Friday 20 January 2012

ਘਰੇਲੂ ਬਗੀਚੀ(ਕਿਚਨ ਗਾਰਡਨ) ਤੰਦਰੁਸਤ ਨਿਰੋਗੀ ਪਰਿਵਾਰ ਵੱਲ ਠੋਸ ਕਦਮ

ਸਬਜ਼ੀਆਂ ਸਾਡੀ ਸਭ ਦੀ ਅਤੇ ਖਾਸ ਕਰਕੇ ਸ਼ਾਕਾਹਾਰੀ ਲੋਕਾਂ ਦੀ ਜਿੰਦਗੀ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਸਬਜ਼ੀਆਂ ਨਾ ਸਿਰਫ ਭੋਜਨ ਦੀ ਪੌਸ਼ਟਿਕਤਾ ਨੂੰ ਵਧਾਉਂਦੀਆਂ ਹਨ ਬਲਕਿ ਸਵਾਦ ਵਿੱਚ ਵੀ ਵਾਧਾ ਕਰਦੀਆਂ ਹਨ। ਭੋਜਨ ਪੌਸ਼ਟਿਕਤਾ ਦੇ ਮਾਹਿਰਾਂ ਅਨੁਸਾਰ ਸੰਤੁਲਿਤ ਭੋਜਨ ਵਿੱਚ ਇੱਕ ਬਾਲਗ ਨੂੰ ਪ੍ਰਤੀਦਿਨ 85 ਗ੍ਰਾਮ ਫਲ ਅਤੇ 300 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।  ਪਰ ਸਾਡੇ ਦੇਸ਼ ਵਿੱਚ ਸਬਜ਼ੀਆਂ ਦੇ ਵਰਤਮਾਨ ਉਤਪਾਦਨ ਪੱਧਰ ਦੇ ਅਨੁਸਾਰ ਇੱਕ ਵਿਅਕਤੀ ਨੂੰ ਖਾਣ ਲਈ ਪ੍ਰਤੀਦਿਨ ਸਿਰਫ 120 ਗ੍ਰਾਮ ਸਬਜ਼ੀਆਂ ਹੀ ਮਿਲ ਪਾਉਂਦੀਆਂ ਹਨ। ਕਿਉਂਕਿ ਸਬਜੀਆਂ ਬਹੁਤ ਘੱਟ ਕਿਸਾਨਾਂ ਵੱਲੋਂ ਉਗਾਈਆ ਜਾਂਦੀਆਂ ਹਨ। ਕਿਸਾਨਾਂ ਵੱਲੋਂ ਵੀ ਸਬਜੀਆਂ ਜਾਂ ਤਾਂ ਉਗਾਈਆਂ ਨਹੀ ਜਾਂਦੀਆਂ ਜਾਂ ਬਹੁਤ ਹੀ ਘੱਟ ਉਗਾਈਆਂ ਜਾਂਦੀਆਂ ਹਨ ਜਿਸ ਨਾਲ ਉਸਦੇ ਆਪਣੇ ਘਰ ਦੀ ਵੀ ਜ਼ਰੂਰਤ ਪੂਰੀ ਨਹੀ ਹੁੰਦੀ। ਸਾਰੇ ਕਿਸਾਨਾਂ ਵੱਲੋਂ ਸਬਜ਼ੀ ਨਾ ਲਗਾਏ ਜਾਣ ਕਰਕੇ ਸਬਜੀ ਲਗਾਉਣ ਵਾਲੇ ਕਿਸਾਨਾਂ ਨੂੰ ਉਜਾੜੇ ਦਾ ਡਰ ਰਹਿੰਦਾ। ਨਤੀਜਨ ਉਹ ਵੀ ਸਬਜੀ ਲਗਾਉਣਾ ਛੱਡ ਦਿੰਦੇ ਹਨ। 
ਸੋ, ਸਬਜੀਆਂ ਦੀ ਜ਼ਰੂਰਤ ਪੂਰੀ ਕਰਨ ਲਈ ਇੱਕ ਵਧੀਆ ਤਰੀਕਾ ਇਹ ਵੀ ਹੈ ਕਿ ਸਬਜੀ ਆਪਣੇ ਘਰ ਵਿੱਚ ਬਗੀਚੀ ਬਣਾ ਕੇ ਲਗਾਈ ਜਾਵੇ ਜਿੱਥੇ ਉਸਦੀ ਪੂਰੀ ਦੇਖਭਾਲ ਕੀਤੀ ਜਾ ਸਕੇ।
ਘਰੇਲੂ ਬਾੜੀ (ਕਿਚਨ ਗਾਰਡਨ): ਘਰੇਲੂ ਬਗੀਚੀ ਘਰ ਵਿੱਚ ਜਾਂ ਘਰ ਦੇ ਨੇੜੇ ਦੀ ਉਸ ਜਗਾ ਨੂੰ ਕਿਹਾ ਜਾਂਦਾ ਹੈ ਜਿੱਥੇ ਪਰਿਵਾਰ ਦੀ ਲੋੜ ਅਨੁਸਾਰ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਤੋਂ ਰਹਿਤ ਵੱਖ-ਵੱਖ ਪ੍ਰਕਾਰ ਦੀਆਂ ਮੌਸਮੀ ਸਬਜ਼ੀਆਂ, ਜੜ੍ਹੀ -ਬੂਟੀਆਂ ਅਤੇ ਕਈ ਵਾਰ ਕੁੱਝ ਫਲ ਉਗਾਏ ਜਾਂਦੇ ਹਨ। 
ਘਰੇਲੂ ਬਗੀਚੀ ਦੀ ਲੋੜ ਕਿਉਂ? ਸਿਹਤ ਵਰਧਕ, ਨਿਰਮਲ ਖ਼ੁਰਾਕ ਸਾਡਾ ਸਭ ਦਾ ਕੁਦਰਤੀ ਅਧਿਕਾਰ ਹੈ। ਪਰੰਤੂ ਵਰਤਮਾਨ ਸਮੇਂ ਰਸਾਇਣਕ ਖਾਦਾਂ, ਨਦੀਨਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਨਾਲ ਪਲੀਤ ਜਿਹੜੀ ਖ਼ੁਰਾਕ ਅਸੀਂ ਖਾ ਰਹੇ ਹਾਂ ਖਾਸ ਕਰਕੇ ਸਬਜ਼ੀਆਂ! ਉਹਦੇ ਕਾਰਨ ਸਾਡੀ ਸਿਹਤ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਦਾ ਤੇਜੀ ਨਾਲ ਪਤਨ ਹੋ ਰਿਹਾ ਹੈ। ਨਤੀਜੇ ਵਜੋਂ ਜਿੱਥੇ ਇੱਕ ਪਾਸੇ ਸਮੂਹ ਪੰਜਾਬੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਨੇ ਉੱਥੇ ਹੀ ਪ੍ਰਜਨਣ ਸਿਹਤ ਅਰਥਾਤ ਬੱਚੇ ਜਨਣ ਦੀ ਸਮਰਥਾ ਵੀ ਸਾਡੀ ਖ਼ੁਰਾਕ ਲੜੀ ਵਿੱਚ ਘੁਸਪੈਠ ਕਰ ਚੁੱਕੇ ਜ਼ਹਿਰਾਂ ਕਾਰਨ ਬੁਰੀ ਤਰਾਂ ਤ੍ਬਾਹ ਹੋ ਰਹੀ ਹੈ। ਪੰਜਾਬ ਮੰਦਬੁੱਧੀ ਅਤੇ ਜਮਾਂਦਰੂ ਅਪਾਹਜ ੁਬੱਚਿਆਂ ਦਾ ਸੂਬਾ ਬਣਦਾ ਜਾ ਰਿਹਾ ਹੈ। ਔਰਤਾਂ ਵਿੱਚ ਬਿਨਾਂ ਦਵਾਈਆਂ ਤੋਂ ਗਰਭ ਨਹੀਂ ਠਹਿਰਦੇ ਅਤੇ ਜੇ ਦਵਾਈਆਂ ਨਾਲ ਠਹਿਰ ਵੀ ਜਾਂਦੇ ਹਨ ਤਾਂ ਉਹ ਸਿਰੇ ਵੀ ਦਵਾਈਆਂ ਨਾਲ ਹੀ ਲੱਗਦੇ ਹਨ। ਇੱਥੇ ਹੀ ਬਸ ਨਹੀਂ  ਅੱਜ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਛਿਮਾਹੇ, ਸਤਮਾਹੇ ਤੇ ਅਠਮਾਹੇ ਬੱਚਿਆਂ ਦਾ ਜਨਮ ਹੋ ਰਿਹਾ ਹੈ। ਜਿਹਨਾਂ ਵਿੱਚੋਂ ਬਹੁਤੇ ਜਨਮ ਉਪਰੰਤ ਤੁਰੰਤ ਕਾਲ ਦਾ ਗ੍ਰਾਸ ਬਣ ਜਾਂਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਅਸੀਂ ਬਜ਼ਾਰੂ ਸਬਜ਼ੀਆਂ ਰਾਹੀਂ ਸਭ ਤੋਂ ਵੱਧ ਮਾਤਰਾ ਵਿੱਚ ਜ਼ਹਿਰ ਦਾ ਸੇਵਨ ਕਰ ਰਹੇ ਹਾਂ। ਜਿਹੜਾ ਕਿ ਅੱਗੇ ਚੱਲ ਕਿ ਸਾਡੇ ਸਿਹਤ, ਸਾਡੀ ਅਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਹੈ। ਇਹ ਹੀ ਕਾਰਨ ਹੈ ਕਿ ਸਾਨੂੰ ਸਭ ਨੂੰ ਆਪਣੇ ਲਈ ਸੁਰੱਖਿਅਤ ਅਤੇ ਨਿਰਮਲ ਖ਼ੁਰਾਕ ਜੁਟਾਉਣ ਵਾਸਤੇ ਘਰ-ਘਰ ਵਿੱਚ ਘਰੇਲੂ ਬਗੀਚੀਆਂ ਬਣਾਉਣ ਦੀ ਲੋੜ ਹੈ ਤੇ ਇਹ ਹੀ ਸਮੇਂ ਦੀ ਮੰਗ ਵੀ ਹੈ। 
