ ਦੇ ਗਵਾਂਢੀ ਕਿਸਾਨ  ਹੁਣ ਇਹ ਕਹਿਣ ਲੱਗ ਪਏ ਹਨ ਕਿ ਸ਼ਰਮਾ ਜੀ ਮਹਿੰਗਾਈ ਦੇ ਇਸ ਦੌਰ ਵਿੱਚ ਤੁਸੀਂ ਤਾਂ ਆਪਣਾ ਖੇਤ ਜਿਉਂਦਾ ਕਰਕੇ ਬਿਨਾਂ ਕਿਸੇ ਖਰਚੇ ਦੇ ਸਫਲ ਕੁਦਰਤੀ ਖੇਤੀ ਕਰਨ ਵਿੱਚ ਮੁਹਾਰਤ ਹਾਸਲ ਕਰ ਲਈ ਹੈ ਪਰ ਅਸੀਂ ਤਾਂ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਖਰਚਿਆਂ ਖੁਣੋਂ ਖੇਤੀ ਕਰਨ ਲਾਇਕ ਹੀ ਨਹੀਂ ਰਹਾਂਗੇ।  

ਜਲੰਧਰ ਜਿਲ੍ਹੇ ਦੇ ਪਿੰਡ ਘੁੱਗ ਦੇ ਕਿਸਾਨਾਂ ਨੇ ਕੀਤਾ ਦਬੜੀਖਾਨਾ ਤੇ ਚੈਨਾ ਪਿੰਡ ਦਾ ਦੌਰਾ
ਕੁਦਰਤੀ ਖੇਤੀ ਦੀ ਟ੍ਰੇਨਿੰਗ ਲੈ ਕੇ ਲਿਆ ਕੁਦਰਤੀ ਖੇਤੀ ਸ਼ੁਰੂ ਕਰਨ ਦਾ ਅਹਿਦ

ਬੀਤੇ ਸਾਲ ਅਕਤੂਬਰ ਮਹੀਨੇ ਜਲੰਧਰ ਜਿਲ੍ਹੇ ਦੇ ਪਿੰਡ ਘੁੱਗ ਤੋਂ ਸਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਇੱਕ ਕਿਸਾਨ ਸਮੂਹ ਅਤੇ ਫ਼ਰੀਦਕੋਟ ਦੇ ਪਿੰਡ ਪੰਜਗਰਾਈ ਖੁਰਦ ਤੋਂ ਦੋ ਕਿਸਾਨ ਭਰਾ ਕੁਦਰਤੀ ਖੇਤੀ ਦੀ ਟ੍ਰੇਨਿੰਗ ਲੈਣ ਵਾਸਤੇ ਖੇਤੀ ਵਿਰਾਸਤ ਮਿਸ਼ਨ, ਜੈਤੋ ਦੇ ਕਾਰਜਕਰਤਾ ਅਤੇ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਕੋਲ ਟ੍ਰੇਨਿੰਗ ਲੈਣ ਲਈ  ਦਬੜੀਖਾਨਾ ਪੁੱਜੇ।  
ਇਸ ਮੌਕੇ ਗੁਰਪ੍ਰੀਤ ਦਬੜੀਖਾਨਾ ਨੇ ਆਏ ਕਿਸਾਨ ਵੀਰਾਂ ਨਾਲ ਕੁਦਰਤੀ ਖੇਤੀ ਦੀ ਲੋੜ ਅਤੇ ਮਹੱਤਵ ਬਾਰੇ ਵਿਚਾਰ ਕਰਦਿਆਂ ਕੁਦਰਤੀ ਖੇਤੀ ਸਬੰਧੀ ਉਹਨਾਂ ਦੇ ਸਵਾਲਾਂ ਦੇ ਠੋਸ ਜਵਾਬ ਦੇਣ ਦੇ ਨਾਲ-ਨਾਲ ਕੁਦਰਤੀ ਖੇਤੀ ਕਰਨ ਦੀ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਦੌਰਾਨ ਕਿਸਾਨਾਂ ਨੂੰ ਕੁਦਰਤੀ ਖੇਤੀ ਤਕਨੀਕਾਂ, ਤਰੀਕਿਆਂ ਅਤੇ ਉਹਨਾਂ ਦੇ ਪਿੱਛੇ ਦੇ ਸਰਲ ਵਿਗਿਆਨ ਨਾਲ ਜਾਣੂ ਕਰਵਇਆ ਗਿਆ। ਉਹਨਾਂ ਨਾਲ ਕੁਦਰਤੀ ਖੇਤੀ ਤਹਿਤ ਸਫਲ ਭੂਮੀ, ਕੀਟ ਅਤੇ ਰੋਗ ਪ੍ਰਬੰਧਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਮੌਜੂਦਾ ਕਿਸਾਨੀ ਸੰਕਟ ਪਿੱਛੇ ਫਸਲ ਕੇਂਦਰਤ ਖੇਤੀ ਪ੍ਰਣਾਲੀ ਇੱਕ ਮਾਤਰ ਕਾਰਨ ਹੈ। ਜਦੋਂਕਿ ਖੇਤੀ ਹਮੇਸ਼ਾ ਹੀ ਭੂਮੀ ਕੇਂਦਰਤ ਹੋਣੀ ਚਾਹੀਦੀ ਹੈ। ਇਹਦੇ ਨਾਲ ਹੀ ਆਏ ਹੋਏ ਕਿਸਾਨ ਵੀਰਾਂ ਨਾਲ ਖੇਤੀ ਵਿੱਚ ਗੁੜਜਲ ਅੰਮ੍ਰਿਤ, ਪਾਥੀਆਂ ਦੇ ਪਾਣੀ, ਖੱਟੀ ਲੱਸੀ, ਪੁਰਾਣੇ ਪਸ਼ੂ ਮੂਤਰ ਅਤੇ ਕੱਚੇ ਦੁੱਧ ਆਦਿ ਘਰੇਲੂ ਵਸਤਾਂ ਦੀ ਭੁਮਿਕਾ ਅਤੇ ਅਹਿਮੀਅਤ ਵੀ ਸਾਂਝੀ ਕੀਤੀ ਗਈ। 
ਟ੍ਰੇਨਿੰਗ ਉਪਰੰਤ ਕਿਸਾਨ ਭਰਾਵਾਂ ਨੇ ਪਿੰਡ ਦਬੜੀਖਾਨਾ ਅਤੇ ਚੈਨਾ ਵਿਖੇ ਸ. ਦਰਸ਼ਨ ਸਿੰਘ ਅਤੇ ਸ਼੍ਰੀਅਮਰਜੀਤ ਸ਼ਰਮਾ ਦੇ ਕੁਦਰਤੀ ਖੇਤੀ ਫਾਰਮ ਵੀ ਦੇਖੇ। ਜਿੱਥੇ ਦਰਸ਼ਨ ਸਿੰਘ ਦੇ ਖੇਤ ਵਿੱਚ ਉਹਨਾਂ ਨੇ ਬਾਸਮਤੀ 1121 ਦੀ ਭਰਪੂਰ ਫਸਲ ਦੇਖੀ ਉੱਥੇ ਹੀ ਅਮਰਜੀਤ ਸ਼ਰਮਾ ਦੇ ਖੇਤ ਵਿੱਚ ਕੁਦਰਤੀ ਖੇਤੀ ਤਹਿਤ ਉਗਾਈਆਂ ਗਈਆਂ ਗੰਨੇ, ਨਰਮੇ, ਹਰੇ ਚਾਰੇ ਅਤੇ ਸਬਜ਼ੀਆਂ ਸਮੇਤ ਲਗਪਗ 35 ਪ੍ਰਕਾਰ ਦੀਆਂ ਸਫਲ ਫਸਲਾਂ ਦੇ ਦਰਸ਼ਨ ਕੀਤੇ। ਇਸ ਮੌਕੇ ਸ਼੍ਰੀ ਅਮਰਜੀਤ ਸ਼ਰਮਾ ਨੇ ਆਏ ਹੋਏ ਕਿਸਾਨ ਵੀਰਾਂ ਨੂੰ ਵੱਖ-ਵੱਖ ਸਬਜ਼ੀਆਂ ਦੇ ਦੇਸੀ ਬੀਜ ਸੌਗਾਤ ਵਜੋਂ ਦਿੱਤੇ ਅਤੇ ਉਹਨਾਂ ਤੋਂ ਵਾਅਦਾ ਲਿਆ ਕਿ ਉਹ ਬੀਜਾਂ ਲਈ ਬਜ਼ਾਰ ਤੇ ਆਪਣੀ ਨਿਰਭਰਤਾ ਖਤਮ ਕਰ ਕੇ ਆਪਣੇ ਬੀਜ ਆਪ ਬਣਾਇਆ ਅਤੇ ਸੰਭਾਲਿਆ ਕਰਨਗੇ। 
ਅੰਤ ਆਏ ਹੋਏ ਕਿਸਾਨ ਵੀਰਾਂ ਨੇ ਸਭ ਦਾ ਧੰਨਵਾਦ ਕੀਤਾ ਅਤੇ ਵਾਪਸ ਜਾ ਕੇ ਕੁਦਰਤੀ ਖੇਤੀ ਸ਼ੁਰੂ ਕਰਨ ਦਾ ਅਹਿਦ ਲੈ ਕੇ ਵਾਪਸ ਆਪਣੇ ਪਿੰਡਾਂ ਵੱਲ ਰਵਾਨਗੀ ਪਾਈ। 

ਕੁਦਰਤੀ ਖੇਤੀ ਲਈ ਵਰਦਾਨ  ਹੈ ਪਾਥੀਆਂ ਦੇ ਪਾਣੀ ਅਤੇ ਕੱਚੇ ਦੁੱਧ ਦੀ ਸਪ੍ਰੇਅ 

ਖੇਤੀ ਵਿਰਾਸਤ ਮਿਸ਼ਨ ਵੱਲੋਂ ਸੂਬੇ ਭਰ ਵਿੱਚ ਫਸਲਾਂ ਦੀ ਵਧੀਆਂ ਅਤੇ ਰਸਾਇਣ ਮੁਕਤ ਗਰੋਥ ਲਈ ਕਿਸਾਨਾਂ ਨੂੰ ਸੁਝਾਈ ਗਈ ਪਾਥੀਆਂ ਦੇ ਪਾਣੀ ਦੀ ਵਰਤੋਂ ਦੇ ਲਗਾਤਾਰ ਚਮਤਕਾਰੀ ਨਤੀਜੇ ਮਿਲ ਰਹੇ ਹਨ। ਇਸ ਦੀ ਤਾਜਾ ਮਿਸਾਲ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਡੇਲਿਆਂ ਵਾਲੀ ਅਤੇ ਕਰੀਰ ਵਾਲੀ ਵਿੱਚ ਵੇਖਣ ਨੂੰ ਮਿਲੀ।  ਇਹਨਾਂ ਪਿੰਡਾਂ ਵਿੱਚ ਖੇਤੀ ਵਿਰਾਸਤ ਮਿਸ਼ਨ ਦੁਆਰਾ ਐਸੋਸੀਏਸ਼ਨ ਫਾਰ ਇੰਡੀਅਜ਼ ਡਿਵੈਲਪਮੈਂਟ ਦੀ ਸਹਾਇਤਾ ਨਾਲ ਚਲਾਈ ਜਾ ਰਹੀ ਰਸਾਇਣ ਮੁਕਤ ਘਰੇਲੂ ਬਗੀਚੀ ਮੁਹਿੰਮ ਤਹਿਤ ਔਰਤਾਂ ਨੂੰ ਕਾਮਯਾਬੀ ਨਾਲ ਜ਼ਹਿਰ ਮੁਕਤ ਸਬਜ਼ੀਆਂ ਪੈਦਾ ਕਰਨ ਬਾਰੇ ਦਿੱਤੀ ਗਈ ਜਾਣਕਾਰੀ ਤਹਿਤ ਇਹਨਾਂ ਪਿੰਡਾਂ ਦੀਆਂ ਬੀਬੀਆਂ ਨੇ ਜਦੋਂ ਪਾਥੀਆਂ ਦੇ ਪਾਣੀ ਦਾ ਛਿੜਕਾਅ ਘਰੇਲੂ ਬਗੀਚੀ ਵਿੱਚ ਲਗਾਈਆਂ ਸਬਜ਼ੀਆਂ, ਫੁੱਲ ਅਤੇ ਫ਼ਲਦਾਰ ਪੌਦਿਆਂ ਉੱਤੇ ਕੀਤਾ ਤਾਂ ਉਹਨਾਂ ਨੂੰ ਇਸਦੇ ਹੈਰਾਨੀਜਨਕ ਨਤੀਜੇ ਮਿਲੇ। 
ਇਸ ਸਬੰਧ ਵਿੱਚ ਆਪਣਾ-ਆਪਣਾ ਤਜ਼ਰਬਾ ਸਾਂਝਾ ਕਰਦਿਆਂ ਡੇਲਿਆਂ ਵਾਲੀ ਦੀ ਵਸਨੀਕ ਸ਼ਿੰਦਰ ਕੌਰ ਨੇ ਦੱਸਿਆ ਕਿ ਉਸਨੇ ਘਰ ਵਿੱਚ ਉਗਾਈਆਂ ਗਾਜ਼ਰਾਂ ਅਤੇ ਕਿੰਨੂਆਂ ਦੇ ਬੂਟੇ ਉੱਤੇ ਇੱਕ ਸਾਲ ਪੁਰਾਣੀਆਂ ਪਾਥੀਆਂ ਦੇ ਪਾਣੀ ਦੀ ਸਪ੍ਰੇਅ ਕੀਤੀ। ਸਪ੍ਰੇਅ ਕਰਨ ਉਪਰੰਤ ਦੇਖਿਆ ਕਿ ਦੋ ਦਿਨਾਂ ਵਿੱਚ ਹੀ ਗਾਜ਼ਰਾਂ ਦੇ ਬੂਟੇ ਪਹਿਲਾਂ ਦੇ ਮੁਕਾਬਲੇ ਕਾਫੀ ਵਧ ਗਏ। ਇੰਨਾ ਹੀ ਨਹੀਂ ਕਿੰਨੂਆਂ ਦਾ ਬੂਟਾ ਜਿਹੜਾ ਕਿ ਆਪਣੇ ਲਵਾਈ ਦੇ ਦਿਨ ਤੋਂ ਹੀ ਵਧ ਫੁੱਲ ਨਹੀਂ ਸੀ ਰਿਹਾ ਕੋਈ ਨਵਾਂ ਪੱਤਾ ਨਹੀਂ ਸੀ ਲਿਆ ਰਿਹਾ ਉਸਨੂੰ ਨਵੇਂ ਪੱਤੇ ਨਿਕਲ ਆਏ। ਪਾਥੀਆਂ ਦਾ ਪਾਣੀ ਸੱਚ-ਮੁੱਚ ਚਮਤਕਾਰੀ ਹੈ। ਘਰ ਵਿੱਚ ਇਸਦਾ ਚਮਤਕਾਰ ਦੇਖ ਕੇ ਮੇਰੇ ਪੁੱਤਰ ਨੇ ਖੇਤ ਵਿੱਚ ਵੀ ਪਾਥੀਆਂ ਦੇ ਪਾਣੀ ਅਤੇ ਹੋਰ ਕੁਦਰਤੀ ਖੇਤੀ ਵਿਧੀਆਂ ਲਾਗੂ ਕਰਨ ਦੀ ਹਾਮੀ ਭਰ ਦਿੱਤੀ ਹੈ। ਸ਼ਿਦਰ ਕੌਰ ਨੇ ਇਹ ਵੀ ਦੱਸਿਆ ਕਿ ਬੁਰੀ ਤਰਾਂ ਠੂਠੀ ਰੋਗ ਦੇ ਸ਼ਿਕਰ ਮਿਰਚਾਂ ਦੇ ਬੂਟਿਆਂ ਵਿੱਚੋਂ ਤਜ਼ਰਬੇ ਲਈ ਇੱਕ ਬੂਟੇ ਉੱਤੇ ਖੇਤੀ ਵਿਰਾਸਤ ਮਿਸ਼ਨ ਵਾਲਿਆਂ ਦੇ ਕਹੇ ਅਨੁਸਾਰ ਜਦੋਂ ਕੱਚੇ ਦੁੱਧ ਦੇ ਸਪ੍ਰੇਅ ਕੀਤੀ ਤਾਂ ਉਹ ਬੂਟਾ ਵੀ ਚਮਤਕਾਰੀ ਢੰਗ ਨਾਲ ਠੀਕ ਹੋ ਗਿਆ। 
ਇਸੇ ਤਰਾਂ ਇਸੇ ਪਿੰਡ ਦੀ ਆਂਗਨਵਾੜੀ ਵਰਕਰ ਬੀਬੀ ਜਸਵੀਰ ਕੌਰ ਨੇ ਦੱਸਿਆ ਕਿ ਉਸਨੇ ਮਿਸ਼ਨ ਵਾਲਿਆਂ ਦੇ ਕਹੇ ਅਨੁਸਾਰ ਆਪਣੇ ਘਰ ਵਿੱਚ ਲੱਗੇ ਗੇਂਦੇ ਦੇ ਲਗਪਗ ਸੁੱਕ ਚੱਲੇ ਬੂਟੇ ਉੱਤੇ ਪਾਥੀਆਂ ਦੇ ਪਾਣੀ ਦੀ ਸਪ੍ਰੇਅ ਕੀਤੀ ਤਾਂ ਅਗਲੇ ਦੋ ਕੁ ਦਿਨਾਂ ਵਿੱਚ ਹੀ ਉਹ ਬੂਟਾ ਮੁੜ ਤੋਂ ਹਰਾ ਹੋ ਗਿਆ। 
ਇਸੇ ਪਿੰਡ ਦੀ ਇੱਕ ਹੋਰ ਬੀਬੀ ਬਲਜੀਤ ਕੌਰ ਨੇ ਦੱਸਿਆ ਕਿ ਉਸਨੇ ਆਪਣੀ ਘਰੇਲੂ ਬਗੀਚੀ ਉੱਤੇ ਪਾਥੀਆਂ ਦੇ ਪਾਣੀ ਦੀ ਸਪ੍ਰੇਅ ਕਰਦਿਆਂ-ਕਰਦਿਆਂ ਬਗੀਚੀ ਵਿੱਚ ਹੀ ਲੱਗੇ ਅਨਾਰ ਦੇ ਬਿਲਕੁੱਲ ਸੁੱਕੇ ਹੋਏ ਬੂਟੇ 'ਤੇ ਵੀ ਇਸਦਾ ਛਿੜਕਾਅ ਕਰ ਦਿੱਤਾ। ਪਾਥੀਆਂ ਦੇ ਪਾਣੀ ਸਦਕਾ ਜਿੱਥੇ ਘਰੇਲੂ ਬਗੀਚੀ ਵਿੱਚ ਲਾਈ ਹੋਈ ਪਾਲਕ ਆਦਿ ਦਾ ਚੰਗਾ ਵਾਧਾ ਹੋਇਆ ਉੱਥੇ ਹੀ ਬਿਲਕੁੱਲ ਸੁੱਕ ਚੁੱਕਿਆ ਅਨਾਰ ਦਾ ਬੂਟਾ ਵੀ ਮੁੜ ਪੱਤੇ ਕੱਢ ਆਇਆ। 

ਦਿ ਸਕੂਲ ਚੇਨੱਈ ਦੇ ਵਿਦਿਆਰਥੀਆਂ ਨੇ ਕੀਤਾ ਖੇਤੀ ਵਿਰਾਸਤ ਮਿਸ਼ਨ ਦਾ ਦੌਰਾ
ਬੀਤੇ ਸਾਲ ਦਸੰਬਰ ਮਹੀਨੇ, ਜੇ ਕ੍ਰਿਸ਼ਨਾ ਮੂਰਤੀ ਫਾਂਉਡੇਸ਼ਨ ਦੇ ਦਿ ਸਕੂਲ ਚੇਨੱਈ ਦੇ ਵਿਦਿਆਰਥੀ ਖੇਤੀ ਵਿਰਾਸਤ ਮਿਸ਼ਨ ਦੇ ਯਤਨਾ ਸਦਕਾ ਪੰਜਾਬ ਵਿੱਚ ਹੋ ਰਹੀ ਕੁਦਰਤੀ ਖੇਤੀ ਦੇਖਣ ਆਏ। ਗਿਆਰਵੀ ਜਮਾਤ ਦੇ ਇਹਨਾਂ ਵਿਦਿਆਰਥੀਆਂ ਦੀ ਅਗਵਾਈ ਕਰ ਰਹੇ ਅਧਿਆਪਕ ਸ਼੍ਰੀ ਰਾਮ ਕੁਮਾਰ ਨੇ ਦੱਸਿਆ ਕਿ ਦੇਸ ਭਰ ਵਿੱਚ ਵਿਕਾਸ ਦੇ ਨਾਮ 'ਤੇ ਕੁਦਰਤੀ ਸੋਮਿਆਂ, ਵਾਤਾਵਰਣ ਅਤੇ ਸਿਹਤਾਂ ਦੀ ਬਰਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਬਦਲਵੇਂ ਵਿਕਾਸ ਮਾਡਲ ਦੀ ਭਾਲ ਵਿੱਚ ਇਹ ਬੱਚੇ ਪੰਜਾਬ ਆਏ ਹਨ। ਕਿਉਂਕਿ ਖੇਤੀ ਵਿਰਾਸਤ ਮਿਸ਼ਨ ਪੰਜਾਬ ਵਿੱਚ ਬਦਲਵੇਂ ਵਿਕਾਸ ਮਾਡਲ ਦੀ ਮੰਗ ਪੂਰੇ ਜ਼ੋਰਸ਼ੋਰ ਅਤੇ ਤਰਕਸੰਗਤ ਤਰੀਕੇ ਨਾਲ ਕਰਦੇ ਹੋਏ ਆਪਣੇ ਪੱਧਰ 'ਤੇ ਰਸਾਇਣਕ ਖੇਤੀ ਦੇ ਬਦਲ ਵਜੋਂ ਕੁਦਰਤੀ  ਖੇਤੀ ਨੂੰ ਸਥਾਪਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲਈ ਬੀਤੇ ਦੋ ਵਰਿਆਂ ਵਿੱਚ ਦਿ ਸਕੂਲ ਚੇਨੱਈ ਆਪਣੇ ਵਿੱਦਿਆਰਥੀਆਂ ਨੂੰ ਦੂਸਰੀ ਵਾਰ ਪੰਜਬ ਲੈ ਕੇ ਅਇਆ ਹੈ। 
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ, ਸ਼੍ਰੀ ਅਜੇ ਤ੍ਰਿਪਾਠੀ, ਗੁਰਪ੍ਰੀਤ ਦਬੜੀਖਾਨਾ ਅਤੇ ਬੀਬਾ ਅਮਨਜੋਤ ਕੌਰ ਨੇ ਖੇਤੀ ਵਿਰਾਸਤ ਮਿਸ਼ਨ ਆਉਣ 'ਤੇ ਇਹਨਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ਼੍ਰੀ ਦੱਤ ਨੇ ਆਏ ਵਿਦਿਆਰਥੀਆਂ ਨੂੰ ਮੌਜੂਦਾ ਵਿਕਾਸ ਮਾਡਲ ਦੇ ਆਮ ਲੋਕਾਂ ਪ੍ਰਤੀ ਨਿਰਦਈ ਵਤੀਰੇ ਅਤੇ ਭਿਆਨਕ ਵਾਤਾਵਰਣੀ ਨੁਕਸਾਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਹਮੇਸ਼ਾ ਕੁਦਰਤ ਅਤੇ ਲੋਕ ਪੱਖੀ ਵਿਕਾਸ ਮਾਡਲ ਦਾ ਪੱਖਧਰ ਹੈ। ਇਸੇ ਲਈ ਆਪਣੇ ਜਨਮ ਤੋਂ ਹੀ ਇਹ ਟਿਕਾਊ, ਲੋਕ ਅਤੇ ਕੁਦਰਤ ਪੱਖੀ ਵਿਕਾਸ ਮਾਡਲ ਲਈ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ। ਆਪਣੇ ਸੀਮਤ ਸਾਧਨਾਂ ਨਾਲ ਹੀ ਇਸ ਮਕਸਦ ਦੀ ਪ੍ਰਾਪਤੀ ਲਈ ਸੂਬੇ ਭਰ ਵਿੱਚ ਕੁਦਰਤੀ ਖੇਤੀ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਟ੍ਰੇਨਿੰਗ ਦੇਣ ਵਿੱਚ ਜੁਟਿਆ ਹੋਇਆ ਹੈ। ਕਿਉਂਕਿ ਕੁਦਰਤੀ ਖੇਤੀ ਹੀ ਰਸਾਇਣਕ ਖੇਤੀ ਦਾ ਟਿਕਾਊ ਤੇ ਸਰਵਉੱਤਮ ਬਦਲ ਹੈ। ਇਸ ਲਈ ਇਸ ਗੱਲ ਦੀ ਫ਼ੌਰੀ ਲੋੜ ਹੈ ਕਿ ਸਰਕਾਰਾਂ ਨੂੰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਲਈ ਬਾਦਲੀਲ ਮਜ਼ਬੂਰ ਕੀਤਾ ਜਾਵੇ। ਖੇਤੀ ਵਿਰਾਸਤ ਮਿਸ਼ਨ ਇਹੀ ਕੰਮ ਕਰਨ ਵਿੱਚ ਜੁਟਿਆ ਹੋਇਆ ਹੈ। 
ਇਸ ਦੌਰੇ ਦੌਰਾਨ 27 ਦਸੰਬਰ ਨੂੰ ਗੁਰਪ੍ਰੀਤ ਦਬੜੀਖਾਨਾ  ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਪਿੰਡ ਚੈਨਾ ਵਿਖੇ ਚਰਨਜੀਤ ਸਿੰਘ ਪੁੰਨੀ ਦੇ ਕੁਦਰਤੀ ਖੇਤੀ ਫਾਰਮ ਦਾ ਦੌਰਾ ਕੀਤਾ ਅਤੇ ਅਨੇਕਾਂ ਸਵਾਲ-ਜਵਾਬ ਕਰਕੇ ਸ਼੍ਰੀ ਪੁੰਨੀ ਤੋਂ ਕੁਦਰਤੀ ਖੇਤੀ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ। ਚਰਨਜੀਤ ਪੁੰਨੀ ਦੇ ਖੇਤ ਕੁਦਰਤੀ ਖੇਤੀ ਤਹਿਤ ਉਗਾਈਆਂ ਗਈਆਂ ਸਬਜ਼ੀਆਂ, ਲਸਣ ਅਤੇ ਗੰਨੇ ਦੀ ਖੇਤੀ ਦੇਖ ਕੇ ਵਿਦਿਆਰਥੀ ਬਹੁਤ ਖੁਸ਼ ਹੋਏ। ਇਸ ਮੌਕੇ ਸ. ਪੁੰਨੀ ਨੇ ਵਿਦਿਆਰਥੀਆਂ ਨੂੰ ਕੁਦਰਤੀ ਖੇਤੀ ਤਹਿਤ ਪੈਦਾ ਕੀਤੀਆਂ ਗਾਜ਼ਰਾਂ ਵੀ ਭੇਟ ਕੀਤੀਆਂ। 
ਦੌਰੇ ਦੇ ਅਗਲੇ ਪੜਾਅ ਵਜੋਂ 28 ਦਸੰਬਰ ਨੂੰ ਵਿਦਿਆਰਥੀਆਂ ਦਾ ਇਹ ਜੱਥਾ ਖੇਤੀ ਵਿਰਾਸਤ ਮਿਸ਼ਨ ਦੁਆਰਾ ਬਰਨਾਲੇ ਜਿਲ੍ਹੇ ਦੇ ਪਿੰਡ ਭੋਤਨਾ ਵਿਖੇ ਔਰਤਾਂ ਵਿੱਚ ਚਲਾਈ ਜਾ ਰਹੀ ਜ਼ਹਿਰ ਮੁਕਤ ਘਰੇਲੂ ਬਗੀਚੀ ਮੁਹਿੰਮ ਤਹਿਤ ਔਰਤਾਂ ਦਾ ਕੰਮ ਦੇਖਣ ਭੋਤਨਾ ਗਏ। ਜਿੱਥੇ ਬੀਬੀ ਅਮਰਜੀਤ ਕੌਰ ਦੀ ਅਗਵਾਈ ਵਿੱਚ ਜ਼ਹਿਰ ਮੁਕਤ ਘਰੇਲੂ ਬਗੀਚੀ ਲਾ ਰਹੀਆਂ ਔਰਤਾਂ ਨੇ  ਜੱਥੇ ਦਾ ਸਵਾਗਤ ਕੀਤਾ। ਵਿਦਿਆਰਥੀਆਂ ਨੇ ਪਿੰਡ ਦੀਆਂ ਔਰਤਾਂ ਨਾਲ ਹੋਈ ਮੀਟਿੰਗ ਦੌਰਾਨ ਉਹਨਾਂ ਦੇ ਇਸ ਕੰਮ ਸਬੰਧੀ ਅਨੇਕਾ ਸਵਾਲ-ਜਵਾਬ ਕੀਤੇ ਅਤੇ ਪਿੰਡ ਵਿੱਚ ਬੀਬੀਆਂ ਦੁਆਰਾ ਲਗਾਈਆਂ ਗਈਆਂ ਵੱਖ-ਵੱਖ ਘਰੇਲੂ ਬਗੀਚੀਆਂ ਦਾ ਦੌਰਾ ਕੀਤਾ। ਇਸ ਦੌਰਾਨ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਰਤਾ ਗੁਰਪ੍ਰੀਤ  ਦਬੜੀਖਾਨਾ  ਅਤੇ ਬੀਬਾ ਅਮਨਜੋਤ ਕੌਰ ਪੂਰਾ ਸਮਾਂ ਸੂਤਰਧਾਰ ਵਜੋਂ ਵਿਦਿਆਰਥੀਆਂ ਦੇ ਨਾਲ ਰਹੇ।  
ਅੰਤ 28 ਦਸੰਬਰ ਦੀ ਰਾਤ ਨੂੰ ਡੇਰਾ ਭਾਈ ਭਗਤੂ ਵਿਖੇ ਪਿੰਡ ਦੇ ਲੋਕਾਂ, ਖੇਤੀ ਵਿਰਾਸਤ ਮਿਸ਼ਨ ਦੇ ਸਟਾਫ, ਡੇਰਾ ਮੁੱਖੀ ਸ਼੍ਰੀ ਕ੍ਰਿਸ਼ਨਾਨੰਦ ਸ਼ਾਸ਼ਤਰੀ ਅਤੇ ਡੇਰੇ ਦੇ ਸੇਵਕਾਂ ਨਾਲ ਅਗੇਤੀ ਲੋਹੜੀ ਮਨਾ ਕੇ ਦਿ ਸਕੂਲ ਚੇਨੱਈ ਦੇ ਵਿਦਿਆਰਥੀ ਆਪਣੇ ਅਧਿਆਪਕ ਦੀ ਅਗਵਾਈ ਵਿੱਚ ਵਾਪਸ ਚੇਨੱਈ ਲਈ ਰਵਾਨਾ ਹੋ ਹੋ ਗਏ। 

ਘਰੇਲੂ ਬਗੀਚੀ(ਖੇਤੀ ਵਿਰਾਸਤ ਮਿਸ਼ਨ ਨੇ ਕਰੀਰ ਵਾਲੀ ਅਤੇ ਡੇਲਿਆਂ ਵਾਲੀ
ਵਿਖੇ ਲਾਏ ਔਰਤਾਂ ਦੇ ਫਾਰਮਰਜ਼ ਫੀਲਡ ਸਕੂਲ


ਖੇਤੀ ਵਿਰਾਸਤ ਮਿਸ਼ਨ ਵੱਲੋਂ 10 ਅਤੇ 12 ਜਨਵਰੀ 2011 ਨੂੰ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਕਰੀਰ ਵਾਲੀ ਅਤੇ ਡੇਲਿਆਂ ਵਾਲੀ ਵਿਖੇ ਪਿੰਡ ਵਿੱਚ ਕਿਚਨ ਗਾਰਡਨਿੰਗ ਕਰਨ ਵਾਲੀਆਂ ਔਰਤਾਂ ਦਾ ਫਾਰਮਰਜ਼ ਫੀਲਡ ਸਕੂਲ ਲਾਇਆ ਗਿਆ। ਇਹ ਸਕੂਲ ਖੇਤੀ ਵਿਰਾਸਤ ਮਿਸ਼ਨ ਦੁਆਰਾ ਐਸੋਸੀਏਸ਼ਨ ਫਾਰ ਇੰਡੀਅਜ਼ ਡਿਵੈਲਪਮੈਂਟ ਦੀ ਸਹਾਇਤਾ ਨਾਲ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਕਰੀਰਵਾਲੀ ਅਤੇ ਡੇਲਿਆਂਵਾਲੀ ਵਿੱਚ ਚਲਾਈ ਜਾ ਰਹੀ  ਜ਼ਹਿਰ ਅਤੇ ਰਸਾਇਣ ਮੁਕਤ ਘਰੇਲੂ ਬਗੀਚੀ ਮੁਹਿੰਮ ਤਹਿਤ ਲਾਇਆ ਗਿਆ।  
ਇਸ ਮੁਹਿੰਮ ਤਹਿਤ ਖੇਤੀ ਵਿਰਾਸਤ ਇਹਨਾਂ ਪਿੰਡਾ ਦੀਆਂ ਔਰਤਾਂ ਨੂੰ ਆਪਣੇ ਪਰਿਵਾਰਾਂ ਖਾਸ ਕਰ ਬੱਚਿਆਂ ਲਈ ਘਰਾਂ ਵਿੱਚ ਉਪਲਭਧ ਜਗਾ ਵਿੱਚ ਜ਼ਹਿਰ ਮੁਕਤ ਸਬਜ਼ੀਆਂ ਉਗਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਬੰਧਤ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਇਸੇ ਟ੍ਰੇਨਿੰਗ ਵਜੋਂ ਇਸ ਇਸਤ੍ਰੀ ਕਿਸਾਨਾਂ ਦੇ ਇਸ ਪਲੇਠੇ ਫਾਰਮਰਜ਼ ਫੀਲਡ ਸਕੂਲਾਂ ਵਿੱਚ ਆਈਆਂ 40 ਦੇ ਕਰੀਬ ਬੀਬੀਆਂ ਨੂੰ ਘਰੇਲੂ ਬਗੀਚੀ ਨੂੰ ਪ੍ਰਭਾਵਿਤ ਕਰਨ ਵਾਲੇ ਸ਼ਾਕਾਹਾਰੀ ਤੇ ਮਾਸਾਹਾਰੀ ਕੀਟਾਂ ਦੀ ਪਛਾਣ ਕਰਵਾਈ ਗਈ। ਸਕੂਲਾਂ ਵਿੱਚ ਆਈਆਂ ਬੀਬੀਆਂ ਨੇ ਹਰੇ ਤੇਲੇ ਅਤੇ ਲੇਡੀ ਬਗ ਬੀਟਲ (ਪਿੱਠ ਉੱਤੇ ਕਾਲੇ ਧੱਬਿਆਂ ਵਾਲੀ ਲਾਲ ਭੂੰਡੀ) ਦੀ ਪਛਾਣ ਕੀਤੀ ਅਤੇ ਘਰੇਲੂ ਬਗੀਚੀ ਵਿੱਚ ਇਹਨਾਂ ਦੀ ਭੂਮਿਕਾ ਬਾਰੇ ਜਾਣਕਾਰੀ ਹਾਸਿਲ ਕੀਤੀ। 
ਔਰਤਾਂ ਦੇ ਇਸ ਫਾਰਮਰਜ਼ ਫੀਲਡ ਸਕੂਲ ਦਾ ਸੰਚਾਲਨ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਰਤਾਵਾਂ ਬੀਬਾ ਗੁਰਪ੍ਰੀਤ ਦਬੜੀਖਾਨਾ, ਅਮਨਜੋਤ ਕੌਰ ਅਤੇ ਸੰਤੋਸ਼ ਕੁਮਾਰੀ ਨੇ ਕੀਤਾ। ਇਸ ਮੌਕੇ ਜਿੱਥੇ ਗੁਰਪ੍ਰੀਤ  ਦਬੜੀਖਾਨਾ  ਨੇ ਸਕੂਲ ਵਿੱਚ ਆਈਆਂ ਬੀਬੀਆਂ ਨੂੰ ਰਸਾਇਣਕ ਖੇਤੀ ਦੀ ਉਪਜ ਜ਼ਹਿਰੀਲੀਆਂ ਖ਼ੁਰਾਕੀ ਵਸਤਾਂ ਅਤੇ ਸਬਜ਼ੀਆਂ ਦੇ ਮਨੁੱਖੀ ਸਿਹਤ ਖਾਸ ਕਰ ਔਰਤਾਂ ਅਤੇ ਬੱਚਿਆਂ ਦੀ ਸਿਹਤ ਉੱਪਰ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਬੀਬਾ ਅਮਨਜੋਤ ਕੌਰ ਨੇ ਔਰਤਾਂ ਨੂੰ ਫਸਲਾਂ ਲਈ ਹਾਨੀਕਾਰਕ ਤੇ ਲਾਭਕਾਰੀ ਕੀਟਾਂ ਬਾਰੇ ਦਸਦਿਆਂ ਉਹਨਾਂ ਦੇ ਜੀਵਨ ਚੱਕਰ ਅਤੇ ਠੋਸ ਪ੍ਰਬੰਧਨ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। 

No comments:

Post a Comment