Tuesday, 3 July 2012

ਸਰਕਾਰ ਮਹਾਮਾਰੀ ਵਿਗਿਆਨ ਤਹਿਤ ਕਰਵਾਏ ਪੰਜਾਬ ਦੇ ਵਾਤਾਵਰਣੀ ਜ਼ਹਰੀਲੇ ਪਾਣੀਆਂ ਦੀ ਪੜ੍ਹਤਾਲ

   ਪੰਜਾਬ ਦੇ ਚੁਗਿਰਦੇ ਵਿੱਚ ਜ਼ਹਿਰਾਂ ਦੀ ਪੜ੍ਹਤਾਲ ਕਰਨ ਲਈ ਆਮ ਸਮਾਜ ਕਰੇਗਾ ਵਿਗਿਆਨਕ ਉਪਰਾਲਾ
ਖੇਤੀ ਵਿਰਾਸਤ ਮਿਸ਼ਨ ਦੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁੱਪ ਵੱਲੋਂ ਬੀਤੀ 27 ਮਈ ਨੂੰ ਬਠਿੰਡਾ ਵਿਖੇ ਟੌਕਸੀਸਿਟੀ ਐਂਡ ਇਨਵਾਇਰਨਮੈਂਟਲ ਇਪੋਡਿਮੋਲੋਜ਼ੀਕਲ ਮੈਪਿੰਗ ਹਿਤ ਪੰਜਾਬ ਭਰ ਵਿੱਚ ਕੀਤੇ ਜਾਣ ਵਾਲੇ ਅਧਿਐਨ ਸਬੰਧੀ ਇਸ ਉਪਰਾਲੇ ਵਿੱਚ ਭਾਗੀਦਾਰ ਸਮੂਹ ਹਮਖਿਆਲ ਜੱਥੇਬੰਦੀਆਂ ਅਤੇ ਵਿਅਕਤੀਆਂ ਲਈ ਮੁਢਲੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਵਿੱਚ ਸੂਬੇ ਭਰ ਤੋਂ ਵੱਖ-ਵੱਖ ਸੰਸਥਾਂਵਾਂ ਦੇ ਪ੍ਰਤਿਨਿਧੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਵਰਕਸ਼ਾਪ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਅਮਰ ਸਿੰਘ ਆਜ਼ਾਦ ਅਤੇ ਮਿਸ਼ਨ ਦੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁੱਪ ਦੇ ਕਨਵੀਨਰ ਤੇ ਆਦੇਸ਼ ਮੈਡੀਕਲ ਕਾਲਜ, ਬਠਿੰਡਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜੀ ਪੀ ਆਈ ਸਿੰਘ ਮੁੱਖ ਬੁਲਾਰਿਆਂ ਵਜੋਂ ਸ਼ਾਮਿਲ ਹੋਏ। ਵਰਕਸ਼ਾਪ ਦਾ ਸੰਚਾਲਨ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਹੁਣਾਂ ਕੀਤਾ।
ਜ਼ਿਕਰਯੋਗ ਹੈ ਕਿ ਬੀਤੀ 13 ਮਈ ਨੂੰ ਖੇਤੀ ਵਿਰਾਸਤ ਮਿਸ਼ਨ ਵਲੋਂ ਆਯੋਜਿਤ ਕੁਦਰਤੀ ਖੇਤੀ ਅਤੇ ਵਾਤਾਵਰਣ ਉਤਸਵ ਤਹਿਤ ਪੰਜਾਬ ਭਰ ਦੀਆਂ ਵਾਤਾਵਰਣੀ ਜੱਥੇਬੰਦੀਆਂ ਨਾਲ ਕੀਤੇ ਗਏ ਸੈਮੀਨਾਰ ਵਿੱਚ ਸਰਕਾਰ ਤੋਂ ਪੰਜਾਬ ਆਬਾਦੀ 'ਤੇ ਆਧਾਰਿਤ ਕੈਂਸਰ ਰਜੋਟਰੀ ਬਣਾਉਣ ਅਤੇ ਸੂਬੇ ਦੀ ਟੌਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲੋਜ਼ੀਕਲ ਸਟਡੀ  ਕਰਵਾਏ ਜਾਣ ਦੀ ਮੰਗ ਕੀਤੀ ਗਈ ਸੀ।  ਉਪਰੰਤ ਇਸ ਸਬੰਧ ਵਿੱਚ ਬੀਤੀ 20 ਮਈ ਨੂੰ ਆਦੇਸ਼ ਮੈਡੀਕਲ ਕਾਲਜ, ਬਠਿੰਡਾ ਵਿਖੇ  ਖੇਤੀ ਵਿਰਾਸਤ ਮਿਸ਼ਨ ਦੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁੱਪ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਡਾ. ਜੀ ਪੀ ਆਈ ਸਿੰਘ-ਕਨਵੀਨਰ (ਈ ਐੱਚ ਏ ਜੀ), ਡਾ. ਅਮਰ ਸਿੰਘ ਆਜ਼ਾਦ, ਡਾ. ਵਿਠੁਲ ਕੇ ਗੁਪਤਾ, ਸ਼੍ਰੀ ਮਨਮੋਹਨ ਸ਼ਰਮਾ, ਡਾ. ਪਵਨ ਮਿੱਤਲ, ਡਾ. ਗੁਰਜੰਟ ਸਿੰਘ ਸੇਖੋਂ ਅਤੇ ਉਮੇਂਦਰ ਦੱਤ ਹੁਣਾਂ ਭਾਗ ਲਿਆ। ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਦੀ ਟੌਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲੋਜ਼ੀਕਲ ਮੈਪਿੰਗ ਲਈ ਸਿਰਫ ਸਰਕਾਰ ਦੇ ਮੂੰਹ ਵੱਲ ਹੀ ਵੇਖਦੇ ਰਹਿਣ ਦੀ ਬਜਾਏ ਸਾਨੂੰ ਆਪਣੇ ਪੱਧਰ 'ਤੇ ਇਹ ਕੰਮ ਆਰੰਭ ਕਰ ਦੇਣਾ ਚਾਹੀਦਾ ਹੈ। ਉਪਰੰਤ ਇਹ ਤੈਅ ਕੀਤਾ ਗਿਆ ਕਿ 27 ਮਈ ਨੂੰ ਇਸ ਸਬੰਧ ਵਿੱਚ ਸਮੂਹ ਹਮ ਖ਼ਿਆਲ ਲੋਕਾਂ ਅਤੇ ਸੰਸਥਾਵਾਂ ਦੀ ਇੱਕ ਮੁਢਲੀ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਜਾਵੇ। ਇਸੇ ਫੈਸਲੇ ਤਹਿਤ 27 ਮਈ ਨੂੰ ਬਠਿੰਡਾ ਵਿਖੇ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਦੱਤ ਨੇ ਸਭ ਤੋਂ ਪਹਿਲਾਂ ਭਾਗੀਦਾਰਾਂ ਨੂੰ ਇਸ ਵਰਕਸ਼ਾਪ ਦੇ ਲੋੜ ਅਤੇ ਮਹੱਤਵ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਸਿਹਤਾਂ ਅਤੇ ਵਾਤਾਵਰਣ ਦੇ ਬਹੁਤ ਹੀ ਭਿਆਨਕ ਸੰਕਟ ਦਾ ਸ਼ਿਕਾਰ ਹੈ। ਸੂਬੇ ਭਰ ਵਿੱਚ ਲੋਕ ਅਨੇਕਾਂ ਪ੍ਰਕਾਰ ਦੀਆਂ ਲਾਇਲਾਜ਼ ਅਤੇ ਦਰਦਨਾਕ ਬਿਮਾਰੀਆਂ ਦੀ ਜਕੜਨ ਵਿੱਚ ਤ੍ਰਾਹੀ-ਤ੍ਰਾਹੀ ਕਰ ਰਹੇ ਹਨ ਅਤੇ ਇਹ ਸਭ ਵਾਤਾਵਰਣ ਵਿੱਚ ਦੂਰ-ਦੂਰ ਤੱਕ ਪਸਰੇ ਹੋਏ ਜ਼ਹਿਰਾਂ ਕਾਰਨ ਵਾਪਰ ਰਿਹਾ ਹੈ। ਖੇਤੀ ਵਿੱਚ ਕੀੜੇਮਾਰ ਅਤੇ ਨਦੀਨ ਨਾਸ਼ਕ ਜ਼ਹਿਰਾਂ ਦੇ ਨਾਲ-ਨਾਲ ਰਸਾਇਣਿਕ ਖਾਦਾਂ ਦੀ ਅੰਨ੍ਹੀ ਵਰਤੋਂ ਇਸ ਦਾ ਪ੍ਰਮੁੱਖ ਕਾਰਨ ਹੈ। ਇਸ ਤੋਂ ਇਲਾਵਾ ਉਦਯੋਗਾਂ ਅਤੇ ਵਾਹਣਾਂ ਵਿੱਚੋਂ ਨਿਕਲਣ ਵਾਲੇ ਅਨੇਕਾਂ ਪ੍ਰਕਾਰ ਦੇ ਜ਼ਹਿਰੀਲੇ ਮਾਦੇ ਵੀ ਵਾਤਾਵਰਣੀ ਜ਼ਹਿਰੀਲੇਪਨ ਵਿੱਚ ਭਾਰੀ ਵਾਧਾ ਕਰ ਰਹੇ ਹਨ। ਸਿੱਟੇ ਵਜੋਂ ਸੂਬੇ ਭਰ ਵਿੱਚ ਲੋਕ ਭਿਆਨਕ ਕਿਸਮ ਦੀਆਂ ਤੇ ਲਾਇਲਾਜ਼ ਬਿਮਾਰੀਆਂ ਦੇ ਸ਼ਿਕਾਰ ਬਣੇ ਹੋਏ ਹਨ। ਇਸ ਵਰਤਾਰੇ ਨੂੰ ਰੋਕਣ ਲਈ ਫ਼ਿਲਹਾਲ ਸਰਕਾਰ ਕੋਈ ਰੁਚੀ ਨਹੀਂ ਲੈ ਰਹੀ ਸੋ ਖੇਤੀ ਵਿਰਾਸਤ ਮਿਸ਼ਨ, ਹਮਖਿਆਲ ਜੱਥੇਬੰਦੀਆਂ ਅਤੇ ਜਾਗਰੂਕ ਲੋਕਾਂ ਦੁਆਰਾ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਇਹ ਫ਼ੈਸਲਾ ਲਿਆ ਗਿਆ ਹੈ ਕਿ ਮਿਸ਼ਨ ਦੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁੱਪ ਦੀ ਦੇਖ-ਰੇਖ ਵਿੱਚ ਪੰਜਾਬ ਵਿੱਚ ਟੌਕਸੀਸਿਟੀ ਐਂਡ ਇਨਵਾਇਰਨਮੈਂਟਲ ਇਪੋਡਿਮੋਲੋਜ਼ੀਕਲ ਮੈਪਿੰਗ ਕਰਵਾਈ ਜਾਵੇਗੀ।  ਇਹ ਮੈਪਿੰਗ ਕਿਸ tਤਰ੍ਹਾ ਕੀਤੀ ਜਾਵੇ ਇਸ ਸਬੰਧੀ ਮੁਢਲੀ ਜਾਣਕਾਰੀ ਦੇਣ ਸਬੰਧੀ ਹੀ ਅੱਜ ਦੀ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ।
ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ਡਾ. ਅਮਰ ਸਿੰਘ ਆਜ਼ਾਦ ਨੇ ਆਏ ਹੋਏ ਸੱਜਣਾਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਮਨੁੱਖ ਆਦਿ ਕਾਲ / ਆਪਣੀ ਸ਼ੁਰੂਆਤੀ ਅਵਸਥਾ ਤੋਂ ਹੀ ਸਿਹਤ ਪ੍ਰਤੀ ਜਾਗਰੂਕ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਉਸ ਸਮੇਂ ਬਹੁਤੀਆਂ ਬਿਮਾਰੀਆਂ ਸਮੇਂ ਦੇ ਨਾਲ ਆਪਣੇ-ਆਪ ਹੀ ਠੀਕ ਹੋ ਜਾਂਦੀਆਂ ਸਨ ਅਤੇ ਉਹਨਾਂ ਦੀ ਤੀਬਰਤਾ ਵੀ ਬਹੁਤ ਘੱਟ ਹੁੰਦੀ ਸੀ। ਪਰੰਤੂ ਬੀਤਦੇ ਸਮੇਂ ਦੇ ਨਾਲ-ਨਾਲ ਬਿਮਾਰੀਆਂ ਦੀ ਤਾਸੀਰ ਵੀ ਬਦਲਦੀ ਗਈ ਅਤੇ ਉਹ ਕੁਝ ਗੁੰਝਲਦਾਰ ਰੂਪ ਅਖਤਿਆਰ ਕਰਨ ਲੱਗ ਪਈਆਂ। ਅਜਿਹੇ ਵਿੱਚ ਬਿਮਾਰੀਆਂ 'ਤੇ ਕਾਬੂ ਪਾਉਣ ਲਈ ਮਨੁੱਖ ਨੇ ਇੱਕ ਸੰਤੁਲਿਤ ਪਹੁੰਚ ਅਪਣਾਉਣੀ ਸ਼ੁਰੂ ਕਰ ਦਿੱਤੀ। ਕੁਦਰਤੀ ਇਲਾਜ਼ ਪ੍ਰਣਾਲੀ/ਨੇਚਰੋਪੈਥੀ, ਆਯੁਰਵੇਦ ਅਤੇ ਯੋਗ ਆਦਿ ਇਸੇ ਸੰਤੁਲਿਤ ਪਹੁੰਚ ਦੇ ਨਤੀਜ਼ੇ ਵਜੋਂ ਹੀ ਵਿਕਸਤ ਹੋਈਆਂ।
ਪਰੰਤੂ ਜਿਵੇਂ-ਜਿਵੇਂ ਮਨੁੱਖ ਕੁਦਰਤੀ ਵਾਤਾਵਰਣ ਤੋਂ ਦੂਰ ਹੁੰਦਾ ਗਿਆ ਨਵੀਆਂ-ਨਵੀਆਂ ਬਿਮਾਰੀਆਂ ਉਪਜਣ ਲੱਗੀਆਂ। ਇਹਨਾਂ ਵਿੱਚ ਹੈਜ਼ਾ, ਪਲੇਗ, ਟੀ. ਬੀ. ਆਦਿ ਜੀਵਾਣੂ/ਕੀਟਾਣੂ ਜਨਿਤ ਛੂਤ ਦੀਆਂ ਬਿਮਾਰੀਆਂ ਦੀ ਭਰਮਾਰ ਸੀ। ਇਹਨਾਂ ਅਤੇ ਅਜਿਹੀਆਂ ਹੀ ਹੋਰਨਾ ਕੀਟਾਣੂ ਜਨਿਤ ਬਿਮਾਰੀਆਂ ਕਰਕੇ ਵੱਡੀ ਸੰਖਿਆ ਵਿੱਚ ਲੋਕਾਂ ਅਣਆਈ ਮੌਤ ਮਰਨ ਲੱਗ ਪਏ। ਸਿੱਟੇ ਵਜੋਂ ਅੱਗੇ ਚੱਲ ਕੇ ਆਧੁਨਿਕ ਚਿਕਿਤਸਾ ਪ੍ਰਣਾਲੀ ਦੀ ਖੋਜ਼ ਹੋਈ ਅਤੇ 100-150 ਸਾਲ ਪਹਿਲਾਂ ਐਂਟੀਬਾਇਉਟਿਕਸ ਨਾਲ ਰੋਗਾਂ ਦਾ ਇਲਾਜ਼ ਕੀਤਾ ਜਾਣਾ ਸ਼ੁਰੂ ਹੋ ਗਿਆ। ਅਰਥਾਤ ਸਬੰਧਤ ਬਿਮਾਰੀ ਲਈ ਜ਼ਿਮੇਵਾਰ ਜੀਵਾਣੂ/ਕੀਟਾਣੂ ਨੂੰ ਮਾਰ ਕੇ ਬਿਮਾਰੀ ਦਾ ਇਲਾਜ਼ ਕਰਨ। ਇਸ ਨਾਲ ਆਧੁਨਿਕ ਚਿਕਿਤਸਾ ਪੱਧਤੀ ਨੂੰ ਅਪਾਰ ਸਫ਼ਲਤਾ ਮਿਲੀ। ਪਰੰਤੂ ਇਸੇ ਦੌਰਾਨ ਸ਼ੂਗਰ, ਕੈਂਸਰ, ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਵਰਗੀਆਂ ਬਿਲਕੁਲ ਹੀ ਨਿਵੇਕਲੀਆਂ ਬਿਮਾਰੀਆਂ ਪ੍ਰਗਟ ਹੋਈਆਂ ਜਿਹੜੀਆਂ ਕਿ ਛੂਤ ਨਾਲ ਨਹੀਂ ਫੈਲਦੀਆਂ ਅਤੇ ਜਿਹਨਾਂ ਦਾ ਇਲਾਜ਼ ਬਹੁਤ ਹੀ ਮਹਿੰਗਾ ਅਤੇ ਲਗਪਗ ਅਸੰਭਵ ਹੈ। ਇਹ ਅਤੇ ਇਹਨਾਂ ਵਰਗੀਆਂ ਅਨੇਕਾਂ ਹੋਰ ਅਜਿਹੀਆਂ ਬਿਮਾਰੀਆਂ ਹਨ ਜਿਹਨਾਂ ਦਾ ਕੋਈ ਸਟੀਕ ਇਲਾਜ਼ ਨਹੀਂ ਹੈ ਅਤੇ ਭੁਗਤਭੋਗੀ ਨੂੰ ਦਵਾਈਆਂ ਦੇ ਸਹਾਰੇ ਜ਼ਿੰਦਗੀ ਭਰ ਇਹਨਾਂ ਦੇ ਨਾਲ ਹੀ ਜੀਣਾ ਪੈਂਦਾ ਹੈ।
ਡਾ. ਆਜ਼ਾਦ ਨੇ ਹੋਰ ਵਿਸਥਾਰ ਨਾਲ ਦੱਸਿਆ ਕਿ ਬਿਮਾਰੀਆਂ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ ਸਗੋਂ ਇਹਨਾਂ ਦੇ ਕਈ ਮਿਲੇ-ਜੁਲੇ ਕਾਰਨ ਹੁੰਦੇ ਹਨ ਅਰਥਾਤ ਕਿਸੇ ਵੀ ਬਿਮਾਰੀ ਲਈ ਮੁੱਖ ਤੌਰ 'ਤੇ ਕੋਈ ਇੱਕ ਕਾਰਨ ਜਿੰਮੇਵਾਰ ਨਹੀਂ ਹੁੰਦਾ। ਇਪੋਡਿਮੋਲੋਜ਼ੀ ਵਿਗਿਆਨ ਇਸ ਸਿਧਾਂਤ 'ਤੇ ਕੰਮ ਕਰਦਾ ਹੈ ਕਿ ਬਿਮਾਰੀ ਦੇ ਪਨਪਣ ਲਈ ਏਜੰਟ, ਹੋਸਟ ਅਤੇ ਵਾਤਾਵਰਣ ਤਿੰਨੇਂ ਚੀਜਾਂ ਦੀ ਲੋੜ ਹੁੰਦੀ ਹੈ। ਸੋ ਬਿਮਾਰੀ ਨੂੰ ਸਮਝਣ ਲਈ ਇਹਨਾਂ ਤਿੰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। 
ਏਜੰਟ
ਹੋਸਟ  
ਵਾਤਾਵਰਣ

ਏਜੰਟ ਅਰਥਾਤ ਬਿਮਾਰੀ, ਹੋਸਟ ਅਰਥਾਤ ਬਿਮਾਰੀ ਦਾ ਸੰਭਾਵਿਤ ਸ਼ਿਕਾਰ ਅਤੇ ਵਾਤਾਵਰਣ ਅਰਥਾਤ ਏਜੰਟ ਅਤੇ ਹੋਸਟ ਨੂੰ ਮਿਲਾਉਣ ਵਾਲਾ ਮਹੱਤਵਪੂਰਨ ਕਾਰਕ। ਇਸ ਦਾ ਸਾਫ ਮਤਲਬ ਇਹ ਹੈ ਕਿ ਜੇਕਰ ਵਾਤਾਵਰਣ ਚੰਗਾ ਹੋਵੇਗਾ ਤਾਂ ਬਿਮਾਰੀ ਨਹੀਂ ਹੋਵੇਗੀ ਪਰੰਤੂ ਜੇਕਰ ਵਾਤਾਵਰਣ ਮਾੜਾ ਹੋਵੇਗਾ ਤਾਂ ਬਿਮਾਰੀ ਜ਼ਰੂਰ ਉਪਜੇਗੀ। ਇਹ ਵੀ ਸੱਚ ਹੈ ਕਿ ਉਪਰੋਕਤ ਤਿੰਨੇਂ ਬਿਮਾਰੀ ਲਈ ਬਰਾਬਰ ਦੇ ਦੋਸ਼ੀ ਨਹੀਂ ਹਨ ਜੇਕਰ ਵਾਤਾਵਰਣ ਸਿਹਤ ਪੱਖੀ ਹੋਵੇ ਤਾਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ। ਵਾਤਾਵਰਣ ਵੀ ਤਿੰਨ ਪ੍ਰਕਾਰ ਦਾ ਹੁੰਦਾ ਹੈ। ਸਮਾਜਿਕ, ਸ਼ਰੀਰਕ ਅਤੇ ਜੈਵਿਕ। ਪਰ ਹਾਂ ਜੇਕਰ ਸਮਾਜਿਕ ਵਾਤਾਵਰਣ ਚੰਗਾ ਹੋਵੇਗਾ ਤਾਂ ਸ਼ਰੀਰਕ ਅਤੇ ਜੈਵਿਕ ਵਾਤਾਵਰਣ ਆਪਣੇ-ਆਪ ਹੀ ਚੰਗਾ ਹੋ ਜਾਵੇਗਾ। ਸਮਾਜਿਕ ਵਾਤਾਵਰਣ ਦੇ ਚੰਗਾ ਹੋਣ ਤੋਂ ਭਾਵ ਸਮਾਜ ਵਿੱਚ ਉੱਚ ਪਾਏ ਦੀ ਚੇਤਨਾਂ ਤੋਂ ਹੈ। ਇੱਕ ਚੇਤਨ ਸਮਾਜ ਦਾ ਫਿਜ਼ੀਕਲ ਅਤੇ ਬਾਇਉਲੌਜ਼ੀਕਲ ਵਾਤਾਵਰਣ ਕਿਸੇ ਪੱਖੋਂ ਵੀ ਗੜਬੜ ਨਹੀਂ ਹੋ ਸਕਦਾ।
ਇਸ ਵੇਲੇ ਪੰਜਾਬ ਸਮੇਤ ਸਮੁੱਚੇ ਦੇਸ ਅਤੇ ਦੁਨੀਆਂ ਭਰ ਦਾ ਸਮਾਜਿਕ ਵਾਤਾਵਰਣ ਇੰਨਾਂ ਕੁ ਗੰਧਲ ਗਿਆ ਹੈ ਕਿ ਸਾਡਾ ਸ਼ਰੀਰ ਅਤੇ ਜੈਵਿਕ ਵਾਤਾਵਰਣ ਕਿਸੇ ਵੀ ਪੱਖੋਂ ਠੀਕ ਜਾਂ ਪਾਏਦਾਰ ਨਹੀਂ ਰਹਿ ਗਿਆ। ਨਤੀਜ਼ੇ ਵਜੋਂ ਪੂਰੀ ਦੁਨੀਆਂ ਦਾ ਡਿਜ਼ੀਜ਼ ਪੈਟਰਨ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਪੰਜਾਬ ਵਿੱਚ ਖਾਸ ਕਰ ਕੇ। ਕੈਂਸਰ, ਕਿਡਨੀ, ਸ਼ੂਗਰ, ਬੱਲਡ ਪ੍ਰੈਸ਼ਰ ਆਦਿ ਬਿਮਾਰੀਆਂ ਆਮ ਹੋ ਗਈਆਂ ਹਨ ਅਤੇ ਆਧੁਨਿਕ ਚਿਕਿਤਸਾ ਪ੍ਰਣਾਲੀ ਵਿੱਚ ਇਹਨਾਂ ਬਿਮਾਰੀਆਂ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ ਬਲਕਿ ਇਹਨਾਂ ਦੇ ਨਾਲ ਹੀ ਜਿਉਣਾ ਪੈਂਦਾ ਹੈ। ਇਹ ਬਿਮਾਰੀਆਂ ਉਮਰ ਘਟਾਉਂਦੀਆਂ ਹਨ। ਇਹਨਾਂ ਤੋਂ ਪੀੜਤ ਵਿਅਕਤੀ ਆਪਣੀ ਪੂਰੀ ੂਉਮਰ ਕਦੇ ਨਹੀਂ ਭੋਗ ਪਾਉਂਦਾ। ਇਹਨਾਂ ਵਿੱਚੋਂ ਕੁੱਝ ਬਿਮਾਰੀਆਂ ਦਾ ਤਾਂ ਭੁਗਤਭੋਗੀ ਨੂੰ ਕਿੰਨਾ-ਕਿੰਨਾ ਚਿਰ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਪਤਾ ਲੱਗਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਹਨਾਂ ਬਿਮਾਰੀਆਂ ਦਾ ਇਲਾਜ਼ ਬਹੁਤ ਮਹਿੰਗਾ ਹੈ। ਸਬੰਧਤ ਟੈਸਟ ਅਤੇ ਦਵਾਈਆਂ ਇੰਨੀਆਂ ਕੁ ਮਹਿੰਗੀਆਂ ਹਨ ਕਿ ਹਰ ਕੋਈ ਉਹਨਾਂ ਦੀ ਖਰੀਦ ਕੇ ਵਰਤ ਨਹੀਂ ਸਕਦਾ।
ਅਜਿਹਾ ਸਿਰਫ ਇਸ ਲਈ ਹੈ ਕਿ ਆਧੁਨਿਕ ਚਿਕਤਸਾ ਪ੍ਰਣਾਲੀ ਵਿੱਚ ਸਾਰੀ ਰਿਸਰਚ ਦੇ ਸੈਂਟਰ ਵਿੱਚ ਵਪਾਰ ਹੈ ਅਤੇ  ਸਾਰੀ ਵਿਵਸਥਾ ਸ਼ੋਸ਼ਣਕਾਰੀ ਹੈ। ਮਰੀਜ਼ ਅਤੇ ਉਸਦੀ ਬਿਮਾਰੀ ਨੂੰ ਪੈਸਾ ਬਣਾਉਣ ਦੇ ਇੱਕ ਸਾਧਨ ਵਜੋਂ ਦੇਖਿਆ ਜਾਂਦਾ ਹੈ ਨਾ ਕਿ ਇਨਸਾਨ ਵਜੋਂ। ਇਸ ਤੋਂ ਵੀ ਅਗਲੀ ਗੱਲ- ਪੰਜਾਬ ਵਿੱਚ ਕਿਸੇ ਵੀ ਕ੍ਰੋਨਿਕ (ਗੰਭੀਰ) ਬਿਮਾਰੀ ਦਾ ਡੈਟਾ ਮੌਜੂਦ ਨਹੀਂ ਹੈ ਅਰਥਾਤ ਬਿਮਾਰੀਆਂ ਦੇ ਸੰਭਾਵਿਤ ਅਤੇ ਪੁਖਤਾ ਕਾਰਨਾਂ ਬਾਰੇ ਕਿਤੇ ਵੀ ਕੋਈ ਜਾਣਕਾਰੀ ਉਪਲਭਧ ਨਹੀਂ ਹੈ। ਇਸ ਦਾ ਇੱਕ ਮਾਤਰ ਕਾਰਨ ਇਹ ਹੈ ਕਿ ਸਾਰੀ ਦੀ ਸਾਰੀ ਰਿਸਰਚ ਫਾਰਮਾਸਿਉਟੀਕਲ (ਦਵਾਈਆਂ ਬਣਾਉਣ ਵਾਲੀਆਂ) ਕੰਪਨੀਆਂ ਦੇ ਏਕਾਧਿਕਾਰ ਵਿੱਚ ਹੈ। ਦੂਸਰਾ ਇਹ ਰਿਸਰਚ ਹੈ ਵੀ ਇੰਨੀ ਮਹਿੰਗੀ ਕਿ ਕਿਸੇ ਸਧਾਰਣ ਅਦਾਰੇ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੋ ਨਿੱਬੜਦੀ ਹੈ। ਸੋ ਵਿਆਪਕ ਜਨਹਿਤ ਵਿੱਚ ਇਹ ਕੰਮ ਸਰਕਾਰਾਂ ਹੀ ਆਸਾਨੀ ਨਾਲ ਕਰ ਸਕਦੀਆਂ ਹਨ। ਕਿਉਂਕਿ ਉਹਨਾਂ ਕੋਲ ਸਾਧਨਾਂ ਦੀ ਕੋਈ ਕਮੀ ਨਹੀਂ ਹੁੰਦੀ! ਪਰ ਹਾਂ ਇਸ ਕੰਮ ਨੂੰ ਸਿਰਫ ਤੇ ਸਿਰਫ ਸਰਕਾਰਾਂ 'ਤੇ ਛੱਡ ਕੇ ਅਵੇਸਲੇ ਨਹੀਂ ਹੋਇਆ ਜਾ ਸਕਦਾ। ਇਸ ਲਈ ਲੋਕ ਹਿੱਤ ਵਿੱਚ ਸਾਨੂੰ ਆਪਣੇ ਪੱਧਰ 'ਤੇ ਹੀ ਸਬੰਧਤ ਰਿਸਰਚ ਕਰਨ ਦੀ ਲੋੜ ਹੈ। ਇਹ ਰਿਸਰਚ ਕੀਤੀ ਕਿਸ ਤਰ੍ਹਾ ਜਾਵੇ? ਇਹ ਵੱਡਾ ਸਵਾਲ ਹੈ ਅਤੇ ਇਸ ਸਵਾਲ ਦਾ ਜਵਾਬ ਇਸ ਵਿਸ਼ੇ 'ਤੇ ਗੰਭੀਰ ਵਿਚਾਰ-ਵਟਾਂਦਰੇ ਵਿਚੋਂ ਰਿਸਰਚ ਏਜੰਡਾ ਤੈਅ ਕਰਨ ਵਿੱਚ ਨਿਹਿਤ ਹੈ।
ਪੰਜਾਬ ਦੇ ਮੌਜੂਦਾ ਸਿਹਤ ਸੰਕਟ ਦੇ ਮੱਦੇ ਨਜ਼ਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਰਕਾਰ ਸੂਬੇ ਵਿੱਚ ਹੈਲਥ ਐਮਰਜੰਸੀ ਦਾ    ਐਲਾਨ ਕਰੇ। ਅਜਿਹਾ ਕਰਨਾ ਇਸ ਲਈ ਲਾਜ਼ਮੀ ਹੈ, ਕਿਉਂਕਿ:
1) ਪੰਜਾਬ ਵਿੱਚ ਵਾਤਾਵਰਣੀ ਜ਼ਹਿਰੀਲਾਪਣ ਇੰਨਾ ਕੁ ਵਧ ਗਿਆ ਹੈ ਕਿ ਪੰਜਾਬ ਨੂੰ ਦੇਸ ਭਰ ਵਿੱਚ ਕੈਂਸਰ ਅਤੇ ਪ੍ਰਜਣਨ ਸਿਹਤ ਸਬੰਧੀ ਰੋਗਾਂ ਦੀ ਰਾਜਧਾਨੀ ਵਜੋਂ ਜਾਣਿਆ ਜਾਣ ਲੱਗਾ ਹੈ। ਦੇਸ ਭਰ ਵਿਚ ਵਰਤੇ ਜਾ ਰਹੇ ਪੈਸਟੀਸਾਈਡਜ਼ ਦਾ 18% ਅਤੇ ਰਸਾਇਣਿਕ ਖਾਦਾਂ ਦਾ 12 % ਇਕੱਲੇ ਪੰਜਾਬ ਵਿੱਚ ਖਪਾ ਦਿੱਤਾ ਜਾਂਦਾ ਹੈ। ਇਹ ਦੋਹੇਂ ਬਹੁਤ ਹੀ ਖ਼ਤਰਨਾਕ ਅਤੇ ਲੰਬੇ ਅਰਸੇ ਤੱਕ ਵਾਤਾਵਰਣ ਵਿੱਚ ਟਿਕੇ ਰਹਿਣ ਵਾਲੇ ਜ਼ਹਿਰੀਲੇ ਮਾਦੇ ਹਨ। ਇਹ ਕੈਂਸਰ ਕਾਰਕ ਹਨ, ਪ੍ਰਜਨ ਸਿਹਤ ਖ਼ਰਾਬ ਕਰਦੇ ਹਨ ਅਤੇ ਐਂਡੋਕ੍ਰਾਈਨ ਸਿਸਟਮ ਨੂੰ ਡਿਸਟਰਬ ਕਰਦੇ ਹਨ ਅਤੇ ਇਹ ਸਾਰੀਆਂ ਅਲਾਮਤਾਂ ਪੰਜਾਬ ਵਿੱਚ ਆਮ ਹੋ ਗਈਆਂ ਹਨ।
2) ਮਰਦਾਂ ਵਿੱਚ ਸਪਰਮ ਕਾਂਊਟ ਅਤੇ ਭੂਮੀ ਵਿੱਚ ਸੂਖਮ ਜੀਵਾਣੂ 40 ਸਾਲ ਪਹਿਲਾਂ ਦੇ ਮੁਕਾਬਲੇ 30-30 % ਘਟ ਗਏ ਹਨ। ਔਰਤਾਂ ਵਿੱਚ ਬੱਚੇਦਾਨੀ ਦੀਆਂ  ਰਸੌਲੀਆਂ ਦਾ ਵਰਤਾਰਾ ਆਮ ਹੋ ਗਿਆ ਹੈ।
3) ਬੱਚੀਆਂ ਵਿੱਚ ਮਹਾਵਾਰੀ 2 ਸਾਲ ਐਡਵਾਂਸ ਹੋ ਗਈ ਹੈ। ਇਸੇ ਤਰ੍ਹਾ  ਮੁੰਡਿਆਂ ਵਿੱਚ ਜਵਾਨੀ ਉਮਰ ਵੀ 2 ਸਾਲ ਤੱਕ ਲੇਟ ਹੋ ਗਈ ਹੈ। 40 ਸਾਲ ਤੋਂ ਵੱਧ ਉਮਰ ਦੇ ਲਗਪਗ 50 ਫੀਸਦੀ ਮਰਦ ਇਰੈਕਟਾਇਲ ਡਿਸਫੰਕਸ਼ਨ (ਸੈਕਸ ਦੀ ਕਮਜ਼ੋਰੀ) ਦੇ ਸ਼ਿਕਾਰ ਹੋ ਚੁੱਕੇ ਹਨ। ਇਸ ਦਾ ਸਪਸ਼ਟ ਅਰਥ ਇਹ ਹੈ ਕਿ ਪੰਜਾਬ ਮੇਲ ਫੈਮਾਲਾਇਜੇਸ਼ਨ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ।
4) ਜਿਥੋਂ ਤੱਕ ਗੱਲ ਕੈਂਸਰ ਦੀ ਹੈ ਤਾਂ ਇਹ ਮੁੱਖ ਰੂਪ ਨਾਲ ਤਿੰਨ ਤਰ੍ਹਾ  ਦੇ ਹਨ:
1) ਤੰਬਾਕੂ ਆਧਾਰਿਤ ਕੈਂਸਰ, 2) ਰੇਡੀਏਸ਼ਨ ਆਧਾਰਿਤ ਕੈਂਸਰ, 3) ਟੌਕਸੀਸਿਟੀ ਆਧਾਰਿਤ ਕੈਂਸਰ
ਪੰਜਾਬ ਵਿੱਚ ਟੌਕਸੀਸਿਟੀ ਆਧਾਰਿਤ ਕੈਂਸਰ ਵੱਡੇ ਪੈਮਾਨੇ 'ਤੇ ਵਧ ਰਹੇ ਹਨ। ਜਿਵੇਂ ਕਿ ਛਾਤੀ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਗਾਲ ਬਲੈਡਰ ਦਾ ਕੈਂਸਰ, ਅੰਤੜੀਆਂ ਦਾ ਕੈਂਸਰ ਆਦਿ-ਆਦਿ। ਇਸੇ ਤਰ੍ਹਾ  ਹੈਪੇਟਾਇਟਿਸ ਬੀ ਅਤੇ ਸੀ ਵਰਗੀਆਂ ਬਿਮਾਰੀਆਂ ਵੀ ਤੇਜ਼ੀ ਨਾਲ ਆਪਣਾ ਦਾਇਰਾ ਵਧਾ ਰਹੀਆਂ ਹਨ।
5) ਇਹ ਹੀ ਹਾਲ ਪ੍ਰਜਨਣ ਸਿਹਤ ਸਬੰਧੀ ਵੀ ਹੈ। ਕਦੇ ਇੱਕ ਹਜ਼ਾਰ ਪਿੱਛੇ ਇੱਕ ਮੰਦਬੁੱਧੀ ਬੱਚਾ ਪੈਦਾ ਹੁੰਦਾ ਸੀ ਪਰੰਤੂ ਵਰਤਮਾਨ ਸਮੇਂ ਇਹ ਗਿਣਤੀ 36 ਬੱਚਿਆਂ ਪਿੱਛੇ ਇੱਕ ਹੋ ਗਈ ਹੈ।
6) ਮਨੁੱਖਾਂ ਅਤੇ ਡੰਗਰਾਂ ਵਿੱਚ ਬਾਂਝਪਣ ਦਾ ਵਰਤਾਰਾ ਆਮ ਹੋ ਗਿਆ ਹੈ। ਜੰਗਲੀ ਜੀਵ ਵੀ ਤੇਜ਼ੀ ਨਾਲ ਲੋਪ ਹੋ ਰਹੇ ਹਨ। ਪੰਛੀਆਂ ਦੀਆਂ 10,000 ਵਿਚੋਂ 7,000 ਪ੍ਰਜਾਤੀਆਂ ਖਤਮ ਹੋ ਗਈਆਂ ਹਨ। ਦੁਨੀਆਂ ਭਰ ਦੇ ਲੋਕ ਪੱਖੀ ਵਿਗਿਆਨੀ ਕਹਿ ਰਹੇ ਹਨ ਕਿ ਪੂਰੀ ਦੁਨੀਆਂ ਇੱਕ ਧੀਮੀ ਮੌਤ ਮਰ ਰਹੀ ਹੈ, ਸਮੂਹਿਕ ਆਤਮਦਾਹ ਵੱਲ ਵਧ ਰਹੀ ਹੈ।
7) ਭੂਮੀ, ਪਾਣੀ, ਹਵਾ ਸਭ ਪਲੀਤੇ ਜਾ ਚੁੱਕੇ ਹਨ। ਪੰਜਾਬ ਦਾ ਧਰਤੀ ਹੇਠਲਾ ਅਤੇ ਉਪਰਲਾ ਸਾਰੇ ਪਾਣੀ ਬੁਰੀ ਤਰ੍ਹਾ  ਪ੍ਰਦੂਸ਼ਤ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਣੀ ਸਾਫ ਕਰਨ ਦੇ ਜੁਗਾੜ (ਆਰ. ਓ. ਬਗ਼ੈਰਾ) ਸਾਨੂੰ ਬਚਾਅ ਨਹੀਂ ਸਕਦੇ। ਕਿਉਂਕਿ 24 ਘੰਟਿਆਂ ਵਿੱਚ ਪੀਣ ਵਾਲੇ ਪਾਣੀ ਨਾਲ ਜਿੰਨਾਂ ਵਾਤਾਵਰਣੀ ਜ਼ਹਿਰ ਸਾਡੇ ਸ਼ਰੀਰ ਵਿੱਚ ਚਲਾ ਜਾਂਦੀ ਹੈ ਉੰਨਾਂ ਜ਼ਹਿਰ ਸਿਰਫ 15 ਮਿਨਟ ਨਹਾਉਣ ਨਾਲ ਹੀ ਸਾਡੇ ਸ਼ਰੀਰ ਵਿੱਚ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਸਾਡੀਆਂ ਸਾਡੇ ਡੰਗਰਾਂ ਨੂੰ ਪਿਲਾਇਆ ਜਾਣ ਵਾਲਾ ਅਸ਼ੁੱਧ ਪਾਣੀ ਖੁਰਾਕ ਰਾਹੀਂ ਸਾਡੇ ਸ਼ਰੀਰ ਵਿੱਚ ਹੀ ਜਾਵੇਗਾ। ਸੋ ਸਾਨੂੰ ਕਦੇ ਵੀ ਇਸ ਗਲਤਫ਼ਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਆਰ. ਓ. ਵਰਗੇ ਤਕਨੀਕੀ ਹੱਲ ਸਾਨੂੰ ਵਾਤਵਰਣੀ ਜ਼ਹਿਰੀਲੇਪਣ ਦੀ ਮਾਰ ਤੋਂ ਬਚਾ ਲੈਣਗੇ।
ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਚੁਗਿਰਦੇ ਵਿੱਚ ਹਵਾ, ਪਾਣੀ, ਭੂਮੀ ਅਤੇ ਭੋਜਨ ਲੜੀ ਵਿੱਚ ਕਿਹੜੇ-ਕਿਹੜੇ ਜ਼ਹਿਰ ਅਤੇ ਕਿੰਨੀ ਮਾਤਰਾ ਵਿੱਚ ਮੌਜੂਦ ਹਨ। ਇਸ ਮੰਤਵ ਲਈ ਸਾਨੂੰ ਸਰਕਾਰ ਤੋਂ ਪੰਜਾਬ ਦੀ ਟੌਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲਜ਼ੀਕਲ ਮੈਪਿੰਗ ਕਰਵਾਉਣ ਦੀ ਪੁਰਜ਼ੋਰ ਮੰਗ ਕਰਨੀ ਚਾਹੀਦੀ ਹੈ।
ਇਸ ਮੌਕੇ ਡਾ. ਜੀ. ਪੀ. ਆਈ. ਸਿੰਘ ਵਰਕਸ਼ਾਪ ਵਿੱਚ ਆਏ ਹੋਏ ਸੱਜਣਾਂ ਨੂੰ ਇਪੋਡਿਮੌਲੌਜ਼ੀ ਅਤੇ ਪੰਜਾਬ ਦੀ ਟਾਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲੌਜ਼ੀਕਲ ਮੈਪਿੰਗ ਬਾਰੇ ਅਰਥ ਭਰਪੂਰ ਜਾਣਕਾਰੀ ਦਿੱਤੀ।  ਡਾ. ਜੀ. ਪੀ. ਆਈ. ਸਿੰਘ ਨੇ ਦੱਸਿਆ ਕਿ ਚਿਕਤਿਸਾ ਪ੍ਰਣਾਲੀ ਵਿੱਚ ਇਪੋਡਿਮੌਲੋਜ਼ੀ ਨੂੰ ਬੜਾ ਹੀ ਔਖਾ ਸਬਜੈਕਟ ਮੰਨਿਆ ਜਾਂਦਾ ਹੈ। ਹਾਲਾਂਕਿ ਬਿਮਾਰੀ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣਾ ਅਤੇ ਉਸ ਸਮਝ ਦੇ ਆਧਾਰ 'ਤੇ ਇਲਾਜ਼ ਸੁਝਾਉਣਾ ਹੀ ਇਪੋਡਿਮੌਲੋਜ਼ੀ ਹੈ।
ਇਸ ਨੂੰ ਅਸੀਂ ਜਰਾ ਇਸ ਪ੍ਰਕਾਰ ਸਮਝਾਂਗੇ:
ਜਦੋਂ ਕਦੇ ਰਾਜਨੀਤਕ ਲੋਕਾਂ ਜਾਂ ਸਰਕਾਰ ਨੂੰ ਸਮਾਜ ਵਿੱਚ ਵਧ ਰਹੀਆਂ ਬਿਮਾਰੀਆਂ ਬਾਰੇ ਕਾਰਨ ਦੱਸ ਕੇ ਉਹਨਾਂ ਦੀ ਰੋਕਥਾਮ ਲਈ ਕੁਝ ਕਰਨ ਵਾਸਤੇ ਕਿਹਾ ਜਾਂਦਾ ਹੈ ਤਾਂ ਉਹ ਅਕਸਰ ਹੀ ਕਹਿੰਦੇ ਹਨ ਕਿ ਸਿੱਧ ਕਰੋ ਕਿ ਸਬੰਧਤ ਰੋਗ ਦੱਸੇ ਗਏ ਕਾਰਨਾਂ ਕਰਕੇ ਹੀ ਹੋ ਰਿਹਾ ਹੈ। ਪਰ ਅਜਿਹਾ ਕਰਨਾ ਕਦੇ ਵੀ ਆਸਾਨ ਨਹੀਂ ਹੈ। ਇਹ ਵਿਗਿਆਨਕ ਤੌਰ 'ਤੇ ਸਿੱਧ ਹੋ ਚੁੱਕਿਆ ਤੱਥ ਹੈ ਕਿ ਹਸਪਤਾਲਾਂ ਦਾ ਡੈਟਾ ਕਦੇ ਵੀ ਸਹੀ ਜਾਣਕਾਰੀ ਨਹੀਂ ਦੇ ਸਕਦਾ। ਇਹਦੇ ਲਈ ਬਹੁਤ ਸਾਰੇ ਕਾਰਨ ਜ਼ਿਮੇਵਾਰ ਹੁੰਦੇ ਹਨ ਜਿਵੇਂ ਕਿ ਭੁਗੋਲਿਕ ਅਤੇ ਚਿਕਤਿਸਕ ਅਰਥਾਤ ਕਿਸੇ ਇੱਕ ਹਸਪਤਾਲ ਵਿੱਚ ਕਈ ਇਲਾਕਿਆਂ ਦੇ ਲੋਕ ਇਲਾਜ਼ ਕਰਵਾਉਣ ਆ ਸਕਦੇ ਹਨ ਅਤੇ ਆਉਂਦੇ ਵੀ ਹਨ ਪਰ ਇਹ ਜ਼ਰੂਰੀ ਨਹੀਂ ਕਿ ਹਸਪਤਾਲ ਵਿੱਚ ਸਬੰਧਤ ਮਰੀਜ਼ਾਂ ਦੀ ਸੰਪੂਰਨ ਅਤੇ ਸਟੀਕ  ਹਿਸਟਰੀ ਲਈ ਜਾਂਦੀ ਹੋਵੇ। ਦੂਸਰਾ ਇਹ ਕਿ ਕਈ ਹਸਪਤਾਲ ਕਿਸੇ ਖਾਸ ਬਿਮਾਰੀ ਨੂੰ ਕੇਂਦਰ 'ਚ ਰੱਖ ਹੀ ਬਣਾਏ ਜਾਂਦੇ ਹਨ। ਸੋ ਉਹਨਾਂ ਹਸਪਤਾਲਾਂ ਵਿੱਚ ਉਸ ਖਾਸ ਬਿਮਾਰੀ ਨਾਲ ਪੀੜਤ ਲੋਕ ਹੀ ਆਉਣਗੇ। ਇਹ ਵੀ ਜ਼ਰੂਰੀ ਨਹੀਂ ਹੈ ਕਿ ਸਬੰਧਤ ਬਿਮਾਰੀ ਤੋਂ ਪੀੜਤ ਸਾਰੇ ਮਰੀਜ਼ ਹੀ ਸਬੰਧਤ ਹਸਪਤਾਲ ਵਿੱਚ ਜਾਣ। ਕਿਉਂਕਿ ਜਿਅਦਾਤਰ ਪੀੜਤ ਪੈਸੇ ਖੁਣੋਂ ਇਹਨਾਂ ਹਸਪਤਾਲਾਂ ਵਿੱਚ ਜਾ ਕੇ ਇਲਾਜ਼ ਕਰਵਾਉਣ ਦੀ ਹਾਲਤ ਵਿੱਚ ਨਹੀਂ ਹੁੰਦੇ।
ਉਪਰੋਕਤ ਅਤੇ ਉਪਰੋਕਤ ਵਰਗੇ ਕਈ ਹੋਰ ਕਾਰਨਾ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸੂਬੇ ਵਿੱਚ ਵਧ ਰਹੀਆਂ ਨਾਮੁਰਾਦ ਬਿਮਾਰੀਆਂ ਵੱਲ ਸਰਕਾਰਾਂ ਦਾ ਧਿਆਨ ਖਿੱਚਣ ਅਤੇ ਉਹਨਾਂ ਤੋਂ ਇਸ ਸਬੰਧੀ ਕੋਈ ਨੀਤੀ ਬਣਾਵਾਉਣ ਲਈ ਅਸੀਂ ਕੁੱਝ ਅਜਿਹੇ ਸਰਵੇ ਕਰੀਏ ਜਿਹੜੇ ਕਿ ਸਰਕਾਰਾਂ ਨੂੰ ਸਬੰਧਤ ਠੋਸ ਕਦਮ ਉਠਾਉਣ ਲਈ ਮਜ਼ਬੂਰ ਕਰ ਸਕਣ। ਪਰ ਆਬਾਦੀ ਵਿੱਚ ਜਾ ਕੇ ਅੰਕੜੇ ਇਕੱਠੇ ਕਰਨ ਦਾ ਤਰੀਕਾ ਬਹੁਤ ਹੀ ਔਖਾ ਹੈ ਅਤੇ ਇਹ ਤਰੀਕਾ ਹੈ ਇਪੋਡਿਮੌਲੋਜ਼ੀਕਲ ਸਟਡੀ। ਇਸ ਸਟਡੀ ਵਿੱਚ ਡਾਕਟਰਾਂ, ਲੈਬ ਟੈਕਨੀਸ਼ੀਅਨਾਂ, ਕਿਸਾਨਾਂ, ਫੀਲਡ ਵਰਕਰਾਂ, ਵਲੰਟੀਅਰਾਂ ਦੀ ਲੋੜ ਪਵੇਗੀ।
ਸਾਡੀ ਇਪੋਡਿਮੌਲੋਜ਼ੀਕਲ ਸਟਡੀ ਦੇ ਦੋ ਮੁੱਖ ਉਦੇਸ਼ ਰਹਿਣਗੇ:
1) ਪੰਜਾਬ ਦੀਆਂ ਸਿਹਤ ਸਮੱਸਿਆਵਾਂ ਨੂੰ ਪਛਾਨਣਾ।
2) ਇਹ ਪਤਾ ਕਰਨਾ ਕਿ ਸਮੱਸਿਆਵਾਂ ਦੇ ਹੱਲ ਕੀ ਹੋ ਸਕਦੇ ਹਨ।
ਕਿਸੇ ਵੀ ਸਟਡੀ ਦੇ ਕਈ ਮਹੱਤਵਪੂਰਨ ਕੰਪੋਨੈਂਟ ਹੁੰਦੇ ਹਨ। ਇਹ ਕੰਪੋਨੈਂਟ ਹੇਠ ਲਿਖੇ ਅਨੁਸਾਰ ਹਨ:
1) ਕੇਸ: ਡਾਕਟਰੀ ਭਾਸ਼ਾ ਵਿੱਚ ਗਿਣਤੀ ਕਰਨ ਯੋਗ ਕੋਈ ਵੀ ਰੋਗ/ਚੀਜ ਕੇਸ ਅਖਵਾਉਂਦੀ ਹੈ। ਜਿਵੇਂ ਕਿ ਜੇਕਰ ਕਿਸੇ ਡਾਕਟਰ ਕੋਲ ਤਪੇਦਿਕ ਦੇ 10 ਮਰੀਜ਼ ਇਲਾਜ਼ ਲਈ ਜਾਂਦੇ ਹਨ ਤਾਂ ਇਸ ਦਾ ਅਰਥ ਹੈ ਕਿ ਉਸ ਡਾਕਟਰ ਕੋਲ ਤਪੇਦਿਕ ਦੇ ਦਸ ਕੇਸ ਹਨ।
2) ਇੰਸੀਡੈਂਸ/:  ਡਾਕਟਰੀ ਭਾਸ਼ਾ ਵਿੱਚ ਇੱਕ ਹੀ ਕਿਸਮ ਦੇ ਮਿਲਣ ਵਾਲੇ ਨਵੇਂ ਕੇਸਾਂ ਦੀ ਸੰਖਿਆ ਨੂੰ ਇੰਸੀਡੈਂਸ ਕਿਹਾ ਜਾਂਦਾ ਹੈ।
3) ਪ੍ਰੀਵੈਲੈਂਸ/ਮੌਜੂਦਗੀ: ਪ੍ਰੀਵੈਲੈਂਸ ਦਾ ਅਰਥ ਹੈ ਕਿ ਕਿਸੇ ਖਾਸ ਥਾਂ 'ਤੇ ਕਿੰਨੇ ਸਮੇਂ ਤੋਂ ਕੋਈ ਖਾਸ ਬਿਮਾਰੀ ਲਗਾਤਾਰ ਚਲੀ ਆ ਰਹੀ ਹੈ। ਪ੍ਰੀਵੈਲੈਂਸ ਵਿੱਚ ਜਗ੍ਹਾ ਅਤੇ ਅਰਸੇ ਨੂੰ ਕਾਫ਼ੀ ਮਹੱਤਵ ਦਿੱਤਾ ਜਾਂਦਾ ਹੈ। ਇਸ ਵਿੱਚ ਇੰਸੀਡੈਂਸ ਸ਼ਾਮਿਲ ਹੁੰਦਾ ਹੈ ਅਰਥਾਤ ਨਵੇਂ-ਪੁਰਾਣੇ ਸਭ ਤਰ੍ਹਾ  ਦੇ ਕੇਸ ਪ੍ਰੀਵੈਲੈਂਸ ਦਾ ਹਿੱਸਾ ਹੁੰਦੇ ਹਨ।
4) ਰੇਟ/ਦਰ: ਕਿਸੇ ਇਲਾਕੇ ਦੇ ਸਾਰੇ ਕੇਸਾਂ ਨੂੰ ਉਸ ਇਲਾਕੇ ਦੀ ਕੁੱਲ ਆਬਾਦੀ ਨਾਲ ਵੰਡ ਕੇ ਪ੍ਰਾਪਤ ਹੋਣ ਵਾਲੇ ਅੰਕੜੇ ਨੂੰ ਸਬੰਧਤ ਰੋਗ ਦੀ ਵਾਧਾ/ਘਾਟਾ ਦਰ ਕਿਹਾ ਜਾਂਦਾ ਹੈ। ਸਾਡੇ ਲਈ ਕਿਸੇ ਵੀ ਬਿਮਾਰੀ ਦੀ ਦੇ ਮਹੱਤਵ ਨੂੰ ਸਮਝਣ ਲਈ ਸਬੰਧਤ ਬਿਮਾਰੀ ਦੀ ਵਾਧਾ/ਘਾਟਾਂ ਦਰ ਪਤਾ ਕਰਨੀ ਲਾਜ਼ਮੀ ਹੈ।
5) ਰੇਸ਼ੋ/ਅਨੁਪਾਤ: ਕਿਸੇ ਇੱਕ ਇਲਾਕੇ 'ਚ ਸਰਵੇ ਦੌਰਾਨ ਲੱਭੀਆਂ ਗਈਆਂ ਅਲਗ-ਅਲਗ ਬਿਮਾਰੀਆਂ ਦੀ  ਇੱਕ-ਦੂਜੀ ਦੇ ਮੁਕਾਬਲੇ ਮੌਜੂਦਗੀ ਨੂੰ ਰੇਸ਼ੋ ਜਾਂ ਅਨੁਪਾਤ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਉਦਾਹਰਣ ਵਜੋਂ ਮੁਕਤਸਰ ਵਿੱਚ ਕੈਂਸਰ ਅਤੇ ਤਪੇਦਿਕ ਦੇ ਮਰੀਜ਼ 10:4 ਦੇ ਅਨੁਪਾਤ ਵਿੱਚ ਹਨ ਆਦਿ।
6) ਹਿਡਨ ਕੇਸਜ/ ਛੁਪੇ ਹੋਏ ਕੇਸ: ਇਹਨਾਂ ਵਿੱਚ ਉਹ ਕੇਸ ਸ਼ਾਮਿਲ ਹੁੰਦੇ ਹਨ ਜਿਹਨਾਂ ਨੂੰ ਕਿ ਪਤਾ ਹੀ ਨਹੀਂ ਹੁੰਦਾ ਕਿ ਉਹ ਬਿਮਾਰ ਹਨ ਜਾਂ ਜਿਹੜੇ ਇਲਾਜ਼ ਕਰਵਾਉਣ ਹੀ ਨਹੀਂ ਜਾਂਦੇ। ਇਹਨਾਂ ਕੇਸਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ।
7) ਕਨਫਾਂਊਂਡਰਜ਼: ਡਾਕਟਰੀ ਭਾਸ਼ਾ ਵਿੱਚ ਕਨਫਾਂਊਂਡਰਜ਼ ਉਹਨਾਂ ਤੱਥਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਕਰਕੇ ਸਟਡੀ ਦਾ ਨਤੀਜ਼ਾ ਸ਼ੱਕ ਦੇ ਘੇਰੇ ਵਿੱਚ ਆ ਜਾਵੇ। ਇੱਕ ਉੱਚਕੋਟੀ ਦੀ ਸਟਡੀ ਵਿੱਚ ਕਨਫਾਂਊਂਡਰਜ਼ ਲਈ ਕੋਈ ਜਗ੍ਹਾ  ਨਹੀਂ ਹੁੰਦੀ। ਸੋ ਸਟਡੀ ਦੌਰਾਨ ਸਾਡੇ ਲਈ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਸਟਡੀ ਦੌਰਾਨ ਕੈਂਸਰ ਦੇ ਸਾਰੇ ਸੰਭਵ ਕਾਰਨਾਂ ਦਾ ਪਤਾ ਲਾਈਏ।
8) ਬਾਇਸਡ/ਇੱਕਤਰਫ਼ਾ: ਡਾਕਟਰੀ ਭਾਸ਼ਾ ਵਿੱਚ ਬਾਇਸਡ ਦਾ ਅਰਥ ਹੈ ਅੰਦਾਜ਼ਾ ਆਧਾਰਿਤ ਅਤੇ ਇੱਕਤਰਫ਼ਾ ਸਟੇਟਮੈਂਟ। ਸਟਡੀ ਜਾਂ ਸਰਵੇ ਵਿੱਚ ਇਸ ਵਾਸਤੇ ਕੋਈ ਥਾਂ ਨਹੀਂ ਹੁੰਦੀ। ਅਸੀਂ ਜੋ ਕੁਝ ਵੀ ਸਰਕਾਰ ਜਾਂ ਲੋਕਾਂ ਸਾਹਮਣੇ ਰੱਖਾਂਗੇ ਉਹ ਪੂਰੀ ਤਰ੍ਹਾ  ਸਟੀਕ ਅਤੇ ਤੱਥਾਂ 'ਤੇ ਆਧਾਰਿਤ ਹੋਵੇਗਾ।
9) ਕੇਸ ਡੈਫੀਨੇਸ਼ਨ: ਕੇਸ ਡੈਫੀਨੇਸ਼ਨ ਕਿਸੇ ਵੀ ਸਟਡੀ ਜਾਂ ਸਰਵੇ ਦਾ ਅਤਿਅੰਤ ਮਹੱਤਵਪੂਰਨ ਪਹਿਲੂ ਹੁੰਦੀ ਹੈ। ਇਹਦੇ ਤਹਿਤ ਕੁੱਝ ਖਾਸ ਬਿੰਦੂਆਂ ਦੇ ਆਧਾਰ 'ਤੇ ਹੀ ਕਿਸੇ ਰੋਗ/ਰੋਗੀ ਨੂੰ ਕੇਸ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।  ਇਹਦੇ ਵਿੱਚ ਮਰੀਜ਼ ਦੀ ਉਮਰ ਪਰਿਭਾਸ਼ਿਤ ਕਰਨੀ ਜ਼ਰੂਰੀ ਹੁੰਦੀ ਹੈ। ਜਿੰਨੀ ਉਮਰ ਪੂਰੀ ਹੋ ਚੁੱਕੀ ਹੋਵੇ ਉੰਨੀ ਹੀ ਗਿਣੀ ਜਾਂਦੀ ਹੈ। ਜੇਕਰ ਕੇਸ ਸਹੀ ਢੰਗ ਨਾਲ ਡਿਫਾਈਨ ਨਹੀਂ ਕੀਤੇ ਜਾਣਗੇ ਤਾਂ ਸਟਡੀ ਨਕਾਰ ਦਿੱਤੀ ਜਾਵੇਗੀ।
ਸੋ ਅਸੀਂ ਉਪਰੋਕਤ ਕੰਪੋਨੈਂਟਸ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੀ ਸਟਡੀ ਕਰਾਂਗੇ।
ਸਟਡੀਜ਼ ਆਮਤੌਰ 'ਤੇ 4-5 ਪ੍ਰਕਾਰ ਦੀਆਂ ਹੁੰਦੀਆਂ ਹਨ। ਇਹਨਾਂ ਵਿੱਚੋਂ ਕੁੱਝ ਇੱਕ ਇਸ ਪ੍ਰਕਾਰ ਹਨ:
ਉ) ਕੇਸ ਕੰਟਰੋਲ ਸਟਡੀ: ਇਸ ਪ੍ਰਕਾਰ ਦੀ ਸਟਡੀ ਤਹਿਤ ਅਸੀਂ ਉਹਨਾਂ ਕੇਸਾਂ ਦੀ ਹੀ ਪੜਤਾਲ ਕਰਦੇ ਹਾਂ ਜਿਹੜੇ ਕਿ ਪਹਿਲਾਂ ਹੀ ਮੌਜੂਦ ਹੁੰਦੇ ਹਨ। ਹਸਪਤਾਲਾਂ ਦੀਆਂ ਫ਼ਾਈਲਾਂ ਆਦਿ 'ਚੋਂ ਉਹਨਾਂ ਦੀ ਹਿਸਟਰੀ ਲਈ ਜਾਂਦੀ ਹੈ ਅਤੇ ਉਹਨਾਂ ਦੀ ਅਗਾਉ   ਪੜਤਾਲ ਕੀਤੀ ਜਾਂਦੀ ਹੈ। ਇਹ ਤਰੀਕਾ ਪੂਰਾ ਸਟੀਕ ਨਹੀਂ ਹੈ ਕਿਉਂਕਿ ਅਕਸਰ ਸਾਰੇ ਸਬੰਧਤ ਤੱਥ ਆਨ ਰਿਕਾਰਡ ਨਹੀਂ ਹੁੰਦੇ।
ਅ) ਕੋਹੋਟ ਸਟਡੀ: ਇੱਕ ਹੀ ਜਨਮ ਮਿਤੀ ਵਾਲੇ ਲੋਕਾਂ ਨੂੰ ਕੋਹੋਟ ਕਿਹਾ ਜਾਂਦਾ ਹੈ। ਜੁੜਵੇਂ ਬੱਚੇ ਸਭ ਤੋਂ ਵਧੀਆਂ ਕੋਹੋਟ ਹੁੰਦੇ ਹਨ। ਇੱਕੋ ਵੇਲੇ ਇੱਕ ਹੀ ਉਮਰ, ਇੱਕ ਹੀ ਸੈਕਸ ਅਤੇ ਇੱਕ ਹੀ ਕਿੱਤੇ ਵਾਲੇ ਲੋਕ ਵੀ ਕੋਹੋਟ ਮੰਨੇ ਜਾਂਦੇ ਹਨ। ਕੋਹੋਟ ਸਟਡੀ ਤਹਿਤ ਅਜਿਹੇ ਲੋਕਾਂ ਨੂੰ ਲਗਾਤਾਰ 20-30 ਸਾਲ ਸਟਡੀ ਕੀਤਾ ਜਾਂਦਾ ਹੈ। ਅਜਿਹੀ ਸਟਡੀ ਤੋਂ ਮਿਲਣ ਵਾਲੇ ਨਤੀਜ਼ੇ ਬਹੁਤ ਹੀ ਸਟੀਕ ਅਤੇ ਪਾਏਦਾਰ ਹੁੰਦੇ ਹਨ। ਇਸੇ ਲਈ ਕੋਹੋਟ ਸਟਡੀ ਨੂੰ ਸਭ ਤੋਂ ਸ਼ਕਤੀਸ਼ਾਲੀ ਸਟਡੀ ਕਿਹਾ ਜਾਂਦਾ ਹੈ।  ਪਰ ਇਸ ਲਈ ਬਹੁਤ ਜਿਆਦਾ ਪੈਸਾ ਅਤੇ ਸਾਧਨ ਚਾਹੀਦੇ ਹੁੰਦੇ ਹਨ। ਸੋ ਫ਼ਿਲਹਾਲ ਸਾਡੇ ਪੱਧਰ 'ਤੇ ਕੋਹੋਟ ਸਟਡੀ ਸੰਭਵ ਨਹੀਂ ਹੈ।
3) ਕਰਾਸ ਸ਼ੈਕਸ਼ਨਲ ਸਟਡੀ: ਕਿਸੇ ਵੀ ਵੇਲੇ ਸਾਰੀ ਆਬਾਦੀ ਨੂੰ ਸਟਡੀ ਕਰਨਾ ਕਰਾਸ ਸ਼ੈਕਸ਼ਨਲ ਸਟਡੀ ਅਖਵਾਉਂਦਾ ਹੈ। ਅਸੀਂ ਇਹ ਹੀ ਸਟਡੀ ਕਰਾਂਗੇ।
ਕਿਸੇ ਵੀ ਸਟਡੀ ਦੀਆਂ 5-6 ਪੜਾਅ ਹੁੰਦੇ ਹਨ ਜਿਵੇਂ ਕਿ:
ਸਟੇਜ 1:
ਕੋਰੇਲਟਿੰਗ ਦਾ ਅਵੇਲੇਬਲ ਡੈਟਾ/ਉਪਲਭਧ ਜਾਣਕਾਰੀ ਵਿੱਚ ਪ੍ਰਸਪਰ ਸਬੰਧ ਲੱਭਣੇ:  ਇਸ ਪੜਾਅ ਤਹਿਤ ਇਕੱਠੀ ਕੀਤੀ ਗਈ ਜਾਣਕਾਰੀ ਵਿੱਚ ਪ੍ਰਸਪਰ ਸੰਬਧਾਂ ਦਾ ਮਿਲਾਣ ਕੀਤਾ ਜਾਂਦਾ ਹੈ।
ਸਟੇਜ 2:
ਇਪੋਡਿਮੌਲੋਜ਼ੀਕਲ ਮੈਪਿੰਗ: ਇਸ ਪੜਾਅ ਤਹਿਤ, ਉਪਲਭਧ ਜਾਣਕਾਰੀ 'ਚੋਂ ਪਨਪੇ ਮੁੱਦਿਆਂ ਦੀ ਪੜਤਾਲ ਕੀਤੀ ਜਾਂਦੀ ਹੈ।
ਸਟੇਜ 3:
ਡਿਸਕ੍ਰਿਪਟਿਵ ਸਟਡੀ: ਇਸ ਪੜਾਅ ਤਹਿਤ ਪੜਤਾਲੇ ਗਏ ਮੁੱਦਿਆਂ ਨੂੰ  ਵਕਤ, ਜਗ੍ਹਾ  ਅਤੇ ਵਿਅਕਤੀ ਵਿੱਚ ਵੰਡ ਕੇ ਫਿਰ ਤੋਂ ਪੜਤਾਲਿਆ ਜਾਂਦਾ ਹੈ। ਜਿਵੇਂ
ਵਕਤ 'ਚ ਵੰਡ ਕੇ: ਇਹਦੇ ਤਹਿਤ ਇਹ ਪੜਤਾਲ ਕੀਤੀ ਜਾਂਦੀ ਹੈ ਕਿ ਸਬੰਧਤ ਰੋਗ ਦਾ ਪ੍ਰਕੋਪ ਕਿੰਨੇ ਸਮੇਂ ਤੋਂ ਚਲਿਆ ਆ ਰਿਹਾ ਹੈ।
ਜਗ੍ਹਾ  'ਚ ਵੰਡ ਕੇ: ਇਹਦੇ ਤਹਿਤ ਬਲਾਕ ਆਧਾਰਿਤ ਪੜਤਾਲ ਕੀਤੀ ਜਾਂਦੀ ਹੈ ਕਿ ਸਬੰਧਤ ਰੋਗ ਕਿੱਥੇ-ਕਿੱਥੇ ਜਿਆਦਾ ਹੈ। ਵਿਅਕਤੀਆਂ 'ਚ ਵੰਡ ਕੇ: ਇਹਦੇ ਤਹਿਤ ਇਹ ਪੜਤਾਲ ਕੀਤੀ ਜਾਂਦੀ ਹੈ ਕਿ ਭੁਗਤਭੋਗੀ ਕੋਣ ਹਨ? ਮਰਦ ਕਿੰਨੇ ਹਨ? ਔਰਤਾਂ ਕਿੰਨੀਆਂ ਹਨ? ਬੱਚੇ ਕਿੰਨੇ ਹਨ? ਬਜ਼ੁਰਗ ਕਿੰਨੇ ਹਨ? ਉਮਰ ਦੇ ਹਿਸਾਬ ਨਾਲ 20 ਸਾਲ ਤੋਂ ਘੱਟ ਉਮਰ ਵਾਲੇ ਕਿੰਨੇ ਹਨ? 30 ਸਾਲ ਤੋਂ ਘੱਟ ਉਮਰ ਵਾਲੇ ਕਿੰਨੇ ਹਨ 60 ਸਾਲ ਤੋਂ ਘੱਟ ਉਮਰ ਵਾਲੇ ਕਿੰਨੇ ਹਨ ਆਦਿ-ਆਦਿ। ਇਸੇ ਤਰਾਂ ਸੈਕਸ, ਉਮਰ, ਕਿੱਤੇ ਅਤੇ ਧਰਮ ਦੇ ਹਿਸਾਬ ਨਾਲ ਕਿਸ ਨੂੰ ਕਿਹੜਾ ਰੋਗ ਹੈ ਅਤੇ ਕਿੰਨੀ ਤੀਬਰਤਾ ਵਾਲਾ ਹੈ ਆਦਿ ਤੱਥਾਂ ਦਾ ਪਤਾ ਲਾਇਆ ਜਾਂਦਾ ਹੈ।
ਸਟੇਜ 4:
ਕਲਸਟ੍ਰਿੰਗ ਆਫ ਕੇਸਜ/ ਕੇਸਾਂ ਦਾ ਸਮੂਹੀਕਰਨ: ਸਟਡੀ ਦੇ ਇਸ ਪੜਾਅ ਵਿੱਚ ਸਟਡੀ ਦੌਰਾਨ ਮਿਲੇ ਇੱਕੋ ਜਿਹੇ ਕੇਸਾਂ ਦਾ ਸਮੂਹੀਕਰਨ ਕੀਤਾ ਜਾਂਦਾ ਹੇ। ਇਸ ਕਿਰਿਆ ਨੂੰ ਹੀ ਕਲਸਟ੍ਰਿੰਗ ਆਫ ਕੇਸਜ਼ ਕਿਹਾ ਜਾਂਦਾ ਹੈ।
