Friday 20 January 2012

ਸਰਗਰਮੀਆਂ

ਪ੍ਰੋ. ਮੋਹਨ ਸਿੰਘ ਮੇਲੇ ਵਿੱਚ 'ਬੇਬੇ ਦੀ ਰਸੋਈ' 

ਖੇਤੀ ਵਿਰਾਸਤ ਮਿਸ਼ਨ ਆਪਣੀ ਇਸਤਰੀ ਇਕਾਈ ਦੇ ਤਹਿਤ ਪਿੰਡਾਂ ਦੀਆਂ ਔਰਤਾਂ ਦੇ ਨਾਲ 'ਜ਼ਹਿਰ ਮੁਕਤ ਰਸੋਈ, ਜ਼ਹਿਰ ਮੁਕਤ ਖੁਰਾਕ' ਦੇ ਨਾਂ ਹੇਠ ਜ਼ਹਿਰ ਮੁਕਤ ਘਰੇਲੂ ਬਗੀਚੀ ਅਤੇ ਰਵਾਇਤੀ ਖਾਣਿਆਂ ਨੂੰ ਪ੍ਰੋਤਸਾਹਿਤ ਕਰਨ ਲਈ ਕੰਮ ਕਰ ਰਿਹਾ ਹੈ। ਰਵਾਇਤੀ ਖਾਣਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਖੇਤੀ ਵਿਰਾਸਤ ਮਿਸ਼ਨ ਵੱਲੋਂ 'ਬੇਬੇ ਦੀ ਰਸੋਈ' ਨਾਮ ਤਹਿਤ ਹਰ ਸਾਲ ਪਿੰਡਾਂ ਵਿੱਚ ਬੀਬੀਆਂ ਦਾ ਇੱਕ ਮੇਲਾ ਕਰਵਾਇਆ ਜਾਂਦਾ ਹੈ। ਪਿੰਡਾਂ ਵਿੱਚ ਮਿਲੇ ਭਾਰੀ ਉਤਸਾਹ ਨੂੰ ਦੇਖਦੇ ਹੋਏ ਔਰਤਾਂ ਦੇ ਗਰੁੱਪ ਨੇ ਬਠਿੰਡਾ ਵਿੱਚ ਹੋਏ ਪ੍ਰੋ. ਮੋਹਨ ਸਿੰਘ ਮੇਲੇ ਵਿੱਚ ਰਵਾਇਤੀ ਖਾਣਿਆਂ ਦਾ ਸਟਾਲ ਲਗਾਉਣ ਬਾਰੇ ਤੈਅ ਕੀਤਾ।

ਬਠਿੰਡਾ ਵਿੱਚ 4 ਤੋਂ 6 ਨਵੰਬਰ ਤੱਕ ਲੱਗੇ ਪ੍ਰੋ. ਮੋਹਨ ਸਿੰਘ ਮੇਲੇ ਵਿੱਚ ਭੋਤਨਾ ਪਿੰਡ ਦੀਆਂ ਕੁਦਰਤੀ ਘਰੇਲੂ ਬਗੀਚੀ ਲਗਾਉਣ ਵਾਲੀਆਂ ਔਰਤਾਂ ਦੇ ਗਰੁੱਪ ਨੇ 'ਬੇਬੇ ਦੀ ਰਸੋਈ' ਨਾਮ ਹੇਠ ਰਵਾਇਤੀ ਖਾਣਿਆਂ ਦਾ ਸਟਾਲ ਲਗਾਇਆ। ਇਸ ਸਟਾਲ 'ਤੇ ਖੀਰ-ਪੂੜੇ, ਮੱਕੀ ਦੀ ਰੋਟੀ-ਸਰੋਂ ਦਾ ਸਾਗ, ਮੋਠ-ਬਾਜਰੇ ਦੀ ਖਿਚੜੀ ਅਤੇ ਜਵਾਰ, ਬਾਜਰੇ ਅਤੇ ਮੱਕੀ ਦੇ ਭੂਤ-ਪਿੰਨੇ ਬਣਾਏ ਗਏ। 
ਸਟਾਲ ਦਾ ਉਦਘਾਟਨ 'ਮੇਲਿਆਂ ਦੇ ਬਾਬਾ ਬੋਹੜ' ਕਹੇ ਜਾਣ ਵਾਲੇ ਪ੍ਰਸਿੱਧ ਸ਼ਖ਼ਸ਼ੀਅਤ ਪੰਜਾਬ ਦੇ ਸਾਬਕਾ ਮੰਤਰੀ ਸ. ਜਸਦੇਵ ਸਿੰਘ ਜੱਸੋਵਾਲ ਵੱਲੋਂ ਜਵਾਰ ਦੇ ਭੂਤ-ਪਿੰਨੇ ਖਾ ਕੇ ਕੀਤਾ ਗਿਆ। ਇਸ ਤਿੰਨ ਦਿਨਾਂ ਮੇਲੇ ਵਿੱਚ ਨਾਂ ਸਿਰਫ ਰਵਾਇਤੀ ਖਾਣੇ ਖਵਾਏ ਗਏ ਬਲਕਿ ਲੋਕਾਂ ਨੂੰ ਇਹਨਾਂ ਦੇ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵੀ ਦੱਸਿਆ ਗਿਆ। 
ਪੰਜਾਬੀ ਫਿਲਮਾਂ ਦੇ ਨਾਇਕ ਰਹੇ ਸ਼੍ਰੀ ਸ਼ਤੀਸ਼ ਕੌਲ ਨੇ ਵੀ ਸਟਾਲ 'ਤੇ ਆ ਕੇ ਰਵਾਇਤੀ ਖਾਣਿਆਂ ਦਾ ਆਨੰਦ ਮਾਣਿਆ। ਮੀਡੀਆ ਵੱਲੋਂ ਵੀ ਇਸ ਸਟਾਲ ਦੀ ਕਵਰੇਜ਼ ਕੀਤੀ ਗਈ।
ਲੋਕਾਂ ਵੱਲੋਂ ਮੇਲੇ ਵਿੱਚ ਇਸ ਵੱਖਰੀ ਤਰਾਂ ਦੇ ਸਟਾਲ ਨੂੰ ਭਰਪੂਰ ਸ਼ਲਾਘਾ ਮਿਲੀ। 

ਸਿਹਤਾਂ ਤੇ ਵਾਤਾਵਰਨ ਪੱਖੋਂ ਪੰਜਾਬ ਦੇ ਵਰਤਮਾਨ ਹਾਲਾਤ ਚਿੰਤਾਜਨਕ: ਕੁਲਦੀਪ ਨਈਅਰ

