Tuesday 3 July 2012

ਬਲਿਹਾਰੀ ਕੁਦਰਤ


ਦੇਸ਼ ਦਾ ਬੀਜ ਜਰ੍ਮ ਪਲਾਜ਼ਮ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਦੀ ਤਿਆਰੀ 

ਬਲਿਹਾਰੀ ਕੁਦਰਤ

ਖੇਤੀ ਵਿਰਾਸਤ ਮਿਸ਼ਨ ਦਾ ਬੁਲਾਰਾ
ਬਲਿਹਾਰੀ ਕੁਦਰਤ
ਕੁਦਰਤ,ਕੁਦਰਤੀ ਖੇਤੀ, ਵਾਤਾਵਰਣ, ਸਿਹਤ ਸਰੋਕਾਰਾਂ ਅਤੇ ਲੋਕ ਪੱਖੀ ਵਿਕਾਸ ਨੂੰ ਸਮਰਪਿਤ ਜਨ ਪੱਤ੍ਰਿਕਾ
ਪ੍ਰਯੋਗ ਅੰਕ 5, ਗਰਮੀ ਰੁੱਤ, ਮਈ-ਜੂਨ  2012

ਆਪਣੀ ਗੱਲ

 ਪਿਆਰੇ ਮਿੱਤਰੋ! ਬਲਿਹਾਰੀ ਕੁਦਰਤ ਦਾ ਪ੍ਰਯੋਗ ਅੰਕ 5 ਤੁਹਾਡੇ ਹੱਥ ਵਿੱਚ ਹੈ। ਪਿਛਲੇ 4 ਅੰਕਾਂ ਦੇ ਬਾਰੇ ਅਨੇਕਾਂ ਪਾਠਕਾਂ ਅਤੇ ਸ਼ੁਭਚਿੰਤਕ ਮਿੱਤਰਾਂ ਨੇ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਦਿੱਤਾ ਹੈ। ਬਹੁਤ ਸਾਰੇ ਸਾਥੀਆਂ ਨੇ ਪੱਤ੍ਰਿਕਾ ਦੇ ਮਿਆਰ ਅਤੇ ਬੌਧਿਕ ਸਤਰ ਬਾਰੇ ਕਾਫ਼ੀ ਅੱਛੇ ਸੁਝਾਅ ਦਿੱਤੇ ਹਨ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਬਲਿਹਾਰੀ ਕੁਦਰਤ ਵਾਤਾਵਰਣ, ਕੁਦਰਤੀ ਖੇਤੀ ਅਤੇ ਵਿਕਾਸ ਦੇ ਕੁਦਰਤ ਅਤੇ ਲੋਕ ਪੱਖੀ ਆਦਰਸ਼ ਦਾ ਵਿਚਾਰ ਪ੍ਰਸਤੁਤ ਕਰਨ ਵਾਲੀ ਇੱਕ ਮਿਆਰੀ ਪੱਤ੍ਰਿਕਾ ਬਣ ਕੇ ਨਿੱਖਰੇਗੀ।
ਇੱਕ ਸਨਿਮਰ ਬੇਨਤੀ ਇਹ ਵੀ ਹੈ ਕਿ ਇਹ ਪੱਤ੍ਰਿਕਾ ਪੂਰੀ ਤਰਾਂ ਸਵੈ-ਸੇਵੀ ਯਤਨ ਨਾਲ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਅਸੀਂ ਇਸਨੂੰ ਸੱਚੇ ਸਵਰੂਪ ਵਿੱਚ ਜਨ-ਪੱਤ੍ਰਿਕਾ ਬਣਾਉਣਾ ਚਾਹੁੰਦੇ ਹਾਂ ਜੋ ਕਿ ਪਾਠਕਾਂ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਹੋਵੇ। ਅਸੀਂ ਚਾਹਾਂਗੇ ਜਿਹੜੇ ਪਾਠਕ ਅਤੇ ਸ਼ੁਭਚਿੰਤਕ ਪੱਤ੍ਰਿਕਾ ਦੇ ਪ੍ਰਕਾਸ਼ਨ ਵਿੱਚ ਕਿਸੇ ਵੀ ਤਰ੍ਹਾ ਦੀ ਭੂਮਿਕਾ ਨਿਭਾ ਸਕਦੇ ਹਨ ਉਹ ਕ੍ਰਿਪਾ ਕਰਕੇ ਸੰਪਰਕ ਜ਼ਰੂਰ ਕਰਨ।
ਧੰਨਵਾਦ ਸਹਿਤ
ਉਮੇਂਦਰ ਦੱਤ


'ਬਲਿਹਾਰੀ ਕੁਦਰਤ' ਖੇਤੀ ਵਿਰਾਸਤ ਮਿਸ਼ਨ ਵੱਲੋਂ ਨਿੱਜੀ ਵਿਤਰਣ ਲਈ ਪ੍ਰਕਾਸ਼ਿਤ ਦੋ ਮਾਸਿਕ ਜਨ ਪੱਤ੍ਰਿਕਾ ਹੈ। ਜੇਕਰ ਤੁਸੀਂ ਕੁਦਰਤ ਅਤੇ ਵਾਤਾਵਰਣ ਨਾਲ ਸਰੋਕਾਰ ਰੱਖਦੇ ਹੋ ਤਾਂ ਪੱਤ੍ਰਿਕਾ ਵਿੱਚ ਪ੍ਰਕਾਸ਼ਨ ਲਈ ਆਪਣੇ ਲੇਖ, ਰਚਨਾਵਾਂ ਅਤੇ ਸਲਾਹ ਭੇਜ ਸਕਦੇ ਹੋ। ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਕੁਦਰਤੀ ਖੇਤੀ ਸਬੰਧੀ ਆਪਣੇ ਅਨੁਭਵ, ਸਵਾਲ ਅਤੇ ਰਚਨਾਵਾਂ  ਜ਼ਰੂਰ ਭੇਜਿਆ ਕਰਨ।


ਸੰਪਾਦਕ 
'ਬਲਿਹਾਰੀ ਕੁਦਰਤ'
79, ਡਾਕਟਰਜ਼ ਕਾਲੋਨੀ, ਭਾਦਸੋਂ ਰੋਡ 
ਪਟਿਆਲਾ-147001, ਫੋਨ ਨੰ. 98728-61321
baliharikudrat.kvm@gmail.com

ਸੰਪਾਦਕੀ

 ਭਾਰਤ ਦੀ ਬਹੁਮੱਲੀ ਬੀਜ ਵਿਰਾਸਤ ਬਹੁਕੌਮੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ
ਆਓ! ਸੰਗਠਿਤ ਹੋ ਕੇ ਇਸ ਨਾਪਾਕ ਕੋਸ਼ਿਸ਼ ਦਾ ਵਿਰੋਧ ਕਰੀਏ  

ਅਮਰੀਕੀ ਅਖਬਾਰ ਵਾਲ ਸਟ੍ਰੀਟ ਜਰਨਲ ਦੇ ਭਾਰਤੀ ਸੰਸਕਰਣ ਵਿੱਚ18 ਮਈ 2012 ਨੂੰ ਛਪੀ ਇੱਕ ਖ਼ਬਰ ਤੋਂ ਦੇਸ਼ ਨੂੰ ਇਹ ਪਤਾ ਚੱਲਿਆ ਕਿ ਭਾਰਤੀ ਖੇਤੀ ਖੋਜ ਪਰਿਸ਼ਦ (ਇੰਡੀਅਨ ਕੌਸਿਲ ਫਾਰ ਐਗਰੀਕਲਚਰ ਰਿਸਰਚ, I C A R) ਦੇ ਵਿਗਿਆਨੀ ਭਾਰਤ ਦੇ ਬੀਜ ਅਤੇ ਉਹਨਾਂ ਦੇ ਜੀਨ ਬਹੁਕੌਮੀ ਕੰਪਨੀਆਂ ਨੂੰ ਸੌਪਣ ਦੀ ਤਿਆਰੀ ਕਰ ਰਹੇ ਹਨ। ਭਾਰਤੀ ਖੇਤੀ ਖੋਜ ਪਰਿਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਐੱਸ ਕੇ ਦੱਤਾ, ਜੋ ਫ਼ਸਲ ਵਿਗਿਆਨ ਦੇ ਇੰਚਾਰਜ਼ ਹਨ, ਦੇ ਹਵਾਲੇ ਤੋਂ ਛਪੀ ਇਸ ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਖੇਤੀ ਖੋਜ ਪਰਿਸ਼ਦ ਕੋਲ ਬੀਜਾਂ ਦੇ ਜਿੰਨੇ ਵੀ ਜੀਨ, ਜੀਨ ਬੈਂਕਾਂ ਵਿੱਚ ਸੁਰੱਖਿਅਤ ਪਏ ਹਨ, ਉਹ ਬਹੁਕੌਮੀ ਕੰਪਨੀਆਂ ਦੀ ਮੁਹਾਰਤ ਦੇ ਵੱਟੇ ਕੰਪਨੀਆਂ ਉਹਨਾਂ ਨੂੰ ਸੌਂਪਣ ਲਈ ਤਿਆਰ ਹਨ। ਇਹ ਸਰਾਸਰ ਦੇਸ਼ਵਾਸੀਆਂ ਨਾਲ ਸਰਾਸਰ ਧੋਖਾਦੇਹੀ ਹੈ, ਦੇਸ਼ਧ੍ਰੋਹ ਪੂਰਨ ਹਰਕਤ ਹੈ।
            ਐੱਸ ਕੇ ਦੱਤਾ ਨੇ ਇਹ ਪੇਸ਼ਕਸ਼ ਕੌਮਾਂਤਰੀ ਬੀਜ ਬਾਜ਼ਾਰ ਵਿੱਚ ਦੇਸ਼ ਦੀ ਹਿੱਸੇਦਾਰੀ ਵਧਾਉਣ ਅਤੇ ਜ਼ਿਆਦਾ ਝਾੜ ਦੇਣ ਵਾਲੀਆਂ ਨਵੀਂਆਂ ਕਿਸਮਾਂ ਖਾਸ ਤੌਰ 'ਤੇ ਜਲਵਾਯੂ ਪਰਿਵਰਤਨ ਸਹਿ ਸਕਣ ਵਾਲੀਆਂ ਕਿਸਮਾਂ ਵਿਕਸਿਤ ਕਰਨ ਦੇ ਬਹਾਨੇ ਨਾਲ ਕੀਤੀ ਹੈ। ਇਹ ਜ਼ਿਕਰਯੋਗ ਹੈ ਕਿ ਬੀਜ ਵਪਾਰ ਵਿੱਚ ਕੰਮ ਕਰ ਰਹੀਆਂ ਤਮਾਮ ਕੰਪਨੀਆਂ ਪਹਿਲਾਂ ਤੋਂ ਹੀ ਉਹਨਾਂ ਬੀਜਾਂ ਅਤੇ ਜੀਨਾਂ ਦੀ ਵਰਤੋਂ ਦੇ ਨਾਲ ਕਰੋੜਾਂ ਰੁਪਏ ਦਾ ਮੁਨਾਫ਼ਾ ਕਮਾ ਰਹੀਆਂ ਹਨ ਜਦੋਂਕਿ ਇਹ ਬੀਜ ਅਤੇ ਜੀਨ ਵਿਕਸਿਤ ਕਰਨ ਵਿੱਚ, ਬਚਾਉਣ ਵਿੱਚ, ਵਧਾਉਣ ਵਿੱਚ ਸਾਰਾ ਯੋਗਦਾਨ ਭਾਰਤ ਦੇ ਕਿਸਾਨਾਂ ਦਾ ਹੈ। ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਬੀਜਾਂ ਦੀ ਵਿਰਾਸਤ ਨੂੰ ਸੰਭਾਲਦੇ ਹੋਏ ਉਹਨਾਂ ਦੀਆਂ ਨਿਵੇਕਲੇ ਗੁਣਾਂ ਵਾਲੀਆਂ ਵਿਭਿੰਨ ਕਿਸਮਾਂ ਨੂੰ ਸਹੇਜਦੇ ਹੋਏ ਕਿਸਾਨਾਂ ਨੇ ਹੀ ਭਾਰਤ ਦੀ ਬੀਜ ਵਿਰਾਸਤ ਨੂੰ ਅਮੀਰ ਬਣਾਇਆ ਹੈ। ਇਹਨਾਂ ਬੀਜਾਂ ਅਤੇ ਜੀਨਾਂ ਦੇ ਅਸਲੀ ਮਾਲਕ ਭਾਰਤ ਦੇ ਕਿਸਾਨ ਹਨ, ਕੋਈ ਭਾਰਤੀ ਖੇਤੀ ਖੋਜ ਪਰਿਸ਼ਦ ਨਹੀਂ। ਇਹ ਪਰਿਸ਼ਦ ਤਾਂ ਇਹਨਾਂ ਬੀਜਾਂ ਅਤੇ ਜੀਨਾਂ ਦੀ ਦੇਖਭਾਲ ਕਰਨ ਵਾਲੀ ਚੌਕੀਦਾਰ ਹੈ, ਮਾਲਕ ਨਹੀਂ। ਇਸ ਲਈ ਅਜਿਹੀ ਪੇਸ਼ਕਸ਼ ਸਿਰੇ ਤੋਂ ਹੀ ਗਲਤ ਹੈ।
           ਇਹ ਪੇਸ਼ਕਸ਼ ਚਾਰ ਲੱਖ ਤੋਂ ਵੱਧ ਕਿਸਮਾਂ ਦੇ ਬੀਜਾਂ ਅਤੇ ਜੀਨਾਂ ਨੂੰ ਲੁੱਟਣ ਦਾ ਸਬੱਬ ਬਣ ਸਕਦੀ ਹੈ। ਖ਼ਾਸ ਤੌਰ 'ਤੇ ਉਦੋਂ ਜਦੋਂ ਨਿੱਜੀਕਰਨ, ਉਦਾਰੀਕਰਨ ਦੇ ਦੌਰ ਵਿੱਚ ਬਹੁਕੌਮੀ ਕੰਪਨੀਆਂ ਤਾਕਤਵਰ ਹੁੰਦੀਆਂ ਜਾ ਰਹੀਆਂ ਹਨ ਅਤੇ ਉਹਨਾਂ ਦੇ ਪੇਟੈਂਟ ਸੰਬੰਧੀ ਏਕਾਧਿਕਾਰ ਨੂੰ ਪੁਖ਼ਤਾ ਕਰਨ ਵਾਲੇ ਕਾਨੂੰਨਾਂ ਦਾ ਦਾਇਰਾ ਲਗਾਤਾਰ ਫੈਲਦਾ ਜਾ ਰਿਹਾ ਹੈ। ਅਜਿਹੇ ਵਿੱਚ ਸਹਿਜੇ ਹੀ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਪੇਸ਼ਕਸ਼ ਭਾਰਤ ਅਤੇ ਭਾਰਤੀ ਕਿਸਾਨਾਂ ਕਿੰਨੀ ਭਿਆਨਕ ਸਿੱਧ ਹੋਵੇਗੀ। ਨਵੇਂ ਪੇਟੈਂਟ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਬੀਜ ਕੰਪਨੀਆਂ ਪਹਿਲਾਂ ਹੀ ਕਿਸੇ ਨਿਰੰਕੁਸ਼ ਹਾਥੀ ਵਾਂਗਰ ਬੇਲਗਾਮ ਹੋਈਆਂ ਫਿਰਦੀਆਂ ਹਨ ਅਤੇ ਉਹਨਾਂ ਨੇ ਤਥਾਕਥਿਤ ਨਵੀਂ ਤਕਨੀਕ ਦੇ ਨਾਮ 'ਤੇ ਬੀਜਾਂ ਉੱਪਰ ਮਨਮਾਨਾ ਮੁਨਾਫ਼ਾ ਕਮਾਇਆ ਹੈ। ਖਾਸ ਕਰਕੇ ਬੀ ਟੀ ਨਰਮ੍ਹੇ ਦੇ ਮਾਮਲੇ ਵਿੱਚ 'ਬੋਲਗਾਰਡ ਜ਼ੀ ਐਮ ਤਕਨੀਕ' ਦੀ ਮਾਲਕ ਕੰਪਨੀ ਵੱਲੋਂ ਕੀਤੇ ਗਏ ਮਨਮਾਨੇ ਵਿਵਹਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰਾਂ ਨਵੇਂ ਪੇਟੈਂਟ ਕਾਨੂੰਨਾਂ ਦੇ ਸਦਕੇ ਇਹਨਾਂ ਕੰਪਨੀਆਂ ਦੇ ਸਾਹਮਣੇ ਬੇਵੱਸ ਹਨ। ਇਹ ਵੀ ਜ਼ਿਕਰਯੋਗ ਹੈ ਕਿ ਕੰਪਨੀਆਂ ਦੀ ਇਹ ਸਾਰੀ ਮਨਮਾਨੀ ਤਾਂ ਉਦੋਂ ਹੋ ਰਹੀ ਹੈ ਜਦੋਂ ਭਾਰਤ ਵਿੱਚ ਇਹਨਾਂ ਬੀਜਾਂ ਉੱਪਰ ਪੇਟੈਂਟ ਵੀ ਹਾਸਿਲ ਨਹੀਂ।
            ਨਵੇਂ ਕਾਨੂੰਨ ਅਤੇ ਕੰਪਨੀਆਂ ਦੀ ਧੱਕੇਸ਼ਾਹੀ ਨੇ ਸਾਡੀ ਬੀਜਾਂ ਸੰਬੰਧੀ ਵਿਗਿਆਨਕ ਖੋਜ ਅਤੇ ਸੁਤੰਤਰ ਸ਼ੋਧ ਨੂੰ ਦਾ ਰਾਹ ਵੀ  ਮੁਸ਼ਕਿਲ ਕਰ ਦਿੱਤਾ ਹੈ। ਕੰਪਨੀਆਂ ਜਿੰਨਾ ਬੀਜਾਂ ਦੀਆਂ ਪੇਟੈਂਟ ਰਾਹੀ ਮਾਲਕ ਬਣ ਜਾਂਦੀਆਂ ਹਨ, ਉਹਨਾਂ ਨੂੰ 'ਪ੍ਰੋਪਰਾਈਟਰੀ ਸੀਡ' ਦੇ ਨਾਂ ਤੇ ਜਾਣਿਆ ਜਾਂਦਾ ਹੈ। ਭਾਰਤ ਵਿੱਚ ਕੰਪਨੀ ਨਿਯੰਤ੍ਰਿਤ ਪ੍ਰੋਪਰਾਈਟਰੀ ਬੀਜਾਂ ਦਾ ਬਾਜ਼ਾਰ ਲਗਾਤਾਰ ਵਧ ਰਿਹਾ ਹੈ ਅਤੇ ਬਦਕਿਸਮਤੀ ਇਹ ਹੈ ਕਿ ਸਾਡੇ ਖੇਤੀ ਵਿਗਿਆਨੀ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਇਸ ਕੰਮ ਵਿੱਚ ਕੰਪਨੀਆਂ ਦਾ ਸਾਥ ਦੇ ਰਹੀਆਂ ਹਨ। ਇਸ ਘਟਨਾਕ੍ਰਮ ਵਿੱਚ ਵੀ ਭਾਰਤੀ ਜੀਨ ਬਹੁਕੌਮੀ ਕੰਪਨੀਆਂ ਨੂੰ ਸੌਂਪਣ ਦੀ ਪੇਸ਼ਕਸ਼ ਇਸੇ ਕੜੀ ਦਾ ਹਿੱਸਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਡੇ ਖੇਤੀ ਵਿਗਿਆਨੀਆਂ ਦਾ ਜ਼ਮੀਰ ਏਨਾ ਕੁ ਮਰ ਚੁੱਕਾ ਹੈ ਜਾਂ ਉਹ ਏਨੇ ਕੁ ਅਦੂਰਦਰਸ਼ੀ ਹੋ ਗਏ ਹਨ ਕਿ ਉਹ ਇਹ ਸਮਝਣ ਵਿੱਚ ਵੀ ਨਾਕਾਮਯਾਬ ਹਨ ਕਿ ਦੇਸ਼ ਦਾ ਅਤੇ ਖਾਸ ਕਰਕੇ ਕਿਸਾਨਾਂ ਦਾ ਹਿੱਤ ਕਿਸ ਵਿੱਚ ਹੈ।
      ਬਹੁਕੌਮੀ ਕੰਪਨੀਆਂ ਦਾ ਗਠਨ ਕਿਸਾਨਾਂ ਦਾ ਭਲਾ ਕਰਨ ਲਈ ਨਹੀਂ, ਮੁਨਾਫ਼ਾ ਕਮਾਉਣ ਲਈ ਹੁੰਦਾ ਹੈ। ਇਸ ਲਈ ਉਹਨਾਂ ਦਾ ਇਤਿਹਾਸ ਵਾਰ-ਵਾਰ ਦੱਸਦਾ ਹੈ ਕਿ ਆਪਣਾ ਮੁਨਾਫ਼ਾ ਵਧਾਉਣ ਲਈ ਵਾਰ-ਵਾਰ ਅਨੈਤਿਕ ਅਤੇ ਭ੍ਰਿਸ਼ਟ ਤੌਰ-ਤਰੀਕੇ ਅਪਣਾਉਂਦੀਆਂ ਰਹੀਆਂ ਹਨ। ਲੋਕਾਂ ਨੂੰ ਜ਼ਹਿਰ ਖਵਾਉਣ ਤੋਂ ਲੈ ਕੇ ਵਾਤਾਵਰਣ ਵਿੱਚ ਜ਼ਹਿਰ ਘੋਲਣ ਤੱਕ ਉਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ। ਆਪਣੇ ਮੁਨਾਫ਼ੇ ਦੇ ਲਈ ਕਿਸਾਨਾਂ ਉੱਪਰ ਮੁਕੱਦਮੇ ਕਰਨ ਤੋਂ ਲੈ ਕੇ ਉਹਨਾਂ ਨੂੰ ਜੇਲ ਭੇਜਣ ਤੋਂ ਵੀ ਉਹਨਾਂ ਨੇ ਕਦੀ ਗੁਰੇਜ਼ ਨਹੀਂ ਕੀਤਾ। ਆਪਣੇ ਮੁਨਾਫ਼ੇ ਦੇ ਲਈ ਉਹ ਸਰਕਾਰਾਂ ਅਤੇ ਸਰਕਾਰੀ ਅਦਾਰਿਆਂ ਨੂੰ ਵੀ ਕੋਰਟ-ਕਚਹਿਰੀ ਵਿੱਚ ਘਸੀਟਣ ਤੋਂ ਬਾਜ਼ ਨਹੀਂ ਆਉਂਦੀਆਂ।
           ਇਹ ਸਾਰਾ ਘਟਨਾਕ੍ਰਮ ਸਾਫ਼-ਸਾਫ਼ ਦੱਸਦਾ ਹੈ ਕਿ ਬੀਜਾਂ ਰਾਹੀ ਖੇਤੀ ਅਤੇ ਖੇਤੀ ਰਾਹੀ ਖ਼ੁਰਾਕ ਉੱਪਰ ਕਾਬਿਜ਼ ਹੋ ਰਹੀਆਂ ਬਹੁਕੌਮੀ ਕੰਪਨੀਆਂ ਇੱਕ ਖ਼ਤਰੇ ਦੀ ਘੰਟੀ ਹਨ। ਪਹਿਲਾਂ ਹੀ ਅਨੇਕ ਭਾਰਤੀ ਜੜ੍ਹੀ -ਬੂਟੀਆਂ ਅਤੇ ਬਨਸਪਤੀਆਂ ਦੇ ਗਿਆਤ ਗੁਣਾਂ ਉੱਪਰ ਬਹੁਕੌਮੀ ਕੰਪਨੀਆਂ ਨੇ ਕਈ ਪੇਟੈਂਟ ਕਰਵਾਏ ਹੋਏ ਹਨ ਜਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਨਿੰਮ, ਹਲਦੀ ਅਤੇ ਬਾਸਮਤੀ ਪੇਟੈਂਟ ਕਰਵਾਉਣ ਦੀਆਂ ਕੋਸ਼ਿਸ਼ਾਂ ਇਸ ਦੇ ਉਦਾਹਰਣ ਹਨ। ਆਯੂਰਵੇਦ ਅਤੇ ਦੇਸੀ ਸਿਹਤ ਵਿਗਿਆਨ ਵਿੱਚ ਵਰਤੀਆਂ ਜਾਣ ਵਾਲੀਆਂ ਅਨੇਕ ਜੜ੍ਹੀ -ਬੂਟੀਆਂ ਦੇ ਅਨੇਕ ਗੁਣਾਂ ਅਤੇ ਪ੍ਰਯੋਗਾਂ 'ਤੇ ਹਾਲੇ ਵੀ ਬਹੁਕੌਮੀ ਕੰਪਨੀਆਂ ਦੇ ਪੇਟੈਂਟ ਹਨ। ਬੀ ਟੀ ਬੈਂਗਣ ਦੇ ਮਾਮਲੇ ਵਿੱਚ ਵੀ ਨੈਸ਼ਨਲ ਬਾਇਓਡਾਈਵਰਸਿਟੀ ਅਥਾਰਿਟੀ ਨੇ ਮੌਨਸੈਂਟੋ ਨੂੰ ਭਾਰਤ ਦੇ ਬੈਂਗਣ ਦੀ ਚੋਰੀ ਦਾ ਦੋਸ਼ੀ ਪਾਇਆ ਹੈ। ਇਸੇ ਤਰੀਕੇ ਨਾਲ ਸਰਕਾਰੀ ਅਦਾਰਿਆਂ ਨੂੰ  ਬੀਕਾਨੇਰੀ ਬੀ ਟੀ ਨਰਮ੍ਹੇ ਨੂੰ ਬਾਜ਼ਾਰ ਵਿੱਚ ਉਤਾਰਨ ਤੋਂ ਇਸ ਕਰਕੇ ਰੁਕਣਾ ਪਿਆ ਕਿ ਜਿਹੜੇ ਜੀਨ ਉਸ ਵਿੱਚ ਪਾਏ ਗਏ ਸਨ ਉਸਦਾ ਮਾਲਿਕਾਨਾ ਹੱਕ ਮੌਨਸੈਂਟੋ ਕੋਲ ਸੀ। ਕੇਂਦਰੀ ਕਪਾਹ ਖੋਜ ਕੇਂਦਰ ਵੱਲੋਂ ਤਿਆਰ ਕੀਤੇ ਨਰਮ੍ਹੇ ਦੀ ਇਹ ਕਿਸਮ ਦੇਸੀ ਸੀ ਜਿਸਦੇ ਬੀਜ ਕਿਸਾਨਾਂ ਨੂੰ ਹਰ ਸਾਲ ਨਹੀਂ ਖਰੀਦਣੇ ਪੈਂਦੇ। ਹਾਲਾਂਕਿ ਖੇਤੀ ਵਿਰਾਸਤ ਮਿਸ਼ਨ ਸਮੁੱਚੀ ਬੀ ਟੀ ਤਕਨੀਕ ਦਾ ਹੀ ਵਿਰੋਧ ਕਰਦਾ ਹੈ ਪਰ ਅਸੀਂ ਇਸ ਗੱਲ ਦਾ ਹਵਾਲਾ ਇਸ ਲਈ ਦੇ ਰਹੇ ਹਾਂ ਤਾਂ ਜੋ ਪਾਠਕਾਂ ਦੇ ਧਿਆਨ ਵਿੱਚ ਆ ਸਕੇ ਕਿ ਜੀਨਾਂ ਦੇ ਪੇਟੈਂਟ ਦੀ ਇਸ ਖੇਡ ਵਿੱਚ ਭਾਰਤ ਸਰਕਾਰ, ਉਸਦੇ ਅਦਾਰੇ ਅਤੇ ਉਸਦੀਆਂ ਅਦਾਲਤਾਂ ਬਹੁਕੌਮੀ ਕੰਪਨੀਆਂ ਦੇ ਸਾਹਮਣੇ ਕਿਸ ਕਦਰ ਲਾਚਾਰ ਸਿੱਧ ਹੋ ਰਹੀਆਂ ਹਨ।
           ਦੇਸ਼ ਦੀਆਂ ਤਮਾਮ ਕਿਸਾਨ ਹਿਤੈਸ਼ੀ ਧਿਰਾਂ, ਕੁਦਰਤ ਪੱਖੀ ਖੇਤੀ ਦੀਆਂ ਸਮਰਥਕ ਜੱਥੇਬੰਦੀਆਂ, ਭਾਰਤੀ ਖੇਤੀ ਖੋਜ ਪਰਿਸ਼ਦ ਦੀ ਇਸ ਜੈਚੰਦ ਅਤੇ ਮੀਰ ਜ਼ਾਫ਼ਰ ਜਿਹੀ ਹਰਕਤ ਦਾ ਵਿਰੋਧ ਕਰਦੀਆਂ ਹਨ। ਇਹ ਘਟਨਾਕ੍ਰਮ ਸਮੁੱਚੇ ਖੇਤੀਬਾੜੀ ਅਦਾਰਿਆਂ ਦੀ ਪ੍ਰਾਸੰਗਕਿਤਾ ਅਤੇ ਉਹਨਾਂ ਦੇ ਇਸ ਦੇਸ਼, ਕਿਸਾਨ ਅਤੇ ਜ਼ਮੀਨ ਨਾਲ ਜੁੜੇ ਹੋਣ 'ਤੇ ਵੀ ਖਦਸ਼ਾ ਪੈਦਾ ਕਰਦਾ ਹੈ। ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਮੁਖੀ ਅਤੇ ਤਮਾਮ ਕਿਸਾਨ ਹਿਤੈਸ਼ੀ ਵਿਗਿਆਨਕਾਂ ਨੂੰ ਇਸ ਘਟਨਾਕ੍ਰਮ ਦਾ ਸਿੱਧਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਦੇਸ਼ ਅਤੇ ਖਾਸ ਕਰਕੇ ਕਿਸਾਨਾਂ ਨਾਲ ਹੋਣ ਵਾਲੀ ਗੱਦਾਰੀ ਨੂੰ ਰੋਕਣ ਦੇ ਉਪਰਾਲੇ ਵਿੱਚ ਲੋਕ ਜੱਥੇਬੰਦੀਆਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ।

