Tuesday, 3 July 2012

ਸਰਗਰਮੀਆਂ

ਖੇਤੀ ਵਿਰਾਸਤ ਮਿਸ਼ਨ ਕਰਵਾਏਗਾ ਪੰਜਾਬ ਦੇ ਵਾਤਾਵਰਣੀ ਜ਼ਹਿਰੀਲੇਪਨ ਅਤੇ ਸਿਹਤਾਂ 'ਤੇ ਇਸਦੇ ਮਾਰੂ ਅਸਰਾਂ ਬਾਰੇ ਵਿਸਤ੍ਰਿਤ ਅਧਿਐਨ
ਖੇਤੀ ਵਿਰਾਸਤ ਮਿਸ਼ਨ ਦੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁੱਪ ਵੱਲੋਂ ਬੀਤੀ 27 ਮਈ ਨੂੰ ਬਠਿੰਡਾ ਵਿਖੇ ਵਾਤਾਵਰਣੀ ਜ਼ਹਿਰਾਂ ਅਤੇ ਇਹਨਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਦੀ ਮੈਪਿੰਗ ਹਿਤ ਪੰਜਾਬ ਭਰ ਵਿੱਚ ਕੀਤੇ ਜਾਣ ਵਾਲੇ ਅਧਿਐਨ ਸਬੰਧੀ ਇਸ ਉਪਰਾਲੇ ਵਿੱਚ ਭਾਗੀਦਾਰ ਸਮੂਹ ਹਮਖਿਆਲ ਜੱਥੇਬੰਦੀਆਂ ਅਤੇ ਵਿਅਕਤੀਆਂ ਲਈ ਮੁਢਲੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਅਮਰ ਸਿੰਘ ਆਜ਼ਾਦ ਅਤੇ ਡਾ. ਜੀ. ਪੀ. ਆਈ ਸਿੰਘ ਨੇ ਪੰਜਾਬ ਨੂੰ ਦਰਪੇਸ਼ ਸਿਹਤਾਂ ਅਤੇ ਵਾਤਾਵਰਣ ਦੇ ਮੌਜੂਦਾ ਸੰਕਟ ਦੇ ਮੱਦੇ ਨਜ਼ਰ ਪੰਜਾਬ ਦੀ ਟਾਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੋਲੌਜ਼ੀਕਲ ਮੈਪਿੰਗ ਦੀ ਲੋੜ ਸਬੰਧੀ ਵਿਸਥਾਰ ਨਾਲ ਨਾਲ ਚਾਨਣਾ ਪਾਇਆ।
ਵਰਕਸ਼ਾਪ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਹੁਣਾਂ ਸਮੇਤ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਤੋਂ ਸ਼੍ਰੀ ਸੁਖਦੇਵ ਸਿੰਘ ਭੁਪਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸ਼੍ਰੀ ਬੋਘ ਸਿੰਘ ਮਾਨਸਾ ਅਤੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ, ਪੰਜਾਬ ਦੇ ਪ੍ਰਧਾਨ ਡਾ. ਸ਼ਿਵ ਦੱਤ ਗੁਪਤਾ  ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।
ਅੰਤ ਵਿੱਚ ਸੂਬੇ ਦੇ ਮੌਜੂਦਾ ਹਾਲਾਤਾਂ ਉੱਪਰ ਖੁੱਲ੍ਹਾ ਵਿਚਾਰ-ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਖੇਤੀ ਵਿਰਾਸਤ ਮਿਸ਼ਨ  ਦੁਆਰਾ ਸਮੂਹ ਹਮਖ਼ਿਆਲ ਸੰਸਥਾਵਾਂ ਅਤੇ ਵਿਅਕਤੀਆਂ ਨਾਲ ਮਿਲ ਕੇ ਇਨਵਾਇਰਨਮੈਂਟ ਹੈਲਥ ਐਕਸ਼ਨ ਗਰੁੱਪ ਦੀ ਅਗਵਾਈ ਵਿੱਚ ਸਮੁੱਚੇ ਪੰਜਾਬ ਦੀ ਟਾਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲੌਜ਼ੀਕਲ ਮੈਪਿੰਗ ਕੀਤੀ ਜਾਵੇਗੀ। ਇਹ ਵੀ ਫੈਸਲਾ ਲਿਆ ਗਿਆ ਕਿ ਵੱਖ-ਵੱਖ ਪਰੰਤੂ ਬਾ-ਦਲੀਲ ਤਰੀਕਿਆਂ ਨਾਲ ਸਰਕਾਰ 'ਤੇ ਵੀ ਇਸ ਗੱਲ ਲਈ ਦਬਾਅ ਬਣਾਇਆ ਜਾਵੇਗਾ ਕਿ ਉਹ ਨੇੜ ਭਵਿੱਖ ਵਿੱਚ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਵਾਤਾਵਰਣ ਅਤੇ ਸਿਹਤਾਂ ਵਿੱਚ ਘੁਲ ਚੁੱਕੇ ਜ਼ਹਿਰੀਲੇ ਮਾਦਿਆਂ ਅਤੇ ਉਹਨਾਂ ਦੇ ਮਾਰੂ ਅਸਰਾਂ ਦਾ ਪਤਾ ਲਾਉਣ ਲਈ ਉਪਰੋਕਤ ਕਾਰਜ ਆਰੰਭ ਕਰੇ। ਤਾਂ ਕਿ ਪੰਜਾਬ ਦੀ ਜ਼ਹਿਰ ਅਤੇ ਰੋਗ ਮੁਕਤੀ ਦੇ ਉਪਰਾਲੇ ਜਲਦੀ ਤੋਂ ਜਲਦੀ ਆਰੰਭੇ ਜਾ ਸਕਣ।


ਬਰਨਾਲਾ ਵਿਖੇ ਹੋਇਆ ਵਿਸ਼ਵ ਵਾਤਾਵਰਣ ਦਿਵਸ ਦਾ ਆਯੋਜਨ
ਰੁੱਖ ਧਰਤੀ ਦਾ ਸ਼ਿੰਗਾਰ ਹਨ ਤੇ ਇਹਨਾਂ ਦਾ ਉਜਾੜਾ ਧਰਤੀ ਦੇ ਕ੍ਰੋਧ ਦੀ ਵਜ੍ਹਾ : ਲਕਸ਼ਮਣ ਸਿੰਘ

ਬੀਤੀ 5 ਜੂਨ ਨੂੰ ਸ਼੍ਰੀ ਸੁਰਿੰਦਰਪਾਲ ਕੌਸ਼ਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾ ਸ਼੍ਰੀ ਕੌਸ਼ਲ ਜੀਆਂ ਦੇ ਮਾਤਾ-ਪਿਤਾ ਦੀ ਯਾਦ ਵਿੱਚ ਬਰਨਾਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਦਾ ਆਯੋਜਨ ਕੀਤਾ ਗਿਆ। ਈਸ਼ਵਰ ਆਸ਼ਾ ਮੈਮੋਰੀਅਲ ਇਨਵਾਇਰਨਮੈਂਟ ਟ੍ਰਸਟ ਦੇ ਬੈਨਰ ਥੱਲੇ ਕੀਤੇ ਗਏ ਇਸ ਆਯੋਜਨ ਵਿੱਚ ਜੰਗਲ ਲਾਉਣ ਦੇ ਆਪਣੇ ਕੰਮ ਕਾਰਨ ਸੰਸਾਰ ਪ੍ਰਸਿੱਧ ਵਾਤਾਵਰਣ ਪੁਰਸ਼ ਸ਼੍ਰੀ ਲਛਮਣ ਸਿੰਘ, ਜੈਪੁਰ-ਰਾਜਸਥਾਨ ਅਤੇ ਸ਼੍ਰੀ ਸਚਿੱਦਾਨੰਦ ਭਾਰਤੀ, ਪੌੜੀਗੜਵਾਲ-ਉੱਤਰਾਖੰਡ ਖੇਤੀ ਵਿਰਾਸਤ ਮਿਸ਼ਨ ਦੇ ਸੱਦੇ 'ਤੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਆਯੋਜਨ ਵਿੱਚ ਜਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਦੇ ਪ੍ਰਤਿਨਿਧੀਆਂ ਸਮੇਤ ਵੱਡੀ ਗਿਣਤੀ ਵਿੱਚ ਆਮ ਸ਼ਹਿਰੀ ਪੂਰੇ ਉਤਸਾਹ ਨਾਲ ਸ਼ਾਮਿਲ ਹੋਏ। ਆਯੋਜਨ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਕਵਿਤਾ ਸਿੰਘ ਨੇ ਕੀਤੀ।
ਦੀਪ ਜਲਾਉਣ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਸੁਰਿੰਦਰਪਾਲ ਕੌਸ਼ਲ ਨੇ ਆਏ ਹੋਏ ਸੱਜਣਾਂ ਦਾ ਸਵਾਗਤ ਕਰਦਿਆਂ ਸਭ ਨੂੰ ਵਾਤਾਵਰਣ ਬਚਾਉਣ ਅਤੇ ਕੁਦਰਤ ਦੀ ਰੱਖਿਆ ਲਈ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਨੇ ਆਏ ਹੋਏ ਸੱਜਣਾਂ ਨੂੰ ਸ਼ੀ੍ਰ ਲਛਮਣ ਸਿੰਘ ਅਤੇ ਸ਼੍ਰੀ ਸਚਿੱਦਾਨੰਦ ਭਾਰਤੀ ਨਾਲ ਜਾਣੂ ਕਰਵਾਇਆ ਅਤੇ ਸੱਚੇ ਅਰਥਾਂ ਵਿੱਚ ਵਾਤਾਵਰਣ ਦੀ ਰੱਖਿਆ ਲਈ ਜ਼ਾਨ ਲਗਾ ਦੇਣ ਵਾਲੇ ਇਹਨਾਂ ਮਹਾਪੁਰਸ਼ਾਂ ਦੇ ਜੀਵਨ ਅਤੇ ਉਪਲਭਧੀਆਂ ਉੱਤੇ ਚਾਨਣਾ ਪਾਇਆ।
ਜ਼ਿਕਰਯੋਗ ਹੈ ਕਿ ਸ਼੍ਰੀ ਜਿੱਥੇ ਸ਼੍ਰੀ ਲਕਸ਼ਮਣ ਸਿੰਘ ਨੇ ਆਪਣੇ ਸੱਚੇ ਯਤਨਾਂ ਸਦਕਾ ਟੌਂਕ ਰਾਜਸਥਾਨ ਦੇ ਰੇਗਸਥਾਨ ਵਿੱਚ ਜੰਗਲ ਪੁਨਰਸੁਰਜੀਤ ਕਰਕੇ ਇੱਕ ਵੱਡੇ ਇਲਾਕੇ ਦੇ ਅਨੇਕਾਂ ਪਿੰਡਾਂ ਨੂੰ ਹਰ ਪੱਖੋਂ ਖੁਸ਼ਹਾਲ ਅਤੇ ਆਤਮ ਨਿਰਭਰ ਬਣਾਇਆ ਹੈ ਉੱਥੇ ਹੀ ਸ਼੍ਰੀ ਸੱਚਿਦਾਨੰਦ ਭਾਰਤੀ ਨੇ ਵਿਸ਼ਵ ਵਿੱਚ ਸਭ ਤੋਂ ਵੱਧ ਉੱਚਾਈ 'ਤੇ ਜੰਗਲ ਨੂੰ ਪੂਰਨ ਰੂਪ ਵਿੱਚ ਪੁਨਰ ਸੁਰਜੀਤ ਕਰਕੇ ਇਤਿਹਾਸ ਸਿਰਜਿਆ ਹੈ।