ਬੀਤੇ ਸਾਲ 26-27 ਅਕਤੂਬਰ ਨੂੰ ਖੇਤੀ ਵਿਰਾਸਤ ਮਿਸ਼ਨ ਦੀ ਪਹਿਲਕਦਮੀ 'ਤੇ ਹਮਖ਼ਿਆਲ ਜੱਥੇਬੰਦੀਆਂ ਵੱਲੋਂ ਕਰਿਡ, ਚੰਡੀਗੜ ਵਿਖੇ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਦੀ ਪ੍ਰਧਾਨਗੀ ਵਿੱਚ “ਸਿਹਤਾਂ ਤੇ ਵਾਤਾਵਰਨ ਦਾ ਮਸਲਾ ਬਣੇ ਚੋਣ ਮੁੱਦਾ” ਵਿਸ਼ੇ 'ਤੇ ਇੱਕ ਦੋ ਰੋਜ਼ਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ ਇੰਟਰਨੈਸ਼ਨਲ ਡੈਮੋਕ੍ਰੇਟਿਕ ਪਾਰਟੀ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ,  ਯੂਨਾਈਟਿਡ ਕਮਿਊਨਿਸਟ ਪਾਰਟੀ ਆਫ ਇੰਡੀਆ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਸ਼ੁਭਕਰਮਨ ਸੋਸਾਇਟੀ-ਹੁਸ਼ਿਆਰਪੁਰ, ਲੋਕ ਕਲਿਆਣ ਸਮਿਤੀ, ਅੰਮ੍ਰਿਤਸਰ, ਮਿਸ਼ਨ ਆਗ਼ਾਜ਼-ਅੰਮ੍ਰਿਤਸਰ, ਸਾਂਇੰਟੀਫਿਕ ਅਵੇਅਰਨੈਸ ਫੋਰਮ-ਸੰਗਰੂਰ, ਪੰਜਾਬ ਇਲੈਕਸ਼ਨ ਵਾਚ ਸਮੇਤ ਅਨੇਕਾਂ ਹੀ ਹਮਖ਼ਿਆਲ ਜੱਥੇਬੰਦੀਆਂ ਨੇ ਸਰਗਰਮ ਸ਼ਮੂਲੀਅਤ ਕੀਤੀ।
ਸੈਮੀਨਾਰ ਵਿੱਚ ਉੱਘੇ ਪੱਤਰਕਾਰ ਸ਼੍ਰੀ ਕੁਲਦੀਪ ਨਈਅਰ, ਸੈਂਟਰ ਫਾਰ ਸਾਂਇੰਸ ਐਂਡ ਇਨਵਾਇਰਨਮੈਂਟ, ਦਿੱਲੀ ਦੇ ਮੁਖੀ ਸੁਨੀਤਾ ਨਰਾਇਣ, ਹਰਿਤ ਸਵਰਾਜ ਅਭਿਆਨ ਦਿੱਲੀ ਤੋਂ ਸ਼੍ਰੀ ਵਿਜੇ ਪ੍ਰਤਾਪ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਤੋਂ ਮੈਡਮ ਰਿਤੂ ਪ੍ਰਿਆ ਜੀ ਵਿਸ਼ੇਸ਼ ਤੌਰ 'ਤੇ ਸ਼ਮਿਲ ਹੋਏ। 
ਸਮੂਹ ਰਾਜਸੀ ਦਲਾਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਿਲ ਹੋ ਕੇ ਸਬੰਧਤ ਮੁੱਦਿਆਂ ਪ੍ਰਤੀ ਆਪਣਾ-ਆਪਣਾ ਸਟੈਂਡ ਸਪਸ਼ਟ ਕਰਨ ਦਾ ਨਿਉਤਾ ਦਿੱਤਾ ਗਿਆ ਸੀ। ਸੈਮੀਨਾਰ ਵਿੱਚ ਅਕਾਲੀ ਦਲ ਬਾਦਲ ਤੋਂ ਸ. ਸ਼ੀਤਲ ਸਿੰਘ, ਭਾਰਤੀ ਜਨਤਾ ਪਾਰਟੀ ਸ਼੍ਰੀ ਅਵਿਨਾਸ਼ ਰਾਏ ਖੰਨਾ, ਸੀ ਪੀ ਆਈ ਤੋਂ ਕਾਮਰੇਡ ਜੋਗਿੰਦਰ ਦਿਆਲ ਅਤੇ ਕਾਂਗਰਸ ਪਾਰਟੀ ਤੋਂ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ. ਸੁਖਚਰਨ ਸਿੰਘ ਨੇ ਸਿਰਕਤ ਕੀਤੀ। 
ਸੈਮੀਨਾਰ ਦਾ ਆਰੰਭ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਪੰਜਾਬ ਸਿਹਤਾਂ ਅਤੇ ਵਾਤਾਵਰਨ ਪੱਖੋਂ ਜਿਸ ਤਰਾਂ ਦੇ ਸੰਕਟ ਦਾ ਸ਼ਿਕਾਰ ਹੈ ਉਹ ਬਹੁਤ ਹੀ ਖ਼ਤਰਨਾਕ ਹੈ। ਪੰਜਾਸ ਦਾ ਹਵਾ, ਪਾਣੀ, ਭੂਮੀ ਸਭ ਕੁਝ ਪਲੀਤ ਹੋ ਚੁੱਕਿਆ ਹੈ। ਜਿੱਥੇ ਕਾਰਖਾਨੇਦਾਰ ਦਰਿਆਈ ਅਤੇ ਧਰਤੀ ਹੇਠਲੇ ਪਾਣੀਆਂ ਨੂੰ ਕਾਰਖਾਨਿਆਂ ਵਿੱਚੋਂ ਨਿਕਲਣ ਵਾਲੇ ਅਤਿ ਦੇ ਜ਼ਹਿਰੀਲੇ ਮਾਦੇ ਨਾਲ ਪਲੀਤ ਕਰ ਰਹੇ ਉੱਥੇ ਹੀ ਖੇਤੀ ਵਿੱਚ ਵਰਤੇ ਜਾਣ ਵਾਲੇ ਜ਼ਹਿਰੀਲੇ ਰਸਾਇਣਾਂ ਕਾਰਨ ਸਮੁੱਚੀ ਭੋਜਨ ਲੜੀ ਵੀ ਜ਼ਹਿਰਾਂ ਨਾਲ ਭਰ ਚੁੱਕੀ ਹੈ। ਸਿੱਟੇ ਵਜੋਂ ਆਮ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਘਿਰੇ ਤ੍ਰਾਹੀ-ਤ੍ਰਾਹੀ ਕਰ ਰਹੇ ਹਨ। ਪਰੰਤੂ ਬਦਕਿਸਮਤੀ ਨਾਲ ਸਾਡੇ ਰਾਜਸੀ ਦਲਾਂ ਨੂੰ ਇਸ ਬਾਰੇ ਸੋਚਣ ਦੀ ਉੱਕਾ ਹੀ ਵਿਹਲ ਨਹੀਂ ਹੈ।
ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਕੁਲਦੀਪ ਨਈਅਰ ਨੇ ਪੰਜਾਬ ਦੇ ਵਰਤਮਾਨ ਹਾਲਾਤਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮੂਹ ਹਮਖ਼ਿਆਲ ਜੱਥੇਬੰਦੀਆਂ ਦੇ ਇਸ ਨੇਕ ਉੱਦਮ ਦੀ ਭਰਪੂਰ ਪ੍ਰਸੰਸ਼ਾ ਕੀਤੀ। ਉਹਨਾ ਇਹ ਵੀ ਯਕੀਨ ਦਿਵਾਇਆ ਕਿ ਇਸ ਕਾਰਜ ਲਈ ਉਹ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਰਹਿਣਗੇ। 
ਇਸ ਮੌਕੇ ਸੁਨੀਤਾ ਨਰਾਇਣ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਿਹਤਾਂ ਅਤੇ ਵਾਤਾਵਰਨ ਨੂੰ ਬਚਾਉਣਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ। ਇਸ ਚੁਣੌਤੀ ਨੂੰ ਸਵੀਕਾਰ ਕੇ ਇਸ 'ਤੇ ਜਿੱਤ ਪ੍ਰਾਪਤ ਕਰਨਾ ਸਾਡਾ ਸਭ ਦਾ ਪਹਿਲਾ ਫਰਜ਼ ਹੈ। ਉਹਨਾਂ, ਰਾਜਸੀ ਲੋਕਾਂ ਉੱਤੇ ਇਸ ਸਬੰਧ ਵਿੱਚ ਕੁੱਝ ਠੋਸ ਕਰਨ ਲਈ ਦਬਾਅ ਬਣਾਉਣ ਵਾਸਤੇ ਆਪਣੇ ਕੀਮਤੀ ਸੁਝਾਅ ਵੀ ਸਭ ਨਾਲ ਸਾਂਝੇ ਕੀਤੇ ਅਤੇ ਭਰੋਸਾ ਦਿੱਤਾ ਕਿ ਸੈਂਟਰ ਫਾਰ ਸਾਂਇੰਸ ਐਂਡ ਇਨਵਾਇਰਨਮੈਂਟ ਪੰਜਾਬ ਦੀ ਜ਼ਹਿਰ ਮੁਕਤੀ ਦੇ ਇਸ ਸੰਘਰਸ਼ ਵਿੱਚ ਨਿੱਗਰ ਯੋਗਦਾਨ ਦਿੰਦਾ ਰਹੇਗਾ। 
ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਵਿਜੈ ਪ੍ਰਤਾਪ ਜੀ ਨੇ ਕਿਹਾ ਕਿ ਵਿਕਾਸ ਦਾ ਸਰੂਪ ਕੁਦਰਤ ਅਤੇ ਲੋਕ ਪੱਖੀ ਹੋਣਾ ਚਾਹੀਦਾ ਹੈ ਨਾ ਕਿ ਵਿਕਾਸ ਦੇ ਨਾਂਅ 'ਤੇ ਕੁਦਰਤ ਦੇ ਘਾਣ ਨੂੰ ਜਾਇਜ਼ ਠਹਿਰਾਇਆ ਜਾਣਾ ਚਾਹੀਦਾ ਹੈ। ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਵਿਕਾਸ ਦੇ ਨਾਮ 'ਤੇ ਸਰੇਆਮ ਵਿਨਾਸ਼ ਰਚਿਆ ਜਾ ਰਿਹਾ ਹੈ। ਇਸ ਵਰਤਾਰੇ ਨੂੰ ਠੱਲ ਪਾਉਣਾ ਸਾਡਾ ਪ੍ਰਮੁੱਖ ਟੀਚਾ ਹੋਣਾ ਚਾਹੀਦਾ ਹੈ। 
