Tuesday 3 July 2012

ਖਰਪਤਵਾਰ ਨੂੰ ਦੋਸਤ ਬਣਾ ਕੇ ਬਿਨਾਂ ਜੁਤਾਈ ਦੇ ਖੇਤੀ

                                                                                                                                      ਬਾਬਾ ਮਾਇਆਰਾਮ

ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਸ਼ਹਿਰ ਤੋਂ ਭੋਪਾਲ ਵੱਲ ਸਿਰਫ 3 ਕਿਲੋਮੀਟਰ ਦੂਰ ਹੈ ਟਾਈਟਸ ਫਾਰਮ। ਇੱਥੇ ਪਿਛਲੇ 25 ਸਾਲ ਤੋਂ ਕੁਦਰਤੀ ਖੇਤੀ ਦਾ ਇੱਕ ਅਨੋਖਾ ਪ੍ਰਯੋਗ ਕੀਤਾ ਜਾ ਰਿਹਾ ਹੈ। ਰਾਜੂ ਟਾਈਟਸ ਜੋ ਪਹਿਲਾਂ ਖੁਦ ਰਸਾਇਣਿਕ ਖੇਤੀ ਕਰਦੇ ਸਨ, ਹੁਣ ਕੁਦਰਤੀ ਖੇਤੀ ਕਰਨ ਦੇ ਲਈ ਪ੍ਰਸਿੱਧ ਹੋ ਗਏ ਹਨ। ਉਹਨਾਂ ਦੇ ਖੇਤ ਨੂੰ ਦੇਖਣ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਲੋਕ ਆਉਂਦੇ ਹਨ। ਹੋਸ਼ੰਗਾਬਾਦ ਜਿਲ੍ਹੇ ਵਿੱਚ ਹਾਲ ਹੀ ਵਿੱਚ 3 ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ, ਇਸ ਤੋਂ ਉਹ ਵਿਚਲਿਤ ਹਨ ਪਰ ਨਿਰਾਸ਼ ਨਹੀ। ਉਹ ਕੁਦਰਤੀ ਖੇਤੀ ਨੂੰ ਇੱਕ ਵਿਕਲਪ ਦੇ ਰੂਪ ਵਿੱਚ ਦੇਖਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਰਸਾਇਣਿਕ ਖੇਤੀ ਦੇ ਦਿਨ ਲੱਦ ਗਏ ਹਨ। ਰਸਾਇਣਿਕ ਖਾਦ, ਕੀਟਨਾਸ਼ਕ, ਨਦੀਨਨਾਸ਼ਕ ਅਤੇ ਜੁਤਾਈ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟ ਗਈ ਹੈ। ਤਵਾ ਬੰਨ੍ਹ ਦੀ ਸਿੰਚਾਈ ਤੋਂ ਸ਼ੁਰੂ ਵਿੱਚ ਕੁੱਝ ਖੁਸ਼ਹਾਲੀ ਜ਼ਰੂਰ ਦਿਖਾਈ ਦਿੱਤੀ ਪਰ ਹੁਣ ਇਹ ਬੁਰੇ ਸਪਨੇ ਵਿੱਚ ਬਦਲ ਗਈ ਹੈ। ਹੋਸ਼ੰਗਾਬਾਦ ਵਿੱਚ ਇਸ ਵਾਰ ਜੋ ਸੋਇਆਬੀਨ ਦੀ ਫਸਲ ਖਰਾਬ ਹੋ ਗਈ। 20 ਕਿਲੋਗ੍ਰਾਮ ਤੋਂ ਲੈ ਕੇ 2 ਕੁਇੰਟਲ ਤੱਕ ਪ੍ਰਤਿ ਏਕੜ ਦੀ ਔਸਤਨ ਪੈਦਾਵਾਰ ਹੋਈ ਹੈ। ਅਜਿਹੇ ਵਿੱਚ ਬਦਲਵੀਂ ਖੇਤੀ ਦੇ ਬਾਰੇ ਵਿੱਚ ਵਿਚਾਰ ਕਰਨਾ ਜ਼ਰੂਰੀ ਹੈ। ਅਜਿਹੀਆਂ ਸਥਿਤੀਆਂ ਵਿੱਚ ਕੁਦਰਤੀ ਖੇਤੀ ਦਾ ਪ੍ਰਯੋਗ ਧਿਆਨ ਖਿੱਚਦਾ ਹੈ।
ਹਾਲ ਹੀ ਵਿੱਚ ਜਦ ਮੈਂ ਉਹਨਾਂ ਦੇ ਖੇਤ ਪਹੁੰਚਿਆ, ਉਦੋਂ ਉਹ ਮੁੱਖ ਗੇਟ ਤੇ ਮੇਰਾ ਇੰਤਜ਼ਾਰ ਕਰ ਰਹੇ ਸਨ। ਸਭ ਤੋਂ ਪਹਿਲਾਂ ਉਹਨਾਂ ਨੇ ਚਾਹ ਦੇ ਬਦਲੇ ਕੁਦਰਤੀ ਸ਼ਰਬਤ ਪਿਆਇਆ ਜਿਸਨੂੰ ਗੁੜ, ਨਿੰਬੂ ਅਤੇ ਪਾਣੀ ਨਾਲ ਤਿਆਰ ਕੀਤਾ ਗਿਆ ਸੀ। ਖੇਤ ਦੇ ਅਮਰੂਦ ਖਵਾਏ ਅਤੇ ਫਿਰ ਖੇਤ ਦਿਖਾਉਣ ਲੈ ਗਏ।
ਥੋੜ੍ਹੀ ਦੇਰ ਵਿੱਚ ਅਸੀ ਖੇਤ ਪਹੁੰਚ ਗਏ। ਇਸ ਅਨੂਠੇ ਪ੍ਰਯੋਗ ਵਿੱਚ ਬਰਾਬਰ ਦੀ ਹਿੱਸੇਦਾਰ ਉਹਨਾਂ ਦੀ ਪਤਨੀ ਸ਼ਾਲਿਨੀ ਵੀ ਉਹਨਾਂ ਦੇ ਨਾਲ ਸੀ। ਹਰੇ-ਭਰੇ ਅਮਰੂਦ ਦੇ ਰੁੱਖ ਹਵਾ ਵਿੱਚ ਲਹਿਲਹਾ ਰਹੇ ਸਨ। ਇੱਕ ਜਵਾਨ ਮਜ਼ਦੂਰ ਹੱਥ ਵਿੱਚ ਯੰਤਰ ਲਏ ਨਦੀਨਾਂ ਨੂੰ ਸੁਲਾ ਰਿਹਾ ਸੀ। ਕ੍ਰਿੰਪਰ ਰੋਲਰ ਨਾਲ ਨਦੀਨਾਂ ਨੂੰ ਸੁਲਾ ਦਿੱਤਾ ਜਾਂਦਾ ਹੈ। ਇਸ ਖੇਤ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਸੀ। ਖੇਤ ਵਿੱਚ ਹਰਾ ਮੈਦਾਨ ਢਕਿਆ ਹੋਇਆ ਸੀ। ਯਾਨੀ ਨਦੀਨਾਂ ਨਾਲ ਖੇਤ ਨੂੰ ਢਕ ਕੇ ਰੱਖਣਾ। ਇੱਥੇ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢਕ ਕੇ ਰੱਖਿਆ ਹੋਇਆ ਸੀ। ਇਸ ਵਿੱਚ ਗਾਜਰ ਘਾਹ ਜਿਹੇ ਨਦੀਨ ਦਾ ਵੀ ਇਸਤੇਮਾਲ ਕੀਤਾ ਗਿਆ ਸੀ। ਪੁੱਛਣ ਤੇ ਦੱਸਿਆ ਗਿਆ ਕਿ ਆਮ ਸਿੰਚਾਈ ਤੋਂ ਬਾਅਦ ਜ਼ਮੀਨ ਪਰਾਲੀ ਨਾਲ ਜਾਂ ਨਦੀਨਾਂ ਨਾਲ ਢਕ ਦਿੱਤੀ ਜਾਂਦੀ ਹੈ। ਸੂਰਜ ਦੀਆਂ ਕਿਰਣਾਂ ਤੋਂ ਊਰਜਾ ਪਾ ਕੇ ਸੁੱਕੀ ਪਰਾਲੀ ਦੇ ਵਿੱਚੋਂ ਕਣਕ ਦੇ ਹਰੇ ਪੌਦੇ ਉੱਪਰ ਆ ਜਾਂਦੇ ਹਨ। ਇਹ ਦੇਖਣਾ ਸੁਖਦਾਈ ਸੀ।
ਰਾਜੂ ਦੱਸ ਰਹੇ ਸਨ ਕਿ ਖੇਤ ਨੂੰ ਪਰਾਲੀ ਨਾਲ ਢਕਣ ਦੇ ਕਾਰਨ ਸੂਖ਼ਮ ਜੀਵਾਣੂ, ਗੰਡੋਏ, ਕੀੜੇ-ਮਕੌੜੇ ਪੈਦਾ ਹੋ ਜਾਂਦੇ ਹਨ ਅਤੇ ਜਮੀਨ ਨੂੰ ਛੇਕਦਾਰ, ਪੋਲਾ ਅਤੇ ਪਾਣੀਦਾਰ ਬਣਾਉਂਦੇ ਹਨ। ਇਹ ਸਭ ਮਿਲ ਕੇ ਜਮੀਨ ਨੂੰ ਉਪਜਾਊ ਅਤੇ ਤਾਕਤਵਰ ਬਣਾਉਂਦੇ ਹਨ ਜਿਸ ਨਾਲ ਫਸਲ ਵਧੀਆ ਹੁੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਰਸਾਇਣਿਕ ਖੇਤੀ ਵਿੱਚ ਝੋਨੇ ਦੇ ਖੇਤ ਵਿੱਚ ਪਾਣੀ ਭਰ ਕੇ ਉਸਨੂੰ ਮਚਾਇਆ ਜਾਂਦਾ ਹੈ ਜਿਸ ਨਾਲ ਪਾਣੀ ਹੇਠਾਂ ਨਹੀ ਜਾ ਪਾਉਂਦਾ। ਧਰਤੀ ਵਿੱਚ ਨਹੀ ਸਮਾਉਂਦਾ। ਜਦਕਿ ਕੁਦਰਤੀ ਖੇਤੀ ਵਿੱਚ ਪਾਣੀ ਖੇਤ ਵਿੱਚ ਸਮਾ ਜਾਂਦਾ ਹੈ। ਭੂਮੀਗਤ ਜਲ ਸਤਰ ਵਧਦਾ ਹੈ।
