Friday, 20 January 2012

ਨਾਨਕ ਖੇਤੀ-ਕੁਦਰਤੀ ਖੇਤੀ ਕਾਰਜਸ਼ਾਲਾ ਦਸੰਬਰ 2011 ਇੱਕ ਰਪਟ

ਕਿਸਾਨ ਅਤੇ ਦੇਸ਼ ਹਿੱਤ ਵਿੱਚ ਕੁਦਰਤੀ ਖੇਤੀ ਹੀ ਹੈ ਭਵਿੱਖ ਦੀ ਖੇਤੀ: ਜਯੰਤ ਬਰਵੇ
ਤਕਨੀਕ ਦੀ ਬਜਾਏ ਖੇਤੀ ਦੇ ਵਿਗਿਆਨ ਨੂੰ ਸਮਝਣਾ ਸਮੇਂ ਦੀ ਲੋੜ: ਦਲੀਪ ਰਾਓ ਦੇਸ਼ਮੁੱਖ


ਖੇਤੀ ਵਿਰਾਸਤ ਮਿਸ਼ਨ ਵੱਲੋਂ ਬੀਤੇ 25 ਤੋਂ 27 ਦਸੰਬਰ 2011 ਤੱਕ ਸੂਬਾ ਪੱਧਰੀ ਸਾਲਾਨਾ ਨਾਨਕ ਖੇਤੀ-ਕੁਦਰਤੀ ਖੇਤੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਵਾਰ ਇਹ ਕਾਰਜਸ਼ਾਲਾ ਭਾਈ ਭਗਤੂ ਗਰਲਜ਼ ਕਾਲਜ, ਪਿੰਡ ਭਗਤੂਆਣਾ ਜਿਲ੍ਹਾ ਫ਼ਰੀਦਕੋਟ ਵਿਖੇ ਲਾਈ ਗਈ। ਕਾਰਜਸ਼ਾਲਾ ਵਿੱਚ ਪੂਨੇ ਮਹਾਰਾਸ਼ਟਰ ਤੋਂ ਵਿਸ਼ਵ ਪ੍ਰਸਿੱਧ ਸਫਲ ਕੁਦਰਤੀ ਖੇਤੀ ਕਿਸਾਨ ਸ਼੍ਰੀ ਜੈਯੰਤ ਬਰਵੇ ਅਤੇ ਸ਼੍ਰੀ ਦਲੀਪ ਰਾਓ ਦੇਸ਼ਮੁਖ ਨੇ ਆਏ ਹੋਏ ਕਿਸਾਨਾਂ ਨੂੰ ਸਫਲਤਾ ਨਾਲ ਕੁਦਰਤੀ ਖੇਤੀ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ। ਕਾਰਜਸ਼ਾਲਾ ਦਾ ਉਦਘਾਟਨ ਮਾਨਵ ਕੁਦਰਤ ਕੇਂਦਰਤ ਲੋਕ ਲਹਿਰ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਸ਼ੀਤਲ ਨੇ ਕੀਤਾ। ਕਾਰਜਸ਼ਾਲਾ ਵਿੱਚ ਪੰਜਾਬ ਭਰ ਤੋਂ ਵੱਡੀ ਸੰਖਿਆ ਵਿੱਚ ਕੁਦਰਤੀ ਖੇਤੀ ਸਿੱਖਣ ਦੇ ਚਾਹਵਾਨ ਕਿਸਾਨਾਂ ਨੇ ਭਾਗ ਲਿਆ। ਹਾਲਾਂਕਿ ਦਸੰਬਰ ਦੀ ਠੰਡ ਅਤੇ ਵਿਆਹਾਂ ਦੇ ਮੌਸਮ ਦਾ ਕਾਰਜਸ਼ਾਲਾ ਵਿਚ ਕਿਸਾਨਾਂ ਦੀ ਹਾਜ਼ਰੀ 'ਤੇ ਕਾਫੀ ਅਸਰ ਨਜ਼ਰ ਆਇਆ। 
ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਸ਼੍ਰੀ ਸ਼ੀਤਲ ਨੇ ਕਿਹਾ ਕਿ ਵਿਕਾਸ ਦੇ ਆਧੁਨਿਕ ਮਾਡਲ ਕਾਰਨ ਪੂਰੇ ਦਾ ਪੂਰਾ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਿਸਟਮ ਗੜਬੜਾ ਗਿਆ ਹੈ। ਨਤੀਜੇ ਵਜੋਂ ਮਾਨਵ ਤੇ ਕੁਦਰਤ ਅਤੇ ਮਾਨਵ-ਮਾਨਵ ਦੋਹਾਂ ਦੇ ਆਪਸੀ ਰਿਸਤੇ ਵਿੱਚ ਭਾਰੀ ਵਿਗਾੜ ਆ ਗਏ ਹਨ। ਵਰਤਮਾਨ ਮਨੁੱਖ ਇਹ ਭੁੱਲ ਗਿਆ ਹੈ ਕਿ ਉਹ ਕੁਦਰਤ ਦਾ ਇੱਕ ਅੰਗ ਹੈ ਨਾ ਕਿ ਮਾਲਿਕ। ਉਹਨਾਂ ਹੋਰ ਕਿਹਾ ਕਿ ਪੂੰਜੀ ਕੇਂਦਰਤ ਰਾਜਨੀਤਕ ਤੇ ਆਰਥਿਕ ਵਿਵਸਥਾਵਾਂ ਦੇ ਪਸਾਰ ਨੇ ਲੋਕ ਮਨਾਂ ਵਿਚਲੀ ਸੰਵੇਦਨਸ਼ੀਲਤਾ ਉੱਤੇ ਬਹੁਤ ਬੁਰਾ ਅਸਰ ਪਾਇਆ ਹੈ। ਪੂੰਜੀਵਾਦੀ ਵਿਕਾਸ ਮਾਡਲ ਦੇ ਚਲਦਿਆਂ ਪੰਛੀਆਂ ਅਤੇ ਜਾਨਵਰਾਂ ਦੀਆਂ ਇੱਕ ਹਜ਼ਾਰ ਤੋਂ ਵੱਧ ਪ੍ਰਜਾਤੀਆਂ ਖਤਮ ਹੋ ਗਈਆਂ ਹਨ ਅਤੇ ਨਾਲ ਹੀ ਮਾਨਵ ਜਾਤੀ ਦੇ ਖਾਤਮੇ ਦਾ ਦੌਰ ਵੀ ਲਗਪਗ ਸ਼ੁਰੂ ਹੋ ਹੀ ਚੁੱਕਿਆ ਹੈ। ਰਸਾਇਣਕ ਖੇਤੀ ਨੇ ਇਸ ਭਿਆਨਕ ਵਰਤਾਰੇ ਵਿੱਚ ਅਹਿਮ ਰੋਲ ਅਦਾ ਕੀਤਾ ਹੈ। 