ਸਿੰਜੈਂਟਾਂ ਦੀ ਜੀ.ਐੱਮ. ਮੱਕੀ ਬਣੀ ਪਾਲਤੂ ਪਸ਼ੂਆਂ ਦਾ ਕਾਲ

ਕੰਪਨੀ ਖਿਲਾਫ਼ ਦਰਜ਼ ਹੋਇਆ ਅਪਰਾਧਿਕ ਮਾਮਲਾ
ਬਾਇਓਟੈੱਕ ਦੈਂਤ ਸਿੰਜੈਂਟਾ ਉੱਪਰ, ਇੱਕ ਅਦਾਲਤ ਵਿੱਚ ਦੀਵਾਨੀ ਮੁਕੱਦਮੇ ਦੌਰਾਨ (ਇਹ ਮੁਕੱਦਮਾ 2007 ਵਿੱਚ ਖਤਮ ਹੋ ਗਿਆ ਸੀ) ਇਹ ਛੁਪਾਉਣ ਕਰਕੇ ਕਿ ਇਸਦੀ ਜੀ ਐੱਮ ਮੱਕੀ ਪਸ਼ੂਆਂ ਨੂੰ ਮਾਰਦੀ ਹੈ, ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਸਿੰਜੈਂਟਾ ਦੀ ਬੀ ਟੀ 176 ਮੱਕੀ ਦੀ ਕਿਸਮ ਵਿੱਚ ਬੈਸੀਲਿਸ ਥਰੂਜੈਂਸਿਸ ਬੈਕਟੀਰੀਆ ਤੋਂ ਪ੍ਰਾਪਤ ਬੀ ਟੀ ਜ਼ਹਿਰ ਕ੍ਰਾਈ1ਏ ਬੀ ਹੈ ਅਤੇ ਇਹ ਗਲੂਫੋਸੀਨੇਟ ਨਦੀਨਨਾਸ਼ਕ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਰੱਖਦੀ ਹੈ। ਯੂਰਪੀਨ ਯੂਨੀਅਨ ਦੇਸ਼ਾਂ ਵਿੱਚ ਬੀ ਟੀ 176 ਦੀ ਬਿਜਾਈ 2007 ਤੋਂ ਬੰਦ ਹੈ।
ਇੱਕ ਜਰਮਨ ਕਿਸਾਨ ਗਲੋਐਕਨਰ ਅਤੇ ਪਸ਼ੂ ਪਾਲਕ ਜਿਸਦੇ ਪਸ਼ੂ ਬੀ ਟੀ 176 ਖਾਣ ਤੋਂ ਬਾਅਦ ਰਹੱਸਮਈ ਬਿਮਾਰੀਆਂ ਅਤੇ ਉਸ ਤੋਂ ਬਾਅਦ ਕਾਲ ਦਾ ਗ੍ਰਾਸ ਬਣੇ, ਦੁਆਰਾ ਕੀਤੇ ਗਏ ਲੰਬੇ ਸੰਘਰਸ਼ ਸਦਕਾ ਸਿੰਜੈਂਟਾ ਉੱਪਰ ਇਹ ਦੋਸ਼ ਨਿਰਧਾਰਿਤ ਕੀਤੇ ਗਏ। ਕੰਪਨੀ ਦੁਆਰਾ ਸੰਨ 1997 ਤੋਂ 2007 ਤੱਕ ਬੀ ਟੀ 176 ਮੱਕੀ ਦੇ ਅਧਿਕ੍ਰਿਤ ਟ੍ਰਾਇਲ ਕੀਤੇ ਗਏ ਸਨ। ਸੰਨ 2000 ਵਿੱਚ ਉਸਦੀਆਂ ਗਾਵਾਂ ਨੂੰ ਬੀ ਟੀ 176 ਵਿਸ਼ੇਸ਼ ਤੌਰ 'ਤੇ ਖਵਾਈ ਗਈ। ਉਸ ਤੋਂ ਬਾਅਦ ਜਲਦੀ ਹੀ ਪਸ਼ੂਆਂ ਵਿੱਚ ਬਿਮਾਰੀਆਂ ਉੱਭਰਣ ਲੱਗੀਆਂ। ਉਸਨੂੰ ਸਿੰਜੈਂਟਾ ਵੱਲੋਂ 5 ਗਾਵਾਂ ਦੀ ਮੌਤ, ਦੁੱਧ ਦੀ ਪੈਦਾਵਾਰ ਵਿੱਚ ਹੋਈ ਕਮੀ ਅਤੇ ਪਸ਼ੂ ਚਿਕਿਤਸਾ ਦੀ ਲਾਗਤ ਦੇ ਰੂਪ ਵਿੱਚ ਅੰਸ਼ਿਕ ਮੁਆਵਜ਼ੇ ਦੇ ਤੌਰ ਤੇ 40 ਹਜਾਰ ਯੂਰੋ ਦਿੱਤੇ ਗਏ। ਕਿਸਾਨ ਦੁਆਰਾ ਸਿਜੈਂਟਾ ਕੰਪਨੀ ਖਿਲਾਫ ਕੀਤੇ ਦੀਵਾਨੀ ਮੁਕੱਦਮੇ ਵਿੱਚ ਸਿੰਜੈਂਟਾ ਨੇ ਇਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜੀ ਐੱਮ ਮੱਕੀ ਇਸ ਸਭ ਦਾ ਕਾਰਨ ਹੈ ਅਤੇ ਦਾਅਵਾ ਕੀਤਾ ਕਿ ਉਸਨੂੰ ਇਸ ਤਰ੍ਹਾ ਦੇ ਨੁਕਸਾਨ ਦੀ ਕੋਈ ਖਬਰ ਨਹੀਂ। ਕੇਸ ਖਾਰਿਜ਼ ਕਰ ਦਿੱਤਾ ਗਿਆ ਅਤੇ  ਗਲੋਐਕਨਰ ਉੱਪਰ ਹਜਾਰਾਂ ਯੂਰੋ ਦਾ ਕਰਜ਼ ਚੜ ਗਿਆ।
ਗਲੋਐਕਨਰ ਦੀਆਂ ਗਾਵਾਂ ਲਗਾਤਾਰ ਮਰਦੀਆਂ ਰਹੀਆਂ ਅਤੇ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਈਆਂ । ਇਸ ਸਭ ਦੇ ਕਾਰਨ ਮਜ਼ਬੂਰ ਹੋ ਕੇ ਉਸਨੇ 2002 ਵਿੱਚ ਆਪਣੇ ਖੇਤ ਵਿੱਚ ਜੀ ਐੱਮ ਮੱਕੀ ਲਗਾਉਣੀ ਬੰਦ ਕਰ ਦਿੱਤੀ। ਉਸਨੇ ਰੌਬਰਟ ਕਾੱਚ ਇੰਸਟੀਚਿਊਟ ਅਤੇ ਸਿੰਜੈਂਟਾ ਨੂੰ ਪੂਰਨ ਜਾਂਚ ਕਰਨ ਲਈ ਪਹੁੰਚ ਕੀਤੀ। ਹਾਲਾਂਕਿ ਸਿਰਫ ਇੱਕ ਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਉਹ ਡਾਟਾ ਵੀ ਹਾਲੇ ਤੱਕ ਪਬਲਿਕ ਲਈ ਉਪਲਬਧ ਨਹੀਂ ਹੈ। ਹੈਰਾਨਗੀ ਵਾਲੀ ਗੱਲ ਇਹ ਸੀ ਕਿ ਜੀ ਐੱਮ ਮੱਕੀ ਅਤੇ ਗਾਂਵਾਂ ਦੀ ਮੌਤ ਵਿਚਕਾਰ ਕੋਈ ਕਾਰਨ ਸੰਬੰਧ ਨਿਰਧਾਰਿਤ ਨਹੀਂ ਕੀਤਾ ਗਿਆ ਅਤੇ ਹਾਲੇ ਤੱਕ ਵੀ ਮੌਤਾਂ ਬਾਰੇ ਕੋਈ ਵੀ  ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ।
ਪ੍ਰੰਤੂ 2009 ਵਿੱਚ ਕਿਸਾਨ ਨੂੰ 1996 ਵਿੱਚ ਸਿੰਜੈਂਟਾ ਦੁਆਰਾ ਫੀਡਿੰਗ ਬਾਰੇ ਕਰਵਾਈ ਇੱਕ ਸਟੱਡੀ ਬਾਰੇ ਪਤਾ ਚੱਲਿਆ ਜਿਸ ਦਾ ਨਤੀਜਾ ਇਹ ਸੀ ਕਿ ਦੋ ਦਿਨਾਂ ਵਿੱਚ ਫੀਡਿੰਗ ਕਰਕੇ ਚਾਰ ਗਾਵਾਂ ਦੀ ਮੌਤ ਹੋ ਗਈ ਸੀ। ਪਰੀਖਣ ਅਚਾਨਕ ਬੰਦ ਕਰ ਦਿੱਤਾ ਗਿਆ। ਹੁਣ ਗਲੋਐਕਨਰ ਨੇ Bundnis Aktion Gen-Klage ਨਾਂ ਦੇ ਜਰਮਨ ਗਰੁੱਪ ਅਤੇ ਕਿਸਾਨ ਤੋਂ ਸਮਾਜਿਕ ਕਾਰਜਕਰਤਾ ਬਣੇ ਉਸਰ ਹੈਨਜ਼ ਦੇ ਨਾਲ ਮਿਲ ਕੇ ਸਿੰਜੈਂਟਾ ਕੰਪਨੀ ਨੂੰ ਅਪਰਾਧਿਕ ਅਦਾਲਤ ਵਿੱਚ ਖਿੱਚ ਲਿਆਂਦਾ ਜਿਸ ਵਿੱਚ ਉਸ ਉੱਪਰ ਅਮਰੀਕਨ ਪਰੀਖਣ ਦੌਰਾਨ ਇਹ ਜਾਣਕਾਰੀ ਛੁਪਾਉਣ ਲਈ ਦੋਸ਼ ਨਿਰਧਾਰਿਤ ਕੀਤੇ ਗਏ ਜਿਸਦੇ ਅਨੁਸਾਰ ਕੰਪਨੀ ਨੂੰ ਕਿਸਾਨ ਦੀਆਂ 65 ਗਾਵਾਂ ਦੇ ਨੁਕਸਾਨ ਦੇ ਲਈ ਜ਼ਿੰਮੇਦਾਰ ਠਹਿਰਾਇਆ ਗਿਆ। ਸਿੰਜੈਂਟਾ ਉੱਪਰ ਅਮਰੀਕਨ ਟ੍ਰਾਇਲ ਦੌਰਾਨ ਅਤੇ ਗਲੋਐਕਨਰ  ਦੇ ਖੇਤ ਵਿੱਚ ਟ੍ਰਾਇਲ ਦੌਰਾਨ ਪਸ਼ੂਆਂ ਦੀ ਮੌਤ ਲਈ ਦੋਸ਼ ਨਿਰਧਾਰਿਤ ਕੀਤੇ ਗਏ ਜਿੰਨਾ ਨੂੰ ਕਿ 'ਅਣਆਈਆਂ ਘਟਨਾਵਾਂ' ਦੇ ਰੂਪ ਵਿੱਚ ਪੰਜੀਕ੍ਰਿਤ ਕੀਤਾ ਜਾਣਾ ਚਾਹੀਦਾ ਸੀ। ਇਸ ਤੋਂ ਵੀ ਗੰਭੀਰ ਗੱਲ ਇਹ ਕਿ ਸਿੰਜੈਂਟਾਂ ਦੇ ਜਰਮਨ ਮੁਖੀਆ ਹੰਸ ਥਿਓ ਜਾਹਮਨ ਉੱਪਰ ਮੂਲ ਦੀਵਾਨੀ ਅਦਾਲਤੀ ਮੁਕੱਦਮੇ ਦੌਰਾਨ ਜੱਜ ਅਤੇ ਗਲੋਐਕਟਰ ਤੋਂ ਅਮਰੀਕਨ ਸਟੱਡੀ ਦੇ ਨਤੀਜੇ ਛੁਪਾਉਣ ਕਰਕੇ ਦੋਸ਼ ਨਿਰਧਾਰਿਤ ਕੀਤੇ ਗਏ।
ਸਿਰਫ ਗਲੋਐਕਨਰ ਦੀਆਂ ਗਾਵਾਂ ਹੀ ਨਹੀਂ ਬਣੀਆਂ ਸ਼ਿਕਾਰ ਸਨ-
ਇਹ ਸਿਰਫ ਜੀ ਐੱਮ ਮੱਕੀ ਦੇ ਨਾਲ ਹੋਣ ਵਾਲੀਆਂ ਰਹੱਸਮਈ ਮੌਤਾਂ ਤੱਕ ਹੀ ਸੀਮਿਤ ਨਹੀਂ ਹੈ। ਭਾਰਤ ਜਿੱਥੇ ਕਪਾਹ ਦੀ ਚੁਗਾਈ ਤੋਂ ਬਾਅਦ ਪਸ਼ੂਆਂ ਨੂੰ ਚਰਨ ਲਈ ਛੱਡ ਦਿੱਤਾ ਜਾਂਦਾ ਹੈ, ਉੱਥੇ ਮੱਧ ਭਾਰਤ ਵਿੱਚ ਜਿੱਥੇ ਬੀ ਟੀ ਕਪਾਹ ਉਗਾਈ ਜਾਂਦੀ ਹੈ, ਦੇ ਅਲੱਗ-ਅਲੱਗ ਪਿੰਡਾਂ ਤੋਂ ਹਜਾਰਾਂ ਪਸ਼ੂਆਂ ਦੇ ਮਰਨ ਦੇ ਅੰਕੜੇ ਰਿਕਾਰਡ ਕੀਤੇ ਗਏ ਹਨ। ਚਰਵਾਹਿਆਂ ਦੇ ਆਪਣੇ ਨਿਰੀਖਣਾਂ ਅਤੇ ਲੈਬੋਰਟਰੀਆਂ ਵਿੱਚ ਕੀਤੇ ਪੋਸਟ ਮਾਰਟਮ ਦੀਆਂ ਰਿਪੋਰਟਾਂ ਤੋਂ ਉਹਨਾਂ ਪਸ਼ੂਆਂ ਦੇ ਅਸਾਧਾਰਣ ਜਿਗਰ, ਵਧੀਆਂ ਹੋਈਆਂ ਪਿੱਤ ਨਲਿਕਾਵਾਂ ਅਤੇ ਅੰਤੜੀਆਂ ਵਿੱਚ ਕਾਲੇ ਧੱਬਿਆਂ ਦਾ ਪਤਾ ਚੱਲਿਆ। ਚਰਵਾਹਿਆਂ ਨੇ ਦੱਸਿਆ ਕਿ ਬੀ ਟੀ ਨਰਮ੍ਹੇ ਵਾਲੇ ਖੇਤਾਂ ਵਿੱਚ ਚਰਨ ਤੋਂ 2-3 ਦਿਨਾਂ ਬਾਅਦ ਭੇਡਾਂ ਸੁਸਤ/ਉਦਾਸ ਹੋ ਗਈਆਂ, ਨੱਕ ਵਿੱਚੋਂ ਪਾਣੀ ਵਗਣ ਦੇ ਨਾਲ ਕਫ ਸ਼ੁਰੂ ਹੋ ਗਿਆ ਅਤੇ ਮੂੰਹ ਵਿੱਚ ਲਾਲ ਜਖ਼ਮ ਹੋ ਗਏ, ਉਹ ਸੁੱਜ ਗਈਆਂ ਅਤੇ ਕਾਲਾਪਣ ਲਏ ਦਸਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਵਾਰ ਲਾਲ ਪੇਸ਼ਾਬ ਆਉਣ ਲੱਗਿਆ।  ਚਰਨ ਤੋਂ 5-7 ਦਿਨਾਂ ਅੰਦਰ ਹੀ ਉਹਨਾਂ ਦੀ ਮੌਤ ਹੋ ਗਈ। ਯੁਵਾ ਭੇਡ ਤੋਂ ਲੈ ਕੇ ਡੇਢ ਤੋਂ 2 ਸਾਲ ਤੱਕ ਦੀਆਂ ਭੇਡਾਂ ਪ੍ਰਭਾਵਿਤ ਹੋਈਆਂ। ਇੱਕ ਚਰਵਾਹੇ ਨੇ ਪ੍ਰਭਾਵਿਤ ਭੇਡ ਦਾ ਮਾਂਸ ਖਾਣ ਤੇ ਦਸਤ ਲੱਗਣ ਦੀ ਸ਼ਿਕਾਇਤ ਵੀ ਦਰਜ਼ ਕਰਵਾਈ। ਪਸ਼ੂ ਚਿਕਿਤਸਕਾਂ ਨੇ ਇਹ ਘੋਸ਼ਣਾ ਕੀਤੀ ਕਿ ਇਹ ਜ਼ਹਿਰੀਲਾਪਣ ਬੀ ਟੀ ਦੇ ਜ਼ਹਿਰ ਕਾਰਨ ਹੋ ਸਕਦਾ ਹੈ ਪਰ ਨਾਲ ਹੋਰ ਕੀਟਨਾਸ਼ਕਾਂ ਦੇ ਖੇਤਾਂ ਵਿੱਚ ਛਿੜਕੇ ਹੋਣ ਕਾਰਨ ਸਪੱਸ਼ਟ ਨਤੀਜੇ ਨਹੀਂ ਮਿਲ ਸਕੇ ਹਨ। ਫਿਰ ਵੀ ਚਰਵਾਹਿਆਂ ਨੂੰ ਬੀ ਟੀ ਨਰਮ੍ਹੇ  ਵਾਲੇ ਖੇਤਾਂ ਵਿੱਚ ਪਸ਼ੂਆਂ ਨੂੰ ਚਰਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ।  
ਬੀ ਟੀ ਮੱਕੀ ਵਾਲੇ ਖੇਤਾਂ ਦੇ ਕੋਲ ਰਹਿਣ ਵਾਲੇ ਫਿਲਪਾਈਨੀ ਗ੍ਰਾਮੀਣ ਮੌਤ, ਬੁਖਾਰ, ਸਾਹ, ਪੇਟ ਅਤੇ ਚਮੜੀ ਸੰਬੰਧੀ ਰੋਗਾਂ ਦਾ ਸਾਹਮਣਾ ਕਰ ਰਹੇ ਹਨ।  2003 ਵਿੱਚ ਪੰਜ ਮੌਤਾਂ ਦਰਜ਼ ਕੀਤੀਆਂ ਗਈਆਂ ਅਤੇ 38 ਲੋਕਾਂ ਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਸਾਰੇ ਹੀ ਕ੍ਰਾਈ1ਏਬੀ ਜੀਨ (ਬੀ ਟੀ ਜ਼ਹਿਰ) ਪ੍ਰਤਿ ਸਕਾਰਾਤਮਕ ਪਾਏ ਗਏ। ਉਹਨਾਂ ਦੇ ਸ਼ਰੀਰ ਵਿੱਚ ਇਸ ਨਾਲ ਲੜਨ ਲਈ ਐੱਟੀਬਾੱਡੀ ਵੀ ਪਾਏ ਗਏ। ਇਸਦਾ ਮਤਲਬ ਸਾਫ ਹੈ ਕਿ  ਬੀ ਟੀ ਦਾ ਜ਼ਹਿਰ ਮਨੁੱਖ ਦੇ ਖੂਨ ਤੱਕ ਅਸਰ ਪਾਉਂਦਾ ਹੈ। ਅਤੇ ਜਿਵੇਂ ਕਿ ਅਕਸਰ ਅਜਿਹੇ ਮਾਮਲਿਆਂ ਵਿੱਚ ਹੁੰਦਾ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਧਮਕੀ ਅਤੇ ਇਨਕਾਰ ਦਾ ਇਹੀ ਮਤਲਬ ਸੀ ਕਿ ਇਸ ਮਾਮਲੇ ਵਿੱਚ ਅੱਗੇ ਕੋਈ ਜਾਂਚ ਨਹੀਂ ਕੀਤੀ ਜਾਵੇਗੀ।
ਮੌਤ ਦੇ ਕਾਰਨਾਂ ਬਾਰੇ ਹਾਲੇ ਤੱਕ ਕੁੱਝ ਪਤਾ ਨਹੀਂ
ਹਾਲੇ ਤੱਕ ਗਲੋਐਕਨਰ ਦੀਆਂ ਗਾਵਾਂ ਦੇ ਮਰਨ ਦੇ ਕਾਰਨਾਂ ਬਾਰੇ ਅਧਿਕਾਰੀਆਂ ਵੱਲੋਂ ਕੋਈ ਵਿਵਰਣ ਨਹੀਂ ਦਿੱਤਾ ਗਿਆ ਹੈ। ਬਾਇਓਟੈਕ ਉਦਯੋਗ ਦਾ ਦਾਅਵਾ ਹੈ ਕਿ ਬੀ ਟੀ ਜ਼ਹਿਰ ਪੇਟ ਵਿੱਚ ਜਲਦੀ ਪਚ ਜਾਂਦਾ ਹੈ ਅਤੇ ਕੇਵਲ ਕੀਟ ਪ੍ਰਜਾਤੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਹੈ। ਹਾਲਾਂਕਿ ਹਾਲ ਹੀ ਵਿੱਚ ਆਈ ਇੱਕ ਸਟੱਡੀ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਕਨਾਡਾ ਵਿੱਚ 80 ਪ੍ਰਤੀਸ਼ਤ ਤੋਂ ਜ਼ਿਆਦਾ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਅਜਨਮੇ ਬੱਚਿਆਂ ਦੇ ਖੂਨ ਵਿੱਚ ਬੀ ਟੀ ਜ਼ਹਿਰ ਪਾਇਆ ਗਿਆ। ਕਿਉਂਕਿ ਮਿੱਟੀ ਵਿੱਚ ਕੁਦਰਤੀ ਰੂਪ ਵਿੱਚ ਮੌਜ਼ੂਦ ਬੀ ਟੀ ਜ਼ਹਿਰ ਦਾ ਲੰਬੇ ਸਮੇਂ ਤੋਂ, ਲੰਬੇ ਸਮੇਂ ਲਈ ਇਸਤੇਮਾਲ ਹੋ ਰਿਹਾ ਹੈ ਇਸ ਲਈ ਜੀ ਐੱਮ ਫਸਲਾਂ ਵਿੱਚ ਬੀ ਟੀ ਪ੍ਰੋਟੀਨ ਉੱਪਰ ਲੰਬੇ ਸਮੇ ਲਈ ਜ਼ਹਿਰੀਲੇਪਣ ਅਤੇ ਸਿਹਤ ਸੰਬੰਧੀ ਖਤਰਿਆਂ ਦਾ ਆਕਲਨ ਨਹੀਂ ਕੀਤਾ ਗਿਆ। ਹਾਲਾਂਕਿ ਕੁਦਰਤੀ ਤੌਰ 'ਤੇ ਪੈਦਾ ਹੋਏ ਜ਼ਹਿਰ ਜੋ ਕਿ ਫਸਲ ਦੇ ਧੁਲਣ ਤੋਂ ਬਾਅਦ ਆਪਣੇ ਆਪ ਹੀ ਬਾਹਰ ਹੋ ਜਾਂਦੇ ਹਨ ਅਤੇ ਦੂਜੇ ਪਾਸੇ ਜੀਨ ਪਰਿਵਰਤਿਤ ਜ਼ਹਿਰ ਜੋ ਕਿ ਜੀ ਐੱਮ ਫਸਲ ਦਾ ਹੀ ਇੱਕ ਅਭਿੰਨ ਅੰਗ ਹਨ, ਫਸਲ ਦੇ, ਫ਼ਲ ਅੰਦਰ ਹੀ ਮੌਜ਼ੂਦ ਹਨ, ਜਿਸਨੂੰ ਤੁਸੀਂ ਧੋਣ ਤੋਂ ਬਾਅਦ ਵੀ ਬਾਹਰ ਨਹੀਂ ਕੱਢ ਸਕਦੇ, ਇਹਨਾਂ ਦੋਵਾਂ ਵਿੱਚ ਬਹੁਤ ਹੀ ਵੱਡਾ ਅਤੇ ਮਹੱਤਵਪੂਰਨ ਅੰਤਰ ਹੈ। ਸੁਤੰਤਰ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਗਲਤ ਵਿਗਿਆਨਕ ਮਾਨਤਾਵਾਂ ਉੱਪਰ ਆਧਾਰਿਤ ਸਿਹਤ ਆਕਲਨ ਨਾ ਕੇਵਲ ਸ਼ੇਖੀਭਰਪੂਰ ਹੈ ਸਗੋਂ ਮੂਰਖਤਾ ਪੂਰਨ ਵੀ ਹੈ।      
ਬੀ ਟੀ ਨਰਮ੍ਹੇ  ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਵੱਲੋਂ ਅਲਰਜ਼ੀ ਦੀਆਂ ਸ਼ਿਕਾਇਤਾਂ ਆਈਆਂ ਅਤੇ ਕੁੱਝ ਮਾਮਲਿਆਂ ਵਿੱਚ ਤਾਂ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਉਣ ਤੱਕ ਦੀ ਜ਼ਰੂਰਤ ਪਈ। ਚੂਹੇ ਦੀਆਂ ਅੰਤੜੀਆਂ ਨਾਲ ਕ੍ਰਾਈ ਵਨ ਏ ਸੀ (ਬੀ ਟੀ ਜ਼ਹਿਰ) ਜੁੜ ਗਿਆ ਜਿਸ ਬਾਰੇ ਦਸਤ ਦੇ ਲੱਛਣਾਂ ਤੋਂ ਪਤਾ ਲੱਗਿਆ। ਪ੍ਰਯੋਗਸ਼ਾਲਾ ਵਿੱਚ ਜਾਨਵਰਾਂ ਨੂੰ ਤਿੰਨ ਮਹੀਨੇ ਤੱਕ ਖਿਲਾ ਕੇ ਉਹਨਾਂ ਦੀ ਪਾਚਨ-ਕਿਰਿਆ ਬਾਰੇ ਵਿਸ਼ਲੇਸ਼ਣ ਕੀਤਾ ਗਿਆ ਅਤੇ ਪਾਇਆ ਕਿ ਬੀ ਟੀ ਮੱਕੀ ਨੇ ਖੂਨ ਦੇ ਪ੍ਰੋਟੀਨ ਦੇ ਸਤਰ ਅਤੇ ਜਿਗਰ ਵਿੱਚ ਦੋਸ਼ ਉਤਪੰਨ ਕਰ ਦਿੱਤੇ ਸਨ। ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਘੱਟ ਮਾਤਰਾ ਵਿੱਚ ਵੀ ਕ੍ਰਾਈ1ਏਬੀ ਜ਼ਹਿਰ ਮਨੁੱਖ ਦੇ ਗੁਰਦਿਆਂ ਦੀਆਂ ਕੋਸ਼ਿਕਾਵਾਂ ਨੂੰ ਜ਼ਹਿਰੀਲਾ ਕਰਦੇ ਹੋਏ ਖਤਮ ਕਰ ਦਿੰਦਾ ਹੈ।
  ਨਵੇਂ ਜੀ ਐੱਮ ਉਤਪਾਦਾਂ ਦਾ ਸੁਰੱਖਿਆ ਆਕਲਨ ਨਿਸ਼ਚਿਤ ਰੂਪ ਵਿੱਚ ਸੁਤੰਤਰ ਤੌਰ ਤੇ ਕੀਤੇ ਜਾਣ ਦੀ ਜ਼ਰੂਰਤ ਹੈ ਨਾਂ ਕਿ ਇਸਨੂੰ ਬਾਜ਼ਾਰ ਵਿੱਚ ਥੋਪਣ ਵਾਲੀਆਂ ਕੰਪਨੀਆਂ ਦੁਆਰਾ।  ਹਿੱਤਾਂ ਦੇ ਟਕਰਾਅ ਦੇ ਚਲਦਿਆਂ ਉਹ ਡਾਟਾ ਸਾਹਮਣੇ ਨਹੀ ਆ ਰਿਹਾ ਜਿਸਨੂੰ ਕਿ ਜਾਣਨਾ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਪਸ਼ੂਆਂ ਦੀ ਸਿਹਤ ਦੇ ਨਾਲ-ਨਾਲ ਮਨੁੱਖੀ ਸਿਹਤ ਦੇ ਲਈ ਵੀ ਜ਼ਰੂਰੀ ਹੈ।

ਪੋਲੈਂਡ ਦੇ ਮਧੂਮੱਖੀ ਪਾਲਕਾਂ ਨੇ ਕੀਤੀ ਜੀ. ਐੱਮ. ਮੱਕੀ ਅਤੇ ਬਾਇਰ ਦੇ ਕੀਟਨਾਸ਼ਕਾਂ 'ਤੇ ਪਾਬੰਦੀ ਲਾਉਣ ਦੀ ਮੰਗ ।


