Tuesday 3 July 2012

ਖੂਨਦਾਨ: ਜਲਾਲਦੀਵਾਲ ਦੀਆਂ ਧੀਆਂ ਨੇ ਪਾਈ ਨਵੀਂ ਪਿਰਤ

                                                                                                                                  ਡਾ. ਹਰਮਿੰਦਰ ਸਿੱਧੂ
ਕਈ ਵਰੇ ਪਹਿਲਾਂ ਦੀ ਉਹ ਘਟਨਾ ਯਾਦ ਆਉਂਦੀ ਹੈ ਤਾਂ ਮਨ ਬੇਚੈਨ ਹੋ ਉੁੱਠਦਾ ਹੈ। ਸੋਚਣ ਲੱਗਦਾ ਹਾਂ ਕਿ ਕੀ ਇੱਕ ਸੱਭਿਅਕ ਸਮਾਜ ਅੰਦਰ ਇਸ ਤਰ੍ਹਾ ਵੀ ਵਾਪਰ ਸਕਦਾ ਹੈ? ਸਾਡੇ ਇਲਾਕੇ ਦਾ ਇੱਕ ਬਜ਼ੁਰਗ ਇਲਾਜ਼ ਲਈ ਹਸਪਤਾਲ ਵਿੱਚ ਦਾਖਲ ਸੀ, ਬਿਮਾਰੀ ਜਿਆਦਾ ਵਧੀ ਹੋਈ ਸੀ। ਉਸ ਦੀ ਜ਼ਿੰਦਗੀ ਲਈ ਕੁੱਝ ਬੋਤਲਾਂ ਖੂਨ ਦੀ ਲੋੜ ਸੀ। ਜਦੋਂ ਡਾਕਟਰ ਨੇ ਉਸਦੇ ਪਰਿਵਾਰ ਨੂੰ ਖੂਨ ਦਾ ਬੰਦੋਬਸਤ ਕਰਨ ਲਈ ਕਿਹਾ ਤਾਂ ਸਾਰਾ ਟੱਬਰ ਚਿੰਤਾ ਵਿੱਚ ਘਿਰ ਗਿਆ। ਬਜ਼ੁਰਗ ਦੇ ਪੁੱਤ-ਭਤੀਜੇ ਖੂਨ ਦੇਣ ਤੋਂ ਮੁਨਕਰ ਸੀ। ਕਿਉਂਕਿ ਉਹਨਾਂ ਨੂੰ ਡਰ ਸੀ ਕਿ ਖੂਨ ਦੇਣ ਨਾਲ ਉਹ ਕਮਜ਼ੋਰ ਹੋ ਜਾਣਗੇ ਅਤੇ ਬਜ਼ੁਰਗ ਦੀ ਘਰਵਾਲੀ ਜਿਹੜੀ ਕਿ ਕਦੇ ਉਸਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀ ਹੋਵੇਗੀ, ਰੱਬ ਅੱਗੇ ਅਰਦਾਸ ਕਰ ਰਹੀ ਸੀ ਮੇਰੇ ਬੱਚਿਆਂ ਨੂੰ ਖੂਨ ਨਾ ਦੇਣਾ ਪਵੇ, ਤੂੰ ਇਸਨੂੰ ਹੀ ਚੁੱਕ ਲੈ ਰੱਬਾ!