ਉਹਨਾਂ ਕਿਹਾ ਕਿ ਨਾਨਕ ਖੇਤੀ ਸਿਹਤਾਂ, ਵਾਤਾਵਰਨ ਅਤੇ ਵਰਤਮਾਨ ਕਿਸਾਨੀ ਸੰਕਟ ਦਾ ਹੱਲ ਪੇਸ਼ ਕਰਨ ਦੇ ਸਮਰਥ ਹੈ। ਕਿਉਂਕਿ ਖੇਤੀ ਸਦਾ ਕੁਦਰਤ ਅਤੇ ਮਾਨਵਤਾ ਪੱਖੀ ਹੋਣੀ ਚਾਹੀਦੀ ਹੈ ਅਤੇ ਇਸਦਾ ਸਮੁੱਚਾ ਢਾਂਚਾ ਸਹਿਕਾਰੀ ਹੋਣਾ ਚਾਹੀਦਾ ਹੈ। 
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉੇਮੇਂਦਰ ਦੱਤ ਨੇ ਆਏ ਹੋਏ ਕਿਸਾਨਾਂ ਨਾਲ ਸ਼੍ਰੀ ਜੈਯੰਤ ਬਰਵੇ ਅਤੇ ਸ਼੍ਰੀ ਦਲੀਪ ਰਾਓ ਦੇਸ਼ਮੁਖ ਦੀ ਜਾਣ-ਪਛਾਣ ਕਰਵਾਉਂਦੇ ਹੋਏ ਪੰਜਾਬ ਅਤੇ ਇਸਦੇ ਕਿਸਾਨਾਂ ਲਈ ਕੁਦਰਤੀ ਖੇਤੀ ਦੇ ਮਹੱਤਵ 'ਤੇ ਚਾਨਣਾ ਪਾਇਆ।
ਤਕਨੀਕ ਦੀ ਬਜਾਏ ਕੁਦਰਤੀ ਖੇਤੀ ਦੀ ਸਾਂਇੰਸ 'ਤੇ ਧਿਆਨ ਜ਼ਰੂਰੀ: ਕਾਰਜਸ਼ਾਲਾ ਵਿੱਚ ਕਿਸਾਨਾਂ ਦੇ ਸਨਮੁੱਖ ਹੁੰਦਿਆਂ ਸ਼੍ਰੀ ਦਲੀਪ ਰਾਓ ਦੇਸ਼ਮੁਖ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਰਸਾਇਣ ਵਿਗਿਆਨੀ ਸਨ ਅਤੇ 1998 ਵਿੱਚ ਉਹਨਾਂ ਨੇ ਕੁਦਰਤੀ ਖੇਤੀ ਸ਼ੁਰੂ ਕੀਤੀ। ਕੁਦਰਤੀ ਖੇਤੀ ਦੇ ਸ਼ੁਰੂਆਤੀ ਸਾਲਾਂ ਵਿੱਚ ਉਹਨਾਂ ਦੀ ਆਮਦਨ ਬਹੁਤ ਘਟ ਗਈ। ਇੱਥੋਂ ਤੱਕ ਉਹਨਾਂ ਨੂੰ ਕੁਦਰਤੀ ਖੇਤੀ ਕਰਨ ਦੇ ਆਪਣੇ ਫੈਸਲੇ 'ਤੇ ਪਛਤਾਵਾ ਵੀ ਹੋਣ ਲੱਗਾ। ਪਰ ਜਲਦੀ ਹੀ ਉਹਨਾਂ ਨੂੰ ਅਜਿਹਾ ਹੋਣ ਪਿੱਛੇ ਆਪਣੀਆਂ ਹੀ ਕਮੀਆਂ ਦਾ ਅਹਿਸਾਸ ਹੋ ਗਿਆ ਅਤੇ ਆਪਣੀਆਂ ਉਹਨਾਂ ਕਮੀਆਂ ਤੋਂ ਪਾਰ ਪਾ ਕੇ ਉਹ ਇੱਕ ਸਫਲ ਕੁਦਰਤੀ ਖੇਤੀ ਕਿਸਾਨ ਵਜੋਂ ਸਥਾਪਿਤ ਹੋ ਗਏ। ਸ਼੍ਰੀ ਦੇਸਮੁਖ ਅਨੁਸਾਰ ਕੁਦਰਤੀ ਖੇਤੀ ਵਿੱਚ ਵਿਸ਼ਵਾਸ਼ ਸਭ ਤੋਂ ਜ਼ਰੂਰੀ ਚੀਜ ਹੈ। ਕਿਸਾਨਾਂ ਨੂੰ ਤਕਨੀਕ ਦੀ ਬਜਾਏ ਕੁਦਰਤੀ ਖੇਤੀ ਦੀ ਸਾਂਇੰਸ 'ਤੇ ਧਿਆਨ ਦੇਣਾ ਚਾਹੀਦਾ ਹੈ।
ਕੁਦਰਤੀ ਖੇਤੀ ਹੈ ਦੇਸ ਅਤੇ ਕਿਸਾਨ ਦੇ ਹਿੱਤ ਦੀ ਖੇਤੀ: ਕਿਸਾਨਾਂ ਨਾਲ ਰੂ-ਬ-ਰੂ ਹੁੰਦੇ ਹੋਏ ਸ਼੍ਰੀ ਜੈਯੰਤ ਬਰਵੇ ਨੇ ਦੱਸਿਆ ਕਿ ਉਹ ਐਮ ਐਸ ਸੀ ਫਿਜ਼ਿਕਸ ਹਨ। ਉਹ ਇੱਕ ਕੈਮੀਕਲ ਫੈਕਟਰੀ ਦੇ ਮਾਲਿਕ ਸਨ ਅਤੇ ਇੱਕ ਖਾਸ ਕਿਸਮ ਦਾ ਕੈਮੀਕਲ ਤਿਆਰ ਕਰਕੇ ਵੇਚਿਆ ਕਰਦੇ ਸਨ। ਪਰ 1984 ਵਿੱਚ ਸਰਕਾਰ ਦੁਆਰਾ ਉਸੇ ਕੈਮੀਕਲ ਦਾ ਆਯਾਤ ਕਰਨ ਦੀ ਇਜਾਜਤ ਦੇਣ ਉਪਰੰਤ ਉਹਨਾਂ ਦੀ ਫੈਕਟਰੀ ਬੰਦ ਹੋ ਗਈ। ਫੈਕਟਰੀ ਬੰਦ ਹੋ ਜਾਣ 'ਤੇ ਉਹਨਾਂ ਨੇ ਖੇਤੀ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਪੈਸਟੀਸਾਈਡ ਅਤੇ ਫਰਟੀਲਾਇਜ਼ਰ ਦੀ ਦੁਕਾਨ ਕਰ ਲਈ। ਪਰੰਤੂ ਜਲਦੀ ਹੀ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਜ਼ਹਿਰਾਂ ਦਾ ਇਹ ਕਾਰੋਬਾਰ ਕਿਸੇ ਵੀ ਪੱਖੋਂ ਠੀਕ ਨਹੀਂ ਹੈ ਅਤੇ ਬਾਕਾਇਦਾ ਇੱਕ ਸਮਾਗਮ ਕਰਕੇ ਉਹਨਾ ਨੇ ਪੈਸਟੀਸਾਈਡ ਦੀ ਦੁਕਾਨ ਬੰਦ ਕਰ ਦਿੱਤੀ। ਉਪਰੰਤ 1988 ਵਿੱਚ ਉਹਨਾ ਨੇ ਕੁਦਰਤੀ ਖੇਤੀ ਤਹਿਤ ਅੰਗੂਰ ਦਾ ਬਾਗ ਲਾਇਆ। ਅੰਗੂਰਾਂ ਨੂੰ ਕੀਟਾਂ ਅਤੇ ਰੋਗਾਂ ਆਦਿ ਤੋਂ ਬਚਾਉਣ ਲਈ ਉਹਨਾ ਨੇ ਵ੍ਰਿਕਸ਼ਾ ਆਯੁਰਵੇਦ ਨਾਮਕ ਗ੍ਰੰਥ ਪੜ ਕੇ ਗੋਬਰ, ਗੋਮੂਤਰ ਆਦਿ ਤੋਂ ਜੈਵਿਕ ਕਲਚਰ, ਬਇਓਪੈਸਟੀਸਾਈਡ ਅਤੇ ਉੱਲੀਨਾਸ਼ਕ ਆਦਿ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਕਿ ਬਹੁਤ ਹੀ ਸਫਲ ਤਜ਼ਰਬੇ ਸਿੱਧ ਹੋਏ। 