ਆਓ! ਘਰੇਲੂ ਬਗੀਚੀ ਬਣਾਈਏ: ਉੱਪਰ ਦਿੱਤੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਆਪਣੇ ਵਿਹੜੇ ਜਾਂ ਘਰ ਵਿੱਚ ਉਪਲਬਧ ਜਗਾ ਨੂੰ ਘਰੇਲੂ ਬਗੀਚੀ ਵਜੋਂ ਵਿਕਸਤ ਕਰਕੇ ਤਾਜ਼ੇ ਪਾਣੀ ਦੇ ਨਾਲ-ਨਾਲ ਰਸੋਈ ਦੇ ਅਣਉਪਯੋਗੀ ਪਾਣੀ ਨੂੰ ਵਰਤ ਕੇ ਆਪਣੀ ਜ਼ਰੂਰਤ ਦੀਆਂ ਸਬਜ਼ੀਆਂ ਉਗਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਘਰੇਲੂ ਬਗੀਚੀ ਅੱਗੇ ਚੱਲ ਕੇ ਵਾਤਾਵਰਨ ਪ੍ਰਦੂਸ਼ਣ ਦਾ ਜ਼ਰੀਆ ਬਣਨ ਵਾਲੇ ਅਣਉਪਯੋਗੀ ਪਾਣੀ ਨੂੰ ਵਰਤਣ ਦਾ ਸਹੀ ਢੰਗ ਹੋ ਸਕਦੀ ਹੈ। ਛੋਟੇ ਖੇਤਰ ਵਿੱਚ ਉਗਾਈਆਂ ਗਈਆਂ ਸਬਜ਼ੀਆਂ ਨੂੰ ਕੁੱਝ ਘਰੇਲੂ ਪਰ ਕੁਦਰਤੀ ਸਾਧਨ ਵਰਤ ਕੇ ਕੀਟਾਂ ਤੋਂ ਵੀ ਬੜੀ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਸੋ ਘਰੇਲੂ ਬਾੜੀ ਸਦਕੇ ਸਾਨੂੰ ਉੱਤਮ ਦਰਜ਼ੇ ਦੀਆਂ ਜ਼ਹਿਰ ਅਤੇ ਰਸਾਇਣ ਮੁਕਤ ਸਬਜ਼ੀਆਂ ਆਸਾਨੀ ਨਾਲ ਉਪਲਭਧ ਹੋ ਸਕਦੀਆਂ ਹਨ। 
ਜਗਾ ਦੀ ਚੋਣ ਅਤੇ ਆਕਾਰ: ਘਰੇਲੂ ਬਗੀਚੀ ਲਈ ਪਿੰਡਾਂ ਵਿੱਚ ਘਰ ਦੇ ਵਿਹੜੇ ਜਾਂ ਵਾੜੇ ਨੂੰ ਚੁਣਿਆ ਜਾਂਦਾ ਹੈ। ਇਹ ਜ਼ਿਆਦਾ ਸੁਵਿਧਾਪੂਰਨ ਵੀ ਹੈ ਕਿਉਂਕਿ ਪਰਿਵਾਰ ਦੇ ਮੈਂਬਰ ਸਬਜ਼ੀਆਂ ਵੱਲ ਲੋੜੀਂਦਾ ਧਿਆਨ ਦੇ ਸਕਦੇ ਹਨ ਅਤੇ ਘਰ ਦੀ ਰਸੋਈ ਦਾ ਫਾਲਤੂ ਪਾਣੀ ਵੀ ਸਬਜ਼ੀਆਂ ਲਈ ਵਰਤਿਆ ਜਾ ਸਕਦਾ ਹੈ। ਬਗੀਚੀ ਦਾ ਆਕਾਰ ਉਪਲਬਧ ਜਗਾ ਤੇ ਅਤੇ ਪਰਿਵਾਰ ਦੇ ਮੈਂਬਰਾਂ ਦੀ ਸੰਖਿਆ ਤੇ ਨਿਰਭਰ ਕਰਦਾ ਹੈ। ਸੋ ਬਗੀਚੀ ਦੇ ਆਕਾਰ ਸੰਬੰਧੀ ਕੋਈ ਨਿਰਧਾਰਤ ਮਾਨਦੰਡ ਨਹੀਂ ਹਨ। ਫਿਰ ਵੀ ਤਿੰਨ- ਚਾਰ ਮਰਲੇ ਜਗਾ ਪੰਜ-ਛੇ ਮੈਂਬਰਾਂ ਵਾਲੇ ਪਰਿਵਾਰ ਦੀਆਂ ਸਬਜ਼ੀ ਸੰਬੰਧੀ ਲਗਪਗ ਸਾਰੀਆਂ ਜ਼ਰੂਰਤਾਂ ਪੂਰੀਆ ਕਰਨ ਲਈ ਕਾਫੀ ਹੈ। 
ਜ਼ਮੀਨ ਦੀ ਤਿਆਰੀ: ਸਭ ਤੋਂ ਪਹਿਲਾਂ 30 ਤੋਂ 40 ਸੈਂਮੀਂ ਤੱਕ ਦੀ ਗੁਡਾਈ ਕਰੋ। ਰੋੜੇ, ਝਾੜੀਆਂ ਅਤੇ ਨਦੀਨ ਆਦਿ ਕੱਢ ਕੇ ਜਗਾ ਨੂੰ ਸਾਫ ਕਰੋ। ਹੁਣ ਘਰੇਲੂ ਬਗੀਚੀ ਲਈ ਚੁਣੇ ਗਏ ਥਾਂ ਨੂੰ ਨਮੀ ਦੇਣ ਲਈ ਇਸ ਵਿੱਚ ਪਾਣੀ ਭਰ ਦਿਉ। ਜਦੋਂ ਪਾਣੀ ਵੱਤਰ ਆ ਜਾਵੇ ਤਾਂ ਇੱਕ ਵਾਰ ਫਿਰ ਕਹੀ ਨਾਲ ਮਿੱਟੀ ਨੂੰ ਪਲਟ ਕੇ ਇਸ ਵਿੱਚ 100 ਕਿਲੋ ਰੂੜ੍ਹੀ ਦੀ ਖਾਦ ਜਾਂ ਗੁੜ ਜਲ ਅੰਮ੍ਰਿਤ ਕੰਪੋਸਟ ਚੰਗੀ ਤਰਾਂ ਰਲਾ ਕੇ ਜਗਾ ਨੂੰ ਸਮਤਲ ਕਰ ਦਿਉ। ਹੁਣ ਇਸ ਪੱਧਰੀ ਜਗਾ ਵਿੱਚ 45 ਤੋਂ 60 ਸੈਮੀਂ ਦੀ ਦੂਰੀ ਰੱਖ ਕੇ ਵੱਟਾ ਅਤੇ ਖਾਲੀਆ ਪਾਉ। 
ਜਾਨਦਾਰ ਬੀਜ ਦੀ ਚੋਣ: ਘਰੇਲੂ ਬਗੀਚੀ ਵਿੱਚ ਸਬਜ਼ੀਆਂ ਆਦਿ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖੋ ਕਿ ਬਿਜਾਈ ਲਈ ਵਰਤੇ ਜਾਣ ਵਾਲੇ ਸਾਰੇ ਜਾਨਦਾਰ ਅਤੇ ਪੋਸ਼ਣ ਤੇ ਰੋਗ ਪ੍ਰਤੀਰੋਧੀ ਤਾਕਤ ਆਦਿ ਪੱਖੋਂ ਉੱਚ ਗੁਣਵੱਤਾ ਵਾਲੇ ਹੋਣ। ਜਿੱਥੋਂ ਤੱਕ ਸੰਭਵ ਹੋਵੇ ਦੇਸੀ ਜਾਂ ਸੁਧਰੇ ਬੀਜ ਹੀ ਵਰਤੋ, ਹਾਈਬ੍ਰਿਡ ਬੀਜਾਂ ਨੂੰ ਪਹਿਲ ਨਾ ਦਿਉ। ਕਿਉਂਕਿ ਹਾਈਬ੍ਰਿਡ ਬੀਜ ਆਮ ਦੇ ਮੁਕਾਬਲੇ ਵਧੇਰੇ ਖਾਦ ਅਤੇ ਪਾਣੀ ਦੀ ਮੰਗ ਕਰਦੇ ਹਨ। ਸੋ ਬੀਜਾਂ ਦੀ ਚੋਣ ਕਰਦੇ ਸਮੇਂ ਦੇਸੀ ਜਾਂ ਸੁਧਰੇ ਬੀਜਾਂ ਨੂੰ ਪਹਿਲ ਦਿਉ ਅਤੇ ਚੁਣੇ ਹੋਏ ਬੀਜਾਂ ਵਿੱਚ ਕਮਜ਼ੋਰ ਖੋਖਲੇ ਅਤੇ ਟੁੱਟੇ-ਫੁੱਟੇ ਬੀਜਾਂ ਨੂੰ ਬਾਹਰ ਕੱਢ ਦਿਉ। 
ਬੀਜ ਸੰਸਕਾਰ: ਘਰੇਲੂ ਬਗੀਚੀ ਵਿੱਚ ਬੀਜ ਸੰਸਕਾਰ ਦਾ ਖਾਸ ਮਹੱਤਵ ਹੈ। ਬੀਜ ਸੰਸਕਾਰ ਕਰਕੇ ਬੀਜਾਂ ਨੂੰ ਵਾਇਰਸ ਅਤੇ ਰੋਗ ਰਹਿਤ ਕੀਤਾ ਜਾਂਦਾ ਹੈ। ਬੀਜ ਸੰਸਕਾਰ ਕਰਨ ਲਈ ਹਿੰਗ ਮਿਲੇ ਕੱਚੇ ਦੁੱਧ ਦੀ ਵਰਤੋਂ ਕਰੋ। 
ਵਿਧੀ: ਬੀਜਾਂ ਦੀ ਮਾਤਰਾ ਅਨੁਸਾਰ 100 ਤੋਂ 250 ਗ੍ਰਾਮ  ਕੱਚੇ ਦੁੱਧ ਵਿੱਚ 10-20 ਗ੍ਰਾਮ ਹਿੰਗ ਮਿਲਾ ਕੇ 10 ਮਿਨਟ ਲਈ ਰੱਖੋ। ਬੀਜ ਅੰਮ੍ਰਿਤ ਤਿਆਰ ਹੈ। ਹੁਣ ਬੀਜਾਂ ਉੱਤੇ ਇਸ ਘੋਲ ਦਾ ਛਿੜਕਾਅ ਕਰਕੇ ਹੱਥਾਂ ਨਾਲ ਪੋਲਾ-ਪੋਲਾ ਮਲਦੇ ਹੋਏ ਪਤਲਾ ਲੇਪ ਕਰ ਦਿਉ। ਬੀਜ ਅੰਮ੍ਰਿਤ ਦਾ ਲੇਪ ਚੜੇ ਹੋਏ ਬੀਜਾਂ ਨੂੰ ਛਾਂਵੇਂ ਸੁਕਾ ਕੇ ਬਿਜਾਈ ਕਰ ਦਿਉ। ਇਸ ਮਿਸ਼ਰਣ ਨਾਲ ਸੋਧ ਕੇ ਬੀਜੇ ਗਏ ਬੀਜਾਂ ਤੋਂ ਉੱਗੇ ਪੌਦਿਆਂ ਨੂੰ ਸਿਉਂਕ ਨਹੀਂ ਲੱਗੇਗੀ ਅਤੇ ਜੜ੍ਹਾਂ ਨੂੰ ਹਾਨੀ ਪਹੁੰਚਾਉਣ ਵਾਲੀਆਂ ਉੱਲੀਆਂ ਤੋਂ ਬਚਾਅ ਹੁੰਦਾ ਹੈ। 
ਘਰੇਲੂ ਬਗੀਚੀ ਵਿੱਚ ਹੇਠ ਦਿੱਤੀ ਸਾਰਣੀ ਮੁਤਾਬਿਕ ਹਾੜੀ ਅਤੇ ਸਾਉਣੀ ਦੀਆਂ ਸਬਜ਼ੀਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ:

ਹਾੜੀ ਦੀਆਂ ਸਬਜ਼ੀਆਂ
ਬਿਜਾਈ ਅਗੇਤੀ 25 ਅਗਸਤ ਤੋਂ 30 ਸਤੰਬਰ ਸਾਉਣੀ ਦੀਆਂ ਸਬਜ਼ੀਆਂ
ਬਿਜਾਈ  15 ਫਰਵਰੀ ਤੋਂ  31 ਮਾਰਚ ਅਗੇਤੀ
ਪਾਲਕ, ਮੇਥੇ, ਧਨੀਆ, ਮੂਲੀ, ਗਾਜਰ, ਸੁੱਕੀ ਪਨੀਰੀ ਵਾਲਾ ਪਿਆਜ, ਸ਼ਲਗਮ,ਸਰੋਂ, ਬੈਂਗਣ, ਬੈਂਗਣੀ,ਟਮਾਟਰ ਚੱਪਣ ਟਿੰਡੇ, ਕੱਦੂ, ਤੋਰੀ, ਅੱਲ(ਲੌਕੀ) ਮਿਰਚ, ਸ਼ਿਮਲਾ ਮਿਰਚ, ਬੈਂਗਣ, ਬੈਂਗਣੀ, ਭਿੰਡੀ, ਖੀਰੇ, ਤਰ, ਟਮਾਟਰ, ਪੇਠਾ
ਹਾੜੀ ਦੀਆਂ ਸਬਜ਼ੀਆਂ
ਬਿਜਾਈ ਪਿਛੇਤੀ 1 ਅਕਤੂਬਰ ਤੋਂ 15 ਨਵੰਬਰ ਸਾਉਣੀ ਦੀਆਂ ਸਬਜ਼ੀਆਂ
ਬਿਜਾਈ ਪਿਛੇਤੀ 1 ਅਪ੍ਰੈਲ ਤੋਂ 15 ਜੁਲਾਈ
ਪਾਲਕ, ਮੇਥੇ, ਧਨੀਆ, ਮੂਲੀ, ਗਾਜਰ, ਸੁੱਕੀ ਪਨੀਰੀ ਵਾਲਾ ਪਿਆਜ, ਸ਼ਲਗਮ, ਫੁੱਲ ਗੋਭੀ, ਬੰਦ ਗੋਭੀ, ਗੰਢ ਗੋਭੀ, ਮਟਰ,ਛੋਲੇ, ਮੇਥੀ, ਆਲੂ, ਲਸਣ, ਪਿਆਜ, ਸੌਂਫ, ਹਾਲੌਂ, ਅਲਸੀ, ਸਰੋਂ, ਮਸਰ ਹਲਦੀ, ਅਰਬੀ, ਕੱਦੂ, ਤੋਰੀ, ਅੱਲ(ਲੌਕੀ) ਮਿਰਚ, ਸ਼ਿਮਲਾ ਮਿਰਚ, ਬੈਂਗਣ, ਬੈਂਗਣੀ, ਭਿੰਡੀ, ਗੁਆਰਾ, ਕਰੇਲਾ, ਪੇਠਾ, ਚੌਲੇ, ਖੀਰੇ, ਤਰ, ਖਖੜੀ, ਦੇਸੀ ਟਿੰਡੋ, 
ਬਿਜਾਈ ਦਾ ਢੰਗ : ਹੇਠਾਂ ਦੱਸੇ ਅਨੁਸਾਰ ਬਿਜਾਈ ਕਰੋ:
• ਸਿੱਧੀ ਬਿਜਾਈ ਵਾਲੀਆਂ ਫ਼ਸਲਾਂ ਜਿਵੇਂ ਭਿੰਡੀ, ਗਵਾਰੇ ਦੀਆਂ ਫਲੀਆਂ 30 ਸੈਮੀ. ਦੀ ਵਿੱਥ ਤੇ ਵੱਟਾ ਤੇ ਲਗਾਉ। ਪਿਆਜ, ਪੁਦੀਨਾ ਅਤੇ ਧਨੀਆ ਵੱਟਾ ਦੇ ਨਾਲ-ਨਾਲ ਲਗਾਏ ਜਾ ਸਕਦੇ ਹਨ।
• ਪਨੀਰੀ ਵਾਲੀਆਂ ਸਬਜ਼ੀਆਂ ਜਿਵੇਂ ਟਮਾਟਰ, ਬੈਂਗਣ ਅਤੇ ਮਿਰਚਾਂ ਆਦਿ ਨੂੰ ਨਰਸਰੀ ਬੈੱਡਾਂ ਉੱਪਰ ਜਾਂ ਗਮਲਿਆਂ ਵਿੱਚ ਜ਼ਮੀਨ ਦੀ ਤਿਆਰੀ ਤੋ ਇੱਕ ਮਹੀਨਾ ਪਹਿਲਾਂ ਬੀਜੋ। ਬਿਜਾਈ ਕਰਨ ਉਪਰੰਤ ਜ਼ਮੀਨ ਢਕਣ ਤੋ ਬਾਅਦ 250 ਗ੍ਰਾਮ ਨਿੰਮ ਦੀ ਖਲ ਛਿੜਕੋ ਤਾਂਕਿ ਬੀਜਾਂ ਨੂੰ ਕੀੜੀਆਂ ਤੋ ਬਚਾਇਆ ਜਾ ਸਕੇ। ਟਮਾਟਰ ਦੀ ਬਿਜਾਈ ਤੋ 30 ਦਿਨ ਬਾਅਦ ਅਤੇ ਬੈਂਗਣ, ਮਿਰਚ ਅਤੇ ਪਿਆਜ ਦੀ ਬਿਜਾਈ ਤੋਂ 40-45 ਦਿਨ ਬਾਅਦ ਪਨੀਰੀ ਨੂੰ ਨਰਸਰੀ ਚੋਂ  ਪੁੱਟ ਲਉ। ਹੁਣ ਟਮਾਟਰ, ਬੈਂਗਣ ਅਤੇ ਮਿਰਚਾਂ ਨੂੰ ਬੂਟੇ ਤੋਂ ਬੂਟੇ ਵਿਚਕਾਰ 30-35 ਸੈਂਟੀਮੀਟਰ ਦਾ ਫਾਸਲਾ ਦਿੰਦੇ ਹੋਏ ਵੱਟਾਂ ਦੀ ਇੱਕ ਸਾਈਡ 'ਤੇ ਲਾ ਦਿਉ ਜਦੋਂ ਕਿ ਵੱਡੇ ਪਿਆਜ ਦੀ ਪਨੀਰੀ ਨੂੰ ਵੱਟਾਂ ਦੇ ਦੋਹੇਂ ਪਾਸੇ ਬੂਟੇ ਤੋਂ ਬੂਟਾ 10 ਸੈਂਟੀਮੀਟਰ ਦਾ ਫਾਸਲਾ ਦੇ ਕੇ ਲਾਉ। ਲਵਾਈ ਉਪਰੰਤ ਬੂਟਿਆਂ ਨੂੰ ਤੁਰੰਤ ਪਾਣੀ ਲਾ ਦਿਉ। ਤੀਜੇ ਦਿਨ ਅਗਲਾ ਪਾਣੀ ਜਰੂਰ ਲਾਉ। 
ਨੋਟ: ਸ਼ੁਰੂ-ਸ਼ੁਰੂ ਵਿੱਚ ਪਨੀਰੀ ਨੂੰ ਹਰ ਦੂਜੇ ਜਾਂ ਤੀਜੇ ਦਿਨ ਪਾਣੀ ਲਾਉ। ਫਿਰ 4 ਦਿਨਾਂ 'ਚ ਇੱਕ ਵਾਰ ਪਾਣੀ ਲਾਉਣਾ ਚਾਹੀਦਾ ਹੈ।
ਸਹਿਜੀਵੀ ਫਸਲ ਪ੍ਰਣਾਲੀ ਅਪਣਾਉ: ਘਰੇਲੂ ਬਗੀਚੀ ਹਮੇਸ਼ਾ ਸਹਿਜੀਵੀ ਫਸਲ ਪ੍ਰਣਾਲੀ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਸਹਿਜੀਵੀ ਫਸਲ ਪ੍ਰਣਾਲੀ ਵਿੱਚ ਮੁੱਖ ਫਸਲ ਦੇ ਨਾਲ ਕੁੱਝ ਅਜਿਹੀਆਂ ਫਸਲਾਂ ਜਾਂ ਪੌਦੇ ਲਾਏ ਜਾਂਦੇ ਹਨ ਜਿਹੜੇ ਕਿ ਮੁੱਖ ਫਸਲ ਨੂੰ ਤੰਦਰੁਸਤੀ ਬਖ਼ਸ਼ਦੇ ਹੋਏ ਉਸਦੇ ਵਾਧੇ ਤੇ ਵਿਕਾਸ ਵਿੱਚ ਮਦਦ ਕਰਦੇ ਹਨ, ਉਸਨੂੰ ਕੀਟਾਂ ਤੋਂ ਬਚਾਉਂਦੇ ਹਨ। ਸੋ ਘਰੇਲੂ ਬਗੀਚੀ ਨੂੰ ਰੋਗਾਂ ਅਤੇ ਕੀੜਿਆਂ ਤੋ ਬਚਾਉਣ ਲਈ ਹੇਠ ਲਿਖੇ ਅਨੁਸਾਰ ਕੁੱਝ ਸਹਾਇਕ ਪੌਦਿਆਂ ਨੂੰ ਬਗੀਚੀ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ। 
ਤੁਲਸੀ - ਇਹ ਟਮਾਟਰ ਦਾ ਸਵਾਦ ਵਧਾਉਦੀ ਹੈ ਅਤੇ ਨਾਲ ਹੀ ਉਸਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਦੀ ਹੈ। 
ਲਹੁਸਣ - ਇਹ ਚੇਪੇ ਨੂੰ ਕਾਬੂ ਕਰਦਾ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿੱਚ ਸਹਾਇਕ ਹੈ। 
ਅਜਵਾਇਣ - ਜੇ ਇਸ ਨੂੰ ਬੰਦ ਗੋਭੀ ਦੇ ਨੇੜੇ ਬੀਜਿਆ ਜਾਵੇ ਤਾਂ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋਂ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿੱਚ ਮੱਦਦ ਮਿਲਦੀ ਹੈ।
ਗੇਂਦਾਂ - ਜੜ੍ਹ ਵਿੱਚੋ ਇੱਕ ਤਰਲ ਪੈਦਾ ਕਰਦਾ ਹੈ ਜੋ ਕਿ ਜੜ੍ਹਾਂ ਨੂੰ ਖਾਣ ਵਾਲੇ ਕੀੜਿਆਂ ਨੂੰ ਨਸ਼ਟ ਕਰਦਾ ਹੈ। ਇਹ ਅਮਰੀਕਨ ਸੁੰਡੀ ਨੂੰ ਵੀ ਰੋਕਣ ਵਿੱਚ ਮੱਦਦ ਕਰਦਾ ਹੈ। 


ਪਿੰਡਾਂ ਲਈ ਘਰੇਲੂ ਬਗੀਚੀ ਦਾ ਮਹੱਤਵ
ਆਰਥਿਕ ਮਹੱਤਵ: ਘਰੇਲੂ ਬਗੀਚੀ ਵਿੱਚ ਸਬਜ਼ੀ ਉਗਾ ਕੇ ਇੱਕ ਪਰਿਵਾਰ ਸਬਜ਼ੀਆਂ 'ਤੇ ਸਾਲਾਨਾ ਖਰਚ ਹੋਣ ਵਾਲੇ ਅਠਾਰਾਂ ਤੋਂ ਪੱਚੀ ਹਜ਼ਾਰ ਰੁਪਇਆਂ ਦੀ ਬੱਚਤ ਕਰ ਸਕਦਾ ਹੈ। ਨਾਲ ਹੀ ਲੋੜ ਤੋਂ ਬਹੁਤੀ ਵੇਚ ਕੇ ਕੁੱਝ ਵੱਟਤ ਵੀ ਹੋ ਸਕਦੀ ਹੈ। ਇਸ ਤਰਾਂ ਘਰੇਲੂ ਬਗੀਚੀ ਲਾ ਕੇ ਵਧੀਆ ਗੁਣਵੱਤਾ ਵਾਲੀਆ ਸਬਜ਼ੀਆ ਦੇ ਨਾਲ-ਨਾਲ ਚੰਗੀ ਆਮਦਨ ਦਾ ਸਾਧਨ ਵੀ ਪੈਦਾ ਕੀਤਾ ਜਾ ਸਕਦਾ ਹੈ। 
ਸਮਾਜਿਕ ਮਹੱਤਵ: ਘਰੇਲੂ ਬਗੀਚੀ ਰਾਹੀ ਔਰਤਾਂ ਘਰ ਬੈਠੇ ਹੀ ਆਪਣੇ ਪਰਿਵਾਰ ਨਾਲ ਆਰਥਿਕ ਪੱਧਰ ਤੇ ਸਹਿਯੋਗ ਕਰ ਸਕਦੀਆਂ ਹਨ। 
ਭੋਜਨ ਸੁਰੱਖਿਆ: ਜਿਹੜੇ ਪਰਿਵਾਰਾਂ ਕੋਲ ਜ਼ਮੀਨ ਨਹੀਂ ਹੈ, ਉਹ ਵੀ ਘੱਟ ਜਗਾ ਉੱਪਰ ਸਬਜ਼ੀਆਂ ਉਗਾ ਕੇ ਆਪਣੀਆਂ ਭੋਜਨ ਸੰਬੰਧੀ ਕੁੱਝ ਲੋੜਾਂ ਦੀ ਪੂਰਤੀ ਕਰ ਸਕਦੇ ਹਨ।

