Tuesday 3 July 2012

ਬਠਿੰਡਾ ਵਿਖੇ ਹੋਇਆ ਤਿੰਨ ਰੋਜ਼ਾ ਕੁਦਰਤੀ ਖੇਤੀ ਤੇ ਵਾਤਾਵਰਣ ਉਤਸਵ

ਖੇਤੀ ਵਿਰਾਸਤ ਮਿਸ਼ਨ ਵੱਲੋਂ ਟੀਚਰਜ਼ ਹੋਮ, ਬਠਿੰਡਾ ਵਿਖੇ 11 ਤੋਂ 13 ਮਈ 2012 ਤੱਕ ਕੁਦਰਤੀ ਖੇਤੀ ਅਤੇ ਵਾਤਵਰਣ ਉਤਸਵ ਆਯੋਜਿਤ ਕੀਤਾ ਗਿਆ। ਪੰਜਾਬ ਨੂੰ ਦਰਪੇਸ਼ ਸਿਹਤਾਂ ਅਤੇ ਵਾਤਾਵਰਣ ਦੇ ਗੰਭੀਰ ਸੰਕਟ ਉਤਸਵ ਦਾ ਕੇਂਦਰ ਬਿੰਦੁ ਰਿਹਾ। ਇਸ ਤਿੰਨ ਰੋਜ਼ਾ ਉਤਸਵ ਦੌਰਾਨ ਜਿੱਥੇ ਪੰਜਾਬ ਦੇ ਸਿਹਤਾਂ, ਵਾਤਵਰਣ ਅਤੇ ਖੇਤੀ ਸੰਕਟ ਸੰਭਾਵਿਤ ਹੱਲ ਲਈ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਵਾਤਾਵਰਣੀ ਸਰੋਕਾਰਾਂ ਵਾਲਾਂ ਗੀਤ -ਸੰਗੀਤ ਅਤੇ ਫ਼ਿਲਮ ਸ਼ੋਅ ਸਮੇਤ ਰਵਾਇਤੀ ਖਾਣਿਆਂ ਦੀ ਸਟਾਲ ਬੇਬੇ ਦੀ ਰਸੋਈ ਵੀ ਉਤਸਵ ਵਿੱਚ ਖਿੱਚ ਦਾ ਕੇਂਦਰ ਬਣੀ ਰਹੀ।
ਉਤਸਵ ਦੌਰਾਨ ਤਿੰਨੇ ਦਿਨ ਉਪਰੋਕਤ ਮੁੱਦਿਆਂ 'ਤੇ ਵੱਖ-ਵੱਖ ਸੈਮੀਨਾਰ, ਸਾਰਵਜਨਿਕ ਵਿਚਾਰ-ਚਰਚਾਵਾਂ ਅਤੇ ਕਿਸਾਨ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ। ਕੁੱਲ ਚਾਰ ਸੈਮੀਨਾਰ ਆਯੋਜਿਤ ਹੋਏ- 1) 11 ਮਈ ਨੂੰ ਕਿਸਾਨ ਸੰਮੇਲਨ 'ਵਰਤਮਾਨ ਵਾਤਾਵਰਣ ਸੰਕਟ ਦੇ ਸੰਦਰਭ ਵਿੱਚ ਕੀ ਹੋਵੇ ਕਿਸਾਨ ਅੰਦੋਲਨਾਂ ਦੀ ਦਿਸ਼ਾ' ਉੱਪਰ ਆਯੋਜਿਤ ਕੀਤਾ ਗਿਆ ਜੋ ਕਿ ਬੀ ਕੇ ਯੂ ਡਕੌਦਾ ਦੇ ਬੂਟਾ ਸਿੰਘ ਬੁਰਜ਼ਗਿੱਲ, ਬੀ ਕੇ ਯੂ ਏਕਤਾ ਸਿੱਧੂਪੁਰ ਦੇ ਭੋਗ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਆਈ ਡੀ ਪੀ ਦੇ ਹਮੀਰ ਸਿੰਘ, ਕੁਦਰਤ ਮਾਨਵ ਕੇਂਦ੍ਰਿਤ ਲੋਕ ਲਹਿਰ ਦੇ ਸੁਖਦੇਵ ਸਿੰਘ ਭੋਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਫੂਲ, ਬੀ ਕੇ ਯੂ ਉਗਰਾਹਾਂ ਦੇ ਸ਼ਿੰਗਾਰਾ ਸਿੰਘ ਅਤੇ ਪੰਜਾਬ ਮੰਚ ਦੇ ਮਾਲਵਿੰਦਰ ਸਿੰਘ ਮਾਲੀ ਦੁਆਰਾ ਸੰਬੋਧਿਤ ਕੀਤਾ ਗਿਆ। ਵਿਭਿੰਨ ਸੰਸਥਾਵਾਂ ਦਾ ਸਾਂਝਾ ਵਿਚਾਰ ਸੀ ਕਿ ਪੰਜਾਬ ਦਾ ਮੌਜ਼ੂਦਾ ਵਾਤਾਵਰਣ ਅਤੇ ਸਿਹਤ ਸੰਕਟ ਖੇਤੀ ਵਿਕਾਸ ਦੇ ਵਰਤਮਾਨ ਮਾਡਲ ਦਾ ਪੈਦਾ ਕੀਤਾ ਹੋਇਆ ਹੈ। ਅਤੇ ਹੁਣ ਇਹ ਕੁਦਰਤ ਵਿਰੋਧੀ, ਮਨੁੱਖ ਵਿਰੋਧੀ ਅਤੇ ਕਿਸਾਨ ਵਿਰੋਧੀ ਮਾਡਲ ਖੇਤੀ ਦੇ ਇੱਕ ਨਵੇ ਮਾਡਲ ਉੱਪਰ ਜ਼ੋਰ ਦੇ ਰਿਹਾ ਹੈ ਜੋ ਕਿ ਰਾਸ਼ਟਰ ਦੀ ਭੋਜਨ ਅਤੇ ਖੇਤੀ ਪ੍ਰਭੂਸੱਤਾ ਨੂੰ ਗੁਲਾਮ ਬਣਾ ਦੇਵੇਗਾ। ਇਹ ਇੱਕ ਆਮ ਸਹਿਮਤੀ ਸੀ ਕਿ ਕਿਸਾਨ ਅੰਦੋਲਨਾਂ ਅਤੇ ਕਿਸਾਨ ਯੂਨੀਅਨਾਂ ਵਿੱਚ ਵਾਤਾਵਰਣ ਅਤੇ ਸਿਹਤ ਸੰਕਟ ਸੰਬੰਧੀ ਸਰੋਕਾਰ ਸ਼ਾਮਿਲ ਹੋਣੇ ਚਾਹੀਦੇ ਹਨ ਅਤੇ ਕੁਦਰਤੀ ਖੇਤੀ ਨੂੰ ਸਮਰਥਨ ਦੇਣਾ ਚਾਹੀਦਾ ਹੈ। ਖੇਤੀ ਵਿਰਾਸਤ ਮਿਸ਼ਨ ਨੇ ਇਹਨਾਂ ਮੁੱਦਿਆਂ ਉੱਪਰ ਕਿਸਾਨ ਅੰਦੋਲਨਾਂ ਅਤੇ ਕਿਸਾਨ ਯੂਨੀਅਨਾਂ ਨਾਲ ਕੰਮ ਕਰਨ ਦੀ ਪ੍ਰਤੀਬੱਧਤਾ ਜਤਾਈ।
12 ਮਈ ਨੂੰ ਆਯੋਜਿਤ ਔਰਤਾਂ ਦੇ ਸੰਮੇਲਨ ਨੂੰ ਪੂਨਮ ਪ੍ਰੀਤਲੜੀ, ਪਿੰਗਲਵਾੜਾ ਅੰਮਿਤਸਰ ਦੇ ਬੀਬੀ ਇੰਦਰਜੀਤ ਕੌਰ, ਫਰੀਦਕੋਟ ਦੇ ਡਾ. ਜੀਵਨਜੋਤ ਕੌਰ, ਗ੍ਰੀਨਪੀਸ ਦੀ ਨੈਨਾ ਸਹਿਗਲ, ਟੇਰੀ ਤੋਂ ਸ਼ਿਲਪਾਂਜਲੀ ਸ਼ਰਮਾ ਅਤੇ ਹੋਰਨਾਂ ਨੇ ਸੰਬੋਧਿਤ ਕੀਤਾ। ਕੁਦਰਤੀ ਘਰੇਲੂ ਬਗੀਚੀ ਕਰਨ ਵਾਲੀਆਂ ਔਰਤਾਂ ਨੇ ਵੀ ਆਪਣੇ ਵਿਚਾਰ ਰੱਖੇ। ਬੱਚਿਆਂ, ਔਰਤਾਂ ਅਤੇ ਪੂਰੇ ਪਰਿਵਾਰ ਦੀ ਚੰਗੀ ਸਿਹਤ ਲਈ ਕੁਦਰਤੀ ਖੇਤੀ ਨੂੰ ਪ੍ਰਤਸਾਹਿਤ ਕਰਨ ਦੇ ਲਈ ਔਰਤਾਂ ਦਾ ਅੰਦੋਲਨ ਖੜ੍ਹਾ ਕਰਨ ਬਾਰੇ ਵੀ ਤੈਅ ਕੀਤਾ ਗਿਆ। ਖੇਤੀ ਵਿਰਾਸਤ ਮਿਸ਼ਨ ਪੰਜਾਬ ਵਿੱਚ ਸਿਹਤ, ਵਾਤਾਵਰਣ, ਸੁਰੱਖਿਅਤ ਅਤੇ ਜ਼ਹਿਰ ਮੁਕਤ ਭੋਜਨ ਦੇ ਮੁੱਦਿਆਂ ਉੱਪਰ ਔਰਤਾਂ ਦੀਆਂ ਕਾਨਫਰੰਸਾਂ ਦੀ ਇੱਕ ਲੜੀ ਆਯੋਜਿਤ ਕਰੇਗਾ।
13 ਮਈ ਨੂੰ ਪੰਜਾਬ ਵਿੱਚ ਵਾਤਾਵਰਣ ਉੱਪਰ ਕੰਮ ਕਰਨ ਵਾਲੀਆਂ ਗੈਰ ਸਰਕਾਰੀ ਸੰਸੰਥਾਵਾਂ ਦਾ ਸੈਮੀਨਾਰ ਹੋਇਆ ਇੱਕ ਸਮਾਜਿਕ ਅੰਦੋਲਨ ਰਾਹੀ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਕਰਨ ਦੀ ਮੰਗ ਕੀਤੇ ਜਾਣ ਬਾਰੇ ਤੈਅ ਹੋਇਆ। ਇਹ ਮਹਿਸੂਸ ਕੀਤਾ ਗਿਆ ਕਿ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਵਧੀਆ ਪੱਧਰ ਤੇ ਲਾਗੂ ਹੋਵੇ। ਹਾਲਾਂਕਿ ਪੰਜਾਬ ਸਰਕਾਰ ਨੇ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਲਾਗੂ ਕਰਨ ਬਾਰੇ ਫੈਸਲਾ ਕੀਤਾ ਹੈ ਪਰ ਹਾਲੇ ਹੋਰ ਵੀ ਸੁਧਾਰ ਦੀ ਜ਼ਰੂਰਤ ਹੈ। ਇਸਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਕੈਂਸਰ, ਖਾਸ ਕਰਕੇ ਜ਼ਹਿਰਾਂ ਨਾਲ ਹੋਣ ਵਾਲੇ ਕੈਂਸਰ ਤੇਜ਼ੀ ਨਾਲ ਵਧ ਰਹੇ ਹਨ। ਸਾਨੂੰ ਅਲੱਗ- ਅਲੱਗ ਕੈਂਸਰ ਬਾਰੇ ਜੋ ਕਿ ਪੰਜਾਬ ਵਿੱਚ ਫੈਲ ਰਹੇ ਹਨ, ਦੇ ਸਹੀ ਅੰਕੜਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਸਾਨੂੰ ਕੈਂਸਰ ਦੇ ਕਾਰਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਤਾਂਕਿ ਸਹੀ ਕਦਮ ਉਠਾਏ ਜਾ ਸਕਣ। ਸਹੀ ਕਾਰਨਾਂ ਬਾਰੇ ਪਤਾ ਨਾ ਹੋਣ ਤੇ ਪੰਜਾਬ ਸਰਕਾਰ ਵੀ ਹਨੇਰੇ ਵਿੱਚ ਹੈ। ਸਵਾਰਥਾਂ ਦੇ ਕਾਰਨ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਵਾਤਾਵਰਣ ਸੰਕਟ ਉੱਪਰ ਵਿਚਾਰ ਚਰਚਾ ਦੌਰਾਨ ਸਮਾਜਿਕ ਅੰਦੋਲਨ ਰਾਹੀ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਲਾਗੂ ਕਰਨ ਦੀ ਮੰਗ ਉਠਾਉਣ ਬਾਰੇ ਤੈਅ ਹੋਇਆ। ਇਸ ਪ੍ਰਸਤਾਵਿਤ ਅੰਦੋਲਨ ਉੱਪਰ ਵਿਸਤਾਰ ਨਾਲ ਕੰਮ ਕਰਨ ਲਈ ਚਿਕਿਤਸਕਾਂ ਦੀ ਇੱਕ ਟੀਮ ਦਾ ਵੀ ਗਠਨ ਕੀਤਾ ਗਿਆ। ਵਿਸ਼ਵ ਵਾਤਾਵਰਣ ਦਿਵਸ ਨੂੰ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਤੁਰੰਤ ਲਾਗੂ ਕਰਨ ਲਈ ਮੰਗ ਦਿਵਸ ਦੇ ਰੂਪ ਵਿੱਚ ਮਨਾਉਣ ਬਾਰੇ ਤੈਅ ਹੋਇਆ। ਸਵੱਛ ਊਰਜਾ ਉੱਪਰ ਇੱਕ ਗਰੁੱਪ ਬਣਾਇਆ ਗਿਆ ਜੋ ਕਿ ਟੀ ਪੀ ਪੀ ਦੀਆਂ ਵਾਤਾਵਰਣੀ ਸਮੱਸਿਆਵਾਂ, ਪਰਮਾਣੂ ਊਰਜਾ ਸਯੰਤ੍ਰਾਂ ਅਤੇ ਹੋਰ ਊਰਜਾ ਉਤਪਾਦਨ ਦੇ ਖਤਰਨਾਕ ਤਰੀਕਿਆਂ ਅਤੇ ਉਹਨਾਂ ਦੇ ਬਦਲਾਂ ਬਾਰੇ ਪੇਪਰ ਤਿਆਰ ਕਰੇਗਾ।
13 ਮਈ ਨੂੰ ਸਾਹਿਤ ਸਭਾ ਬਠਿੰਡਾ ਅਤੇ ਪੰਜਾਬੀ ਸੱਥ ਦੇ ਸਹਿਯੋਗ ਨਾਲ ਵਾਤਾਵਰਣ ਦੇ ਮੁੱਦੇ ਉੱਪਰ ਸਾਹਿਤਿਕ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਖੇਤੀ ਵਿਰਾਸਤ ਮਿਸ਼ਨ ਵਾਤਾਵਰਣ ਅਠੰਦੋਲਨ ਅਤੇ ਸਾਹਿਤਿਕ ਅੰਦੋਲਨ ਨੂੰ ਕਰੀਬ ਲਿਆਉਣ ਲਈ ਕੰਮ ਕਰੇਗਾ।