1995 ਤੱਕ ਉਹਨਾ ਨੇ ਆਪਣੀ ਸਾਰੀ ਦੀ ਸਾਰੀ 28 ਏਕੜ ਜ਼ਮੀਨ ਕੁਦਰਤੀ ਖੇਤੀ ਤਹਿਤ ਲੈ ਆਂਦੀ। ਉਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਕੁਦਰਤੀ ਖੇਤੀ ਹੀ ਦੇਸ਼ ਅਤੇ ਕਿਸਾਨ ਦੇ ਹਿੱਤ ਦੀ ਖੇਤੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਘਰ ਵਿੱਚ ਖਾਧੀ ਜਾਣ ਵਾਲੀ ਖ਼ੁਰਾਕ ਦਾ 90 ਫੀਸਦੀ ਉਹਨਾ ਦੇ ਖੇਤ ਵਿੱਚੋਂ ਆਉਂਦਾ ਹੈ। ਉਹਨਾ ਕੋਲ 900 ਬੂਟੇ ਅੰਬ, 900 ਬੂਟੇ ਅਨਾਰ ਦਾ ਬਾਗ ਹੈ। ਉਹ ਗੰਨੇ ਅਤੇ ਕਣਕ ਦੀ ਫਸਲ ਸਮੇਤ ਲਗਪਗ ਹਰ ਪ੍ਰਕਾਰ ਦੇ ਫ਼ਲ ਆਪਣੇ ਖੇਤ ਵਿੱਚ ਪੈਦਾ ਕਰਦੇ ਹਨ। ਉਹ 1999 ਤੋਂ ਆਰਗੈਨਿਕ ਫਾਰਮਜ਼ ਐਸੋਸੀਏਸ਼ਨ ਆਫ ਇੰਡੀਆ ਦੇ ਸਰਗਰਮ ਮੈਂਬਰ ਹਨ ਅਤੇ ਦੇਸ ਭਰ ਵਿੱਚ ਘੁੰਮ-ਘੁੰਮ ਕੇ ਕਿਸਾਨਾ ਨੂੰ ਕੁਦਰਤੀ ਖੇਤੀ ਕਰਨ ਲਈ ਉਤਸ਼ਾਹਿਤ ਕਰਦੇ ਹਨ। 
ਸੂਖਮ ਜੀਵ ਹਨ ਖੇਤੀ ਦਾ ਧੁਰਾ: ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਵਿਗਿਆਨਕ ਪੱਖਾਂ ਬਾਰੇ ਦਸਦਿਆਂ ਸ਼੍ਰੀ ਜਯੰਤ ਬਰਵੇ ਨੇ ਖੇਤੀ ਵਿੱਚ ਸੂਖਮ ਜੀਵਾਂ ਦੇ ਮਹੱਤਵ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅਨੰਤ ਕੋਟਿ ਪ੍ਰਕਾਰ ਦੇ ਸੂਖਮ ਜੀਵ ਜਿਹੜੇ ਕਿ ਮਨੁੱਖੀ ਦ੍ਰਿਸ਼ਟੀ ਦੀ ਪਹੁੰਚ ਵਿੱਚ ਨਹੀਂ ਆਉਂਦੇ ਖੇਤੀ ਦਾ ਅਸਲ ਆਧਾਰ ਹਨ। ਜਿਹਨਾਂ ਨੂੰ ਕਿ ਅਜੋਕੀ ਖੇਤੀ ਸਾਂਇੰਸ ਨੇ ਹਾਸ਼ੀਏ 'ਤੇ ਧੱਕ ਦਿੱਤਾ ਹੈ। 
ਉਹਨਾਂ ਦੱਸਿਆ ਕਿ ਇੱਕ ਗ੍ਰਾਮ ਉਪਜਾਊ ਮਿੱਟੀ ਵਿੱਚ ਘੱਟੋ ਘੱਟ ਪੱਚੀ ਕਰੋੜ ਬੈਕਟੀਰੀਆ, ਸੱਤਰ ਹਜ਼ਾਰ ਐਕਟੀਨੋਮਾਇਸਿਟਸ (ਜਿਹਦੇ ਕਰਕੇ ਮਿੱਟੀ ਵਿੱਚੋਂ ਖੁਸ਼ਬੂ ਆਉਂਦੀ ਹੈ) ਚਾਰ ਲੱਖ ਉੱਲੀਆਂ, 50000 ਕਾਈਆਂ, ਅਤੇ 30000 ਪ੍ਰੋਟੋਜੋਆ ਪਾਏ ਜਾਂਦੇ ਹਨ। ਇਹ ਸਭ ਕਿਸਮਾਂ ਦੇ ਸੂਖਮ ਜੀਵ ਮਿਲ ਕੇ ਧਰਤੀ ਨੂੰ ਲਿਵਿੰਗ ਸੋਇਲ ਜਾਂ ਜਿਉਂਦੀ ਭੂਮੀ ਬਣਾਉਂਦੇ ਹਨ। ਇਹਨਾਂ ਦੀ ਅਣਹੋਂਦ ਵਿੱਚ ਧਰਤੀ ਬੰਜ਼ਰ ਤੇ ਬੇਜਾਨ ਹੋ ਜਾਂਦੀ ਹੈ। ਇਹਦਾ ਅਰਥ ਹੈ ਕਿ ਖੇਤੀ ਸੂਖਮ ਜੀਵ ਕਰਦੇ ਹਨ ਅਸੀਂ ਨਹੀਂ। ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਵਰਤਮਾਨ ਸਮੇਂ ਸਾਡੀਆਂ ਭੂਮੀਆਂ ਵਿੱਚ ਰਸਾਇਣਕ ਖਾਦਾਂ ਅਤੇ ਕੀੜੇਮਾਰ ਤੇ ਨਦੀਨਨਾਸ਼ਕ ਜ਼ਹਿਰਾਂ ਦੇ ਪ੍ਰਕੋਪ ਕਾਰਨ ਪ੍ਰਤੀ ਇੱਕ ਗ੍ਰਾਮ ਮਿੱਟੀ ਵਿੱਚ ਸੂਖਮ ਜੀਵ ਸੰਖਿਆ 5-6 ਲੱਖ ਹੀ ਰਹਿ ਗਈ ਹੈ। ਇਹੀ ਕਾਰਨ ਹੈ ਕਿ ਰਸਾਇਣਕ ਖੇਤੀ ਦੇ ਝਾੜ ਵਿੱਚ ਖੜੋਤ ਆਉਣੀ ਸ਼ੁਰੂ ਹੋ ਚੁੱਕੀ ਹੈ ਅਤੇ ਕਿਤੇ-ਕਿਤੇ ਝਾੜ ਵਿੱਚ ਗਿਰਾਵਟ ਵੀ ਆ ਰਹੀ ਹੈ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਸੂਖਮ ਜੀਵ ਸਾਹ ਲੈਂਦੇ ਹਨ ਤਾਂ ਆਕਸੀਜਨ ਦੇ ਨਾਲ-ਨਾਲ ਨਮੀ ਵੀ ਭੂਮੀ ਵਿੱਚ ਪ੍ਰਵੇਸ਼ ਕਰਦੀ ਹੈ। ਸੋ ਸਾਡੇ ਲਈ ਇਹ ਅਤਿ ਲਾਜ਼ਮੀ ਹੈ ਕਿ ਅਸੀਂ ਆਪਣੇ ਖੇਤਾਂ ਵਿੱਚ ਸੂਖਮ ਜੀਵਾਂ ਦੇ ਵਧਣ-ਫੁੱਲਣ ਲਈ ਅਨੁਕੂਲ ਮਾਹੌਲ ਪੈਦਾ ਕਰੀਏ। ਉਹਨਾਂ ਇਹ ਵੀ ਦੱਸਿਆ ਕਿ ਕੁਦਰਤੀ ਖੇਤੀ ਵਿੱਚ 10 ਏਕੜ ਦੀ ਖੇਤੀ ਲਈ ਇੱਕ ਦੇਸੀ ਗਾਂ ਕਾਫੀ ਹੈ। ਕਿਉਂਕਿ ਦੇਸੀ ਗਾਂ ਦੇ ਗੋਬਰ ਅਤੇ ਪਿਸ਼ਾਬ ਵਿੱਚ ਲੋੜੀਂਦੇ ਸੂਖਮ ਜੀਵਾਂ ਦੀ ਮਾਤਰਾਂ ਹੋਰਨਾਂ ਪਸ਼ੂਆਂ ਖਾਸ ਕਰ ਅਮਰੀਕਨ ਜਰਸੀ ਅਤੇ ਹੋਲਿਸਟਿਨ ਫੋਰਜ਼ਰ ਗਊਆਂ ਦੇ ਮੁਕਾਬਲੇ ਕਿਤੇ ਵੱਧ ਹਨ। ਜਿਵੇਂ ਕਿ ਹੇਠ ਦਿੱਤੇ ਚਾਰਟ ਵਿੱਚ ਦਰਸਾਇਆ ਗਿਆ ਹੈ: 

ਸੂਖਮ ਜੀਵ  ਦੇਸ਼ੀ ਗਊ ਦਾ ਗੋਬਰ ਦੇਸ਼ੀ ਬਲਦ ਦਾ ਗੋਬਰ ਮੱਝ ਦਾ ਗੋਬਰ ਵਿਦੇਸ਼ੀ ਗਊ ਦਾ ਗੋਬਰ
ਅਜੈਟੋਬੈਕਟਰ 20% 25% 10% 0%
ਰਾਈਜੋਬੈਕਟਰ 50% 10%  20% 0%
ਟਰਾਈਕੋਡਰਮਾ 5% 5% 3% 20%
ਫਾਸਫੋਰਸ ਸੋਲੇਬਲ ਬੈਕਟੀਰੀਆ
3%
0.3%
੦.6%
0%
ਇਸੇ ਲਈ ਭੂਮੀ ਵਿੱਚ ਸੂਖਮ ਜੀਵਾਂ ਦੀ ਮਾਤਰਾ ਵਧਾਉਣ ਲਈ ਦੇਸ਼ੀ ਗਊ ਦੇ ਗੋਬਰ ਅਤੇ ਪਿਸ਼ਾਬ ਤੋਂ ਬਣੇ ਜੀਵਾਣੂ ਕਲਚਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। 
ਉਹਨਾ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਭਾਰਤ ਵਿੱਚ ਕਦੇ ਵੀ ਕੰਪੋਸਟਿੰਗ ਨਹੀਂ ਕੀਤੀ ਜਾਂਦੀ ਸੀ। ਸਗੋਂ ਇੱਥੇ ਹਮੇਸ਼ਾ ਹੀ ਇਹ ਮਾਨਤਾ ਰਹੀ ਹੈ ਕਿ ਭੂਮੀ ਨੂੰ ਜੋ ਵੀ ਦੇਣਾ ਹੈ ਸਿੱਧਿਆਂ ਹੀ ਦਿਉ। ਇਸ ਲਈ ਸਾਡੇ ਕਿਸਾਨ ਫੱਗਣ ਦੇ ਮਹੀਨੇ ਤੱਕ ਗੋਹੇ ਨੂੰ ਛਾਂ ਵਿੱਚ ਸੁਕਾ ਕੇ ਰੱਖਦੇ ਸਨ ਅਤੇ ਚੇਤ ਮਹੀਨੇ ਉਸਨੂੰ ਖੇਤ ਵਿੱਚ ਪਾ ਕੇ ਹਲ ਚਲਾਉਂਦੇ ਸਨ। ਭਾਰਤੀ ਕਿਸਾਨਾਂ ਦੀ ਇਸ ਵਿਧੀ ਨੂੰ ਬਾਅਦ ਵਿੱਚ ਇਨਸਿਟੂ ਕੰਪੋਸਟਿੰਗ ਦਾ ਨਾਮ ਦਿੱਤਾ ਗਿਆ। ਇਨਸਿਟੂ ਕੰਪੋਸਟਿੰਗ ਭੂਮੀ ਲਈ ਬਹੁਤ ਲਾਭਕਾਰੀ ਹੈ। ਜਿਵੇਂ ਕਿ
• ਇਨਸਿਟੂ ਕੰਪੋਸਟਿੰਗ ਤਹਿਤ ਭੂਮੀ ਵਿੱਚ ਪਾਏ ਗਏ ਗੋਬਰ ਨੂੰ ਖਮੀਰ ਚੜਨਾ ਸ਼ੁਰੂ ਹੁੰਦਾ ਹੈ ਅਤੇ ਇਸ ਕਿਰਿਆ ਦੌਰਾਨ ਇੱਕ ਖਾਸ ਤਰਾਂ ਦਾ ਅਮਲ ਬਣਦਾ ਹੈ ਜਿਹੜਾ ਕਿ ਭੂਮੀ ਦੇ ਪੀ ਐੱਚ ਲੈਵਲ ਨੂੰ ਸੰਤੁਲਿਤ ਕਰਦਾ ਹੈ।  
• ਇਨਸਿਟੂ ਕੰਪੋਸਟਿੰਗ ਸੂਖਮ ਜੀਵਾਂ ਨੂੰ ਖ਼ੁਰਾਕ ਦਿੰਦੀ ਹੈ। 
• ਖਮੀਰਣ ਦੀ ਕਿਰਿਆ ਦੌਰਾਨ ਲੋੜੀਂਦੀ ਮਾਤਰਾ ਵਿੱਚ ਕਾਰਬਨਡਾਇਅਕਸਾਈਡ ਪੈਦਾ ਹੋ ਕੇ ਜੜ੍ਹਾਂ ਨੂੰ ਮਿਲ ਜਾਂਦੀ ਹੈ। ਸਿੱਟੇ ਵਜੋਂ ਪੌਦੇ ਉਚਿੱਤ ਵਿਕਾਸ ਕਰਦੇ ਹਨ।
