Tuesday, 3 July 2012

ਆਪਣੇ ਆਪ ਵਿੱਚ ਰਹਿਣਾ ਸਿੱਖੋ

                                                                                                                                     ਗਣੀ ਰਾਜੇਂਦਰ ਵਿਜਯ
ਮਹਾਵੀਰ ਦਾ ਦਰਸ਼ਨ ਕਹਿੰਦਾ ਹੈ ਕਿ ਸੁੱਖ ਨਾ ਪਦਾਰਥ ਵਿੱਚ ਹੈ ਅਤੇ ਨਾ ਹੀ ਉਹਦੇ ਤਿਆਗ ਜਾਂ ਭੋਗ ਵਿੱਚ ਹੈ। ਸੁੱਖ ਹੈ, ਵਿਅਕਤੀ ਦੀਆਂ ਆਪਣੀਆਂ ਪ੍ਰਵਿਰਤੀਆਂ ਵਿੱਚ। ਮਨੁੱਖ ਆਪਣੇ ਆਪ ਵਿੱਚ ਰਹਿਣਾ ਸਿੱਖ ਲਵੇ ਤਾਂ ਉਹ ਸੰਸਾਰ ਦਾ ਸਭ ਤੋਂ ਵੱਡਾ ਸੁੱਖ ਪਾ ਸਕਦਾ ਹੈ।

ਮਨੁੱਖ ਜਾਤੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- ਭਵਿੱਖਦਰਸ਼ੀ, ਵਰਤਮਾਨਦਰਸ਼ੀ ਅਤੇ ਭੂਤਕਾਲ ਦਰਸ਼ੀ। ਅਤੀਤ ਨੂੰ ਦੇਖਣਾ ਅਤੇ ਉਹਦੇ ਬਾਰੇ ਸੋਚਣਾ ਕੋਈ ਵੱਡੀ ਗੱਲ ਨਹੀਂ ਹੈ। ਆਪਣੀ ਗਤੀਵਿਧੀ ਜਾਂ ਕਾਰਜਸ਼ੈਲੀ ਨੂੰ ਮੋੜ ਦੇਣ ਲਈ ਅਤੀਤ ਦੀ ਸਮਿੱਖਿਆ ਉਪਯੋਗੀ ਹੀ ਸਕਦੀ। ਪਰੰਤੂ ਅਤੀਤ ਬਾਰੇ ਜਿਆਦਾ ਚਿੰਤਨ ਕਰਨ ਨਾਲ ਕੋਈ ਉਪਲਭਧੀ ਹੋ ਸਕਦੀ ਹੈ, ਅਜਿਹਾ ਪ੍ਰਤੀਤ ਨਹੀਂ ਹੁੰਦਾ।
ਪੈਰਾਂ ਦੇ ਅੱਗੇ ਕੋਈ ਵੀ ਦੇਖ ਸਕਦਾ ਹੈ। ਕੇ ਵਿੱਚ ਚਿੰਤਨ ਦੀ ਸਰਮਥਾ ਹੋਵੇ ਜਾਂ ਨਾ ਵਰਤਮਾਨ ਵਿੱਚ ਘਟਣ ਵਾਲੀਆਂ ਘਟਨਾਵਾਂ ਦਾ ਸਹਿਜ ਹੀ ਨਜ਼ਰ ਵਿੱਚ ਆ ਜਾਂਦੀਆਂ ਹਨ। ਮਨੁੱਖ ਨੂੰ ਛੱਡੋ ਇੱਕ ਪਸ਼ੂ ਵੀ ਵਰਤਮਾਨਜੀਵੀ ਹੋ ਸਕਦਾ ਹੈ। ਖਾਣ-ਪਾਨ, ਸੁਰੱਖਿਆ, ਬਚਾਅ ਆਦਿ ਉਸਦੇ ਸਾਰੇ ਕੰਮ ਮੌਜੂਦਾ ਇੱਛਾਵਾਂ/ਲੋੜਾਂ ਅਤੇ ਪਰਿਸਿਥੀਆਂ ਦੇ ਆਧਾਰ 'ਤੇ ਹੁੰਦੇ ਹਨ।
ਚਿੰਤਨਸ਼ੀਲ ਉਸਨੂੰ ਕਿਹਾ ਜਾਂਦਾ ਹੈ, ਜਿਹੜਾ ਭਵਿੱਖ ਨੂੰ ਦੇਖਣ ਦੇ ਸਮਰਥ ਹੁੰਦਾ ਹੈ। ਸੌ-ਪੰਜਾਹ ਸਾਲਾਂ ਦੀ ਗੱਲ ਸੋਚੇ ਬਿਨਾਂ ਕੋਈ ਵੀ ਵਿਅਕਤੀ ਕਿਸੇ ਵੱਡੀ ਯੋਜਨਾ ਨੂੰ ਆਰੰਭ ਨਹੀਂ ਕਰ ਸਕਦਾ। ਇਸ ਸੰਸਾਰ ਵਿੱਚ ਜਿੰਨੇ ਵੀ ਅਰਥਸ਼ਾਸਤਰੀ ਹੋਏ ਹਨ, ਜਿਹਨਾਂ ਨੇ ਨਵੀਆਂ ਅਰਥਨੀਤੀਆਂ ਦਾ ਪ੍ਰਵਰਤਨ ਕੀਤਾ ਹੈ। ਉਹਨਾਂ ਨੇ ਦੂਰਗਾਮੀ ਚਿੰਤਨ ਨੂੰ ਕਿਰਿਆਂਵਿਤ ਕਰਨ ਦੀ ਚੇਸ਼ਟਾ ਕੀਤੀ ਹੈ। ਸਮਾਜ ਸੁਧਾਰ ਜਾਂ ਮਨੁੱਖ ਨੂੰ ਸੁਖੀ ਬਨਾਉਣ ਦੀ ਪ੍ਰੇਰਣਾਂ ਨਾਲ ਕੀਤੇ ਗਏ ਯਤਨਾਂ ਦਾ ਸਵਾਗਤ ਵੀ ਕੀਤਾ ਜਾਂਦਾ ਹੈ। ਪਰੰਤੂ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਜਦੋਂ ਤੱਕ ਮਨੁੱਖ ਦੇ ਮਨ ਵਿੱਚ ਕੜਵਾਹਟ ਮੌਜੂਦ ਰਹੇਗੀ, ਉਹ ਸੁਖੀ ਨਹੀਂ ਹੋ ਪਾਏਗਾ।
ਧਰਮ ਅਤੇ ਮਜ਼ਹਬ ਦੋ ਅਲਗ-ਅਲਗ ਤੱਤ ਹਨ। ਧਰਮ ਸਦਾ ਚੰਗਾ ਹੁੰਦਾ ਹੈ। ਬੁਰਾਈ ਹਮੇਸ਼ਾ ਮਜ਼ਹਬਾਂ ਤੋਂ ਆਉਂਦੀ ਹੈ। ਹਰ ਧਰਮ ਆਤਮਸਾਤ ਨਹੀਂ ਹੋ ਪਾਉਂਦਾ। ਸਭ ਕੁਝ ਠੀਕ ਹੋਣ 'ਤੇ ਵੀ ਆਦਮੀ ਠੀਕ ਨਹੀਂ ਹੈ, ਤਾਂ ਕੋਈ ਕੰਮ ਠੀਕ ਨਹੀਂ ਹੁੰਦਾ। ਇਸ ਲਈ ਸਭ ਤੋਂ ਪਹਿਲਾਂ ਆਦਮੀ ਨੂੰ ਠੀਕ ਕਰਨ  ਦੀ ਜ਼ਰੂਰਤ ਹੈ, ਉਹਦੀਆਂ ਬਿਰਤੀਆਂ ਬਦਲਣ ਦੀ ਲੋੜ ਹੈ। ਕੜਵਾਹਟ ਨੂੰ ਘੱਟ ਕਰਨ ਦੀ ਲੋੜ ਹੈ।