ਮੌਨਸੈਂਟੋ ਦੀ ਬੀ ਟੀ ਕੀਟਨਾਸ਼ਕ ਜ਼ਹਿਰ ਪੈਦਾ ਕਨ ਵਾਲੀ ਜੀਨ ਪਰਿਵਰਤਿਤ ਮੱਕੀ ਮੌਨ 810 ਉੱਪਰ ਮੱਖੀ ਪਾਲਣ ਵਾਲਿਆਂ ਦੇ ਵਿਰੋਧ ਦੇ ਕਾਰਨ ਪੋਲੈਂਡ ਵਿੱਚ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ। ਮਧੂਮੱਖੀ ਪਾਲਕਾਂ ਨੇ ਪਾਇਆ ਸੀ ਕਿ ਇਹ ਮੱਕੀ ਮਧੂਮੱਖੀਆਂ ਨੂੰ ਮਾਰ ਰਹੀ ਸੀ। ਇਸੇ ਦੌਰਾਨ, ਅਮਰੀਕਾ ਦੇ ਵਪਾਰਕ ਮਧੂਮੱਖੀਪਾਲਕਾਂ ਨੇ ਵਾਤਾਵਰਣ ਸੰਰੱਖਿਅਕ ਏਜੰਸੀ ਵਿੱਚ ਇਸ ਕੀਟਨਾਸ਼ਕ ਨੂੰ, ਜੋ ਕਿ ਵੱਡੇ ਪੱਧਰ ਤੇ ਮਧੂਮੱਖੀਆਂ ਦੀਆਂ ਹੋਣ ਵਾਲੀਆਂ ਮੌਤਾਂ ਨਾਲ ਜੁੜਿਆ ਹੋਇਆ ਹੈ, ਨੂੰ ਪ੍ਰਤੀਬੰਧਿਤ ਕਰਨ ਦੀ ਮੰਗ ਕਰਨ ਲਈ ਆਪਾਤਕਾਲੀਨ ਕਾਨੂੰਨੀ ਯਾਚਿਕਾ ਦਾਇਰ ਕੀਤੀ ਹੈ। ਇਹ ਕਾਨੂੰਨੀ ਯਾਚਿਕਾ, ਜਿਸ ਵਿੱਚ ਖ਼ਾਸ ਤੌਰ 'ਤੇ ਬਾਇਰ ਦੇ ਨਿਓਨੀਕੋਟੀਨੋਇਡ ਕੀਟਨਾਸ਼ਕ ਕਲੋਥਿਅਨਡਿਨ ਦਾ ਜ਼ਿਕਰ ਹੈ, ਉੱਤੇ ਇੱਕ ਲੱਖ ਲੋਕਾਂ ਨੇ ਦਸਤਖਤ ਕੀਤੇ ਹਨ।
ਪੋਲੈਂਡ ਪਹਿਲਾ ਅਜਿਹਾ ਦੇਸ਼ ਹੈ ਜਿਸਨੇ ਰਸਮੀ ਤੌਰ ਤੇ ਮੌਨਸੈਂਟੋ ਦੀ ਜੀਨ ਪਰਿਵਰਤਿਤ ਮੱਕੀ ਅਤੇ ਮੱਖੀਆਂ ਦੀਆਂ ਕਲੋਨੀਆਂ ਦੇ ਡਿੱਗਣ (ਕਲੋਨੀ ਕੋਲੈਪਸ ਡਿਸਾਸਟਰ) ਵਿਚਕਾਰ ਸੰਬੰਧਾਂ ਬਾਰੇ ਸਵੀਕਾਰ ਕੀਤਾ ਹੈ। ਇਹ ਦੁਨੀਆ ਭਰ ਵਿੱਚ ਮਧੂਮੱਖੀਆਂ ਲਈ ਖ਼ਤਰਾ ਹੈ ਪਰ ਅਜਿਹਾ ਲੱਗਦਾ ਹੈ ਕਿ ਮੌਨਸੈਂਟੋ ਨੂੰ ਪਤਾ ਸੀ ਕਿ ਉਸਦੀ ਜੀ ਐੱਮ ਮੱਕੀ ਕਾਰਨ ਮਧੂਮੱਖੀਆਂ ਨੂੰ ਕੀ ਨੁਕਸਾਨ ਹੋਵੇਗਾ। ਬਾਇਓਟੈੱਕ ਦੈਂਤ ਨੇ ਪਿੱਛੇ ਜਿਹੇ ਸੀ ਸੀ ਡੀ (ਕਲੋਨੀ ਕੋਲੈਪਸ ਡਿਸਾਸਟਰ) ਰਿਸਰਚ ਫਰਮ ਬੀਓਲੌਜਿਕਸ ਖਰੀਦੀ ਹੈ ਜਿਸ ਉੱਪਰ ਸਰਕਾਰੀ ਏਜੰਸੀਆਂ ਜਿਹਨਾਂ ਵਿੱਚ ਅਮਰੀਕਾ ਦਾ ਖੇਤੀਬਾੜੀ ਵਿਭਾਗ ਵੀ ਸ਼ਾਮਿਲ ਹੈ, ਮਧੂਮੱਖੀਆਂ ਦੇ ਲਾਪਤਾ ਹੋਣ ਦੇ ਰਹੱਸ ਬਾਰੇ ਪਤਾ ਲਗਾਉਣ ਲਈ ਨਿਰਭਰ ਸੀ।  ਹੁਣ, ਜਦਕਿ ਇਹ ਫਰਮ ਮੌਨਸੈਂਟੋ ਦੀ ਮਾਲਕੀਅਤ ਹੈ,ਤਾਂ ਸਹਿਜੇ ਹੀ ਕਿਆਸ ਲਗਾਇਆ ਜਾ ਸਕਦਾ ਹੈ ਕਿ ਅੱਗੇ ਕੀ ਹੋਵੇਗਾ?
ਇੱਕ ਜਰਮਨ ਅਧਿਐਨ ਵਿੱਚ, ਜਦ ਮਧੂਮੱਖੀਆਂ ਨੂੰ ਜੀ ਐੱਮ ਕੈਨੋਲਾ ਦੇ ਖੇਤ ਵਿੱਚ ਛੱਡਿਆ ਗਿਆ, ਫਿਰ ਕੈਨੋਲਾ ਦਾ ਪਰਾਗ ਯੁਵਾ ਮਧੂਮੱਖੀਆਂ ਨੂੰ ਖਵਾਇਆ ਗਿਆ, ਵਿਗਿਆਨਕਾਂ ਨੂੰ ਯੁਵਾ ਮਧੂਮੱਖੀਆਂ ਜਿੰਨਾ ਨੂੰ ਜੀ ਐੱਮ ਕੈਨੋਲਾ ਦੇ ਖੇਤ ਵਿੱਚ ਲਿਜਾਇਆ ਗਿਆ ਸੀ, ਦੀਆਂ ਆਂਦਰਾਂ ਵਿੱਚ ਜੀਨ ਪਰਿਵਰਤਿਤ ਬੈਕਟੀਰੀਆ ਮਿਲਿਆ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪਰਾਗ ਵਿਚਲਾ ਜੀ ਐਮ ਡੀ ਐੱਨ ਏ ਪਾਚਨ ਤੰਤਰ ਦੁਆਰਾ ਮਧੂਮੱਖੀਆਂ ਵਿੱਚ ਜਾ ਸਕਦਾ ਹੈ।
ਮੌਨਸੈਂਟੋ ਕੰਪਨੀ ਦੇ ਜੀਨ ਪਰਿਵਰਤਿਤ ਮੱਕੀ ਤੋਂ ਬਣਾਏ ਹੋਏ 'ਹਾਈ ਫਰੋਕਟੋਜ਼ ਕਾਰਨ ਸਿਰਪ' ਦਾ ਇਸਤੇਮਾਲ ਮਧੂਮੱਖੀ ਪਾਲਕਾਂ ਨੇ ਆਪਣੀਆਂ ਮਧੂਮੱਖੀਆਂ ਦੀ ਖੁਰਾਕ ਵੱਜੋਂ ਸ਼ੁਰੂ ਕੀਤਾ। ਫਰੋਕਟੋਜ਼ ਸ਼ਹਿਦ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ ਜਿਸਨੂੰ ਮਧੂਮੱਖੀਆਂ ਫੁੱਲਾਂ  ਤੋਂ ਲੈਂਦੀਆਂ ਹਨ। ਮਧੂਮੱਖੀ ਪਾਲਕ ਬਾਜ਼ਾਰ ਵਿੱਚ ਮਿਲਣ ਵਾਲੇ ਫਰੋਕਟੋਜ਼ ਨੂੰ ਮਧੂਮੱਖੀਆਂ ਲਈ ਫੀਡ ਦੇ ਤੌਰ 'ਤੇ ਇਸਤੇਮਾਲ ਕਰਦੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇੱਕ ਤਾਂ ਇਹ ਫੀਡ ਜੀ ਐੱਮ ਮੱਕੀ ਤੋਂ ਬਣਾਈ ਗਈ ਸੀ ਅਤੇ ਦੂਜ਼ਾ ਉਸ ਮੱਕੀ ਉੱਤੇ ਬਾਇਰ ਕੰਪਨੀ ਦੇ ਨਿਓਨੀਕੋਟੀਨੌਇਡ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਗਿਆ ਸੀ।
2004-05 ਵਿੱਚ ਵਾਤਵਾਰਣ ਸੰਰੱਖਿਅਕ ਏਜੰਸੀ ਵੱਲੋਂ ਬਾਜ਼ਾਰ ਵਿੱਚ ਇਹਨਾਂ ਨਵੇਂ ਕੀਟਨਾਸ਼ਕਾਂ ਨੂੰ ਇਜ਼ਾਜ਼ਤ ਦੇਣ ਦੇ ਇੱਕ ਸਾਲ ਸਾਅਦ ਤੋਂ ਅਮਰੀਕਾ ਵਿੱਚ ਮਧੂਮੱਖੀਆਂ ਦੀਆਂ ਕਲੋਨੀਆਂ ਗਾਇਬ ਹੋਣੀਆ ਸ਼ੁਰੂ ਹੋ ਗਈਆ। ਇੱਥੋਂ ਤੱਕ ਕਿ ਖੁਦ ਵਾਤਵਾਰਣ ਸੰਰੱਖਿਅਕ ਏਜੰਸੀ  ਸਵੀਕਾਰ ਕਰਦੀ ਹੈ ਕਿ ਕੀਟਨਾਸ਼ਕਾਂ ਦਾ ਜ਼ਹਿਰੀਲਾਪਣ ਮਧੂਮੱਖੀਆਂ ਦੀਆਂ ਕਲੋਨੀਆਂ ਦੇ ਪਤਨ ਦਾ ਪ੍ਰਮੁੱਖ ਕਾਰਨ ਬਣ ਰਿਹਾ ਹੈ।
ਇਹਨਾਂ ਕੀਟਨਾਸ਼ਕਾਂ ਦਾ ਇੱਕ ਪ੍ਰਭਾਵ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਦੇ ਕਾਰਨ ਮਧੂਮੱਖੀਆਂ ਦੀ ਪ੍ਰਤੀਰੱਖਿਆ ਪ੍ਰਣਾਲੀ ਕਮਜ਼ੋਰ ਹੋ ਗਈ ਹੈ। ਭੋਜਨ ਲਿਆਉਣ ਵਾਲੀਆਂ ਮਧੂਮੱਖੀਆਂ ਦੁਆਰਾ ਕੀਟਨਾਸ਼ਕ ਯੁਕਤ ਪਰਾਗ ਛੱਤੇ ਵਿੱਚ ਲਿਆਂਦਾ ਜਾਂਦਾ ਹੈ ਜਿਸਨੂੰ ਕਿ ਸਾਰੀਆਂ ਮਧੂਮੱਖੀਆਂ ਦੁਆਰਾ ਖਾਧਾ ਜਾਂਦਾ ਹੈ। ਛੇ ਮਹੀਨੇ ਬਾਅਦ, ਇਹਨਾਂ ਦੀ ਪ੍ਰਤੀਰੱਖਿਆ ਪ੍ਰਣਾਲੀ ਫੇਲ ਹੋ ਜਾਂਦੀ ਹੈ ਅਤੇ ਉਹ ਕੁਦਰਤੀ ਮਧੂਮੱਖੀ ਸੰਕ੍ਰਮਣ ਜਿਵੇਂ ਪਰਜੀਵੀ, ਕਣ, ਵਾਇਰਸ, ਉੱਲੀ ਅਤੇ ਬੈਕਟੀਰੀਆ ਦਾ ਸ਼ਿਕਾਰ ਹੋ ਜਾਂਦੀਆਂ ਹਨ। ਦਰਅਸਲ, ਉਹਨਾਂ ਦੇ ਛੱਤਿਆਂ ਵਿੱਚ ਸੰਕ੍ਰਮਣ ਫੈਲਾਉਣ ਵਾਲੇ ਵੈਰੋਰਾ ਮਾਈਟਸ, ਨੋਸੇਮਾ, ਫੰਗਲ ਅਤੇ ਬੈਕਟੀਰੀਆ ਸੰਕ੍ਰਮਣ ਵੱਡੀ ਸੰਖਿਆ ਵਿੱਚ ਮਿਲੇ ਹਨ।
ਇਕੱਲੇ ਅਮਰੀਕਾ ਵਿੱਚ ਨਿਓਨੀਕੋਟੀਨੌਇਡ ਜਿੰਨਾ ਨੂੰ ਨਿਓਨਿਕਸ ਵੀ ਕਹਿੰਦੇ ਹਨ, ਕੀਟਨਾਸ਼ਕਾਂ ਦਾ ਛਿੜਕਾਅ ਮੱਕੀ, ਕਣਕ, ਸੋਇਆ ਅਤੇ ਕਪਾਹ ਵਾਲੇ 142 ਮਿਲੀਅਨ ਏਕੜ ਉੱਤੇ ਛਿੜਕਿਆ ਜਾਂਦਾ ਹੈ। ਇਹ ਘਰੇਲੂ ਬਗੀਚੀ ਲਈ ਇਸਤੇਮਾਲ ਹੋਣ ਵਾਲੇ ਉਤਪਾਦਾਂ ਦਾ ਵੀ ਇੱਕ ਹਿੱਸਾ ਹੈ। ਨਿਓਨਿਕਸ ਪੌਦੇ ਦੇ ਨਾੜੀ ਤੰਤਰ ਵੱਲੋ ਅਵਸ਼ੋਸ਼ਿਤ ਕਰ ਲਿਆ ਜਾਂਦਾ ਹੈ ਅਤੇ ਇਹ ਜ਼ਹਿਰ ਉਸ ਪਰਾਗ ਅਤੇ ਰਸ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ ਜਿਹਨੂੰ ਕਿ ਮਧੂਮੱਖੀਆਂ ਪੀਂਦੀਆਂ ਹਨ। ਨਿਓਨਿਕਸ ਇੱਕ ਅਜਿਹਾ ਜ਼ਹਿਰ ਹੈ ਜੋ ਤੰਤ੍ਰਿਕਾ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਅਤੇ ਆਪਣੇ ਸ਼ਿਕਾਰ ਨੂੰ ਭ੍ਰਮਿਤ ਕਰਕੇ ਉਸਨੂੰ ਬੇਸੁੱਧ ਕਰ ਦਿੰਦਾ ਹੈ। ਇਸ ਨਾਲ ਮਧੂਮੱਖੀਆਂ ਦੀ ਘਰ ਬਣਾਉਣ ਦੀ ਸ਼ਕਤੀ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਮਧੂਮੱਖੀਆਂ ਦੀ ਦੂਰ-ਦੁਰਾਡੇ ਤੋਂ ਪਰਾਗ ਇਕੱਠੇ ਕਰਕੇ ਆਪਣੇ ਛੱਤੇ ਵਿੱਚ ਵਾਪਸ ਆਉਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਅਤੇ ਉਹ ਆਪਣੇ ਛੱਤੇ ਤੋਂ ਬਾਹਰ ਹੀ ਮਰ ਜਾਂਦੀਆਂ ਹਨ।
ਇਹ ਮਸ਼ਹੂਰ ਜਰਨਲ ਸਾਇੰਸ ਵਿੱਚ ਛਪੀ ਖੋਜ ਉੱਪਰ ਆਧਾਰਿਤ ਰਿਪੋਰਟ ਹੈ। ਇਸ ਤੋਂ ਇਲਾਵਾ ਇੱਕ ਹੋਰ ਖੋਜ ਅਮਰੀਕਾ ਦੇ ਇੰਡੀਆਨਾ ਸੂਬੇ ਦੀ ਪੁਰਡਿਊ ਯੂਨੀਵਰਸਿਟੀ ਦੇ ਕੀਟ ਵਿਗਿਆਨ ਦੇ ਵਿਗਿਆਨਕਾਂ ਨੇ ਕੀਤੀ ਜਿਸ ਵਿੱਚ ਉਹਨਾਂ ਨੇ ਪਾਇਆ ਕਿ ਨਿਓਨਿਕਸ ਕੀਟਨਾਸ਼ਕ ਨਾਲ ਭਰੀ ਧੂੜ ਪੌਦਿਆਂ ਨੂੰ ਲਗਾਉਣ ਦੇ ਸਮੇਂ ਛੱਡੀ ਜਾਵੇ ਤਾਂ ਉਹ ਮਧੂਮੱਖੀਆਂ ਲਈ ਮਾਰਕ ਸਿੱਧ ਹੁੰਦੀ ਹੈ ਅਤੇ ਇਹ ਪਾਇਆ ਗਿਆ ਕਿ ਇਸਦਾ ਅਸਰ ਉਹਨਾਂ ਦੇ ਛੱਤੇ ਬਣਾਉਣ ਦੀ ਸ਼ਕਤੀ ਖਤਮ ਹੋਣ ਦੇ ਨਾਲ ਹੈ। ਇੱਕ ਤੀਸਰੀ ਖੋਜ ਅਮਰੀਕਾ ਦੇ ਹੀ ਮਸ਼ਹੂਰ ਹਾਰਵਰਡ ਸਕੂਲ ਆਫ ਪਬਲਿਕ ਹੈਲਥ ਦੇ ਵਿਗਿਆਨੀਆਂ ਨੇ ਬਾਕਾਇਦਾ ਇਹ ਤਜ਼ਰਬਾ ਕਰਕੇ ਦੇਖਿਆ ਕਿ ਜੇ ਨਿਓਨਿਕਸ ਕੀਟਨਾਸ਼ਕ ਐਮੀਡਾਕਲੋਪਰਿਡ ਅੱਤ ਮਾਮੂਲੀ ਮਾਤਰਾ ਵਿੱਚ ਵੀ ਮਧੂਮੱਖੀਆਂ ਦੇ ਸੰਪਰਕ ਵਿੰਚ ਆਵੇ ਤਾਂ 'ਕਾਲੋਨੀ ਕੋਲੈਪਸ ਡਿਸਆਰਡਰ ਹੋਣ ਕਰਕੇ ਮਧੂਮੱਖੀਆਂ ਦੇ ਛੱਤੇ ਨਸ਼ਟ ਹੋ ਜਾਂਦੇ ਹਨ

