Friday 20 January 2012

ਆਓ, ਕੀਟ ਪਛਾਣੀਏ !

ਚੇਪਾ


ਕਿਸਾਨ ਵੀਰੋ! ਪਿਛਲੀ ਵਾਰ ਤੁਹਾਨੂੰ ਫ਼ਸਲਾਂ ਨੂੰ ਖਾਣ ਵਾਲੇ ਕੀਟ ਤੇਲੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਸੀ। ਉਸੇ ਕ੍ਰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਫਿਰ ਅਸੀਂ  ਇੱਕ ਹੋਰ ਸ਼ਾਕਾਹਾਰੀ ਕੀਟ, ਜਿਸਨੂੰ ਕਿ ਅਸੀਂ ਸਾਰੇ ਚੇਪੇ ਦੇ ਨਾਮ ਤੋਂ ਜਾਣਦੇ ਹਾਂ, ਬਾਰੇ ਜਾਣਕਾਰੀ ਹਾਸਿਲ ਕਰਾਂਗੇ। 

ਕੀੜੇ ਦੇ ਆਉਣ ਦਾ ਸਮਾਂ - ਜੂਨ ਤੋ ਅਕਤੂਬਰ
ਬਾਲਗ- ਇਹ ਪੀਲੇ ਤੇ ਹਰੇ ਜਾਂ ਕਾਲੇ ਰੰਗ ਦੇ ਖੰਭਾਂ ਜਾਂ ਬਿਨਾਂ ਖੰਭਾਂ ਵਾਲੇ ਨਰਮ ਸ਼ਰੀਰ ਦੇ ਹੁੰਦੇ ਹਨ। ਪਹਿਲਾਂ ਖੰਭ ਵਾਲੇ ਪਤੰਗੇ ਫ਼ਸਲ ਤੇ ਆਉਂਦੇ ਹਨ ਜੋ ਬਾਅਦ ਵਿੱਚ ਬਿਨਾਂ ਖੰਭਾਂ ਵਾਲੇ ਕੀਟਾਂ ਨੂੰ ਜਨਮ ਦਿੰਦੇ ਹਨ ਅਤੇ ਫ਼ਸਲ ਵਿੱਚ ਫੈਲ ਜਾਂਦੇ ਹਨ। 
ਅੰਡੇ- ਛੋਟੇ ਗੋਲ ਆਕਾਰ ਦੇ ਪੀਲੇ ਹਰੇ ਰੰਗ ਦੇ ਹੁੰਦੇ ਹਨ।
ਨਿਮਫ- ਬਿਨਾਂ ਖੰਭਾਂ ਤੋਂ ਛੋਟੇ ਆਕਾਰ ਦੇ ਹੁੰਦੇ ਹਨ।
ਨੁਕਸਾਨ- ਬਾਲਗ ਅਤੇ ਬੱਚੇ ਪੱਤਿਆਂ ਦੇ ਥੱਲੇ ਰਹਿਕੇ ਉਹਨਾਂ ਦਾ ਰਸ ਚੂਸਦੇ ਹਨ। ਇਸ ਨਾਲ ਪੱਤੇ ਮੁਰਝਾ ਜਾਂਦੇ ਹਨ ਅਤੇ ਉਹਨਾਂ ਦਾ ਵਾਧਾ ਰੁਕ ਜਾਂਦਾ ਹੈ। ਇਹ ਪੱਤਿਆਂ ਦੇ ਥੱਲੇ ਸ਼ਹਿਦ ਦੀ ਮੱਖੀ ਵਾਂਗ ਇੱਕ ਰਸ ਕੱਢਦੇ ਹਨ ਜਿਸ ਨਾਲ ਪੱਤਿਆਂ ਦੇ ਹੇਠਲੇ ਹਿੱਸੇ ਵਿੱਚ ਕਾਲੀ ਫਫੂੰਦ ਲੱਗ ਜਾਂਦੀ ਹੈ। ਕੀੜੀਆਂ ਉਸ ਰਸ ਵੱਲ ਆਕਰਸ਼ਿਤ ਹੁੰਦੀਆਂ ਹਨ ਅਤੇ ਇਹਨਾਂ ਦੀ ਉਪਸਥਿਤੀ ਚੇਪੇ ਦੇ ਦੁਸ਼ਮਣ ਕੀੜਿਆਂ ਨੂੰ ਚੇਪਿਆਂ ਦੀ ਬਸਤੀ ਉੱਪਰ ਹਮਲਾ ਕਰਨ ਤੋਂ ਰੋਕਦੀ ਹੈ।
ਕੰਟਰੋਲ -
ਜੇਕਰ ਰਸਾਇਣਿਕ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰ ਦਿੱਤੀ ਜਾਵੇ ਤਾਂ ਚੇਪੇ ਨੂੰ ਖਾਣ ਵਾਲੇ ਕੀਟਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।