ਇਹ ਗੱਲ ਵੱਖਰੀ ਹੈ ਕਿ ਕਿਸੇ ਤਰ੍ਹਾ ਖੂਨ ਦਾ ਪ੍ਰਬੰਧ ਹੋ ਜਾਣ ਸਦਕਾ ਬਜ਼ੁਰਗ ਦੀ ਜ਼ਿੰਦਗੀ ਬਚ ਗਈ ਅਤੇ ਉਹ ਅੱਜ ਵੀ ਜਿਉਂਦਾ ਹੈ। ਇੰਨਾ ਹੀ ਨਹੀਂ ਘਰ ਚਲਾਉਣ ਵਿੱਚ ਵੀ ਪੂਰਾ ਯੋਗਦਾਨ ਪਾ ਰਿਹਾ ਹੈ। ਆਹ! ਕਿੱਡੀ ਵੱਡੀ ਭੁੱਲ ਸੀ ਉਸ ਦੇ ਪਰਿਵਾਰ ਦੀ। ਇੱਕ ਵਹਿਮ, ਡਰ ਦੇ ਕਾਰਨ ਖੂਨ ਦੀ ਕਮੀ ਦੇ ਚਲਦਿਆਂ ਬਜ਼ੁਰਗ ਕਈ ਵਰ੍ਹੇ ਪਹਿਲਾਂ ਹੀ ਪੂਰਾ ਹੋ ਚੱਲਿਆ ਸੀ।
ਸਥਿਤੀਆਂ ਅੱਜ ਵੀ ਉਹੀ ਨੇ। ਇੱਕੀਵੀਂ ਸਦੀ ਆਧੁਨਿਕ ਕਹਾਉਣ ਵਾਲੇ ਅਸੀਂ ਲੋਕ ਅੱਜ ਉੱਥੇ ਦੇ ਉੱਥੇ ਹੀ ਖੜੇ ਲੱਭਦੇ ਹਾਂ। ਖੂਨਦਾਨ ਸਬੰਧੀ ਸਾਡੀ ਸੋਚ ਵਿੱਚ ਕੋਈ ਵਰਨਣਯੋਗ ਪਰਿਵਰਤਨ ਆਇਆ ਨਜ਼ਰ ਨਹੀਂ ਆਉਂਦਾ। ਹਾਲਾਂਕਿ ਅਨੇਕਾਂ ਹੀ ਸਮਾਜ ਸੇਵੀ ਸੰਸਥਾਵਾਂ ਵੱਧ ਤੋਂ ਵੱਧ ਖੂਨਦਾਨ ਕਰਨ ਦਾ ਪ੍ਰਚਾਰ-ਪ੍ਰਸਾਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਲੋਕ ਹਾਲੇ ਵੀ ਇਸ ਵਹਿਮ ਵਿੱਚ ਜੀ ਰਹੇ ਹਨ ਕਿ ਖੂਨਦਾਨ ਕਰਨ ਨਾਲ ਸ਼ਰੀਰਕ ਕਮਜ਼ੋਰੀ ਆ ਜਾਂਦੀ ਹੈ। ਹਾਲਾਂਕਿ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ।  ਸਗੋਂ ਖੂਨਦਾਨ ਕਰਕੇ ਤੁਸੀਂ ਕਿਤੇ ਦੂਰ ਬੈਠੇ ਹੋਏ ਵੀ ਕਿਸੇ ਅਨਮੋਲ ਜ਼ਿੰਦਗੀ ਨੂੰ ਬਚਾਉਣ ਵਿੱਚ ਨਿੱਗਰ ਯੋਗਦਾਨ ਪਾ ਰਹੇ ਹੁੰਦੇ ਹੋ। 18 ਤੋਂ 60 ਸਾਲ ਦਾ ਕੋਈ ਵੀ ਮਰਦ ਤੇ ਔਰਤ ਜਿਸਦਾ ਭਾਰ 45 ਕਿੱਲੋ ਹੋਵੇ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦੇ ਹਨ।
ਖੂਨਦਾਨ ਸਮੇਂ ਸਾਡੇ ਸ਼ਰੀਰ ਵਿੱਚੋਂ ਇੱਕ ਵੇਲੇ ਸਿਰਫ 350 ਮਿਲੀ ਲਿਟਰ ਖੂਨ ਲਿਆ ਜਾਂਦਾ ਹੈ ਅਤੇ ਸ਼ਰੀਰ ਵਿੱਚ ਇਸਦੀ ਪੂਰਤੀ ਖੂਨਦਾਨ ਦੇ 24 ਘੰਟਿਆਂ ਅੰਦਰ ਹੋ ਜਾਂਦੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਖੂਨਦਾਨ ਕਰਨ ਨਾਲ ਸ਼ਰੀਰ ਦੀ ਰੋਗ ਪ੍ਰਤਿਰੋਧੀ ਸ਼ਕਤੀ ਵਧਦੀ ਹੈ। ਬਲੱਡ ਬੈਂਕ ਦੁਆਰਾ ਖੂਨਦਾਨੀਆਂ ਦੇ ਸਾਰੇ ਲੋੜੀਂਦੇ ਟੈਸਟ ਕਰਕੇ ਸਬੰਧਤ ਕਾਰਡ ਵੀ ਦਿੱਤਾ ਜਾਂਦਾ ਹੈ।
ਅਸੀਂ ਭਾਰਤ ਵਾਸੀ ਵਹਿਮਾਂ-ਭਰਮਾਂ ਕਾਰਨ ਖੂਨਦਾਨ ਕਰਨ ਵਿੱਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਪਿੱਛੇ ਹਾਂ ਖਾਸ ਕਰਕੇ ਕੈਂਪ ਲਗਾ ਕੇ ਖੂਨਦਾਨ ਕਰਨ ਵਿੱਚ। ਹਾਲਾਂਕਿ ਦੁਨੀਆਂ ਭਰ ਵਿੱਚ ਹਰ ਸਾਲ 80 ਮਿਲੀਅਨ ਯੂਨਿਟ ਖੂਨਦਾਨ ਕੀਤਾ ਜਾਂਦਾ ਹੈ। ਇਹਦੇ ਵਿੱਚ ਵਿਕਾਸਸ਼ੀਲ ਦੇਸ਼ਾਂ ਦਾ ਯੋਗਦਾਨ ਸਿਰਫ 39 ਫੀਸਦੀ ਹੈ ਜਦੋਂਕਿ ਸੰਸਾਰ ਦੀ 80 ਫੀਸਦੀ ਆਬਾਦੀ ਵਿਕਾਸਸ਼ੀਲ ਦੇਸ਼ਾਂ ਵਿੱਚ ਵਸਦੀ ਹੈ।
ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਭਾਰਤ ਵਰਸ਼ ਵਿੱਚ ਹਰ ਸਾਲ 9 ਮਿਲੀਅਨ ਯੂਨਿਟ ਖੂਨ ਦੀ ਜ਼ਰੂਰਤ ਰਹਿੰਦੀ ਹੈ ਪਰੰਤੂ ਇੱਥੇ ਖੂਨਦਾਨ ਤੋਂ ਸਿਰਫ 4.2 ਮਿਲੀਅਨ ਯੂਨਿਟ ਖੂਨ ਪ੍ਰਾਪਤ ਹੁੰਦਾ ਹੈ। ਪਰ ਹਾਂ ਇਹ ਗੱਲ ਵੱਖਰੀ ਹੈ ਕਿ ਅਸੀਂ ਇੱਕ-ਦੂਜੇ ਦਾ ਖੂਨ ਵਹਾਉਣ ਹਮੇਸ਼ਾ ਤਤਪਰ ਰਹਿੰਦੇ ਹਾਂ। ਜੇਕਰ ਭਾਰਤ ਦੀ 2 ਫੀਸਦੀ ਆਬਾਦੀ ਵੀ ਸਾਲ ਵਿੱਚ ਸਿਰਫ ਇੱਕ ਵਾਰ ਖੂਨਦਾਨ ਕਰੇ ਤਾਂ ਦੇਸ਼ ਵਿੱਚ ਕਿਸੇ ਨੂੰ ਵੀ ਖੂਨ ਦੀ ਕਮੀ ਕਾਰਨ ਜ਼ਿੰਦਗੀ ਨਹੀਂ ਗਵਾਉਣੀ ਪਵੇਗੀ।