• ਇਨਸਿਟੂ ਕੰਪੋਸਿਟਿੰਗ ਸਦਕਾ ਭੂਮੀ ਦੀ ਸਥੂਲ ਤੇ ਸੂਖਮ ਬਣਤਰ ਵਿੱਚ ਚਮਤਕਾਰੀ ਸੁਧਾਰ ਆਉਂਦਾ ਹੈ। ਜਿਹੜਾ ਕਿ ਉਸ ਉਪੱਰ ਕੀਤੀ ਜਾਣ ਵਾਲੀ ਖੇਤੀ ਲਈ ਬਹੁਤ ਹੀ ਲਾਭਕਾਰੀ ਸਿੱਧ ਹੁੰਦਾ ਹੈ।  
ਉਹਨਾਂ ਕਿਹਾ ਕਿ ਜਦੋਂ ਰਸਾਇਣਕ ਖੇਤੀ ਦੇ ਕਾਰਨ ਸੰਸਾਰ ਦੀ ਕੁੱਲ ਭੂਮੀ ਦਾ 25 ਫੀਸਦੀ ਹਿੱਸਾ ਉਪਜਾਊ ਸ਼ਕਤੀ ਪੱਖੋਂ ਗੰਭੀਰ ਖ਼ਤਰੇ ਵਿੱਚ ਜਾ ਚੁੱਕਾ ਹੈ, 8 ਫੀਸਦੀ ਜ਼ਮੀਨ ਖ਼ਤਰੇ ਵੱਲ ਵਧ ਰਹੀ ਹੈ, 36 ਫੀਸਦੀ ਜ਼ਮੀਨ ਕੁੱਝ ਹੱਦ ਤੱਕ ਬਰਬਾਦ ਹੋ ਚੁੱਕੀ ਹੈ ਅਤੇ ਤੰਦਰੁਸਤ ਜ਼ਮੀਨ ਸਿਰਫ 10 ਫੀਸਦੀ ਹੀ ਬਚੀ ਹੈ ਤਾਂ ਅਜਿਹੇ ਵਿੱਚ ਕਿਸਾਨਾਂ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਕੁਦਰਤੀ ਖੇਤੀ ਹੀ ਭਵਿੱਖ ਦੀ ਖੇਤੀ ਹੈ। ਕਿਉਂਕਿ ਜਿੱਥੇ ਕੁਦਰਤੀ ਖੇਤੀ ਭੂਮੀ ਨੂੰ ਤੰਦਰੁਸਤ ਤੇ ਤਾਕਤਵਰ ਬਣਾਉਂਦੀ ਹੈ ਉੱਥੇ ਹੀ ਜ਼ਹਿਰ ਰਹਿਤ ਕੀਟ ਪ੍ਰਬੰਧਨ ਵੀ ਸਿਖਾਉਂਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਦਰਤ ਵਿੱਚ 99 ਫੀਸਦੀ ਕੀਟ ਲਾਭਕਾਰੀ ਅਤੇ ਸਿਰਫ 1 ਫੀਸਦੀ ਕੀਟ ਹੀ ਹਾਨੀਕਾਰਕ ਹਨ। ਜਿੱਥੇ ਕੁਦਰਤੀ ਖੇਤੀ ਹੁੰਦੀ ਹੈ ਉੱਥੇ ਕੀਟਾਂ ਦਾ ਕੁਦਰਤੀ ਸੰਤੁਲਨ ਆਪਣੇ ਆਪ ਕਾਇਮ ਹੋ ਜਾਂਦਾ ਹੈ ਅਤੇ ਫਿਰ ਕਿਸਾਨਾਂ ਨੂੰ ਕੀਟਾਂ ਨਾਲ ਦੁਸ਼ਮਣੀ ਕਰਨ ਦੀ ਲੋੜ ਨਹੀਂ ਪੈਂਦੀ। 
ਭੂਮੀ ਵਿੱਚ ਹਿਊਮਸ ਤੇ ਮਾਇਕੋਰਾਇਜਾ ਦੀ ਹੋਂਦ ਲਾਜ਼ਮੀ ਹੈ: ਕਾਰਜਸ਼ਾਲਾ ਦੌਰਾਨ ਕਿਸਾਨਾਂ ਨਾਲ ਕੁਦਰਤੀ ਖੇਤੀ ਗਿਆਨ ਸਾਂਝਾ ਕਰਦਿਆਂ ਸ਼੍ਰੀ ਦਲੀਪ ਰਾਓ ਦੇਸ਼ਮੁਖ ਨੇ ਦੱਸਿਆ ਕਿ ਭੂਮੀ ਵਿੱਚ 550 ਕਿਸਮਾਂ ਦੇ ਗੰਡੋਏ  ਪਾਏ ਜਾਂਦੇ ਹਨ। ਜਿਹੜੇ ਕਿ ਆਪਣੇ-ਆਪਣੇ ਸੁਭਾਅ ਮੁਤਾਬਿਕ ਭੂਮੀ ਵਿੱਚ 2 ਫੁੱਟ ਤੋਂ 15 ਫੁੱਟ ਦੀ ਗਹਿਰਾਈ ਵਿੱਚ ਮਿਲਦੇ ਹਨ। ਇਹ ਗੰਡੋਏ ਭੂਮੀ ਵਿੱਚ ਪਾਏ ਜਾਣ ਵਾਲੇ ਹੋਰ ਅਨੰਤ ਕੋਟੀ ਸੂਖਮ ਜੀਵਾਂ ਵਾਂਗੂੰ ਭੂਮੀ ਵਿਚਲੇ ਜੈਵਿਕ ਮਾਦੇ ਨੂੰ ਹੁਮੰਸ ਭਾਵ ਕਿ ਮੱਲੜ ਵਿੱਚ ਬਦਲ ਦਿੰਦੇ ਹਨ। ਇਹ ਮੱਲੜ ਹੀ ਅੱਗੇ ਚੱਲ ਕੇ ਫਸਲ ਦੇ ਵਾਧੇ 'ਤੇ ਵਿਕਾਸ ਲਈ ਮਾਇਕੋਰਾਇਜਲ ਉੱਲੀਆਂ ਦੁਆਰਾ ਪੌਦਿਆਂ ਨੂੰ ਲੋੜੀਂਦੀ ਖ਼ੁਰਾਕ ਮੁਹਈਆ ਕਰਵਾਉਂਦਾ ਹੈ। ਹਿਊਮਸ ਵਿੱਚ ਕਾਰਬਨ ਨਾਈਟਰੋਜਨ ਰੇਸ਼ੋ 10:1 ਦੇ ਅਨੁਪਾਤ ਵਿੱਚ ਹੁੰਦੀ ਹੈ ਜਦੋਂ ਕਿ ਗੋਬਰ ਵਿੱਚ ਇਹ ਰੇਸ਼ੋ 30:1 ਦੇ ਅਨੁਪਾਤ ਵਿੱਚ ਹੀ ਹੁੰਦੀ ਹੈ। ਇਹਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਜਿਹਨਾਂ ਜ਼ਮੀਨਾਂ ਵਿੱਚ ਹਿਊਮਸ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਉਥੇ ਜੈਵਿਕ ਮਾਦਾ ਬੜੀ ਤੇਜੀ ਨਾਲ ਡੀਕੰਪੋਜ਼ ਹੋ ਕੇ ਮੱਲੜ ਵਿੱਚ ਤਬਦੀਲ ਹੁੰਦਾ ਰਹਿੰਦਾ ਹੈ ਅਤੇ ਉੱਥੇ ਹਰ ਪ੍ਰਕਾਰ ਦੇ ਸੂਖਮ ਜੀਵਾਂ ਦੀ ਮਾਤਾਰਾ ਅਤੇ ਗਤੀਵਿਧੀ ਵਿੱਚ ਵੀ ਅਥਾਹ ਵਾਧਾ ਹੁੰਦਾ ਹੈ। ਸਿੱਟੇ ਵਜੋਂ ਭਰਪੂਰ ਹਿਊਮਸ/ਮੱਲੜ ਵਾਲੀਆਂ ਜ਼ਮੀਨਾਂ ਵਿੱਚ ਪੈਦਾ ਹੋਣ ਵਾਲੀਆਂ ਫਸਲਾਂ ਕੀਟ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਨਾਲ ਭਰਪੂਰ ਫਸਲ ਦੀ ਪੈਦਾਵਾਰ ਹੁੰਦੀ ਹੈ। ਸੋ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਸਰਫੇਸ ਮਲਚਿੰਗ (ਭੂਮੀ ਦੀ ਉਤਲੀ ਸਤਹ ਨੂੰ ਢਕ ਕੇ  ਰੱਖਣਾ) ਹਰ ਪ੍ਰਕਾਰ ਦੇ ਜੈਵਿਕ ਮਾਦੇ ਨੂੰ ਭੂਮੀ ਦੀ ਖ਼ਰਾਕ ਵਜੋਂ ਇਸਤੇਮਾਲ ਕਰਕੇ, ਸਮੇਂ-ਸਮੇਂ ਖੇਤਾਂ ਵਿੱਚ ਔਰੋਗਰੀਨ (ਮਿਸਰਤ ਹਰੀ ਖਾਦ ਬੀਜ ਕੇ ਖੇਤ 'ਚ ਘੱਟ ਗਹਿਰਾ ਮਿਲਾਉਣਾ) ਅਤੇ ਦੇਸੀ ਪਸ਼ੂਆਂ ਦੇ ਗੋਬਰ ਅਤੇ ਮੂਤਰ ਨੂੰ ਉਚਿੱਤ ਮਾਧਿਅਮ ਰਾਹੀਂ ਭੂਮੀ ਵਿੱਚ ਭੇਜ ਕੇ ਆਪਣੇ ਖੇਤਾਂ ਵਿੱਚ ਮੱਲੜ ਦਾ ਲਗਾਤਾਰ ਨਿਰਮਾਣ ਕਰਨ ਤਾਂ ਕਿ ਖੇਤੀ ਵਿੱਚ ਹਰ ਪੱਖੋਂ ਸਵੈਨਿਰਭਰ ਹੋ ਕੇ ਉਹ ਬਹੁਕੌਮੀ ਕੰਪਨੀਆਂ  ਅਤੇ ਬਜ਼ਾਰ ਦੀ ਗ਼ੁਲਾਮੀ ਤੋਂ ਨਿਜਾਤ ਪਾਉਣ ਦੇ ਨਾਲ-ਨਾਲ ਖੇਤੀਬਾੜੀ ਅਦਾਰਿਆਂ ਦੇ ਮਕੜਜਾਲ 'ਚੋਂ ਬਾਹਰ ਨਿਕਲ ਸਕਣ।  ਲੱਕੜੀ ਦੇ ਬੁਰਾਦੇ ਵਿੱਚ ਗੋਬਰ ਅਤੇ ਪਿਸ਼ਾਬ ਮਿਕਸ ਕਰਕੇ ਖੇਤ ਵਿੱਚ ਪਾਉਣ ਨਾਲ ਭੂਮੀ ਵਿੱਚ ਲੰਬੇ ਸਮੇਂ ਤੱਕ ਜੈਵਿਕ ਕਾਰਬਨ ਉਪਲਭਧ ਰਹਿੰਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਖੇਤੀ ਵਿੱਚ ਜਿੰਨਾ ਹੋ ਸਕੇ ਤਾਜਾ ਗੋਬਰ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਤਾਜੇ ਗੋਬਰ ਵਿੱਚ ਸਭ ਤੋਂ ਜਿਆਦਾ ਮਾਤਰਾ ਵਿਚ ਸੂਖਮ ਜੀਵ ਪਾਏ ਜਾਂਦੇ ਹਨ। ਜਦੋਂ ਕਿ ਰੂੜੀ ਦੀ ਖਾਦ ਵਿੱਚ ਸਿਰਫ ਮ੍ਰਿਤ ਜੀਵਾਣੂ ਅਰਥਾਤ ਹਿਊਮਸ ਹੁੰਦਾ ਹੈ। ਜਿਹੜਾ ਕਿ ਸਿਰਫ ਫਸਲ ਲਈ ਉਪਯੋਗੀ ਸਿੱਧ ਹੁੰਦਾ ਹੈ ਜਦੋਂ ਕਿ ਭੂਮੀ ਵਿਚ ਜੈਵਿਕ ਗਤੀਵਿਧੀ ਦਾ ਵਾਪਰਦੇ ਰਹਿਣਾ ਸਭ ਤੋਂ ਜ਼ਰੂਰੀ ਹੈ। 
ਬਿਜਾਈ ਦੀ ਦਿਸ਼ਾ ਹਮੇਸ਼ਾ ਉੱਤਰ-ਦੱਖਣ ਹੀ ਰੱਖੋ: ਸ਼੍ਰੀ ਦੇਸ਼ਮੁੱਖ ਨੇ ਇਹ ਵੀ ਦੱਸਿਆ ਕਿ ਖੇਤੀ ਵਿੱਚ ਬਿਜਾਈ ਦੀ ਦਿਸ਼ਾ, ਫਸਲ ਚੱਕਰ ਅਤੇ ਅਪਣਾਈ ਗਈ ਫਸਲ ਪ੍ਰਣਾਲੀ ਤੋਂ ਹੀ ਇਹ ਤੈਅ ਹੋ ਜਾਂਦਾ ਹੈ ਕਿ ਫਸਲ ਦਾ ਭਵਿੱਖ ਕੀ ਹੋਵੇਗਾ। ਇਸ ਲਈ ਫਸਲ ਦੀ ਬਿਜਾਈ ਹਰ ਵਾਰ ਉੱਤਰ-ਦੱਖਣ ਦਿਸ਼ਾ ਵਿੱਚ ਹੀ ਕਰੋ। ਕਿਉਂਕਿ ਇਸ ਤਰਾਂ ਕਰਨ ਨਾਲ ਫਸਲ ਨੂੰ ਧੁੱਪ ਅਤੇ ਰੌਸ਼ਨੀ ਭਰਪੂਰ ਮਾਤਰਾ ਵਿੱਚ ਮਿਲਦੀ ਹੈ। ਸਿੱਟੇ ਵਜੋਂ ਪੌਦੇ ਨੂੰ ਭਰਪੂਰ ਮਾਤਰਾ ਵਿੱਚ ਭੋਜਨ ਵੀ ਪ੍ਰਾਪਤ ਹੁੰਦਾ ਹੈ। ਕਦੇ ਵੀ ਇੱਕ ਖੇਤ ਵਿੱਚ ਦੋਹੇਂ ਸੀਜਨ ਇੱਕ ਦਲੀ ਫਸਲ ਨਹੀਂ ਬੀਜਣੀ ਚਾਹੀਦੀ ਸਗੋਂ ਹਰੇਕ ਖੇਤ ਵਿੱਚ ਇੱਕ ਦਲੀ ਫਸਲ ਤੋਂ ਬਾਅਦ ਦੂਜੀ ਫਸਲ ਹਮੇਸ਼ਾ ਦੋ ਦਲੀ ਲਉ। ਇਸ ਤਰਾਂ ਕਰਨ ਨਾਲ ਭੂਮੀ ਦੀ ਉਪਜਾਊ ਸ਼ਕਤੀ ਲਗਾਤਾਰ ਬਣੀ ਰਹਿੰਦੀ ਹੈ। ਕੁਦਰਤੀ ਖੇਤੀ ਵਿੱਚ ਹਮੇਸ਼ਾ ਹੀ ਮਿਸਰਤ ਫਸਲ ਪ੍ਰਣਾਲੀ ਅਪਣਾਉ ਅਰਥਾਤ ਇੱਕ ਖੇਤ ਵਿੱਚ ਹਮੇਸ਼ਾ ਇੱਕ ਹੀ ਨਹੀਂ ਸਗੋਂ ਸਹਿਜੀਵੀ ਰਿਸ਼ਤਿਆਂ ਦੇ ਆਧਾਰ 'ਤੇ ਘੱਟੋ-ਘੱਟ 4-5 ਪ੍ਰਕਾਰ ਦੀਆਂ ਫਸਲਾਂ ਮਿਲਾ ਕੇ ਬੀਜੋ। ਇਸ ਤਰਾਂ ਕਰਨ ਨਾਲ ਕੀਟਾਂ ਅਤੇ ਰੋਗਾਂ ਦਾ ਹਮਲਾ ਵੀ ਘੱਟ ਹੁੰਦਾ ਹੈ ਅਤੇ ਪੈਦਾਵਾਰ ਵੀ ਚੋਖੀ ਹੋ ਜਾਂਦੀ ਹੈ। 
ਕਿਸਾਨਾਂ ਨੂੰ ਫਸਲ ਦੇ ਵਿਕਾਸ ਦੀਆਂ ਵੱਖ-ਵੱਖ ਸਟੇਜਾਂ ਦੇ ਜਾਣਕਾਰੀ ਜ਼ਰੂਰ ਹੋਣੀ ਚਾਹੀਦਾ ਹੈ। ਜਿਵੇਂ ਕਿ ਸੋਇਅਬੀਨ ਦੀ ਫਸਲ ਲਿਖੇ ਅਨੁਸਾਰ ਵਿਕਾਸ ਕਰਦੀ ਹੈ: 
• ਬਚਪਨ 20 ਦਿਨ
• ਕਿਸ਼ੋਰ 20  ਦਿਨ
• ਜਵਾਨੀ 20 ਦਿਨ
• ਪਕਾਈ 20 ਦਿਨ
• ਬੁਢਾਪਾ 20 ਦਿਨ  

ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਬਹੁਤੀਆਂ ਫਸਲਾਂ ਨੂੰ ਜਿਆਦਾ ਖ਼ਰਾਕ ਦੀ ਲੋੜ ਪਹਿਲੇ 25 ਤੋਂ 45 ਦਿਨ ਹੀ ਹੁੰਦੀ ਹੈ। ਇਸ ਲਈ ਬਿਜਾਈ ਤੋਂ ਪਹਿਲਾਂ ਰੌਣੀ ਵੇਲੇ ਖੇਤ ਵਿੱਚ ਸੁੱਕਾ ਗਾੜਾ ਜੀਵ ਅੰਮ੍ਰਿਤ, ਤਾਜਾ ਗੋਬਰ ਅਤੇ ਗੁੜਜਲ ਅਮ੍ਰਿਤ ਪਾਉਣਾ ਲਾਜ਼ਮੀ ਹੈ। ਕੁਦਰਤੀ ਖੇਤੀ ਵਿੱਚ ਹਮੇਸ਼ਾ ਮਿਸ਼ਰਤ ਫਸਲਾਂ ਬੀਜੋ। ਮਿਸ਼ਰਤ ਫਸਲ ਪ੍ਰਣਾਲੀ ਤਹਿਤ ਖੇਤ ਵਿੱਚ ਮੁੱਖ ਫਸਲ ਦੇ ਨਾਲ ਥੋੜੀ-ਥੋੜੀ ਮਾਤਰਾ ਵਿੱਚ ਜਵਾਰ, ਬਾਜ਼ਰਾ, ਮੱਕੀ, ਚੌਲੇ (ਰਵਾਹ ), ਤਿਲ, ਸਰੋਂ ਧਨੀਆ, ਦੇਸੀ ਛੋਲੇ, ਤੁਲਸੀ, ਸੌਂਫ, ਪਿਆਜ, ਅਰਹਰ, ਮਾਂਹ, ਮੂੰਗਫਲੀ ਆਦਿ ਫਸਲਾਂ ਲਾਈਆਂ ਜਾ ਸਕਦੀਆਂ ਹਨ। ਇਹਨਾਂ ਦੇ ਗੁਣ ਅਤੇ ਮਹੱਤਵ ਹੇਠ ਲਿਖੇ ਅਨੁਸਾਰ ਹੈ: 
ਗੇਂਦਾ: ਇਹਦੀਆਂ ਜੜ੍ਹਾਂ ਚੋਂ ਨਿਕਲਣ ਵਾਲਾ ਐਲਫਾਟੈਰਥੈਨਿਅਲ ਤੇਲ ਭੂਮੀ ਵਿਚਲੇ ਨਿਮੋਟੋਡਸ ਦੀ ਰੋਕਥਾਮ ਕਰਦਾ ਹੈ। ਅਤੇ ਅਮਰੀਕਨ ਸੁੰਡੀ ਦੀ ਮਾਦਾ ਪੀਲੇ ਫੁੱਲਾਂ ਵਾਲੇ ਗੇਂਦੇ ਦੇ ਫੁੱਲਾਂ 'ਤੇ ਅੰਡੇ ਦੇਣ ਨੂੰ ਪਹਿਲ ਦਿੰਦੀ ਹੈ।
ਜਵਾਰ: ਇਹ ਮੁੱਖ ਫਸਲ ਵਿੱਚ ਟ੍ਰਾਇਕੋਗ੍ਰਾਮਾ ਨਾਮਕ ਵੱਖ-ਵੱਖ ਸੁੰਡੀਆਂ ਦੇ ਪਰਜੀਵੀ ਲਈ ਮੇਜ਼ਬਾਨੀ ਕਰਦੀ ਹੈ। ਪੰਛੀਆਂ ਦੀ ਠਹਿਰ ਬਣਦੀ ਹੈ ਅਤੇ ਚਾਰੇ ਵਜੋਂ ਵੀ ਕੰਮ ਆਉਂਦੀ ਹੈ। 
ਚੌਲੇ: ਮੁੱਖ ਫਸਲ ਵਿੱਚ ਟਰੈਪ ਕਰਾਪ ਦਾ ਕੰਮ ਕਰਦੀ ਹੈ, ਨਾਈਟੋਰਜਨ ਫਿਕਸਰ ਹੈ, ਨਦੀਨ ਨੂੰ ਉੱਗਣ ਤੋਂ ਰੋਕਦੀ ਹੈ। ਇਸਤੋਂ ਵੱਡੀ ਮਾਤਰਾ ਵਿੱਚ ਜੈਵਿਕ ਮਾਦਾ ਮਿਲਦਾ ਹੈ ਜਿਸਤੋਂ ਕਿ ਮਲਚਿੰਗ ਦਾ ਕੰਮ ਲਿਆ ਜਾ ਸਕਦਾ ਹੈ। 
ਤਿਲ: ਵੱਡੀ ਗਿਣਤੀ ਵਿੱਚ ਮਧੂਮੱਖੀਆਂ ਨੂੰ ਆਕ੍ਰਿਸ਼ਤ ਕਰਦੇ ਹਨ ਸਿੱਟੇ ਵਜੋਂ ਭਰਪੂਰ ਪਰਪਰਾਗਣ ਹੁੰਦਾ ਹੈ। 
