Tuesday 3 July 2012

ਸਿੰਜੈਂਟਾਂ ਦੀ ਜੀ.ਐੱਮ. ਮੱਕੀ ਬਣੀ ਪਾਲਤੂ ਪਸ਼ੂਆਂ ਦਾ ਕਾਲ

ਕੰਪਨੀ ਖਿਲਾਫ਼ ਦਰਜ਼ ਹੋਇਆ ਅਪਰਾਧਿਕ ਮਾਮਲਾ
ਬਾਇਓਟੈੱਕ ਦੈਂਤ ਸਿੰਜੈਂਟਾ ਉੱਪਰ, ਇੱਕ ਅਦਾਲਤ ਵਿੱਚ ਦੀਵਾਨੀ ਮੁਕੱਦਮੇ ਦੌਰਾਨ (ਇਹ ਮੁਕੱਦਮਾ 2007 ਵਿੱਚ ਖਤਮ ਹੋ ਗਿਆ ਸੀ) ਇਹ ਛੁਪਾਉਣ ਕਰਕੇ ਕਿ ਇਸਦੀ ਜੀ ਐੱਮ ਮੱਕੀ ਪਸ਼ੂਆਂ ਨੂੰ ਮਾਰਦੀ ਹੈ, ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਸਿੰਜੈਂਟਾ ਦੀ ਬੀ ਟੀ 176 ਮੱਕੀ ਦੀ ਕਿਸਮ ਵਿੱਚ ਬੈਸੀਲਿਸ ਥਰੂਜੈਂਸਿਸ ਬੈਕਟੀਰੀਆ ਤੋਂ ਪ੍ਰਾਪਤ ਬੀ ਟੀ ਜ਼ਹਿਰ ਕ੍ਰਾਈ1ਏ ਬੀ ਹੈ ਅਤੇ ਇਹ ਗਲੂਫੋਸੀਨੇਟ ਨਦੀਨਨਾਸ਼ਕ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਰੱਖਦੀ ਹੈ। ਯੂਰਪੀਨ ਯੂਨੀਅਨ ਦੇਸ਼ਾਂ ਵਿੱਚ ਬੀ ਟੀ 176 ਦੀ ਬਿਜਾਈ 2007 ਤੋਂ ਬੰਦ ਹੈ।
ਇੱਕ ਜਰਮਨ ਕਿਸਾਨ ਗਲੋਐਕਨਰ ਅਤੇ ਪਸ਼ੂ ਪਾਲਕ ਜਿਸਦੇ ਪਸ਼ੂ ਬੀ ਟੀ 176 ਖਾਣ ਤੋਂ ਬਾਅਦ ਰਹੱਸਮਈ ਬਿਮਾਰੀਆਂ ਅਤੇ ਉਸ ਤੋਂ ਬਾਅਦ ਕਾਲ ਦਾ ਗ੍ਰਾਸ ਬਣੇ, ਦੁਆਰਾ ਕੀਤੇ ਗਏ ਲੰਬੇ ਸੰਘਰਸ਼ ਸਦਕਾ ਸਿੰਜੈਂਟਾ ਉੱਪਰ ਇਹ ਦੋਸ਼ ਨਿਰਧਾਰਿਤ ਕੀਤੇ ਗਏ। ਕੰਪਨੀ ਦੁਆਰਾ ਸੰਨ 1997 ਤੋਂ 2007 ਤੱਕ ਬੀ ਟੀ 176 ਮੱਕੀ ਦੇ ਅਧਿਕ੍ਰਿਤ ਟ੍ਰਾਇਲ ਕੀਤੇ ਗਏ ਸਨ। ਸੰਨ 2000 ਵਿੱਚ ਉਸਦੀਆਂ ਗਾਵਾਂ ਨੂੰ ਬੀ ਟੀ 176 ਵਿਸ਼ੇਸ਼ ਤੌਰ 'ਤੇ ਖਵਾਈ ਗਈ। ਉਸ ਤੋਂ ਬਾਅਦ ਜਲਦੀ ਹੀ ਪਸ਼ੂਆਂ ਵਿੱਚ ਬਿਮਾਰੀਆਂ ਉੱਭਰਣ ਲੱਗੀਆਂ। ਉਸਨੂੰ ਸਿੰਜੈਂਟਾ ਵੱਲੋਂ 5 ਗਾਵਾਂ ਦੀ ਮੌਤ, ਦੁੱਧ ਦੀ ਪੈਦਾਵਾਰ ਵਿੱਚ ਹੋਈ ਕਮੀ ਅਤੇ ਪਸ਼ੂ ਚਿਕਿਤਸਾ ਦੀ ਲਾਗਤ ਦੇ ਰੂਪ ਵਿੱਚ ਅੰਸ਼ਿਕ ਮੁਆਵਜ਼ੇ ਦੇ ਤੌਰ ਤੇ 40 ਹਜਾਰ ਯੂਰੋ ਦਿੱਤੇ ਗਏ। ਕਿਸਾਨ ਦੁਆਰਾ ਸਿਜੈਂਟਾ ਕੰਪਨੀ ਖਿਲਾਫ ਕੀਤੇ ਦੀਵਾਨੀ ਮੁਕੱਦਮੇ ਵਿੱਚ ਸਿੰਜੈਂਟਾ ਨੇ ਇਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜੀ ਐੱਮ ਮੱਕੀ ਇਸ ਸਭ ਦਾ ਕਾਰਨ ਹੈ ਅਤੇ ਦਾਅਵਾ ਕੀਤਾ ਕਿ ਉਸਨੂੰ ਇਸ ਤਰ੍ਹਾ ਦੇ ਨੁਕਸਾਨ ਦੀ ਕੋਈ ਖਬਰ ਨਹੀਂ। ਕੇਸ ਖਾਰਿਜ਼ ਕਰ ਦਿੱਤਾ ਗਿਆ ਅਤੇ  ਗਲੋਐਕਨਰ ਉੱਪਰ ਹਜਾਰਾਂ ਯੂਰੋ ਦਾ ਕਰਜ਼ ਚੜ ਗਿਆ।
ਗਲੋਐਕਨਰ ਦੀਆਂ ਗਾਵਾਂ ਲਗਾਤਾਰ ਮਰਦੀਆਂ ਰਹੀਆਂ ਅਤੇ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਈਆਂ । ਇਸ ਸਭ ਦੇ ਕਾਰਨ ਮਜ਼ਬੂਰ ਹੋ ਕੇ ਉਸਨੇ 2002 ਵਿੱਚ ਆਪਣੇ ਖੇਤ ਵਿੱਚ ਜੀ ਐੱਮ ਮੱਕੀ ਲਗਾਉਣੀ ਬੰਦ ਕਰ ਦਿੱਤੀ। ਉਸਨੇ ਰੌਬਰਟ ਕਾੱਚ ਇੰਸਟੀਚਿਊਟ ਅਤੇ ਸਿੰਜੈਂਟਾ ਨੂੰ ਪੂਰਨ ਜਾਂਚ ਕਰਨ ਲਈ ਪਹੁੰਚ ਕੀਤੀ। ਹਾਲਾਂਕਿ ਸਿਰਫ ਇੱਕ ਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਉਹ ਡਾਟਾ ਵੀ ਹਾਲੇ ਤੱਕ ਪਬਲਿਕ ਲਈ ਉਪਲਬਧ ਨਹੀਂ ਹੈ। ਹੈਰਾਨਗੀ ਵਾਲੀ ਗੱਲ ਇਹ ਸੀ ਕਿ ਜੀ ਐੱਮ ਮੱਕੀ ਅਤੇ ਗਾਂਵਾਂ ਦੀ ਮੌਤ ਵਿਚਕਾਰ ਕੋਈ ਕਾਰਨ ਸੰਬੰਧ ਨਿਰਧਾਰਿਤ ਨਹੀਂ ਕੀਤਾ ਗਿਆ ਅਤੇ ਹਾਲੇ ਤੱਕ ਵੀ ਮੌਤਾਂ ਬਾਰੇ ਕੋਈ ਵੀ  ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ।
