Friday 20 January 2012

ਜ਼ਹਿਰੀਲੇ ਭੋਜਨ ਵਿੱਚ ਹੈ ਸਿਹਤ ਸਮੱਸਿਆਵਾਂ ਦੀ ਜੜ

ਡਾ. ਜੀਵਨਜੋਤ ਕੌਰ ਫ਼ਰੀਦਕੋਟ

ਕੀ ਤੁਸੀ ਜਾਣਦੇ ਹੋ ਕਿ ਜਿਨ੍ਹਾਂ ਜੀ ਐਮ ਬੀਜਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸਕਾਂ ਦਾ ਇਸਤੇਮਾਲ ਖੇਤੀ ਵਿੱਚ ਹੁੰਦਾ ਹੈ, ਉਹ ਤੁਹਾਨੂੰ ਕਿਵੇਂ ਨੁਕਸਾਨ ਪਹੁੰਚਾਉਦੇ ਹਨ? ਇਹਨਾਂ ਦੇ ਜਹਿਰੀ ਅੰਸ਼ ਫ਼ਸਲ ਦੇ ਵਿੱਚ ਚਲੇ ਜਾਂਦੇ ਹਨ। ਜਦ ਕੋਈ ਮਨੁੱਖ ਇਸ ਫ਼ਸਲ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰਦਾ ਹੈ ਤਾਂ ਇਹੀ ਤੱਤ ਸਰੀਰ ਦੇ ਅੰਦਰ ਪਹੁੰਚ ਕੇ ਸਾਡੇ ਸੂਖ਼ਮ ਸੈੱਲਾਂ ਦੀ ਕਿਰਿਆਂ ਵਿੱਚ ਵਿਘਨ ਪਾਉਂਦੇ ਹਨ। ਸਾਡੇ ਸਰੀਰ ਅੰਦਰ ਕੁਦਰਤ ਨੇ ਰੋਗਾਂ ਦਾ ਮੁਕਾਬਲਾ ਕਰਨ ਲਈ ਜੋ ਸੁਰੱਖਿਆ ਪ੍ਰਣਾਲੀ ਦਿੱਤੀ ਹੈ,ਇਹ ਜ਼ਹਿਰੀ ਤੱਤ ਉਸ ਪ੍ਰਣਾਲੀ ਨੂੰ ਹੀ ਖਰਾਬ ਕਰ ਦੰਦੇ ਹਨ। ਇਹ ਪ੍ਰਣਾਲੀ ਸੈੱਲਾਂ ਦੀ ਟੁੱਟ ਭੱਜ ਨੂੰ ਠੀਕ ਕਰਦੀ ਹੈ ਅਤੇ ਆਕਸੀਜਨ ਸੋਖ ਲੈਂਦੀ ਹੈ। ਜਿਸ ਨਾਲ ਸੈੱਲਾਂ ਦਾ ਨੁਕਸਾਨ ਹੋਣੋਂ ਬਚ ਜ਼ਾਦਾਂ ਹੈ। ਇਹ ਪ੍ਰਣਾਲੀ ਇੱਕ ਲੰਮੀ ਚੇਨ ਵਾਂਗ ਕੰਮ ਕਰਦੀ ਹੈ ਪਰ ਕਿਸੇ ਕਾਰਨ ਜੇ ਚੇਨ ਟੁੱਟ ਜਾਵੇ ਤਾਂ,ਜਿਥੋ ਇਹ ਟੁੱਟੀ ਹੈ ਉਸ ਮੁਤਾਬਕ ਸਰੀਰ ਰੋਗ ਫੜ ਲੈਂਦਾ ਹੈ। ਚੰਗਾ ਸੰਤੁਲਿਤ ਭੋਜਨ ਤੇ ਸਹੀ ਸੂਖਮ ਤੱਤ ਜੋ ਸਰੀਰ ਲਈ ਲਾਭਕਾਰੀ ਹਨ ਇਸ ਟੁੱਟੀ ਹੋਈ ਚੇਨ ਨੂੰ ਫਿਰ ਜੋੜ ਦਿੰਦੇ ਹਨ ਅਤੇ ਸਰੀਰ ਫਿਰ ਸਿਹਤਮੰਦ ਹੋ ਜ਼ਾਂਦਾ ਹੈ। ਹੁਣ ਜ਼ਰਾ ਸੋਚੋ! ਜੇ ਭੋਜਨ ਵਿੱਚ ਹੀ ਉਹ ਤੱਤ ਹੋਣ ਜਿਹੜੇ ਇਸ ਚੇਨ ਨੂੰ ਤੋੜਨ ਦਾ ਕੰਮ ਕਰਦੇ ਹਨ ਤਾਂ ਮਨੁੱਖ ਬਿਮਾਰੀ ਤੋਂ ਕਿਵੇਂ ਬਚੇਗਾ। ਇਹ ਭੋਜਨ ਹੀ ਸਾਡਾ ਭੋਜਨ ਹੀ ਸਾਡਾ ਦੁਸ਼ਮਣ ਬਣ ਜਾਏਗਾ। ਇਹ ਜ਼ਹਿਰ ਸਾਡੀ ਸੁਰੱਖਿਆ ਚੇਨ ਨੂੰ ਤੋੜ ਕੇ ਸ਼ੂਗਰ,ਕੈਂਸਰ, ਬਲੱਡ-ਪ੍ਰੈਸ਼ਰ,ਗੁਰਦੇ ਦੇ ਰੋਗ, ਦਿਲ ਦੇ ਰੋਗ ਅਤੇ ਜੋੜਾਂ ਦੇ ਦਰਦ ਆਦਿ ਰੋਗ ਕਰ ਦਿੰਦੇ ਹਨ। ਇੱਕ ਬਜ਼ੁਰਗ ਨੂੰ ਡਾਕਟਰ ਦੁੱਧ ਪੀਣ ਦੀ ਸਲਾਹ ਦਿੰਦਾ ਹੈ। ਜੋ ਦੁੱਧ ਉਸ ਕੋਲ ਪੁੱਜੇਗਾ ਉਹ ਜ਼ਹਿਰਾਂ ਨਾਲ ਭਰਿਆ ਹੋਵੇਗਾ ਕਿਉਂਕਿ ਮੱਝ ਨੇ ਜੋ ਚਾਰਾ ਖਾਧਾ ਉਸ ਵਿੱਚ ਜ਼ਹਿਰੀਲੇ ਕੀਟਨਾਸ਼ਕਾਂ ਦੇ ਜ਼ਹਿਰ ਦੇ ਅੰਸ਼ ਸਨ। ਉਹਨਾਂ ਜ਼ਹਿਰਾਂ ਦੀ ਕੁੱਝ ਮਾਤਰਾ ਦੁੱਧ ਵਿੱਚ ਆ ਗਈ ਤੇ ਜਦ ਉਹ ਦੁੱਧ ਉਸ ਬਜ਼ੁਰਗ ਜਾਂ ਕਿਸੇ ਹੋਰ ਮਨੁੱਖ ਨੇ ਪੀਤਾ ਤਾਂ ਉਹ ਜ਼ਹਿਰੀਲੇ ਤੱਤ ਉਸਦੇ ਸਰੀਰ ਵਿੱਚ ਵੀ ਚਲੇ ਗਏ। ਕਹਿਨ ਦਾ ਭਾਵ ਇਹ ਹੈ ਕਿ ਜਦ ਇਹ ਜ਼ਹਿਰ ਸਾਡੀ ਭੋਜਨ ਲੜੀ ਵਿੱਚ ਸ਼ਾਮਿਲ ਹੋ ਗਏ ਤਾਂ ਆਪਾਂ ਕਿਵੇਂ ਬਚਾਂਗੇ? ਹਰੀ ਕ੍ਰਾਂਤੀ ਦੇ ਨਾਂ ਤੇ ਅਸੀ ਆਪਣੇ  ਨਵੇਂ ਜਨਮੇ ਬੱਚਿਆਂ ਨੂੰ ਵੀ ਜ਼ਹਿਰ ਦੇ ਰਹੇ ਹਾਂ, ਜਿਨ੍ਹਾਂ ਨੂੰ ਹਾਲੇ ਦੁਨੀਆਦਾਰੀ ਦਾ ਕੁੱਝ ਵੀ ਨਹੀ ਪਤਾ। ਉਹਨਾਂ ਬੱਚਿਆਂ ਦਾ ਕੀ ਕਸੂਰ ਹੈ, ਜੋ ਆਪਾਂ ਉਹਨਾਂ ਨੂੰ ਜ਼ਹਿਰ ਪਰੋਸ ਰਹੇ ਹਾਂ। ਇੱਕ ਪਾਸੇ ਫ਼ਸਲ ਵਧੀ ਤਾਂ ਦੂਜੇ ਪਾਸੇ ਉਨਾਂ ਹੀ ਖ਼ਰਚ ਖਾਦਾਂ ਅਤੇ ਕੀਟਨਾਸ਼ਕਾਂ ਉੱਪਰ ਕਰ ਦਿੱਤਾ। ਧਰਤੀ ਖੁੰਘਲ ਹੋ ਗਈ। ਅਸੀ ਆਪਣੇ ਬੀਜ਼ ਗਵਾ ਕੇ ਬੀਜਾਂ ਲਈ ਕੰਪਨੀਆਂ ਦੇ ਗੁਲਾਮ ਹੋ ਗਏ ਅਤੇ ਅੱਜ ਕੰਪਨੀਆਂ ਆਪਣੀ ਮਰਜ਼ੀ ਦਾ ਬੀਜ਼ ਕਿਸਾਨ ਨੂੰ ਦਿੰਦੀਆਂ ਹਨ ਅਤੇ ਲੁੱਟਦੀਆਂ ਹਨ। ਇਹਨਾਂ ਖ਼ਰਚਿਆਂ ਤੋਂ ਬਾਅਦ ਜੋ ਕੁਝ ਬਚਿਆ ਉਹ ਅਸੀ ਦਵਾਈਆਂ ਤੇ ਖ਼ਰਚ ਕਰ ਦਿੱਤਾ ਅਤੇ ਜ਼ਹਿਰੀਲਾ ਭੋਜਨ ਨਾਲੇ ਖਜ਼ਦ ਖਾ ਰਹੇ ਹਾਂ, ਆਪਣੇ ਬੱਚਿਆਂ ਨੂੰ ਖਵਾ ਰਹੇ ਹਾਂ ਅਤੇ ਨਾਲ ਹੀ ਦੂਜਿਆਂ ਨੂੰ ਖਵਾ ਕੇ ਉਹਨਾਂ ਨੂੰ ਬਿਮਾਰ ਕਰਕੇ ਪਾਪ ਖੱਟ ਰਹੇ ਹਾਂ। ਸੇ ਸਿਹਤ ਪੱਖੋਂ ਹੀ ਨਹੀ ਆਰਥਿਕ ਪੱਖੋਂ ਵੀ ਇਹ ਘਾਟੇ ਦਾ ਸੌਦਾ ਹੈ। 
ਜ਼ੀ ਐੱਮ ਭੋਜਨ ਸਾਡੇ ਸ਼ਰੀਰ ਵਿੱਚ ਜਾ ਕੇ ਸਾਡੇ ਜੀਨਾਂ ਨਾਲ ਕ੍ਰਿਆ ਕਰਦੇ ਹਨ ਅਤੇ ਜੀਨਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਨਾਲ ਜੀਨ ਸੰਬੰਧੀ ਰੋਗ ਹੋ ਜਾਂਦੇ ਹਨ ਜਿਵੇਂ ਛੋਟੇ ਬੱਚਿਆਂ ਵਿੱਚ ਸ਼ੂਗਰ ਦੀ ਬਿਮਾਰੀ। ਹੁਣ ਇਸ ਬਾਰੇ ਖੋਜ ਕਰਨ ਲਈ ਬਠਿੰਡਾ ਵਿਖੇ ਯੂਨੀਵਰਸਿਟੀ ਖੋਲੀ ਹੈ ਜੋ ਜੀਨਾਂ ਸੰਬੰਧੀ ਰੋਗਾਂ ਅਤੇ ਜ਼ੀ ਐੱਮ ਫ਼ਸਲਾਂ ਦੇ ਪ੍ਰਭਾਵ ਤੇ ਖੋਜ ਕਰੇਗੀ। ਇਹ ਕਿਹੋ ਜਿਹਾ ਨਿਕੰਮਾ ਸਿਸਟਮ ਹੈ ਜਿਸ ਨੀਤੀ ਨੇ ਨੁਕਸਾਨ ਕੀਤਾ, ਉਸਨੂੰ ਬਦਲਣ ਦੀ ਥਾਂ ਅਤੇ ਉਸ ਤੋਂ ਸਮਝ ਲੈਣ ਦੀ ਜਗਾ ਹੋਰ ਸੂਬਿਆਂ ਵਿੱਚ ਹਰੀ ਕ੍ਰਾਂਤੀ ਦਾ ਢੇਲ ਪਿੱਟ ਰਿਹਾ ਹੈ। ਜਿੱਥੇ ਨੁਕਸਾਨ ਹੋ ਚੁੱਕਾ ਹੈ, ਉਸਨੂੰ ਸੁਧਾਰਨ ਅਤੇ ਨੀਤੀ ਬਦਲਣ ਦੀ ਥਾਂ ਯੂਨੀਵਰਸਿਟੀਆਂ, ਹਸਪਤਾਲ ਤਾਂ ਖੋਲੇ ਜਾ ਰਹੇ ਹਨ ਪਰ ਜਿਨ੍ਹਾਂ ਜ਼ਹਿਰਾਂ ਕਰਕੇ ਇਹ ਸਭ ਹੋ ਰਿਹਾ ਹੈ ਉਹਨਾਂ ਨੂੰ ਬੰਦ ਕਰਨ ਲਈ ਕੋਈ ਕਦਮ ਨਹੀ ਚੁੱਕੇ ਜਾ ਰਹੇ। ਸੋ ਲੋਕਾਂ ਨੂੰ ਆਪਣੀ ਸਿਹਤ ਲਈ ਆਪ ਹੀ ਆਵਾਜ਼ ਚੁੱਕਣੀ ਪਏਗੀ। 
ਨਵੀਂ ਪੀੜ੍ਹੀ ਸਹਿਣਸ਼ੀਲ ਨਹੀ ਰਹੀ। ਉਹਨਾਂ ਵਿੱਚ ਕਈ ਦਿਮਾਗੀ ਬਦਲਾਵ ਆ ਰਹੇ ਹਨ। ਇਹ ਬਦਲਾਵ ਭੋਜਨ ਨਾਲ ਵੀ ਜੁੜੇ ਹਨ। ਇੱਕ ਇਲਾਕੇ ਵਿੱਚ ਫ਼ਸਲ ਦੀ ਵਿਭਿੰਨਤਾ ਖ਼ਤਮ ਕਰਕੇ ਇੱਕੋ ਤਰਾਂ ਦੀ ਫ਼ਸਲ ਦਾ ਵੱਧ ਮੰਡੀਕਰਨ ਹੁੰਦਾ ਹੈ ਅਤੇ ਵਾਧੂ ਖਾਧ ਪਦਾਰਥਾਂ ਦੀ ਪ੍ਰੋਸੈਸਿੰਗ ਕਰਕੇ ਕੰਪਨੀਆਂ ਮੁਨਾਫ਼ਾ ਲੈਂਦੀਆਂ ਹਨ, ਅਮੀਰ ਅਤੇ ਮੱਧਵਰਤੀ ਬੱਚੇ ਅੱਜ ਜੰਕ ਫੂਡ ਦੇ ਆਦੀ ਬਣਾ ਦਿੱਤੇ ਗਏ ਹਨ। ਇਹ ਭੋਜਨ ਸੰਤੁਲਿਤ ਨਾ ਹੋਣ ਕਰਕੇ ਸੈੱਲ ਪੱਧਰ ਦੀਆਂ ਤੱਤਾਂ ਸੰਬਸਧੀ ਜ਼ਰੂਰਤਾਂ ਪੂਰੀਆਂ ਨਹੀ ਹੁੰਦੀਆਂ। ਸ਼ਰੀਰ ਫਿਰ ਹੋਰ ਮੰਗਦਾ ਹੈ, ਫਿਰ ਉਹੀ ਜੰਕ ਫੂਡ ਖਾਧਾ ਜਾਂਦਾ ਹੈ ਪਰ ਫਿਰ ਵੀ ਸ਼ਰੀਰ ਦੀ ਲੋੜ ਪੂਰੀ ਨਹੀ ਹੁੰਦੀ ਅਤੇ ਬੱਚਾ ਮੋਟਾ ਹੋਣ ਲੱਗਦਾ ਹੈ ਅਤੇ ਪੜ੍ਹਾਈ ਤੋ ਜੀ ਚੁਰਾਂਉਦਾਂ ਹੈ ਅਤੇ ਦਿਮਾਗੀ ਤੌਰ ਤੇ ਚਿੜਚਿੜਾ ਹੋ ਜਾਂਦਾ ਹੈ ਅਤੇ ਜਦ ਮਾਪੇ ਝਿੜਕਦੇ ਹਨ ਤਾਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਪੜ੍ਹੇ-ਲਿਖੇ ਵੀ ਇਸ ਸਮੱਸਿਆ ਨੂੰ ਭੋਜਨ ਨਾਲ ਜੋੜ ਕੇ ਨਹੀ ਦੇਖ ਰਹੇ। ਇੱਕ ਲੋਕ ਹਿੱਤ ਜਾਚਿਕਾ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਸਕੂਲਾਂ ਦੀਆਂ ਕੈਂਟੀਨਾਂ ਵਿੱਚ ਜੰਕ ਫੂਡ ਨਹੀ ਦਿੱਤਾ ਜਾਵੇਗਾ, ਇੱਕ ਸਵਾਗਤਯੋਗ ਫੈਸਲਾ ਹੈ। ਜਿਸ ਕੰਮ ਲਈ ਮਾਵਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਅਤੇ ਆਪਣੇ ਬੱਚਿਆਂ ਨੂੰ ਇਸ ਜ਼ਹਿਰੀਲੇ ਸਿਹਤ ਨੂੰ ਨੁਕਸਾਨ ਕਰਨ ਵਾਲੇ ਜੰਕ ਫੂਡ ਤੋਂ ਬਚਾਉਣਾ ਚਾਹੀਦਾ ਸੀ, ਉਹਨਾਂ ਮਾਵਾਂ ਦਾ ਫ਼ਰਜ਼ ਹੁਣ ਇੱਕ ਅਦਾਲਤ ਨਿਭਾ ਰਹੀ ਹੈ। ਇਸਦੇ ਨਾਲ ਹੀ ਇਲਾਕੇ ਵਿੱਚ ਹਰ ਤਰਾਂ ਦੇ ਭੋਜਨ ਦੀ ਕਮੀ ਕਰ ਦਿੱਤੀ ਗਈ। ਜਿਸ ਕਰਕੇ ਕਈ ਖਾਣ ਵਾਲੀਆਂ ਚੀਜ਼ਾਂ ਦੂਜੇ ਸੂਬਿਆਂ ਤੋਂ ਮੰਗਾਉਣੀਆਂ ਪੈਂਦੀਟਾ ਹਨ ਜਿਸ ਕਰਕੇ ਵੱਧ ਖ਼ਰਚਾ ਪੈਣ ਕਰਕੇ ਉਹ ਮਹਿੰਗੀਆਂ ਹੋ ਜਾਂਦੀਆਂ ਹਨ ਅਤੇ ਗਰੀਬਾਂ ਦੀ ਪਹੁੰਚ ਤੋਂ ਦੂਰ ਹੋ ਜਾਂਦੀਆਂ ਹਨ। 
