Saturday 5 May 2012

ਕਦ ਤੱਕ ਬਾਲੋਗੇ ਭਾਂਬੜ ਮੇਰੀ ਹਿੱਕ 'ਤੇ?


                                                                                                                   ਗੁਰਪ੍ਰੀਤ ਦਬੜੀਖਾਨਾ
  ਮੈਂ , ਧਰਤ ਜਿਸਨੂੰ ਕਿ ਗੁਰੂ ਸਹਿਬਾਨ ਨੇ ਮਾਂ ਦਾ ਦਰਜਾ ਦੇ ਕੇ ਵਡਿਆਇਆ ਹੈ ਅੱਜ ਆਪਣੇ ਹੀ ਜਾਇਆਂ ਦੇ ਜੁਲਮ ਦੀ ਸ਼ਿਕਾਰ ਹੋ ਕੇ ਅੰਤਾਂ ਦਾ ਦੁੱਖ ਭੋਗ ਰਹੀ ਹਾਂ। ਕਿਉਂ? ਮੇਰਾ ਕਸੂਰ ਕੀ ਹੈ? ਇਹੀ ਕਿ ਮੈਂ ਆਪਣੀ ਛਾਤੀ 'ਤੇ ਹਲਾਂ, ਕਰਾਹਿਆਂ ਤਵੀਆਂ ਦੀ ਚੋਭ ਸਹਿ ਵੀ ਤੁਹਾਡੇ ਲਈ ਭਰਭੂਰ ਫ਼ਸਲਾਂ ਪੈਦਾ ਕਰਦੀ ਹਾਂ। ਉਹੀ ਫ਼ਸਲਾਂ ਜਿਹਨਾਂ ਨੂੰ ਵੇਚ-ਵੱਟ ਕੇ ਤੁਹਾਡੇ ਘਰ ਚੱਲਦੇ ਹਨ, ਤਿੰਨ ਡੰਗ ਰੋਟੀ ਮਿਲਦੀ ਹੈ ਤੁਹਾਡਾ ਜੀਵਨ ਚੱਲਦਾ ਹੈ। ਮੈਂ ਕੁੱਝ ਝੂਠ ਤਾਂ ਨਹੀਂ ਕਹਿ ਰਹੀ? ਪਰ ਬਦਲੇ 'ਚ ਤੁਸੀਂ ਮੈਨੂੰ ਕੀ ਦੇ ਰਹੇ ਹੋ? ਕਦੇ ਵਿਚਾਰਿਆ, ਨਹੀਂ ਨਾ! ਵਿਚਾਰੋਂਗੇ ਵੀ ਕਿਵੇਂ ਮੱਤ ਤਾਂ ਤੁਹਾਡੀ- ਪਾਰਟੀਬਜ਼ੀਆਂ, ਸਰਕਾਰਾਂ, ਰਸਾਇਣਿਕ ਖਾਦਾਂ, ਨਦੀਨ ਨਾਸ਼ਕ-ਕੀੜੇਮਾਰ ਜ਼ਹਿਰਾਂ ਅਤੇ ਬੀਜ ਆਦਿ ਵੇਚਣ ਵਾਲੀਆਂ ਬਹੁਕੌਮੀ ਕੰਪਨੀਆਂ ਨੇ ਮਾਰ ਰੱਖੀ ਹੈ।
ਨਿੱਤ ਅੰਮ੍ਰਿਤ ਵੇਲੇ ਗੁਰੂ ਘਰ  ਮੱਥਾ ਟੇਕਣ ਜਾਂਦੇ ਹੋ ਪਰ ਉੱਥੋਂ ਜਿਹੜੀ ਸੇਧ ਮਿਲਦੀ ਹੈ ਉਹ ਤਾਂ ਕਦੇ ਲੈ ਕੇ ਹੀ ਨਹੀਂ ਆਉਂਦੇ! “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”, ਦਾ ਪਾਵਣ ਉਪਦੇਸ਼ ਤਾਂ ਕਦੇ ਮਨ ਵਸਾਇਆ ਹੀ ਨਹੀਂ। ਸਰਬਤ ਦੇ ਭਲੇ ਦੀ ਅਰਦਾਸ ਵੀ ਸੁਣ ਕੇ ਅਣਸੁਣੀ ਕਰਨ ਵਿੱਚ ਹੀ ਆਪਣਾ ਭਲਾ ਸਮਝਦੇ ਹੋ।  