ਸਟੇਜ 5:
ਪ੍ਰਾਪਤ ਅੰਕੜਿਆਂ ਤੇ ਜਾਣਕਾਰੀਆਂ ਦਾ ਮੁਲਾਂਕਣ: ਇਸ ਸਟੇਜ 'ਤੇ ਸਟਡੀ ਦੌਰਾਨ ਪ੍ਰਾਪਤ ਜਾਣਕਾਰੀ ਅਤੇ ਅੰਕੜਿਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਮੁਲਾਂਕਣ ਤੋਂ ਪ੍ਰਾਪਤ ਜਾਣਕਾਰੀ ਨੂੰ ਹਾਈਪੋਥੀਸਿਸ ਕਿਹਾ ਜਾਂਦਾ ਹੈ।
ਸਟੇਜ 6: ਹਾਈਪੋਥੀਸਿਸ ਨੂੰ ਪਰਖਣਾ: ਅੰਤ ਵਿੱਚ ਉਪਲਭਧ ਹਾਈਪੋਥੀਸਿਸ ਨੂੰ ਪਰਖਣ/ਪੜਤਾਲਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਉਸ ਪੜਤਾਲ ਦੇ ਆਧਾਰ 'ਤੇ ਹੀ ਸਟਡੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਂਦੀਆਂ ਹਨ। ਇਹ ਕੰਮ ਮਾਹਿਰਾਂ\ ਡਾਕਟਰਾਂ ਦੁਆਰਾ ਕੀਤਾ ਜਾਂਦਾ ਹੈ।
ਉਪਰੰਤ ਅਕਾਲ ਤਖਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਹੁਣਾਂ ਹਾਜ਼ਰੀਨ ਨੂੰ ਸੰਬੋਧਿਤ ਕਰਦਿਆਂ ਪੰਜਾਬ ਦੀ ਟੌਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲੋਜ਼ੀਕਲ ਮੈਪਿੰਗ ਦੇ ਮਹੱਤਵ 'ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜੇਕਰ ਸਿਹਤਾਂ ਅਤੇ ਵਾਤਾਵਰਣ ਪੱਖੋਂ ਪੰਜਾਬ ਦੀ ਹਾਲਤ ਇਸੇ ਤਰ੍ਹਾ ਨਿਘਰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਬੇਆਬਾਦ ਹੋ ਜਾਵੇਗਾ। ਸੋ ਇਸ ਵਰਤਾਰੇ ਨੂੰ ਠੱਲ ਪਾਉਣ ਲਈ ਅਜਿਹੇ ਨੇਕ ਉਦਮ ਕਰਨੇ ਸਮੇਂ ਦੀ ਅਟਲ ਲੋੜ ਹਨ। ਅਸੀਂ ਅਜਿਹੇ ਉਪਰਾਲਿਆਂ ਵਿੱਚ ਹਰ ਵੇਲੇ ਸੰਗਤ ਦੇ ਅੰਗ-ਸੰਗ ਵਿਚਰਾਂਗੇ।

ਇਸ ਮੌਕੇ ਬੋਲਦਿਆਂ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਸ਼੍ਰੀ ਸੁਖਦੇਵ ਸਿੰਘ ਭੁਪਾਲ ਹੁਣਾਂ ਕਿਹਾ ਕਿ ਸਭ ਤੋਂ ਪਹਿਲਾਂ ਸੂਬੇ ਭਰ ਵਿੱਚ ਸਟਡੀ ਲਈ ਉਸਾਰੂ ਮਾਹੌਲ ਬਣਾਉਣ ਲਈ ਹਸਤਾਖਰ ਮੁਹਿੰਮ ਚਲਾਉਣੀ ਹੋਵੇਗੀ। ਜਿੱਥੇ ਵੀ ਸਾਡੇ ਵਰਕਰ ਮੌਜੂਦ ਹਨ ਉਹ ਆਪਣੇ-ਆਪਣੇ ਪਿੰਡ, ਸ਼ਹਿਰ, ਮੁਹੱਲੇ ਵਿੱਚ ਇਹ ਕੰਮ ਕਰਨ। ਉਹਨਾਂ ਹੋਰ ਕਿਹਾ ਕਿ ਸਟਡੀ ਲਈ ਟ੍ਰੇਂਡ ਲੋਕਾਂ ਦੀ ਇੱਕ ਟੀਮ ਤਿਆਰ ਕਰਨੀ ਹੋਵੇਗੀ। ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਇਸ ਕੰਮ ਲਈ ਪੂਰਾ ਸਹਿਯੋਗ ਕਰੇਗੀ।
ਇਸ ਮੌਕੇ ਬੀ ਕੇ ਯੂ ਏਕਤਾ ਸਿੱਧੂਪੁਰ ਦੇ ਸ਼੍ਰੀ ਬੋਘ ਸਿੰਘ ਮਾਨਸਾ ਨੇ ਆਪਣੀ ਜੱਥੇਬੰਦੀ ਵੱਲੋਂ ਸਟਡੀ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਫਿਰੋਜ਼ਪੁਰ ਤੋਂ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਸਿਗਨੇਚਰ ਕੰਪੇਨ ਲਈ ਚਿੱਠੀ ਜਲਦੀ ਤੋਂ ਜਲਦੀ ਡ੍ਰਾਫਟ ਕੀਤੀ ਜਾਵੇ ਅਤੇ ਸਮੁੱਚੇ ਪੰਜਾਬ ਲਈ ਇਹ ਡ੍ਰਾਫਟਿੰਗ ਇੱਕ ਹੀ ਹੋਣੀ ਚਾਹੀਦੀ ਹੈ। ਅਸੀਂ ਸਟਡੀ ਲਈ ਖੇਤੀ ਵਿਰਾਸਤ ਮਿਸ਼ਨ ਨਾਲ ਹਰ ਕਿਸਮ ਦਾ ਸਹਿਯੋਗ ਕਰਾਂਗੇ।
ਵਰਕਸ਼ਾਪ ਦੇ ਅੰਤ ਵਿੱਚ ਜਿੱਥੇ ਪੰਜਾਬ ਦੀ ਟੌਕਸੀਸਿਟੀ ਐਂਡ ਇਨਵਾਇਰਨਮੈਂਟਲ ਇਪੋਡਿਮੌਲੋਜ਼ੀਕਲ ਮੈਪਿੰਗ ਲੋੜੀਂਦਾ ਕਾਰਜ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਉੱਥੇ ਹੀ ਇਹ ਵੀ ਫੈਸਲਾ ਲਿਆ ਗਿਆ ਕਿ ਪੰਜਾਬ ਭਰ 'ਚ ਇਸ ਸਬੰਧ ਵਿੱਚ ਜਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣਗੀਆਂ।
ਸਟਡੀ ਲਈ ਬਣਾਈ ਗਈ ਕਮੇਟੀ ਇਸ ਪ੍ਰਕਾਰ ਹੈ:
ਡਾ. ਜੀ ਪੀ ਆਈ ਸਿੰਘ, ਡਾ. ਅਮਰ ਸਿੰਘ ਆਜ਼ਾਦ, ਸ਼੍ਰੀ ਮਨਮੋਹਨ ਸ਼ਰਮਾ, ਡਾ. ਦਵਿੰਦਰ ਸਿੰਘ ਸੰਧੂ ਕੈਂਸਰ ਸ਼ਪੈਸ਼ਲਿਸਟ, ਡਾ. ਸਨੀ ਸੰਧੂ, ਡਾ. ਸ਼ੁਸ਼ੀਲ ਮੋਦਗਿਲ,  ਡਾ. ਅਮਰਜੀਤ ਸਿੰਘ ਮਾਨ, ਡਾ. ਗੁਰਨਾਮ ਸਿੰਘ, ਡਾ. ਨਰਿੰਦਰ ਸਿੰਘ,  ਸੁਖਦੇਵ ਸਿੰਘ ਭੁਪਾਲ, ਬੋਘ ਸਿੰਘ ਮਾਨਸਾ, ਯਸ਼ਪਾਲ ਸ਼ਰਮਾ, ਮਾਸਟਰ ਗੁਰਵਿੰਦਰ ਸਿੰਘ, ਹਰਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਫੂਲਾ ਸਿੰਘ, ਕਰਨੈਲ ਸਿੰਘ

No comments:

Post a Comment