ਇਸ ਮੌਕੇ ਆਪਣੀ ਗੱਲ ਰੱਖਦਿਆਂ ਮੈਡਮ ਰਿਤੂ ਪ੍ਰਿਆ ਨੇ ਹਮਖ਼ਿਆਲ ਜੱਥੇਬੰਦੀਆਂ ਦੇ ਇਸ ਯਤਨ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਸ ਯਤਨ ਨੂੰ ਇੱਕ ਨਿੱਗਰ ਸਰੂਪ ਦੇਣ ਦੀ ਲੋੜ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਅਜਿਹਾ ਜ਼ਰੂਰ ਹੋਵੇਗਾ।
ਇਹਨਾਂ ਤੋਂ ਇਲਾਵਾ ਡਾ. ਬੀਬੀ ਇੰਦਰਜੀਤ ਕੌਰ, ਪ੍ਰੋ. ਜਗਮੋਹਨ ਸਿੰਘ, ਪਿਸ਼ੌਰਾ ਸਿੰੰਘ ਸਿੱਧੂਪੁਰ, ਸੁਖਦੇਵ ਸਿੰਘ ਭੁਪਾਲ, ਚਰਨ ਗਿੱਲ, ਡਾ. ਅਮਰ ਸਿੰਘ ਆਜ਼ਾਦ, ਕਰਨੈਲ ਸਿੰਘ ਜਖੇਪਲ, ਮਾਲਵਿੰਦਰ ਸਿੰਘ ਮਾਲੀ, ਹਮੀਰ ਸਿੰਘ ਹੁਣਾਂ ਵੀ ਸੈਮੀਨਾਰ ਵਿੱਚ ਆਪਣੇ ਵਿਚਾਰ ਰੱਖੇ ਅਤੇ ਇਸ ਗੱਲ 'ਤੇ ਸਹਿਮਤੀ ਦਿੱਤੀ ਕਿ ਸਿਹਤਾਂ ਤੇ ਵਾਤਾਵਰਨ ਦੇ ਮਸਲੇ ਨੂੰ ਹਰ ਹੀਲੇ ਚੋਣ ਮੁੱਦੇ ਵਜੋਂ ਸਥਾਪਿਤ ਕੀਤਾ ਜਾਣਾ ਸਮੇਂ ਦੀ ਮੰਗ ਹੈ। 
ਸੈਮੀਨਾਰ ਦੀ ਸਮਾਪਤੀ ਇਸ ਫੈਸਲੇ ਨਾਲ ਹੋਈ ਕਿ ਵਿਚਾਰ ਨੂੰ ਹੋਰ ਗਹਿਰਾਈ ਪ੍ਰਦਾਨ ਕਰਨ ਲਈ ਇੱਕ ਹੋਰ ਦੋ ਰੋਜ਼ਾ ਸੈਮੀਨਾਰ 26-27 ਨਵੰਬਰ 2011 ਨੂੰ ਲੁਧਿਆਣਾ ਵਿਖੇ ਕੀਤਾ ਜਾਵੇਗਾ ਜਿੱਸ ਵਿੱਚ ਕਿ ਸਾਰੀਆਂ ਹਮਖ਼ਿਆਲ ਜੱਥੇਬੰਦੀਆਂ ਇੱਕ ਵਾਰ ਫਿਰ ਇਕੱਠੀਆਂ ਹੋ ਕੇ ਅਗਲੇਰੀ ਯੋਜਨਾਬੰਦੀ ਨੂੰ ਅੰਜ਼ਾਮ ਦੇਣਗੀਆਂ। 

ਗੁਰੂ ਨਾਨਕ ਖੇਤੀ ਦਿਹਾੜਾ 

20 ਅਕਤੂਬਰ ਨੂੰ ਮਹਾਰਾਣੀ ਜਿੰਦ ਕੌਰ ਟ੍ਰਸਟ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸੇਵਾ ਮੁਕਤ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਗੁਰੂਤਾ ਗੱਦੀ ਦਿਹਾੜੇ ਮੌਕੇ ਪੰਡੋਰੀ ਰਣ ਸਿੰਘ-ਤਰਨਤਾਰਨ ਵਿਖੇ ਗੁਰੂ ਨਾਨਕ ਖੇਤੀ ਸਮਾਗਮ ਕਰਵਾਇਆ ਗਿਆ। 
ਸਮਾਗਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਅਤਿ ਦੀ ਜ਼ਹਿਰੀਲੀ ਰਸਾਇਣਕ ਖੇਤੀ ਦੇ ਸਿਹਤਾਂ, ਵਾਤਾਵਰਨ ਅਤੇ ਭੂਮੀ ਉੱਤੇ ਹੋ ਰਹੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਕੇ ਜ਼ਹਿਰ ਮੁਕਤ ਕੁਦਰਤੀ ਖੇਤੀ ਕਰਨ ਲਈ ਪ੍ਰੇਰਿਤ ਕਰਨਾ ਸੀ। 
