Friday 20 January 2012

ਕੁਦਰਤੀ ਖੇਤੀ ਦੇ ਵਿਗਿਆਨੀ ਕਿਸਾਨ

ਕੁਦਰਤੀ ਖੇਤੀ ਨੂੰ ਸਭ ਦੀ ਖੇਵਨਹਾਰ ਮੰਨਣ ਵਾਲਾ ਅਗਾਂਹ ਵਧੂ ਕੁਦਰਤੀ ਖੇਤੀ ਕਿਸਾਨ ਗੁਰਮੀਤ ਸਿੰਘ ਬਹਾਵਲਪੁਰ

ਦੋਸਤੋ! ਇਸ ਵਾਰ ਇਸ ਕਾਲਮ ਤਹਿਤ ਅਸੀਂ ਤੁਹਾਡੀ ਮੁਲਾਕਾਤ ਪਟਿਆਲਾ ਜਿਲ੍ਹੇ ਤੋਂ ਬਹਾਵਲਪੁਰ ਪਿੰਡ ਦੇ ਕੁਦਰਤੀ ਖੇਤੀ ਕਿਸਾਨ ਸ. ਗੁਰਮੀਤ ਸਿੰਘ ਨਾਲ  ਕਰਵਾ ਰਹੇ ਹਾਂ। ਗੁਰਮੀਤ ਸਿੰਘ ਨੂੰ ਇਹਨਾਂ ਲਿਆਕਤ, ਹਲੀਮੀ ਅਤੇ ਸਭ ਦੇ ਹਿੱਤ ਵਿੱਚ ਸੋਚਣ ਦੇ ਗੁਣਾਂ ਸਦਕਾ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਉਣ ਦੀ ਵੀ ਜਿੰਮੇਵਾਰੀ ਸੌਂਪੀ ਹੋਈ ਹੈ। ਗਿਆਰਵੀਂ ਜਮਾਤ ਤੱਕ ਪੜੇ ਹੋਏ ਗੁਰਮੀਤ ਸਿੰਘ ਨੇ ਖੇਤੀਬਾੜੀ 20 ਕੁ ਸਾਲ ਪਹਿਲਾਂ ਸ਼ੁਰੂ ਕੀਤੀ ਅਤੇ ਅੱਜ ਤੋਂ ਸਾਢੇ ਚਾਰ ਸਾਲ ਪਹਿਲਾਂ ਸ਼੍ਰੀ ਉਮੇਂਦਰ ਦੱਤ ਦੀ ਪ੍ਰੇਰਨਾ ਸਦਕਾ ਉਹਨਾ ਕੁਦਰਤੀ ਖੇਤੀ ਸ਼ੁਰੂ ਕਰ ਦਿੱਤੀ। ਅੱਜ ਗੁਰਮੀਤ ਸਿੰਘ ਇੱਕ ਸਫਲ ਕੁਦਰਤੀ ਖੇਤੀ ਕਿਸਾਨ ਵਜੋਂ ਜਾਣੇ ਜਾਂਦੇ ਹਨ। 
ਸਾਡੇ ਨਾਲ ਕੁਦਰਤੀ ਖੇਤੀ ਸਬੰਧੀ ਆਪਣਾ ਹੁਣ ਤੱਕ ਦਾ ਤਜ਼ਰਬਾ ਸਾਂਝਾ ਕਰਦਿਆ ਉਹਨਾ ਦੱਸਿਆ ਕਿ ਰਸਾਇਣਕ ਖੇਤੀ ਵਿੱਚ ਰਸਾਇਣਕ ਖਾਦਾਂ ਅਤੇ ਜ਼ਹਿਰਾਂ ਦੇ ਇਸਤੇਮਾਲ ਵਿੱਚ ਹੋ ਰਹੇ ਲਗਾਤਾਰ ਵਾਧੇ, ਉਹਨਾਂ ਉੱਪਰ ਆਉਣ ਵਾਲੀ ਲਾਗਤ, ਜ਼ਹਿਰਾਂ ਦੀ ਵਰਤੋਂ ਦੇ ਬਾਵਜੂਦ ਬੇਕਾਬੂ ਹੁੰਦੇ ਜਾ ਰਹੇ ਕੀਟਾਂ ਅਤੇ ਪੰਜਾਬੀਆਂ ਦੀ ਸਿਹਤ ਵਿੱਚ ਆ ਰਹੇ ਨਿਘਾਰ ਨੇ ਉਹਨਾਂ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ। ਸਿੱਟੇ ਵਜੋਂ ਉਹਨਾ ਨੇ ਬਿਨਾਂ ਹੋਰ ਵਕਤ ਗਵਾਏ ਕੁਦਰਤੀ ਖੇਤੀ ਅਪਣਾ ਲਈ। ਗੁਰਮੀਤ ਜੀ ਦਾ ਕਹਿਣਾ ਹੈ ਕਿ ਬੇਸ਼ੱਕ ਸ਼ੁਰੂ-ਸ਼ੁਰੂ ਵਿੱਚ ਕੁਦਰਤੀ ਖੇਤੀ ਵਿੱਚ ਕਣਕ ਦਾ ਝਾੜ ਕਾਫੀ ਘਟਦਾ ਰਿਹਾ ਪਰ ਉਹਨਾ ਸਬਰ ਨਹੀਂ ਗਵਾਇਆ। ਕਿਉਂਕਿ ਉਹ ਜਾਣਦੇ ਸਨ ਕਿ ਜਿਵੇਂ-ਜਿਵੇਂ ਭੂਮੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧਦੀ ਜਾਵੇਗੀ ਉਵੇਂ-ਉਵੇਂ ਝਾੜ ਵੀ ਵਧਦਾ ਜਾਵੇਗਾ ਅਤੇ ਅੱਜ ਹੋ ਵੀ ਇੰਞ ਹੀ ਰਿਹੈ। 
ਉਹਨਾਂ ਦੱਸਿਆ ਕਿ ਕੁਦਰਤੀ ਖੇਤੀ ਸਦਕਾ ਉਹਨਾ ਦੀ ਜ਼ਮੀਨ ਵਿੱਚ ਬਣਤਰ ਵਿੱਚ ਬਹੁਤ ਸੁਧਾਰ ਆਇਆ ਹੈ। ਇਹ ਹੁਣ ਪਹਿਲਾਂ ਵਾਂਗੂ ਕਠੋਰ ਨਹੀਂ ਰਹਿ ਗਈ ਸਗੋਂ ਮਖਮਲ ਵਾਂਗੂੰ ਨਰਮ ਬਣ ਗਈ ਹੈ। ਉਹਨਾਂ ਦੇ ਖੇਤਾਂ ਦੀ ਮਿੱਟੀ ਵਿੱਚੋਂ ਭਿੰਨੀ-ਭਿੰਨੀ ਖੁਸ਼ਬੂ ਆਉਂਦੀ ਹੈ। ਜ਼ਮੀਨ ਪਹਿਲਾਂ ਦੇ ਮੁਕਾਬਲੇ ਪਾਣੀ ਵੀ ਘੱਟ ਮੰਗਦੀ ਹੈ ਅਤੇ ਭੂਮੀ ਵਿੱਚ ਕੱਲਰ ਵੀ ਘਟ ਗਿਆ ਹੈ। ਗੰਡੋਏ ਤੋਂ ਲੈ ਧਰਤੀ ਨੂੰ ਉਪਜਾਊ ਬਣਾਉਣ ਵਾਲੇ ਘੀ ਘੁੰਮਿਆਰਾਂ ਸਮੇਤ ਅਨੇਕਾਂ ਪ੍ਰਕਾਰਦੇ ਜੀਵ ਜੰਤੂ ਉਹਨਾਂ ਦੀ ਜ਼ਮੀਨ ਵਿੱਚ ਵਾਪਸ ਆ ਗਏ ਹਨ। ਇੰਨਾ ਹੀ ਨਹੀਂ ਜਦੋਂ ਤੋਂ ਕੁਦਰਤੀ ਖੇਤੀ ਕਰਨ ਲੱਗੇ ਹਨ ਉਦੋਂ ਤੋਂ ਉਹਨਾਂ ਦੇ ਖੇਤਾਂ ਵਿੱਚ ਤਿੱਤਰਾਂ ਸਮੇਤ ਅਨੇਕਾਂ ਪ੍ਰਕਾਰ ਦੇ ਪੰਛੀਆਂ ਦੀ ਆਮਦ ਵੀ ਵਧ ਗਈ ਹੈ। 
ਜਦੋਂ ਗੁਰਮੀਤ ਜੀ ਨੂੰ ਕੁਦਰਤੀ ਖੇਤੀ ਉਪਜ ਦੇ ਉਹਨਾਂ ਦੀ ਪਰਿਵਾਰਕ ਸਿਹਤ ਉੱਤੇ ਪਏ ਪ੍ਰਭਾਵ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਕੁਦਰਤੀ ਖੇਤੀ ਸਦਕਾ ਉਹਨਾਂ ਦੇ ਖ਼ੁਰਾਕ ਵਿੱਚ 40 ਸਾਲ ਪੁਰਾਣੀ ਕੁਦਰਤੀ ਮਿਠਾਸ, ਸਵਾਦ ਅਤੇ ਪੌਸ਼ਟਿਕਤਾ ਵਾਪਸ ਆ ਗਈ ਹੈ। ਜਿਹਦੇ ਕਰਕੇ ਪੂਰੇ ਪਰਿਵਾਰ ਦੀ ਪਾਚਣ ਪ੍ਰਣਾਲੀ ਵਿੱਚ ਜ਼ਿਕਰਯੋਗ ਸੁਧਾਰ ਆਇਆ ਹੈ। ਹਰ ਸਾਲ ਸਰਦੀਆਂ ਵਿੱਚ ਹੋਣ ਵਾਲਾ ਬੁਖਾਰ, ਜ਼ੁਕਾਮ ਪਿਛਲੇ ਡੇਢ ਸਾਲ ਤੋਂ ਬੀਤੇ ਦੀ ਗੱਲ ਹੋ ਗਿਆ ਹੈ।  ਇੰਞ ਮਹਿਸੂਸ ਹੁੰਦਾ ਹੈ ਕਿ ਕੁਦਰਤੀ ਖੇਤੀ ਤਹਿਤ ਉਪਜਾਈ ਗਈ ਖ਼ੁਰਾਕ ਖਾਣ ਨਾਲ ਉਹਨਾਂ ਦੇ ਪਰਿਵਾਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਕੁਦਰਤੀ ਖੇਤੀ ਤੋ ਪਹਿਲਾ ਜਿਹੜੀ ਗੋਭੀ ਖਾਣ ਮਗਰੋਂ ਮੂੰਹ ਕੌੜਾ ਹੋ ਜਾਂਦਾ ਸੀ ਹੁਣ ਉਹੀ ਗੋਭੀ ਮੂੰਹੋਂ ਨਹੀਂ ਲਹਿੰਦੀ। ਇੱਥੋਂ ਤੱਕ ਬੱਚੇ ਵੀ ਕੁਦਰਤੀ ਖੇਤੀ 'ਚੋਂ ਆਏ ਘਰ ਦੇ ਖਾਣੇ ਨੂੰ ਹੀ ਪਹਿਲ ਦਿੰਦੇ ਹਨ। 
ਗੁਰਮੀਤ ਜੀ ਦਾ ਕਹਿਣਾ ਹੈ ਕਿ ਰਸਾਇਣਕ ਖੇਤੀ ਕਾਰਨ ਜਿਸ ਤੇਜੀ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਖ਼ੁਰਾਕ ਲੜੀ ਵਿੱਚ ਜ਼ਹਿਰ ਭਰ ਰਹੇ ਹਨ ਅਤੇ ਨਤੀਜ਼ੇ ਵਜੋਂ ਲੋਕਾਂ ਉੱਤੇ ਬਿਮਾਰੀਆਂ ਦਾ ਪ੍ਰਕੋਪ ਵਧ ਰਿਹਾ, ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਇਸ ਸਭ ਦੇ ਮੱਦੇ-ਨਜ਼ਰ ਸਰਕਾਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਚਾਹੀਦਾ ਹੈ ਕਿ ਉਹ ਕੁਦਰਤੀ ਖੇਤੀ ਨੂੰ ਆਪਣੇ ਮੁੱਖ ਏਜੰਡੇ ਵਜੋਂ ਸਵੀਕਾਰ ਕਰਕੇ ਖੇਤੀ ਖੋਜ਼ ਦੀ ਦਿਸ਼ਾ ਕੁਦਰਤੀ ਖੇਤੀ ਵੱਲ ਮੋੜ ਦੇਣ। ਉਹਨਾ ਦਾ ਮਤ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਜਾਣੇ-ਅਨਜਾਣੇ ਪੰਜਾਬ ਖੇਤੀ, ਕਿਸਾਨੀ ਅਤੇ ਲੋਕਾਈ ਨੂੰ ਬਲਦੀ ਦੇ ਬੂਥੇ ਧੱਕਿਆ ਹੈ ਅਤੇ ਹੁਣ ਆਪਣੀਆਂ ਗਲਤੀਆਂ 'ਤੇ ਪਰਦਾ ਪਾਉਣ ਲਈ ਉਹ ਦੇਸ ਦੀ ਅੰਨ ਸੁਰੱਖਿਆ ਦਾ ਰੋਣਾ ਰੋ ਕੇ ਕੁਦਰਤੀ ਖੇਤੀ ਨੂੰ ਛੁਟਿਆਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। 
ਮਾਰਕੀਟਿੰਗ ਸਬੰਧੀ ਗੱਲ ਕਰਦਿਆਂ ਗੁਰਮੀਤ ਜੀ ਨੇ ਦੱਸਿਆ ਕਿ ਉਹਨਾਂ ਦੁਆਰਾ ਪੈਦਾ ਕੀਤੀ ਗਈ ਕੁਦਰਤੀ ਕਣਕ ਖੇਤ ਵਿੱਚ ਖੜੀ ਹੀ ਵਿਕ ਜਾਂਦੀ ਹੈ,  ਸਬਜ਼ੀਆਂ, ਕੁੱਝ ਮਾਤਰਾ ਵਿੱਚ ਪੰਚਕੂਲੇ ਭੇਜੀਆਂ ਜਾਂਦੀਆਂ ਹਨ ਅਤੇ ਬਾਕੀ ਉਹਨਾਂ ਦੇ ਸਾਂਝੀਦਾਰ ਵੱਲੋਂ ਘਨੌਰ ਸ਼ਹਿਰ ਵਿੱਚ ਫੇਰੀ ਲਾ ਕੇ ਰੇਹੜੀ ਵਾਲਿਆਂ ਦੇ ਰੇਟ 'ਤੇ ਵੇਚੀਆਂ ਜਾਂਦੀਆਂ ਹਨ ਜਦੋਂਕਿ ਜੀਰੀ ਆਮ ਮੰਡੀ ਵਿੱਚ ਵੇਚ ਜਾਂਦੀ ਹੈ। 
ਅੰਤ ਵਿੱਚ ਆਮ ਕਿਸਾਨਾਂ ਨੂੰ ਸੁਨੇਹਾਂ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਵਰਤਮਾਨ ਸਮੇਂ ਰਸਾਇਣਕ ਖੇਤੀ ਦੇ ਝਾੜ ਵਿੱਚ ਖੜੋਤ ਆ ਚੁੱਕੀ ਹੈ ਅਤੇ ਇਹ ਲਗਾਤਾਰ ਨਿਘਾਰ ਵੱਲ ਵਧ ਰਹੀ ਹੈ। ਇਸ ਲਈ ਸਮੂਹ ਕਿਸਾਨ ਵੀਰਾਂ ਨੂੰ ਸਮਾਂ ਰਹਿੰਦਿਆਂ ਹੀ ਰਸਾਇਣਕ ਖੇਤੀ ਅਤੇ ਇਸਦੇ ਲੰਬਰਦਾਰਾਂ ਨੂੰ ਤੱਜ ਕੇ ਕੁਦਰਤੀ ਖੇਤੀ ਵੱਲ ਮੁਹਾਰਾਂ ਮੋੜ ਲੈਣੀਆਂ ਚਾਹੀਦੀਆਂ ਹਨ। ਕਿਸਾਨਾ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਕੁਦਰਤੀ ਖੇਤੀ 'ਤੇ ਖੋਜ਼ ਕਰਨ ਅਤੇ ਇਸਦਾ ਪਸਾਰ ਕਰਨ ਲਈ ਮਜ਼ਬੂਰ ਕਰ ਦੇਣ। ਕਿਉਂਕਿ ਕੁਦਰਤੀ ਖੇਤੀ ਹੀ ਅੰਤ ਸਭ ਦੀ ਖੇਵਨਹਾਰ ਬਣੇਗੀ। 

No comments:

Post a Comment