ਵਾਤਾਵਰਣ ਸਿਹਤ ਸੰਕਟ ਉੱਪਰ ਆਯੋਜਿਤ ਦੋ ਸੰਵਾਦਾਂ ਵਿੱਚੋਂ ਇੱਕ ਜੀ ਐਮ ਭੋਜਨ ਉੱਪਰ ਡਾ. ਅਮਰ ਸਿੰਘ ਆਜ਼ਾਦ ਅਤੇ ਦੂਸਰੇ ਵਾਤਾਵਰਣੀ ਜ਼ਹਿਰਾਂ ਉੱਪਰ ਡਾ. ਜੀ ਪੀ ਆਈ ਵੱਲੋਂ ਸੰਬੋਧਿਤ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਬੁੱਧੀਜੀਵੀਆਂ ਅਤੇ ਜਸਗਰੂਕ ਸ਼ਹਿਰੀਆਂ ਨੇ ਭਾਗ ਲਿਆ।
ਇਹਨਾਂ ਤਿੰਨ ਦਿਨਾਂ ਵਿੱਚ ਕਿਸਾਨਾਂ ਦੀਆਂ 13 ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ  ਜਿਸ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਗੁਰਾ ਬਾਰੇ ਦੱਸਿਆ ਗਿਆ। ਇਹਨਾਂ ਵਰਕਸ਼ਾਪਾਂ ਨੂੰ ਕਰਨਾਟਕ ਦੇ ਸੁਰੇਸ਼ ਦੇਸਾਈ ਅਤੇ ਭੋਲਾ ਨਾਥ , ਮਹਾਂਰਾਸ਼ਟਰ ਦੇ ਸੁਭਾਸ਼ ਸ਼ਰਮਾ ਅਤੇ ਹਰਿਆਣਾ ਦੇ ਡਾ. ਸੁਰੇਂਦਰ ਦਲਾਲ ਨੇ ਸੰਬੋਧਿਤ ਕੀਤਾ।
ਬੀਜ ਸੰਪ੍ਰਭੂਤਾ ਅੰਦੋਲਨ ਤਹਿਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਰਨਾਟਕ ਦੇ ਕਿਸਾਨਾਂ ਦੁਆਰਾ ਲਿਆਂਦੇ ਗਏ ਝੋਨੇ, ਨਾਰ੍ਮ੍ਹੇ ਅਤੇ ਮੂਲ ਅਨਾਜਾਂ ਦੇ ਬੀਜ ਵੰਡੇ ਗਏ। ਕਣਕ ਦੇ ਬੀਜ ਵਿਕਸਿਤ ਕਰਨ ਵਾਲੇ ਕਿਸਾਨ ਸ਼੍ਰੀ ਪ੍ਰਕਾਸ਼ ਰਘੂਵੰਸ਼ੀ ਦੇ ਬੀਜ ਵੀ ਕਿਸਾਨਾਂ ਵਿੱਚ ਵੰਡੇ ਗਏ।
ਇਸ ਮੌਕੇ ਵਾਤਵਰਣੀ ਜ਼ਹਿਰਾਂ ਦੇ ਅਸਰਾਂ ਅਤੇ ਭੋਪਾਲ ਗੈਸ ਕਾਂਡ ਉੱਪਰ ਆਧਾਰਿਤ 'ਸਿਆਹ ਹਾਸ਼ੀਏ' ਨਾਂ ਹੇਠ ਫੋਟੋ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।
ਜੈਵਿਕ ਉਤਪਾਦਾਂ ਦੇ ਵਿਕਰੀ ਸਟਾਲਾਂ ਪ੍ਰਤਿ ਵੀ ਲੋਕਾਂ ਦਾ ਵਧੀਆਂ ਹੁੰਗਾਰਾ ਮਿਲਿਆ ਅਤੇ ਲਗਭਗ ਸਾਰਾ ਸਟਾਕ ਵਿਕ ਗਿਆ। ਇਹਨਾਂ ਤਿੰਨ ਦਿਨਾਂ ਵਿੱਚ ਇੱਕ ਲੱਖ ਦਾ ਸਮਾਨ ਵਿਕਿਆ।

No comments:

Post a Comment