ਜੇਕਰ ਇਹ ਸੱਚ ਨਾ ਹੋਵੇ ਤਾਂ ਤੁਸੀਂ ਸਾਲ ਵਿੱਚ ਦੋ ਵਾਰ ਮੈਨੂੰ ਲਾਂਬੂ ਨਾ ਲਾਵੋਂ। ਮੇਰੀ ਹਿੱਕ 'ਤੇ ਭਾਂਬੜ ਨਾ ਬਾਲੋਂ। ਕਣਕ ਅਤੇ ਝੋਨੇ ਦੀ ਪਰਾਲੀ ਨੂੰ ਤੀਲੀ ਲਾਉਣ ਦੀ ਬਜਾਏ ਉਸਨੂੰ ਖੇਤ ਵਿੱਚ ਹੀ ਵਾਹ ਕੇ ਪੁੰਨ ਦੇ ਭਾਗੀ ਬਣੋਂ। ਸਰਬਤ ਦੇ ਭਲੇ ਦੀ ਅਰਦਾਸ ਨੂੰ ਅਮਲ ਵਿੱਚ ਲਿਆਉ। ਧਰਤੀ ਮਾਂ ਦੇ ਸੱਚੇ ਸਪੂਤ ਅਤੇ ਕੁਦਰਤ ਦੇ ਰਖਵਾਲੇ ਬਣੋ ਨਾ ਕਿ ਦੁਸ਼ਮਣ। ਜਦੋਂ ਗੁਰੂ ਸਾਹਿਬ ਸਰਬਤ ਦੇ ਭਲੇ ਦੀ ਗੱਲ ਕਰਦੇ ਹਨ ਤਾਂ ਉਸਦਾ ਅਰਥ ਇਸ ਬ੍ਰਹਿਮੰਡ ਵਿੱਚ ਵਸਣ ਵਾਲੇ ਹਰੇਕ ਜੀਅ-ਜੰਤ ਦੇ ਭਲੇ ਤੋਂ ਹੁੰਦਾ ਹੈ ਨਾ ਕਿ ਸਿਰਫ ਦੋ ਟੰਗਾਂ ਵਾਲੇ ਮਨੁੱਖ ਨਾਮੀ ਜਾਨਵਰ ਦੇ ਹੀ ਭਲੇ ਤੋਂ। ਇਹ ਵੀ ਸੱਚ ਹੈ ਕਿ ਤੁਸੀਂ ਇਸ ਸੱਚ ਤੋਂ ਭਲੀ-ਭਾਂਤ ਜਾਣੂ ਹੋ ਪਰ ਕੁੱਝ ਪੈਸੇ ਬਚਾਉਣ ਅਤੇ ਆਪਣੀ ਸੌਖ ਲਈ ਜਾਣਬੁੱਝ ਕੇ ਮੇਰਾ ਸੀਨਾ ਸਾੜਦੇ ਹੋ। ਮੇਰੇ ਅੰਦਰ ਅਤੇ ਉੱਪਰ ਨਿਵਾਸ ਕਰਨ ਵਾਲੇ ਅਨੰਤ ਕੋਟੀ ਜੀਅ-ਜੰਤ, ਰੁੱਖ-ਬੂਟਿਆਂ ਨੂੰ ਵਹਿਸ਼ੀ ਘੱਲੂਘਾਰੇ ਦਾ ਸ਼ਿਕਾਰ ਬਣਾਉਂਦੇ ਹੋ। ਇਹ ਸਭ ਤਾਂ ਨਹੀਂ ਸਿਖਾਇਆ ਤੁਹਾਨੂੰ ਗੁਰੂ ਸਹਿਬਾਨ ਨੇ? ਫਿਰ ਕਿਉਂ, ਗੁਰਬਾਣੀ ਦੇ ਉਲਟ ਆਚਰਣ ਕਰ ਕੇ ਪਾਪ ਦੇ ਭਾਗੀ ਬਣਦੇ ਹੋ? ਮੈਨੂੰ ਜਿਉਂਦੇ-ਜੀਅ ਸਾੜਦੇ ਹੋ।, ਮਣਾਮੂੰਹੀ ਤੇ ਅਸਹਿ ਕਸ਼ਟ ਦਿੰਦੇ ਹੋ ਕਿਉਂ? ਕੁੱਝ ਤਾਂ ਸੋਚੋ! ਜੇਕਰ ਮਾਂ ਨੂੰ ਕਸ਼ਟ ਹੋਵੇ ਤਾਂ ਬੱਚੇ ਵੀ ਉਸਤੋਂ ਅਛੂਤੇ ਨਹੀਂ ਰਹਿੰਦੇ। ਜਰਾ ਆਪਣੇ ਅੰਦਰੀਂ, ਆਪਣੇ ਘਰਾਂ 'ਚ ਝਾਤੀ ਮਾਰ ਕੇ ਦੇਖੋ ਕਿੰਨੇ ਦੁਖੀ ਹੋ ਤੁਸੀਂ? ਦੁੱਖ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰਿਉ। ਇੱਕ ਕਾਰਨ ਮੇਰੇ 'ਤੇ ਸਾਲ 'ਚ ਦੋ ਵਾਰੀ ਢਾਇਆ ਜਾਣ ਵਾਲਾ ਕਹਿਰ ਵੀ ਨਜ਼ਰ ਆਵੇਗਾ। ਉਹਨਾਂ ਲੱਖਾਂ-ਕਰੋੜਾਂ ਜੀਅ-ਜੰਤੂਆਂ, ਰੁੱਖਾਂ ਬੂਟਿਆਂ ਦੀ ਬਦ-ਦੁਆਵਾਂ ਵੀ ਨਜ਼ਰ ਆਉਣਗੀਆਂ ਜਿਹੜੀਆਂ ਕਿ ਤੁਹਾਡੀ ਲਾਈ ਅੱਗ ਵਿੱਚ ਜਿਉਂਦੇ ਸੜਦੇ ਸਮੇਂ ਉਹ ਤੁਹਾਡੇ ਨਾਂਅ ਕਰ ਜਾਂਦੇ ਹਨ।
ਤੁਸੀਂ ਹਰ ਸਾਲ 196 ਲੱਖ ਮੀਟਰਿਕ ਟਨ ਨਾੜ ਸਾੜਦੇ ਹੋ। ਜਿਸ ਦੀ ਕੀਮਤ ਕਰੋੜਾਂ ਰੁਪਏ ਬਣਦੀ ਹੈ। ਨਾੜ ਦੇ ਨਾਲ ਹੀ ਸਾਢੇ 38 ਲੱਖ ਮੀਟਰਿਕ ਟਨ ਆਰਗੈਨਿਕ ਕਾਰਬਨ (ਜੈਵਿਕ ਮਾਦਾ)  59 ਹਜ਼ਾਰ ਟਨ ਨਾਈਟਰੋਜ਼ਨ, 2 ਹਜ਼ਾਰ ਮੀਟਰਿਕ ਟਨ ਫਾਸਫੋਰਸ ਅਤੇ 34 ਹਜ਼ਾਰ ਟਨ ਪੋਟਾਸ਼ੀਅਮ ਵੀ ਸੜ ਜਾਂਦਾ ਹੈ। ਨਾੜ ਦੇ ਸੜਨ ਨਾਲ ਕਾਰਬਨ ਮੋਨੋਅਕਸਾਈਡ, ਸਲਫਰ ਡਾਈਅਕਸਾਈਡ, ਨਾਈਟ੍ਰੇਟਸ ਅਤੇ ਨਾਈਟ੍ਰਿਕ ਅਕਸਾਈਡ, ਮੀਥੇਨ ਅਤੇ ਹੋਰਨਾਂ ਗੈਸਾਂ ਦੇ ਇੱਕ ਮੀਟਰ ਦੇ ਇੱਕ ਲੱਖਵੇਂ ਤੋਂ ਦਸ ਲੱਖਵੇਂ ਹਿੱਸੇ ਤੱਕ ਦੇ ਆਕਾਰ ਦੇ ਬਹੁਤ ਹੀ ਸੂਖਮ ਅਤੇ ਜ਼ਹਿਰੀਲੇ ਕਣ ਪੈਦਾ ਹੁੰਦੇ ਹਨ। ਗੈਸਾਂ ਦੇ ਇਹ ਜ਼ਹਿਰੀਲੇ ਕਣ ਸਾਹ ਰਾਹੀਂ ਮਨੁੱਖੀ ਸ਼ਰੀਰ ਅੰਦਰ ਚਲੇ ਜਾਂਦੇ ਹਨ। ਇੰਨੇ ਸੂਖਮ ਕਣਾਂ ਦਾ ਸਾਹ ਰਾਹੀਂ ਮਨੁੱਖੀ ਸ਼ਰੀਰ ਵਿੱਚ ਜਾਣ ਦਾ ਅਰਥ ਹੈ ਦਮਾ ਅਤੇ ਸਾਹ ਦੀਆਂ ਹੋਰ ਬਿਮਾਰੀਆਂ ਦਾ ਮਨੁੱਖ ਦੀ ਹੋਣੀ ਬਣ ਜਾਣਾ। ਖਾਸ ਤੌਰ 'ਤੇ ਬਾਲੜੀ ਉਮਰ ਦੇ ਬੱਚੇ ਇਹਨਾਂ ਬਿਮਾਰੀਆਂ ਦਾ ਜ਼ਲਦੀ ਸ਼ਿਕਾਰ ਹੁੰਦੇ ਹਨ।
ਜਰਾ ਸੋਚੋ! ਜੇਕਰ ਮੈਂ ਤੁਹਾਨੂੰ ਸਾਲ ਵਿੱਚ ਪ੍ਰਤੀ ਏਕੜ 55,000 ਰੁਪਏ ਦੀ ਕਣਕ ਅਤੇ ਝੋਨਾ ਦੇ ਸਕਦੀ ਹਾਂ, ਜਿਹਦੇ ਨਾਲ ਕਿ ਤੁਹਾਡੀ ਜ਼ਿੰਦਗੀ ਚਲਦੀ ਹੈ ਤਾਂ ਤੁਸੀਂ ਪਰਾਲੀ ਨੂੰ ਵਾਪਸ ਖੇਤ ਵਿੱਚ ਵਾਹੁਣ ਲਈ ਪ੍ਰਤੀ ਏਕੜ 1000-1200 ਰੁਪਏ ਵੀ ਖਰਚ ਨਹੀਂ ਕਰ ਸਕਦੇ? ਖੇਤ ਵਿੱਚ ਪਰਾਲੀ ਵਾਹੁਣ ਨਾਲ ਮੈਨੂੰ ਖੂਬ ਜੈਵਿਕ ਮਾਦਾ ਪ੍ਰਾਪਤ ਹੁੰਦਾ ਹੈ ਜਿਸ ਨੂੰ ਕਿ ਮੇਰੇ ਅੰਦਰ ਨਿਵਾਸ ਕਰਨ ਵਾਲੇ ਅਨੰਤ ਕੋਟੀ ਸੂਖਮ ਜੀਵ ਖ਼ੁਰਾਕ ਵਜੋਂ ਇਸਤੇਮਾਲ ਕਰਦੇ ਹਨ। ਇਹ ਸੂਖਮ ਜੀਵ ਹੀ ਮੇਰੀ ਜਾਨ ਹਨ, ਇਹਨਾਂ ਸਦਕਾ ਹੀ ਖੇਤੀ ਸੰਭਵ ਹੈ। ਸੂਖਮ ਜੀਵ ਹੀ ਮੇਰੇ ਅਥਾਹ ਭੰਡਾਰ ਵਿੱਚੋਂ ਫ਼ਸਲਾਂ ਨੂੰ ਲੋੜੀਂਦੇ ਪੋਸ਼ਕ ਤੱਤ ਉਪਲਭਧ ਕਰਵਾਉਂਦੇ ਹਨ। ਨਤੀਜੇ ਵਜੋਂ ਮੇਰੀ ਉਪਜਾਊ ਸ਼ਕਤੀ ਵਿੱਚ ਭਰਭੂਰ ਵਾਧਾ ਹੁੰਦਾ ਹੈ। ਸੋ ਅੱਜ ਤੋਂ ਹੀ ਇਹ ਪ੍ਰਣ ਕਰ ਲਵੋ ਕਿ ਤੁਸੀਂ ਕਦੇ ਖੇਤਾਂ ਵਿੱਚ ਪਰਾਲੀ ਨਹੀਂ ਸਾੜੋਗੇ। ਮੇਰੀ ਤੰਦਰੁਸਤੀ ਵਿੱਚ ਹੀ ਤੁਹਾਡਾ ਜੀਵਨ ਹੈ। ਮੈਨੂੰ ਜਿਉਂਦੇ ਜੀਅ ਅੱਗ ਦੇ ਹਵਾਲੇ ਕਰਨਾ ਬੰਦ ਕਰੋ। ਗੁਰੂ ਸਹਿਬਾਨ ਨੇ ਮੈਨੂੰ ਮਾਂ ਦਾ ਦਰਜਾ ਦਿੱਤੈ, ਮੇਰੀ ਨਹੀਂ ਤਾਂ ਘੱਟੋ-ਘੱਟ ਗੁਰੂ ਸਹਿਬਾਨ  ਦੀ ਹੀ ਮੰਨ ਲਉ!

No comments:

Post a Comment