Friday 20 January 2012

ਸੰਪਾਦਕੀ

ਆਓ! ਵਾਤਾਵਰਣ ਤੇ ਸਮਾਜ ਨੂੰ ਬਚਾਉਣ ਲਈ ਲੋਕ ਮੁੱਦਿਆਂ ਨੂੰ ਰਾਜਸੀ ਪਿੜ ਵਿੱਚ ਲੈ ਚੱਲੀਏ

ਭਾਰਤ ਇੱਕ ਅਮੀਰ ਦੇਸ ਹੈ। ਕੁਦਰਤੀ ਸੋਮਿਆਂ ਨਾਲ ਭਰਪੂਰ ਇਸ ਦੇਸ ਦੀ ਪੁਰਾਤਨ ਸੱਭਿਅਤਾ ਇੱਕ ਆਦਰਸ਼ ਸੱਭਿਅਤਾ ਰਹੀ ਹੈ। ਵਿਦੇਸ਼ੀ ਲੁਟੇਰੇ ਹਜ਼ਾਰਾਂ ਸਾਲਾਂ ਤੋਂ ਇਸਦੀ ਅਮੀਰੀ ਨੂੰ ਲੁਟਦੇ ਆ ਰਹੇ ਹਨ। ਇਸ ਨਿਰਦਈ ਲੁੱਟ ਦੇ ਲੰਮੇ ਇਤਿਹਾਸ ਵਿੱਚ ਅੰਗਰੇਜ਼ ਅਖ਼ੀਰਲੇ ਵਿਦੇਸ਼ੀ ਲੁਟੇਰੇ ਹੋਏ ਹਨ। ਜਿਹਨਾਂ ਨੇ ਪੂਰੇ ਦੋ ਸੌ ਸਾਲਾਂ ਤੱਕ ਹਰ ਪੱਖੋਂ ਇਸ ਦੇਸ ਦੀ ਅੰਨੀ ਲੁੱਟ ਕੀਤੀ। 
1947 ਵਿੱਚ ਪ੍ਰਾਪਤ ਆਜ਼ਾਦੀ ਉਪਰੰਤ ਲੋਕਾਂ ਨੂੰ ਇਹ ਆਸ ਬੱਝੀ ਸੀ ਕਿ ਹੁਣ ਅੰਨੀ ਲੁੱਟ ਦੇ ਉਸ ਕਾਲੇ ਦੌਰ ਦਾ ਅੰਤ ਹੋ ਜਾਵੇਗਾ। ਲੋਕਾਂ ਨੂੰ ਸੱਚੀ ਆਜ਼ਾਦੀ 'ਤੇ ਆਧਾਰਿਤ ਖੁਸ਼ੀਆਂ ਭਰੀ ਖੁਸ਼ਹਾਲ ਜ਼ਿੰਦਗੀ ਜੀ ਸਕਣਗੇ। ਪਰ ਅਫਸੋਸ ਕਿ ਆਜ਼ਾਦੀ ਸੰਗਰਾਮੀਆਂ ਅਤੇ ਆਮ ਜਨਤਾ ਦੇ ਸੁਪਨਿਆਂ 'ਤੇ ਪੂਰੀ ਤਰਾਂ ਪਾਣੀ ਫਿਰ ਗਿਆ। ਅੰਗਰੇਜ਼ਾਂ ਦੇ ਜਾਣ ਮੰਗਰੋਂ ਦੇਸੀ ਪੂੰਜ਼ੀਪਤੀਆਂ ਨੇ ਵਿਦੇਸ਼ੀ ਸਾਮਰਾਜੀਆਂ ਨਾਲ ਸਾਂਝ ਭਿਆਲੀ ਪਾ ਲਈ। ਇਸ ਨਾਪਾਕ ਗਠਜੋੜ ਦੇ ਮਾਧਿਅਮ ਨਾਲ ਮੁਨਾਫ਼ੇਖੋਰ ਕਾਰਪੋਰੇਟ ਜਗਤ ਨੇ ਸਾਡੇ ਦੇਸ ਉੱਤੇ ਇੱਕ ਨਵੀਂ ਕਿਸਮ ਦੀ ਗ਼ੁਲਾਮੀ ਠੋਸ ਦਿੱਤੀ ਹੈ। ਇਸਦਾ ਨਤੀਜਾ ਇਹ ਹੈ ਕਿ ਸਾਡੇ ਦੇਸ ਦੇ ਬਹੁਮੁੱਲੇ ਕੁਦਰਤੀ ਸੋਮਿਆਂ ਅਤੇ ਆਮ ਲੋਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ। 