ਕੜਵਾਹਟ ਦੇ ਆਖਰੀ ਸਿਰੇ 'ਤੇ ਲੋਭ ਬਿਰਾਜ਼ਮਾਨ ਹੈ। ਲੋਭੀ ਦੀ ਪ੍ਰੇਰਣਾ ਵਿਅਕਤੀ ਨੂੰ ਧਨ ਕਮਾਉਣ ਦੀ ਦਿਸ਼ਾ ਵਿੱਚ ਤੋਰਦੀ ਹੈ। ਇਸ ਦਿਸ਼ਾ ਦਾ ਜਿੰਨਾਂ ਜਿਆਦਾ ਵਿਸਥਾਰ ਹੁੰਦਾ ਹੈ, ਲੋਭ ਕੀ ਮਾਤਰਾ ਉੰਨੀ ਹੀ ਵਧ ਜਾਂਦੀ ਹੈ। ਜਿੰਨੀ ਖੁਸ਼ਹਾਲੀ ਉੰਨੀ ਹੀ ਤ੍ਰਿਸ਼ਣਾ। ਇਹ ਇੱਕ ਪ੍ਰਮਾਣਿਤ ਸੱਚਾਈ ਹੈ। ਕੁੱਝ ਖਾਸ ਵਿਅਕਤੀਆਂ ਦਾ ਚਿੰਤਨ ਦੂਸਰਾ ਹੀ ਹੈ। ਉਹ ਮੰਨਦੇ ਹਨ ਕਿ ਜਿਸ ਵਿਅਕਤੀ ਦੀ ਤ੍ਰਿਸ਼ਣਾ ਜਿੰਨੀ ਜਿਆਦਾ ਹੁੰਦੀ ਹੈ, ਉਹ ਉੰਨਾਂ ਹੀ ਦਰਿਦਰ ਹੁੰਦਾ ਹੈ। ਉਹ ਵਿਅਕਤੀ ਹੀ ਸਭ ਤੋਂ ਖੁਸ਼ਹਾਲ ਹੈ ਜਿਹੜਾ ਪੂਰੀ ਤਰ੍ਹਾ  ਸੰਤੁਸ਼ਟ ਰਹਿੰਦਾ ਹੈ।
ਦਰਿਦਰ ਅਤੇ ਖੁਸ਼ਹਾਲ ਦਾ ਇਹ ਪਰਿਣਾਮ ਸਪਸ਼ਟ ਕਰਦਾ ਹੈ ਕਿ ਦਰਿਦਰਤਾ ਅਤੇ ਖੁਸ਼ਹਾਲੀ ਦਾ ਸਬੰਧ ਧਨ ਤੋਂ ਨਹੀਂ ਵਿਅਕਤੀ ਦੇ ਵਿਚਾਰਾਂ ਤੋਂ ਹੈ, ਬਿਰਤੀਆਂ ਤੋਂ ਹੈ। ਇਸ ਲਈ ਬਿਰਤੀਆਂ ਅਤੇ ਵਿਚਾਰਾਂ ਨੂੰ ਦੇ ਪਰਿਸ਼ਕਾਰ ਦੀ ਲੋੜ ਹੈ।
ਅਰਥ (ਧਨ) ਜੀਵਨਯਾਪਨ ਦਾ ਸਾਧਨ ਹੈ, ਇਹ ਗੱਲ ਸਹੀ ਹੈ। ਜੇਕਰ ਉਸ ਨੂੰ ਸਾਧਨ ਵਜੋਂ ਹੀ ਸਵੀਕਾਰ ਕੀਤਾ ਜਾਂਦਾ ਤਾਂ ਅਰਥਾਰਜ਼ਨ ਦੀ ਸੀਮਾ ਦੀ ਬਣ ਜਾਂਦੀ। ਪਰੰਤੂ ਜਦੋਂ ਉਹ ਸਾਧਨ ਦੇ ਸਿੰਘਾਸਨ ਤੋਂ ਉੱਠ ਕੇ ਸਾਧਯ ਦੇ ਸਿੰਘਾਸਨ 'ਤੇ ਜਾ ਬੈਠਦਾ ਹੈ, ਸਮੱਸਿਆ ਉਦੋਂ ਹੀ ਪੈਦਾ ਹੁੰਦੀ ਹੈ। ਜਿੱਥੇ ਅਰਥ (ਧਨ) ਨੂੰ ਪ੍ਰਤਿਸ਼ਠਾ ਅਤੇ ਵਿਲਾਸਤਾ ਦਾ ਮੁੱਦਾ ਬਣਾਇਆ ਜਾਂਦਾ ਹੈ, ਉੱਥੇ ਵੀ ਉਲਝਣਾਂ ਵਧਦੀਆਂ ਹਨ।
ਅਰਥ ਦੇ ਨਾਲ ਸੁੱਖ-ਸ਼ਾਂਤੀ ਦੀਆਂ ਝੂਠੀਆਂ ਕਲਪਨਾਵਾਂ ਵੀ ਜੁੜੀਆਂ ਹੋਈਆਂ ਹਨ। ਪਰ ਅਜਿਹੀ ਕਲਪਨਾਵਾਂ ਦੀ ਰੀੜ ਉੁਦੋਂ ਟੁੱਟ ਜਾਂਦੀ ਹੈ, ਜਦੋਂ ਇੱਕ ਅਕਿੰਚਨ (ਨਿਮਾਣੇ ) ਵਿਅਕਤੀ ਦੇ ਸੁੱਖ ਦੇ ਨਾਲ ਚੱਕਰਵਰਤੀ ਸਮਰਾਟ ਦਾ ਸੁੱਖ ਤੋਲਿਆਂ ਜਾਂਦਾ ਹੈ। ਰਾਗ, ਮਦ ਅਤੇ ਮੋਹ ਨੂੰ ਜਿੱਤਣ ਵਾਲਾ ਅਕਿੰਚਨ ਮੁਨੀ ਤਿਨਕਿਆਂ ਦੇ ਵਿਛੋਣੇ 'ਤੇ ਬੈਠ ਕੇ ਜਿਸ ਨਿਸ਼ਬਦ ਸੁੱਖ ਦਾ ਅਨੁਭਵ ਕਰਦਾ ਹੈ, ਇੱਕ ਚੱਕਰਵਰਤੀ ਸਮਰਾਟ ਉਸਦੀ ਕਲਪਨਾ ਵੀ ਨਹੀਂ ਕਰ ਸਕਦਾ। ਮਹਾਵੀਰ ਦਾ ਦਰਸ਼ਨ ਕਹਿੰਦਾ ਹੈ ਕਿ ਸੁੱਖ ਨਾ ਪਦਾਰਥ ਵਿੱਚ ਹੈ ਅਤੇ ਨਾ ਹੀ ਉਹਦੇ ਤਿਆਗ ਜਾਂ ਭੋਗ ਵਿੱਚ ਹੈ। ਸੁੱਖ ਹੈ, ਵਿਅਕਤੀ ਦੀਆਂ ਆਪਣੀਆਂ ਪ੍ਰਵਿਰਤੀਆਂ ਵਿੱਚ। ਮਨੁੱਖ ਆਪਣੇ ਆਪ ਵਿੱਚ ਰਹਿਣਾ ਸਿੱਖ ਲਵੇ ਤਾਂ ਉਹ ਸੰਸਾਰ ਦਾ ਸਭ ਤੋਂ ਵੱਡਾ ਸੁੱਖ ਪਾ ਸਕਦਾ ਹੈ। ਸੰਸਾਰ ਦੇ ਜਿਆਦਤਰ ਲੋਕ ਇਸ ਗੱਲ 'ਤੇ ਵਿਸ਼ਵਾਸ਼ ਨਹੀਂ ਕਰਨਗੇ। ਫਿਰ ਵੀ ਇਹ ਤਾਂ ਨਿਸ਼ਚਿਤ ਹੈ ਕਿ ਭੱਜ-ਦੌੜ, ਮੁਕਾਬਲੇਬਾਜ਼ੀ ਅਤੇ ਖਿੱਚੋਣਾਤ ਵਿੱਚ ਸੁਖ ਨਹੀਂ, ਕੇਵਲ ਸੁਖ ਦਾ ਆਭਾਸ ਹੀ ਮਿਲ ਸਕਦਾ ਹੈ।