ਇਸ ਮੌਕੇ ਹਾਜ਼ਰੀਨ ਨਾਲ ਰੂ-ਬ-ਰੂ ਹੁੰਦਿਆਂ ਸ਼੍ਰੀ ਲਕਸ਼ਮਣ ਸਿੰਘ ਨੇ ਕਿਹਾ ਕਿ ਵਾਤਾਵਰਣ ਵਿੱਚ ਆ ਰਹੀਆਂ ਖ਼ਰਾਬੀਆਂ ਲਈ ਮਨੁੱਖ ਹੀ ਸਭ ਤੋਂ ਵੱਧ ਜ਼ਿੰਮੇਵਾਰ ਹੈ। ਅਸੀਂ ਧਰਤੀ ਸਮੇਤ ਸਮੁੱਚੀ ਕਾਇਨਾਤ ਨਾਲ ਮਾਂ-ਬੱਚੇ ਵਾਲਾ ਰਿਸ਼ਤੇ ਤੋੜ ਕੇ ਕੁਦਰਤ ਦੇ ਸਾਰੇ ਤਾਣੇ-ਬਾਣੇ ਵਿੱਚ ਵਿਗਾੜ ਪੈਦਾ ਕੀਤੇ ਹਨ। ਨਤੀਜ਼ੇ ਵਜੋਂ ਮਨੁੱਖ ਜਾਤੀ ਸਮੇਤ ਸ਼੍ਰਿਸ਼ਟੀ ਦਾ ਹਰੇਕ ਜੀਵ ਭਿਆਨਕ ਪੀੜਾ ਸਹਿਣ ਕਰ ਰਿਹਾ ਹੈ।
ਉਹਨਾਂ ਹੋਰ ਕਿਹਾ ਕਿ ਜਦੋਂ ਪੁੱਤਰ ਮਾਂ (ਧਰਤੀ) ਦੀ ਸੇਵਾ ਤੋਂ ਮੁਨਕਰ ਹੋ ਜਾਂਦੇ ਹਨ ਤਾਂ ਮਾਂ ਨੂੰ ਕ੍ਰੋਧ ਆਉਂਦਾ ਹੈ। ਸਾਡਾ ਰਹਿਣ-ਸਹਿਣ ਮਾਂ ਨਾਲ ਠੀਕ ਨਹੀਂ ਹੈ। ਇਹੀ ਕਾਰਨ ਹੈ ਕਿ ਧਰਤੀ ਮਾਂ ਸੋਕੇ, ਹੜ, ਤੁਫ਼ਾਨਾਂ ਆਦਿ ਰਾਹੀਂ ਆਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਹੀ ਹੈ। ਅਸੀਂ ਇਸ ਗੁੱਸੇ ਦਾ ਸ਼ਿਕਾਰ ਰਹੇ ਹਾਂ। ਇਸ ਲਈ ਇਸ ਗੱਲ ਨੂੰ ਚੰਗੀ ਤਰ੍ਹਾ ਸਮਝਦੇ ਹਾਂ ਅਤੇ ਇਸ ਸਮਝ ਸਦਕਾ ਹੀ ਆਪਣੇ ਇਲਾਕੇ ਵਿੱਚ ਥਾਂ-ਥਾਂ ਤਾਲਾਬ ਬਣਾਉਣ ਦੇ ਨਾਲ-ਨਾਲ ਹਜ਼ਾਰਾਂ ਏਕੜ ਜੰਗਲ ਲਾ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਰੁੱਖ ਧਰਤੀ ਦਾ ਸ਼੍ਰਿੰਗਾਰ ਹਨ ਅਤੇ ਜਦੋ ਰੁੱਖ ਵੱਢੇ ਜਾਂਦੇ ਹਨ ਤਾਂ ਧਰਤੀ ਨੱਕੋਂ-ਕੰਨੋਂ ਬੁੱਚੀ ਹੋ ਜਾਂਦੀ ਹੈ, ਉਸਦਾ ਸ਼੍ਰਿਗਾਰ ਉੱਜੜਦਾ ਹੈ। ਅਸੀਂ ਆਪਣੀ ਨੱਕੋਂ-ਕੰਨੋਂ ਬੁੱਚੀ ਹੋ ਚੁੱਕੀ ਧਰਤੀ ਮਾਂ ਦਾ ਸ਼ਿੰਗਾਰ ਕੀਤਾ ਅਤੇ ਸਾਡੇ ਲਈ ਖੁਸ਼ਹਾਲੀ ਦੇ ਦਰ ਖੁੱਲ੍ਹ  ਗਏ । ਇਸ ਵੇਲੇ ਲਪੌੜੀਆ ਪਿੰਡ ਦੇ ਲੋਕ ਪ੍ਰਤੀ ਛਿਮਾਹੀ ਦੁੱਧ ਦੀ ਪੈਦਾਵਾਰ ਤੋਂ 40 ਲੱਖ ਰੁਪਏ ਕਮਾ ਰਹੇ ਹਨ।
ਇਸ ਮੌਕੇ ਸ਼੍ਰੀ ਭਾਰਤੀ ਜੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਵਾਤਵਰਣ ਦਿਵਸ ਵਰਗੇ ਦਿਨ, “ ਬੰਨ੍ਹੇ  ਹੋਏ ਦਿਨ ਹੁੰਦੇ ਹਨ, ਅਜਿਹੇ ਆਯੋਜਨਾਂ 'ਚ ਜਾ ਕੇ ਇੰਞ ਲੱਗਦਾ ਹੈ ਜਿਵੇਂ ਕੁੱਝ ਬੰਨ੍ਹੇ ਹੋਏ ਲੋਕ, ਇੱਕ ਬੰਨ੍ਹੇ ਹੋਏ ਪ੍ਰੋਗਰਾਮ ਵਿੱਚ ਪੂਰਾ ਦਿਨ ਬੰਨ੍ਹ  ਕੇ ਬਿਠਾਏ ਹੋਣ। ਕਿਉਂਕਿ ਵਾਤਵਰਣ ਦਾ ਕੰਮ ਕਰਨ ਵਾਲੇ ਲੋਕ ਤਾਂ ਖੁੱਲ੍ਹੇ  ਮਨ ਦੇ ਆਜ਼ਾਦ ਪੰਛੀ ਤਰ੍ਹਾ  ਹੁੰਦੇ ਹਨ, ਉਹ ਕਿਤੇ ਇੱਕ ਜਗ੍ਹਾ ਜਿਆਦਾ ਦੇਰ ਬੰਨ੍ਹ  ਕੇ ਨਹੀਂ ਬੈਠ ਸਕਦੇ।”
ਸ਼੍ਰੀ ਭਾਰਤੀ ਨੇ ਆਏ ਹੋਏ ਸੱਜਣਾਂ ਨਾਲ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਜੇਕਰ ਸਭ ਤੋਂ ਵੱਧ ਨੁਕਸਾਨ ਕਿਸੇ ਤੋਂ ਹੋ ਰਿਹਾ ਹੈ ਤਾਂ ਉਹ ਹੈ ਜੰਗਲਾਂ ਦੀ ਨਿਰਮਮ ਅਤੇ ਅੰਨ੍ਹੇਵਾਹ ਕਟਾਈ ਤੋਂ। ਜੰਗਲ ਆਪਣੇ ਆਪ ਵਿੱਚ ਦਰਖਤਾਂ ਦਾ ਸਮੂਹ ਮਾਤਰ ਨਹੀਂ ਸਗੋਂ ਸਮੁੱਚੀ ਸ਼੍ਰਿਸ਼ਟੀ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਇਸਦਾ ਅਹਿਮ ਯੋਗਦਾਨ ਰਹਿੰਦਾ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਜੰਗਲ ਨਦੀਆਂ ਦੀ ਮਾਂ ਹੈ ਅਰਥਾਤ ਨਦੀਆਂ ਨੂੰ ਜਨਮ ਦੇਣ ਵਾਲੀ ਸ਼ਕਤੀ! ਪਰੰਤੂ ਅੱਜ ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਪ੍ਰਤੀ ਦਿਨ ਹਜ਼ਾਰਾਂ ਏਕੜ ਜੰਗਲ ਮਨੁੱਖ ਦੇ ਲਾਲਚ ਦੀ ਭੇਟ ਚੜਦੇ ਜਾ ਰਹੇ ਹਨ।
ਅਸੀਂ ਆਪਣੇ ਉੱਤਰਾਖੰਡ ਵਿਚਲੇ ਆਪਣੇ ਪਹਾੜੀ ਪਿੰਡਾਂ ਵਿੱਚ ਜੰਗਲ ਲਾਉਣ ਦਾ ਕੰਮ ਆਪਣੀ ਲੋੜ ਲਈ ਕੀਤਾ ਸੀ ਨਾ ਕਿ ਵਾਤਾਵਰਣ ਬਚਾਉਣ ਲਈ। ਜੰਗਲ ਦੀ ਅਣਹੋਂਦ ਵਿੱਚ ਸਾਡੀਆਂ ਮਾਵਾਂ, ਭੈਣਾਂ ਨੂੰ ਜਿਹੜੀ ਤਕਲੀਫ਼ ਝਾਗਣੀ ਪੈਂਦੀ ਸੀ, ਊਸਤੋਂ ਛੂਟਕਾਰਾ ਪਾਉਣ ਦਾ ਇੱਕੋ-ਇੱਕ ਰਾਹ ਜੰਗਲ ਲਾਉਣ ਦਾ ਸੀ।  ਸੋ ਅਸੀਂ ਸਮੂਹ ਗ੍ਰਾਮੀਣਾਂ ਨੇ ਮਿਲ ਕੇ ਜੰਗਲ ਨੂੰ ਪੁਨਰ ਸੁਰਜੀਤ ਕਰਨ ਦੀ ਠਾਣ ਲਈ ਅਤੇ ਕੰਮ ਵਿੱਚ ਜੁਟ ਗਏ। ਸਭ ਤੋਂ ਪਹਿਲਾਂ ਪਹਾੜਾਂ ਦੀਆਂ ਢਲਾਣਾਂ 'ਤੇ ਛੋਟੇ-ਛੋਟੇ ਚਾਲ ਅਤੇ ਖਾਲ• ਬਣਾ ਕੇ ਮੀਂਹ ਦੇ ਪਾਣੀ ਨੂੰ ਰੋਕਣ ਦਾ ਪ੍ਰਬੰਧ ਕੀਤਾ। ਫਿਰ ਚੱਲ ਸੋ ਚੱਲ 20,000 ਤਾਲਾਬ ਬਣ ਗਏ। ਇਹ ਸਭ ਰਾਤੋ-ਰਾਤ ਨਹੀਂ ਹੋ ਗਿਆ 15 ਸਾਲ ਲੱਗੇ ਜੰਗਲ ਦੀ ਪੁਨਰ ਸੁਰਜੀਤੀ ਵਿੱਚ। ਜੰਗਲ ਦੇ ਮੁੜ ਪਰਤਣ ਨਾਲ ਸੁਕ ਚੁੱਕੇ ਝਰਨਿਆਂ ਸਮੇਤ ਛੋਟੀਆਂ-ਵੱਡੀਆਂ ਕਿੰਨੀਆਂ ਹੀ ਨਦੀਆਂ ਮੁੜ ਜ਼ਿੰਦਾ ਹੋ ਗਈਆਂ। ਉਹ ਪਸ਼ੂ-ਪੰਛੀ ਵੀ ਵਾਪਸ ਪਰਤ ਆਏ ਜਿਹੜੇ ਕਿ ਜੰਗਲ ਦੇ ਨਾਲ ਹੀ ਕਿਧਰੇ ਚਲੇ ਗਏ ਸਨ।
ਇਸ ਸਭ ਦਾ ਸਾਕਾਰਤਾਮਕ ਅਸਰ ਲੋਕਾਂ ਦੇ ਜੀਵਨ, ਉਹਨਾਂ ਦੀ ਆਰਥਿਕਤਾ 'ਤੇ ਪਿਆ। ਜੰਗਲ ਆਪਣੇ ਨਾਲ ਜਿਹੜੀ ਹਰਿਆਲੀ ਅਤੇ ਪਾਣੀ ਲੈ ਆਇਆ ਉਹ ਜੰਗਲ ਦੀ ਵਾਪਸੀ ਲਈ ਜ਼ਾਨ ਲਗਾ ਕੇ ਲੱਕ ਤੋੜਵੀਂ ਮਿਹਨਤ ਕਰਨ ਵਾਲੇ ਸਮਾਜ ਲਈ ਚਿਰਜੀਵੀ ਖੁਸ਼ਹਾਲੀ ਲੈ ਕੇ ਆਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਮੁਖੀ ਬਰਨਾਲਾ ਮੈਡਕ ਕਵਿਤਾ ਸਿੰਘ ਨੇ ਵਰਤਮਾਨ ਹਾਲਾਤਾਂ ਬਾਰੇ ਲੋਕਾਂ ਨੂੰ ਚੌਕਸ ਕਰਦਿਆਂ ਵਾਤਾਵਰਣ ਦੀ ਸੇਵਾ, ਸੰਭਾਲ ਅਤੇ ਰੱਖਿਆ ਲਈ ਠੋਸ ਉਪਰਾਲੇ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸਾਡੀਆਂ ਜਿਆਦਾਤਰ ਸਮੱਸਿਆਵਾਂ ਦੀ ਜੜ੍ਹ  ਬੁਰੀ ਤਰ੍ਹਾ ਪਲੀਤ ਹੋ ਚੁੱਕੇ ਵਾਤਾਵਰਣ ਵਿੱਚ ਹੈ। ਸੋ ਵਾਤਾਵਰਣ ਦੇ ਇਸ ਸੰਕਟ ਨੂੰ ਨਜਿੱਠਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ-ਆਪਣੀ ਭੂਮਿਕਾ ਤੈਅ ਕਰਨੀ ਚਾਹੀਦੀ ਹੈ।