ਬਗੀਚੀ ਦੇ ਸਫਲ ਪਾਲਣ-ਪੋਸ਼ਣ ਲਈ ਹੇਠ ਲਿਖੇ ਨੁਕਤਿਆਂ 'ਤੇ ਅਮਲ ਕਰੋ:

ਗੁੜ ਜਲ ਅੰਮ੍ਰਿਤ: ਗੁਤ ਜਲ ਅੰਮ੍ਰਿਤ ਹਰੇਕ ਫਸਲ ਨੂੰ ਪਾਣੀ ਲਾਉਂਦੇ ਸਮੇਂ ਪਾਇਆ ਜਾਂਦਾ ਹੈ। ਜਿਸ ਫਸਲ ਨੂੰ ਗੁੜ ਜਲ ਅੰਮ੍ਰਿਤ ਦਿੱਤਾ ਜਾਂਦਾ ਹੈ ਉਹ ਕਦੇ ਪੀਲੀ ਨਹੀਂ ਪੈਂਦੀ ਸਗੋਂ ਹਰ ਵੇਲੇ ਹਰੀ-ਕਚਾਰ ਅਤੇ ਟਹਿਕਦੀ ਰਹਿੰਦੀ ਹੈ। ਪ੍ਰਤੀ ਏਕੜ 1 ਡਰੰਮ ਗੁੜ ਜਲ ਅੰਮ੍ਰਿਤ ਹਰ ਪਾਣੀ ਨਾਲ ਫਸਲ ਨੂੰ ਦੇਣਾ ਜ਼ਰੂਰੀ ਹੈ। ਗੁੜ ਜਲ ਅੰਮ੍ਰਿਤ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:

