Saturday, 5 May 2012

ਬੈਂਗਣ ਦੀ ਛਾਂ ਥੱਲੇ

ਅਰੁਣ ਡਿਕੇ

ਬੈਂਗਣ ਦੇ ਪੌਦੇ ਕਿਸਨੇ ਨਹੀ ਦੇਖੇ? ਅਲੱਗ-ਅਲੱਗ ਪ੍ਰਜਾਤੀਆਂ, ਅਲੱਗ-ਅਲੱਗ ਰੰਗ, ਕੁੱਝ ਪੌਦੇ ਥੋੜ•ੇ ਛੋਟੇ ਤਾਂ ਕੁੱਝ ਜ਼ਰਾ ਵੱਡੇ। ਪਰ ਅਜਿਹਾ ਪੌਦਾ ਜਿਸਦੀ ਛਾਂ ਥੱਲੇ ਬੈਠਿਆ ਜਾ ਸਕੇ? ਫਿਰ ਉਹ ਪੌਦਾ ਹੋਇਆ ਕਿ ਦਰੱਖਤ!
ਮਹਾਂਰਾਸ਼ਟਰ ਦੇ ਸਾਵੰਤਵਾੜੀ ਦੇ ਇੱਕ ਕਿਸਾਨ ਭਗਵਾਨ ਬੋਵਲੇਕਰ ਨੇ ਕੋਈ 28 ਫੁੱਟ ਉੱਚੇ ਰੁੱਖ ਤੋਂ 4 ਕਵਿੰਟਲ ਬੈਂਗਣ ਦੀ ਫਸਲ ਲੈ ਕੇ ਬੀ ਟੀ ਬੈਂਗਣ ਦਾ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ਤੇ ਤਾਲਾ ਲਗਾ ਦਿੱਤਾ ਹੈ। ਉਹਨਾਂ ਨੇ ਆਪਣੇ ਇਸ ਅਨੋਖੇ ਕੰਮ ਨਾਲ, ਬੈਂਗਣ ਦੇ ਉਸ ਰੁੱਖ ਤੋਂ ਕੋਈ 500 ਗ੍ਰਾਮ ਵਜ਼ਨ ਦੇ 857 ਬੈਂਗਣ ਪੈਦਾ ਕਰਕੇ ਦਿਖਾਏ ਹਨ। ਜਮਾਨਾ ਰਿਕਾਰਡ ਅੰਕੜਿਆਂ ਦਾ ਵੀ ਹੈ ਤਾਂ ਸ਼੍ਰੀ ਬੋਵਲੇਕਰ ਦਾ ਨਾਮ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ਼ ਹੋ ਗਿਆ ਹੈ। ਉਹਨਾਂ ਦਾ ਇਹ ਅਜ਼ੂਬਾ ਦੇਖਣ ਲਈ ਇਸਤਾਂਬੁਲ ਅਮਰੀਕਾ, ਅਸਟ੍ਰੇਲੀਆ, ਸਵੀਡਨ, ਕਤਰ ਅਤੇ ਸਪੇਨ ਦੇ ਖੇਤੀ ਵਿਗਿਆਨਕ ਵੀ ਉਹਨਾਂ ਦੇ ਪਿੰਡ ਆ ਚੁੱਕੇ ਹਨ। ਸ਼੍ਰੀ ਭਗਵਾਨ ਦਾ ਉਦੇਸ਼ ਕੇਵਲ ਰਿਕਾਰਡ ਦੇ ਲਈ ਉਤਪਾਦਨ ਕਰਨਾ ਨਹੀਂ ਸੀ। ਉਹ ਤਾਂ ਇਹ ਦੱਸਣਾ ਚਾਹੁੰਦੇ ਸਨ ਕਿ ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਤੋਂ ਬਿਨਾਂ ਵੀ ਇਹ ਕੰਮ ਕੀਤਾ ਜਾ ਸਕਦਾ ਹੈ। ਬੈਂਗਣ ਦੇ ਇਸ ਅਨੋਖੇ ਰੁੱਖ ਵਿੱਚ ਉਹਨਾਂ ਨੇ 17 ਅਲੱਗ-ਅਲੱਗ ਬਨਸਪਤੀਆਂ ਦਾ ਰਸ ਪਾਇਆ ਸੀ।
ਉਂਝ ਸੰਨ 2008 ਵਿੱਚ ਉਹਨਾਂ ਨੇ ਇਸ ਤੋਂ ਵੀ ਉੱਚਾ ਇੱਕ ਰੁੱਖ ਤਿਆਰ ਕੀਤਾ ਸੀ। 35 ਫੁੱਟ ਦਾ! ਰਾਜਨੀਤੀ, ਘੋਟਾਲਿਆਂ ਦੀ ਰੱਦੀ, ਭੱਦੀ ਖਬਰਾਂ ਵਿੱਚ ਸ਼੍ਰੀ ਬੋਵਲੇਕਰ ਦੇ ਬੈਂਗਣ ਦੀ ਖਬਰ ਭਲਾ ਕਿੱਥੋਂ ਛਪਦੀ। ਪਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੰਮ ਚੰਗਾ ਹੈ। ਇਸਦੀ ਜਾਣਕਾਰੀ ਆਮ ਲੋਕਾਂ ਨੂੰ ਲੱਗਣੀ ਚਾਹੀਦੀ ਹੈ। ਉਹਨਾਂ ਨੇ ਇਸ ਬਾਰੇ ਵਿੱਚ ਅਖਬਾਰਾਂ ਵਿੱਚ ਵਿਗਿਆਪਨ ਛਪਵਾਏ। ਕਈ ਲੋਕਾਂ ਨੂੰ ਦੱਸਿਆ। ਕਿਸੇ ਨੇ ਵੀ ਉਹਨਾਂ ਨੂੰ ਪ੍ਰੋਤਸਾਹਿਤ ਨਹੀਂ ਕੀਤਾ।  ਪਰ ਉਹਨਾਂ ਨੇ ਜਿੱਦ ਨਹੀ ਛੱਡੀ। 2 ਸਾਲ ਬਾਅਦ ਉਹਨਾਂ ਨੇ ਇੱਕ ਹੋਰ ਅਜਿਹਾ ਹੀ ਰੁੱਖ ਖੜ•ਾ ਕੀਤਾ। ਇਸਦੀ ਉਚਾਈ 28.5 ਫੁੱਟ ਹੋ ਗਈ। ਦੁਨੀਆ ਭਰ ਦੇ ਰਿਕਾਰਡ ਖੋਜ਼ੇ। ਤਦ ਉਹਨਾਂ ਨੂੰ ਪਤਾ ਚੱਲਿਆ ਕਿ ਵਿਸ਼ਵ ਦਾ ਸਭ ਤੋਂ ਉੱਚਾ ਬੈਂਗਣ ਰੁੱਖ 21.1 ਫੁੱਟ ਦਾ ਹੀ ਦਰਜ਼ ਹੋਇਆ ਹੈ।
ਇੱਧਰ ਦੇਵਾਸ ਜਿਲ•ੇ ਦੇ ਨੇਮਾਵਰ ਪਿੰਡ ਵਿੱਚ ਨਰਮਦਾ ਦੇ ਕਿਨਾਰੇ ਮਾਲਪਾਣੀ ਟ੍ਰਸਟ ਦੇ ਦੀਪਕ ਸਚਦੇਵ ਨੇ ਕੁਦਰਤੀ ਖੇਤੀ ਤੋਂ ਇੱਕ ਅਜਿਹਾ ਨਾਰੀਅਲ ਦਾ ਰੁੱਖ ਖੜ•ਾ ਕਰ ਦਿਖਾਇਆ ਹੈ ਜਿਸ ਉੱਤੇ 400 ਨਾਰੀਅਲ ਫਲ ਲੱਗੇ ਹਨ। ਦੋ-ਦੋ ਏਕੜ ਵਿੱਚ ਫੈਲੇ ਬੋਹੜ ਦੇ ਦਰੱਖਤ ਤਾਂ ਤੁਹਾਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਮਿਲ ਜਾਣਗੇ।
ਇਹ ਸਭ ਦੱਸਣ ਦਾ ਇੱਕ ਮਾਤਰ ਉਦੇਸ਼ ਇਹੀ ਹੈ ਕਿ ਸਾਡੀ ਮਿੱਟੀ ਅਤੇ ਗਾਂ ਦੇ ਗੋਬਰ ਵਿੱਚ ਇੰਨੀ ਤਾਕਤ ਹੈ ਕਿ ਉਹ ਤੁਹਾਨੂੰ ਮਨਚਾਹਾ ਅੰਨ ਪੈਦਾ ਕਰਕੇ ਦੇ ਸਕਦੇ ਹਨ। ਇਸ ਅਮੁੱਲ ਕੁਦਰਤੀ ਖੇਤੀ ਨੂੰ ਛੱਡ ਕੇ ਸਾਡੇ ਰਾਜਨੇਤਾ ਅਤੇ ਯੋਜਨਾਕਾਰ ਕਿਉਂ ਬੀ ਟੀ ਵਰਗੀ ਤਕਨੀਕ ਨਾਲ ਉਗਾਈਆਂ ਗਈਆਂ ਫ਼ਸਲਾਂ ਦੇ ਪਿੱਛੇ ਭੱਜੀ ਜਾ ਰਹੇ ਹਨ? ਬਗ਼ੈਰ ਕਿਸੇ ਵੀ ਰਸਾਇਣ ਦੇ ਕੁਦਰਤੀ ਖੇਤੀ ਨਾਲ ਰਿਕਾਰਡ ਉਤਪਾਦਨ ਲੈਣ ਵਾਲੇ  ਲੱਖਾਂ ਕਿਸਾਨ ਸਾਡੇ ਇੱਥੇ ਮਿਲ ਜਾਣਗੇ। ਉਹਨਾਂ ਦੇ ਇਸ ਮੌਨ ਉੱਦਮ ਨੂੰ ਹਨੇਰੇ ਵਿੱਚ ਰੱਖ ਕੇ ਦੇਸ਼ ਦੀ ਖੇਤੀ ਨੂੰ ਪਿੱਛੜਿਆ, ਘਟੀਆ ਦੱਸਣਾ ਲਗਾਤਾਰ ਜਾਰੀ ਹੈ।
ਵਰਿਆਂ ਪਹਿਲਾਂ ਖੇਤੀ ਉੱਤੇ ਸ਼ੋਧ ਕਰਨ ਵਾਲੇ ਲੰਦਨ ਦੇ 'ਸਕੂਲ ਫਾਰ ਡਿਵਲਪਮੈਂਟ ਸਟੱਡੀਜ਼' ਦੇ ਤਿੰਨ ਨੌਜਵਾਨਾਂ ਨੇ ਭਾਰਤ ਦੇ ਅਲੱਗ-ਅਲੱਗ ਪ੍ਰਾਂਤਾਂ ਵਿੱਚ ਵਧੀਆ ਖੇਤੀ ਕਰਨ ਵਾਲੇ ਉੱਦਮੀ ਕਿਸਾਨਾਂ ਉੱਤੇ 'ਫਰਾਮਰਜ਼ ਫਸਟ' ਨਾਮ ਦੀ ਇੱਕ ਕਿਤਾਬ ਲਿਖੀ ਸੀ। ਸੈਂਕੜੇ ਉਦਾਹਰਣ ਦੇ ਕੇ ਉਹਨਾਂ ਨੇ ਸਿੱਧ ਕੀਤਾ ਸੀ ਕਿ ਭਾਰਤ ਵਿੱਚ ਕਿਸਾਨ ਹੀ ਸਭ ਤੋਂ ਵੱਡੇ ਖੋਜ਼ਕਰਤਾ ਹਨ। ਇਹ ਲੋਕ ਤਰ•ਾਂ-ਤਰ•ਾਂ ਦੀਆਂ ਮੁਸ਼ਕਿਲਾਂ ਨਾਲ ਲੜਕੇ ਨਵੀਆਂ-ਨਵੀਆਂ ਚੀਜਾਂ ਖੇਤਾਂ ਵਿੱਚ ਬਣਾ ਲੈਂਦੇ ਹਨ। ਉਦਾਹਰਣ ਦੇ ਲਈ ਝੋਨੇ ਦੀਆਂ ਕੁੱਝ ਕਿਸਮਾਂ ਜੋ ਖੇਤੀ ਵਿਗਿਆਨਕਾਂ ਨੇ ਆਪਣੇ ਕੰਮ ਤੋਂ ਇੱਕਦਮ ਹਟਾ ਦਿੱਤੀਆਂ ਸਨ, ਉਹਨਾਂ ਨੂੰ ਕੁੱਝ ਕਿਸਾਨਾਂ ਨੇ ਫਿਰ ਤੋਂ ਉਗਾ ਕੇ ਹਰਮਨ-ਪਿਆਰਾ ਬਣਾ ਦਿੱਤਾ। ਇਸੇ ਤਰ•ਾਂ ਪੰਜਾਬ ਅਤੇ ਹਰਿਆਣਾ ਦੇ ਕੁੱਝ ਕਿਸਾਨਾਂ ਨੂੰ ਲੱਗਿਆ ਕਿ ਕਣਕ ਦੀ ਫਸਲ ਦੇ ਲਈ ਭਾਰੀ ਮਾਤਰਾ ਵਿੱਚ ਪਾਇਆ ਜਾਣ ਵਾਲਾ ਇੱਕ ਖਰਪਤਵਾਰ ਰਸਾਇਣ ਬਹੁਤ ਹੀ ਮਹਿੰਗਾ ਹੈ। ਇਹਨਾਂ ਲੋਕਾਂ ਨੇ ਉਸ ਰਸਾਇਣ ਨੂੰ ਸਾਧਾਰਣ ਰੇਤ ਵਿੱਚ ਮਿਲਾਕੇ ਦਾਣੇਦਾਰ ਖਰਪਤਵਾਰ ਨਾਸ਼ਕ ਦੇ ਨਾਮ ਤੋਂ ਪ੍ਰਚਾਰਿਤ ਕੀਤਾ ਅਤੇ ਉਹ ਚੱਲ ਨਿਕਲਿਆ। ਇਸ ਦਾਣੇਦਾਰ ਖਰਪਤਵਾਰ ਨਾਸ਼ਕ ਨੂੰ ਕਿਸੇ ਪ੍ਰਯੋਗਸ਼ਾਲਾ ਵਿੱਚ ਪਰਖਿਆ ਨਹੀਂ ਗਿਆ ਸੀ। ਇਹ ਸਿੱਧ ਕਰਦਾ ਹੈ ਕਿ ਸਾਡੇ ਖੋਜ਼ਕਰਤਾ ਕਿਸ ਤਰ•ਾਂ ਆਮ ਕਿਸਾਨਾਂ ਨਾਲੋਂ ਕੱਟੇ ਹੋਏ ਹਨ ਅਤੇ ਲੋਕ ਪ੍ਰੰਪਰਾਵਾਂ ਤੋਂ ਨਿਕਲੀਆਂ ਖੋਜਾਂ ਨੂੰ ਸਵੀਕਾਰ ਕਰਨ ਵਿੱਚ ਕਿਸ ਤਰ•ਾਂ ਹਿਚਕਿਚਾਉਂਦੇ ਹਨ।
ਖੇਤੀ ਨੂੰ ਅੰਨ ਨਹੀਂ ਸਗੋਂ ਮੁਨਾਫ਼ਾ ਪੈਦਾ ਕਰਨ ਵਾਲਾ ਉਦਯੋਗ ਮੰਨ ਕੇ ਮੌਨਸੈਂਟੋ, ਕਾਰਗਿਲ, ਵਾਲਮਾਰਟ, ਸਿਜੈਂਟਾ ਅਤੇ ਬਾਇਰ ਜਿਹੀਆਂ ਬਹੁਰਾਸ਼ਟਰੀ ਕੰਪਨੀਆਂ ਦੀ ਗਿੱਧ ਦ੍ਰਿਸ਼ਟੀ ਸਾਡੇ ਖੇਤਾਂ ਉੱਤੇ ਲੱਗੀ ਹੋਈ ਹੈ। ਸਾਡੇ ਸ਼ਾਸਕਾਂ ਦੇ ਸਾਹਮਣੇ ਆਈ.ਟੀ.ਆਈ.ਦੀ ਥਾਲੀ ਪਰੋਸ ਕੇ ਬੀ ਟੀ ਜਿਹੇ ਤਕਨੀਕੀ ਬੀਜ ਫੈਲਾਉਣ ਵਾਲੀਆਂ ਇਹਨਾਂ ਰਾਖਸ਼ਸ਼ੀ ਸ਼ਕਤੀਆਂ ਦੇ ਖਿਲਾਫ ਤਾਂ ਖੁਦ ਅਮਰੀਕਾ ਦੇ ਸੰਵੇਦਨਸ਼ੀਲ ਅਤੇ ੰਿਜ਼ਮੇਵਾਰ ਨਾਗਰਿਕਾਂ ਨੇ ਵੀ ਕਮਰ ਕੱਸ ਲਈ ਹੈ।
ਇਹਨਾਂ ਸੰਗਠਨਾਂ ਨੇ ਸੈਕੜੇਂ ਕਿਤਾਬਾਂ, ਮਾਸਿਕ ਪੱਤ੍ਰਿਕਾਵਾਂ ਅਤੇ ਫਿਲਮਾਂ ਦੇ ਰਾਹੀ ਸੰਸਾਰ ਦੇ ਸੰਵੇਦਨਸ਼ੀਲ ਨਾਗਰਿਕਾਂ ਨੂੰ ਚੇਤਾਇਆ ਹੈ। ਅੱਜ ਇਹ ਸੰਗਠਨ ਉਹੀ ਕਰ ਰਹੇ ਹਨ ਜੋ ਕਦੇ ਸਾਡੇ ਵਰਗੇ ਦੇਸ਼ਾਂ ਦਾ ਗੌਰਵਸ਼ਾਲੀ ਅਤੀਤ ਰਿਹਾ ਹੈ।
ਉਦਾਹਰਣ ਦੇ ਲਈ ਭੋਜਨ ਦਾ ਹਰ ਨਿਵਾਲਾ ਬੱਤੀ ਵਾਰ ਚਬਾ ਕੇ ਹੌਲੀ ਭੋਜਨ ਕਰੋ ਕਹਿਣ ਵਾਲੀ ਸਾਡੀ ਦਾਦੀ ਦਾ ਨੁਸਖ਼ਾ ਹੁਣ ਯੂਰਪ, ਅਮਰੀਕਾ ਵਿੱਚ ਵੀ ਪ੍ਰਚੱਲਿਤ ਹੋ ਰਿਹਾ ਹੈ। ਚਟਪਟ ਫੁਰਤੀ ਨਾਲ ਬਣਨ ਵਾਲੇ ਅਤੇ ਗਟਗਟ ਖਾਧੇ ਜਾਣ ਵਾਲੇ ਫਾਸਟ ਫੂਡ ਦੇ ਬਦਲੇ ਹੁਣ ਉੱਥੇ ਕੋਈ ਪੰਜ ਹਜ਼ਾਰ ਤੋਂ ਜ਼ਿਆਦਾ ਛੋਟੇ ਕਿਸਾਨਾਂ ਨੇ 'ਹੌਲੀ ਭੋਜਨ ਅਭਿਆਨ' ਚਲਾਇਆ ਹੈ। ਹੌਲੀ ਭੋਜਨ ਦੀ ਇਹ ਗੱਲ ਬੜੀ ਤੇਜ਼ੀ ਨਾਲ 130 ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਧਰਤੀ ਮਾਂ ਦੀ ਤਰ•ਾਂ ਉੱਥੇ ਵੀ ਹੁਣ 'ਟੇਰਾ ਮੈਡਰੇ' ਅਭਿਆਨ ਕੁਦਰਤੀ ਖੇਤੀ ਦੀ ਸਿਫਾਰਿਸ਼ ਕਰ ਰਿਹਾ ਹੈ। ਅਮਰੀਕਾ ਵਿੱਚ ਪਾਸ਼ਚਰਆਈਜ਼ਡ ਦੁੱਧ ਦੀਆਂ ਥੈਲੀਆਂ ਦੀ ਜਗ•ਾ ਕੱਚਾ ਦੁੱਧ ਮੰਗਿਆ ਜਾਣ ਲੱਗਿਆ ਹੈ। ਫਰਕ ਸਿਰਫ ਇੰਨਾ ਹੈ ਕਿ ਉੱਥੇ ਇਸਦੇ ਲਈ ਡਾਕਟਰ ਦੀ ਪਰਚੀ ਲੱਗਦੀ ਹੈ!
ਅੱਜ ਅਮਰੀਕਾ ਅਤੇ ਇੰਗਲੈਂਡ ਦੀਆਂ ਥਾਲੀਆਂ ਵਿੱਚ ਪਰੋਸਿਆ ਜਾਣ ਵਾਲਾ ਭੋਜਨ ਔਸਤਨ ਪ੍ਰਤੀਦਿਨ ਡੇਢ ਤੋਂ ਦੋ ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਕੇ ਆਉਂਦਾ ਹੈ। ਉੱਥੇ ਕਿਸਾਨਾਂ ਦੀ ਜੇਬ ਵਿੱਚ ਇੱਕ ਰੁਪਏ ਦਾ ਕੇਵਲ 19ਵਾਂ ਭਾਗ ਹੀ ਜਾਂਦਾ ਹੈ। ਬਾਕੀ ਦੀ ਰਾਸ਼ੀ ਵਿਚੋਲੀਏ, ਵਪਾਰੀ, ਆਵਾਜਾਈ ਵਾਲੇ ਅਤੇ ਵਿਗਿਆਪਨਕਰਤਾ ਚੱਟ ਕਰ ਜਾਂਦੇ ਹਨ। ਅਜਿਹਾ ਭੋਜਨ ਮਹਿੰਗਾ ਵੀ ਹੈ ਅਤੇ ਬਾਸੀ ਵੀ। ਇਸ ਲਈ ਹੁਣ ਉੱਥੇ ਵੀ ਆਸ-ਪਾਸ ਉੱਗਣ ਵਾਲੇ ਅਨਾਜ, ਫ਼ਲ ਅਤੇ ਸਬਜ਼ੀਆਂ ਦੀ ਮੰਗ ਵਧ ਗਈ ਹੈ। ਅਮਰੀਕਾ ਦੇ ਵੱਡੇ ਸ਼ਹਿਰਾਂ ਵਿੱਚ ਵੀ ਛੋਟੇ-ਛੋਟੇ ਪਲਾਟ ਕਿਰਾਏ ਉੱਤੇ ਲੈ ਕੇ ਉੱਥੋਂ ਦੇ ਜਿੰਮੇਦਾਰ ਨਾਗਰਿਕ ਆਪਣੀ ਖੁਦ ਦੀ ਸਬਜ਼ੀ ਉਗਾਉਣ ਦੀ ਤਿਆਰੀ ਕਰ ਰਹੇ ਹਨ।
ਕੀ ਅਸੀਂ ਉਮੀਦ ਕਰੀਏ ਕਿ ਖੇਤੀ ਪ੍ਰਧਾਨ ਸਾਡੇ ਦੇਸ਼ ਦੇ ਖੇਤੀ ਵਿਗਿਆਨਕ ਵੀ ਜੀ ਹਜ਼ੂਰੀ ਤੋਂ ਬਚਕੇ ਅਤੇ ਡਰ ਦੇ ਖੋਲ ਵਿੱਚੋਂ ਬਾਹਰ ਨਿੱਕਲ ਕੇ ਕਿਸਾਨਾਂ ਦੇ ਅਤੇ ਦੇਸ਼ ਦੇ ਹਿਤ ਵਿੱਚ ਵਾਤਾਵਰਣ ਨਾਸ਼ੀ ਖੇਤੀ ਦਾ ਵਿਰੋਧ ਕਰਨਗੇ?