ਕੰਪਨੀਆਂ ਦਾ ਪਾਣੀ ਤੋਂ ਕਮਾਈ ਦਾ ਕਰੂਰ ਜਾਲ

                                                                                                                                             ਡਾ. ਰਾਜੇਸ਼ ਕਪੂਰ
                                                                                                                                      ਪਰੰਪਰਿਕ ਚਿਕਿਤਸਕ
ਭਾਰਤ ਸਰਕਾਰ ਦੇ ਵਿਚਾਰ ਦੀ ਦਿਸ਼ਾ, ਕਾਰਜ ਅਤੇ ਚਰਿੱਤਰ ਨੂੰ ਸਮਝਣ ਦੇ ਲਈ 'ਰਾਸ਼ਟਰੀ ਜਲ ਨੀਤੀ- 2012' ਇੱਕ ਪ੍ਰਮਾਣਿਕ ਦਸਤਾਵੇਜ਼ ਹੈ। ਇਸ ਦਸਤਾਵੇਜ਼ ਤੋਂ ਸਪੱਸ਼ਟ ਰੂਪ ਨਾਲ ਸਮਝ ਆ ਜਾਂਦਾ ਹੈ ਕਿ ਸਰਕਾਰ ਦੇਸ਼ ਹਿੱਤ ਵਿੱਚ ਨਹੀਂ, ਸਗੋਂ ਵੱਡੀਆਂ ਕੰਪਨੀਆਂ ਅਤੇ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਦੇਸ਼ ਦੀ ਸੰਪਦਾ ਦੀ ਅਸੀਮਿਤ ਲੁੱਟ ਬੜੀ ਕਰੂਰਤਾ ਨਾਲ ਚੱਲ ਰਹੀ ਹੈ। ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਆਮ ਆਦਮੀ ਪਾਣੀ ਜਿਹੀ ਮੂਲਭੂਤ ਜ਼ਰੂਰਤ ਦੇ ਲਈ ਤਰਸ ਜਾਏਗਾ। ਖੇਤੀ ਤਾਂ ਕੀ ਪੀਣ ਦਾ ਪਾਣੀ ਤੱਕ ਦੁਰਲੱਭ ਹੋ ਜਾਏਗਾ।
29 ਫਰਵਰੀ ਤੱਕ ਇਸ ਨੀਤੀ ਉੱਪਰ ਸੁਝਾਅ ਮੰਗੇ ਗਏ ਸਨ। ਸ਼ਾਇਦ ਹੀ ਕਿਸੇ ਨੂੰ ਇਸ ਬਾਰੇ ਪਤਾ ਚੱਲਿਆ ਹੋਵੇ। ਉਦੇਸ਼ ਵੀ ਇਹੀ ਰਿਹਾ ਹੋਏਗਾ ਕਿ ਪਤਾ ਨਾ ਚੱਲੇ ਅਤੇ ਰਸਮ ਪੂਰੀ ਹੋ ਜਾਵੇ। ਹੁਣ ਜਲ ਆਯੋਗ ਇਸਨੂੰ ਲਾਗੂ ਕਰਨ ਦੇ ਲਈ ਸੁਤੰਤਰ ਹੈ ਅਤੇ ਸ਼ਾਇਦ ਲਾਗੂ ਕਰ ਵੀ ਚੁੱਕਿਆ ਹੋਵੇ। ਇਸ ਨੀਤੀ ਦੇ ਲਾਗੂ ਹੋਣ ਨਾਲ ਪੈਦਾਹੋਣ ਵਾਲੀ ਭਿਆਨਕ ਸਥਿਤੀ ਦਾ ਕੇਵਲ ਅਨੁਮਾਨ ਹੀ ਲਗਾਇਆ ਜਾ ਸਕਦਾ ਹੈ। ਵਿਸ਼ਵ ਵਿੱਚ ਜਿੰਨਾਂ ਦੇਸ਼ਾਂ ਵਿੱਚ ਜਲ ਦੇ ਨਿੱਜੀਕਰਨ ਦੀ ਇਹ ਨੀਤੀ ਲਾਗੂ ਹੋਈ ਹੈ ਉਸਦੇ ਕਈ ਉਦਾਹਰਣ ਉਪਲਬਧ ਹਨ।
ਲੈਟਿਨ ਅਮਰੀਕਾ ਅਤੇ ਅਫਰੀਕਾ ਦੇ ਜਿੰਨਾਂ ਦੇਸ਼ਾਂ ਵਿੱਚ ਅਜਿਹੀ ਨੀਤੀ ਲਾਗੂ ਕੀਤੀ ਗਈ ਉੱਥੇ ਜਨਤਾ ਨੂੰ ਕੰਪਨੀਆਂ ਤੋਂ ਜਲ ਦੀ ਖਰੀਦਣ ਲਈ ਮਜਬੂਰ ਕਰਨ ਵਾਸਤੇ ਖੁਦ ਦੀ ਜ਼ਮੀਨ ਉੱਤੇ ਖੂਹ ਖੋਦਣ ਉੱਪਰ ਵੀ ਪਾਬੰਦੀ ਲਗਾ ਦਿੱਤੀ ਗਈ।
ਬੋਲੀਵੀਆ ਵਿੱਚ ਤਾਂ ਘਰ ਦੀ ਛੱਤ ਉੱਪਰ ਵਰ੍ਹੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਤੱਕ ਦੇ ਲਈ ਬੈਕਟੇਲ (ਅਮਰੀਕਨ ਕੰਪਨੀ) ਅਤੇ ਇਤਾਲਵੀ (ਅੰਤਰਾਸ਼ਟਰੀ ਜਲ ਕੰਪਨੀ) ਨੇ ਪਰਮਿਟ ਵਿਵਸਥਾ ਲਾਗੂ ਕੀਤੀ ਹੋਈ ਹੈ। ਸਰਕਾਰ ਦੇ ਨਾਲ ਇਹ ਕੰਪਨੀਆਂ ਇਸ ਪ੍ਰਕਾਰ ਦੇ ਸਮਝੌਤੇ ਕਰਦੀਆਂ ਹਨ ਕਿ ਉਹਨਾਂ ਦੇ ਬਰਾਬਰ ਕੋਈ ਹੋਰ ਜਲ ਵਿਤਰਣ ਨਹੀਂ ਕਰੇਗਾ। ਕਈ ਸਮਝੌਤਿਆਂ ਵਿੱਚ ਵਿਅਕਤੀਗਤ ਜਾਂ ਸਾਰਵਜਨਿਕ ਨਲਕਿਆਂ ਨੂੰ ਗਹਿਰਾ ਕਰਨ ਉੱਪਰ ਪਾਬੰਦੀ ਲਾਉਣ ਦੀ ਵੀ ਸ਼ਰਤ ਹੁੰਦੀ ਹੈ।
ਅੰਤਰਾਸ਼ਟਰੀ ਸ਼ਕਤੀਸ਼ਾਲੀ ਵਿੱਤੀ ਸੰਗਠਨਾਂ ਦੁਆਰਾ ਵਿਸ਼ਵ ਦੇ ਦੇਸ਼ਾਂ ਨੂੰ ਜਲ ਦੇ ਨਿੱਜੀਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਇੱਕ ਅਧਿਐਨ ਅਨੁਸਾਰ ਸੰਨ 2000 ਵਿੱਚ ਅੰਤਰਾਸ਼ਟਰੀ ਮੁਦਰਾ ਕੋਸ਼ ਦੁਆਰਾ (ਅੰਤਰਾਸ਼ਟਰੀ ਵਿੱਤੀ ਨਿਗਮਾਂ ਦੇ ਮਾਧਿਅਮ ਨਾਲ) ਕਰਜ਼ ਦਿੰਦੇ ਸਮੇਂ 12 ਮਾਮਲਿਆਂ ਵਿੱਚ ਜਲ ਆਪੂਰਤੀ ਦੇ ਪੂਰਨ ਜਾਂ ਅੰਸ਼ਿਕ ਨਿੱਜੀਕਰਨ ਦੀ ਜ਼ਰੂਰਤ ਦੱਸੀ ਗਈ। ਪੂਰਨ ਲਾਗਤ ਵਸੂਲੀ ਅਤੇ ਸਬਸਿਡੀ ਖਤਮ ਕਰਨ ਲਈ ਵੀ ਕਿਹਾ ਗਿਆ। ਇਸੇ ਤਰ੍ਹਾ ਸੰਨ 2001 ਵਿੱਚ ਵਿਸ਼ਵ ਬੈਂਕ ਦੁਆਰਾ 'ਜਲ ਅਤੇ ਸਫਾਈ' ਦੇ ਲਈ ਮਨਜ਼ੂਰ ਕੀਤੇ ਗਏ ਕਰਜ਼ਿਆਂ ਵਿੱਚੋਂ 40 ਪ੍ਰਤੀਸ਼ਤ ਵਿੱਚ ਜਲ ਆਪੂਰਤੀ ਦੇ ਨਿੱਜੀਕਰਨ ਦੀ ਸਪੱਸ਼ਟ ਸ਼ਰਤ ਰੱਖੀ ਗਈ।
ਭਾਰਤ ਵਿੱਚ ਇਸਦੀ ਗੁਪਚੁਪ ਤਿਆਰੀ ਕਾਫੀ ਸਮੇਂ ਤੋਂ ਚੱਲ ਰਹੀ ਲੱਗਦੀ ਹੈ ਇਸੇ ਕਰਕੇ ਤਾਂ ਅਨੇਕ ਨਵੇਂ ਕਾਨੂੰਨ ਬਣਾਏ ਗਏ ਹਨ। ਮਹਾਂਨਗਰਾਂ ਵਿੱਚ ਜਲ ਬੋਰਡ ਦਾ ਗਠਨ, ਭੂਮੀਗਤ ਜਲ ਪ੍ਰਯੋਗ ਦੇ ਲਈ ਨਵਾਂ ਕਾਨੂੰਨ, ਜਲ ਸੰਸਾਧਨ ਦੇ ਸੰਰੱਖਿਅਣ ਦਾ ਕਾਨੂੰਨ, ਉਦਯੋਗਾਂ ਨੂੰ ਜਲ ਆਪੂਰਤੀ ਦੇ ਲਈ ਕਾਨੂੰਨ ਆਦਿ ਅਤੇ ਹੁਣ 'ਰਾਸ਼ਟਰੀ ਜਲ ਨੀਤੀ 2012।'
ਇਹਨਾਂ ਅੰਤਰਾਸ਼ਟਰੀ ਨਿਗਮਾਂ ਦੀ ਨਜ਼ਰ ਭਾਰਤ ਤੋਂ ਕਿਸੇ ਵੀ ਤਰੀਕੇ ਧਨ ਬਟੋਰਨ ਦੀ ਹੈ। ਭਾਰਤ ਵਿੱਚ ਜਲ ਦੇ ਨਿੱਜੀਕਰਨ ਨਾਲ 20 ਅਰਬ ਡਾਲਰ ਦੀ ਵਾਰਸ਼ਿਕ ਕਮਾਈ ਦਾ ਅਨੁਮਾਨ ਹੈ। ਸਿੱਖਿਆ, ਸਿਹਤ, ਜਲ ਆਪੂਰਤੀ ਜਿਹੀਆਂ ਮੂਲਭੂਤ ਜ਼ਰੂਰਤਾਂ ਦੇ ਵਪਾਰੀਕਰਨ ਦੀ ਭੂਮਿਕਾ ਬਣਾਉਂਦੇ ਹੋਏ ਵਿਸ਼ਵ ਬੈਂਕ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹਨਾਂ ਦੇ ਲਈ 'ਸਿਵਿਲ ਇਨਫਰਾਸਟ੍ਰਕਚਰ (ਸੰਸਥਾਗਤ ਢਾਂਚਾ) ਬਣਾਇਆ ਜਾਵੇ ਅਤੇ ਇਹਨਾਂ ਨੂੰ ਬਾਜ਼ਾਰ ਉੱਪਰ ਆਧਾਰਿਤ ਬਣਾਇਆ ਜਾਵੇ। ਭਾਵ ਇਹਨਾਂ ਸੇਵਾਵਾਂ ਉੱਪਰ ਕਿਸੇ ਪ੍ਰਕਾਰ ਦੀ ਸਬਸਿਡੀ ਨਾ ਦਿੰਦੇ ਹੋਏ ਲਾਗਤ ਅਤੇ ਲਾਭ ਦੇ ਆਧਾਰ ਉੱਪਰ ਇਹਨਾਂ ਦਾ ਮੁੱਲ ਨਿਰਧਾਰਿਤ ਹੋਵੇ। ਇਹਨਾਂ ਸੇਵਾਵਾਂ ਦੇ ਲਈ ਵਿਦੇਸ਼ੀ ਨਿਵੇਸ਼ ਦੀ ਖੁੱਲ ਦੇਣ ਲਈ ਵੀ ਮਜਬੂਰ ਕੀਤਾ ਜਾਂਦਾ ਹੈ। ਕੰਪਨੀਆਂ ਦਾ ਅਨੁਮਾਨ ਹੈ ਕਿ ਭਾਰਤ ਵਿੱਚ ਇਹਨਾਂ ਤਿੰਨ ਸੇਵਾਵਾਂ ਤੋਂ ਉਹਨਾਂ ਨੂੰ 100 ਖਰਬ ਡਾਲਰ ਦਾ ਲਾਭਕਾਰੀ ਬਾਜ਼ਾਰ ਪ੍ਰਾਪਤ ਹੋਵੇਗਾ।
ਲਾਗਤ ਅਤੇ ਲਾਭ ਨੂੰ ਜੋੜ ਕੇ ਪਾਣੀ ਦਾ ਮੁੱਲ ਨਿਰਧਾਰਿਤ ਕੀਤਾ ਗਿਆ  (ਅਤੇ ਉਹ ਵੀ ਵਿਦੇਸ਼ੀ ਕੰਪਨੀਆਂ ਦੁਆਰਾ) ਤਾਂ ਕਿਸੇ ਵੀ ਕਿਸਾਨ ਦੇ ਲਈ ਖੇਤੀ ਕਰਨਾ ਅਸੰਭਵ ਹੋ ਜਾਏਗਾ। ਇਹਨਾਂ ਹੀ ਕੰਪਨੀਆਂ ਦੇ ਦਿੱਤੇ ਬੀਜਾਂ ਨਾਲ, ਇਹਨਾਂ ਦੇ ਹੀ ਦਿੱਤੇ ਪਾਣੀ ਨਾਲ, ਇਹਨਾਂ ਦੇ ਲਈ ਹੀ ਖੇਤੀ ਕਰਨ ਤੋਂ ਇਲਾਵਾ ਹੋਰ ਕੋਈ ਉਪਾਅ ਨਹੀ ਰਹਿ ਜਾਵੇਗਾ। ਭੂਮੀ ਦਾ ਮੁੱਲ ਦਿੱਤੇ ਬਿਨਾਂ ਇਹ ਕੰਪਨੀਆਂ ਲੱਖਾਂ, ਕਰੋੜਾਂ ਏਕੜ ਖੇਤੀ ਭੂਮੀ ਦੀ ਮਾਲਕੀ ਸਰਲਤਾ ਨਾਲ ਪ੍ਰਾਪਤ ਕਰ ਸਕਣਗੀਆਂ।
ਇਸ ਨੀਤੀ ਦੇ ਬਿੰਦੂ ਕ੍ਰਮ 7.1 ਅਤੇ 7.2 ਤੋਂ ਸਰਕਾਰ ਦੀ ਨੀਅਤ ਸਾਫ ਹੋ ਜਾਂਦੀ ਹੈ ਕਿ ਉਹ ਭਾਰਤ ਦੇ ਜਲ ਸੰਸਾਧਨਾਂ ਉੱਪਰ ਜਨਤਾ ਦੇ ਹਜ਼ਾਰਾਂ ਸਾਲ ਤੋਂ ਚੱਲੇ ਆ ਰਹੇ ਅਧਿਕਾਰ ਨੂੰ ਸਮਾਪਤ ਕਰਕੇ ਕਾਰਪੋਰੇਸ਼ਨਾਂ ਅਤੇ ਵੱਡੀਆਂ ਕੰਪਨੀਆਂ ਨੂੰ ਵੇਚਣਾ ਚਾਹੁੰਦੀ ਹੈ। ਫਿਰ ਇਹ ਕੰਪਨੀਆਂ ਜਨਤਾ ਤੋਂ ਮਨਚਾਹਿਆ ਮੁੱਲ ਵਸੂਲ ਸਕਣਗੀਆਂ। ਜੀਵਿਤ ਰਹਿਣ ਦੀ ਮੂਲਭੂਤ ਜ਼ਰੂਰਤ ਨੂੰ ਜਨ-ਜਨ ਨੂੰ ਉਪਲਬਧ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਕੇ ਉਸਤੋਂ ਵਪਾਰ ਅਤੇ ਲਾਭ ਕਮਾਉਣ ਦੀ ਸਪੱਸ਼ਟ ਘੋਸ਼ਣਾ ਇਸ ਖਰੜੇ ਵਿੱਚ ਹੈ।
ਉੱਪਰਲਿਖਿਤ ਧਾਰਾਵਾਂ ਵਿੱਚ ਕਿਹਾ ਗਿਆ ਹੈ ਕਿ ਜਲ ਦਾ ਮੁੱਲ ਨਿਰਧਾਰਣ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨ ਦੀ ਦ੍ਰਿਸ਼ਟੀ ਤੋਂ ਕੀਤਾ ਜਾਣਾ ਚਾਹੀਦਾ ਹੈ। ਲਾਭ ਪ੍ਰਾਪਤ ਕਰਨ ਦੇ ਲਈ ਜ਼ਰੂਰਤ ਪੈਣ ਤੇ ਜਲ ਉੱਪਰ ਸਰਕਾਰੀ ਨਿਯੰਤ੍ਰਣ ਦੀ ਨੀਤੀ ਅਪਣਾਈ ਜਾਣੀ ਚਾਹੀਦੀ ਹੈ। ਭਾਵ ਜਲ ਉੱਪਰ ਜਦੋਂ ਚਾਹੇ, ਜਿੱਥੇ ਚਾਹੇ, ਸਰਕਾਰ ਜਾਂ ਠੇਕਾ ਪ੍ਰਾਪਤ ਕਰ ਚੁੱਕੀ ਕੰਪਨੀ ਅਧਿਕਾਰ ਕਰ ਸਕਦੀ ਹੈ। ਹਾਲੇ ਸ਼ਾਇਦ ਇਸ ਸਭ ਉੱਪਰ ਤੁਹਾਨੂੰ ਵਿਸ਼ਵਾਸ਼ ਨਾ ਹੋਵੇ ਪਰ ਸਪੱਸ਼ਟ ਪ੍ਰਮਾਣ ਹਨ ਕਿ ਇਸੇ ਤਰ੍ਹਾ  ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਇੱਕ ਭਿਆਨਕ ਸਥਿਤੀ ਹੋਵੇਗੀ।
ਪ੍ਰਸਤਾਵ ਦੀ ਧਾਰਾ 7.2 ਕਹਿੰਦੀ ਹੈ ਕਿ ਜਲ ਦੇ ਲਾਭਕਾਰੀ ਮੁੱਲ ਦੇ ਨਿਰਧਾਰਣ ਦੇ ਲਈ ਪ੍ਰਸ਼ਾਸਨਿਕ ਖਰਚੇ, ਰੱਖ-ਰੱਖਾਅ ਦੇ ਸਾਰੇ ਖਰਚੇ ਇਸ ਵਿੱਚ ਜੋੜੇ ਜਾਣੇ ਚਾਹੀਦੇ ਹਨ।
ਨੀਤੀ ਦੇ ਬਿੰਦੂ ਕ੍ਰਮ 2.2 ਦੇ ਅਨੁਸਾਰ ਜ਼ਮੀਨ ਦੇ ਮਾਲਕ ਦੇ ਜ਼ਮੀਨ ਹੇਠੋਂ ਕੱਢੇ ਪਾਣੀ ਕੱਢਣ ਦੇ ਅਧਿਕਾਰ ਨੂੰ ਖਤਮ ਕਰਨ ਦਾ ਪ੍ਰਸਤਾਵ ਹੈ। ਭਾਵ ਅੱਜ ਤੱਕ ਆਪਣੀ ਜ਼ਮੀਨ ਹੇਠਲੇ ਪਾਣੀ ਦੇ ਪ੍ਰਯੋਗ ਦਾ ਜੋ ਮੌਲਿਕ ਅਧਿਕਾਰ  ਕਿਸਾਨਾਂ ਸਮੇਤ ਸਮੂਹ ਭਾਰਤੀਆਂ ਨੂੰ ਪ੍ਰਾਪਤ ਸੀ, ਹੁਣ ਉਸਨੂੰ ਜਲ ਆਯੋਗ ਜਾਂ ਕੰਪਨੀ ਸਮਾਪਤ ਕਰ ਸਕਦੇ ਹਨ ਅਤੇ ਉਸ ਜਲ ਨੂੰ ਪ੍ਰਯੋਗ ਕਰਨ ਦੇ ਲਈ ਫੀਸ ਲੈ ਸਕਦੇ ਹਨ ਜਿਸਦੇ ਲਈ ਕੋਈ ਸੀਮਾ ਨਿਰਧਾਰਿਤ ਨਹੀਂ ਹੈ ਕਿ ਕਿੰਨੀ ਫੀਸ ਲਈ ਜਾਵੇਗੀ।
ਬਿੰਦੂ ਕ੍ਰਮ 13.1 ਦੇ ਅਨੁਸਾਰ ਹਰ ਰਾਜ ਵਿੱਚ ਇੱਕ ਅਥਾਰਿਟੀ ਦਾ ਗਠਨ ਹੋਣਾ ਹੈ ਜੋ ਜਲ ਨਾਲ ਸੰਬੰਧਿਤ ਨਿਯਮ ਬਣਾਉਣ, ਝਗੜੇ ਸੁਲਝਾਉਣ, ਜਲ ਦਾ ਮੁੱਲ ਨਿਰਧਾਰਣ ਜਿਹੇ ਕੰਮ ਕਰੇਗੀ। ਇਸਦਾ ਅਰਥ ਹੈ ਕਿ ਉਸਦੇ ਆਪਣੇ ਕਾਨੂੰਨ ਅਤੇ ਨਿਯਮ ਹੋਣਗੇ ਅਤੇ ਸਰਕਾਰੀ ਦਖਲ ਨਾਂ-ਮਾਤਰ ਦਾ ਰਹਿ ਜਾਏਗਾ। ਮਹਿੰਗਾਈ ਦੀ ਮਾਰ ਨਾਲ ਘੁਟਦੀ ਜਨਤਾ ਉੱਪਰ ਇੱਕ ਹੋਰ ਘਾਤਕ ਵਾਰ ਕਰਨ ਦੀ ਤਿਆਰੀ ਨਜ਼ਰ ਆ ਰਹੀ ਹੈ।
ਸੂਚਨਾਵਾਂ ਦੇ ਅਨੁਸਾਰ ਸ਼ੁਰੂ ਵਿੱਚ ਜਲ ਦੀਆਂ ਕੀਮਤਾਂ ਉੱਪਰ ਸਬਸਿਡੀ ਦਿੱਤੀ ਜਾਵੇਗੀ। ਇਸਦੇ ਲਈ ਵਿਸ਼ਵ ਬੈਂਕ, ਏਸ਼ੀਆ ਵਿਕਾਸ ਬੈਂਕ ਧਨ ਪ੍ਰਦਾਨ ਕਰਦੇ ਹਨ। ਫਿਰ ਹੌਲੀ-ਹੌਲੀ ਸਬਸਿਡੀ ਘਟਾਉਂਦੇ ਹੋਏ ਮੁੱਲ ਵਧਦੇ ਜਾਂਦੇ ਹਨ। ਪ੍ਰਸਤਾਵ ਦੀ ਧਾਰਾ 7.4 ਵਿੱਚ ਜਲ ਵਿਤਰਣ ਦੇ ਲਈ ਫੀਸ ਇਕੱਠੀ ਕਰਨ, ਉਸਦਾ ਇੱਕ ਭਾਗ ਫੀਸ ਦੇ ਰੂਪ ਵਿੱਚ ਰੱਖਣ ਆਦਿ ਤੋਂ ਇਲਾਵਾ ਉਹਨਾਂ ਨੂੰ ਕਾਨੂੰਨੀ ਅਧਿਕਾਰ ਪ੍ਰਦਾਨ ਕਰਨ ਦੀ ਵੀ ਸਿਫਾਰਿਸ਼ ਕੀਤੀ ਗਈ ਹੈ। ਅਜਿਹਾ ਹੋਣ 'ਤੇ ਤਾਂ ਪਾਣੀ ਦੇ ਪ੍ਰਯੋਗ ਨੂੰ ਲੈ ਕੇ ਇੱਕ ਵੀ ਗਲਤੀ ਹੋਣ 'ਤੇ ਕਾਨੂੰਨੀ ਕਾਰਵਾਈ ਭੁਗਤਣੀ ਪਏਗੀ। ਇਹ ਸਾਰੇ ਕਾਨੂੰਨ ਅੱਜ ਲਾਗੂ ਨਹੀਂ ਹਨ ਤਦ ਵੀ ਪਾਣੀ ਲਈ ਕਿੰਨੀ ਮਾਰਾ-ਮਾਰੀ ਹੁੰਦੀ ਹੈ। ਅਜਿਹੇ ਕਠੋਰ ਨਿਯੰਤ੍ਰਣ ਹੋਣ 'ਤੇ ਕੀ ਹੋਵੇਗਾ? ਜੋ ਗਰੀਬ ਪਾਣੀ ਨਹੀਂ ਖਰੀਦ ਸਕਣਗੇ ਉਹਨਾਂ ਦਾ ਕੀ ਹੋਵੇਗਾ? ਕਿਸਾਨ ਖੇਤੀ ਕਿਵੇਂ ਕਰਨਗੇ? ਨਦੀਆਂ ਦੇ ਜਲ ਉੱਪਰ ਵੀ ਠੇਕਾ ਲੈਣ ਵਾਲੀਆਂ ਕੰਪਨੀਆਂ ਦੇ ਪੂਰਨ ਅਧਿਕਾਰ ਦੀ ਵੀ ਤਜ਼ਵੀਜ਼ ਹੈ।  ਪਹਿਲਾਂ ਤੋਂ ਹੀ ਲੱਖਾਂ ਕਿਸਾਨ ਆਰਥਿਕ ਬਦਹਾਲੀ ਦੇ ਚਲਦਿਆਂ ਆਤਮਹੱਤਿਆ ਕਰ ਚੁੱਕੇ ਹਨ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਤਾਂ ਖੇਤੀ ਅਸੰਭਵ ਹੀ ਹੋ ਜਾਵੇਗੀ। ਅਨੇਕ ਹੋਰਨਾਂ ਦੇਸ਼ਾਂ ਦੀ ਤਰ੍ਹਾ  ਠੇਕੇ ਉੱਪਰ ਖੇਤੀ ਕਰਨ ਦੇ ਇਲਾਵਾ ਕਿਸਾਨ ਦੇ ਕੋਲ ਕੋਈ ਹੋਰ ਵਿਕਲਪ ਨਹੀਂ ਰਹਿ ਜਾਵੇਗਾ।
ਕੇਂਦਰੀ ਜਲ ਆਯੋਗ ਅਤੇ ਜਲ ਸੰਸਾਧਨ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਜਲ ਦੀ ਮੰਗ ਅਤੇ ਉਪਲਬਧਤਾ ਸੰਤੋਸ਼ਜਨਕ ਹੈ (ਲਗਭਗ 1100 ਅਰਬ ਘਨ ਮੀਟਰ)। 1093 ਅਰਬ ਘਨ ਮੀਟਰ ਜਲ ਦੀ ਜ਼ਰੂਰਤ ਸੰਨ 2025 ਤੱਕ ਹੋਣ ਤਾ ਮੰਤਰਾਲੇ ਦਾ ਅਨੁਮਾਨ ਹੈ। ਰਾਸ਼ਟਰੀ ਆਯੋਗ ਦੇ ਅਨੁਸਾਰ ਇਹ ਮੰਗ 2050 ਤੱਕ 173 ਤੋਂ 1180 ਅਰਬ ਘਨ ਮੀਟਰ ਹੋਵੇਗੀ। ਜਲ ਦੇ ਮੁੱਲ ਨੂੰ ਲਾਭਕਾਰੀ ਦਰ ਊੱਪਰ ਦੇਣ ਦੀ ਨੀਤੀ ਇੱਕ ਵਾਰ ਲਾਗੂ ਹੋ ਜਾਣ ਤੋਂ ਬਾਅਦ ਉਸਨੂੰ ਅਨਿਸ਼ਚਿਤ ਸੀਮਾ ਤੱਕ ਵਧਾਉਣ ਦੇ ਲਈ ਸੁਤੰਤਰ ਹੋ ਜਾਵੇਗੀ। ਉਹ ਆਪਣੇ ਕਰਮਚਾਰੀਆਂ ਨੂੰ ਕਿੰਨੀ ਵੀ ਜ਼ਿਆਦਾ ਤਨਖ਼ਾਹ, ਭੱਤੇ ਦੇ ਕੇ ਪਾਣੀ ਊੱਪਰ ਉਸਦਾ ਖਰਚ ਪਾਵੇ ਤਾਂ ਉਸਨੂੰ ਕੌਣ ਰੋਕੇਗਾ?
ਕੇਂਦਰ ਸਰਕਾਰ ਦੇ ਉਪਰੋਕਤ ਪ੍ਰਕਾਰ ਦੇ ਫੈਸਲਿਆਂ ਨੂੰ ਦੇਖ ਕੇ ਕੁੱਝ ਮੂਲਭੂਤ ਪ੍ਰਸ਼ਨ ਪੈਦਾ ਹੁੰਦੇ ਹਨ। ਆਖਿਰ ਇਸ ਸਰਕਾਰ ਦੀ ਨੀਅਤ ਕੀ ਕਰਨ ਦੀ ਹੈ? ਇਹ ਕਿਸਦੇ ਹਿੱਤ ਵਿੱਚ ਕੰਮ ਕਰ ਰਹੀ ਹੈ, ਦੇਸ਼ ਦੇ ਜਾਂ ਵੱਡੀਆਂ ਕੰਪਨੀਆਂ ਦੇ? ਇਸਦੀ ਵਫਾਦਾਰੀ ਇਸ ਦੇਸ਼ ਦੇ ਪ੍ਰਤੀ ਹੈ ਵੀ ਜਾਂ ਨਹੀਂ? ਨਹੀਂ ਤਾਂ ਅਜਿਹੇ ਵਿਨਾਸ਼ਕਾਰੀ ਫੈਸਲੇ ਕਿਵੇਂ ਸੰਭਵ ਹਨ? ਇੱਕ ਗੰਭੀਰ ਪ੍ਰਸ਼ਨ ਸਾਡੇ ਸਭ ਦੇ ਸਾਹਮਣੇ ਹੈ ਕਿ ਜੋ ਸਰਕਾਰ ਭਾਰਤ ਦੇ ਨਾਗਰਿਕਾਂ ਨੂੰ ਭੋਜਨ, ਸਿੱਖਿਆ, ਸਿਹਤ, ਪਾਣੀ ਜਿਹੀਆਂ ਮੂਲਭੂਤ ਜ਼ਰੂਰਤਾਂ ਦੀ ਪੂਰਤੀ ਕਰਨ ਵਿੱਚ ਖੁਦ ਨੂੰ ਅਸਮਰਥ ਦੱਸ ਰਹੀ ਹੈ, ਦੇਸ਼ ਦੇ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੀ ਹੈ, ਅਜਿਹੀ ਸਰਕਾਰ ਦੀ ਦੇਸ਼ ਨੂੰ ਜ਼ਰੂਰਤ ਕਿਉਂ ਹੈ?
ਦੱਸਣਯੋਗ ਹੈ ਕਿ ਸਰਕਾਰ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ ਦੇਸ਼ ਦੀ ਜਨਤਾ ਨੂੰ ਜਲ ਪ੍ਰਦਾਨ ਕਰਨ ਵਿੱਚ ਅਸਮਰੱਥ ਹੈ। ਉਸਦੇ ਕੋਲ ਇਸ ਲਈ ਲੋੜ ਅਨੁਸਾਰ ਸੰਸਾਧਨ ਨਹੀਂ ਹਨ। ਇਸੇ ਪ੍ਰਕਾਰ ਭੋਜਨ ਸੁਰੱਖਿਆ, ਸਿਹਤ ਸੇਵਾਵਾਂ, ਸਭ ਲਈ ਸਿੱਖਿਆ ਦਾ ਅਧਿਕਾਰ ਦੇਣ ਦੇ ਲਈ ਵੀ ਸੰਸਾਧਨਾਂ ਦੀ ਕਮੀ ਦਾ ਰੋਣਾ ਰੋਇਆ ਗਿਆ ਹੈ। ਅਤੇ ਇਹ ਸਭ ਕੰਮ ਨਿੱਜੀ ਖੇਤਰ ਨੂੰ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਅਜਿਹੇ ਵਿੱਚ ਇਸ ਸਰਕਾਰ ਦੇ ਰਹਿਣ ਦਾ ਅਰਥ ਕੀ ਹੈ? ਇਸਨੂੰ ਸੱਤਾ ਵਿੱਚ ਰਹਿਣ ਦਾ ਅਧਿਕਾਰ ਹੈ ਵੀ ਜਾਂ ਨਹੀਂ।

ਰੋਚਕ ਤੱਥ ਇਹ ਹੈ ਕਿ ਜੋ ਸਰਕਾਰ ਸੰਸਾਧਨਾਂ ਦੀ ਕਮੀ ਦਾ ਰੋਣਾ ਰੋ ਰਹੀ ਹੈ, ਸੰਨ 2005 ਤੋਂ ਲੈ ਕੇ ਸੰਨ 2012 ਤੱਕ ਇਸੇ ਸਰਕਾਰ ਦੇ ਦੁਆਰਾ 25 ਲੱਖ 74 ਹਜਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਰ ਮੁਆਫ਼ੀ ਕਾਰਪੋਰੇਸ਼ਨਾਂ ਨੂੰ ਦਿੱਤੀ ਗਈ। ਯਾਦ ਰੱਖਣ ਯੋਗ ਹੈ ਕਿ ਦੇਸ਼ ਦੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਅਤੇ ਕਾਰਪੋਰੇਸ਼ਨਾਂ ਦਾ ਇੱਕ ਸਾਲ ਦਾ ਕੁੱਲ ਬਜਟ 20 ਲੱਖ ਕਰੋੜ ਰੁਪਇਆ ਹੁੰਦਾ ਹੈ ਉਸਤੋਂ ਵੀ ਜ਼ਿਆਦਾ ਰਾਸ਼ੀ ਇਹਨਾਂ ਅਰਬਪਤੀ ਕੰਪਨੀਆਂ ਨੂੰ ਖੈਰਾਤ ਵਿੱਚ ਦੇ ਦਿੱਤੀ ਗਈ। ਸੋਨੇ ਅਤੇ ਹੀਰਿਆਂ ਉੱਤੇ ਇੱਕ ਲੱਖ ਕਰੋੜ ਰੁਪਏ ਦੀ ਕਸਟਮ ਡਿਊਟੀ ਮਾਫ਼ ਕੀਤੀ ਗਈ। ਲੱਖਾਂ ਕਰੋੜਾਂ ਦੇ ਘੋਟਾਲਿਆਂ ਦੀ ਕਹਾਣੀ ਅਲੱਗ ਤੋਂ ਹੈ। ਇਹਨਾਂ ਸਭ ਕਾਰਨਾਂ ਤੋਂ ਲੱਗਦਾ ਹੈ ਕਿ ਇਹ ਸਰਕਾਰ ਜਨਤਾ ਦੇ ਹਿੱਤਾਂ ਦੀ ਅਣਦੇਖੀ ਅੱਤ ਦੀ ਸੀਮਾ ਤੱਕ ਕਰਦੇ ਹੋਏ ਕੇਵਲ ਅਮੀਰਾਂ ਦੇ ਵਪਾਰਕ ਹਿੱਤਾਂ ਲਈ ਕੰਮ ਕਰ ਰਹੀ ਹੈ। ਅਜਿਹੇ ਵਿੱਚ ਜਾਗਰੂਕ ਭਾਰਤੀਆਂ ਦਾ ਪਹਿਲਾ ਕਰਤੱਵ ਹੈ ਕਿ ਸੱਚ ਨੂੰ ਜਾਣਨ ਅਤੇ ਆਪਣੀ ਪਹੁੰਚ ਤੱਕ ਉਸਨੂੰ ਪ੍ਰਚਾਰਿਤ ਕਰਨ। ਨਿਸ਼ਚਿਤ ਰੂਪ ਵਿੱਚ ਹੱਲ ਨਿਕਲੇਗਾ।

ਆਪਣੇ ਆਪ ਵਿੱਚ ਰਹਿਣਾ ਸਿੱਖੋ

                                                                                                                                     ਗਣੀ ਰਾਜੇਂਦਰ ਵਿਜਯ
ਮਹਾਵੀਰ ਦਾ ਦਰਸ਼ਨ ਕਹਿੰਦਾ ਹੈ ਕਿ ਸੁੱਖ ਨਾ ਪਦਾਰਥ ਵਿੱਚ ਹੈ ਅਤੇ ਨਾ ਹੀ ਉਹਦੇ ਤਿਆਗ ਜਾਂ ਭੋਗ ਵਿੱਚ ਹੈ। ਸੁੱਖ ਹੈ, ਵਿਅਕਤੀ ਦੀਆਂ ਆਪਣੀਆਂ ਪ੍ਰਵਿਰਤੀਆਂ ਵਿੱਚ। ਮਨੁੱਖ ਆਪਣੇ ਆਪ ਵਿੱਚ ਰਹਿਣਾ ਸਿੱਖ ਲਵੇ ਤਾਂ ਉਹ ਸੰਸਾਰ ਦਾ ਸਭ ਤੋਂ ਵੱਡਾ ਸੁੱਖ ਪਾ ਸਕਦਾ ਹੈ।