ਸਮਾਨ
ਦੇਸੀ ਗਾਂ /ਮੱਝ ਦਾ ਤਾਜਾ ਗੋਹਾ  60 ਕਿੱਲੋ              
ਪੁਰਾਣਾ ਗੁੜ    03 ਕਿੱਲੋ
ਬੇਸਣ     01 ਕਿੱਲੋ
ਸਰੋ ਦਾ ਤੇਲ    200 ਗ੍ਰਾਮ
ਪਾਣੀ     50 ਲਿਟਰ

ਵਿਧੀ: ਸਭ ਤੋਂ ਪਹਿਲਾਂ 3-4 ਕਿੱਲੋ ਗੋਹੇ ਵਿੱਚ ਦੋਹਾਂ ਹੱਥਾਂ ਨਾਲ ਮਲਦੇ ਹੋਏ ਸਰੋਂ ਦਾ ਤੇਲ ਅਤੇ ਬੇਸਣ ਚੰਗੀ ਤਰਾਂ ਮਿਕਸ ਕਰ ਲਵੋ। ਹੁਣ ਇਸ ਮਿਸ਼ਰਣ ਨੂੰ ਬਾਕੀ ਦੇ ਗੋਹੇ ਵਿੱਚ ਮਿਲਾ ਕੇ ਗੁੜ ਸਮੇਤ 150 ਲਿਟਰ ਪਾਣੀ ਵਿੱਚ ਘੋਲ ਦਿਓ। ਇਸ ਘੋਲ ਨੂੰ ਖੱਦਰ ਦੀ ਬੋਰੀ ਨਾਲ ਨੂੰ ਢੱਕ ਕੇ ਛਾਂਵੇਂ ਰੱਖ ਦਿਓ। 48 ਘੰਟਿਆਂ 'ਚ ਗੁੜ ਜਲ ਅੰਮ੍ਰਿਤ ਤਿਆਰ ਹੋ ਜਾਵੇਗਾ ਹੈ। 
ਘਰੇਲੂ ਬਗੀਚੀ ਦੇ ਆਕਾਰ ਦੇ ਹਿਸਾਬ ਨਾਲ ਉੱਪਰ ਦੱਸੇ ਗਏ ਸਮਾਨ ਦੀ ਮਾਤਰਾ ਘਟਾ ਕੇ ਗੁੜ ਜਲ ਅੰਮ੍ਰਿਤ ਬਣਾਉ। 

ਗੁੜਜਲ ਅੰਮ੍ਰਿਤ ਕੰਪੋਸਟ: ਗੁੜ ਜਲ ਅੰਮ੍ਰਿਤ ਕੰਪੋਸਟ ਬਹੁਤ ਹੀ ਅਸਰਦਾਰ ਦੇਸੀ ਖਾਦ ਹੈ। ਇਹ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਉੱਥੇ ਹੀ ਫਸਲਾਂ ਨੂੰ ਖ਼ੁਰਾਕੀ ਤੱਤਾਂ ਦੀ ਵੀ ਪੂਰਤੀ ਕਰਦੀ ਹੈ। ਇਸਦੀ ਵਰਤੋਂ ਡੀ. ਏ. ਪੀ. ਅਤੇ ਯੂਰੀਆ ਖਾਦ ਦੇ ਬਦਲ ਵਜੋਂ ਬਹੁਤ ਹੀ ਲਾਭਕਾਰੀ ਹੈ। ਗੁੜ ਜਲ ਅੰਮ੍ਰਿਤ ਕਪੋਸਟ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:
ਸਮਾਨ
ਗੁੜ ਜਲ ਅੰਮ੍ਰਿਤ                    10 ਲਿਟਰ      
ਖੁਸ਼ਕ ਰੂੜੀ        50 ਕਿੱਲੋ 

ਵਿਧੀ: ਗੁੜ ਜਲ ਅੰਮ੍ਰਿਤ ਨੂੰ ਕਹੀ ਨਾਲ ਕੱਚੀ ਰੂੜੀ ਵਿੱਚ ਚੰਗੀ ਤਰਾਂ ਮਿਕਸ ਕਰ ਦਿਓ। ਹੁਣ ਇਸ ਮਿਸ਼ਰਣ ਨੂੰ 15 ਦਿਨਾਂ ਲਈ ਧੁੱਪ-ਛਾਂ ਵਿੱਚ ਰੱਖ ਦਿਓ। 15 ਦਿਨਾਂ ਉਪਰੰਤ ਗੁੜ ਜਲ ਅੰਮ੍ਰਿਤ ਕੰਪੋਸਟ ਤਿਆਰ ਹੋ ਜਾਂਦੀ ਹੈ। ਹਰੇਕ ਪਾਣੀ ਮੂਹਰੇ ਬਗੀਚੀ ਦੇ ਆਕਾਰ ਦੇ ਹਿਸਾਬ ਨਾਲ 5 ਤੋਂ 10 ਕਿੱਲੋ ਗੁੜ ਜਲ ਅੰਮ੍ਰਿਤ ਕੰਪੋਸਟ ਦਾ ਛਿੱਟਾ ਦਿਓ। ਭਰਪੂਰ ਫਾਇਦਾ ਹੋਵੇਗਾ। 

ਘਰੇਲੂ ਗਰੋਥ ਪ੍ਰੋਮੋਟਰ (ਫਸਲ ਦਾ ਵਿਕਾਸ ਕਰਨ ਵਾਲੇ ਘਰੇਲੂ ਸਾਧਨ), ਉੱਲੀਨਾਸ਼ਕ ਅਤੇ ਕੀਟਨਾਸ਼ਕ

ਪਾਥੀਆਂ ਦਾ ਪਾਣੀ (ਜਿਬਰੈਲਿਕ ਘੋਲ): ਪਾਥੀਆਂ ਦਾ ਪਾਣੀ ਬਹੁਤ ਅਸਰਦਾਰ ਗ੍ਰੋਥ ਪ੍ਰੋਮੋਟਰ ਹੈ। ਪਾਥੀਆਂ ਦਾ ਪਾਣੀ ਛਿੜਕਣ ਨਾਲ ਫਸਲ ਬਹੁਤ ਤੇਜੀ ਨਾਲ ਵਿਕਾਸ ਕਰਦੀ ਹੈ। ਸਿੱੱਟੇ ਵਜੋਂ ਕਿਸਾਨਾਂ ਨੂੰ ਹਰੇਕ ਫਸਲ ਦਾ ਮਨਚਾਹਿਆ ਝਾੜ ਮਿਲਦਾ ਹੈ।
ਸਮਾਨ
ਇੱਕ ਸਾਲ ਪੁਰਾਣੀਆਂ ਪਾਥੀਆਂ   1 ਕਿੱਲੋ        
ਸਾਦਾ ਪਾਣੀ     5 ਲਿਟਰ