ਅੰਤ ਵਿੱਚ ਕੌਸ਼ਲ ਪਰਿਵਾਰ ਦੁਆਰਾ ਵਿਸ਼ੇਸ਼ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ ਅਤੇ ਸਮਾਗਮ ਵਿੱਚ ਸ਼ਾਮਿਲ ਹੋਏ ਸੱਜਣਾਂ ਦਾ ਧੰਨਵਾਦ ਕੀਤਾ ਗਿਆ। 

ਮੁੱਲਾਂਵਾਲ ਵਿਖੇ ਲੱਗਿਆ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ, ਵੱਡੀ ਗਿਣਤੀ 'ਚ ਕਿਸਾਨਾਂ ਨੇ ਲਈ ਟ੍ਰੇਨਿੰਗ
ਬੀਤੇ ਮਹੀਨੇ 6 ਜੂਨ ਨੂੰ ਖੇਤੀ ਵਿਰਾਸਤ ਮਿਸ਼ਨ ਦੁਆਰਾ ਸਮਾਜ ਸੰਘਰਸ਼ ਸਭਾ ਭੈਣੀ ਮੀਆਂ ਖਾਂ ਦੇ ਸਹਿਯੋਗ ਨਾਲ ਗੁਰਦਾਸਪੁਰ ਜਿਲ੍ਹੇ  ਦੇ ਧਨੋਆ ਪੱਤਣ ਲਾਗਲੇ ਪਿੰਡ ਮੁੱਲਾਂਵਾਲ ਵਿਖੇ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ ਲਾਇਆ ਗਿਆ। ਕੈਂਪ ਵਿੱਚ ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਜਗਿਆਸੂ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮਿਸ਼ਨ ਵੱਲੋਂ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਅਤੇ ਮਿਸ਼ਨ ਦੇ ਜੱਥੇਬੰਦਕ ਸਕੱਤਰ ਸ਼੍ਰੀ ਬਲਵਿੰਦਰ ਸਿੰਘ ਜੈ ਸਿੰਘ ਕੈਂਪ ਵਾਲਾ ਵਿੱਚ ਆਏ ਕਿਸਾਨਾਂ ਦੇ ਰੂ-ਬ-ਰੂ ਹੋਏ।
ਕੈਂਪ ਦਾ ਆਰੰਭ ਮੁੱਲਾਂਵਾਲ ਦੇ ਅਗਾਂਹਵਧੂ ਕਿਸਾਨ ਸ਼੍ਰੀ ਸੁਖਵਿੰਦਰ ਸਿੰਘ ਹੁਣਾਂ ਦੇ ਖੇਤ ਵਿਖੇ ਪ੍ਰੈਕਟੀਕਲ ਸ਼ੈਸ਼ਨ ਨਾਲ ਹੋਇਆ। ਪ੍ਰੈਕਟੀਕਲ ਸ਼ੈਸ਼ਨ ਦੌਰਾਨ ਗੁਰਪ੍ਰੀਤ ਦਬੜੀਖਾਨਾ  ਨੇ ਆਏ ਹੋਏ ਕਿਸਾਨਾਂ ਨੂੰ ਬੀਜ ਅੰਮ੍ਰਿਤ ਅਤੇ ਗੁੜਜਲ ਅੰਮ੍ਰਿਤ ਬਣਾਉਣ ਦੀ ਵਿਧੀ ਸਮੇਤ ਨਮਕ ਮਿਲੇ ਪਾਣੀ ਨਾਲ ਝੋਨੇ ਦਾ ਤਕੜਾ-ਮਾੜਾ ਬੀਜ ਅਲੱਗ ਕਰਨ ਦੀ ਵਿਧੀ ਅਮਲੀ ਰੂਪ ਵਿੱਚ ਸਮਝਾਈ। ਆਏ ਹੋਏ ਸਮੂਹ ਕਿਸਾਨਾਂ ਨੇ ਇਸ ਸਾਰੇ ਸ਼ੈਸ਼ਨ ਦਾ ਭਰਪੂਰ ਲਾਹਾ ਲਿਆ ਅਤੇ ਅੱਗੇ ਤੋਂ ਖੇਤੀ ਵਿੱਚ ਉਪਰੋਕਤ ਕਰਕੇ ਦਿਖਾਏ ਗਏ ਸਾਰੇ ਕਾਰਜ ਕਰਨ ਦਾ ਪ੍ਰਣ ਲਿਆ।
ਕੈਂਪ ਦੇ ਦੂਜੇ ਸ਼ੈਸ਼ਨ ਤਹਿਤ ਪਿੰਡ ਦੇ ਗੁਰੂਘਰ ਵਿਖੇ ਇੱਕ ਕਿਸਾਨ ਪਾਠਸ਼ਾਲਾ ਲਾਈ ਗਈ। ਪਾਠਸ਼ਾਲਾ ਦੌਰਾਨ ਗੁਰਪ੍ਰੀਤ ਦਬੜੀਖਾਨਾ ਨੇ ਆਏ ਹੋਏ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਵਿਗਿਆਨ , ਇਸਦੀ ਲੋੜ ਅਤੇ ਮਹੱਤਵ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਕੁਦਰਤੀ ਖੇਤੀ ਤਹਿਤ ਫ਼ਸਲਾਂ ਦਾ ਮਨਚਾਹਿਆ ਝਾੜ ਲੈਣ ਵਾਸਤੇ ਵੱਖ-ਵੱਖ ਕੁਦਰਤੀ ਖੇਤੀ ਵਿਧੀਆਂ ਦਾ ਗਿਆਨ ਸਾਂਝਾ ਕੀਤਾ। ਇਸਦੇ ਨਾਲ ਹੀ ਉਹਨਾਂ ਨੇ ਕੰਪਿਊਟਰ ਰਾਹੀਂ ਤਸਵੀਰਾਂ ਦੀ ਮਦਦ ਨਾਲ ਕਿਸਾਨਾਂ ਨੂੰ ਉਹਨਾਂ ਮਾਸਾਹਾਰੀ ਕੀਟਾਂ ਦੀ ਪਛਾਣ ਕਰਵਾਈ ਜਿਹੜੇ ਕਿ ਬਿਨਾਂ ਕਿਸੇ ਖਰਚ ਦੇ,  ਫ਼ਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਸ਼ਾਕਾਹਾਰੀ ਕੀਟਾਂ ਦਾ ਸਫਾਇਆ ਕਰਦੇ ਹਨ।
