Saturday 5 May 2012

ਜੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਇੱਛਕ ਹੋ ਤਾਂ ਜੰਕ ਫੂਡ ਜ਼ਰੂਰ ਖਾਓ

ਜੰਕ ਫੂਡ ਇੱਕ ਧੀਮਾ ਅਤੇ ਮਿੱਠਾ ਜ਼ਹਿਰ
ਅੱਜੋਕੇ ਆਧੁਨਿਕ ਯੁੱਗ ਵਿੱਚ ਨਾ ਸਿਰਫ ਸਾਡਾ ਰਹਿਣ-ਸਹਿਣ ਬਦਲਿਆ ਹੈ ਸਗੋਂ ਸਾਡਾ ਖਾਣ-ਪਾਣ ਵੀ ਬਦਲ ਗਿਆ ਹੈ। ਅੱਜ ਜੰਕ ਫੂਡ ਬੱਚੇ ਤੋਂ ਲੈ ਕੇ ਵੱਡੇ, ਹਰ ਇੱਕ ਦੀ ਪਸੰਦ ਬਣਿਆ ਹੋਇਆ ਹੈ। ਜਿਸ ਦਿਨ ਖਾਣਾ ਪਕਾਉਣ ਦਾ ਮਨ ਨਾ ਹੋਵੇ ਬਾਜ਼ਾਰ ਤੋਂ ਪਿੱਜਾ, ਬਰਗਰ ਜਾਂ ਨੂਡਲਜ਼ ਮੰਗਵਾਉ ਅਤੇ ਖਾਉ, ਇਹੀ ਸੰਸਕ੍ਰਿਤੀ ਬਣਦੀ ਜਾ ਰਹੀ ਹੈ ਸਾਡੀ!ਅੱਜ ਜਦ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਇਹ ਬਹੁਤ ਹੀ ਘੱਟ ਹੁੰਦਾ ਹੈ ਕਿ ਬਿਨਾਂ ਜੰਕ ਫੂਡ ਖਾਧਿਆਂ ਘਰ ਵਾਪਸ ਆਈਏ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਮਾਵਾਂ ਆਪਣੇ 3-4 ਸਾਲ ਤੱਕ ਦੇ ਬੱਚਿਆਂ ਤੱਕ ਨੂੰ ਕੁਰਕਰੇ, ਨੂਡਲਜ਼ ਜਿਹੇ ਫਾਸਟ ਫੂਡ ਖਵਾ ਰਹੀਆ ਹੁੰਦੀਆਂ ਹਨ, ਬਿਨਾਂ ਆਪਣੇ ਬੱਚੇ ਦੀ ਸਿਹਤ ਦੀ ਪਰਵਾਹ ਕੀਤਿਆਂ। ਪਹਿਲਾਂ ਤਾਂ ਇਹ ਚਲਨ ਸਿਰਫ ਸ਼ਹਿਰਾਂ ਤੱਕ ਹੀ ਸੀਮਿਤ ਸੀ ਪਰ ਹੁਣ ਇਸ ਨੇ ਪਿੰਡਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ।
ਜੰਕ ਫੂਡ ਆਪਣੇ ਆਪ ਹੀ ਆਪਣਾ ਮਤਲਬ ਸਾਫ਼ ਕਰਦਾ ਹੈ- ਜੰਕ ਭਾਵ ਕਬਾੜ ਅਤੇ ਫੂਡ ਮਤਲਬ ਖਾਣਾ ਭਾਵ ਉਹ ਖਾਣਾ ਜੋ ਕੈਲੋਰੀ ਅਤੇ ਫੈਟ ਨਾਲ ਤਾਂ ਭਰਪੂਰ ਹੈ ਪਰ ਪੌਸ਼ਟਿਕਤਾ ਪੱਖੋਂ ਸਿਫ਼ਰ। ਹੁਣ ਤਾਂ ਗ਼ੈਰ-ਸੰਕ੍ਰਮਿਤ ਰੋਗਾਂ ਜਿਵੇਂ ਮੋਟਾਪਾ ਆਦਿ ਨੂੰ ਜੰਕ ਫੂਡ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਹ ਜਾਣਦੇ ਹੋਏੇ ਵੀ ਕਿ ਕਬਾੜ ਖਾਣਾ ਸਿਹਤ ਲਈ ਹਾਨੀਕਾਰਕ ਹੈ, ਅਸੀਂ ਇਸ ਨੂੰ ਖਾ ਰਹੇ ਹਾਂ। ਪਰ ਕੀ ਸਾਨੂੰ ਅੰਦਾਜ਼ਾ ਵੀ ਹੈ ਕਿ ਜ਼ੰਕ ਫੂਡ ਸਾਡੀ ਸਿਹਤ ਲਈ ਕਿਸ ਹੱਦ ਤੱਕ ਨੁਕਸਾਨਦਾਇਕ ਹੋ ਸਕਦੇ ਹਨ? ਕੀ ਅਸੀਂ ਕਦੇ ਵੀ ਮੈਗੀ ਜਾਂ ਚਿਪਸ ਦੇ ਪੈਕਟ ਉੱਪਰ ਦਿੱਤਾ ਵੇਰਵਾ ਪੜਿ•ਆ ਹੈ? ਕੀ ਇਹਨਾਂ ਵਿੱਚ ਉਹ ਸਭ ਹੈ ਜਿਸਦਾ ਦਾਅਵਾ ਕੰਪਨੀ ਕਰਦੀ ਹੈ? ਸ਼ਾਇਦ ਕਿਸੇ ਨੇ ਵੀ ਇਹ ਕਦੇ ਚੈੱਕ ਨਹੀਂ ਕੀਤਾ ਹੋਵੇਗਾ। ਜਿਸਦਾ ਨਤੀਜ਼ਾ ਅੱਜ ਇਹ ਨਿਕਲ ਰਿਹਾ ਹੈ ਕਿ ਇਹ ਕੰਪਨੀਆਂ ਸਾਡੀ ਸਿਹਤ ਦੀ ਕੋਈ ਪ੍ਰਵਾਹ ਨਹੀਂ ਕਰ ਰਹੀਆਂ ਅਤੇ ਨਿਰਧਾਰਿਤ ਮਾਨਦੰਡਾਂ ਤੋਂ ਕਿਤੇ ਜ਼ਿਆਦਾ ਨਮਕ, ਚੀਨੀ ਅਤੇ ਟ੍ਰਾਂਸ ਫੈਟਸ ਆਪਣੇ ਉਤਪਾਦਾਂ ਵਿੱਚ ਵਰਤ ਰਹੀਆਂ ਹਨ। ਇੱਕ ਪਾਸੇ ਇਹ ਜੰਕ ਫੂਡ ਸਾਡੀ ਨੌਜਵਾਨ ਪੀੜ•ੀ ਨੂੰ ਬਿਮਾਰੀਆਂ ਵੱਲ ਧਕੇਲ ਰਹੇ ਹਨ ਅਤੇ ਦੂਜ਼ੇ ਪਾਸੇ ਸਰਕਾਰ ਅਤੇ ਕੰਪਨੀਆਂ ਨੂੰ ਇਸ ਗੱਲ ਦੀ ਉੱਕਾ ਹੀ ਪ੍ਰਵਾਹ ਨਹੀਂ।
ਇੰਨਾਂ ਤਾਂ ਸਭ ਜਾਣਦੇ ਹਨ ਕਿ ਜ਼ੰਕ ਫੂਡ ਸਿਹਤ ਲਈ ਚੰਗੇ ਨਹੀਂ ਹਨ। ਪਰ ਇਹ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾਉਂਦੇ ਹਨ?ਕੋਈ ਨਹੀ ਜਾਣਦਾ। ਇਹੀ ਸੱਚ ਸਾਡੇ ਸਾਹਮਣੇ ਲਿਆਉਣ ਲਈ ਹੁਣੇ ਜਿਹੇ ਸੈਂਟਰ ਫਾੱਰ ਸਾਂਇੰਸ ਐਂਡ ਇਨਵਾਇਰਨਮੈਂਟ ਵੱਲੋਂ ਫਾਸਟ ਫੂਡ ਦੇ ਮੁੱਖ 16 ਬ੍ਰਾਂਡਾਂ ਦੇ ਉਤਪਾਦਾਂ ਜਿੰਨ•ਾਂ ਵਿੱਚ ਮੈਗੀ, ਟੌਪ ਰੈਮਨ ਨੂਡਲਜ਼, ਮੈਕਡੌਨਲਡ ਦੇ ਉਤਪਾਦ, ਕੇ ਐੱਫ ਸੀ ਦਾ ਫ੍ਰਾਈਡ ਚਿਕਨ ਅਤੇ ਹਲਦੀ ਰਾਮ ਦਾ ਆਲੂ ਭੁਜੀਆ ਸ਼ਾਮਿਲ ਹਨ। ਜਿਹਨਾਂ ਦੇ ਵਾਰ-ਵਾਰ ਵਿਗਿਆਪਨ ਦਿਖਾਏ ਜਾਂਦੇ ਹਨ ਅਤੇ ਜਿਹਨਾਂ ਨੂੰ ਖਾਣ ਲਈ ਸਾਡੇ ਮਨਪਸੰਦ ਸਿਤਾਰੇ ਅਤੇ ਕ੍ਰਿਕਟਰ ਆਖਦੇ ਹਨ,  ਦੀ ਆਪਣੀ ਲੈਬਾਰਟਰੀ ਵਿੱਚ ਟੈਸਟਿੰਗ ਕੀਤੀ। ਇਸ ਪਰਖ ਦਾ ਮਕਸਦ ਇਹਨਾਂ ਉਤਪਾਦਾਂ ਦੀ ਪੌਸ਼ਟਿਕਤਾ ਦਾ ਪਤਾ ਲਗਾਉਣਾ ਸੀ। ਇਹਨਾਂ ਉਤਪਾਦਾਂ ਵਿੱਚ ਚੀਨੀ, ਨਮਕ ਅਤੇ ਟ੍ਰਾਂਸ ਫੈਟ ਦੀ ਮਾਤਰਾ ਪਤਾ ਲਗਾਉਣਾ ਸੀ।
ਸੈਂਟਰ ਫਾੱਰ ਸਾਇੰਸ ਐਂਡ ਇਨਵਾਇਰਨਮੈਟ ਦੁਆਰਾ ਕੀਤੀ ਟੈਸਟਿੰਗ ਵਿੱਚ ਇਹ ਪਾਇਆ ਗਿਆ ਕਿ ਜ਼ਿਆਦਾਤਰ ਜੰਕ ਫੂਡ ਪਦਾਰਥਾਂ ਵਿੱਚ ਟ੍ਰਾਂਸ ਫੈਟ (ਉਹ ਫੈਟ ਜੋ ਸ਼ਰੀਰ ਵਿੱਚ ਧਮਨੀਆਂ ਵਿੱਚ ਜਾ ਕੇ ਜੰਮ ਜਾਂਦੀ ਹੈ ਅਤੇ ਨਾੜਾਂ ਦੇ ਬਲੌਕ ਹੋਣ ਦਾ ਕਾਰਨ ਬਣਦੀ ਹੈ, ਦਿਲ ਦੀਆਂ ਨਾੜ•ੀਆਂ ਵਿੱਚ ਜੰਮ ਕੇ ਦਿਲ ਦੇ ਦੌਰੇ ਦਾ ਕਾਰਨ ਬਣਦੀ ਹੈ), ਨਮਕ ਅਤੇ ਚੀਨੀ ਆਦਿ ਨਿਰਧਾਰਿਤ ਮਾਨਦੰਡਾਂ ਤੋਂ ਜ਼ਿਆਦਾ  ਹਨ ਜੋ ਕਿ ਸਿਹਤ ਲਈ ਖ਼ਤਰਨਾਕ ਹਨ ਅਤੇ ਮੋਟਾਪਾ ਅਤੇ ਸ਼ੂਗਰ ਦੀਆਂ ਬਿਮਾਰੀਆਂ ਵਧਾਉਂਦੇ ਹਨ।