ਖੇਤ ਨੂੰ ਢਕਣ ਕਾਰਨ ਜਿੱਥੇ ਇੱਕ ਪਾਸੇ ਜਮੀਨ ਵਿੱਚ ਜਲ ਸਰੱਖਿਅਣ ਕਰਦਾ ਹੈ ਅਤੇ ਇੱਥੋ ਦੇ ਉਥਲੇ ਖੂਹਾਂ ਦਾ ਜਲ ਸਤਰ ਵਧਦਾ ਹੈ। ਉੱਥੇ ਹੀ ਦੂਸਰੇ ਪਾਸੇ ਫਸਲ ਨੂੰ ਕੀੜਿਆਂ ਦੇ ਪ੍ਰਕੋਪ ਤੋਂ ਬਚਾਉਂਦਾ ਹੈ ਕਿਉਂਕਿ ਉੱਥੇ ਅਨੇਕ ਫਸਲਾਂ ਦੇ ਕੀੜਿਆਂ ਦੇ ਸ਼ਿਕਾਰੀ  ਕੀੜ•ੇ ਨਿਵਾਸ ਕਰਦੇ ਹਨ ਜਿਸ ਨਾਲ ਰੋਗ ਲੱਗਦੇ ਹੀ ਨਹੀ।
ਉਹਨਾਂ ਮੁਤਾਬਿਕ ਜਦ ਵੀ ਖੇਤ ਵਿੱਚ ਜੁਤਾਈ ਕੀਤੀ ਜਾਂਦੀ ਹੈ ਤਾਂ ਬਾਰੀਕ ਮਿੱਟੀ ਨੂੰ ਬਾਰਿਸ਼ ਵਹਾ ਕੇ ਲੇ ਜਾਂਦੀ ਹੈ। ਸਾਲ-ਦਰ-ਸਾਲ ਖਾਦ-ਮਿੱਟੀ ਦੀ ਉਪਜਾਊ ਪਰਤ ਬਾਰਿਸ਼ ਵਿੱਚ ਵਹਿ ਜਾਂਦੀ ਹੈ ਜਿਸ ਨਾਲ ਖੇਤ ਭੁੱਖੇ-ਪਿਆਸੇ ਰਹਿ ਜਾਂਦੇ ਹਨ ਅਤੇ ਇਸ ਲਈ ਸਾਨੂੰ ਬਾਹਰੀ ਨਿਵੇਸ਼ ਦੀ ਜ਼ਰੂਰਤ ਪੈਂਦੀ ਹੈ। ਭਾਵ ਬਾਹਰ ਤੋਂ ਰਸਾਇਣਿਕ ਖਾਦਾਂ ਆਦਿ ਪਾਉਣ ਦੀ ਜ਼ਰੂਰਤ ਪੈਂਦੀ ਹੈ।
ਜਮੀਨ ਦੇ ਅੰਦਰ ਦੀ ਜੈਵਿਕ ਖਾਦ ਜਿਸਨੂੰ ਵਿਗਿਆਨਕ ਕਾਰਬਨ ਕਹਿੰਦੇ ਹਨ, ਜੁਤਾਈ ਨਾਲ ਗੈਸ ਬਣਕੇ ਉੱਡ ਜਾਂਦੀ ਹੈ ਜੋ ਧਰਤੀ ਦੇ ਗਰਮ ਹੋਣ ਅਤੇ ਮੌਸਮ ਪਰਿਵਰਤਨ ਵਿੱਚ ਸਹਾਇਕ ਹੁੰਦੀ ਹੈ। ਗਲੋਬਲ ਵਾਰਮਿੰਗ ਅਤੇ ਮੌਸਮ ਪਰਿਵਰਤਨ ਇਸ ਸਮੇਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਚਿੰਤਾ ਦਾ ਸਬੱਬ ਬਣੇ ਹੋਏ ਹਨ। ਪਰ ਜੇਕਰ ਬਿਨਾਂ ਜੁਤਾਈ ਦੀ ਪਦਤੀ ਨਾਲ ਖੇਤੀ ਕੀਤੀ ਜਾਵੇ ਤਾਂ ਇਹ ਸਮੱਸਿਆ ਨਹੀ ਹੋਵੇਗੀ ਅਤੇ ਹੁਣ ਤਾਂ ਜਿਲ੍ਹੇ ਵਿੱਚ ਜੋ ਟਰੈਕਟਰ-ਹਾਰਵੈਸਟਰ ਦੀ ਖੇਤੀ ਹੋ ਰਹੀ ਹੈ, ਉਹ ਗਲੋਬਲ ਵਾਰਮਿੰਗ ਦੇ ਹਿਸਾਬ ਨਾਲ ਉੱਚਿਤ ਨਹੀ ਮੰਨੀ ਜਾ ਸਕਦੀ।
ਰਾਜੂ ਟਾਈਟਸ ਦੇ ਕੋਲ 13.5 ਏਕੜ ਜਮੀਨ ਹੈ ਜਿਸ ਵਿੱਚੋਂ 12 ਏਕੜ ਵਿੱਚ ਉਹ ਖੇਤੀ ਕਰਦੇ ਹਨ। ਇਸ ਸਾਲ ਗਵਾਂਢੀ ਦੀ ਕੁੱਝ ਜਮੀਨ 'ਤੇ ਉਹ ਪ੍ਰਯੋਗ ਕਰ ਰਹੇ ਹਨ। ਇਸ 12 ਏਕੜ ਜਮੀਨ ਵਿੱਚੋਂ 11 ਏਕੜ ਵਿੱਚ ਸੁਬਬੂਲ (ਆਸਟ੍ਰੇਲਿਅਨ ਅਗੇਸੀਆ) ਦਾ ਸੰਘਣਾ ਜੰਗਲ ਹੈ। ਇਹ ਚਾਰੇ ਦੀ ਇੱਕ ਪ੍ਰਜਾਤੀ ਹੈ। ਇਸ ਨਾਲ ਪਸ਼ੂਆਂ ਦੇ ਲਈ ਚਾਰਾ ਅਤੇ ਈਂਧਨ ਦੇ ਲਈ ਲੱਕੜੀਆਂ ਮਿਲਦੀਆਂ ਹਨ ਜਿੰਨ੍ਹਾਂ ਨੂੰ ਉਹ ਸਸਤੇ ਮੁੱਲ 'ਤੇ ਗਰੀਬ ਮਜ਼ਦੂਰਾਂ ਨੂੰ ਵੇਚ ਦਿੰਦੇ ਹਨ। ਉਹਨਾਂ ਅਨੁਸਾਰ ਸਿਰਫ ਲੱਕੜੀ ਵੇਚਣ ਨਾਲ ਸਾਲਾਨਾ ਆਮਦਨੀ ਢਾਈ ਲੱਖ ਰੁਪਏ ਹੁੰਦੀ ਹੈ। ਸਿਰਫ ਇੱਕ ਏਕੜ ਜਮੀਨ ਉੱਪਰ ਹੀ ਖੇਤੀ ਕੀਤੀ ਜਾ ਰਹੀ ਹੈ।
ਰਾਜੂ ਜੀ ਦੱਸਦੇ ਹਨ ਕਿ ਅਸੀ ਖੇਤੀ ਨੂੰ ਭੋਜਨ ਦੀ ਜ਼ਰੂਰਤ ਦੇ ਹਿਸਾਬ ਨਾਲ ਕਰਦੇ ਹਾਂ, ਬਾਜ਼ਾਰ ਦੇ ਹਿਸਾਬ ਨਾਲ ਨਹੀ। ਸਾਡੀ ਜ਼ਰੂਰਤ ਇੱਕ ਏਕੜ ਤੋਂ ਹੀ ਪੂਰੀ ਹੋ ਜਾਂਦੀ ਹੈ। ਇੱਥੋਂ ਸਾਨੂੰ ਅਨਾਜ, ਫਲ, ਦੁੱਧ ਅਤੇ ਸਬਜੀਆਂ ਮਿਲਦੀਆਂ ਹਨ, ਜੋ ਸਾਡੇ ਪਰਿਵਾਰ ਦੀ ਜਰੂਰਤ ਪੂਰੀ ਕਰ ਦਿੰਦੇ ਹਨ। ਸਰਦੀਆਂ ਵਿੱਚ ਕਣਕ, ਗਰਮੀ ਵਿੱਚ ਮੱਕੀ ਅਤੇ ਮੂੰਗ ਅਤੇ ਬਾਰਿਸ਼ ਵਿੱਚ ਝੋਨੇ ਦੀ ਫਸਲ ਲੈਂਦੇ ਹਨ।