*ਖੇਤੀ ਨੂੰ ਉਦਯੋਗ ਵਿੱਚ ਬਦਲਣ ਵਾਲੀਆਂ ਕੰਪਨੀਆਂ ਨੂੰ ਨਜ਼ਦੀਕ ਤੋਂ ਜਾਣਨ ਵਾਲੇ ਸ਼੍ਰੀ ਅਰੁਣ ਡਿਕੇ ਹੁਣ ਚੰਗੇ ਵਿਚਾਰਾਂ ਦੇ ਬੀਜਾਂ ਦਾ ਸੰਗ੍ਰਿਹ ਕਰਦੇ ਹਨ, ਬੀਜਦੇ ਹਨ ਅਤੇ ਉਸਦਾ ਫ਼ਲ ਦੂਸਰਿਆਂ ਤੱਕ ਪਹੁੰਚਾਉਂਦੇ ਹਨ।

ਸਿਹਤ

                                                            ਸੂਰਜ ਯੋਗ
ਡਾ. ਸਨੀ ਸੰਧੂ
ਸਾਡਾ ਸ਼ਰੀਰ ਕੁਦਰਤ ਦੀ ਇੱਕ ਰਹੱਸਮਈ ਰਚਨਾ  ਹੈ। ਇਸ ਵਿੱਚ ਅਨੇਕਾਂ ਰਾਜ਼ ਵਸੇ ਹੋਏ ਹਨ। ਮਨੁੱਖ ਸਦੀਆਂ ਤੋਂ ਇਹਨਾਂ ਰਾਜ਼ਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਪਰ ਇਹ ਭੇਤ, ਇਹ ਰਾਜ਼ ਇੰਨੇ ਕੁ ਗਹਿਰੇ ਹਨ ਕਿ ਇਹਨਾਂ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਵਿੱਚ ਅਕਸਰ ਮਨੁੱਖ ਦੀਆਂ ਸੀਮਾਵਾਂ ਅੱਗੇ ਆ ਜਾਂਦੀਆਂ ਹਨ।
ਅਜੋਕੇ ਉਦਯੋਗਿਕ ਯੁੱਗ ਵਿੱਚ ਇਨਸਾਨ ਅਤੇ ਵਿਗਿਆਨ ਬੜੀ ਤੇਜੀ ਨਾਲ ਵਿਕਾਸ ਕਰ ਰਿਹਾ ਹੈ। ਇਨਸਾਨ ਨੇ ਆਪਣੇ ਲਈ ਸੁਖ-ਸੁਵਿਧਾਵਾਂ ਦੇ ਬੇਹਿਸਾਬ ਸਾਧਨ ਜੁਟਾ ਲਏ ਹਨ। ਨਤੀਜੇ ਵਜੋਂ ਹਰੇਕ ਵਿਅਕਤੀ ਮੋਬਾਇਲ, ਇੰਟਰਨੈੱਟ ਅਤੇ ਟੈਲੀਵਿਜ਼ਨ ਦੇ ਮਾਧਿਅਮ ਨਾਲ ਇੱਕ-ਦੂਜੇ ਦੀ ਆਸਾਨ ਪਹੁੰਚ ਵਿੱਚ ਹੈ। ਗਿਆਨ ਵੀ ਕਿਸੇ ਇੱਕ ਕੋਨੇ ਵਿੱਚ ਸਿਮਟਿਆ ਨਹੀਂ ਰਹਿ ਗਿਆ ਸਗੋਂ ਇਸਦਾ ਚੰਹੁਮੁੱਖੀ ਪਸਾਰਾ ਹੋ ਰਿਹਾ ਹੈ। ਗਿਆਨ ਦੇ ਇਸ ਪਸਾਰ  ਦਾ ਲਾਭ ਅਨੇਕ ਲੋਕ ਉਠਾ ਰਹੇ ਹਨ। ਪਰ ਹਾਂ ਇਹ ਗੱਲ ਵੱਖਰੀ ਹੈ ਕਿ ਕੋਈ ਇਸ ਗਿਆਨ ਦਾ ਇਸਤੇਮਾਲ ਕਰਕੇ ਸਮਾਜ ਲਈ ਕੁੱਝ ਬੇਹਤਰ ਸਿਰਜ ਰਿਹਾ ਅਤੇ ਕੋਈ ਇਸਦਾ ਇਸਤੇਮਾਲ ਤਬਾਹੀ ਦਾ ਸਮਾਨ ਜੁਟਾਉਣ ਲਈ ਕਰ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਨਸਾਨ ਦੀ ਕੋਈ ਵੀ ਰਚਨਾ ਹਮੇਸ਼ਾ ਹੀ ਦੋ-ਧਾਰੀ ਤਲਵਾਰ ਵਾਂਗਰਾਂ ਹੁੰਦੀ ਹੈ। ਉਸਦਾ ਸਦ ਅਤੇ ਦੁਰਉਪਯੋਗ ਦੋਹੇਂ ਹੀ ਹੋ ਸਕਦੇ ਹਨ ਤੇ ਇਹ ਹੀ ਸ਼ਾਇਦ ਕੁਦਰਤ ਦਾ ਨਿਯਮ ਵੀ ਹੈ। ਇਸ ਨੂੰ ਇੱਕ ਤਰ•ਾਂ ਨਾਲ ਇੱਕ ਸਿਧਾਂਤ ਵੀ ਮੰਨਿਆਂ ਜਾ ਸਕਦਾ ਹੈ। ਧਰਮ ਨੂੰ ਹੀ ਲੈ ਲਉ। ਸਾਰੇ ਧਰਮ ਸਮਾਜ ਦੀ ਬੇਹਤਰੀ ਸਾਂਝੀਵਾਲਤਾ ਅਤੇ ਇਨਸਾਨੀਅਤ ਦਾ ਸੰਦੇਸ਼ ਦਿੰਦੇ ਹਨ ਇਸਦੇ ਬਾਵਜੂਦ ਧਰਮ ਦੇ ਨਾਂਅ 'ਤੇ ਮਨੁੱਖ ਨੇ ਅਨੇਕਾਂ ਯੁੱਧ ਲੜੇ ਹਨ। ਅੱਜ ਵੀ ਇਸਲਾਮਿਕ ਅਤੇ ਕ੍ਰਿਸਚੀਅਨ ਸਮਾਜ ਯੁੱਧ ਦੇ ਮੁਹਾਣੇ 'ਤੇ ਖੜਾ ਹੈ। ਇਹੀ ਸਥਿਤੀ ਧਰਮ ਗ੍ਰੰਥ ਦੇ ਸਬੰਧ ਵਿੱਚ ਵੀ ਬਣੀ ਹੋਈ ਹੈ।
ਇਹ ਵੀ ਸੱਚ ਹੈ ਕਿ ਕੋਈ ਵੀ ਧਰਮ ਜਾਂ ਧਰਮ ਗ੍ਰੰਥ ਵਸਤਾਂ 'ਤੇ ਲਾਗੂ ਹੋਣ ਵਾਲੇ ਇਨਸਾਨੀ ਮਾਨਸਿਕ ਸਿਧਾਂਤਾ ਤੋਂ ਬਚ ਨਹੀਂ ਸਕਦਾ। ਸੋ ਸਮਾਂ ਆ ਗਿਆ ਹੈ, ਸਮੇਂ ਨੂੰ ਅੱਗੇ ਲੈ ਕੇ ਜਾਣ ਦਾ, ਪੂਰਨ ਮੁਕਤੀ ਵੱਲ ਵਧਣ ਦਾ। ਉਸ ਸ਼ਕਤੀ ਨਾਲ ਇੱਕਮਿੱਕ ਹੋਣ ਦਾ ਜਿਹੜੀ ਹਮੇਸ਼ਾਂ ਤੋਂ ਹੀ ਜੋਤ ਸਰੂਪ ਸਾਡੇ ਨਾਲ ਹੈ। ਸਾਡੀ ਹਰੇਕ ਖੁਸ਼ੀ ਤੇ ਹਰ ਇੱਕ ਗ਼ਮ ਵਿੱਚ ਸਾਡੀ ਸਾਂਝੀਵਾਲ ਹੈ। ਜਿਹੜੀ ਹਰ ਵੇਲੇ ਸਾਡਾ ਭਾਲ ਲੋਚਦੀ ਹੈ ਅਤੇ ਇਹ ਪ੍ਰਤੱਖ ਸ਼ਕਤੀ ਹੈ ਸੂਰਜ ਦੇਵਤਾ।
ਸੂਰਜ ਜਿਸਨੂੰ ਕਿ ਅੱਜ ਦੇ ਵਿਗਿਆਨਕ ਅੱਗ ਦਾ ਗੋਲਾ ਮੰਨਦੇ ਹਨ ਅਤੇ ਅਜੋਕਾ ਕਮਜ਼ੋਰ ਮਨੁੱਖ ਜਿਸ ਤੋਂ ਨੱਠ ਕੇ ਏਅਰਕੰਡੀਸ਼ਨਰ ਦੀ ਠੰਡਕ ਅਤੇ ਬੰਦ ਕਮਰਿਆਂ ਵਿੱਚ ਰਹਿਣਾ ਪਸੰਦ ਕਰਦਾ ਹੈ। ਹਾਲਾਂਕਿ ਸੂਰਜ ਰੱਬ ਦਾ ਸਭ ਤੋਂ ਉੱਜਵਲ ਨੂਰ ਹੈ। ਇਹ ਜੀਵਨ ਹੈ। ਇਹ ਪ੍ਰਮਾਤਮਾ ਦੇ ਸਰਵਉੱਤਮ ਗੁਣਾਂ ਦਾ ਧਾਰਨੀ ਹੈ। ਸਭ ਨੂੰ ਪਿਆਰ ਕਰਨ ਵਾਲਾ। ਸਭ ਨੂੰ ਸਮਦ੍ਰਿਸ਼ਟੀ ਨਾਲ ਦੇਖਣ ਵਾਲਾ। ਅਸੀਂ ਹਰ ਪਲ ਸੂਰਜ ਦੁਆਲੇ ਘੁੰਮ ਰਹੇ ਹਾਂ। ਸੂਰਜ ਦੀ ਅਣਹੋਂਦ ਵਿੱਚ ਜੀਵਨ ਅਸੰਭਵ ਹੈ। ਕਰੋੜਾਂ ਸਾਲ ਪਹਿਲਾਂ ਸੂਰਜ ਨੇ ਅਨੇਕਾਂ ਗ੍ਰਹਾਂ ਸਮੇਤ ਪ੍ਰਿਥਵੀ ਨੂੰ ਜਨਮਿਆਂ। ਪ੍ਰਿਥਵੀ ਦੇ ਹੌਲੀ-ਹੌਲੀ ਠੰਡਾ ਹੋਣ ਉਪਰੰਤ ਪਾਣੀ ਆਇਆ, ਪਾਣੀ ਵਿੱਚ ਛੋਟੇ-ਛੋਟੇ ਜੀਵਾਂ ਪਨਪੇ, ਰੁੱਖ-ਬੂਟੇ-ਵਨਸਪਤੀ ਹੋਂਦ ਵਿੱਚ ਆਈ। ਫਿਰ ਸ਼ੁਰੂ ਹੋਇਆ ਪ੍ਰਕਾਸ਼ ਸੰਸ਼ਲੇਸ਼ਣ ਦਾ ਸਿਲਸਿਲਾ। ਵਨਸਪਤੀ ਨੇ ਸੂਰਜ ਦੀ ਊਰਜਾ ਦਾ ਇਸਤੇਮਾਲ ਕਰਕੇ ਆਕਸੀਜਨ ਬਣਾਉਣੀ ਸ਼ੁਰੂ ਕੀਤੀ, ਜਿਹੜੀ ਕਿ ਅੱਜ ਤੱਕ ਸਾਨੂੰ ਮੁਫ਼ਤ ਵਿੱਚ ਮਿਲ ਰਹੀ ਹੈ।
ਅਖੌਤੀ ਵਿਕਾਸ ਲੀਲਾ ਦੇ ਚਲਦਿਆਂ ਭੂਮੀ, ਪਾਣੀ ਤੇ ਪੌਣ ਵਰਗੇ ਅਹਿਮ ਕੁਦਰਤੀ ਸੋਮੇ ਦਿਨੋਂ-ਦਿਨ ਪਲੀਤ ਹੁੰਦੇ ਜਾ ਰਹੇ ਹਨ। ਵਿਕਾਊ ਹੋ ਗਏ ਹਨ। ਕਿਸੇ ਵੇਲੇ ਜਿਹੜਾ ਪਾਣੀ ਸਭ ਲਈ ਮੁਫ਼ਤ ਵਿੱਚ ਉਪਲਭਧ ਸੀ ਅੱਜ ਬਾਜ਼ਾਰ ਦੀ ਵਸਤ ਬਣ ਗਿਆ ਹੈ। ਆਕਸੀਜਨ ਵੀ ਸਿਲੰਡਰਾਂ 'ਚ ਬੰਦ ਹੋ ਕੇ ਵਿਕਣੀ ਸ਼ੁਰੂ ਹੋ ਗਈ ਹੈ। ਧਰਤੀ ਤਾਂ ਕਦੋਂ ਦੀ ਵਿਕਦੀ  ਪਈ ਹੈ। ਕੁਦਰਤ ਦੀਆਂ ਅਣਮੋਲ ਰਚਨਾਵਾਂ ਜਿਹੜੀਆਂ ਕਿ ਇੱਕ ਤਰ•ਾਂ ਨਾਲ ਦੈਵਿਕ ਸਨ ਅੱਜ ਸਧਾਰਣ ਵਸਤਾਂ ਵਾਂਗੂ ਵਰਤੀਆਂ ਅਤੇ ਵਰਤ ਕੇ ਸੁੱਟੀਆਂ ਜਾ ਰਹੀਆਂ ਹਨ।
ਇੱਕ ਸੂਰਜੀ ਹੀ ਹੈ ਜਿਹੜਾ ਮਨੁੱਖ ਦੇ ਇਸ ਲਾਲਚੀ ਤੇ ਅਹੰਕਾਰੀ ਵਰਤਾਰੇ ਤੋਂ ਅਛੂਤਾ ਹੈ। ਕਿਉਂਕਿ ਇਸਦੀ ਸ਼ਕਤੀ ਮੂਹਰੇ ਇਨਸਾਨ ਦਾ ਕੋਈ ਵੱਸ ਨਹੀਂ ਚਲਦਾ। ਸੂਰਜ ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਤਿੰਨਾਂ ਦੀ ਸ਼ਕਤੀ ਦਾ ਪ੍ਰਤੱਖ ਰੂਪ ਹੈ। ਇਸਨੇ ਹੀ ਇਸ ਦੁਨੀਆਂ ਦੀ ਰਚਨਾ ਕੀਤੀ ਹੈ ਅਤੇ ਨਿਯਮ ਦਿੱਤੇ ਹਨ। ਧਰਤੀ ਨੇ ਇਹਨਾਂ ਨਿਯਮਾਂ ਨੂੰ ਸਮਝਿਆ ਅਤੇ ਕਰੋੜਾਂ ਸਾਲਾਂ ਤੋਂ ਸ੍ਰਿਸ਼ਟੀ ਦੀ ਰਚਨਾ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਚਲੀ ਆ ਰਹੀ ਹੈ।
ਮਨੁੱਖ ਨੂੰ ਪੁਰਾਤਨ ਕਾਲ ਤੋਂ ਹੀ ਸੂਰਜ ਦੀ ਸਮਝ ਸੀ। ਸਾਰੀਆਂ ਮਹਾਨ ਸੱਭਿਆਤਾਵਾਂ ਨੇ ਸੂਰਜ ਦੇ ਨਿਯਮਾਂ ਦਾ ਪਾਲਣ ਕੀਤਾ। ਜਦੋਂ ਵੀ ਕੋਈ ਸੱਭਿਅਤਾ ਸੂਰਜ ਦੇ ਨਿਯਮਾਂ ਨੂੰ ਮੰਨਣ ਤੋਂ ਇਨਕਾਰੀ ਹੋਈ ਤਾਂ ਉਸਦਾ ਵਿਨਾਸ਼ ਹੋ ਗਿਆ।
ਸੂਰਜ ਦੇ ਨਿਯਮ ਇਸ ਪ੍ਰਕਾਰ ਹਨ:
1) ਸਭ ਨਾਲ ਪ੍ਰੇਮ, 2)ਅਸੀਂ ਸਭ ਇੱਕ ਹਾਂ ਦੂਜਾ ਕੋਈ ਨਹੀਂ, 3) ਵਿਗਿਆਨਕ ਆਵਿਸ਼ਕਾਰ ਸਭ ਲਈ ਹਨ, 4) ਗਿਆਨ ਸਭ ਲਈ ਹੈ, 5) ਧਰਤੀ, ਪੌਣ, ਪਾਣੀ ਸਭ ਲਈ ਹਨ। ਇਹਨਾਂ ਦਾ ਕੋਈ ਮੁੱਲ ਨਹੀਂ। ਇਹ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਹਨ।
ਸੂਰਜ ਦੇ ਇਹਨਾਂ ਨਿਯਮਾਂ ਦੀ ਸਥਾਪਨਾਂ ਲਈ ਸਮੇਂ-ਸਮੇਂ ਧਰਤੀ 'ਤੇ ਅਨੇਕਾਂ ਬ੍ਰਹਮ ਗਿਆਨੀ ਆਏ। ਉਹਨਾਂ ਦਾ ਪ੍ਰਵਚਨ ਮਾਰਗ ਸੂਰਜ ਦੇ ਹੀ ਨਿਯਮਾਂ ਦਾ ਗੂੜ ਸੀ।
ਕਲ ਯੁਗ ਅੰਤਿਮ ਪੜਾਅ 'ਤੇ ਹੈ। ਇਸਦਾ ਅੰਤ ਕਰਨਾ ਸਾਡੇ ਹਰੇਕ ਦੇ ਹੱਥ ਵਿੱਚ ਹੈ। ਇਹ ਸਾਡੇ ਹਿੱਤ ਵਿੱਚ ਹੈ ਕਿ ਅਸੀਂ ਜਾਗ ਜਾਈਏ ਅਤੇ ਸੂਰਜ ਦੇ ਨਿਯਮ ਸਮਝ ਕੇ ਸੂਰਜ ਵਾਂਗ ਹੀ ਬਣ ਜਾਈਏ।
ਨਾਸਾ ਨੇ 2011-12 ਵਿੱਚ ਬਹੁਤ ਹੀ ਖ਼ਤਰਨਾਕ ਸੋਲਰ ਤੁਫ਼ਾਨਾਂ ਦੀ ਚਿਤਾਵਨੀ ਦਿੱਤੀ ਹੈ। ਪਿਛਲੀ ਵਾਰ ਅਜਿਹਾ 19ਵੀਂ ਸਦੀ ਵਿੱਚ ਵਾਪਰਿਆ ਸੀ। ਗਨੀਮਤ ਤਾਂ ਇਹ ਰਹੀ ਕਿ ਉਸ ਸਮੇਂ ਦੁਨੀਆਂ ਵਿੱਚ ਬਿਜਲਈ ਉਪਕਰਨ ਬਹਤ ਘੱਟ ਸਨ। ਇਸ ਲਈ ਨੁਕਸਾਨ ਵੀ ਘੱਟ ਹੋਇਆ। ਪਰ ਜੇਕਰ ਇਸ ਵਾਰ ਅਜਿਹਾ ਵਾਪਰਿਆ ਤਾਂ ਭਿਆਨਕ ਤਬਾਹੀ ਹੋਵੇਗੀ।
ਸਮੇਂ ਦੀ ਲੋੜ ਹੈ ਕਿ ਇਨਸਾਨ ਸੂਰਜ ਦੀ ਸ਼ਕਤੀ ਨਾਲ ਜ਼ਿੰਦਾ ਰਹਿਣਾ ਸਿੱਖ ਲਵੇ। ਸੂਰਜ ਯੋਗ ਇਸ ਦਿਸ਼ਾ ਵੱਲ ਇੱਕ ਸਾਰਥਕ ਕਦਮ ਹੈ। ਇਹ ਪ੍ਰਾਚੀਨ ਕਾਲ ਤੋਂ ਚਲਿਆ ਆ ਰਿਹਾ ਇੱਕ ਯੋਗਿਕ ਵਿਗਿਆਨ ਹੈ। ਜਿਸਨੂੰ ਕਿ ਬਹੁਤ ਸਾਰੇ ਬ੍ਰਹਮ ਗਿਆਨੀ ਧਾਰਨ ਕਰਦੇ ਅਤੇ ਅੱਗੇ ਸਿਖਾਉਂਦੇ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਰਜ ਦੀ ਦੈਵਿਕ ਅਤੇ ਨਿਰੋਗਕ ਸ਼ਕਤੀ ਦਾ  ਬਖਾਨ ਕਰਦਾ ਇੱਕ ਸਲੋਕ ਦਰਜ਼ ਹੈ: “ਸੂਰਜ ਕਿਰਨ ਮਿਲੇ ਜਲ ਕਾ ਜਲ ਹੋਵੇ ਰਾਮ, ਜੋਤਿ ਜੋਤ ਰਲੇ ਸੰਪੂਰਨ ਕੀਆ ਰਾਮ”,
ਸਾਡੇ ਸ਼ਰੀਰ ਵਿੱਚ 70 ਫੀਸਦੀ ਪਾਣੀ ਹੈ। ਸਵੇਰ ਵੇਲੇ ਸੂਰਜ ਨੂੰ ਨਿਹਾਰਣ ਸਦਕਾ ਇਹ ਪਾਣੀ ਸ਼ੁੱਧ ਹੋ ਜਾਂਦਾ ਹੈ। ਆਨੰਦਮਈ ਅਵਸਥਾ ਪੈਦਾ ਹੋ ਜਾਂਦੀ ਹੈ। ਕੋਈ ਸ਼ਰੀਰਕ ਤੇ ਮਾਨਸਿਕ ਰੋਗ ਨਹੀਂ ਰਹਿੰਦੇ। ਅੱਖਾਂ ਬੰਦ ਕਰਕੇ ਧਿਆਨ ਕਰਨ ਨਾਲ ਪੂਰਨ ਬ੍ਰਹਮ ਗਿਆਨ ਹੋ ਜਾਂਦਾ ਹੈ। ਇਸਨੂੰ ਨਿੱਤਦਿਨ ਕਰਨ ਨਾਲ ਇਨਸਾਨ ਦੈਵਿਕ ਪ੍ਰਕਿਰਤੀ ਵਾਲਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਸ਼ੂਗਰ, ਕੈਂਸਰ, ਫਲੂ, ਜੋੜਾਂ ਦੇ ਦਰਦ, ਮਾਨਸਿਕ ਰੋਗ, ਲਕਵਾ, ਦਿਲ ਦੇ ਰੋਗ, ਅੱਖਾਂ ਦੀ ਕਮਜ਼ੋਰੀ ਆਦਿ ਵਰਗੇ ਰੋਗ ਖਤਮ ਹੋ ਜਾਂਦੇ ਹਨ।
ਸੂਰਜ  ਤੋਂ ਸਾਡੇ ਸ਼ਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ, ਜਿਹੜਾ ਕਿ ਸਾਡੇ ਭੋਜਨ ਵਿੱਚ ਲੋੜੀਂਦੀ ਮਾਤਰਾ ਵਿੱਚ ਨਹੀਂ ਹੁੰਦਾ। ਪਰ ਇਹ ਵੀ ਸੱਚ ਹੈ ਕਿ ਦੁਨੀਆਂ ਭਰ ਦੇ ਲੋਕਾਂ ਵਿੱਚ ਵਿਟਾਮਿਨ ਡੀ ਦੀ ਕਮੀ ਪਾਈ ਜਾ ਰਹੀ ਹੈ। ਇਹ ਸੂਰਜ ਤੋਂ ਲੁਕ ਕੇ ਰਹਿਣ ਦੀ ਪ੍ਰਕਿਰਤੀ ਦਾ ਨਤੀਜ਼ਾ ਹੈ। ਦੁੱਖ ਦੀ ਗੱਲ ਤਾਂ ਇਹ ਕਿ ਸੂਰਜ ਦੇ ਦੇਸ਼ ਭਾਰਤ ਵਿੱਚ ਵੀ ਅਜਿਹਾ ਹੀ ਹੈ। ਇਹੀ ਕਾਰਨ ਹੈ ਅੱਜ ਦਾ ਮਨੁੱਖ ਅਨੇਕਾਂ ਰੋਗਾਂ ਨਾਲ ਘਿਰਿਆ ਹੋਇਆ ਹੈ। ਮਾਨਸਿਕ ਰੋਗਾਂ ਦਾ ਤਾਂ ਕਹਿਣਾ ਹੀ ਕੀ।
ਹੁਣ ਵੀ ਵਕਤ ਹੈ ਕਿ ਅਸੀਂ ਸੂਰਜ ਯੋਗ ਨਾਲ ਆਪਣੇ ਅੰਦਰ ਪਰਿਵਰਤਨ ਲਿਆਈਏ, ਸੂਰਜ ਦੀ ਅੱਗ ਨੂੰ ਸਮਝੀਏ। ਫਿਰ ਅੱਗ ਵੀ ਤੁਹਾਨੂੰ ਭਾਲ ਨਹੀਂ ਸਕੇਗੀ, ਅੱਗ ਵਿੱਚ ਵੀ ਤੁਹਾਨੂੰ ਪ੍ਰੇਮ ਹੀ ਨਜ਼ਰ ਆਵੇਗਾ। ਸਾਰਾ ਸੰਸਾਰ ਇੱਕ ਜੋਤ ਹੋ ਜਾਵੇਗਾ। ਸਾਡੇ ਪਿਆਰੇ ਬਾਬੇ ਨਾਨਕ ਦਾ ਸੁਪਨਾ ਪੂਰਾ ਹੋ ਜਾਵੇਗਾ!



