Thursday, 15 March 2012

ਰਸਾਇਣਕ ਖੇਤੀ ਦੀ ਮਾਰ ਤੋਂ ਬਾਅਦ ਕੁਦਰਤੀ ਖੇਤੀ ਵਿਚ ਪੰਛੀਆਂ ਦਾ ਯੋਗਦਾਨ

14 ਮਾਰਚ ਨੂੰ 'ਸਿੱਖ ਵਾਤਾਵਰਨ ਦਿਵਸ 'ਤੇ ਵਿਸ਼ੇਸ਼

ਖੇਤੀ ਵਿਚ ਰਸਾਇਣਕ ਉਪਯੋਗ ਦਾ ਮਨੁੱਖ ਅਤੇ ਧਰਤੀ ਦੀ ਸਿਹਤ 'ਤੇ ਅਸਰ
ਪੰਜਾਬ ਵਿਚ ਹਰੀ ਕ੍ਰਾਂਤੀ ਦੀ ਜੁਗਤ ਫ਼ੇਲ ਤਾਂ ਹੋਈ ਹੀ ਸਗੋਂ ਨਾਲ ਹੀ ਕਿਸਾਨਾਂ ਸਮੇਤ ਪੰਜਾਬੀਆਂ ਦਾ ਉਹ ਬੁਰਾ ਹਾਲ ਕਰ ਦਿੱਤਾ ਜਿਸ ਤੋਂ ਖਹਿੜਾ ਛੁਡਾਉਣ ਲਈ ਹੁਣ ਹਰ ਕੋਈ ਤਰਲੋਮੱਛੀ ਹੋ ਰਿਹਾ ਹੈ। ਰਸਾਇਣਕ ਖਾਦਾਂ ਅਤੇ ਜ਼ਹਿਰ ਵਾਲੀਆਂ ਕੀਟਨਾਸ਼ਕ ਰਸਾਇਣਕਾਂ ਨੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਾਂਝਪਣ ਦੀ ਹੱਦ ਤੱਕ ਨਕਾਰਾ ਕਰ ਦਿੱਤਾ। ਇਸੇ ਤਰਾਂ ਹੀ ਖੁਦ ਪੰਜਾਬੀਆਂ ਦੀ ਸਿਹਤ ਦੀ ਵੀ ਸੱਤਿਆ ਖਤਮ ਹੋਣ ਕਿਨਾਰੇ ਪੁੱਜ ਚੁੱਕੀ ਹੈ। ਇਥੋਂ ਦੇ ਪਿੰਡ ਸ਼ਹਿਰਾਂ ਵਿਚ ਵੱਡੀ ਪੱਧਰ 'ਤੇ ਜਾਨਲੇਵਾ ਘਾਤਕ ਬਿਮਾਰੀਆਂ ਨੇ ਹੱਲਾ ਬੋਲ ਦਿੱਤਾ ਹੈ। ਕੈਂਸਰ ਦਾ ਦੈਂਤ ਪਿੰਡਾਂ ਦੇ ਪਿੰਡ ਖਾਈ ਜਾ ਰਿਹਾ ਹੈ। ਬਾਂਝਪਣ ਅਤੇ ਮੰਦਬੁੱਧੀ ਦੀਆਂ ਸਮੱਸਿਆਵਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਥੋਂ ਦਾ ਅੰਮ੍ਰਿਤ ਵਰਗਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਇਥੋਂ ਤੱਕ ਕਿ ਮਾਂ ਦੇ ਦੁੱਧ ਵਿਚ ਵੀ ਕੀਟਨਾਸ਼ਕ ਜ਼ਹਿਰਾਂ ਦੇ ਅੰਸ਼ ਮਿਲੇ ਹਨ। ਵਿਸ਼ਵ ਸੁਆਸਥ ਸੰਸਥਾ (ਡਬਲਯੂ.ਐਚ.ਓ) ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਿਥੇ ਦੁਨੀਆਂ ਭਰ ਵਿਚ ਪੇਂਡੂ ਖੇਤਰਾਂ ਵਿਚ ਬਿਮਾਰ ਲੋਕਾਂ ਦੀ ਗਿਣਤੀ 30 ਫੀਸਦੀ ਹੈ, ਉਥੇ ਪੰਜਾਬ ਦੇ ਲੋਕਾਂ ਵਿਚ ਇਹ ਦਰ 45 ਫੀਸਦੀ ਤੱਕ ਹੈ। ਸਰੀਰਕ ਪ੍ਰਤੀਰੋਧੀ ਸ਼ਕਤੀ ਘਟ ਜਾਣ ਨਾਲ ਪੰਜਾਬੀ ਛੇਤੀ ਹੀ ਬਿਮਾਰੀ ਦੀ ਲਪੇਟ ਵਿਚ ਆ ਜਾਂਦੇ ਹਨ। 8 ਤੋਂ 10 ਸਾਲ ਦੇ ਬੱਚਿਆਂ ਵਿਚ ਕੈਂਸਰ ਦੀ ਬਿਮਾਰੀ ਦਾ ਰਿਕਾਰਡ ਵਾਧਾ ਨੋਟ ਕੀਤਾ ਗਿਆ ਹੈ। ਮਰਦਾਂ ਵਿਚ ਸ਼ੁਕਰਾਣੂ ਦੇ ਐਕਸ ਕਰੋਮੋਸੋਮ ਦੀ ਗਿਣਤੀ ਘਟਣ ਜਾਂ ਗਤੀ ਘਟਣ ਨਾਲ ਕੁੜੀਆਂ ਦੀ ਜਨਮ ਦਰ ਘਟ ਰਹੀ ਹੈ ਅਤੇ ਨਾਲ ਹੀ ਔਰਤਾਂ ਵਿਚ ਗਰਭ ਨਾਲ ਸਬੰਧਤ ਸਮੱਸਿਆਵਾਂ 'ਚ ਵੀ ਭਾਰੀ ਵਾਧਾ ਹੋ ਰਿਹਾ ਹੈ। ਖੇਤੀ ਜ਼ਹਿਰਾਂ ਦੀ ਲਗਾਤਾਰ ਅਤੇ ਅੰਨ•ੇਵਾਹ ਵਰਤੋਂ ਨੇ ਸਿੱਧੇ ਤੌਰ 'ਤੇ ਮਨੁੱਖਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਇਸ ਦੀ ਵਰਤੋਂ ਨਾਲ ਪਸ਼ੂਆਂ ਵਿਚ ਵੀ ਕੈਂਸਰ ਦਾ ਰੋਗ ਵਧ ਰਿਹਾ ਹੈ। ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ 2009-10 ਵਿਚ ਹਰੇ ਚਾਰੇ ਦੇ 183 ਨਮੂਨਿਆਂ ਵਿਚੋਂ 60 ਫੀਸਦੀ ਨਮੂਨਿਆਂ ਵਿਚ ਜ਼ਹਿਰਾਂ ਦੀ ਮਾਤਰਾ ਨਿਰਧਾਰਤ ਹੱਦ ਤੋਂ ਵੱਧ (2500 ਪ ਪ ਸ) ਪਾਈ ਗਈ। ਭਾਬਾ ਪ੍ਰਮਾਣੂ ਖੋਜ ਕੇਂਦਰ (ਬੀ.ਏ.ਆਰ.ਸੀ.) ਨੇ ਹੁਣ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੇ ਵਧਣ ਦਾ ਕਾਰਨ ਇਥੇ ਵਰਤੀਆਂ ਜਾ ਰਹੀਆਂ ਫਾਸਫੇਟ ਖਾਦਾਂ ਹਨ ਜਿਹੜੀਆਂ ਕਿ ਧਰਤੀ ਹੇਠਲੇ ਪਾਣੀ ਨਾਲ ਰਸਾਇਣਕ ਕਿਰਿਆ ਕਰਕੇ ਯੂਰੇਨੀਅਮ ਨੂੰ ਪਾਣੀ ਵਿਚ ਘੋਲ ਰਹੀਆਂ ਹਨ ਇਸ ਦੇ ਸਿੱਟੇ ਵਜੋਂ ਪੰਜਾਬ ਦੇ ਮਾਲਵਾ ਖੇਤਰ ਖਾਸਕਰ ਫਰੀਦਕੋਟ ਦੇ ਇਲਾਕੇ ਵਿਚ ਨਵਜਾਤ ਬੱਚਿਆਂ ਵਿਚ ਵਿਕਾਸ ਨਾ ਹੋਣਾ ਅਤੇ ਅਪੰਗਤਾ ਵਰਗੀਆਂ ਅਲਾਮਤਾਂ ਪੈਦਾ ਹੋਈਆਂ ਹਨ।
ਖੇਤੀ ਲਈ ਕੀਟਾਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਜ਼ਹਿਰਾਂ ਦੀ ਵਰਤੋਂ ਦਿਲ-ਦਹਿਲਾ ਦੇਣ ਵਾਲੀ ਹੈ। ਰਿਪੋਰਟਾਂ ਅਨੁਸਾਰ ਪੂਰੇ ਭਾਰਤ ਵਿਚ ਵਰਤੀਆਂ ਜਾਣ ਵਾਲੀਆਂ ਜ਼ਹਿਰੀਲੀਆਂ ਕੀਟਨਾਸਕਾਂ ਜ਼ਹਿਰਾਂ ਦਾ 17% ਹਿੱਸਾ ਇਕੱਲਾ ਪੰਜਾਬ ਹੀ ਵਰਤਦਾ ਹੈ ਜਦਕਿ ਇਸ ਦਾ ਖੇਤੀਯੋਗ ਖੇਤਰ ਭਾਰਤ ਦੇ ਮੁਕਾਬਲੇ 2 ਫੀਸਦੀ ਹੀ ਬਣਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਾਕਟਰ ਗੁਰਿੰਦਰ ਕੌਰ ਅਨੁਸਾਰ ਕਿਸਾਨ ਜਿਹੜੀਆਂ ਕੀਟਨਾਸਕ ਜ਼ਹਿਰਾਂ ਫਸਲਾਂ ਉਤੇ ਛਿੜਕਾਅ ਕਰਦੇ ਹਨ ਉਹਨਾਂ ਦਾ ਸਿਰਫ਼ 0.01 ਹਿੱਸਾ ਹੀ ਕੀਟਾਂ ਤੱਕ ਪੁੱਜਦਾ ਹੈ ਬਾਕੀ ਦਾ 99.99 ਹਿੱਸਾ ਹਵਾ, ਪਾਣੀ ਅਤੇ ਖਾਦ ਪਦਾਰਥਾਂ ਵਿਚ ਰਲ ਜਾਂਦਾ ਹੈ ਜਿਹੜਾ ਅੱਗੇ ਜਾ ਕੇ ਸਾਡੇ ਲਈ ਹਰ ਪੱਖੋਂ ਵਿਨਾਸ਼ਕਾਰੀ ਸਿੱਧ ਹੁੰਦਾ ਹੈ ਇਸ ਦਾ ਵਰਣਨ ਅਸੀਂ ਪਹਿਲਾਂ ਹੀ ਕਰ ਆਏ ਹਾਂ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇੰਨੀ ਕੁ ਥੋੜੀ ਮਾਤਰਾ 'ਚ ਫਸਲਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਜ਼ਹਿਰਾਂ ਵਰਤਣ ਤੋਂ ਕੀ ਸਾਡਾ ਖਹਿੜਾ ਛੁੱਟ ਸਕਦਾ ਹੈ? ਇਹਨਾਂ ਰਸਾਇਣਕ ਪਦਾਰਥਾਂ ਨੇ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਧੱਕਾ ਤਾਂ ਲਾਇਆ ਹੈ। ਪਿਛਲੇ 20 ਸਾਲਾਂ ਵਿਚ ਹੀ ਅਨਾਜ ਦੀ ਪੈਦਾਵਾਰ ਅਤੇ ਪੋਸ਼ਿਕ ਤੱਤਾਂ ਦੇ ਉਪਯੋਗ ਦਾ ਅਨੁਪਾਤ (ਨਿਊਟਰੀਐਂਟ ਰਿਸਪੌਂਸ ਰੇਸੋਂ) ਵਿਚ ਲਗਾਤਾਰ ਗਿਰਾਵਟ ਆਈ 1990-91 ਵਿਚ ਇਹ ਅਨੁਪਾਤ 14.06% ਸੀ ਜੋ ਕਿ 2010 ਵਿਚ ਇਹ ਘਟ ਕੇ 8.59% ਹੀ ਰਹਿ ਗਿਆ ਜਿਸ ਨਾਲ ਮਿੱਟੀ ਦੇ ਉਪਜਾਊ ਪਣ ਦਾ ਘਟਣਾ ਸਿੱਧ ਹੁੰਦਾ ਹੈ। ਧਰਤੀ ਅੰਦਰਲੇ ਵੱਡੇ ਤੱਤ ਡਾਈ ਅਮੋਨੀਆ, ਨਾਈਟਰੋਜਨ ਅਤੇ ਛੋਟੇ ਤੱਤ ਸਲਫਰ, ਜਿੰਕ, ਬੋਰੋਨ ਅਤੇ ਲੋਹਾ ਤੱਤ ਦੀ ਕਮੀ ਨੇ ਇਸ ਧਰਤੀ ਤੋਂ ਪੈਦਾ ਹੋਏ ਅਨਾਜ ਨੂੰ ਖਾਣ ਵਾਲੇ ਜੀਵਾਂ ਵਿਚ ਵੀ ਕਮੀ ਆ ਰਹੀ ਹੈ। ਇਸੇ ਵਿਕਸਤ ਮਾਡਲ ਦੇ ਹਰੀ ਕ੍ਰਾਂਤੀ ਵਾਲੇ ਤਜਰਬੇ ਨੇ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਪੱਖੋਂ ਕੰਗਾਲ ਕਰ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਨਾਲ ਗੁੱਸੇ ਹੋ ਕੇ ਨਵੀਂ ਪਾਰਟੀ ਦੀ ਸਥਾਪਨਾ ਕਰਨ ਵਾਲੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੰਕਸਾਫ ਕੀਤਾ ਹੈ ਕਿ ਪੰਜਾਬ ਦੇ ਕਿਸਾਨ ਦਾ ਹਰ ਮੈਂਬਰ ਇਸ ਸਮੇਂ 40 ਹਜ਼ਾਰ ਰੁਪਏ ਦਾ ਕਰਜ਼ਈ ਹੈ। ਮਾਲਵੇ ਦੀ ਕਪਾਹ ਪੱਟੀ ਇਸ ਸਮੇਂ ਕੈਂਸਰ ਪੱਟੀ ਨਾਲ ਪ੍ਰਸਿੱਧ ਹੈ। ਹਰੀ ਕ੍ਰਾਂਤੀ ਨੇ ਪੰਜਾਬ ਵਿਚ ਖੁਸ਼ਹਾਲੀ ਦੀ ਥਾਂ ਬਰਬਾਦੀ ਲਿਆਂਦੀ ਹੈ। ਕਰਜ਼ੇ ਵੱਸ ਹੁਣ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਸੋਚੋ! ਹਰੀ ਕ੍ਰਾਂਤੀ ਦੇ ਮਾਡਲ ਨੇ ਸਾਨੂੰ ਕੀ ਦਿੱਤਾ ਹੈ? ਹਰ ਪਾਸਿਓ ਨਿਰਾਸ਼ ਹੋ ਚੁੱਕੇ ਕਿਸਾਨ ਨੂੰ ਹੁਣ ਸੋਚਣਾ ਪਵੇਗਾ ਕਿ ਉਹ ਆਪਣੀ ਵੰਸ਼ ਬਚਾਉਣ ਲਈ ਕਿਹੜੇ ਨਵੇਂ ਰਾਹਾਂ ਦਾ ਪਾਂਧੀ ਬਣੇ।
ਖੇਤੀ ਰਸਾਇਣਕਾਂ ਦਾ ਪੰਛੀਆਂ 'ਤੇ ਬੁਰਾ ਪ੍ਰਭਾਵ
ਰਸਾਇਣਕ ਵਸਤਾਂ ਦੇ ਖੇਤੀ ਵਿਚ ਉਪਯੋਗ ਨੇ ਜਿਥੇ ਮਨੁੱਖੀ ਸਿਹਤ, ਧਰਤੀ ਦੀ ਉਪਜਾਊ ਸ਼ਕਤੀ ਘੱਟ ਕਰਨ ਵਿਚ ਵੱਡਾ 'ਤੇ ਬੁਰਾ ਰੋਲ ਅਦਾ ਕੀਤਾ ਹੈ ਉਥੇ ਕਿਸਾਨਾਂ ਦਾ ਅਰਥਚਾਰਾ ਵੀ ਤਬਾਹ ਕਰ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਜੰਗਲੀ ਜੀਵਾਂ ਅਤੇ ਪੰਛੀਆਂ ਲਈ ਵੀ ਇਹ ਤਜ਼ਰਬਾ ਤਬਾਹਕੁੰਨ ਸਾਬਤ ਹੋਇਆ ਹੈ।
ਸਦੀਆਂ ਤੋਂ ਕਿਸਾਨਾਂ ਨਾਲ ਮਿੱਤਰਤਾ ਨਿਭਾ ਰਹੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਖੇਤੀ ਰਸਾਇਣਾਂ ਨੇ ਤਬਾਹ ਕਰ ਦਿੱਤੀਆਂ ਹਨ। ਕਈ ਹੋਰ ਪ੍ਰਜਾਤੀਆਂ ਆਪਣੀਆਂ ਆਖਰੀ ਘੜੀਆਂ ਗਿਣ ਰਹੀਆਂ ਹਨ। ਅੱਠ ਕਿਸਮ ਦੇ ਉੱਲੂ ਪ੍ਰਜਾਤੀ ਦੇ ਪੰਛੀਆਂ ਨੂੰ ਇਥੋਂ ਦੀ ਧਰਤੀ ਤੋਂ ਚਲੇ ਜਾਣ ਲਈ ਖ਼ਤਰੇ ਦਾ ਘੁੱਗੂ ਵਜਾ ਦਿੱਤਾ ਹੈ। ਇਸੇ ਤਰਾਂ ਬਾਜ਼ ਜਾਤੀ ਦੇ ਮੈਂਬਰਾਂ ਜਿਨਾਂ ਵਿਚ ਸ਼ਿਕਰਾ, ਚਿੜੀਮਾਰ, ਬਹਿਰੀ, ਤੁਰਮਤੀ, ਕੂਹੀ, ਚਰਗ, ਲਗੜ, ਉਕਾਬ, ਕਿਰਲਾਮਾਰ, ਟੀਸੇ, ਇਲਾਂ, ਗਿਰਝਾਂ, ਮੱਛੀਮਾਰ, ਕੁਰਲ ਹਨ ਵੀ ਆਪਣੇ-ਆਪਣੇ ਵੰਸ਼ ਨਾਸ਼ ਵੱਲ ਵਧ ਰਹੇ ਹਨ। ਹੋਰ ਕੋਮਲਦਿਲ ਪੰਛੀ ਖੇਤੀ ਰਸਾਇਣਾਂ ਦੇ ਛਿੜਕਣ ਨਾਲ ਆਪਣੀ ਖੁਰਾਕ ਦੇ ਜ਼ਹਿਰੀਲੇ ਚੋਗੇ ਨਾਲ ਮਰ-ਮੁੱਕਣ ਕਿਨਾਰੇ ਪੁੱਜ ਗਏ ਹਨ ਹੁਣ ਖੇਤਾਂ ਵਿਚ ਚੱਕੀਰਾਹਾ, ਪਪੀਹੇ, ਮਮੋਲੇ, ਮੁਰਗਾਬੀਆਂ, ਤਿੱਤਰ, ਬਟੇਰੇ, ਸਾਰਸ, ਪਤਰੰਗੇ, ਘੋਗੜ ਕਾਂ, ਨੜੀਆਂ, ਘੋਗੜ, ਕਾਲਾ ਤਿੱਤਰ, ਭੂਰਾ ਤਿੱਤਰ, ਮੋਰ, ਤਲੌਰ, ਪੀਹੂ, ਘੋਗਾ ਖੋਰ, ਮਰਵਾ, ਲਾਲ ਚਹਾ, ਨੁਕਰੀ, ਤਹੋਰੀ, ਪਨਚੀਰਾ, ਭਟਿਟਰ, ਅੱਠੇ ਕਿਸਮ ਦੇ ਉੱਲੂ, ਅਟੇਰਨਾਂ, ਚੰਡੋਲਾਂ, ਅਬਾਬੀਲ, ਨੜੀਏ, ਤਾਰਪੂਝੇ, ਕੁਝ ਲਿਟੋਰੇ, ਬ੍ਰਾਹਮਣੀ ਮੈਨਾ, ਗੁਲਾਬੀ ਤਿਲੀਅਰ, ਪਹਾੜੀ ਕਾਂ, ਸਹੇਲੀਆਂ, ਪੱਤੜ, ਓਲੀਆਂ, ਟਿਕਟਿਕੀਆਂ, ਨਾਚਾ, ਕੁਝ ਪਿੱਦੀਆਂ, ਦਰਜੀ, ਕੁਝ ਕਸਤੂਰੀਆਂ, ਚਰਚਰੀਆਂ, ਮੁਨੀਆਂ, ਬੋਲੀਆਂ, ਦੇਖਣ ਨੂੰ ਨਹੀਂ ਮਿਲਦੇ। ਫਸਲਾਂ 'ਤੇ ਛਿੜਕਾਅ ਕੀਤੀਆਂ ਜ਼ਹਿਰਾਂ ਦੇ ਅਸਰ ਨਾਲ ਜਿਥੇ ਸਿੱਧੇ ਤੌਰ 'ਤੇ ਅਨੇਕਾਂ ਪੰਛੀ ਮਰ ਜਾਂਦੇ ਹਨ ਉਥੇ ਜ਼ਹਿਰੀਲਾ ਅਨਾਜ, ਕੀਟ ਅਤੇ ਫਲ ਖਾਣ ਨਾਲ ਚਿਰਸਥਾਈ ਬੁਰੇ ਅਸਰ ਨਾਲ ਪੰਛੀਆਂ ਵਿਚ ਪਰਜਨਣ ਸ਼ਕਤੀ ਵੀ ਘਟ ਰਹੀ ਹੈ। ਇਸ ਦੇ ਜਨਨ ਅੰਗ ਵਿਕਸਿਤ ਹੋਣੋ ਰਹਿ ਗਏ ਹਨ। ਰਸਾਇਣਕ ਖਾਦਾਂ ਦੀ ਵਰਤੋਂ ਨੇ ਧਰਤੀ 'ਚ ਰਹਿਣ ਵਾਲੇ ਛੋਟੇ ਕੀਟ-ਪਤੰਗਾਂ ਨੂੰ ਖਤਮ ਕਰ ਦਿੱਤਾ ਹੈ ਜਿਹੜੇ ਕਈ ਕਿਸਮ ਦੇ ਪੰਛੀਆਂ ਦੀ ਖੁਰਾਕ ਬਣਦੇ ਸਨ। ਇਸ ਤੋਂ ਵੀ ਵੱਡਾ ਤੇ ਬੁਰਾ ਅਸਰ ਇਹ ਹੋਇਆ ਕਿ ਰਸਾਇਣਕ ਖਾਦਾਂ ਨੇ ਅਨਾਜ ਵਿਚ ਖੁਰਾਕੀ ਤੱਤਾਂ ਦਾ ਸੰਤੁਲਤਨ ਵਿਗਾੜ ਦਿੱਤਾ ਹੈ। ਕਈ ਤੱਤ ਅਜਿਹੇ ਹਨ ਜੋ ਬੇਲੋੜੇ ਹੀ ਪੰਛੀਆਂ ਦੇ ਪੇਟ ਵਿਚ ਜਾ ਕੇ ਉਹਨਾਂ ਦੀ ਸਰੀਰਕ ਪ੍ਰਣਾਲੀ ਨੂੰ ਖਰਾਬ ਕਰ ਦਿੰਦੇ ਹਨ ਅਤੇ ਇਸੇ ਤਰਾਂ ਕਈ ਲੋੜੀਂਦੇ ਤੱਤ ਦੀ ਕਮੀ ਨਾਲ ਜਿਥੇ ਪੰਛੀ ਸ਼ਰੀਰਕ ਪੱਖੋਂ ਨਿਤਾਣੇ ਹੋ ਗਏ ਹਨ ਉਥੇ ਹੀ ਉਹਨਾਂ ਦੇ ਅੰਡਿਆਂ ਉਪਰਲੇ ਰੱਖਿਅਕ ਖੋਲ ਵੀ ਪਤਲੇ ਹੋ ਗਏ ਹਨ। ਨਤੀਜੇ ਵਜੋਂ ਸਮੇਂ ਤੋਂ ਪਹਿਲਾਂ ਦਿਨ ਤੋਂ ਪਹਿਲਾਂ ਹੀ ਅੰਡਿਆਂ ਵਿਚੋਂ ਬੱਚੇ ਨਿਕਲਣ ਨਾਲ ਉਹ ਕਮਜ਼ੋਰ ਪੈਦਾ ਹੁੰਦੇ ਹਨ ਜਿਹਨਾਂ ਵਿਚੋਂ ਬਹੁਤੇ ਅਕਸਰ ਮਰ ਜਾਂਦੇ ਹਨ ਜੋ ਬਾਕੀ ਬਚ ਰਹਿੰਦੇ ਹਨ ਉਹਨਾਂ ਵਿਚ ਵੀ ਅੱਗੇ ਪ੍ਰਜਨਣ ਸ਼ਕਤੀ ਦੀ ਘਾਟ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਦੀਆਂ ਅਗਲੀਆਂ ਪੀੜੀਆਂ ਪੈਦਾ ਨਹੀਂ ਹੋ ਰਹੀਆਂ। ਇਹਨਾਂ ਬਨਾਉਟੀ ਖਾਦਾਂ ਦੀ ਵਰਤੋਂ ਨਾਲ ਧਰਤੀ ਦੀ ਉਤਲੀ ਸਤਾ 'ਤੇ ਰਹਿਣ ਵਾਲੇ ਜੀਵ ਜਿਵੇਂ ਗੰਡੋਏ, ਘੁਮਾਰ, ਚੀਚ ਵਹੁਟੀਆਂ ਦਾ ਖਾਤਮਾ ਕਰ ਦਿੱਤਾ ਹੈ ਜਿਹੜੇ ਪੰਛੀਆਂ ਦੀ ਪੱਕੀ ਖੁਰਾਕ ਤਾਂ ਹਨ ਹੀ ਸੀ ਨਾਲ ਇਹ ਧਰਤੀ ਨੂੰ ਪੋਲਾ ਕਰਕੇ ਪੌਦਿਆਂ ਲਈ ਸਾਹ ਪ੍ਰਕਿਰਿਆ ਤੇਜ਼ ਕਰਨ ਲਈ ਸਹਾਇਕ ਹੁੰਦੇ ਸਨ। ਰਸਾਇਣਕ ਖੇਤੀ ਨਾਲ ਫਸਲੀ ਚੱਕਰ ਦਾ ਸਮਾਂ ਘੱਟ ਹੋ ਜਾਣ ਨਾਲ ਕਈ ਵਾਰ ਫਸਲਾਂ ਵਿਚ ਪੰਛੀਆਂ ਦੇ ਦਿੱਤੇ ਅੰਡਿਆਂ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਕਿਸਾਨ ਦੁਆਰਾ ਦੂਜੀ ਫਸਲ ਬੀਜੇ ਜਾਣ ਲਈ ਕੀਤੀ ਜਾ ਰਹੀ ਤਿਆਰੀ ਦੀ ਭੇਂਟ ਚੜੇ ਜਾਂਦੇ ਹਨ ਕਈ ਵਾਰ ਤਾਂ ਤੇਜ਼ੀ ਵਿਚ ਕਿਸਾਨ ਆਪਣੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਵੀ ਲਾ ਦਿੰਦਾ ਹੈ ਜਿਸ ਕਾਰਨ ਅੰਡੇ, ਛੋਟੇ ਬੱਚੇ ਅਤੇ ਪੰਛੀ ਮਾਪੇ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਇਸ ਤਰਾਂ ਰਸਾਇਣਕ ਖੇਤੀ ਮਨੁੱਖਾਂ ਅਤੇ ਹੋਰ ਜੀਵਾਂ ਨਾਲ ਪੰਛੀਆਂ ਲਈ ਵੀ ਘਾਤਕ ਸਿੱਧ ਹੋਈ ਹੈ।
ਪੰਛੀ ਖੇਤੀ ਵਿਚ ਕਿਸਾਨਾਂ ਦੇ ਸਹਾਇਕ ਕਿਵੇਂ
ਰਸਾਇਣਕ ਖਾਦਾਂ ਅਤੇ ਜ਼ਹਿਰੀਲੇ ਛਿੜਕਾਅ ਦੀ ਮਦਦ ਨਾਲ  ਖੇਤੀ 'ਤੇ ਫੇਲ ਹੋ ਜਾਣ ਤੋਂ ਬਾਅਦ ਹੁਣ 'ਜ਼ਹਿਰ ਮੁਕਤ' ਕੁਦਰਤੀ ਖੇਤੀ ਬਾਰੇ ਸੋਚਿਆ ਜਾਣ ਲੱਗਿਆ ਹੈ। ਜੇ ਮਨੁੱਖ ਨੇ ਆਪਣੇ ਅਤੇ ਧਰਤੀ ਦੇ ਹੋਰ ਜੀਵਾਂ ਲਈ ਭਲੇ ਵਾਲੀ ਖੇਤੀ ਦੀ ਸ਼ੁਰੂਆਤ ਕਰਨੀ ਹੈ ਤਾਂ ਇਸ ਵਿਚ ਪੰਛੀਆਂ ਦਾ ਯੋਗਦਾਨ ਸਭ ਤੋਂ ਵੱਧ ਹੋ ਸਕਦਾ ਹੈ। ਪੰਜਾਬ ਦੀ ਧਰਤੀ 'ਤੇ ਵਿਚਰਨ ਵਾਲਾ ਹਰ ਪੰਛੀ ਕਿਸੇ ਨਾ ਕਿਸੇ ਤਰਾਂ ਕਿਸਾਨਾਂ ਦਾ ਸਹਾਇਕ ਜ਼ਰੂਰ ਹੈ ਜਿਹੜਾ ਕਿ ਕੁਦਰਤੀ ਖੇਤੀ ਲਈ ਲਾਹੇਵੰਦ ਹੋਵੇਗਾ।
ਜੇ ਅਸੀਂ ਫਸਲਾਂ 'ਤੇ ਜ਼ਹਿਰੀਲੇ ਛਿੜਕਾਅ ਕਰਦੇ ਹਾਂ ਤਾਂ ਇਹਨਾਂ ਦਾ ਪਹਿਲਾਂ ਕਾਰਨ ਫਸਲਾਂ 'ਤੇ ਪੈਦਾ ਹੋਏ ਕਈ ਕਿਸਮ ਦੇ ਕੀਟਾਂ ਅਤੇ ਸੁੰਡੀਆਂ ਦਾ ਖਾਤਮਾ ਕਰਨਾ ਹੁੰਦਾ ਹੈ। ਪਰ ਇਹਨਾਂ ਨੂੰ ਕੁਦਰਤੀ ਢੰਗ ਨਾਲ ਕਾਬੂ 'ਚ ਰੱਖਣ ਲਈ ਕੁਦਰਤ ਨੇ ਆਪ ਹੀ ਪੰਛੀ ਵੀ ਪੈਦਾ ਕੀਤੇ ਹਨ ਜਿਹਨਾਂ ਦੀ ਪੇਟ ਪੂਰਤੀ ਦਾ ਸਾਧਨ ਇਹ ਕੀਟ ਹੀ ਹਨ। ਪੰਜਾਬ ਦਾ ਸਭ ਤੋਂ ਵੱਧ ਜਾਣਿਆ ਪਛਾਣਿਆ ਪੰਛੀ ਘਰੇਲੂ ਚਿੜੀ ਹੀ ਫਸਲੀ ਕੀਟ ਪ੍ਰਬੰਧਨ ਵਿਚ ਵੱਡੀ ਸਹਾਇਕ ਹੈ। ਆਮ ਹਾਲਤਾਂ ਵਿਚ ਇਕ ਚਿੜੀ ਹਰ ਰੋਜ਼ 50 ਦੇ ਕਰੀਬ ਸੁੰਡੀਆਂ ਲੱਭ ਕੇ ਖਾ ਜਾਂਦੀ ਹੈ ਜਦ ਕਿ ਆਪਣੇ ਬੱਚਿਆਂ ਦੇ ਪੋਸ਼ਣ ਸਮੇਂ ਚਿੜਾ-ਚਿੜੀ ਦਾ ਜੋੜਾ ਰਲ ਕੇ 250 ਤੱਕ ਸੁੰਡੀਆਂ ਨੂੰ ਲਿਆ ਕੇ ਆਪਣੇ ਬੱਚਿਆਂ ਨੂੰ ਖਾਣ ਲਈ ਦਿੰਦਾ ਹੈ। ਇਕ ਪਤਰੰਗਾ ਸੁੰਡੀਆਂ ਦੇ ਅੰਡੇ ਦੇਣ ਵਾਲੇ ਅਨੇਕਾਂ ਪਤੰਗਿਆਂ ਨੂੰ ਖਾ ਕੇ ਲੱਖਾਂ ਸੁੰਡੀਆਂ ਦਾ ਜਨਮ ਰੋਕ ਲੈਂਦਾ ਹੈ। ਇਸੇ ਤਰਾਂ ਚੱਕੀਰਾਹਾ, ਗੁਟਾਰਾਂ, ਤੁਰਮਤੀਆਂ, ਇੱਲਾਂ, ਤਿੱਤਰ, ਬਟੇਰੇ, ਪਪੀਹੇ, ਮਮੋਲੇ, ਉੱਲੂ, ਅਟੇਰਨਾਂ, ਨੜੀਏ, ਤਾਰਪੂਝੇ, ਲਟੋਰੇ, ਤਿਲੀਅਰ, ਸਹੇਲੀਆਂ, ਮੁਨੀਆਂ, ਦਰਜੀ, ਬੋਲੀਆਂ, ਪਿੱਦੀਆਂ, ਪਿੱਦੇ ਕਈ ਪੱਖਾਂ ਤੋਂ ਕਿਸਾਨਾਂ ਦੇ ਸਹਾਇਕ ਹਨ। ਮੁਕਦੀ ਗੱਲ ਕਿ ਜਿੱਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਪੰਛੀ ਸਹਾਇਕ ਹਨ ਉਥੇ ਇਹਨਾਂ ਦੀ ਗਿਣਤੀ ਨੂੰ ਵਧਾ ਕੇ ਖੇਤੀ 'ਚ ਵਰਤੀਆਂ ਜਾਣ ਵਾਲੀਆਂ ਜ਼ਹਿਰਾਂ ਦੀ ਮਾਤਰਾ ਘਟਾਈ ਜਾ ਸਕਦੀ ਹੈ। ਪੰਛੀਆਂ ਦੀ ਗਿਣਤੀ ਵਧਾਏ ਵਗੈਰ ਕੁਦਰਤੀ ਖੇਤੀ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਸੋ ਸਾਨੂੰ ਲੋੜ ਹੈ ਇਕ ਕੁਦਰਤ ਦੇ ਇਹਨਾਂ ਜੀਵਾਂ ਵੱਲ ਧਿਆਨ ਦੇਈਏ ਅਤੇ ਮੁੜ ਗਿਣਤੀ ਵਧਾਉਣ ਲਈ ਹਰ ਕੋਈ ਆਪਣੇ ਤੌਰ 'ਤੇ ਯਤਨ ਸ਼ੁਰੂ ਕਰੇ।
- ਗੁਰਸੇਵਕ ਸਿੰਘ ਧੌਲਾ
ਪਿੰਡ+ਡਾਕ ਧੌਲਾ
ਤਹਿ+ਜ਼ਿਲਾ ਬਰਨਾਲਾ
148107
ਮੋਬਾਇਲ ਨੰ. 94632-16267