ਪ੍ਰੰਤੂ 2009 ਵਿੱਚ ਕਿਸਾਨ ਨੂੰ 1996 ਵਿੱਚ ਸਿੰਜੈਂਟਾ ਦੁਆਰਾ ਫੀਡਿੰਗ ਬਾਰੇ ਕਰਵਾਈ ਇੱਕ ਸਟੱਡੀ ਬਾਰੇ ਪਤਾ ਚੱਲਿਆ ਜਿਸ ਦਾ ਨਤੀਜਾ ਇਹ ਸੀ ਕਿ ਦੋ ਦਿਨਾਂ ਵਿੱਚ ਫੀਡਿੰਗ ਕਰਕੇ ਚਾਰ ਗਾਵਾਂ ਦੀ ਮੌਤ ਹੋ ਗਈ ਸੀ। ਪਰੀਖਣ ਅਚਾਨਕ ਬੰਦ ਕਰ ਦਿੱਤਾ ਗਿਆ। ਹੁਣ ਗਲੋਐਕਨਰ ਨੇ Bundnis Aktion Gen-Klage ਨਾਂ ਦੇ ਜਰਮਨ ਗਰੁੱਪ ਅਤੇ ਕਿਸਾਨ ਤੋਂ ਸਮਾਜਿਕ ਕਾਰਜਕਰਤਾ ਬਣੇ ਉਸਰ ਹੈਨਜ਼ ਦੇ ਨਾਲ ਮਿਲ ਕੇ ਸਿੰਜੈਂਟਾ ਕੰਪਨੀ ਨੂੰ ਅਪਰਾਧਿਕ ਅਦਾਲਤ ਵਿੱਚ ਖਿੱਚ ਲਿਆਂਦਾ ਜਿਸ ਵਿੱਚ ਉਸ ਉੱਪਰ ਅਮਰੀਕਨ ਪਰੀਖਣ ਦੌਰਾਨ ਇਹ ਜਾਣਕਾਰੀ ਛੁਪਾਉਣ ਲਈ ਦੋਸ਼ ਨਿਰਧਾਰਿਤ ਕੀਤੇ ਗਏ ਜਿਸਦੇ ਅਨੁਸਾਰ ਕੰਪਨੀ ਨੂੰ ਕਿਸਾਨ ਦੀਆਂ 65 ਗਾਵਾਂ ਦੇ ਨੁਕਸਾਨ ਦੇ ਲਈ ਜ਼ਿੰਮੇਦਾਰ ਠਹਿਰਾਇਆ ਗਿਆ। ਸਿੰਜੈਂਟਾ ਉੱਪਰ ਅਮਰੀਕਨ ਟ੍ਰਾਇਲ ਦੌਰਾਨ ਅਤੇ ਗਲੋਐਕਨਰ  ਦੇ ਖੇਤ ਵਿੱਚ ਟ੍ਰਾਇਲ ਦੌਰਾਨ ਪਸ਼ੂਆਂ ਦੀ ਮੌਤ ਲਈ ਦੋਸ਼ ਨਿਰਧਾਰਿਤ ਕੀਤੇ ਗਏ ਜਿੰਨਾ ਨੂੰ ਕਿ 'ਅਣਆਈਆਂ ਘਟਨਾਵਾਂ' ਦੇ ਰੂਪ ਵਿੱਚ ਪੰਜੀਕ੍ਰਿਤ ਕੀਤਾ ਜਾਣਾ ਚਾਹੀਦਾ ਸੀ। ਇਸ ਤੋਂ ਵੀ ਗੰਭੀਰ ਗੱਲ ਇਹ ਕਿ ਸਿੰਜੈਂਟਾਂ ਦੇ ਜਰਮਨ ਮੁਖੀਆ ਹੰਸ ਥਿਓ ਜਾਹਮਨ ਉੱਪਰ ਮੂਲ ਦੀਵਾਨੀ ਅਦਾਲਤੀ ਮੁਕੱਦਮੇ ਦੌਰਾਨ ਜੱਜ ਅਤੇ ਗਲੋਐਕਟਰ ਤੋਂ ਅਮਰੀਕਨ ਸਟੱਡੀ ਦੇ ਨਤੀਜੇ ਛੁਪਾਉਣ ਕਰਕੇ ਦੋਸ਼ ਨਿਰਧਾਰਿਤ ਕੀਤੇ ਗਏ।
ਸਿਰਫ ਗਲੋਐਕਨਰ ਦੀਆਂ ਗਾਵਾਂ ਹੀ ਨਹੀਂ ਬਣੀਆਂ ਸ਼ਿਕਾਰ ਸਨ-