ਗੁਣਕਾਰੀ ਫਟਕੜੀ
ਸਾਡੇ ਘਰਾਂ ਵਿੱਚ ਕਈ ਰੋਗਾਂ ਦੇ ਇਲਾਜ਼ ਲਈ ਫਟਕੜੀ ਦਾ ਪ੍ਰਯੋਗ ਆਮ ਹੀ ਹੁੰਦਾ ਹੈ। ਫਟਕੜੀ ਦੋ ਤਰ•ਾਂ ਦੀ ਹੁੰਦੀ ਹੈ - ਚਿੱਟੀ ਅਤੇ ਲਾਲ। ਘਰਾਂ ਵਿੱਚ ਆਮ ਤੌਰ 'ਤੇ ਚਿੱਟੀ ਫਟਕੜੀ ਦਾ ਜਿਆਦਾ ਇਸਤੇਮਾਲ ਹੁੰਦਾ ਹੈ। ਵੈਦ ਜਾਂ ਆਯੂਰਵੇਦਿਕ ਡਾਕਟਰ ਦੁਆਰਾ ਲਾਲ ਰੰਗ ਦੀ ਫਟਕੜੀ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਫਟਕੜੀ ਦਾ ਸਵਾਦ ਕੁਸੈਲਾ, ਖੱਟਾ-ਮਿੱਠਾ ਹੁੰਦਾ ਹੈ। ਵੱਖ-ਵੱਖ ਰੋਗਾਂ ਅਤੇ ਸਮੱਸਿਆਵਾਂ ਲਈ ਹੇਠ ਲਿਖੇ ਅਨੁਸਾਰ ਫਟਕੜੀ ਦਾ ਇਸਤੇਮਾਲ ਕਰਕੇ ਲਾਹਾ ਲਿਆ ਜਾ ਸਕਦਾ ਹੈ।

• ਪੱਸਲੀ ਦਾ ਦਰਦ- ਸਾਫ ਤਵਾ ਉੱਤੇ ਫਟਕੜੀ ਪੀਸ ਕੇ ਪਾਉ। ਅੱਗ ਦੇ ਸੇਕ ਨਾਲ ਫਟਕੜੀ ਖਿੱਲ ਹੋ ਕੇ ਭਸਮ ਵਿੱਚ ਬਦਲ ਜਾਵੇਗੀ। ਇਹ ਭਸਮ ਇੱਕ ਤੋਂ ਚਾਰ ਰੱਤੀ ਲੈ ਕੇ ਸ਼ਹਿਦ ਨਾਲ ਜਾਂ ਬਨਫ਼ਸ਼ਾਂ ਦੇ ਸ਼ਰਬਤ ਨਾਲ ਸਵੇਰੇ-ਸ਼ਾਮ ਲਉ। ਪੱਸਲੀਆਂ ਦੇ ਦਰਦ ਤੋਂ ਆਰਾਮ ਮਿਲੇਗਾ।
• ਅੱਖਾਂ ਲਈ- ਢਾਈ ਤੋਲੇ ਭਸਮ ਨੂੰ ਗੁਲਾਬ ਜਲ ਵਿੱਚ ਮਿਲਾਉ। ਜਦ ਉਹ ਘੁਲ ਜਾਵੇ ਤਾਂ ਅੱਖਾਂ ਵਿੱਚ ਪਾਉ।
• ਕੰਨ ਵਗਣੇ- ਇਸ ਹਾਲਤ ਵਿੱਚ ਇੱਕ ਰੱਤੀ ਫਟਕੜੀ ਭਸਮ ਕੰਨ ਵਿੱਚ ਪਾਉ।
• ਜ਼ੁਕਾਮ- ਜ਼ੁਕਾਮ ਹੋਣ ਤੇ ਫਟਕੜੀ ਦੀ ਭਸਮ ਨੂੰ ਨਸਵਾਰ ਵਾਂਗਰਾਂ ਸੁੰਘੋ।
• ਮੂੰਹ ਪੱਕਣਾ- ਮੂੰਹ ਪੱਕਣ 'ਤੇ ਪਾਣੀ ਵਿੱਚ ਫਟਕੜੀ ਮਿਲਾ ਕੇ ਕੁੱਲੇ ਕਰੋ।
• ਗਲੇ ਵਿੱਚ ਟਾਂਸਿਲ ਹੋਣ 'ਤੇ- ਫਟਕੜੀ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਗਲੇ ਵਿੱਚ ਲਗਾÀ। ਕੁੱਲੇ ਵੀ ਕਰ ਸਕਦੇ ਹੋ।
• ਅੰਦਰੂਨੀ ਸੱਟ- ਅੰਦਰੂਨੀ ਸੱਟ ਲੱਗਣ 'ਤੇ ਭਸਮ ਨੂੰ ਸ਼ਹਿਦ ਨਾਲ ਚਟਾਉ।
• ਨਕਸੀਰ- ਨਕਸੀਰ ਛੁੱਟਣ 'ਤੇ ਮਰੀਜ ਨੂੰ ਲਿਟਾ ਦਿਉ। ਸਿਰ ਪਿੱਛੇ ਵੱਲ ਕਰਕੇ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਰੂੰ ਦੇ ਫੰਬੇ ਨਾਲ ਉਸਨੂੰ ਮਰੀਜ ਦੇ ਨੱਕ ਵਿੱਚ ਪਾਉ।
• ਦਸਤ ਲੱਗਣੇ- ਹੋਰ ਦਵਾਈਆਂ ਦੇ ਨਾਲ-ਨਾਲ ਅਨਾਰ ਦੇ ਸ਼ਰਬਤ ਵਿੱਰ ਦੋ ਰੱਤੀ ਫਟਕੜੀ ਦੀ ਭਸਮ ਵੀ ਮਿਲਾ ਕੇ ਦਿਉ।
• ਟਾਈਫਾਇਡ- ਟਾਈਫਾਇਡ ਹੋਣ ਤੇ ਅੰਤੜੀਆਂ ਵਿੱਚ ਜਖ਼ਮ ਹੋ ਜਾਂਦੇ ਹਨ। ਇਸ ਲਈ ਇੱਕ ਰੱਤੀ ਭਸਮ ਨੂੰ ਮਿਸ਼ਰੀ ਵਿੱਚ ਮਿਲਾ ਕੇ ਦਿਨ ਵਿੱਚ ਚਾਰ ਵਾਰੀ ਦਿਉ।
• ਕਾਲੀ ਖੰਘ- ਕਾਲੀ ਖੰਘ ਹੋਣ 'ਤੇ ਫਟਕੜੀ ਦੀ ਇੱਕ ਤੋਂ ਚਾਰ ਰੱਤੀ ਭਸਮ ਸ਼ਹਿਦ ਨਾਲ ਮਿਲਾ ਕੇ ਦਿਉ।
• ਖਾਰਿਸ਼ ਲਈ- ਖਾਰਿਸ਼ ਦੀ ਹਾਲਤ ਵਿੱਚ ਸ਼ਰੀਰ ਦੇ ਪ੍ਰਭਾਵਿਤ ਹਿੱਸੇ ਨੂੰ ਫਟਕੜੀ ਦੇ ਗਾੜ•ੇ ਪਾਣੀ ਨਾਲ ਲਾਭ ਹੁੰਦਾ ਹੈ।
• ਪਾਣੀ ਸਾਫ ਕਰਨ ਲਈ- ਅਸ਼ੁੱਧ ਪਾਣੀ ਵਿੱਚ ਫਟਕੜੀ ਨੂੰ ਇੱਕ ਵਾਰ ਘੁੰਮਾ ਕੇ ਕੱਢਣ ਨਾਲ ਪਾਣੀ ਸਾਫ ਹੋ ਜਾਂਦਾ ਹੈ। ਬਾਅਦ ਵਿੱਚ ਪਾਣੀ ਵਿੱਚ 7-8 ਪੱਤੇ ਤੁਲਸੀ ਦੇ ਪਾਉ।
• ਕੱਟ ਲੱਗਣ ਤੇ- ਕੱਟ ਵਾਲੀ ਥਾਂ 'ਤੇ ਫਟਕੜੀ ਲਗਾਉ।
• ਦੰਦਾਂ ਵਿੱਚ ਸੋਜ ਹੋਣ ਤੇ- ਦੰਦਾਂ ਵਿੱਚ ਸੋਜ ਹੋਣ 'ਤੇ ਫਟਕੜੀ ਵਾਲੇ ਪਾਣੀ ਨਾਲ ਕੁੱਲਾ ਕਰੋ।
• ਟੀ ਬੀ ਵਿੱਚ ਖਾਂਸੀ ਅਤੇ ਉਲਟੀ ਹੋਣ 'ਤੇ- ਮਰੀਜ ਨੂੰ ਮਿਸ਼ਰੀ ਵਿੱਚ ਮਿਲਾ ਕੇ 2 ਤੋਂ ਰੱਤੀ 4 ਫਟਕੜੀ ਦੀ ਭਸਮ ਦਿਉ। 

ਇਹ ਰੂਹ ਦੀ ਖੇਤੀ ਹੈ, ਰੂਹਦਾਰ ਲੋਕਾਂ ਲਈ ਹੈ!

ਰੂ-ਬ-ਰੂ
ਜਸਪਾਲ ਸਿੰਘ  ਮੂਸੇਵਾਲ
 
ਬਲਿਹਾਰੀ ਕੁਦਰਤ ਦੇ ਪਾਠਕਾਂ ਲਈ ਪੰਜਾਬ ਦੇ ਇੱਕ-ਇੱਕੋ ਤੇ ਸਫ਼ਲ ਬਾਇਉਡਾਇਨਾਮਿਕ ਖੇਤੀ ਕਰਨ ਵਾਲੇ ਕਿਸਾਨ ਸ਼੍ਰੀ ਜਸਪਾਲ ਸਿੰਘ ਹੁਣਾਂ ਨਾਲ ਗੁਰਪ੍ਰੀਤ ਦਬੜ•ੀਖਾਨਾ ਵੱਲੋਂ ਕੀਤੀ ਗਈ ਇੰਟਰਵਿਊ ਇਸ ਆਸ ਨਾਲ ਪ੍ਰਕਾਸ਼ਿਤ ਕਰ ਰਹੇ ਹਾਂ ਕਿ ਕਿਸਾਨ ਵੀਰ ਜਸਪਾਲ ਸਿੰਘ ਹੁਣਾਂ ਦੇ ਅਨੁਭਵ ਦਾ ਲਾਹਾ ਲੈਣਗੇ। ਜਸਪਾਲ ਜੀ S”P1 ਬਾਇਉਟੈਕ ਨੈਨੀਤਾਲ ਦੇ ਐਗਰੀਕਲਚਰਲ ਰਿਸਰਚ ਗਰੁੱਪ ਅਤੇ ਸ਼੍ਰੀ ਰਾਮ ਗੰਗਾ ਬਾਇਉਟੈਕ ਫਾਰਮਜ਼ ਕੋਆਪਰੇਟਿਵ ਦੇ ਮੈਂਬਰ ਹਨ। ਇਸ ਦੇ ਨਾਲ ਹੀ ਉਹ ਐਸਕਾਨ, ਮੈਸੂਰ ਦੇ ਅਦਾਰੇ ਭਗਤੀ ਵੇਂਦਾਤ ਅਕੈਡਮੀ ਫਾਰ ਸਸਟੇਨੇਬਲ ਇੰਟੈਗ੍ਰੇਟਡ ਲਿਵਿੰਗ (21S9L) ਨਾਲ ਰਿਸੋਰਸ ਪਰਸਨ ਵਜੋਂ ਵੀ ਜੁੜੇ ਹੋਏ ਹਨ।
ਸਵਾਲ. ਜਸਪਾਲ ਜੀ ਤੁਹਾਡਾ ਪਿਛੋਕੜ ਕੀ ਹੈ,  ਪੜ•ਾਈ ਕਿੰਨੀ ਅਤੇ ਕਿੱਥੋਂ ਕੀਤੀ?
ਜਵਾਬ. ਗੁਰਪ੍ਰੀਤ ਜੀ ਜਿੱਥੋਂ ਤੱਕ ਗੱਲ ਪਿਛੋਕੜ ਦੀ ਹੈ ਤਾਂ ਮੈਂ ਕਿਸਾਨ ਪਰਿਵਾਰ ਤੋਂ ਹਾਂ ਅਤੇ ਖੇਤੀ ਸਾਡਾ ਪਿਤਾ-ਪੁਰਖੀ ਕਿੱਤਾ, ਨੂਰਪੁਰ ਸਾਡਾ ਜੱਦੀ ਪਿੰਡ। ਸਾਡੇ ਬਜ਼ੁਰਗ 1885-90 ਦੇ ਆਸ-ਪਾਸ ਪੂਰਬੀ ਅਫ਼ਰੀਕਾ ਚਲੇ ਗਏ ਸਨ। ਉੱਥੇ ਉਹਨਾਂ ਨੇ 999 ਸਾਲਾਂ ਦੇ ਪਟੇ 'ਤੇ ਜ਼ਮੀਨ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ।  1964 ਵਿੱਚ ਅਸੀਂ ਵਾਪਸ ਹਿੰਦੋਸਤਾਨ ਆ ਗਏ ਅਤੇ ਇੱਥੇ ਵੀ ਆਪਣੇ ਪਿਤਾ-ਪੁਰਖੀ ਕਿੱਤੇ ਨੂੰ ਹੀ ਜਾਰੀ ਰੱਖਿਆ। ਰਹੀ ਗੱਲ ਪੜ•ਾਈ ਦੀ ਤਾਂ ਮੈਂ ਬੀ. ਏ. ਆਨਰਜ਼ ਜਿਉਗ੍ਰਾਫੀ ਹਾਂ। 11ਵੀਂ ਵਾਈ ਪੀ ਐਸ ਪਟਿਆਲਾ ਤੋਂ ਕੀਤੀ ਅਗਲੇਰੀ ਪੜ•ਾਈ ਡੀ ਏ ਵੀ, ਚੰਡੀਗੜ• ਅਤੇ ਦੇਹਰਾਦੂਨ ਤੋਂ ਮੁਕੰਮਲ ਕੀਤੀ।
ਸਵਾਲ. ਤੁਸੀਂ ਇੱਕ ਖਾਸ ਤਰ•ਾਂ ਦੀ ਖੇਤੀ, ਬਾਇਉਡਾਇਨਾਮਿਕ ਫਾਰਮਿੰਗ ਕਰਦੇ ਹੋ। ਇਸਦਾ ਕੀ ਅਰਥ ਹੈ?
ਜਵਾਬ. ਜੀ, ਤੁਸੀਂ ਬਿਲਕੁੱਲ ਠੀਕ ਕਿਹਾ, ਬਾਇਉਡਾਇਨਾਮਿਕ ਫਾਰਮਿੰਗ ਸੱਚ-ਮੁੱਚ ਵਿਲੱਖਣ ਪ੍ਰਕਾਰ ਦੀ ਖੇਤੀ ਹੈ। ਰਹੀ ਗੱਲ ਇਸਦੇ ਅਰਥ ਦੀ ਤਾਂ ਇਹ ਬਹੁਤ ਡੁੰਘੇਰੇ ਅਤੇ ਫ਼ਿਲੋਸਫੀਕਲ ਹਨ। ਬਾਇਉਡਾਇਨਾਮਿਕ ਖੇਤੀ ਪੰਚਾਂਗ ਆਧਾਰਿਤ ਖੇਤੀ ਹੈ ਤੇ ਪੰਚਾਂਗ ਕਹਿੰਦਾ ਹੈ ਕਿ ਸਮੁੱਚੀ ਕਾਇਨਾਤ ਜਲ, ਵਾਯੂ, ਧਰਤੀ, ਅਗਨੀ ਅਤੇ ਆਕਾਸ਼ ਦੇ ਪ੍ਰਸਪਰ ਸੰਤੁਲਨ ਦੇ ਸਿਰ 'ਤੇ ਚਲਦੀ ਹੈ। ਜੇਕਰ ਇਹ ਸੰਤੁਲਨ ਵਿਗੜੇਗਾ ਤਾਂ ਉਸਦਾ ਸਮੁੱਚੀ ਕਾਇਨਾਤ 'ਤੇ ਗਹਿਰਾ ਅਸਰ ਪੈਂਦਾ ਹੈ। ਸੋ ਇਹੀ ਗੱਲ ਸਮੁੱਚੇ ਜੀਵ ਜਗਤ ਅਤੇ ਖੇਤੀ 'ਤੇ ਵੀ ਲਾਗੂ ਹੁੰਦੀ ਹੈ। ਹੋਰਨਾਂ ਗ੍ਰਹਾਂ ਵਾਂਗੂ ਸਾਡੀ ਧਰਤੀ ਵੀ ਬ੍ਰਹਿਮੰਡ ਦਾ ਹੀ ਇੱਕ ਹਿੱਸਾ ਹੈ। ਸਾਰੇ ਗ੍ਰਹਿ ਸਮੇਂ-ਸਮੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਇਸ ਲਈ ਗ੍ਰਹਿ ਚਾਲ ਦਾ ਧਰਤੀ 'ਤੇ ਅਸਰ ਆਉਣਾ ਲਾਜ਼ਮੀ ਹੈ। ਇਸ ਅਸਰ ਕਾਰਨ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ।
ਸਵਾਲ. ਪੰਚਾਂਗ ਅਨੁਸਾਰ ਅਜੋਕੀ ਖੇਤੀ ਬਾਰੇ ਕੀ ਕਹਿਣਾ ਚਾਹੋਗੇ ?
ਜਵਾਬ. ਅਜੋਕੀ ਖੇਤੀ ਸੂਰਜ ਦੀ ਗਤੀ/ਸਥਿਤੀ ਅਨੁਸਾਰ ਹੈ ਜਿਵੇਂ ਕਿ ਗਰਮੀ/ਵਰਖਾ ਰੱਤੇ ਸਾਉਣੀ ਅਤੇ ਸਰਦੀ ਰੁੱਤੇ ਹਾੜੀ। ਂਿÂਸ ਵਿੱਚ ਬਾਕੀ ਗ੍ਰਹਿਆਂ- ਚੰਦ, ਸ਼ਨੀ ਆਦਿ ਦੀ ਸਥਿਤੀ/ਗਤੀ ਦਾ ਕੋਈ ਧਿਆਨ ਹੀ ਨਹੀਂ ਰੱਖਿਆ ਜਾਂਦਾ। ਹਾਲਾਂਕਿ ਸਾਡੇ ਪੁਰਖੇ ਇਹ ਸਭ ਜਾਣਦੇ ਸਨ। ਜਦੋਂ ਉਹ ਨੇ•ਰ ਪੱਖ ਅਤੇ ਚਾਨਣ ਪੱਖ ਦੀ ਗੱਲ ਕਰਦੇ ਸਨ ਤਾਂ ਉਹਨਾਂ ਦਾ ਭਾਵ ਗ੍ਰਹਿਆਂ ਦੀ ਸਥਿਤੀ/ਗਤੀ ਤੋਂ ਹੀ ਹੁੰਦਾ ਸੀ। ਜੇ ਕਿਹਾ ਜਾਵੇ ਤਾਂ ਸਾਡੇ ਪੁਰਖੇ ਜਾਣੇ-ਅਨਜਾਣੇ ਪੰਚਾਂਗ ਆਧਾਰਿਤ ਖੇਤੀ ਹੀ ਕਰਦੇ ਸਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸੋ ਜੇਕਰ ਅਸੀਂ ਪੰਚਾਂਗ ਅਨੁਸਾਰ ਖੇਤੀ ਕਰੀਏ ਤਾਂ ਲਾਜ਼ਮੀ ਹੀ ਵਧੀਆਂ ਨਤੀਜ਼ੇ ਮਿਲਣਗੇ।
ਸਵਾਲ. ਬਾਇਉਡਾਇਨਾਮਿਕ ਫਾਰਮਿੰਗ ਵੱਲ ਕਿਵੇਂ ਆਉਣਾ ਹੋਇਆ?
ਜਵਾਬ . ਪੜ•ਦੇ ਸਮੇਂ ਬਜ਼ੁਰਗਾਂ ਨਾਲ ਖੇਤੀ 'ਚ ਹੱਥ ਵਟਾਉਂਦੇ-ਵਟਾਉਂਦੇ ਪੜ•ਾਈ ਪੂਰੀ ਹੋਣ ਉਪਰੰਤ 1981 ਵਿੱਚ ਮੈਂ ਖੇਤੀ ਨੂੰ ਕਿੱਤੇ ਵਜੋਂ ਅਪਣਾ ਲਿਆ। ਹਰੀ ਕਰਾਂਤੀ ਦੇ ਉਸ ਦੌਰ ਵਿੱਚ ਰਸਾਇਣਕ ਖੇਤੀ ਕਰਦਿਆਂ ਅਕਸਰ ਇਹ ਮਹਿਸੂਸ ਹੁੰਦਾ ਸੀ ਕਿ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਸਮੁੱਚੀ ਧਰਤੀ ਅਤੇ ਪੌਣ-ਪਾਣੀ ਨੂੰ ਪਲੀਤ ਕਰ ਰਹੀਆਂ ਹਨ। ਧਰਤੀ ਦੀ ਸਿਹਤ ਨਿਘਰਦੀ ਜਾ ਰਹੀ ਹੈ। ਇਸ ਸਭ ਦੇ ਮੱਦ-ਏ-ਨਜ਼ਰ ਮੈਂ ਖੇਤੀ ਦੇ ਕਿਸੇ ਅਜਿਹੇ ਢੰਗ ਬਾਰੇ ਜਾਣਕਾਰੀ ਜੁਟਾਉਣੀ ਸ਼ੁਰੂ ਕੀਤੀ ਜਿਹੜਾ ਕਿ ਰਸਾਇਣਿਕ ਖਾਦਾਂ ਅਤੇ ਜ਼ਹਿਰਾਂ ਤੋਂ ਮੁਕਤ ਹੋਵੇ। ਇਸੇ ਦੌਰਾਨ ਮੇਰੀ ਵਾਕਫ਼ੀਅਤ ਕਈ ਅਜਿਹੇ ਲੋਕਾਂ ਨਾਲ ਹੋਈ ਜਿਹੜੇ ਮੇਰੇ ਵਾਂਗੂੰ ਹੀ ਸੋਚਦੇ ਸਨ।
ਸੰਨ 2002 ਵਿੱਚ ਮੇਰਾ ਮਿਲਣਾ ਆਰਗੈਨਿਕ ਬੋਰਡ ਉਤਰਾਂਚਲ ਦੇ ਮੈਡਮ ਬਿਨੀਤਾ ਸ਼ਾਹ ਨਾਲ ਹੋਇਆ। ਉਹਨਾਂ ਨੇ ਮੈਨੂੰ ਬਾਇਉਡਾਇਨਾਮਿਕ ਫਾਰਮਿੰਗ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਅਕਤੂਬਰ 2004 ਵਿੱਚ ਆਰਗੈਨਿਕ ਬੋਰਡ ਉਤਰਾਂਚਲ ਨੇ ਬਾਇਉਡਾਇਨਾਮਿਕ ਫਾਰਮਿੰਗ ਦੀ ਟ੍ਰੇਨਿੰਗ ਲਾਈ। ਇਸ ਟ੍ਰੇਨਿੰਗ ਵਿੱਚ ਦੇਸ ਭਰ ਤੋਂ 33 ਲੋਕ ਸ਼ਾਮਿਲ ਹੋਏ। ਜਿਹਨਾਂ ਵਿੱਚੋਂ ਬਹੁਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਂਇੰਦੇ ਸਨ। ਟ੍ਰੇਨਿੰਗ 'ਚ ਮੈਂ ਜੋ ਵੀ ਸਿੱਖਿਆ ਉਸਨੂੰ ਆਉਂਦੇ ਸਾਰ ਖੇਤੀ ਵਿੱਚ ਲਾਗੂ ਕਰ ਦਿੱਤਾ ਅਰਥਾਤ ਇੱਕਦਮ ਸਾਰੀ ਖੇਤੀ ਬਾਇਉਡਾਇਨਾਮਿਕ ਫਾਰਮਿੰਗ ਹੇਠ ਲੈ ਆਂਦੀ।
ਸਵਾਲ. ਤੁਹਾਡੇ ਪਰਿਵਾਰ ਦਾ ਇਸ ਮਾਮਲੇ 'ਚ ਕੀ ਰੁਖ ਰਿਹਾ?
ਜਵਾਬ. ਪਰਿਵਾਰ ਦੀ ਪੂਰੀ ਸਹਿਮਤੀ ਮਿਲੀ ਪਰ ਹਾਂ ਇੰਨਾ ਜ਼ਰੂਰ ਸੀ ਕਿ ਮੇਰੀ ਪਤਨੀ ਦੀ ਇਹ ਰਾਇ ਸੀ ਕਿ ਪਹਿਲਾਂ ਥੋੜੀ ਜ਼ਮੀਨ ਤੋਂ ਸ਼ੁਰੂਆਤ ਕੀਤੀ ਜਾਵੇ।
ਸਵਾਲ. ਸ਼ੁਰੂਆਤੀ ਦੌਰ ਵਿੱਚ ਕੁੱਝ ਔਕੜਾਂ ਵੀ ਆਈਆਂ ਹੋਣਗੀਆਂ?
ਜਵਾਬ. ਲੇਬਰ ਦੀ ਸਮੱਸਿਆ ਹੀ ਸਭ ਤੋਂ ਵੱਡੀ ਔਕੜ ਸੀ ਅਤੇ ਹੈ ਪਰ ਇਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ। ਮੈਂ ਪੂਰਾ ਮਨ ਬਣਾ ਕੇ ਹੀ ਇਹ ਖੇਤੀ ਅਪਣਾਈ ਸੀ। ਸੋ ਕੋਈ ਔਕੜ, ਔਕੜ ਬਣ ਹੀ ਨਹੀਂ ਸਕੀ। ਸਭ ਤੋਂ ਵੱਡੀ ਗੱਲ ਇਹ ਕਿ ਔਕੜਾਂ ਉਦੋਂ ਹੀ ਪੇਸ਼ ਆਉਂਦੀਆਂ ਹਨ ਜਦੋਂ ਅਸੀਂ ਲਕੀਰ ਦੇ ਫ਼ਕੀਰ ਬਣ ਜਾਂਦੇ ਹਾਂ, ਪੈਕੇਜ਼ ਆਫ ਪ੍ਰੈਕਟਿਸਿਸ ਤੋਂ ਅਗਾਂਹ ਕੁੱਝ ਸੋਚਦੇ ਹੀ ਨਹੀਂ। ਸਫ਼ਲ ਜੈਵਿਕ ਖੇਤੀ ਕਰਨ ਲਈ ਆਪਣੇ ਅਨੁਭਵ ਤੋਂ ਲਗਾਤਾਰ ਸਿਖਦੇ ਰਹਿਣਾ ਜ਼ਰੂਰੀ ਹੈ। ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਖੇਤੀ ਦਾ ਕੋਈ ਵੀ ਸਿਸਟਮ ਕਿਤੇ ਵੀ ਜਿਵੇਂ ਦਾ ਤਿਵੇਂ ਲਾਗੂ ਨਹੀਂ ਕੀਤਾ ਜਾ ਸਕਦਾ। ਰਸਾਇਣਕ ਖੇਤੀ ਨੇ ਸਾਡੀ ਅਕਲ 'ਤੇ ਅਜਿਹਾ ਪਰਦਾ ਪਾ ਰੱਖਿਆ ਹੈ ਕਿ ਅਸੀਂ ਹਰੇ ਨੂੰ ਪੀਲਾ ਅਤੇ ਕਾਲੇ ਨੂੰ ਹਰਾ ਆਖਦੇ ਹਾਂ।
ਸਵਾਲ. ਇਸ ਖੇਤੀ ਵਿੱਚ ਤੁਹਾਡਾ ਹੁਣ ਤੱਕ ਦਾ ਅਨੁਭਵ ਕਿਵੇਂ ਦਾ ਰਿਹਾ ਹੈ?
ਜਵਾਬ. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੁਰੂ-ਸ਼ੁਰੂ ਵਿੱਚ ਕਣਕ ਦਾ ਝਾੜ ਕਾਫੀ ਘੱਟ ਰਿਹਾ। ਪਰ ਇਸ ਵਾਸਤੇ ਮੇਰੀ ਅਨੁਭਵਹੀਣਤਾ ਅਤੇ ਰਸਾਇਣਕ ਖੇਤੀ ਦੀ ਝੰਬੀ ਹੋਈ ਕਮਜ਼ੋਰ ਜ਼ਮੀਨ ਜ਼ਿਮੇਵਾਰ ਸੀ ਨਾ ਕਿ ਖੇਤੀ ਦਾ ਬਾਇਉਡਾਇਨਾਮਿਕ ਮਾਡਲ। ਸਮੇਂ ਦੇ ਨਾਲ-ਨਾਲ ਮੇਰਾ ਤਜ਼ਰਬਾ ਵਿਸ਼ਾਲ ਹੁੰਦਾ ਗਿਆ ਮੈਂ ਖੇਤੀ ਵਿੱਚ ਪਾਣੀ  ਦੀ ਸਹੀ ਭੂਮਿਕਾ ਨੂੰ ਸਮਝਿਆ ਅਤੇ ਉਚਿਤ ਸਿਜੰਈ ਪ੍ਰਬੰਧ ਵਿਉਂਤਿਆ। ਸਮੇਂ ਦੇ ਨਾਲ-ਨਾਲ ਝਾੜ ਪੱਖੋਂ ਮੈਨੂੰ ਤਸੱਲੀਬਖ਼ਸ਼ ਨਤੀਜੇ ਮਿਲਣੇ ਸ਼ੁਰੂ ਹੋ ਗਏ।
ਸਵਾਲ. ਜੈਵਿਕ ਖੇਤੀ ਵਿੱਚ ਨਦੀਨਾਂ ਨੂੰ ਇੱਕ ਵੱਡੀ ਸਮੱਸਿਆ ਵਜੋਂ ਦੇਖਿਆ ਜਾਂਦੈ, ਤੁਸੀਂ ਇਸ ਬਾਰੇ ਕੀ ਕਹੋਗੇ?
ਜਵਾਬ. ਦੇਖੋ ਜੀ ਨਦੀਨ ਧਰਤੀ ਦੇ ਸਕੇਂ ਧੀਆਂ ਪੁੱਤ ਨੇ ਅਤੇ ਬਹੁਤੇ ਨਦੀਨ ਖੇਤ ਵਿੱਚ ਫ਼ਸਲ ਨੂੰ ਆਈ ਕਿਸੇ ਨਾ ਕਿਸੇ ਕਮੀ (ਡੈਫੀਸੈਂਸੀ) ਨੂੰ ਹੀ ਦੂਰ ਕਰਨ ਲਈ ਉਗਦੇ ਹਨ ਜਿਵੇਂ ਕਿ ਸੇਂਜ, ਮੈਨਾ ਆਦਿ। ਫ਼ਸਲਾਂ ਵਿੱਚ ਤੱਤਾਂ ਆਦਿ ਸਬੰਧੀ ਕਮੀ ਕਮਜ਼ੋਰ ਭੂਮੀ ਕਾਰਨ ਆਉਂਦੀ ਹੈ। ਆਪਣੇ ਹੁਣ ਤੱਕ ਦੇ ਤਜ਼ਰਬੇ ਤੋਂ ਮੈਂ ਇਹ ਵੀ ਸਿੱਖਿਆ ਹੈ ਕਿ ਜਿਵੇਂ-ਜਿਵੇਂ ਜ਼ਮੀਨ ਦੀ ਸਿਹਤ ਸੁਧਰਦੀ ਹੈ ਤਿਵੇਂ-ਤਿਵੇਂ ਨਦੀਨ ਦਾ ਉਗਣੇ ਵੀ ਘਟ ਜਾਂਦਾ ਹੈ।
ਸਵਾਲ. ਲਗਪਗ 9 ਸਾਲਾਂ ਤੋਂ ਤੁਸੀਂ ਬਾਇਉਡਾਇਨਾਮਿਕ ਫਾਰਮਿੰਗ ਕਰ ਰਹੇ ਹੋ,  ਇਸਦਾ ਆਪਣੇ ਖੇਤ ਅਤੇ ਸਿਹਤ 'ਤੇ ਕੀ ਅਸਰ ਮਹਿਸੂਸ ਕਰਦੇ ਹੋ?
ਜਵਾਬ. ਖੇਤ ਪਹਿਲਾਂ ਦੇ ਮਕਾਬਲੇ ਵਧੇਰੇ ਜ਼ਾਨਦਾਰ ਅਤੇ ਉਪਜਾਊ ਹੋ ਗਏ ਹਨ। ਭੂਮੀ ਮਖਮਲ ਵਾਂਗੂ ਮੁਲਾਇਮ ਹੋ ਗਈ ਹੈ। ਮਿੱਟੀ ਵਿੱਚ 45 ਸਾਲ ਪਹਿਲਾਂ ਵਾਲੀ ਮਹਿਕ ਵਾਪਿਸ ਆ ਗਈ ਹੈ। ਇਹੀ ਮਹਿਕ ਸਾਡੀ ਖ਼ੁਰਾਕ ਵਿੱਚ ਪਰਤ ਆਈ ਹੈ। ਜਦੋਂ ਦੇ ਜ਼ਹਿਰ ਰਹਿਤ ਖਾਣਾ ਸ਼ੁਰੂ ਕੀਤਾ ਹੈ ਹਮੇਸ਼ਾ ਨੌ-ਬਰ-ਨੌ ਰਹੀਦੈ। ਜੇਕਰ ਇੱਕ ਦਿਨ ਵੀ ਬਾਹਰ ਦਾ ਖਾ ਲਈਏ ਤਾਂ ਅਗਲੇ ਤਿੰਨ ਦਿਨ ਸ਼ਰੀਰ, ਮਨ ਤੇ ਆਤਮਾ ਦੁਖੀ ਰਹਿੰਦੇ ਨੇ।
ਸਵਾਲ. ਬਾਇਉਡਾਇਨਮਿਕ ਫਾਰਮਿੰਗ ਸਦਕਾ ਤੁਹਾਡੇ ਖੇਤ ਵਿਚ ਬਾਇਉਡਾਇਵਰਸਿਟੀ ਵਿੱਚ ਹੋਇਆ ਵਾਧਾ ਸਾਫ ਨਜ਼ਰ ਆਉਂਦਾ ਹੈ, ਇਸ ਬਾਰੇ ਕੀ ਕਹਿਣਾ ਚਾਹੋਗ?
ਜਵਾਬ. ਜੀ ਹਾਂ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਮੇਰੇ ਖੇਤ ਵਿੱਚ ਹਰ ਤਰ•ਾਂ ਦੀ ਜੈਵਿਕ ਵਿਭਿੰਨਤਾ ਵਾਪਸ ਆਈ ਹੈ। ਫਿਰ ਚਾਹੇ ਇਹ ਰੁੱਖਾਂ-ਬੂਟਿਆਂ, ਜੜ•ੀ-ਬੂਟੀਆਂ ਦੀ ਸੂਰਤ ਵਿੱਚ ਹੋਵੇ, ਰੰਗ-ਬਿਰੰਗੇ ਭਾਂਤ-ਸੁਭਾਂਤੇ ਪੰਛੀਆਂ ਦੀ ਸੂਰਤ ਵਿੱਚ ਹੋਵੇ, ਅਨੇਕਾਂ ਪ੍ਰਕਾਰ ਦੇ ਰੀਂਗਣ ਵਾਲੇ ਤੇ ਚੌਪਾਇਆਂ ਦੀ ਸੂਰਤ ਵਿੱਚ ਹੋਵੇ ਅਤੇ ਚਾਹੇ ਫਿਰ ਅਨੇਕਾਂ ਹੀ ਪ੍ਰਕਾਰ ਦੀਆਂ ਭਾਂਤ-ਸੁਭਾਂਤੀਆਂ ਉੱਲੀਆਂ ਦੀ ਸ਼ਕਲ ਵਿੱਚ ਹੋਵੇ ਬਾਇਉਡਾਇਵਰਸਿਟੀ ਤਾਂ ਸਾਡੇ ਖੇਤ ਪੂਰੀ ਧੂਮ-ਧਾਮ ਨਾਲ ਵਾਪਸ ਆਈ ਹੈ। ਇਹ ਸਭ ਦੇਖ ਕੇ ਮਨ ਨੂੰ ਬਹੁਤ ਆਨੰਦ ਅਤੇ ਸਕੂਨ ਮਿਲਦਾ ਹੈ। ਰੂਹ ਖਿੜੀ-ਖਿੜੀ ਰਹਿੰਦੀ ਹੈ।
ਸਵਾਲ. ਫਿਰ ਤਾਂ ਹਰ ਵੇਲੇ ਪੰਛੀਆਂ ਦਾ ਇੰਤਜ਼ਾਰ ਰਹਿੰਦਾ ਹੋਵੇਗਾ?
ਜਵਾਬ. ਜੀ ਬਿਲਕੁੱਲ ਪਰ ਪਰਿੰਦਿਆਂ ਦੇ ਨਾਲ-ਨਾਲ ਬ•ੀਆਂ ਦੀ ਵੀ ਉਡੀਕ ਰਹਿੰਦੀ ਹੈ.. . ਹਾ ਹਾ ਹਾ ਹਾ। ਪਰਿੰਦੇ ਤਾਂ ਆਏ ਹੀ ਰਹਿੰਦੇ ਨੇ ਪਰ ਬ•ੀਏ ….. .ਲੇਬਰ ਦੀ ਸਮੱਸਿਆ ਵੱਡੀ ਹੈ।
ਸਵਾਲ. ਕੁਦਰਤੀ ਅਤੇ ਬਾਇਉਡਾਇਨਾਮਿਕ ਖੇਤੀ ਵਿੱਚ ਕੀ ਸਮਾਨਤਾ ਹੈ?
ਜਵਾਬ. ਦੋਹੇਂ ਗਊ ਕੇਂਦਰਤ ਹਨ, ਦੋਹਾਂ ਵਿੱਚ ਇਹ ਹੀ ਸਭ ਤੋਂ ਵੱਡੀ ਸਮਾਨਤਾ ਹੈ।
ਸਵਾਲ . ਦੇਸ ਭਰ ਵਿੱਚ ਜੈਵਿਕ ਖੇਤੀ ਦੇ ਅਲਗ-ਅਲਗ ਮਾਡਲ ਪ੍ਰਚੱਲਿਤ ਹਨ , ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ. ਕੁੱਝ ਖਾਸ ਨਹੀਂ ਪਰ ਹਾਂ ਸਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਖੇਤੀ ਦਾ ਹਰੇਕ ਉਹ ਮਾਡਲ ਚੰਗਾ ਹੈ ਜਿਹੜਾ ਰਸਾਇਣਕ ਖਾਦਾਂ ਅਤੇ ਕੀੜੇ ਮਾਰ ਅਤੇ ਨਦੀਨ ਨਾਸ਼ਕ ਜ਼ਹਿਰਾਂ ਤੋਂ ਮੁਕਤੀ ਦਾ ਰਾਹ ਦਿਖਾਉਂਦਾ ਹੈ।  ਸਾਨੂੰ ਸਿਰਫ ਇੰਨਾਂ ਪਤਾ ਹੋਣਾ ਚਾਹੀਦਾ ਹੈ ਕਿ ਲਕੀਰ ਦੇ ਇਸ ਪਾਰ ਜੈਵਿਕ ਖੇਤੀ ਹੈ ਅਤੇ ਉਸ ਪਾਰ ਰਸਾਇਣਿਕ। ਇਸ ਲਈ ਸਰਬਤ ਦੇ ਭਲੇ ਦੇ ਹਿੱਤ ਸਾਨੂੰ ਆਪਸੀ ਵਾਦ-ਵਿਵਾਦ ਤੋਂ ਬਚਦੇ ਹੋਏ  ਦੇਸ਼ ਭਰ ਵਿੱਚ ਚੱਲ ਰਹੀ ਜੈਵਿਕ ਖੇਤੀ ਲਹਿਰ ਨੂੰ ਮਜ਼ਬੂਤੀ ਪ੍ਰਦਾਨ ਕਰਨੀ ਚਾਹੀਦੀ ਹੈ।
ਸਵਾਲ. ਆਮ ਕਿਸਾਨਾਂ ਨੂੰ ਕੀ ਸੁਨੇਹਾਂ ਦੇਣਾ ਚਾਹੋਗੇ?
ਜਵਾਬ. ਇਹ ਖੇਤੀ ਆਮ ਕਿਸਾਨਾਂ ਲਈ ਕਦੇ ਵੀ ਨਹੀਂ ਹੈ। ਜਿਸਨੇ ਵੀ ਜੈਵਿਕ/ਕੁਦਰਤੀ/ਬਾਇਉਡਾਇਨਾਮਿਕ ਖੇਤੀ ਕਰਨੀ ਹੈ ਉਸਨੂੰ ਖਾਸ ਬਣਨਾ ਪਵੇਗਾ। ਇਹ ਖੇਤੀ ਰੂਹ ਦੀ ਖੇਤੀ ਹੈ, ਰੂਹਦਾਰ ਲੋਕਾਂ ਲਈ ਹੈ। ਸੋ ਜਿਸਨੇ ਵੀ ਇਹ ਖੇਤੀ ਕਰਨੀ ਹੈ ਉਸਨੂੰ ਰੂਹਦਾਰ ਬਣਨਾ ਹੀ ਪਵੇਗਾ।

ਸਰਗਰਮੀਆਂ

ਪੂਰਾ ਦੇਸ਼ ਕੁਦਰਤੀ ਖੇਤੀ ਦੇ ਸਫ਼ਲ ਮਾਡਲ ਲਈ ਪੰਜਾਬ ਵੱਲ ਦੇਖ ਰਿਹੈ: ਡਾ. ਰੁਪੇਲਾ
ਕੁਦਰਤੀ ਖੇਤੀ ਤਹਿਤ ਵੱਖ-ਵੱਖ ਫ਼ਸਲਾਂ ਖਾਸਕਰ ਕਣਕ ਤੋਂ ਵਧੇਰੇ ਉਤਪਾਦਨ ਲੈਣ ਲਈ ਪ੍ਰਯੋਗਾਂ ਦੀ ਵਿਉਂਤਬੰਦੀ ਲਈ ਕਿਸਾਨਾਂ ਨਾਲ ਮੀਟਿੰਗ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਬੀਤੀ 3 ਅਪ੍ਰੈਲ ਨੂੰ ਉਘੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਇੰਦਰਜੀਤ ਸਿੰਘ ਹੁਣਾਂ ਦੇ ਪਿੰਡ ਸਹੋਲੀ ਜ਼ਿਲ•ਾ ਪਟਿਆਲਾ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸੰਸਾਰ ਪ੍ਰਸਿੱਧ ਕੁਦਰਤੀ ਖੇਤੀ ਵਿਗਿਆਨੀ ਅਤੇ ਇਕਰੀਸੈਟ, ਹੈਦਰਾਬਾਦ ਦੇ ਸਾਬਕਾ ਪ੍ਰਧਾਨ ਵਿਗਿਆਨਕ ਡਾ. ਓਮ ਪ੍ਰਕਾਸ਼ ਰੁਪੇਲਾ ਹੁਣਾਂ ਕੀਤੀ। ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਨੇ ਮੀਟਿੰਗ ਦਾ ਸੰਚਾਲਨ ਕੀਤਾ। ਜ਼ਿਕਰਯੋਗ ਹੈ ਕਿ ਇਹ ਇਸ ਲੜੀ ਵਿੱਚ ਤੀਜੀ ਮੀਟਿੰਗ ਸੀ। ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ 'ਚੋਂ 40 ਦੇ ਕਰੀਬ ਪ੍ਰਯੋਗਸ਼ੀਲ ਕੁਦਰਤੀ ਖੇਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦਾ ਸਮੁੱਚਾ ਪ੍ਰਬੰਧ ਸ਼੍ਰੀ ਇੰਦਰਜੀਤ ਸਿੰਘ ਸਹੋਲੀ ਅਤੇ ਸਾਥੀਆਂ ਵੱਲੋਂ ਕੀਤਾ ਗਿਆ ਸੀ।
ਮੀਟਿੰਗ ਵਿੱਚ ਜਿੱਥੇ ਇਸ ਤੋਂ ਪਹਿਲੀਆਂ ਦੋ ਮੀਟਿੰਗਾਂ ਵਿੱਚ ਹੋਏ ਵਿਚਾਰ-ਵਟਾਂਦਰੇ ਅਤੇ ਲਏ ਗਏ ਨਿਰਣਿਆਂ ਦੀ ਪੜ•ਚੋਲ ਕੀਤੀ ਗਈ ਉੱਥੇ ਹੀ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰਯੋਗਾਂ ਨੂੰ ਅੰਤਿਮ ਰੂਪ ਦੇਣ ਲਈ ਜੰਮ ਕੇ ਵਿਚਾਰ ਵਟਾਂਦਰਾ ਵੀ ਹੋਇਆ। ਮੀਟਿੰਗ ਦੌਰਾਨ ਡਾ. ਰੁਪੇਲਾ ਦੁਆਰਾ ਸਭ ਦੀ ਸਲਾਹ ਨਾਲ ਤਿਆਰ ਕੀਤੇ ਗਏ ਪ੍ਰਯੋਗ ਮੈਨੂਅਲ ਨੂੰ ਪੜਿ•ਆ ਗਿਆ ਅਤੇ ਉਸ ਨੂੰ ਹੋਰ ਬੇਹਤਰ ਬਣਾਉਣ ਲਈ ਸਭ ਦੇ ਕੀਮਤੀ ਸੁਝਾਅ ਵੀ ਲਏ ਗਏ।
ਮੀਟਿੰਗ ਵਿੱਚ ਆਏ ਹੋਏ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਰੁਪੇਲਾ ਨੇ ਕਿਹਾ ਕਿ ਪੂਰਾ ਦੇਸ਼ ਕੁਦਰਤੀ ਖੇਤੀ ਦੇ ਸਫ਼ਲ ਮਾਡਲ ਲਈ ਪੰਜਾਬ ਵੱਲ ਦੇਖ ਰਿਹਾ ਹੈ। ਇਸ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਪ੍ਰਯੋਗਸ਼ੀਲ ਮਾਨਸਿਕਤਾ, ਮਿਹਨਤ ਅਤੇ ਲਗਨ ਦੇ ਬਲਬੂਤੇ ਰਸਾਇਣਕ ਖੇਤੀ ਸਤਾਏ ਦੇਸ਼ ਦੇ ਸਮੂਹ ਕਿਸਾਨ ਵੀਰਾਂ ਨੂੰ ਖੇਤੀ ਰਸਾਇਣਕ ਖਾਦਾਂ ਅਤੇ ਜ਼ਹਿਰ ਮੁਕਤ ਕੁਦਰਤੀ ਮਾਡਲ ਦੇਈਏ। ਇਹੀ ਕਾਰਨ ਹੈ ਕਿ ਅਸੀਂ ਪਿਛਲੇ 6 ਮਹੀਨਿਆਂ ਤੋਂ ਇਸ ਕਵਾਇਦ ਵਿੱਚ ਲੱਗੇ ਹੋਏ ਹਾਂ।
ਉਹਨਾਂ ਮੀਟਿੰਗ ਵਿੱਚ ਸ਼ਾਮਿਲ ਕਿਸਾਨਾਂ ਨਾਲ ਕੁਦਰਤੀ ਖੇਤੀ ਤਹਿਤ ਫ਼ਸਲਾਂ ਦਾ ਝਾੜ ਵਧਾਉਣ ਲਈ ਖੜੀ ਫ਼ਸਲ ਵਿੱਚ ਛਿੱਟੇ ਨਾਲ ਔਰੋਗਰੀਨ ਫ਼ਸਲਾਂ ਬੀਜਣ ਅਤੇ ਕਣਕ ਤੇ ਝੋਨੇ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਵਾਪਸ ਖੇਤ ਮਲਚਿੰਗ ਦੇ ਤੌਰ 'ਤੇ ਵਰਤਣ ਦੇ ਤਰੀਕੇ ਸਾਂਝੇ ਕੀਤੇ। ਇਸਦੇ ਨਾਲ ਹੀ ਮੀਟਿੰਗ ਵਿੱਚ ਇਹ ਫ਼ੈਸਲਾ ਵੀ ਲਿਆ ਗਿਆ ਸਾਰੇ ਪ੍ਰਯੌਗਸ਼ੀਲ ਕਿਸਾਨ ਆਪਣੀ ਇੱਕ-ਇੱਕ ਏਕੜ ਜ਼ਮੀਨ ਨੂੰ ਤਿੰਨ ਪਲਾਟਾਂ ਵਿੱਚ ਵੰਡ ਕੇ ਤੈਅਸ਼ੁਦਾ ਪ੍ਰਯੋਗਾਂ ਅਨੂਸਾਰ ਝੋਨਾ, ਨਰਮਾ, ਗੁਆਰਾ, ਜਵਾਰ ਆਦਿ ਫ਼ਸਲਾਂ ਦੀ ਬਿਜਾਈ ਕਰਨਗੇ। ਹਰੇਕ ਫ਼ਸਲ ਵਿੱਚ ਅੰਤਰ ਫ਼ਸਲ ਵਜੋਂ ਦੋ ਦਲੀਆਂ (ਭੂਮੀ ਵਿੱਚ ਨਾਈਟਰੋਜ਼ਨ ਜਮ•ਾ) ਕਰਨ ਵਾਲੀਆਂ ਫ਼ਸਲਾਂ ਲਾਜ਼ਮੀ ਬੀਜੀਆਂ ਜਾਣਗੀਆਂ। ਪਾਣੀ ਲੋੜ ਅਨੁਸਾਰ ਪਰੰਤੂ ਪਤਲਾ ਦਿੱਤਾ ਜਾਵੇਗਾ। ਫ਼ਸਲ ਵਿਚਲੇ ਵਾਧੂ ਪਾਣੀ ਨੂੰ ਖੇਤੋਂ ਬਾਹਰ ਕੱਢਣ ਦਾ ਉੱਚਿਤ ਬੰਦੋਬਸਤ ਕੀਤਾ ਜਾਵੇਗਾ। ਫ਼ਸਲ ਬੀਜਦੇ ਸਮੇਂ ਸਿਸਟਮ ਆਫ ਰੂਟ ਇੰਟੈਂਸੀਫਿਕੇਸ਼ਨ ਦੇ ਹਰ ਸੰਭਵ ਤਰੀਕੇ ਖੇਤ ਵਿੱਚ ਲਾਗੂ ਕੀਤੇ ਜਾਣਗੇ ਅਰਥਾਤ ਹਰੇਕ ਫ਼ਸਲ ਵਿੱਚ ਸਿਆੜ ਤੋਂ ਸਿਆੜ ਅਤੇ ਪੌਦੇ ਤੋਂ ਪੌਦੇ ਵਿੱਚ ਭਰਪੂਰ ਫਾਸਲਾ ਰੱਖਿਆ ਜਾਵੇਗਾ। ਤਾਂ ਕਿ ਫ਼ਸਲ ਪੂਰੀ ਆਜ਼ਾਦੀ ਅਤੇ ਵੇਗ ਨਾਲ ਵਧ-ਫੁੱਲ ਸਕੇ।
ਇਸ ਮੌਕੇ ਸ਼੍ਰੀ ਇੰਦਰਜੀਤ ਸਿੰਘ ਸਹੋਲੀ ਹੁਣਾਂ ਖੁਦ ਵੱਲੋਂ ਤਿਆਰ ਕੀਤੇ ਗਏ ਗਾਰਬੇਜ਼ ਐਨਜਾਈਮ ਬਾਰੇ ਵੱਡਮੁੱਲੀ ਜਾਣਕਾਰੀ ਵੀ ਦਿੱਤੀ ਗਈ। ਅੰਤ ਸ੍ਰੀ ਸਹੋਲੀ ਨੇ ਆਏ ਹੋਏ ਕਿਸਾਨ ਵੀਰਾਂ ਅਤੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਰੁਪੇਲਾ ਦੀ ਅਗਵਾਈ ਵਿੱਚ ਤਿੰੰਨ ਸਾਲ ਚੱਲਣ ਵਾਲੇ ਇਹ ਪ੍ਰਯੋਗ ਯਕੀਨਨ ਹੀ ਪੰਜਾਬ ਵਿੱਚ ਕੁਦਰਤੀ ਖੇਤੀ ਨੂੰ ਨਵੀਂ ਦਿਸ਼ਾ ਦੇਣਗੇ। 