ਕੁਦਰਤੀ ਖੇਤੀ ਦੇ ਵਿਗਆਨੀ ਕਿਸਾਨ

ਇੰਦਰਜੀਤ ਸਿੰਘ 'ਸਹੋਲੀ'
ਫ਼ਿਲਹਾਲ, ਸਰਕਾਰਾਂ ਤੋਂ ਖੇਤੀ-ਕਿਸਾਨੀ ਦੇ ਭਲੇ ਦੀ ਉਮੀਦ ਕਰਨਾ ਹੈ ਬੇਕਾਰ!
ਪਿਆਰੇ ਪਾਠਕੋ! ਇਸ ਵਾਰ ਇਸ ਕਾਲਮ ਤਹਿਤ ਅਸੀਂ ਆਪਜੀ ਦੀ ਮੁਲਾਕਾਤ ਸ. ਇੰਦਰਜੀਤ ਸਿੰਘ 'ਸਹੋਲੀ' ਹੁਣਾਂ ਨਾਲ ਕਰਵਾ ਰਹੇ ਹਾਂ। ਬੀਤੇ ਦਸਾਂ ਵਰਿ•ਆਂ ਤੋਂ ਕੁਦਰਤੀ ਖੇਤੀ ਕਰ ਰਹੇ ਇੰਦਰਜੀਤ ਸਿੰਘ ਪਟਿਆਲਾ ਜ਼ਿਲੇ ਦੇ ਪਿੰਡ ਸਹੋਲੀ ਦੇ ਜੰਮਪਲ ਹਨ। ਉਮਰ ਪੱਖੋਂ ਅਠਵੰਜਾ ਵਰਿਆਂ ਨੂੰ ਢੁੱਕੇ ਕੁਦਰਤੀ ਖੇਤੀ ਦਾ ਇਹ ਜਰਨੈਲ ਸਦਾ ਕਰਮਸ਼ੀਲ ਰਹਿੰਦਾ ਹੈ। ਮਿੱਠ ਬੋਲੜੇ ਸੁਭਾਅ ਅਤੇ ਸਭ ਨਾਲ ਮਿਲਵਰਤਣ ਰੱਖਣ ਵਾਲੀ ਇਹ ਨੇਕ ਰੂਹ ਚਿਹਰੇ 'ਤੇ ਨਿਰਮਲ ਮੁਸਕਾਨ ਲਈ ਹਰ ਪਲ ਕੁਦਰਤੀ ਖੇਤੀ ਨੂੰ ਸਮਰਪਿਤ ਰਹਿੰਦੀ ਹੈ।
ਇੰਦਰਜੀਤ ਹੁਣਾਂ ਮੁਤਾਬਿਕ 1975-76 ਵਿੱਚ ਉਸ ਵੇਲੇ ਖੇਤੀ ਵਿੱਚ ਆਏ ਸਨ ਜਦੋਂ ਕਿ ਰਸਾਇਣਕ ਖੇਤੀ ਪੂਰੇ ਜਲੌਅ ਨਾਲ ਪੰਜਾਬ ਭਰ ਵਿੱਚ ਛਾਅ ਚੁੱਕੀ ਸੀ। ਉਹਨਾਂ ਦੱਸਿਆ ਕਿ ਆਪਣੇ ਪਿੰਡ ਕਣਕ ਵਿਚਲੇ ਗੁੱਲੀਡੰਡੇ ਨੂੰ ਮਾਰਨ ਲਈ ਨਦੀਨਨਾਸ਼ਕ ਦਾ ਛਿੜਕਾਅ ਕਰਨ ਵਾਲਾ ਉਹ ਪਹਿਲੇ ਕਿਸਾਨ ਸਨ। ਰਸਾਇਣਕ ਖੇਤੀ ਕਰਦਿਆਂ-ਕਰਦਿਆਂ ਜਲਦੀ ਹੀ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਖੇਤੀ ਦਾ ਇਹ ਮਾਡਲ ਅਤੇ ਦਿਸ਼ਾ ਸਿਹਤਾਂ ਅਤੇ ਵਾਤਾਵਰਣ ਪੱਖੋਂ ਕਿਸੇ  ਵੀ ਤਰਾਂ ਠੀਕ ਨਹੀਂ। ਕਿਉਂਕਿ ਰਸਾਇਣਕ ਖੇਤੀ ਵਿੱਚ ਕੈਮੀਕਲ ਖਾਦਾਂ, ਕੀੜੇਮਾਰ ਜ਼ਹਿਰਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਵਿੱਚ ਲਗਾਤਾਰ ਵਾਧੇ ਦੇ ਬਾਵਜੂਦ ਫਸਲਾਂ ਦੇ ਝਾੜ ਵਿੱਚ ਖੜੋਤ ਆਉਣੀ ਸ਼ੁਰੂ ਹੋ ਗਈ ਸੀ। ਸਹੋਲੀ ਹੁਣਾਂ ਦੇ ਸ਼ਬਦਾਂ ਵਿੱਚ “ ਫਸਲਾਂ ਵਿੱਚ  ਕੀੜੇ ਅਤੇ ਨਦੀਨ ਮਾਰਨ ਲਈ ਵਰਤੇ ਜਾਂਦੇ ਜ਼ਹਿਰਾਂ ਕਾਰਨ ਭੂਮੀ, ਪਾਣੀ, ਵਾਤਾਵਰਣ,  ਜੀਵ-ਜੰਤੂਆਂ  ਦਾ ਵਿਨਾਸ਼ ਦੇਖ ਕੇ ਲੱਗਿਆ ਕਿ ਅਸੀਂ ਖੇਤੀ ਨਹੀਂ, ਸਗੋਂ ਕੋਈ ਪਾਪ ਕਰ ਰਹੇ ਹਾਂ।
ਮਨ ਵਿੱਚ ਰਸਾਇਣਕ ਮੁਕਤ ਖੇਤੀ ਬਾਰੇ ਵਿਚਾਰ ਆਉਣੇ ਸ਼ੁਰੂ ਹੋਏ ਤਾਂ 1999 ਦੇ ਲਾਗੇ ਉਮੇਂਦਰ ਦੱਤ ਨਾਲ ਮੇਲ ਹੋਇਆ ਉਸਦੀਆਂ ਗੱਲਾਂ ਮਨ ਨੂੰ ਚੰਗੀਆਂ ਲੱਗੀਆਂ ਅਤੇ ਸੰਨ 2002 ਵਿੱਚ ਪੂਰਾ ਮਨ ਬਣਾ ਕੇ ਆਪਣੀ 5 ਦੀ 5 ਏਕੜ ਪੈਲੀ ਕੁਦਰਤੀ ਖੇਤੀ ਦੇ ਲੇਖੇ ਲਾ ਦਿੱਤੀ। ਹਾਲਾਂਕਿ ਸ਼ੁਰੂ-ਸ਼ੁਰੂ ਵਿੱਚ ਨਵੇਂ ਹੋਣ ਕਰਕੇ ਫਸਲਾਂ ਦੇ ਝਾੜ ਸਬੰਧੀ ਕੁੱਝ ਦਿੱਕਤਾਂ ਜ਼ਰੂਰ ਆਈਆਂ ਪਰ ਜਿਵੇਂ-ਜਿਵੇਂ ਕੁਦਰਤੀ ਖੇਤੀ ਦੇ ਰਹੱਸ ਆਤਮਸਾਤ ਹੁੰਦੇ ਗਏ ਤਿਵੇਂ-ਤਿਵੇਂ ਇਹ ਦਿੱਕਤਾ ਵੀ ਕਿਨਾਰਾ ਕਰਦੀਆਂ ਗਈਆਂ।
ਕੁਦਰਤੀ ਖੇਤੀ ਸਬੰਧੀ ਆਪਣੀ ਸਮਝ ਨੂੰ ਹੋਰ ਪਕੇਰਿਆਂ ਕਰਨ ਲਈ ਸਹੋਲੀ ਹੁਣਾਂ ਨੇ ਸੰਨ 2005 ਵਿੱਚ ਆਰਟ ਆਫ ਲਿਵਿੰਗ, ਬੰਗਲੋਰ ਦਾ ਦੌਰਾ ਕੀਤਾ ਅਤੇ ਕੁਦਰਤੀ ਖੇਤੀ ਸਬੰਧੀ ਆਪਣੇ ਗਿਆਨ ਦਾ ਦਾਇਰਾ ਹੋਰ ਮੋਕਲਾ ਕੀਤਾ। ਇਸ ਵੇਲੇ ਕੁਦਰਤੀ ਖੇਤੀ ਤਹਿਤ ਕਣਕ, ਗੰਨਾ, ਹਰਾ ਚਾਰੇ, ਬਾਸਮਤੀ ਦੀਆਂ ਫਸਲਾਂ ਲੈਣ ਵਾਲੇ ਸਹੋਲੀ ਹੁਣਾਂ ਦਾ ਅਨੁਸਾਰ ਕੁਦਰਤੀ ਖੇਤੀ ਸਦਕਾ ਉਹਨਾਂ ਦੀ ਭੂਮੀ ਵਿੱਚ ਜਾਨ ਆ ਗਈ ਹੈ। ਜ਼ਮੀਨ ਪਹਿਲਾਂ ਦੇ ਮੁਕਾਬਲੇ ਵਧੇਰੇ ਭੁਰ-ਭੁਰੀ, ਨਰਮ ਅਤੇ ਨਮੀ ਭਰਪੂਰ ਹੋ ਗਈ ਹੈ। ਪਹਿਲਾਂ ਦੇ ਮੁਕਾਬਲੇ ਫਸਲਾਂ ਨੂੰ ਅੱਧੇ ਪਾਣੀ ਦੀ ਲੋੜ ਪੈਂਦੀ ਹੈ।
ਇੰਦਰਜੀਤ ਹੁਣਾਂ ਦੀ ਪੂਰੀ ਖੇਤੀ ਦੇਸੀ ਗਊ  ਆਧਾਰਿਤ ਹੈ। ਇਸ ਵੇਲੇ ਇਹਨਾਂ ਨੇ ਦਸ ਦੇਸੀ ਗਾਵਾਂ ਪਾਲ ਰੱਖੀਆਂ ਹਨ। ਆਪਣੀ ਸਾਰੀ ਖੇਤੀ ਵਿੱਚ ਇਹ ਇਹਨਾਂ ਦਾ ਗੋਬਰ-ਮੂਤਰ ਵੱਖ-ਵੱਖ ਰੂਪਾਂ ਵਿੱਚ ਇਸਤੇਮਾਲ ਕਰਦੇ ਹਨ। ਇੰਨਾ ਹੀ ਨਹੀ,  ਇਹ ਇਲਾਕੇ ਦੇ ਸਾਰੇ ਕੁਦਰਤੀ ਖੇਤੀ ਕਿਸਾਨਾਂ ਨੂੰ ਲੋੜ ਅਨੁਸਾਰ ਗਊ ਮੂਤਰ ਅਤੇ ਗੋਬਰ ਮੁਫ਼ਤ ਵਿੱਚ ਪ੍ਰਦਾਨ ਕਰਦੇ ਹਨ।
ਕੁਦਰਤੀ ਖੇਤੀ ਸਬੰਧੀ ਆਪਣਾ ਖਾਸ ਤਜ਼ਰਬਾ ਬਿਆਨ ਕਰਦਿਆਂ ਸਹੋਲੀ ਹੁਣਾਂ ਦੱਸਿਆ ਕਿ ਕੁਦਰਤੀ ਖੇਤੀ ਲਈ ਗਊਆਂ ਤੋਂ ਬਾਲਟੀ ਰਹੀਂ ਗਊ ਮੂਤਰ ਇਕੱਠਾ ਕਰਿਆ ਕਰਦੇ ਸਨ। ਇਹ ਕੰਮ ਕਰਦਿਆਂ-ਕਰਦਿਆਂ ਲਗਪਗ ਦੋ ਮਹੀਨੇ ਬੀਤਣ ਉਪਰੰਤ ਉਦੋਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ  ਜਦੋਂ ਉਹਨਾਂ ਨੂੰ ਤੇਰਾਂ ਸਾਲ ਪਹਿਲਾਂ ਲੱਗੀਆਂ ਨੇੜੇ ਦੀ ਨਜ਼ਰ ਦੀਆਂ ਐਨਕਾਂ ਤੋਂ ਛੁਟਕਾਰਾ ਮਿਲ ਗਿਆ। ਇਹ ਸਭ ਦੇਖ ਕੇ ਕੁਦਰਤੀ ਖੇਤੀ ਵਿੱਚ ਉਹਨਾਂ ਦਾ ਵਿਸ਼ਾਵਾਸ਼ ਹੋਰ ਵੀ ਪਕੇਰਾ ਹੋ ਗਿਆ। ਇਹਨੀਂ ਦਿਨੀ ਇਹ ਆਪਣੇ ਘਰ ਵਿੱਚ ਗਊ ਮੂਤਰ ਦਾ ਅਰਕ ਤਿਆਰ ਕਰਨ ਦਾ ਛੋਟਾ ਜਿਹਾ ਉਪਰਾਲਾ ਕਰ ਰਹੇ ਹਨ। ਇਸ ਉਪਰਾਲੇ ਤੋਂ ਪ੍ਰਾਪਤ ਗਊ ਮੂਤਰ ਅਰਕ ਨੂੰ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਦੀ ਦਵਾਈ ਦੇ ਤੌਰ 'ਤੇ ਲੋੜਵੰਦਾ ਨੂੰ ਉਪਲਭਧ ਕਰਵਾ ਕੇ ਜਸ ਖੱਟ ਰਹੇ ਹਨ। ਉਹਨਾਂ ਮੁਤਾਬਿਕ ਹੁਣ ਤੱਕ ਵੱਖ-ਵੱਖ ਰੋਗਾਂ ਨਾਲ ਗ੍ਰਸਤ ਸੈਂਕੜੇ ਲੋਕ ਉਹਨਾਂ ਦੇ ਇਸ ਉਪਰਾਲੇ ਦਾ ਲਾਹਾ ਲੈ ਚੁੱਕੇ ਹਨ।
ਸਿਹਤ ਸਬੰਧੀ ਗੱਲ ਕਰਦਿਆਂ ਇਹਨਾਂ ਦੱਸਿਆ ਕਿ ਕੁਦਰਤੀ ਖੇਤੀ ਦੀ ਉਪਜ ਦੇ ਸੇਵਨ ਸਦਕਾ ਪਰਿਵਾਰ ਦੀ ਸਿਹਤ ਵਿੱਚ ਜ਼ਿਕਰਯੋਗ ਸੁਧਾਰ ਆਇਆ ਹੈ। ਸਾਡਾ ਪਰਿਵਾਰ ਹੋਰਨਾਂ ਪਰਿਵਾਰਾਂ ਵਾਂਗੂੰ ਦਵਾਈਆਂ ਦਾ ਆਦੀ ਨਹੀਂ ਰਹਿ ਗਿਆ। ਪਹਿਲਾਂ ਮੇਰਾ ਬੱਲਡ ਪ੍ਰੈਸ਼ਰ ਵਧ ਜਾਂਦਾ ਸੀ ਜਿਹੜਾ ਕਿ ਪਿਛਲੇ 4-5 ਸਾਲਾਂ ਤੋਂ ਨਾਰਮਲ ਰਹਿਣ ਲੱਗ ਪਿਆ ਹੈ। ਸਾਡੇ ਪਸ਼ੂ ਵੀ ਸਿਹਤ ਪੱਖੋਂ ਨੌ-ਬਰ-ਨੌਂ ਹਨ। ਪਸ਼ੂਆਂ ਤੋਂ ਪ੍ਰਾਪਤ ਦੁੱਧ ਦਾ ਤਾਂ ਕਹਿਣਾ ਹੀ ਕੀ ਹੋਰਨਾਂ ਦੇ ਮੁਕਾਬਲੇ 100 ਗੁਣਾਂ ਮਿਠਾਸ ਹੀ ਸਾਡੀਆਂ ਦੇਸੀ ਗਾਵਾਂ ਦੇ ਦੁੱਧ ਵਿੱਚ। ਕੁਦਰਤੀ ਖੇਤੀ ਤਹਿਤ ਉਗਾਈਆਂ ਗਈਆਂ ਸਬਜ਼ੀਆਂ ਦੇ ਸਵਾਦ ਅਤੇ ਪੌਸ਼ਟਿਕਤਾ ਦਾ ਤਾਂ ਕੋਈ ਸਾਨੀ ਹੀ ਨਹੀਂ। ਹਾਲਤ ਇਹ  ਹੈ ਕਿ ਜੇ ਕਦੇ ਬਾਜ਼ਾਰੂ ਸਬਜ਼ੀ ਖਾਣੀ ਪੈ ਜਾਏ ਤਾਂ ਮਨ ਪੁੱਛਿਆ ਹੀ ਜਾਣਦੈ!
ਕੁਦਰਤੀ ਖੇਤੀ ਵਿੱਚ ਨਿੱਤ ਨਵੇਂ ਪ੍ਰਯੋਗ ਕਰਨ ਦੀ ਮਾਨਸਿਕਤਾ ਵਾਲੇ ਸਹੋਲੀ ਹੁਣਾਂ ਨੇ ਇਸ ਅੱਧਾ ਏਕੜ ਜ਼ਮੀਨ ਵਿੱਚ ਵੱਟ ਉੱਤੇ ਕਣਕ ਦੀ ਬਿਜਾਈ ਦਾ ਪ੍ਰਯੋਗ ਕੀਤਾ ਹੈ। ਜਿਹੜਾ ਕਿ ਉਹਨਾਂ ਮੁਤਾਬਿਕ ਬਹੁਤ ਸਫਲ ਸਿੱਧ ਹੋਣ ਜਾ ਰਿਹਾ ਹੈ। ਕੁਦਰਤੀ ਖੇਤੀ ਤਹਿਤ ਸਫਲ ਪੈਦਾਵਾਰ ਲਈ ਉਹ ਜੀਵ ਅੰਮ੍ਰਿਤ, ਰੂੜੀ ਦੀ ਖਾਦ, ਪਾਥੀਆਂ ਦਾ ਪਾਣੀ, ਘਰ ਵਿੱਚ ਹੀ ਤਿਆਰ ਕੀਤਾ ਗਾਰਬੇਜ਼ ਐਨਜਾਈਮ, ਖੱਟੀ ਲੱਸੀ ਅਤੇ ਅਜੈਟੋਬੈਕਟਰ ਆਦਿ ਜੀਵਾਣੂ ਕਲਚਰਾਂ ਦਾ ਇਸਤੇਮਾਲ ਕਰਦੇ ਹਨ। ਇਸ ਸਬੰਧ ਵਿੱਚ ਆਪਣਾ ਨਿਵੇਕਲਾ ਤਜ਼ਰਬਾ ਸਾਂਝਾ ਕਰਦਿਆਂ ਸਹੋਲੀ ਹੁਣਾਂ ਦੱਸਿਆ ਕਿ ਉਹਨਾਂ ਨੇ ਇਸ ਵਾਰ ਕਣਕ ਦੀ ਫਸਲ 'ਤੇ ਆਏ ਚੇਪੇ ਨੂੰ ਕਾਬੂ ਕਰਨ ਲਈ ਗਊ ਮੂਤਰ ਵਿੱਚ ਗੰਨੇ ਦੀ ਮੈਲ ਮਿਲਾ ਕੇ ਛਿੜਕਾਅ ਕੀਤਾ ਅਤੇ ਚੇਪ ਤੋਂ ਛੁਟਕਾਰਾ ਪਾ ਲਿਆ। ਉਹਨਾਂ ਅਨੁਸਾਰ 150 ਲਿਟਰ ਗਊ ਮੂਤਰ ਵਿੱਚ 50 ਲਿਟਰ ਗੰਨੇ ਦੀ ਮੈਲ ਪਾ ਕੇ 10 ਦਿਨ ਦੇ ਖਮੀਰਣ ਉਪਰੰਤ 3 ਲਿਟਰ ਪ੍ਰਤੀ ਪੰਪ ਸਪ੍ਰੇਅ ਕਰਨ ਨਾਲ ਕਣਕ ਵਿੱਚ ਚੇਪੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਉੱਘੇ ਕੁਦਰਤੀ ਖੇਤੀ ਵਿਗਿਆਨੀ ਅਤੇ ਇਕਰੀਸੈਟ ਦੇ ਸਾਬਕਾ ਪ੍ਰਧਾਨ ਵਿਗਿਆਨਕ ਡਾ. ਓਮ ਪ੍ਰਕਾਸ਼ ਰੁਪੇਲਾ ਇੰਦਰਜੀਤ ਸਿੰਘ ਹੁਣਾਂ ਦੀ ਖੇਤੀ ਬਾਰੇ ਗੱਲ ਕਰਦਿਆਂ ਕੰਿਹੰਦੇ ਹਨ,“ਇੰਦਰਜੀਤ ਸਿੰਘ ਪ੍ਰਯੋਗਸ਼ੀਲ ਮਾਨਸਿਕਤਾ ਦਾ ਧਾਰਨੀ ਅਤੇ ਸਿਰੜ ਵਾਲਾ ਕਿਸਾਨ ਹੈ। ਉਸਨੂੰ ਪਤਾ ਹੈ ਕਿ ਉਸਨੇ ਕਦੋਂ ਤੇ ਕੀ ਕਰਨਾ ਹੈ। ਉਸ ਦੁਆਰਾ ਆਲੂਆਂ ਵਾਲੀ ਮਸ਼ੀਨ ਨਾਲ ਵੱਟਾਂ 'ਤੇ ਬੀਜੀ ਗਈ ਕਣਕ ਉਸਦੇ ਪ੍ਰਯੋਗਸ਼ੀਲ ਅਤੇ ਸਿਰੜ ਵਾਲਾ ਕਿਸਾਨ ਹੋਣ ਦਾ ਸਬੂਤ ਹੈ। ਮੈਂ ਸਹੋਲੀ ਹੁਣਾਂ ਦੇ ਇਸ ਜਜਬੇ ਨੂੰ ਸਲਾਮ ਕਰਦਾ ਹਾਂ ਅਤੇ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਕੁਦਰਤੀ ਕਿਸਾਨਾਂ ਲਈ ਵੱਟਾਂ 'ਤੇ ਕਣਕ ਬਿਜਾਈ ਦੀ ਸ਼ਿਫਾਰਸ਼ ਕਰਾਂਗਾ।”
ਪੰਜਾਬ ਵਿੱਚ ਕੁਦਰਤੀ ਖੇਤੀ ਦੇ ਵੱਡ ਪੱਧਰੇ ਪਸਾਰੇ ਬਾਰੇ ਸਹੋਲੀ ਹੁਣਾਂ ਦਾ ਮੰਨਣਾ ਹੈ ਕਿ ਇਹ ਸਮੇਂ ਦੀ ਲੋੜ ਹੈ। ਸਾਨੂੰ ਥਾਂ-ਥਾਂ ਕੁਦਰਤੀ ਖੇਤੀ ਦੇ ਪ੍ਰਦਰਸ਼ਨੀ ਪਲਾਟ ਲਾਉਣੇ ਚਾਹੀਦੇ ਹਨ। ਕਿਸਾਨਾਂ ਲਈ ਜਗਾ-ਜਗਾ ਕੁਦਰਤੀ ਖੇਤੀ ਟ੍ਰੇਨਿੰਗ ਕੈਂਪਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਖੇਤੀ ਵਿਰਾਸਤ ਮਿਸ਼ਨ, ਆਪਣੀ ਸਮਰਥਾ ਮੁਤਾਬਿਕ ਇਹ ਸਭ ਕਰ ਵੀ ਰਿਹਾ ਹੈ। ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਅਤੇ ਖੇਤੀਬਾੜੀ ਯੂਨੀਵਰਸਿਟੀ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ ਹੈ।
ਅੰਤ ਵਿੱਚ ਕਿਸਾਨ ਵੀਰਾਂ ਨੂੰ ਸੁਨੇਹਾਂ ਦਿੰਦਿਆਂ ਇੰਦਰਜੀਤ ਸਿੰਘ ਕਹਿੰਦੇ ਹਨ ਕਿ ਕੁਦਰਤੀ ਖੇਤੀ ਖੋਜ਼ ਉੱਤੇ ਬਿਨਾਂ ਕੋਈ ਪੈਸਾ ਖਰਚ ਕੀਤਿਆਂ ਪੈਦਾਵਾਰ ਪੱਖੋਂ ਕੁਦਰਤੀ ਖੇਤੀ ਨੂੰ ਨਕਾਰਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸਰਕਾਰ ਤੋਂ ਪੰਜਾਬ ਦੀ ਖੇਤੀ ਅਤੇ ਕਿਸਾਨੀ ਦੇ ਭਲੇ ਦੀ ਉਮੀਦ ਕਰਨਾ ਫ਼ਿਲਹਾਲ ਬੇਕਾਰ ਹੈ। ਸੋ ਜੇ ਪੰਜਾਬ ਅਤੇ ਪੰਜਾਬ ਕਿਸਾਨ ਨੇ ਆਪਣਾ ਕਿਸਾਨੀ ਸਵੈਮਾਨ ਵਾਪਿਸ ਹਾਸਿਲ ਕਰਨਾ ਹੈ ਤਾਂ ਉਸਨੂੰ ਖੁਦ ਹੀ ਹੀਲਾ ਕਰਨਾ ਪਊ। ਕੁਦਰਤੀ ਖੇਤੀ ਚਿਰਜੀਵੀ ਤੇ ਖੁਸ਼ਹਾਲ ਪੰਜਾਬ ਦੀ ਪੁਨਰ ਸੁਰਜੀਤੀ ਦਾ ਇਕ ਮਾਤਰ ਰਾਹ ਹੈ। ਜੋ ਜਿੰਨੀ ਛੇਤੀ ਇਸ ਰਾਹ 'ਤੇ ਚੱਲ ਪਵੇਗਾ ਉਹ ਉੰਨੀ ਹੀ ਛੇਤੀ ਬਹੁਕੌਮੀ ਕੰਪਨੀਆਂ ਦੀ ਗ਼ੁਲਾਮੀ ਦੇ ਚੰਗੁਲ 'ਚੋਂ ਬਾਹਰ ਆਵੇਗਾ।

ਕੁਦਰਤੀ ਖੇਤੀ ਵਿੱਚ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਅਗਾਂਊ ਤਿਆਰੀ

ਗੁਰਪ੍ਰੀਤ ਦਬੜੀਖਾਨਾ
ਕਿਸਾਨ ਵੀਰੋ! ਕੁਦਰਤੀ ਖੇਤੀ ਵਿੱਚ ਸਾਉਣੀਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਸਮਾਂ ਨੇੜੇ ਆ ਰਿਹਾ ਹੈ। ਸੋ ਸਾਨੂੰ ਹੁਣੇ ਤੋਂ ਹੀ ਸਾਉਣੀ ਦੀਆਂ ਫ਼ਸਲਾਂ ਲਈ ਲੋੜੀਂਦੀ ਵਿਉਂਤਬੰਦੀ ਕਰ ਲੈਣੀ ਚਾਹੀਦੀ ਹੈ। ਕਣਕ ਦੀ ਕਟਾਈ ਤੋਂ ਪਹਿਲਾਂ ਦੇ ਇਹਨਾਂ ਕੁੱਝ ਘੱਟ ਬੋਝਲ ਦਿਨਾਂ ਦੀ ਸਹੀ ਇਸਤੇਮਾਲ ਕਰਕੇ ਅਸੀ ਸਾਊਣੀ ਦੀਆਂ ਫ਼ਸਲਾਂ ਦੀ ਬਿਜਾਈ ਦੀ ਅਗਾਂਊ ਤਿਆਰੀ ਸਮਾਂ ਰਹਿੰਦਿਆਂ ਹੀ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਸਾਨੂੰ ਹੇਠ ਲਿਖੇ ਅਨੁਸਾਰ ਤਿਆਰੀ ਵਿੱਚ ਜੁਟ ਜਾਣਾ ਚਾਹੀਦਾ ਹੈ:
ਰੌਣੀ ਕਰਦੇ ਸਮੇਂ ਪ੍ਰਤੀ ਏਕੜ ਇੱਕ ਡਰੰਮ ਗੁੜ ਜਲ ਅੰਮ੍ਰਿਤ ਜ਼ਰੂਰ ਪਾਉ: ਹਾੜੀ ਦੀਆਂ ਫ਼ਸਲਾਂ ਦੀ ਕਟਾਈ ਉਪਰੰਤ ਭੂਮੀ ਵਿੱਚ ਵਿੱਚ ਸੂਖਮ ਜੀਵਾਂ ਦੀ ਸੰਖਿਆ ਵਧਾਉਣ ਲਈ ਖੇਤ ਦੀ ਰੌਣੀ ਕਰਦੇ ਸਮੇਂ ਪ੍ਰਤੀ ਏਕੜ ਇੱਕ ਡਰੰਮ ਗੁੜਜਲ ਅੰਮ੍ਰਿਤ ਜ਼ਰੂਰ ਪਾਉ। ਇਸ ਨਾਲ ਭੂਮੀ ਵਿੱਚ ਲੋੜੀਂਦੇ ਸੂਖਮ ਜੀਵਾਂ ਦੀ ਸੰਖਿਆ ਵਿੱਚ ਬੇਹਿਸਾਬ ਵਾਧਾ ਹੁੰਦਾ ਹੈ।  ਗੁੜਜਲ ਅੰਮ੍ਰਿਤ ਬਣਾਉਣ ਲਈ ਲੋੜੀਂਦਾ ਸਮਾਨ ਅਤੇ ਬਣਾਉਣ ਦਾ ਢੰਗ ਹੇਠ ਲਿਖੇ ਅਨੁਸਾਰ ਹੈ-
ਸਮਾਨ: ਦੇਸੀ ਗਊ ਜਾਂ ਮੱਝਾਂ ਦਾ ਤਾਜਾ ਗੋਹਾ 60 ਕਿੱਲੋ, ਗੁੜ ਘੱਟੋ-ਘੱਟ 3 ਕਿੱਲੋ, ਬੇਸਣ 1 ਕਿੱਲੋ, ਸਰੋਂ ਦਾ ਤੇਲ 200 ਗ੍ਰਾਮ, ਬੰਨੇ ਦੀ ਮਿੱਟੀ ਇੱਕ ਮੁੱਠੀ, ਪਾਣੀ 150 ਲਿਟਰ, ਪਲਾਸਟਿਕ ਦਾ ਡਰੰਮ ਇੱਕ।
ਵਿਧੀ: ਸਭ ਤੋਂ ਪਹਿਲਾਂ ਦੋਹਾਂ ਹੱਥਾਂ ਨਾਲ 4-5 ਕਿੱਲੋ ਗੋਹੇ ਵਿੱਚ ਸਰੋਂ ਦਾ ਤੇਲ, ਬੰਨੇ• ਦੀ ਮਿੱਟੀ ਅਤੇ ਬੇਸਣ ਚੰਗੀ ਤਰਾਂ ਮਿਲਾ ਲਵੋ। ਹੁਣ ਇਸ ਗੋਹੇ ਨੂੰ ਬਾਕੀ ਬਚੇ ਗੋਹੇ ਵਿੱਚ ਮਿਕਸ ਕਰਕੇ ਉਸਨੂੰ ਪਲਾਸਟਿਕ ਦੇ ਡਰੰਮ ਵਿੱਚ ਪਾ ਕੇ ਉਪਰੋਂ 150 ਲਿਟਰ ਪਾਣੀ ਪਾ ਕੇ ਲੱਕੜੀ ਦੀ ਸਹਾਇਤਾ ਨਾਲ 15 ਮਿਨਟ ਲਈ ਚੰਗੀ ਤਰਾਂ ਸਿੱਧੇ ਹੱਥ ਘੋਲੋ। ਹੁਣ ਇਸ ਮਿਸ਼ਰਣ ਨੂੰ ਜੂਟ ਦੇ ਬੋਰੇ ਨਾਲ ਢੱਕ ਕੇ 2 ਦਿਨ ਲਈ ਛਾਂਵੇਂ ਰੱਖੋ। ਇਸ ਘੋਲ ਨੂੰ  ਦਿਨ ਵਿੱਚ 2 ਵਾਰ ਸਿੱਧੇ ਹੱਥ ਹਿਲਾਉਂਦੇ ਰਹੋ। 48 ਘੰਟੇ ਬਾਅਦ ਗੁੜਜਲ ਅੰਮ੍ਰਿਤ ਤਿਆਰ ਮਿਲੇਗਾ।
ਵਰਤੋਂ : ਰੌਣੀ ਕਰਦੇ ਸਮੇਂ ਪਾਣੀ ਨਾਲ ਥੋੜੀ-ਥੋੜੀ ਮਾਤਰਾ ਵਿੱਚ ਗੁੜਜਲ ਅੰਮ੍ਰਿਤ ਖੇਤੀ ਵਿੱਚ ਪੁੱਜਦਾ ਕਰੋ। ਇਸ ਕੰਮ ਨੂੰ ਆਸਾਨੀ ਨਾਲ ਕਰਨ ਲਈ  ਡਰੰਮ ਦੇ ਤਲੇ ਤੋਂ 6 ਇੰਚ ਉੱਪਰ ਇੱਕ ਤਿੰਨ ਇੰਚੀ ਗੇਟ ਵਾਲ ਲਗਾਇਆ ਜਾ ਸਕਦਾ ਹੈ।
ਮਿਸ਼ਰਤ ਹਰੀ ਖਾਦ ਦੀ ਬਿਜਾਈ ਕਰੋ: ਕੁਦਰਤੀ ਖੇਤੀ ਤਹਿਤ ਝੋਨਾ ਜਾਂ ਬਾਸਮਤੀ ਉਗਾਉਣ ਦੇ ਇੱਛਕ ਕਿਸਾਨ ਆਪਣੇ ਖੇਤਾਂ ਵਿੱਚ ਮਿਸ਼ਰਤ ਹਰੀ ਖਾਦ ਜ਼ਰੂਰ ਬੀਜਣ। ਮਿਸ਼ਰਤ ਹਰੀ ਖਾਦ ਜਿੱਥੇ ਭੂਮੀ ਵਿੱਚ ਨਾਈਟਰੋਜ਼ਨ ਜਮਾਂ ਕਰਨ ਦਾ ਕੰਮ ਕਰਦੀ ਹੈ ਉੱਥੇ ਹੀ ਭੂਮੀ ਵਿੱਚ ਤੱਤਾਂ ਦੀ ਘਾਟ ਵੀ ਪੂਰੀ ਕਰਦੀ ਹੈ। ਇੱਥੇ ਹੀ ਬਸ ਨਹੀਂ ਭੂਮੀ ਵਿੱਚ ਮਿਸ਼ਰਤ ਹਰੀ ਖਾਦ ਤਹਿਤ ਬੀਜੀਆਂ ਗਈਆਂ ਫ਼ਸਲਾਂ ਦੀਆਂ ਜੜਾਂ 'ਤੇ ਪਲਣ ਵਾਲੇ ਵੱਖ-ਵੱਖ ਪ੍ਰਕਾਰ ਦੇ ਲਾਭਕਾਰੀ ਸੂਖਮ ਜੀਵਾਂ ਦੀ ਸੰਖਿਆ ਵਿੱਚ ਅਥਾਹ ਵਾਧਾ ਹੁੰਦਾ ਹੈ। ਕਿਸਾਨ ਵੀਰ ਹੇਠ ਲਿਖੇ ਅਨੁਪਾਤ ਵਿੱਚ ਪ੍ਰਤੀ ਏਕੜ 10-15 ਕਿੱਲੋ ਮਿਸ਼ਰਤ ਹਰੀ ਖਾਦ ਬੀਜ ਸਕਦੇ ਹਨ-
ਦੋ ਦਲੇ ਬੀਜ: 8 ਕਿੱਲੋ ਜਿਵੇਂ ਕਿ ਮੂੰਗੀ, ਢੈਂਚਾ, ਚੌਲੇ ਜਾਂ ਰਵਾਂ, ਗੁਆਰਾ ਆਦਿ
ਇੱਕ ਦਲੇ ਬੀਜ: 3 ਕਿੱਲੋ ਜਿਵੇਂ ਜਵਾਰ, ਬਾਜ਼ਰਾ, ਮੱਕੀ, ਝੋਨਾ ਅਦਿ
ਤੇਲ ਬੀਜ   1 ਕਿੱਲੋ ਜਿਵੇਂ ਤਿਲ, ਮੂੰਗਫਲੀ, ਸੋਇਆਬੀਨ ਆਦਿ
ਮਸਾਲਾ ਬੀਜ  250 ਗ੍ਰਾਮ ਤੋਂ 1 ਕਿੱਲੋ ਜਿਹੜੇ ਉਪਲਭਧ ਹੋਣ  
ਉਪ੍ਰੋਕਤ ਸਾਰੇ ਬੀਜਾਂ ਨੂੰ ਆਪਸ ਵਿੱਚ ਮਿਲਾ ਕੇ ਬੀਜ ਅੰਮ੍ਰਿਤ ਨਾਲ ਸੋਧ ਕੇ ਬੀਜ ਦਿਉ। ਉੱਗਣ ਉਪਰੰਤ ਘੱਟੋ-ਘੱਟ 45 ਦਿਨਾਂ ਦੇ ਹੋ ਜਾਣ 'ਤੇ ਹਰੀ ਖਾਦ ਨੂੰ ਖੇਤ ਵਿੱਚ ਵਾਹ ਦਿਉ। ਅਗਲੀ ਫ਼ਸਲ ਦੀ ਬਿਜਾਈ ਲਈ ਜ਼ਮੀਨ ਬਿਲਕੁੱਲ ਤਿਆਰ ਹੈ। ਕਣਕ ਵਾਲੀ ਥਂ ਨਰਮਾ ਬੀਜਣ ਵਾਲੇ ਕਿਸਾਨ ਕਣਕ ਨੂੰ ਆਖਰੀ ਪਾਣੀ ਲਾਂਉਂਦੇ ਸਮੇਂ ਕਣਕ ਵਿੱਚ ਮਿਸ਼ਰਤ ਹਰੀ ਖਾਦ ਦਾ ਸਿੱਟਾ ਜ਼ਰੂਰ ਦਿਉ। ਕਣਕ ਦੀ ਤੂੜੀ ਬਣਾਉਣ ਉਪਰੰਤ ਖੇਤ ਤਿਆਰ ਕਰਕੇ ਨਰਮੇ ਦੀ ਬਿਜਾਈ ਕਰਨ ਲਈ ਤੰਦਰੁਸਤ ਜ਼ਮੀਨ ਤਿਆਰ ਮਿਲੇਗੀ।
ਸੁੱਕਾ ਗਾੜਾ ਜੀਵ ਅੰਮ੍ਰਿਤ ਕੰਪੋਸਟ ਬਣਾਉ: ਸੁੱਕੇ ਗਾੜੇ ਜੀਵ ਅੰਮ੍ਰਿਤ ਤਿਆਰ ਕਰਨਾ ਕੁਦਰਤੀ ਖੇਤੀ ਵਿੱਚ ਸਾਊਣੀ ਦੀਆਂ ਫ਼ਸਲਾਂ ਦੀ ਬਿਜਾਈ ਦੀ ਤਿਆਰੀ ਵੱਲ ਪਹਿਲਾ ਕਦਮ ਹੈ। ਸੁੱਕਾ ਗਾੜਾ ਜੀਵ ਅੰਮ੍ਰਿਤ ਭੂਮੀ ਵਿੱਚ ਜੀਵਾਣੂਆਂ ਦੀ ਸੰਖਿਆ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਕੁਦਰਤੀ ਖੇਤੀ ਵਿੱਚ ਕਿਸੇ ਵੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ 2 ਕਵਿੰਟਲ ਖੇਤ ਵਿੱਚ ਪਾਇਆ ਗਿਆ ਸੁੱਕਾ ਗਾੜਾ ਜੀਵ ਅੰਮ੍ਰਿਤ ਸਬੰਧਤ ਫ਼ਸਲ ਦੀਆਂ ਪੋਸ਼ਕ ਤੱਤਾਂ ਸਬੰਧੀ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਇੱਕ ਏਕੜ ਜ਼ਮੀਨ ਲਈ ਇਸਨੂੰ ਬਣਾਉਣ ਲਈ ਲੋੜੀਂਦਾ ਸਮਾਨ , ਬਣਾਉਣ ਦੀ ਵਿਧੀ ਅਤੇ ਵਰਤੋਂ ਦਾ ਢੰਗ ਇਸ ਪ੍ਰਕਾਰ ਹੈ:
ਸਮਾਨ : ਦੇਸੀ ਗਊ ਜਾਂ ਦੇਸੀ ਪਸ਼ੂਆਂ ਦਾ ਛਾਂਵੇਂ ਸੁਕਾਇਆ ਹੋਇਆ ਭੁਰਭੁਰਾ ਗੋਹਿਆ 2 ਕਵਿੰਟਲ,  ਪਸ਼ੂ ਮੂਤਰ 10 ਲਿਟਰ,  ਪਾਣੀ 10 ਲਿਟਰ, ਗੁੜ 2 ਕਿੱਲੋ, ਛੋਲਿਆਂ ਦਾ ਬੇਸਣ 2 ਕਿੱਲੋ, ਬੰਨੇ ਦੀ ਮਿੱਟੀ 2 ਕਿੱਲੋ।
ਵਿਧੀ: ਸਭ ਤੋਂ ਪਹਿਲਾਂ ਪਾਣੀ ਅਤੇ ਪਸ਼ੂ ਮੂਤਰ ਵਿੱਚ 2 ਕਿੱਲੋ ਗੁੜ ਅਤੇ ਬੇਸਣ ਨੂੰ ਚੰਗੀ ਤਰਾਂ ਘੋਲ ਦਿਉ। ਇਸ ਮਿਸ਼ਰਣ ਨੂੰ ਰਾਤ ਭਰ ਇਸੇ ਤਰਾਂ ਰੱਖੋ। ਸਵੇਰ ਵੇਲੇ ਛਾਂਵੇਂ ਸੁਕਾਏ ਹੋਏ 2 ਕਵਿੰਟਲ ਗੋਹੇ ਵਿੱਚ 2 ਕਿੱਲੋ ਬੰਨੇ• ਦੀ ਮਿੱਟੀ ਦਾ ਧੂੜਾ ਦੇ ਦਿਉ। ਹੁਣ ਇਸ ਮਿਸ਼ਰਣ ਉੱਤੇ ਥੋੜੀ-ਥੋੜੀ ਮਾਤਰਾ ਵਿੱਚ ਗੁੜ-ਬੇਸਣ ਅਤੇ ਪਸ਼ੂ ਮੂਤਰ ਯੁਕਤ ਪਾਣੀ ਛਿੜਕਦੇ ਹੋਏ ਮਿਸ਼ਰਣ ਨੂੰ ਕਹੀ ਨਾਲ ਚੰਗੀ ਤਰਾਂ ਆਪਸ ਵਿੱਚ ਮਿਲਾਉਂਦੇ ਜਾਉ।  ਚਾਰ ਕੁ ਵਾਢਾਂ ਦੇਣ ਉਪਰੰਤ ਸਾਰਾ ਸਮਾਨ ਆਪਸ ਵਿੱਚ ਚੰਗੀ ਤਰ•ਾਂ ਰਲਗੱਡ ਹੋ ਜਾਵੇਗਾ। ਹੁਣ ਇਸ ਸਮਾਨ ਨੂੰ ਹਫ਼ਤਾ-ਦਸ ਦਿਨ ਛਾਂ ਵਿੱਚ ਸੁਕਾ ਕੇ ਜੂਟ ਦੇ ਗੱਟਿਆਂ ਵਿੱਚ ਭਰ ਕੇ ਰੱਖ ਲਵੋ। ਸੁੱਕਾ ਗਾੜਾ ਜੀਵ ਅੰਮ੍ਰਿਤ ਤਿਆਰ ਹੈ।
ਵਰਤੋਂ: ਬਿਜਾਈ ਲਈ ਜ਼ਮੀਨ ਤਿਆਰ ਕਰਦੇ ਸਮੇਂ ਆਖਰੀ ਸੁਹਾਗਾ ਮਾਰਨ ਤੋਂ ਪਹਿਲਾਂ 2 ਕਵਿੰਟਲ ਸੁੱਕੇ ਗਾੜੇ ਜੀਵ ਅੰਮ੍ਰਿਤ ਨੂੰ 2 ਕਵਿੰਟਲ ਰੂੜੀ ਦੀ ਖਾਦ ਵਿੱਚ ਮਿਲਾ ਕੇ ਇੱਕ ਏਕੜ ਖੇਤ ਪਾ ਦਿਉ।
ਹੁਣੇਂ ਤੋਂ ਇਕ ਸਾਲ ਪੁਰਾਣੀਆਂ ਪਾਥੀਆਂ, ਅਤੇ ਲੱਸੀ ਪਸ਼ੂ ਮੂਤਰ ਦਾ ਪ੍ਰਬੰਧ ਕਰਨਾ ਸ਼ੁਰੂ ਕਰੋ: ਕਿਸਾਨ ਵੀਰੋ ਇਸ ਤੋਂ ਪਹਿਲਾਂ ਕਿ ਗਰਮੀ ਦੀ ਰੁੱਤ ਆਪਣੇ ਜ਼ੌਹਰ ਵਿਖਾਉਣੇ ਸ਼ੁਰੂ ਕਰੇ ਕੁਦਰਤੀ ਖੇਤੀ ਲਈ ਲੋੜੀਂਦੇ ਜੀਵਾਣੂ ਕਲਚਰ ਬਣਾਉਣ ਲਈ ਖੱਟੀ ਲੱਸੀ ਅਤੇ ਪਸ਼ੂ-ਮੂਤਰ ਜਮਾਂ ਕਰਨਾ ਸ਼ੁਰੂ ਕਰ ਦੇਵੋ। ਕਿਉਂਕਿ ਗਰਮੀਆਂ ਵਿੱਚ ਇਹਨਾਂ ਦੋਹੇਂ ਚੀਜਾਂ ਘੱਟ ਮਾਤਰਾ ਵਿੱਚ ਹੀ ਮਿਲ ਪਾਉਂਦੀਆਂ ਹਨ। ਇਸੇ ਤਰਾਂ ਫਸਲਾਂ ਦੇ ਉੱਚਿਤ ਵਾਧੇ ਅਤੇ ਵਿਕਾਸ ਲਈ ਜਿਬਰੈਲਿਕ ਘੋਲ ਬਣਾ ਕੇ ਛਿੜਕਣ ਵਾਸਤੇ 1 ਸਾਲ ਪੁਰਾਣੀਆਂ ਪਾਥੀਆਂ ਵੀ ਜੁਟਾਉਣੀਆਂ ਸ਼ੁਰੂ ਕਰ ਦਿਉ ਤਾਂ ਕਿ ਲੋੜ ਪੈਣ 'ਤੇ ਝੋਨੇ ਦੀ ਪਨੀਰੀ ਉੱਤੇ ਇਸਦਾ ਛਿੜਕਾਅ ਕਰਕੇ ਉਸਦਾ ਉੰਨਾਂ ਕੁ ਵਿਕਾਸ ਕਰ ਲਿਆ ਜਾਵੇ ਕਿ 25 ਦਿਨਾਂ ਦੀ ਪਨੀਰੀ ਖੇਤ ਵਿੱਚ ਟਰਾਂਸਪਲਾਂਟ ਕੀਤੀ ਜਾ ਸਕੇ। ਇਸਦੇ ਨਾਲ ਹੀ ਸਾਉਣੀ ਦੀਆਂ ਸਬਜ਼ੀਆਂ ਸਮੇਤ ਹਰੇਕ ਫਸਲ ਤੋਂ ਚੋਖਾ ਝਾੜ ਲੈਣ ਲਈ ਵੀ ਉਪ੍ਰੋਕਤ ਸਾਰਾ ਸਮਾਨ ਹੁਣੇ ਤੋਂ ਇਕੱਠਾ ਕਰਨਾ ਲਾਜ਼ਮੀ ਹੈ।
ਜਾਨਦਾਰ ਬੀਜਾਂ ਦੀ ਚੋਣ ਹੁਣੇ ਕਰੋ: ਕਿਸਾਨ ਵੀਰੋ ਬੀਜ ਫਸਲ ਦੀ ਨੀਂਹ ਹੁੰਦੇ ਹਨ। ਸੋ ਇਹਨੀਂ ਦਿਨੀ ਸਾਡੇ ਜਿਮ੍ਮੇ ਇੱਕ ਹੋਰ ਵੱਡਾ ਕੰਮ ਸਾਉਣੀ ਦੀਆਂ ਫਸਲਾਂ ਦੇ ਜਾਨਦਾਰ ਬੀਜ ਚੁਣਨਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੀ ਵੀ ਫ਼ਸਲ ਤੁਸੀਂ ਬੀਜਣ ਜਾ ਰਹੇ ਹੋ ਉਸਦੇ ਆਪਣੇ ਕੋਲ ਉਪਲਭਧ ਬੀਜਾਂ ਨੂੰ ਹੁਣੇ  ਤੋਂ ਛੱਜ-ਛਾਨਣਾ ਲਾ ਕੇ ਜਾਨਦਾਰ ਬੀਜ ਅਲੱਗ ਕਰ ਲਵੋ। ਬਾਅਦ ਵਿੱਚ ਇਹਨਾਂ ਬੀਜਾਂ ਨੂੰ ਬੀਜ ਅੰਮ੍ਰਿਤ ਨਾਲ ਰੋਗ ਰਹਿਤ ਕਰਕੇ ਫਸਲਾਂ ਦੀ ਬਿਜਾਈ ਕਰ ਦਿਉ।
ਆਉ ਬੀਜ ਅੰਮ੍ਰਿਤ ਬਣਾਈਏ: ਬੀਜ ਅੰਮ੍ਰਿਤ ਬਣਾਉਣ ਲਈ ਲੋੜੀਂਦਾ ਸਮਾਨ, ਵਿਧੀ ਅਤੇ ਇਸਦੀ ਵਰਤੋਂ ਦਾ ਢੰਗ ਇਸ ਪ੍ਰਕਾਰ ਹੈ-
ਸਮਾਨ: ਦੇਸੀ ਗਊ ਦਾ ਗੋਹਾ 1 ਕਿੱਲੋ, ਦੇਸੀ ਗਊ ਦਾ ਮੂਤਰ 1 ਲਿਟਰ, ਸਾਦਾ ਪਾਣੀ 1.5 ਲਿਟਰ,  ਚੂਨਾ 50 ਗ੍ਰਾਮ ।
ਵਿਧੀ: ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ 1 ਲਿਟਰ ਗਊ ਮੂਤਰ, 1ਲਿਟਰ ਗੋਬਰ ਅਤੇ 1 ਲਿਟਰ ਪਾਣੀ ਪਾ ਕੇ ਆਪਸ ਵਿੱਚ ਚੰਗੀ  ਤਰਾਂ ਘੋਲ ਦਿਉ। ਹੁਣ ਇੱਕ ਹੋਰ ਬਰਤਨ ਵਿੱਚ ਅੱਧਾ ਲਿਟਰ ਪਾਣੀ ਵਿੱਚ 50 ਗ੍ਰਾਮ ਚੂਨਾ ਮਿਲਾ ਦਿਉ। ਦੋਹਾਂ ਮਿਸ਼ਰਣਾਂ ਨੂੰ ਇਸੇ ਹਾਲਤ ਵਿੱਚ 24 ਘੰਟੇ ਅਲੱਗ-ਅਲੱਗ ਪਏ ਰਹਿਣ ਦਿਉ। 24 ਘੰਟਿਆਂ ਬਾਅਦ ਦੋਹਾਂ ਮਿਸ਼ਰਣਾਂ ਦਾ ਨਿਚੋੜ ਇੱਕ ਵੱਖਰੇ ਭਾਂਡੇ ਵਿੱਚ ਕੱਢ ਲਵੋ। ਬੀਜ ਅੰਮ੍ਰਿਤ ਤਿਆਰ ਹੈ। ਝੋਨੇ ਦੇ 30 ਅਤੇ ਨਰਮੇ ਦੇ 6-7 ਕਿੱਲੋ ਬੀਜਾਂ ਦਾ ਉਪਚਾਰ ਕਰਨ ਲਈ ਕਾਫੀ ਹੈ
ਵਰਤੋਂ: ਚੁਣੇ ਹੋਏ ਜਾਨਦਾਰ ਬੀਜਾਂ ਉੱਤੇ ਬੀਜ ਅੰਮ੍ਰਿਤ ਛਿੜਕਦੇ ਹੋਏ ਦੋਹਾਂ ਹੱਥਾ ਨਾਲ ਪੋਲਾ-ਪੋਲਾ ਮਲਦੇ ਰਹੋ। ਇੱਕ-ਇੱਕ ਬੀਜ ਨੂੰ ਬੀਜ ਅੰਮ੍ਰਿਤ ਲੱਗ ਜਾਣ ਉਪਰੰਤ ਬੀਜਾਂ ਨੂੰ 2 ਘੰਟੇ ਛਾਂਵੇਂ ਸੁਕਾ ਕੇ ਬਿਜਾਈ ਕਰ ਦਿਉ।
ਨੋਟ: ਨਰਮ ਛਿਲਕੇ ਵਾਲੇ ਬੀਜਾਂ ਨੂੰ ਸੋਧਣ ਲਈ ਬੀਜ ਅੰਮ੍ਰਿਤ ਬਣਾਉਂਦੇ ਸਮੇਂ ਚੂਨੇ ਦੀ ਵਰਤੋਂ ਨਾ ਕਰੋ।

ਕੁਦਰਤੀ ਖੇਤੀ ਤਹਿਤ ਨਰਮੇ ਦੀ ਬਿਜਾਈ

ਚਰਨਜੀਤ ਸਿੰਘ ਪੁੰਨੀ
ਕਿਸਾਨ ਵੀਰੋ ਜਦ ਤੱਕ ਇਹ ਲੇਖ ਆਪਜੀ ਤੱਕ ਪੁਜਦਾ ਹੋਵੇਗਾ ਤਦ ਤੱਕ ਨਰਮੇਂ ਦੀ ਬਿਜਾਈ ਦਾ ਢੁਕਵਾਂ ਸਮਾਂ ਸ਼ੁਰੂ ਹੋ ਚੁੱਕਾ ਹੋਵੇਗਾ। ਸੋ ਇਸ ਲੇਖ ਰਾਹੀਂ ਅਸੀਂ ਆਪਜੀ ਨਾਲ ਕੁਦਰਤੀ ਖੇਤੀ ਤਹਿਤ ਨਰਮੇ ਦੀ ਬਿਜਾਈ, ਉਸਦੇ ਪਾਲਣ ਪੋਸ਼ਣ ਅਤੇ ਸਮੇਂ-ਸਮੇਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ ਕਰ ਰਹੇ ਹਾਂ।
ਕੁਦਰਤੀ ਖੇਤੀ ਤਹਿਤ ਨਰਮੇ ਦੀ ਬੰਪਰ ਫ਼ਸਲ ਲੈਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਸਬੰਧੀ ਕੁਦਰਤੀ ਖੇਤੀ ਦੀਆਂ ਸਾਰੀਆਂ ਤਕਨੀਕਾਂ ਨੂੰ ਆਪਣੇ ਖੇਤ ਵਿੱਚ ਲਾਗੂ ਕਰੀਏ। ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਇੱਕ ਪਾਸੇ ਸਾਡੀ ਫ਼ਸਲ ਹਰ ਪੱਖੋਂ ਤਸੱਲੀਬਖ਼ਸ਼ ਅਤੇ ਵਧੀਆ ਹੋਵੇਗੀ। ਉੱਥੇ ਹੀ ਅਗਲੀ ਫ਼ਸਲ ਵਾਸਤੇ ਵਧੇਰੇ ਤਿਆਰ ਅਤੇ ਉਪਜਾਊ ਭੂਮੀ ਵੀ ਸਾਨੂੰ ਉਪਲਭਧ ਰਹੇਗੀ।
ਆਉ ਹੁਣ ਕੁਦਰਤੀ ਖੇਤੀ ਤਹਿਤ ਨਰਮਾ ਬੀਜਣ ਲਈ ਕੀਤੇ ਜਾਣ ਵਾਲੇ ਜ਼ਰੂਰੀ ਕਾਰਜਾਂ ਤੋਂ ਜਾਣੂ ਹੋਈਏ!
ਬੀਜ ਚੋਣ: ਕੁਦਰਤੀ ਖੇਤੀ ਤਹਿਤ ਨਰਮੇ ਦੀ ਬਿਜਾਈ ਕਰਨ ਲਈ ਹਮੇਸ਼ਾ ਦੇਸੀ ਜਾਂ ਸੁਧਰੇ ਬੀਜਾਂ  ਦੀ ਹੀ ਵਰਤੋਂ ਕਰੋ। ਜਿਵੇਂ ਕਿ ਐਫ-1378, ਐਫ-1861, ਭਿਆਨੀ 161, ਕਾਲੀਆਂ ਸਿਟੀਆਂ ਵਾਲੀ ਦੇਸੀ ਕਪਾਹ ਆਦਿ। ਦੇਸੀ ਬੀਜ ਕੀਟ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਪੱਖੋਂ ਬਾਜ਼ਾਰ ਵਿੱਚ ਉਪਲਭਧ ਬੀਟੀ ਅਤੇ ਹਾਈਬ੍ਰਿਡ ਬੀਜਾਂ ਨਾਲੋਂ ਕਿਤੇ ਵੱਧ ਤਕੜੇ ਹੁੰਦੇ ਹਨ। ਇਹ, ਬੀਟੀ ਤੇ ਹਾਈਬ੍ਰਿਡ ਬੀਜਾਂ ਦੇ ਮੁਕਾਬਲੇ ਬਹੁਤ ਘੱਟ ਪਾਣੀ ਦੀ ਮੰਗ ਕਰਦੇ ਹਨ।
ਜ਼ਮੀਨ ਦੀ ਤਿਆਰੀ: ਸਭ ਤੋਂ ਪਹਿਲਾਂ ਖੇਤ ਨੂੰ ਚੰਗੀ ਤਰਾਂ ਸੁੱਕਾ ਵਾਹ ਕੇ ਪ੍ਰਤੀ ਏਕੜ 200 ਲਿਟਰ ਗੁੜਜਲ ਅਮ੍ਰਿਤ ਜਾਂ ਜੀਵ ਅੰਮ੍ਰਿਤ ਪਾਉਂਦੇ ਹੋਏ ਖੇਤ ਦੀ ਰੌਣੀ ਕਰ ਦਿਉ। ਰੌਣੀ ਉਪਰੰਤ ਵੱਤਰ ਆ ਜਾਣ 'ਤੇ ਲੋੜ ਅਨਾਰ ਵਾਹਾਂ ਪਾ ਕੇ ਖੇਤ ਨੂੰ ਬਿਜਾਈ ਲਈ ਤਿਆਰ ਕਰ ਲਵੋ। ਹੁਣ ਪ੍ਰਤੀ ਏਕੜ ਦੋ ਕਵਿੰਟਲ ਸੁੱਕਾ ਗਾੜਾ ਜੀਵ ਅੰਮ੍ਰਿਤ ਇੰਨੀ ਹੀ ਮਾਤਰਾ ਵਿੱਚ ਰੂੜੀ ਦੇ ਖਾਦ ਵਿੱਚ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਉ। ਨਰਮੇ ਦੀ ਬਿਜਾਈ ਲਈ ਜ਼ਮੀਨ ਤਿਆਰ ਹੈ।
ਬੀਜ ਸੋਧ: ਬੀਜ ਸੋਧ, ਜ਼ਮੀਨ ਦੀ ਤਿਆਰੀ ਉਪਰੰਤ ਕੀਤਾ ਜਾਣਾ ਵਾਲਾ ਮੁਢਲਾ ਕੰਮ ਹੈ। ਵੈਸੇ ਤਾਂ ਪਾਲੇਕਰ ਜੀ ਨੇ ਇਸ ਕੰਮ ਲਈ ਸਾਨੂੰ ਬੀਜ ਅੰਮ੍ਰਿਤ ਦੀ ਵਰਤੋਂ ਸੁਝਾਈ ਹੈ ਪਰ ਇੱਥੇ ਅਸੀਂ ਤੁਹਾਨੂੰ 20 ਸਾਲ ਪਿੱਛੇ ਉਸ ਜ਼ਮਾਨੇ ਵਿੱਚ ਲੈ ਜਾਣਾ ਚਾਹੁੰਦਾ ਹਾਂ ਜਦੋਂ ਅਸੀਂ ਬੀਜ ਸੋਧਣ ਲਈ ਪਾਥੀਆਂ ਦੀ ਰਾਖ ਦਾ ਇਸਤੇਮਾਲ ਕਰਦੇ ਸਾਂ। ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖੇ ਗਏ ਵੜੇਵਿਆਂ ਨੂੰ ਸਵੇਰੇ ਪਾਥੀਆਂ ਦੀ ਰਾਖ ਵਿੱਚ ਮਲ ਕੇ ਬੀਜ ਦਿੱਤਾ ਜਾਂਦਾ ਸੀ। ਪੰਜਾਬ ਵਿੱਚ ਨਰਮੇ ਦੇ ਬੀਜ ਦੀ ਸੋਧ ਦਾ ਇਹ ਤਰੀਕਾ ਸੈਕੜੇਂ ਸਾਲਾਂ ਤੋਂ ਪ੍ਰਚੱਲਿਤ ਸੀ ਅਤੇ ਨਤੀਜ਼ੇ  ਵੀ ਬਹੁਤ ਚੰਗੇ ਦਿੰਦਾ ਸੀ। ਰਾਖ ਵਾਲਾ ਬੀਜ ਅੰਮ੍ਰਿਤ ਅਸੀਂ ਆਪ ਪ੍ਰਯੋਗ ਕਰਦੇ ਰਹੇ ਹਾਂ ਅਤੇ ਹੁਣ ਕੁੱਝ ਹੋਰ ਫਸਲਾਂ 'ਤੇ ਵੀ ਅਸੀਂ ਇਸਦਾ ਸਫ਼ਲ ਪ੍ਰਯੋਗ ਕਰ ਚੁੱਕੇ ਹਾਂ। ਸੋ ਕੁਦਰਤੀ ਖੇਤੀ ਤਹਿਤ ਨਰਮਾ ਬੀਜਣ ਦੇ ਇੱਛਕ ਕਿਸਾਨ ਵੀਰ ਉਪਰੋਕਤ ਸਸਤੇ, ਸਰਲ ਅਤੇ ਟਿਕਾਊ ਤਰੀਕੇ ਨਾਲ ਬੀਜ ਸੋਧ ਕਰਕੇ ਹੀ ਬਿਜਾਈ ਕਰਨ।
ਬਿਜਾਈ ਦਾ ਢੰਗ: ਕਿਸਾਨ ਵੀਰੋ ਕੁਦਰਤੀ ਖੇਤੀ ਵਿੱਚ ਨਰਮੇ ਦੀ ਬਿਜਾਈ ਦਾ ਤਰੀਕਾ ਰਸਾਇਣਕ ਖੇਤੀ ਨਾਲੋਂ ਬਿਲਕੁੱਲ ਵੱਖਰਾ ਹੈ। ਕੁਦਰਤੀ ਖੇਤੀ ਤਹਿਤ ਨਰਮੇ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖਿਆ ਜਾਂਦਾ ਹੈ ਕਿ ਸਿੰਜਾਈ ਲਈ ਪਾਣੀ ਘੱਨ ਤੋਂ ਘੱਟ ਮਿਕਦਾਰ ਵਿੱਚ ਵਰਤਿਆ ਜਾਵੇ। ਸੋ ਇਸ ਨੁਕਤੇ ਨੂੰ ਧਿਆਨ ਵਿੱਚ ਰੱਖਦਿਆਂ ਨਰਮੇ ਦੀ ਬਿਜਾਈ ਬੈੱਡਾ ਉੱਤੇ ਹੀ ਕਰਨ ਦਾ ਹੀਲਾ ਕਰਨਾ ਹੈ। ਇਸ ਕੰਮ ਲਈ ਹੱਥ ਵਾਲੇ ਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ  ਜਾਂ ਫਿਰ ਲੇਬਰ ਦੀ ਸਹਾਇਤਾ ਨਾਲ ਚੂੰਡੀਆਂ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ। ਬਿਜਾਈ ਕਰਦੇ ਸਮੇਂ ਨਰਮੇ ਦੀਆਂ ਦੋ ਲਾਈਨਾਂ ਵਿਚਕਾਰ ਦੂਰੀ ਸਾਢੇ ਤਿੰਨ  ਫੁੱਟ ਤੋਂ ਘੱਟ ਨਹੀਂ ਰੱਖਣੀ। ਇਸ ਕੰਮ ਲਈ ਖੇਤ ਵਿੱਚ ਢਾਈ-ਢਾਈ ਫੁੱਟੇ ਬੈਡ ਬਣਾ ਕੇ ਉੁਹਨਾਂ ਦੀ ਇੱਕ ਸਾਈਡ 'ਤੇ ਨਰਮੇ ਦੀ ਬਿਜਾਈ ਕਰੋ ਅਤੇ ਦੂਜੀ ਸਾਈਡ ਅੰਤਰ ਫ਼ਸਲਾਂ ਦੇ ਤੌਰ 'ਤੇ ਬੌਣੇ ਚੌਲੇ, ਸੋਇਆਬੀਨ, ਮੂੰਗੀ ਜਾਂ ਮੂੰਗਫਲੀ ਦੀ ਬਿਜਾਈ ਕੀਤੀ ਜਾ ਸਕਦੀ ਹੈ ਇਹ ਫਸਲਾਂ ਭੂਮੀ ਵਿੱਚ ਨਾਈਟਰੋਜ਼ਨ ਜਮਾਂ ਕਰਨ ਦਾ ਕੰਮ ਬਾਖੂਬੀ ਕਰਦੀਆਂ ਹਨ। ਉਪਰੋਕਤ ਢੰਗ ਨਾਲ ਬਿਜਾਈ ਕਰਨ ਸਦਕਾ ਨਰਮੇ ਦੀ ਇੱਕ ਲਾਈਨ ਤੋਂ ਦੂਜੀ ਲਾਈਨ ਵਿੱਚ ਲੋੜੀਂਦਾ ਫਾਸਲਾ ਆਪਣੇ ਆਪ ਤੈਅ ਹੋ ਜਾਵੇਗਾ। ਇਸੇ ਤਰਾਂ ਭਰਪੂਰ ਮਾਤਰਾ ਵਿੱਚ ਸੂਰਜੀ ਊਰਜਾ ਅਤੇ ਹਵਾ ਦੇ ਖੇਤ ਵਿੱਚ ਇਸਤੇਮਾਲ ਤੇ ਆਵਾਗਮਨ ਲਈ ਬੂਟੇ ਤੋਂ ਬੂਟੇ ਵਿਚਕਾਰ ਵੀ ਘੱਟੋ-ਘੱਟ ਦੋ ਫੁਟ ਦਾ ਫਾਸਲਾ ਰੱਖਣਾ ਜ਼ਰੂਰੀ ਹੈ। ਨਰਮੇ ਵਿੱਚ ਹਰੇਕ 5-7 ਲਾਈਨਾਂ ਬਾਅਦ ਮੱਕੀ, ਬਾਜਰੇ ਅਤੇ ਜਵਾਰ ਦੀ ਆਡਾਂ ਲਾਉ।  ਨਾਲ ਹੀ ਖੇਤ ਦੇ ਚਾਰੇ ਪਾਸੇ ਘੱਟੋ-ਘੱਟ 2 ਲਾਈਨਾਂ ਮੱਕੀ, ਜਵਾਰ ਅਤੇ ਬਾਜਰੇ ਦਾ ਸੰਘਣਾਂ ਬਾਰਡਰ ਵੀ ਜ਼ਰੂਰ ਲਾਉ। ਇਹ ਤੁਹਾਡੀ ਨਰਮੇ ਦੀ ਫਸਲ ਨੂੰ ਗਵਾਂਢੀ ਖੇਤਾਂ ਤੋਂ ਹੋਣ ਵਾਲੇ ਕੀਟ ਹਮਲੇ ਨੂੰ ਤੁਹਾਡੇ ਖੇਤ ਦੇ ਬਾਹਰ ਹੀ ਰੋਕ ਲਵੇਗਾ। ਬੈੱਡਾਂ 'ਤੇ ਨਰਮੇ ਸਮੇਤ ਅੰਤਰ ਫ਼ਸਲਾਂ ਦੀ ਬਿਜਾਈ ਕਰਨ ਦੇ ਤੁਰੰਤ ਬਾਅਦ ਇਹਨਾਂ ਵਿਚਕਾਰਲੀਆਂ ਨਾਲੀਆਂ (ਖੇਲਾਂ) ਵਿੱਚ ਪ੍ਰਤੀ ਏਕੜ 200 ਲਿਟਰ ਗੁੜਜਲ ਅੰਮ੍ਰਿਤ ਜਾਂ ਜੀਵ ਅੰਮ੍ਰਿਤ ਮਿਲਿਆ ਪਾਣੀ ਇੰਨੀ ਕੁ ਮਾਤਰਾ ਵਿੱਚ ਦਿਉ ਕਿ ਬੀਜਾਂ ਤੱਕ ਨਮੀ ਪੁਜਦੀ ਹੋ ਜਾਵੇ।
ਬੈੱਡਾਂ 'ਤੇ ਨਰਮੇ ਦੀ ਬਿਜਾਈ ਕਰਨ ਦੇ ਲਾਭ: ਬੈੱਡਾਂ 'ਤੇ ਨਰਮੇ ਦੀ ਬਿਜਾਈ ਕਰਨ ਦਾ ਸਭ ਤੋਂ ਵੱਡਾ ਲਾਭ ਤਾਂ ਇਹ ਹੈ ਇਸ ਤਰਾਂ ਕਰਨ ਨਾਲ ਜਿੱਥੇ ਪ੍ਰਤੀ ਏਕੜ ਬੀਜੇ ਜਾਣ ਵਾਲੇ ਬੀਜ ਦੀ ਮਾਤਰਾ ਘਟ ਕੇ ਇੱਕ-ਡੇਢ ਕਿੱਲੋ ਤੱਕ ਹੀ ਸੀਮਤ ਰਹਿ ਜਾਂਦੀ ਹੈ ਉੱਥੇ ਹੀ ਆਮ ਦੇ ਮੁਕਾਬਲੇ ਸਿੰਜਾਈ ਲਈ ਵਰਤੇ ਜਾਂਦੇ ਪਾਣੀ ਦੀ ਮਾਤਰਾ ਆਮ ਦੇ ਮੁਕਾਬਲੇ ਅੱਧੀ ਰਹਿ ਜਾਂਦੀ ਹੈ। ਸਿੱਟੇ ਵਜੋਂ ਭੂਮੀ ਵਿੱਚ ਲੋੜੀਂਦੀ ਮਾਤਰਾ ਵਿੱਚ ਹਵਾ ਅਤੇ ਨਮੀ ਹਰ ਵੇਲੇ ਬਰਕਰਾਰ ਰਹਿੰਦੀ ਹੈ।
ਇੱਕ ਤਰਾਂ ਨਾਲ ਬੈੱਡਾਂ 'ਤੇ ਬਿਜਾਈ ਸਦਕਾ ਖੇਤ ਦਾ ਬਹੁਤ ਹਿੱਸਾ ਸਾਣਵਾਂ ਰਹਿ ਜਾਂਦਾ ਹੈ ਜਿਹੜਾ ਕਿ ਅਗਲੀ ਫਸਲ ਦੀ ਭਰਪੂਰ ਪੈਦਾਵਾਰ ਵਾਸਤੇ ਕਾਫੀ ਮਹੱਤਵਪੂਰਨ ਸਿੱਧ ਹੁੰਦਾ ਹੈ। ਬੈੱਡਾਂ ਉੱਤੇ ਖਾਲੀ ਥਾਂ 'ਤੇ ਫ਼ਸਲੀ ਰਹਿੰਦ-ਖੂੰਹਦ ਦਾ ਢਕਣਾ ਜ਼ਰੂਰ ਕਰੋ। ਇਸ ਤਰਾਂ ਕਰਨ ਨਾਲ ਇਹਨਾਂ ਦੀ ਨਮੀ ਸਹੇਜਣ ਤੇ ਸੰਭਾਲਣ ਦੀ ਸਮਰਥਾ ਵਿੱਚ ਅਥਾਹ ਵਾਧਾ ਹੋ ਜਾਂਦਾ ਹੈ ਅਤੇ ਭੂਮੀ ਵਿੱਚ ਸੂਖਮ ਜੀਵਾਂ ਦੀ ਗਤੀਵਿਧੀ ਵੀ ਵਧ ਜਾਂਦੀ ਹੈ। ਜਿਹੜੀ ਕਿ ਅੱਗੇ ਚੱਲ ਕੇ ਫ਼ਸਲ ਨੂੰ ਭੂਮੀ ਅਤੇ ਵਾਤਾਵਰਣ ਵਿੱਚੋਂ ਲੋੜੀਂਦੇ ਪੋਸ਼ਕ ਤੱਤ ਉਪਲਭਧ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਨਰਮੇ ਵਿੱਚ ਅੰਤਰ ਤੇ ਬਾਰਡਰ ਫ਼ਸਲਾਂ ਬੀਜਣ ਦੇ ਲਾਭ: ਨਰਮੇ ਵਿੱਚ ਅੰਤਰ ਅਤੇ ਬਾਰਡਰ ਫ਼ਸਲਾਂ ਅਨੇਕ ਪੱਖਾਂ ਤੋਂ ਲਾਭਕਾਰੀ ਹਨ। ਜਿਵੇਂ ਕਿ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕੇ ਹਾਂ ਕਿ ਨਰਮੇ ਵਿੱਚ ਅੰਤਰ ਫ਼ਸਲਾਂ ਵਜੋਂ ਬੀਜੇ ਜਾਣ ਵਾਲੇ ਬੌਣੇ ਚੌਲੇ, ਸੋਇਆਬੀਨ, ਮੂੰਗੀ ਜਾਂ ਮੂੰਗਫਲੀ ਜਿੱਥੇ ਭੂਮੀ  ਵਿੱਚ ਨਾਈਟਰੋਜ਼ਨ ਜਮਾਂ ਕਰਨ ਦਾ ਕੰਮ ਕਰਦੀਆਂ ਹਨ ਉੱਥੇ ਹੀ ਹਰ ਤਰਾਂ ਦੇ ਸੰਭਾਵੀ ਕੀਟ ਹਮਲੇ ਨੂੰ ਵੀ ਖੁਦ 'ਤੇ ਲੈ ਲੈਂ ਕੇ ਨਰਮੇ ਲਈ ਸੁਰੱਖਿਆ ਕਵਚ ਦਾ ਕੰਮ ਕਰਦੀਆਂ ਹਨ। ਇਸੇ ਤਰਾਂ ਨਰਮੇ ਵਿੱਚ ਬੀਜੀਆਂ ਗਈਆਂ ਮੱਕੀ, ਬਾਜ਼ਰੇ ਅਤੇ ਜਵਾਰ ਦੀਆਂ ਕਤਾਰਾਂ ਖੇਤ ਵਿੱਚ ਮਿੱਤਰ ਕੀਟਾਂ ਅਤੇ ਪੰਛੀਆਂ ਲਈ ਪਨਾਹ ਦਾ ਕੰਮ ਕਰਦੀਆਂ ਹਨ। ਸਿੱਟੇ ਵਜੋਂ ਖੇਤ ਵਿੱਚ ਕੁਦਰਤੀ ਕੀਟ ਕੰਟਰੋਲ ਦਾ ਪੁਖਤਾ ਬੰਦੋਬਸਤ ਹੋ ਜਾਂਦਾ ਹੈ। ਬਾਰਡਰ ਫ਼ਸਲ ਤੁਹਾਡੇ ਖੇਤ ਵਿੱਚ ਬਾਹਰ ਤੋਂ ਹੋਣ ਵਾਲੇ ਕੀਟ ਹਮਲੇ ਨੂੰ ਰਾਹ ਵਿੱਚ ਹੀ ਰੋਕ ਕੇ ਲੈਂਦੀ ਹੈ। ਨਤੀਜ਼ੇ ਵਜੋਂ ਕੀਟ ਕੰਟਰੋਲ ਲਈ ਕਿਸਾਨ ਨੂੰ ਵਧੇਰੇ ਤਰਦੱਦ ਕਰਨ  ਦੀ ਲੋੜ ਹੀ ਨਹੀਂ ਰਹਿੰਦੀ।
ਬਿਜਾਈ ਕਰਦੇ ਸਮੇਂ ਪ੍ਰਤੀ ਏਕੜ 5 ਬੂਟੇ ਅਰਿੰਡ ਜ਼ਰੂਰ ਬੀਜੋ: ਕਿਸਾਨ ਵੀਰੋ ਨਰਮੇ ਦੀ ਫ਼ਸਲ ਨੂੰ ਤੰਬਾਕੂ ਦੀ ਸੁੰਡੀ ਦੇ ਸੰਭਾਵੀ ਹਮਲੇ ਤੋਂ ਬਚਾਉਣ ਲਈ ਜਾਲ (ਟਰੈਪ) ਫ਼ਸਲ ਵਜੋਂ ਇੱਕ ਏਕੜ ਪਿੱਛੇ 5 ਬੂਟੇ ਅਰਿੰਡ ਦੇ ਜ਼ਰੂਰ ਬੀਜੋ, ਚਾਰ ਬੂਟੇ ਚਾਰੇ ਕੋਣਿਆਂ ਤੇ ਅਤੇ ਇੱਕ ਬੂਟਾ ਖੇਤ ਦੇ ਵਿਚਕਾਰ। ਤੰਬਾਕੂ ਦੀ ਸੁੰਡੀ ਦੇ ਪਤੰਗੇ ਨਰਮੇ ਦੀ ਬਜਾਏ ਅਰਿੰਡ ਦੇ ਪੱਤਿਆਂ 'ਤੇ ਅੰਡੇ ਦੇਣਗੇ। ਇੱਕ ਬੂਟੇ ਪਿੱਛੇ 2-3 ਪੱਤਿਆਂ 'ਤੇ ਤੰਬਾਕੂ ਦੀ ਸੁੰਡੀ ਦੇ ਅੰਡੇ ਪਾਏ ਜਾਂਦੇ ਹਨ। ਫ਼ਸਲ ਦੀ ਦੇਖ ਭਾਲ ਕਰਦੇ ਸਮੇਂ ਅਰਿੰਡ ਦੇ ਪੱਤਿਆਂ ਨੂੰ ਪਲਟ ਕੇ ਦੇਖੋ ਅਤੇ ਜਿਹਨਾਂ ਪੱਤਿਆਂ 'ਤੇ ਅੰਡੇ ਮਿਲਣ ਉਹਨਾਂ ਪੱਤਿਆਂ ਨੂੰ ਤੋੜ ਕੇ ਥਾਂ ਤੇ ਹੀ ਜ਼ਮੀਨ ਵਿੱਚ ਦਬਾਅ ਦਿਉ। ਤੰਬਾਕੂ ਦੀ ਸੁੰਡੀ ਨੂੰ ਕਾਬੂ ਕਰਨ ਲਈ ਹੋਰ ਕੁੱਝ ਕਰਨ ਦੀ ਲੋੜ ਨਹੀਂ ਪਵੇਗੀ। ਇਸੇ ਤਰਾਂ ਨਰਮੇ ਵਿੱਚ ਥਾਂ-ਥਾਂ ਸਰੋਂ ਫੁੱਲੇ ਫੁਲਾਂ ਵਾਲੇ ਬੂਟੇ ਲਗਾ ਕੇ ਅਮਰੀਕਨ ਸੁੰਡੀ ਦੇ ਹਮਲੇ ਨੂੰ ਵੱਡੇ ਪੱਧਰ 'ਤੇ ਰੋਕਿਆ ਜਾ ਸਕਦਾ ਹੈ। ਬਾ-ਸ਼ਰਤ ਇਹ ਕਿ ਸਮੇਂ-ਸਮੇਂ ਉਹਨਾਂ ਬੂਟਿਆਂ ਨੂੰ ਪਏ ਫੁੱਲ ਖੇਤੋਂ ਬਾਹਰ ਨਿਕਲਦੇ ਰਹਿਣ।
ਗੁਡਾਈ: ਸਮੇਂ ਸਮੇਂ ਫ਼ਸਲ ਦੀ ਗੁਡਾਈ ਕਰਦੇ ਰਹੋ। ਇਸ ਤਰ•ਾਂ ਕਰਨ ਨਾਲ ਜਿੱਥੇ ਨਦੀਨਾਂ ਦੀ ਪੁਖਤਾ ਰੋਕਥਾਮ ਹੋਵੇਗੀ ਉੱਥੇ ਹੀ ਭੂਮੀ ਵਿੱਚ ਆਕਸੀਜਨ ਦਾ ਸੰਚਾਰ ਹੁੰਦਾ ਰਹੇਗਾ। ਜਿਹਦੀ ਕਿ ਕਿਸੇ ਵੀ ਫ਼ਸਲ ਦੇ ਚੋਖੇ ਵਾਧੇ ਅਤੇ ਵਿਕਾਸ ਲਈ ਅਟਲ ਲੋੜ ਹੁੰਦੀ ਹੈ।

ਕੁਦਰਤੀ ਖੇਤੀ ਵਿੱਚ ਝੋਨੇ ਦੀ ਸਫਲ ਕਾਸ਼ਤ ਲਈ ਲੋੜੀਂਦੇ ਉਪਰਾਲੇ…

ਗੁਰਪ੍ਰੀਤ ਦਬੜੀਖਾਨਾ
ਪਿਆਰੇ ਕਿਸਾਨ ਸਾਥੀਓ, ਹਥਲੇ ਲੇਖ ਰਾਹੀਂ ਅਸੀਂ ਆਪਜੀ ਨਾਲ ਕੁਦਰਤੀ ਖੇਤੀ ਤਹਿਤ ਝੋਨੇ ਦੀ ਲਵਾਈ ਬਾਰੇ ਲੋੜੀਂਦੀ ਜਾਣਕਾਰੀ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਇੱਥੇ ਅਸੀਂ ਪਨੀਰੀ ਬੀਜਣ ਤੋਂ ਲੈ ਕੇ ਦੀ ਖੇਤਾਂ ਵਿੱਚ ਝੋਨੇ ਦੀ ਲਵਾਈ ਅਤੇ ਕਟਾਈ ਤੱਕ ਦੇ ਪੂਰੇ ਫਸਲ ਪ੍ਰਬੰਧ ਬਾਰੇ ਗੱਲਬਾਤ ਕਰਾਂਗੇ।
ਝੋਨੇ ਦੀ ਪਨੀਰੀ ਲਈ ਬੀਜ ਚੋਣ: ਕਿਸਾਨ ਵੀਰੋ ਬੀਜ ਕਿਸੇ ਵੀ ਫ਼ਸਲ ਦੀ ਬੁਨਿਆਦ ਹੁੰਦਾ ਹੈ। ਇਸ ਲਈ ਸਾਡੇ ਖੇਤ ਵਿੱਚ ਹਮੇਸ਼ਾ ਜਾਨਦਾਰ ਅਤੇ ਰੋਗ ਰਹਿਤ ਬੀਜ ਹੀ ਬੀਜੇ ਜਾਣ ਸਾਨੂੰ ਇਸ ਗੱਲ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ। ਕੁਦਰਤੀ ਖੇਤੀ ਤਹਿਤ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਹੇਠ ਲਿਖੇ ਅਨੁਸਾਰ ਜਾਨਦਾਰ ਬੀਜਾਂ ਦੀ ਚੋਣ ਕਰ ਸਕਦੇ ਹਨ:
• ਬੀਜ ਦੀ ਮਾਤਰਾ ਅਨੁਸਾਰ ਇੱਕ ਬਰਤਨ  ਵਿੱਚ ਪਾਣੀ ਭਰ ਲਵੋ।
• ਹੁਣ ਇਸ ਪਾਣੀ ਵਿੱਚ ਇੱਕ ਆਲੂ ਪਾ ਦੇਵੋ, ਆਲੂ ਡੁੱਬ ਜਾਵੇਗਾ।
• ਹੁਣ ਇਸ ਪਾਣੀ ਵਿੱਚ ਉਦੋਂ ਤੱਕ  ਨਮਕ (ਲੂਣ) ਮਿਲਾਉਂਦੇ ਜਾਓ ਜਦੋਂ ਤੱਕ ਆਲੂ ਪਾਣੀ ਉੱਤੇ ਤੈਰਨ ਨਹੀਂ ਲੱਗ ਜਾਂਦਾ।
• ਹੁਣ ਪਾਣੀ ਵਿੱਚੋਂ ਆਲੂ ਕੱਢ ਦਿਓ ਅਤੇ ਝੋਨੇ ਦਾ ਬੀਜ ਪਾ ਦਿਓ, ਬਹੁਤ ਸਾਰਾ ਬੀਜ ਪਾਣੀ ਉੱਤੇ ਤੈਰ ਜਾਵੇਗਾ।
• ਪਾਣੀ ਉੱਤੇ ਤੈਰ ਜਾਣ ਵਾਲੇ ਬੀਜ ਨੂੰ ਬਾਹਰ ਕੱਢ ਦਿਓ, ਇਹ ਸਾਰਾ ਰੋਗੀ, ਕਮਜ਼ੋਰ ਅਤੇ ਫੋਕਾ ਬੀਜ ਹੈ।
• ਹੁਣ ਬਰਤਨ ਵਿੱਚ ਡੁੱਬੇ ਹੋਏ ਬੀਜ ਨੂੰ ਚੰਗੀ ਤਰਾਂ ਹਿਲਾਓ ਅਤੇ ਜਿੰਨਾਂ ਵੀ ਬੀਜ ਪਾਣੀ ਉੱਤੇ ਤੈਰ ਜਾਵੇ ਉਸਨੂੰ ਫਿਰ ਬਾਹਰ ਕੱਢ ਦਿਓ। ਇਹ ਕਿਰਿਆਂ ਘੱਟੋ-ਘੱਟ 3 ਵਾਰ ਦੁਹਰਾਓ। ਅੰਤ ਵਿੱਚ ਤੁਹਾਡੇ ਕੋਲੇ ਸਿਰਫ ਤੇ ਸਿਰਫ ਰੋਗ ਰਹਿਤ, ਸਿਹਤਮੰਦ ਅਤੇ ਜਾਨਦਾਰ ਬੀਜ ਬਚ ਜਾਵੇਗਾ।
• ਹੁਣ ਇਸ ਬਚੇ ਹੋਏ ਰੋਗ ਰਹਿਤ, ਤੰਦਰੁਸਤ ਅਤੇ ਜਾਨਦਾਰ ਬੀਜ ਨੂੰ ਘੱਟੋ-ਘੱਟ 3 ਵਾਰੀ ਸਾਦੇ ਪਾਣੀ ਨਾਲ ਧੋ ਕੇ ਲੂਣ ਰਹਿਤ ਕਰ ਲਵੋ ਅਤੇ ਛਾਂਵੇ ਸੁਕਾਉਣ ਉਪਰੰਤ ਬੀਜ ਅੰਮ੍ਰਿਤ ਲਾ ਕੇ ਪਨੀਰੀ ਬੀਜ ਦਿਓ।
ਇਸ ਢੰਗ ਨਾਲ ਪ੍ਰਾਪਤ ਕੀਤੇ ਗਏ ਰੋਗ ਰਹਿਤ, ਤੰਦਰੁਸਤ ਅਤੇ ਜਾਨਦਾਰ ਬੀਜ ਤੁਹਾਡੇ ਖੇਤ ਵਿੱਚ ਰੋਗ ਰਹਿਤ, ਤਾਕਤਵਰ ਅਤੇ ਜਾਨਦਾਰ ਪੌਦਿਆਂ ਦੇ ਰੂਪ ਵਿੱਚ ਜਨਮ ਲੈਣਗੇ ਜਿਹਨਾਂ ਵਿੱਚ ਕਿਸੇ ਵੀ ਕੀਟ ਜਾਂ ਰੋਗ ਨਾਲ ਲੜਨ ਦੀ ਅਦਭੁਤ ਸ਼ਕਤੀ ਹੋਵੇਗੀ। ਸੋ ਸਮੂਹ ਕਿਸਾਨ ਵੀਰ ਪ੍ਰਯੋਗਸ਼ੀਲ ਕਿਸਾਨਾਂ ਦੇ ਇਸ ਤਜ਼ਰਬੇ ਦਾ ਲਾਭ ਜ਼ਰੂਰ ਉਠਾਉਣ 100 ਫੀਸਦੀ ਫਾਇਦਾ ਹੋਵੇਗਾ।
ਨੋਟ: ਉਪ੍ਰੋਕਤ ਵਿਧੀ ਨਾਲ ਝੋਨੇ ਦੇ 4 ਕਿੱਲੋ ਬੀਜ ਪਿੱਛੇ 300 ਤੋਂ 500 ਗ੍ਰਾਮ ਰੋਗੀ, ਕਮਜ਼ੋਰ ਅਤੇ ਫੋਕਾ ਬੀਜ ਅਲੱਗ ਹੋ ਜਾਂਦਾ ਹੈ। ਜਦੋਂ ਕਿ ਸਾਦੇ ਪਾਣੀ ਵਿੱਚ ਨਿਤਾਰਨ ਨਾਲ ਸਿਰਫ ਫੋਕ ਹੀ ਅਲੱਗ ਹੁੰਦੀ ਏ।
ਪਨੀਰੀ ਬੀਜਣ ਦਾ ਸਹੀ ਤਰੀਕਾ: ਕੁਦਰਤੀ ਖੇਤੀ ਤਹਿਤ ਝੋਨੇ ਅਤੇ ਬਾਸਮਤੀ ਦੀ ਪਨੀਰੀ ਜਿੱਥੋਂ ਤੱਕ ਸੰਭਵ ਹੋਵੇ 1.5 ਫੁੱਟ ਚੌੜੇ ਬੈੱਡਾਂ ਉੱਤੇ ਕੀਤੀ ਜਾਵੇ। ਇਸ ਵਾਸਤੇ ਸਭ ਤੋਂ ਪਹਿਲਾਂ ਪਨੀਰੀ ਬੀਜਣ ਲਈ ਚੁਣੀ ਗਈ ਭੂਮੀ ਦੀ ਤਿਆਰੀ ਉਪਰੰਤ ਕਿਆਰੀ ਵਿੱਚ ਪਨੀਰੀ ਦੀ ਬਿਜਾਈ ਤੋਂ ਪਹਿਲਾਂ ਚੋਖੀ ਮਾਤਰਾ ਵਿੱਚ ਰੂੜੀ ਦੀ ਤਿਆਰ ਖਾਦ ਜਾਂ ਸੁੱਕਾ ਗਾੜਾ ਜੀਵ ਅੰਮ੍ਰਿਤ ਮਿਲਾ ਕੇ ਬੀਜ ਅੰਮ੍ਰਿਤ ਨਾਲ ਉਪਚਾਰਿਤ ਬੀਜਾਂ ਦੀ ਬਿਜਾਈ ਕਰ ਦਿਉ। ਜੇਕਰ ਬੈੱਡਾਂ ਉੱਤੇ ਪਨੀਰੀ ਦੀ ਬਿਜਾਈ ਸੰਭਵ ਨਾ ਹੋਵੇ ਤਾਂ ਪਨੀਰੀ ਬੀਜਦੇ ਸਮਾਂ ਕਿਆਰੀਆਂ ਇਸ ਢੰਗ ਨਾਲ ਬਣਾਉ ਕਿ ਕਿਆਰੀਆਂ ਵਿੱਚ ਸਾਰਾ ਸਮਾਂ ਪਾਣੀ ਖੜਾ ਰਹਿਣ ਦੀ ਬਜਾਏ ਨਮੀ ਦੀ ਉੱਚਿਤ ਮਾਤਰਾ ਬਣੀ ਰਹੇ। ਬੈੱਡਾਂ ਉੱਤੇ ਬੀਜੀ ਗਈ ਪਨੀਰੀ ਦੇ ਜਲਦ ਫੁਟਾਰੇ ਲਈ ਪਨੀਰੀ ਬੀਜਣ ਉਪਰੰਤ ਬੈਡਾਂ ਉੱਤੇ  ਝੋਨੇ ਜਾਂ ਕਣਕ ਦੀ ਪਰਾਲੀ ਦੀ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਇੱਥੇ ਅਸੀਂ ਇਹ ਗੱਲ ਜ਼ੋਰ ਦੇ ਕੇ ਕਹਿਣਾ ਚਾਹਾਂਗੇ ਕਿ ਸਾਰੀ ਦੀ ਸਾਰੀ ਪਨੀਰੀ ਇੱਕੋ ਹੀ ਦਿਨ ਨਹੀਂ ਬੀਜਣੀ ਸਗੋਂ ਆਪਣੀ ਕੁੱਲ ਜ਼ਮੀਨ ਅਨੁਸਾਰ ਕੁੱਝ ਦਿਨਾਂ ਦਾ ਵਕਫ਼ਾ ਪਾਉਂਦੇ ਹੋਏ ਟੁਕੜਿਆਂ ਵਿੱਚ ਪਨੀਰੀ ਦੀ ਬਿਜਾਈ ਕਰੋ। ਇਸ ਤਰਾਂ ਕਰਨ ਨਾਲ ਤੁਹਾਡੀ ਸਾਰੀ ਜ਼ਮੀਨ ਵਿੱਚ ਇੱਕ ਹੀ ਉਮਰ ਦਾ ਝੋਨਾ ਅਤੇ ਸਮੇਂ ਸਿਰ ਲੱਗ ਸਕੇਗਾ।
ਖੇਤ ਵਿੱਚ ਲੁਆਈ ਸਮੇਂ ਪਨੀਰੀ ਦੀ ਉਮਰ: ਪ੍ਰਚੱਲਿਤ ਢੰਗ ਨਾਲ ਝੋਨਾ ਲਾਉਣ ਵਾਲੇ ਕਿਸਾਨ ਭਰਾਵਾਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਪਨੀਰੀ ਦੀ ਉਮਰ 20 ਤੋਂ 25 ਦਿਨਾਂ ਦੇ ਵਿਚਕਾਰ ਹੀ ਹੋਣੀ ਚਾਹੀਦੀ ਹੈ। ਕਿਉਂਕਿ ਪਨੀਰੀ ਦੀ ਉਮਰ ਜਿੰਨੀ ਵੱਧ ਹੋਵੇਗੀ ਉਸ ਅਨੁਪਾਤ ਨਾਲ ਫਸਲ ਦਾ ਝਾੜ ਵੀ ਘਟ ਜਾਣ ਅਸਾਰ ਬਣ ਜਾਂਦੇ ਹਨ। ਐਸ. ਆਰ. ਆਈ. (ਸਿਸਟਮ ਆਫ ਰੂਟ/ ਰਾਈਸ ਇੰਟੈਸੀਫਿਕੇਸ਼ਨ) ਤਕਨੀਕ ਅਨੁਸਾਰ ਝੋਨਾ ਲਾਉਣ ਲਈ ਪਨੀਰੀ ਦੀ ਉਮਰ 8 ਤੋਂ 12 ਦਿਨ ਤੇ ਜਾਂ ਫਿਰ ਵੱਧ ਤੋਂ ਵੱਧ 15 ਦਿਨ ਹੀ ਹੋਣੀ ਚਾਹੀਦੀ ਹੈ। ਪਰ ਆਮ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ 25 ਦਿਨਾਂ ਦੀ ਪਨੀਰੀ ਕੱਦ-ਕਾਠ ਪੱਖੋਂ ਖੇਤ ਵਿੱਚ ਟਰਾਂਸਪਲਾਂਟ ਕਰਨ ਯੋਗ ਨਹੀਂ ਮੰਨੀ ਜਾਂਦੀ। ਪਰ ਉਗੀ ਹੋਈ ਪਨੀਰੀ ਉੱਤੇ ਉੱਗਣ ਉਪਰੰਤ 7 ਤੋਂ 25 ਦਿਨਾਂ ਵਿਚਕਾਰ ਪਾਥੀਆਂ ਦੇ ਪਾਣੀ ਦੀਆਂ 2 ਸਪ੍ਰੇਆਂ ਕਰਕੇ ਬੂਟਿਆਂ ਦਾ ਲੋੜੀਂਦਾ ਵਿਕਾਸ ਹਾਸਿਲ ਕੀਤਾ ਜਾ ਸਕਦਾ ਹੈ।

ਪਨੀਰੀ ਕਿਵੇਂ ਪੁੱਟੀਏ: ਪਨੀਰੀ ਪੁੱਟਦੇ ਸਮੇਂ ਹਮੇਸ਼ਾ ਨਰਮੀ ਅਤੇ ਪਿਆਰ ਤੋਂ ਕੰਮ ਲਓ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਪੌਦਿਆਂ  ਦੀਆਂ ਜੜਾਂ ਨਾ ਟੁੱਟਣ ਅਤੇ ਉਹਨਾਂ ਨੂੰ ਕਿਸੇ ਕਿਸਮ ਨੁਕਸਾਨ ਨਾ ਹੋਵੇ। ਇਹ ਸੁਨਿਸ਼ਚਿਤ ਕਰ ਲਵੋ ਕਿ ਪਨੀਰੀ ਦੀਆਂ ਗੁੱਟੀਆਂ ਨੂੰ ਕਿਸੇ ਵੀ ਹਾਲ  'ਚ ਕੋਈ ਝਟਕਾ ਨਾ ਲੱਗੇ ਭਾਵ ਕਿ ਲੇਬਰ ਪਨੀਰੀ ਨੂੰ ਚਲਾ-ਚਲਾ ਕੇ ਨਾ ਮਾਰੇ ਅਤੇ ਨਾ ਹੀ ਪੌਦਿਆਂ ਤੋੜ-ਤੋੜ ਕੇ ਇੱਕ ਤੋਂ ਦੋ ਜਾਂ ਤਿੰਨ ਬਣਾਵੇ।
ਖੇਤ ਤਿਆਰ ਕਰਦੇ ਸਮੇਂ: ਖੇਤ ਵਾਹ ਕੇ ਉਸਨੂੰ ਸੁਹਾਗਣ ਤੋਂ ਪਹਿਲਾਂ ਪ੍ਰਤੀ ਏਕੜ 2 ਕੁਇੰਟਲ ਗਾੜਾ ਜੀਵ ਅੰਮ੍ਰਿਤ ਅਤੇ  2 ਕੁਇੰਟਲ ਰੂੜੀ ਦੀ ਖਾਦ ਵਿੱਚ ਮਿਲਾ ਕੇ 20 ਕਿੱਲੋ ਨਿੰਮ ਦੀ ਖਲ ਦਾ ਛਿੱਟਾ ਦਿਓ। ਇਹ ਮਿਸ਼ਰਣ ਜਿੱਥੇ ਫਸਲ ਲਈ ਡੀ. ਏ. ਪੀ. ਦਾ ਕੰਮ ਕਰੇਗਾ ਓਥੇ ਹੀ ਫਸਲ ਨੂੰ ਜੜ ਦੇ ਰੋਗਾਂ ਤੋਂ ਗ੍ਰਸਤ ਕਰਨ ਵਾਲੇ ਕੀੜਿਆਂ ਅਤੇ ਜੀਵਾਣੂਆਂ ਦੀ ਵੀ ਰੋਕਥਾਮ ਕਰੇਗਾ।
ਖੇਤ ਵਿੱਚ ਰੋਪਾਈ ਕਰਦੇ ਸਮੇਂ: ਖੇਤ ਵਿੱਚ  ਪੁੱਟੀ ਹੋਈ ਪਨੀਰੀ ਦੀ ਰੋਪਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਪੌਦੇ ਦੀ ਜੜ• ਨੂੰ ਜ਼ਮੀਨ 'ਚ ਲਾਉਂਦੇ ਸਮੇਂ ਕਿਸੇ ਵੀ ਹਾਲ ਵਿੱਚ ਦਬਾਇਆ ਨਾ ਜਾਵੇ। ਕਿਉਂਕਿ ਇਸ ਤਰਾਂ ਕਰਨ ਨਾਲ ਪੌਦੇ ਦੀ ਜੜ ਉਤਾਂਹ ਵੱਲ ਹੋ ਜਾਂਦੀ ਏ ਤੇ ਇਸ ਨੂੰ ਮੁੜ ਜਮੀਨ ਵਿੱਚ ਥੱਲੇ ਨੂੰ ਡੂੰਘਾਈ ਵਿੱਚ ਜਾਣ ਵਾਸਤੇ ਕਈ ਦਿਨ ਲੱਗ ਜਾਂਦੇ ਹਨ। ਸਿੱਟੇ ਵਜੋਂ ਝੋਨੇ ਦੇ ਖੇਤ 3-4 ਦਿਨਾਂ ਤੱਕ ਮੁਰਝਾਇਆ ਹੋਇਆ ਈ ਨਜ਼ਰੀਂ ਪੈਂਦਾ ਹੈ। ਇਸਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਖੇਤ ਵਿਚਲੇ ਸਾਰੇ ਪੌਦੇ ਮਿੱਟੀ ਦੇ ਸੰਪਰਕ ਵਿੱਚ ਨਹੀਂ  ਹੁੰਦੇ ਅਤੇ ਜਦੋਂ ਤੱਕ ਉਹ ਮਿੱਟੀ ਨਾਲ ਆਪਣਾ ਰਿਸ਼ਤਾ ਬਣਾਉਣ 'ਚ ਸਫਲ ਹੋ ਪਾਉਂਦੇ ਹਨ ਉਦੋਂ ਤੱਕ ਉਹਨਾਂ ਦੁਆਰਾ ਨਵੀਆਂ ਸਖਾਵਾਂ ਕੱਢਣ ਦਾ ਇੱਕ ਹੋਰ ਚੱਕਰ ਵੀ ਅੱਧੇ ਦੇ ਕਰੀਬ ਪੂਰਾ ਹੋ ਚੁੱਕਾ ਹੁੰਦਾ ਹੈ। ਇਹੀ ਕਾਰਨ ਹੈ ਕਿ ਪ੍ਰਚੱਲਿਤ ਢੰਗ ਨਾਲ ਲਾਇਆ ਝੋਨਾਂ ਬੂਟਾ ਮਾਰਨ ਪੱਖੋਂ ਔਸਤ 18 ਤੋਂ  25 ਸਖਾਵਾਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਜਦੋਂ ਕਿ ਐੱਸ. ਆਰ. ਆਈ. ਵਿਧੀ ਨਾਲ ਲਾਇਆ ਝੋਨਾਂ ਔਸਤ 25 ਤੋਂ 40 ਤੱਕ ਸਖਾਵਾਂ ਕੱਢਦਾ ਹੈ। ਸਿੱਟੇ ਵਜੋਂ ਪ੍ਰਚੱਲਿਤ ਢੰਗ ਨਾਲ ਲਾਏ ਗਏ ਝੋਨੇ ਦਾ ਔਸਤ ਝਾੜ ਵੀ ਆਸ ਤੋਂ ਘੱਟ ਰਹਿ ਜਾਂਦਾ ਹੈ। ਇਸ ਲਈ ਸਾਰੇ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਝੋਨਾ ਲਾਉਂਦੇ ਸਮੇਂ ਉਪ੍ਰੋਕਤ ਗੱਲਾਂ ਦਾ ਖਾਸ ਖਿਆਲ ਰੱਖਣ ਅਤੇ ਪਨੀਰੀ ਨੂੰ ਰੋਗ ਰਹਿਤ ਕਰਨ ਲਈ ਉਸਦੀਆਂ ਜੜਾਂ ਨੂੰ ਬੀਜ ਅੰਮ੍ਰਿਤ ਲਗਾ ਕੇ ਹੀ ਖੇਤ ਵਿੱਚ ਲਾਉਣ।  ਇਸ ਤਰਾਂ ਕਰਨ ਨਾਲ ਜਿੱਥੇ ਖੇਤ ਵਿੱਚ ਖੇਤ ਵਿੱਚ ਸਿਹਤਮੰਦ ਪੌਦਿਆਂ ਦੀ ਲਵਾਈ ਹੁੰਦੀ ਹੈ ਓਥੇ ਹੀ ਪ੍ਰਤੀ ਏਕੜ ਝਾੜ ਵਿੱਚ ਵੀ ਵਾਧਾ ਹੁੰਦਾ ਹੈ।
ਨਦੀਨਾਂ ਦੀ ਰੋਕਥਾਮ: ਪਹਿਲੀ ਗੱਲ ਤਾਂ ਇਹ ਕਿ ਜਿਹਨਾਂ ਪੌਦਿਆਂ ਨੂੰ ਅਸੀਂ ਨਦੀਨ ਆਖਦੇ ਹਾਂ ਉਹ ਹੀ ਧਰਤੀ ਦੇ ਸਕੇ ਪੁੱਤ-ਧੀਆਂ ਹਨ  ਤੇ ਉਹਨਾਂ ਦਾ ਪੋਸ਼ਣ ਧਰਤੀ ਆਪ ਕਰਦੀ ਹੈ। ਕੁਦਰਤੀ ਖੇਤੀ ਵਾਲੇ ਖੇਤਾਂ ਵਿੱਚ ਇਹ ਕਦੇ ਵੀ ਫਸਲ ਦੇ ਉੱਤੋਂ ਦੀ ਨਹੀਂ ਪੈਂਦੇ। ਪਰ ਖੁਰਾਕ ਲਈ ਫਸਲ ਅਤੇ ਇਹਨਾਂ ਦੀ ਆਪਸੀ ਮੁਕਾਬਲੇਬਾਜ਼ੀ ਕਰਕੇ ਅਕਸਰ ਫਸਲ ਕਮਜੋਰ ਰਹਿ ਜਾਂਦੀ ਹੈ। ਇਸ ਸਥਿਤੀ ਤੋਂ ਬਚਣ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਹੇਠ ਲਿਖੇ ਅਨੁਸਾਰ ਕੁੱਝ ਰਵਾਇਤੀ ਪ੍ਰਬੰਧ ਕਰਨ:
• ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਖੇਤ ਨੂੰ ਸੁੱਕਾ ਤੇ ਡੂੰਘਾ ਵਾਹ ਕੇ 2 ਦਿਨ ਤੱਕ ਓਸੇ ਤਰਾ ਛੱਡੀ ਰੱਖੋ। ਇਸ ਤਰਾਂ ਕਰਨ ਨਾਲ ਨਦੀਨਾਂ ਦੇ ਬੀਜ ਜ਼ਮੀਨ ਦੀ ਉਤਲੀ ਸਤਾ 'ਤੇ ਆ ਜਾਂਦੇ ਹਨ।
• ਹੁਣ ਖੇਤ ਦੀ ਰੌਣੀ ਕਰਕੇ ਉਸ ਵਿੱਚ ਜੰਤਰ ਜਾਂ ਮੂੰਗੀ ਜਾਂ ਮਿਸ਼ਰਤ ਹਰੀ ਖਾਦ ਬੀਜ ਦਿਓ। ਬਹੁਤ ਸਾਰੇ ਨਦੀਨ ਇਹਨਾਂ ਦੇ ਨਾਲ ਹੀ ਖੇਤ ਵਿੱਚ ਉੱਗ ਆਉਣਗੇ ਜਿਹੜੇ ਕਿ ਹਰੀ ਖਾਦ ਵਾਹੁੰਦੇ ਸਮੇਂ ਆਪਣੇ-ਆਪ ਹੀ ਖਤਮ ਹੋ ਕੇ ਝੋਨੇ ਦੀ ਫਸਲ ਲਈ ਹਰੀ ਖਾਦ ਦਾ ਹੀ ਕੰਮ ਕਰਨਗੇ।
• ਖੇਤ ਵਿੱਚ ਪਹਿਲੇ ਹਫ਼ਤੇ ਤੱਕ ਲਗਾਤਾਰ ਪਾਣੀ ਖੜਾ ਰੱਖਣਾ ਵੀ ਇੱਕ ਤਰੀਕਾ ਹੋ ਸਕਦਾ ਹੈ ਪਰ ਇਹ ਵੀ ਨਦੀਨ ਨਾਸ਼ਕ ਦੇ ਛਿੜਕਾਅ ਵਾਂਗੂੰ ਆਉਣ ਵਾਲੀਆਂ ਨਸਲਾਂ ਪ੍ਰਤੀ ਪਾਪ ਕਰਨ ਦੇ ਤੁੱਲ ਹੈ।
• ਜੇ ਥੋੜੇ ਬਹੁਤੇ ਨਦੀਨ ਹੋ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਹੱਥੀਂ ਪੁੱਟ ਦੇਣਾ ਹੀ ਬੇਹਤਰ ਹੈ।
ਸਿੰਜਾਈ: ਪਿਆਰੇ ਕਿਸਾਨ ਵੀਰੋ ਜਿਵੇਂ ਕਿ ਹੁਣ ਤੱਕ ਪ੍ਰਚਾਰਿਤ ਕੀਤਾ ਗਿਆ ਹੈ ਉਸਦੇ ਉਲਟ ਝੋਨਾ ਆਪਣੇ ਆਪ ਵਿੱਚ ਕਦੇ ਵੀ ਪਾਣੀ ਦਾ ਪੌਦਾ ਨਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵਹਿਮ ਚੋਂ ਹੁਣੇ ਤੋਂ ਹੀ ਬਾਹਰ ਆ ਜਾਣਾ ਚਾਹੀਦਾ ਹੈ। ਇਸ ਲਈ ਹਰ 8ਵੇਂ 10ਵੇਂ ਦਿਨ ਹੀ ਝੋਨੇ ਨੂੰ ਪਾਣੀ ਦੇਣਾ ਚਾਹੀਦਾ ਹੈ। ਪਰ ਹਾਂ ਜਦੋਂ ਫਸਲ ਦੋਧੇ 'ਤੇ ਹੋਵੇ ਉਦੋਂ ਖੇਤ ਪਾਣੀ ਖੁਣੋਂ ਸੁੱਕਾ ਨਹੀਂ ਹੋਣਾ ਚਾਹੀਦਾ। ਹਰੇਕ ਪਾਣੀ ਨਾਲ ਪ੍ਰਤੀ ਏਕੜ 200 ਲਿਟਰ ਗੁੜਜਲ ਅੰਮ੍ਰਿਤ ਫਸਲ ਨੂੰ ਦੇਣਾ ਲਾਜ਼ਮੀ ਹੈ ਤੇ ਨਾਲ ਹੀ ਪਾਣੀ ਲਾਉਂਦੇ ਸਮੇਂ, ਹਰ ਵਾਰ ਫਸਲ ਉੱਤੇ ਪਾਥੀਆਂ ਦੇ ਪਾਣੀ ਦੇ ਛਿੜਕਾਅ ਤੋਂ ਵੀ ਟਾਲਾ ਨਹੀਂ ਵੱਟਣਾ।

ਕੀਟ ਪ੍ਰਬੰਧਨ: ਝੋਨੇ ਦੀ ਫਸਲ ਨੂੰ ਵਧੇਰੇ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀੜੇ ਹਨ- ਗੋਭ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਪੱਤੇ ਖਾਣ ਵਾਲੀ ਸੁੰਡੀ, ਗਰੀਨ ਲੀਫ ਹੌਪਰ(ਹਰਾ ਟਿੱਡਾ), ਬਰਾਊਨ ਪਲਾਂਟ ਹੌਪਰ ( ਭੂਰਾ ਟਿੱਡਾ) ਅਤੇ ਰਾਈਸ ਹਿਸਪਾ।ਪਹਿਲੇ ਤਿੰਨਾਂ ਨੂੰ ਛੱਡ ਕੇ ਬਾਕੀ ਦੇ ਤਿੰਨੋ ਕੀੜੇ ਰਸ ਚੂਸਣ ਵਾਲੇ ਕੀੜੇ ਹਨ। ਇਹਨਾਂ ਦੀ ਰੋਕਥਾਮ ਕ੍ਰਮਵਾਰ ਹੇਠ ਲਿਖੇ ਢੰਗ ਅਪਣਾ ਕੇ ਕੀਤੀ ਜਾ ਸਕਦੀ ਹੈ।
ਸੁੱਕੀ ਤੇ ਡੂੰਘੀ ਵਹਾਈ: ਇਸ ਤਰਾਂ ਕਰਨ ਨਾਲ ਬਹੁਤ ਵੱਡੀ ਮਾਤਰਾ ਵਿੱਚ ਪਿਊਪੇ ਜ਼ਮੀਨ ਦੇ ਉੱਪਰ ਆ ਜਾਂਦੇ ਹਨ। ਜਿਹੜੇ ਕਿ ਸਖਤ ਧੁੱਪ ਦੇ ਸ਼ਿਕਾਰ ਹੋਣ ਦੇ ਨਾਲ-ਨਾਲ ਪੰਛੀਆਂ ਦਾ ਵੀ ਭੋਜਨ ਬਣ ਜਾਂਦੇ ਹਨ।
ਖੇਤਾਂ ਵਿੱਚ ਰਾਤ ਸਮੇਂ ਅੱਗ ਬਾਲਣਾ: ਜੇਕਰ ਖੇਤਾਂ ਵਿੱਚ ਰਾਤੀ 8 ਵਜੇ ਤੋਂ 9 ਵਜੇ ਤੱਕ ਵੱਖ-ਵੱਖ ਥਾਂਵਾਂ 'ਤੇ ਅੱਗ ਬਾਲੀ ਜਾਵੇ ਤਾਂ ਸੁੰਡੀਆਂ ਦੇ ਬਹੁਤ ਸਾਰੇ ਪਤੰਗੇ ਅੱਗ ਦੀ ਭੇਟ ਚੜ ਜਾਂਦੇ ਹਨ। ਕਿਊਂਕਿ ਉਹ ਸੁਭਾਵਿਕ ਪੱਖੋਂ ਹੀ ਰੌਸ਼ਨੀ ਵੱਲ ਭੱਜੇ ਰਹਿੰਦੇ ਨੇ। ਇੱਕ ਨਰ ਪਤੰਗੇ ਦੇ ਅੰਤ ਦਾ ਅਰਥ ਏ 500 ਮਾਦਾ ਪਤੰਗਿਆਂ ਦਾ ਅੰਡੇ ਨਾ ਦੇਣਾ।
ਲਾਈਟ ਟਰੈਪ: ਹਰ ਕਿਸਾਨ ਦੇ ਖੇਤ ਮੋਟਰ ਤੇ ਬਲਬ ਲੱਗਾ ਹੁੰਦਾ ਹੈ। ਬਸ ਓਸੇ ਦਾ ਇਸਤੇਮਾਲ ਕਰਨ ਲਾਈਟ ਟਰੈਪ ਦੇ ਤੌਰ 'ਤੇ। ਬਲਬ ਉੱਪਰ ਇੱਕ ਛਤਰੀ ਜਿਹੀ ਬਣਾ ਕੇ ਉਹਦੇ ਹੇਠ ਇੱਕ ਚੌੜੇ ਭਾਂਡੇ ਵਿੱਚ ਪਾਣੀ ਰੱਖ ਕੇ  ਥੋੜਾ ਜਿਹਾ ਮਿੱਟੀ ਜਾਂ ਸਰੋਂ ਦਾ ਤੇਲ ਪਾ ਦਿਓ। ਪਤੰਗੇ ਬਲਬ ਨਾਲ ਟਕਰਾ-ਟਕਰਾ ਪਾਣੀ ਵਿੱਚ ਡਿੱਗ-ਡਿੱਗ ਕੇ ਸਦਗਤੀ ਪ੍ਰਾਪਤ ਕਰ ਲੈਣਗੇ।
ਫੈਰੋਮਿਨ ਟਰੈਪ: ਇਸਦਾ ਇਸਤੇਮਾਲ ਵੀ ਪਤੰਗਿਆਂ ਨੂੰ ਹੀ ਕਾਬੂ ਕਰਨ ਲਈ ਕੀਤਾ ਜਾਂਦਾ ਹੈ। ਪ੍ਰਤੀ ਏਕੜ  ਘੱਟੋ ਘੱਟ 4 ਫੈਰੋਮਿਨ ਟਰੈਪ ਜਿਹੜੇ ਕਿ  ਫਸਲ ਦੇ ਕੱਦ ਤੋਂ 1 ਜਾਂ ਡੇਢ ਫੁੱਟ ਉਚੇ ਹੋਣ ਲੱਗੇ ਹੋਣੇ ਚਾਹੀਦੇ ਹਨ। ਜਿਵੇਂ 2 ਗੋਭ ਦੀ ਸੁੰਡੀ ਤੋਂ ਤੇ 1-1 ਪੱਤਾ ਲਪੇਟ ਅਤੇ ਪੱਤੇ ਖਾਣ ਵਾਲੀ ਤੋਂ।
ਅੰਡਿਆਂ ਦਾ ਖਾਤਮਾ:  ਗੋਭ ਦੀ ਸੁੰਡੀ ਦੇ ਅੰਡੇ ਬੜੀ ਆਸਾਨੀ ਨਾਲ ਖੇਤੋਂ ਬਾਹਰ ਕੱਢੇ ਜਾ ਸਕਦੇ ਹਨ। ਕਰਨਾਂ ਸਿਰਫ ਇੰਨਾ ਹੈ ਕਿ 35 ਤੋਂ 45 ਦਿਨਾਂ ਦੀ ਫਸਲ ਦੇ ਪੱਤਿਆਂ ਨੂੰ ਉੱਪਰੋਂ 6 ਇੰਚ ਤੱਕ ਕੱਟ ਕੇ ਖੇਤੋਂ ਬਾਹਰ ਲਿਆ ਕੇ ਮਿੱਟੀ ਵਿੱਚ ਦੱਬ ਦਿਓ। ਬਾਕੀ ਹਨੇਰੀਆਂ  ਰਾਤਾਂ ਦੇ ਸਮੇਂ ਆਥਣ ਵੇਲੇ ਨਿੰਮ ਅਸਤਰ ਦੀ ਸਪ੍ਰੇਅ ਕਰਕੇ ਵੀ ਵੱਡੇ ਪੱਧਰ 'ਤੇ ਹਰੇਕ ਸੁੰਡੀ ਦੇ ਅੰਡੇ ਬੇਕਾਰ ਕੀਤੇ ਜਾ ਸਕਦੇ ਹਨ।
ਅੰਤਿਮ ਪੜਾਅ 'ਤੇ :ਪੱਤਾ ਲਪੇਟ ਸੁੰਡੀ ਤੋਂ ਫਸਲ ਦੇ ਬਚਾਅ ਲਈ 20 ਕਿੱਲੋਂ ਰੇਤ ਵਿੱਚ 1 ਲਿਟਰ ਨਿੰਮ ਦਾ ਤੇਲ ਮਿਲਾ ਕੇ ਪਾਣੀ ਖੜੇ ਹੋਏ ਖੇਤ ਵਿੱਚ ਇਸਦਾ ਛਿੱਟਾ ਦੇ ਦਿਓ। ਹੁਣ 1 ਜਾਂ 2 ਬੰਦੇ ਕੰਡਿਆਲੀਆਂ ਝਾੜੀਆਂ ਫਸਲ ਉੱਤੇ ਫੇਰਦੇ ਹੋਏ ਸਾਰੇ ਖੇਤ ਵਿੱਚ ਚੱਕਰ ਕੱਟੋ। ਇਸ ਤਰਾਂ ਕਰਨ ਨਾਲ ਪੱਤੇ ਖੁੱਲ•ਣਗੇ ਅਤੇ ਸੁੰਡੀਆਂ ਥੱਲੇ ਡਿੱਗ ਕੇ ਪਾਣੀ ਉਪਰਲੇ ਤੇਲ ਦੀ ਪਰਤ ' ਚ ਫਸ ਕੇ ਮਰ ਜਾਣਗੀਆਂ।
ਪੱਤੇ ਖਾਣ ਵਾਲੀ ਸੁੰਡੀ ਤੋਂ ਬਚਾਅ ਵਾਸਤੇ ਕੰਡਿਆਲੀਆਂ ਝਾੜੀਆਂ ਦੀ ਥਾਂ ਦੋ ਬੰਦੇ ਹੱਥ ਵਿੱਚ ਦੋਹਾਂ ਸਿਰਿਆਂ ਤੋਂ ਰੱਸੀ ਫੜ ਕੇ ਫਸਲ ਦੇ ਅੱਧ ਵਿਚਕਾਰ ਰੱਖਦੇ ਹੋਏ ਚਲਦੇ ਜਾਣ। ਬਾਕੀ ਦਾ ਕੰਮ ਪਾਣੀ ਉਤਲਾ ਨਿੰਮ• ਦੇ ਤੇਲ ਆਪੇ ਕਰ ਦੇਵੇਗਾ।
ਬਰਡ ਪਰਚਰ:
ਖੇਤ ਵਿੱਚ ਥਾਂ-ਥਾਂ ਪੰਛੀਆਂ ਦੇ ਬੈਠਣ ਲਈ ਫਸਲ ਦੇ ਕੱਦ ਤੋਂ ਇੱਕ ਜਾਂ ਡੇਢ ਫੁੱਟ ਦੀ ਉੱਚਾਈ ਦੇ ਹਿਸਾਬ ਨਾਲ ਖੇਤ ਵਿੱਚ ਬਰਡ ਪਰਚਰ ਲਗਾਓ ( ਇਹੋ ਜਿਹੀਆਂ ਸੋਟੀਆਂ ਗੱਡੋ) ਜਹਨਾਂ ਤੇ ਕਈ ਕਈ ਪੰਛੀ ਆ ਕੇ ਬੈਠ ਸਕਣ।
ਪੰਛੀਆਂ ਦੀ ਨਿਗਾ ਸਾਡੇ ਨਾਲੋਂ 6 ਗੁਣਾਂ ਤੇਜ ਹੁੰਦੀ ਹੈ ਤੇ ਸੁੰਡੀਆਂ ਉਹਨਾ ਦਾ ਪਸੰਦੀਦਾ ਭੋਜਨ।

ਰਸ ਚੂਸਣ ਵਾਲੇ ਕੀੜਿਆਂ ਲਈ ਪ੍ਰਤੀ ਏਕੜ 4 ਪੀਲੇ ਰੰਗ ਦੇ ਤੇ 4 ਹੀ ਚਿੱਟੇ ਰੰਗ ਦੇ ਸਰੋਂ ਦਾ ਤੇਲ ਜਾਂ ਸਾਫ ਗਰੀਸ ਲੱਗੇ ਹੋਏ ਬੋਰਡ ਫਸਲ ਦੇ ਕੱਦ ਤੋਂ ਇੱਕ ਜਾਂ ਡੇਢ ਫੁੱਟ ਦੀ ਉੱਚਾਈ ਦੇ ਹਿਸਾਬ ਨਾਲ ਖੇਤ ਵਿੱਚ ਸੋਟੀ ਤੇ ਟੰਗ ਕੇ ਗੱਡ ਦਿਓ। ਇਸ ਤਰਾਂ ਕਰਨ ਨਾਲ ਸੁਭਾਵਿਕ ਪੱਖੋਂ ਹੀ ਪੀਲੇ ਅਤੇ ਚਿੱਟੇ ਰੰਗ ਵੱਲ  ਆਕ੍ਰਸ਼ਿਤ ਹੋਣ ਵਾਲੇ ਇਹਨਾਂ ਕੀਟਾਂ ਦੇ ਪਤੰਗੇ ਇਹਨਾਂ ਬੋਰਡਾਂ ਉੱਪਰ ਆ- ਆ ਕੇ ਚਿਪਕ ਜਾਂਦੇ ਹਨ।  ਸਿੱਟੇ ਵਜੋਂ ਰਸ ਚੁਸਕਾਂ ਦੇ ਹਮਲੇ ਦੀ ਸੰਭਾਵਨਾ ਅਤਿ ਮੱਧਮ ਪੈ ਜਾਂਦੀ ਹੈ। ਜੇ ਫਿਰ ਵੀ ਏਦਾਂ ਦੀ ਕੋਈ ਸਮੱਸਿਆ ਆ ਜਾਵੇ ਤਾਂ ਫਸਲ ਉੱਤੇ ਨਿੰਮ ਅਸਤਰ ਦਾ ਛਿੜਕਾਅ ਕਰਕੇ ਰਸ ਚੂਸਣ ਵਾਲੇ ਕੀੜਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ।



ਆਉ ਮੂਲ ਅਨਾਜਾਂ ਨੂੰ ਬਣਾਈਏ ਫਸਲ ਚੱਕਰ ਦਾ ਅਟੁੱਟ ਅੰਗ!


ਮੂਲ ਅਨਾਜਾਂ ਨੂੰ ਆਮਤੌਰ 'ਤੇ ਮੋਟੇ ਅਨਾਜਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ ਤੱਕ ਇਹਨਾਂ ਨੂੰ ਇਸੇ ਨਾਮ ਨਾਲ ਹੀ ਪ੍ਰਚਾਰਿਆ ਜਾਂਦਾ ਰਿਹਾ ਹੈ। ਹਾਲਾਂਕਿ ਬਹੁਤ ਮੂਲ ਅਨਾਜ ਕਿਸੇ ਵੀ ਪੱਖੋਂ ਕਣਕ, ਚਾਵਲ ਆਦਿ ਅਨਾਜਾਂ ਤੋਂ ਵੱਡ ਅਕਾਰੀ ਜਾਂ ਮੋਟੇ ਨਹੀਂ ਹਨ। ਬਾਜ਼ਰਾ,ਜ਼ਵਾਰ, ਰਾਗੀ, ਕੰਗਣੀ, ਕੋਧਰਾ ਆਦਿ ਇਸਦੀਆਂ ਸਪਸ਼ਟ ਮਿਸਾਲਾਂ ਹਨ। ਵਿਗਿਆਨਕ ਰਪਟਾਂ ਦੱਸਦੀਆਂ ਹਨ ਕਿ ਪਾਣੀ ਦੀ ਖਖਤ ਤੋਂ ਲੈ ਕੇ ਵਾਤਾਵਰਨ ਤਬੀਦੀਲੀਆਂ ਅਤੇ ਸਿਹਤਾਂ ਦੀ ਦ੍ਰਿਸ਼ਟੀ ਤੋਂ ਮੂਲ ਅਨਾਜ ਹਰ ਪੱਖੋਂ ਕਣਕ ਅਤੇ ਚਾਵਲ ਤੋਂ ਵਧੇਰੇ ਲਾਭਕਾਰੀ ਹਨ। ਪਰੰਤੂ ਹਰੀ ਕਰਾਂਤੀ ਦੀ ਅੰਨੀ ਲੋਰ ਦੀਆਂ ਸ਼ਿਕਾਰ ਸਾਡੀਆਂ ਸਰਕਾਰਾਂ ਅਤੇ ਸਾਡੇ ਖੇਤੀ ਅਦਾਰਿਆਂ ਨੇ ਮੂਲ ਅਨਾਜਾਂ ਨੂੰ ਮੋਟੇ ਅਨਾਜਾਂ ਦੀ ਸੰਗਿਆ ਦੇ ਕੇ ਸਿਰੇ ਤੋਂ ਨਕਾਰ ਦਿੱਤਾ।
ਮੂਲ ਅਨਾਜਾਂ ਦੇ ਖਿਲਾਫ਼ ਇਸ ਹੱਦ ਤੱਕ ਭੰਡੀ-ਪ੍ਰਚਾਰ ਕੀਤਾ ਗਿਆ ਕਿ ਲੋਕ ਨੇ ਇਹਨਾਂ ਨੂੰ ਗਰੀਬਾਂ ਦਾ ਖਾਣਾ ਕਹਿ ਠੁਕਰਾ ਦਿੱਤਾ। ਹਾਲਾਂਕਿ ਅੱਜ ਆਪਣੇ ਪੋਸ਼ਣ ਮੁੱਲ ਕਰਕੇ ਮੂਲ ਅਨਾਜ ਅਮੀਰਾਂ ਦੇ ਖਾਣੇ ਦਾ ਅਟੁੱਟ ਅੰਗ ਬਣਦੇ ਜਾ ਰਹੇ ਹਨ। ਵੱਡੇ-ਵੱਡੇ ਪੰਜ ਤਾਰਾ ਹੋਟਲਾਂ ਵਿੱਚ ਜਵਾਰ, ਬਾਜ਼ਰੇ, ਕੰਗਣੀ ਅਤੇ ਰਾਗੀ ਵਰਗੇ ਮੂਲ ਅਨਾਜਾਂ ਤੋਂ ਬਣੇ ਵਿਅੰਜਨ ਪੰਜ-ਪੰਜ ਸੌ ਰੁਪਏ ਪਲੇਟ ਪਰੋਸੇ ਜਾ ਰਹੇ ਹਨ।  ਪਰ ਆਮ ਆਦਮੀ ਅੱਜ ਵੀ ਸਿਹਤਾਂ, ਵਾਤਾਵਰਨ ਅਤੇ ਭੂਮੀ-ਪਾਣੀ ਵਰਗੇ ਅਨਮੋਲ ਕੁਦਰਤੀ ਸੋਮਿਆਂ ਦੇ ਅਨੁਕੂਲ ਮੂਲ ਅਨਾਜਾਂ ਮਹੱਤਵ ਅਤੇ ਆਲੋਕਾਰੀ ਗੁਣਾਂ ਤੋਂ ਅਨਜਾਣ ਹੈ।
ਮੂਲ ਅਨਾਜਾਂ ਦੀਆਂ ਫਸਲਾਂ ਜਿੱਥੇ  ਕਮਜ਼ੋਰ ਜਾਂ ਮਾਰੂ ਭੂਮੀ ਵਿੱਚ ਵਧੀਆ ਉਪਜ ਦੇਣ ਦੇ ਸਮਰਥ ਹੁੰਦੀਆਂ ਹਨ ਉੱਥੇ ਹੀ ਕਣਕ ਅਤੇ ਚੌਲਾਂ ਦੇ ਮੁਕਾਬਲੇ ਕਿਤੇ ਘੱਟ ਸਮੇਂ ਵਿੱਚ ਅਤੇ ਬਹੁਤ  ਘੱਟ ਜਾਂ ਨਾਂਹ ਦੇ ਬਰਾਬਰ ਪਾਣੀ ਨਾਲ ਤਿਆਰ ਹੋ ਜਾਂਦੀਆਂ ਹਨ। ਜੇ ਦੇਖਿਆ ਜਾਵੇ ਤਾਂ ਮੂਲ ਅਨਾਜਾਂ ਦੀਆਂ ਜਿਆਦਾਤਰ ਫਸਲਾਂ 3 ਮਹੀਨੇ ਦੇ ਸਮੇਂ ਵਿੱਚ ਹੀ ਪੱਕ ਕੇ ਖੇਤੋਂ ਬਾਹਰ ਆ ਜਾਂਦੀਆਂ ਹਨ। ਇੰਨਾ ਹੀ ਨਹੀਂ ਮੂਲ ਅਨਾਜਾਂ ਦੀਆਂ ਫਸਲਾਂ ਵਿੱਚ ਚੋਖੀ ਮਾਤਰਾ ਵਿੱਚ ਸਹਿਜੀਵੀ ਤੇ ਭੂਮੀ ਵਿੱਚ ਨਾਈਟਰੋਜਨ ਦਾ ਉੱਚਿਤ ਪੱਧਰ ਬਣਾਈ ਰੱਖਣ ਵਾਲੀਆਂ ਅੰਤਰ ਫਸਲਾਂ ਵੀ ਲਈਆਂ ਜਾ ਸਕਦੀਆਂ ਹਨ। ਇਸ ਤਰ੍ਹਾ ਕਰਨ ਨਾਲ ਭੂਮੀ ਵਿੱਚ ਭਰਪੂਰ ਉਤਪਾਦਨ ਦਿੰਦੇ ਰਹਿਣ ਦੀ ਸਮਰਥਾ ਨਿਰੰਤਰ ਬਣੀ ਰਹਿੰਦੀ ਹੈ।
ਕੋਈ 40 ਕੁ ਵਰ੍ਹੇ ਪਹਿਲਾਂ ਪੰਜਾਬ ਵਿੱਚ ਮੂਲ ਅਨਾਜਾਂ ਦਾ ਖੂਬ ਪ੍ਰਚਲਨ ਸੀ। ਮੂਲ ਅਨਾਜ ਲੋਕਾਂ ਦੀ ਰੋਜ਼ਾਨਾ ਦੀ ਖ਼ਰਾਕ ਦਾ ਮੁੱਖ ਅੰਗ ਹੋਇਆ ਕਰਦੇ ਸਨ। ਪੰਜਾਬ ਦੇ ਹਰੇਕ ਘਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੂਲ ਅਨਾਜ ਖਾਧੇ ਜਾਂਦੇ ਸਨ। ਫਿਰ ਚਾਹੇ ਇਹ ਮੋਠ-ਬਾਜ਼ਰੇ ਦੀ ਖਿਚੜੀ, ਮੱਕੀ ਦੇ ਦਲੀਏ, ਬਾਜ਼ਰੇ-ਜਵਾਰ ਦੀ ਰੋਟੀ ਦੇ ਰੂਭ ਵਿੱਚ ਰੂਪ ਵਿੱਚ ਸਾਡੇ ਅੰਗ ਸੰਗ ਵਿਚਰਦੇ ਸਨ ਚਾਹੇ ਮੱਕੀ, ਬਾਜ਼ਰੇ ਤੇ ਜਵਾਰ ਦੇ ਭੂਤਪਿੰਨਿਆਂ ਦੇ ਰੂਪ ਵਿੱਚ। ਮੂਲ ਅਨਾਜਾਂ ਦੇ ਨਾਲ-ਨਾਲ ਬਰਾਨੀ ਖੇਤੀ ਦੇ ਰਾਜੇ ਛੋਲੇ ਅਤੇ ਜੌਂ ਵੀ ਸਾਡੀ ਭੋਜਨ ਲੜੀ ਦੇ ਅਨਿੱਖੜਵੇਂ ਅੰਗ ਵਜੋਂ ਸਾਡੀ ਰੋਜ਼ਾਨਾ ਖ਼ੁਰਾਕ ਵਿੱਚ ਸ਼ਾਮਿਲ ਸਨ। ਜੇ ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਉਹਨਾਂ  ਵੇਲਿਆਂ ਵਿੱਚ ਸਾਡੀ ਖੇਤੀ ਦੀ ਵਿਉਂਤਬੰਦੀ ਸਾਡੀ ਰਸੋਈ ਦੀਆਂ ਲੋੜਾਂ ਨਾਲ ਸਿੱਧੇ ਰੂਪ ਵਿੱਚ ਜੁੜੀ ਹੋਈ ਸੀ। ਅਸੀਂ ਖੇਤਾਂ ਵਿੱਚ ਉਹ ਹੀ ਉਗਾਂਉਦੇ ਸੀ ਜਿਹੜਾ ਕਿ ਘਰ ਅਤੇ ਸਮਾਜ ਵਿੱਚ ਖਾਧਾ ਜਾਂਦਾ ਸੀ, ਸਿਹਤ ਵਰਧਕ ਅਤੇ ਸਰੀਰ ਦੀਆਂ ਪੋਸ਼ਣ ਸਬੰਧੀ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੁੰਦਾ ਸੀ। ਉਹਨਾਂ ਵੇਲਿਆਂ 'ਚ ਲੋਕਾਂ ਦੇ ਸਰੀਰਾਂ ਵਿੱਚ ਅੱਜ ਵਾਂਗੂੰ ਆਇਰਨ, ਕੈਲਸੀਅਮ, ਜਿੰਕ ਆਦਿ ਘਾਟ ਨਹੀਂ ਸੀ ਪਾਈ ਜਾਂਦੀ। ਸਭ ਤੰਦਰੁਸਤ ਅਤੇ ਨੌ-ਬਰ-ਨੌ ਅਵਸਥਾ ਵਿੱਚ ਮਿਲਦੇ ਸਨ। ਇਸਤ੍ਰੀਆਂ ਨੂੰ ਗਰਭ ਅਵਸਥਾ ਵਿੱਚ ਆਇਰਨ ਤੇ ਕੈਲਸੀਅਮ ਦੀਆਂ ਗੋਲੀਆਂ ਨਹੀਂ ਸੀ ਖਾਣੀਆਂ ਪੈਂਦੀਆਂ ਅਤੇ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਤਾਂ ਕਿਤੇ ਸੁਣਨ ਨੂੰ ਵੀ ਨਹੀਂ ਸੀ ਮਿਲਦਾ। ਹਾਲਾਤ ਅੱਜ ਨਾਲੋਂ ਬਿਲਕੁੱਲ ਵੱਖਰੇ ਸਨ। ਕਾਰਨ ਸਿਰਫ ਇਹ ਕਿ ਅਸੀਂ ਖਾਂਦੇ ਹੀ ਐਸਾ ਸੀ ਜਿਹੜਾ ਕਿ ਪੋਸ਼ਣ ਅਤੇ ਤੰਦਰੁਸਤੀ ਸਬੰਧੀ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਸੀ।
ਅੱਜ ਵਿਗਿਆਨਕ ਤੌਰ 'ਤੇ ਇਹ ਸਿੱਧ ਹੋ ਚੁੱਕਿਆ ਹੈ ਕਿ ਬਾਜ਼ਰਾ, ਜਵਾਰ, ਮੱਕੀ, ਕੋਧਰਾ, ਰਾਗੀ ਅਤੇ ਕੰਗਣੀ ਵਰਗੇ ਜਿਹੜੇ ਅਨਾਜਾਂ ਨੂੰ ਅਸੀਂ ਗਰੀਬਾਂ ਦਾ ਖਾਣਾ ਕਹਿ ਕੇ ਛੁਟਿਆ ਦਿੱਤਾ ਸੀ, ਉਹਨਾਂ ਵਿੱਚ ਅਮੀਰਾਂ ਦਾ ਅਖੌਤੀ ਖਾਣੇ ਕਣਕ ਅਤੇ ਚੌਲਾਂ ਨਾਲੋਂ ਕਈ ਗੁਣਾ ਵੱਧ ਮਾਤਰਾ ਵਿੱਚ ਪੋਸ਼ਕ ਤੱਤ ਮੌਜੂਦ ਹਨ। ਉਦਾਹਰਣ ਵਜੋਂ ਕਣਕ ਅਤੇ ਚੌਲਾਂ ਦੇ ਮੁਕਾਬਲੇ ਬਾਜ਼ਰੇ ਵਿੱਚ 95 ਫੀਸਦੀ ਵਧੇਰੇ ਆਇਰਨ (ਲੋਹਾ), 92 ਫੀਸਦੀ ਵਧੇਰੇ ਕੈਲਸੀਅਮ ਪਾਇਆ ਜਾਂਦਾ ਹੈ। ਇਸੇ ਤਰਾਂ ਜਵਾਰ, ਰਾਗੀ, ਕੰਗਣੀ, ਮੱਕੀ ਅਤੇ ਕੋਧਰੇ ਵਰਗੇ ਮੂਲ ਅਨਾਜ ਵੀ ਇਸ ਪੱਖੋਂ ਕਣਕ ਅਤੇ ਚੌਲਾਂ ਦੇ ਮੁਕਾਬਲੇ ਸੈਂਕੜੇ ਗੁਣਾ ਬੇਹਤਰ ਹਨ।
ਪਰ ਵੱਧ ਝਾੜ ਅਤੇ ਪੈਸੇ ਕਮਾਉਣ ਦੇ ਝਾਂਸੇ ਵਿੱਚ ਆ ਕੇ ਪੰਜਾਬ ਦੇ ਕਿਸਾਨ ਸਰਕਾਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਮੰਗਰ ਲੱਗ ਕਣਕ-ਝੋਨੇ ਦੇ ਫਸਲ ਚੱਕਰ ਵਿੱਚ ਐਸਾ ਫਸਿਆ ਕਿ ਉਸਨੇ ਆਪਣਾ ਕਿਸਾਨੀ ਸਵੈਮਾਨ ਗਵਾਉਣ ਦੇ ਨਾਲ-ਨਾਲ ਸਮੁੱਚੇ ਵਾਤਾਵਰਣ, ਭੂਮੀ, ਪਾਣੀ ਅਤੇ ਸਿਹਤਾਂ ਦਾ ਨਾਸ਼ ਮਾਰ ਦਿੱਤਾ।
ਅੱਜ ਪੰਜਾਬ ਦੀ ਰਗ-ਰਗ ਵਿੱਚ ਜ਼ਹਿਰ ਦੌੜ ਰਹੇ ਹਨ। ਸਾਡੀ ਖ਼ਰਾਕ ਵਿੱਚ ਵੰਨ-ਸੁਵੰਨਤਾ ਬੀਤੇ ਦੀ ਗੱਲ ਹੋ ਗਈ ਹੈ। ਅਸੀਂ ਭਾਂਤ-ਭਾਂਤ ਦੇ ਨਾਮੁਰਾਦ ਰੋਗਾਂ ਦੇ ਸ਼ਿਕਾਰ ਹੋ ਚੁੱਕੇ ਹਾਂ। ਅਖੌਤੀ ਖੇਤੀ ਖੋਜ਼ ਕੇਂਦਰਾਂ ਦੀ ਦੇਣ ਇੱਕ ਭਾਂਤੀ ਤੇ ਜ਼ਹਿਰੀਲੀ ਖੇਤੀ ਸਾਨੂੰ ਮੌਤ ਦੇ ਮੁਹਾਣੇ ਤੱਕ ਲੈ ਆਈ ਹੈ। ਹੁਣ ਸਮਾਂ ਆ ਗਿਆ ਹੈ ਕਿ ਚਿਰਜੀਵੀ, ਤੰਦਰੁਸਤ ਤੇ ਖੁਸ਼ਹਾਲ ਪੰਜਾਬ ਦੀ ਪੁਨਰ ਸੁਰਜੀਤੀ ਲਈ ਜ਼ੋਰਦਾਰ ਹੰਭਲਾ ਮਾਰਿਆ ਜਾਵੇ। ਕੁਦਰਤੀ ਖੇਤੀ ਤਹਿਤ ਮੱਕੀ, ਬਾਜ਼ਰਾ, ਜਵਾਰ ਵਰਗੇ ਮੂਲ ਅਨਾਜਾਂ ਨੂੰ ਆਪਣੇ ਫਸਲ ਚੱਕਰ ਦਾ ਅਨਿੱਖੜਵਾਂ ਅੰਗ ਬਣਾ ਕੇ ਆਪਣੀ ਰੋਜ਼ਾਨਾਂ ਦੀ ਖ਼ੁਰਾਕ ਦਾ ਪ੍ਰਮੁੱਖ ਹਿੱਸਾ ਬਣਾਈਏ। ਅੰਤ ਅਸੀਂ ਸਮੂਹ ਕਿਸਾਨ ਵੀਰਾਂ ਨੂੰ ਇਸ ਵਾਰ ਸਾਉਣੀ ਰੁੱਤੇ ਮੂਲ ਅਨਾਜਾਂ ਨੂੰ ਆਪਣੀ ਖੇਤੀ ਵਿੱਚ ਬਣਦਾ ਥਾਂ ਦੇ ਕੇ ਚਿਰਜੀਵੀ ਪੰਜਾਬ ਦੀ ਪੁਨਰ ਸੁਰਜੀਤੀ ਵੱਲ ਠੋਸ ਉਪਰਾਲਾ ਕਰਨ ਦੀ ਅਪੀਲ ਕਰਦੇ ਹੋਏ ਕਲਮ ਨੂੰ ਇੱਥੇ ਹੀ ਰੋਕਦੇ ਹਾਂ।
ਆਮੀਨ!

ਸਰਗਰਮੀਆਂ

ਖੁੱਬਣ ਵਿਖੇ ਹੋਈ ਚੋਣਵੇਂ ਕੁਦਰਤੀ ਖੇਤੀ ਕਿਸਾਨਾਂ ਦੀ ਇੱਕ ਰੋਜ਼ਾ ਵਰਕਸ਼ਾਪ
ਡਾ. ਰੁਪੇਲਾ ਨੇ ਕਿਸਾਨਾਂ ਨਾਲ ਮਿਲ ਕੇ ਬਣਾਈ ਕੁਦਰਤੀ ਖੇਤੀ ਵਿੱਚ ਨਵੇਂ ਪ੍ਰਯੋਗਾਂ ਦੀ ਰੂਪ ਰੇਖਾ
ਆਪਣੇ ਪੰਜਾਬ ਦੌਰੇ ਦੇ ਤੀਜੇ ਦਿਨ ਡਾ. ਰੁਪੇਲਾ 28 ਫਰਵਰੀ ਨੂੰ ਡਾ. ਓਮ ਪ੍ਰਕਾਸ਼ ਰੁਪੇਲਾ ਫਾਜ਼ਿਲਕਾ ਦੇ ਪਿੰਡ ਖੁੱਬਣ ਵਿਖੇ ਉੱਘੇ ਕੁਦਰਤੀ ਖੇਤੀ ਕਿਸਾਨ ਸ਼੍ਰੀ ਆਸ਼ੀਸ਼ ਆਹੂਜਾ ਦੇ ਖੇਤ ਪਹੁੰਚੇ। ਇੱਥੇ ਉਹਨਾਂ ਨੇ ਖੇਤੀ ਵਿਰਾਸਤ ਮਿਸ਼ਨ ਦੁਆਰਾ ਆਯੋਜਿਤ ਕੀਤੀ ਗਈ ਪੰਜਾਬ ਦੇ ਕੁੱਝ ਚੋਣਵੇ ਪ੍ਰਯੋਗਸ਼ੀਲ ਕਿਸਾਨਾਂ ਦੀ ਇੱਕ ਰੋਜ਼ਾ ਵਰਕਸ਼ਾਪ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦਸ਼ੇਕ ਸ਼੍ਰੀ ਉਮੇਂਦਰ ਦੱਤ, ਕੁਦਰਤੀ ਖੇਤੀ ਟ੍ਰੇਨਰ  ਗੁਰਪ੍ਰੀਤ ਦਬੜੀਖਾਨਾ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਜੱਥੇਬੰਦਕ ਸਕੱਤਰ ਬਲਵਿੰਦਰ ਸਿੰਘ ਜੈ ਸਿੰਘ ਵਾਲਾ ਵਿਸ਼ੇਸ਼ ਤੌਰ 'ਤੇ ਉਹਨਾ ਦੇ ਨਾਲ ਰਹੇ।
ਵਰਕਸ਼ਾਪ ਵਿੱਚ ਪੰਜਾਬ ਦੇ ਉੱਘੇ ਕੁਦਰਤੀ ਖੇਤੀ ਕਿਸਾਨ ਹਰਜੰਟ ਸਿੰਘ ਰਾਏ ਕੇ ਕਲਾਂ, ਹਰਤੇਜ ਸਿੰਘ ਮਹਿਤਾ (ਬਠਿੰਡਾ), ਨਿਰਮਲ ਸਿੰਘ ਭੋਤਨਾ (ਬਰਨਾਲਾ), ਆਸ਼ੀਸ਼ ਆਹੂਜਾ (ਫਾਜ਼ਿਲਕਾ), ਇੰਦਰਜੀਤ ਸਿੰਘ ਸਹੋਲੀ, ਗੁਰਮੇਲ ਸਿੰਘ ਗੁਣੀਕੇ (ਪਟਿਆਲਾ), ਜਰਨੈਲ ਸਿੰਘ ਮਾਝੀ (ਸੰਗਰੂਰ), ਬੇਅੰਤ ਸਿੰਘ ਮਹਿਮਾ ਸਰਜਾ (ਬਠਿੰਡਾ), ਉਪਕਾਰ ਸਿੰਘ ਚੱਕ ਦੇਸ ਰਾਜ (ਜਲੰਧਰ) ਵਿਸ਼ੇਸ਼ ਤੌਰ 'ਤੇ ਸ਼ਮਿਲ ਹੋਏ। ਇਸ ਮੌਕੇ ਡਾ. ਰੁਪੇਲਾ ਨੇ ਕੁਦਰਤੀ ਖੇਤੀ ਵਿੱਚ ਵੱਖ-ਵੱਖ ਫਸਲਾਂ ਖਾਸ ਤੌਰ 'ਤੇ ਕਣਕ ਦਾ ਝਾੜ ਵਧਾਉਣ ਲਈ ਨਵੇਕਲੀ ਵਿਉਂਤਬੰਦੀ ਅਤੇ ਪ੍ਰਯੋਗਾਂ ਦੀ ਰੂਪ-ਰੇਖਾ ਤੈਅ ਕਰਨ ਲਈ ਆਏ ਹੋਏ ਕਿਸਾਨਾਂ ਨਾਲ ਡੂੰਘਾ ਵਿਚਾਰ-ਵਟਾਂਦਰਾ ਕੀਤਾ। ਉਹਨਾਂ ਕਿਹਾ ਕਿ ਕੁਦਰਤੀ ਖੇਤੀ ਵਿੱਚ ਫਸਲਾਂ ਚੋਖਾ ਝਾੜ ਲੈਣ ਲਈ ਕਿਸਾਨਾਂ ਨੂੰ ਕਣਕ-ਝੋਨੇ ਅਤੇ ਕਣਕ ਨਰਮੇ ਦਾ ਫਸਲ ਚੱਕਰ ਤੋੜ ਜਾਂ ਇਸ ਨਾਲ ਬੇਹਤਰ ਤਾਲਮੇਲ ਬਿਠਾ ਕੇ ਲੋੜੀਂਦੇ ਉਪਰਾਲੇ ਕਰਨ ਦੀ ਫ਼ੌਰੀ ਲੋੜ ਹੈ।
ਇਸ ਮੌਕੇ ਹੋਈ ਵਿਚਾਰ ਚਰਚਾ ਦੌਰਾਨ ਸਾਉਣੀ ਵਿੱਚ ਨਰਮੇ ਦੇ ਬਦਲ ਵਜੋਂ ਜਵਾਰ ਅਤੇ ਗੁਆਰੇ ਦਾ ਫ਼ਸਲ ਚੱਕਰ ਅਪਣਾਉਣ 'ਤੇ ਸਹਿਮਤੀ ਬਣੀ। ਪਰੰਤੂ ਝੋਨੇ ਦੇ ਬਦਲ ਦੇ ਤੌਰ 'ਤੇ ਮੱਕੀ ਦੀ ਫਸਲ 'ਤੇ ਸਹਿਮਤੀ ਨਹੀਂ ਬਣ ਸਕੀ। ਪਰ ਹਾਂ ਇਹ ਫੈਸਲਾ ਜ਼ਰੂਰ ਹੋਇਆ ਕਿ ਕੁਦਰਤੀ ਖੇਤੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀਆਂ ਉੱਚਿਤ ਤਕਨੀਕਾਂ ਈਜਾਦ ਕੀਤੀਆਂ ਜਾਣ। ਇਹ ਫੈਸਲਾ ਵੀ ਲਿਆ ਗਿਆ ਕਿ ਜਰਨੈਲ ਸਿੰਘ ਮਾਝੀ, ਇੰਦਰਜੀਤ ਸਿੰਘ ਸਹੋਲੀ ਅਤੇ ਗੁਰਮੇਲ ਸਿੰਘ ਗੁਣੀਕੇ ਆਪਣੇ ਖੇਤਾਂ ਵਿੱਚ ਘੱਟੋ-ਘੱਟ ਅੱਧਾ ਏਕੜ ਜ਼ਮੀਨ 'ਤੇ ਐੱਸ ਆਰ ਆਈ ਵਿਧੀ ਤਹਿਤ ਘੱਟ ਪਾਣੀ ਵਰਤ ਕੇ ਝੋਨਾ ਦੀ ਸਫ਼ਲ ਕਾਸ਼ਤ ਕਰਨ ਦਾ ਪ੍ਰਯੋਗ ਕਰਨਗੇ।
ਇਸ ਮੌਕੇ ਇਹ ਫੈਸਲਾ ਵੀ ਲਿਆ ਗਿਆ ਕਿ ਆਸ਼ੀਸ਼ ਆਹੂਜਾ, ਹਰਜੰਟ ਸਿੰਘ ਅਤੇ ਹਰਤੇਜ ਸਿੰਘ ਮਹਿਤਾ ਆਪਣੀ ਜ਼ਮੀਨ ਦੇ ਕੁੱਝ ਹਿੱਸੇ 'ਤੇ ਜਵਾਰ ਅਤੇ ਗੁਆਰੇ ਨੂੰ ਨਰਮੇ ਦੇ ਬਦਲ ਵਜੋਂ ਸਥਾਪਿਤ ਕਰਨ ਦਾ ਪ੍ਰਯੋਗ ਕਰਨਗੇ। ਇਸ ਮੌਕੇ ਡਾ. ਰੁਪੇਲਾ ਨੇ ਸੁਝਾਇਆ ਕਿ ਝੋਨੇ ਦੀ ਫਸਲ ਨੂੰ ਆਖਰੀ ਪਾਣੀ ਦਿੰਦੇ ਸਮੇਂ ਉਸ ਵਿੱਚ ਕਣਕ ਲਈ ਹਰੀ ਖਾਦ ਵਜੋਂ 10-15 ਕਿੱਲੋ ਦੋ ਦਲੇ ਬੀਜਾਂ ਦਾ ਸਿੱਟਾ ਜ਼ਰੂਰ ਦਿੱਤਾ ਜਾਵੇ ਤਾਂ ਕਿ ਵਿੱਚ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਉਪਲਭਧ ਹਰੀ ਖਾਦ ਵਾਹ ਕੇ ਭੂਮੀ ਨੂੰ ਕਣਕ ਦੀ ਫਸਲ ਲਈ ਵਧੇਰੇ ਤਾਕਤਵਰ ਬਣਇਆ ਜਾ ਸਕੇ।
ਵਿਚਾਰ ਵਟਾਂਦਰੇ ਦੌਰਾਨ ਇਹ ਗੱਲ ਵਿਸ਼ੇਸ਼ ਤੌਰ 'ਤੇ ਉੱਭਰ ਕੇ ਸਾਹਮਣੇ ਆਈ ਕਿ ਲੇਬਰ ਦੀ ਘਾਟ ਕਾਰਨ ਨਦੀਨਾਂ ਦੀ ਰੋਕਥਾਮ ਕੁਦਰਤੀ ਖੇਤੀ ਵਿੱਚ ਪ੍ਰਮੁੱਖ ਸਮੱਸਿਆ ਹੈ। ਸੋ ਨਦੀਨਾਂ ਦੀ ਰੋਕਥਾਮ ਲਈ ਕੁਦਰਤ ਵਿੱਚ ਉਪਲਭਧ ਵਨਸਪਤੀਆਂ ਤੋਂ ਕੋਈ ਜੈਵਿਕ ਨਦੀਨ ਨਾਸ਼ਕ ਬਣਾਇਆ ਜਾਵੇ। ਇਸ ਦੇ ਜਵਾਬ ਵਿੱਚ ਨਦੀਨਾਂ ਨੂੰ ਜੈਵਿਕ ਤਰੀਕਿਆਂ ਨਾਲ ਕਾਬੂ ਕਰਨ ਲਈ ਕੁੱਝ ਪ੍ਰਯੋਗ ਸੁਝਾਏ ਗਏ ਅਤੇ ਇਸ ਸਬੰਧ ਵਿੱਚ ਵਧੇਰੇ ਖੋਜ਼ ਕਰਨ ਦੀ ਮਦ 'ਤੇ ਵੀ ਸਹਿਮਤੀ ਬਣੀ।
ਅੰਤ ਦੁਪਹਿਰ ਦੇ ਖਾਣੇ ਉਪਰੰਤ ਵਰਕਸ਼ਾਪ ਆਪਣੇ ਅੰਤਿਮ ਪੜਾਅ ਨੂੰ ਪ੍ਰਾਪਤ ਹੋ ਗਈ। ਤੈਅਸ਼ੁਦਾ ਪ੍ਰੋਗਰਾਮ ਤਹਿਤ ਡਾ. ਰੁਪੇਲਾ 29 ਫਰਵਰੀ ਨੂੰ ਜਰਨੈਲ ਸਿੰਘ ਮਾਝੀ, ਗੁਰਮੇਲ ਸਿੰਘ ਗੁਣੀਕ ਅਤੇ ਇੰਦਰਜੀਤ ਸਹੋਲੀ ਹੁਣਾਂ ਦੇ ਖੇਤ ਵੇਖਣ ਅਤੇ ਉਹਨਾਂ ਨਾਲ ਸਬੰਧਤ ਪ੍ਰਯੋਗਾਂ ਬਾਰੇ ਹੋਰ ਵਿਚਾਰ ਵਟਾਂਦਰਾ ਕਰਨ ਲਈ ਸੰਗਰੂਰ ਅਤੇ ਪਟਿਆਲਾ ਸਥਿਤ ਉਹਨਾਂ ਦੇ ਪਿੰਡਾਂ ਲਈ ਰਵਾਨਾ ਹੋ ਗਏ।

ਬਠਿੰਡਾ ਵਿਖੇ ਹੋਇਆ ਟਿਕਾਊ ਖੇਤੀ ਅਤੇ ਢੁਕਵੀਆਂ ਗ੍ਰਾਮੀਣ ਤਕਨੀਕਾਂ ਦੇ ਵਿਸ਼ੇ 'ਤੇ ਸੈਮੀਨਾਰ
ਪੀ ਟੀ ਯੂ ਕਰੇਗਾ ਕੁਦਰਤੀ ਖੇਤੀ ਲਈ ਢੁਕਵੇ ਤੇ ਸਸਤੇ ਖੇਤੀ ਸੰਦਾ ਦੀ ਈਜਾਦ: ਡਾ. ਰਜਨੀਸ਼ ਅਰੋੜਾ
 
ਬੀਤੇ ਮਹੀਨੇ 27 ਫਰਵਰੀ ਨੂੰ ਖੇਤੀ ਵਿਰਾਸਤ ਮਿਸ਼ਨ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਗਿਆਨੀ ਜੈਲ ਸਿੰਘ ਕਾਲਜ, ਬਠਿੰਡਾ ਵਿਖੇ ਟਿਕਾਊ ਖੇਤੀ ਅਤੇ ਗ੍ਰਾਮੀਣ ਆਜੀਵਿਕਾ : ਸੁਮੇਲ ਅਤੇ ਨੀਤੀਗਤ ਸ਼ੁਰੂਆਤ ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਉਪ ਕੁਲਪਤੀ ਪੀ ਟੀ ਯੂ ਸ਼੍ਰੀ ਰਜਨੀਸ਼ ਅਰੋੜਾ ਨੇ ਕੀਤੀ।  ਉੱਘੇ ਕੁਦਰਤੀ ਖੇਤੀ ਵਿਗਿਆਨੀ ਤੇ ਇਕਰੀਸੈਟ ਦੇ ਸਾਬਕਾ ਪ੍ਰਧਾਨ ਵਿਗਿਆਨਕ ਸ਼੍ਰੀ ਓਮ ਪ੍ਰਕਾਸ਼ ਰੁਪੇਲਾ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਸੈਮੀਨਾਰ ਦੇ ਸੂਤਰਧਾਰ ਦੀ ਭੂਮਿਕਾ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਨੇ ਨਿਭਾਈ। ਇਹਨਾਂ ਦੇ ਇਲਾਵਾ ਡਾ. ਆਰ ਕੇ ਮਹਾਜਨ ਅਤੇ  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਮੈਡਮ ਨੀਤਾ ਰਾਜ ਸ਼ਰਮਾ ਵਿਸ਼ੇਸ਼ ਤੌਰ 'ਤੇ ਇਸ ਸੈਮੀਨਾਰ ਵਿੱਚ ਸ਼ਾਮਿਲ ਹੋਏ।
ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਗਿਆਨੀ ਜੈਲ ਸਿੰਘ ਕਾਲਜ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਹੁੰਦਲ ਆਪਣੇ ਸਵਾਗਤੀ ਭਾਸ਼ਣ ਵਿੱਚ ਟਿਕਾਊ ਟਿਕਾਊ ਖੇਤੀ ਤਕਨੀਕਾਂ ਵਿਕਸਤ ਕਰਨ ਦੇ ਸਬੰਧ ਵਿੱਚ ਪੀ ਟੀ ਯੂ ਦੇ ਗਿਆਨੀ ਜੈਲ ਸਿੰਘ ਕੈਂਪਸ ਦੁਆਰਾ ਵਿਉਂਤੇ ਗਏ ਸਾਂਝੇ ਉਪਰਾਲੇ ਬਾਰੇ ਜਾਣਕਾਰੀ ਦਿੱਤੀ। ਜਿਹਦੇ ਤਹਿਤ ਗਿਆਨੀ ਜੈਲ ਸਿੰਘ ਕੈਂਪਸ ਦੇ ਮਾਹਰ ਅਤੇ ਵਿਦਿਆਰਥੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨਾਲ ਮਿਲ ਕੇ ਕੁਦਰਤੀ ਖੇਤੀ ਲਈ ਲੋੜੀਂਦੇ ਢੁਕਵੇਂ ਸੰਦ ਵਿਕਸਤ ਕਰਨ ਦਾ ਉਪਰਾਲਾ ਕਰਨਗੇ।
ਉਪਰੰਤ ਸ਼੍ਰੀ ਉਮੇਂਦਰ ਦੱਤ ਨੇ ਸੈਮੀਨਾਰ ਦੀ ਪਿੱਠ ਭੂਮੀ 'ਤੇ ਚਾਨਣਾ ਪਾਉਂਦਿਆਂ ਇਸ ਸੈਮੀਨਾਰ ਦੀ ਲੋੜ ਅਤੇ ਮਹੱਤਵ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਨੂੰ ਸਥਾਨਕ ਹਾਲਤਾਂ ਅਤੇ ਲੋੜਾਂ ਮੁਤਾਬਿਕ ਸਸਤੀਆਂ ਅਤੇ ਟਿਕਾਊ ਖੇਤੀ ਤਕਨੀਕਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ। ਹੁਣ ਵੇਲਾ ਆ ਗਿਆ ਹੈ ਕਿ ਤਕਨੀਕ ਦਾ ਮੂੰਹ ਵੱਡੇ-ਵੱਡੇ ਕਾਰਪੋਰੇਟ ਘਰਾਨਿਆਂ ਦੀ ਬਜਾਏ ਆਮ ਲੋਕਾਂ ਦੇ ਪੱਖ ਮੋੜਨ ਦੇ ਸਿਰੜੀ ਉਪਰਾਲੇ ਕੀਤੇ ਜਾਣ। ਉਹਨਾਂ ਹੋਰ ਕਿਹਾ ਕਿ ਪੰਜਾਬ ਨੂੰ ਦਰਪੇਸ਼ ਸਿਹਤਾਂ ਅਤੇ ਵਾਤਾਵਰਣ ਦੇ ਮੌਜੂਦਾ ਸੰਕਟ ਦੇ ਮੱਦ-ਏ-ਨਜ਼ਰ ਵਾਤਾਵਰਣ ਬਚਾਊ ਖੇਤੀ ਢੰਗ ਨੂੰ ਉਤਸ਼ਹਿਤ ਕਰਨ ਦੇ ਨਾਲ-ਨਾਲ ਢੁਕਵੇਂ ਖੇਤੀ ਸੰਦਾਂ ਦਾ ਵਿਕਾਸ ਕਰਨਾ ਸਮੇਂ ਦੀ ਲੋੜ ਹੈ।
ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਆਪਣੀ ਗੱਲ ਰੱਖਦਿਆਂ ਡਾ. ਓਮ ਪ੍ਰਕਾਸ਼ ਰੁਪੇਲਾ ਨੇ ਹਾਜ਼ਰੀਨ ਨਾਲ ਕੁਦਰਤੀ ਖੇਤੀ ਸਬੰਧੀ ਆਪਣੇ ਅਨੁਭਵ ਸਾਂਝਾ ਕਰਦਿਆਂ ਕੁਦਰਤੀ ਖੇਤੀ ਦੀ ਤਕਨੀਕੀ ਜਾਣਕਾਰੀ ਅਤੇ ਬਾਰੀਕੀਆਂ 'ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਕੁਦਰਤੀ ਖੇਤੀ ਵਿੱਚ ਕਿਸਾਨਾਂ ਦੁਆਰਾ ਘਰ ਵਿੱਚ ਹੀ ਬਣਾ ਕੇ ਵਰਤੇ ਜਾਂਦੇ ਜੀਵਾਣੂ ਕਲਚਰਾਂ ਦੇ ਵਿਗਿਆਨਕ ਪੱਖ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਜੀਵਾਣੂ ਕਲਚਰ ਕਿਸਾਨਾਂ ਦੁਆਰਾ ਵਿਕਸਤ ਕੀਤੇ ਸਥਾਨਕ ਵਿਗਿਆਨ ਅਤੇ ਤਕਨੀਕ ਦੀ ਉਮਦਾ ਮਿਸਾਲ ਹਨ। ਸਰਕਾਰਾਂ ਅਤੇ ਪੀ ਟੀ ਯੂ ਵਰਗੇ ਤਕਨੀਕੀ ਸਿੱਖਿਆ ਅਦਾਰਿਆਂ ਨੂੰ ਪਹਿਲ ਦੇ ਆਧਾਰ 'ਤੇ ਅਜਿਹੀਆਂ ਢੁਕਵੀਆਂ ਖੇਤੀ ਤਕਨੀਕਾਂ ਅਤੇ ਸੰਦ ਵਿਕਸਤ ਕਰਨ ਵਿੱਚ ਕਿਸਾਨਾਂ ਦੀ ਸਹਾਇਤਾ ਕਰਨ ਜਿਹੜੇ ਕੇ ਕੁਦਰਤੀ ਖੇਤੀ ਵਿੱਚ ਉਹਨਾਂ ਲਈ ਸਹਾਈ ਸਿੱਧ ਹੋਣ। ਉਹਨਾਂ ਹੋਰ ਕਿਹਾ ਕਿ ਸਾਨੂੰ ਸਰਕਾਰਾਂ 'ਤੇ ਅਜਿਹੀਆਂ ਖੇਤੀ ਨੀਤੀਆਂ ਬਣਾਉਣ ਲਈ ਲਗਾਤਾਰ ਦਬਾਅ ਬਣਾਉਣਾ ਚਾਹੀਦਾ ਹੈ ਜਿਹੜੀਆਂ ਕਿ ਕੁਦਰਤ, ਵਾਤਾਵਰਣ, ਸਮਾਜ ਅਤੇ ਕਿਸਾਨ ਪੱਖੀ ਹੋਣ। ਇਸ ਮੌਕੇ ਡਾ. ਰੁਪੇਲਾ ਨੇ ਕੁਦਰਤੀ ਅਤੇ ਰਸਾਇਣਕ ਖੇਤੀ ਦਾ ਤੁਲਨਾਤਮਕ ਅਧਿਐਨ ਸਾਂਝਾ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਭੂਮੀ, ਪਾਣੀ ਅਤੇ ਸਮੁੱਚੇ ਵਾਤਾਵਰਣ ਦੀ ਸੰਭਾਲ ਹਿੱਤ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਸਰਕਾਰਾਂ 'ਤੇ ਅਜਿਹਾ ਕਰਨ ਲਈ ਦਬਾਅ ਬਣਾਏ ਰੱਖਣਾ ਚਾਹੀਦਾ ਹੈ।
ਸੈਮੀਨਾਰ ਵਿੱਚ ਆਏ ਕੁਦਰਤੀ ਖੇਤੀ ਕਿਸਾਨਾਂ ਹਰਜੰਟ ਸਿੰਘ  ਰਾਏ ਕੇ ਕਲਾਂ, ਹਰਤੇਜ ਸਿੰਘ ਮਹਿਤਾ, ਬੇਅੰਤ ਸਿੰਘ ਮਹਿਮਾ ਸਰਜਾ, ਜਰਨੈਲ ਸਿੰਘ ਮਾਝੀ, ਇੰਦਰਜੀਤ ਸਿੰਘ ਸਹੋਲੀ, ਗੁਰਮੇਲ ਸਿੰਘ ਗੁਣੀਕੇ, ਮਨਦੀਪ ਸਿੰਘ ਪੰਨੀਵਾਲਾ ਮਾਹਲਾ, ਉਪਕਾਰ ਸਿੰਘ ਚੱਕ ਦੇਸ ਰਾਜ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਾਬੂ ਸਿੰਘ ਨੇ ਕੁਦਰਤੀ ਖੇਤੀ ਵਿੱਚ ਲੋੜੀਂਦੇ ਸੰਦਾ ਬਾਰੇ ਆਪਣੀ ਗੱਲ ਰੱਖਦਿਆਂ ਪੀਟੀਯੂ ਦੇ ਗਿਆਨੀ ਜੈਲ ਸਿੰਘ ਕੈਂਪਸ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਹਰਾਂ ਨੂੰ ਇਸ ਸਬੰਧ ਵਿੱਚ ਖੋਜ਼ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਤੋਂ ਪ੍ਰੋਫੈਸਰ ਸ਼੍ਰੀ ਰਜਿੰਦਰ ਚੌਧਰੀ ਨੇ ਕੁਦਰਤੀ ਖੇਤੀ ਵਿੱਚ ਲੋੜੀਂਦੇ ਸੰਦਾਂ ਬਾਰੇ ਵਿਸਥਾਰ ਨਾਲ ਆਪਣੀ ਗੱਲ ਰੱਖੀ ਅਤੇ ਕਿਹਾ ਕਿ ਕੁਦਰਤੀ ਖੇਤੀ ਤੋਂ ਲੇਬਰ ਦਾ ਬੋਝ ਹਲਕਾ ਕਰਨ ਲਈ ਫ਼ਸਲਾਂ ਦੀ ਬਿਜਾਈ, ਗੁਡਾਈ ਅਤੇ ਕਟਾਈ ਲਈ ਖਾਸ ਕਿਸਮ ਦੇ ਅਤੇ ਸਸਤੇ ਖੇਤੀ ਸੰਦ ਤਿਆਰ ਕਰਕੇ ਕਿਸਾਨਾਂ ਤੱਕ ਪੁੱਜਦੇ ਕਰਨਾ ਸਮੇਂ ਦੀ ਲੋੜ ਹੈ। ਇਹ ਕੰਮ ਤਕਨੀਕੀ ਸਿੱਖਿਆ ਅਦਾਰਾ ਬਾਖੂਬੀ ਕਰ ਸਕਦੇ ਹਨ।
ਆਪਣੇ ਸੰਬੋਧਨ ਦੌਰਾਨ ਲਵਲੀ ਪ੍ਰੋਫਸ਼ਨਲ ਯੂਨੀਵਰਸਿਟੀ ਦੇ ਮੈਡਮ ਨੀਤਾ ਰਾਜ ਸ਼ਰਮਾ ਨੇ ਆਏ ਹੋਏ ਕਿਸਾਨਾਂ ਨੂੰ ਆਪਣੀ ਲੈਬਰਾਟਰੀ ਵਿੱਚ ਉਹਨਾਂ ਦੁਆਰਾ ਵਰਤੇ ਅਤੇ ਪੈਦਾ ਕੀਤੇ ਜਾਣ ਵਾਲੇ ਉਤਪਾਦਾਂ ਦੀ ਟੈਸਟਿੰਗ ਲਈ ਉਪਰਾਲਾ ਕਰਨ ਦਾ ਵਿਸ਼ਵਾਸ਼ ਦਿਵਾਇਆ ਅਤੇ ਨਾਲ ਹੀ ਅਜਿਹੇ ਰੁੱਖ ਲਾਉਣ ਦੀ ਵੀ ਅਪੀਲ ਕੀਤੀ ਜਿਹਨਾ ਦੀ ਉਪਜ ਸਰੀਰ ਵਿੱਚ ਕਈ ਪ੍ਰਕਾਰ ਦੇ ਤੱਤਾਂ ਦੀ ਘਾਟ ਨੂੰ ਪੂਰਨ ਲਈ ਜਾਣੀ ਜਾਂਦੀ ਹੈ।
ਇਹਨਾਂ ਤੋਂ ਇਲਾਵਾ ਡਾ. ਨਛੱਤਰ ਸਿੰਘ ਡੀਨ- ਪੀ ਟੀ ਯੂ, ਡਾ. ਆਰ ਕੇ ਮਹਾਜਨ -ਸਵਾਮੀ ਵਿਵੇਕਾਨੰਦ ਸਟਡੀਸਰਕਲ, ਬਠਿੰਡਾ, ਸ. ਬੋਘ ਸਿੰਘ ਮਾਨਸਾ ਬੀ ਕੇ ਯੂ ਏਕਤਾ (ਸਿੱਧੂਪੁਰ) ਅਤੇ ਖੇਤੀ ਬਾੜੀ ਵਿਭਾਗ ਬਠਿੰਡਾ ਦੇ ਡਾ. ਕੇਵਲ ਕ੍ਰਿਸ਼ਨ ਜੀਦਾ ਨੇ ਵੀ ਸੈਮੀਨਾਰ ਵਿੱਚ ਆਪਣੇ ਬਹੁਮੁੱਲੇ ਵਿਚਾਰ ਸਭ ਨਾਲ ਸਾਂਝੇ ਕੀਤੇ।
ਅੰਤ ਵਿੱਚ ਸੈਮੀਨਾਰ ਵਿੱਚ ਹੋਈ ਸਾਰੇ ਵਿਚਾਰ ਵਟਾਂਦਰੇ ਨਿਚੋੜ ਵਜੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਹ ਵਚਨਬੱਧਤਾ ਪ੍ਰਗਟ ਕੀਤੀ ਕਿ ਪੀ ਟੀ ਯੂ ਅਤੇ ਇਸਦਾ ਗਿਆਨੀ ਜੈਲ ਸਿੰਘ ਕੈਂਪਸ ਸਥਾਨਕ ਲੋੜਾਂ ਅਤੇ ਕਦਰਤੀ ਖੇਤੀ ਲਈ ਢੁਕਵੇ ਖੇਤੀ ਸੰਦ ਅਤੇ ਤਕਨੀਕਾਂ ਵਿਕਸਤ ਕਰਨ ਵਿੱਚ ਭਰਪੂਰ ਯੋਗਦਾਨ ਦਿੰਦਾ ਰਹੇਗਾ। ਇਸਦੇ ਨਾਲ ਹੀ ਜਲਦੀ ਹੀ ਗਿਆਨੀ ਜੈਲ ਸਿੰਘ ਕੈਂਪਸ ਤੋਂ ਕੁਦਰਤੀ ਖੇਤੀ ਕਿਸਾਨਾਂ ਲਈ ਇੱਕ ਹੈਲਪ ਲਾਈਨ ਖੋਲ•ਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਹੋਰ ਕਿਹਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਜਲੰਧਰ ਸਥਿਤ ਸਾਂਇੰਸ ਸਿਟੀ ਵਿਖੇ ਕੁਦਰਤੀ ਖੇਤੀ ਅਤੇ ਢੁਕਵੀਆਂ ਗ੍ਰਾਮੀਣ ਤਕਨੀਕਾਂ ਸਬੰਧੀ ਇੱਕ ਪੈਵੇਲੀਅਨ ਸਥਾਪਿਤ ਕੀਤਾ ਜਾਵੇ। ਉਹਨਾਂ ਹੋਰ ਕਿਹਾ ਕਿ ਪੀ ਟੀ ਯੂ  ਸਮਾਜ ਪ੍ਰਤੀ ਆਪਣੀ ਜਵਾਬਦੇਹੀ ਨੂੰ ਸਮਝਦੇ ਹੋਏ ਇਹਨਾਂ ਮਸਲਿਆਂ 'ਤੇ ਖੇਤੀ ਵਿਰਾਸਤ ਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਜਿੰਨਾਂ ਸੰਭਵ ਹੋ ਸਕੇਗਾ ਵੱਧ ਤੋਂ ਵੱਧ ਯੋਗਦਾਨ ਦਿੰਦਾ ਰਹੇਗਾ।

ਗ੍ਰੀਨ ਟੈੱਕ ਫੈਸਟ ਵਿੱਚ ਬੇਬੇ ਦੀ ਰਸੋਈ
ਬਠਿੰਡਾ ਦੇ ਪਿੰਡ ਦਿਓਣ ਸਥਿਤ ਬਾਬਾ ਫਰੀਦ ਗਰੁੱਪ ਆੱਫ ਇੰਸਟੀਟਿਊਸ਼ਨਜ ਵੱਲੋਂ ਗ੍ਰੀਨ ਟੈੱਕ ਫੈਸਟ ਕਰਵਾਇਆ ਗਿਆ। ਇਸ ਫੈਸਟ ਵਿੱਚ ਇਲਾਕੇ ਦੇ ਹੋਰਨਾਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਸੱਦਾ ਦਿੱਤਾ ਗਿਆ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਵੱਲੋਂ 'ਬੇਬੇ ਦੀ ਰਸੋਈ' ਰਵਾਇਤੀ ਖਾਣਿਆਂ ਦਾ ਸਟਾਲ ਲਗਾਇਆ ਗਿਆ। ਇਹ ਸਟਾਲ ਪਿੰਡ ਭੋਤਨਾ ਜਿਲਾ ਬਰਨਾਲਾ ਦੀਆਂ ਕੁਦਰਤੀ ਘਰੇਲੂ ਬਗੀਚੀ ਕਰਨ ਵਾਲੀਆਂ ਔਰਤਾਂ ਦੇ 'ਸਹਿਯੋਗਿਨੀ ਸੈਲਫ ਹੈਲਪ ਗਰੁੱਪ' ਵੱਲੋਂ ਲਗਾਇਆ ਗਿਆ। ਇਸ ਮੌਕੇ ਬੀਬੀਆ ਵੱਲੋਂ ਪੰਜਾਬੀ ਰਵਾਇਤੀ ਖਾਣੇ ਮੋਠ-ਬਾਜਰੇ ਦੀ ਖਿਚੜੀ, ਮੱਕੀ ਦੀ ਰੋਟੀ-ਸਰੋਂ ਦਾ ਸਾਗ, ਗੁੜ ਦਾ ਸ਼ਰਬਤ, ਬਾਜਰੇ ਦੇ ਪਕੌੜੇ, ਮੱਕੀ, ਜਵਾਰ, ਬਾਜਰੇ ਦੇ ਭੂਤ-ਪਿੰਨੇ ਖਵਾਏ ਗਏ।
ਫੈਸਟ ਦੌਰਾਨ ਕਈ ਸਕੂਲਾਂ ਦੇ ਬੱਚਿਆਂ ਨੇ ਸਟਾਲ ਤੇ ਸ਼ਿਰਕਤ ਕੀਤੀ ਅਤੇ ਰਵਾਇਤੀ ਖਾਣਿਆਂ ਦਾ ਆਨੰਦ ਮਾਣਿਆ। ਬਹੁਤੇ ਬੱਚਿਆ ਨੇ ਇਹਨਾਂ ਵਿੱਚੋਂ ਕਈ ਖਾਣਿਆਂ ਦਾ ਸਵਾਦ ਪਹਿਲੀ ਵਾਰੀ ਚੱਖਿਆ ਸੀ। ਇਹ ਵੀ ਦੇਖਣ ਵਿੱਚ ਆਇਆ ਕਿ ਬਹੁਤੇ ਬੱਚਿਆਂ ਨੂੰ ਜਵਾਰ, ਬਾਜਰੇ ਦੀ ਵੀ ਪਛਾਣ ਨਹੀ ਸੀ, ਇਸਦਾ ਕਾਰਨ ਸ਼ਾਇਦ ਇਹਨਾਂ ਖਾਣਿਆਂ ਦਾ ਸਾਡੀ ਭੋਜਨ ਲੜੀ ਵਿੱਚੋਂ ਗਾਇਬ ਹੋ ਜਾਣਾ ਸੀ।
ਸਕੂਲੀ ਬੱਚਿਆਂ ਨੇ ਇਹਨਾਂ ਖਾਣਿਆ ਸੰਬੰਧੀ ਕਈ ਸਵਾਲ-ਜਵਾਬ ਕੀਤੇ ਜਿਵੇਂ ਕਿ ਇਹ ਕਿਸ ਤਰਾ ਬਣਦੇ ਹਨ, ਇਹਨਾਂ ਦੇ ਖਾਣ ਨਾਲ ਸਿਹਤ ਨੂੰ ਕੀ ਫਾਇਦੇ ਹਨ, ਰਸਾਇਣਿਕ ਤਰੀਕਿਆਂ ਨਾਲ ਤਿਆਰ ਕੀਤੇ ਭੋਜਨ ਦੇ ਕੀ ਨੁਕਸਾਨ ਹਨ।  ਬੀਬੀਆਂ ਵੱਲੋਂ ਸਕੂਲੀ ਬੱਚਿਆਂ ਦੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਗਏ।
ਕੁੱਝ ਸਕੂਲੀ ਲੜਕੀਆਂ ਨੇ ਪਾਣੀ ਹੱਥ ਦੀ ਮੱਕੀ ਦੀ ਰੋਟੀ ਬਣਾਉਣ ਲਈ ਵੀ ਹੱਥ ਅਜ਼ਮਾਇਆ।