ਸਾਮਰਾਜੀ ਤਾਕਤਾਂ ਫ਼ੌਜ਼ੀ ਅਤੇ ਹਥਿਆਰਾਂ ਦੀ ਤਾਕਤ ਦੇ ਬਲ 'ਤੇ ਲੁੱਟਦੇ ਸਨ ਜਦੋਂਕਿ ਅੱਜ ਉਹਨਾਂ ਨੇ ਪੁੰਜ਼ੀ, ਵਿੱਗਿਆਨ ਅਤੇ ਲੂੰਬੜ ਚਾਲਾਂ ਨੂੰ ਲੁੱਟ ਦਾ ਹਥਿਆਰ ਬਣਾ ਲਿਆ ਹੈ। ਪੁਰਾਣੇ ਸਮਿਆਂ ਵਾਂਗੂੰ ਹਿੰਸਾ ਤਾਂ ਅੱਜ ਵੀ ਹੋ ਰਹੀ ਹੈ ਪਰ ਅਜੋਕੀ ਹਿੰਸਾ ਨੂੰ ਵੇਖਣ ਲਈ ਚੇਤਨਾ ਦੀ ਅੱਖ ਲੋੜੀਂਦੀ ਹੈ। ਅੱਜ ਵੀ ਆਰਥਿਕ ਆਜ਼ਾਦੀ , ਸਮਾਜਿਕ ਬਰਾਬਰਤਾ, ਮਨੁੱਖੀ ਹੱਕਾਂ ਅਤੇ ਕੁਦਰਤੀ ਸੋਮਿਆਂ ਦੀ ਰੱਖਆ ਲਈ ਚੱਲ ਰਹੇ ਸੰਘਰਸ਼ਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਕੁਚਲਿਆ ਜਾਂ ਬੜੀ ਹੀ ਚਾਲਾਕੀ ਨਾਲ ਦਿਸ਼ਾਹੀਣ ਕੀਤਾ ਜਾ ਰਿਹਾ ਹੈ। 
ਜਿੱਥੋਂ ਤੱਕ ਗੱਲ ਵਿਕਾਸ ਦੀ ਹੈ ਤਾਂ ਵਿਕਾਸ ਦਾ ਮੌਜੂਦਾ ਮਾਡਲ ਤਾਂ ਹੈ ਹੀ ਹਿੰਸਾ ਭਰਪੂਰ। ਇਸ ਹਿੰਸਕ ਵਿਕਾਸ ਮਾਡਲ ਦੇ ਚਲਦਿਆਂ ਦੁਨੀਆਂ ਭਰ ਵਿੱਚ ਕਰੋੜਾਂ ਔਰਤਾਂ, ਬੱਚੇ ਅਤੇ ਸਧਾਰਣ ਲੋਕ ਕੁਪੋਸ਼ਣ, ਵਾਤਾਵਰਣੀ ਜ਼ਹਿਰਾਂ, ਭਿਆਨਕ ਰੋਗਾਂ ਦੀ ਚਪੇਟ ਵਿੱਚ ਹਨ। ਸਿਹਤ ਸਹੂਲਤਾਂ ਦੀ ਘਾਟ ਕਾਰਨ ਉਹ ਸਾਰਾ ਜੀਵਨ ਦੁੱਖ ਭੋਗਦੇ ਹਨ ਅਤੇ ਦੁੱਖ ਭੋਗਦੇ ਹੋਏ ਅਣਆਈ ਮੌਤੇ ਹੀ ਮਰ ਜਾਂਦੇ ਹਨ। ਸਮਾਜਿਕ ਅਤੇ ਮਾਨਸਿਕ ਤਣਾਅ ਕਾਰਨ ਲੋਕਾਂ ਵੱਲੋਂ ਆਪਣੇ ਆਪ ਅਤੇ ਦੂਜਿਆਂ ਪ੍ਰਤੀ ਸਰੀਰਕ ਤੇ ਮਾਨਸਿਕ ਹਿੰਸਾ ਕਰਨਾ ਆਮ ਵਰਤਾਰਾ ਹੋ ਗਿਆ ਹੈ। ਸਿਰਫ ਮਨੁੱਖ ਹੀ ਨਹੀਂ ਕੁਦਰਤ ਦੇ ਹੋਰ ਜੀਵ-ਜੰਤੂ ਦੀ ਲਗਾਤਾਰ ਇਸ ਹਿੰਸਕ ਵਰਤਾਰੇ ਦੀ ਭੇਟ ਚੜ ਰਹੇ ਹਨ। ਪੰਛੀਆਂ ਅਤੇ ਜਾਨਵਰਾਂ ਦੀਆਂ ਸੈਂਕੜੇ ਪ੍ਰਜਾਤੀਆਂ ਲੋਪ ਹੋ ਚੁੱਕੀਆਂ ਹਨ ਜਾਂ ਲੋਪ ਹੋਣ ਕਿਨਾਰੇ ਹਨ। ਕੁਦਰਤੀ ਸੰਤੁਲਨ ਇੰਨਾ ਕੁ ਵਿਗੜ ਗਿਆ ਹੈ ਕਿ ਧਰਤੀ ਉਤਲਾ ਸਾਰਾ ਜੀਵਨ ਹੀ ਗੰਭੀਰ ਖ਼ਤਰੇ ਵਿੱਚ ਪੈ ਗਿਆ ਹੈ। 
ਦੂਰ ਸੰਚਾਰ ਅਤੇ ਵਿੱਦਿਅਕ ਸਾਧਨਾਂ 'ਤੇ ਕਬਜਾ ਕਰਕੇ ਲੋਕਾਂ ਨੂੰ ਬੌਧਿਕ ਪੱਖੋਂ ਪੰਗੂ ਅਤੇ ਜੱਥੇਬੰਦਕ ਪੱਖੋਂ ਸ਼ਕਤੀਹੀਣ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਜੋਬਨ 'ਤੇ ਹਨ। ਲੱਚਰ ਸੱਭਿਆਚਾਰ ਅਤੇ ਨਸ਼ਿਆਂ ਦੇ ਸਹਾਰੇ ਲੋਕ ਚੇਤਨਾਂ ਨੂੰ ਖੁੰਢਿਆਂ ਕਰਨ ਦਾ ਵਰਤਾਰਾ ਪੂਰੇ ਜ਼ੋਰਾਂ 'ਤੇ ਹੈ। ਸਥਾਨਕ ਸੱਭਿਆਚਾਰ ਅਤੇ ਭਾਸ਼ਾਵਾਂ ਨੂੰ ਪ੍ਰਫੁੱਲਤ ਅਤੇ ਵਿਕਸਤ ਕਰਨ ਦੀ ਬਜਾਏ ਵਿਦੇਸ਼ੀ ਭਾਸ਼ਾ, ਖਾਣ-ਪਾਣ, ਰਹਿਣ-ਸਹਿਣ ਅਤੇ ਮਨੋਰੰਜ਼ਨ ਦੇ ਤਰੀਕਿਆਂ ਨੂੰ ਲੋਕਾਂ 'ਤੇ ਥੋਪਿਆ ਜਾ ਰਿਹਾ ਹੈ। ਇਸ ਪ੍ਰਕਾਰ ਹਰ ਤਰਾਂ ਦੇ ਲੁਭਾਊ ਢੰਗ-ਤਰੀਰੇ ਵਰਤ ਕੇ ਗ਼ੁਲਾਮ ਜ਼ਹਿਨੀਅਤ ਨੂੰ ਸਾਡੇ ਚੇਤਨਾ ਦਾ ਹਿੱਸਾ ਬਣਾਇਆ ਜਾ ਰਿਹਾ ਹੈ। 