ਅਧਿਐਨ ਦੌਰਾਨ ਇਹ ਵੀ ਪਾਇਆ ਗਿਆ ਕਿ ਕੰਪਨੀਆਂ ਗਲਤ ਬ੍ਰਾਂਡਿੰਗ ਕਰਨ ਦੇ ਨਾਲ-ਨਾਲ ਗਲਤ ਜਾਣਕਾਰੀ ਵੀ ਦੇ ਰਹੀਆਂ ਹਨ। ਜ਼ਿਆਦਾਤਰ ਕੰਪਨੀਆਂ ਨੇ ਆਪਣੇ ਉਤਪਾਦਾਂ ਉੱਪਰ ਜ਼ੀਰੋ ਟ੍ਰਾਂਸਫੈਟ ਲਿਖਿਆ ਹੈ ਪਰ ਸੈਂਟਰ ਫਾੱਰ ਸਾਇੰਸ ਐਂਡ ਇਨਵਾਇਰਨਮੈਟ ਨੂੰ ਉਹਨਾਂ ਦੇ ਉਤਪਾਦਾਂ ਦੀ ਜਾਂਚ ਦੌਰਾਨ ਉਹਨਾਂ ਵਿੱਚ ਭਾਰੀ ਮਾਤਰਾ 'ਚ ਟ੍ਰਾਂਸ ਫੈਟਸ ਮਿਲੇ। ਟੈਸਟਿੰਗ ਵਿੱਚ ਸਾਡੇ ਰੋਜ਼ਾਨਾ ਜੀਵਨ ਵਿੱਚ ਲਏ ਜਾਣ ਵਾਲੇ ਤੱਤਾਂ ਦੀ ਨਿਰਧਾਰਿਤ ਮਾਤਰਾ ਅਤੇ ਇਹਨਾਂ ਜੰਕਫੂਡ ਉਤਪਾਦਾਂ ਉੱਪਰ ਕੀਤੇ ਗਏ ਪੌਸ਼ਟਿਕਤਾ ਦੇ ਦਾਅਵਿਆਂ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ।  ਦਿਲ ਦਹਿਲਾਊ ਨਤੀਜ਼ੇ ਸਾਹਮਣੇ ਆਏ।
ਰੋਜ਼ਾਨਾ ਜੀਵਨ ਵਿੱਚ ਲਏ ਜਾਣ ਵਾਲੇ ਤੱਤਾਂ ਦੀ ਨਿਰਧਾਰਿਤ ਮਾਤਰਾ
ਰਾਸ਼ਟਰੀ ਪੋਸ਼ਣ ਸੰਸਥਾਨ(National 9nstitute of Nutrition)ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਕੁੱਝ ਮਾਨਦੰਡ ਨਿਰਧਾਰਿਤ ਕੀਤੇ ਗਏ ਹਨ ਕਿ ਇੱਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਨਮਕ, ਚੀਨੀ, ਕਾਰਬੋਹਾਈਡ੍ਰੇਟਸ ਅਤੇ ਫੈਟ ਦੀ ਕਿੰਨੀ ਮਾਤਰਾ ਆਪਣੇ ਰੋਜ਼ਾਨਾ ਜ਼ੀਵਨ ਵਿੱਚ ਲੈਣੀ ਚਾਹੀਦੀ ਹੈ।
ਸੀ ਐਸ ਈ (ਸੈਂਟਰ ਫਾੱਰ ਸਾਇੰਸ ਐਂਡ ਇਨਵਾਇਰਨਮੈਟ) ਦੇ ਅਧਿਐਨ ਵਿੱਚ, ਜੋ ਕਿ ਕੁੱਝ ਮਸ਼ਹੂਰ ਉਤਪਾਦਾਂ ਜਿਵੇਂ ਪੋਟੈਟੋ ਚਿਪਸ, ਸਨੈਕਸ ਜਿਵੇਂ ਆਲੂ ਭੁਜੀਆ, ਨੂਡਲਜ਼, ਸਾਫਟ ਡ੍ਰਿੰਕਸ, ਬਰਗਰਜ਼, ਫ੍ਰੈਂਚ ਫ੍ਰਾਈਜ਼ ਅਤੇ ਫ੍ਰਾਈਡ ਚਿਕਨ ਸ਼ਾਮਿਲ ਹਨ, ਇਹ ਸਾਹਮਣੇ ਆਇਆ ਕਿ ਇਹਨਾਂ ਦੀ ਇੱਕ ਪੈਕਿੰਗ ਹੀ ਸਾਡੀ ਰੋਜ਼ਾਨਾ ਦੇ ਖਾਣੇ ਦਾ ਕੋਟਾ ਪੂਰਾ ਕਰ ਦਿੰਦੀ ਹੈ।