ਇਹ ਸਿਰਫ ਜੀ ਐੱਮ ਮੱਕੀ ਦੇ ਨਾਲ ਹੋਣ ਵਾਲੀਆਂ ਰਹੱਸਮਈ ਮੌਤਾਂ ਤੱਕ ਹੀ ਸੀਮਿਤ ਨਹੀਂ ਹੈ। ਭਾਰਤ ਜਿੱਥੇ ਕਪਾਹ ਦੀ ਚੁਗਾਈ ਤੋਂ ਬਾਅਦ ਪਸ਼ੂਆਂ ਨੂੰ ਚਰਨ ਲਈ ਛੱਡ ਦਿੱਤਾ ਜਾਂਦਾ ਹੈ, ਉੱਥੇ ਮੱਧ ਭਾਰਤ ਵਿੱਚ ਜਿੱਥੇ ਬੀ ਟੀ ਕਪਾਹ ਉਗਾਈ ਜਾਂਦੀ ਹੈ, ਦੇ ਅਲੱਗ-ਅਲੱਗ ਪਿੰਡਾਂ ਤੋਂ ਹਜਾਰਾਂ ਪਸ਼ੂਆਂ ਦੇ ਮਰਨ ਦੇ ਅੰਕੜੇ ਰਿਕਾਰਡ ਕੀਤੇ ਗਏ ਹਨ। ਚਰਵਾਹਿਆਂ ਦੇ ਆਪਣੇ ਨਿਰੀਖਣਾਂ ਅਤੇ ਲੈਬੋਰਟਰੀਆਂ ਵਿੱਚ ਕੀਤੇ ਪੋਸਟ ਮਾਰਟਮ ਦੀਆਂ ਰਿਪੋਰਟਾਂ ਤੋਂ ਉਹਨਾਂ ਪਸ਼ੂਆਂ ਦੇ ਅਸਾਧਾਰਣ ਜਿਗਰ, ਵਧੀਆਂ ਹੋਈਆਂ ਪਿੱਤ ਨਲਿਕਾਵਾਂ ਅਤੇ ਅੰਤੜੀਆਂ ਵਿੱਚ ਕਾਲੇ ਧੱਬਿਆਂ ਦਾ ਪਤਾ ਚੱਲਿਆ। ਚਰਵਾਹਿਆਂ ਨੇ ਦੱਸਿਆ ਕਿ ਬੀ ਟੀ ਨਰਮ੍ਹੇ ਵਾਲੇ ਖੇਤਾਂ ਵਿੱਚ ਚਰਨ ਤੋਂ 2-3 ਦਿਨਾਂ ਬਾਅਦ ਭੇਡਾਂ ਸੁਸਤ/ਉਦਾਸ ਹੋ ਗਈਆਂ, ਨੱਕ ਵਿੱਚੋਂ ਪਾਣੀ ਵਗਣ ਦੇ ਨਾਲ ਕਫ ਸ਼ੁਰੂ ਹੋ ਗਿਆ ਅਤੇ ਮੂੰਹ ਵਿੱਚ ਲਾਲ ਜਖ਼ਮ ਹੋ ਗਏ, ਉਹ ਸੁੱਜ ਗਈਆਂ ਅਤੇ ਕਾਲਾਪਣ ਲਏ ਦਸਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਵਾਰ ਲਾਲ ਪੇਸ਼ਾਬ ਆਉਣ ਲੱਗਿਆ।  ਚਰਨ ਤੋਂ 5-7 ਦਿਨਾਂ ਅੰਦਰ ਹੀ ਉਹਨਾਂ ਦੀ ਮੌਤ ਹੋ ਗਈ। ਯੁਵਾ ਭੇਡ ਤੋਂ ਲੈ ਕੇ ਡੇਢ ਤੋਂ 2 ਸਾਲ ਤੱਕ ਦੀਆਂ ਭੇਡਾਂ ਪ੍ਰਭਾਵਿਤ ਹੋਈਆਂ। ਇੱਕ ਚਰਵਾਹੇ ਨੇ ਪ੍ਰਭਾਵਿਤ ਭੇਡ ਦਾ ਮਾਂਸ ਖਾਣ ਤੇ ਦਸਤ ਲੱਗਣ ਦੀ ਸ਼ਿਕਾਇਤ ਵੀ ਦਰਜ਼ ਕਰਵਾਈ। ਪਸ਼ੂ ਚਿਕਿਤਸਕਾਂ ਨੇ ਇਹ ਘੋਸ਼ਣਾ ਕੀਤੀ ਕਿ ਇਹ ਜ਼ਹਿਰੀਲਾਪਣ ਬੀ ਟੀ ਦੇ ਜ਼ਹਿਰ ਕਾਰਨ ਹੋ ਸਕਦਾ ਹੈ ਪਰ ਨਾਲ ਹੋਰ ਕੀਟਨਾਸ਼ਕਾਂ ਦੇ ਖੇਤਾਂ ਵਿੱਚ ਛਿੜਕੇ ਹੋਣ ਕਾਰਨ ਸਪੱਸ਼ਟ ਨਤੀਜੇ ਨਹੀਂ ਮਿਲ ਸਕੇ ਹਨ। ਫਿਰ ਵੀ ਚਰਵਾਹਿਆਂ ਨੂੰ ਬੀ ਟੀ ਨਰਮ੍ਹੇ  ਵਾਲੇ ਖੇਤਾਂ ਵਿੱਚ ਪਸ਼ੂਆਂ ਨੂੰ ਚਰਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ।  
ਬੀ ਟੀ ਮੱਕੀ ਵਾਲੇ ਖੇਤਾਂ ਦੇ ਕੋਲ ਰਹਿਣ ਵਾਲੇ ਫਿਲਪਾਈਨੀ ਗ੍ਰਾਮੀਣ ਮੌਤ, ਬੁਖਾਰ, ਸਾਹ, ਪੇਟ ਅਤੇ ਚਮੜੀ ਸੰਬੰਧੀ ਰੋਗਾਂ ਦਾ ਸਾਹਮਣਾ ਕਰ ਰਹੇ ਹਨ।  2003 ਵਿੱਚ ਪੰਜ ਮੌਤਾਂ ਦਰਜ਼ ਕੀਤੀਆਂ ਗਈਆਂ ਅਤੇ 38 ਲੋਕਾਂ ਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਸਾਰੇ ਹੀ ਕ੍ਰਾਈ1ਏਬੀ ਜੀਨ (ਬੀ ਟੀ ਜ਼ਹਿਰ) ਪ੍ਰਤਿ ਸਕਾਰਾਤਮਕ ਪਾਏ ਗਏ। ਉਹਨਾਂ ਦੇ ਸ਼ਰੀਰ ਵਿੱਚ ਇਸ ਨਾਲ ਲੜਨ ਲਈ ਐੱਟੀਬਾੱਡੀ ਵੀ ਪਾਏ ਗਏ। ਇਸਦਾ ਮਤਲਬ ਸਾਫ ਹੈ ਕਿ  ਬੀ ਟੀ ਦਾ ਜ਼ਹਿਰ ਮਨੁੱਖ ਦੇ ਖੂਨ ਤੱਕ ਅਸਰ ਪਾਉਂਦਾ ਹੈ। ਅਤੇ ਜਿਵੇਂ ਕਿ ਅਕਸਰ ਅਜਿਹੇ ਮਾਮਲਿਆਂ ਵਿੱਚ ਹੁੰਦਾ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਧਮਕੀ ਅਤੇ ਇਨਕਾਰ ਦਾ ਇਹੀ ਮਤਲਬ ਸੀ ਕਿ ਇਸ ਮਾਮਲੇ ਵਿੱਚ ਅੱਗੇ ਕੋਈ ਜਾਂਚ ਨਹੀਂ ਕੀਤੀ ਜਾਵੇਗੀ।
ਮੌਤ ਦੇ ਕਾਰਨਾਂ ਬਾਰੇ ਹਾਲੇ ਤੱਕ ਕੁੱਝ ਪਤਾ ਨਹੀਂ
ਹਾਲੇ ਤੱਕ ਗਲੋਐਕਨਰ ਦੀਆਂ ਗਾਵਾਂ ਦੇ ਮਰਨ ਦੇ ਕਾਰਨਾਂ ਬਾਰੇ ਅਧਿਕਾਰੀਆਂ ਵੱਲੋਂ ਕੋਈ ਵਿਵਰਣ ਨਹੀਂ ਦਿੱਤਾ ਗਿਆ ਹੈ। ਬਾਇਓਟੈਕ ਉਦਯੋਗ ਦਾ ਦਾਅਵਾ ਹੈ ਕਿ ਬੀ ਟੀ ਜ਼ਹਿਰ ਪੇਟ ਵਿੱਚ ਜਲਦੀ ਪਚ ਜਾਂਦਾ ਹੈ ਅਤੇ ਕੇਵਲ ਕੀਟ ਪ੍ਰਜਾਤੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਹੈ। ਹਾਲਾਂਕਿ ਹਾਲ ਹੀ ਵਿੱਚ ਆਈ ਇੱਕ ਸਟੱਡੀ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਕਨਾਡਾ ਵਿੱਚ 80 ਪ੍ਰਤੀਸ਼ਤ ਤੋਂ ਜ਼ਿਆਦਾ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਅਜਨਮੇ ਬੱਚਿਆਂ ਦੇ ਖੂਨ ਵਿੱਚ ਬੀ ਟੀ ਜ਼ਹਿਰ ਪਾਇਆ ਗਿਆ। ਕਿਉਂਕਿ ਮਿੱਟੀ ਵਿੱਚ ਕੁਦਰਤੀ ਰੂਪ ਵਿੱਚ ਮੌਜ਼ੂਦ ਬੀ ਟੀ ਜ਼ਹਿਰ ਦਾ ਲੰਬੇ ਸਮੇਂ ਤੋਂ, ਲੰਬੇ ਸਮੇਂ ਲਈ ਇਸਤੇਮਾਲ ਹੋ ਰਿਹਾ ਹੈ ਇਸ ਲਈ ਜੀ ਐੱਮ ਫਸਲਾਂ ਵਿੱਚ ਬੀ ਟੀ ਪ੍ਰੋਟੀਨ ਉੱਪਰ ਲੰਬੇ ਸਮੇ ਲਈ ਜ਼ਹਿਰੀਲੇਪਣ ਅਤੇ ਸਿਹਤ ਸੰਬੰਧੀ ਖਤਰਿਆਂ ਦਾ ਆਕਲਨ ਨਹੀਂ ਕੀਤਾ ਗਿਆ। ਹਾਲਾਂਕਿ ਕੁਦਰਤੀ ਤੌਰ 'ਤੇ ਪੈਦਾ ਹੋਏ ਜ਼ਹਿਰ ਜੋ ਕਿ ਫਸਲ ਦੇ ਧੁਲਣ ਤੋਂ ਬਾਅਦ ਆਪਣੇ ਆਪ ਹੀ ਬਾਹਰ ਹੋ ਜਾਂਦੇ ਹਨ ਅਤੇ ਦੂਜੇ ਪਾਸੇ ਜੀਨ ਪਰਿਵਰਤਿਤ ਜ਼ਹਿਰ ਜੋ ਕਿ ਜੀ ਐੱਮ ਫਸਲ ਦਾ ਹੀ ਇੱਕ ਅਭਿੰਨ ਅੰਗ ਹਨ, ਫਸਲ ਦੇ, ਫ਼ਲ ਅੰਦਰ ਹੀ ਮੌਜ਼ੂਦ ਹਨ, ਜਿਸਨੂੰ ਤੁਸੀਂ ਧੋਣ ਤੋਂ ਬਾਅਦ ਵੀ ਬਾਹਰ ਨਹੀਂ ਕੱਢ ਸਕਦੇ, ਇਹਨਾਂ ਦੋਵਾਂ ਵਿੱਚ ਬਹੁਤ ਹੀ ਵੱਡਾ ਅਤੇ ਮਹੱਤਵਪੂਰਨ ਅੰਤਰ ਹੈ। ਸੁਤੰਤਰ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਗਲਤ ਵਿਗਿਆਨਕ ਮਾਨਤਾਵਾਂ ਉੱਪਰ ਆਧਾਰਿਤ ਸਿਹਤ ਆਕਲਨ ਨਾ ਕੇਵਲ ਸ਼ੇਖੀਭਰਪੂਰ ਹੈ ਸਗੋਂ ਮੂਰਖਤਾ ਪੂਰਨ ਵੀ ਹੈ।      