ਭਾਰੀ ਵਰਖਾ ਜਾਂ ਸਾਦਾ ਪਾਣੀ ਛਿੜਕਣ ਨਾਲ ਇਹ ਪੱਤਿਆਂ ਤੋ ਧੋਤੇ ਜਾਂਦੇ ਹਨ।

ਰੋਗ ਅਤੇ ਕੀੜੇ ਪ੍ਰਤਿਰੋਧਕ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ।

ਚੇਪੇ ਨੂੰ ਖ਼ਤਮ ਕਰਨ ਵਾਲੇ ਕੀਟ - ਚੇਪਾ ਲੇਡੀ ਬਰਡ ਬੀਟਲ ਦੀ ਮਨਭਾਉਂਦੀ ਖੁਰਾਕ ਹੈ। ਇਸ ਤੋ ਇਲਾਵਾ ਸਿਰਫਿਡ ਮੱਖੀ ਅਤੇ ਕਈ ਪ੍ਰਕਾਰ ਦੀਆਂ ਬ੍ਰੈਕਨਜ਼ (ਭ੍ਰਿੰਡ ਪਰਿਵਾਰ ਦੇ ਜੀਵ) ਆਦਿ ਵੀ ਚੇਪੇ ਦਾ ਸ਼ਿਕਾਰ ਕਰਦੇ ਹਨ। ਜਿਆਦਾਤਰ ਬ੍ਰੈਕਨਜ਼ ਚੇਪੇ ਦੇ ਸਰੀਰ ਵਿੱਚ ਅੰਡੇ ਦਿੰਦਆਂ ਹਨ। ਜਿਵੇਂ ਹੀ ਚੇਪੇ ਦੇ ਸਰੀਰ ਵਿਚਲੇ ਬ੍ਰੈਕਨਜ਼ ਦੇ ਅੰਡਿਆਂ ਵਿੱਚੋਂ ਲਾਰਵਾ ਬਾਹਰ ਨਿਕਲਦੇ ਹਨ ਉਹ ਬ੍ਰੈਕਨਜ਼ ਨੂੰ ਅੰਦਰੋਂ ਖਾਂਦੇ-ਖਾਂਦੇ ਉਹਦੇ ਸਰੀਰ ਵਿੱਚ ਸੁਰਾਖ ਕਰਕੇ ਚੇਪੇ ਦਾ ਅੰਤ ਕਰਦੇ ਹੋਏ ਬਾਹਰ ਨਿਕਲਦੇ ਹਨ। ਸੋ ਸਾਨੂੰ ਆਪਣੀਆਂ ਫਸਲਾਂ ਵਿੱਚ ਪੁਖਤਾ ਅਤੇ ਹਾਨੀਰਹਿਤ ਕੀਟ ਪ੍ਰਬੰਧਨ ਲਈ ਕੁਦਰਤ ਨੂੰ ਮੌਕਾ ਦੇਣਾ ਚਾਹੀਦਾ ਹੈ ਨਾ ਕਿ ਅਤਿ ਦੇ ਜ਼ਹਿਰੀਲੇ ਕੀੜੇਮਾਰ ਜ਼ਹਿਰਾਂ ਨੂੰ।
ਅਮਨਜੋਤ ਕੌਰ

No comments:

Post a Comment