ਇਸ ਮੌਕੇ ਬਲਵਿੰਦਰ ਸਿੰਘ ਜੈ ਸਿੰਘ ਵਾਲਾ ਨੇ ਆਏ ਹੋਏ ਕਿਸਾਨਾਂ ਨਾਲ ਮੌਜੂਦਾ ਖੇਤੀ ਸੰਕਟ ਅਤੇ ਇਹਦੇ ਕਾਰਨਾਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਮੂਹ ਕਿਸਾਨ ਭਰਾਵਾਂ ਨੂੰ ਕੁਦਰਤੀ ਖੇਤੀ ਦੇ ਲੜ ਲੱਗ ਕੇ ਆਪਣੀ ਖੇਤੀ-ਖੁਦਮੁਖਤਾਰੀ ਦੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ।
ਅੰਤ ਵਿੱਚ ਸਮਾਜ ਸੰਘਰਸ਼ ਸਭਾ ਤੋਂ ਸ਼੍ਰੀ ਵਰਿੰਦਰਜੀਤ ਸਿੰਘ ਜਾਗੋਵਾਲ ਨੇ ਕੈਂਪ ਵਿੱਚ ਆਏ ਸਮੂਹ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਖੇਤੀ ਸੰਕਟ ਤੋਂ ਪਾਰ ਪਾਉਣ ਲਈ ਸਮੂਹ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਕੁਦਰਤੀ ਖੇਤੀ ਨੂੰ ਅਪਣਾ ਕੇ ਆਪਣਾ, ਆਪਣੇ ਪਰਿਵਾਰਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ  ਸਮੇਤ ਸਰਬਤ ਦੇ ਭਲੇ ਦਾ ਸਾਧਨ ਬਣਨ ਦਾ ਜਸ ਖੱਟਣ।
ਕੈਂਪ ਵਿੱਚ ਜਸਵੀਰ ਸਿੰਘ ਫੇਰੋਚੇਚੀ, ਮਨਜੀਤ ਸਿੰਘ ਰਿਆੜ, ਸਤੀਸ਼ ਆਜ਼ਾਦ, ਕਰਨਲਜੀਤ ਸਿੰਘ ਜਾਗੋਵਾਲ ਅਤੇ ਜਰਨੈਲ ਸਿੰਘ ਲਾਧੂਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।

ਪੱਖੋਕੇ ਵਿਖੇ ਲਾਇਆ ਗਿਆ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ
ਵੱਡੀ ਗਿਣਤੀ 'ਚ ਕਿਸਾਨ ਹੋਏ ਸ਼ਾਮਿਲ
ਬੀਤੇ ਮਈ ਮਹੀਨੇ ਦੇ ਦੂਜੇ ਪਹਿਲੇ ਪੰਦਰਵਾੜੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਬਰਨਾਲਾ ਜਿਲ੍ਹੇ ਦੇ ਪਿੰਡ ਪੱਖੋਕੇ ਵਿਖੇ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ ਲਾਇਆ ਗਿਆ। ਕੈਂਪ ਵਿੱਚ ਪੱਖੋਕੇ ਅਤੇ ਗਵਾਂਢੀ ਪਿੰਡਾਂ ਤੋਂ 40 ਦੇ ਕਰੀਬ ਕਿਸਾਨ ਭਰਾ ਸ਼ਾਮਿਲ ਹੋਏ। ਕੈਂਪ ਦਾ ਸਮੁੱਚਾ ਪ੍ਰਬੰਧ ਪਿੰਡ ਵਿੱਚ ਕੁਦਰਤੀ ਖੇਤੀ ਦਾ ਬੂਟਾ ਲਾਉਣ ਵਾਲੇ ਨੌਜਵਾਨ ਕਿਸਾਨ ਸੁਖਬੀਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਕੀਤਾ।
ਕੈਂਪ ਵਿੱਚ ਮਿਸ਼ਨ ਦੇ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੀਆਂ ਵਿਧੀਆਂ, ਤਕਨੀਕਾਂ ਅਤੇ ਤਰੀਕਿਆਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਆਏ ਹੋਏ ਕਿਸਾਨਾਂ ਨਾਲ ਵਿਸਥਾਰ ਸਹਿਤ ਕੁਦਰਤੀ ਖੇਤੀ ਦਾ ਗਿਆਨ-ਵਿਗਿਆਨ ਸਾਂਝਾ ਕੀਤਾ। ਉਹਨਾਂ ਕੈਂਪ ਵਿੱਚ ਆਏ ਹੋਏ ਕਿਸਾਨਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕੁਦਰਤੀ ਵਿਗਿਆਨ ਦੀ ਕਸੌਟੀ 'ਤੇ ਖਰੀ ਉੱਤਰਦੀ ਹੈ। ਸੋ ਕੁਦਰਤੀ ਖੇਤੀ ਵਿਗਿਆਨ ਨੂੰ ਗੰਭੀਰਤਾ ਨਾਲ ਸਮਝ ਕੇ ਅੱਗੇ ਵਧਣ ਵਾਲੇ ਕਿਸਾਨਾਂ ਸਫ਼ਲਤਾ ਦੇ ਨਿੱਤ ਨਵੇਂ ਆਯਾਮ ਸਿਰਜ ਸਕਦੇ ਹਨ।