ਕਣਕ ਦਾ ਖੇਤ ਦਿਖਾਉਣ ਤੋਂ ਬਾਅਦ ਉਹ ਜੰਗਲ ਵੱਲ ਲੈ ਗਏ। ਰਸਤੇ ਵਿੱਚ ਨਾਲੇ ਵਿੱਚ ਪਾਣੀ ਵਹਿ ਰਿਹਾ ਸੀ। ਇਸ ਵਿੱਚ ਉਹਨਾਂ ਨੇ ਦੇਸੀ ਤਰੀਕੇ ਦਾ ਲੱਕੜੀ ਦਾ ਪੁਲ ਬਣਾਇਆ ਹੋਇਆ ਹੈ। ਅਸੀ ਉਸਨੂੰ ਪਾਰ ਕਰਕੇ ਜੰਗਲ ਵਿੱਚ ਪਹੁੰਚ ਗਏ। ਇਸਨੂੰ ਪਾਰ ਕਰਨਾ ਤਣੀ ਰੱਸੀ ਉੱਤੇ ਚੱਲਣ ਦੇ ਸਮਾਨ ਸੀ।
ਕੁਦਰਤੀ ਖੇਤੀ ਨੂੰ ਰਿਸ਼ੀ ਖੇਤੀ ਵੀ ਕਹਿੰਦੇ ਹਨ। ਰਾਜੂ ਟਾਈਟਸ ਇਸਨੂੰ ਕੁਦਰਤੀ-ਜੈਵਿਕ ਖੇਤੀ ਕਹਿੰਦੇ ਹਨ ਜਿਸ ਵਿੱਚ ਬਾਹਰ ਤੋਂ ਕੁੱਝ ਵੀ ਨਹੀ ਪਾਉਣਾ ਪੈਂਦਾ। ਨਾ ਹੀ ਖੇਤ ਵਿੱਚ ਹਲ ਨਾਲ ਜੁਤਾਈ ਕੀਤੀ ਜਾਂਦੀ ਹੈ ਅਤੇ ਨਾ ਹੀ ਬਾਹਰ ਤੋਂ ਕਿਸੇ ਵੀ ਪ੍ਰਕਾਰ ਦੀ ਮਾਨਵ ਨਿਰਮਿਤ ਖਾਦ ਪਾਈ ਜਾਂਦੀ ਹੈ। ਨੋ ਟਿਲਿੰਗ ਭਾਵ ਬਿਨਾਂ ਜੁਤਾਈ ਦੇ ਖੇਤੀ। ਪਿਛਲੇ 25 ਸਾਲਾਂ ਤੋਂ ਉਹਨਾਂ ਨੇ ਆਪਣੇ ਖੇਤ ਵਿੱਚ ਹਲ ਨਹੀ ਚਲਾਇਆ ਅਤੇ ਨਾ ਹੀ ਕੀੜਿਆਂ ਨੂੰ ਮਾਰਨ ਦੇ ਲਈ ਕੀਟਨਾਸ਼ਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪੂਰੀ ਤਰ੍ਹਾ  ਅਹਿੰਸਕ ਕੁਦਰਤੀ ਖੇਤੀ ਹੈ।
ਇਸਦੀ ਸ਼ੁਰੂਆਤ ਜਾਪਾਨ ਦੇ ਮਸ਼ਹੂਰ ਖੇਤੀ ਵਿਗਿਆਨਕ ਮਾਸਾਨੋਬੂ ਫੁਕੂਓਕਾ ਨੇ ਕੀਤੀ ਸੀ ਜੋ ਖ਼ੁਦ ਇੱਥੇ ਆਏ ਸਨ। ਫੁਕੂਓਕਾ ਨੇ ਖ਼ੁਦ ਵਰਿਆਂ ਤੱਕ ਆਪਣੇ ਖੇਤ ਵਿੱਚ ਪ੍ਰਯੋਗ ਕੀਤਾ ਅਤੇ ਇੱਕ ਕਿਤਾਬ ਲਿਖੀ - ਵੰਨ ਸਟ੍ਰਾਅ ਰੈਵੂਲੇਸ਼ਨ ਭਾਵ ਇੱਕ ਤਿਨਕੇ ਤੋਂ ਆਈ ਕ੍ਰਾਂਤੀ। ਅਮਰੀਕਾ ਵਿੱਚ ਵੀ ਹੁਣ ਬਿਨਾਂ ਜੁਤਾਈ ਦੇ ਖੇਤੀ ਕਰਨ ਦਾ ਚਲਨ ਹੋ ਗਿਆ ਹੈ।