ਬੀ ਟੀ ਨਰਮ੍ਹੇ  ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਵੱਲੋਂ ਅਲਰਜ਼ੀ ਦੀਆਂ ਸ਼ਿਕਾਇਤਾਂ ਆਈਆਂ ਅਤੇ ਕੁੱਝ ਮਾਮਲਿਆਂ ਵਿੱਚ ਤਾਂ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਉਣ ਤੱਕ ਦੀ ਜ਼ਰੂਰਤ ਪਈ। ਚੂਹੇ ਦੀਆਂ ਅੰਤੜੀਆਂ ਨਾਲ ਕ੍ਰਾਈ ਵਨ ਏ ਸੀ (ਬੀ ਟੀ ਜ਼ਹਿਰ) ਜੁੜ ਗਿਆ ਜਿਸ ਬਾਰੇ ਦਸਤ ਦੇ ਲੱਛਣਾਂ ਤੋਂ ਪਤਾ ਲੱਗਿਆ। ਪ੍ਰਯੋਗਸ਼ਾਲਾ ਵਿੱਚ ਜਾਨਵਰਾਂ ਨੂੰ ਤਿੰਨ ਮਹੀਨੇ ਤੱਕ ਖਿਲਾ ਕੇ ਉਹਨਾਂ ਦੀ ਪਾਚਨ-ਕਿਰਿਆ ਬਾਰੇ ਵਿਸ਼ਲੇਸ਼ਣ ਕੀਤਾ ਗਿਆ ਅਤੇ ਪਾਇਆ ਕਿ ਬੀ ਟੀ ਮੱਕੀ ਨੇ ਖੂਨ ਦੇ ਪ੍ਰੋਟੀਨ ਦੇ ਸਤਰ ਅਤੇ ਜਿਗਰ ਵਿੱਚ ਦੋਸ਼ ਉਤਪੰਨ ਕਰ ਦਿੱਤੇ ਸਨ। ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਘੱਟ ਮਾਤਰਾ ਵਿੱਚ ਵੀ ਕ੍ਰਾਈ1ਏਬੀ ਜ਼ਹਿਰ ਮਨੁੱਖ ਦੇ ਗੁਰਦਿਆਂ ਦੀਆਂ ਕੋਸ਼ਿਕਾਵਾਂ ਨੂੰ ਜ਼ਹਿਰੀਲਾ ਕਰਦੇ ਹੋਏ ਖਤਮ ਕਰ ਦਿੰਦਾ ਹੈ।
  ਨਵੇਂ ਜੀ ਐੱਮ ਉਤਪਾਦਾਂ ਦਾ ਸੁਰੱਖਿਆ ਆਕਲਨ ਨਿਸ਼ਚਿਤ ਰੂਪ ਵਿੱਚ ਸੁਤੰਤਰ ਤੌਰ ਤੇ ਕੀਤੇ ਜਾਣ ਦੀ ਜ਼ਰੂਰਤ ਹੈ ਨਾਂ ਕਿ ਇਸਨੂੰ ਬਾਜ਼ਾਰ ਵਿੱਚ ਥੋਪਣ ਵਾਲੀਆਂ ਕੰਪਨੀਆਂ ਦੁਆਰਾ।  ਹਿੱਤਾਂ ਦੇ ਟਕਰਾਅ ਦੇ ਚਲਦਿਆਂ ਉਹ ਡਾਟਾ ਸਾਹਮਣੇ ਨਹੀ ਆ ਰਿਹਾ ਜਿਸਨੂੰ ਕਿ ਜਾਣਨਾ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਪਸ਼ੂਆਂ ਦੀ ਸਿਹਤ ਦੇ ਨਾਲ-ਨਾਲ ਮਨੁੱਖੀ ਸਿਹਤ ਦੇ ਲਈ ਵੀ ਜ਼ਰੂਰੀ ਹੈ।

No comments:

Post a Comment