ਧਨੀਆ: ਬਿਮਾਰੀਰੋਧਕ ਅਤੇ ਹਾਨੀਕਾਰਕ ਕੀਟਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਟ੍ਰਾਇਕੋਗ੍ਰਾਮਾ ਦੀ ਮੇਜ਼ਬਾਨੀ ਕਰਦਾ ਹੈ।
ਸਰੋਂ: ਨਦੀਨ ਨਾਸ਼ਕ ਹੈ। ਸਰੋਂ ਦੇ ਪੌਦੇ ਵਿਚਲਾ ਆਇਸੋਥਾਓਸਾਇਨੇਟ ਨਾਮਕ ਕੈਮੀਕਲ ਨਦੀਨਾਂ ਨੂੰ ਉੱਗਣ ਤੋਂ ਰੋਕਦਾ ਹੈ। 
ਦੇਸੀ ਛੋਲੇ: ਕਈ ਪ੍ਰਕਾਰ ਦੇ ਅਮੀਨੋ ਐਸਿਡ ਨਾਲ ਭਰਪੂਰ ਛੋਲਿਆਂ ਦੇ ਪੌਦੇ ਟਰੈਪ ਕਰਾਪ ਦਾ ਵੀ ਕੰਮ ਕਰਦੇ ਹਨ।
ਤੁਲਸੀ: ਇਹਦੇ ਪੌਦਿਆਂ ਵਿੱਚ 27 ਪ੍ਰਕਾਰ ਦੇ ਐਲਕਾਲਾਇਡਸ ਹੁੰਦੇ ਹਨ। ਇਹ ਗ੍ਰੋਥ ਪ੍ਰੋਮੋਟਰ ਹੋਣ ਦੇ ਨਾਲ-ਨਾਲ  ਅਤੇ ਰੂਟ ਰੌਟ ਰੋਗ ਦੀ ਰੋਕਥਾਮ ਕਰਦੀ ਹੈ।
ਸੌਂਫ: ਸੌਂਫ ਵਾਲੇ ਖੇਤਾਂ ਵਿੱਚ ਭਰਪੂਰ ਪਰਾਗਣ ਹੁੰਦਾ ਹੈ। 
ਪਿਆਜ: ਇਹ ਮੁੱਖ ਫਸਲ ਨੂੰ ਸਲਫਰ ਉਪਲਭਧ ਕਰਵਾਉਣ ਦੇ ਨਾਲ-ਨਾਲ ਭੂਮੀ ਵਿੱਚ ਹਵਾ ਦੇ ਆਵਾਗਮਨ ਵਿੱਚ ਵੀ ਸਹਾਇਕ ਹੁੰਦਾ ਹੈ। ਮੁੱਖ ਫਸਲ ਨੂੰ ਰੋਗਾਂ ਤੋਂ ਵੀ ਬਚਾਉਂਦਾ ਹੈ।

ਸ਼੍ਰੀ ਬਰਵੇ ਅਤੇ ਦੇਸ਼ਮੁੱਖ ਦੁਆਰਾ ਸੁਝਾਏ ਗਏ ਕੁਝ ਉਪਯੋਗੀ ਨੁਕਤੇ: ਕਾਰਜਸ਼ਾਲਾ ਵਿੱਚ ਦੋਹਾਂ ਵਿਦਵਾਨਾ ਨੇ ਕਿਸਾਨਾਂ ਨਾਲ ਹੇਠ ਲਿਖੇ ਨੁਕਤੇ ਵੀ ਸਾਂਝੇ ਕੀਤੇ: 
1. ਫਲਾਂ ਦਾ ਅਕਾਰ ਵੱਡਾ ਕਰਨ ਲਈ 200 ਗ੍ਰਾਮ ਜਯੇਸ਼ਠਮਦ ਅਤੇ 200 ਗ੍ਰਾਮ ਤਿਲਾਂ ਨੂੰ ਪੰਜ ਲਿਟਰ ਪਾਣੀ ਵਿੱਚ ਪਾ ਕੇ ਉਦੋਂ ਤੱਕ ਉਬਾਲੋ ਜਦੋਂ ਤੱਕ ਕਿ ਪਾਣੀ ਅੱਧਾ ਨਾ ਰਹਿ ਜਾਵੇ। ਫਿਰ ਇਸ ਮਿਸ਼ਰਣ ਨੂੰ ਠੰਡਾ ਕਰਕੇ ਇਸ ਵਿੱਚ 500 ਗ੍ਰਾਮ ਗੁੜ ਘੋਲ ਕੇ 200 ਲਿਟਰ ਪਾਣੀ ਵਿੱਚ ਮਿਲਾ ਕੇ ਇੱਕ ਏਕੜ ਫਸਲ 'ਤੇ ਛਿੜਕੋ। 
2. ਸੂਰ ਨੂੰ ਖੇਤ ਚੋਂ ਬਾਹਰ ਖੇਤ ਦੇ ਚਾਰੇ ਪਾਸੇ ਨਾਈ ਤੋਂ ਲੈ ਕੇ ਮਨੁੱਖੀ ਵਾਲ ਵਿਛਾ ਦਿਉ।
3. ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਅੱਧਾ ਕਿੱਲੋ ਮੱਕੀ ਦੇ ਆਟੇ ਵਿੱਚ 250 ਗ੍ਰਾਮ ਚੀਨੀ  ਅਤੇ 50 ਗ੍ਰਾਮ ਸੀਮੈਂਟ ਮਿਲਾ ਕੇ ਚੂਹਿਆਂ ਦੀਆਂ ਖੁੱਡਾਂ ਲਾਗੇ ਰੱਖ ਦਿਉ। ਚੂਹੇ ਇਸ ਮਿਸ਼ਰਣ ਨੂੰ ਖਾ ਕੇ ਦੌੜ-ਦੌੜ ਕੇ ਮਰ ਜਾਣਗੇ। 

ਕਾਰਜਸ਼ਾਲਾ ਦੌਰਾਨ ਆਏ ਵਿਦਵਾਨਾਂ ਨੇ ਕਿਸਾਨਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ।
ਅੰਤ 27 ਦਸੰਬਰ ਨੂੰ ਦੁਪਹਿਰ ਬਾਅਦ 2 ਵਜੇ ਕਾਰਜਸ਼ਾਲਾ ਦਾ ਸਮਾਪਨ ਕੀਤਾ ਗਿਆ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਨੇ ਆਏ ਹੋਏ ਸਮੂਹ ਕਿਸਾਨ ਭਰਾਂਵਾਂ ਅਤੇ ਵਿਦਵਾਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਕਾਰਜਸ਼ਾਲਾ ਵਿੱਚ ਸ਼ਾਮਿਲ ਹੋਏ ਕਿਸਾਨ ਵੀਰਾਂ ਲਈ ਕਾਰਜਸ਼ਾਲਾ ਵਿੱਚ ਹੋਇਆ ਗਿਆਨ-ਵਿਗਿਆਨ ਦਾ ਆਦਾਨ-ਪ੍ਰਦਾਨ ਬਹੁਤ ਲਾਭਕਾਰੀ ਸਿੱਧ ਹੋਵੇਗਾ।

No comments:

Post a Comment