ਜਿੱਥੋਂ ਤੱਕ ਗੱਲ ਇਸ ਮਾਮਲੇ ਵਿੱਚ ਪੰਜਾਬ ਦੀ ਦੇਸ਼ ਦੇ ਹੋਰਨਾ ਰਾਜਾਂ ਨਾਲ ਤੁਲਨਾ ਕਰਨ ਦੀ ਹੈ ਤਾਂ ਪੰਜਾਬ ਇਸ ਪੱਖੋਂ ਸਵੈ-ਇੱਛਾ ਨਾਲ ਖੂਨਦਾਨ ਕਰਨ ਵਿੱਚ ਅਸੀਂ ਬਿਹਾਰ ਅਤੇ ਛਤੀਸਗੜ ਜਿਹੇ ਪਛੜੇ ਕਹੇ ਜਾਣ ਵਾਲੇ ਰਾਜਾਂ ਤੋਂ ਵੀ ਬਹੁਤ ਪਿੱਛੇ ਹਾਂ। ਸਵੈ-ਇੱਛਾ ਨਾਲ ਖੂਨਦਾਨ ਕਰਨ ਵਿੱਚ ਜਿੱਥੇ ਅਰੁਣਾਚਲ ਪ੍ਰਦੇਸ਼ 90 % ਨਾਲ ਪਹਿਲੇ ਨੰਬਰ 'ਤੇ ਹੈ ਉੱਥੇ ਹੀ ਬੰਗਾਲ 80% ਨਾਲ ਦੂਜੇ, ਚੰਡੀਗੜ ਤੇ ਮਹਾਰਾਸ਼ਟਰ ਕ੍ਰਮਵਾਰ 70-73 % ਨਾਲ ਤੀਜੇ-ਚੌਥੇ, ਛੱਤੀਸਗੜ 28% ਨਾਲ ਪੰਜਵੇਂ, ਬਿਹਾਰ ਅਤੇ ਦਿੱਲੀ 25% ਨਾਲ ਛੇਵੇਂ ਨੰਬਰ 'ਤੇ ਹਨ, ਉੱਥੇ ਹੀ ਸਾਡਾ ਪੰਜਾਬ ਖੂਨਦਾਨ ਵਿੱਚ 17.6% ਹਿੱਸਾ ਹੀ ਆਪਣੇ ਲੋਕਾਂ ਨੂੰ ਬਚਾਉਣ ਦੇ ਇਸ ਮਹਾਨ ਕਾਰਜ ਵਿੱਚ ਪਾਉਂਦਾ ਹੈ।
ਬੇਸ਼ੱਕ ਇਹ ਇੱਕ ਕੌੜੀ ਸੱਚਾਈ ਹੈ ਕਿ ਅਸੀਂ ਮਨ ਦੇ ਕੋਮਲ ਭਾਵਾਂ ਤੋਂ ਸੱਖਣੇ ਹੋ ਗਏ ਹਾਂ। ਅਸੀਂ ਭਰੂਣ ਹੱਤਿਆ, ਨਸ਼ੇ ਕਰਨ ਅਤੇ ਨਸ਼ਿਆਂ ਤੋਂ ਕਮਾਈ ਦੇ ਮਾਮਲਿਆਂ 'ਚ ਤਾਂ ਜ਼ਰੂਰ ਇੱਕ ਨੰਬਰ 'ਤੇ ਪਹੁੰਚ ਗਏ ਹਾਂ ਪਰੰਤੂ ਖੂਨਦਾਨ ਰਾਹੀਂ ਲੋਕਾਂ ਨੂੰ ਜ਼ਿੰਦਗੀਆਂ ਵੰਡਣ ਵਿੱਚ ਹਾਲਾਂ ਵੀ ਬਹੁਤ ਪਿੱਛੇ ਖੜੇ ਹਾਂ।  ਇਹ ਸਾਡੇ ਲਈ ਵਿਚਾਰਨਯੋਗ  ਤੇ ਵੱਡਾ ਮੁੱਦਾ ਹੈ ਕਿ ਕਿਉਂ ਅਸੀਂ ਖੂਨ ਦੀ ਕਿੱਲਤ ਦੇ ਛਾਏ ਹੇਠ ਜਿਉਂ ਰਹੇ ਹਾਂ? ਹਾਲਾਂਕਿ ਵਧਦੀਆਂ ਬਿਮਾਰੀਆਂ ਅਤੇ ਹਾਦਸਿਆਂ ਕਾਰਨ ਖੂਨ ਦੀ ਲੋੜ ਅਤੇ ਮੰਗ ਲਗਾਤਾਰ ਵਧ ਰਹੀ ਹੈ।