ਸਮਾਗਮ ਦੀ ਪ੍ਰਧਾਨਗੀ ਬੀਬੀ ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜਾ ਅੰਮ੍ਰਿਤਸਰ ਨੇ ਕੀਤੀ। ਸਮਾਗਮ ਵਿੱਚ ਪ੍ਰਸਿੱਧ ਕੁਦਰਤੀ ਖੇਤੀ ਵਿੱਗਿਆਨੀ ਡਾ. ਓਮ ਪ੍ਰਕਾਸ ਰੁਪੇਲਾ, ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ, ਉੱਘੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਅਮਰਜੀਤ ਸ਼ਰਮਾ, ਸ. ਰਾਜਬੀਰ ਸਿੰਘ ਇੰਚਾਰਜ ਕੁਦਰਤੀ ਖੇਤੀ ਫਾਰਮ ਪਿੰਗਲਵਾੜਾ ਅਤੇ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਸਮੇਤ ਅਨੇਕਾਂ ਨਾਮਵਰ ਬੁਲਾਰਿਆਂ ਨੇ ਹਾਜ਼ਰ ਕਿਸਾਨਾਂ ਨੂੰ ਸੰਬੋਧਿਤ ਕੀਤਾ। ਸਮਾਗਮ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਵੀਰਾਂ ਨੇ ਸ਼ਾਮਿਲ ਹੋ ਕੇ, ਆਏ ਹੋਏ ਬੁਲਾਰਿਆਂ ਤੋਂ ਕੁਦਰਤੀ ਖੇਤੀ ਅਤੇ ਪੰਜਾਬ ਦੀ ਜ਼ਹਿਰ ਮੁਕਤੀ ਬਾਰੇ ਵਿਚਾਰ ਸੁਣੇ। 
ਸਮਾਗਮ ਦੀ ਸ਼ੁਰੂਆਤ ਕਰਦਿਆਂ ਗਿਆਨੀ ਕੇਵਲ ਸਿੰਘ ਜੀ ਨੇ ਹਾਜ਼ਰ ਕਿਸਾਨਾਂ ਨੂੰ ਗੁਰਬਾਣੀ ਦੇ ਮਹਾਨ ਫਲਸਫੇ ਤਹਿਤ ਜ਼ਹਿਰ ਮੁਕਤ ਕੁਦਰਤੀ ਖੇਤੀ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗੁਰਬਾਣੀ ਸਦਾ ਸਰਬਤ ਦੇ ਭਲੇ ਦਾ ਉਪਦੇਸ਼ ਦਿੰਦੀ ਹੈ ਪਰੰਤੂ ਅਸੀਂ ਗੁਰੂਆਂ ਦੇ ਅਮਰ ਉਪਦੇਸ਼ 'ਤੇ ਅਮਲ ਕਰਨ ਦੀ ਬਜਾਏ ਰਸਾਇਣਕ ਖੇਤੀ ਦੇ ਰੂਪ ਵਿੱਚ ਸ਼ੈਤਾਨ ਦੀ ਖੇਤੀ ਕਰ ਰਹੇ ਹਾਂ। ਜਿਹੜੀ ਕਿ ਕਿਸੇ ਵੀ ਪੱਖੋਂ ਕਿਸਾਨਾਂ, ਆਮ ਲੋਕਾਂ, ਕੁਦਰਤ ਅਤੇ ਕੁਦਰਤ ਦੇ ਜੀਵਾਂ ਦਾ ਭਲਾ ਨਹੀਂ ਕਰਦੀ ਸਗੋਂ ਹਮੇਸ਼ਾ ਹੀ ਸ਼ੈਤਾਨੀ ਸੋਚ ਵਾਲੇ ਮੁੱਠੀ ਭਰ ਲੋਕਾਂ ਦੇ ਘਰ ਭਰਨ ਦਾ ਸਾਧਨ ਬਣ ਚੁੱਕੀ ਹੈ। 
ਇਸ ਮੌਕੇ ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਅਸੀਂ ਲਾਲਚ ਦੇ ਵੱਸ ਪੈ ਕੇ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਇਹੀ ਕਾਰਨ ਹੈ ਕਿ ਅੱਜ ਪੰਜਾਬ ਆਪਣੀ ਹੋਂਦ ਸੰਕਟ ਨਾਲ ਜੂਝ ਰਿਹਾ ਹੈ। ਪੰਜਾਬੀਆਂ ਦੀ ਸਿਹਤਾਂ ਦਾ ਬੁਰਾ ਹਾਲ ਹੋ ਚੁੱਕਾ ਹੈ ਅਤੇ ਸਾਡਾ ਸਮੁੱਚਾ ਸਮਾਜ  ਬੌਧਿਕ ਅਤੇ ਨੈਤਿਕ ਪਤਨ ਦਾ ਸ਼ਿਕਾਰ ਹੋ ਚੁੱਕਾ ਹੈ। ਦੂਸ਼ਿਤ ਵਾਤਾਵਰਨ ਅਤੇ ਇਸ ਦੂਸ਼ਿਤ ਵਾਤਵਰਨ ਵਿੱਚੋਂ ਪੈਦਾ ਕੀਤੀ ਦੂਸ਼ਿਤ ਖ਼ੁਰਾਕ ਦੇ ਕਾਰਨ ਹੀ ਇਹ ਸਭ ਵਾਪਰ ਰਿਹਾ ਹੈ। ਸੋ ਜੇਕਰ ਅਸੀਂ ਮੁੜ ਤੋਂ ਤੰਦਰੁਸਤ ਅਤੇ ਚੜਦੀ ਕਲਾ ਵਿੱਚ ਰਹਿਣ ਵਾਲੀ ਕੌਮ ਬਣਨਾ ਹੈ ਤਾਂ ਕੁਦਰਤੀ ਖੇਤੀ ਕਰਕੇ ਇਸ ਵਿੱਚੋਂ ਪੈਦਾ ਹੋਏ ਨਿਰਮਲ ਅੰਨ ਨੂੰ ਆਪਣੀ ਖ਼ੁਰਾਕ ਲੜੀ ਵਿੱਚ ਸ਼ਾਮਿਲ ਕਰਨਾ ਹੀ ਪਵੇਗਾ।
ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਪ੍ਰਸਿੱਧ ਕੁਦਰਤੀ ਖੇਤੀ ਵਿਗਿਆਨੀ ਡਾ. ਓਮ ਪ੍ਰਕਾਸ਼ ਰੁਪੇਲਾ ਨੇ ਬੜੇ ਹੀ ਦਿਲਚਸਪ ਢੰਗ ਨਾਲ ਕਿਸਾਨਾਂ ਨੂੰ ਕੁਦਰਤੀ ਖੇਤੀ ਦਾ ਵਿਗਿਆਨ ਸਮਝਾਇਆ। ਉਹਨਾਂ ਕਿਹਾ ਕਿ ਮੌਜੂਦਾ ਰਸਾਇਣਕ ਖੇਤੀ ਪ੍ਰਣਾਲੀ ਕਿਸਾਨਾਂ ਦੀ ਲੁੱਟ 'ਤੇ ਆਧਾਰਿਤ ਹੈ। ਇਸ ਵਿੱਚ ਲਾਭ ਸਿਰਫ ਤੇ ਸਿਰਫ  ਬਹੁਕੌਮੀ ਕੰਪਨੀਆਂ ਅਤੇ ਉਹਨਾਂ ਦੀ ਗ਼ੁਲਾਮੀ ਕਰਨ ਵਾਲੇ ਕੁਝ ਕੁ ਲੋਕਾਂ ਨੂੰ ਹੀ ਹੁੰਦਾ ਹੈ। ਜਦੋਂ ਕਿ ਕਿਸਾਨਾਂ ਦੇ ਸਿਰਫ ਹਿੱਸੇ ਕਰਜ਼ੇ,ਬਿਮਾਰੀਆਂ ਅਤੇ ਖੁਦਕੁਸ਼ੀਆਂ ਹੀ ਰਹਿ ਜਾਂਦੀਆਂ ਹਨ। ਉਹਨਾ ਇਹ ਵੀ ਕਿਹਾ ਕਿ ਕੁਦਰਤੀ ਖੇਤੀ ਹੀ ਭਵਿੱਖ ਦੀ ਖੇਤੀ ਹੈ। ਕੁਦਰਤੀ ਖੇਤੀ ਹੀ ਆਉਣ ਵਾਲੇ  ਸਮੇਂ ਵਿੱਚ ਪੂਰੀ ਦੁਨੀਆਂ ਦੀ ਭੋਜਨ ਲੋੜਾਂ ਪੂਰੀਆਂ ਕਰੇਗੀ। ਇਸ ਲਈ ਸਮੂਹ ਕਿਸਾਨ ਭਰਾਵਾਂ ਨੂੰ ਉਚਿੱਤ ਮਾਰਗਦਰਸ਼ਨ ਵਿੱਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। 
ਸਮਾਗਮ ਦੌਰਾਨ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਨੇ ਆਏ ਕਿਸਾਨਾਂ ਨੂੰ ਕੁਦਰਤੀ ਖੇਤੀ ਤਕਨੀਕ ਅਤੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਦਰਤੀ ਖੇਤੀ ਕੁਦਰਤ ਅਤੇ ਲੋਕ ਪੱਖੀ ਬੇਹੱਦ ਸਰਲ ਵਿਗਿਆਨ ਹੈ। ਇਸ ਵਿਗਿਆਨ ਦੀ ਰੌਸ਼ਨੀ ਵਿੱਚ ਸਮੂਹ ਕਿਸਾਨ ਤਬਕਾ ਜਿੱਲਤ, ਕਰਜ਼ੇ, ਗੁਰਬਤ ਅਤੇ ਖੁਦਕੁਸ਼ੀਆਂ ਭਰੀ ਰਸਾਇਣਕ ਖੇਤੀ ਤੋਂ ਛੁਟਕਾਰਾ ਪਾ ਕੇ ਖੁਸ਼ਹਾਲ ਜੀਵਨ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਨ। ਇਸ ਮੌਕੇ ਉੱਘੇ ਕਦਰਤੀ ਖੇਤੀ ਕਿਸਾਨ ਸ਼੍ਰੀ ਅਮਰਜੀਤ ਸ਼ਰਮਾ ਅਤੇ ਧੀਰਾਕੋਟ ਕੁਦਰਤੀ ਖੇਤੀ ਫਾਰਮ, ਪਿੰਗਲਵਾੜਾ- ਅੰਮ੍ਰਿਤਸਰ ਦੇ ਇੰਜਾਰਜ਼ ਸ. ਰਾਜਬੀਰ ਸਿੰਘ ਨੇ ਕਿਸਾਨਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਕੁਦਰਤੀ ਖੇਤੀ ਹਰ ਪੱਖੋਂ ਲਾਹੇਵੰਦ ਹੈ ਸੋ ਸਮੂਹ ਕਿਸਾਨ ਭਰਾਵਾਂ ਨੂੰ ਕੁਦਰਤੀ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ। 