ਆਮ ਤੌਰ ਤੇ ਖੇਤੀ ਵਿੱਚ ਫਸਲ ਦੇ ਇਲਾਵਾ ਕਿਸੇ ਵੀ ਤਰ੍ਹਾ  ਦੇ ਨਦੀਨ, ਰੁੱਖਾਂ, ਪੌਦਿਆਂ ਨੂੰ ਦੁਸ਼ਮਣ ਮੰਨਿਆ ਜਾਂਦਾ ਹੈ ਪਰ ਕੁਦਰਤੀ ਖੇਤੀ ਵਿੱਚ ਇਹਨਾਂ ਦੇ ਸਹਿਅਸਿਤਤਵ ਨਾਲ ਹੀ ਹੁੰਦੀ ਹੈ। ਇਹਨਾਂ ਸਭ ਨਾਲ ਮਿੱਤਰਤਾਪੂਰਨ ਵਿਵਹਾਰ ਕੀਤਾ ਜਾਂਦਾ ਹੈ। ਰੁੱਖਾਂ ਅਤੇ ਪੌਦਿਆਂ ਨੂੰ ਵੱਢਿਆ ਨਹੀ ਜਾਂਦਾ ਜਿਸ ਨਾਲ ਹਰਿਆਲੀ ਬਣੀ ਰਹਿੰਦੀ ਹੈ। ਇਹ ਪੁੱਛਣ ਤੇ ਕਿ ਕੀ ਰੁੱਖਾਂ ਕਾਰਨ ਫਸਲਾਂ ਨੂੰ ਨੁਕਸਾਨ ਨਹੀਂ ਹੁੰਦਾ। ਰਾਜੂ ਦਾ ਜਵਾਬ ਸੀ- ਬਿਲਕੁਲ ਨਹੀਂ।
ਰਾਜੂ ਦੱਸਦੇ ਹਨ ਕਿ ਰੁੱਖਾਂ ਦੇ ਕਾਰਨ ਖੇਤਾਂ ਵਿੱਚ ਗਹਿਰਾਈ ਤੱਕ ਜੜ੍ਹਾਂ ਦਾ ਜਾਲ ਬੁਣਿਆ ਰਹਿੰਦਾ ਹੈ ਅਤੇ ਇਸ ਨਾਲ ਵੀ ਜਮੀਨ ਤਾਕਤਵਰ ਬਣਦੀ ਜਾਂਦੀ ਹੈ। ਅਨਾਜ ਅਤੇ ਫਸਲਾਂ ਰੁੱਖਾਂ ਦੀ ਛਾਂ ਹੇਠ ਵਧੀਆ ਹੁੰਦੇ ਹਨ। ਛਾਂ ਦਾ ਅਸਰ ਜ਼ਮੀਨ ਦੇ ਉਪਜਾਊ ਹੋਣ 'ਤੇ ਨਿਰਭਰ ਕਰਦਾ ਹੈ। ਕਿਉਂਕਿ ਸਾਡੀ ਜਮੀਨ ਦੀ ਤਾਕਤ ਅਤੇ ਉਪਜਾਊ ਸ਼ਕਤੀ ਜ਼ਿਆਦਾ ਹੈ, ਇਸਲਈ ਰੁੱਖਾਂ ਦੀ ਛਾਂ ਦਾ ਫਸਲ ਉੱਪਰ ਕੋਈ ਉਲਟ ਅਸਰ ਨਹੀਂ ਪੈਂਦਾ।