ਪੰਜਾਬ ਵਿੱਚ ਇਹ ਪ੍ਰਕੋਪ ਖਾਸ ਤੌਰ 'ਤੇ ਬਹੁਤ ਤਿੱਖਾ ਹੈ। ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਖ਼ੇਤਰਾਂ ਵਿੱਚ ਤਾਂ ਇਹ ਸਭ ਸਪਸ਼ਟ ਨਜ਼ਰ ਆਉਂਦਾ ਹੀ ਹੈ। ਵਾਤਾਵਰਣ ਦੀ ਤਬਾਹੀ ਅਤੇ ਕੁਦਰਤੀ ਸੰਤੁਲਨ ਦੇ ਵਿਗਾੜ ਵਿੱਚ ਵੀ ਇਸ ਦੀ ਤੀਬਰਤਾ ਬਹੁਤ ਜਿਆਦਾ ਹੈ। 
ਬਹੁਮੁੱਖੀ ਤਬਾਹੀ ਦੀ ਇਸ ਹਨੇਰੀ ਨੂੰ ਠੱਲ ਪਾਉਣ ਲਈ ਪੂਰੇ ਪੰਜਾਬ ਵਿੱਚ ਵੱਖ-ਵੱਖ ਜੱਥੇਬੰਦੀਆਂ ਆਪਣੇ-ਆਪਣੇ ਪੱਧਰ 'ਤੇ ਵੱਖ-ਵੱਖ ਢੰਗਾਂ ਨਾਲ ਇਸ ਨਵੀਂ ਤਰਾਂ ਦੀ ਗ਼ੁਲਾਮੀ ਦਾ ਵਿਰੋਧ ਕਰ ਰਹੀਆਂ ਹਨ। ਪਰ ਇਹ ਕੋਸ਼ਿਸ਼ਾਂ ਛੋਟੀਆਂ ਹੋਣ ਕਰਕੇ ਉਲਟ ਪ੍ਰਚਾਰ ਦੀ ਹਨੇਰੀ ਸਾਹਮਣੇ ਠਹਿਰ ਨਹੀਂ ਪਾਉਂਦੀਆਂ। ਇਹੀ ਕਾਰਨ ਹੈ ਕਿ ਇਹ ਕੋਸ਼ਿਸ਼ਾਂ ਹਾਲੇ ਤੱਕ ਜ਼ਿਕਰਯੋਗ ਪ੍ਰਭਾਵ ਨਹੀਂ ਛੱਡ ਸਕੀਆਂ, ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਨਹੀਂ ਬਣ ਸਕੀਆਂ। 
ਅੱਜ ਲੋੜ ਹੈ ਇਹਨਾਂ ਕੋਸ਼ਿਸ਼ਾਂ ਨੂੰ ਇੱਕ ਲੜੀ ਵਿੱਚ ਪਿਰੋਇਆ ਜਾਵੇ ਤਾਂ ਕਿ ਦਿਓ ਕੱਦ ਦੁਸ਼ਮਣ ਨੂੰ ਪ੍ਰਭਾਵੀ ਢੰਗ ਨਾਲ ਤੇ ਕਰਾਰੀ ਭਾਂਜ ਦਿੱਤੀ ਜਾ ਸਕੇ। ਸਿਹਤਾਂ, ਵਾਤਾਵਰਣ, ਕੁਦਰਤ ਅਤੇ ਸਮਾਜ ਨੂੰ ਬਚਾਉਣ ਲਈ ਅਜਿਹਾ ਕਰਨਾ ਅੱਜ ਦੀ ਫ਼ੌਰੀ ਲੋੜ ਹੈ। 
“ਵਾਤਾਵਰਣ ਤੇ ਸਮਾਜ ਬਚਾਉ ਮੋਰਚਾ”, ਪੰਜਾਬ ਇਸੇ ਕੋਸ਼ਿਸ਼ ਤਹਿਤ ਇੱਕ ਠੋਸ ਪਹਿਲਕਦਮੀ ਹੈ। ਹੁਣ ਤੱਕ 50 ਦੇ ਲਗਪਗ ਛੋਟੀਆਂ-ਵੱਡੀਆਂ ਜੱਥੇਬੰਦੀਆਂ ਮੋਰਚੇ ਦਾ ਹਿੱਸਾ ਬਣ ਚੁੱਕੀਆਂ ਹਨ। ਮੋਰਚੇ ਦੇ ਇਹਨਾਂ ਭਾਈਵਾਲਾਂ ਨੇ ਸਬੰਧਿਤ ਮੁੱਦਿਆਂ 'ਤੇ ਆਪਣੀ ਸੋਚ ਨੂੰ ਪ੍ਰਪੱਕ ਕਰਨ ਲਈ ਸੈਮੀਨਾਰ ਅਤੇ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ ਉੱਥੇ ਹੀ ਆਪਣੀਆਂ ਸਰਗਰਮੀਆਂ ਵਿੱਚ ਪ੍ਰਸਪਰ ਤਾਲਮੇਲ ਕਰਨ ਦੇ ਨਾਲ-ਨਾਲ ਸਾਝਾਂ ਸੰਘਰਸ਼ ਵਿੱਢਣ ਦਾ ਫੈਸਲਾ ਵੀ ਲਿਆ ਹੈ। 
ਸੋ ਪੰਜਾਬ ਦੀ ਚਹੁੰਮੁੱਖੀ ਬੇਹਤਰੀ ਲਈ ਅਸੀਂ ਸੂਬੇ ਦੀਆਂ ਸਮੂਹ ਰਾਜਨੀਤਕ ਪਾਰਟੀਆਂ, ਕਿਸਾਨ-ਮਜ਼ਦੂਰ-ਮੁਲਾਜਿਮ ਜਮਾਤਾਂ, ਧਾਰਮਿਕ ਸੰਸਥਾਵਾਂ ਅਤੇ ਸਾਰੀਆਂ ਸਮਾਜਿਕ 'ਤੇ ਸੱਭਿਆਚਾਰਕ ਜੱਥੇਬੰਦੀਆਂ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਉਹ ਇਸ ਮੋਰਚੇ ਨਾਲ ਤਾਲਮੇਲ ਬਣਾਉਣ ਤਾਂ ਕਿ ਸਾਂਝੀ ਸਮਝ ਉੱਤੇ ਆਧਾਰਿਤ ਸਾਂਝੇ ਐਕਸ਼ਨ ਕੀਤੇ ਜਾ ਸਕਣ ਅਤੇ ਵੱਡੇ ਪੱਧਰ 'ਤੇ ਤਹਿਸ-ਨਹਿਸ ਹੋ ਰਹੇ ਸਮਾਜਿਕ ਤਾਣੇਬਾਣੇ, ਸੱਭਿਆਚਾਰ, ਵਾਤਾਵਰਣ, ਸਿਹਤਾਂ ਅਤੇ ਕੁਦਰਤੀ ਸੰਤੁਲਨ ਨੂੰ ਬਚਾਇਆ ਜਾ ਸਕੇ।  

“ਆਦਾਰਾ ਬਲਿਹਾਰੀ ਕੁਦਰਤ”

No comments:

Post a Comment