ਸੋ ਅੱਜ ਦੀ ਖੇਤੀ ਅਮੀਰ-ਗਰੀਬ ਦੋਹਾਂ ਦਾ ਨੁਕਸਾਨ ਕਰ ਰਹੀ ਹੈ। ਅੱਜ ਤੋਂ ਬਹੁਤ ਸਾਲ ਪਹਿਲਾਂ ਸੰਸਾਰ ਸਿਹਤ ਸੰਸਥਾ ਨੇ ਸਿਹਤ ਦੀ ਵਿਆਖਿਆ ਇੰਝ ਕੀਤੀ ਸੀ -'ਸਿਹਤ ਸਿਰਫ ਬਿਮਾਰੀ ਦੀ ਅਣਹੋਂਦ ਨਹੀ, ਇਹ ਸੰਪੂਰਨ ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦਾ ਨਾਂ ਹੈ।' ਪਰ ਸਾਡਾ ਅੱਜ ਦਾ ਭੋਜਨ ਸਾਡੀ ਇਸ ਲੋੜ ਨੂੰ ਪੂਰਾ ਨਹੀ ਕਰਦਾ। ਵਿਗਿਆਨ ਦੀ ਖੋਜ ਇਹ ਸਾਬਿਤ ਕਰ ਚੁੱਕੀ ਹੈ ਕਿ ਅਪਰਾਧੀ ਮਨੋਵਿਰਤੀ ਬਿਮਾਰ ਮਨ ਦੀ ਉਪਜ ਹੈ। ਇਹ ਬਚਪਨ ਵਿੱਚ ਹੀ ਪਨਪਦੀ ਹੈ। ਜੋ ਬੱਚਾ ਜ਼ਿੱਦੀ, ਅੜੀਅਲ ਅਤੇ ਮਾਰ-ਕੁੱਟ ਜ਼ਿਆਦਾ ਅਤੇ ਅਕਸਰ ਕਰਦਾ ਹੈ ਅਤੇ ਬਿਨਾਂ ਕਿਸੇ ਗੱਲ ਦੇ ਲੜ੍ਹਨ ਲਈ ਤਿਆਰ ਰਹਿੰਦਾ ਹੈ। ਉਸਦਾ ਸਮੇਂ ਸਿਰ ਕੀਤਾ ਇਲਾਜ ਉਸਨੂੰ ਇੱਕ ਠੀਕ ਅਤੇ ਜਿੰਮੇਵਾਰ ਇਨਸਾਨ ਬਣਾ ਦੇਵੇਗਾ। 
ਹੁਣ ਜਦ ਅਸੀ ਸਿਹਤ ਦੀ ਸਹੀ ਵਿਆਖਿਆ ਜਾਣ ਗਏ ਹਾਂ ਤਾਂ ਸਾਡੀ ਭੋਜਨ ਲੜੀ ਵਿੱਚ ਸੁਧਾਰ ਕਰਕੇ ਅਸੀ ਸਿਹਤ ਕਮਾ ਸਕਦੇ ਹਾਂ। ਸੋ ਅਸੀ ਹਰ ਪੱਧਰ ਤੇ ਹੰਭਲਾ ਮਾਰੀਏ, ਜ਼ਹਿਰ ਮੁਕਤ ਉਗਾ ਕੇ ਖੁਦ ਖਾਈਏ, ਆਪਣੇ ਬੱਚਿਆਂ ਅਤੇ ਹੋਰਾਂ ਨੂੰ ਵੀ ਖਵਾਈਏ ਅਤੇ ਸਿਹਤ ਨੂੰ ਬਚਾਈਏ। 

No comments:

Post a Comment