ਵਿਧੀ: 1 ਕਿੱਲੋ ਪਾਥੀਆਂ ਨੂੰ 5 ਲਿਟਰ ਪਾਣੀ ਵਿੱਚ ਪਾ ਕੇ ਚਾਰ ਦਿਨਾਂ ਤੱਕ ਛਾਂ ਵਿੱਚ ਰੱਖੋ। ਪਾਥੀਆਂ ਦਾ ਪਾਣੀ ਵਰਤੋਂ ਲਈ ਤਿਆਰ ਹੈ। ਪ੍ਰਤੀ ਪੰਪ 250 ਮਿਲੀ ਲਿਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ। ਫਸਲ ਤੇਜੀ ਨਾਲ ਵਿਕਾਸ ਕਰੇਗੀ ਅਤੇ ਝਾੜ ਵਿੱਚ 10-20 ਫੀਸਦੀ ਦਾ ਵਾਧਾ ਹੋਵੇਗਾ।

ਲੋਹਾ+ਤਾਂਬਾ ਯੁਕਤ ਪਸ਼ੂ ਮੂਤਰ : ਇਹ ਫਸਲ ਵਿੱਚ ਨਾਈਟਰੋਜ਼ਨ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਉਸਨੂੰ ਕੀਟਾਂ ਅਤੇ ਰੋਗਾਂ ਤੋਂ ਬਚਾਉਂਦਾ ਹੈ। 
ਲੋੜੀਂਦਾ ਸਮਾਨ-
ਪਸ਼ੂ ਮੂਤਰ   ਜਿੰਨਾ ਵੀ ਵੱਧ ਤੋਂ ਵੱਧ ਹੋਵੇ
ਤਾਂਬਾ    ਇੱਕ ਟੁਕੜਾ
ਲੋਹਾ    ਇੱਕ ਟੁਕੜਾ
ਪਲਾਸਟਿਕ ਦਾ ਡਰੰਮ  
ਵਿਧੀ : ਪਸ਼ੂ-ਮੂਤਰ ਨੂੰ ਪਲਾਸਟਿਕ ਦੇ ਡਰੰਮ ਜਿਸ ਵਿੱਚ ਕਿ ਲੋਹੇ ਅਤੇ ਤਾਂਬੇ ਦੇ ਛੋਟੇ-ਛੋਟੇ ਟੁਕੜੇ ਰੱਖੇ ਹੋਣ ਵਿੱਚ ਇਕੱਠਾ ਕਰਦੇ ਰਹੋ। ਇਹ ਜਿੰਨਾਂ ਪੁਰਾਣਾਂ ਹੁੰਦਾ ਜਾਵੇਗਾ ਇਸਦੀ ਮਾਰਕ ਤਾਕਤ ਓਨੀਂ ਹੀ ਵਧਦੀ ਜਾਵੇਗੀ।
ਵਰਤੋਂ ਦਾ ਢੰਗ : ਕਿਸੇ ਵੀ ਤਰ•ਾਂ ਦੇ ਪੈਸਟ ਅਟੈਕ ਸਮੇਂ ਅਤੇ ਸੰਭਾਵੀ ਪੈਸਟ ਅਟੈਕ ਤੋਂ ਫਸਲ ਨੂੰ ਬਚਾਉਣ ਲਈ ਫਸਲ ਉੱਤੇ ਪ੍ਰਤੀ ਪੰਪ ਅੱਧੇ ਤੋਂ ਇੱਕ ਲਿਟਰ ਲੋਹਾ+ਤਾਂਬਾ ਯੁਕਤ ਪਸ਼ੂ-ਮੂਤਰ ਦਾ ਛਿੜਕਾਅ ਕਰੋ। ਜ਼ਿਕਰਯੋਗ ਫਾਇਦਾ ਹੋਵੇਗਾ। 

ਲੋਹਾ+ਤਾਂਬਾ ਯੁਕਤ ਖੱਟੀ ਲੱਸੀ: ਇਹ ਵੀ ਫਸਲ ਨੂੰ ਅਨੇਕਾਂ ਪ੍ਰਕਾਰ ਦੇ ਕੀਟਾਂ ਅਤੇ ਉੱਲੀ ਰੋਗਾਂ ਤੋਂ ਬਚਾਉਂਦੀ ਹੋਈ ਉਸਦੇ ਵਾਧੇ ਤੇ ਵਿਕਾਸ ਵਿੱਚ ਅਹਿਮ ਯੋਗਦਾਨ ਦਿੰਦੀ ਹੈ।

ਲੋੜੀਂਦਾ ਸਮਾਨ
ਲੱਸੀ          ਜਿੰਨੀ ਵੀ ਵੱਧ ਤੋਂ ਵੱਧ ਹੋਵੇ
ਤਾਂਬਾ        ਇਕ ਟੁਕੜਾ
ਲੋਹਾ         ਇੱਕ ਟੁਕੜਾ
ਪਲਾਸਿਟਕ ਦਾ ਬਰਤਨ    

ਵਿਧੀ- ਲੱਸੀ, ਤਾਂਬੇ ਅਤੇ ਲੋਹੇ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਬਰਤਨ ਵਿੱਚ ਪਾ ਕੇ ਘੱਟੋ-ਘੱਟ 15 ਦਿਨਾਂ ਤੱਕ ਢਕ ਕੇ ਛਾਂ ਵਿੱਚ  ਰੱਖੋ। ਬਹੁਤ ਹੀ ਵਧੀਆ ਉੱਲੀਨਾਸ਼ਕ ਅਤੇ ਗ੍ਰੋਥਹਾਰਮੋਨ ਤਿਆਰ ਹੈ।
ਵਰਤੋਂ ਦਾ ਢੰਗ- ਲੋੜ ਮੁਤਾਬਿਕ ਪ੍ਰਤੀ ਪੰਪ 1 ਤੋਂ 1.5 ਲਿਟਰ ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਦਾ ਛਿੜਕਾਅ ਕਰੋ।
ਵਿਸ਼ੇਸ਼ਤਾ- ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਇੱਕ ਬੇਹੱਦ ਪ੍ਰਭਾਵੀ ਤੇ ਲਾਹੇਵੰਦ ਉੱਲੀਨਾਸ਼ਕ ਹੋਣ ਦੇ ਨਾਲ-ਨਾਲ ਇੱਕ ਕੁਦਰਤੀ ਗ੍ਰੋਥ ਹਾਰਮੋਨ ਦੇ ਤੌਰ 'ਤੇ ਵੀ ਕੰਮ ਕਰਦੀ ਹੈ। 15 ਤੋਂ ਜਿਆਦਾ ਦਿਨ ਪੁਰਾਣਾ ਮਿਸ਼ਰਣ ਅਨੇਕਾਂ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀੜਿਆਂ ਨੂੰ ਵੀ ਖਤਮ ਕਰਦਾ ਹੈ। ਖੱਟੀ ਲੱਸੀ ਸਰਦੀਆਂ ਵਿੱਚ ਫਸਲ ਨੂੰ ਕੋਹਰੇ ਤੋਂ ਬਚਾਉਣ ਵਿੱਚ ਵੀ ਸਹਾਈ ਹੁੰਦੀ ਹੈ। ਪ੍ਰਤੀ ਪੰਪ ਪੌਣਾ ਲਿਟਰ ਇੱਕ ਮਹੀਨਾਂ ਪੁਰਾਣੀ ਖੱਟੀ ਲੱਸੀ ਦੇ ਛਿੜਕਾਅ ਨਾਲ ਹਰ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀਟਾਂ ਮਰ ਜਾਂਦੇ ਹਨ। 