ਮਨੁੱਖ ਦੀ ਮਨੋ-ਬਿਰਤੀਆਂ ਸੁਵਿਧਾਵਾਦੀ ਹੁੰਦੀਆਂ ਹਨ, ਭੋਗਵਾਦੀ ਹੁੰਦੀਆਂ ਹਨ। ਸੁਵਿਧਾ ਅਤੇ ਭੋਗ ਲਈ ਅਰਥ ਦੀ ਅੰਨ੍ਹੀ ਦੌੜ ਵਿੱਚ ਸਹੀ-ਗਲਤ ਦਾ ਵਿਵੇਕ ਖਤਮ ਹੋ ਜਾਂਦਾ ਹੈ। ਜਦੋਂ ਤੱਕ ਸਾਧਨ-ਸ਼ੁੱਧੀ ਦੀ ਬੁਨਿਆਦ 'ਤੇ ਨਿਯੰਤ੍ਰਿਤ ਇੱਛਾਵਾਂ ਦਾ ਮਹਿਲ ਖੜਾ ਨਹੀਂ ਹੋਵੇਗਾ, ਤਦ ਤੱਕ ਆਦਮੀ ਸੁਖ-ਚੈਨ ਨਾਲ ਜੀ ਨਹੀਂ ਸਕੇਗਾ।
ਗਾਂਧੀ ਜੀ ਅਧਿਆਤਮਵਾਦੀ ਵਿਅਕਤੀ ਸਨ। ਉਹਨਾਂ ਨੇ ਆਪਣੇ ਜੀਵਨ ਵਿੱਚ ਅਧਿਆਤਮ ਦੇ ਅਨੇਕਾਂ ਪ੍ਰਯੋਗ ਕੀਤੇ। ਅਹਿੰਸਾਂ ਵਿੱਚ ਉਹਨਾਂ ਦੀ ਪੱਕੀ ਆਸਥਾ ਸੀ। ਉਹ ਆਪਣੀ ਆਸਥਾ ਨੂੰ ਸਰਵਵਿਆਪੀ ਬਣਾਉਣਾਂ ਚਾਹੁੰਦੇ ਸਨ। ਉਹ ਪੂਰੇ ਸਮਾਜ, ਦੇਸ ਜਾਂ ਮਾਨਵ ਜਾਤੀ ਦੇ ਨਿਰਭੈ ਉਭਾਰ ਦੀ ਚਿੰਤਾ ਕਰਦੇ ਸਨ। ਉਹਨਾਂ ਦਾ ਚਿੰਤਨ ਵਿਅਕਤੀਵਾਦੀ ਨਾ ਹੋ ਕੇ ਸਮਾਜਮੁੱਖੀ ਸੀ। ਗਾਂਧੀ ਜੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਹਨਾਂ ਨੇ ਵਿਅਕਤੀਨਿਸ਼ਠ ਅਹਿੰਸਾ ਦਾ ਸਮਾਜ ਅਤੇ ਰਾਜਨੀਤੀ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਉਹ ਅਹਿੰਸਾ ਅਤੇ ਸੱਚ ਦੇ ਪੁਜ਼ਾਰੀ ਸਨ। ਇਸ ਲਈ ਉਹ ਹਰੇਕ ਕੰਮ ਦੀ ਉੱਤਮਤਾ ਦਾ ਮਾਣਕ ਸੱਚ ਅਤੇ ਅਹਿੰਸਾ ਨੂੰ ਹੀ ਮੰਨਦੇ ਸਨ।