ਭੈਣੀ ਮੀਆਂ ਖਾਨ ਵਿਖੇ ਹੋਇਆ ਇੱਕ ਰੋਜ਼ਾ ਕੁਦਰਤੀ ਖੇਤੀ ਸੈਮੀਨਾਰ
ਬੀਤੇ ਮਹੀਨੇ 8 ਅਪ੍ਰੈਲ ਨੂੰ ਖੇਤੀ ਵਿਰਾਸਤ ਮਿਸ਼ਨ ਵੱਲੋਂ ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਨ ਵਿਖੇ ਕੁਦਰਤੀ ਖੇਤੀ 'ਤੇ ਵਿਸ਼ੇਸ਼ ਸੈਮੀਨਾਰ ਆਯੋਜਤ ਕੀਤਾ ਗਿਆ। ਸਮਾਜ ਸੰਘਰਸ਼ ਸਭਾ ਦੀ ਅਗਵਾਈ ਵਿੱਚ ਆਯੋਜਿਤ ਇਸ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਸ਼੍ਰੀ ਵਰਿੰਦਰਜੀਤ ਸਿੰਘ ਹੁਣਾਂ ਦੱਸਿਆ ਕਿ ਸੈਮੀਨਾਰ ਵਿੱਚ ਜ਼ਿਲ•ੇ ਭਰ ਤੋਂ ਡੇਢ ਸੌ ਦੇ ਕਰੀਬ ਆਮ ਲੋਕਾਂ, ਦੁਕਾਨਦਾਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਘਰੇਲੂ ਔਰਤਾਂ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਅਮਰ ਸਿੰਘ ਆਜ਼ਾਦ , ਮੀਤ ਪ੍ਰਧਾਨ ਮਾਸਟਰ ਮਦਨ ਲਾਲ , ਜੱਥੇਬੰਦਕ ਸਕੱਤਰ ਬਲਵਿੰਦਰ ਸਿੰਘ ਜੈ ਸਿੰਘ ਵਾਲਾ  ਅਤੇ ਡਾ. ਸਨੀ ਸੰਧੂ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਮੌਕੇ ਡਾ. ਆਜ਼ਾਦ ਨੇ ਆਏ ਹੋਏ ਸੱਜਣਾਂ ਨੂੰ ਅਜੋਕੀ ਰਸਾਇਣਿਕ ਖੇਤੀ ਅਤੇ ਜੈਨੇਟੀਕਲੀ ਮੋਡੀਫਾਈਡ (ਬੀਟੀ ਫ਼ਸਲਾਂ) ਦੇ ਮਨੁੱਖੀ ਸਿਹਤ, ਕੁਦਰਤ ਅਤੇ ਵਾਤਾਵਰਣ ਉੱਤੇ ਪੈਣ ਵਾਲੇ ਖ਼ਤਰਨਾਕ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਕੁਦਰਤੀ ਖੇਤੀ ਦੀ ਲੋੜ ਅਤੇ ਮਹੱਤਵ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ।
ਇਸ ਮੌਕੇ ਮਿਸ਼ਨ ਦੀ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁਪ ਦੇ ਕੁਆਰਡੀਨੇਟਰ ਡਾ. ਸਨੀ ਸੰਧੂ ਨੇ ਹਵਾ, ਪਾਣੀ, ਮਿੱਟੀ ਅਤੇ ਪਲੀਤੀ ਹੋਈ ਖ਼ੁਰਾਕ ਕਾਰਨ ਹੋ ਰਹੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਆਪਣੀ ਗੱਲ ਰੱਖੀ ਅਤੇ ਲੋਕਾਂ ਨੂੰ ਕੁਦਰਤੀ ਖੇਤੀ ਵੱਲ ਪਰਤਣ ਦਾ ਸੱਦਾ ਦਿੱਤਾ।
ਉਪਰੰਤ ਮਾਸਟਰ ਮਦਨ ਲਾਲ ਹੁਣਾਂ ਆਏ ਹੋਏ ਸੱਜਣਾਂ ਨਾਲ ਕੁਦਰਤੀ ਖੇਤੀ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਰਸਾਇਣਿਕ ਖੇਤੀ ਕਿਸੇ ਵੀ ਪੱਖੋਂ ਟਿਕਾਊ, ਲਾਹੇਵੰਦ ਅਤੇ ਸੁਰੱਖਿਅਤ ਨਹੀਂ ਹੈ। ਸੋ ਸਮੂਹ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਕੁਦਰਤੀ ਖੇਤੀ ਵੱਲ ਮੋੜਾ ਪਾਉਣ। ਕਿਉਂਕਿ ਕੁਦਰਤੀ ਖੇਤੀ ਹੀ ਭਵਿੱਖ ਦੀ ਖੇਤੀ ਹੈ।
ਇਸ ਮੌਕੇ ਬਲਵਿੰਦਰ ਸਿੰਘ ਜੈ ਸਿੰਘ ਵਾਲਾ ਨੇ ਸੈਮੀਨਾਰ ਵਿੱਚ ਆਏ ਹੋਏ ਲੋਕਾਂ ਨੂੰ ਦੇਸ਼ ਭਰ ਵਿੱਚ ਉੱਠ ਰਹੀ ਕੁਦਰਤੀ ਖੇਤੀ ਲਹਿਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਅਨੇਕਾਂ ਰਾਜਾਂ ਵਿੱਚ ਰਸਾਇਣਿਕ ਖੇਤੀ ਦੇ ਝੰਬੇ ਕਿਸਾਨ ਕੁਦਰਤੀ ਖੇਤੀ ਅਪਣਾ ਰਹੇ ਹਨ। ਆਂਧਰਾ ਪ੍ਰਦੇਸ਼ ਵਿੱਚ ਟਿਕਾਊ ਖੇਤੀ ਕੇਂਦਰ, ਹੈਦਰਾਬਾਦ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ ਦੁਆਰਾ35 ਲੱਖ ਏਕੜ 'ਚ ਜ਼ਹਿਰ ਮੁਕਤ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ।
ਸੈਮੀਨਾਰ ਵਿੱਚ ਡਾ. ਲਖਵਿੰਦਰ ਸਿੰਘ ਭੈਣੀ ਮੀਆਂ ਖਾਨ, ਡਾ. ਰਵਿੰਦਰ ਸਿੰਘ ਏ. ਡੀ. ਓ. ਨਾਨੋਵਾਲ ਜੀਂਦੜ, ਮਨਜੀਤ ਸਿੰਘ ਨੈਣੇਕੋਟ, ਚਰਨਜੀਤ ਸਿੰਘ ਰਿਆੜ, ਗੁਰਚਰਨ ਸਿੰਘ  ਗੋਰਸੀਆਂ, ਲਖਬੀਰ ਸਿੰਘ ਹਾਰਨੀਆ, ਕਰਨੈਲ ਸਿੰਘ ਰਾਜੂ ਬੇਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸੈਮੀਨਾਰ ਦਾ ਸਮੁੱਚਾ ਪ੍ਰਬੰਧ ਕੇ. ਐਸ. ਜਾਗੋਵਾਲ, ਵਰਿੰਦਰਜੀਤ ਸਿੰਘ ਜਾਗੋਵਾਲ, ਡਾ. ਸਤੀਸ਼ ਆਜ਼ਾਦ, ਜਸਬੀਰ ਸਿੰਘ ਫੇਰੋਚੇਚੀ, ਮਨਜੀਤ ਸਿੰਘ ਰਿਆੜ, ਜਤਿੰਦਰ ਸਿੰਘ ਯੂ ਕੇ, ਕੁਲਵੰਤ ਸਿੰਘ ਫੇਰੋਚੇਚੀ, ਜਰਨੈਲ ਸਿੰਘ ਲਾਧੂਪੁਰ ਅਤੇ ਮਾ. ਜਸਵਿੰਦਰ ਸਿੰਘ ਕੀੜੀ ਹੁਣੇ ਨੇ ਕੀਤਾ।  
ਬਮਾਲ ਵਿਖੇ ਹੋਈ ਕੁਦਰਤੀ ਖੇਤੀ ਕਾਰਜਸ਼ਾਲਾ
ਬੀਤੀ 18 ਮਾਰਚ ਨੂੰ ਖੇਤੀ ਵਿਰਾਸਤ ਮਿਸ਼ਨ ਵੱਲੋਂ ਸ਼੍ਰੀ ਗੁਰਦਿਆਲ ਸਿੰਘ ਸੀਤਲ ਅਤੇ ਮਾਸ਼ਟਰ ਮਿਸ਼ਰਾ ਸਿੰਘ ਦੇ ਸੱਦੇ 'ਤੇ ਬਰਨਾਲੇ ਜ਼ਿਲ•ੇ ਦੇ ਪਿੰਡ ਬਮਾਲ ਵਿਖੇ ਕੁਦਰਤੀ ਖੇਤੀ ਕਾਰਜਸ਼ਾਲਾ ਲਾਈ ਗਈ। ਕਾਰਜਸ਼ਾਲਾ ਵਿੱਚ ਮਿਸ਼ਨ ਵੱਲੋਂ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜ•ੀਖਾਨਾ, ਪਿੰਡ ਚੈਨਾ ਦੇ ਉੱਘੇ ਕੁਦਰਤੀ ਖੇਤੀ ਕਿਸਾਨ ਗੋਰਾ ਸਿੰਘ ਅਤੇ ਮਿਸ਼ਨ ਦੇ ਰੰਗਰੂਟ ਜਗਜੀਤ ਸਿੰਘ ਨੇ ਸ਼ਿਰਕਤ ਕੀਤੀ।
ਪਿੰਡ ਦੇ ਹਾਈ ਸਕੂਲ ਵਿੱਚ ਲਾਈ ਗਈ ਇਸ ਕਾਰਜਸ਼ਾਲਾ ਵਿੱਚ ਪਿੰਡ ਦੇ ਜਾਗਰੂਕ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸਕੂਲ ਦੇ ਹੈਡ ਮਾਸਟਰ  ਸ਼੍ਰੀ ਮੁਖਤਿਆਰ ਸਿੰਘ ਨੇ ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਕੁਦਰਤੀ ਖੇਤੀ ਦੇ ਮਹੱਤਵ ਅਤੇ ਇਸ ਦੀ ਲੋੜ 'ਤੇ ਚਾਨਣਾ  ਪਾਇਆ।
ਇਸ ਮੌਕੇ ਸ਼੍ਰੀ ਗੁਰਦਿਆਲ ਸਿੰਘ ਸ਼ੀਤਲ ਨੇ ਵੀ ਕਿਸਾਨ ਵੀਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਆਏ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਖੇਤੀ ਨੂੰ ਬਹੁਕੌਮੀ ਕੰਪਨੀਆਂ ਅਤੇ ਉਹਨਾਂ ਦੀਆਂ ਹਥਠੋਕਾ ਸਰਕਾਰਾਂ ਤੋਂ ਗੰਭੀਰ ਖ਼ਤਰਾ ਹੈ।
ਇਸ ਮੌਕੇ ਗੁਰਪ੍ਰੀਤ ਦਬੜ•ੀਖਾਨਾ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵਿਗਿਆਨ ਨਾਲ ਜਾਣੂ ਕਰਵਾਇਆ ਅਤੇ ਆਏ ਹੋਏ ਕਿਸਾਨਾਂ ਨੂੰ ਕੁਦਰਤੀ ਖੇਤੀ ਤਕਨੀਕਾਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਭੂਮੀ ਦੀ ਸਿਹਤ ਸੰਭਾਲਣ ਲਈ ਉਚੇਚੇ ਯਤਨ ਕਰਨ ਦੀ ਅਪੀਲ ਕਰਦਿਆਂ ਉਹਨਾਂ ਨਾਲ ਇਸ ਸਬੰਧੀ ਕਈ ਢੰਗ-ਤਰੀਕੇ ਵੀ ਸਾਂਝੇ ਕੀਤੇ।
ਇਸ ਮੌਕੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਗੋਰਾ ਸਿੰਘ ਨੇ ਕਿਸਾਨਾਂ ਨਾਲ ਕੁਦਰਤੀ ਖੇਤੀ ਸਬੰਧੀ ਆਪਣਾ ਹੁਣ ਤੱਕ ਦਾ ਤਜ਼ਰਬਾ ਸਾਂਝਾ ਕੀਤਾ। ਉਹਨਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਫ਼ਾਇਦੇ ਗਿਣਾਉਂਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੇ ਖੇਤੀ ਵਿੱਚ ਬਣੇ ਰਹਿਣਾ ਹੈ ਤਾਂ ਉਹਨਾਂ ਲਈ ਜ਼ਰੂਰੀ ਹੈ ਕਿ ਛੇਤੀ ਤੋਂ ਛੇਤੀ ਕੁਦਰਤੀ ਖੇਤੀ ਦੇ ਲੜ ਲੱਗਣ।
ਇਸ ਮੌਕੇ  ਮਿਸ਼ਨ ਦੇ ਸਾਹਿਤ ਦੀ ਸਟਾਲ ਅਤੇ ਫ਼ਸਲੀ ਕੀਟਾਂ ਦੀ ਪਛਾਣ ਸਬੰਧੀ ਪ੍ਰਦਰਸ਼ਨੀ ਵੀ ਲਾਈ ਗਈ। ਜਿਹਨਾਂ ਵਿੱਚ ਕਿ ਕਿਸਾਨਾਂ ਦਾ ਭਰਪੂਰ ਰੁਚੀ ਲਈ।
ਅੰਤ ਵਿੱਚ ਕਾਰਜਸ਼ਾਲਾ ਦੇ ਪ੍ਰਬੰਧਕ ਮਾਸਟਰ ਮਿਸ਼ਰਾ ਸਿੰਘ ਨੇ ਆਏ ਹੋ ਕਿਸਾਨ ਵੀਰਾਂ ਅਤੇ ਮਿਸ਼ਨ ਦੇ ਕਾਰਕੁੰਨਾਂ ਦਾ ਧੰਨਵਾਦ ਕਰਦਿਆਂ ਕਿਸਾਨਾਂ ਵੀਰਾਂ ਨੂੰ ਕੁਦਰਤੀ ਖੇਤੀ ਕਰਨ ਦੀ ਅਪੀਲ ਕੀਤੀ।
ਗੁਰੁਦੁਆਰਾ ਟਾਹਲੀ ਸਾਹਿਬ, ਗਾਲ•ੜੀ ਵਿਖੇ ਲੱਗਿਆ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ
ਬੀਤੀ 6 ਅਪ੍ਰੈਲ ਨੂੰ ਗੁਰਦਾਸਪੁਰ ਜ਼ਿਲ•ੇ ਦੇ ਪਿੰਡ ਗਾਲ•ੜੀ ਵਿਖੇ ਸਥਾਨਕ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਦੁਆਰਾ ਟਾਹਲੀ ਸਾਹਿਬ ਵਿਖੇ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਖੇਤੀ ਵਿਰਾਸਤ ਮਿਸ਼ਨ ਤੋਂ ਗੁਰਪ੍ਰੀਤ ਦਬੜ•ੀਖਾਨਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਇਸ ਟ੍ਰੇਨਿੰਗ ਕੈਂਪ ਦੇ ਆਯੋਜਨ ਵਿੱਚ ਮਿਸ਼ਨ ਦੇ ਕਾਰਕੁੰਨ ਕੁਲਜੀਤ ਸਿੰਘ ਕਠਿਆਲੀ ਅਤੇ ਕਾਮਰੇਡ ਬਖ਼ਸ਼ੀਸ਼ ਸਿੰਘ ਨੇ ਅਹਿਮ ਯੋਗਦਾਨ ਪਾਇਆ। ਕੈਂਪ ਵਿੱਚ ਕੁਦਰਤੀ ਖੇਤੀ ਸਿੱਖਣ ਦੇ ਚਾਹਵਾਨ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਮੌਕੇ ਗੁਰਪ੍ਰੀਤ ਦਬੜ•ੀਖਾਨਾ ਨੇ ਆਏ ਹੋਏ ਕਿਸਾਨ ਵੀਰਾਂ ਨੂੰ ਵਿਸਥਾਰ ਨਾਲ ਕੁਦਰਤੀ ਖੇਤੀ ਵਿਗਿਆਨ ਅਤੇ ਤਕਨੀਕਾਂ ਤੋਂ ਜਾਣੂ ਕਰਵਾਇਆ। ਉਹਨਾਂ, ਆਉਣ ਵਾਲੇ ਸਮੇਂ ਵਿੱਚ ਝੋਨੇ ਦੀ ਲਵਾਈ/ਬਿਜਾਈ ਦੇ ਮੱਦ-ਏ-ਨਜ਼ਰ ਕਿਸਾਨ ਵੀਰਾਂ ਨੂੰ ਝੋਨਾ ਲਾਉਣ ਦੀ ਸਹੀ ਤਕਨੀਕ ਬਾਰੇ ਖਾਸ ਤੌਰ 'ਤੇ ਜਾਣਕਾਰੀ ਦਿੱਤੀ।
ਇਸ ਮੌਕੇ ਮਿਸ਼ਨ ਵੱਲੋਂ ਜਗਜੀਤ ਸਿੰਘ ਦੀ ਦੇਖ-ਰੇਖ ਵਿੱਚ ਕੀਟ ਪਛਾਣ ਪ੍ਰਦਰਸ਼ਨੀ ਅਤੇ ਮਿਸ਼ਨ ਦੇ ਲਿਟਰੇਚਰ ਦੀ ਸਟਾਲ ਵੀ ਲਾਈ ਗਈ। ਕਿਸਾਨਾਂ ਨੇ ਜਿੱਥੇ ਪ੍ਰਦਰਸ਼ਨੀ ਦੇਖ ਕੇ ਕੀਟ ਪਛਾਣ ਸਬੰਧੀ ਆਪਣੇ ਗਿਆਨ ਵਿੱਚ ਵਾਧਾ ਕੀਤਾ ਉੱਥੇ ਹੀ ਕੁਦਰਤੀ ਖੇਤੀ ਸਾਹਿਤ ਵੀ ਖ਼ਰੀਦਿਆ।
ਅੰਤ ਵਿੱਚ ਕੁਲਜੀਤ ਸਿੰਘ ਕਠਿਆਲੀ ਅਤੇ ਕਾਮਰੇਡ ਬਖ਼ਸ਼ੀਸ਼ ਸਿੰਘ ਨੇ ਕੈਂਪ ਵਿੱਚ ਆਏ ਕਿਸਾਨ ਵੀਰਾਂ ਅਤੇ ਮਿਸ਼ਨ ਕਾਰਕੁੰਨਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਕੁਦਰਤੀ ਖੇਤੀ ਸ਼ੁਰੂ ਕਰਨ ਦੀ ਅਪੀਲ ਕੀਤੀ। 

ਘੁੱਗ ਸ਼ੁਦਾਣਾ ਵਿਖੇ ਲੱਗਿਆ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ
ਖੇਤੀ ਵਿਰਾਸਤ ਮਿਸ਼ਨ, ਜੈਤੋ ਵੱਲੋਂ ਬੀਤੇ ਮਹੀਨੇ 15 ਅਪ੍ਰੈਲ ਨੂੰ ਜਲੰਧਰ ਜ਼ਿਲ•ੇ ਦੇ ਭੋਗਪੁਰ ਬਲਾਕ ਅਧੀਨ ਪੈਂਦੇ ਪਿੰਡ ਘੁੱਗ ਸ਼ੁਦਾਣਾ ਵਿਖੇ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ ਲਾਇਆ ਗਿਆ। ਕੈਂਪ ਦਾ ਸਮੁੱਚਾ ਪ੍ਰਬੰਧ ਪਿੰਡ ਦੇ ਕੁਦਰਤੀ ਖੇਤੀ ਕਿਸਾਨ ਪਰਵਿੰਦਰ ਸਿੰਘ, ਸਤਿੰਦਰਪਾਲ ਸਿੰਘ ਅਤੇ ਛਾਹੜਕੇ ਪਿੰਡ ਦੇ ਭੰਗੂ ਫਾਰਮ ਵਾਲੇ ਅਮਰਜੀਤ ਸਿੰਘ ਹੁਣਾਂ ਮਿਲ ਕੇ ਕੀਤਾ। ਕੈਂਪ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ,  ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜ•ੀਖਾਨਾ, ਡਾ. ਹਰਬਖ਼ਸ਼ ਸਿੰਘ ਜਗਤਪੁਰ ਅਤੇ ਸ਼੍ਰੀ ਉਪਕਾਰ ਸਿੰਘ ਚੱਕ ਦੇਸ ਰਾਜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਕੈਂਪ ਵਿੱਚ ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲਿ•ਆਂ ਦੇ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਉਮੇਂਦਰ ਦੱਤ ਨੇ ਪੰਜਾਬ ਦੇ ਮੌਜੂਦਾ ਖੇਤੀ ਸੰਕਟ 'ਤੇ ਡੂੰਘਾਈ ਨਾਲ ਚਾਨਣਾ ਪਾਇਆ। ਉਹਨਾਂ ਮੌਜੂਦਾ ਖੇਤੀ ਸੰਕਟ ਲਈ ਬਹੁਕੌਮੀ ਕਾਰਪੋਰੇਸ਼ਨਾਂ ਨਾਲ ਸਰਕਾਰਾਂ ਦੀ ਮਿਲੀਭੁਗਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਦੇਸ ਭਰ ਵਿੱਚ 2 ਲੱਖ ਕਿਸਾਨਾਂ ਅਤੇ ਸਵਾ ਲੱਖ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕਰ ਲਈਆਂ ਪਰ ਇੱਕ ਵੀ ਐਸਾ ਕੇਸ ਸਾਹਮਣੇ ਨਹੀਂ ਆਇਆ ਜਿਸ ਵਿੱਚ ਬਹੁਕੌਮੀ ਕੰਪਨੀਆਂ ਦੇ ਕਿਸੇ ਅਧਿਕਾਰੀ, ਆੜਤੀਏ, ਕਿਸੇ ਖੇਤੀ ਵਿਗਿਆਨੀ ਜਾਂ ਕਿਸੇ ਬੈਂਕ ਮੈਨੇਜ਼ਰ ਨੇ ਅਜਿਹਾ ਕੀਤਾ ਹੋਵੇ। ਹਾਲਾਂਕਿ ਇਹ ਸਭ ਵੀ ਕਿਸਾਨ ਵਾਂਗਰਾਂ ਹੀ ਖੇਤੀ ਨਾਲ ਜੁੜੇ ਹੋਏ ਹਨ। ਉਹਨਾਂ ਹੋਰ ਕਿਹਾ ਕਿ ਜੇਕਰ ਕਿਸਾਨਾਂ ਨੇ ਆਪਣਾ ਕਿਸਾਨੀ ਸਵੈਮਾਣ ਅਤੇ ਖੁਸ਼ਹਾਲੀ ਵਾਪਸ ਪਾਉਣੀ ਹੈ ਤਾਂ ਉਹਨਾਂ ਨੂੰ ਕੁਦਰਤੀ ਖੇਤੀ ਵੱਲ ਮੁੜਨਾ ਹੀ ਪਵੇਗਾ। ਆਪਣੇ ਦੇਸੀ ਬੀਜ ਬਚਾਉਣੇ ਅਤੇ ਸੰਭਾਲਣੇ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਰਸਾਇਣਿਕ ਖੇਤੀ ਪੱਖੀ ਨੀਤੀਆਂ ਦਾ ਕਰੜਾ ਵਿਰੋਧ ਕਰਨਾ ਹੋਵੇਗਾ।
ਇਸ ਮੌਕੇ ਗੁਰਪ੍ਰੀਤ ਦਬੜ•ੀਖਾਨਾ ਨੇ ਕਿਸਾਨਾਂ ਨੂੰ ਵੱਖ-ਵੱਖ ਕੁਦਰਤੀ ਖੇਤੀ ਤਕਨੀਕਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਕੁਦਰਤੀ ਖੇਤੀ ਚੁਗਿਰਦੇ, ਅਨੰਤ ਕੋਟੀ ਜੀਅ-ਜੰਤ ਅਤੇ ਕੁਦਰਤ ਨਾਲ ਮਨੁੱਖ ਦੀ ਪ੍ਰਸਪਰ ਸਹਿਹੋਂਦ ਹੋਂਦ 'ਚੋਂ ਉਪਜਿਆ ਸਰਲ ਕੁਦਰਤੀ ਵਿਗਿਆਨ ਹੈ। ਇਹ ਸਰਬਤ ਦੇ ਭਲੇ ਦੀ ਖੇਤੀ ਹੈ ਅਤੇ ਹਰ ਕੋਈ ਬੜੀ ਹੀ ਆਸਾਨੀ ਨਾਲ ਕੁਦਰਤੀ ਖੇਤੀ ਕਰ ਸਕਦਾ ਹੈ।
ਕੈਂਪ ਦੌਰਾਨ ਡਾ. ਹਰਬਖ਼ਸ਼ ਸਿੰਘ ਅਤੇ ਸ਼੍ਰੀ ਉਪਕਾਰ ਸਿੰਘ ਹੁਣਾ ਆਪਣੇ ਸੰਬੋਧਨ ਰਾਹੀਂ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਪ੍ਰੇਰਿਆ। ਇਸ ਮੌਕੇ ਮਿਸ਼ਨ ਵੱਲੋਂ ਲਿਟਰੇਚਰ ਦੀ ਸਟਾਲ ਅਤੇ ਕੀਟ ਪਛਾਣ ਪ੍ਰਦਰਸ਼ਨੀ ਵੀ ਲਾਈ ਗਈ। ਕਿਸਾਨਾਂ ਨੇ ਵਧ-ਚੜ• ਕੇ ਲਿਟਰੇਚਰ ਖਰੀਦਿਆ ਅਤੇ ਕੁਦਰਤੀ ਖੇਤੀ ਸ਼ੁਰੂ ਕਰਨ ਦਾ ਅਹਿਦ ਲਿਆ।
ਅੰਤ ਵਿੱਚ ਸਤਿੰਦਰਪਾਲ ਸਿੰਘ, ਪਰਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ ਭੰਗੂ ਹੁਣਾਂ ਕੈਂਪ ਵਿੱਚ ਦੂਰੋਂ-ਨੇੜਿਉਂ ਆਏ ਸਮੂਹ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮਾਹਿਰਾਂ ਦਾ ਸਨਮਾਨ ਕਰਦਿਆਂ ਇਲਾਕੇ ਵਿੱਚ ਅਜਿਹੇ ਕੈਂਪ ਲਵਾਉਂਦੇ ਰਹਿਣ ਦਾ ਅਹਿਦ ਲਿਆ।
ਜਨ ਸਿਹਤ ਅਤੇ ਵਾਤਵਰਣ ਦੇ ਲੋਕ ਏਜੰਡੇ 'ਤੇ ਲੋਕ ਸੰਵਾਦ

