Saturday, 5 May 2012

ਸਰਗਰਮੀਆਂ

ਪੂਰਾ ਦੇਸ਼ ਕੁਦਰਤੀ ਖੇਤੀ ਦੇ ਸਫ਼ਲ ਮਾਡਲ ਲਈ ਪੰਜਾਬ ਵੱਲ ਦੇਖ ਰਿਹੈ: ਡਾ. ਰੁਪੇਲਾ
ਕੁਦਰਤੀ ਖੇਤੀ ਤਹਿਤ ਵੱਖ-ਵੱਖ ਫ਼ਸਲਾਂ ਖਾਸਕਰ ਕਣਕ ਤੋਂ ਵਧੇਰੇ ਉਤਪਾਦਨ ਲੈਣ ਲਈ ਪ੍ਰਯੋਗਾਂ ਦੀ ਵਿਉਂਤਬੰਦੀ ਲਈ ਕਿਸਾਨਾਂ ਨਾਲ ਮੀਟਿੰਗ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਬੀਤੀ 3 ਅਪ੍ਰੈਲ ਨੂੰ ਉਘੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਇੰਦਰਜੀਤ ਸਿੰਘ ਹੁਣਾਂ ਦੇ ਪਿੰਡ ਸਹੋਲੀ ਜ਼ਿਲ•ਾ ਪਟਿਆਲਾ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸੰਸਾਰ ਪ੍ਰਸਿੱਧ ਕੁਦਰਤੀ ਖੇਤੀ ਵਿਗਿਆਨੀ ਅਤੇ ਇਕਰੀਸੈਟ, ਹੈਦਰਾਬਾਦ ਦੇ ਸਾਬਕਾ ਪ੍ਰਧਾਨ ਵਿਗਿਆਨਕ ਡਾ. ਓਮ ਪ੍ਰਕਾਸ਼ ਰੁਪੇਲਾ ਹੁਣਾਂ ਕੀਤੀ। ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਨੇ ਮੀਟਿੰਗ ਦਾ ਸੰਚਾਲਨ ਕੀਤਾ। ਜ਼ਿਕਰਯੋਗ ਹੈ ਕਿ ਇਹ ਇਸ ਲੜੀ ਵਿੱਚ ਤੀਜੀ ਮੀਟਿੰਗ ਸੀ। ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ 'ਚੋਂ 40 ਦੇ ਕਰੀਬ ਪ੍ਰਯੋਗਸ਼ੀਲ ਕੁਦਰਤੀ ਖੇਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦਾ ਸਮੁੱਚਾ ਪ੍ਰਬੰਧ ਸ਼੍ਰੀ ਇੰਦਰਜੀਤ ਸਿੰਘ ਸਹੋਲੀ ਅਤੇ ਸਾਥੀਆਂ ਵੱਲੋਂ ਕੀਤਾ ਗਿਆ ਸੀ।
ਮੀਟਿੰਗ ਵਿੱਚ ਜਿੱਥੇ ਇਸ ਤੋਂ ਪਹਿਲੀਆਂ ਦੋ ਮੀਟਿੰਗਾਂ ਵਿੱਚ ਹੋਏ ਵਿਚਾਰ-ਵਟਾਂਦਰੇ ਅਤੇ ਲਏ ਗਏ ਨਿਰਣਿਆਂ ਦੀ ਪੜ•ਚੋਲ ਕੀਤੀ ਗਈ ਉੱਥੇ ਹੀ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰਯੋਗਾਂ ਨੂੰ ਅੰਤਿਮ ਰੂਪ ਦੇਣ ਲਈ ਜੰਮ ਕੇ ਵਿਚਾਰ ਵਟਾਂਦਰਾ ਵੀ ਹੋਇਆ। ਮੀਟਿੰਗ ਦੌਰਾਨ ਡਾ. ਰੁਪੇਲਾ ਦੁਆਰਾ ਸਭ ਦੀ ਸਲਾਹ ਨਾਲ ਤਿਆਰ ਕੀਤੇ ਗਏ ਪ੍ਰਯੋਗ ਮੈਨੂਅਲ ਨੂੰ ਪੜਿ•ਆ ਗਿਆ ਅਤੇ ਉਸ ਨੂੰ ਹੋਰ ਬੇਹਤਰ ਬਣਾਉਣ ਲਈ ਸਭ ਦੇ ਕੀਮਤੀ ਸੁਝਾਅ ਵੀ ਲਏ ਗਏ।
ਮੀਟਿੰਗ ਵਿੱਚ ਆਏ ਹੋਏ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਰੁਪੇਲਾ ਨੇ ਕਿਹਾ ਕਿ ਪੂਰਾ ਦੇਸ਼ ਕੁਦਰਤੀ ਖੇਤੀ ਦੇ ਸਫ਼ਲ ਮਾਡਲ ਲਈ ਪੰਜਾਬ ਵੱਲ ਦੇਖ ਰਿਹਾ ਹੈ। ਇਸ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਪ੍ਰਯੋਗਸ਼ੀਲ ਮਾਨਸਿਕਤਾ, ਮਿਹਨਤ ਅਤੇ ਲਗਨ ਦੇ ਬਲਬੂਤੇ ਰਸਾਇਣਕ ਖੇਤੀ ਸਤਾਏ ਦੇਸ਼ ਦੇ ਸਮੂਹ ਕਿਸਾਨ ਵੀਰਾਂ ਨੂੰ ਖੇਤੀ ਰਸਾਇਣਕ ਖਾਦਾਂ ਅਤੇ ਜ਼ਹਿਰ ਮੁਕਤ ਕੁਦਰਤੀ ਮਾਡਲ ਦੇਈਏ। ਇਹੀ ਕਾਰਨ ਹੈ ਕਿ ਅਸੀਂ ਪਿਛਲੇ 6 ਮਹੀਨਿਆਂ ਤੋਂ ਇਸ ਕਵਾਇਦ ਵਿੱਚ ਲੱਗੇ ਹੋਏ ਹਾਂ।
ਉਹਨਾਂ ਮੀਟਿੰਗ ਵਿੱਚ ਸ਼ਾਮਿਲ ਕਿਸਾਨਾਂ ਨਾਲ ਕੁਦਰਤੀ ਖੇਤੀ ਤਹਿਤ ਫ਼ਸਲਾਂ ਦਾ ਝਾੜ ਵਧਾਉਣ ਲਈ ਖੜੀ ਫ਼ਸਲ ਵਿੱਚ ਛਿੱਟੇ ਨਾਲ ਔਰੋਗਰੀਨ ਫ਼ਸਲਾਂ ਬੀਜਣ ਅਤੇ ਕਣਕ ਤੇ ਝੋਨੇ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਵਾਪਸ ਖੇਤ ਮਲਚਿੰਗ ਦੇ ਤੌਰ 'ਤੇ ਵਰਤਣ ਦੇ ਤਰੀਕੇ ਸਾਂਝੇ ਕੀਤੇ। ਇਸਦੇ ਨਾਲ ਹੀ ਮੀਟਿੰਗ ਵਿੱਚ ਇਹ ਫ਼ੈਸਲਾ ਵੀ ਲਿਆ ਗਿਆ ਸਾਰੇ ਪ੍ਰਯੌਗਸ਼ੀਲ ਕਿਸਾਨ ਆਪਣੀ ਇੱਕ-ਇੱਕ ਏਕੜ ਜ਼ਮੀਨ ਨੂੰ ਤਿੰਨ ਪਲਾਟਾਂ ਵਿੱਚ ਵੰਡ ਕੇ ਤੈਅਸ਼ੁਦਾ ਪ੍ਰਯੋਗਾਂ ਅਨੂਸਾਰ ਝੋਨਾ, ਨਰਮਾ, ਗੁਆਰਾ, ਜਵਾਰ ਆਦਿ ਫ਼ਸਲਾਂ ਦੀ ਬਿਜਾਈ ਕਰਨਗੇ। ਹਰੇਕ ਫ਼ਸਲ ਵਿੱਚ ਅੰਤਰ ਫ਼ਸਲ ਵਜੋਂ ਦੋ ਦਲੀਆਂ (ਭੂਮੀ ਵਿੱਚ ਨਾਈਟਰੋਜ਼ਨ ਜਮ•ਾ) ਕਰਨ ਵਾਲੀਆਂ ਫ਼ਸਲਾਂ ਲਾਜ਼ਮੀ ਬੀਜੀਆਂ ਜਾਣਗੀਆਂ। ਪਾਣੀ ਲੋੜ ਅਨੁਸਾਰ ਪਰੰਤੂ ਪਤਲਾ ਦਿੱਤਾ ਜਾਵੇਗਾ। ਫ਼ਸਲ ਵਿਚਲੇ ਵਾਧੂ ਪਾਣੀ ਨੂੰ ਖੇਤੋਂ ਬਾਹਰ ਕੱਢਣ ਦਾ ਉੱਚਿਤ ਬੰਦੋਬਸਤ ਕੀਤਾ ਜਾਵੇਗਾ। ਫ਼ਸਲ ਬੀਜਦੇ ਸਮੇਂ ਸਿਸਟਮ ਆਫ ਰੂਟ ਇੰਟੈਂਸੀਫਿਕੇਸ਼ਨ ਦੇ ਹਰ ਸੰਭਵ ਤਰੀਕੇ ਖੇਤ ਵਿੱਚ ਲਾਗੂ ਕੀਤੇ ਜਾਣਗੇ ਅਰਥਾਤ ਹਰੇਕ ਫ਼ਸਲ ਵਿੱਚ ਸਿਆੜ ਤੋਂ ਸਿਆੜ ਅਤੇ ਪੌਦੇ ਤੋਂ ਪੌਦੇ ਵਿੱਚ ਭਰਪੂਰ ਫਾਸਲਾ ਰੱਖਿਆ ਜਾਵੇਗਾ। ਤਾਂ ਕਿ ਫ਼ਸਲ ਪੂਰੀ ਆਜ਼ਾਦੀ ਅਤੇ ਵੇਗ ਨਾਲ ਵਧ-ਫੁੱਲ ਸਕੇ।
ਇਸ ਮੌਕੇ ਸ਼੍ਰੀ ਇੰਦਰਜੀਤ ਸਿੰਘ ਸਹੋਲੀ ਹੁਣਾਂ ਖੁਦ ਵੱਲੋਂ ਤਿਆਰ ਕੀਤੇ ਗਏ ਗਾਰਬੇਜ਼ ਐਨਜਾਈਮ ਬਾਰੇ ਵੱਡਮੁੱਲੀ ਜਾਣਕਾਰੀ ਵੀ ਦਿੱਤੀ ਗਈ। ਅੰਤ ਸ੍ਰੀ ਸਹੋਲੀ ਨੇ ਆਏ ਹੋਏ ਕਿਸਾਨ ਵੀਰਾਂ ਅਤੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਰੁਪੇਲਾ ਦੀ ਅਗਵਾਈ ਵਿੱਚ ਤਿੰੰਨ ਸਾਲ ਚੱਲਣ ਵਾਲੇ ਇਹ ਪ੍ਰਯੋਗ ਯਕੀਨਨ ਹੀ ਪੰਜਾਬ ਵਿੱਚ ਕੁਦਰਤੀ ਖੇਤੀ ਨੂੰ ਨਵੀਂ ਦਿਸ਼ਾ ਦੇਣਗੇ। 

ਭੈਣੀ ਮੀਆਂ ਖਾਨ ਵਿਖੇ ਹੋਇਆ ਇੱਕ ਰੋਜ਼ਾ ਕੁਦਰਤੀ ਖੇਤੀ ਸੈਮੀਨਾਰ
ਬੀਤੇ ਮਹੀਨੇ 8 ਅਪ੍ਰੈਲ ਨੂੰ ਖੇਤੀ ਵਿਰਾਸਤ ਮਿਸ਼ਨ ਵੱਲੋਂ ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਨ ਵਿਖੇ ਕੁਦਰਤੀ ਖੇਤੀ 'ਤੇ ਵਿਸ਼ੇਸ਼ ਸੈਮੀਨਾਰ ਆਯੋਜਤ ਕੀਤਾ ਗਿਆ। ਸਮਾਜ ਸੰਘਰਸ਼ ਸਭਾ ਦੀ ਅਗਵਾਈ ਵਿੱਚ ਆਯੋਜਿਤ ਇਸ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਸ਼੍ਰੀ ਵਰਿੰਦਰਜੀਤ ਸਿੰਘ ਹੁਣਾਂ ਦੱਸਿਆ ਕਿ ਸੈਮੀਨਾਰ ਵਿੱਚ ਜ਼ਿਲ•ੇ ਭਰ ਤੋਂ ਡੇਢ ਸੌ ਦੇ ਕਰੀਬ ਆਮ ਲੋਕਾਂ, ਦੁਕਾਨਦਾਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਘਰੇਲੂ ਔਰਤਾਂ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਅਮਰ ਸਿੰਘ ਆਜ਼ਾਦ , ਮੀਤ ਪ੍ਰਧਾਨ ਮਾਸਟਰ ਮਦਨ ਲਾਲ , ਜੱਥੇਬੰਦਕ ਸਕੱਤਰ ਬਲਵਿੰਦਰ ਸਿੰਘ ਜੈ ਸਿੰਘ ਵਾਲਾ  ਅਤੇ ਡਾ. ਸਨੀ ਸੰਧੂ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਮੌਕੇ ਡਾ. ਆਜ਼ਾਦ ਨੇ ਆਏ ਹੋਏ ਸੱਜਣਾਂ ਨੂੰ ਅਜੋਕੀ ਰਸਾਇਣਿਕ ਖੇਤੀ ਅਤੇ ਜੈਨੇਟੀਕਲੀ ਮੋਡੀਫਾਈਡ (ਬੀਟੀ ਫ਼ਸਲਾਂ) ਦੇ ਮਨੁੱਖੀ ਸਿਹਤ, ਕੁਦਰਤ ਅਤੇ ਵਾਤਾਵਰਣ ਉੱਤੇ ਪੈਣ ਵਾਲੇ ਖ਼ਤਰਨਾਕ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਕੁਦਰਤੀ ਖੇਤੀ ਦੀ ਲੋੜ ਅਤੇ ਮਹੱਤਵ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ।
ਇਸ ਮੌਕੇ ਮਿਸ਼ਨ ਦੀ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁਪ ਦੇ ਕੁਆਰਡੀਨੇਟਰ ਡਾ. ਸਨੀ ਸੰਧੂ ਨੇ ਹਵਾ, ਪਾਣੀ, ਮਿੱਟੀ ਅਤੇ ਪਲੀਤੀ ਹੋਈ ਖ਼ੁਰਾਕ ਕਾਰਨ ਹੋ ਰਹੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਆਪਣੀ ਗੱਲ ਰੱਖੀ ਅਤੇ ਲੋਕਾਂ ਨੂੰ ਕੁਦਰਤੀ ਖੇਤੀ ਵੱਲ ਪਰਤਣ ਦਾ ਸੱਦਾ ਦਿੱਤਾ।
ਉਪਰੰਤ ਮਾਸਟਰ ਮਦਨ ਲਾਲ ਹੁਣਾਂ ਆਏ ਹੋਏ ਸੱਜਣਾਂ ਨਾਲ ਕੁਦਰਤੀ ਖੇਤੀ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਰਸਾਇਣਿਕ ਖੇਤੀ ਕਿਸੇ ਵੀ ਪੱਖੋਂ ਟਿਕਾਊ, ਲਾਹੇਵੰਦ ਅਤੇ ਸੁਰੱਖਿਅਤ ਨਹੀਂ ਹੈ। ਸੋ ਸਮੂਹ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਕੁਦਰਤੀ ਖੇਤੀ ਵੱਲ ਮੋੜਾ ਪਾਉਣ। ਕਿਉਂਕਿ ਕੁਦਰਤੀ ਖੇਤੀ ਹੀ ਭਵਿੱਖ ਦੀ ਖੇਤੀ ਹੈ।
ਇਸ ਮੌਕੇ ਬਲਵਿੰਦਰ ਸਿੰਘ ਜੈ ਸਿੰਘ ਵਾਲਾ ਨੇ ਸੈਮੀਨਾਰ ਵਿੱਚ ਆਏ ਹੋਏ ਲੋਕਾਂ ਨੂੰ ਦੇਸ਼ ਭਰ ਵਿੱਚ ਉੱਠ ਰਹੀ ਕੁਦਰਤੀ ਖੇਤੀ ਲਹਿਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਅਨੇਕਾਂ ਰਾਜਾਂ ਵਿੱਚ ਰਸਾਇਣਿਕ ਖੇਤੀ ਦੇ ਝੰਬੇ ਕਿਸਾਨ ਕੁਦਰਤੀ ਖੇਤੀ ਅਪਣਾ ਰਹੇ ਹਨ। ਆਂਧਰਾ ਪ੍ਰਦੇਸ਼ ਵਿੱਚ ਟਿਕਾਊ ਖੇਤੀ ਕੇਂਦਰ, ਹੈਦਰਾਬਾਦ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ ਦੁਆਰਾ35 ਲੱਖ ਏਕੜ 'ਚ ਜ਼ਹਿਰ ਮੁਕਤ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ।
ਸੈਮੀਨਾਰ ਵਿੱਚ ਡਾ. ਲਖਵਿੰਦਰ ਸਿੰਘ ਭੈਣੀ ਮੀਆਂ ਖਾਨ, ਡਾ. ਰਵਿੰਦਰ ਸਿੰਘ ਏ. ਡੀ. ਓ. ਨਾਨੋਵਾਲ ਜੀਂਦੜ, ਮਨਜੀਤ ਸਿੰਘ ਨੈਣੇਕੋਟ, ਚਰਨਜੀਤ ਸਿੰਘ ਰਿਆੜ, ਗੁਰਚਰਨ ਸਿੰਘ  ਗੋਰਸੀਆਂ, ਲਖਬੀਰ ਸਿੰਘ ਹਾਰਨੀਆ, ਕਰਨੈਲ ਸਿੰਘ ਰਾਜੂ ਬੇਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸੈਮੀਨਾਰ ਦਾ ਸਮੁੱਚਾ ਪ੍ਰਬੰਧ ਕੇ. ਐਸ. ਜਾਗੋਵਾਲ, ਵਰਿੰਦਰਜੀਤ ਸਿੰਘ ਜਾਗੋਵਾਲ, ਡਾ. ਸਤੀਸ਼ ਆਜ਼ਾਦ, ਜਸਬੀਰ ਸਿੰਘ ਫੇਰੋਚੇਚੀ, ਮਨਜੀਤ ਸਿੰਘ ਰਿਆੜ, ਜਤਿੰਦਰ ਸਿੰਘ ਯੂ ਕੇ, ਕੁਲਵੰਤ ਸਿੰਘ ਫੇਰੋਚੇਚੀ, ਜਰਨੈਲ ਸਿੰਘ ਲਾਧੂਪੁਰ ਅਤੇ ਮਾ. ਜਸਵਿੰਦਰ ਸਿੰਘ ਕੀੜੀ ਹੁਣੇ ਨੇ ਕੀਤਾ।  
ਬਮਾਲ ਵਿਖੇ ਹੋਈ ਕੁਦਰਤੀ ਖੇਤੀ ਕਾਰਜਸ਼ਾਲਾ
ਬੀਤੀ 18 ਮਾਰਚ ਨੂੰ ਖੇਤੀ ਵਿਰਾਸਤ ਮਿਸ਼ਨ ਵੱਲੋਂ ਸ਼੍ਰੀ ਗੁਰਦਿਆਲ ਸਿੰਘ ਸੀਤਲ ਅਤੇ ਮਾਸ਼ਟਰ ਮਿਸ਼ਰਾ ਸਿੰਘ ਦੇ ਸੱਦੇ 'ਤੇ ਬਰਨਾਲੇ ਜ਼ਿਲ•ੇ ਦੇ ਪਿੰਡ ਬਮਾਲ ਵਿਖੇ ਕੁਦਰਤੀ ਖੇਤੀ ਕਾਰਜਸ਼ਾਲਾ ਲਾਈ ਗਈ। ਕਾਰਜਸ਼ਾਲਾ ਵਿੱਚ ਮਿਸ਼ਨ ਵੱਲੋਂ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜ•ੀਖਾਨਾ, ਪਿੰਡ ਚੈਨਾ ਦੇ ਉੱਘੇ ਕੁਦਰਤੀ ਖੇਤੀ ਕਿਸਾਨ ਗੋਰਾ ਸਿੰਘ ਅਤੇ ਮਿਸ਼ਨ ਦੇ ਰੰਗਰੂਟ ਜਗਜੀਤ ਸਿੰਘ ਨੇ ਸ਼ਿਰਕਤ ਕੀਤੀ।
ਪਿੰਡ ਦੇ ਹਾਈ ਸਕੂਲ ਵਿੱਚ ਲਾਈ ਗਈ ਇਸ ਕਾਰਜਸ਼ਾਲਾ ਵਿੱਚ ਪਿੰਡ ਦੇ ਜਾਗਰੂਕ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸਕੂਲ ਦੇ ਹੈਡ ਮਾਸਟਰ  ਸ਼੍ਰੀ ਮੁਖਤਿਆਰ ਸਿੰਘ ਨੇ ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਕੁਦਰਤੀ ਖੇਤੀ ਦੇ ਮਹੱਤਵ ਅਤੇ ਇਸ ਦੀ ਲੋੜ 'ਤੇ ਚਾਨਣਾ  ਪਾਇਆ।
ਇਸ ਮੌਕੇ ਸ਼੍ਰੀ ਗੁਰਦਿਆਲ ਸਿੰਘ ਸ਼ੀਤਲ ਨੇ ਵੀ ਕਿਸਾਨ ਵੀਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਆਏ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਖੇਤੀ ਨੂੰ ਬਹੁਕੌਮੀ ਕੰਪਨੀਆਂ ਅਤੇ ਉਹਨਾਂ ਦੀਆਂ ਹਥਠੋਕਾ ਸਰਕਾਰਾਂ ਤੋਂ ਗੰਭੀਰ ਖ਼ਤਰਾ ਹੈ।
ਇਸ ਮੌਕੇ ਗੁਰਪ੍ਰੀਤ ਦਬੜ•ੀਖਾਨਾ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵਿਗਿਆਨ ਨਾਲ ਜਾਣੂ ਕਰਵਾਇਆ ਅਤੇ ਆਏ ਹੋਏ ਕਿਸਾਨਾਂ ਨੂੰ ਕੁਦਰਤੀ ਖੇਤੀ ਤਕਨੀਕਾਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਭੂਮੀ ਦੀ ਸਿਹਤ ਸੰਭਾਲਣ ਲਈ ਉਚੇਚੇ ਯਤਨ ਕਰਨ ਦੀ ਅਪੀਲ ਕਰਦਿਆਂ ਉਹਨਾਂ ਨਾਲ ਇਸ ਸਬੰਧੀ ਕਈ ਢੰਗ-ਤਰੀਕੇ ਵੀ ਸਾਂਝੇ ਕੀਤੇ।
ਇਸ ਮੌਕੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਗੋਰਾ ਸਿੰਘ ਨੇ ਕਿਸਾਨਾਂ ਨਾਲ ਕੁਦਰਤੀ ਖੇਤੀ ਸਬੰਧੀ ਆਪਣਾ ਹੁਣ ਤੱਕ ਦਾ ਤਜ਼ਰਬਾ ਸਾਂਝਾ ਕੀਤਾ। ਉਹਨਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਫ਼ਾਇਦੇ ਗਿਣਾਉਂਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੇ ਖੇਤੀ ਵਿੱਚ ਬਣੇ ਰਹਿਣਾ ਹੈ ਤਾਂ ਉਹਨਾਂ ਲਈ ਜ਼ਰੂਰੀ ਹੈ ਕਿ ਛੇਤੀ ਤੋਂ ਛੇਤੀ ਕੁਦਰਤੀ ਖੇਤੀ ਦੇ ਲੜ ਲੱਗਣ।
ਇਸ ਮੌਕੇ  ਮਿਸ਼ਨ ਦੇ ਸਾਹਿਤ ਦੀ ਸਟਾਲ ਅਤੇ ਫ਼ਸਲੀ ਕੀਟਾਂ ਦੀ ਪਛਾਣ ਸਬੰਧੀ ਪ੍ਰਦਰਸ਼ਨੀ ਵੀ ਲਾਈ ਗਈ। ਜਿਹਨਾਂ ਵਿੱਚ ਕਿ ਕਿਸਾਨਾਂ ਦਾ ਭਰਪੂਰ ਰੁਚੀ ਲਈ।
ਅੰਤ ਵਿੱਚ ਕਾਰਜਸ਼ਾਲਾ ਦੇ ਪ੍ਰਬੰਧਕ ਮਾਸਟਰ ਮਿਸ਼ਰਾ ਸਿੰਘ ਨੇ ਆਏ ਹੋ ਕਿਸਾਨ ਵੀਰਾਂ ਅਤੇ ਮਿਸ਼ਨ ਦੇ ਕਾਰਕੁੰਨਾਂ ਦਾ ਧੰਨਵਾਦ ਕਰਦਿਆਂ ਕਿਸਾਨਾਂ ਵੀਰਾਂ ਨੂੰ ਕੁਦਰਤੀ ਖੇਤੀ ਕਰਨ ਦੀ ਅਪੀਲ ਕੀਤੀ।
ਗੁਰੁਦੁਆਰਾ ਟਾਹਲੀ ਸਾਹਿਬ, ਗਾਲ•ੜੀ ਵਿਖੇ ਲੱਗਿਆ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ
ਬੀਤੀ 6 ਅਪ੍ਰੈਲ ਨੂੰ ਗੁਰਦਾਸਪੁਰ ਜ਼ਿਲ•ੇ ਦੇ ਪਿੰਡ ਗਾਲ•ੜੀ ਵਿਖੇ ਸਥਾਨਕ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਦੁਆਰਾ ਟਾਹਲੀ ਸਾਹਿਬ ਵਿਖੇ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਖੇਤੀ ਵਿਰਾਸਤ ਮਿਸ਼ਨ ਤੋਂ ਗੁਰਪ੍ਰੀਤ ਦਬੜ•ੀਖਾਨਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਇਸ ਟ੍ਰੇਨਿੰਗ ਕੈਂਪ ਦੇ ਆਯੋਜਨ ਵਿੱਚ ਮਿਸ਼ਨ ਦੇ ਕਾਰਕੁੰਨ ਕੁਲਜੀਤ ਸਿੰਘ ਕਠਿਆਲੀ ਅਤੇ ਕਾਮਰੇਡ ਬਖ਼ਸ਼ੀਸ਼ ਸਿੰਘ ਨੇ ਅਹਿਮ ਯੋਗਦਾਨ ਪਾਇਆ। ਕੈਂਪ ਵਿੱਚ ਕੁਦਰਤੀ ਖੇਤੀ ਸਿੱਖਣ ਦੇ ਚਾਹਵਾਨ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਮੌਕੇ ਗੁਰਪ੍ਰੀਤ ਦਬੜ•ੀਖਾਨਾ ਨੇ ਆਏ ਹੋਏ ਕਿਸਾਨ ਵੀਰਾਂ ਨੂੰ ਵਿਸਥਾਰ ਨਾਲ ਕੁਦਰਤੀ ਖੇਤੀ ਵਿਗਿਆਨ ਅਤੇ ਤਕਨੀਕਾਂ ਤੋਂ ਜਾਣੂ ਕਰਵਾਇਆ। ਉਹਨਾਂ, ਆਉਣ ਵਾਲੇ ਸਮੇਂ ਵਿੱਚ ਝੋਨੇ ਦੀ ਲਵਾਈ/ਬਿਜਾਈ ਦੇ ਮੱਦ-ਏ-ਨਜ਼ਰ ਕਿਸਾਨ ਵੀਰਾਂ ਨੂੰ ਝੋਨਾ ਲਾਉਣ ਦੀ ਸਹੀ ਤਕਨੀਕ ਬਾਰੇ ਖਾਸ ਤੌਰ 'ਤੇ ਜਾਣਕਾਰੀ ਦਿੱਤੀ।
ਇਸ ਮੌਕੇ ਮਿਸ਼ਨ ਵੱਲੋਂ ਜਗਜੀਤ ਸਿੰਘ ਦੀ ਦੇਖ-ਰੇਖ ਵਿੱਚ ਕੀਟ ਪਛਾਣ ਪ੍ਰਦਰਸ਼ਨੀ ਅਤੇ ਮਿਸ਼ਨ ਦੇ ਲਿਟਰੇਚਰ ਦੀ ਸਟਾਲ ਵੀ ਲਾਈ ਗਈ। ਕਿਸਾਨਾਂ ਨੇ ਜਿੱਥੇ ਪ੍ਰਦਰਸ਼ਨੀ ਦੇਖ ਕੇ ਕੀਟ ਪਛਾਣ ਸਬੰਧੀ ਆਪਣੇ ਗਿਆਨ ਵਿੱਚ ਵਾਧਾ ਕੀਤਾ ਉੱਥੇ ਹੀ ਕੁਦਰਤੀ ਖੇਤੀ ਸਾਹਿਤ ਵੀ ਖ਼ਰੀਦਿਆ।
ਅੰਤ ਵਿੱਚ ਕੁਲਜੀਤ ਸਿੰਘ ਕਠਿਆਲੀ ਅਤੇ ਕਾਮਰੇਡ ਬਖ਼ਸ਼ੀਸ਼ ਸਿੰਘ ਨੇ ਕੈਂਪ ਵਿੱਚ ਆਏ ਕਿਸਾਨ ਵੀਰਾਂ ਅਤੇ ਮਿਸ਼ਨ ਕਾਰਕੁੰਨਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਕੁਦਰਤੀ ਖੇਤੀ ਸ਼ੁਰੂ ਕਰਨ ਦੀ ਅਪੀਲ ਕੀਤੀ। 

ਘੁੱਗ ਸ਼ੁਦਾਣਾ ਵਿਖੇ ਲੱਗਿਆ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ
ਖੇਤੀ ਵਿਰਾਸਤ ਮਿਸ਼ਨ, ਜੈਤੋ ਵੱਲੋਂ ਬੀਤੇ ਮਹੀਨੇ 15 ਅਪ੍ਰੈਲ ਨੂੰ ਜਲੰਧਰ ਜ਼ਿਲ•ੇ ਦੇ ਭੋਗਪੁਰ ਬਲਾਕ ਅਧੀਨ ਪੈਂਦੇ ਪਿੰਡ ਘੁੱਗ ਸ਼ੁਦਾਣਾ ਵਿਖੇ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ ਲਾਇਆ ਗਿਆ। ਕੈਂਪ ਦਾ ਸਮੁੱਚਾ ਪ੍ਰਬੰਧ ਪਿੰਡ ਦੇ ਕੁਦਰਤੀ ਖੇਤੀ ਕਿਸਾਨ ਪਰਵਿੰਦਰ ਸਿੰਘ, ਸਤਿੰਦਰਪਾਲ ਸਿੰਘ ਅਤੇ ਛਾਹੜਕੇ ਪਿੰਡ ਦੇ ਭੰਗੂ ਫਾਰਮ ਵਾਲੇ ਅਮਰਜੀਤ ਸਿੰਘ ਹੁਣਾਂ ਮਿਲ ਕੇ ਕੀਤਾ। ਕੈਂਪ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ,  ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜ•ੀਖਾਨਾ, ਡਾ. ਹਰਬਖ਼ਸ਼ ਸਿੰਘ ਜਗਤਪੁਰ ਅਤੇ ਸ਼੍ਰੀ ਉਪਕਾਰ ਸਿੰਘ ਚੱਕ ਦੇਸ ਰਾਜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਕੈਂਪ ਵਿੱਚ ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲਿ•ਆਂ ਦੇ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਉਮੇਂਦਰ ਦੱਤ ਨੇ ਪੰਜਾਬ ਦੇ ਮੌਜੂਦਾ ਖੇਤੀ ਸੰਕਟ 'ਤੇ ਡੂੰਘਾਈ ਨਾਲ ਚਾਨਣਾ ਪਾਇਆ। ਉਹਨਾਂ ਮੌਜੂਦਾ ਖੇਤੀ ਸੰਕਟ ਲਈ ਬਹੁਕੌਮੀ ਕਾਰਪੋਰੇਸ਼ਨਾਂ ਨਾਲ ਸਰਕਾਰਾਂ ਦੀ ਮਿਲੀਭੁਗਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਦੇਸ ਭਰ ਵਿੱਚ 2 ਲੱਖ ਕਿਸਾਨਾਂ ਅਤੇ ਸਵਾ ਲੱਖ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕਰ ਲਈਆਂ ਪਰ ਇੱਕ ਵੀ ਐਸਾ ਕੇਸ ਸਾਹਮਣੇ ਨਹੀਂ ਆਇਆ ਜਿਸ ਵਿੱਚ ਬਹੁਕੌਮੀ ਕੰਪਨੀਆਂ ਦੇ ਕਿਸੇ ਅਧਿਕਾਰੀ, ਆੜਤੀਏ, ਕਿਸੇ ਖੇਤੀ ਵਿਗਿਆਨੀ ਜਾਂ ਕਿਸੇ ਬੈਂਕ ਮੈਨੇਜ਼ਰ ਨੇ ਅਜਿਹਾ ਕੀਤਾ ਹੋਵੇ। ਹਾਲਾਂਕਿ ਇਹ ਸਭ ਵੀ ਕਿਸਾਨ ਵਾਂਗਰਾਂ ਹੀ ਖੇਤੀ ਨਾਲ ਜੁੜੇ ਹੋਏ ਹਨ। ਉਹਨਾਂ ਹੋਰ ਕਿਹਾ ਕਿ ਜੇਕਰ ਕਿਸਾਨਾਂ ਨੇ ਆਪਣਾ ਕਿਸਾਨੀ ਸਵੈਮਾਣ ਅਤੇ ਖੁਸ਼ਹਾਲੀ ਵਾਪਸ ਪਾਉਣੀ ਹੈ ਤਾਂ ਉਹਨਾਂ ਨੂੰ ਕੁਦਰਤੀ ਖੇਤੀ ਵੱਲ ਮੁੜਨਾ ਹੀ ਪਵੇਗਾ। ਆਪਣੇ ਦੇਸੀ ਬੀਜ ਬਚਾਉਣੇ ਅਤੇ ਸੰਭਾਲਣੇ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਰਸਾਇਣਿਕ ਖੇਤੀ ਪੱਖੀ ਨੀਤੀਆਂ ਦਾ ਕਰੜਾ ਵਿਰੋਧ ਕਰਨਾ ਹੋਵੇਗਾ।
ਇਸ ਮੌਕੇ ਗੁਰਪ੍ਰੀਤ ਦਬੜ•ੀਖਾਨਾ ਨੇ ਕਿਸਾਨਾਂ ਨੂੰ ਵੱਖ-ਵੱਖ ਕੁਦਰਤੀ ਖੇਤੀ ਤਕਨੀਕਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਕੁਦਰਤੀ ਖੇਤੀ ਚੁਗਿਰਦੇ, ਅਨੰਤ ਕੋਟੀ ਜੀਅ-ਜੰਤ ਅਤੇ ਕੁਦਰਤ ਨਾਲ ਮਨੁੱਖ ਦੀ ਪ੍ਰਸਪਰ ਸਹਿਹੋਂਦ ਹੋਂਦ 'ਚੋਂ ਉਪਜਿਆ ਸਰਲ ਕੁਦਰਤੀ ਵਿਗਿਆਨ ਹੈ। ਇਹ ਸਰਬਤ ਦੇ ਭਲੇ ਦੀ ਖੇਤੀ ਹੈ ਅਤੇ ਹਰ ਕੋਈ ਬੜੀ ਹੀ ਆਸਾਨੀ ਨਾਲ ਕੁਦਰਤੀ ਖੇਤੀ ਕਰ ਸਕਦਾ ਹੈ।
ਕੈਂਪ ਦੌਰਾਨ ਡਾ. ਹਰਬਖ਼ਸ਼ ਸਿੰਘ ਅਤੇ ਸ਼੍ਰੀ ਉਪਕਾਰ ਸਿੰਘ ਹੁਣਾ ਆਪਣੇ ਸੰਬੋਧਨ ਰਾਹੀਂ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਪ੍ਰੇਰਿਆ। ਇਸ ਮੌਕੇ ਮਿਸ਼ਨ ਵੱਲੋਂ ਲਿਟਰੇਚਰ ਦੀ ਸਟਾਲ ਅਤੇ ਕੀਟ ਪਛਾਣ ਪ੍ਰਦਰਸ਼ਨੀ ਵੀ ਲਾਈ ਗਈ। ਕਿਸਾਨਾਂ ਨੇ ਵਧ-ਚੜ• ਕੇ ਲਿਟਰੇਚਰ ਖਰੀਦਿਆ ਅਤੇ ਕੁਦਰਤੀ ਖੇਤੀ ਸ਼ੁਰੂ ਕਰਨ ਦਾ ਅਹਿਦ ਲਿਆ।
ਅੰਤ ਵਿੱਚ ਸਤਿੰਦਰਪਾਲ ਸਿੰਘ, ਪਰਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ ਭੰਗੂ ਹੁਣਾਂ ਕੈਂਪ ਵਿੱਚ ਦੂਰੋਂ-ਨੇੜਿਉਂ ਆਏ ਸਮੂਹ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮਾਹਿਰਾਂ ਦਾ ਸਨਮਾਨ ਕਰਦਿਆਂ ਇਲਾਕੇ ਵਿੱਚ ਅਜਿਹੇ ਕੈਂਪ ਲਵਾਉਂਦੇ ਰਹਿਣ ਦਾ ਅਹਿਦ ਲਿਆ।
ਜਨ ਸਿਹਤ ਅਤੇ ਵਾਤਵਰਣ ਦੇ ਲੋਕ ਏਜੰਡੇ 'ਤੇ ਲੋਕ ਸੰਵਾਦ

ਵਾਤਵਰਣ ਅਤੇ ਸਮਾਜ ਬਚਾਓ ਮੋਰਚੇ ਵੱਲੋਂ ਚੰਡੀਗੜ• ਦੇ ਲਾਅ ਭਵਨ ਵਿੱਚ 22 ਮਾਰਚ ਨੂੰ ਜਨ ਸਿਹਤ ਅਤੇ ਵਾਤਵਰਣ ਦੇ ਲੋਕ ਏਜੰਡੇ ਉੱਪਰ ਲੋਕ ਸੰਵਾਦ ਕਰਵਾਇਆ ਗਿਆ। ਮਾਲਵਿੰਦਰ ਸਿੰਘ ਮਾਲੀ ਵੱਲੋਂ ਸਭ ਦਾ ਸਵਾਗਤ ਕੀਤਾ ਗਿਆ ਅਤੇ ਤੁਸ਼ਾਰ ਭਾਰਗਵ ਨੇ ਆਏ ਹੋਏ ਪ੍ਰਤਿਨਿਧੀਆਂ ਨੂੰ ਇਸ ਲੋਕ ਸੰਵਾਦ ਦੇ ਉਦੇਸ਼ ਬਾਰੇ ਜਾਣੂ ਕਰਵਾਇਆ।
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਅਮਰ ਸਿੰਘ ਆਜ਼ਾਦ ਨੇ ਪੰਜਾਬ ਸਰਕਾਰ ਨੂੰ ਸੌਪੇ ਜਾਣ ਵਾਲੇ ਏਜੰਡੇ ਬਾਰੇ ਦੱਸਦਿਆ ਕਿਹਾ ਕਿ ਪੰਜਾਬ ਅੱਜ ਵਾਤਾਵਰਣੀ ਜ਼ਹਿਰੀਲੇਪਣ, ਨਸ਼ਿਆਂ ਅਤੇ ਹੋਰ ਸਮਾਜਿਕ-ਆਰਥਿਕ ਕਾਰਨਾਂ ਕਰਕੇ ਗੰਭੀਰ ਸਮਾਜਿਕ, ਆਰਥਿਕ ਅਤੇ ਵਾਤਾਵਰਣ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਹੱਦੋਂ-ਵੱਧ ਸ਼ੋਸ਼ਣ ਹੋ ਰਿਹਾ ਹੈ। ਧਰਤੀ ਉੱਪਰਲਾ ਅਤੇ ਹੇਠਲਾ ਪਾਣੀ ਦੂਸ਼ਿਤ ਹੋ ਚੁੱਕਿਆ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਹੱਦੋਂ ਵੱਧ ਕੀਟਨਾਸ਼ਕਾਂ ਦਾ ਪ੍ਰਯੋਗ ਕਾਰਨ ਸਮੁੱਚੀ ਮਨੁੱਖੀ ਅਤੇ ਵਾਤਾਵਰਣੀ ਸਿਹਤ ਭਾਰੀ ਖ਼ਤਰੇ 'ਚ ਹੈ। ਵਾਤਵਰਣ ਦੇ ਜ਼ਹਿਰੀਲੇਪਣ ਕਰਕੇ ਸਾਡਾ ਜਿਉਣ ਦਾ ਅਧਿਕਾਰ ਵੀ ਖ਼ਤਰੇ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਭਾਭਾ ਪਰਮਾਣੂ ਖੋਜ ਕੇਂਦਰ ਵੱਲੋਂ ਵੀ ਪੰਜਾਬ ਦੇ ਵਾਤਵਰਣ ਵਿੱਚ ਯੂਰੇਨੀਅਮ ਦੀ ਵੱਧ ਮਾਤਰਾ ਦਾ ਕਾਰਨ ਫਾਸਫੇਟ ਖਾਦਾਂ ਦੀ ਲੋੜੋਂ ਵੱਧ ਵਰਤੋਂ ਦੱਸੀ ਹੈ ਗਈ ਹੈ। ਸਿਰਫ ਇਹੀ ਇੱਕ ਜ਼ਹਿਰ ਨਹੀਂ ਜੋ ਪੰਜਾਬ ਦੇ ਵਾਤਾਵਰਬਣ ਵਿੱਚ ਲੋੜੋਂ ਵੱਧ ਮੌਜ਼ੂਦ ਹੈ ਕਈ ਹੋਰ ਜ਼ਹਿਰ ਜਿਵੇਂ ਕੀਟਨਾਸ਼ਕ, ਨਾਈਟ੍ਰੇਟਸ, ਫਲੋਰਾਈਡ, ਭਾਰੀਆਂ ਧਾਤਾਂ ਅਤੇ ਉਦਯੋਗਿਕ ਜ਼ਹਿਰਾਂ ਵੀ ਵਾਤਾਵਰਣ ਵਿੱਚ ਵੱਡੀ ਮਾਤਰਾ 'ਚ ਮੌਜੂਦ ਹਨ।
ਪਿਛਲੇ ਕੁੱਝ ਦਹਾਕਿਆਂ ਵਿੱਚ ਹੀ ਪੰਜਾਬ ਦੇ ਲੋਕਾਂ ਦੀ ਸਿਹਤ ਬੁਰੀ ਤਰ•ਾਂ ਬਰਬਾਦ ਹੋ ਗਈ ਹੈ। ਪਰ ਇਸਦੇ ਕਾਰਨਾਂ ਬਾਰੇ ਜਾਣਨ ਲਈ ਕੋਈ ਗੰਭੀਰ ਅਧਿਐਨ ਨਹੀ ਕਰਵਾਏ ਗਏ ਅਤੇ ਨਾ ਹੀ ਇਹਨਾਂ ਜ਼ਹਿਰਾਂ ਦੇ ਮਨੁੱਖਾਂ, ਪਸ਼ੂਆਂ, ਮਿੱਟੀ, ਪਾਣੀ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਹੀ ਕੋਈ ਵਧੀਆ ਅਧਿਐਨ ਹੋਏ। ਇਸ ਸਭ ਲਈ ਉੱਚਿੱਤ ਹੱਲਾਂ ਬਾਰੇ ਗੱਲ ਕਰਦਿਆਂ ਡਾ. ਆਜ਼ਾਦ ਨੇ ਕਿਹਾ ਕਿ ਮੌਜ਼ੂਦਾ ਜ਼ਹਿਰਾਂ ਦੇ ਅਸਰਾਂ ਨੂੰ ਖਤਮ ਕਰਨ, ਹੋਰ ਨਵੇਂ ਜ਼ਹਿਰਾਂ ਉੱਪਰ ਰੋਕ ਲਗਾਉਣ, ਇਸਦੇ ਸ਼ਿਕਾਰ ਲੋਕਾਂ ਦੇ ਇਲਾਜ਼ ਅਤੇ ਇਹ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੋਂ ਮੁਆਵਜ਼ਾ ਲੈਣਾ ਆਦਿ ਹੱਲ ਕੀਤੇ ਜਾ ਸਕਦੇ ਹਨ।
ਖੇਤੀ ਰਸਾਇਣਾਂ ਬਾਰੇ ਸਿੱਧ ਹੋ ਚੁੱਕਿਆ ਹੈ ਕਿ ਇਹ ਵਾਤਾਵਰਣ ਅਤੇ ਮਨੁੱਖ ਦੀ ਸਿਹਤ ਉੱਪਰ ਬੁਰੇ ਪ੍ਰਭਾਵ ਪਾਉਂਦੇ ਹਨ। ਇਹਨਾਂ ਜ਼ਹਿਰਾਂ ਕਰਕੇ ਬਹੁਤ ਸਾਰੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋਏ ਹਨ ਅਤੇ ਕਈ ਸਮੇਂ ਤੋਂ ਪਹਿਲਾਂ ਹੀ ਮੌਤ ਦਾ ਗ੍ਰਾਸ ਬਣੇ ਹੋਏ ਹਨ। ਪ੍ਰਜਣਨ ਸਿਹਤ ਬੁਰੀ ਤਰ•ਾਂ ਪ੍ਰਭਾਵਿਤ ਹੋਈ ਹੈ। ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਇਹਨਾਂ ਜ਼ਹਿਰਾਂ ਤੋਂ ਬਿਨਾਂ ਹੋ ਰਹੀ ਖੇਤੀ ਨੇ ਇਸ ਮਿੱਥ ਨੂੰ ਤੋੜ ਦਿੱਤਾ ਹੈ ਕਿ ਜ਼ਹਿਰਾਂ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ। ਪੰਜਾਬ ਨੂੰ ਕੁਦਰਤੀ ਖੇਤੀ, ਜੀ ਐੱਮ ਮੁਕਤ ਖੇਤੀ ਦੇ ਮਾਡਲ ਵੱਲ ਆਉਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਇਸ ਨੂੰ ਪੂਰਾ ਸਮਰਥਨ ਦੇਣਾ ਚਾਹੀਦਾ ਹੈ।
ਚੰਡੀਗੜ• ਦੀ ਸਾਬਕਾ ਮੇਅਰ ਮੈਡਮ ਹਰਜਿੰਦਰ ਕੌਰ ਨੇ ਵੀ ਪੰਜਾਬ ਵਿੱਚ ਵਧਦੇ ਪ੍ਰਦੂਸ਼ਣ ਕਰਕੇ ਪੈਣ ਵਾਲੇ ਪ੍ਰਭਾਵਾਂ ਉੱਪਰ ਚਿੰਤਾ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਲੋਕਾਂ ਕੋਲ ਹੀ ਭ ਤੋਂ ਵੱਡੀ ਸ਼ਕਤੀ ਹੈ ਅਤੇ ਲੋਕ ਹੀ ਇਹ ਨਿਰਣਾ ਕਰ ਸਕਦੇ ਹਨ ਕਿ ਕੀ ਹੋਣਾ ਚਾਹੀਦਾ ਹੈ ਅਤੇ ਕੀ ਨਹੀ। ਯੂ ਸੀ ਪੀ ਆਈ ਦੇ ਸ਼੍ਰੀ ਚਰਨ ਗਿੱਲ ਨੇ ਪਾਣੀ ਦੀ ਦੁਰਵਰਤੋਂ ਅਤੇ ਪਾਣੀ ਨੂੰ ਬਚਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਕਿਹਾ ਕਿ ਸਾਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਯੋਜਨਾ ਆਯੋਗ ਵਿੱਚ ਪਿੰਡ ਦਾ ਪ੍ਰਤੀਨਿਧੀ ਜ਼ਰੂਰ ਹੋਣਾ ਚਾਹੀਦਾ ਹੈ।
ਕੁਦਰਤ ਮਾਨਵ ਕੇਂਦ੍ਰਿਤ ਲੋਕ ਲਹਿਰ ਦੇ ਸੁਖਦੇਵ ਸਿੰਘ ਭੁਪਾਲ ਨੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਪ੍ਰਦੂਸ਼ਣ ਅਤੇ ਪਾਣੀ ਦੀ ਦੁਰਵਰਤੋਂ ਇਸੇ ਤਰ•ਾਂ ਵਧਦੇ ਰਹੇ ਤਾਂ ਧਰਤੀ ਉੱਤੇ ਕੋਈ ਜੀਵਨ ਨਹੀਂ ਰਹੇਗਾ। ਖੁੱਲ•ੀ ਵਿਚਾਰ ਚਰਚਾ ਵਿੱਚ  ਪੂਨਮ ਸਿੰਘ ਪ੍ਰੀਤਲੜੀ, ਮਹਿਮਾ ਕੌਰ, ਜਸਪ੍ਰੀਤ ਕੌਰ, ਅਰਸ਼ਿੰਦਰ ਕੌਰ, ਦੀਪਕ ਬੱਬਰ, ਸੁਰਿੰਦਰ ਕੌਸ਼ਲ, ਜਗਮੋਹਨ ਸਿੰਘ ਨੇ ਸਮੇਤ ਕਈਆਂ ਨੇ ਭਾਗ ਲਿਆ।
ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਵੱਲੋਂ ਜਾਗਰੂਕਤਾ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਵਾਤਵਰਣ ਸਿਹਤ ਐਕਸ਼ਨ ਗਰੁੱਪ ਦੇ ਕਨਵੀਨਰ ਡਾ. ਜੀ ਪੀ ਆਈ ਸਿੰਘ ਨੇ ਪੰਜਾਬ ਦੀ ਸਿਹਤ ਸਥਿਤੀ ਬਾਰੇ ਵਿਸਤਾਰ ਨਾਲ ਦੱਸਿਆ ਕਿ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ, ਕਿਸਾਨਾਂ ਦੀਆਂ ਆਤਮਹੱਤਿਆਵਾਂ, ਪ੍ਰਜਣਨ ਸਿਹਤ ਦੇ ਵਿਗਾੜ, ਮਾਨਸਿਕ ਅਤੇ ਸ਼ਰੀਰਿਕ ਵਿਕਾਰਾਂ ਵਾਲੇ ਬੱਚਿਆਂ ਦਾ ਜਨਮ ਆਦਿ ਹਰੀ ਕ੍ਰਾਂਤੀ ਦੀ ਹੀ ਦੇਣ ਹਨ।
ਇਸ ਮੌਕੇ ਸਿਹਤ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਜੀ ਨੇ ਵੀ ਲੋਕ ਸੰਵਾਦ ਵਿੱਚ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਸੀਂ ਸ਼ੁੱਧ ਪਾਣੀ, ਹਵਾ ਅਤੇ ਖਾਣਾ ਗਵਾ ਚੁੱਕੇ ਹਾਂ। ਉਦਯੋਗਿਕ ਕਚਰਾ ਨਦੀਆਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਉਹਨਾਂ ਨੇ ਖੇਤੀ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਆਪਣੇ ਵਿਚਾਰ ਰੱਖੇ।
ਅੰਤ ਵਿੱਚ ਵਾਤਾਵਰਣ ਅਤੇ ਸਮਾਜ ਬਚਾਓ ਮੋਰਚੇ ਵੱਲੋਂ ਸ਼੍ਰੀ ਮਦਨ ਮੋਹਨ ਮਿੱਤਲ ਜੀ ਨੂੰ 'ਵਾਤਾਵਰਣ ਅਤੇ ਜਨ ਸਿਹਤ ਦਾ ਲੋਕ ਏਜੰਡਾ' ਸੌਪਿਆ ਗਿਆ ਜਿਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ।

No comments:

Post a Comment