ਕਾਰਲ ਮਾਰਕਸ ਜ਼ਰਮਨੀ ਦੀ ਧਰਤੀ 'ਤੇ ਜ਼ਨਮੇ। ਉਹਨਾਂ ਦੇ ਮਨ ਵਿੱਚ ਦਿਆ ਕਰੁਣਾ ਸੀ। ਉਹਨਾਂ ਨੇ ਸੋਚਿਆ ਦੇਸ਼ ਵਿੱਚ ਕਰੋੜਾਂ ਲੋਕ ਭੁੱਖੇ ਹਨ। ਇਹਨਾਂ ਨੂੰ ਭਰਪੇਟ ਭੋਜਨ ਨਹੀਂ ਮਿਲਦਾ। ਰਹਿਣ ਲਈ ਮਕਾਨ ਨਹੀਂ ਮਿਲਦਾ। ਇਹ ਸਥਿਤੀ ਕਦ ਤੱਕ ਬਣੀ ਰਹੇਗੀ? ਥੋੜੇ ਜਿੰਨੇ ਲੋਕ ਸੰਪਦਾ ਦਾ ਭਰਪੂਰ ਭੋਗ ਕਰਨ ਅਤੇ ਬਾਕੀ ਲੋਕ ਤੰਗੀ ਦੇ ਰੇਗਸਿਤਾਨ ਵਿੱਚ ਤੜਪਦੇ ਰਹਿਣ, ਇਹ ਵਿਵਸਥਾ ਕਿਸੇ ਵੀ ਦੇਸ਼ ਲਈ ਸੁਖਦ ਨਹੀਂ ਹੈ। ਮਾਰਕਸ ਦਾ ਧਿਆਨ ਗਰੀਬਾਂ, ਮਿਹਨਤਕਸ਼ਾਂ ਅਤੇ ਦਲਿਤਾਂ 'ਤੇ ਟਿਕਿਆ। ਮਾਰਕਸ ਨੇ ਲੋਕਾਂ ਦੀ ਅੰਨ੍ਹੀ ਸ਼ਰਧਾ ਤੋੜਨ ਦਾ ਜਿਹੜਾ ਵਿਲੱਖਣ ਕਾਰਜ ਕੀਤਾ, ਉਹ ਉਹਨਾਂ ਦੇ ਚਿੰਤਨ ਦਾ ਮੌਲਿਕ ਅਵਦਾਨ ਹੈ। ਮਾਰਕਸ ਨੇ ਕਰਮ ਦੇ ਸਿੰਘਾਸਨ 'ਤੇ ਪੁਰਸ਼ਾਰਥ ਨੂੰ ਪ੍ਰਤਿਸ਼ਠਿਤ ਕੀਤਾ।
ਕੀਨਜ਼ ਦਾ ਝੁਕਾਅ ਪੂਜ਼ੀਵਾਦ ਵੱਲ ਸੀ, ਊਹ ਦੇਸ ਨੂੰ ਖੁਸ਼ਹਾਲ ਬਣਾਉਣ ਦੇ ਪੱਖ ਵਿੱਚ ਸਨ। ਵਰਗ-ਸੰਘਰਸ਼ ਨੂੰ ਉਹਨਾਂ ਨੇ ਮਾਨਤਾ ਨਹੀਂ ਦਿੱਤੀ। ਉਹਨਾਂ ਦਾ ਚਿੰਤਨ ਸੀ ਕਿ ਸਭ ਲੋਕ ਖੁਸ਼ਹਾਲ ਨਹੀਂ ਬਣ ਸਕਦੇ, ਜਿੰਨੇ ਬਣ ਸਕਦੇ ਹਨ, ਉਹਨਾਂ ਨੂੰ ਖੁਸ਼ਹਾਲੀ ਦੇ ਸ਼ਿਖਰ ਪਹੁੰਚਣ ਦਿਉ। ਦੇਸ਼ ਵਿੱਚ ਸੰਪੰਨਤਾ ਵਧਣੀ ਚਾਹੀਦੀ ਹੈ, ਉਹਦੇ ਲਈ ਨੈਤਿਕਤਾ-ਅਨੈਤਿਕਤਾ ਜਿਹੀਆਂ ਗੱਲਾਂ ਵਿੱਚ ਉਲਝਣ ਦੀ ਕੋਈ ਲੋੜ ਨਹੀਂ। ਲੋਕ ਭੁੱਖੇ ਹਨ ਤਾਂ ਕੀ ਨੈਤਿਕਤਾ ਨਾਲ ਪੇਟ ਭਰ ਜਾਵੇਗਾ? ਦੇਸ਼ ਖੁਸ਼ਹਾਲ ਹੋਵੇਗਾ, ਲੋਕ ਨਿਸ਼ਚਿੰਤ ਰਹਿਣਗੇ ਤਾਂ ਨੈਤਿਕ ਮੁੱਲਾਂ ਦੀ ਚਰਚਾ ਕਰਨ ਲਈ ਖੁੱਲੀ ਛੂੱਟੀ ਰਹੇਗੀ।