ਉਦਾਹਰਣ ਲਈ, ਰਾਸ਼ਟਰੀ ਪੋਸ਼ਣ ਸੰਸਥਾਨ ਵੱਲੋਂ ਇੱਕ ਵਿਅਕਤੀ ਲਈ ਇੱਕ ਦਿਨ ਲਈ ਨਮਕ ਦੀ ਮਾਤਰਾ 6 ਗ੍ਰਾਮ ਜਦਕਿ ਵਿਸ਼ਵ ਸਿਹਤ ਸੰਗਠਨ ਨੇ 5 ਗ੍ਰਾਮ ਤੱਕ ਨਿਰਧਾਰਿਤ ਕੀਤੀ ਹੈ। ਮੈਗੀ ਨੂਡਲਜ਼ ਦੇ ਇੱਕ 80 ਗ੍ਰਾਮ ਪੈਕਟ, ਜੋ ਕਿ ਸਾਡੇ ਵਿੱਚੋਂ ਬਹੁਤੇ ਹਫ਼ਤੇ ਦੇ ਜ਼ਿਆਦਾਤਰ ਦਿਨ ਖਾਂਦੇ ਹੋਣਗੇ, ਵਿੱਚ ਨਮਕ ਦੀ ਮਾਤਰਾ 3.5 ਗ੍ਰਾਮ ਤੋਂ ਵੱਧ ਹੁੰਦੀ ਹੈ, ਜੋ ਕਿ ਸਾਡੀ ਨਮਕ ਦੀ ਪੂਰੇ ਦਿਨ ਦੀ ਜ਼ਰੂਰਤ ਦਾ 60 ਪ੍ਰਤੀਸ਼ਤ ਪੂਰਾ ਕਰਦੀ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਤੁਹਾਨੂੰ ਦਿਨ ਦੇ ਬਾਕੀ ਦੇ ਸਮੇਂ ਲਈ ਇਹ ਧਿਆਨ ਰੱਖਣਾ ਪਏਗਾ ਕਿ ਜੋ ਵੀ ਤੁਸੀਂ ਖਾਉਗੇ ਉਸ ਵਿੱਚ 2 ਗ੍ਰਾਮ ਤੋਂ ਵੀ ਘੱਟ ਨਮਕ ਹੋਵੇ। ਲੇਜ਼ ਦਾ ਇੱਕ ਪੈਕਟ ਖਾਣ 'ਤੇ 70 ਪ੍ਰਤੀਸ਼ਤ ਅਤੇ ਨੂਡਲਜ਼ ਖਣ ਤੇ 100 ਪ੍ਰਤੀਸ਼ਤ ਨਮਕ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ। ਇਸਦਾ ਮਤਲਬ ਇਹ ਖਾਣ ਤੋਂ ਬਾਅਦ ਅਸੀਂ ਪੂਰਾ ਦਿਨ ਨਮਕ ਵਾਲੀ ਕੋਈ ਚੀਜ਼ ਨਹੀਂ ਖਾ ਸਕਦੇ। ਹਾਲਾਂਕਿ ਇਹ ਕਾਫੀ ਮੁਸ਼ਕਿਲ ਹੋਵੇਗਾ ਕਿਉਂਕਿ ਸਾਡੇ ਲਈ ਨਮਕ ਤੋਂ ਬਿਨਾਂ ਕੁੱਝ ਵੀ ਖਾਣਾ ਮੁਸ਼ਕਿਲ ਜੋ ਹੈ।
ਕਾਰਬੋਹਾਹੀਡ੍ਰੇਟਸ ਅਤੇ ਸ਼ੂਗਰ
ਰਾਸ਼ਟਰੀ ਪੋਸ਼ਣ ਸੰਸਥਾਨ ਵੱਲੋਂ ਇੱਕ ਦਿਨ ਲਈ ਸਿਰਫ 20 ਗ੍ਰਾਮ ਚੀਨੀ ਦੀ ਸਿਫਾਰਿਸ਼ ਕੀਤੀ ਹੈ ਜਦਕਿ ਪੈਪਸੀ ਜਾਂ ਕੋਕਾ ਕੋਲਾ ਦੀ 300 ਮਿਲੀ ਲਿਟਰ ਦੀ ਬੋਤਲ ਵਿੱਚ 42 ਗ੍ਰਾਮ ਚੀਨੀ ਪਾਈ ਗਈ ਹੈ। ਭਾਵ ਕਿ 300 ਮਿਲੀ ਲਿਟਰ ਦੀ ਬੋਤਲ ਪੀਓ ਅਤੇ 2 ਦਿਨ ਦਾ ਚੀਨੀ ਦਾ ਕੋਟਾ ਪੂਰਾ। ਜੇ ਇਹ ਪੀਣ ਤੋਂ ਬਾਅਦ ਵੀ ਚੀਨੀ ਵਾਲੀ ਕੋਈ ਚੀਜ਼ ਖਾਧੀ ਤਾਂ ਫਿਰ ਬਿਮਾਰੀਆਂ ਦਾ ਸਵਾਗਤ ਕਰਨ ਲਈ ਤਿਆਰ ਰਹੋ।
ਟ੍ਰਾਂਸ ਫੈਟ- ਖ਼ਤਰੇ ਦੀ ਘੰਟੀ
ਇਹਨਾਂ ਉਤਪਾਦਾਂ ਵਿੱਚ ਸਿਰਫ ਨਮਕ, ਚੀਨੀ ਹੀ ਨਹੀ, ਸਗੋਂ ਟ੍ਰਾਂਸ ਫੈਟ ਵੀ ਨਿਰਧਾਰਿਤ ਮਾਨਦੰਡਾਂ ਤੋਂ ਵੱਧ ਪਾਏ ਗਏ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਇੱਕ ਸੰਤੁਲਿਤ ਆਹਾਰ ਵਿੱਚੋਂ, ਪੂਰੀ ਊਰਜਾ ਦਾ ਸਿਰਫ ਇੱਕ ਪ੍ਰਤੀਸ਼ਤ ਹੀ ਟ੍ਰਾਂਸ ਫੈਟ ਤੋਂ ਆਉਣਾ ਚਾਹੀਦਾ ਹੈ। ਇੱਕ ਬਾਲਗ ਆਦਮੀ ਨੂੰ ਪ੍ਰਤੀਦਿਨ 2.6 ਗ੍ਰਾਮ, ਬਾਲਗ ਔਰਤ ਨੂੰ 2.1 ਗ੍ਰਾਮ ਅਤੇ ਇੱਕ 10-12 ਸਾਲ ਦੇ ਬੱਚੇ ਨੂੰ 2.3 ਗ੍ਰਾਮ ਟ੍ਰਾਂਸ ਫੈਟ ਦੀ ਜ਼ਰੂਰਤ ਹੈ।
ਪਰ ਸੀ ਐੱਸ ਈ ਵੱਲੋਂ ਕੀਤੇ ਅਧਿਐਨ ਤੋਂ ਕੰਪਨੀਆਂ ਜਿੰਨ•ਾਂ ਵਿੱਚ ਚੋਟੀ ਦੀਆਂ ਕੰਪਨੀਆਂ ਵੀ ਸ਼ਾਮਿਲ ਹਨ, ਦੁਆਰਾ ਗਲਤ ਜਾਣਕਾਰੀ, ਗਲਤ ਬ੍ਰਾਂਡਿੰਗ, ਗਲਤ ਲੇਬਲਿੰਗ ਅਤੇ ਸੱਚ ਛੁਪਾਉਣ ਦੀ ਗੱਲ ਸਾਹਮਣੇ ਆਈ ਹੈ।  ਉਹ ਆਪਣੇ ਉਤਪਾਦ 'ਚ ਜ਼ੀਰੋ ਟ੍ਰਾਂਸ ਫੈਟ ਦਾ ਦਾਅਵਾ ਕਰਦੀਆਂ ਹਨ ਜਦਕਿ ਕਈ ਤਾਂ ਉਹਨਾਂ ਦੇ ਉਤਪਾਦ ਵਿੱਚ ਟ੍ਰਾਂਸ ਫੈਟ ਦੇ ਬਾਰੇ ਵਿੱਚ ਦੱਸਣ ਤੱਕ ਦੀ ਜ਼ਹਿਮਤ ਵੀ ਨਹੀਂ ਉਠਾਉਂਦੀਆਂ। ਇੱਕ ਬੱਚਾ ਜੋ ਮੈਕਡੋਨਲਡ ਦਾ ਮਸਾਲੇਦਾਰ ਹੈਪੀ ਮੀਲ ਖਾਂਦਾ ਹੈ ਉਹ ਆਪਣੇ ਪੂਰੇ ਦਿਨ ਦੀ ਟ੍ਰਾਂਸ ਫੈਟ ਦੀ ਜ਼ਰੂਰਤ ਦਾ 90 ਪ੍ਰਤੀਸ਼ਤ ਖਤਮ ਕਰ ਦਿੰਦਾ ਹੈ।  ਹੈਪੀ ਮੀਲ ਦੇ ਪੈਕਟ ਉੱਪਰ ਉਸ ਵਿੱਚ ਮੌਜ਼ੂਦ ਟ੍ਰਾਂਸ ਫੈਟ ਬਾਰੇ ਕੁੱਝ ਵੀ ਨਹੀਂ ਲਿਖਿਆ ਗਿਆ।
ਟੌਪ ਰੈਮਨ ਸੁਪਰ ਨੂਡਲਜ਼ (ਮਸਾਲਾ) ਨੇ ਦਾਅਵਾ ਕੀਤਾ ਕਿ ਉਸਦੇ ਹਰ 100 ਗ੍ਰਾਮ ਦੇ ਪੈਕਟ ਵਿੱਚ ਜ਼ੀਰੋ ਟ੍ਰਾਂਸ ਫੈਟ ਹੈ ਜਦ ਕਿ ਸੀ ਐੱਸ ਈ ਨੇ ਪ੍ਰਤੀ 100 ਗ੍ਰਾਮ ਵਿੱਚ 0.7 ਗ੍ਰਾਮ ਟ੍ਰਾਂਸ ਫੈਟ ਪਾਈ। ਇਸੇ ਤਰ•ਾਂ ਹਲਦੀ ਰਾਮ ਦੇ ਆਲੂ ਭੁਜੀਆ ਬਾਰੇ ਵੀ ਇਹੀ ਦਾਅਵਾ ਕੀਤਾ ਜਾਂਦਾ ਹੈ ਜਦਕਿ ਟੈਸਟਿੰਗ ਵਿੱਚ ਪ੍ਰਤਿ 100 ਗ੍ਰਾਮ ਵਿੱਚ 2.5 ਗ੍ਰਾਮ ਟ੍ਰਾਂਸ ਫੈਟ ਪਾਈ ਗਈ।
ਪੈਪਸਿਕੋ ਦੇ ਲੇਜ਼- ਸਨੈਕ ਸਮਾਰਟ (ਉਹੀ ਲੇਜ਼ ਜਿੰਨ•ਾਂ ਦਾ ਵਿਗਿਆਪਨ ਸੈਫ ਅਲੀ ਖਾਨ ਦੁਆਰਾ ਕੀਤਾ ਜਾਂਦਾ ਹੈ)।  ਨੂੰ ਫਰਵਰੀ 2012 ਤੱਕ ਬਹੁਤ ਸਾਰੇ ਵਿਗਿਆਪਨ ਦੇ ਕੇ ਇਹ ਕਹਿ ਕੇ ਵੇਚਿਆ ਗਿਆ ਕਿ ਇਹਨਾਂ ਵਿੱਚ ਜ਼ੀਰੋ ਟ੍ਰਾਂਸ ਫੈਟ ਹੈ, ਇਹ ਦਾਅਵਾ ਬਾਅਦ ਵਿੱਚ ਹਟਾ ਲਿਆ ਗਿਆ। ਸੀ ਐਸ ਈ ਵੱਲੋਂ ਕੀਤੀ ਟੈਸਟਿੰਗ ਵਿੱਚ ਇਸ ਦੇ ਮਾਰਚ 2012 ਬੈਚ ਦੇ ਉਤਪਾਦ ਵਿੱਚ ਪ੍ਰਤਿ 100 ਗ੍ਰਾਮ ਦੇ ਪੈਕਟ ਵਿੱਚ 3.7 ਗ੍ਰਾਮ ਟ੍ਰਾਂਸ ਫੈਟ ਪਾਇਆ ਗਿਆ ਜੋ ਕਿ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਅਤੇ ਇਹ ਨਿਰਧਾਰਿਤ ਮਾਨਦੰਡਾਂ ਤੋਂ ਕਿਤੇ ਜ਼ਿਆਦਾ ਹੈ। ਅਤੇ ਅਸੀਂ ਅਤੇ ਸਾਡੇ ਬੱਚੇ ਸਿਰਫ ਇਸ ਲਈ ਖਾ ਰਹੇ ਹਾਂ ਕਿਉਂਕਿ ਇਸਦੇ ਵਿਗਿਆਪਨ ਵਿੱਚ ਸੈਫ ਅਲੀ ਖਾਨ ਆ ਕੇ ਇਸਨੂੰ ਖਾਣ ਲਈ ਕਹਿੰਦਾ ਹੈ ਪਰ ਕੀ ਸੈਫ ਅਲੀ ਖਾਨ ਨੇ ਕਦੇ ਸਾਨੂੰ ਇਸ ਨੂੰ ਖਾਣ ਕਰਕੇ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਹੈ? ਇਸਦਾ ਜਵਾਬ ਹੈ- ਨਹੀਂ, ਕਦੇ ਵੀ ਨਹੀਂ ਅਤੇ ਨਾ ਹੀ ਉਹ ਦੱਸੇਗਾ ਕਿਉਂਕਿ ਉਸਨੇ ਤਾਂ ਸਿਰਫ ਵਿਗਿਆਪਨ ਦੇ ਪੈਸੇ ਲੈਣੇ ਹਨ, ਚਾਹੇ ਉਸਦੇ ਕਹੇ ਲੱਗ ਕੇ ਇਹਨਾਂ ਨੂੰ ਖਾ ਕੇ ਅਸੀਂ ਬਿਮਾਰ ਹੀ ਕਿਉਂ ਨਾ ਪੈ ਜਾਈਏ। ਉਸਨੂੰ ਕੋਈ ਫਰਕ ਨਹੀ ਪਏਗਾ, ਫਰਕ ਤਾਂ ਸਿਰਫ਼ ਅਤੇ ਸਿਰਫ਼ ਸਾਨੂੰ ਹੀ ਪਏਗਾ।

ਸਿਹਤ ਨੂੰ ਖ਼ਤਰਾ
ਜੰਕ ਫੂਡ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਏ ਜਾਣ ਵਾਲੇ ਨਮਕ, ਚੀਨੀ, ਫੈਟ ਅਤੇ ਕਾਰਬੋਹਾਈਡ੍ਰੇਟਸ ਦੇ ਕਾਰਨ ਇਹ ਸਾਡੀ ਸਿਹਤ ਲਈ ਖ਼ਤਰਨਾਕ ਹਨ। ਸੰਨ 2005 ਵਿੱਚ ਭਾਰਤ ਵਿੱਚ ਹੋਈਆਂ ਮੌਤਾਂ ਵਿੱਚੋਂ 50 ਪ੍ਰਤੀਸ਼ਤ ਤੋਂ ਜ਼ਿਆਦਾ ਮੌਤਾਂ ਮੋਟਾਪੇ ਅਤੇ ਸ਼ੂਗਰ ਕਾਰਨ ਹੋਈਆਂ ਅਤੇ 2030 ਤੱਕ ਇਹਨਾਂ ਕਾਰਨ ਭਾਰਤ ਦੀ ਦੋ ਤਿਹਾਈ ਆਬਾਦੀ ਮੌਤ ਦੇ ਮੂੰਹ ਵਿੱਚ ਜਾ ਪਏਗੀ।
ਰਾਸ਼ਟਰੀ ਪਰਿਵਾਰ ਸਿਹਤ ਸਰਵੇ (2005-06) ਵਿੱਚ ਇਹ ਸਾਹਮਣੇ ਆਇਆ ਕਿ ਹਰੇਕ ਅੱਠ ਭਾਰਤੀਆਂ ਪਿੱਛੇ ਇੱਕ ਭਾਰਤੀ ਓਵਰਵੇਟ ਜਾਂ ਮੋਟਾਪੇ  ਦਾ ਸ਼ਿਕਾਰ ਹੈ। ਸ਼ਹਿਰਾਂ ਵਿੱਚ ਸਥਿਤੀ ਜ਼ਿਆਦਾ ਭਿਆਨਕ ਹੈ। ਹਰੇਕ ਪੰਜ ਸ਼ਹਿਰੀਆਂ ਪਿੱਛੇ ਇੱਕ ਭਾਰਤੀ ਮੋਟਾਪੇ ਦਾ ਸ਼ਿਕਾਰ ਹੈ ਅਤੇ ਮੋਟਾਪੇ ਕਾਰਨ ਹੋਣ ਵਾਲੀ ਕਿਸੇ ਨਾ ਕਿਸੇ ਬਿਮਾਰੀ ਦਾ  ਵੀ ਸ਼ਿਕਾਰ ਹੈ।
ਅਧਿਐਨ ਕਰਨ ਵਾਲੀ ਸੀ ਐੱਸ ਈ ਦੀ ਟੀਮ ਦਾ ਕਹਿਣਾ ਹੈ ਕਿ ਟ੍ਰਾਂਸ ਫੈਟ ਦੀ ਭਾਰੀ ਮਾਤਰਾ ਨਮਕ ਦੇ ਨਾਲ ਮਿਲ ਕੇ ਸਿਹਤ ਖਰਾਬ ਕਰਨ ਦਾ ਕੰਮ ਕਰਦੀ ਹੈ ਜੋ ਕਿ ਅੰਤ ਮੌਤ ਵੱਲ ਵੀ ਲੈ ਜਾ ਸਕਦੀ ਹੈ।
ਟ੍ਰਾਂਸ ਫੈਟ ਖੂਨ ਦੀਆਂ ਨਾੜ•ੀਆਂ ਨੂੰ ਜਾਮ ਕਰਦੀ ਹੈ। ਇਹ ਨਾੜ•ੀਆਂ ਦੀਆਂ ਦੀਵਾਰਾਂ ਤੇ ਜੰਮ ਜਾਂਦੀ ਹੈ ਅਤੇ ਉਹਨਾਂ ਨੂੰ ਤੰਗ ਬਣਾ ਦਿੰਦੀਆਂ ਹਨ। ਜਿਸ ਕਾਰਨ ਨਾੜ•ੀਆਂ ਫਟ ਜਾਂਦੀਆਂ ਹਨ। ਇਹ ਦਿਲ ਦੇ ਲਈ ਬਹੁਤ ਖਤਰਨਾਕ ਹੈ ਅਤੇ ਦਿਲ ਦੇ ਦੌਰੇ ਦਾ ਕਾਰਨ ਬਣਦੀ ਹੈ।
ਜ਼ਿਆਦਾ ਨਮਕ ਦੇ ਕਾਰਨ ਹਾਈਪਰਟੈਨਸ਼ਨ ਦੇ ਨਾਲ- ਨਾਲ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਕਾਰਨ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਜਿਸ ਨਾਲ ਉਹ ਕਮਜ਼ੋਰ ਹੋ ਜਾਂਦਾ ਹੈ।
ਬੱਚੇ ਅਤੇ ਨੌਜਵਾਨ ਜੰਕ ਫੂਡ ਖਾਣ ਦੇ ਨਾਲ-ਨਾਲ ਕੋਲਡ ਡ੍ਰਿੰਕ ਵੀ ਪੀਂਦੇ ਹਨ ਜਿੰਨ•ਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਚੀਨੀ ਹੁੰਦੀ ਹੈ। ਜੇਕਰ ਇੱਕ ਕੋਲਡ ਡ੍ਰਿੰਕ ਪੀਤੀ ਜਾਵੇ ਤਾਂ ਉਹ ਦੋ ਦਿਨ ਦੀ ਚੀਨੀ ਦੀ ਜ਼ਰੂਰਤ ਪੂਰੀ ਕਰਦੀ ਹੈ। ਭਾਵ ਕਿ ਇੱਕ ਕੋਲਡ ਡ੍ਰਿੰਕ ਪੀਣ ਤੋਂ ਬਾਅਦ ਦੋ ਦਿਨ ਤੱਕ ਚੀਨੀ ਜਾਂ ਚੀਨੀ ਵਾਲੀ ਕੋਈ ਵੀ ਚੀਜ਼ ਨਹੀ ਖਾਣੀ ਚਾਹੀਦੀ।
ਇਸ ਗੱਲ ਦੇ ਵਿਸ਼ਵ ਸਤਰ ਤੇ ਬਹੁਤ ਸਾਰੇ ਸਬੂਤ ਹਨ ਕਿ ਨੌਜਵਾਨ ਜਵਾਨੀ ਉਮਰੇ ਹੀ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜ਼ੰਕ ਫੂਡ ਇਸ ਸਭ ਦੇ ਪਿੱਛੇ ਦਾ ਇੱਕ ਵੱਡਾ ਕਾਰਨ ਹੈ।
ਭਾਰਤ ਲਈ ਕੰਪਨੀਆਂ ਦੇ ਦੋਹਰੇ ਮਾਨਦੰਡ
ਇਹ ਕੰਪਨੀਆਂ ਵਿਦੇਸ਼ਾਂ ਵਿੱਚ ਸਾਰੇ ਨਿਰਧਾਰਤ ਮਾਨਦੰਡ ਪੂਰੇ ਕਰਦੀਆਂ ਹਨ ਪਰ ਭਾਰਤ ਵਿੱਚ ਇਹ ਕੋਈ ਨਿਯਮ ਕਾਨੂੰਨ ਨਹੀਂ ਮੰਨਦੀਆਂ। ਅਮਰੀਕਾ ਵਿੱਚ ਮੈਕਡੋਨਲਡ ਅਤੇ ਪਿੱਜ਼ਾ ਹੱਟ ਵੱਲੋਂ ਆਪਣੇ ਉਤਪਾਦਾਂ ਬਾਰੇ ਅਮਰੀਕਾ ਲਈ ਬਣੀ ਆਪਣੀ ਵੈੱਬਸਾਈਟ ਉੱਪਰ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ, ਇੱਥੋਂ ਤੱਕ ਕਿ ਟ੍ਰਾਂਸ ਫੈਟ ਬਾਰੇ ਵੀ। ਜਦ ਕਿ ਇਹਨਾਂ ਨੇ ਜਿਹੜੀਆਂ ਵੈੱਬਸਾਈਟਾਂ ਭਾਰਤ ਵਿੱਚ ਬਣਾਈਆਂ ਹਨ, ਉਸ ਵਿੱਚ ਇਹ ਜਾਣਕਾਰੀ ਨਹੀਂ ਦਿੱਤੀ ਜਾਂਦੀ। ਮੈਕਡੋਨਲਡ ਵੱਲੋਂ ਆਪਣੀ ਅਮਰੀਕਨ ਵੈੱਬਸਾਈਟ ਉੱਪਰ  22 ਪੌਸ਼ਟਿਕ ਵਿਸ਼ੇਸ਼ਤਾਵਾਂ ਜਿੰਨ•ਾਂ ਵਿੱਚ ਸਾਰੇ ਤਰ•ਾਂ ਦੀ ਫੈਟ ਇੱਥੋਂ ਤੱਕ ਕਿ ਟ੍ਰਾਂਸ ਫੈਟ ਬਾਰੇ ਵੀ ਦੱਸਿਆ ਹੈ ਜਦਕਿ ਭਾਰਤੀ ਵੈੱਬਸਾਈਟ ਉੱਪਰ ਸਿਰਫ 6 ਬਾਰੇ ਬਾਰੇ ਹੀ ਜਾਣਕਾਰੀ ਦਿੱਤੀ ਗਈ ਹੈ, ਟ੍ਰਾਂਸ ਫੈਟ ਬਾਰੇ ਤਾਂ ਬਿਲਕੁਲ ਵੀ ਨਹੀਂ।

ਜੰਕ ਫੂਡ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਦੇਸ਼ਾ ਜਿਵੇਂ ਆਇਰਲੈਂਡ, ਮੈਕਸਿਕੋ, ਯੂਨਾਈਟਿਡ ਅਰਬ ਅਮੀਰਾਤ ਅਤੇ ਕਈ ਯੂ ਐਸ ਅਤੇ ਕਨੇਡਾ ਦੇ ਰਾਜਾਂ ਦੀਆਂ ਸਰਕਾਰਾਂ ਨੇ ਸਕੂਲਾਂ ਅਤੇ ਇਸ ਦੇ ਆਲੇ ਦੁਆਲੇ ਜੰਕ ਫੂਡ ਵੇਚਣ 'ਤੇ ਪਾਬੰਦੀ ਲਗਾਈ ਹੋਈ ਹੈ। 2008 ਵਿੱਚ ਬ੍ਰਿਟੇਨ ਨੇ 16 ਸਾਲ ਤੱਕ ਦੇ ਬੱਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਦੇ ਪ੍ਰੋਗਰਾਮਾਂ ਵਿੱਚ ਜੰਕ ਫੂਡ ਦੇ ਵਿਗਿਆਪਨਾਂ ਉੱਪਰ ਪਾਬੰਦੀ ਲਗਾ ਦਿੱਤੀ ਹੈ। ਇਸ ਸਾਲ ਮਾਰਚ ਵਿੱਚ ਸਕਾਟਲੈਂਡ ਨੇ ਵੀ 9 ਵਜੇ ਤੋਂ ਪਹਿਲਾਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਜੰਕ ਫੂਡ ਦੇ ਵਿਗਿਆਪਨਾਂ 'ਤੇ ਪਾਬੰਦੀ ਲਗਾਈ ਹੈ। ਡੈਨਮਾਰਕ ਅਤੇ ਹੰਗਰੀ ਵਿੱਚ ਪਿਛਲੇ ਸਾਲ ਤੋਂ ਇਹਨਾਂ ਉੱਪਰ ਫੈਟ ਟੈਕਸ ਵੀ ਲਗਾਇਆ ਗਿਆ ਹੈ। ਚੀਨੀ, ਨਮਕ ਅਤੇ ਟ੍ਰਾਂਸ ਫੈਟ ਅਜਿਹੇ ਤੱਤ ਹਨ ਜਿੰਨ•ਾਂ ਨੂੰ ਨਿਯਮਿਤ ਕਰਨ ਦੀ ਜ਼ਰੂਰਤ ਹੈ। ਇਸਦਾ ਮਤਲਬ ਬਿਲਕੁਲ ਸਾਫ਼ ਹੈ ਕਿ ਸਰਕਾਰਾਂ ਨੂੰ ਇਹਨਾਂ ਸ਼ਕਤੀਸ਼ਾਲੀ ਫੂਡ ਕੰਪਨੀਆਂ ਨੂੰ ਕਾਬੂ ਕਰਨ ਲਈ ਕਦਮ ਉਠਾਉਣੇ ਪੈਣਗੇ। ਪਰ ਭਾਰਤ ਵਿੱਚ ਅਜਿਹਾ ਕੁੱਝ ਹੁੰਦਾ ਨਜ਼ਰ ਨਹੀਂ ਆਉਂਦਾ! ਕੰਪਨੀਆਂ ਨੂੰ ਪੂਰੀ ਛੋਟ ਹੈ ਕੁੱਝ ਵੀ ਵੇਚਣ ਦੀ, ਲੋਕਾਂ ਨੂੰ ਸਹਿਜੇ-ਸਹਿਜੇ ਅਤੇ ਪਿਆਰ ਨਾਲ ਮਾਰਨ ਦੀ।
ਇਸ ਬਾਰੇ ਵਿੱਚ ਮਾਤਾ-ਪਿਤਾ ਦੀ ਪੂਰੀ-ਪੂਰੀ ਜ਼ਿੰਮੇਵਾਰੀ ਬਣਦੀ ਹੈ। ਬੱਚੇ ਦੇ ਕੁੱਝ ਵੀ ਖਾਣ ਲਈ ਮੰਗਣ 'ਤੇ ਕੁਰਕੁਰੇ, ਚਿਪਸ ਆਦਿ ਨਹੀਂ ਦੇਣੇ ਚਾਹੀਦੇ ਹਨ। ਮਾਵਾਂ ਆਪਣੀ ਜਾਨ ਛੁਡਾਉਣ ਲਈ ਬੱਚਿਆਂ ਨੂੰ ਇਹੋ ਜਿਹੀਆਂ ਚੀਜਾਂ ਖਾਣ ਲਈ ਲੈ ਕੇ ਦੇ ਦਿੰਦੀਆਂ ਹਨ ਤਾਂ ਮਾਵਾਂ ਨੂੰ ਇਹ ਸਮਝਣਾ ਪਏਗਾ ਕਿ ਬੱਚੇ ਤਾਂ ਬੱਚੇ ਹਨ ਇਹ ਤਾਂ ਮਾਤਾ-ਪਿਤਾ ਨੇ ਦੇਖਣਾ ਹੈ ਕਿ ਉਹਨਾਂ ਦੀ ਸਿਹਤ ਲਈ ਕੀ ਚੰਗਾ ਹੈ ਅਤੇ ਕੀ ਨਹੀਂ!

No comments:

Post a Comment