ਇਸ ਮੌਕੇ ਗੁਰਪ੍ਰੀਤ ਦਬੜੀਖਾਨਾ ਸੁਖਬੀਰ ਸਿੰਘ ਦੁਆਰਾ ਕੁਦਰਤੀ ਖੇਤੀ ਤਹਿਤ ਬੀਜੇ ਗਏ ਗ਼ੈਰ ਬੀਟੀ ਨਰਮਾ-ਐੱਫ-1378 ਅਤੇ ਪਿੰਡ ਦੇ ਹੀ ਦੂਜੇ ਕੁਦਰਤੀ ਖੇਤੀ ਕਿਸਾਨ ਪਰਮਜੀਤ ਸਿੰਘ ਦੁਆਰਾ ਕੁਦਰਤੀ ਖੇਤੀ ਤਹਿਤ ਕੀਤੀ ਗਈ ਪੇਠੇ ਦੀ ਕਾਸ਼ਤ ਦੇਖਣ ਵਾਸਤੇ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਖੇਤਾਂ ਵਿੱਚ ਗਏ। ਇਸ ਮੌਕੇ ਸੁਖਬੀਰ ਸਿੰਘ ਨੇ ਗੁਰਪ੍ਰੀਤ ਦਬੜੀਖਾਨਾ ਨੂੰ ਆਪਣੇ ਖੇਤ ਵਿੱਚ ਉਗਾਈ ਗਈ ਜ਼ਹਿਰ ਮੁਕਤ ਜਵਾਰ ਦੀ ਖੇਤੀ ਵੀ ਦਿਖਾਈ। 

ਜ਼ਹਿਰ ਫਰੋਸ਼ਾਂ ਦੁਆਰਾ ਕੀਤੇ ਜਾ ਰਹੇ ਘੱਲੂਘਾਰੇ ਭੇਟ ਚੜ ਜਾਵੇਗ ਸਮੁੱਚੀ ਪੰਜਾਬੀ ਕੌਮ: ਉਮੇਂਦਰ ਦੱਤ
ਸੀਰਵਾਲੀ ਵਿਖੇ ਲੱਗਿਆ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ- ਫ਼ਿਲਮ ਸ਼ੋਅ ਰਿਹਾ ਖਿੱਚ ਦਾ ਕੇਂਦਰ
ਬੀਤੀ 3 ਜੂਨ ਨੂੰ ਖੇਤੀ ਵਿਰਾਸਤ ਮਿਸ਼ਨ ਦੁਆਰਾ ਮੁਕਤਸਰ ਜਿਲ੍ਹੇ  ਦੇ ਪਿੰਡ ਸੀਰਵਾਲੀ ਵਿਖੇ ਇੱਕ ਦਿਨਾਂ ਟ੍ਰੇਨਿੰਗ ਕੈਂਪ ਲਾਇਆ ਗਿਆ। ਕੈਂਪ ਵਿੱਚ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਅਤੇ ਐਸੋਸੀਏਟ ਡਾਇਰੈਕਟਰ ਸ਼੍ਰੀ ਅਜੇ ਤ੍ਰਿਪਾਠੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਕੈਂਪ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕੈਂਪ ਦਾ ਸਮੁੱਚਾ ਪ੍ਰਬੰਧ ਸ਼੍ਰੀ ਰਾਜਪਾਲ ਸਿੰਘ, ਡਾਕਟਰ ਪਿੱਪਲ ਸਿੰਘ ਅਤੇ ਮਨਜੀਤ ਸਿੰਘ (ਕੋਆਰਡੀਨੇਟਰ ਕੁਦਰਤੀ ਖੇਤੀ) ਤਰਸੇਮ ਸਿੰਘ ਗੁਰਸ਼ਰਨ ਸਿੰਘ ਗੁਰਪ੍ਰੀਤ ਸਿੰਘ , ਗੁਰਮੀਤ ਸਿੰਘ, ਜਸਦੀਪ ਸਿੰਘ, ਮਨਜੀਤ ਸਿੰਘ (ਢਾਣੀ ਵਾਲਾ) ਹੁਣਾਂ ਦੁਆਰਾ ਪਿੰਡ ਸਰਕਾਰੀ ਹਾਈ ਸਕੂਲ ਵਿੱਚ ਕੀਤਾ ਗਿਆ।
ਦੀ ਅਗਵਾਈ ਵਿੱਚ  ਇਸ ਮੌਕੇ ਮਿਸ਼ਨ ਦੇ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਨੇ ਆਏ ਹੋਏ ਕਿਸਾਨਾਂ ਨੂੰ ਮਨੁੱਖ ਸਮੇਤ ਸਮੂਹ ਜੀਵਾਂ ਦੀ ਸਿਹਤ ਅਤੇ ਵਾਤਾਵਰਣ 'ਤੇ ਹੋ ਰਹੇ ਰਸਾਇਣਿਕ ਖੇਤੀ ਦੇ ਮਾਰੂ ਅਸਰਾਂ ਬਾਰੇ ਦੱਸਦਿਆਂ ਕੁਦਰਤੀ ਖੇਤੀ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ। ਉਹਨਾਂ, ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਤਕਨੀਕਾਂ ਅਤੇ ਤਰੀਕਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ।
ਇਸ ਮੌਕੇ ਮਿਸ਼ਨ ਵੱਲੋਂ ਕਿਸਾਨਾਂ ਨੂੰ ਬੀਟੀ ਫ਼ਸਲਾਂ ਦੇ ਨੁਕਸਾਨ ਬਾਰੇ ਜਾਗਰੂਕ ਕਰਦੀਆਂ ਦੋ ਫ਼ਿਲਮਾਂ-“ਬੱਲੂ ਅਤੇ ਉਦੇ” ਤੇ “ਥਾਲੀ ਵਿਚ  ਜ਼ਹਿਰ” ਵੀ ਦਿਖਾਈਆਂ ਗਈਆਂ। ਮਿਸ਼ਨ ਦੀ ਇਸਤ੍ਰੀ ਇਕਾਈ ਦੀ ਕੁਆਰਡੀਨੇਟਰ ਬੀਬਾ ਅਮਨਜੋਤ ਕੌਰ ਨੇ ਆਏ ਹੋਏ ਕਿਸਾਨਾਂ ਨੂੰ ਫ਼ਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੀਟਾਂ ਦਾ ਸਫਾਇਆ ਕਰਨ ਵਾਲੇ ਕੀਟਾਂ ਦੀ ਪਛਾਣ ਕਰਵਾਈ। ਉਹਨਾਂ ਨੇ ਕਿਸਾਨਾਂ ਨੂੰ ਇੰਟਰਨੈੱਟ 'ਤੇ ਮਾਸਾਹਾਰੀ ਕੀਟਾਂ ਦੁਆਰਾ ਫ਼ਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੀਟਾਂ ਦੇ ਸ਼ਿਕਾਰ ਦੀਆਂ ਕੁੱਝ ਲਘੂ ਫ਼ਿਲਮਾਂ ਵੀ ਦਿਖਾਈਆਂ ।
ਕਿਸਾਨਾਂ ਨਾਲ ਕੁਦਰਤੀ ਖੇਤੀ ਦੀ ਲੋੜ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਅਜੇ ਤ੍ਰਿਪਾਠੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਕੁਦਰਤੀ ਖੇਤੀ ਦਾ ਸਮਾਂ ਹੋਵੇਗਾ। ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਪੂਰੀ ਦੁਨੀਆਂ ਵਿੱਚ ਧੁੰਮ ਹੋਵੇਗੀ। ਸੋ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਤੋਂ ਹੀ ਕੁਦਰਤੀ ਖੇਤੀ ਦੇ ਲੜ ਲੱਗ ਕੇ ਆਪਣੇ ਸੁਨਹਿਰੇ ਭਵਿੱਖ ਦੀ ਸਿਰਜਨਾਂ ਲਈ ਯਤਨ ਆਰੰਭ ਕਰ ਦੇਣ।
ਅੰਤ ਵਿੱਚ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾ ਰਸਾਇਣਕ ਖਾਦਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਲਦੀ ਹੀ ਰਸਾਇਣਿਕ ਖੇਤੀ ਕਰਨਾਂ ਕਿਸਾਨਾਂ ਦੇ ਵੱਸੋਂ ਬਾਹਰ ਦੀ ਗੱਲ ਹੋ ਜਾਵੇਗੀ। ਸ਼੍ਰੀ ਦੱਤ ਨੇ ਹੋਰ ਕਿਹਾ ਕਿ ਰਸਾਇਣਿਕ ਖੇਤੀ ਵਿੱਚ ਵਰਤੇ ਜਾ ਰਹੇ ਕੀੜੇਮਾਰ ਅਤੇ ਨਦੀਨ ਨਾਸ਼ਕ ਜ਼ਹਿਰਾਂ ਨੇ  ਸਮੂਹ ਪੰਜਾਬੀਆਂ ਨੂੰ ਸਿਹਤਾਂ ਅਤੇ ਵਾਤਾਵਰਣ ਦੇ ਗੰਭੀਰ ਸੰਕਟ ਵਿੱਚ ਧੱਕ ਦਿੱਤਾ ਹੈ। ਪੰਜਾਬੀਆਂ ਦੇ ਖੂਨ ਅਤੇ ਮਾਂ ਦੇ ਦੁੱਧ ਵਿੱਚ ਕੀੜੇਮਾਰ ਜ਼ਹਿਰਾਂ ਘੁਲ ਚੁੱਕੇ ਹਨ। ਜੇਕਰ ਜਲਦੀ ਹੀ ਰਸਾਇਣਿਕ ਖੇਤੀ ਤੋਂ ਪੱਲਾ  ਨਾ ਛੁਡਾਇਆ ਗਿਆ ਤਾਂ ਸਾਡੀ ਸਮੁੱਚੀ ਕੌਮ ਜ਼ਹਿਰਾਂਫਰੋਸ਼ ਬਹੁਕੌਮੀ ਕੰਪਨੀਆਂ ਦੁਆਰਾ ਸਰਕਾਰੀ ਖੇਤੀ ਤੰਤਰ ਨਾਲ ਮਿਲ ਕੇ ਕੀਤੇ ਜਾ ਰਹੇ ਘੱਲੂਘਾਰੇ ਦਾ ਸ਼ਿਕਾਰ ਹੋ ਜਾਵੇਗੀ।
ਅੰਤ ਵਿੱਚ ਸ਼੍ਰੀ ਰਾਜਪਾਲ ਸਿੰਘ ਅਤੇ ਡਾ. ਪਿੱਪਲ ਸਿੰਘ ਨੇ ਕੈਂਪ ਵਿੱਚ ਸ਼ਾਮਿਲ ਹੋਏ ਸਮੂਹ ਕਿਸਾਨ ਭਰਾਵਾਂ ਅਤੇ ਮਿਸ਼ਨ ਦੇ ਕਾਰਜਕਰਤਾਵਾਂ ਦਾ ਧੰਨਵਾਦ ਕਰਦਿਆਂ ਇਹ ਵਿਸ਼ਵਾਸ਼ ਦਿਵਾਇਆ ਕਿ ਪਿੰਡ ਵਿੱਚ ਕੁਦਰਤੀ ਖੇਤੀ ਲਹਿਰ ਨੂੰ ਹੋਰ ਮਜ਼ਬੂਤ ਅਤੇ ਕਿਰਿਆਸ਼ੀਲ ਕੀਤਾ ਜਾਵੇਗਾ।

No comments:

Post a Comment