ਸਿੱਖ ਮਿਸ਼ਨਰੀ ਕਾਲਜ ਵੱਲੋਂ ਰਾਈਵਾਲ ਦੋਨਾ ਵਿਖੇ ਕਰਵਾਇਆ ਗੁਰੂ ਨਾਨਕ ਖੇਤੀ ਸਮਾਗਮ

ਬੀਤੇ ਸਾਲ 13 ਦਿਸੰਬਰ ਨੂੰ ਸਿੱਖ ਮਿਸ਼ਨਰੀ ਕਾਲਜ ਵੱਲੋਂ ਜਲੰਧਰ ਜਿਲ੍ਹੇ ਦੇ ਸ਼ਾਹਕੋਟ ਲਾਗਲੇ ਪਿੰਡ ਰਾਈਵਾਲ ਦੋਨਾ ਵਿਖੇ ਗੁਰੂ ਨਾਨਕ ਖੇਤੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਰਾਈਵਾਲ ਦੋਨਾ ਅਤੇ ਨੇੜਲੇ ਪਿੰਡਾਂ ਤੋਂ ਕਾਫੀ ਸੰਖਿਆ ਵਿੱਚ ਕਿਸਾਨ ਭਰਾਵਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਖੇਤੀ ਵਿਰਾਸਤ ਮਿਸ਼ਨ ਤੋਂ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਅਤੇ ਪਿੰਡ ਚੈਨਾ ਦੇ ਸਫਲ ਕੁਦਰਤੀ ਖੇਤੀ ਕਿਸਾਨ ਸ਼੍ਰੀ ਅਮਰਜੀਤ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਸਮਾਗਮ ਦਾ ਸੰਚਾਲਨ ਸਿੱਖ ਮਿਸ਼ਨਰੀ ਕਾਲਜ ਦੇ ਸ. ਗੁਰਵਿੰਦਰ ਸਿੰਘ ਨੇ ਕੀਤਾ। 
ਇਸ ਮੌਕੇ ਸ਼ੀ ਅਮਰਜੀਤ ਸ਼ਰਮਾ ਨੇ ਕਿਸਾਨਾਂ ਨਾਲ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਖੇਤੀ ਅਤੇ ਕਿਸਾਨੀ ਜਿਹੜੇ ਮੰਦਭਾਗੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਉਸ ਵਿੱਚੋਂ ਬਾਹਰ ਆਉਣ ਦਾ ਇੱਕੋ-ਇੱਕ ਰਾਹ ਕੁਦਰਤੀ ਖੇਤੀ ਹੈ। ਜਿਹੜੀ ਹਰ ਪੱਖੋਂ ਕਿਸਾਨਾਂ ਲਈ ਲਾਹੇਵੰਦ ਹੀ ਨਹੀਂ ਸਗੋਂ ਸਵੈਨਿਰਭਰਤਾ ਬਖ਼ਸ਼ਣ ਵਾਲੀ ਵੀ ਹੈ। ਉਹਨਾਂ ਕਿਹਾ ਕਿ ਮੈਂ ਪਿਛਲੇ ਪੰਜ ਸਾਲਾਂ ਤੋਂ ਆਪਣੀ ਪੰਜ ਦੀ ਪੰਜ ਏਕੜ ਜ਼ਮੀਨ 'ਤੇ ਸਫਲਤਾ ਨਾਲ ਕੁਦਰਤੀ ਖੇਤੀ ਕਰ ਰਿਹਾ ਹਾਂ। ਜੇਕਰ ਮੇਰੇ ਵਰਗਾ ਛੋਟਾ ਕਿਸਾਨ ਕੁਦਰਤੀ ਖੇਤੀ ਵਿੱਚ ਸਫਲ ਹੋ ਸਕਦਾ ਹੈ ਤਾਂ ਹੋਰਨਾਂ ਕਿਸਾਨਾਂ ਲਈ ਵੀ ਅਜਿਹਾ ਕਰਨਾ ਕੋਈ ਮੁਸਕਿਲ ਨਹੀਂ ਹੈ। ਕੁਦਰਤੀ ਖੇਤੀ ਕਰਨ ਲਈ ਸਿਰਫ ਦ੍ਰਿੜ ਨਿਸ਼ਚੇ, ਸੱਚੀ ਲਗਨ ਅਤੇ ਸੁੱੱਚੀ ਕ੍ਰਿਤ ਦੀ ਲੋੜ ਹੈ। ਇਹਨਾਂ ਤਿੰਨਾਂ ਗੁਣਾਂ ਨੂੰ ਧਾਰਨ ਕਰ ਸਕਣ ਵਾਲਾ ਕੋਈ ਵੀ ਕਿਸਾਨ ਕਾਮਯਾਬ ਕੁਦਰਤੀ ਖੇਤੀ ਕਰ ਸਕਦਾ ਹੈ। ਉਹਨਾਂ ਹੋਰ ਕਿਹਾ ਕਿ ਮੇਰੀ ਸਾਰੀ ਦੀ ਸਾਰੀ ਕੁਦਰਤੀ ਖੇਤੀ ਉਪਜ ਮੇਰੇ ਘਰੋਂ ਹੀ ਵਿਕ ਜਾਂਦੀ ਹੈ। ਮੈਂ ਆਪਣੀ ਉਪਜ ਮੰਡੀ 'ਚ ਨਹੀਂ ਸੁੱਟਦਾ ਸਗੋਂ ਮੂੰਹਮੰਗੀ ਕੀਮਤ 'ਤੇ ਵੇਚਦਾ ਹਾਂ। ਕੁਦਰਤੀ ਖੇਤੀ ਨੇ ਮੈਨੂੰ ਖੇਤੀ ਖੁਦਮੁਖਤਾਰੀ ਬਖ਼ਸ਼ ਕੇ ਕੰਪਨੀਆਂ ਅਤੇ ਬਜ਼ਾਰ ਦੀ ਗ਼ੁਲਾਮੀ ਤੋਂ ਮੁਕਤੀ ਦਿਵਾ ਕੇ ਮੇਰਾ ਕਿਸਾਨੀ ਸਵੈਮਾਨ ਵਾਪਸ ਦਿੱਤਾ ਹੈ। 