ਵਾਤਵਰਣ ਅਤੇ ਸਮਾਜ ਬਚਾਓ ਮੋਰਚੇ ਵੱਲੋਂ ਚੰਡੀਗੜ• ਦੇ ਲਾਅ ਭਵਨ ਵਿੱਚ 22 ਮਾਰਚ ਨੂੰ ਜਨ ਸਿਹਤ ਅਤੇ ਵਾਤਵਰਣ ਦੇ ਲੋਕ ਏਜੰਡੇ ਉੱਪਰ ਲੋਕ ਸੰਵਾਦ ਕਰਵਾਇਆ ਗਿਆ। ਮਾਲਵਿੰਦਰ ਸਿੰਘ ਮਾਲੀ ਵੱਲੋਂ ਸਭ ਦਾ ਸਵਾਗਤ ਕੀਤਾ ਗਿਆ ਅਤੇ ਤੁਸ਼ਾਰ ਭਾਰਗਵ ਨੇ ਆਏ ਹੋਏ ਪ੍ਰਤਿਨਿਧੀਆਂ ਨੂੰ ਇਸ ਲੋਕ ਸੰਵਾਦ ਦੇ ਉਦੇਸ਼ ਬਾਰੇ ਜਾਣੂ ਕਰਵਾਇਆ।
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਅਮਰ ਸਿੰਘ ਆਜ਼ਾਦ ਨੇ ਪੰਜਾਬ ਸਰਕਾਰ ਨੂੰ ਸੌਪੇ ਜਾਣ ਵਾਲੇ ਏਜੰਡੇ ਬਾਰੇ ਦੱਸਦਿਆ ਕਿਹਾ ਕਿ ਪੰਜਾਬ ਅੱਜ ਵਾਤਾਵਰਣੀ ਜ਼ਹਿਰੀਲੇਪਣ, ਨਸ਼ਿਆਂ ਅਤੇ ਹੋਰ ਸਮਾਜਿਕ-ਆਰਥਿਕ ਕਾਰਨਾਂ ਕਰਕੇ ਗੰਭੀਰ ਸਮਾਜਿਕ, ਆਰਥਿਕ ਅਤੇ ਵਾਤਾਵਰਣ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਹੱਦੋਂ-ਵੱਧ ਸ਼ੋਸ਼ਣ ਹੋ ਰਿਹਾ ਹੈ। ਧਰਤੀ ਉੱਪਰਲਾ ਅਤੇ ਹੇਠਲਾ ਪਾਣੀ ਦੂਸ਼ਿਤ ਹੋ ਚੁੱਕਿਆ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਹੱਦੋਂ ਵੱਧ ਕੀਟਨਾਸ਼ਕਾਂ ਦਾ ਪ੍ਰਯੋਗ ਕਾਰਨ ਸਮੁੱਚੀ ਮਨੁੱਖੀ ਅਤੇ ਵਾਤਾਵਰਣੀ ਸਿਹਤ ਭਾਰੀ ਖ਼ਤਰੇ 'ਚ ਹੈ। ਵਾਤਵਰਣ ਦੇ ਜ਼ਹਿਰੀਲੇਪਣ ਕਰਕੇ ਸਾਡਾ ਜਿਉਣ ਦਾ ਅਧਿਕਾਰ ਵੀ ਖ਼ਤਰੇ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਭਾਭਾ ਪਰਮਾਣੂ ਖੋਜ ਕੇਂਦਰ ਵੱਲੋਂ ਵੀ ਪੰਜਾਬ ਦੇ ਵਾਤਵਰਣ ਵਿੱਚ ਯੂਰੇਨੀਅਮ ਦੀ ਵੱਧ ਮਾਤਰਾ ਦਾ ਕਾਰਨ ਫਾਸਫੇਟ ਖਾਦਾਂ ਦੀ ਲੋੜੋਂ ਵੱਧ ਵਰਤੋਂ ਦੱਸੀ ਹੈ ਗਈ ਹੈ। ਸਿਰਫ ਇਹੀ ਇੱਕ ਜ਼ਹਿਰ ਨਹੀਂ ਜੋ ਪੰਜਾਬ ਦੇ ਵਾਤਾਵਰਬਣ ਵਿੱਚ ਲੋੜੋਂ ਵੱਧ ਮੌਜ਼ੂਦ ਹੈ ਕਈ ਹੋਰ ਜ਼ਹਿਰ ਜਿਵੇਂ ਕੀਟਨਾਸ਼ਕ, ਨਾਈਟ੍ਰੇਟਸ, ਫਲੋਰਾਈਡ, ਭਾਰੀਆਂ ਧਾਤਾਂ ਅਤੇ ਉਦਯੋਗਿਕ ਜ਼ਹਿਰਾਂ ਵੀ ਵਾਤਾਵਰਣ ਵਿੱਚ ਵੱਡੀ ਮਾਤਰਾ 'ਚ ਮੌਜੂਦ ਹਨ।
ਪਿਛਲੇ ਕੁੱਝ ਦਹਾਕਿਆਂ ਵਿੱਚ ਹੀ ਪੰਜਾਬ ਦੇ ਲੋਕਾਂ ਦੀ ਸਿਹਤ ਬੁਰੀ ਤਰ•ਾਂ ਬਰਬਾਦ ਹੋ ਗਈ ਹੈ। ਪਰ ਇਸਦੇ ਕਾਰਨਾਂ ਬਾਰੇ ਜਾਣਨ ਲਈ ਕੋਈ ਗੰਭੀਰ ਅਧਿਐਨ ਨਹੀ ਕਰਵਾਏ ਗਏ ਅਤੇ ਨਾ ਹੀ ਇਹਨਾਂ ਜ਼ਹਿਰਾਂ ਦੇ ਮਨੁੱਖਾਂ, ਪਸ਼ੂਆਂ, ਮਿੱਟੀ, ਪਾਣੀ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਹੀ ਕੋਈ ਵਧੀਆ ਅਧਿਐਨ ਹੋਏ। ਇਸ ਸਭ ਲਈ ਉੱਚਿੱਤ ਹੱਲਾਂ ਬਾਰੇ ਗੱਲ ਕਰਦਿਆਂ ਡਾ. ਆਜ਼ਾਦ ਨੇ ਕਿਹਾ ਕਿ ਮੌਜ਼ੂਦਾ ਜ਼ਹਿਰਾਂ ਦੇ ਅਸਰਾਂ ਨੂੰ ਖਤਮ ਕਰਨ, ਹੋਰ ਨਵੇਂ ਜ਼ਹਿਰਾਂ ਉੱਪਰ ਰੋਕ ਲਗਾਉਣ, ਇਸਦੇ ਸ਼ਿਕਾਰ ਲੋਕਾਂ ਦੇ ਇਲਾਜ਼ ਅਤੇ ਇਹ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੋਂ ਮੁਆਵਜ਼ਾ ਲੈਣਾ ਆਦਿ ਹੱਲ ਕੀਤੇ ਜਾ ਸਕਦੇ ਹਨ।
ਖੇਤੀ ਰਸਾਇਣਾਂ ਬਾਰੇ ਸਿੱਧ ਹੋ ਚੁੱਕਿਆ ਹੈ ਕਿ ਇਹ ਵਾਤਾਵਰਣ ਅਤੇ ਮਨੁੱਖ ਦੀ ਸਿਹਤ ਉੱਪਰ ਬੁਰੇ ਪ੍ਰਭਾਵ ਪਾਉਂਦੇ ਹਨ। ਇਹਨਾਂ ਜ਼ਹਿਰਾਂ ਕਰਕੇ ਬਹੁਤ ਸਾਰੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋਏ ਹਨ ਅਤੇ ਕਈ ਸਮੇਂ ਤੋਂ ਪਹਿਲਾਂ ਹੀ ਮੌਤ ਦਾ ਗ੍ਰਾਸ ਬਣੇ ਹੋਏ ਹਨ। ਪ੍ਰਜਣਨ ਸਿਹਤ ਬੁਰੀ ਤਰ•ਾਂ ਪ੍ਰਭਾਵਿਤ ਹੋਈ ਹੈ। ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਇਹਨਾਂ ਜ਼ਹਿਰਾਂ ਤੋਂ ਬਿਨਾਂ ਹੋ ਰਹੀ ਖੇਤੀ ਨੇ ਇਸ ਮਿੱਥ ਨੂੰ ਤੋੜ ਦਿੱਤਾ ਹੈ ਕਿ ਜ਼ਹਿਰਾਂ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ। ਪੰਜਾਬ ਨੂੰ ਕੁਦਰਤੀ ਖੇਤੀ, ਜੀ ਐੱਮ ਮੁਕਤ ਖੇਤੀ ਦੇ ਮਾਡਲ ਵੱਲ ਆਉਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਇਸ ਨੂੰ ਪੂਰਾ ਸਮਰਥਨ ਦੇਣਾ ਚਾਹੀਦਾ ਹੈ।
ਚੰਡੀਗੜ• ਦੀ ਸਾਬਕਾ ਮੇਅਰ ਮੈਡਮ ਹਰਜਿੰਦਰ ਕੌਰ ਨੇ ਵੀ ਪੰਜਾਬ ਵਿੱਚ ਵਧਦੇ ਪ੍ਰਦੂਸ਼ਣ ਕਰਕੇ ਪੈਣ ਵਾਲੇ ਪ੍ਰਭਾਵਾਂ ਉੱਪਰ ਚਿੰਤਾ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਲੋਕਾਂ ਕੋਲ ਹੀ ਭ ਤੋਂ ਵੱਡੀ ਸ਼ਕਤੀ ਹੈ ਅਤੇ ਲੋਕ ਹੀ ਇਹ ਨਿਰਣਾ ਕਰ ਸਕਦੇ ਹਨ ਕਿ ਕੀ ਹੋਣਾ ਚਾਹੀਦਾ ਹੈ ਅਤੇ ਕੀ ਨਹੀ। ਯੂ ਸੀ ਪੀ ਆਈ ਦੇ ਸ਼੍ਰੀ ਚਰਨ ਗਿੱਲ ਨੇ ਪਾਣੀ ਦੀ ਦੁਰਵਰਤੋਂ ਅਤੇ ਪਾਣੀ ਨੂੰ ਬਚਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਕਿਹਾ ਕਿ ਸਾਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਯੋਜਨਾ ਆਯੋਗ ਵਿੱਚ ਪਿੰਡ ਦਾ ਪ੍ਰਤੀਨਿਧੀ ਜ਼ਰੂਰ ਹੋਣਾ ਚਾਹੀਦਾ ਹੈ।
ਕੁਦਰਤ ਮਾਨਵ ਕੇਂਦ੍ਰਿਤ ਲੋਕ ਲਹਿਰ ਦੇ ਸੁਖਦੇਵ ਸਿੰਘ ਭੁਪਾਲ ਨੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਪ੍ਰਦੂਸ਼ਣ ਅਤੇ ਪਾਣੀ ਦੀ ਦੁਰਵਰਤੋਂ ਇਸੇ ਤਰ•ਾਂ ਵਧਦੇ ਰਹੇ ਤਾਂ ਧਰਤੀ ਉੱਤੇ ਕੋਈ ਜੀਵਨ ਨਹੀਂ ਰਹੇਗਾ। ਖੁੱਲ•ੀ ਵਿਚਾਰ ਚਰਚਾ ਵਿੱਚ  ਪੂਨਮ ਸਿੰਘ ਪ੍ਰੀਤਲੜੀ, ਮਹਿਮਾ ਕੌਰ, ਜਸਪ੍ਰੀਤ ਕੌਰ, ਅਰਸ਼ਿੰਦਰ ਕੌਰ, ਦੀਪਕ ਬੱਬਰ, ਸੁਰਿੰਦਰ ਕੌਸ਼ਲ, ਜਗਮੋਹਨ ਸਿੰਘ ਨੇ ਸਮੇਤ ਕਈਆਂ ਨੇ ਭਾਗ ਲਿਆ।
ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਵੱਲੋਂ ਜਾਗਰੂਕਤਾ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਵਾਤਵਰਣ ਸਿਹਤ ਐਕਸ਼ਨ ਗਰੁੱਪ ਦੇ ਕਨਵੀਨਰ ਡਾ. ਜੀ ਪੀ ਆਈ ਸਿੰਘ ਨੇ ਪੰਜਾਬ ਦੀ ਸਿਹਤ ਸਥਿਤੀ ਬਾਰੇ ਵਿਸਤਾਰ ਨਾਲ ਦੱਸਿਆ ਕਿ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ, ਕਿਸਾਨਾਂ ਦੀਆਂ ਆਤਮਹੱਤਿਆਵਾਂ, ਪ੍ਰਜਣਨ ਸਿਹਤ ਦੇ ਵਿਗਾੜ, ਮਾਨਸਿਕ ਅਤੇ ਸ਼ਰੀਰਿਕ ਵਿਕਾਰਾਂ ਵਾਲੇ ਬੱਚਿਆਂ ਦਾ ਜਨਮ ਆਦਿ ਹਰੀ ਕ੍ਰਾਂਤੀ ਦੀ ਹੀ ਦੇਣ ਹਨ।
ਇਸ ਮੌਕੇ ਸਿਹਤ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਜੀ ਨੇ ਵੀ ਲੋਕ ਸੰਵਾਦ ਵਿੱਚ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਸੀਂ ਸ਼ੁੱਧ ਪਾਣੀ, ਹਵਾ ਅਤੇ ਖਾਣਾ ਗਵਾ ਚੁੱਕੇ ਹਾਂ। ਉਦਯੋਗਿਕ ਕਚਰਾ ਨਦੀਆਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਉਹਨਾਂ ਨੇ ਖੇਤੀ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਆਪਣੇ ਵਿਚਾਰ ਰੱਖੇ।
ਅੰਤ ਵਿੱਚ ਵਾਤਾਵਰਣ ਅਤੇ ਸਮਾਜ ਬਚਾਓ ਮੋਰਚੇ ਵੱਲੋਂ ਸ਼੍ਰੀ ਮਦਨ ਮੋਹਨ ਮਿੱਤਲ ਜੀ ਨੂੰ 'ਵਾਤਾਵਰਣ ਅਤੇ ਜਨ ਸਿਹਤ ਦਾ ਲੋਕ ਏਜੰਡਾ' ਸੌਪਿਆ ਗਿਆ ਜਿਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ।

ਸਾਹਿਤ

                                                 ਪਾਣੀ ਅਨਮੋਲ ਹੈ।
ਇੱਕ ਦਿਨ ਅਮਨ ਆਪਣੇ ਸਕੂਲ ਜਾਣ ਦੀ ਤਿਆਰੀ ਕਰ ਰਹੀ ਸੀ। ਉਸਨੇ ਸਵੇਰੇ ਉੱਠ ਕੇ ਮੰਜ਼ਨ ਕੀਤਾ ਅਤੇ ਨਹਾਉਣ ਤੋਂ ਬਾਅਦ ਨਾਸ਼ਤਾ ਕਰਨ ਲੱਗੀ। ਜਿਵੇਂ ਹੀ ਉਸਦੀ ਮਾਂ ਉਸਦੇ ਵਾਲ ਵਾਹੁਣ ਲੱਗੀ ਉਦੋਂ ਹੀ ਇੱਕ ਭਿਆਨਕ ਆਵਾਜ ਸੁਣਾਈ ਦਿੱਤੀ। ਉਹ ਆਪਣੇ ਭਰਾ ਗਗਨ ਦੇ ਨਾਲ ਜਲਦੀ ਹੀ ਆਪਣੇ ਪਿਤਾ ਜੀ ਕੋਲ ਖੇਤ ਪਹੁੰਚੀ ਅਤੇ ਉਸ ਆਵਾਚ ਬਾਰੇ ਪੁੱਛਿਆ। ਪਿਤਾ ਜੀ ਬੋਲੇ, ਇਹ ਗਾਂਵਾਂ ਦੇ ਰੋਣ ਦੀ ਆਵਾਜ਼ ਸੀ। ਕਿਉਂਕਿ ਇਸ ਸਾਲ ਮੀਂਹ ਜ਼ਿਆਦਾ ਨਹੀ ਪਿਆ, ਇਸ ਲਈ ਸਾਰਾ ਪਾਣੀ ਖੇਤਾਂ ਵਿੱਚ ਲੱਗ ਜਾਂਦਾ ਹੈ। ਪਸ਼ੂਆਂ ਨੂੰ ਪਾਣੀ ਪੀਣ ਲਈ ਨਹੀ ਮਿਲ ਰਿਹਾ, ਇਸ ਲਈ ਇਹ ਪਿਆਸੇ ਅਤੇ ਥੱਕੇ ਰਹਿੰਦੇ ਹਨ।
ਬੱਚਿਆਂ ਤੋਂ ਆਪਣੇ ਜਾਨਵਰਾਂ ਲਈ ਤਕਲੀਫ਼ ਦੇਖੀ ਨਹੀਂ ਗਈ ਅਤੇ ਦੋਵੇਂ ਹੀ ਕੋਈ ਤਰੀਕਾ ਲੱਭਣ ਬਾਰੇ ਸੋਚਣ ਲੱਗੇ। ਉਸ ਰਾਤ ਜਦ ਮੀਂਹ ਪੈਣ ਲੱਗਾ ਤਦ ਅਮਨ ਨੂੰ ਇੱਕ ਉਪਾਅ ਸੁੱਝਿਆ। ਉਹ ਗਗਨ ਨੂੰ ਨਾਲ ਲੈ ਕੇ ਛੱਤ ਉੱਪਰ ਬਾਲਟੀਆਂ ਲੈ ਗਈ। ਜਿਵੇਂ ਹੀ ਮੀਂਹ ਦਾ ਪਾਣੀ ਬਾਲਟੀ ਵਿੱਚ ਭਰ ਜਾਂਦਾ, ਉਹ ਉਸਨੂੰ ਇੱਕ ਵੱਡੇ ਟੱਬ ਵਿੱਚ ਉਲੱਦ ਦਿੰਦੇ ਅਤੇ ਖਾਲੀ ਬਾਲਟੀ ਫਿਰ ਛੱਤ ਉੱਤੇ ਰੱਖ ਦਿੰਦੇ। ਗਵਾਂਢੀ ਸਮਝ ਗਏ ਕਿ ਬੱਚੇ ਕੀ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਵੀ ਉਹੀ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਹੀ ਚਿਰ ਵਿੱਚ ਪਿੰਡ ਵਾਲੇ ਮੀਂਹ ਦਾ ਪਾਣੀ ਬਚਾ-ਬਚਾ ਕੇ ਆਪਣੇ ਖੇਤਾਂ ਅਤੇ ਜ਼ਾਨਵਰਾਂ ਲਈ ਇਸਤੇਮਾਲ ਕਰ ਰਹੇ ਸਨ।
ਅਮਨ ਅਤੇ ਗਗਨ ਨੇ ਆਪਣੀ ਸਮਝ ਨਾਲ ਪੂਰੇ ਪਿੰਡ ਨੂੰ ਸੰਕਟ ਤੋਂ ਬਚਾ ਲਿਆ।
ਸੋ ਬੱਚਿਉਂ, ਸਾਨੂੰ ਵੀ ਅਮਨ ਅਤੇ ਗਗਨ ਦੀ ਤਰ•ਾਂ ਸਮਝਦਾਰੀ ਦਿਖਾਉਦੇ ਹੋਏ ਮੀਂਹ ਦਾ ਪਾਣੀ ਬਚਾਉਣਾ ਚਾਹੀਦਾ ਹੈ ਕਿਉਂਕਿ ਪਾਣੀ ਅਨਮੋਲ ਹੈ।



ਮਜ਼ਦੂਰ ..
ਸੜਕ ਦੇ ਕੰਢਿਆਂ ਤੇ
ਲੱਗੇ ਹੋਏ ਰੁੱਖ
ਇੰਝ ਖੜੇ ਇੱਕ ਸਾਰ ,
ਜਿਵੇਂ ਰਾਸ਼ਨ ਖਰੀਦਣੇ ਨੂੰ
ਡਿੱਪੂ ਉੱਤੇ ਲੱਗੀ ਮਜ਼ਦੂਰਾਂ ਦੀ ਕਤਾਰ .
ਉਹ ਕੁਹਾੜੀਆਂ ਦੇ ਨਾਲ
ਇਹ ਦਿਹਾੜੀਆਂ ਦੇ ਨਾਲ ,
ਵੇਖੋ ਦੋਵਾਂ ਨੂੰ ਹੀ
ਵੱਢੀ ਟੁੱਕੀ ਜਾਂਦੀ ਸਰਕਾਰ ..
ਕੰਮੀਆਂ ਦੀਆਂ ਮਾਵਾਂ ਦਾ
ਤੇ ਰੁੱਖਾਂ ਦੀਆਂ ਛਾਵਾਂ ਦਾ ,
ਕੋਈ ਚਾਹਕੇ ਵੀ
ਸਕਦਾ ਨਾ ਕਰਜ਼ਾ ਉਤਾਰ ..
ਪੱਤਿਆਂ ਦੀ ਕੂਕ ਸੁਣੋ
ਕਾਮਿਆਂ ਦੀ ਹੂਕ ਸੁਣੋ
ਕੰਨਾਂ ਵਿੱਚੋਂ
ਹੈੱਡ ਫੋਨਾਂ ਦੀਆਂ ਟੂਟੀਆਂ ਉਤਾਰ ..
ਸਾਡੇ ਦੋਵਾਂ ਦੀਆਂ ਛਾਤੀਆਂ ਨੂੰ
ਚੜ ਗਈ ਸਲਾਬ
ਤਾਂ ਵੀ ਸਿਰ ਤੁੰਨੀ ਰੱਖੇ
ਚੁੱਲਿਆਂ ਦੇ ਵਿਚਕਾਰ ..
ਇਹ ਜੋ ਅੰਬਰਾਂ ਚ ਉੱਠਿਆ ਏ
ਲਾਲ ਜਿਹਾ ਧੂੰਆਂ ,
ਸਾਡੇ ਮੁੜਕੇ ਚੋਂ ਨੁੱਚੜੀ
ਹੈ ਲਹੂ ਦੀ ਏ ਧਾਰ ..
-ਖੁਸ਼ਹਾਲ ਸਿੰਘ, ਪਟਿਆਲਾ