ਮਨੁੱਖ ਜਾਤੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- ਭਵਿੱਖਦਰਸ਼ੀ, ਵਰਤਮਾਨਦਰਸ਼ੀ ਅਤੇ ਭੂਤਕਾਲ ਦਰਸ਼ੀ। ਅਤੀਤ ਨੂੰ ਦੇਖਣਾ ਅਤੇ ਉਹਦੇ ਬਾਰੇ ਸੋਚਣਾ ਕੋਈ ਵੱਡੀ ਗੱਲ ਨਹੀਂ ਹੈ। ਆਪਣੀ ਗਤੀਵਿਧੀ ਜਾਂ ਕਾਰਜਸ਼ੈਲੀ ਨੂੰ ਮੋੜ ਦੇਣ ਲਈ ਅਤੀਤ ਦੀ ਸਮਿੱਖਿਆ ਉਪਯੋਗੀ ਹੀ ਸਕਦੀ। ਪਰੰਤੂ ਅਤੀਤ ਬਾਰੇ ਜਿਆਦਾ ਚਿੰਤਨ ਕਰਨ ਨਾਲ ਕੋਈ ਉਪਲਭਧੀ ਹੋ ਸਕਦੀ ਹੈ, ਅਜਿਹਾ ਪ੍ਰਤੀਤ ਨਹੀਂ ਹੁੰਦਾ।
ਪੈਰਾਂ ਦੇ ਅੱਗੇ ਕੋਈ ਵੀ ਦੇਖ ਸਕਦਾ ਹੈ। ਕੇ ਵਿੱਚ ਚਿੰਤਨ ਦੀ ਸਰਮਥਾ ਹੋਵੇ ਜਾਂ ਨਾ ਵਰਤਮਾਨ ਵਿੱਚ ਘਟਣ ਵਾਲੀਆਂ ਘਟਨਾਵਾਂ ਦਾ ਸਹਿਜ ਹੀ ਨਜ਼ਰ ਵਿੱਚ ਆ ਜਾਂਦੀਆਂ ਹਨ। ਮਨੁੱਖ ਨੂੰ ਛੱਡੋ ਇੱਕ ਪਸ਼ੂ ਵੀ ਵਰਤਮਾਨਜੀਵੀ ਹੋ ਸਕਦਾ ਹੈ। ਖਾਣ-ਪਾਨ, ਸੁਰੱਖਿਆ, ਬਚਾਅ ਆਦਿ ਉਸਦੇ ਸਾਰੇ ਕੰਮ ਮੌਜੂਦਾ ਇੱਛਾਵਾਂ/ਲੋੜਾਂ ਅਤੇ ਪਰਿਸਿਥੀਆਂ ਦੇ ਆਧਾਰ 'ਤੇ ਹੁੰਦੇ ਹਨ।
ਚਿੰਤਨਸ਼ੀਲ ਉਸਨੂੰ ਕਿਹਾ ਜਾਂਦਾ ਹੈ, ਜਿਹੜਾ ਭਵਿੱਖ ਨੂੰ ਦੇਖਣ ਦੇ ਸਮਰਥ ਹੁੰਦਾ ਹੈ। ਸੌ-ਪੰਜਾਹ ਸਾਲਾਂ ਦੀ ਗੱਲ ਸੋਚੇ ਬਿਨਾਂ ਕੋਈ ਵੀ ਵਿਅਕਤੀ ਕਿਸੇ ਵੱਡੀ ਯੋਜਨਾ ਨੂੰ ਆਰੰਭ ਨਹੀਂ ਕਰ ਸਕਦਾ। ਇਸ ਸੰਸਾਰ ਵਿੱਚ ਜਿੰਨੇ ਵੀ ਅਰਥਸ਼ਾਸਤਰੀ ਹੋਏ ਹਨ, ਜਿਹਨਾਂ ਨੇ ਨਵੀਆਂ ਅਰਥਨੀਤੀਆਂ ਦਾ ਪ੍ਰਵਰਤਨ ਕੀਤਾ ਹੈ। ਉਹਨਾਂ ਨੇ ਦੂਰਗਾਮੀ ਚਿੰਤਨ ਨੂੰ ਕਿਰਿਆਂਵਿਤ ਕਰਨ ਦੀ ਚੇਸ਼ਟਾ ਕੀਤੀ ਹੈ। ਸਮਾਜ ਸੁਧਾਰ ਜਾਂ ਮਨੁੱਖ ਨੂੰ ਸੁਖੀ ਬਨਾਉਣ ਦੀ ਪ੍ਰੇਰਣਾਂ ਨਾਲ ਕੀਤੇ ਗਏ ਯਤਨਾਂ ਦਾ ਸਵਾਗਤ ਵੀ ਕੀਤਾ ਜਾਂਦਾ ਹੈ। ਪਰੰਤੂ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਜਦੋਂ ਤੱਕ ਮਨੁੱਖ ਦੇ ਮਨ ਵਿੱਚ ਕੜਵਾਹਟ ਮੌਜੂਦ ਰਹੇਗੀ, ਉਹ ਸੁਖੀ ਨਹੀਂ ਹੋ ਪਾਏਗਾ।
ਧਰਮ ਅਤੇ ਮਜ਼ਹਬ ਦੋ ਅਲਗ-ਅਲਗ ਤੱਤ ਹਨ। ਧਰਮ ਸਦਾ ਚੰਗਾ ਹੁੰਦਾ ਹੈ। ਬੁਰਾਈ ਹਮੇਸ਼ਾ ਮਜ਼ਹਬਾਂ ਤੋਂ ਆਉਂਦੀ ਹੈ। ਹਰ ਧਰਮ ਆਤਮਸਾਤ ਨਹੀਂ ਹੋ ਪਾਉਂਦਾ। ਸਭ ਕੁਝ ਠੀਕ ਹੋਣ 'ਤੇ ਵੀ ਆਦਮੀ ਠੀਕ ਨਹੀਂ ਹੈ, ਤਾਂ ਕੋਈ ਕੰਮ ਠੀਕ ਨਹੀਂ ਹੁੰਦਾ। ਇਸ ਲਈ ਸਭ ਤੋਂ ਪਹਿਲਾਂ ਆਦਮੀ ਨੂੰ ਠੀਕ ਕਰਨ  ਦੀ ਜ਼ਰੂਰਤ ਹੈ, ਉਹਦੀਆਂ ਬਿਰਤੀਆਂ ਬਦਲਣ ਦੀ ਲੋੜ ਹੈ। ਕੜਵਾਹਟ ਨੂੰ ਘੱਟ ਕਰਨ ਦੀ ਲੋੜ ਹੈ।
ਕੜਵਾਹਟ ਦੇ ਆਖਰੀ ਸਿਰੇ 'ਤੇ ਲੋਭ ਬਿਰਾਜ਼ਮਾਨ ਹੈ। ਲੋਭੀ ਦੀ ਪ੍ਰੇਰਣਾ ਵਿਅਕਤੀ ਨੂੰ ਧਨ ਕਮਾਉਣ ਦੀ ਦਿਸ਼ਾ ਵਿੱਚ ਤੋਰਦੀ ਹੈ। ਇਸ ਦਿਸ਼ਾ ਦਾ ਜਿੰਨਾਂ ਜਿਆਦਾ ਵਿਸਥਾਰ ਹੁੰਦਾ ਹੈ, ਲੋਭ ਕੀ ਮਾਤਰਾ ਉੰਨੀ ਹੀ ਵਧ ਜਾਂਦੀ ਹੈ। ਜਿੰਨੀ ਖੁਸ਼ਹਾਲੀ ਉੰਨੀ ਹੀ ਤ੍ਰਿਸ਼ਣਾ। ਇਹ ਇੱਕ ਪ੍ਰਮਾਣਿਤ ਸੱਚਾਈ ਹੈ। ਕੁੱਝ ਖਾਸ ਵਿਅਕਤੀਆਂ ਦਾ ਚਿੰਤਨ ਦੂਸਰਾ ਹੀ ਹੈ। ਉਹ ਮੰਨਦੇ ਹਨ ਕਿ ਜਿਸ ਵਿਅਕਤੀ ਦੀ ਤ੍ਰਿਸ਼ਣਾ ਜਿੰਨੀ ਜਿਆਦਾ ਹੁੰਦੀ ਹੈ, ਉਹ ਉੰਨਾਂ ਹੀ ਦਰਿਦਰ ਹੁੰਦਾ ਹੈ। ਉਹ ਵਿਅਕਤੀ ਹੀ ਸਭ ਤੋਂ ਖੁਸ਼ਹਾਲ ਹੈ ਜਿਹੜਾ ਪੂਰੀ ਤਰ੍ਹਾ  ਸੰਤੁਸ਼ਟ ਰਹਿੰਦਾ ਹੈ।
ਦਰਿਦਰ ਅਤੇ ਖੁਸ਼ਹਾਲ ਦਾ ਇਹ ਪਰਿਣਾਮ ਸਪਸ਼ਟ ਕਰਦਾ ਹੈ ਕਿ ਦਰਿਦਰਤਾ ਅਤੇ ਖੁਸ਼ਹਾਲੀ ਦਾ ਸਬੰਧ ਧਨ ਤੋਂ ਨਹੀਂ ਵਿਅਕਤੀ ਦੇ ਵਿਚਾਰਾਂ ਤੋਂ ਹੈ, ਬਿਰਤੀਆਂ ਤੋਂ ਹੈ। ਇਸ ਲਈ ਬਿਰਤੀਆਂ ਅਤੇ ਵਿਚਾਰਾਂ ਨੂੰ ਦੇ ਪਰਿਸ਼ਕਾਰ ਦੀ ਲੋੜ ਹੈ।
ਅਰਥ (ਧਨ) ਜੀਵਨਯਾਪਨ ਦਾ ਸਾਧਨ ਹੈ, ਇਹ ਗੱਲ ਸਹੀ ਹੈ। ਜੇਕਰ ਉਸ ਨੂੰ ਸਾਧਨ ਵਜੋਂ ਹੀ ਸਵੀਕਾਰ ਕੀਤਾ ਜਾਂਦਾ ਤਾਂ ਅਰਥਾਰਜ਼ਨ ਦੀ ਸੀਮਾ ਦੀ ਬਣ ਜਾਂਦੀ। ਪਰੰਤੂ ਜਦੋਂ ਉਹ ਸਾਧਨ ਦੇ ਸਿੰਘਾਸਨ ਤੋਂ ਉੱਠ ਕੇ ਸਾਧਯ ਦੇ ਸਿੰਘਾਸਨ 'ਤੇ ਜਾ ਬੈਠਦਾ ਹੈ, ਸਮੱਸਿਆ ਉਦੋਂ ਹੀ ਪੈਦਾ ਹੁੰਦੀ ਹੈ। ਜਿੱਥੇ ਅਰਥ (ਧਨ) ਨੂੰ ਪ੍ਰਤਿਸ਼ਠਾ ਅਤੇ ਵਿਲਾਸਤਾ ਦਾ ਮੁੱਦਾ ਬਣਾਇਆ ਜਾਂਦਾ ਹੈ, ਉੱਥੇ ਵੀ ਉਲਝਣਾਂ ਵਧਦੀਆਂ ਹਨ।
ਅਰਥ ਦੇ ਨਾਲ ਸੁੱਖ-ਸ਼ਾਂਤੀ ਦੀਆਂ ਝੂਠੀਆਂ ਕਲਪਨਾਵਾਂ ਵੀ ਜੁੜੀਆਂ ਹੋਈਆਂ ਹਨ। ਪਰ ਅਜਿਹੀ ਕਲਪਨਾਵਾਂ ਦੀ ਰੀੜ ਉੁਦੋਂ ਟੁੱਟ ਜਾਂਦੀ ਹੈ, ਜਦੋਂ ਇੱਕ ਅਕਿੰਚਨ (ਨਿਮਾਣੇ ) ਵਿਅਕਤੀ ਦੇ ਸੁੱਖ ਦੇ ਨਾਲ ਚੱਕਰਵਰਤੀ ਸਮਰਾਟ ਦਾ ਸੁੱਖ ਤੋਲਿਆਂ ਜਾਂਦਾ ਹੈ। ਰਾਗ, ਮਦ ਅਤੇ ਮੋਹ ਨੂੰ ਜਿੱਤਣ ਵਾਲਾ ਅਕਿੰਚਨ ਮੁਨੀ ਤਿਨਕਿਆਂ ਦੇ ਵਿਛੋਣੇ 'ਤੇ ਬੈਠ ਕੇ ਜਿਸ ਨਿਸ਼ਬਦ ਸੁੱਖ ਦਾ ਅਨੁਭਵ ਕਰਦਾ ਹੈ, ਇੱਕ ਚੱਕਰਵਰਤੀ ਸਮਰਾਟ ਉਸਦੀ ਕਲਪਨਾ ਵੀ ਨਹੀਂ ਕਰ ਸਕਦਾ। ਮਹਾਵੀਰ ਦਾ ਦਰਸ਼ਨ ਕਹਿੰਦਾ ਹੈ ਕਿ ਸੁੱਖ ਨਾ ਪਦਾਰਥ ਵਿੱਚ ਹੈ ਅਤੇ ਨਾ ਹੀ ਉਹਦੇ ਤਿਆਗ ਜਾਂ ਭੋਗ ਵਿੱਚ ਹੈ। ਸੁੱਖ ਹੈ, ਵਿਅਕਤੀ ਦੀਆਂ ਆਪਣੀਆਂ ਪ੍ਰਵਿਰਤੀਆਂ ਵਿੱਚ। ਮਨੁੱਖ ਆਪਣੇ ਆਪ ਵਿੱਚ ਰਹਿਣਾ ਸਿੱਖ ਲਵੇ ਤਾਂ ਉਹ ਸੰਸਾਰ ਦਾ ਸਭ ਤੋਂ ਵੱਡਾ ਸੁੱਖ ਪਾ ਸਕਦਾ ਹੈ। ਸੰਸਾਰ ਦੇ ਜਿਆਦਤਰ ਲੋਕ ਇਸ ਗੱਲ 'ਤੇ ਵਿਸ਼ਵਾਸ਼ ਨਹੀਂ ਕਰਨਗੇ। ਫਿਰ ਵੀ ਇਹ ਤਾਂ ਨਿਸ਼ਚਿਤ ਹੈ ਕਿ ਭੱਜ-ਦੌੜ, ਮੁਕਾਬਲੇਬਾਜ਼ੀ ਅਤੇ ਖਿੱਚੋਣਾਤ ਵਿੱਚ ਸੁਖ ਨਹੀਂ, ਕੇਵਲ ਸੁਖ ਦਾ ਆਭਾਸ ਹੀ ਮਿਲ ਸਕਦਾ ਹੈ।
ਮਨੁੱਖ ਦੀ ਮਨੋ-ਬਿਰਤੀਆਂ ਸੁਵਿਧਾਵਾਦੀ ਹੁੰਦੀਆਂ ਹਨ, ਭੋਗਵਾਦੀ ਹੁੰਦੀਆਂ ਹਨ। ਸੁਵਿਧਾ ਅਤੇ ਭੋਗ ਲਈ ਅਰਥ ਦੀ ਅੰਨ੍ਹੀ ਦੌੜ ਵਿੱਚ ਸਹੀ-ਗਲਤ ਦਾ ਵਿਵੇਕ ਖਤਮ ਹੋ ਜਾਂਦਾ ਹੈ। ਜਦੋਂ ਤੱਕ ਸਾਧਨ-ਸ਼ੁੱਧੀ ਦੀ ਬੁਨਿਆਦ 'ਤੇ ਨਿਯੰਤ੍ਰਿਤ ਇੱਛਾਵਾਂ ਦਾ ਮਹਿਲ ਖੜਾ ਨਹੀਂ ਹੋਵੇਗਾ, ਤਦ ਤੱਕ ਆਦਮੀ ਸੁਖ-ਚੈਨ ਨਾਲ ਜੀ ਨਹੀਂ ਸਕੇਗਾ।
ਗਾਂਧੀ ਜੀ ਅਧਿਆਤਮਵਾਦੀ ਵਿਅਕਤੀ ਸਨ। ਉਹਨਾਂ ਨੇ ਆਪਣੇ ਜੀਵਨ ਵਿੱਚ ਅਧਿਆਤਮ ਦੇ ਅਨੇਕਾਂ ਪ੍ਰਯੋਗ ਕੀਤੇ। ਅਹਿੰਸਾਂ ਵਿੱਚ ਉਹਨਾਂ ਦੀ ਪੱਕੀ ਆਸਥਾ ਸੀ। ਉਹ ਆਪਣੀ ਆਸਥਾ ਨੂੰ ਸਰਵਵਿਆਪੀ ਬਣਾਉਣਾਂ ਚਾਹੁੰਦੇ ਸਨ। ਉਹ ਪੂਰੇ ਸਮਾਜ, ਦੇਸ ਜਾਂ ਮਾਨਵ ਜਾਤੀ ਦੇ ਨਿਰਭੈ ਉਭਾਰ ਦੀ ਚਿੰਤਾ ਕਰਦੇ ਸਨ। ਉਹਨਾਂ ਦਾ ਚਿੰਤਨ ਵਿਅਕਤੀਵਾਦੀ ਨਾ ਹੋ ਕੇ ਸਮਾਜਮੁੱਖੀ ਸੀ। ਗਾਂਧੀ ਜੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਹਨਾਂ ਨੇ ਵਿਅਕਤੀਨਿਸ਼ਠ ਅਹਿੰਸਾ ਦਾ ਸਮਾਜ ਅਤੇ ਰਾਜਨੀਤੀ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਉਹ ਅਹਿੰਸਾ ਅਤੇ ਸੱਚ ਦੇ ਪੁਜ਼ਾਰੀ ਸਨ। ਇਸ ਲਈ ਉਹ ਹਰੇਕ ਕੰਮ ਦੀ ਉੱਤਮਤਾ ਦਾ ਮਾਣਕ ਸੱਚ ਅਤੇ ਅਹਿੰਸਾ ਨੂੰ ਹੀ ਮੰਨਦੇ ਸਨ।
ਕਾਰਲ ਮਾਰਕਸ ਜ਼ਰਮਨੀ ਦੀ ਧਰਤੀ 'ਤੇ ਜ਼ਨਮੇ। ਉਹਨਾਂ ਦੇ ਮਨ ਵਿੱਚ ਦਿਆ ਕਰੁਣਾ ਸੀ। ਉਹਨਾਂ ਨੇ ਸੋਚਿਆ ਦੇਸ਼ ਵਿੱਚ ਕਰੋੜਾਂ ਲੋਕ ਭੁੱਖੇ ਹਨ। ਇਹਨਾਂ ਨੂੰ ਭਰਪੇਟ ਭੋਜਨ ਨਹੀਂ ਮਿਲਦਾ। ਰਹਿਣ ਲਈ ਮਕਾਨ ਨਹੀਂ ਮਿਲਦਾ। ਇਹ ਸਥਿਤੀ ਕਦ ਤੱਕ ਬਣੀ ਰਹੇਗੀ? ਥੋੜੇ ਜਿੰਨੇ ਲੋਕ ਸੰਪਦਾ ਦਾ ਭਰਪੂਰ ਭੋਗ ਕਰਨ ਅਤੇ ਬਾਕੀ ਲੋਕ ਤੰਗੀ ਦੇ ਰੇਗਸਿਤਾਨ ਵਿੱਚ ਤੜਪਦੇ ਰਹਿਣ, ਇਹ ਵਿਵਸਥਾ ਕਿਸੇ ਵੀ ਦੇਸ਼ ਲਈ ਸੁਖਦ ਨਹੀਂ ਹੈ। ਮਾਰਕਸ ਦਾ ਧਿਆਨ ਗਰੀਬਾਂ, ਮਿਹਨਤਕਸ਼ਾਂ ਅਤੇ ਦਲਿਤਾਂ 'ਤੇ ਟਿਕਿਆ। ਮਾਰਕਸ ਨੇ ਲੋਕਾਂ ਦੀ ਅੰਨ੍ਹੀ ਸ਼ਰਧਾ ਤੋੜਨ ਦਾ ਜਿਹੜਾ ਵਿਲੱਖਣ ਕਾਰਜ ਕੀਤਾ, ਉਹ ਉਹਨਾਂ ਦੇ ਚਿੰਤਨ ਦਾ ਮੌਲਿਕ ਅਵਦਾਨ ਹੈ। ਮਾਰਕਸ ਨੇ ਕਰਮ ਦੇ ਸਿੰਘਾਸਨ 'ਤੇ ਪੁਰਸ਼ਾਰਥ ਨੂੰ ਪ੍ਰਤਿਸ਼ਠਿਤ ਕੀਤਾ।
ਕੀਨਜ਼ ਦਾ ਝੁਕਾਅ ਪੂਜ਼ੀਵਾਦ ਵੱਲ ਸੀ, ਊਹ ਦੇਸ ਨੂੰ ਖੁਸ਼ਹਾਲ ਬਣਾਉਣ ਦੇ ਪੱਖ ਵਿੱਚ ਸਨ। ਵਰਗ-ਸੰਘਰਸ਼ ਨੂੰ ਉਹਨਾਂ ਨੇ ਮਾਨਤਾ ਨਹੀਂ ਦਿੱਤੀ। ਉਹਨਾਂ ਦਾ ਚਿੰਤਨ ਸੀ ਕਿ ਸਭ ਲੋਕ ਖੁਸ਼ਹਾਲ ਨਹੀਂ ਬਣ ਸਕਦੇ, ਜਿੰਨੇ ਬਣ ਸਕਦੇ ਹਨ, ਉਹਨਾਂ ਨੂੰ ਖੁਸ਼ਹਾਲੀ ਦੇ ਸ਼ਿਖਰ ਪਹੁੰਚਣ ਦਿਉ। ਦੇਸ਼ ਵਿੱਚ ਸੰਪੰਨਤਾ ਵਧਣੀ ਚਾਹੀਦੀ ਹੈ, ਉਹਦੇ ਲਈ ਨੈਤਿਕਤਾ-ਅਨੈਤਿਕਤਾ ਜਿਹੀਆਂ ਗੱਲਾਂ ਵਿੱਚ ਉਲਝਣ ਦੀ ਕੋਈ ਲੋੜ ਨਹੀਂ। ਲੋਕ ਭੁੱਖੇ ਹਨ ਤਾਂ ਕੀ ਨੈਤਿਕਤਾ ਨਾਲ ਪੇਟ ਭਰ ਜਾਵੇਗਾ? ਦੇਸ਼ ਖੁਸ਼ਹਾਲ ਹੋਵੇਗਾ, ਲੋਕ ਨਿਸ਼ਚਿੰਤ ਰਹਿਣਗੇ ਤਾਂ ਨੈਤਿਕ ਮੁੱਲਾਂ ਦੀ ਚਰਚਾ ਕਰਨ ਲਈ ਖੁੱਲੀ ਛੂੱਟੀ ਰਹੇਗੀ।
ਮਹਾਵੀਰ ਨੇ ਜਿਹਾ ਦਰਸ਼ਨ ਦਿੱਤਾ ਤਿਹਾ ਹੀ ਜੀਵਨ ਜੀਵਿਆ। ਉਹਨਾਂ ਨੇ ਜਿਸ ਸੱਚ ਨੂੰ ਪਾਇਆ, ਉਸੇ ਨੂੰ ਜਨਤਾ ਮੂਹਰੇ ਰੱਖਿਆ ਪਰੰਤੂ ਉਸਨੂੰ ਸਵੀਕਾਰ ਕਰਨ ਲਈ ਕਿਸੇ ਨੂੰ ਮਜ਼ਬੂਰ ਨਹੀਂ ਕੀਤਾ। ਉਹਨਾਂ ਨੇ ਕਿਹਾ - ਖੁਦ ਸੱਚ ਦੀ ਭਾਲ ਕਰੋ। ਕਿਸੇ ਦੂਸਰੇ ਦੁਆਰਾ ਖੋਜ਼ੇ ਹੋਏ ਸੱਚ 'ਤੇ ਨਾ ਰੁਕੋ। ਆਪਣੀ ਖੋਜ਼ ਜਾਰੀ ਰੱਖੋ। ਉਧਾਰਾ ਸੱਚ ਕਦੇ ਆਪਣਾ ਨਹੀਂ ਹੋ ਸਕਦਾ। ਉਹਦੇ ਆਧਾਰ 'ਤੇ ਨਿਸ਼ਚਿੰਤ ਹੋ ਕੇ ਬੈਠਣ ਵਾਲਾ ਕਦੇ ਆਪਣੇ ਸੱਚ ਨੂੰ ਨਹੀਂ ਪਾ ਸਕਦਾ।
ਮਹਾਵੀਰ ਨੇ ਕਿਹਾ ਤੁਸੀਂ ਦੇਖੋ। ਹੋਰ ਕਿਸੇ ਦੀ ਗੱਲ ਸੁਣਨ ਦਾ ਪ੍ਰਸੰਗ ਹੋਵੇ ਤਾਂ ਸੁਣੋ, ਪਰਤੂ ਉਸ 'ਤੇ ਆਪਣੀ ਬੁੱਧੀ ਨਾਲ ਸੋਚੋ। ਬਿਨਾਂ ਸੋਚੇ ਸਮਝੇ ਕਿਸੇ ਗੱਲ ਨੂੰ ਸਵੀਕਾਰ ਕਰਨਾ ਬੁੱਧੀਮਤਾ ਦਾ ਕੰਮ ਨਹੀਂ ਹੈ। ਤੁਸੀਂ ਸਭ ਦੀ ਗੱਲ ਸੁਣੋ ਪਰ ਜੋ ਤੁਹਾਨੂੰ ਚੰਗਾ ਲੱਗਾ ਆਚਰਣ ਉਸੇ ਦਾ ਕਰੋ।
ਕੁੱਝ ਵਿਅਕਤੀ ਮਹਾਵੀਰ ਦੇ ਕੋਲ ਜਾ ਕੇ ਬੋਲੇ -ਭੰਤੇ! ਅਸੀਂ ਸ਼ਾਂਤੀ ਨਾਲ ਜਿਉਣਾ ਚਾਹੁੰਦੇ ਹਾਂ, ਪਰ ਸਾਡਾ ਮਨ ਸ਼ਾਂਤ ਨਹੀਂ ਰਹਿੰਦਾ। ਅਸੀਂ ਕੀ ਕਰੀਏ? ਮਹਾਵੀਰ ਨੇ ਕਿਹਾ ਸ਼ਾਂਤੀ ਅਤੇ ਅਸ਼ਾਂਤੀ ਦੋਹੇਂ ਤੁਹਾਡੇ ਅੰਦਰ ਹੀ ਹਨ। ਤੁਸੀਂ ਖੁਦ ਫੈਸਲਾ ਕਰੋ ਤੁਹਾਨੂੰ ਕੀ ਚਾਹੀਦਾ ਹੈ। ਜੇਕਰ ਤੁਸੀਂ ਸ਼ਾਂਤੀ ਦੇ ਇੱਛਕ ਹੋ ਤਾਂ ਤੁਹਾਨੂੰ ਆਪਣੀਆਂ ਇੱਛਾਵਾਂ ਨੂੰ ਸੀਮਤ ਕਰਨਾ ਪਵੇਗਾ। ਇਸ ਸੰਸਾਰ ਵਿੱਚ ਪਦਾਰਥਾਂ ਦੀ ਸੀਮਾ ਹੈ। ਤੁਸੀਂ ਅਸੀਮ ਸੰਪਦਾ ਪਾਉਣਾ ਚਾਹੁੰਦੇ ਹੋ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਦੂਜੀ ਗੱਲ, ਜਿੰਨਾਂ ਕੁੱਝ ਸੰਸਾਰ ਵਿੱਚ ਹੈ, ਉਹ ਸਭ ਤੁਸੀਂ ਲੈ ਲਉਂਗੇ ਤਾਂ ਹੋਰ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ। ਇੱਕ ਵਿਅਕਤੀ ਜਾਂ ਵਰਗ ਭੁੱਖਾ ਰਹੇ, ਇਹ ਦੋਹੇਂ ਸਥਿਤੀਆਂ ਹੀ ਸ਼ਾਂਤੀ ਵਿੱਚ ਰੁਕਾਵਟ ਹਨ।
ਧਨ ਬਿਨਾਂ ਸੰਸਾਰ ਦਾ ਕੋਈ ਕੰਮ ਨਹੀਂ ਚਲਦਾ। ਸਮਾਜ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਧਨ ਨਾ ਜੋੜਨ ਵਾਲਾ ਨਹੀਂ ਬਣ ਸਕਦਾ। ਉਹ ਭੀਖ ਮੰਗ ਕੇ ਵੀ ਆਪਣਾ ਕੰਮ ਨਹੀਂ ਚਲਾ ਸਕਦਾ। ਭੀਖ ਮੰਗਦਾ ਹੈ ਤਾਂ ਸਮਾਜ  ਵਿੱਚ ਉਸਦੀ ਬਦਨਾਮੀ ਹੁੰਦੀ ਹੈ। ਇਸ ਲਈ ਉਹ ਅਰਥਾਰਜ਼ਨ ਤੋਂ ਉਦਾਸੀਨ ਨਹੀਂ ਹੋ ਸਕਦਾ। ਕਮਾਈ ਅਤੇ ਭੋਗ ਉੱਤੇ ਪਾਬੰਦੀ ਲਾਉਣਾ ਧਰਮ ਦਾ ਕੰਮ ਨਹੀਂ ਹੈ। ਧਰਮ ਦਾ ਕੰਮ ਹੈ ਇਹਨਾਂ 'ਤੇ ਅੰਕੁਸ਼ ਲਾਉਣਾ। ਮਹਾਵੀਰ ਨੇ ਕਿਹਾ- 'ਇੱਛਾਵਾਂ ਨੂੰ ਸੀਮਤ ਕਰੋ, ਸਾਧਨ-ਸ਼ੁੱਧੀ 'ਤੇ ਧਿਆਨ ਦਿਉ ਅਤੇ ਉਪਭੋਗ ਦਾ ਸੰਜਮ ਕਰੋ।' ਇਹ ਮਾਰਗ ਸ਼ਾਂਤੀ ਅਤੇ ਸੁਖ ਦਾ ਨਿਰਾਪਦ (ਵਿਵਾਦ ਰਹਿਤ) ਮਾਰਗ ਹੈ।

ਭਾਗਲਪੁਰ ਦੇ ਧਰਹਰਾ ਪਿੰਡ 'ਚ ਬੇਟੀ ਦੇ ਜਨਮ 'ਤੇ ਰੁੱਖ ਲਾਉਣ ਦੀ ਪਰੰਪਰਾ

                                                                                                                                             ਨਿਸ਼ਾਂਤ ਦੇਵ
ਕੰਨਿਆ ਭਰੂਣ ਹੱਤਿਆ ਲਈ ਬਿਹਾਰ ਵੀ ਬਦਨਾਮ ਰਿਹਾ ਹੈ। ਪਰੰਤੂ ਉਸੇ ਬਿਹਾਰ ਦੇ ਧਰਹਰਾ ਪਿੰਡ ਵਿੱਚ ਬੇਟੀ ਅਤੇ ਰੁੱਖ ਲਈ ਇੱਕ ਅਜਿਹਾ ਕਾਰਜ ਹੋ ਰਿਹਾ ਹੈ, ਜਿਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋਣ ਲੱਗੀ ਹੈ।

ਅੱਜ ਸਮਾਜ ਵਿੱਚ ਅਜਿਹੇ ਲੋਕਾਂ ਦੀ ਸੰਖਿਆ ਵਧਦੀ ਹੀ ਜਾ ਰਹੀ ਹੈ ਜਿਹੜੇ ਕਿ ਗਰਭ ਵਿੱਚ ਕੰਨਿਆ ਭਰੂਣ ਹੱਤਿਆ ਕਰਵਾ ਰਹੇ ਹਨ। ਇਸ ਕਾਰਨ ਦੇਸ਼ ਦੇ ਅਨੇਕਾਂ ਰਾਜਾਂ ਵਿੱਚ ਇਸ਼ਤ੍ਰੀ-ਪੁਰਸ਼ ਅਨੁਪਾਤ ਵਿਗੜ ਚੁੱਕਿਆ ਹੈ। ਕੰਨਿਆ ਭਰੂਣ ਹੱਤਿਆ ਕਰਨ ਵਿੱਚ ਹਰਿਆਣਾ ਸਭ ਤੋਂ ਅੱਗੇ ਹੈ ਅਤੇ ਇਸ ਭਿਆਨਕ ਵਰਤਾਰੇ ਦਾ ਦੁਰਪ੍ਰਭਾਵ ਵੀ ਨਜ਼ਰ ਆਉਣ ਲੱਗਾ ਹੈ। ਹਰਿਆਣਾ ਵਿੱਚ 1,000 ਪੁਰਸ਼ਾਂ ਪਿੱਛੇ ਸਿਰਫ 855 ਇਸਤ੍ਰੀਆਂ ਰਹਿ ਗਈਆਂ ਹਨ। ਇਸ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਸ਼ਾਦੀ ਲਈ ਲੜਕੀਆਂ ਨਹੀਂ ਮਿਲ ਰਹੀਆਂ। ਹਰਿਆਣਾ ਦੇ ਨੌਜਵਾਨ ਬੰਗਾਲ, ਬਿਹਾਰ, ਕੇਰਲ ਆਦਿ ਰਾਜਾਂ ਤੋਂ ਦੁਲਹਨ ਲਿਆ ਰਹੇ ਹਨ। ਕੰਨਿਆ ਭਰੂਣ ਹੱਤਿਆ ਲਈ ਬਿਹਾਰ ਵੀ ਬਦਨਾਮ ਰਿਹਾ ਹੈ। ਪਰੰਤੂ ਉਸੇ ਬਿਹਾਰ ਦੇ ਧਰਹਰਾ ਪਿੰਡ ਵਿੱਚ ਬੇਟੀ ਅਤੇ ਰੁੱਖ ਲਈ ਇੱਕ ਅਜਿਹਾ ਕਾਰਜ ਹੋ ਰਿਹਾ ਹੈ, ਜਿਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋਣ ਲੱਗੀ ਹੈ। ਇਹ ਪਿੰਡ ਭਾਗਲਪੁਰ ਜਿਲ੍ਹੇ ਵਿੱਚ ਗੋਪਾਲਪੁਰ ਪ੍ਰਖੰਡ 'ਚ ਵਸਿਆ ਹੋਇਆ ਹੈ। ਨਵਗਛੀਆ ਰੇਲਵੇ ਸਟੇਸ਼ਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਹ ਪਿੰਡ ਗੰਗਾ ਨਦੀ ਦੇ ਵੀ ਨੇੜੇ ਹੈ। ਲਗਭਗ 500 ਘਰਾਂ ਵਾਲੇ ਇਸ ਪਿੰਡ ਦੇ ਲੋਕ ਬੇਟੀ ਦੇ ਜਨਮ 'ਤੇ ਰੁੱਖ ਲਗਾਉਂਦੇ ਹਨ। ਲੋਕ ਆਪਣੀ-ਆਪਣੀ ਹੈਸੀਅਤ ਅਨੁਸਾਰ ਰੁੱਖ ਲਾਉਂਦੇ ਹਨ, ਪਰੰਤੂ ਲਾਉਂਦੇ ਸਾਰੇ ਹੀ ਹਨ। ਸਭ ਤੋਂ ਵੱਡੀ ਗੱਲ ਇਹ ਕਿ ਜਿਹਦੇ ਕੋਲ ਰੁੱਖ ਲਾਉਣ ਲਈ ਜ਼ਮੀਨ ਨਹੀਂ ਹੈ, ਉਹ ਪਿੰਡ ਦੀ ਠਾਕੁਰਬਾੜੀ ਦੀ ਜ਼ਮੀਨ ਉੱਤੇ ਰੁੱਖ ਲਾਉਂਦਾ ਹੈ।
ਕੋਈ ਗਰੀਬ ਪਰਿਵਾਰ ਆਪਣੀ ਬੇਟੀ ਦੇ ਜਨਮ 'ਤੇ ਇੱਕ ਰੁੱਖ ਤਾਂ ਲਾਉਂਦਾ ਹੀ ਹੈ। ਜਦੋਂਕਿ ਆਰਥਿਕ ਤੌਰ 'ਤੇ ਖੁਸ਼ਹਾਲ ਕੋਈ ਪਰਿਵਾਰ 25 ਰੁੱਖ, ਕੋਈ 30 ਰੁੱਖ ਤੇ ਕੋਈ 50 ਰੁੱਖ ਲਾਉਂਦਾ ਹੈ। ਅੰਬ, ਅਮਰੂਦ, ਲੀਚੀ, ਬੇਲ ਵਰਗੇ ਫ਼ਲਦਾਰ ਰੁੱਖ ਲਗਾਏ ਜਾਂਦੇ ਹਨ, ਤਾਂ ਕੋਈ ਮਹਿੰਗੀ ਲੱਕੜੀ ਵਾਲੇ ਰੁੱਖ ਵੀ ਲਾਉਂਦਾ ਹੈ। ਰੁੱਖ ਲਾਉਣ ਪਿੱਛੇ ਦੋ ਕਾਰਨ ਹਨ- ਪਹਿਲਾ ਬੇਟੀ ਦੀ ਪੜ੍ਹਾਈ -ਲਿਖਾਈ ਅਤੇ ਵਿਆਹ ਦੇ ਖਰਚ ਦਾ ਪ੍ਰਬੰਧ ਕਰਨਾ ਅਤੇ ਦੂਜਾ ਵਾਤਾਵਰਣ ਨੂੰ ਸੰਤੁਲਿਤ ਰੱਖਣਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੇਟੀ ਦੀ ਉਚੇਰੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਦ ਤੱਕ ਉਹਦੇ ਨਾਮ 'ਤੇ ਲਗਾਏ ਰੁੱਖ ਫ਼ਲ ਦੇਣ ਲੱਗਦੇ ਹਨ। ਫ਼ਲ ਵੇਚ ਕੇ ਜਿਹੜੀ ਆਮਦਨੀ ਹੁੰਦੀ ਹੈ ਉਸ ਨਾਲ ਬੇਟੀ ਨੂੰ ਉੱਚੀ ਸਿੱਖਿਆ ਦਿਵਾਉਣ 'ਚ ਕਾਫੀ ਮਦਦ ਮਿਲਦੀ ਹੈ। ਜਦੋਂ ਬੇਟੀ ਵਿਆਹੁਣ ਲਾਇਕ ਹੁੰਦੀ ਹੈ, ਤਦ ਉਹਦੇ ਨਾਮ 'ਤੇ ਲਾਏ ਗਏ ਸ਼ੀਸ਼ਮ (ਟਾਹਲੀ) ਅਤੇ ਸਾਗਵਾਨ ਦੇ ਰੁੱਖਾਂ ਨੂੰ ਕੱਟ ਕੇ ਵੇਚਿਆ ਜਾਂਦਾ ਹੈ।  ਪੁਰਾਣੇ ਰੁੱਖ ਦੀ ਜਗ੍ਹਾ ਨਵੇ ਰੁੱਖ ਲਾਏ ਜਾਂਦੇ ਹਨ। ਇਸ ਤਰ੍ਹਾ  ਪਿੰਡ ਵਾਸੀਆਂ ਨੂੰ ਆਪਣੀਆਂ ਧੀਆਂ ਦੀ ਪੜ੍ਹਾਈ  ਅਤੇ ਵਿਆਹ ਦੇ ਖਰਚੇ ਲਈ ਅਲਗ ਤੋਂ ਕੁੱਝ ਨਹੀਂ ਸੋਚਣਾ ਪੈਂਦਾ। ਹਰ ਸਾਲ ਵਾਤਾਵਰਣ ਦਿਹਾੜੇ ਮੌਕੇ ਰਾਜ ਦੇ ਮੁੱਖ ਮੰਤਰੀ ਇਸ ਪਿੰਡ ਜਾਂਦੇ ਹਨ ਅਤੇ ਕਿਸੇ ਧੀ ਦੇ ਨਾਮ 'ਤੇ ਰੁੱਖ ਲਾਉਂਦੇ ਹਨ।
ਪਿੰਡ ਵਿੱਚ ਧੀ ਦੇ ਜਨਮ 'ਤੇ ਰੁੱਖ ਲਾਉਣ ਦੀ ਪਰੰਪਰਾ ਵਰਿਆਂ ਪੁਰਾਣੀ ਹੈ। ਇਸ ਕਾਰਣ ਇਹ ਪਿੰਡ ਹਰਿਆ-ਭਰਿਆ ਹੈ। ਪਿੰਡ ਦਾ ਖੇਤਰਫ਼ਲ  ਲਗਭਗ 1200 ਏਕੜ ਹੈ। ਜਿਹਦੇ ਵਿੱਚੋਂ 400 ਏਕੜ ਜ਼ਮੀਨ 'ਤੇ ਰੁੱਖ ਲੱਗੇ ਹਨ। ਅਕਸਰ ਹਰ ਮੌਸਮ ਵਿੱਚ ਪਿੰਡ ਵਿੱਚ ਕੋਈ ਨਾ ਕੋਈ ਫ਼ਲ ਜ਼ਰੂਰ ਮਿਲਦਾ ਹੈ। ਇਸ ਕਾਰਨ ਪਿੰਡ ਵਿੱਚ ਚਿੜੀਆਂ ਦੀ ਚਹਿਚਹਾਹਟ ਅਤੇ ਕਾਵਾਂ ਦੀ ਕਾਂ-ਕਾਂ ਸਦਾ ਬਣੀ ਰਹਿੰਦੀ ਹੈ। ਪਿੰਡ ਦੇ ਵਿਚਾਲੇ ਬੋਹੜ ਦਾ ਇੱਕ ਵਿਸ਼ਾਲ ਰੁੱਖ ਵੀ ਹੈ। ਇਸ ਉੱਤੇ ਸਾਲਾਂ ਤੋਂ ਵੱਡੇ ਆਕਾਰ ਵਾਲੇ ਚਮਗਿੱਦੜ ਨਿਵਾਸ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਚਮਗਿੱਦੜ ਕਦੇ ਵੀ ਇੱਥੋਂ ਕਿਤੇ ਹੋਰ ਨਹੀਂ ਜਾਂਦੇ। ਇਹ ਚਮਗਿੱਦੜ ਇਸ ਗੱਲ ਦਾ ਸਬੂਤ ਹਨ ਕਿ ਪਿੰਡ ਵਿੱਚ ਸਾਰੇ ਦਿਨ ਫ਼ਲ-ਫੁੱਲ ਮਿਲਦੇ ਹਨ। ਪਿੰਡ ਵਿੱਚ ਜੈਵਿਕ ਖੇਤੀ ਦਾ ਪ੍ਰਚਲਨ ਵੀ ਖੂਬ ਵਧਿਆ ਹੈ। ਕਈ ਕਿਸਾਨ ਜੈਵਿਕ ਖਾਦ ਤਿਆਰ ਕਰਦੇ ਹਨ ਅਤੇ ਹੋਰਾਂ ਕਿਸਾਨਾਂ ਨੂੰ ਸਸਤੇ ਰੇਟਾਂ 'ਤੇ ਉਪਲਭਧ ਕਰਵਾਉਂਦੇ ਹਨ।