ਪਰ ਇਸ ਪੱਖੋਂ ਘੁੱਪ ਹਨੇਰੇ ਵਿੱਚ ਆਸ ਦੀ ਕਿਰਨ ਬਣ ਕੇ ਉੱਭਰਿਆ ਹੈ ਗਦਰੀ ਬਾਬਾ ਦੁੱਲਾ ਸਿੰਘ ਦਾ ਪਿੰਡ ਜਲਾਲਦੀਵਾਲ। ਪਿੰਡ ਵਾਸੀ 'ਗਦਰੀ ਬਾਬਾ ਦੁੱਲਾ ਸਿੰਘ ਅਤੇ ਨਿਹਾਲ ਸਿੰਘ ਫਾਂਊਂਡੇਸ਼ਨ ਬਣਾ ਕੇ ਸੰਨ 2008 ਤੋਂ ਹਰ ਸਾਲ ਲਗਾਤਾਰ ਖੂਨਦਾਨ ਕੈਂਪ ਲਾ ਕੇ ਹਰ ਸਾਲ 125 ਯੂਨਿਟ ਖੂਨਦਾਨ ਕਰ ਰਹੇ ਹਨ।
ਜਲਾਲਦੀਵਾਲ ਵਿੱਚ ਪਈ ਇਸ ਜੀਵਨਦਾਨੀ ਪਿਰਤ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਪਿੰਡ ਦੀਆਂ ਧੀਆਂ ਪਿੰਡ ਵਿੱਚ ਲੱਗਣ ਵਾਲੇ ਖੂਨਦਾਨ ਕੈਂਪਾ ਵਿੱਚ ਵਧ-ਚੜ ਕੇ ਹਿੱਸਾ ਲੈਂਦੀਆਂ ਹਨ ਅਤੇ ਸਵੈ-ਇੱਛਾ ਨਾਲ ਖੂਨਦਾਨ ਕਰਦੀਆਂ ਹਨ। ਪਿੰਡ ਵਿੱਚ ਵਸਨੀਕ ਸ. ਕੁਲਦੀਪ ਸਿੰਘ ਪੂਨੀਆਂ ਦਾ ਪੂਰਾ ਪਰਿਵਾਰ ਆਪਣੀਆਂ 4 ਧੀਆਂ ਸਮੇਤ ਖੂਨਦਾਨ ਦੇ ਇਸ ਮਹਾਯੱਗ ਵਿੱਚ ਆਹੂਤੀ ਦਿੰਦਾ ਹੈ। ਡਿਸਕਸ ਥ੍ਰੋਇੰਗ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਅਤੇ ਪੂਨੀਆ ਪਰਿਵਾਰ ਦੀ ਸਭ ਤੋਂ ਵੱਡੀ ਤੋਂ ਛੋਟੀ ਬੇਟੀ  ਦੀਪ ਪੂਨੀਆ ਨੇ ਪਿੰਡ ਦੀਆਂ ਹੋਰਨਾਂ ਲੜਕੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਭਰੂਣ ਹੱਤਿਆ ਅਤੇ ਦਹੇਜ਼ ਲਈ ਧੀਆਂ ਮਾਰਨ ਦੇ ਇਸ ਕਾਲੇ ਦੌਰ ਵਿੱਚ ਇਸ ਪਰਿਵਾਰ ਅਤੇ ਪਿੰਡ ਦੀਆਂ ਸਮੂਹ ਖੂਨਦਾਨੀ ਬੱਚੀਆਂ ਸਾਡੇ ਲਈ ਚਾਨਣ ਮੁਨਾਰਾ ਹਨ।  ਅਜਿਹੇ ਕਾਲੇ ਸਮੇਂ ਵਿੱਚ ਪਿੰਡ ਦੀਆਂ 10-15 ਧੀਆਂ ਦਾ ਸਵੈਇੱਛਾ ਨਾਲ ਖੂਨਦਾਨ ਕਰਨ ਲਈ ਅੱਗੇ ਆ ਕੇ ਨਵੀਂ ਪਿਰਤ ਪਾਉਣਾ ਇਸ ਪਿੰਡ ਦੇ ਮਾਣਮੱਤੇ ਇਤਿਹਾਸ ਲਈ ਫ਼ਖਰ ਦੀ ਗੱਲ ਹੈ।