ਖਬਰਾਂ ਖੇਤਾਂ ਚੋ

ਕੁਦਰਤੀ ਖੇਤੀ ਤਹਿਤ ਕਿਸਾਨਾਂ ਨੇ ਲਈ ਬਰਸੀਮ ਦੀ ਭ16 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੜੀ ਕੁਦਰਤ ਗਜਾਨੰਦ
ਕੁਦਰਤੀ ਖੇਤੀ ਕਰਨ ਵਾਲੇ ਸਮੂਹ ਕਿਸਾਨ ਵੀਰਾਂ ਲਈ ਬੜੀ ਹੀ ਖੁਸ਼ਖ਼ਬਰ ਹੈ ਕਿ ਸ਼੍ਰੀ ਪ੍ਰਕਾਸ਼ ਰਘੂਵੰਸ਼ੀ ਦੁਆਰਾ ਵਿਕਸਤ ਕੀਤੀ ਗਈ ਮੋਟੇ ਨਾੜ ਅਤੇ ਲੰਮੇ ਸਿੱਟੇ ਵਾਲੀ ਕਣਕ 'ਕੁਦਰਤ ਗਜਾਨੰਦ' ਨੇ ਕਰਮਗੜ• ਸਤਰਾਂ (ਬਠਿੰਡਾ) ਦੇ ਕਿਸਾਨ ਸਵਰਨ ਸਿੰਘ ਦੇ ਖੇਤ ਪ੍ਰਤੀ ਏਕੜ 16 ਕੁਇੰਟਲ ਦੇ ਹਿਸਾਬ ਨਾਲ ਝਾੜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਵਰਨ ਸਿੰਘ ਨੂੰ ਕੁਦਰਤ ਗਜਾਨੰਦ   ਦਾ ਬੀਜ ਬਨਾਰਸ ਉੱਤਰਪ੍ਰਦੇਸ਼ ਦੇ ਪ੍ਰਸਿੱਧ ਕੁਦਰਤੀ ਖੇਤੀ ਕਿਸਾਨ ਸ਼੍ਰੀ ਪ੍ਰਕਾਸ਼ ਸਿੰਘ ਰਘੂਵੰਸ਼ੀ ਤੋਂ ਮਿਲਿਆ ਸੀ।
ਸਵਰਨ ਸਿੰਘ ਨੇ ਦੱਸਿਆ ਕਿ ਉਹਨਾਂ ਟ੍ਰਾਇਲ ਵਜੋਂ ਇੱਕ ਕਨਾਲ ਜ਼ਮੀਨ 'ਤੇ ਇਹ ਬੀਜ ਬੀਜਿਆ ਸੀ। ਹਾਲਾਂਕਿ ਉੰਗਲ ਜਿੰਨੇ ਮੋਟੇ ਨਾੜ ਅਤੇ ਲਗਪਗ 10 ਇੰਚ ਲੰਬੀ ਬੱਲੀ ਵਾਲੀ ਕੁਦਰਤ ਗਜਾਨੰਦ ਬੂਟਾ ਮਾਰਨ ਪੱਖੋਂ ਕਮੋਜ਼ਰ ਹੀ ਰਹੀ। ਪਰ ਇਸ ਦੇ ਬਾਵਜੂਦ ਝਾੜ ਪੱਖੋਂ ਇਸ ਕਣਕ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ। ਸਵਰਨ ਸਿੰਘ ਹੁਣਾਂ ਅਨੁਸਾਰ ਉਹਨਾਂ ਚੜਦੇ ਦਸੰਬਰ ਬੀਜੀ ਇਸ ਕਣਕ ਨੂੰ ਚਾਰ ਪਾਣੀ ਦਿੱਤੇ। ਦੋ ਪਾਣੀਆਂ ਨਾਲ ਜੀਵ ਅੰਮ੍ਰਿਤ ਪਾਇਆ। ਫ਼ਸਲ ਉੱਤੇ ਸਮੇਂ-ਸਮੇਂ ਜੀਵ ਅੰਮ੍ਰਿਤ ਅਤੇ ਪਾਥੀਆਂ ਦੇ ਪਾਣੀ ਦੀਆਂ ਦੋ-ਦੋ ਅਤੇ ਖੱਟੀ ਲੱਸੀ ਦੀ ਇੱਕ ਸਪ੍ਰੇਅ ਕੀਤੀ।
ਸਵਰਨ ਸਿੰਘ ਦਾ ਕਹਿਣਾ ਹੈ ਕਿ ਸ਼੍ਰੀ ਪ੍ਰਕਾਸ਼ ਰਘੂਵੰਸ਼ੀ ਦੁਆਰਾ ਵਿਕਸਤ ਕੀਤੀ ਗਈ ਛੋਟੇ ਕੱਦ ਦੀ ਮੋਟੇ ਨਾੜ ਅਤੇ ਲੰਬੀ ਬੱਲੀ ਵਾਲੀ ਇਹ ਕਣਕ  ਪੰਜਾਬ ਦੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਸਿੱਧ ਹੋ ਸਕਦੀ ਹੈ। ਸੂਬੇ ਭਰ ਵਿੱਚ ਕਣਕ ਦੀ ਇਸ ਖਾਸ ਕਿਸਮ ਦੇ ਹੋਰ ਟ੍ਰਾਇਲ ਕੀਤੇ ਜਾਣ ਦੀ ਲੋੜ ਹੈ। 

ਕੁਦਰਤੀ ਖੇਤੀ ਤਹਿਤ ਕਿਸਾਨਾਂ ਨੇ ਲਈ ਬਰਸੀਮ ਦੀ ਭਰਪੂਰ ਪੈਦਾਵਾਰ
ਇਸ ਹਾੜੀ ਦੇ ਸੀਜ਼ਨ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਦੇ ਅਨੇਕਾਂ ਕਿਸਾਨਾਂ ਨੇ ਬਰਸੀਮ ਦੀ ਭਰਪੂਰ ਪੈਦਾਵਾਰ ਲਈ ਹੈ। ਫ਼ਰੀਦਕੋਟ, ਬਠਿੰਡਾ, ਪਟਿਆਲਾ ਤੇ ਜਲੰਧਰ ਜ਼ਿਲ•ੇ ਦੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਸ਼੍ਰੀ ਅਮਰਜੀਤ ਸ਼ਰਮਾ, ਚਰਨਜੀਤ ਸਿੰਘ ਪੁੰਨੀ, ਗੋਰਾ ਸਿੰਘ ਸਾਰੇ ਪਿੰਡ ਚੈਨਾ, ਬੇਅੰਤ ਸਿੰਘ ਮਹਿਮਾ ਸਰਜਾ, ਇੰਦਰਜੀਤ ਸਿੰਘ ਸਹੋਲੀ, ਜਰਨੈਲ ਸਿੰਘ ਮਾਝੀ, ਗੁਰਮੇਲ ਸਿੰਘ ਗੁਣੀਕੇ ਅਤੇ ਸਤਿੰਦਰਪਾਲ ਸਿੰਘ ਘੁੱਗ ਨੇ ਬਰਸੀਮ ਬਾਰੇ ਸਾਡੇ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਕੁਦਰਤੀ ਖੇਤੀ ਤਹਿਤ ਬੀਜੇ ਗਏ ਬਰਸੀਮ ਦੀ ਰੰਗਤ ਅਤੇ ਕੱਦ-ਕਾਠ ਦੇਖ ਕੇ ਰਸਾਇਣਕ ਖੇਤੀ ਕਰਨ ਵਾਲੇ ਕਿਸਾਨ ਹੈਰਾਨ ਰਹਿ ਗਏ।
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆ ਸ਼੍ਰੀ ਅਮਰਜੀਤ ਸ਼ਰਮਾ, ਬੇਅੰਤ ਸਿੰਘ ਮਹਿਮਾ ਸਰਜਾ, ਗੋਰਾ ਸਿੰਘ ਅਤੇ ਸਤਿੰਦਰਪਾਲ ਸਿੰਘ ਹੁਣਾਂ ਦੱਸਿਆ ਕੁਦਰਤੀ ਖੇਤੀ ਤਹਿਤ ਉਗਾਏ ਗਏ ਬਰਸੀਮ ਨੇ ਜਿੱਥੇ 6-6 ਕਟਾਈਆਂ ਦਿੱਤੀਆਂ, ਉੱਥੇ ਹੀ ਬਰਸੀਮ ਦਾ ਕੱਦ ਵੀ ਸਾਢੇ ਤਿੰੰਨ-ਤਿੰਨ ਫੁੱਟ ਰਿਹਾ।  ਬੇਅੰਤ ਸਿੰਘ ਅਨੁਸਾਰ ਰਸਾਇਣਕ ਖੇਤੀ ਕਰਨ ਵਾਲੇ ਉਸਦੇ ਗਵਾਂਢੀ ਕਿਸਾਨਾਂ ਨੇ ਅੱਗੇ ਤੋਂ ਬਰਸੀਮ ਵਿੱਚ ਕਿਸੇ ਵੀ ਤਰ•ਾਂ ਦੀਆਂ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਜ਼ਹਿਰ ਪਾਉਣ ਤੋਂ ਤੌਬਾ ਕਰ ਲਈ ਹੈ। 

ਚਿੜ੍ਹੀ ਨੇ ਸਮਝਾਇਆ ਕਿਸਾਨ ਨੂੰ ਕੁਦਰਤੀ ਖੇਤੀ ਦਾ ਫ਼ਲਸਫਾ
ਉਹ ਆਈ, ਟਾਹਲੀ 'ਤੇ ਬੈਠੀ ਤੇ ਦੇਖਦਿਆਂ ਹੀ ਦੇਖਦਿਆਂ ਤਿੰਨ ਸੁੰਡੀਆਂ ਦਾ ਸ਼ਿਕਾਰ ਕਰਕੇ ਚਲਦੀ ਬਣੀ, ਸੁਖਦੇਵ ਸਿੰਘ ਨੇ ਦੱਸਿਆ। ਜੀ ਹਾਂ ਇਹ ਅਨੁਭਵ ਹੈ ਪਿੰਡ ਰੋੜੀਕਪੂਰੇ (ਫ਼ਰੀਦਕੋਟ) ਦੇ ਕੁਦਰਤੀ ਖੇਤੀ ਕਿਸਾਨ ਸੁਖਦੇਵ ਸਿੰਘ ਅਤੇ ਉਹਨਾਂ ਦੇ ਪੁੱਤਰ ਦਾ। ਬੀਤੇ ਦਿਨੀਂ ਕਣਕ ਦੀ ਵਾਢੀ ਕਰਦੇ ਸਮੇਂ ਜਦੋਂ ਥੋੜੀ ਦੇਰ ਲਈ ਆਰਾਮ ਕਰਨ ਵਾਸਤੇ ਦੋਹੇਂ ਪਿਉ-ਪੁੱਤਰ ਖੇਤ ਵਿਚਲੀ ਟਾਹਲੀ ਥੱਲੇ ਜਾ ਕੇ ਬੈਠੇ ਤਾਂ ਉਹਨਾਂ ਦੇਖਿਆ ਕਿ ਬਿਜੜਾ ਪ੍ਰਜਾਤੀ ਦੀ ਕਾਲੇ ਰੰਗ ਦੀ ਇੱਕ ਚਿੜੀ ਟਾਹਲੀ 'ਤੇ ਆ ਕੇ ਬੈਠ ਗਈ। ਦੋਹੇਂ ਪਿਉ-ਪੁੱਤ ਉਸਨੂੰ ਨਿਹਾਰਦੇ ਹੋਏ ਉਹਦੀ ਖੂਬਸੂਰਤੀ ਬਾਰੇ ਗੱਲਾਂ ਕਰਨ ਲੱਗੇ। ਇਸੇ ਦੌਰਾਨ ਉਹਨਾਂ ਦੇਖਿਆ ਕਿ ਉਹ ਬੜੀ ਹੀ ਤੇਜੀ ਨਾਲ ਜ਼ਮੀਨ 'ਤੇ ਆਈ ਅਤੇ ਇੱਕਦਮ ਵਾਪਸ ਟਾਹਲੀ 'ਤੇ ਜਾ ਬੈਠੀ ਪਰ ਹਾਂ ਉਸਦੀ ਚੁੰਝ ਵਿੱਚ ਇੱਕ ਸੁੰਡੀ ਫੜੀ ਹੋਈ ਸੀ। ਇਸ ਤਰ•ਾਂ ਉਸ ਨਿੱਕੀ ਚਿੜੀ ਨੇ ਦੋਹਾਂ ਪਿਉ-ਪੁੱਤਾਂ ਦੇ ਦੇਖਦਿਆਂ-ਦੇਖਦਿਆਂ ਇੱਕ ਮਿਨਟ ਤੋਂ ਵੀ ਘੱਟ ਸਮੇਂ ਵਿੱਚ 3 ਸੁੰਡੀਆਂ ਫੜ ਕੇ ਖਾ ਲਈਆਂ। ਇੱਥੇ ਇਹ ਦੱਸਣਯੋਗ ਹੈ ਇੱਕ ਸਧਾਰਣ ਚਿੜੀ ਇੱਕ ਮਿਨਟ 10-15 ਸੁੰਡੀਆਂ ਖਾਣ ਦੀ ਸਮਰਥਾ ਰੱਖਦੀ ਹੈ ਬਸ਼ਰਤੇ ਇੰਨੀਆਂ ਸੁੰਡੀਆਂ ਮੌਕੇ 'ਤੇ ਉਪਲਭਧ ਹੋਣ।
ਇਸਦੇ ਕੁਝ ਸਮੇਂ ਬਾਅਦ ਹੀ ਦੋਹਾਂ ਨੂੰ ਉਸ ਜਗ•ਾ ਇੱਕ ਹੋਰ ਹੈਰਾਨੀਜਨਕ ਦ੍ਰਿਸ਼ ਦੇਖਣ ਨੂੰ ਮਿਲਿਆ। ਇਸ ਵਾਰ ਉਹਨਾਂ ਦੇਖਿਆ ਕਿ ਸੁੰਡੀ ਵਾਂਗੂੰ ਹੀ ਦਿਖਣ ਵਾਲਾ ਕਾਲੇ ਰੰਗ ਦਾ ਇੱਕ ਛੋਟਾ ਜਿਹਾ ਜੀਵ ਆਪਣੇ ਤੋਂ ਤਿੱਗੁਣੇ ਆਕਾਰ ਦੀ ਸੁੰਡੀ ਨੂੰ ਸਿਰ ਵਾਲੇ ਪਾਸਿਉਂ ਖਾ ਰਿਹਾ ਸੀ। ਸੁਖਦੇਵ ਸਿੰਘ ਦਾ ਅੰਦਾਜ਼ਾ ਹੈ ਕਿ ਇਹ ਜੀਵ ਕੋਈ ਹੋਰ ਨਹੀਂ ਸਗੋਂ ਕਰਾਈਸੋਪਾ ਦਾ ਲਾਰਵਾ ਸੀ। ਸੁਖਦੇਵ ਸਿੰਘ ਮੁਤਾਬਿਕ ਕਿਸਾਨ ਕੀਟਾਂ 'ਤੇ ਕਾਬੂ ਪਾਉਣ ਲਈ ਕੁਦਰਤ ਨੂੰ ਮੌਕਾ ਦੇਣ ਬਜਾਏ ਕੀੜੇਮਾਰ ਜ਼ਹਿਰਾਂ 'ਤੇ ਭਰੋਸਾ ਕਰਕੇ ਬਹੁਤ ਵੱਡੀ ਗਲਤੀ ਕਰ ਰਹੇ ਹਨ। ਹੁਣ ਵੇਲਾ ਆ ਗਿਆ ਹੈ ਕਿ ਕਿਸਾਨ ਭਰਾ ਕੀੜੇਮਾਰ ਜ਼ਹਿਰਾਂ ਤੋਂ ਪਿੰਡ ਛੁਡਾ ਕੇ ਕੁਦਰਤ ਅਤੇ ਕੁਦਰਤੀ ਖੇਤੀ ਦੇ ਲੜ• ਲੱਗਣ।
 
ਕੁਦਰਤੀ ਖੇਤੀ ਤਹਿਤ ਸਬਜ਼ੀਆਂ ਦੀ ਸਫ਼ਲ ਕਾਸਤ ਕਰ ਰਹੇ ਹਨ ਓਮ ਪ੍ਰਕਾਸ਼ ਮੋਦਗਿੱਲ
ਗੁਰੂ ਕੀ ਨਗਰੀ ਅੰਮ੍ਰਿਸਰ ਦੇ ਰਹਿਣ ਵਾਲੇ ਸ਼੍ਰੀ ਓਮ ਪ੍ਰਕਾਸ਼ ਮੋਦਗਿੱਲ ਸ਼ਹਿਰੀ ਉਪਭੋਗਤਾਵਾਂ ਲਈ ਮਿਸਾਲ ਬਣਦੇ ਜਾ ਰਹੇ ਹਨ। ਸ਼੍ਰੀ ਮੋਦਗਿੱਲ ਪਿਛਲੇ ਕਾਫੀ ਅਰਸੇ ਤੋਂ ਸ਼ਹਿਰੋਂ ਬਾਹਰ ਆਪਣੇ 200 ਗਜ਼ ਦੇ ਪਲਾਟ ਵਿੱਚ ਕੁਦਰਤੀ ਖੇਤੀ ਤਹਿਤ ਆਪਣੀ ਘਰੇਲੂ ਖਪਤ ਲਈ ਲਗਪਗ ਸਾਰੀਆਂ ਹੀ ਸੀਜ਼ਨਲ ਸਬਜ਼ੀਆਂ ਦੀ ਸਫ਼ਲ ਪੈਦਾਵਾਰ ਲੈਂਦੇ ਆ ਰਹੇ ਹਨ।
ਸ਼ਹੀਦਾਂ ਲਾਗੇ ਗਲੀ ਲੁਹਾਰਾਂ ਦੇ ਵਸਨੀਕ ਸ਼੍ਰੀ ਮੋਦਗਿੱਲ ਹੁਣਾਂ ਅਨੁਸਾਰ ਰਿਟਾਇਰਮੈਂਟ ਉਪਰੰਤ ਉਹਨਾਂ ਆਪਣੀ ਧਰਮ ਪਤਨੀ ਸ਼੍ਰੀਮਤੀ ਨਿਸ਼ਾ ਮੋਦਗਿੱਲ ਦੀ ਸਲਾਹ ਨਾਲ ਆਪਣੀ ਘਰੇਲੂ ਖਪਤ ਲਈ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕਲ ਬਾਡੀਜ਼ ਅੰਮ੍ਰਿਤਸਰ ਦੇ ਸੇਵਾਮੁਕਤ ਕਰਮਚਾਰੀ ਅਤੇ ਉਹਨਾਂ ਨੇ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵਿੱਚ ਪੰਜ ਸਾਲ ਸੇਵਾਵਾਂ ਨਿਭਾਉਣ ਵਾਲੇ ਸ਼੍ਰੀ ਮੋਦਗਿੱਲ ਅਨੁਸਾਰ ਉਹਨਾਂ ਲਈ ਇਹ ਬਿਲਕੁੱਲ ਨਵਾਂ ਕੰਮ ਸੀ।  ਪਰ ਜਿਵੇਂ ਕਹਿੰਦੇ ਹਨ ਕਿ ਅਭਿਆਸ ਆਦਮੀ ਨੂੰ ਨਿਪੁੰਨ ਬਣਾ ਦਿੰਦਾ ਹੈ। ਅਜਿਹਾ ਹੀ ਉਹਨਾਂ ਨਾਲ ਵੀ ਹੋਇਆ। ਸ਼ੁਰੂ-ਸ਼ੁਰੂ ਵਿੱਚ ਇੰਟਰਨੈੱਟ ਤੋਂ ਆਰਗੈਨਿਕ ਸਬਜ਼ੀਆਂ ਉਗਾਉਣ ਬਾਰੇ ਜਾਣਕਾਰੀ ਜੁਟਾਈ। ਜਿਹੜੀ ਕਿ ਉਹਨਾਂ ਲਈ ਕਾਫੀ ਲਾਹੇਵੰਦ ਸਿੱਧ ਹੋਈ।
ਸਾਡੇ ਜ਼ਹਿਰ ਮੁਕਤ ਸਬਜ਼ੀਆਂ ਦੀ ਪੈਦਾਵਾਰ ਬਾਰੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਉਹਨਾਂ ਖੇਤੀ  ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਨਾਲ ਇਸ ਸਬੰਧ ਵਿੱਚ ਫ਼ੋਨ 'ਤੇ ਗੱਲ ਕੀਤੀ। ਗੱਲਬਾਤ ਬਹੁਤ ਹੀ ਲਾਹੇਵੰਦ ਸਾਬਿਤ ਹੋਈ ਅਤੇ ਸ਼੍ਰੀ ਦੱਤ ਨੇ ਉਹਨਾਂ ਨੂੰ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜ•ੀਖਾਨਾ ਨਾਲ ਗੱਲ ਕਰਨ ਲਈ ਕਿਹਾ।  ਉਪਰੰਤ ਉਹਨਾਂ ਗੁਰਪ੍ਰੀਤ ਦਬੜ•ੀਖਾਨਾ ਨਾਲ ਲਗਾਤਾਰ ਮਸ਼ਵਰਾ ਕਰਦੇ ਹੋਏ ਆਪਣੀ ਖੇਤੀ ਵਿੱਚ ੇ ਕੁਦਰਤੀ ਖੇਤੀ ਦੀਆਂ ਤਕਨੀਕਾਂ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਸ਼੍ਰੀ ਮੋਦਗਿੱਲ ਅਨੁਸਾਰ ਕੁਦਰਤੀ ਖੇਤੀ ਤਕਨੀਕਾਂ ਬਹੁਤ ਹੀ ਸਰਲ ਅਤੇ ਕਾਰਗਰ ਹਨ। ਸਬਜ਼ੀਆਂ ਦੀ ਕਾਸ਼ਤ ਵਿੱਚ ਗੁੜਜਲ ਅੰਮ੍ਰਿਤ, ਪਾਥੀਆਂ ਦਾ ਪਾਣੀ, ਲੋਹਾ-ਤਾਂਬਾ ਯੁਕਤ ਖੱਟੀ ਲੱਸੀ ਆਦਿ ਬਹੁਤ ਹੀ ਪ੍ਰਭਾਵਸ਼ਾਲੀ ਸਿੱਧ ਹੋ ਰਹੇ ਹਨ। ਇਸ ਵਾਰ ਜਿੱਥੇ ਉਹਨਾਂ ਦੇ ਨੇ 4-4 ਕਿੱਲੋ ਵਜ਼ਨੀ ਗੋਭੀ ਦੀ ਪੈਦਾਵਾਰ ਕੀਤੀ ਉੱਥੇ ਹੀ ਲਸਣ, ਮਟਰ ਅਤੇ ਆਲੂਆਂ ਪੱਖੋਂ ਵੀ ਉਹਨਾਂ ਨੂੰ ਸੰਤੋਸ਼ਜਨਕ ਪੈਦਾਵਾਰ ਮਿਲੀ। ਇਸ ਵੇਲੇ ਵੀ ਉਹਨਾਂ ਦੇ ਕੁਦਰਤੀ ਖੇਤੀ ਪਲਾਟ ਵਿੱਚ ਸਾਉਣੀ ਦੀਆਂ ਲਗਪਗ ਸਾਰੀਆਂ ਹੀ ਸਬਜ਼ੀਆਂ ਲਹਿਰਾ ਰਹੀਆਂ ਹਨ।
ਜ਼ਹਿਰ ਮੁਕਤ ਕੁਦਰਤੀ ਸਬਜ਼ੀਆਂ ਬਾਰੇ ਸਾਡੇ ਨਾਲ ਆਪਣਾ ਅਨੁਭਵ ਸਾਂਝਾ ਕਰਦਿਆਂ ਸ਼੍ਰੀਮਤੀ ਮੋਦਗਿੱਲ ਨੇ ਦੱਸਿਆ ਕੁਦਰਤੀ ਖੇਤੀ ਤਹਿਤ ਉਗਾਈਆਂ ਜਾਂਦੀਆਂ ਜ਼ਹਿਰ ਮੁਕਤ ਸਬਜ਼ੀਆਂ ਦਾ ਬੇਹੱਦ ਦਾ ਸਵਾਦ ਹੀ ਵੱਖਰਾ ਹੈ। ਇਹ ਇੰਨੀਆਂ ਲਜ਼ੀਜ਼ ਬਣਦੀਆਂ ਹਨ ਕਿ ਮੂੰਹੋਂ ਨਹੀਂ ਲਹਿੰਦੀਆਂ। ਤੰਦਰੁਸਤ ਜ਼ਿੰਦਗੀ ਅਤੇ ਸਿਹਤਮੰਦ ਸ਼ਰੀਰ ਲਈ ਜ਼ਹਿਰ ਮੁਕਤ ਸਬਜ਼ਆਂ ਦੀ ਪੈਦਾਵਾਰ ਅਤੇ ਖਪਤ ਸਮੇਂ ਦੀ ਲੋੜ ਹੈ।
ਸ਼੍ਰੀ ਮੋਦਗਿੱਲ ਦਾ ਕਹਿਣਾ ਹੈ ਕਿ  ਆਮ ਸ਼ਹਿਰੀਆਂ ਤੇ ਖਾਸ ਕਰ ਰਿਟਾਇਰਡ ਲੋਕਾਂ ਨੂੰ ਜਿੱਥੇ ਵੀ ਜਗ•ਾ ਮਿਲੇ ਆਪਣੀ ਘਰੇਲੂ ਖਪਤ ਅਤੇ ਪਰਿਵਾਰ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਜ਼ਹਿਰ ਮੁਕਤ ਕੁਦਰਤੀ ਸਬਜ਼ੀਆਂ ਪੈਦਾ ਕਰਨੀਆਂ ਚਾਹੀਦੀਆਂ ਹਨ।  

 
ਘਰੇਲੂ ਬਗੀਚੀ 'ਚੋਂ

ਮਿਸ਼ਨ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਘਰੇਲੂ ਬਗੀਚੀ ਤਹਿਤ ਜ਼ਹਿਰ ਮੁਕਤ ਸਬਜ਼ੀਆ ਉਗਾਉਣ ਦੀ ਮੁਹਿੰਮ ਦੇ ਸਾਰਥਕ ਨਤੀਜੇ ਮਿਲਣੇ  ਸ਼ੁਰੂ ਹੋ ਗਏ ਹਨ। ਮੁਹਿੰਮ ਤਹਿਤ ਮਿਸ਼ਨ ਦੇ ਕਾਰਕੁੰਨਾਂ ਦੁਆਰਾ ਬੀਬੀਆਂ ਨੂੰ ਜ਼ਹਿਰ ਰਹਿਤ ਕੁਦਰਤੀ ਸਬਜ਼ੀਆਂ ਪੈਦਾ ਕਰਨ ਲਈ ਟ੍ਰੇਨਿੰਗ ਦੇਣ ਵਾਸਤੇ ਸਮੇਂ-ਸਮੇਂ ਟ੍ਰੇਨਿੰਗ ਕੈਂਪ ਅਤੇ ਕੀਟ ਪਛਾਣ ਕਾਰਜਸ਼ਾਲਾਵਾਂ ਲਾਈਆਂ ਜਾ ਰਹੀਆਂ ਹਨ। ਇਸ ਵੇਲੇ ਫ਼ਰੀਦਕੋਟ ਜ਼ਿਲ•ੇ ਪਿੰਡ ਡੇਲਿਆਂਵਾਲੀ ਅਤੇ ਕਰੀਰਵਾਲੀ ਵਿਖੇ 100 ਦੇ ਕਰੀਬ ਬੀਬੀਆਂ ਘਰਾਂ ਵਿੱਚ ਜ਼ਹਿਰ ਮੁਕਤ ਸਬਜ਼ੀਆਂ ਦੀ ਬਿਜਾਈ ਕੀਤੀ ਹੋਈ ਹੈ। ਇਸ ਕਾਲਮ ਤਹਿਤ ਅਸੀਂ ਘਰੇਲੂ ਬਗੀਚੀ ਸਬੰਧੀ ਬੀਬੀਆਂ ਦੇ ਕੁੱਝ ਅਨੁਭਵ ਪਾਠਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਖੁਸ਼ੀ ਲੈ ਰਹੇ ਹਾਂ।
ਪਿੰਡ ਡੇਲਿਆਂਵਾਲੀ ਤੋਂ ਬੀਬੀ ਜਸਵੀਰ ਕੌਰ ਨੇ ਸਾਡੇ ਨਾਲ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਘਰੇਲੂ ਬਗੀਚੀ ਵਿੱਚ ਗੁੜਜਲ ਅੰਮ੍ਰਿਤ ਬਣਾ ਕੇ ਪਾਉਂਦੇ ਰਹਿਣ ਸਦਕਾ ਬਗੀਚੀ ਦੀ ਮਿੱਟੀ ਵਿੱਚ ਇੰਨੀ ਜਾਨ ਆ ਗਈ ਹੈ ਕਿ ਉਸ ਵਿੱਚ ਬੀਜੇ ਗਏ ਵੀਹਾਂ 'ਚੋਂ ਉੰਨ•ੀ ਬੀਜ਼ ਉੱਗ ਗਏ। ਗੁੜਜਲ ਅੰਮ੍ਰਿਤ ਸਦਕਾ ਬਗੀਚੀ 'ਚ ਲਾਈਆਂ ਕੱਦੂਆਂ ਆਦਿ ਦੀਆਂ ਵੱਲਾਂ ਵੀ ਬਹੁਤ ਜਲਦੀ ਕੱਤਣ ਲੱਗ ਪਈਆਂ। ਬਗੀਚੀ ਵਿਚਲੇ ਸਾਰੇ ਪੌਦੇ ਆਮ ਨਾਲੋਂ ਤੇਜੀ ਨਾਲ ਵਧ-ਫੁੱਲ ਰਹੇ ਹਨ।
ਇਸੇ ਪਿੰਡ ਤੋਂ ਬੀਬੀ ਜਸਵਿੰਦਰ ਕੌਰ ਨੇ ਦੱਸਿਆ ਕਿ ਬਗੀਚੀ ਵਿੱਚ ਗੁੜਜਲ ਅੰਮ੍ਰਿਤ ਬਣਾ ਕੇ ਪਾਉਣ ਨਾਲ ਪੌਦਿਆਂ ਵਿੱਚ ਨਵੀਂ ਜਾਨ ਪੈ ਗਈ ਅਤੇ ਰੰਗ ਵਿੱਚ ਵੀ ਜ਼ਿਕਰਯੋਗ ਫਰਕ ਆਇਆ।
ਇਸੇ ਤਰ•ਾਂ ਡੇਲਿਆਂਵਾਲੀ ਤੋਂ ਹੀ ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਠੂਠੀ ਰੋਗ ਤੋਂ ਛੁਟਕਾਰੇ ਲਈ ਆਪਣੀ ਘਰੇਲੂ ਬਗੀਚੀ 'ਤੇ ਕੱਚੀ ਲੱਸੀ ਦੀ ਸਪ੍ਰੇਅ ਕੀਤੀ। ਸਿੱਟੇ ਵਜੋਂ ਠੂਠੀ ਰੋਗ ਕਾਰਨ ਟਮਾਟਰ ਅਤੇ ਭਿੰਡੀ ਦੇ ਬੂਟਿਆਂ ਦੇ ਉੱਪਰ ਵੱਲ ਮੁੜੇ ਪੱਤੇ ਪੂਰੀ ਤਰ•ਾਂ ਖੁੱਲ• ਗਏ।
ਪਿੰਡ ਕਰੀਰਵਾਲੀ ਦੀ ਬੀਬੀ ਸੁਖਦੀਪ ਕੌਰ ਨੇ ਚੇਪੇ ਨੂੰ ਕਾਬੂ ਕਰਨ ਲਈ ਖੇਤ ਵਿੱਚ ਮਹੀਨੇ ਤੋਂ ਜਿਆਦਾ ਪੁਰਾਣੀ ਖੱਟੀ ਲੱਸੀ ਦੀ ਸਪ੍ਰੇਅ ਕੀਤੀ ਅਤੇ ਦੇਖਿਆ ਕਿ ਖੱਟੀ ਲੱਸੀ ਦੀ ਸਪ੍ਰੇਅ ਸਦਕਾ ਚੇਪਾ ਖਤਮ ਹੋ ਗਿਆ।
ਇਸੇ ਪਿੰਡ ਦੀ ਬੀਬੀ ਵੀਰਪਾਲ ਕੌਰ ਨੇ ਬਗੀਚੀ ਵਿੱਚ ਵੇਲਾਂ-ਬੂਟਿਆਂ 'ਤੇ ਸੁਰੰਗੀ ਕੀੜੇ ਦੀ ਰੋਕਥਾਮ ਲਈ ਨਿੰਮ• ਦੇ ਪੱਤੇ ਉਬਾਲ ਕੇ ਸਪ੍ਰੇਅ ਕੀਤੀ। ਇਸ ਸਪ੍ਰੇਅ ਸਦਕਾ ਸੁਰੰਗੀ ਕੀੜਾ ਤਾਂ ਕਾਬੂ ਹੋਇਆ ਹੀ ਸਗੋਂ ਕੱਦੂਆਂ ਦੀ ਵੇਲਾਂ ਵੀ ਹਰੀਆਂ-ਭਰੀਆਂ ਹੋ ਗਈਆਂ।
ਇਸੇ ਤਰ•ਾਂ ਕਰੀਰਵਾਲੀ ਦੀ ਹੀ ਬੀਬੀ ਅਮਰਜੀਤ ਕੌਰ ਨੇ ਦੱਸਿਆ ਬਗੀਚੀ 'ਤੇ ਪਾਥੀਆਂ ਦੇ ਪਾਣੀ ਦੀ ਸਪ੍ਰੇਅ ਕਰਨ ਸਦਕਾ ਬਗੀਚੀ ਵਿਚਲੇ ਗੁਆਰੇ ਦੇ ਪੌਦਿਆਂ ਅਤੇ ਕੱਦੂਆਂ ਦੀ ਵੇਲਾਂ ਨੂੰ ਜਲਦੀ 'ਤੇ ਭਰਪੂਰ ਫ਼ਲ ਲੱਗ ਆਇਆ।
ਇਸ ਮਹੀਨੇ ਮਿਸ਼ਨ ਦੇ ਕਾਰਕੁੰਨਾਂ ਨੇ ਫਾਰਮ ਫੀਲਡ ਸਕੂਲ ਤਹਿਤ ਬੀਬੀਆਂ ਨਾਲ ਮਿਲ ਕੇ ਵੇਲਾਂ-ਬੂਟਿਆਂ ਦੇ ਪੱਤਿਆਂ ਵਿੱਚ ਮਿਲਣ ਵਾਲੇ ਸੁਰੰਗੀ ਕੀੜੇ, ਚੇਪੇ ਦੀ ਸ਼ਿਕਾਰੀ ਚੀਨੀ ਮੱਖੀ (ਹੋਵਰ ਫਲਾਈ)  ਅਤੇ ਪੱਤਿਆਂ ਦਾ ਰਸ ਚੂਸ ਕੇ ਪੌਦਿਆਂ ਨੂੰ ਵਾਇਰਸ ਦਾ ਸ਼ਿਕਾਰ ਬਣਾਉਣ ਵਾਲੇ ਚਿੱਟੇ ਮੱਛਰ (ਚਿੱਟੀ ਮੱਖੀ/ ਵਾਈਟ ਫਲਾਈ ਦੀ ਪਛਾਣ ਕੀਤੀ।

ਕੱਦੂ ਭੂੰਡੀ (ਪੰਪਕਿਨ ਬੀਟਲ

ਹੁਣ ਕੱਦੂ,ਲੌਕੀ, ਤੋਰੀਆਂ ਖਾਣ ਦੀ ਰੁੱਤ ਆ ਗਈ ਹੈ ਅਤੇ ਇਸਦੇ ਨਾਲ ਹੀ ਆ ਗਈ ਹੈ ਕੱਦੂ ਭੂੰਡੀ। ਇਹ ਭੂੰਡੀ ਕੱਦੂ ਪ੍ਰਜਾਤੀ ਦੀਆਂ ਸਬਜੀਆਂ ਉੱਪਰ ਹਮਲਾ ਕਰਕੇ ਬਹੁਤ ਨੁਕਸਾਨ ਕਰਦੀ ਹੈ। ਇਸ ਸਮੇਂ ਵਿੱਚ ਜੇ ਕਿਸਾਨ ਸਭ ਤੋਂ ਵੱਧ ਪ੍ਰੇਸ਼ਾਨ ਕਿਸੇ ਤੋਂ ਹੁੰਦੇ ਹਨ ਤਾਂ ਉਹ ਇਹੀ ਹੈ। ਆਉ! ਅੱਜ ਆਪਾਂ ਇਸ ਬਾਰੇ ਜਾਣੀਏ-
ਕੱਦੂ ਭੂੰਡੀ ਦਾ ਵਿਗਿਆਨਕ ਨਾਮ 1vlacophora foveicollis ਹੈ ਅਤੇ ਇਹ 3hrysomelidae ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਹ ਸਾਨੂੰ ਕੱਦੂ, ਤੋਰੀ, ਲੌਕੀ ਦੀਆਂ ਵੱਲ•ਾਂ ਉੱਪਰ ਪੱਤੇ ਖਾਂਦੀ ਨਜ਼ਰ ਆਉਂਦੀ ਹੈ। ਇਸ ਕੀਟ ਦੁਆਰਾ ਮਾਰਚ ਤੋਂ ਮਈ ਦੇ ਦੌਰਾਨ ਫਸਲ ਦਾ ਜ਼ਿਆਦਾ ਨੁਕਸਾਨ ਕੀਤਾ ਜਾਂਦਾ ਹੈ ਅਤੇ ਇਸ ਵਿੱਚੋਂ ਵੀ ਸਭ ਤੋਂ ਵੱਧ ਨੁਕਸਾਨ ਅਪ੍ਰੈਲ ਦੇ ਅੱਧ ਵਿੱਚ ਹੁੰਦਾ ਹੈ।
ਪਹਿਚਾਣ-
ਅੰਡੇ ਪੀਲੀ ਭਾਅ ਲਏ ਗੁਲਾਬੀ ਰੰਗ ਦੇ ਗੋਲ ਆਕਾਰ ਦੇ ਹੁੰਦੇ ਹਨ ਜੋ ਕਿ ਕੁੱਝ ਦਿਨਾਂ ਬਾਅਦ ਸੰਤਰੀ ਰੰਗ ਵਿੱਚ ਬਦਲ ਜਾਂਦੇ ਹਨ। ਅੰਡਿਆਂ ਵਿੱਚੋਂ ਬੱਚੇ ਨਿਕਲਣ ਸਾਰ ਬੱਚਿਆਂ ਦਾ ਰੰਗ ਘਸਮੈਲਾ ਚਿੱਟਾ ਹੁੰਦਾ ਹੈ ਅਤੇ ਜਦ ਇਹ ਪੂਰੇ ਵਿਕਸਿਤ ਹੋ ਜਾਂਦੇ ਹਨ ਤਾਂ ਇਹਨਾਂ ਦਾ ਰੰਗ ਕ੍ਰੀਮੀ-ਪੀਲਾ ਹੋ ਜਾਂਦਾ ਹੈ। ਇਹਨਾਂ ਦੀ ਲੰਬਾਈ 22 ਮਿਲੀਮੀਟਰ ਹੁੰਦੀ ਹੈ। ਪਿਊਪਾ ਪਿਲੱਤਣ ਲਏ ਚਿੱਟੇ (pale white)ਰੰਗ ਦੇ ਹੁੰਦੇ ਹਨ ਅਤੇ ਮਿੱਟੀ ਵਿੱਚ 15 ਤੋਂ 25 ਮਿਲੀਮੀਟਰ ਤੱਕ ਦੀ ਡੂੰਘਾਈ ਵਿੱਚ ਰਹਿੰਦੇ ਹਨ। ਬਾਲਗ 6 ਤੋਂ 8 ਮਿਲੀਮੀਟਰ ਦੀ ਲੰਬਾਈ ਦੇ ਹੁੰਦੇ ਹਨ।
ਜੀਵਨ ਚੱਕਰ
ਮਾਦਾ ਪੌਦੇ ਦੇ ਨੇੜੇ ਗਿੱਲੀ ਮਿੱਟੀ ਵਿੱਚ 25 ਮਿਲੀਮੀਟਰ ਦੀ ਗਹਿਰਾਈ ਵਿੱਚ ਪੀਲੇ ਰੰਗ ਦੇ ਅੰਡੇ ਦਿੰਦੀ ਹੈ। ਇੱਕ ਮਾਦਾ 150 ਤੋਂ 200 ਅੰਡੇ ਦਿੰਦੀ ਹੈ। ਅੰਡਿਆਂ ਵਿੱਚੋਂ 5 ਤੋਂ 27 ਦਿਨਾਂ ਦੇ ਅੰਦਰ ਬੱਚੇ ਨਿਕਲਦੇ ਹਨ। ਇਹ ਸਮਾਂ ਤਾਪਮਾਨ ਅਤੇ ਮਿੱਟੀ ਵਿੱਚ ਨਮੀ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਗਰੱਬ ਪੌਦਿਆਂ ਦੀਆਂ ਜੜ•ਾਂ ਖਾਂਦੇ ਹਨ। ਗਰੱਬ 12 ਤੋਂ 34 ਦਿਨਾਂ ਦੇ ਅੰਦਰ ਪੂਰੇ ਵਿਕਸਿਤ ਹੋ ਜਾਂਦੇ ਹਨ ਅਤੇ ਮਿੱਟੀ ਵਿੱਚ ਪਿਊਪਾ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ। ਪਿਊਪਾ ਅਵਸਥਾ 15 ਤੋਂ 35 ਦਿਨ ਤੱਕ ਦੀ ਹੁੰਦੀ ਹੈ। ਬਾਲਗ 20 ਤੋਂ 197 ਦਿਨਾਂ ਤੱਕ ਜੀਵਿਤ ਰਹਿੰਦੇ ਹਨ। ਇਸ ਤਰ•ਾ ਇਸਦਾ ਜੀਵਨ ਚੱਕਰ 52 ਤੋਂ 270 ਦਿਨਾਂ ਵਿੱਚ ਪੂਰਾ ਹੁੰਦਾ ਹੈ। ਇਹ ਕੀਟ ਨੂੰ ਗਰਮ ਮੌਸਮ ਵਿੱਚ ਜ਼ਿਆਦਾ ਕਿਰਿਆਸ਼ੀਲ ਪਾਇਆ ਗਿਆ ਹੈ ਅਤੇ ਮੱਧ ਅਪ੍ਰੈਲ ਤੱਕ ਇਹ ਪੂਰੇ ਜ਼ੋਰ ਤੇ ਹੁੰਦਾ ਹੈ।
ਮੇਜ਼ਬਾਨ ਪੌਦੇ

ਇਹ ਕੱਦੂ ਪਰਿਵਾਰ ਨਾਲ ਸੰਬੰਧਿਤ ਫਸਲਾਂ ਖੀਰਾ, ਖਰਬੂਜ਼ਾ, ਤਰਬੂਜ਼, ਕੱਦੂ, ਤੋਰੀ, ਲੌਕੀ, ਕਰੇਲਾ ਆਦਿ ਉੱਪਰ ਹਮਲਾ ਕਰਦੀ ਹੈ। ਇਸ ਵੱਲੋਂ ਸਭ ਤੋਂ ਵੱਧ ਨੁਕਸਾਨ ਕੱਦੂ, ਲੌਕੀ (ਅੱਲ) ਦਾ ਕੀਤਾ ਜਾਂਦਾ ਹੈ। ਕਰੇਲੇ ਅਤੇ ਤੋਰੀ ਵਿੱਚ ਇਹਨਾਂ ਦੇ ਮੁਕਾਬਲੇ ਘੱਟ ਨੁਕਸਾਨ ਕਰਦੀ ਹੈ।

ਨੁਕਸਾਨ
ਬਾਲਗ ਅਤੇ ਗਰੱਬ ਪੌਦਿਆਂ ਦੀ ਅਰੰਭਿਕ ਅਵਸਥਾ ਵਿੱਚ ਅਤੇ ਫੁੱਲ ਲੱਗਣ ਦੀ ਅਵਸਥਾ ਵਿੱਚ ਪੱਤੇ ਅਤੇ ਫੁੱਲ ਖਾ ਕੇ ਨੁਕਸਾਨ ਕਰਦੇ ਹਨ। ਇਹ ਪੱਤਿਆਂ ਵਿੱਚ ਮੋਰੀ ਕਰਦੇ ਹਨ ਜਿਸ ਨਾਲ ਪੌਦਾਂ ਜਾਂ ਤਾਂ ਖ਼ਤਮ ਹੋ ਜਾਂਦਾ ਹੈ ਜਾਂ ਵਿਕਾਸ ਰੁਕ ਜਾਂਦਾ ਹੈ। ਪੌਦਿਆਂ ਦੀ ਅਰੰਭਿਕ ਅਵਸਥਾ ਵਿੱਚ ਇਹਨਾਂ ਦਾ ਹਮਲਾ ਹੋਣ ਕਰਕੇ ਫਸਲ ਨੂੰ ਫਲ ਦੇਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਜ਼ਿਆਦਾ ਹਮਲਾ ਹੋਣ ਤੇ ਦੁਬਾਰਾ ਬਿਜਾਈ ਵੀ ਕਰਨੀ ਪੈ ਸਕਦੀ ਹੈ। ਲਾਰਵਾ ਮਿੱਟੀ ਵਿੱਚ ਰਹਿੰਦੇ ਹਨ ਅਤੇ ਪੌਦੇ ਦੀਆਂ ਜੜ•ਾਂ ਅਤੇ ਡੰਡੀਆਂ ਖਾਂਦੇ ਹਨ। ਜਦੋਂ ਫਲ ਜਾਂ ਪੱਤੇ ਵੀ ਮਿੱਟੀ ਨਾਲ ਲੱਗਦੇ ਹਨ ਤਾਂ ਇਹ ਉਹਨਾਂ ਨੂੰ ਵੀ ਖਾ ਜਾਂਦੇ ਹਨ। ਇਹਨਾਂ ਦੇ ਕਰਕੇ ਉੱਲੀ ਵੀ ਆ ਜਾਂਦੀ ਹੈ। ਇਹ ਅਕਸਰ ਸਮੂਹ ਵਿੱਚ ਨਵੇਂ ਅਤੇ ਵੱਡੇ ਪੱੀਂਤਆਂ ਉੱਪਰ ਹੁੰਦੀਆਂ ਹਨ ਅਤੇ ਪੱਤਿਆਂ ਨੂੰ ਖਾਂਦੀਆਂ ਹਨ ਜਿਸ ਕਰਕੇ ਪੱਤੇ ਵਿੱਚ ਵੱਡੇ ਮੋਰੇ ਨਜ਼ਰ ਆਉਂਦੇ ਹਨ। ਇਹ ਅਗਲੇ ਪੱਤੇ ਤੇ ਉਦੋਂ ਜਾਂਦੀਆਂ ਹਨ ਜਦ ਇੱਕ ਪੱਤੇ ਨੂੰ ਪੂਰਾ ਖਤਮ ਕਰ ਲੈਣ ਤੇ ਸਿਰਫ ਉਸਦਾ ਪਿੰਜਰ ਰਹਿ ਜਾਵੇ।
ਕੰਟਰੋਲ
ਇਸ ਭੂੰਡੀ ਵਿੱਚ ਕੁੱਝ ਅਜਿਹੇ ਰਸਾਇਣ ਹੁੰਦੇ ਹਨ ਕਿ ਸ਼ਿਕਾਰੀ ਕੀਟ ਇਸਤੋਂ ਪਰਹੇਜ਼ ਕਰਦੇ ਹਨ। ਇਸਦੇ ਚਮਕੀਲੇ ਰੰਗ ਸ਼ਿਕਾਰੀਆਂ ਨੂੰ ਇਹ ਚੇਤਾਵਨੀ ਦਿੰਦੇ ਹਨ ਕਿ ਇਹ ਬੇਸੁਆਦ ਹਨ। ਇਸਲਈ ਕਿਸਾਨਾਂ ਨੂੰ ਉਹ ਕੀਟ ਪ੍ਰਤੀਰੋਧੀ ਕਿਸਮਾਂ ਉਗਾਉਣੀਆਂ ਚਾਹੀਦੀਆਂ ਹਨ।
• ਇਹਨਾਂ ਦੇ ਹਮਲੇ ਦੀਆਂ ਸ਼ਿਕਾਰ ਫਸਲਾਂ ਦੇ ਕੋਲ ਨਵੀਆਂ ਫਸਲਾਂ ਨਹੀ ਲਗਾਉਣੀਆਂ ਚਾਹੀਦੀਆਂ।
• ਸਵੇਰ ਦੇ ਸਮੇਂ ਜਾਂ ਸ਼ਾਮ ਨੂੰ ਇਸ ਭੂੰਡੀ ਨੂੰ ਆਸਾਨੀ ਨਾਲ ਪਕੜਿਆ ਜਾ ਸਕਦਾ ਹੈ। ਇਹ ਤਰੀਕਾ ਘਰੇਲੂ ਬਗੀਚੀ ਵਿੱਚ ਉਪਯੋਗੀ ਹੋ ਸਕਦਾ ਹੈ।
• ਸੁਆਹ- ਅੱਧਾ ਕੱਪ ਸੁਆਹ (ਸਿਰਫ ਲੱਕੜੀ, ਪਾਥੀਆਂ, ਛਟੀਂਆਂ ਦੀ ਸੁਆਹ)ਅਤੇ ਅੱਧਾ ਕੱਪ ਚੂਨਾ 4 ਲਿਟਰ ਪਾਣੀ ਵਿੱਚ ਮਿਲਾਓ। ਇਸਨੂੰ ਕੁੱਝ ਘੰਟੇ ਪਿਆ ਰਹਿਣ ਦਿਉ। ਵੱਡੇ ਪੱਧਰ ਤੇ ਛਿੜਕਾਅ ਕਰਨ ਤੋਂ ਪਹਿਲਾਂ ਕੁੱਝ ਪੌਦਿਆਂ ਉੱਪਰ ਕਰਕੇ ਵੇਖੋ।
• ਨਿਮੋਲੀ ਦੇ 5% ਘੋਲ ਨੂੰ ਛਿੜਕ ਕੇ ਮਾਦਾ ਨੂੰ ਅੰਡੇ ਦੇਣ ਤੋ ਰੋਕਿਆ ਜਾ ਸਕਦਾ ਹੈ।