ਕੱਚਾ ਦੁੱਧ: ਕੱਚਾ ਦੁੱਧ ਦੁਨੀਆਂ ਦਾ ਸਭ ਤੋਂ ਵਧੀਆ ਐਂਟੀ ਵਾਇਰਸ ਹੈ। ਪ੍ਰਤੀ ਪੰਪ 250 ਗ੍ਰਾਮ ਕੱਚਾ ਦੁੱਧ ਸਾਦੇ ਪਾਣੀ 'ਚ ਮਿਲਾ ਕੇ ਹਫ਼ਤੇ ਵਿੱਚ ਤਿੰਨ ਵਾਰ ਛਿੜਕਣ ਨਾਲ ਵਾਇਰਸ ਅਰਥਾਤ ਵੱਖ-ਵੱਖ ਫਸਲਾਂ ਨੂੰ ਪੈਣ ਵਾਲਾ ਠੂਠੀ ਰੋਗ ਖਤਮ ਹੋ ਜਾਂਦਾ ਹੈ। 
ਚਿੱਟੀ ਫਟਕੜੀ: ਚਿੱਟੀ ਫਟਕੜੀ ਬਹੁਤ ਵਧੀਆ ਜੰਤੂ ਅਤੇ ਉੱਲੀਨਾਸ਼ਕ ਹੈ। ਇਹ ਜੜ੍ਹਾਂ ਦੀਆਂ ਉੱਲੀਆਂ ਨੂੰ ਖਤਮ ਕਰਦੀ ਹੈ। ਕੋਈ ਵੀ ਫਸਲ ਜਾਂ ਪੌਦਾ ਪੈਰ ਗਲਣੇ ਸ਼ੁਰੂ ਹੋਣ ਕਰਕੇ ਸੁਕਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਲਾਉਂਦੇ ਸਮੇਂ ਥੋੜ੍ਹੀ ਜਿਹੀ ਚਿੱਟੀ ਫਟਕੜੀ ਬਗੀਚੀ ਦੇ ਮੂੰਹੇ 'ਤੇ ਰੱਖ ਦਿਓ। 100 ਫੀਸਦੀ ਫਾਇਦਾ ਹੋਵੇਗਾ। 
ਹਿੰਗ: ਬਗੀਚੀ ਵਿੱਚ ਹਿੰਗ ਦੀ ਵਰਤੋਂ ਕਰਕੇ ਸਿਓਂਕ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸਿਓਂਕ ਪ੍ਰਭਾਵਿਤ ਬਗੀਚੀ ਵਿੱਚ ਫਸਲ ਨੂੰ ਪਾਣੀ ਦਿੰਦੇ ਸਮੇਂ 20 ਗ੍ਰਾਮ ਹਿੰਗ ਅਤੇ ਥੋੜ੍ਹੀ ਜਿਹੀ ਚਿੱਟੀ ਫਟਕੜੀ ਇੱਕ ਪਤਲੇ ਕੱਪੜੇ ਵਿੱਚ ਲਪੇਟ ਕੇ ਪਾਣੀ ਦੇਣ ਵੇਲੇ ਬਗੀਚੀ ਦੇ ਮੂੰਹੇਂ 'ਤੇ ਰੱਖ ਦਿਓ। ਸਿਓਂਕ ਤੋਂ ਛੁਟਕਾਰਾ ਮਿਲ ਜਾਵੇਗਾ। 
ਪਾਥੀਆਂ ਅਤੇ ਲੱਕੜੀ ਦੀ ਰਾਖ: ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਬਗੀਚੀ ਵਿੱਚ 2-3 ਕਿਲੋ ਪਾਥੀਆਂ ਅਤੇ ਲੱਕੜੀ ਦੀ ਰਾਖ ਪਾਓ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ ਸਮੇਤ ਫਸਲ ਲਈ ਲੋੜੀਂਦੇ ਲੋਹਾ, ਤਾਂਬਾ, ਜਿੰਕ, ਮੈਗਨੀਜ ਵਰਗੇ 30 ਤੋਂ ਵੀ ਵੱਧ ਕਿਸਮਾਂ ਦੇ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ। 
ਗਊ ਦੇ ਗੋਹੇ ਨੂੰ ਪਤਲਾ ਘੋਲ ਕੇ ਟਮਾਟਰ ਅਤੇ ਬੈਂਗਣ ਦੇ ਬੂਟਿਆਂ ਦੀਆਂ ਜੜ੍ਹਾਂ ਕੋਲ ਪਾਓ। ਚਿੱਤੀ (ਪੱਤਿਆਂ 'ਤੇ ਪੈਣ ਵਾਲੇ ਧੱਬਿਆਂ) ਰੋਗ ਤੋਂ ਛੁਟਕਾਰਾ ਮਿਲ ਜਾਏਗਾ। 
ਬਗੀਚੀ ਵਿੱਚ ਅਰਿੰਡ ਅਤੇ ਗੇਂਦੇ ਦੇ ਬੂਟੇ ਲਗਾਉ: ਬਗੀਚੀ ਵਿੱਚ ਅਰਿੰਡ ਦਾ ਇੱਕ ਪੌਦਾ ਕਾਫੀ ਹੈ। ਅਰਿੰਡ ਲਗਾਉਣ ਨਾਲ ਪੱਤੇ ਖਾਣ ਵਾਲੀਆਂ ਸੁੰਡੀਆਂ ਖਾਸ ਕਰਕੇ ਤੰਬਾਕੂ ਦੀ ਸੁੰਡੀ (ਕਾਲੀ ਸੁੰਡੀ) ਅਤੇ ਵਾਲਾਂ ਵਾਲੀ ਸੁੰਡੀ ਦੇ ਮਾਦਾ ਪਤੰਗੇ ਮੁੱਖ ਫਸਲ ਉੱਤੇ ਅੰਡੇ ਦੇਣ ਦੀ ਬਜਾਏ ਅਰਿੰਡ ਦੇ ਪੱਤਿਆਂ ਦੇ ਉਲਟੇ ਪਾਸੇ ਅੰਡੇ ਦਿੰਦੇ ਹਨ। ਬਗੀਚੀ ਦੀ ਦੇਖ-ਰੇਖ ਕਰਦੇ ਸਮੇਂ ਅਰਿੰਡ ਦੇ ਪੱਤਿਆਂ ਨੂੰ ਚੈੱਕ ਕਰਦੇ ਰਹੋ। ਜਿਸ ਪੱਤੇ 'ਤੇ ਤੁਹਾਨੂੰ ਕਿਸੇ ਵੀ ਸੁੰਡੀ ਦੇ ਅੰਡੇ ਨਜ਼ਰ ਆਉਣ ਉਸ ਪੱਤੇ ਦਾ ਉੰਨਾ ਭਾਗ ਤੋੜ ਕੇ ਜ਼ਮੀਨ ਵਿੱਚ ਦਬਾ ਦਿਉ। ਸੋ ਜੇ ਅੰਡੇ ਹੀ ਨਾ ਰਹਿਣਗੇ ਤਾਂ ਸੁੰਡੀ ਕਿੱਥੋਂ ਆਵੇਗੀ। 
ਇਸੇ ਤਰਾਂ ਬਗੀਚੀ ਦੇ ਚਾਰੇ ਪਾਸੇ ਗੇਂਦੇ ਦੇ ਜਾਂ ਹੋਰ ਪੀਲੇ ਰੰਗ ਦੇ ਫੁੱਲ ਲਗਾ ਕੇ ਅਮਰੀਕਨ ਸੁੰਡੀ ਦੇ ਅਟੈਕ ਨੂੰ 20 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ।


ਅਮਨਜੋਤ ਕੌਰ ਅਤੇ ਗੁਰਪ੍ਰੀਤ ਸਿੰਘ
ਦੋਵੇਂ ਲੇਖਕ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਰਤਾ ਹਨ।

1 comment: