Saturday, 5 May 2012

ਮਨਸੰਪਰਕ ਦਾ ਕੰਪਿਊਟਰ ਉਬੁੰਤੂ

ਸੋਪਾਨ ਜੋਸ਼ੀ

ਧੁੱਪ ਨਾਲ ਤਪਦੇ ਸਾਡੇ ਜੀਵਨ ਦੇ ਰਸਤੇ ਵਿੱਚ ਗਾਂਧੀ ਜੀ ਇੱਕ ਸੰਘਣੇ ਰੁੱਖ ਹਨ। ਉਹਨਾਂ ਦੀ ਛਾਂ ਵਿੱਚ ਕੋਈ ਵੀ ਸ਼ਰਣ ਲੈ ਸਕਦਾ ਹੈ। ਤਰ੍ਹਾ-ਤਰ੍ਹਾ ਦੇ ਲੋਕ ਗਾਂਧੀ ਜੀ ਨੂੰ ਆਪਣੀ ਪ੍ਰੇਰਣਾ ਪ੍ਰੇਰਣਾ ਦੱਸਦੇ ਹਨ ਫਿਰ ਚਾਹੇ ਉਹਨਾਂ ਨੇ ਕਿਸੇ ਵੀ ਤਰ੍ਹਾ ਦੀ ਹਿੰਸਾ ਅਤੇ ਧੋਖੇ ਨਾਲ ਕਰੋੜਾਂ ਦੀ ਸੰਪੰਤੀ ਹੀ ਕਿਉਂ ਨਾ ਇਕੱਠੀ ਕੀਤੀ ਹੋਵੇ। ਅਜਿਹੇ ਲੋਕਾਂ ਦੀਆਂ ਕਹਾਣੀਆਂ ਸੰਚਾਰ ਦੀ ਦੁਨੀਆ ਵਿੱਚ ਢੇਰ ਸਾਰੀਆਂ ਮਿਲਣਗੀਆਂ ਕਿਉਂਕਿ ਇਹ ਲੋਕ ਆਪਣੀ ਹਿੰਸਾ, ਧੋਖਾਧੜੀ ਉੱਪਰ ਲਿੱਪਾ-ਪੋਤੀ ਕਰਨ ਲਈ ਪਹਿਲਾਂ ਤਾਂ ਲੋਕਾਂ ਨੂੰ ਭਾੜੇ 'ਤੇ ਰੱਖਦੇ ਸਨ। ਅਤੇ ਹੁਣ ਤਾਂ ਇਸ ਕੰਮ ਨੂੰ ਬੜੇ ਵਿਵਸਥਿਤ ਢੰਗ ਨਾਲ ਕਰਨ ਵਾਲੀਆਂ ਵੱਡੀਆਂ-ਵੱਡੀਆਂ ਜਨਸੰਪਰਕ ਕੰਪਨੀਆਂ ਹੀ ਬਣ ਗਈਆਂ ਹਨ। ਜਿਉਂਦੇ-ਜੀਅ ਤਾਂ ਠੀਕ, ਪਰ ਜਦ ਅਜਿਹੇ ਲੋਕ ਸੰਸਾਰ ਛੱਡ ਜਾਂਦੇ ਹਨ ਉਦੋਂ ਵੀ ਉਹਨਾਂ ਦੇ ਨਾਮ ਤੇ ਵੱਡੀਆਂ-ਵੱਡੀਆਂ ਸੰਸਥਾਵਾਂ ਖੜ੍ਹੀਆਂ  ਹੋ ਜਾਂਦੀਆਂ ਹਨ। ਮਰਨ ਤੋਂ ਬਾਅਦ ਸੰਸਥਾਵਾਂ ਦੇ ਨਾਮ ਉਹਨਾਂ ਦੇ ਨਾਮ ਉੱਪਰ ਰੱਖੇ ਜਾਂਦੇ ਹਨ। ਵਿਸ਼ਵ ਸ਼ਾਂਤੀ ਦੇ ਲਈ ਸਭ ਤੋਂ ਵੱਡਾ ਮੰਨਿਆ ਗਿਆ ਪੁਰਸਕਾਰ ਵਿਸਫ਼ੋਟਕ ਹਥਿਆਰ ਬਣਾਉਣ ਅਤੇ ਵੇਚਣ ਵਾਲੇ ਅਲਫ਼ਰੈੱਡ ਨੋਬੇਲ ਦੇ ਨਾਮ 'ਤੇ ਦਿੱਤਾ ਜਾਂਦਾ ਹੈ ਜਿੰਨਾਂ ਨੇ ਡਾਇਨਾਮਾਈਟ ਇਜ਼ਾਦ ਕੀਤਾ ਅਤੇ ਬੋਫੋਰਸ ਨਾਮ ਦੀ ਕੰਪਨੀ ਨੂੰ ਇਸਪਾਤ ਦੀ ਬਜਾਏ ਤੋਪ ਬਣਾਉਣ ਵਿੱਚ ਲਗਾ ਦਿੱਤਾ ਸੀ। ਜੇਕਰ ਗਾਂਧੀ ਜੀ ਨੂੰ ਇਹ ਪੁਰਸਕਾਰ ਮਿਲਦਾ ਤਾਂ?
ਫਿਰ ਅਜਿਹੇ ਵੀ ਲੋਕ ਮਿਲਣਗੇ ਜਿੰਨਾਂ ਨੂੰ ਕਿਸੇ ਵੀ ਤਰ੍ਹਾ ਗਾਂਧੀਵਾਦੀ ਨਹੀਂ ਕਿਹਾ ਜਾ ਸਕਦਾ ਪਰ ਜਿੰਨਾਂ ਦੇ ਜੀਵਨ ਅਤੇ ਕੰਮ, ਮੁੱਲ ਅਤੇ ਭਾਵਨਾ ਵਿੱਚ ਉਹੀ ਗੰਧ ਹੋਵੇਗੀ ਜੋ ਗਾਂਧੀ ਜੀ ਦੇ ਜੀਵਨ ਅਤੇ ਕੰਮ ਵਿੱਚ ਸੀ। ਅਜਿਹੇ ਲੋਕ ਆਸਾਨੀ ਨਾਲ ਦਿਖਾਈ ਨਹੀਂ ਦਿੰਦੇ ਕਿਉਂਕਿ ਸਾਡੀਆਂ ਸੰਵੇਦਨਾਵਾਂ ਸੰਚਾਰ ਮਾਧਿਅਮ ਅਤੇ ਉਹਨਾਂ ਦੇ ਵਿਸ਼ੇਸ਼ਣਾਂ ਨਾਲ ਖੁੰਢੀਆਂ ਹੋ ਚੱਲੀਆਂ ਹਨ ਅਤੇ ਜੋ ਸਹੀ ਵਿੱਚ ਚੰਗਾ ਕੰਮ ਕਰਦੇ ਹਨ ਉਹ ਜਨਸੰਪਰਕ ਦੀ ਬਜਾਏ ਮਨਸੰਪਰਕ ਵਿੱਚ ਵਿਸ਼ਵਾਸ ਰੱਖਦੇ ਹਨ। ਮਨਸੰਪਰਕ ਦੇ ਲਈ ਕੋਈ ਸਰਕਾਰੀ ਵਿਭਾਗ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਕਾਲਜ ਵਿੱਚ ਸਿਖਾਇਆ ਜਾਂਦਾ ਹੈ। ਜੇਕਰ ਤੁਸੀ ਕਿਸੇ ਦਾ ਮਨ ਪ੍ਰੇਮ ਨਾਲ ਛੂਹ ਲਉ ਤਾਂ ਉਸਦਾ ਕੋਈ ਸਰਟੀਫ਼ਿਕੇਟ ਨਹੀਂ ਮਿਲਦਾ। ਮਨਸੰਪਰਕ ਆਪਣੇ ਆਪ ਵਿੱਚ ਹੀ ਇੱਕ ਪੁਰਸਕਾਰ ਹੈ।
ਜਨਸੰਪਰਕ ਅਤੇ ਮਨਸੰਪਰਕ ਦਾ ਇਹ ਅੰਤਰ ਸਾਫ਼ ਦਿਖੇਗਾ ਕੰਪਿਊਟਰ ਦੀ ਦੁਨੀਆ ਵਿੱਚ। ਇਹ ਦੁਨੀਆ ਨਵੀਂ ਹੈ, ਆਪਣੇ ਇੱਥੇ ਤਾਂ ਬਹੁਤ ਹੀ ਨਵੀਂ। ਇੰਨੀ ਕਿ ਹਾਲੇ ਸਾਡੀ ਭਾਸ਼ਾ ਨੂੰ ਸਮਾਂ ਨਹੀਂ ਮਿਲ ਪਾਇਆ ਇਸ ਨਾਲ ਜਾਣ-ਪਹਿਚਾਣ ਕਰਨ ਦਾ ਕਿ ਉਹ ਇਸ ਨਵੀਂ ਦੁਨੀਆ ਲਈ ਕੁੱਝ ਸਰਲ, ਸੰਸਕਾਰੀ ਨਾਂਵ ਅਤੇ ਨਵੀਂਆਂ ਕਿਰਿਆਵਾਂ ਘੜ ਸਕੇ। ਇਸ ਦੁਨੀਆ ਦੀ ਗੱਲਬਾਤ ਹਾਲੇ ਤਾਂ ਬਹੁਤ ਅਸਹਿਜ ਸ਼ਬਦਾਂ ਵਿੱਚ ਹੀ ਹੁੰਦੀ ਹੈ। ਇਸਦੇ ਬਾਵਜ਼ੂਦ ਸਾਡੇ ਸਮਾਜ ਦਾ ਇੱਕ ਹਿੱਸਾ ਇਸ ਦੁਨੀਆ ਵਿੱਚ ਹੀ ਵਿਚਰਦਾ ਹੈ। ਕਈ ਲੋਕਾਂ ਦਾ ਕੰਮ ਅੱਜ ਕੱਲ ਕੰਪਿਊਟਰ ਬਿਨਾਂ ਨਹੀਂ ਚੱਲਦਾ। ਬਹੁਤ ਸਾਰੇ ਅਜਿਹੇ ਵੀ ਹਨ ਜੋ ਖ਼ੁਦ ਚਾਹੇ ਕੰਪਿਊਟਰ ਦਾ ਇਸਤੇਮਾਲ ਨਾ ਕਰਦੇ ਹੋਣ ਪਰ ਉਹਨਾਂ ਦਾ ਕੰਮ ਕਿਸੇ ਹੋਰ ਦੇ ਕੰਪਿਊਟਰ ਉੱਤੇ ਨਿਰਭਰ ਰਹਿੰਦਾ ਹੈ। ਕਈ ਲੋਕਾਂ ਨੂੰ ਕੰਪਿਊਟਰ ਬੱਸ ਇੱਕ ਜੰਜਾਲ ਲੱਗਦਾ ਹੈ ਅਤੇ ਜ਼ਬਰਦਸਤੀ ਸਿੱਖਣਾ ਪੈਂਦਾ ਹੈ। ਫਿਰ ਕੁੱਝ ਅਜਿਹੇ ਵੀ ਹਨ ਜਿੰਨਾ ਦਾ ਸੂਰਜ ਉੱਗਦਾ ਨਹੀਂ ਹੈ, ਜਦ ਤੱਕ ਫੇਸਬੁੱਕ ਉੱਤੇ ਆਪਣੀਆਂ ਟੁੱਚੀਆਂ ਭਾਵਨਾਵਾਂ ਦਾ ਪ੍ਰਸਾਰ ਨਾ ਕਰ ਲੈਣ ਅਤੇ ਪੂਰੇ ਜਗਤ ਨੂੰ ਫ਼ੋਟੋ ਦੇ ਨਾਲ ਇਹ ਨਾ ਦੱਸ ਦੇਣ ਕਿ ਉਹਨਾਂ ਨੇ ਅੱਜ ਰੋਟੀ ਵਿੱਚ ਕੀ ਖਾਧਾ।
ਸਾਡੇ ਸਮਾਜ ਦੇ ਇਸ ਹਿੱਸੇ ਨੂੰ ਸਮਝਣ ਦੇ ਲਈ ਸਾਨੂੰ ਕੁੱਝ ਅਟਪਟੇ ਸ਼ਬਦਾਂ ਨੂੰ ਸਮਝਣਾ ਪਏਗਾ। ਮਸ਼ੀਨ ਅਤੇ ਉਸਦੇ ਪੁਰਜ਼ੇ ਅਤੇ ਉਸਦੀ ਇੰਜਨੀਅਰੀ ਨੂੰ ਹਾਲੇ ਛੱਡ ਦੇਈਏ ਜਿਵੇਂ ਸਾਫ਼ਟਵੇਅਰ ਪ੍ਰੋਗ੍ਰਾਮ। ਇਹ ਗਣਿਤ ਦੀਆਂ ਅੰਕ ਮਾਲਾਵਾਂ ਹਨ, ਜਿੰਨਾ ਨੂੰ ਕੁੱਝ ਇਸ ਤਰ੍ਹਾ ਪਰੋਇਆ ਜਾਂਦਾ ਹੈ ਕਿ ਇਹ ਮਸ਼ੀਨ ਚਲਾਉਣ ਵਾਲੇ ਦੀ ਆਗਿਆ ਦੇ ਅਨੁਸਾਰ ਕੰਮ ਕਰ ਸਕੇ। ਜਿਵੇਂ ਤਰਖ਼ਾਣ ਮੇਜ਼ ਵਿੱਚ ਦਰਾਜ਼ ਇਸ ਤਰ੍ਹਾ ਬਣਾਉਂਦਾ ਹੈ ਕਿ ਖਿੱਚਣ ਤੇ ਉਹ ਬਾਹਰ ਆ ਜਾਵੇ ਅਤੇ ਧੱਕਣ ਤੇ ਅੰਦਰ ਚਲਾ ਜਾਵੇ। ਦਰਾਜ਼ ਖੋਲੋ , ਜੋ ਰੱਖਣਾ ਹੈ ਰੱਖੋ ਅਤੇ ਕੰਮ ਹੋਣ ਤੇ ਉਸਨੂੰ ਬੰਦ ਕਰ ਦਿਉ। ਜੋ ਕੰਮ ਮੇਜ਼ ਤੇ ਕਾਗਜ਼ ਰੱਖ ਕੇ ਹੁੰਦਾ ਹੈ ਜਾਂ ਤਖ਼ਤੀ ਨੂੰ ਗੋਦ ਵਿੱਚ ਰੱਖ ਕੇ ਹੁੰਦਾ ਹੈ, ਉਸੇ ਤਰ੍ਹਾ ਹੀ ਕੰਪਿਊਟਰ ਦੇ ਡਿਸਪਲੇ 'ਤੇ ਹੋ ਜਾਂਦਾ ਹੈ। ਇਸ ਲਈ ਇਸਨੂੰ ਡੈਸਕਟਾਪ ਜਾਂ ਫਿਰ ਲੈਪਟਾਪ ਵੀ ਕਹਿੰਦੇ ਹਨ।
ਇੱਕ ਹੋਰ ਸ਼ਬਦ ਹੈ ਓਪਰੇਟਿੰਗ ਸਿਸਟਮ ਜਾਂ ਓ ਐੱਸ। ਜੇਕਰ ਕੰਪਿਊਟਰ ਦੀ ਮਸ਼ੀਨ ਨੂੰ ਅਸੀ ਰੇਲਗੱਡੀ ਮੰਨ ਲਈਏ ਤਾਂ ਓ ਐੱਸ ਉਹ ਪਟੜੀ ਹੈ ਜੋ ਸਾਨੂੰ ਦਿਖਾਈ ਨਹੀਂ ਦਿੰਦੀ ਕਿਉਂਕਿ ਉਸ ਉੱਪਰ ਅਸੀਂ ਚਲ ਰਹੇ ਹਾਂ। ਕੰਪਿਊਟਰ ਦੀ ਗੱਡੀ ਉੱਥੇ ਹੀ ਜਾ ਸਕਦੀ ਹੈ ਜਿੱਥੋ ਤੱਕ ਓ ਐੱਸ ਲੈ ਜਾਵੇ। ਯਾਨੀ ਕਿ ਜਿੱਥੋਂ ਤੱਕ ਪਟੜੀ ਵਿਛੀ ਹੋਈ ਹੈ। ਜਿਸ ਓ ਐੱਸ ਉੱਪਰ ਤੁਸੀਂ ਚੱਲੋਗੇ ਉਸ ਉੱਪਰ ਉਸੇ ਤਰ੍ਹਾ  ਦੇ ਪੜ੍ਹਾਅ ਆਉਣਗੇ ਜਿਸ ਤਰ੍ਹਾ ਦੇ ਕਿ ਓ ਐੱਸ ਬਣਾਉਂਦੇ ਸਮੇਂ ਤੈਅ ਹੋਏ ਹਨ। ਲਖਨਊ ਤੋਂ ਪਟਨਾ ਦੇ ਰਸਤੇ ਵਿੱਚ ਚਾਹ ਕੇ ਵੀ ਹੈਦਰਾਬਾਦ ਨਹੀਂ ਆਉਣ ਵਾਲਾ।
ਇਸ ਨਵੇਂ ਅਤੇ ਅਸਹਿਜ ਸੰਸਾਰ ਦੇ ਅੰਦਰ ਜੇਕਰ ਠੀਕ ਤਰ੍ਹਾ ਨਾਲ ਝਾਕ ਕੇ ਦੇਖੀਏ ਤਾਂ ਉਠਾਈਗਿਰੀ ਦਾ ਸਾਮਰਾਜ ਦਿਖਾਈ ਦੇਵੇਗਾ। ਆਪਣੇ ਇੱਥੇ ਜ਼ਿਆਦਾਤਰ ਕੰਪਿਊਟਰਾਂ ਅੰਦਰ ਚੋਰੀ ਦੇ ਸਾਫਟਵੇਅਰ ਚੱਲਦੇ ਹਨ। ਕੁੱਝ ਤਾਂ ਦੁਕਾਨਦਾਰ ਹੀ ਪਾ ਦਿੰਦੇ ਹਨ ਅਤੇ ਕੁੱਝ ਇੰਟਰਨੈੱਟ ਤੋਂ ਡਾਊਨਲੋਡ ਕਰਕੇ ਇਸਤੇਮਾਲ ਹੁੰਦੇ ਹਨ। ਬੜੇ ਘੱਟ ਲੋਕ ਹੀ ਸਾਰੇ ਸਾਫਟਵੇਅਰ ਪੈਸਾ ਦੇ ਕੇ ਖਰੀਦਦੇ ਹਨ। ਸਭ ਤੋਂ ਜ਼ਿਆਦਾ ਕੰਪਿਊਟਰ ਮਾਈਕ੍ਰੋਸਾਫਟ ਕੰਪਨੀ ਦੇ 'ਵਿੰਡੋਜ਼' ਓ ਐੱਸ ਉੱਤੇ ਹੀ ਚੱਲਦੇ ਹਨ। ਇਸਨੂੰ ਕਿਸੇ ਵੀ ਮਸ਼ੀਨ ਵਿੱਚ ਪਾਇਆ ਜਾ ਸਕਦਾ ਹੈ। ਖ਼ਾਸ ਕਰਕੇ ਉਹਨਾਂ ਮਸ਼ੀਨਾਂ ਵਿੱਚ ਵੀ ਜਿੰਨਾ ਨੂੰ ਸਸਤੇ ਪੁਰਜ਼ੇ ਥੋਕ ਵਿੱਚ ਖਰੀਦ ਕੇ ਜੁਗਾੜ ਕਰਕੇ ਬਣਾਇਆ ਜਾਂਦਾ ਹੈ। ਜਿਹੜੇ ਜ਼ਿਆਦਾ ਖ਼ਰਚ ਕਰਨ ਨੂੰ ਰਾਜੀ ਹੋਣ ਉਹ ਐਪਲ ਵਰਗੀ ਕੰਪਨੀ ਦੇ ਬਹੁਤ ਹੀ ਲੁਭਾਵਨੇ ਦਿਖਣ ਵਾਲੇ ਕੰਪਿਊਟਰ ਲੈਂਦੇ ਹਨ ਜਿੰਨਾ ਦਾ ਓ ਐੱਸ ਵੀ ਐਪਲ ਹੀ ਬਣਾਉਂਦਾ ਹੈ।
ਇਸ ਤਰ੍ਹਾ ਕੰਪਿਊਟਰ ਦੀ ਦੁਨੀਆ ਵਿੱਚ ਇਹ ਦੋ ਸਭ ਤੋਂ ਪ੍ਰਸਿੱਧ ਨਾਮ ਹਨ- ਮਾਈਕ੍ਰੋਸਾਫਟ ਅਤੇ ਐਪਲ। ਜ਼ਾਹਿਰ ਹੈ ਇਹਨਾਂ ਦੇ ਮਾਲਿਕ ਵੀ ਪ੍ਰਸਿੱਧ ਹੀ ਹੋਣਗੇ।
ਮਾਈਕ੍ਰੋਸਾਫਟ ਦੇ ਸ਼੍ਰੀ ਬਿਲ ਗੇਟਸ ਕਈ ਸਾਲ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਮੰਨੇ ਜਾਂਦੇ ਸਨ ਅਤੇ ਉਹਨਾਂ ਅੱਜਕੱਲ ਗਰੀਬ ਦੇਸ਼ਾਂ ਦੀ ਭਲਾਈ ਲਈ ਕਰੋੜਾਂ ਡਾਲਰ ਦਾਨ ਵਿੱਚ ਦਿੱਤੇ ਹੋਏ ਹਨ ਜਿਵੇਂ ਕਿ ਭਾਰਤ ਵਿੱਚ। ਐਪਲ ਦੇ ਸ਼੍ਰੀ ਸਟੀਵ ਜਾੱਬਸ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ। ਪੂਰੀ ਦੁਨੀਆ ਉਹਨਾਂ ਦੇ ਕਦਮ ਚੁੰਮ ਰਹੀ ਸੀ, ਉਹਨਾਂ ਨੂੰ ਯੁੱਗ ਪੁਰਸ਼ ਦਾ ਦਰਜਾ ਦਿੰਦੀ ਦਿਖਦੀ ਸੀ। ਉਹਨਾਂ ਨੂੰ ਵਪਾਰ ਦੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਆਦਮੀ ਕਿਹਾ ਗਿਆ ਸਾਡੇ ਇਸ ਯੁੱਗ ਦਾ ਮਹਾਨ ਅਵਿਸ਼ਕਾਕਰ ਵੀ। ਸ਼ੇਅਰ ਮਾਰਕਿਟ ਵਿੱਚ ਐਪਲ ਦੀ ਕੀਮਤ ਭਾਰਤ ਦੇ ਕੁੱਲ ਆਰਥਿਕ ਉਤਪਾਦ ਦਾ 30 ਪ੍ਰਤੀਸ਼ਤ ਅੰਕੀ ਜਾਂਦੀ ਹੈ। ਅਜਿਹਾ ਦੱਸਿਆ ਜਾਂਦਾ ਹੈ ਕਿ ਐਪਲ ਦੇ ਬੈਂਕ ਖਾਤਿਆ ਵਿੱਚ ਅਮਰੀਕਾ ਦੀ ਸਰਕਾਰ ਤੋਂ ਜ਼ਿਆਦਾ ਧਨ ਜਮ੍ਹਾ ਹੈ। ਜੇਕਰ ਐਪਲ ਆਪਣੇ ਆਪ ਵਿੱਚ ਇੱਕ ਦੇਸ਼ ਹੁੰਦਾ ਤਾਂ ਉਸਦੀ ਆਰਥਵਿਵਸਥਾ ਦੁਨੀਆ ਵਿੱਚ 59ਵੇਂ ਨੰਬਰ 'ਤੇ ਹੁੰਦੀ।
ਕੰਪਿਊਟਰ ਨੂੰ ਘਰ-ਘਰ ਪਹੁੰਚਾਉਣ ਵਿੱਚ ਗੇਟਸ ਅਤੇ ਜਾੱਬਸ ਦਾ ਯੋਗਦਾਨ ਵਿਸ਼ੇਸ਼ ਮੰਨਿਆ ਜਾਂਦਾ ਹੈ। ਪਰ ਇਹਨਾਂ ਦੀ ਅਥਾਹ ਧਨ ਦੌਲਤ ਦੇ ਪਿੱਛੇ ਵੀ ਚੋਰੀ ਅਤੇ ਲੁੱਟਮਾਰ ਦੀ ਹੀ ਕਹਾਣੀ ਹੈ। ਜਿਹਨਾ ਕੰਪਿਊਟਰਾਂ ਵਿੱਚ ਅਸਲੀ ਓ ਐੱਸ ਅਤੇ ਸਾਫਟਵੇਅਰ ਬਾਕਾਇਦਾ ਰੁਪਏ ਖਰਚ ਕਰਕੇ ਪਾਏ ਜਾਂਦੇ ਹਨ, ਉਹ ਵੀ ਨਕਲ ਦੀ, ਚੋਰੀ ਦੀ ਦੁਨੀਆ ਤੋਂ ਹੀ ਨਿਕਲੇ ਹਨ। ਇਹਨਾਂ ਨੂੰ ਸਮਝਣ ਲਈ ਸਾਨੂੰ 35 ਸਾਲ ਪਿੱਛੇ ਜਾਣਾ ਹੋਵੇਗਾ।
ਉਦੋਂ ਦੇ ਸ਼ੁਰੂਆਤੀ ਕੰਪਿਊਟਰ ਆਕਾਰ ਵਿੱਚ ਬਹੁਤ ਵੱਡੇ ਅਤੇ ਆਮ ਲੋਕਾਂ ਲਈ ਤਾਂ ਬੇਕਾਰ ਹੀ ਸਨ। ਕੇਵਲ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਖੋਜ਼ ਕਰਨ ਵਾਲੇ ਹੀ ਇਹਨਾਂ ਦਾ ਇਸਤੇਮਾਲ ਕਰਨਾ ਜਾਣਦੇ ਸਨ ਅਤੇ ਕੰਪਿਊਟਰ ਵੀ ਉਹਨਾਂ ਦੀ ਹੀ ਜ਼ਰੂਰਤ ਪੂਰੀ ਕਰਦਾ ਸੀ। ਉੰਨੀ ਪੜ੍ਹਾਈ ਤੋਂ ਬਿਨਾਂ ਕੋਈ ਕੰਪਿਊਟਰ ਚਲਾ ਵੀ ਨਹੀਂ ਸਕਦਾ ਸੀ ਕਿਉਂਕਿ ਉਸਨੂੰ ਚਲਾਉਣ ਲਈ ਜਟਿਲ ਕੰਪਿਊਟਰ ਭਾਸ਼ਾਵਾਂ, ਸਾਫਟਵੇਅਰ ਕੋਡ ਜਾਣਨ ਦੀ ਜ਼ਰੂਰਤ ਹੁੰਦੀ ਸੀ। ਇਸ ਲਈ ਫਿਰ ਹੋੜ ਲੱਗੀ ਅਜਿਹੇ ਕੰਪਿਊਟਰ ਬਣਾਉਣ ਦੀ ਜਿਹੜੇ ਜਨ-ਜਨ ਦੇ ਕੰਮ ਆਉਣ। ਜਿਸਨੂੰ ਖਰੀਦਣ ਦੇ ਲਈ ਆਮ ਲੋਕ ਵੀ ਕੁੱਝ ਖ਼ਰਚ ਕਰਨ ਲਈ ਤਿਆਰ ਹੋ ਜਾਣ। ਜਵਾਬ ਕੇਵਲ ਇੱਕ ਕੰਪਨੀ ਦੇ ਕੋਲ ਸੀ ਅਤੇ ਉਸਦਾ ਨਾਮ ਸੀ ਜੇਰਾੱਕਸ। ਜੀ ਹਾਂ, ਜਿਸਨੂੰ ਅਸੀਂ ਅੱਜ ਬੱਸ ਕੇਵਲ ਫ਼ੋਟੋਕਾੱਪੀ ਦੀ ਮਸ਼ੀਨ ਭਰ ਦੇ ਲਈ  ਜਾਣਦੇ ਹਾਂ।
ਜੇਰਾੱਕਸ ਦੇ ਇੰਜਨੀਅਰਾਂ ਨੇ ਇੱਕ ਅਜਿਹਾ ਕੰਪਿਊਟਰ ਬਣਾ ਲਿਆ ਸੀ ਜਿਸਨੂੰ ਚਲਾਉਣ ਲਈ ਹੁਣ ਸਾਫਟਵੇਅਰ ਦੀ ਜਟਿਲ ਭਾਸ਼ਾ ਆਉਣਾ ਜ਼ਰੂਰੀ ਨਹੀਂ ਸੀ। ਕਿਤਾਬ ਤੋਂ ਰਟੇ ਹੋਏ ਕੋਡ ਨਹੀਂ ਉਗਲਣੇ ਪੈਂਦੇ ਸਨ। ਸਾਹਮਣੇ ਦੇ ਸਕ੍ਰੀਨ ਤੇ ਕਠਿਨ ਕੰਪਿਊਟਰ ਭਾਸ਼ਾ ਦੇ ਕੋਡ ਨਹੀਂ ਲਾਉਂਦੇ ਸਨ। ਇੱਕ ਜੀਵੰਤ ਕੈਨਵਾਸ ਆਉਂਦਾ ਸੀ ਅਤੇ ਉਸ ਉੱਤੇ ਸਾਫਟਵੇਅਰ ਪ੍ਰੋਗਰਾਮ ਦੇ ਸਰਲ ਜਿਹੇ ਚਿੱਤਰ ਬਣੇ ਹੋਏ ਸਨ। ਇੱਕ ਚੂਹੇ ਜਿਹੀ ਦਿਖਣ ਵਾਲੀ ਛੋਟੀ ਜਿਹੀ ਡਿੱਬੀ ਇੱਕ ਤਾਰ ਦੇ ਜ਼ਰੀਏ ਕੰਪਿਊਟਰ ਨਾਲ ਜੁੜੀ ਹੋਈ ਸੀ। ਉਸਦੀ ਪਿੱਠ ਤੇ ਦੋ ਬਟਨ ਸਨ। ਇਸਨੂੰ ਇੱਧਰ-ਉੱਧਰ ਹਿਲਾਉਣ-ਘੁਮਾਉਣ ਨਾਲ ਸਕ੍ਰੀਨ ਉੱਤੇ ਇੱਕ ਬਿੰਦੂ ਚੱਲਦਾ ਸੀ। ਜਿਸ ਚਿੱਤਰ ਉੱਪਰ ਉਸ ਬਿੰਦੂ ਨੂੰ ਲਿਆ ਕੇ ਬਟਨ ਦਬਾਇਆ ਨਹੀਂ ਕਿ ਉਹ ਕੰਮ, ਉਹ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਸੀ।
ਜਿਹਨਾਂ ਵਿਗਿਆਨਕਾਂ ਨੇ ਇਹ ਸਭ ਪ੍ਰੋਗਰਾਮ ਬਣਾਇਆ ਸੀ ਉਹਨਾਂ ਨੂੰ ਸੰਨ 1978 ਵਿੱਚ ਇੱਕ ਵੱਡਾ ਝਟਕਾ ਲੱਗਿਆ। ਉਹਨਾਂ ਦੇ ਮਾਲਿਕਾਂ ਨੇ ਐਪਲ ਕੰਪਨੀ ਵਿੱਚ ਕੁੱਝ ਸ਼ੇਅਰ ਖਰੀਦਣ ਬਦਲੇ ਐਪਲ ਦੇ ਇੰਜਨੀਅਰਾਂ ਨੂੰ ਉਹਨਾਂ ਦੁਆਰਾ ਬਣਾਈਆਂ ਮਸ਼ੀਨਾਂ ਦੇਖਣ ਦਾ ਅਧਿਕਾਰ ਦੇ ਦਿੱਤਾ। ਜੇਰਾੱਕਸ ਦੀ ਖੋਜ਼, ਉਹਨਾਂ ਦੀਆਂ ਮਸ਼ੀਨਾਂ ਦੇਖਣ ਤੋਂ ਬਾਅਦ ਐਪਲ ਦੀ ਦਿਸ਼ਾ ਬਦਲ ਗਈ ਅਤੇ ਉਸਨੇ ਜੇਰਾੱਕਸ ਦੀ ਦੇਖਾਦੇਖੀ ਇਹਨਾਂ ਚਿੱਤਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ ਐਪਲ ਨੇ ਜੇਰਾੱਕਸ ਦੇ ਵਿਗਿਆਨਕਾਂ ਨੂੰ ਜ਼ਿਆਦਾ ਵੇਤਨ ਦਾ ਲਾਲਚ ਦੇ ਕੇ ਆਪਣੇ ਵੱਲ ਖਿੱਚ ਲਿਆ। ਸੰਨ 1984 ਵਿੱਚ ਐਪਲ ਦਾ ਮੈਂਕੀਤੋਸ਼ ਕੰਪਿਊਟਰ ਬਾਜ਼ਾਰ ਵਿੱਚ ਆਇਆ ਜੋ ਜੇਰਾੱਕਸ ਦੇ ਅਵਿਸ਼ਕਾਰਾਂ ਦੀ ਤਰਜ਼ ਤੇ ਬਣਿਆ ਸੀ। ਸਟੀਵ ਜਾੱਬਸ ਨੇ ਕਈ ਵਾਰ ਕਿਹਾ ਹੈ ਕਿ ਉਹਨਾਂ ਨੂੰ ਦੂਸਰਿਆਂ ਦਾ ਵਧੀਆ ਵਿਚਾਰ ਅਤੇ ਅਵਿਸ਼ਕਾਰ ਚੁਰਾਉਣ ਵਿੱਚ ਕਦੇ ਵੀ ਸ਼ਰਮ ਨਹੀ ਆਈ। ਉਹਨਾਂ ਇਹ ਵੀ ਕਿਹਾ ਸੀ ਕਿ “ਚੰਗੇ ਕਲਾਕਾਰ ਨਕਲ ਕਰਦੇ ਹਨ ਜਦੋਂਕਿ ਮਹਾਨ ਕਲਾਕਾਰ ਚੁਰਾਉਂਦੇ ਹਨ।”
ਇਸ ਦਾ ਪਰਿਣਾਮ ਉਹਨਾਂ ਨੂੰ ਸੰਨ 1984 ਵਿੱਚ ਹੀ ਭੁਗਤਣਾ ਪੈ ਗਿਆ। ਉਹਨਾਂ ਨੇ ਜੇਰਾੱਕਸ ਦੀ ਤਰਜ਼ ਤੇ ਬਣਾਈਆਂ ਆਪਣੀਆਂ ਮਸ਼ੀਨਾਂ ਮਾਈਕ੍ਰੋਸਾਫਟ ਦੇ ਬਿਲ ਗੇਟਸ ਨੂੰ ਭਰੋਸੇ ਅਤੇ ਇੱਕ ਸਮਝੌਤੇ ਦੇ ਤਹਿਤ ਦਿੱਤੀਆਂ ਸਨ। ਉਹਨਾਂ ਦੇ ਕੰਪਿਊਟਰ ਬਾਜ਼ਾਰ ਵਿੱਚ ਆਉਣ ਤੋਂ ਪਹਿਲਾਂ ਹੀ ਮਾਈਕ੍ਰੋਸਾਫਟ ਨੇ ਆਪਣਾ ਵਿੰਡੋਜ਼ ਓ ਐੱਸ ਜਾਰੀ ਕਰ ਦਿੱਤਾ। ਇਹ ਐਪਲ ਦੀ ਨਕਲ ਤੋਂ ਬਣਿਆ ਸੀ। ਚੋਰ ਦੇ ਘਰ ਵਿੱਚ ਸੇਂਧ ਲੱਗ ਗਈ ਸੀ। ਇੱਥੋਂ ਹੀ ਬਿਲ ਗੇਟਸ ਅਤੇ ਮਾਈਕ੍ਰੋਸਾਫਟ ਦਾ ਸਾਮਰਾਜ ਵਧਦਾ ਚਲਾ ਗਿਆ। ਸੰਨ 1988 ਵਿੱਚ ਐਪਲ ਨੇ ਉਹਨਾਂ ਉੱਪਰ ਪੇਟੈਂਟ ਦੀ ਚੋਰੀ ਦਾ ਅਰੋਪ ਲਗਾਇਆ ਅਤੇ ਮੁਕੱਦਮਾ ਕੀਤਾ।  ਜਦੋਂ ਮਾਮਲਾ ਅਮਰੀਕਾ ਦੀ ਉੱਚ ਅਦਾਲਤ ਵਿੱਚ ਪਹੁੰਚਿਆ ਤਾਂ ਜੇਰਾੱਕਸ ਨੇ ਐਪਲ ਉੱਤੇ ਚੋਰੀ ਦਾ ਮੁਕੱਦਮਾ ਕਰ ਦਿੱਤਾ। ਨਿਆਂ ਮਿਲਿਆ ਚੋਰ ਨੂੰ! ਦੋਵਾਂ ਮੁਕੱਦਮਿਆਂ ਵਿੱਚ ਚੋਰੀ ਕਰਨ ਵਾਲਿਆਂ ਦੀ ਜਿੱਤ ਹੋਈ।
ਬਿਲ ਗੇਟਸ ਨੇ ਸੰਨ 1976 ਵਿੱਚ ਕੰਪਿਊਟਰ ਉੱਤੇ ਕੰਮ ਕਰਨ ਵਾਲਿਆਂ ਲਈ ਇੱਕ ਖੁਲ੍ਹਾ ਪੱਤਰ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ ਸਾਫਟਵੇਅਰ ਦੀ ਚੋਰੀ ਨੂੰ ਅਨੈਤਿਕ ਅਤੇ ਖ਼ਤਰਨਾਕ ਠਹਿਰਾਇਆ ਸੀ ਕਿਉਂਕਿ ਇਸਦੇ ਅਵਿਸ਼ਕਾਰ ਕਰਨ ਵਾਲਿਆਂ ਦੇ ਅਧਿਕਾਰ ਦੀ ਹਾਨੀ ਹੁੰਦੀ ਹੈ। ਨੈਤਿਕਤਾ ਦਾ ਪਾਠ ਪੜ੍ਹਾਉਣ ਦੀ ਮਾਈਕ੍ਰੋਸਾਫਟ ਦੀ ਕਹਾਣੀ ਹੋਰ ਵੀ ਵਚਿੱਤਰ ਹੈ। ਸੰਨ 1980 ਵਿੱਚ ਕੰਪਨੀ ਨੇ 50,000 ਡਾੱਲਰ ਖਰਚ ਕਰਕੇ ਇੱਕ ਓ ਐੱਸ ਖਰੀਦਿਆ ਅਤੇ ਉਸ ਉੱਤੇ ਆਪਣਾ ਨਾਮ ਲਿਖ ਕੇ ਅਗਲੇ ਦਿਨ ਆਈ ਬੀ ਐਮ ਕੰਪਨੀ ਨੂੰ ਵੇਚ ਦਿੱਤਾ। ਉਦੋਂ ਆਈ ਬੀ ਐਮ ਕੰਪਿਊਟਰ ਵੇਚਣ ਵਾਲੀ ਸਭ ਤੋਂ ਵੱਡੀ ਕੰਪਨੀ ਸੀ। ਇਸ ਵਿਕਰੀ ਨਾਲ ਮਾਈਕ੍ਰੋਸਾਫਟ ਜ਼ਿਆਦਾਤਰ ਕੰਪਿਊਟਰਾਂ ਦਾ ਓ ਐਸ ਬਣ ਗਿਆ। ਪਰ ਅੱਜ ਤੱਕ ਇਹ ਸਾਰੀਆਂ ਕੰਪਨੀਆਂ ਇੱਕ ਦੂਸਰੇ ਉੱਤੇ ਪੇਟੈਂਟ ਚੁਰਾਉਣ ਦੇ ਦੋਸ਼ ਅਦੇ ਮੁਕੱਦਮੇ ਕਰਦੀਆ ਰਹਿੰਦੀਆਂ ਹਨ। ਸੰਨ 1998 ਵਿੱਚ ਖੁਦ ਅਮਰੀਕਾ ਦੀ ਸਰਕਾਰ ਨੇ ਇਸ ਕੰਪਨੀ ਉੱਤੇ ਅਭਿਯੋਗ ਚਲਾਇਆ - ਬੇਈਮਾਨੀ ਅਤੇ ਧੋਖਾਧੜੀ ਨਾਲ ਆਪਣੇ ਵਿਭਿੰਨ ਪ੍ਰਤੀਯੋਗੀਆਂ ਨੂੰ ਦਬਾਉਣ ਦਾ। ਆਰੋਪ ਸੀ ਏਕਾਧਿਕਾਰ ਦਾ ਦੁਰਪਯੋਗ। ਮਾਈਕ੍ਰੋਸਾਫਟ ਨੂੰ ਪਤਾ ਸੀ ਕਿ ਕੰਪਿਊਟਰ ਬਣਾਉਣ ਵਾਲੀਆਂ ਕੰਪਨੀਆਂ ਉਸਦੀ ਮੁਹਤਾਜ ਹਨ। ਇਸ ਲਈ ਉਹ ਉਹਨਾਂ ਨੂੰ ਕੋਈ ਵੀ ਹੋਰ ਓ ਐਸ ਪਾ ਕੇ ਕੰਪਿਊਟਰ ਵੇਚਣ ਤੋਂ ਰੋਕਦਾ ਸੀ। ਫਿਰ ਓ ਐਸ ਦੇ ਏਕਾਧਿਕਾਰ ਦੀ ਵਜ੍ਹਾ  ਨਾਲ ਦੂਸਰੇ ਸਾਫਟਵੇਅਰ ਬਣਾਉਣ ਵਾਲਿਆਂ ਦੇ ਸਾਮਾਨ ਵੀ ਇਹਨਾਂ ਮਸ਼ੀਨਾਂ ਵਿੱਚ ਨਹੀਂ ਲਗਾਏ ਜਾਂਦੇ ਸਨ।
ਫੈਸਲਾ ਸੁਣਾਉਂਦੇ ਹੋਏ ਇੱਕ ਜੱਜ ਨੇ ਕਿਹਾ ਸੀ ਕਿ ਮਾਈਕ੍ਰੋਸਾਫਟ ਦੇ ਅਧਿਕਾਰੀਆਂ ਨੇ ਬਾਰ-ਬਾਰ ਗਲਤ ਅਤੇ ਭ੍ਰਮਿਤ ਕਰਨ ਵਾਲੀ ਜਾਣਕਾਰੀ ਅਦਾਲਤ ਨੂੰ ਦਿੱਤੀ ਅਤੇ ਇਹ ਕੰਪਨੀ ਇੱਕਦਮ ਸਾਫ ਤੌਰ 'ਤੇ ਝੂਠੀ ਸਾਬਤ ਹੋਈ ਹੈ। ਉਹਨਾਂ ਨੇ ਕਿਹਾ ਕਿ ਇਸ ਕੰਪਨੀ ਦੇ ਢਾਂਚੇ ਵਿੱਚ ਹੀ ਸੱਚ ਅਤੇ ਨਿਆਂ ਦੇ ਲਈ ਨਫ਼ਰਤ ਭਰੀ ਪਈ ਹੈ। ਕੰਪਨੀ ਦੇ ਸ਼ਿਖਰ ਅਧਿਕਾਰੀਆਂ ਨੂੰ ਧੋਖੇਬਾਜੀ ਤੋਂ ਜਰਾ ਵੀ ਪਰਹੇਜ਼ ਨਹੀਂ ਹੈ। ਆਪਣੇ ਝੂਠੇ ਬਿਆਨਾਂ ਨੂੰ ਛੁਪਾਉਣ ਲਈ ਅਤੇ ਆਪਣੇ ਅਪਰਾਧਾਂ ਉੱਪਰ ਪਰਦਾ ਪਾਉਣ ਲਈ ਇਹ ਕੁੱਝ ਵੀ ਕਰ ਸਕਦੀ ਹੈ। ਪਰ ਫਿਰ ਇਹ ਮਾਮਲਾ ਅਪੀਲ ਵਿੱਚ ਜਾ ਕੇ ਕਮਜ਼ੋਰ ਪੈ ਗਿਆ ਅਤੇ ਕੰਪਨੀ ਬਹੁਤ ਹੀ ਸਸਤੇ ਵਿੱਚ ਛੁੱਟ ਗਈ। ਝੂਠ ਉੱਪਰ ਖੜ੍ਹੀ ਕੰਪਨੀ ਨੂੰ ਟਿਕਾ ਕੇ ਰੱਖਣ ਲਈ ਵਕੀਲਾਂ ਦੀ ਇੱਕ ਪੂਰੀ ਫੌਜ ਹਮੇਸ਼ਾ ਤਿਆਰ ਰੱਖੀ ਜਾਂਦੀ ਹੈ। ਇਸ ਕੰਪਨੀ ਦੇ ਵਕੀਲਾਂ ਦੀ ਚਾਂਦੀ ਹੀ ਚਾਂਦੀ ਹੈ। ਮਾਈਕ੍ਰੋਸਾਫਟ ਕੰਪਨੀ ਦੇ ਕਾਨੂੰਨੀ ਵਿਭਾਗ ਦਾ ਤਿੰਨ ਸਾਲ ਦਾ ਖਰਚ 430 ਕਰੋੜ ਡਾਲਰ ਸੀ ਯਾਨੀ ਕਿ 21 ਹਜਾਰ 500 ਕਰੋੜ ਰੁਪਏ। ਇਸ ਵਿੱਚੋਂ 30 ਕਰੋੜ ਡਾਲਰ ਵਕੀਲਾਂ ਦੀ ਫੀਸ ਸੀ ਅਤੇ 400 ਕਰੋੜ ਡਾਲਰ ਮੁਆਵਜ਼ੇ ਵਿੱਚ ਦਿੱਤੀ ਗਈ ਰਕਮ ਸੀ।
ਕੁੱਝ ਸਾਲ ਪਹਿਲਾਂ ਬਿਲ ਗੇਟਸ ਨੇ ਮਾਈਕ੍ਰੋਸਾਫਟ ਦਾ ਸ਼ਾਸਨ ਛੱਡ ਦਿੱਤਾ ਅਤੇ ਅੱਜ ਕੱਲ ਉਹ ਗਰੀਬ ਦੇਸ਼ਾਂ ਦੀ ਭਲਾਈ ਦੇ ਕੰਮ ਵਿੱਚ ਜੁਟੇ ਹੋਏ ਹਨ। ਉਹਨਾਂ ਦੇ ਨਾਮ 'ਤੇ 'ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ' ਵੀ ਹੈ ਜਿਹੜੀ ਕਿ ਗੈਰਸਰਕਾਰੀ ਸੰਸਥਾਵਾਂ ਨੂੰ ਕਰੋੜਾਂ ਰੁਪਏ ਅਨੁਦਾਨ ਵਿੱਚ ਦਿੰਦੀ ਹੈ। ਆਪਣੇ ਅਨੇਕ ਭਾਸ਼ਣਾਂ ਵਿੱਚ ਉਹ ਗਾਂਧੀ ਜੀ ਦੀ ਪ੍ਰੇਰਣਾ ਦਾ ਜਿਕਰ ਕਰ ਚੁੱਕੇ ਹਨ। ਸਟੀਵ ਜਾਬਸ ਬੁੱਧ ਧਰਮ ਦਾ ਪਾਲਣ ਕਰਦੇ ਸਨ ਅਤੇ ਆਪਣੇ ਆਪ ਨੂੰ ਤਰੁਣਾਈ ਤੋਂ ਹੀ ਅਧਿਆਤਮਕ ਦੱਸਦੇ ਸਨ। ਐਪਲ ਦੇ ਇੱਕ ਪ੍ਰਸਿੱਧ ਵਿਗਿਆਪਨ ਵਿੱਚ ਗਾਂਧੀ ਜੀ ਵੀ ਦਿਖਾਏ ਜਾਂਦੇ ਸਨ। ਅਨੂਠੇ ਅਤੇ ਕਾਲਜਈ ਵਿਚਾਰਾਂ ਵਾਲੇ ਲੋਕਾਂ ਦੇ ਫੋਟੋ ਦੇ ਨਾਲ ਐਪਲ ਦਾ ਸੰਦੇਸ਼ ਆਉਂਦਾ ਸੀ- 'ਥਿੰਕ ਡਿਫਰੈਂਟ' ਯਾਨੀ ਕਿ ਵੱਖਰਾ ਸੋਚੋ। ਦੋਵਾਂ ਨੇ ਧੋਖਾਧੜੀ ਅਤੇ ਚੋਰੀ ਨਾਲ ਅਰਬਾਂ ਰੁਪਏ ਬਣਾਏ ਹਨ। ਦੋਵਾਂ ਦੀਆਂ ਕੰਪਨੀਆਂ ਨੇ ਹਿੰਸਾ ਦਾ ਪ੍ਰਯੋਗ ਕੀਤਾ। ਕਾਨੂੰਨੀ ਕਾਰਵਾਈ ਜਾਂ ਉਸਦੀ ਧਮਕੀ ਵੀ ਤਾਂ ਇੱਕ ਤਰ੍ਹਾ ਦੀ ਹਿੰਸਾ ਹੀ ਹੈ। ਕਈ ਛੋਟੇ-ਮੋਟੇ ਵਿਅਕਤੀਆਂ ਅਤੇ ਕੰਪਨੀਆਂ ਦੇ ਖ਼ਿਲਾਫ ਮਾਈਕ੍ਰੋਸਾਫਟ ਅਤੇ ਐਪਲ ਨੇ ਮੁਕੱਦਮੇ ਚਲਾਏ ਅਤੇ ਉਹਨਾਂ ਨੂੰ ਕਈ ਢੰਗ-ਤਰੀਕਿਆਂ ਨਾਲ ਸਤਾਇਆ। ਮਾਈਕ੍ਰੋਸਾਫਟ ਦੇ ਦਫਤਰ ਵਿੱਚ ਉਹਨਾਂ ਪੱਤਰਕਾਰਾਂ ਦੀ ਇੱਕ ਅਜਿਹੀ 'ਕਾਲੀ ਸੂਚੀ' ਵੀ ਹੋਇਆ ਕਰਦੀ ਸੀ ਜੋ ਉਸਦੀਆਂ ਕਾਰਗੁਜ਼ਾਰੀਆਂ ਬਾਰੇ ਖੁੱਲ ਕੇ ਲਿਖਦੇ ਸਨ। ਉਹਨਾਂ ਨੂੰ ਪ੍ਰੇਸ਼ਾਨ ਵੀ ਕੀਤਾ ਜਾਂਦਾ ਸੀ।
ਛੱਡੋ ਇਹਨਾਂ ਗੱਲਾਂ ਨੂੰ। ਇਹਨਾਂ ਦੇ ਬਣਾਏ ਹੋਏ ਔਜ਼ਾਰ ਤਾਂ ਦੇਖੋ। ਜੇਕਰ ਤੁਸੀ ਮਾਈਕ੍ਰੋਸਾਫਟ ਦੇ ਓ ਐਸ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਹਮੇਸ਼ਾ ਕੰਪਿਊਟਰ ਵਾਇਰਸ ਦਾ ਖ਼ਤਰਾ ਰਹੇਗਾ। ਜੋ ਕੁੱਝ ਹੀ ਪਲਾਂ ਵਿੱਚ ਤੁਹਾਡਾ ਸਾਲਾਂ ਦਾ ਕੰਮ ਖਰਾਬ ਕਰ ਸਕਦੇ ਹਨ। ਇਸ ਤੋਂ ਬਚਣ ਲਈ ਤੁਹਾਨੂੰ ਫਿਰ ਮਹਿੰਗੇ ਐਂਟੀਵਾਇਰਸ ਸਾਫਟਵੇਅਰ ਖਰੀਦਣੇ ਪੈਣਗੇ। ਇਹਨਾਂ ਨੂੰ ਚਲਾਉਣ ਕਰਕੇ ਤੁਹਾਡਾ ਕੰਪਿਊਟਰ ਹੌਲੀ ਚੱਲਣ ਲੱਗੇਗਾ। ਕੰਪਿਊਟਰ ਦੀ ਦੁਨੀਆ ਦੇ ਲੋਕ ਤੁਹਾਨੂੰ ਦੱਸਣਗੇ ਕਿ ਮਾਈਕ੍ਰੋਸਾਫਟ ਦੇ ਵਿੰਡੋਜ਼ ਓ ਐਸ ਵਿੱਚ ਕਈ ਕਮੀਆਂ ਹਨ ਅਤੇ  ਆਏ ਦਿਨ ਨਵੀਆਂ ਕਮੀਆਂ ਪਤਾ ਚੱਲਦੀਆਂ ਰਹਿੰਦੀਆਂ ਹਨ। ਪਰ ਵਪਾਰ ਦੀ ਦੁਨੀਆ ਉਹਨਾਂ ਤੋਂ ਚਮਤਕ੍ਰਿਤ ਰਹਿੰਦੀ ਹੈ, ਇਸ ਲਈ ਉਹਨਾਂ ਦਾ ਹੀ ਬੋਲਬਾਲਾ ਹੈ।
ਐਪਲ ਦੇ ਕੰਪਿਊਟਰ ਇਸਦੀ ਤੁਲਨਾ ਵਿੱਚ ਕਿਤੇ ਬੇਹਤਰ ਹੁੰਦੇ ਹਨ ਪਰ ਇਹ ਹਨ ਬਹੁਤ ਹੀ ਮਹਿੰਗੇ। ਉਹਨਾਂ ਵਿੱਚ ਬੱਸ ਕੇਵਲ ਐਪਲ ਦੇ ਹੀ ਪੁਰਜ਼ੇ ਲੱਗ ਸਕਦੇ ਹਨ ਅਤੇ ਹਰ ਪੁਰਜ਼ੇ ਦੀ ਕੀਮਤ ਬਾਜ਼ਾਰ ਦੀ ਕੀਮਤ ਤੋਂ ਦੁੱਗਣੀ-ਤਿੱਗਣੀ ਹੁੰਦੀ ਹੈ। ਜੇਕਰ ਤੁਸੀਂ ਯੂਰਪ ਤੋਂ ਬਾਹਰ ਦੀ ਹਿੰਦੀ ਵਰਗੀ ਕਿਸੀ ਭਾਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰੇਸ਼ਾਨੀ ਆਉਣੀ ਤੈਅ ਹੈ ਜਿਵੇਂ ਕਿ ਫੌਂਟ ਦਾ ਨਾ ਮਿਲਣਾ ਤਾਂ ਤੈਅ ਹੀ ਹੈ। ਇਸ ਨਾਲ ਸਕ੍ਰੀਨ ਉੱਪਰ ਅੱਖਰ ਟੁੱਟੇ-ਫੁੱਟੇ ਦਿਖਾਈ ਦਿੰਦੇ ਹਨ। ਇਹ ਸਭ ਇਸ ਲਈ ਕਿ ਇਹਨਾਂ ਕੰਪਨੀਆਂ ਨੂੰ ਹਿੰਦੀ ਵਿੱਚ ਹਾਲੇ ਕੋਈ ਮੁਨਾਫ਼ਾ ਨਹੀਂ ਦਿਖਦਾ। ਅਜਿਹੀ ਭਾਵਨਾ ਨਹੀਂ ਹੈ ਕਿ ਕੋਈ ਹੋਰ ਜੋ ਹਿੰਦੀ ਵਿੱਚ ਕੰਮ ਕਰਨਾ ਚਾਹੁੰਦਾ ਹੈ, ਇਹਨਾਂ ਨੂੰ ਸਾਫਟਵੇਅਰ ਬਣਾ ਕੇ ਦੇ ਦੇਵੇ। ਇਹ ਕੰਪਨੀਆਂ ਆਪਣੇ ਸਾਫਟਵੇਅਰ ਦੀ ਕੁੰਜੀ, ਕੋਡ ਕਿਸੇ ਨੂੰ ਨਹੀਂ ਦੱਸਦੀਆਂ ਕਿਉਂਕਿ ਉਸ ਉੱਪਰ ਉਹਨਾਂ ਦਾ ਮਾਲਿਕਾਨਾ ਹੱਕ ਹੈ। ਫਿਰ ਚਾਹੇ ਉਹ ਚੋਰੀ ਦਾ ਹੀ ਕਿਉਂ ਨਾ ਹੋਵੇ! ਇਹਨਾਂ ਦੀ ਗੱਲ ਇਸ ਲਈ ਜ਼ਿਆਦਾ ਹੁੰਦੀ ਹੈ ਕਿਉਂਕਿ ਪ੍ਰੈਸ ਅਤੇ ਮੀਡੀਆ ਵਿੱਚ ਇਹਨਾਂ ਦੀ ਧਨ-ਦੌਲਤ ਦਾ ਦਬਦਬਾ ਜ਼ਿਆਦਾ ਹੈ ਅਤੇ ਇਹਨਾਂ ਦੀ ਪੈਰਵੀ ਕਰਨ ਲਈ ਵੱਡੀਆਂ-ਵੱਡੀਆਂ ਜਨਸੰਪਰਕ ਏਜੰਸੀਆਂ ਖੜ੍ਹੀਆਂ ਰਹਿੰਦੀਆਂ ਹਨ।
ਪਰ ਕੰਪਿਊਟਰ ਦੀ ਸਾਰੀ ਦੁਨੀਆ ਸਿਰਫ ਅਜਿਹੇ ਹੀ ਲੋਕਾਂ ਤੋਂ ਬਣੀ ਹੈ ਅਜਿਹਾ ਨਹੀਂ ਹੈ। ਉਸ ਵਿੱਚ ਕੁੱਝ ਅਜਿਹੇ ਲੋਕ ਵੀ ਹਨ ਜਿਹਨਾਂ ਨੇ ਆਪਣੀ ਮਿਹਨਤ ਅਤੇ ਕਲਪਨਾ ਨਾਲ ਚੀਜ਼ਾਂ ਬਣਾਈਆਂ ਅਤੇ ਉਹਨਾਂ ਨੂੰ ਬਿਨਾਂ ਮੁਨਾਫ਼ਾ ਕਮਾਏ ਸਮਾਜ ਦੇ ਸਾਹਮਣੇ ਰੱਖ ਦਿੱਤਾ। ਇਹੀ ਨਹੀਂ, ਉਹਨਾਂ ਨੇ ਆਪਣੇ ਬਣਾਏ ਸਾਫਟਵੇਅਰ ਦੀ ਕੁੰਜੀ ਸਭ ਦੇ ਸਾਹਮਣੇ ਰੱਖ ਦਿੱਤੀ, ਜਿਸ ਨਾਲ ਜੋ ਵੀ ਚਾਹੇ ਉਸਦੀ ਨਕਲ ਕਰਕੇ ਲੈ ਜਾਵੇ ਅਤੇ ਉਸਨੂੰ ਬਿਨਾਂ ਮੁਨਾਫ਼ੇ ਦੇ ਹੋਰ ਅੱਗੇ ਵਧਾਵੇ। ਇਹਨਾਂ ਲੋਕਾਂ ਉੱਪਰ ਅਮਰੀਕਾ ਦੇ ਧਨਤੰਤਰ ਵਿੱਚ ਸਾਮਵਾਦੀ ਹੋਣ ਦਾ ਆਰੋਪ ਲਗਾਇਆ ਗਿਆ। ਇਹਨਾਂ ਦਾ ਜਵਾਬ ਇੱਕ ਬਹੁਤ ਸਿੱਧਾ ਜਿਹਾ ਸਵਾਲ ਸੀ: ਕੀ ਗਵਾਂਢੀ ਦੀ ਮੱਦਦ ਕਰਨਾ ਕਾਰਲ ਮਾਰਕਸ ਦਾ ਅਵਿਸ਼ਕਾਰ ਸੀ?
ਇਸ ਸਮਾਜਿਕ ਦੁਨੀਆ ਦੇ ਸ਼ਿਖਰ ਉੱਤੇ ਇੱਕ ਹੀ ਨਾਮ ਹੈ- ਰਿਚਬਡ ਸਟਾਲਮੈਨ। ਜੇਕਰ ਕਿਸੇ ਨੇ ਜਾਣਨਾ ਹੋਵੇ ਕਿ ਗਾਂਧੀ ਜੀ ਕੰਪਿਊਟਰ ਦੀ ਦੁਨੀਆ ਨੂੰ ਕਿਵੇਂ ਦੇਖਦੇ ਤਾਂ ਸਟਾਲਮੈਨ ਦਾ ਜੀਵਨ ਦੇਖਣਾ ਚਾਹੀਦਾ ਹੈ। ਸੰਨ 1971 ਵਿੱਚ ਅਜਿਹੀਆਂ ਮਸ਼ੀਨਾਂ ਬਣਾਉਣ ਦੀ ਕੋਸ਼ਿਸ਼ ਹੋ ਰਹੀ ਸੀ ਜੋ ਵਿਚਾਰਪੂਰਨ ਕੰਮ ਕਰ ਸਕਣ। ਇਸ ਖੋਜ਼ ਕਾਰਜਕ੍ਰਮ ਵਿੱਚ ਸਟਾਲਮੈਨ ਸਾਫਟਵੇਅਰ ਬਣਾਉਂਦੇ ਸਨ। ਉਹਨਾਂ ਨੂੰ ਇਹ ਗਲਤ ਲੱਗਦਾ ਸੀ ਕਿ ਸਰਕਾਰੀ ਅਨੁਦਾਨ ਨਾਲ ਬਣਨ ਵਾਲੇ ਸਾਫਟਵੇਅਰ ਉੱਤੇ ਕੰਮ ਕਰਨ ਦੇ ਲਈ ਖੁਫ਼ੀਆ ਕੁੰਜੀਨੁਮਾ 'ਪਾਸਵਰਡ' ਹੋਵੇ। ਅਜਿਹੇ ਵਿੱਚ ਹੌਲੀ ਜਿਹੇ ਸਟਾਲਮੈਨ ਪਾਸਵਰਡ ਤੋੜ ਦਿੰਦੇ, ਤਾਲੇ ਖੋਲ ਦਿੰਦੇ ਅਤੇ ਬਿਨਾਂ ਤਾਲੇ ਦੀ ਸੰਸਕ੍ਰਿਤੀ ਦੀ ਗੱਲ ਕਰਦੇ ਹੋਏ ਇਹਨਾਂ ਗੱਲਾਂ ਦੀਆਂ ਕੁੰਜੀਆਂ ਵੰਡ ਦਿੰਦੇ।
ਜਿਸ ਪ੍ਰਯੋਗਸ਼ਾਲਾ ਵਿੱਚ ਉਹ ਕੰਮ ਕਰਦੇ ਸਨ, ਉਸ ਵਿੱਚ ਇਸਤੇਮਾਲ ਹੋਣ ਵਾਲੇ ਸਾਫਟਵੇਅਰ ਨੂੰ ਉਹ ਆਮ ਤੌਰ ਉੱਤੇ ਖੋਲ• ਕੇ ਆਪਣੇ ਅਤੇ ਹੋਰਾਂ ਦੇ ਇਸਸਤੇਮਾਲ ਲਈ ਹੋਰ ਵੀ ਬੇਹਤਰ ਬਣਾ ਲੈਂਦੇ ਸਨ। ਜਿਵੇਂ ਉਹਨਾਂ ਨੇ ਇੱਕ ਕੰਪਨੀ ਦੇ ਪ੍ਰਿੰਟਿੰਗ ਸਾਫਟਵੇਅਰ ਨੂੰ ਖੋਲ• ਕੇ ਬਦਲ ਦਿੱਤਾ ਸੀ ਤਾਂ ਕਿ ਦਫ਼ਤਰ ਦੇ ਲੋਕਾਂ ਨੂੰ ਪਤਾ ਚੱਲ ਜਾਵੇ ਕਿ ਉਹਨਾਂ ਨੇ ਜੋ ਦਸਤਾਵੇਜ਼ ਛਪਣ ਲਈ ਭੇਜਿਆ ਹੈ ਉਹ ਕਦੋਂ ਛਪ ਚੁੱਕਿਆ ਹੈ ਜਿਸ ਨਾਲ ਅਲੱਗ-ਅਲੱਗ ਮੰਜਿਲਾਂ ਉੱਤੇ ਕੰਮ ਕਰਨ ਵਾਲੇ ਉਹਨਾਂ ਦੇ ਸਹਿਯੋਗੀਆਂ ਦਾ ਸਮਾਂ ਬਚਦਾ ਸੀ। ਪਰ ਸੰਨ 1980 ਵਿੱਚ ਇੱਕ ਨਵਾਂ ਪ੍ਰਿੰਟਰ ਲੱਗਣ ਤੇ ਸਟਾਲਮੈਨ ਨੂੰ ਉਸਨੂੰ ਚਲਾਉਣ ਵਾਲੇ ਸੋਰਸ ਕੋਡ ਨਹੀਂ ਦਿੱਤੇ ਗਏ।  ਇਸ ਲਾਂਲ ਉਸਦੇ ਸਹਿਯੋਗੀਆਂ ਦੀ ਪ੍ਰੇਸ਼ਾਨੀ ਵਧ ਗਈ। ਉਹ ਕਹਿੰਦੇ ਹਨ ਕਿ ਜਦ ਉਹ ਸਕੂਲ ਜਾਂਦੇ ਸਨ ਉਦੋਂ ਉਹਨਾਂ ਨੂੰ ਸਿਖਾਇਆ ਗਿਆ ਸੀ ਕਿ ਜੇਕਰ ਕੁੱਝ ਖਾਓ ਤਾਂ ਆਸ-ਪਾਸ ਵਾਲਿਆਂ ਨਾਲ ਵੰਡ ਕੇ ਖਾਣਾ ਚਾਹੀਦਾ ਹੈ। ਇਸੇ ਵਾਤਾਵਰਣ ਵਿੱਚ ਉਹ ਵੱਡੇ ਹੋਏ ਸਨ ਅਤੇ ਹਮੇਸ਼ਾ ਇਸੇ ਭਾਵਨਾ ਨਾਲ ਉਹਨਾਂ ਨੇ ਕੰਮ ਕੀਤਾ ਸੀ।
ਪਰ ਕੰਪਿਊਟਰ ਦਾ ਬਾਜ਼ਾਰ ਵਧਣ ਦੇ ਨਾਲ ਹੀ ਸੋਰਸ ਕੋਡ ਛਿਪਾ ਕੇ ਰੱਖਣ ਦਾ ਕੰਮ ਸ਼ੁਰੂ ਹੋ ਗਿਆ ਸੀ। ਉਦੇਸ਼ ਲੋਕਾਂ ਨੂੰ ਸੁਵਿਧਾ ਦੇਣਾ ਨਹੀਂ, ਜ਼ਿਆਦਾ ਪੈਸਾ ਕਮਾਉਣਾ ਹੋ ਗਿਆ ਸੀ। ਪਰ ਇਹ ਸਟਾਲਮੈਨ ਨੂੰ ਮਨਜ਼ੂਰ ਨਹੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਕੰਪਿਊਟਰ ਇਸਤੇਮਾਲ ਕਰਨ ਵਾਲਿਆਂ ਕੋਲ ਇਹ ਅਧਿਕਾਰ ਤਾਂ ਹੋਣਾ ਹੀ ਚਾਹੀਦਾ ਹੈ ਕਿ ਉਹ ਕੰਪਿਊਟਰ ਦਾ ਸਾਫਟਵੇਅਰ ਆਪਣੀ ਜ਼ਰੂਰਤ ਮੁਤਾਬਿਕ ਬਦਲ ਲੈਣ ਅਤੇ ਆਪਣੇ ਪਿਆਰਿਆਂ ਦੇ ਨਾਲ ਉਸਨੂੰ ਵੰਡ ਸਕਣ। ਫਿਰ ਚਾਹੇ ਉਹ ਸਾਫਟਵੇਅਰ ਉਸਨੂੰ ਮੁਫ਼ਤ ਵਿੱਚ ਮਿਲਿਆ ਹੋਵੇ ਜਾਂ ਪੈਸਾ ਦੇ ਕੇ ਖਰੀਦਿਆ ਹੋਵੇ। ਜੇਕਰ ਕੰਪਿਊਟਰ ਸਾਡੀ ਅਭਿਵਿਅਕਤੀ (ਪ੍ਰਗਟਾਵੇ) ਦਾ ਇੱਕ ਜ਼ਰੀਆ ਹੈ ਤਾਂ ਉਸ ਵਿੱਚ ਅਭਿਵਿਅਕਤੀ ਦੀ ਸੁੰਤਤਰਤਾ ਵੀ ਹੋਣੀ ਚਾਹੀਦੀ ਹੈ। ਸਮਾਜਿਕਤਾ ਅਤੇ ਅਭਿਵਿਅਕਤੀ ਦੀ ਆਜ਼ਾਦੀ ਸਾਫਟਵੇਅਰ ਬਣਾਉਣ ਵਾਲਿਆਂ ਦੇ ਵਪਾਰਕ ਅਤੇ ਮਾਲਿਕਾਨਾ ਅਧਿਕਾਰ ਤੋਂ ਵੱਡੇ ਮੁੱਲ ਹਨ। ਇਹ ਸਾਡੀ ਸੱਭਿਅਤਾ ਦੀ ਨੀਂਹ ਹਨ- ਅਜਿਹਾ ਸਟਾਲਮੈਨ ਮੰਨਦੇ ਸਨ।
ਜਿਸ ਸਮੇਂ ਬਿਲ ਗੇਟਸ ਅਤੇ ਸਟੀਵ ਜਾਬਸ ਆਪਣੇ-ਆਪਣੇ ਤਾਲਾਬੰਦ ਸਾਮਰਾਜਾਂ ਦੀ ਨੀਂਹ ਰੱਖ ਰਹੇ ਸਨ ਉਦੋਂ ਸਟਾਲਮੈਨ ਨੇ ਘੋਸ਼ਣਾ ਕੀਤੀ ਕਿ ਉਹ ਇੱਕ ਖੁੱਲ੍ਹੇ ਸੋਰਸ ਕੋਡ ਦਾ ਓ ਐਸ ਬਣਾਉਣਗੇ ਜਿਸਨੂੰ ਜੋ ਚਾਹੇ ਆਪਣੇ ਹਿਸਾਬ ਨਾਲ ਬਦਲ ਸਕੇ। ਉਸਦਾ ਨਾਮ ਰੱਖਿਆ 'ਗਨੂ'। ਅਗਲੇ ਸਾਲ ਉਹਨਾਂ ਨੇ ਅਮਰੀਕਾ ਦੀ ਸਭ ਤੋਂ ਪ੍ਰਸਿੱਧ ਤਕਨੀਕੀ ਪ੍ਰਯੋਗਸ਼ਾਲਾ ਤੋਂ ਆਪਣੀ ਨੌਕਰੀ ਛੱਡ ਦਿੱਤੀ ਤਾਂ ਕਿ ਉਹਨਾਂ ਨੂੰ ਸਮਾਂ ਮਿਲ ਸਕੇ, ਆਪਣਾ ਕੰਮ ਪੂਰਾ ਕਰਨ ਲਈ। ਇੱਕ ਸਾਲ ਦੇ ਅੰਦਰ ਹੀ ਉਹਨਾਂ ਨੇ ਗਨੂ ਘੋਸ਼ਣਾਪੱਤਰ ਲਿਖ ਦਿੱਤਾ।
ਸਟਾਲਮੈਨ ਚਾਹੁੰਦੇ ਸਨ ਕਿ ਉਹਨਾਂ ਦਾ ਕੰਮ ਲੋਕ ਆਜ਼ਾਦੀ ਨਾਲ ਮਿਲ ਵੰਡ ਕੇ ਇਸਤੇਮਾਲ ਕਰਨ ਪਰ ਉਹ ਇਹ ਨਹੀਂ ਸਨ ਚਾਹੁੰਦੇ ਕਿ ਕੋਈ ਵੀ ਉਹਨਾਂ ਬਦਲਾਵਾਂ ਉੱਪਰ ਏਕਾਧਿਕਾਰ ਬਣਾਏ। ਇਸ ਲਈ ਉਹਨਾਂ ਨੇ ਇੱਕ ਨਵੀਂ ਤਰ੍ਹਾ ਦਾ ਕਾਪੀਰਾਈਟ ਬਣਾਇਆ ਜਿਸਨੂੰ ਹੁਣ 'ਕਾਪੀਲੈਫਟ' ਕਿਹਾ ਜਾਂਦਾ ਹੈ। ਇਸਦਾ ਨਾਮ ਸੀ ਗਨੂ ਜਨਰਲ ਪਬਲਿਕ ਲਾਇਸੰਸ। ਇਸ ਦੀ ਇੱਕ ਹੀ ਖ਼ਾਸ ਸ਼ਰਤ ਸੀ- ਇਸ ਲਾਇਸੰਸ ਵਿੱਚ ਜਾਰੀ ਕੀਤੇ ਕੰਮ ਨੂੰ ਅੱਗੇ ਇਸੇ ਲਾਇਸੰਸ ਵਿੱਚ ਵਧਾਇਆ ਜਾ ਸਕਦਾ ਸੀ। ਮਤਲਬ ਕੋਈ ਵੀ ਸਟਾਲਮੈਨ ਦੇ ਕੰਮ ਦਾ ਖੁੱਲ੍ਹਾ  ਉਪਯੋਗ ਕਰ ਸਕਦਾ ਸੀ ਬਸ਼ਰਤੇ ਉਹਨਾਂ ਦਾ ਕੰਮ ਵੀ ਖੁੱਲ੍ਹੇ ਉਪਯੋਗ ਦੇ ਲਈ ਹੋਵੇ। ਇਸ ਦੇ ਨਾਲ ਹੀ ਉਹਨਾਂ ਨੇ 'ਫ੍ਰੀ ਸਾਫਟਵੇਅਰ ਫਾਊਂਡੇਸ਼ਨ' ਨਾਮਕ ਸੰਸਥਾ ਬਣਾਈ। ਉਹ ਹਮੇਸ਼ਾ ਕਹਿੰਦੇ ਸਨ ਕਿ ਫ੍ਰੀ ਤੋਂ ਉਹਨਾਂ ਦਾ ਮਤਲਬ ਮੁਫ਼ਤ ਨਹੀਂ ਹੈ ਬਲਕਿ ਬਿਲਕੁਲ ਮੁਕਤ ਹੈ। ਏਕਾਧਿਕਾਰ ਤੋਂ ਮੁਕਤ। ਵੰਡਣ ਦੇ ਲਈ ਮੁਕਤ। ਕਮਾਉਣ ਦੇ ਲਈ ਵੀ ਮੁਕਤ ਪਰ ਦੂਸਰਿਆਂ ਦੀ ਆਜ਼ਾਦੀ ਦੀ ਕੀਮਤ ਉੱਤੇ ਨਹੀਂ।
ਅਗਲੇ ਛੇ ਸਾਲਾਂ ਵਿੱਚ ਗਨੂ ਦਾ ਕੰਮ ਬਹੁਤ ਤੇਜੀ ਨਾਲ ਹੋਇਆ। ਸਟਾਲਮੈਨ ਜਦ ਵੀ ਕੋਈ ਸਾਫਟਵੇਅਰ ਬਣਾਉਂਦੇ ਉਸਦਾ ਸੋਰਸ ਕੋਡ ਵੀ ਨਾਲ ਹੀ ਦੇ ਦਿੰਦੇ। ਦੁਨੀਆ ਭਰ ਵਿੱਚ ਉਹਨਾਂ ਦੇ ਮਿੱਤਰ ਉਹਨਾਂ ਦਾ ਕੰਮ ਅਜ਼ਮਾਉਂਦੇ ਅਤੇ ਉਸਦੀਆਂ ਕਮੀਆਂ ਸੁਧਾਰ ਕੇ ਆਪਣਾ ਕੰਮ ਵੀ ਲੈਂਦੇ ਅਤੇ ਸੁਧਰੀ ਹੋਈ ਚੀਜ਼ ਵਾਪਸ ਵੀ ਕਰ ਦਿੰਦੇ। ਇਹ ਸਭ ਵਧੀਆ ਚੱਲ ਰਿਹਾ ਸੀ ਪਰ ਆਪਣੇ ਆਪ ਵਿੱਚ ਇੱਕ ਪੂਰਾ ਓ ਐਸ ਨਹੀ ਬਣ ਪਾ ਰਿਹਾ ਸੀ। ਹਰ ਓ ਐਸ ਨੂੰ ਇੱਕ ਪੁਲ ਚਾਹੀਦਾ ਹੁੰਦਾ ਹੈ ਜੋ ਸਾਫਟਵੇਅਰ ਅਤੇ ਮਸ਼ੀਨੀ ਪੁਰਜ਼ਿਆਂ ਦੇ ਵਿਚਕਾਰ ਗੱਲਬਾਤ ਕਰ ਸਕੇ। ਇਸਨੂੰ ਕੇਰਨਲ ਕਿਹਾ ਜਾਂਦਾ ਹੈ। ਗਨੂ ਦੇ ਲਈ ਕਾਮਯਾਬ ਕੇਰਨਲ ਨਹੀਂ ਬਣ ਪਾ ਰਿਹਾ ਸੀ। ਜ਼ਰੂਰਤ ਸੀ ਥੋੜ੍ਹੇ ਜਿਹੇ ਚੰਗੇ ਭਾਗਾਂ ਦੀ।
ਇਹ ਸੌਭਾਗ ਆਇਆ ਸੰਨ 1991 ਵਿੱਚ ਅਤੇ ਅੰਧਮਹਾਂਸਾਗਰ ਦੇ ਦੂਸਰੀ ਤਰਫ਼ ਫਿਨਲੈਂਡ ਦੀ ਰਾਜਧਾਨੀ ਹੋਲਿੰਸਕੀ ਵਿੱਚ। ਲਿਨੁਸ ਤੋਰਵਾਲਡਸ ਨਾਮ ਦਾ ਇੱਕ ਵਿਦਿਆਰਥੀ ਦੁਖੀ ਸੀ ਕਿ ਉਸਦੇ ਕੰਮ ਦਾ ਇੱਕ ਸਾਫਟਵੇਅਰ ਕੇਵਲ ਕੁੱਝ ਖ਼ਾਸ ਤਰ੍ਹਾ ਦੇ ਕੰਮ ਵਿੱਚ ਹੀ ਇਸਤੇਮਾਲ ਹੋ ਸਕਦਾ ਸੀ। ਖਾਰ ਖਾ ਕੇ ਉਸਨੇ ਖੁਦ ਆਪਣਾ ਇੱਕ ਕੇਰਨਲ ਕੋਡ ਲਿਖਿਆ ਅਤੇ ਉਸਦਾ ਨਾਮ ਰੱਖਿਆ ਲਿਨਕਸ। ਫਿਰ ਉਸਨੂੰ ਜਾਂਚ-ਪਰਖ਼ ਲਈ ਆਪਣੇ ਮਿੱਤਰਾਂ ਨੂੰ ਭੇਜ ਦਿੱਤਾ। ਇਹ ਕੇਰਨਲ ਗਨੂ ਵਿੱਚ ਇੱਕਦਮ ਫਿੱਟ ਬੈਠ ਗਿਆ। ਆਖ਼ਿਰੀ ਕੜੀ ਜੁੜ ਗਈ ਅਤੇ ਤਿਆਰ ਹੋਇਆ ਇੱਕ ਅਜਿਹਾ ਓ ਐਸ ਜਿਸਦੇ ਸੋਰਸ ਕੋਡ ਸਭ ਦੇ ਲਈ ਖੁੱਲ੍ਹੇ  ਸਨ, ਇਸਨੂੰ ਮੁਫ਼ਤ ਵਿੱਚ ਕਿਸੇ ਨੂੰ ਵੀ ਦਿੱਤਾ ਜਾ ਸਕਦਾ ਸੀ। ਇਸ ਨੂੰ ਕੋਈ ਵੀ ਕੰਪਿਊਟਰ ਇੰਜੀਨਿਅਰ ਆਪਣੀ ਮਰਜ਼ੀ ਮੁਤਾਬਿਕ ਬਦਲ ਸਕਦਾ ਸੀ ਬਸ਼ਰਤੇ ਉਹ ਵੀ ਆਪਣਾ ਕੰਮ ਬਿਨਾਂ ਕੋਈ ਵੀ ਪੈਸਾ ਲਏ ਅੱਗੇ ਵਧਾਏ।
ਇਸਨੂੰ ਗਨੂ-ਲਿਨਕਸ ਕਿਹਾ ਗਿਆ ਅਤੇ ਬਹੁਤ ਜਲਦੀ ਹੀ ਇਸਦੀ ਪ੍ਰਸਿੱਧੀ ਕੰਪਿਊਟਰ ਦੀ ਦੁਨੀਆ ਵਿੱਚ ਫੈਲ ਗਈ। ਇਸੇ ਸਮੇਂ ਇੰਟਰਨੈੱਟ ਦਾ ਚਲਨ ਵੀ ਵਧਣ ਲੱਗਿਆ ਸੀ। ਗਨੂ ਲਿਨਕਸ ਉੱਤੇ ਵੱਡੇ-ਵੱਡੇ ਕੰਪਿਊਟਰ, ਜਿੰਨ੍ਹਾਂ  ਨੂੰ ਸਰਵਰ ਕਹਿੰਦੇ ਹਨ ਅਤੇ ਜਿੰਨਾਂ ਨਾਲ ਅਣਗਿਣਤ ਬਾਕੀ ਛੋਟੇ-ਛੋਟੇ ਕੰਪਿਊਟਰ ਜੁੜੇ ਰਹਿੰਦੇ ਹਨ, ਚੱਲਣ ਲੱਗੇ। ਪਰ ਇਸਦੇ ਬਾਵਜ਼ੂਦ ਗਨੂ-ਲਿਨਕਸ ਕੇਵਲ ਕੰਪਿਊਟਰ ਇੰਜੀਨਿਅਰਾਂ ਦੇ ਹੀ ਕੰਮ ਦਾ ਸੀ। ਕਿਉਂਕਿ ਇਹ ਓ ਐਸ ਉਹਨਾਂ ਲੋਕਾਂ ਨੇ ਬਣਾਇਆ ਸੀ ਜੋ ਮਾਈਕ੍ਰਸਾਫਟ ਅਤੇ ਐਪਲ ਦੇ ਓ ਐਸ ਦੀਆਂ ਕਮਜ਼ੋਰੀਆਂ ਜਾਣਦੇ ਸਨ। ਗਨੂ-ਲਿਨਕਸ ਬਹੁਤ ਪੱਕਾ ਅਤੇ ਮਜ਼ਬੂਤ ਸੀ ਪਰ  ਥੋੜ੍ਹਾ ਜ਼ਿਆਦਾ ਹੀ ਸ਼ੁੱਧ ਸੀ। ਇਹ ਇੰਜ਼ੀਨਿਅਰ ਸਾਧਾਰਣ ਲੋਕਾਂ ਦੀਆਂ ਕੰਪਿਊਟਰ ਤੋਂ ਪੂਰੀਆਂ ਹੋਣ ਵਾਲੀਆਂ ਵਿਵਹਾਰਿਕ ਜ਼ਰੂਰਤਾਂ ਤੋਂ ਕੋਹਾਂ ਦੂਰ ਸਨ। ਕਿਉਂਕਿ ਇਹ ਵੇਚਣ ਦੇ ਲਈ ਨਹੀਂ ਸੀ ਤਾਂ ਇਸਦੇ ਪ੍ਰਚਾਰ-ਪ੍ਰਸਾਰ ਬਾਰੇ ਵੀ ਨਹੀਂ ਸੋਚਿਆ ਗਿਆ ਸੀ। ਮਾਈਕ੍ਰਾਫਟ ਦੀ ਤਰ੍ਹਾ  ਉਹਨਾਂ ਦੇ ਕੋਲ ਜਨਸੰਪਰਕ ਅਤੇ ਵਿਗਿਆਪਨਾਂ ਦੇ ਲਈ ਫਾਲਤੂ ਕਰੋੜਾਂ ਦੀ ਸੰਪਤੀ ਵੀ ਨਹੀਂ ਸੀ।
ਇਸ ਵਿੱਚ ਕੋਈ ਦਸ ਸਾਲ ਲੱਗੇ। ਕੁੱਝ ਕੰਪਨੀਆਂ ਸਮਝ ਗਈਆਂ ਕਿ ਇਹ ਮਾਲ ਬਿਹਤਰ ਹੈ ਅਤੇ ਇਸਨੂੰ ਸਜਾ ਕੇ ਜੇਕਰ ਵੇਚਣ ਤਾਂ ਕਮਾਈ ਵੀ ਹੋ ਸਕਦੀ ਹੈ। ਪਰ ਗਨੂ ਦਾ ਲਾਇਸੰਸ ਏਕਾਧਿਕਾਰ ਅਜਿਹਾ ਕਰਨ ਤੋਂ ਮਨ੍ਹਾ ਕਰਦਾ ਸੀ। ਇਸ ਦਾ ਰਾਸਤਾ ਕੁੱਝ ਕੰਪਨੀਆਂ ਨੇ ਇਹ ਕੱਢਿਆ ਕਿ ਉਹ ਜੋ ਨਵੀਆਂ ਚੀਜ਼ਾਂ ਇਜਾਦ ਕਰਕੇ ਗਨੂ-ਲਿਨਕਸ ਵਿੱਚ ਜੋੜਦੀਆਂ ਸਨ ਬੱਸ ਉਹਨਾਂ ਦੀ ਕੀਮਤ ਹੀ ਗ੍ਰਾਹਕਾਂ ਕੋਲੋਂ ਮੰਗਦੀਆਂ ਸਨ। ਇੱਕ ਹੋਰ ਤਰੀਕਾ ਕੱਢਿਆ ਗਿਆ। ਜੋ ਗ੍ਰਾਹਕ ਬਣੇ-ਬਣਾਏ ਸਾਫਟਵੇਅਰ ਵਿੱਚ ਫੇਰਬਦਲ ਚਾਹੁੰਦੇ ਸਨ ਤਾਂ ਉਹ ਗਨੂ-ਲਿਨਕਸ ਦੇ ਇੰਜੀਨਿਅਰਾਂ ਨੂੰ ਭਾੜੇ 'ਤੇ ਰੱਖ ਲੈਂਦੀਆਂ ਸਨ।  ਇੱਕ ਸ਼ੁੱਧ ਸਮਾਜਿਕ ਪ੍ਰਯੋਜਨ ਤੋਂ ਬਣੇ ਓ ਐਸ ਤੋਂ ਹੁਣ ਪ੍ਰਵਰਤਕਾਂ ਦੀ ਕਮਾਈ ਵੀ ਹੋ ਰਹੀ ਸੀ ਅਤੇ ਉਹਨਾਂ ਨੂੰ ਮੁਨਾਫ਼ਾ ਵੀ ਮਿਲ ਰਿਹਾ ਸੀ। ਇਹਨਾਂ ਵਿੱਚੋਂ ਸਭ ਤੋਂ ਵੱਡੀ ਕੰਪਨੀ ਸੀ ਰੈਡਹੈਟ ਜਿਸਦੇ ਕੰਮ ਕਰਕੇ ਬਹੁਤ ਸਾਰੇ ਲੋਕਾਂ ਨੂੰ ਗਨੂ-ਲਿਨਕਸ ਦੀਆਾਂ ਹੈਰਾਨ ਕਰਨ ਵਾਲੀਆਂ ਖੂਬੀਆਂ ਦਾ ਪਤਾ ਚੱਲ ਸਕਿਆ ਸੀ।
ਪਰ ਇਸ ਸਭ ਦੇ ਬਾਵਜ਼ੂਦ ਆਮ ਲੋਕ ਘਰਾਂ ਵਿੱਚ ਚੱਲਣ ਵਾਲੇ ਆਪਣੇ ਕੰਪਿਊਟਰਾਂ ਵਿੱਚ ਗਨੂ-ਲਿਨਕਸ ਇਸਤੇਮਾਲ ਨਹੀਂ ਕਰਦੇ ਸਨ। ਸਾਧਾਰਣ ਲੋਕਾਂ ਨੂੰ ਇਹ ਬਹੁਤ ਜਟਿਲ ਲੱਗਦਾ ਸੀ। ਜਟਿਲ ਇਹ ਸੀ ਵੀ। ਮਾਈਕ੍ਰੋਸਾਫਟ ਅਤੇ ਐਪਲ ਦੇ ਬਾਰੇ ਵਿੱਚ ਲੋਕ ਬਹੁਤ ਜਾਣਦੇ ਵੀ ਸਨ ਅਤੇ ਹਜ਼ਾਰਾਂ ਮੁਲਾਜ਼ਮ ਇਸੇ ਗੱਲ ਉੱਪਰ ਕੰਮ ਕਰਦੇ ਸਨ ਕਿ ਉਹਨਾਂ ਦੇ ਓ ਐਸ ਨੂੰ ਸਾਧਾਰਣ ਲੋਕ ਕਿਵੇਂ ਚਲਾ ਸਕਣ। ਜ਼ਰੂਰਤ ਸੀ ਇੱਕ ਅਰਬਪਤੀ ਦੀ ਜੋ ਆਪਣਾ ਪੈਸਾ ਲਗਾ ਕੇ ਇਹ ਕੰਮ ਕਰਵਾਏ।
ਫਿਰ ਅਜਿਹਾ ਵਿਅਕਤੀ ਮਿਲ ਵੀ ਗਿਆ। ਉਸਦਾ ਨਾਮ ਸੀ- ਮਾਰਕ ਸ਼ਟਲਵਰਥ। ਗਨੂ-ਲਿਨਕਸ ਤੋਂ ਸਾਫਟਵੇਅਰ ਬਣਾ ਕੇ ਸ਼ਟਲਵਰਥ ਨੇ ਕਰੋੜਾਂ ਦੀ ਕਮਾਈ ਕੀਤੀ ਸੀ। ਸੰਨ 2004 ਵਿੱਚ ਉਹਨਾਂ ਨੇ ਕੁੱਝ ਕਰੋੜ ਅਲੱਗ ਕਰਕੇ ਕੈਨੋਨਿਕਲ ਨਾਮ ਦੀ ਇੱਕ ਕੰਪਨੀ ਬਣਾਈ ਜਿਸਦਾ ਕੰਮ ਸੀ ਗਨੂ-ਲਿਨਕਸ ਤੋਂ ਇੱਕ ਅਜਿਹਾ ਓਪਰੇਟਿੰਗ ਸਿਸਟਮ ਬਣਾਉਣਾ ਜਿਸਨੂੰ ਸਾਧਾਰਣ ਤੋਂ ਸਾਧਾਰਣ ਕੰਪਿਊਟਰ ਇਸਤੇਮਾਲ ਕਰਨ ਵਾਲਾ ਵੀ ਚਲਾ ਸਕੇ। ਉਹਨਾਂ ਨੇ ਬਿਲ ਗੇਟਸ ਦੀ ਤਰ੍ਹਾ  ਲਾਲਚ ਅਤੇ ਹਿੰਸਾ ਦੀ ਕਮਾਈ ਨਾਲ ਦੁਨੀਆ ਨੂੰ ਸੁਧਾਰਨ ਦਾ ਠੇਕਾ ਨਹੀਂ ਉਠਾਇਆ। ਕੇਵਲ ਉਸ ਸਮਾਜ ਨੂੰ ਕੁੱਝ ਵਾਪਸ ਦੇਣ ਦਾ ਬੀੜਾ ਉਠਾਇਆ ਜਿਸਦੀ ਬਦੌਲਤ ਉਹਨਾਂ ਨੂੰ ਇਹ ਅਮੀਰੀ ਅਤੇ ਸ਼ੌਹਰਤ ਮਿਲੀ ਸੀ।
ਜਦ ਇਹ ਕੰਮ ਤਿਆਰ ਹੋ ਗਿਆ ਤਾਂ ਇਸ ਓ ਐਸ ਦਾ ਨਾਮ ਰੱਖਿਆ ਗਿਆ ਉਬੁੰਟੂ। ਇਹ ਅਫ਼ਰੀਕਾ ਦੀਆਂ ਕੁੱਝ ਭਾਸ਼ਾਵਾਂ ਦਾ ਸ਼ਬਦ ਹੈ। ਉਬੁੰਟੂ ਦਾ ਅਰਥ ਹੈ- ਦੂਸਰਿਆਂ ਪ੍ਰਤਿ ਸਦਭਾਵ। ਸ਼ਟਲਵਰਥ ਦੱਖਣੀ ਅਫ਼ਰੀਕਾ ਦੇ ਹਨ ਜਿੱਥੇ ਨਸਲਭੇਦ ਅਤੇ ਨਸਲੀ ਹਿੰਸਾ ਦਾ ਭਿਆਨਕ ਕਾਲ ਬਹੁਤ ਲੰਬੇ ਦੌਰ ਤੋਂ ਬਾਅਦ ਸੰਨ 1990 ਦੇ ਦਸ਼ਕ ਵਿੱਚ ਆ ਕੇ ਕੁੱਝ ਰੁਕ ਪਾਇਆ ਸੀ।
ਅਹਿੰਸਾ ਦੇ ਸਹਾਰੇ ਚੱਲਣ ਵਾਲੇ ਨੇਲਸਨ ਮੰਡੇਲਾ ਅਤੇ ਡੇਸਮੰਡ ਟੂਟੂ ਜਿਹੇ ਨੇਤਾ ਆਪਣੇ ਸਮਾਜ ਵਿੱਚ ਉਬੁੰਟੂ ਦੇ ਨਾਮ 'ਤੇ ਸ਼ਾਂਤੀ ਅਤੇ ਭਾਈਚਾਰੇ ਦੀ ਫਰਿਆਦ ਕਰਿਆ ਕਰਦੇ ਸਨ। ਇੰਨੀ ਹਿੰਸਾ ਅਤੇ ਨਸਲਵਾਦ ਦੇ ਬਾਵਜ਼ੂਦ ਲੋਕਾਂ ਨੇ ਉਬੁੰਟੂ ਦੀ ਆਪਣੀ ਪਰੰਪਰਾ ਭੁਲਾਈ ਨਹੀ ਸੀ। ਮੰਡੇਲਾ ਅਤੇ ਟੂਟੂ ਦੀ ਸਫਲਤਾ ਦੇ ਪਿੱਛੇ ਗਾਂਧੀ ਜੀ ਦੀ ਪ੍ਰੇਰਣਾ ਤਾਂ ਸੀ ਹੀ, ਉਬੁੰਟੂ ਦੀ ਭਾਵਨਾ ਵੀ ਸੀ। ਉਬੁੰਟੂ ਜੀਵਨ ਦੇ ਪ੍ਰਤਿ ਇੱਕ ਪੂਰਾ ਦਰਸ਼ਨ ਹੈ। ਇੱਕ ਤਰ੍ਹਾ  ਦੀ ਸੰਵੇਦਨਸ਼ੀਲਤਾ ਹੈ ਜੋ ਕਹਿੰਦੀ ਹੈ ਕਿ ਇੱਕ ਮਨੁੱਖ ਦਾ ਵਜ਼ੂਦ ਉਸਦੇ ਪਿਆਰਿਆਂ ਤੋਂ ਹੀ ਸਾਰਥਕ ਹੁੰਦਾ ਹੈ। ਸ਼ਟਲਵਰਥ ਨੇ ਨਸਲੀ ਹਿੰਸਾ ਵੀ ਦੇਖੀ ਸੀ ਅਤੇ ਨਾਲ ਹੀ ਉਬੁੰਟੂ ਦੀ ਤਾਕਤ ਵੀ।
ਉਬੁੰਟੂ-ਦਰਸ਼ਨ ਸਭ ਦੇ ਲਈ ਸੁਲਭ ਹੈ। ਅਤੇ ਉਬੁੰਟੂ ਕੰਪਿਊਟਰ ਓ ਐਸ ਵੀ ਮੁਫਤ ਵਿੱਚ ਹੀ ਵਿਤਰਿਤ ਹੁੰਦਾ ਹੈ। ਜੇਕਰ ਇਸ ਨੂੰ ਪਾਉਣ ਲਈ ਕੋਈ ਸ਼ਟਲਵਰਥ ਨੂੰ ਚਿੱਠੀ ਜਾਂ ਈਮੇਲ ਲਿਖ ਕੇ ਭੇਜ ਦੇਵੇ ਤਾਂ ਉਸਦੇ ਘਰ ਉੱਤੇ ਉਬੁੰਟੂ ਡਾਕ ਰਾਹ ਆ ਜਾਂਦਾ ਹੈ। ਉਬੁੰਟੂ ਤੋਂ ਸਰਲ ਅਤੇ ਸੁੰਦਰ ਸ਼ਾਇਦ ਹੀ ਕੋਈ ਕੰਪਿਊਟਰ ਓ ਐਸ ਹੋਵੇ। ਇਹ ਗਨੂ-ਲਿਨਕਸ ਦੀ ਦੁਨੀਆ ਤਾਂ ਬਣੀ ਹੀ ਇਸ ਲਈ ਹੈ ਕਿ ਕੰਪਿਊਟਰ ਦੀ ਦੁਨੀਆ ਨੂੰ ਲੋਕ ਆਪਣੇ ਜੀਵਨ ਵਿੱਚ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਢਾਲ ਸਕਣ। ਇਸ ਲਈ ਬਿਨਾਂ ਜਨਸੰਪਰਕ ਦੇ ਉਬੁੰਟੂ ਤੇਜੀ ਨਾਲ ਫੈਲ ਰਿਹਾ ਹੈ।
ਅੱਜ-ਕੱਲ ਬਹੁਤ ਮਹਿੰਗੀਆਂ ਕੰਪਨੀਆਂ ਤੋਂ ਲੈ ਕੇ ਤਾਜ਼ੇ ਸਮਾਜਿਕ ਅੰਦੋਲਨ ਵੀ, ਸਭ ਦੇ ਸਭ ਜਨਸੰਪਰਕ ਵਿੱਚ ਲੱਗੇ ਹਨ। ਹਰ ਕੋਈ ਦਿਖਾਉਣਾ ਚਾਹੁੰਦਾ ਹੈ ਕਿ ਉਸਦੇ ਪਿੱਛੇ ਕਿੰਨੇ ਹਜ਼ਾਰ ਲੱਖ ਉਪਭੋਗਤਾ ਅਤੇ ਲੋਕ ਖੜੇ ਹਨ। ਨੰਬਰਾਂ ਦਾ ਅਜਿਹਾ ਖੇਲ ਗਾਂਧੀ ਜੀ ਨਹੀਂ ਕਰਦੇ ਸਨ। ਉਹਨਾਂ ਨੇ ਜਨਸੰਪਰਕ ਤੋਂ ਜ਼ਿਆਦਾ ਮਨਸੰਪਰਕ ਕੀਤਾ ਤਾਂ ਹੀ ਕਰੋੜਾਂ ਲੋਕਾਂ ਨੇ ਉਹਨਾਂ ਨੂੰ ਉਹ ਜਗ੍ਹਾ  ਦਿੱਤੀ ਜੋ ਕਿਸੇ ਹੋਰ ਨੂੰ ਨਹੀ ਮਿਲ ਸਕੀ। ਖੁਦ ਨੋਬੇਲ ਪੁਰਸਕਾਰ ਦੇਣ ਵਾਲਿਆਂ ਨੇ ਕਿਹਾ ਹੈ ਕਿ ਗਾਂਧੀ ਜੀ ਨੂੰ ਨੋਬੇਲ ਪੁਰਸਕਾਰ ਦੀ ਜ਼ਰੂਰਤ ਨਹੀਂ ਸੀ ਪਰ ਨੋਬੇਲ ਪੁਰਸਕਾਰ ਨੂੰ ਗਾਂਧੀ ਜੀ ਦੀ ਜ਼ਰੂਰਤ ਸੀ। ਉਹਨਾਂ ਨੇ ਕਿਹਾ ਕਿ ਸਵਾਲ ਇਹ ਹੈ ਕਿ ਗਾਂਧੀ ਜੀ ਤੋਂ ਬਿਨਾਂ ਕੀ ਨੋਬੇਲ ਪੁਰਸਕਾਰ ਅਧੂਰਾ ਨਹੀਂ ਹੈ?
ਇਹ ਹੁੰਦਾ ਹੈ ਮਨਸੰਪਰਕ। ਅਤੇ ਇਸੇ ਮਨਸੰਪਰਕ ਦੀ ਦੁਨੀਆ ਤੋਂ ਨਿਕਲਿਆ ਹੈ ਸਮਾਜਿਕਤਾ ਦਾ ਕੰਪਿਊਟਰ ਗਨੂ-ਲਿਨਕਸ। ਇਹ ਉਬੁੰਟੂ ਦਾ ਉਪਹਾਰ ਦਿੰਦਾ ਹੈ। ਸਾਨੂੰ ਆਪਣੇ ਗਵਾਂਢੀ ਦੇ ਪ੍ਰਤਿ ਸਦਭਾਵਨਾ ਦੀ, ਮਨੁੱਖਤਾ ਦੀ ਯਾਦ ਦਿਵਾਉਂਦਾ ਹੈ। ਕੰਪਿਊਟਰ ਦੀ ਦੁਨੀਆ ਦਾ ਇਹ ਅਹਿੰਸਕ, ਸੱਤਿਆਗ੍ਰਿਹੀ ਅਤੇ ਸਮਾਜਿਕ ਸੰਸਕਰਣ ਹੈ। ਨਵੀਂ ਪੀੜੀ ਦੀ ਸਮਾਜਿਕਤਾ ਅੱਜ-ਕੱਲ ਕੰਪਿਊਟਰਾਂ ਤੱਕ ਹੀ ਸਿਮਟ ਗਈ ਹੈ। ਉਸ ਵਿੱਚ ਅਨਾਪ-ਸ਼ਨਾਪ ਮੁਨਾਫ਼ੇ ਦੇ, ਧੋਖਾਧੜੀ, ਚੋਰੀ-ਚਪਾਟੀ ਦੇ ਜਾਲੇ ਲੱਗ ਗਏ ਹਨ। ਉਹਨਾਂ ਜਾਲਿਆਂ ਨੂੰ ਸਾਫ਼ ਕਰਨ ਲਈ ਮਨਸੰਪਰਕ ਦਾ ਇਹ ਨਵਾਂ ਕੰਪਿਊਟਰ ਇੱਕ ਰਾਮਬੁਹਾਰੀ ਹੈ, ਇੱਕ ਸਿੱਧੀ-ਸਾਦੀ ਸਰਲ ਝਾੜੂ ਹੈ।
ਪਰ ਸਮਾਜਿਕਤਾ ਦਾ ਇੱਕ ਠੀਕ ਰੂਪ ਤਾਂ ਕੰਪਿਊਟਰ ਦੇ ਬਾਹਰ ਹੀ ਹੈ। ਮਨਸੰਪਰਕ ਦਾ ਸਭ ਤੋਂ ਪੁਖ਼ਤਾ ਤਰੀਕਾ ਤਾਂ ਬਹੁਤ ਪੁਰਾਣਾ ਹੈ। ਆਪਣੇ ਗਵਾਂਢੀ ਨੂੰ ਈਮੇਲ ਭੇਜਣ ਦੀ ਬਜਾਏ ਉਸਨੂੰ ਮਿਲੋ ਜਾਂ ਹੱਥੀ ਖ਼ਤ ਲਿਖੋ। ਸੁੱਖ-ਦੁੱਖ ਪੁੱਛੋ।
ਇਸਤੋਂ ਵੱਡਾ ਮਨਸੰਪਰਕ ਕਿਸੇ ਫੇਸਬੁੱਕ 'ਤੇ ਨਹੀ ਮਿਲੇਗਾ।          
No comments:

Post a Comment