28 ਮਾਰਚ 2011 ਵਿੱਚ ਫਾਂਊਂਡੇਸ਼ਨ ਨਾਲ ਉਸ ਵੇਲੇ ਇੱਕ ਹੋਰ ਬੇਹੱਦ ਮਾਣ, ਖੁਸ਼ੀ ਅਤੇ ਸੁਖਦ ਅਚੰਭੇ ਵਾਲੀ ਪ੍ਰਾਪਤੀ ਜੁੜ ਗਈ ਜਦੋਂ ਪਿੰਡ ਵਿੱਚ ਸੰਸਥਾ ਵੱਲੋਂ ਅਵਤਾਰ ਸਿੰਘ ਅਮਰੀਕਾ ਵਾਲਿਆਂ ਦੀ ਸਹਾਇਤਾ ਨਾਲ ਲਾਏ ਗਏ ਖੂਨਦਾਨ ਕੈਂਪ ਵਿੱਚ ਬਚਪਨ ਤੋਂ ਹੀ ਅਪਾਹਜ਼ ਇੱਕ ਬੱਚੀ ਆਪਣੀ ਟ੍ਰਾਈਸਾਈਕਲ 'ਤੇ ਗੁਰੂਘਰ ਪਹੁੰਚ ਗਈ। ਸਭ ਨੇ ਸੋਚਿਆ ਕਿ ਇਹ ਕਿਸੇ ਡਾਕਟਰੀ ਕੈਂਪ ਦੇ ਭੁਲੇਖੇ ਦਵਾਈ ਆਦਿ ਲੈਣ ਆਈ ਹੈ ਪਰੰਤੂ ਉਹ ਤਾਂ ਖੂਨਦਾਨ ਕਰ ਕੇ ਜ਼ਿੰਦਗੀਆਂ ਬਚਾਉਣ ਦੇ ਮਹਾਯੱਗ ਵਿੱਚ ਆਪਣਾ ਹਿੱਸਾ ਪਾਉਣ ਆਈ ਸੀ। ਇਹ ਸਭ ਦੇਖ ਕੇ ਜਿੱਥੇ ਸਾਰੇ ਪ੍ਰਬੰਧਕ ਹੈਰਾਨ ਸਨ ਉੱਥੇ ਹੀ ਮੈਂ ਸੋਚ ਰਿਹਾ ਸੀ ਕਿ ਜਦੋਂ ਹੱਟੇ-ਕੱਟੇ ਤੰਦਰੁਸਤ ਨੌਜਵਾਨ ਖੂਨਦਾਨ ਦੇ ਨਾਮ ਤੋਂ ਹੀ ਭੱਜ ਖੜੇ ਹੁੰਦੇ ਹਨ ਉਦੋਂ ਗਰੀਬ ਮਜ਼ਦੂਰ ਪਰਿਵਾਰ ਦੀ ਇਹ ਅਪਾਹਜ਼ ਧੀ ਬਿਨਾਂ ਕਿਸੇ ਦੇ ਸੱਦੇ ਆਪਣੀ ਮਾਂ ਨੂੰ ਨਾਲ ਲੈਕੇ ਖੂਨਦਾਨ ਕਰਨ ਲਈ ਮੋਹਰੀ ਬਣ ਕੇ ਆਈ ਹੈ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ?
ਉਸਦੇ ਸਾਰੇ ਲੋੜੀਂਦੇ ਟੈਸਟ ਕੀਤੇ ਗਏ। ਉਹ ਖੂਨਦਾਨ ਲਈ ਯੋਗ ਪਾਈ ਗਈ। ਉਹ ਬੜੀ ਹੀ ਮੁਸ਼ਕਿਲ ਨਾਲ ਬੈਂਚ 'ਤੇ ਲੇਟੀ ਅਤੇ ਸਬੰਧਤ ਸਟਾਫ ਨੂੰ ਖੂਨ ਲੈਣ ਵਾਸਤੇ ਲੋੜੀਂਦੀ ਨਾੜ ਲੱਭਣ ਵਿੱਚ ਥੋੜੀ ਪਰੇਸ਼ਾਨੀ ਵੀ ਹੋਈ। ਨਾੜ ਲੱਭਦੇ ਸਮੇਂ ਉਸਨੂੰ ਹੋ ਰਹੀ ਤਕਲੀਫ਼ ਦਾ ਧਿਆਨ ਕਰਦਿਆਂ ਪ੍ਰਬੰਧਕਾਂ ਅਤੇ ਸਟਾਫ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਤੁਹਾਡੀਆਂ ਨਾੜਾਂ ਡੂੰਘੀਆਂ ਹੋਣ ਕਰਕੇ ਤੁਹਾਨੂੰ ਤਕਲੀਫ਼ ਹੋ ਰਹੀ ਹੈ ਤੁਸੀਂ ਖੂਨਦਾਨ ਨਾ ਕਰੋ, ਰਹਿਣ ਦਿਉ ਅਤੇ ਜਿੰਨੀ ਸ਼ਰਧਾ ਨਾਲ ਤੁਸੀਂ ਖੂਨਦਾਨ ਲਈ ਅੱਗੇ ਆਏ ਹੋ ਤੁਹਾਡੀ ਮਨਸ਼ਾ ਪੂਰੀ ਹੋ ਗਈ ਹੈ। ਪਰੰਤੂ ਉਹ ਨਹੀਂ ਮੰਨੀ ਅਤੇ ਇੱਕ ਯੂਨਿਟ ਖੂਨਦਾਨ ਕਰਕੇ ਹੀ ਉਸਦੇ ਮਨ ਨੂੰ ਸਕੂਨ ਮਿਲਿਆ। ਪਿੰਡ ਦੀ ਇਸ ਧੀ ਦੇ ਹੌਸਲੇ ਨੇ ਕੈਂਪ ਨੂੰ ਲਾਸਾਨੀ ਬਣਾ ਦਿੱਤਾ। ਇਸ ਘਟਨਾਕ੍ਰਮ ਸਦਕਾ ਜਿੱਥੇ ਪਿਛਲੇ ਕਈ ਸਾਲਾਂ ਤੋਂ ਸੰਸਥਾ ਵੱਲੋਂ  ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਂਦਾ ਨਜ਼ਰ ਆਇਆ ਉਥੇ ਹੀ ਸਭ ਦੀਆਂ ਨਮ ਹੋਈਆਂ ਅੱਖਾਂ ਅਤੇ ਸਿਰ ਸ਼ਰਧਾ ਨਾਲ ਉਹਦੇ ਅੱਗੇ ਝੁਕ ਗਏ।
ਖੂਨਦਾਨ ਦੇ ਉਸ ਮਹਯੱਗ ਵਿੱਚ ਆਪਣਾ ਹਿੱਸਾ ਪਾ ਕੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੀ ਉਹ ਅਪਾਹਿਜ਼ ਧੀ ਲੋਕਾਂ ਲਈ ਇਹ ਸਵਾਲ ਛੱਡ ਗਈ ਕਿ ਜੇਕਰ ਉਹ ਅਜਿਹਾ ਕਰ ਸਕਦੀ ਹੈ ਤਾਂ ਖਾਂਦੇ-ਪੀਂਦੇ ਅਮੀਰ ਘਰਾਂ ਦੀਆਂ ਨੌ-ਬਰ-ਨੌ ਬੀਬੀਆਂ ਅਜਿਹਾ ਕਿਉਂ ਨਹੀਂ ਕਰ ਸਕਦੀਆਂ? ਨੌਜਵਾਨ ਅਤੇ ਆਮ ਲੋਕ ਅਜਿਹਾ ਕਿਉਂ ਨਹੀਂ ਕਰ ਸਕਦੇ?
ਪਿੰਡ ਵਾਸੀਆਂ ਦੇ ਇਸ ਨੇਕ ਉੱਦਮ ਵਿੱਚ ਸੀ ਐਮ ਸੀ ਲੁਧਿਆਣਾ ਅਤੇ ਉੁਸਦੇ ਖੂਨਦਾਨ ਵਿਭਾਗ ਦੇ ਮੁੱਖ ਡਾ. ਰੁਪਿੰਦਰ ਕੌਰ ਹੁਣਾਂ ਦਾ ਅਹਿਮ ਯੋਗਦਾਨ ਹੈ। ਜੇਕਰ ਗਦਰੀ 'ਬਾਬਾ ਦੁੱਲਾ ਸਿੰਘ ਅਤੇ ਗਿਆਨੀ ਨਿਹਾਲ ਸਿੰਘ ਫਾਂਊਂਡੇਸ਼ਨ'  ਲੋਕਾਂ ਵਿੱਚ ਜਾ ਕੇ ਖੂਨਦਾਨ ਸਬੰਧੀ ਵਹਿਮਾ-ਭਰਮ ਘੱਟ ਕਰਨ ਵਿੱਚ ਸਫ਼ਲ ਹੋਈ ਹੈ ਤਾਂ ਇਸ ਵਿੱਚ ਸੀ. ਐਮ. ਸੀ. ਲੁਧਿਆਣਾ ਅਤੇ ਡਾ. ਰੁਪਿੰਦਰ ਕੌਰ ਹੁਣਾਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅੱਜ ਜ਼ਰੂਰਤ ਹੈ ਬੇਤੁਕੇ ਵਹਿਮਾਂ-ਭਰਮਾਂ ਅਤੇ ਫਾਲਤੂ ਦੇ ਡਰ ਨੂੰ ਪਿੱਛੇ ਛੱਡਦਿਆਂ ਵੱਧ ਤੋਂ ਵੱਧ ਜਾਗਰੂਕ ਹੋਣ ਦੀ, ਵੱਡੇ ਪੱਧਰ 'ਤੇ ਖੂਨਦਾਨ ਕਰਨ ਦੀ ਤਾਂ ਕਿ ਕਦੇ ਵੀ ਕੋਈ ਜ਼ਿਦਗੀ ਖੂਨ ਦੀ ਕਮੀਂ ਕਾਰਨ ਕਾਲ ਦਾ ਗ੍ਰਾਸ ਨਾ ਬਣੇ। ਕਿਸੇ ਦੇ ਬੱਚੇ ਮਾਂ-ਬਾਪ, ਭੈਣ-ਭਾਈ ਦੇ ਪਿਆਰ ਤੋਂ ਵਾਂਝੇ ਨਾ ਰਹਿ ਜਾਣ। ਕਿਉਂਕਿ ਪੈਸੇ ਨਾਲ ਹਰੇਕ ਚੀਜ਼ ਨਹੀਂ ਖਰੀਦੀ ਜਾ ਸਕਦੀ। ਅਸੀਂ ਵੱਡੇ-ਵੱਡੇ ਧਨਪਤੀਆਂ ਨੂੰ ਔਖੇ ਵੇਲੇ ਖੂਨ ਦੀ ਕਮੀ ਨਾਲ ਜੂਝਦਿਆਂ ਦੇਖਿਆ ਹੈ। ਜਿਹਨਾਂ ਲਈ ਪੈਸਾ ਲੋੜ ਪੈਣ 'ਤੇ ਖੂਨ ਦਾ ਰੂਪ ਨਹੀਂ ਵਟਾਉਂਦਾ। ਅਜਿਹੇ ਵਿੱਚ ਜਲਾਲਦੀਵਾਲ ਦੀਆਂ ਇਹ ਬਹਾਦਰ ਬੱਚੀਆਂ ਸਾਨੂੰ ਸੱਦਾ ਦੇ ਰਹੀਆਂ ਹਨ ਕਿ ਨਿਰਸਵਾਰਥ ਭਾਵ ਨਾਲ ਸਾਨੂੰ ਸਭ ਨੂੰ ਬਿਨਾਂ ਹੋਰ ਦੇਰ ਕੀਤਿਆਂ ਜ਼ਿੰਦਗੀਆਂ ਵੰਡਣ ਵਾਲੇ ਇਸ ਮਹਾਨ ਕਾਰਜ ਵਿੱਚ ਜੁੱਟ  ਜਾਣਾ ਚਾਹੀਦਾ ਹੈ। ਕਿਉਂਕਿ ਕਿਸੇ ਸਿਆਣੇ ਨੇ ਕਿਹਾ ਹੈ, “ਜੇਕਰ ਤੁਸੀਂ ਪੈਸਾ ਦਾਨ ਕਰਦੇ ਹੋ ਤਾਂ ਤੁਸੀਂ ਭੋਜਨਦਾਨ ਦਿੰਦੇ ਹੋ ਪਰੰਤੂ ਜੇਕਰ ਤੁਸੀਂ ਖੂਨਦਾਨ ਕਰਦੇ ਹੋ ਤਾਂ ਤੁਸੀਂ ਜੀਵਨਦਾਨ ਦਿੰਦੇ ਹੋ।”
ਅਸੀਂ ਨੌਜਵਾਨ ਮੁੰਡੇ ਕੁੜੀਆਂ ਤੋਂ ਇਹ ਉਮੀਦ ਕਰਦੇ ਹਾਂ ਕਿ ਉਹ ਸਾਡੀ ਉਮੀਦ ਦਾ ਹੁੰਗਾਰਾ ਬਣਨਗੇ।
         ਆਮੀਨ!

No comments:

Post a Comment