ਖ਼ਤਰੇ 'ਚ ਹੈ ਦਰਿਆਈ ਡਾਲਫਿਨ (ਬੁੱਲ੍ਹਣ) ਦੀ ਹੋਂਦ

                                                                                                                               ਡਾ. ਸਨੀ ਸੰਧੂ

ਬੁੱਲਣ ਤੋਂ ਬਗੈਰ ਦਰਿਆ ਕੁੱਝ ਨਹੀ ਹਨ। ਕੌਣ ਹੈ ਬੁੱਲਣ? ਬੁੱਲਣ ਦਰਿਆਈ ਡੋਲਫਿਨ ਹੈ ਜਿਸਦਾ ਘਰ ਉੱਤਰੀ ਭਾਰਤ ਦੇ ਸਾਰੇ ਵੱਡੇ ਦਰਿਆ ਸਨ। ਜੀ ਹਾਂ, ਸਾਰੇ ਦਰਿਆ ਸਿੰਧ, ਜੇਹਲਮ, ਚਨਾਬ, ਰਾਵੀ, ਸਤਲੁਜ, ਬਿਆਸ, ਯਮੁਨਾ, ਗੰਗਾ, ਕੋਸੀ, ਚੰਬਲ ਅਤੇ ਬੰਹਮਪੁੱਤਰ ਆਦਿ ਇਸਦਾ ਘਰ ਸਨ। ਪਰ ਅੱਜ ਦੇ ਇਸ ਯੁੱਗ ਵਿੱਚ ਮਨੁੱਖ ਦੀ ਸਰਮਾਇਆ ਪੱਖੀ ਸੋਚ ਨੇ ਇਸਦੇ ਘਰ ਨੂੰ ਡੈਮ, ਪ੍ਰਦੂਸ਼ਣ ਆਦਿ ਰਾਹੀ ਬਰਬਾਦ ਕਰ ਦਿੱਤਾ ਹੈ।

ਹੌਲੀ-ਹੌਲੀ ਇਨਸਾਨ ਦਾ ਰਿਸ਼ਤਾ ਕੁਦਰਤ ਨਾਲ ਖਤਮ ਹੋ ਰਿਹਾ ਹੈ। ਇਨਸਾਨ, ਜੋ ਪਹਿਲਾਂ ਨਦੀਆਂ ਨੂੰ ਮਾਵਾਂ ਵਾਂਗ ਪੂਜਦਾ ਸੀ ਹੁਣ ਸਿਰਫ ਉਸ ਵਿੱਚੋਂ ਮੁਨਾਫ਼ਾ ਕਮਾਉਣ ਬਾਰੇ ਸੋਚ ਰਿਹਾ ਹੈ। ਪਾਣੀ ਪਿਤਾ ਨਹੀਂ, ਇੱਕ ਵਸਤੂ ਹੋ ਗਿਆ ਹੈ ਜਿਸਨੂੰ ਵੇਚ ਕੇ ਪੈਸਾ ਕਮਾਇਆ ਜਾ ਸਕਦਾ ਹੈ ਅਤੇ ਇਸ ਪਾਣੀ 'ਤੇ ਵੀ ਸਿਰਫ ਮਨੁੱਖ ਦਾ ਹੱਕ ਸਮਝਿਆ ਜਾ ਰਿਹਾ ਹੈ। ਪਾਣੀਆਂ ਦੇ ਜੀਵਾਂ ਤੋਂ ਇਹ ਹੱਕ ਖੋਹ ਲਿਆ ਗਿਆ ਗਿਆ ਹੈ।

ਬੁੱਲਣ ਹੁਣ ਸਿਰਫ ਸਿੰਧ, ਗੰਗਾ, ਬ੍ਰਹਮਪੁੱਤਰ, ਕੋਸੀ, ਚੰਬਲ ਅਤੇ ਬਿਆਸ ਵਿੱਚ ਪਾਈ ਜਾਂਦੀ ਹੈ। ਇਹਨਾਂ ਦੀ ਸੰਖਿਆ ਲਗਾਤਾਰ ਘਟਦੀ ਜਾ ਰਹੀ ਹੈ। ਇਹਨਾਂ ਨਦੀਆਂ ਵਿੱਚੋਂ ਸਿੰਚਾਈ ਲਈ ਨਹਿਰਾਂ ਕੱਢਣ ਕਰਕੇ ਇਹਨਾਂ ਦਾ ਘਰ ਵੰਡਿਆ ਜਾਂਦਾ ਹੈ ਅਤੇ ਅਗਲੇ ਹਿੱਸੇ ਵਿੱਚ ਪਾਣੀ ਘੱਟ ਹੋਣ ਕਾਰਨ ਇਹਨਾਂ ਨੂੰ ਬੜੀ ਮੁਸ਼ਕਿਲ ਪੇਸ਼ ਆਉਂਦੀ ਹੈ।
ਹਰੀ ਕ੍ਰਾਂਤੀ ਦੇ ਖੇਤੀ ਮਾਡਲ ਨੇ ਇਹਨਾਂ ਨੂੰ ਸਭ ਤੋਂ ਵੱਡੀ ਮਾਰ ਮਾਰੀ ਹੈ। ਪਾਣੀ ਨੂੰ ਸਿੰਚਾਈ ਲਈ ਏਨਾ ਜ਼ਿਆਦਾ ਵਰਤਿਆ ਜਾ ਰਿਹਾ ਹੈ ਕਿ ਦਰਿਆ ਹੁਣ ਸਮੁੰਦਰ ਵਿੱਚ ਮਿਲਦੇ ਹੀ ਨਹੀਂ, ਡਾਲਫਿਨ ਦੀ ਤਾਂ ਗੱਲ ਹੀ ਛੱਡ ਦਿਉ। ਇਹ ਸਾਬਤ ਹੋ ਚੁੱਕਿਆ ਹੈ ਕਿ ਪੰਜਾਬ ਵਿੱਚ ਝੋਨੇ ਦੀ ਖੇਤੀ ਕਾਰਨ ਪਾਣੀ ਦੀ ਵੱਡ ਪੱਧਰੀ ਬਰਬਾਦੀ ਕਰ ਰਹੀ ਹੈ। ਬੀਜਾਂ ਦੀਆਂ ਜਿਹੜੀਆਂ ਕਿਸਮਾਂ ਅਤੇ ਖੇਤੀ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਜ਼ਿਆਦਾ ਪਾਣੀ ਪੀ ਰਹੀਆਂ ਹਨ। ਇਸਦਾ ਪੂਰਾ ਅਸਰ ਵਾਤਾਵਰਣ 'ਤੇ ਪੈ ਰਿਹਾ ਹੈ। ਜ਼ਮੀਨ ਹੇਠਲਾ ਪਾਣੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਗਲੋਬਲ ਵਾਰਮਿੰਗ ਕਰਕੇ ਗਲੇਸ਼ੀਅਰ ਪਿਘਲ ਰਹੇ ਹਨ। ਇਸ ਨਾਲ ਦਰਿਆਈ ਪਾਣੀ ਵੀ ਘਟਣ ਦੀ ਪੂਰੀ ਸੰਭਾਵਨਾ ਹੈ। ਖੇਤਾਂ ਵਿੱਚ ਭਰਿਆ ਪਾਣੀ ਭਾਫ ਬਣ ਕੇ ਹਵਾ 'ਚ ਉੱਡ ਜਾਂਦਾ ਹੈ ਅਤੇ ਭੂਮੀ ਦੀ ਸਤ੍ਹਾ  ਹੇਠਾਂ ਮਿੱਟੀ ਦੀ ਸਖਤ ਤਹਿ ਪਾਣੀ ਨੂੰ ਧਰਤੀ ਦੇ ਗਰਭ 'ਚ ਜੀਰਨ ਨਹੀਂ ਦਿੰਦੀ।

ਦਰਿਆਵਾਂ ਵਿੱਚ ਪਾਣੀ ਘਾਟ ਬੁੱਲਣ ਦੀ ਹੋਂਦ ਲਈ ਗੰਭੀਰ ਖ਼ਤਰਾ ਬਣ ਗਈ ਹੈ। ਬਿਆਸ ਵਿੱਚ ਕੁੱਲ 10 ਕੁ ਬੁੱਲਣਾਂ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦਾ ਪਤਾ 2007 ਵਿੱਚ ਡਬਲਿਊ ਡਬਲਿਊ ਐੱਫ ਨੇ ਲਾਇਆ। ਇਹ ਗੁਰਦਾਸਪੁਰ ਤੋਂ ਲੈ ਕੇ ਹਰੀਕੇ ਪੱਤਣ ਪੰਛੀ ਰੱਖ ਤੱਕ ਤਾਰੀਆਂ ਲਾਉਂਦੀਆਂ ਵੇਖੀਆ ਜਾ ਸਕਦੀਆਂ ਹਨ। ਮੈਂ ਇਹਨਾਂ ਨੂੰ 2009 ਤੋਂ ਕਰਮੂਵਾਲ ਪਿੰਡ ਵਿੱਚ ਦਰਿਆ ਪਾਰ ਕਰਦੇ ਦੇਖਦਾ ਆ ਰਿਹਾ ਹਾਂ। ਪੁਰਾਣੇ ਸਮੇਂ ਦੇ ਲੋਕ ਇਹਨਾਂ ਬਾਰੇ ਜਾਣੂ ਸਨ। ਬਾਬਰ ਨੇ ਆਪਣੀਂਆਂ ਕਿਤਾਬਾਂ ਵਿੱਚ ਇਸਦਾ ਜ਼ਿਕਰ ਵੀ ਕੀਤਾ ਹੈ।

ਡਾਲਫਿਨ ਸਾਡੇ ਵਾਂਗ ਦੁੱਧਾਧਾਰੀ ਜੀਵ ਹਨ ਭਾਵ ਇਹ ਬੱਚੇ ਪੈਦਾ ਕਰਦੇ ਹਨ। ਇਹ ਵੀ ਪਰਿਵਾਰ ਵਿੱਚ ਰਹਿਣਾ ਪਸੰਦ ਕਰਦੀਆਂ ਹਨ। ਇਹਨਾਂ ਦਾ ਮੁੱਖ ਭੋਜਨ ਛੋਟੀਆਂ ਮੱਛੀਆਂ ਹਨ। ਇਹਨਾਂ ਦਾ ਦਰਿਆ ਵਿੱਚ ਹੋਣਾ ਦੱਸਦਾ ਹੈ ਕਿ ਬਾਕੀ ਜੀਵ ਠੀਕ ਹਨ। ਇਹ ਨਦੀ ਦੀ ਉੱਚ ਦਰਜ਼ੇ ਦੀ ਸ਼ਿਕਾਰੀ ਹੈ। ਬਿਆਸ ਵਿੱਚ ਸਿੰਧ ਨਦੀ ਡਾਲਫਿਨ ਹੈ ਅਤੇ ਗੰਗਾ ਵਿੱਚ ਗੰਗੇਟਿਕ ਨਦੀ ਡਾਲਫਿਨ ਹੈ। ਇਹ ਦੋਵੇਂ ਡਾਲਫਿਨ ਦੀਆਂ ਅਲੱਗ-ਅਲੱਗ ਜਾਤੀਆਂ ਹਨ। ਬਿਹਾਰ ਵਿੱਚ ਗੰਗਾ ਨਦੀ ਵਿੱਚ ਹਿਰਨਾਂ ਨੂੰ ਬਚਾਉਣ ਲਈ ਇੱਕ ਰੱਖ ਬਣਾਈ ਗਈ ਸੀ। ਏਸ਼ੀਆ ਦਾ ਪਹਿਲਾ ਡਾਲਫਿਨ ਖੋਜ ਕੇਂਦਰ ਵੀ ਉੱਥੇ ਬਣ ਰਿਹਾ ਹੈ। ਹਰੀਕੇ ਵਿੱਚ ਸਥਿਤ ਡਬਲਿਊ ਡਬਲਿਊ ਐੱਫ ਖੋਜ ਕੇਂਦਰ ਵੀ ਬੁੱਲਣ ਤੇ ਸ਼ੋਧ ਕਰ ਰਹੇ ਹਨ। ਪਰ ਲੋਕਾਂ ਵਿੱਚ ਜਾਗਰੂਕਤਾ ਘੱਟ ਹੈ। ਜ਼ਿਆਦਾਤਰ ਲੋਕ ਨਿਰਾਸ਼ ਹੋ ਕੇ ਵਾਪਸ ਆ ਜਾਂਦੇ ਹਨ ਕਿਉਂਕਿ ਬੁੱਲਣ ਨੂੰ ਦੇਖਣ ਲਈ ਸਾਧਨ ਦੀ ਘਾਟ ਆੜੇ ਆ ਜਾਂਦੀ ਹੈ।

ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਅਤੇ ਲੋਕਾਂ ਨੂੰ ਕੁਦਰਤ ਨਾਲ ਜੋੜਨ ਲਈ ਈਕੋ-ਸੈਰ-ਸਪਾਟਾ ਪ੍ਰਬੰਧਨ ਦੀ ਬੜੀ ਸਖਤ ਲੋੜ ਹੈ। ਅਸੀਂ ਪਿਛਲੇ ਕੁੱਝ ਸਾਲਾਂ ਤੋਂ ਲੋਕਾਂ ਨੂੰ ਬੁੱਲਣ ਪ੍ਰਤੀ ਜਾਗਰੂਕ ਕਰ ਰਹੇ ਹਾਂ, ਉਹਨਾਂ ਨੂੰ ਬੁੱਲਣ ਦੇ ਰੂ-ਬ-ਰੂ ਕਰਵਾ ਰਹੇ ਹਾਂ। ਪਰੰਤੂ ਸਾਡੇ ਲਈ ਕਰਮੂੰਵਾਲ ਵਿਖੇ ਬਿਆਸ ਦਰਿਆਂ 'ਤੇ ਪੁਲ ਬਣਾਉਣ ਦਾ ਬਾਦਲ ਸਰਕਾਰ ਦਾ ਬਹੁਤ ਹੀ ਦੁਖਦ ਖ਼ਬਰ ਬਣ ਕੇ ਆਇਆ। ਇਹ ਪ੍ਰਸਾਤਵਿਤ ਪੁਲ ਬੁੱਲਣ ਅਤੇ ਕਿਸ਼ਤੀ ਚਲਾਉਣ ਵਾਲਿਆਂ ਦਾ ਅੰਤ ਕਰ ਦੇਵੇਗਾ। ਗੁਰਦੀਪ ਜੋ ਸਾਡੀ ਪ੍ਰੇਮ ਸੈਨਾ ਦਾ ਮੈਂਬਰ ਹੈ, ਬੁੱਲਣ ਨਾਲ ਜੁੜਿਆ ਹੋਇਆ ਹੈ। ਕਈ ਵਾਰ ਉਹ ਗੁਰਦੀਪ ਦੇ ਆਵਾਜ਼ ਮਾਰਨ 'ਤੇ ਲਾਗੇ ਆਉਂਦੀ ਹੈ। ਇਹਨਾਂ ਦੋਵਾਂ ਦਾ ਰਿਸ਼ਤਾ ਇੱਕ ਅਜੀਬ ਪ੍ਰਸਪਰ ਪ੍ਰੇਮ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਗੁਰਦੀਪ ਬਹੁਤ ਮਿਹਨਤੀ ਹੈ ਅਤੇ ਬੜੇ ਜਨੂੰਨ ਨਾਲ ਲੋਕਾਂ ਨੂੰ ਬੁੱਲਣ ਦਿਖਾਉਣ ਲੈ ਕੇ ਜਾਂਦਾ ਹੈ।

ਅਸੀਂ 100 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੂੰ ਵੀ ਪ੍ਰੇਮ ਸੈਨਾ ਵਿੱਚ ਸ਼ਾਮਿਲ ਕਰ ਲਿਆ ਹੈ ਅਤੇ ਇਹਨਾਂ ਨੂੰ ਵਾਤਾਵਰਣ ਨਾਲ ਜੋੜਨ ਦਾ ਯਤਨ ਕਰ ਰਹੇ  ਹਾਂ। ਪਿੰਡ ਵਾਲਿਆਂ ਨੂੰ ਵੀ ਲੱਗ ਰਿਹਾ ਹੈ ਕਿ ਬੁੱਲਣ ਨੂੰ ਬਚਾਉਣਾ ਚਾਹੀਦਾ ਹੈ। ਪਰ ਜਦ ਤੱਕ ਸਰਕਾਰ ਕਾਰਗਰ ਕਦਮ ਨਹੀਂ ਚੁੱਕਦੀ ਤਦ ਤੱਕ ਬੁੱਲਣ ਦਾ ਬਚਣਾ ਮੁਸ਼ਕਿਲ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੁੱਲਣ ਦੀ ਮਹੱਤਤਾ ਨੂੰ ਸਮਝ ਕੇ ਬਿਆਸ ਦਰਿਆ ਨੂੰ ਬੁੱਲਣ ਦੀ ਖਾਸ ਰੱਖ ਘੋਸ਼ਿਤ ਕਰੇ।
ਬਿਆਸ ਦਰਿਆ ਬਹੁਤ ਪਵਿੱਤਰ ਦਰਿਆ ਹੈ ਜਿੱਥੇ ਸਿੱਖ ਧਰਮ ਦੇ ਸਭ ਗੁਰੂਆਂ ਨੇ ਤਪੱਸਿਆ ਕੀਤੀ। ਸਿੱਖ ਧਰਮ ਵਾਤਾਵਰਣ ਪ੍ਰੇਮੀ ਧਰਮ ਹੈ, ਦਰਿਆਵਾਂ ਨੂੰ ਬੁੱਲਣ ਨਾਲ ਜੋੜਨ ਵਾਲਾ ਧਰਮ ਹੈ।  ਬੁੱਲਣ ਦੇ ਗੀਤ ਨੂੰ ਸੁਣੋ। ਇਹ  ਅੰਨ੍ਹੀ ਹੈ ਪਰ ਆਵਾਜ਼ ਦੁਆਰਾ ਆਪਣੇ ਰਸਤੇ ਲੱਭਦੀ ਹੈ। ਇਹ ਮਿੱਟੀ ਭਰੇ ਪਾਣੀ ਵਿੱਚ ਵੀ ਆਪਣਾ ਖਾਣਾ ਲੱਭਦੀ ਹੈ ਅਤੇ ਬੱਚੇ ਪਾਲਦੀ ਹੈ। ਫਿਰ ਅਸੀਂ ਤਾਂ ਮਨੁੱਖ ਹਾਂ ਕਿਉਂ ਅਸੀਂ ਇਹ ਸਭ ਵੇਖ ਕੇ ਅਣਡਿਠ ਕਰੀ ਜਾ ਰਹੇ ਹਾਂ। ਕਿਉਂ ਅਸੀਂ ਪਾਣੀਆਂ, ਹਵਾਵਾਂ, ਮਿੱਟੀ ਅਤੇ ਆਪਣੇ ਹੀ ਭੋਜਨ ਵਿੱਚ ਜ਼ਹਿਰ ਘੋਲ ਰਹੇ ਹਾਂ?

ਡਾ. ਨੀਲ ਰਤਨ ਧਰ: ਇੱਕ ਸੱਚਾ ਭੂਮੀ ਵਿਗਿਆਨੀ

ਡਾ. ਸ਼ਿਵ ਗੋਪਾਲ ਮਿਸ਼ਰ                                                                                            ਅਨੁਵਾਦ: ਰਾਜੀਵ ਗੱਖੜ