ਮਹਾਵੀਰ ਨੇ ਜਿਹਾ ਦਰਸ਼ਨ ਦਿੱਤਾ ਤਿਹਾ ਹੀ ਜੀਵਨ ਜੀਵਿਆ। ਉਹਨਾਂ ਨੇ ਜਿਸ ਸੱਚ ਨੂੰ ਪਾਇਆ, ਉਸੇ ਨੂੰ ਜਨਤਾ ਮੂਹਰੇ ਰੱਖਿਆ ਪਰੰਤੂ ਉਸਨੂੰ ਸਵੀਕਾਰ ਕਰਨ ਲਈ ਕਿਸੇ ਨੂੰ ਮਜ਼ਬੂਰ ਨਹੀਂ ਕੀਤਾ। ਉਹਨਾਂ ਨੇ ਕਿਹਾ - ਖੁਦ ਸੱਚ ਦੀ ਭਾਲ ਕਰੋ। ਕਿਸੇ ਦੂਸਰੇ ਦੁਆਰਾ ਖੋਜ਼ੇ ਹੋਏ ਸੱਚ 'ਤੇ ਨਾ ਰੁਕੋ। ਆਪਣੀ ਖੋਜ਼ ਜਾਰੀ ਰੱਖੋ। ਉਧਾਰਾ ਸੱਚ ਕਦੇ ਆਪਣਾ ਨਹੀਂ ਹੋ ਸਕਦਾ। ਉਹਦੇ ਆਧਾਰ 'ਤੇ ਨਿਸ਼ਚਿੰਤ ਹੋ ਕੇ ਬੈਠਣ ਵਾਲਾ ਕਦੇ ਆਪਣੇ ਸੱਚ ਨੂੰ ਨਹੀਂ ਪਾ ਸਕਦਾ।
ਮਹਾਵੀਰ ਨੇ ਕਿਹਾ ਤੁਸੀਂ ਦੇਖੋ। ਹੋਰ ਕਿਸੇ ਦੀ ਗੱਲ ਸੁਣਨ ਦਾ ਪ੍ਰਸੰਗ ਹੋਵੇ ਤਾਂ ਸੁਣੋ, ਪਰਤੂ ਉਸ 'ਤੇ ਆਪਣੀ ਬੁੱਧੀ ਨਾਲ ਸੋਚੋ। ਬਿਨਾਂ ਸੋਚੇ ਸਮਝੇ ਕਿਸੇ ਗੱਲ ਨੂੰ ਸਵੀਕਾਰ ਕਰਨਾ ਬੁੱਧੀਮਤਾ ਦਾ ਕੰਮ ਨਹੀਂ ਹੈ। ਤੁਸੀਂ ਸਭ ਦੀ ਗੱਲ ਸੁਣੋ ਪਰ ਜੋ ਤੁਹਾਨੂੰ ਚੰਗਾ ਲੱਗਾ ਆਚਰਣ ਉਸੇ ਦਾ ਕਰੋ।
ਕੁੱਝ ਵਿਅਕਤੀ ਮਹਾਵੀਰ ਦੇ ਕੋਲ ਜਾ ਕੇ ਬੋਲੇ -ਭੰਤੇ! ਅਸੀਂ ਸ਼ਾਂਤੀ ਨਾਲ ਜਿਉਣਾ ਚਾਹੁੰਦੇ ਹਾਂ, ਪਰ ਸਾਡਾ ਮਨ ਸ਼ਾਂਤ ਨਹੀਂ ਰਹਿੰਦਾ। ਅਸੀਂ ਕੀ ਕਰੀਏ? ਮਹਾਵੀਰ ਨੇ ਕਿਹਾ ਸ਼ਾਂਤੀ ਅਤੇ ਅਸ਼ਾਂਤੀ ਦੋਹੇਂ ਤੁਹਾਡੇ ਅੰਦਰ ਹੀ ਹਨ। ਤੁਸੀਂ ਖੁਦ ਫੈਸਲਾ ਕਰੋ ਤੁਹਾਨੂੰ ਕੀ ਚਾਹੀਦਾ ਹੈ। ਜੇਕਰ ਤੁਸੀਂ ਸ਼ਾਂਤੀ ਦੇ ਇੱਛਕ ਹੋ ਤਾਂ ਤੁਹਾਨੂੰ ਆਪਣੀਆਂ ਇੱਛਾਵਾਂ ਨੂੰ ਸੀਮਤ ਕਰਨਾ ਪਵੇਗਾ। ਇਸ ਸੰਸਾਰ ਵਿੱਚ ਪਦਾਰਥਾਂ ਦੀ ਸੀਮਾ ਹੈ। ਤੁਸੀਂ ਅਸੀਮ ਸੰਪਦਾ ਪਾਉਣਾ ਚਾਹੁੰਦੇ ਹੋ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਦੂਜੀ ਗੱਲ, ਜਿੰਨਾਂ ਕੁੱਝ ਸੰਸਾਰ ਵਿੱਚ ਹੈ, ਉਹ ਸਭ ਤੁਸੀਂ ਲੈ ਲਉਂਗੇ ਤਾਂ ਹੋਰ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ। ਇੱਕ ਵਿਅਕਤੀ ਜਾਂ ਵਰਗ ਭੁੱਖਾ ਰਹੇ, ਇਹ ਦੋਹੇਂ ਸਥਿਤੀਆਂ ਹੀ ਸ਼ਾਂਤੀ ਵਿੱਚ ਰੁਕਾਵਟ ਹਨ।
ਧਨ ਬਿਨਾਂ ਸੰਸਾਰ ਦਾ ਕੋਈ ਕੰਮ ਨਹੀਂ ਚਲਦਾ। ਸਮਾਜ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਧਨ ਨਾ ਜੋੜਨ ਵਾਲਾ ਨਹੀਂ ਬਣ ਸਕਦਾ। ਉਹ ਭੀਖ ਮੰਗ ਕੇ ਵੀ ਆਪਣਾ ਕੰਮ ਨਹੀਂ ਚਲਾ ਸਕਦਾ। ਭੀਖ ਮੰਗਦਾ ਹੈ ਤਾਂ ਸਮਾਜ  ਵਿੱਚ ਉਸਦੀ ਬਦਨਾਮੀ ਹੁੰਦੀ ਹੈ। ਇਸ ਲਈ ਉਹ ਅਰਥਾਰਜ਼ਨ ਤੋਂ ਉਦਾਸੀਨ ਨਹੀਂ ਹੋ ਸਕਦਾ। ਕਮਾਈ ਅਤੇ ਭੋਗ ਉੱਤੇ ਪਾਬੰਦੀ ਲਾਉਣਾ ਧਰਮ ਦਾ ਕੰਮ ਨਹੀਂ ਹੈ। ਧਰਮ ਦਾ ਕੰਮ ਹੈ ਇਹਨਾਂ 'ਤੇ ਅੰਕੁਸ਼ ਲਾਉਣਾ। ਮਹਾਵੀਰ ਨੇ ਕਿਹਾ- 'ਇੱਛਾਵਾਂ ਨੂੰ ਸੀਮਤ ਕਰੋ, ਸਾਧਨ-ਸ਼ੁੱਧੀ 'ਤੇ ਧਿਆਨ ਦਿਉ ਅਤੇ ਉਪਭੋਗ ਦਾ ਸੰਜਮ ਕਰੋ।' ਇਹ ਮਾਰਗ ਸ਼ਾਂਤੀ ਅਤੇ ਸੁਖ ਦਾ ਨਿਰਾਪਦ (ਵਿਵਾਦ ਰਹਿਤ) ਮਾਰਗ ਹੈ।

No comments:

Post a Comment