ਇਸ ਮੌਕੇ ਗੁਰਪ੍ਰੀਤ ਦਬੜੀਖਾਨਾ ਨੇ ਆਏ ਹੋਏ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬਹੁਕੌਮੀ ਕੰਪਨੀਆਂ ਸਰਕਾਰਾਂ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਦੀ ਲੁੱਟ ਕਰ ਰਹੀਆਂ ਹਨ। ਕਿਸਾਨਾਂ ਨੂੰ ਖੇਤੀ ਵਿੱਚੋਂ ਬਾਹਰ ਕਰਨ ਦੀਆਂ ਸ਼ਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਰਸਾਇਣਕ ਖੇਤੀ ਵਿੱਚ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਖਾਦਾਂ ਅਤੇ ਕੀੜੇਮਾਰ ਤੇ ਨਦੀਨਨਾਸ਼ਕ ਜ਼ਹਿਰਾਂ ਦੇ ਵਾਤਾਵਰਨ ਅਤੇ ਸਿਹਤਾਂ ਉੱਪਰ ਪੈ ਰਹੇ ਮਾੜੇ ਅਸਰਾਂ ਬਾਰੇ ਵੀ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ। ਇਹਦੇ ਨਾਲ ਹੀ ਉਹਨਾਂ ਕੁਦਰਤੀ ਖੇਤੀ ਨੂੰ ਰਸਾਇਣਕ ਖੇਤੀ ਦੇ ਬਦਲ ਵਜੋਂ ਪੇਸ਼ ਕਰਦਿਆਂ ਕਿਸਾਨਾਂ ਨੂੰ ਕੁਦਰਤੀ ਖੇਤੀ ਤਕਨੀਕ ਅਤੇ ਤਰੀਕਿਆਂ ਬਾਰੇ ਪੁਖਤਾ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਵਿਗਿਆਨ ਨਾਲ ਰੂ-ਬ-ਰੂ ਕਰਵਾਉਂਦੇ ਹੋਏ ਉਹਨਾ ਨਾਲ ਮਿਸ਼ਰਤ ਫਸਲ ਪ੍ਰਾਣਾਲੀ ਦਾ ਮਹੱਤਵ ਸਾਂਝਾ ਕੀਤਾ। ਕੀਟ ਕੰਟਰੋਲ ਪੱਖੋਂ ਖੇਤੀ ਵਿੱਚ ਬਾਰਡਰ ਅਤੇ ਟਰੈਪ ਫਸਲਾਂ ਦੀ ਅਹਿਮੀਅਤ 'ਤੇ ਚਾਨਣਾ ਪਾਇਆ। ਨਾਲ ਹੀ ਜ਼ਹਿਰਾਂ ਤੋਂ ਬਗ਼ੈਰ ਕੀਟ ਪ੍ਰਬੰਧਨ ਦੇ ਤਰੀਕੇ ਵੀ ਕਿਸਾਨਾਂ ਨਾਲ ਸਾਂਝੇ ਕੀਤੇ। ਉਹਨਾਂ ਕਿਸਾਨਾਂ ਨਾਲ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਭੂਮੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧਾਉਣ ਦੇ ਤਰੀਕੇ ਵੀ ਸਾਂਝੇ ਕੀਤੇ ਅਤੇ ਗੁੜਜਲ ਅੰਮ੍ਰਿਤ ਤੇ ਪਾਥੀਆਂ ਦੇ ਪਾਣੀ ਦਾ ਘੋਲ ਬਣਾ ਕੇ ਵਰਤਣ ਬਾਰੇ ਵੀ ਦੱਸਿਆ। 
ਅੰਤ ਵਿੱਚ ਰਾਈਵਾਲ ਦੋਨਾ ਦੇ ਮੌਜੂਦਾ ਸਰਪੰਚ ਨੇ ਆਏ ਹੋਏ ਕਿਸਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਸਮੂਹ ਕਿਸਾਨ ਭਰਾਵਾਂ ਨੂੰ ਸਰਬਤ ਦੇ ਭਲੇ ਲਈ ਕੁਦਰਤੀ ਖੇਤੀ ਕਰਨ ਦੀ ਅਪੀਲ ਕੀਤੀ। 

No comments:

Post a Comment