ਡਾ. ਨੀਲ ਰਤਨ ਧਰ 1919 ਤੋਂ 1952 ਤੱਕ 33 ਸਾਲ ਇਲਾਹਾਬਾਦ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੇ ਮੁੱਖੀ ਰਹੇ ਅਤੇ ਇਸ ਸਮੇਂ ਦੌਰਾਨ 33 ਵਿਦਿਆਰਥੀਆਂ ਨੇ ਉਹਨਾਂ ਦੀ ਅਗਵਾਈ ਵਿੱਚ ਡੀ. ਐਸ. ਸੀ. ਅਤੇ ਡੀ. ਫਿਲ. ਦੀਆਂ ਡਿਗਰੀਆਂ ਨਾਲ  ਖੋਜ਼ ਕਾਰਜ ਪੂਰਾ ਕੀਤਾ। ਦੇਸ ਆਜ਼ਾਦ ਹੋਣ ਉਪਰੰਤ ਇਹਨਾਂ ਲੋਕਾਂ ਨੇ ਦੇਸ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਦਿੱਤਾ। ਖੋਜ਼ ਕਰਤਾ ਤੋਂ ਦੇ ਨਾਲ-ਨਾਲ ਡਾ. ਧਰ ਇੱਕ ਨਿਰਭੈ ਅਧਿਆਪਕ ਵਜੋਂ ਵੀ ਜਾਣੇ ਜਾਂਦੇ ਸਨ। ਉਹ ਆਪਣੀ ਪ੍ਰਯੋਗਸ਼ਾਲਾ ਵਿੱਚ ਦਿਨ-ਰਾਤ ਕੰਮ 'ਤੇ ਜੁਟੇ ਰਹਿੰਦੇ ਸਨ। ਸਿੱਟੇ ਵਜੋਂ ਭੋਤਿਕੀ ਰਸਾਇਣ ਦੇ ਖੋਜ਼ ਖੇਤਰ ਵਿੱਚ ਉਹਨਾਂ ਦੀ ਤੂਤੀ ਬੋਲਣ ਲੱਗ ਪਈ। ਇਹੀ ਕਾਰਨ ਹੈ ਕਿ ਉਹਨਾਂ ਦੇ ਗੁਰੂ ਸਰ ਅਚਾਰੀਆ ਪ੍ਰਫੁੱਲ ਚੰਦਰ ਨੇ ਆਪਣੀ ਜੀਵਨੀ ਵਿੱਚ ਡਾ. ਧਰ ਨੂੰ ਭੋਤਿਕੀ ਰਸਾਇਣ ਦਾ ਜਨਮਦਾਤਾ ਵਜੋਂ ਸੰਬੋਧਿਤ ਕੀਤਾ ਹੈ ਅਤੇ ਸਰ ਸ਼ਾਂਤੀ ਸਰੂਪ ਭਟਨਾਗਰ ਨੇ 1938 ਵਿੱਚ ਹੋਏ ਸਾਂਇੰਸ ਕਾਂਗਰਸ ਸੰਮੇਲਨ ਮੌਕੇ ਉਹਨਾਂ ਨੂੰ 'ਭੋਤਿਕ ਰਸਾਇਣਕ' ਦਾ ਸੰਸਥਾਪਕ ਘੋਸ਼ਿਤ ਕੀਤਾ। ਨੌਜਵਾਨ ਵਿਗਿਆਨੀ ਡਾ. ਧਰ ਲਈ ਇਹ ਸਭ ਬਹੁਤ ਹੀ ਪ੍ਰੇਰਨਾਦਾਇਕ ਸਿੱਧ ਹੋਇਆ।
ਖੋਜ਼ਾਂ ਨੂੰ ਨਵੀਂ ਦਿਸ਼ਾ: ਕੋਈ ਵਿਰਲਾ ਹੀ ਵਿਗਿਆਨੀ ਆਪਣੀ ਖੋਜ਼ ਨੂੰ ਕੋਈ ਨਵਾਂ ਮੋੜ ਜਾਂ ਨਵੀਂ ਦਿਸ਼ਾ ਦੇਣ ਦਾ ਹੌਸਲਾ ਕਰਦੇ ਹਨ। ਪਰੰਤੂ ਡਾ. ਧਰ ਨੇ 1935 ਵਿੱਚ ਭੌਤਿਕ ਰਸਾਇਣ ਤੋਂ ਖੇਤੀ ਅਤੇ ਭੂਮੀ ਰਸਾਇਣਕ ਦੇ ਖੇਤਰ ਵਿੱਚ ਖੋਜ਼ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਸਾਡੇ ਦੇਸ ਵਿੱਚ ਖੇਤੀ ਵਿਗਿਆਨ ਦਾ ਅਰਥ ਸੀ ਫ਼ਸਲਾਂ ਤੋਂ ਵੱਧ ਉਤਪਾਦਨ ਦਿਵਾਉਣ ਵਾਲਾ ਵਿਗਿਆਨ। ਕਿਸੇ ਵੀ ਵਿਗਿਆਨੀ ਦਾ ਧਿਆਨ ਭੂਮੀ ਦੇ ਉਪਜਾਊਪਣ ਵੱਲ ਨਹੀਂ ਸੀ। ਉਦੋਂ ਤੱਕ ਡਾ. ਧਰ ਦੀ ਦੋਸਤੀ ਇੰਗਲੈਂਡ ਦੇ ਸਭ ਤੋਂ ਵੱਡੇ ਖੇਤੀ ਫਾਰਮ ਰਾਥੇਮਸਟੇਡ ਦੇ ਭੂਮੀ ਵਿਗਿਆਨੀ ਸਰ ਈ. ਜੇ. ਰਮੇਲ ਨਾਲ ਹੋ ਚੁੱਕੀ ਸੀ। ਇਸ ਲਈ ਉਹ ਉੱਥੋਂ ਦੇ ਉਹਨਾਂ ਖੇਤੀ ਪ੍ਰਯੋਗਾਂ ਤੋਂ ਜਾਣੂ ਸਨ ਜਿਹਨਾਂ ਵਿੱਚ ਨਾਈਟਰੋਜ਼ਨ ਖਾਦ ਦੇ ਪ੍ਰਯੋਗ ਨਾਲ ਭੂਮੀ ਦੀ ਉਪਜਾਊ ਸ਼ਕਤੀ ਲਗਾਤਾਰ ਘਟਦੀ ਜਾ ਰਹੀ ਸੀ। ਡਾ. ਧਰ 'ਆਰਗੈਨਿਕ ਫਾਰਮਰ'  ਰਸਾਲੇ ਰਾਹੀਂ  ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕਾਰਬਨਿਕ (ਜੈਵਿਕ) ਪਦਾਰਥਾਂ ਦੇ ਯੋਗਦਾਨ ਉੱਤੇ ਨਜ਼ਰ ਰੱਖ ਰਹੇ ਸਨ। ਇਸ ਕਾਰਨ ਹੀ ਉਹ ਰਸਾਇਣ ਵਿਭਾਗ ਵਿੱਚ ਰਹਿੰਦੇ ਹੋਏ ਵੀ ਭੂਮੀ ਦੀ ਨਾਈਟਰੋਜ਼ਨ ਸਮੱਸਿਆ ਉੱਤੇ ਕੰਮ ਸ਼ੁਰੂ ਕਰ ਸਕੇ। ਡਾ. ਧਰ 1952 ਵਿੱਚ ਰਸਾਇਣਕ ਵਿਭਾਗ ਤੋਂ ਛੁੱਟੀ ਲੈ ਕੇ ਉਪਰੰਤ ਸ਼ੀਲਾ ਧਰ ਭੂਮੀ ਵਿਗਿਆਨ ਖੋਜ਼ ਸੰਸਥਾਨ ਵਿੱਚ ਭੂਮੀ ਦੇ ਉਪਜਾਊਪਣ ਉੱਤੇ ਡੂੰਘੀ ਖੋਜ਼ ਵਿੱਚ ਲੱਗ ਗਏ। 33 ਸਾਲਾਂ ਵਿੱਚ ਉਹਨਾਂ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੱਕ 123 ਖੋਜ਼ਾਰਥੀਆਂ ਨੇ ਉਹਨਾਂ ਦੇ ਨਿਰਦੇਸ਼ਨ ਵਿੱਚ ਭੂਮੀ ਉਤਪਾਦਕਤਾ, ਕੰਪੋਸਟਿੰਗ, ਨਾਈਟਰੋਜ਼ਨ ਸਥਿਰੀਕਰਨ, ਭੂਮੀ ਦੀਆਂ ਤਹਿਆਂ ਆਦਿ ਉੱਤੇ ਖੋਜ਼ ਕਾਰਜ ਕਰਦੇ ਡੀ. ਫ਼ਿਲ ਅਤੇ ਡੀ. ਐਸ. ਸੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਇਸ ਸਮੇਂ ਦੌਰਾਨ ਡਾ. ਧਰ ਨੇ 300 ਖੋਜ਼ ਪੱਤਰ ਪ੍ਰਕਾਸ਼ਿਤ ਕੀਤੇ। ਇਹ ਗਿਣਤੀ ਕਿਸੇ ਵੀ ਭੂਮੀ ਵਿਗਿਆਨੀ ਲਈ ਬੜੇ ਮਾਣ ਵਾਲੀ ਗੱਲ ਸੀ। ਬਦਕਿਸਮਤੀ ਨਾਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਜਾਂ ਖੇਤੀ ਸੰਸਥਾਨਾਂ ਨੇ ਡਾ. ਧਰ ਦੁਆਰਾ ਭੂਮੀ ਵਿਗਿਆਨ 'ਤੇ ਕੀਤੇ ਗਏ ਇੰਨੇ ਵੱਡੇ ਖੋਜ਼ ਕਾਰਜ ਦਾ ਸਵਾਗਤ ਨਹੀਂ ਕੀਤਾ। ਪਰ ਡਾ. ਧਰ ਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਸੀ। ਵਿਦੇਸ਼ਾਂ ਵਿੱਚ ਉਹਨਾਂ ਦੇ ਕੰਮ ਨੂੰ ਬਹੁਤ ਪ੍ਰਸਿੱਧੀ ਹਾਸਿਲ ਹੋਈ। ਡਾ. ਧਰ ਨੇ 1953-54 ਵਿੱਚ ਸਵੀਡਨ ਦੀ ਉਪਸਾਲਾ ਖੇਤੀ ਯੂਨੀਵਰਸਿਟੀ ਵਿੱਚ 10 ਮਹੀਨੇ ਰਹੇ ਜਿੱਥੇ ਉਹਨਾਂ ਨੇ ਪ੍ਰਕਾਸ਼ ਰਸਾਇਣਿਕ ਨਾਈਟਰੋਜ਼ਨ ਯੋਗਿਕੀਕਰਨ ਦੀ ਪੁਸ਼ਟੀ ਲਈ ਪ੍ਰਯੋਗ ਕੀਤੇ। ਡਾ. ਧਰ ਨੇ ਸਮੇਂ-ਸਮੇਂ ਲੰਦਨ, ਪੈਰਿਸ, ਮੈਡਰਿਡ, ਇਲੋਜ਼ ਅਤੇ ਰੋਮ ਅਨੇਕਾਂ ਭਾਸ਼ਣ ਵੀ ਦਿੱਤੇ। ਸਵੀਡਨ ਦੇ ਪ੍ਰੋਫੈਸਰ  ਐਸ.  ਐਸਲਡਰ ਨੇ ਡਾ. ਧਰ ਦੇ ਕੰਮਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਨਾਮ ਨੋਬਲ ਪੁਰਸਕਾਰ ਲਈ ਵੀ ਪੇਸ਼ ਕੀਤਾ। ਇਸੇ ਤਰ੍ਹਾ  ਰੂਸ ਦੇ ਖੇਤੀ  ਰਸਾਇਣਕ ਤੇ ਭੂਮੀ ਵਿਗਿਆਨ ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਵਿਕਟਰ ਕੋਬਡਾ ਨੇ ਵੀ ਕਿਹਾ ਕਿ ਡਾ. ਧਰ ਦੀਆਂ ਖੇਤੀ ਬਾਰੇ ਖੋਜ਼ਾਂ  ਕਦੇ ਭੁਲਾਈਆਂ ਨਹੀਂ ਜਾ ਸਕਦੀਆਂ। ਅਪ੍ਰੈਲ 1968 ਵਿੱਚ ਰੋਮ ਵਿਖੇ ਆਯੋਜਿਤ ਇੱਕ ਸੈਮੀਨਾਰ 'ਆਰਗੈਨਿਕ ਮੈਟਰ ਐਂਡ ਸੌਇਲ ਫਰਟੀਲਿਟੀ' ਵਿੱਚ ਭਾਸ਼ਣ ਦੇਣ ਲਈ ਉੱਥੋਂ ਦੇ ਪੌਪ ਨੇ ਡਾ. ਧਰ ਨੂੰ ਸੱਦਾ ਦਿੱਤਾ। ਡਾ. ਧਰ ਨੂੰ ਮੌਕਾ ਮਿਲਿਆ ਕਿ ਉਹ ਕਾਰਬਨਿਕ ਪਦਾਰਥ ਬਾਰੇ ਆਪਣੀਆਂ ਖੋਜਾਂ ਨੂੰ ਜ਼ੋਰ-ਸ਼ੋਰ ਪੇਸ਼ ਕਰਨ।

ਪ੍ਰੋ. ਧਰ ਦੁਆਰਾ ਇਲਾਹਾਬਾਦ ਵਿੱਚ ਅੰਨ, ਸਬਜ਼ੀਆਂ ਅਤੇ ਚਾਰਾ ਉਤਪਾਦਨ ਵਿੱਚ ਵਾਧੇ ਦਾ ਇੱਕ ਸਸਤਾ ਬਦਲ ਅਜਮਾਇਆ ਗਿਆ। ਇਸ ਪੱਧਤੀ ਵਿੱਚ ਹਰ ਪ੍ਰਕਾਰ ਦੇ ਜੈਵਿਕ ਪਦਾਰਥ ਅਤੇ ਕੈਲਸੀਅਮ ਫਾਸਫੇਟ ਖੇਤ ਵਿੱਚ ਪਾਏ ਜਾਂਦੇ ਹਨ। ਇਹ ਦੋਹੇਂ ਵਾਯੂਮੰਡਲੀ ਨਾਈਟ੍ਰੋਜ਼ਨ ਨੂੰ ਭੂਮੀ ਵਿੱਚ ਸਥਿਰ ਕਰਕੇ ਨਾਈਟ੍ਰੋਜ਼ਨ ਪੱਖੋਂ ਭੂਮੀ ਦੀ ਸਥਿਤੀ ਵਿੱਚ ਵਰਨਣਯੋਗ ਸੁਧਾਰ ਲਿਆਉਂਦੇ  ਹਨ। ਇਸ ਦੇ ਨਾਲ-ਨਾਲ ਇਸ ਪ੍ਰਕਿਰਿਆ ਦਾ ਫ਼ਸਲਾਂ ਦੇ ਵਿਕਾਸ 'ਤੇ ਵੀ ਲਾਭਕਾਰੀ ਪ੍ਰਭਾਵ ਪੈਂਦਾ ਹੈ।

ਡਾ. ਧਰ ਦਾ ਭੂਮੀ ਉਤਪਾਦਕਤਾ ਵਧਾਉਣ ਲਈ ਖੋਜ਼ ਕਾਰਜ: ਡਾ. ਧਰ ਦਾ ਭੂਮੀ ਉਤਪਾਦਕਤਾ ਵਧਾਉਣ ਦਾ ਸਾਰਾ ਕੰਮ ਨਾਈਟਰੋਜ਼ਨ ਦੇ ਸਥਿਰੀਕਰਨ ਦੇ ਪ੍ਰਕਾਸ਼ ਰਸਾਇਣਕ ਸਿਧਾਂਤ 'ਤੇ ਆਧਾਰਿਤ ਸੀ। ਇਸ ਸਿਧਾਂਤ ਦੀਆਂ ਪ੍ਰਮੁੱਖ ਮਦਾਂ ਇਸ ਪ੍ਰਕਾਰ ਹਨ:
• ਮਿੱਟੀ ਵਿੱਚ ਜੈਵ-ਪਦਾਰਥਾਂ ਦਾ ਆਕਸੀਕਰਨ ਪ੍ਰਕਾਸ਼ ਰਸਾਇਣਕ ਘਟਨਾ ਹੈ।
• ਇਹ ਘਟਨਾ ਜੈਵਿਕ ਹੈ।
• ਭਾਰਤੀ ਮਿੱਟੀ ਵਿੱਚ ਨਮੀ ਅਤੇ ਨਾਈਟਰੋਜ਼ਨ ਦੀ ਕਮੀ ਦਾ ਮੁੱਖ ਕਾਰਨ ਭਾਰਤ ਦੀ ਊਸ਼ਣ ਜਲਵਾਯੂ ਹੈ, ਇਸ ਕਾਰਨ ਭਾਰਤੀ ਮਿੱਟੀ ਵਿੱਚ ਲੋੜੀਂਦੀ ਨਾਈਟਰੋਜ਼ਨ ਦੀ ਮਾਤਰਾ ਵਿਦੇਸ਼ੀ ਮਿੱਟੀਆਂ ਦੇ ਮੁਕਾਬਲੇ ਘੱਟ ਹੈ।
• ਭਾਰਤੀ ਮਿੱਟੀਆਂ ਵਿੱਚ ਜੈਵਿਕ ਖਾਦ ਪਾ ਕੇ ਨਾਈਟਰੋਜ਼ਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
• ਜੇਕਰ ਜੈਵਿਕ ਖਾਦਾਂ ਨਾਲ ਫਾਸਫੇਟ ਮਿਲਾ ਦਿੱਤਾ ਜਾਵੇ ਤਾਂ ਨਾਈਟਰੋਜ਼ਨ ਦੀ ਬੇਲੋੜੀ ਜ਼ਿਆਦਾ ਵਰਤੋਂ ਨਾਲ ਭੂਮੀ ਦੀ ਉਪਜਾਊ ਸ਼ਕਤੀ 50 % ਤੱਕ ਘਟਦਾ ਹੈ। ਡਾ. ਧਰ ਨੇ ਦੇਸ਼ ਦੀ ਗਰੀਬੀ ਅਤੇ ਦੇਸ਼ ਵਿੱਚ ਮੌਜੂਦ ਸਸਤੇ ਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਦੇ ਲਾਭ ਲਈ ਖੋਜ਼ਾਂ ਕੀਤੀਆਂ। ਉਹਨਾਂ ਨੇ ਆਪਣੇ ਇਹਨਾਂ ਪ੍ਰਯੋਗਾਂ ਦਾ ਪ੍ਰਦਰਸ਼ਨ ਅਤੇ ਉਹਨਾਂ ਦੀ ਪੁਸ਼ਟੀ ਕਰਨ ਲਈ 1953-54 ਵਿੱਚ ਸਵੀਡਨ ਦੇ 'ਰਇਲ ਕਾਲਜ ਉਪਸ਼ਾਲਾ' ਵਿੱਚ ਸਾਰੇ ਪ੍ਰਯੋਗ ਕਰਵਾਏ। ਇਸ ਨਾਲ ਸਾਰੇ ਭਰਮ-ਭੁਲੇਖੇ ਦੂਰ ਹੋ ਗਏ।

ਜੈਵਿਕ ਖਾਦ ਅਤੇ ਕੈਲਸੀਅਮ ਫਾਸਫੇਟ ਦਾ ਉਪਯੋਗ ਨਾਲ ਉਤਪਾਦਨ ਵਿੱਚ ਤਿੰਨ ਤੋਂ ਚਾਰ ਗੁਣਾਂ ਵਾਧਾ ਸੰਭਵ: ਪ੍ਰੋ. ਧਰ ਦੁਆਰਾ ਇਲਾਹਾਬਾਦ ਵਿੱਚ ਅੰਨ, ਸਬਜ਼ੀਆਂ ਅਤੇ ਚਾਰਾ ਉਤਪਾਦਨ ਵਿੱਚ ਵਾਧੇ ਦਾ ਇੱਕ ਸਸਤਾ ਬਦਲ ਅਜਮਾਇਆ ਗਿਆ। ਇਸ ਪੱਧਤੀ ਵਿੱਚ ਹਰ ਪ੍ਰਕਾਰ ਦੇ ਜੈਵਿਕ ਪਦਾਰਥ ਅਤੇ ਕੈਲਸੀਅਮ ਫਾਸਫੇਟ ਖੇਤ ਵਿੱਚ ਪਾਏ ਜਾਂਦੇ ਹਨ। ਇਹ ਦੋਹੇਂ ਵਾਯੂਮੰਡਲੀ ਨਾਈਟ੍ਰੋਜ਼ਨ ਨੂੰ ਭੂਮੀ ਵਿੱਚ ਸਥਿਰ ਕਰਕੇ ਨਾਈਟ੍ਰੋਜ਼ਨ ਪੱਖੋਂ ਭੂਮੀ ਦੀ ਸਥਿਤੀ ਵਿੱਚ ਵਰਨਣਯੋਗ ਸੁਧਾਰ ਲਿਆਉਂਦੇ  ਹਨ। ਇਸ ਦੇ ਨਾਲ-ਨਾਲ ਇਸ ਪ੍ਰਕਿਰਿਆ ਦਾ ਫ਼ਸਲਾਂ ਦੇ ਵਿਕਾਸ 'ਤੇ ਵੀ ਲਾਭਕਾਰੀ ਪ੍ਰਭਾਵ ਪੈਂਦਾ ਹੈ। ਇਸ ਪੱਧਤੀ ਸਦਕਾ ਭਾਰਤ ਸਮੇਤ ਇੰਗਲੈਂਡ ਅਤੇ ਬਰਾਜ਼ੀਲ ਵਰਗੇ ਦੇਸ਼ਾਂ ਵਿੱਚ ਅਨਾਜ, ਸਬਜ਼ੀਆਂ ਅਤੇ ਚਾਰੇ ਦੀ ਪੈਦਾਵਾਰ ਵਿੱਚ ਆਮ ਨਾਲ 3-4 ਗੁਣਾਂ ਵਾਧਾ ਦਰਜ਼ ਕੀਤਾ ਗਿਆ ਹੈ। ਕੈਲਸੀਅਮ ਫਾਸਫੇਟ (ਰਾਕ ਫਾਸਫੇਟ ਜਾਂ ਹੱਡੀ ਚੂਰਾ ਜਾਂ ਬੇਸਿਕ ਸਲੇਗ ਦੇ ਰੂਪ ਵਿੱਚ) ਦਾ ਮਿਸ਼ਰਨ ਦੇਣ ਨਾਲ ਪੌਦਿਆਂ ਦੀ ਅਤੇ ਫ਼ਸਲਾਂ ਵਿੱਚ ਛੂਤ ਦੀਆਂ ਬਿਮਾਰੀਆਂ, ਕੀਟ ਹਮਲਿਆਂ ਅਤੇ ਹੋਰ ਵੱਖ-ਵੱਖ ਪ੍ਰਕਾਰ ਦੇ ਰੋਗਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਆਉਂਦੀ ਹੈ। ਇੰਨਾਂ ਹੀ ਨਹੀਂ ਇਸ ਮਿਸ਼ਰਨ ਨਾਲ ਪੈਦਾ ਕੀਤਾ ਗਿਆ ਅਨਾਜ ਪੌਸ਼ਟਿਕਤਾ ਪੱਖੋਂ ਰਸਾਇਣਕ ਖਾਦਾਂ ਨਾਲ ਤਿਆਰ ਕੀਤੇ ਗਏ ਅਨਾਜ਼  ਦੀ ਤੁਲਨਾ ਵਿੱਚ ਬਹੁਤ ਹੀ ਉੱਤਮ ਹੋਵੇਗਾ। ਕਿਉਂਕਿ ਇਸ ਵਿੱਚ ਵਧੇਰੇ ਮਾਤਰਾ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਦਾਰਥ ਉਪਲਭਧ ਹੁੰਦੇ ਹਨ।
ਡਾ. ਧਰ ਨੇ ਕਪੋਸਟਿੰਗ ਦੇ ਸਬੰਧ ਵਿੱਚ ਵੀ ਮਹੱਤਵਪੂਰਨ ਖੋਜ਼ ਕਾਰਜ ਪੂਰਾ ਕਰਵਾਇਆ। ਉਹ ਹਾਵਰਡ ਅਤੇ ਵੈਡ ਦੇ ਕੰਮਾਂ ਤੋਂ ਪ੍ਰਭਾਵਿਤ ਸਨ। ਸੋ ਉਹਨਾਂ ਨੇ ਸ਼ੀਲਾ ਧਰ ਇੰਸਟੀਚਿਊਟ ਵਿੱਚ ਵੱਖ-ਵੱਖ ਪ੍ਰਕਾਰ ਦੇ ਜੈਵਿਕ ਪਦਾਰਥਾਂ ਤੋਂ ਕੰਪੋਸਟ ਬਣਾਉਣ ਦੇ ਢੰਗਾਂ 'ਤੇ ਕੰਮ ਕਰਵਾਇਆ।  1935-36 ਵਿੱਚ ਬੰਜ਼ਰ ਭੂਮੀ ਸੁਧਾਰ ਸਮਿਤੀ ਦੇ ਮੈਂਬਰ ਹੁੰਦਿਆਂ ਉੁਹਨਾਂ ਨੇ ਬੰਜ਼ਰ ਭੂਮੀ ਦੇ ਸੁਧਾਰ ਲਈ ਖੰਡ ਮਿੱਲਾਂ ਤੋਂ ਨਿਕਲਿਆ ਸ਼ੀਰਾ, ਗੰਨੇ ਦਾ ਫੂਸ ਅਤੇ ਫ਼ਸਲੀ ਰਹਿੰਦ-ਖੂੰਹਦ ਆਦਿ ਦੀ ਵਰਤੋਂ ਦਾ ਪ੍ਰਯੋਗ ਕੀਤਾ। ਲੇਖਕ (ਡਾ. ਸ਼ਿਵ ਗੋਪਾਲ ਮਿਸ਼ਰ) ਨੇ ਵੀ ਉਹਨਾਂ ਦੇ ਨਿਰਦੇਸ਼ਨ ਵਿੱਚ ਮਿੱਟੀ ਦੇ ਨਿਰਮਾਣ ਬਾਰੇ ਖੋਜ਼ ਕਾਰਜ ਕੀਤਾ। ਡਾ. ਧਰ ਪਹਿਲੇ ਭਾਰਤੀ ਰਸਾਇਣਕ ਸ਼ਸਤਰੀ ਸਨ ਜਿਹਨਾਂ ਨੇ ਫਰਾਂਸ ਦੇ ਪ੍ਰਸਿੱਧ ਰਸਾਇਣ ਸ਼ਾਸਤਰੀ ਲੈਵੋਜ਼ੀਅਰ ਅਤੇ ਜ਼ਰਮਨੀ ਰਸਾਇਣ ਸ਼ਾਸਤਰੀ ਬੈਰਨ ਲੀਬਿਗ ਜਿਹੇ ਮਹਾਨ ਵਿਗਿਆਨਕਾਂ ਨਾਲ ਖੋਜ਼ ਕੀਤੀ। ਡਾ. ਧਰ ਦਾ ਜੈਵ ਪਦਾਰਥ ਉੱਤੇ ਇੰਨਾਂ ਵਿਸ਼ਵਾਸ਼ ਸੀ ਕਿ ਉਹ 1968 ਵਿੱਚ ਰੋਮ ਦੇ ਪੋਪ ਵੱਲੋਂ ਆਯੋਜਿਤ ਕਾਨਫਰੰਸ ਵਿੱਚ ਆਪਣੇ ਖੋਜ਼ ਕਾਰਜ ਦਾ ਵੇਰਵਾ ਦੇਣਾ ਨਹੀਂ ਭੁੱਲੇ।
ਡਾ. ਧਰ ਦੇ ਕੰਮ ਦੀ ਪ੍ਰਸ਼ੰਸਾ ਮਹਾਤਮਾ ਗਾਂਧੀ ਜਿਹੇ ਯੁਗ ਪੁਰਸ਼ ਨੇ ਵੀ ਕੀਤੀ। ਰੂਸ ਦੇ ਪ੍ਰਸਿੱਧ ਭੂਮੀ ਵਿਗਿਆਨੀ ਕੋਬਡਾ ਅਤੇ ਸਵੀਡਨ ਦੇ ਅਨੇਕ ਵਿਗਆਨੀ ਉਹਨਾਂ ਦੇ ਪੱਖ ਵਿੱਚ ਸਨ। ਇੰਨਾਂ ਹੀ ਨਹੀਂ, ਉਹਨਾਂ ਦੇ ਕੁੱਝ ਪ੍ਰਸ਼ੰਸਕ ਤਾਂ ਉਹਨਾਂ ਨੂੰ ਨੋਬਲ ਪੁਰਸਕਾਰ ਦੇ ਯੋਗ ਵੀ ਸਮਝਦੇ ਸਨ।

