Tuesday, 3 July 2012

ਖਬਰਾਂ ਖੇਤਾਂ ਚੋ

ਜ਼ਮੀਨ ਠੇਕੇ 'ਤੇ ਲੈ ਕੇ ਵੀ ਵਾਰਾ ਖਾਂਦੀ ਹੈ ਕੁਦਰਤੀ ਖੇਤੀ
ਗੱਟੀ ਰਾਏਪੁਰ ਦੇ ਇੰਗਲੈਂਡੋਂ ਪਰਤੇ ਦੋ ਜਵਾਨ ਕੁਦਰਤੀ ਖੇਤੀ ਨੂੰ ਦੇ ਰਹੇ ਹਨ ਨਵੇਂ ਅਰਥ

ਜੰਲਧਰ ਜਿਲ੍ਹੇ ਦੀ ਸ਼ਾਹਕੋਟ ਤਹਿਸੀਲ 'ਚ ਪੈਂਦੇ ਪਿੰਡ ਗੱਟੀ ਰਾਏਪੁਰ ਦੇ ਦੋ ਨੌਜਵਾਨ ਕੁਦਰਤੀ ਖੇਤੀ ਕਿਸਾਨ ਆਪਣੇ ਖੇਤਾਂ ਵਿੱਚ ਅਸਲੋਂ ਹੀ ਨਵਾਂ ਇਤਿਹਾਸ ਸਿਰਜ ਰਹੇ ਹਨ। ਇੰਗਲੈਂਡ ਤੋਂ ਵਾਪਸ ਪਰਤੇ ਇਹਨਾਂ ਦੋਹੇਂ ਨੌਜਵਾਨਾਂ ਨੇ ਉੱਥੋਂ ਦੀਆਂ ਜ਼ਮੀਨੀ ਹਕੀਕਤਾਂ ਨੂੰ ਹੱਡੀਂ ਹੰਡਾਇਆ ਹੈ। ਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਮਕ ਇਹਨਾਂ ਨੌਜਵਾਨਾਂ ਮੁਤਾਬਿਕ ਵਿਦੇਸ਼ ਜਾ ਕੇ 20-20 ਪੌਂਡਾਂ ਪਿੱਛੇ ਰੁਲਣ ਦੀ ਬਜਾਏ ਜੇਕਰ ਆਪਣੇ ਹੀ ਦੇਸ਼ ਵਿੱਚ ਰਹਿ ਕੇ ਮਿਹਨਤ ਕੀਤੀ ਜਾਵੇ ਤਾਂ ਪੈਸਾ ਕਮਾਉਣ ਲਈ ਪਿੰਡੋਂ ਬਾਹਰ ਵੀ ਕਿਤੇ ਜਾਣ ਦੀ ਲੋੜ ਨਹੀਂ।

ਪਿੰਗਲਵਾੜਾ ਅੰਮ੍ਰਿਤਸਰ ਦਾ ਧੀਰਾਕੋਟ ਕੁਦਰਤੀ ਖੇਤੀ ਫਾਰਮ ਦੇਖਣ ਉਪਰੰਤ ਇਹਨਾਂ ਨੌਜਵਾਨਾਂ ਨੇ ਘਰ ਵਾਲਿਆਂ ਦੇ ਕਰੜੇ ਵਿਰੋਧ ਦੇ ਬਾਵਜੂਦ ਕੁਦਰਤੀ ਖੇਤੀ ਵਿੱਚ ਹੱਥ ਅਜ਼ਮਾਉਣ ਦੀ ਠਾਣ ਲਈ। ਪਰ ਇਹ ਸਭ ਇੰਨਾਂ ਆਸਾਨ ਨਹੀਂ ਸੀ। ਘਰਦਿਆਂ ਨੇ ਉਹਨਾਂ ਨੂੰ ਕੁਦਰਤੀ ਖੇਤੀ ਲਈ ਜ਼ਮੀਨ ਦੇਣ ਤੋਂ ਮਨ੍ਹਾ ਕਰ ਦਿੱਤਾ। ਪਰੰਤੂ ਇਹਨਾਂ ਵਿੱਚੋਂ ਇੱਕ, ਰਵਿੰਦਰ ਸਿੰਘ ਪੂਰੀ ਵਾਹ ਲਾ ਕੇ ਆਪਣੇ ਪਰਿਵਾਰ ਤੋਂ ਇੱਕ ਏਕੜ ਜ਼ਮੀਨ (ਤੀਜੀ ਫ਼ਸਲ 'ਤੇ) 10,000 ਰਪਏ ਪ੍ਰਤੀ ਏਕੜ ਠੇਕੇ 'ਤੇ ਲੈਣ ਵਿੱਚ ਸਫ਼ਲ ਹੋ ਗਿਆ ਅਤੇ ਉੱਥੇ ਕੁਦਰਤੀ ਖੇਤੀ ਤਹਿਤ ਪੰਜ ਕਨਾਲਾਂ ਮੱਕੀ ਅਤੇ 3 ਕਨਾਲਾਂ ਸਬਜ਼ੀ ਲਾ ਦਿੱਤੀ।

ਕੁਦਰਤੀ ਖੇਤੀ ਤਹਿਤ ਬੀਜੀ ਗਈ ਮੱਕੀ ਦੀ ਭਰਪੂਰ ਫ਼ਸਲ ਦਿਖਾਉਂਦੇ ਹੋਏ ਗੱਟੀ ਰਾਏਪੁਰ ਵਾਲੇ ਨੌਜਵਾਨ ਕੁਦਰਤੀ ਖੇਤੀ ਕਿਸਾਨ ਉੱਚਿਤ ਮਾਰਗਦਰਸ਼ਨ ਦੀ ਘਾਟ ਵਿੱਚ ਬੀਜੀ ਗਈ ਇਸ ਖੇਤੀ ਵਿੱਚ ਕਈ ਵਾਰ ਅਜਿਹਾ ਸਮਾਂ ਆਇਆ ਜਿੱਥੇ ਜੇਕਰ ਕੋਈ ਆਮ ਕਿਸਾਨ ਹੁੰਦਾ ਤਾਂ ਕਦੋਂ ਦਾ ਪਿੱਛੇ ਹਟ ਜਾਂਦਾ। ਮੱਕੀ ਦੀ ਹਾਈਬ੍ਰਿਡ ਫ਼ਸਲ ਸ਼ੁਰੂ ਤੋਂ ਹੀ ਕੀਟ ਹਮਲੇ ਦਾ ਸ਼ਿਕਾਰ ਹੋ ਗਈ। ਪਰ ਇਹਨਾਂ ਨੌਜਵਾਨਾ ਨੇ ਹੌਸਲਾ ਨਹੀਂ ਹਾਰਿਆ ਅਤੇ ਇਰਾਦੇ ਦੇ ਪੱਕੇ ਰਹੇ। ਕੁਦਰਤੀ ਖੇਤੀ ਦੀ ਇੱਕ ਕਿਤਾਬ ਵਿੱਚੋਂ ਨੰਬਰ ਲੈ ਕੇ ਇਹਨਾਂ ਨੇ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਨਾਲ ਸੰਪਰਕ ਕੀਤਾ ਅਤੇ ਸਾਰੀ ਸਥਿਤੀ ਸਮਝਾਈ ਅਤੇ ਮੱਕੀ ਖੇਤ ਵਿੱਚ ਵਾਹ ਦੇਣ ਦੇ ਆਪਣੇ ਇਰਾਦੇ ਬਾਰੇ ਦੱਸਿਆ। ਪਰੰਤੂ ਗੁਰਪ੍ਰੀਤ ਦਬੜੀਖਾਨਾ ਨੇ ਰਵਿੰਦਰ ਹੁਣਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ  ਕਰ ਕੇ ਮੱਕੀ ਉੱਤੇ ਤੰਬਾਕੂਯੁਕਤ ਬ੍ਰਹਮ ਅਸਤਰ ਦੀ ਸਪ੍ਰੇਅ ਕਰਨ, ਪਾਣੀ ਨਾਲ ਦੇਸੀ ਅੱਕ ਦਾ ਰਸ ਦੇਣ ਅਤੇ ਸਮੇਂ-ਸਮੇਂ ਪਾਥੀਆਂ ਦਾ ਪਾਣੀ ਛਿੜਕਦੇ ਰਹਿਣ ਲਈ ਕਿਹਾ।
ਇਰਾਦੇ ਦੇ ਪੱਕੇ ਇਹਨਾਂ ਨੌਜਵਾਨਾਂ ਨੇ ਇੰਝ ਹੀ ਕੀਤਾ ਅਤੇ ਇਸ ਵੇਲੇ ਖੇਤ  ਵਿੱਚ ਰਸਾਇਣਕ ਖੇਤੀ ਦੇ ਮੁਕਾਬਲੇ ਦੀ ਕੁਦਰਤੀ ਮੱਕੀ ਲਹਿਲਹਾ ਰਹੀ ਹੈ। ਜਿੱਥੇ ਗਵਾਂਢ ਦੇ ਖੇਤਾਂ ਵਿੱਚ ਰਸਾਇਣਕ ਮੱਕੀ ਨੂੰ ਪ੍ਰਤੀ ਬੂਟਾ ਇੱਕ-ਇੱਕ ਛੱਲੀ ਲੱਗੀ ਹੈ ਉੱਥੇ ਹੀ ਇਹਨਾਂ ਨੌਜਵਾਨਾਂ ਦੀ ਕੁਦਰਤੀ ਖੇਤੀ ਵਾਲੀ ਮੱਕੀ ਪ੍ਰਤੀ ਬੂਟਾ 2-2 ਛੱਲੀਆਂ ਨਾਲ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ।

ਕੁਦਰਤੀ ਖੇਤੀ ਤਹਿਤ ਉਗਾਈ ਗਈ ਸਬਜ਼ੀ ਤੋਂ ਹੁਣ ਤੱਕ 25,000 ਰੁਪਏ ਦੀ ਸ਼ੁੱਧ ਆਮਦਨ ਹਾਸਿਲ ਕਰ ਚੁੱਕੇ ਰਵਿੰਦਰ ਸਿੰਘ ਅਤੇ ਗੁਰਪ੍ਰੀਤ ਹੁਣਾਂ ਅਨੁਸਾਰ ਉਹਨਾਂ ਨੂੰ 3 ਕਨਾਲ ਸਬਜ਼ੀ ਤੋਂ 30-35 ਹਜ਼ਾਰ  ਰੁਪਏ ਦੀ ਕੁੱਲ ਕਮਾਈ ਦਾ ਆਸ ਹੈ। ਗੱਟੀ ਰਾਏਪੁਰ ਦੇ ਇਹ ਸਪੂਤ ਇੰਗਲੈਂਡ ਤੋਂ ਸਿੱਖੇ ਹੋਏ ਸਬਕਾਂ ਦੀ ਰੌਸ਼ਨੀ ਵਿੱਚ ਆਪਣੀ ਸਬਜ਼ੀ ਦੀ ਵਿੱਕਰੀ ਲਈ ਲਾਗਲੇ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਘਰ-ਘਰ ਜਾਂਦੇ ਹਨ। ਇਸ ਵੇਲੇ ਸੁਲਤਾਨਪੁਰ ਵਿੱਚ ਇਹਨਾਂ ਕੋਲ ਸਬਜ਼ੀ ਦੇ 15 ਪੱਕੇ ਅਤੇ 15 ਕੱਚੇ-ਪੱਕੇ ਗ੍ਰਾਹਕ ਹਨ। ਲੋਕ ਬਜ਼ਾਰ ਨਾਲ ਦੁੱਗਣੀ ਕੀਮਤ ਤਾਰ ਕੇ ਵੀ ਜ਼ਹਿਰ ਮੁਕਤ ਸਬਜ਼ੀ ਖੁਸ਼ੀ-ਖੁਸ਼ੀ ਖਰੀਦ ਰਹੇ ਹਨ। ਰਵਿੰਦਰ ਤੇ ਗੁਰਪੀ੍ਰਤ ਅਨੁਸਾਰ ਸਬਜ਼ੀ, ਜ਼ਮੀਨ ਦਾ ਠੇਕਾ ਮੋੜਨ ਉਪਰੰਤ ਸਾਨੂੰ 23 ਤੋਂ 25 ਹਜ਼ਾਰ  ਰੁਪਏ ਦੀ ਸ਼ੁੱਧ ਆਮਦਨ ਛੱਡੇਗੀ ਤੇ ਮੱਕੀ ਦੀ ਕਮਾਈ ਬੋਨਸ ਹੋਵੇਗੀ।

   
ਕੁਦਰਤੀ ਖੇਤੀ ਦਾ ਚਮਤਕਾਰ, ਬਿਨਾਂ ਬੀਜੇ ਖੇਤ 'ਚ ਬਾਸਮਤੀ ਦੀ ਬਹਾਰ
ਭਾਰਤ ਵਿੱਚ ਹੋਵੇਗਾ ਆਪਣੀ ਕਿਸਮ ਦਾ ਇਹ ਪਹਿਲਾ ਤਜ਼ਰਬਾ: ਡਾ. ਰੁਪੇਲਾ

ਫ਼ਰੀਦਕੋਟ ਦੇ ਪਿੰਡ ਦਬੜੀਖਾਨਾ ਵਿਖੇ ਕੁਦਰਤੀ ਖੇਤੀ ਕਿਸਾਨ ਅਮਨਦੀਪ ਸਿੰਘ ਢਿੱਲੋਂ ਦੇ ਖੇਤ 'ਚ ਕੁਦਰਤੀ ਖੇਤੀ ਚਮਤਕਾਰ ਦਾ ਚਮਤਕਾਰ ਸਭ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਬੀਤੇ ਚਾਰ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਅਮਨਦੀਪ  ਢਿੱਲੋਂ ਦੀ ਦੋ ਏਕੜ ਜ਼ਮੀਨ ਵਿੱਚ ਆਪਣੇ-ਆਪ ਉੱਗੀ ਹੋਈ ਬਾਸਮਤੀ-1121 ਦੀ ਡੇਢ ਤੋਂ ਦੋ ਫੁੱਟ ਲੰਬੀ ਫ਼ਸਲ ਸਭ ਲਈ ਹੈਰਾਨੀ ਦਾ ਸਵੱਬ ਬਣ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਢਿੱਲੋਂ ਨੇ ਬੀਤੇ ਵਰ੍ਹੇ ਸਾਉਣੀ ਰੁੱਤੇ ਹੀ ਕੁਦਰਤੀ ਖੇਤੀ ਤਹਿਤ ਰਕਬਾ ਵਧਾ ਕੇ ਦੋ ਏਕੜ ਕੀਤਾ ਸੀ। ਬਾਸਮਤੀ-ਕਣਕ ਦੇ ਫ਼ਸਲ ਚੱਕਰ ਤਹਿਤ ਇੱਕ ਏਕੜ ਜ਼ਮੀਨ ਵਿੱਚ ਕੁਦਰਤੀ ਖੇਤੀ ਕਰਦੇ ਆ ਰਹੇ ਅਮਨਦੀਪ ਢਿੱਲੋਂ ਇਸ ਸਬੰਧ ਵਿੱਚ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਇਹਨਾਂ ਦੋ ਏਕੜਾਂ ਵਿੱਚ ਬਾਸਮਤੀ 1121 ਲਗਾਈ ਸੀ। ਬਾਸਮਤੀ ਮਗਰੋਂ ਉਸੇ ਖੇਤ ਵਿੱਚ ਕਣਕ ਦੀ ਕਟਾਈ ਉਪਰੰਤ ਉਹਨਾਂ ਨੇ ਹਰੀ ਖਾਦ ਵਜੋਂ ਮੂੰਗੀ ਬੀਜਣ ਲਈ ਖੇਤ ਦੀ ਰੌਣੀ ਕਰ ਦਿੱਤੀ। ਇਸਤੋਂ ਪਹਿਲਾਂ ਕਿ ਉਹ ਉੱਥੇ ਮੂੰਗੀ ਬੀਜਦੇ ਬੀਤੇ ਵਰ੍ਹੇ ਕਟਾਈ ਸਮੇਂ ਖੇਤ ਵਿੱਚ ਝੜਿਆ ਬਾਸਮਤੀ ਦਾ ਬੀਜ ਸਾਰੇ ਖੇਤ ਵਿੱਚ ਹਰਾ ਹੋ ਗਿਆ।
ਅਮਨਦੀਪ ਦਬੜੀਖਾਨਾ ਦੇ ਖੇਤ ਵਿੱਚ ਆਪਣੇ-ਆਪ ਉੱਗੀ ਬਾਸਮਤੀ 1121 ਦੀ ਭਰਪੂਰ ਫ਼ਸਲ ਇਹ ਦੇਖ ਕੇ ਉਹਨਾਂ ਆਪਣੇ ਹਿੱਸੇਦਾਰ ਨੂੰ ਕਿਹਾ ਕਿ ਜੇਕਰ ਇਸ ਨੂੰ ਪਾਣੀ ਨਾ ਦਿੱਤਾ ਜਾਵੇ ਤਾਂ ਇਹ ਗਰਮੀ ਕਾਰਨ ਸੁੱਕ ਆਪਣੇ-ਆਪ ਖਤਮ ਹੋ ਜਾਵੇਗੀ। ਪਰੰਤੂ ਉਸੇ ਦਿਨ ਰਾਤ ਨੂੰ ਪਾਣੀ ਟੁੱਟ ਕੇ ਬਾਸਮਤੀ ਦੀ ਫ਼ਸਲ ਨੂੰ ਲੱਗ ਗਿਆ। ਪਾਣੀ ਮਿਲਦਿਆਂ ਹੀ ਬਾਸਮਤੀ ਦੀ ਫ਼ਸਲ ਨੇ ਸਾਰਾ ਖੇਤ ਮੱਲ ਲਿਆ। ਸਾਰੇ ਖੇਤ ਵਿੱਚ ਆਪਣੇ-ਆਪ ਤੇ ਇੱਕ ਸਾਰ ਉੱਗੀ ਬਾਸਮਤੀ ਵੇਖ ਕੇ ਉਹਨਾਂ ਮੂੰਗੀ ਬੀਜਣ ਦਾ ਆਪਣਾ ਇਰਾਦਾ ਤਿਆਗ ਦਿੱਤਾ ਅਤੇ ਕੁਦਰਤ ਦੀ ਦਾਤ ਸਮਝ ਕੇ ਖੇਤ ਵਿੱਚ ਆਪਣੇ-ਆਪ  ਉੱਗੀ ਬਾਸਮਤੀ ਨੂੰ ਪਾਲਣ ਦਾ ਫੈਸਲਾ ਕਰ ਲਿਆ।
ਇਸ ਸਬੰਧ ਵਿੱਚ ਜਦੋਂ ਕੁਦਰਤੀ ਖੇਤੀ ਟ੍ਰੇਨਰ ਗੁਰਪ੍ਰੀਤ ਦਬੜੀਖਾਨਾ ਨੇ ਉੱਘੇ ਕੁਦਰਤੀ ਖੇਤੀ ਮਾਹਿਰ ਤੇ ਅੰਤਰਰਾਸ਼ਟਰੀ ਖੇਤੀ ਵਿਗਿਆਨੀ ਸ਼੍ਰੀ ਓਮ ਪ੍ਰਕਾਸ਼ ਰੁਪੇਲਾ ਹੁਣਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਵੀਅਤਨਾਮ ਵਿੱਚ ਇਸ ਤਰ੍ਹਾ ਦਾ ਸਫ਼ਲ ਤਜ਼ਰਬਾ ਦੇਖ ਚੁੱਕੇ ਹਨ ਅਤੇ ਭਾਰਤ ਵਿੱਚ ਇਹ ਆਪਣੇ-ਆਪ ਵਿੱਚ ਪਹਿਲਾ ਤਜ਼ਰਬਾ ਹੋਵੇਗਾ। ਉਹਨਾਂ ਹੋਰ ਕਿਹਾ ਅਜਿਹਾ ਕੁਦਰਤੀ ਖੇਤੀ ਵਿੱਚ ਹੀ ਹੋ ਸਕਦਾ ਹੈ ਅਤੇ ਬਾਸਮਤੀ ਦੀ ਇਹ ਫ਼ਸਲ ਝਾੜ ਪੱਖੋਂ ਵੀ ਚੰਗੇ ਨਤੀਜ਼ੇ ਦੇਵੇਗੀ।
ਇਸ ਸਬੰਧ ਵਿੱਚ ਗੱਲ ਕਰਦਿਆਂ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਕਿਹਾ ਕਿ ਅਮਨਦੀਪ ਢਿੱਲੋਂ ਦਾ ਖੇਤ ਕੁਦਰਤੀ ਖੇਤੀ ਦੀ ਜੀਵਟਤਾ ਦੀ ਪ੍ਰਤੱਖ ਮਿਸਾਲ ਹੈ। ਜਲਦੀ ਹੀ ਦੇਸ਼ ਭਰ ਤੋਂ ਉੱਘੇ ਕੁਦਰਤੀ ਖੇਤੀ ਮਾਹਿਰ ਅਤੇ ਵਿਗਿਆਨੀ ਅਮਨਦੀਪ ਦੇ ਖੇਤ ਦਾ ਦੌਰਾ ਕਰਨਗੇ। 

ਕੁਦਰਤੀ ਖੇਤੀ ਤਹਿਤ ਐੱਚ ਡੀ-2967 ਕਣਕ ਨੇ ਦਿੱਤਾ 21 ਕੁਇੰਟਲ ਝਾੜ
ਅੱਜ ਜਦੋਂ ਸਮੁੱਚਾ ਸਰਕਾਰੀ ਖੇਤੀ ਤੰਤਰ ਇਹ ਕਹਿ ਕੇ ਕੁਦਰਤੀ ਖੇਤੀ ਨੂੰ ਨੀਵਾਂ ਦਿਖਾਉਣ 'ਤੇ ਲੱਗਾ ਹੋਇਆ ਹੈ ਕਿ ਕੁਦਰਤੀ ਖੇਤੀ ਦੇਸ਼ ਦਾ ਢਿੱਡ ਨਹੀਂ ਭਰ ਸਕਦੀ, ਅਜਿਹੇ ਵਿੱਚ ਕਾਮਰੇਡ ਅਵਤਾਰ ਸਿੰਘ ਦੇ ਖੇਤ  ਕੁਦਰਤੀ ਖੇਤੀ ਤਹਿਤ ਉਗਾਈ ਗਈ ਕਣਕ ਤੋਂ ਮਿਲਿਆ 21 ਕੁਇੰਟਲ ਪ੍ਰਤੀ ਏਕੜ ਦਾ ਝਾੜ ਕੁਦਰਤੀ ਖੇਤੀ ਦੇ ਸਭ ਦੋਖੀਆਂ ਲਈ ਕਰਾਰਾ ਜਵਾਬ ਹੈ।
ਜਲੰਧਰ ਜਿਲ੍ਹੇ ਦੇ ਭੋਗਪੁਰ ਲਾਗਲੇ ਪਿੰਡ ਚਾਹੜਕੇ ਵਿੱਚ ਬੀਤੇ 5 ਵਰ੍ਹਿਆਂ ਤੋਂ ਆਪਣੇ ਸਪੁੱਤਰਾਂ ਅਮਰਜੀਤ ਸਿੰਘ ਅਤੇ ਕਰਮਜੀਤ ਸਮੇਤ 12 ਏਕੜਾਂ 'ਚ ਕੁਦਰਤੀ ਖੇਤੀ ਕਰ ਰਹੇ ਕਾਮਰੇਡ ਅਵਤਾਰ ਸਿੰਘ ਹੁਣਾਂ ਇਸ ਵਾਰ ਜਿੱਥੇ 2 ਏਕੜ ਖੇਤ ਵਿੱਚ ਕਣਕ ਦੇ ਨਵੇਂ ਬੀਜ 2967 ਤੋਂ ਪ੍ਰਤੀ ਏਕੜ 21 ਕੁਇੰਟਲ ਕਣਕ ਦੀ ਪੈਦਾਵਾਰ ਲਈ ਉੱਥੇ ਹੀ 1.5 ਏਕੜ ਖੇਤ 'ਚ 2932 ਕਣਕ ਦਾ ਝਾੜ ਵੀ 16 ਕੁਇੰਟਲ ਪ੍ਰਤੀ ਏਕੜ ਰਿਹਾ।
ਇਸ ਸਬੰਧ ਵਿੱਚ ਸਾਡੇ ਨਾਲ ਗੱਲ ਕਰਦਿਆਂ ਕਾਮਰੇਡ ਅਵਤਾਰ ਸਿੰਘ ਅਤੇ ਉਹਨਾਂ ਦੇ ਸਪੁੱਤਰਾਂ ਨੇ ਦੱਸਿਆ ਕਿ ਉਹਨਾਂ 2967 ਕਣਕ ਦੀ ਬਿਜਾਈ ਵੱਟਾਂ 'ਤੇ  ਜਦੋਂਕਿ 2932 ਦੀ ਬਿਜਾਈ ਸੀਡ ਡਰਿਲ ਨਾਲ ਸਮਤਲ ਖੇਤ ਵਿੱਚ ਕੀਤੀ ਸੀ। ਪ੍ਰਤੀ ਏਕੜ 7-8 ਕੁਇੰਟਲ ਵਰਮੀ ਕੰਪੋਸਟ (ਗੰਡੋਆ ਖਾਦ) ਪਾਉਣ ਤੋਂ ਇਲਾਵਾ ਕੁੱਝ ਹੋਰ ਨਹੀਂ ਕੀਤਾ। ਵੱਟਾਂ 'ਤੇ ਬੀਜੀ ਗਈ 2967 ਕਣਕ ਨੂੰ ਲੋੜ ਅਨੁਸਾਰ 8 ਪਾਣੀ ਦਿੱਤੇ ਗਏ ਜਦੋਂ ਕਿ ਸਮਤਲ ਖੇਤ ਵਿੱਚ ਬੀਜੀ ਗਈ 2932 ਨੂੰ 6 ਪਾਣੀ ਦਿੱਤੇ ਗਏ। ਉਹਨਾਂ ਹੋਰ ਦੱਸਿਆ ਕਿ ਵੱਟਾਂ 'ਤੇ ਬੀਜੀ ਗਈ ਕਣਕ 'ਚ ਨਦੀਨਾਂ ਦੀ ਕੋਈ ਬਹੁਤ ਸਮੱਸਿਆ ਨਹੀਂ ਆਈ ਪਰ ਹਾਂ ਚੇਪੇ ਦਾ ਥੋੜਾ-ਬਹੁਤ ਹਮਲਾ ਜ਼ਰੂਰ ਹੋਇਆ ਸੀ ਜਿਸਨੂੰ ਕਿ ਓਹਨਾ ਨੇ ਅਣਡਿਠ  ਕਰ ਦਿੱਤਾ। 

ਕੁਦਰਤੀ ਖੇਤੀ ਤਹਿਤ ਲੈ ਰਹੇ ਹਨ ਸਬਜ਼ੀਆਂ ਦੀ ਰਿਕਾਰਡ ਪੈਦਾਵਾਰ
ਨਿਰਮਲ ਸਿੰਘ ਭੋਤਨਾ ਅਤੇ ਚਰਨਜੀਤ ਸਿੰਘ ਪੁੰਨੀ ਅਤੇ ਗੱਟੀ ਰਾਏਪੁਰ ਵਾਲੇ ਨੌਜਵਾਨਾਂ ਦੀ ਮਿਹਨਤ ਨੂੰ ਪਿਆ ਫ਼ਲ

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖੇਤੀ ਤਹਿਤ ਉਗਾਈਆਂ ਗਈਆਂ ਸਾਉਣੀ ਦੀਆਂ ਸਬਜ਼ੀਆਂ ਦੀ ਰਿਕਾਰਡ ਪੈਦਾਵਾਰ ਕਿਸਾਨਾਂ ਦੇ ਚਿਹਰਿਆਂ 'ਤੇ ਅਦਭੁਤ ਖੁਸ਼ੀ ਦੇ ਰੂਪ ਵਿੱਚ ਛਾਈ ਹੋਈ ਹੈ। ਖੇਤੀ ਵਿਰਾਸਤ ਮਿਸ਼ਨ ਦੇ ਐਸੋਸੀਏਟ ਡਾਇਰੈਕਟਰ ਸ਼੍ਰੀ ਅਜੇ ਤ੍ਰਿਪਾਠੀ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਦਰਤੀ ਖੇਤੀ ਤਹਿਤ ਸਾਉਣੀ ਦੀਆਂ ਸਬਜ਼ੀਆਂ ਦੀ ਭਰਪੂਰ ਪੈਦਾਵਾਰ ਉਹਨਾਂ ਲੋਕਾਂ ਲਈ ਕਰਾਰਾ ਜਵਾਬ ਹੈ ਜਿਹੜੇ ਕਿ ਹਰ ਸਮੇ ਇਹ ਕਹਿ ਕੇ ਕੁਦਰਤੀ ਖੇਤੀ ਦੀ ਮੁਖਾਲਫ਼ਤ ਕਰਦੇ ਰਹਿੰਦੇ ਹਨ ਕਿ ਕੁਦਰਤੀ ਖੇਤੀ ਦੇਸ਼ ਦਾ ਪੇਟ ਨਹੀਂ ਭਰ ਸਕਦੀ।
ਸ਼੍ਰੀ ਤ੍ਰਿਪਾਠੀ ਨੇ ਹੋਰ ਦੱਸਿਆ ਸ਼੍ਰੀ ਨਿਰਮਲ ਸਿੰਘ ਪਿੰਡ ਭੋਤਨਾ-ਬਰਨਾਲਾ, ਸ਼੍ਰੀ ਚਰਨਜੀਤ  ਸਿੰਘ ਪੁੰਨੀ ਪਿੰਡ ਚੈਨਾ-ਫ਼ਰੀਦਕੋਟ ਅਤੇ ਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪਿੰਡ ਗੱਟੀ ਰਾਏਪੁਰ-ਜਲੰਧਰ ਨੇ ਕੁਦਰਤੀ ਖੇਤੀ ਤਹਿਤ ਵਪਾਰਕ ਪੱਧਰ 'ਤੇ ਜ਼ਹਿਰ ਮੁਕਤ ਸਬਜ਼ੀਆਂ ਦੀ ਕਾਸ਼ਤ ਕਰਕੇ ਰਿਕਾਰਡ ਪੈਦਾਵਾਰ ਲਈ।
ਇਸ ਸਬੰਧ ਵਿੱਚ ਜਦੋਂ ਤਿੰਨਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਨਿਰਮਲ ਸਿੰਘ ਭੋਤਨਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਏਕੜ ਗੰਨੇ ਵਿੱਚ ਅੰਤਰ ਫ਼ਸਲਾਂ ਵਜੋਂ ਸਾਉਣੀ ਦੀਆਂ ਸਬਜ਼ੀਆਂ ਤਹਿਤ ਕੱਦੂ, ਤੋਰੀਆਂ, ਖੀਰਾ ਅਤੇ ਤਰਾਂ ਲਗਾਈਆਂ ਅਤੇ 2 ਕਨਾਲਾਂ ਵਿੱਚ ਅਲੱਗ ਤੋਂ  ਕੱਦੂ, ਕਰੇਲਾ, ਭਿੰਡੀ ਅਤੇ ਤੋਰੀਆਂ ਲਗਾਈਆਂ। ਸਾਰੀਆਂ ਹੀ ਸਬਜ਼ੀਆਂ ਤੋਂ ਭਰਪੂਰ ਪੈਦਾਵਾਰ ਮਿਲੀ। ਹਰ ਦੂਜੇ ਦਿਨ 1 ਤੋਂ ਚਾਰ ਕੁਇੰਟਲ ਕੱਦੂ ਉੱਤਰ ਰਹੇ ਹਨ। ਪੇਠੇ ਦੀਆਂ ਵੀ 3-4 ਤੁੜਾਈਆਂ ਹੋ ਚੁੱਕੀਆਂ ਹਨ ਅਤੇ ਕਰੇਲੇ ਅਤੇ ਤੋਰੀਆਂ ਦੀ ਤੁੜਾਈ ਵੀ ਸ਼ੁਰੂ ਹੋ ਚੁੱਕੀ ਹੈ। ਉਹਨਾਂ ਹੋਰ ਦੱਸਿਆ ਕਿ ਉਹਨਾਂ ਨੇ ਬਰਨਾਲੇ ਸ਼ਹਿਰ ਵਿੱਚ ਆਪਣੀ ਆੜਤ ਦੀ ਦੁਕਾਨ 'ਤੇ ਕੁਦਰਤੀ ਖੇਤੀ ਦੀਆਂ ਜ਼ਹਿਰ ਮੁਕਤ ਸਬਜ਼ੀਆਂ ਦੀ ਵਿੱਕਰੀ ਦਾ ਕਾਂਊਂਟਰ ਵੀ ਲਾ ਦਿੱਤਾ ਹੈ ਅਤੇ ਉੱਥੇ ਇਹ ਸਬਜ਼ੀਆਂ ਹੱਥੋਂ-ਹੱਥ ਵਿਕ ਰਹੀਆਂ ਹਨ।
ਚਰਨਜੀਤ  ਸਿੰਘ ਪੁੰਨੀ ਨੇ ਦੱਸਿਆ ਕਿ ਉਹਨਾਂ ਨੇ ਕੱਦੂ, ਤੋਰੀ, ਕਰੇਲੇ, ਭਿੰਡੀ ਸਮੇਤ ਸਾਉਣੀ ਦੀਆਂ ਲਗਪਗ ਸਾਰੀਆਂ ਹੀ ਸਬਜ਼ੀਆਂ ਲਗਾਈਆਂ ਹਨ। ਬੀਤੇ 2 ਮਹੀਨਿਆਂ ਤੋਂ ਸਬਜ਼ੀਆਂ ਦੀ ਤੁੜਾਈ ਜਾਰੀ ਹੈ ਅਤੇ ਸਾਰੀ ਦੀ ਸਾਰੀ ਖੇਤੋਂ ਹੀ ਵਿਕ ਜਾਂਦੀ ਹੈ। ਪੁੰਨੀ ਹੁਣਾਂ ਹੋਰ ਦੱਸਿਆ ਕਿ ਉਹ ਬੀਤੇ ਤਿੰਨ ਵਰ੍ਹਿਆਂ ਤੋਂ ਕੁਦਰਤੀ ਖੇਤੀ ਤਹਿਤ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਅਤੇ ਝਾੜ ਤੇ ਆਮਦਨ ਪੱਖੋਂ ਉਹਨਾਂ ਨੂੰ ਕਦੇ ਕੋਈ ਔਕੜ ਪੇਸ਼ ਨਹੀਂ ਆਈ। ਕੁਦਰਤੀ ਖੇਤੀ ਤਹਿਤ ਸਬਜ਼ੀਆਂ ਰਸਾਇਣਿਕ ਖੇਤੀ ਦੇ ਮੁਕਾਬਲੇ ਸਵਾਇਆ  ਅਤੇ ਕਈ ਵਾਰ ਤਾਂ ਡੇਢਾ ਝਾੜ ਦਿੰਦੀ ਹੈ। ਉਹਨਾਂ ਹੋਰ ਦੱਸਿਆ ਕਿ ਕੁਦਰਤੀ ਖੇਤੀ ਤਹਿਤ ਉਗਾਈਆਂ ਗਈਆਂ ਸਬਜ਼ੀਆਂ ਰਸਾਇਣਿਕ ਖੇਤੀ ਦੇ ਮੁਕਾਬਲੇ ਕਿਤੇ ਵੱਧ ਸਮਾਂ ਪੈਦਾਵਾਰ ਦਿੰਦੀਆਂ ਹਨ।
ਇਸੇ ਤਰ੍ਹਾ ਪਿੰਡ ਗੱਟੀ ਰਾਏਪੁਰ ਦੇ ਨੌਜਵਾਨ ਕੁਦਰਤੀ ਖੇਤੀ ਕਿਸਾਨਾਂ ਰਵਿੰਦਰ ਅਤੇ ਗੁਰਪ੍ਰ੍ਰੀਤ ਸਿੰਘ ਵੀ ਕੁਦਰਤੀ ਖੇਤੀ ਤਹਿਤ ਪੈਦਾ ਕੀਤੀਆਂ ਗਈਆਂ ਸਬਜ਼ੀਆਂ ਤੋਂ ਭਰਪੂਰ ਆਮਦਨ ਲੈ ਰਹੇ ਹਨ। ਆਪਣੀ ਸਫ਼ਲਤਾ ਤੋਂ ਉਤਸਾਹਿਤ ਇਹ ਨੌਜਵਾਨ ਆਉਂਦੇ ਹਾੜੀ ਦੇ ਸੀਜ਼ਨ ਤੋਂ ਕੁਦਰਤੀ ਖੇਤੀ ਹੇਠਲਾ ਰਕਬਾ ਇੱਕ ਏਕੜ ਤੋਂ ਵਧਾ ਕਿ 3 ਏਕੜ ਕਰਨ ਦਾ ਫ਼ੈਸਲਾ ਲੈ ਚੁੱਕੇ ਹਨ।

No comments:

Post a Comment