ਬਿਨਾਂ ਜੁਤਾਈ ਦੇ ਖੇਤੀ ਮੁਸ਼ਕਿਲ ਹੈ, ਅਜਿਹਾ ਲੱਗਣਾ ਸੁਭਾਵਿਕ ਹੈ। ਜਦ ਪਹਿਲੀ ਵਾਰ ਮੈਂ ਇਹ ਸੁਣਿਆ ਸੀ ਤਾਂ ਵਿਸ਼ਵਾਸ਼ ਨਹੀ ਹੋਇਆ ਸੀ। ਪਰ ਦੇਖਣ ਤੋਂ ਬਾਅਦ ਸਾਰੀਆਂ ਸ਼ੰਕਾਵਾਂ ਦੂਰ ਹੋ ਗਈਆਂ। ਦਰਅਸਲ, ਇਸ ਵਾਤਾਵਰਣੀ ਪੱਧਤੀ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਜਾਂਦੀ ਹੈ ਜਦਕਿ ਰਸਾਇਣਿਕ ਖੇਤੀ ਵਿੱਚ ਇਹ ਲਗਾਤਾਰ ਘਟਦੀ ਜਾਂਦੀ ਹੈ ਅਤੇ ਇੱਕ ਸਥਿਤੀ ਤੋਂ ਬਾਅਦ ਉਸ ਵਿੱਚ ਕੁੱਝ ਨਹੀ ਉੱਗਦਾ। ਉਹ ਬੰਜਰ ਹੋ ਜਾਂਦੀ ਹੈ।
ਕੁਦਰਤੀ ਖੇਤੀ ਇੱਕ ਜੀਵਨ ਪੱਦਤੀ ਹੈ। ਇਸ ਵਿੱਚ ਮਾਨਵ ਦੀ ਭੁੱਖ ਮਿਟਾਉਣ ਦੇ ਨਾਲ ਸਭ ਜੀਵ-ਜਗਤ ਦੇ ਪਾਲਣ ਦਾ ਵਿਚਾਰ ਹੈ। ਸ਼ੁੱਧ ਹਵਾ ਅਤੇ ਪਾਣੀ ਮਿਲਦਾ ਹੈ। ਧਰਤੀ ਨੂੰ ਨੂੰ ਗਰਮ ਹੋਣ ਤੋਂ ਬਚਾਉਣ ਦੇ ਲਈ ਅਤੇ ਮੌਸਮ ਨੂੰ ਨਿਯੰਤ੍ਰਣ ਕਰਨ ਵਿੱਚ ਵੀ ਮੱਦਦਗਾਰ ਹੈ। ਇਸਨੂੰ ਰਿਸ਼ੀ ਖੇਤੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਰਿਸ਼ੀ-ਮੁਨੀ ਕੰਦ-ਮੂਲ, ਫਲ ਅਤੇ ਦੁੱਧ ਨੂੰ ਭੋਜਨ ਦੇ ਰੂਪ ਵਿੱਚ ਗ੍ਰਹਿਣ ਕਰਦੇ ਸਨ। ਬਹੁਤ ਘੱਟ ਜ਼ਮੀਨ 'ਤੇ ਮੂਲ ਅਨਾਜ ਉਪਜਾਉਂਦੇ ਸਨ। ਉਹ ਧਰਤੀ ਨੂੰ ਮਾਂ ਸਮਾਨ ਮੰਨਦੇ ਸਨ। ਉਸਨੂੰ ਧਰਤੀ ਮਾਤਾ ਕਹਿੰਦੇ ਸਨ। ਉਸ ਤੋਂ ਓਨਾ ਹੀ ਲੈਂਦੇ ਸਨ ਜਿੰਨੀ  ਜ਼ਰੂਰਤ ਹੁੰਦੀ ਸੀ। ਸਭ ਕੁੱਝ ਨਿਚੋੜਨ ਦੀ ਨੀਅਤ ਨਹੀ ਹੁੰਦੀ ਸੀ। ਇਸ ਸਭ ਦੇ ਮੱਦੇਨਜ਼ਰ ਕੁਦਰਤੀ ਖੇਤੀ ਵੀ ਇੱਕ ਰਸਤਾ ਹੋ ਸਕਦਾ ਹੈ।

No comments:

Post a Comment