ਸੰਖੇਖ ਜੀਵਨ ਵੇਰਵਾ: ਡਾ. ਨੀਲ ਰਤਨ ਧਰ ਦਾ ਜਨਮ 2 ਫਰਵਰੀ 1892 ਨੂੰ ਜੇਸੋਰ (ਜਿਹੜਾ ਕਿ ਹੁਣ ਬੰਗਲਾਦੇਸ਼ ਵਿੱਚ ਹੈ) ਵਿਖੇ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਪ੍ਰਸ਼ਾਂਤ ਕੁਮਾਰ ਧਰ ਇੱਕ ਜ਼ਿਮੀਦਾਰ ਸਨ।  ਉਹਨਾਂ ਦੀ ਮਾਤਾ ਦਾ ਨਾਮ ਮੋਹਿਣੀ ਦੇਵੀ ਸੀ। ਡਾ. ਧਰ ਆਪਣੇ 9 ਭੈਣ-ਭਰਾਵਾਂ ਵਿੱਚੋਂ ਤੀਸਰੇ ਸਨ।
ਬਾਲਕ ਨੀਲ ਰਤਨ ਨੂੰ ਪੰਜ ਸਾਲ ਦੀ ਉਮਰ ਵਿੱਚ ਸਰਕਾਰੀ ਜਿਲ੍ਹਾ ਸਕੂਲ ਜੇਸੋਰ ਵਿੱਚ ਪੜਨ ਭੇਜਿਆ ਗਿਆ। ਉਹ ਪੜ•ਨ ਵਿੱਚ ਬਹੁਤ ਤੇਜ਼ ਸਨ। ਉਹਨਾਂ ਨੇ 1907 ਵਿੱਚ ਦਾਖਲਾ ਪ੍ਰੀਖਿਆ ਪਹਿਲੇ ਦਰਜ਼ੇ ਵਿੱਚ ਵਿਸ਼ੇਸ਼ ਯੋਗਤਾ ਨਾਲ ਪਾਸ ਕੀਤੀ। ਜਿਸ ਕਾਰਨ ਉਹਨਾਂ 15 ਰੁਪਏ ਦਾ ਵਜ਼ੀਫਾ ਦੋ ਸਾਲ ਤੱਕ ਮਿਲਦਾ ਰਿਹਾ। ਉਹਨਾਂ ਨੇ ਅੰਗਰੇਜ਼ੀ, ਸੰਸਕ੍ਰਿਤ, ਬੰਗਲਾ, ਗਣਿਤ, ਇਤਿਹਾਸ ਅਤੇ ਭੁਗੋਲ ਵਿਸ਼ਿਆਂ ਨੂੰ ਚੁਣਿਆਂ। ਦਿਲਚਸਪ ਗੱਲ ਇਹ ਸੀ ਕਿ ਉਸ ਸਮੇਂ ਦਸਵੀਂ ਸ਼੍ਰੇਣੀ ਤੱਕ ਵਿਗਿਆਨ ਪੜਾਇਆ ਵੀ ਨਹੀਂ ਜਾਂਦਾ ਸੀ। ਬਾਲਕ ਨੀਲ ਰਤਨ ਧਰ 1907 ਵਿੱਚ ਜੋਸੇਰ ਛੱਡ ਕੇ ਰਿਪਨ ਕਾਲਜ਼, ਕੋਲਕੱਤਾ ਚਲੇ ਗਏ। ਇੱਥੋਂ ਉਹਨਾਂ ਨੇ ਭੋਤਿਕੀ ਰਸਾਇਣ, ਗਣਿਤ ਤੇ ਅੰਗਰੇਜ਼ੀ ਵਿਸ਼ੇ ਲੈ ਕੇ ਇੰਟਰ ਸਾਂਇੰਸ ਪ੍ਰੀਖਿਆ ਪਾਸ ਕੀਤੀ। ਇਸੇ ਦੌਰਾਨ ਡਾ. ਧਰ ਨੇ ਇੱਕ ਛੋਟੀ ਜਿਹੀ ਪ੍ਰਯੋਗਸ਼ਾਲਾ ਵੀ ਬਣਾਈ ਤੇ ਉਸ ਵਿੱਚ ਪ੍ਰਯੋਗ ਕਰਨ ਲੱਗੇ। ਰਿਪਨ ਕਾਲਜ਼ ਵਿੱਚੋਂ 190 ਵਿੱਚ ਪਹਿਲੇ ਦਰਜ਼ੇ 'ਚ ਇੰਟਰ ਪਾਸ ਕਰਨ ਉਪਰੰਤ ਅਗਲੇਰ ਪੜ੍ਹਾਈ ਲਈ ਪ੍ਰੈਜੀਡੈਂਸੀ ਕਾਲਜ ਕੋਲਕੱਤਾ ਚਲੇ ਗਏ।
ਪ੍ਰੈਜ਼ੀਡੈਂਸੀ ਕਾਲਜ ਵਿੱਚ ਪੜਦਿਆਂ ਡਾ. ਧਰ ਨੂੰ ਕਈ ਨਾਮਵਰ ਯੂਰਪੀ ਅਤੇ ਭਾਰਤੀ ਪ੍ਰੋਫ਼ੈਸਰਾਂ ਸਿੱਖਿਆ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ ਮਿਲਿਆ। ਪ੍ਰੈਜ਼ੀਡੈਂਸੀ ਕਾਲਜ  ਵਿੱਚ ਉਸ ਸਮੇਂ ਅਚਾਰੀਆਂ ਪ੍ਰਫੁੱਲ ਚੰਦਰ ਰੇਅ ਰਸਾਇਣ ਵਿਗਿਆਨ ਵਿਭਾਗ ਅਤੇ ਸਰ ਜਗਦੀਸ਼ ਚੰਦਰ ਬੋਸ ਭੋਤਿਕ ਵਿਗਆਨ ਵਿਭਾਗ ਦੇ ਮੁਖੀ ਸਨ।  ਡਾ. ਧਰ ਨੇ ਆਪਣੀ ਇੱਕ ਪੁਸਤਕ ਵਿੱਚ ਇਹਨਾਂ ਦੋਹਾਂ ਅਧਿਆਪਕਾਂ ਨੂੰ ਕੋਲਕਾਤਾ ਵਿੱਚ ਚੱਲ ਰਹੇ ਰਸਾਇਣ ਅਤੇ ਭੌਤਿਕ ਵਿਗਿਆਨ ਸਬੰਧੀ ਖੋਜ਼ ਕਾਰਜਾਂ ਵਿੱਚ ਮੋਹਰੀ ਕਿਹਾ ਹੈ।
ਡਾ. ਧਰ ਨੇ 1911 ਵਿੱਚ ਬੀ. ਐੱਸ. ਸੀ. (ਆਨਰਜ਼) ਪਾਸ ਕੀਤੀ ਅਤੇ ਐੱਮ. ਐੱਸ. ਸੀ. ਵਿੱਚ ਦਾਖਲਾ ਲੈ ਲਿਆ। ਅਚਾਰੀਆ ਪ੍ਰਫੁੱਲ ਚੰਦਰ ਰੇਅ ਨੇ 1912 ਵਿੱਚ ਵੱਖ-ਵੱਖ ਨਾਈਟ੍ਰੇਟਾਂ ਦੇ ਗੁਣਾਂ ਦੀ ਜਾਣਕਾਰੀ ਲਈ ਵਿਦੇਸ਼ ਜਾਣਾ ਸੀ। ਪਰ ਡਾ. ਨੀਲ ਰਤਨ ਧਰ ਨੇ ਇੱਥੇ ਹੀ ਉਹਨਾ ਗੁਣਾਂ ਬਾਰੇ ਪਤਾ ਕਰਨ ਦਾ ਬੀੜਾ ਚੁੱਕ ਕੇ ਇੱਕ ਤਰ੍ਹਾ ਨਾਲ ਖੋਜ਼ ਕਾਰਜ ਦੀ ਸ਼ੁਰੂਆਤ ਕਰ ਦਿੱਤੀ। ਡਾ. ਧਰ ਦੁਆਰਾ ਨਾਈਟਰੇਟਾਂ ਦੇ ਗੁਣਾਂ ਬਾਰੇ ਕੀਤੇ ਗਏ ਖੋਜ਼ ਕਾਰਜਾਂ ਤੋਂ ਪ੍ਰਾਪਤ ਜਾਣਕਾਰੀ ਨੂੰ 1913 ਵਿੱਚ  ਲੰਦਨ ਤੋਂ ਨਿਕਲਣ ਵਾਲੀ ਪ੍ਰਸਿੱਧ ਖੋਜ਼-ਪੱਤ੍ਰਿਕਾ 'ਜਨਰਲ ਆਫ਼ ਕੈਮੀਕਲ ਸਾਂਇੰਸ' ਨੇ ਪ੍ਰਕਾਸ਼ਿਤ ਕੀਤਾ। 1913 ਵਿੱਚ ਹੀ ਡਾ. ਧਰ ਨੇ ਐੱਮ. ਐੱਸ. ਸੀ. ਪਹਿਲੇ ਦਰਜ਼ੇ ਵਿੱਚ ਪਾਸ ਕੀਤੀ। ਇਸੇ ਸਾਲ ਉਹਨਾਂ ਦੋ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਖੋਜ਼ ਕਾਰਜ ਲਈ ਪ੍ਰਤੀ ਮਹੀਨਾ 100 ਰੁਪਏ ਵਜ਼ੀਫੇ ਦੀ ਵਿਵਸਥਾ ਵੀ ਕੀਤੀ ਗਈ। ਪਹਿਲੇ ਹੀ ਸਾਲ ਉਹਨਾਂ ਨੇ ਭੋਤਿਕ ਰਸਾਇਣਕ ਦੇ ਖੇਤਰ ਵਿੱਚ ਮਹੱਤਵਪੂਰਨ ਕਾਰਜ ਕੀਤਾ। ਉਹਨਾਂ ਦਾ ਇਹ ਖੋਜ਼ ਕਾਰਜ ਜ਼ਰਮਨੀ ਅਤੇ ਲੰਦਨ ਦੇ ਖੋਜ਼ ਜਨਰਲਾਂ ਵਿੱਚ ਛਪਿਆ। ਇਸ ਤਰ੍ਹਾ  ਭਾਰਤ ਵਿੱਚ ਭੌਤਿਕ ਰਸਾਇਣਕ ਵਿਗਿਆਨ ਵਿੱਚ ਖੋਜ਼ ਕਾਰਜ ਸ਼ੁਰੂ ਕਰਨ ਦਾ ਸ਼ਿਹਰਾ ਡਾ. ਨੀਲ ਰਤਨ ਧਰ ਨੂੰ ਜਾਂਦਾ ਹੈ।
ਵਿਦੇਸ਼ ਜਾਣਾ: ਹੁਣ ਡਾ. ਧਰ ਨੇ ਵਿਦੇਸ਼ ਵਿੱਚ ਆਪਣੀ ਡਾਕਟਰੇਟ ਲਈ ਖੋਜ਼ ਕਾਰਜ ਆਰੰਭ ਕਰਨਾ ਸੀ। ਖੁਸ਼ਕਿਸਮਤੀ ਨਾਲ ਪਹਿਲੇ ਵਿਸ਼ਵ ਯੁੱਧ ਦੌਰਾਨ ਉਹਨਾਂ ਨੂੰ ਤਿੰਨ ਸਾਲਾਂ ਲਈ ਰਾਜ ਵਜ਼ੀਫਾ (200 ਪੌਂਡ ਪ੍ਰਤੀ ਸਾਲ) ਪ੍ਰਾਪਤ ਹੋਇਆ। ਪਰੰਤੂ ਉਹਨਾਂ ਦੇ ਗੁਰੂ ਪ੍ਰਫੁੱਲ ਚੰਦਰ ਰੇਅ ਅਤੇ ਰਮਿੰਦਰ ਸੁੰਦਰ ਤ੍ਰਿਵੇਦੀ ਯੁੱਧ ਦੌਰਾਨ ਉਹਨਾਂ ਦੇ ਵਿਦੇਸ਼ ਜਾਣ ਦੇ ਵਿਰੁੱਧ ਸਨ।  ਪਰ ਡਾ. ਧਰ ਰੁਕੇ ਨਹੀਂ। ਉਹਨਾਂ ਦੇ ਮਨ ਵਿੱਚ ਗਿਆਨ ਲਈ ਜਬਰਦਸਤ ਜਗਿਆਸਾ ਸੀ। ਉਹ ਯੂਨੀਵਰਸਿਟੀ ਕਾਲਜ ਲੰਦਨ ਵਿੱਚ ਪ੍ਰੋਫ਼ੈਸਰ  ਐੱਫ. ਜੀ. ਡੋਲੇਨ ਨਾਲ ਡੀ. ਐਸ. ਸੀ. ਦੀ ਡਿਗਰੀ ਲਈ ਖੋਜ਼ ਕਾਰਜ ਕਰਨਾ ਚਾਹੁੰਦੇ ਸਨ। ਪਰੰਤੂ ਕੁੱਝ ਕਾਰਨਾਂ ਕਰਕੇ ਉਹਨਾਂ ਨੂੰ ਇੰਪੀਰੀਅਲ ਕਾਲਜ ਆਫ ਸਾਂਇੰਸ ਐਂਡ ਟੈਕਨੋਲੋਜ਼ੀ, ਸਾਊਥ ਕਰਿਸਟਨ ਲੰਦਨ ਵਿੱਚ ਪ੍ਰੋ. ਜੇ. ਸੀ. ਫਿਲਿਪ ਨਾਲ ਕੰਮ ਕਰਨਾ ਪਿਆ। ਇੱਥੋਂ 1917 ਵਿੱਚ ਉਹਨਾਂ ਨੂੰ ਡੀ. ਐੱਸ. ਸੀ. ਦੀ ਡਿਗਰੀ ਪ੍ਰਾਪਤ ਕੀਤੀ। ਇੰਗਲੈਂਡ ਵਿੱਚ ਡਾ. ਧਰ ਉੱਥੋਂ ਦੇ ਪ੍ਰਸਿੱਧ ਵਿਗਿਆਨੀਆਂ ਜੇ. ਜੇ. ਥਾਮਸਨ, ਸਰ ਰਦਰਫੋਰਡ, ਐਸ. ਸਾਰਮਡੀ, ਪ੍ਰੋ. ਟਰਕਿਨ ਜੇਮਜ਼ ਵਾਕਰ, ਲਾਰਡ ਰੈਲੇ ਆਦਿ ਦੇ ਸੰਪਕਰ ਵਿੱਚ ਆਏ ਅਤੇ ਉਹਨਾਂ ਤੋਂ ਬਹੁਤ ਕੁੱਝ ਸਿੱਖਿਆ।
ਅਧਿਐਨ ਲਈ ਫਰਾਂਸ ਯਾਤਰਾ: ਡਾ. ਧਰ ਅਕਤੂਬਰ 1917 ਨੂੰ ਬ੍ਰਿਟਿਸ਼ ਪਾਸਪੋਰਟ 'ਤੇ  ਪੈਰਿਸ ਪਹੁੰਚੇ ਅਤੇ ਸਾਵੋਰਨ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੇ ਪ੍ਰੋ. ਜੀ. ਊਬੈਨ ਨੂੰ ਮਿਲੇ ਅਤੇ ਕੋਬਾਲਟ ਰਸਾਇਣਾਂ ਤੇ ਹੋਰ ਯੋਗਿਕਾਂ ਉੱਤੇ ਕੰਮ ਕਰਕੇ ਦੋ ਖੋਜ਼ ਪੱਤਰ ਪ੍ਰਕਾਸ਼ਿਤ ਕੀਤੇ। ਡਾ. ਧਰ ਨੇ ਪੈਰਿਸ ਦੀ ਡਾਕਟਰ ਆਫ ਸਾਂਇੰਸ  ਡਿਗਰੀ ਲਈ ਰਸਾਇਣਕ ਗਤੀ 'ਤੇ ਆਧਾਰਿਤ ਥੀਸਿਸ ਵੀ ਲਿਖਿਆ।  ਪੈਰਿਸ ਵਿੱਚ ਰਹਿੰਦੇ ਸਮੇਂ ਡਾ. ਧਰ ਵਿਸ਼ਵ ਪ੍ਰਸਿੱਧ ਵਿਗਿਆਨਕ ਮੈਡਮ ਮੇਰੀ ਕਿਊਰੀ ਨੂੰ ਵੀ ਮਿਲੇ।
ਭਾਰਤ ਵਾਪਸੀ: ਸੰਨ 1919 ਵਿੱਚ ਡਾ. ਧਰ ਵਾਪਸ ਵਤਨ ਪਰਤ ਆਏ ਅਤੇ 19 ਜੁਲਾਈ 1919 ਡਾ. ਧਰ ਨੇ ਇਲਾਹਾਬਾਦ ਦੇ ਮਯੂਰ ਕਾਲਜ ਵਿੱਚ ਪ੍ਰੋਫ਼ੈਸਰ ਦਾ ਅਹੁਦਾ ਸੰਭਾਲ ਲਿਆ। ਜਲਦੀ ਹੀ ਉਹਨਾਂ ਕੋਲ ਪੜਨ ਲਈ ਦੇਸ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਆਉਣ ਲੱਗੇ। ਲੇਖਕ (ਡਾ. ਸ਼ਿਵ ਗੋਪਾਲ) ਸਮੇਤ ਅਨੇਕਾਂ ਹੀ ਵਿਦਿਆਰਥੀਆਂ ਨੇ ਡਾ. ਧਰ ਦੇ ਨਿਰਦੇਸ਼ਨ ਵਿੱਚ ਡੀ. ਫ਼ਿਲ. ਦੀ ਡਿਗਰੀ ਪ੍ਰਾਪਤ ਕੀਤੀ।
ਵਿਅਕਤੀਤਵ: ਡਾ. ਧਰ ਇੱਕ ਆਦਰਸ਼ ਅਧਿਆਪਕ, ਬੜੇ ਹੀ ਸਨੇਹੀ ਅਤੇ ਦਾਨੀ ਸੁਭਾਅ ਦੇ ਵਿਅਕਤੀ ਸਨ। ਉਹ ਸਾਦਾ ਅਤੇ ਸਰਲ ਜੀਵਨ ਬਤੀਤ ਕਰਦੇ ਸਨ। ਉਹ ਕਦੇ ਵੀ ਫਜ਼ੂਲ ਖਰਚ ਨਹੀਂ ਸਨ ਕਰਦੇ। ਉਹਨਾਂ ਨੇ ਆਪਣੀ ਸਾਰੀ ਕਮਾਈ ਨੂੰ ਬਹੁਤ ਸੰਭਾਲ ਕੇ ਰੱਖਿਆ ਅਤੇ ਬਾਅਦ ਵਿੱਚ ਆਪਣੀ ਸਾਰੀ ਬੱਚਤ ਇਲਾਹਾਬਾਦ ਯੂਨੀਵਰਸਿਟੀ, ਸ਼ਾਂਤੀ ਨਿਕੇਤਨ, ਕੋਲਕਾਤਾ ਯੂਨੀਵਰਸਿਟੀ, ਚਿਤਰੰਜ਼ਨ ਸੇਵਾ ਸਦਨ ਅਤੇ ਰਾਮ ਕ੍ਰਿਸ਼ਨ ਮਿਸ਼ਨ ਨੂੰ ਦਾਨ ਵਿੱਚ ਦੇ ਦਿੱਤੀ।
ਉਹਨਾਂ  ਦਾ ਪਹਿਲਾ ਵਿਆਹ ਵਿਧਾਨ ਚੰਦਰ ਰਾਏ ਦੀ ਭਤੀਜੀ ਸ਼ੀਲਾ ਧਰ ਨਾਲ 1930 ਵਿੱਚ ਹੋਇਆ। ਪਰੰਤੂ ਬਿਮਾਰੀ ਦੇ ਚਲਦਿਆਂ 1949 ਵਿੱਚ ਉਹਨਾਂ ਦੀ ਮੌਤ ਹੋ ਗਈ। 60 ਸਾਲ ਦੀ ਉਮਰ ਵਿੱਚ ਉੁਹਨਾਂ ਨੇ ਮੀਰਾ ਚੈਟਰਜ਼ੀ ਨੂੰ ਜੀਵਨ ਸਾਥੀ ਬਣਾ ਲਿਆ। ਦੋਹਾਂ ਪਤਨੀਆਂ ਤੋਂ ਉਹਨਾਂ ਨੂੰ ਕੋਈ ਸੰਤਾਨ ਨਹੀਂ ਹੋਈ। 5 ਸਤੰਬਰ 1986 ਨੂੰ ਡਾ. ਨੀਲ ਰਤਨ ਧਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਮੈਂ ਇਸ ਤੱਥ ਤੋਂ ਚੰਗੀ ਤਰ੍ਹਾ ਜਾਣੂ ਹਾਂ ਕਿ ਅੱਜ ਅਸੀਂ ਜਿਸ ਨੂੰ ਪਰਮ ਸੱਚ ਮੰਨਦੇ ਹਾਂ, ਉਹ ਆਉਣ ਵਾਲੇ ਸਮੇਂ ਵਿੱਚ ਸਾਡੇ ਉੱਤਰਾਧਿਕਾਰੀਆਂ ਦੁਆਰਾ ਗਲਤ ਵੀ ਸਿੱਧ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਉਹਨਾਂ ਦੀ ਵਿਵੇਚਨਾ ਨੂੰ ਵੀ ਗਲਤ ਸਾਬਿਤ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਜੀਵਨ ਦੇ ਰਹੱਸਾਂ ਨੂੰ ਪ੍ਰਗਟ ਕਰਨ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਇਸ ਗੱਲ ਤੋਂ ਸੰਤੁਸ਼ਟ ਰਹਿਣਾ ਚਾਹੀਦਾ ਹੈ ਕਿ ਉਹ ਇੱਕ ਮਹਾਨ ਕਾਰਜ ਨੂੰ ਅੰਜ਼ਾਮ ਦੇ ਰਹੇ ਹਨ।
ਰਚਨਾਵਾਂ: 1932 ਵਿੱਚ ਪ੍ਰਕਾਸ਼ਿਤ ਹੋਈ 'ਨਿਊ ਕਨਸੈਪਸ਼ਨਜ਼ ਇੰਨ ਬਾਇਉ ਕਮੈਸਟਰੀ' ਡਾ. ਧਰ ਦੁਆਰਾ ਲਿਖੀ ਗਈ ਪਹਿਲੀ ਪੁਸਤਕ ਸੀ। ਇਸ ਦੀ ਭੂਮਿਕਾ ਵਿੱਚ ਡਾ. ਧਰ ਲਿਖਦੇ ਹਨ: “ਮੈਂ ਆਪਣੀ ਪੂਰੀ ਯੋਗਤਾ ਅਤੇ ਸਾਰੇ ਪਰੀਖਣਾਂ ਨਾਲ ਜੈਵ-ਰਸਾਇਣਕ ਵਿੱਚ ਇਹ ਪੁਸਤਕ ਲਿਖੀ ਹੈ। ਮੈਂ ਇਸ ਤੱਥ ਤੋਂ ਚੰਗੀ ਤਰ੍ਹਾ ਜਾਣੂ ਹਾਂ ਕਿ ਅੱਜ ਅਸੀਂ ਜਿਸ ਨੂੰ ਪਰਮ ਸੱਚ ਮੰਨਦੇ ਹਾਂ, ਉਹ ਆਉਣ ਵਾਲੇ ਸਮੇਂ ਵਿੱਚ ਸਾਡੇ ਉੱਤਰਾਧਿਕਾਰੀਆਂ ਦੁਆਰਾ ਗਲਤ ਵੀ ਸਿੱਧ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਉਹਨਾਂ ਦੀ ਵਿਵੇਚਨਾ ਨੂੰ ਵੀ ਗਲਤ ਸਾਬਿਤ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਜੀਵਨ ਦੇ ਰਹੱਸਾਂ ਨੂੰ ਪ੍ਰਗਟ ਕਰਨ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਇਸ ਗੱਲ ਤੋਂ ਸੰਤੁਸ਼ਟ ਰਹਿਣਾ ਚਾਹੀਦਾ ਹੈ ਕਿ ਉਹ ਇੱਕ ਮਹਾਨ ਕਾਰਜ ਨੂੰ ਅੰਜ਼ਾਮ ਦੇ ਰਹੇ ਹਨ।”
ਡਾ. ਧਰ ਦੀ ਦੂਸਰੀ ਕਿਤਾਬ 'ਕੈਮੀਕਲ ਐਕਸ਼ਨ ਆਫ਼ ਲਾਈਟ' 1939 ਪ੍ਰਾਕਾਸ਼ਿਤ ਹੋਈ। ਇਸ ਤਰ੍ਹਾ 1972 ਵਿੱਚ ਉਹਨਾਂ ਦੀ ਤੀਜੀ ਕਿਤਾਬ 'ਅਚਾਰੀਆ ਪ੍ਰਫੁੱਲ ਚੰਦਰ ਰੇਅ: ਲਾਈਫ ਐਂਡ ਅਚੀਵਮੈਂਟ 1972 ਵਿੱਚ ਛਪੀ। 1974 ਵਿੱਚ ਉਹਨਾਂ ਦੀ ਚੌਥੀ ਕਿਤਾਬ 'ਰਿਫਲੈਕਸ਼ਨ ਆਨ ਕੈਮੀਕਲ ਐਜੂਕੇਸ਼ਨ' ਪ੍ਰਾਕਸ਼ਿਤ ਹੋਈ। ਉਹਨਾਂ ਨੇ ਬੰਗਲਾ ਵਿੱਚ ਵੀ ਦੋ ਕਿਤਾਬਾਂ: 'ਜ਼ਮੀਨੇਰ ਉਰਵਰਤਾ ਵ੍ਰਿਧੀਰ, ਉਪਾਯ' ਅਤੇ 'ਆਮਾਦੇਰ ਖਾਦੇਨ' ਦੀ ਰਚਨਾ ਕੀਤੀ। ਡਾ. ਧਰ ਦੀ ਕਿਤਾਬ 'ਰਿਫਲੈਕਸ਼ਨ ਆਨ ਕੈਮੀਕਲ ਐਜੂਕੇਸ਼ਨ' 1990 ਵਿੱਚ ਹਿੰਦੀ ਭਾਸ਼ਾ 'ਚ 'ਰਸਾਇਣ ਸ਼ਿਕਸ਼ਾ ਪਰ ਵਿਚਾਰ' ਨਾਮ ਤੋਂ ਛਪੀ। ਡਾ. ਧਰ ਨੇ ਅਨੇਕ ਯਾਦਗਾਰੀ ਭਾਸ਼ਣ ਵੀ ਦਿੱਤੇ। ਉਹਨਾਂ ਦੀ ਸਾਰੀਆਂ ਰੇਡੀਉ ਵਾਰਤਾਲਾਪਾਂ ਪ੍ਰਮਾਣਿਤ ਹੋਈਆਂ ਅਤੇ ਉਹਨਾਂ ਦੇ ਲੇਖ ਐਵਰੀਮੈਨਜ਼ ਸਾਂਇੰਸ ਅਤੇ ਹੋਰ ਰੋਜ਼ਾਨ ਅਖ਼ਬਾਰਾਂ ਵਿੱਚ ਛਪਦੇ ਰਹੇ ਹਨ।
ਸਨਮਾਨ ਅਤੇ ਪ੍ਰਾਪਤੀਆਂ: ਡਾ. ਨੀਲ ਰਤਨ ਧਰ 1916 ਵਿੱਚ ਕੈਮੀਕਲ ਸੋਸਾਇਟੀ ਲੰਦਨ ਅਤੇ 1919 ਵਿੱਚ ਰਾਇਲ ਇੰਸਟੀਚਿਊਟ ਆਫ਼ ਕੈਮਿਸਟਰੀ ਦੇ ਫ਼ੈਲੋ ਚੁਣੇ ਗਏ। 1992 ਵਿੱਚ ਇੰਡੀਅਨ ਸਾਂਇੰਸ ਕਾਂਗਰਸ ਦੇ ਰਸਾਇਣ ਵਿਭਾਗ ਦੇ ਮੁਖੀ ਰਹੇ। 1930 ਤੋਂ 1933 ਤੱਕ ਵਿਗਿਆਨ ਪ੍ਰੀਸ਼ਦ, ਪ੍ਰਯਾਗ ਦੇ ਮੁਖੀ ਰਹੇ। 1933-34 ਵਿੱਚ ਉਹ ਇੰਡੀਅਨ ਕੈਮੀਕਲ ਸੋਸਾਇਟੀ ਦੇ ਪ੍ਰਧਾਨ ਚੁਣੇ ਗਏ। 1935 ਅਤੇ 37 ਵਿੱਚ ਉਹਨਾਂ ਨੂੰ ਨੈਸ਼ਨਲ ਅਕੈਡਮੀ ਆਫ਼ ਸਾਂਇੰਸਜ਼ ਦਾ ਪ੍ਰਧਾਨ ਚੁਣਿਆ ਗਿਆ। 1935 ਵਿੱਚ ਉਹ ਫਰੈਂਚ ਅਕੈਡਮੀ ਆਫ਼ ਐਗਰੀਕਲਚਰ ਦੇ ਵਿਦੇਸ਼ੀ ਮੈਂਬਰ ਨਾਮਜ਼ਦ ਹੋਏ। 1937 ਵਿੱਚ ਹੀ ਉਹ ਅੰਤਰਾਸ਼ਟਰੀ ਐਗਰੀਕਲਚਰ ਕਾਂਗਰਸ ਸਵੇਨਿਜਨ, ਹਾਲੈਂਡ ਦੇ ਮੈਂਬਰ ਚੁਣੇ ਗਏ। 1960 ਵਿੱਚ ਡਾ. ਧਰ ਨੂੰ ਇੰਟਰਨੈਸ਼ਨਲ ਸੁਆਇਲ ਸਾਂਇੰਸ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਡਾ. ਧਰ ਕੋਲਕਾਤਾ ਯੂਨੀਵਰਸਿਟੀ, ਵਿਸ਼ਵ ਭਾਰਤੀ, ਬਨਾਰਸ ਹਿੰਦੂ ਯੂਨੀਵਰਸਿਟੀ, ਗੋਰਖਪੁਰ, ਇਲਾਹਾਬਾਦ ਯੂਨੀਵਰਸਿਟੀ ਤੇ ਜਾਦਵਪੁਰ ਯੂਨੀਵਰਸਿਟੀ  ਵੱਲੋਂ ਡੀ. ਐੈੱਸ. ਸੀ. ਦੀਆਂ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤੇ ਗਏ। ਡਾ. ਧਰ ਜੀਵਨ ਭਰ ਭਾਰਤੀ ਸਾਂਇੰਸ ਕਾਂਗਰਸ ਦੇ ਸਰਗਰਮ ਮੈਂਬਰ ਰਹੇ।

ਸਰਕਾਰ ਮਹਾਮਾਰੀ ਵਿਗਿਆਨ ਤਹਿਤ ਕਰਵਾਏ ਪੰਜਾਬ ਦੇ ਵਾਤਾਵਰਣੀ ਜ਼ਹਰੀਲੇ ਪਾਣੀਆਂ ਦੀ ਪੜ੍ਹਤਾਲ

   ਪੰਜਾਬ ਦੇ ਚੁਗਿਰਦੇ ਵਿੱਚ ਜ਼ਹਿਰਾਂ ਦੀ ਪੜ੍ਹਤਾਲ ਕਰਨ ਲਈ ਆਮ ਸਮਾਜ ਕਰੇਗਾ ਵਿਗਿਆਨਕ ਉਪਰਾਲਾ
ਖੇਤੀ ਵਿਰਾਸਤ ਮਿਸ਼ਨ ਦੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁੱਪ ਵੱਲੋਂ ਬੀਤੀ 27 ਮਈ ਨੂੰ ਬਠਿੰਡਾ ਵਿਖੇ ਟੌਕਸੀਸਿਟੀ ਐਂਡ ਇਨਵਾਇਰਨਮੈਂਟਲ ਇਪੋਡਿਮੋਲੋਜ਼ੀਕਲ ਮੈਪਿੰਗ ਹਿਤ ਪੰਜਾਬ ਭਰ ਵਿੱਚ ਕੀਤੇ ਜਾਣ ਵਾਲੇ ਅਧਿਐਨ ਸਬੰਧੀ ਇਸ ਉਪਰਾਲੇ ਵਿੱਚ ਭਾਗੀਦਾਰ ਸਮੂਹ ਹਮਖਿਆਲ ਜੱਥੇਬੰਦੀਆਂ ਅਤੇ ਵਿਅਕਤੀਆਂ ਲਈ ਮੁਢਲੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਵਿੱਚ ਸੂਬੇ ਭਰ ਤੋਂ ਵੱਖ-ਵੱਖ ਸੰਸਥਾਂਵਾਂ ਦੇ ਪ੍ਰਤਿਨਿਧੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਵਰਕਸ਼ਾਪ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਅਮਰ ਸਿੰਘ ਆਜ਼ਾਦ ਅਤੇ ਮਿਸ਼ਨ ਦੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁੱਪ ਦੇ ਕਨਵੀਨਰ ਤੇ ਆਦੇਸ਼ ਮੈਡੀਕਲ ਕਾਲਜ, ਬਠਿੰਡਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜੀ ਪੀ ਆਈ ਸਿੰਘ ਮੁੱਖ ਬੁਲਾਰਿਆਂ ਵਜੋਂ ਸ਼ਾਮਿਲ ਹੋਏ। ਵਰਕਸ਼ਾਪ ਦਾ ਸੰਚਾਲਨ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ ਹੁਣਾਂ ਕੀਤਾ।
ਜ਼ਿਕਰਯੋਗ ਹੈ ਕਿ ਬੀਤੀ 13 ਮਈ ਨੂੰ ਖੇਤੀ ਵਿਰਾਸਤ ਮਿਸ਼ਨ ਵਲੋਂ ਆਯੋਜਿਤ ਕੁਦਰਤੀ ਖੇਤੀ ਅਤੇ ਵਾਤਾਵਰਣ ਉਤਸਵ ਤਹਿਤ ਪੰਜਾਬ ਭਰ ਦੀਆਂ ਵਾਤਾਵਰਣੀ ਜੱਥੇਬੰਦੀਆਂ ਨਾਲ ਕੀਤੇ ਗਏ ਸੈਮੀਨਾਰ ਵਿੱਚ ਸਰਕਾਰ ਤੋਂ ਪੰਜਾਬ ਆਬਾਦੀ 'ਤੇ ਆਧਾਰਿਤ ਕੈਂਸਰ ਰਜੋਟਰੀ ਬਣਾਉਣ ਅਤੇ ਸੂਬੇ ਦੀ ਟੌਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲੋਜ਼ੀਕਲ ਸਟਡੀ  ਕਰਵਾਏ ਜਾਣ ਦੀ ਮੰਗ ਕੀਤੀ ਗਈ ਸੀ।  ਉਪਰੰਤ ਇਸ ਸਬੰਧ ਵਿੱਚ ਬੀਤੀ 20 ਮਈ ਨੂੰ ਆਦੇਸ਼ ਮੈਡੀਕਲ ਕਾਲਜ, ਬਠਿੰਡਾ ਵਿਖੇ  ਖੇਤੀ ਵਿਰਾਸਤ ਮਿਸ਼ਨ ਦੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁੱਪ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਡਾ. ਜੀ ਪੀ ਆਈ ਸਿੰਘ-ਕਨਵੀਨਰ (ਈ ਐੱਚ ਏ ਜੀ), ਡਾ. ਅਮਰ ਸਿੰਘ ਆਜ਼ਾਦ, ਡਾ. ਵਿਠੁਲ ਕੇ ਗੁਪਤਾ, ਸ਼੍ਰੀ ਮਨਮੋਹਨ ਸ਼ਰਮਾ, ਡਾ. ਪਵਨ ਮਿੱਤਲ, ਡਾ. ਗੁਰਜੰਟ ਸਿੰਘ ਸੇਖੋਂ ਅਤੇ ਉਮੇਂਦਰ ਦੱਤ ਹੁਣਾਂ ਭਾਗ ਲਿਆ। ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਦੀ ਟੌਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲੋਜ਼ੀਕਲ ਮੈਪਿੰਗ ਲਈ ਸਿਰਫ ਸਰਕਾਰ ਦੇ ਮੂੰਹ ਵੱਲ ਹੀ ਵੇਖਦੇ ਰਹਿਣ ਦੀ ਬਜਾਏ ਸਾਨੂੰ ਆਪਣੇ ਪੱਧਰ 'ਤੇ ਇਹ ਕੰਮ ਆਰੰਭ ਕਰ ਦੇਣਾ ਚਾਹੀਦਾ ਹੈ। ਉਪਰੰਤ ਇਹ ਤੈਅ ਕੀਤਾ ਗਿਆ ਕਿ 27 ਮਈ ਨੂੰ ਇਸ ਸਬੰਧ ਵਿੱਚ ਸਮੂਹ ਹਮ ਖ਼ਿਆਲ ਲੋਕਾਂ ਅਤੇ ਸੰਸਥਾਵਾਂ ਦੀ ਇੱਕ ਮੁਢਲੀ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਜਾਵੇ। ਇਸੇ ਫੈਸਲੇ ਤਹਿਤ 27 ਮਈ ਨੂੰ ਬਠਿੰਡਾ ਵਿਖੇ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਦੱਤ ਨੇ ਸਭ ਤੋਂ ਪਹਿਲਾਂ ਭਾਗੀਦਾਰਾਂ ਨੂੰ ਇਸ ਵਰਕਸ਼ਾਪ ਦੇ ਲੋੜ ਅਤੇ ਮਹੱਤਵ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਸਿਹਤਾਂ ਅਤੇ ਵਾਤਾਵਰਣ ਦੇ ਬਹੁਤ ਹੀ ਭਿਆਨਕ ਸੰਕਟ ਦਾ ਸ਼ਿਕਾਰ ਹੈ। ਸੂਬੇ ਭਰ ਵਿੱਚ ਲੋਕ ਅਨੇਕਾਂ ਪ੍ਰਕਾਰ ਦੀਆਂ ਲਾਇਲਾਜ਼ ਅਤੇ ਦਰਦਨਾਕ ਬਿਮਾਰੀਆਂ ਦੀ ਜਕੜਨ ਵਿੱਚ ਤ੍ਰਾਹੀ-ਤ੍ਰਾਹੀ ਕਰ ਰਹੇ ਹਨ ਅਤੇ ਇਹ ਸਭ ਵਾਤਾਵਰਣ ਵਿੱਚ ਦੂਰ-ਦੂਰ ਤੱਕ ਪਸਰੇ ਹੋਏ ਜ਼ਹਿਰਾਂ ਕਾਰਨ ਵਾਪਰ ਰਿਹਾ ਹੈ। ਖੇਤੀ ਵਿੱਚ ਕੀੜੇਮਾਰ ਅਤੇ ਨਦੀਨ ਨਾਸ਼ਕ ਜ਼ਹਿਰਾਂ ਦੇ ਨਾਲ-ਨਾਲ ਰਸਾਇਣਿਕ ਖਾਦਾਂ ਦੀ ਅੰਨ੍ਹੀ ਵਰਤੋਂ ਇਸ ਦਾ ਪ੍ਰਮੁੱਖ ਕਾਰਨ ਹੈ। ਇਸ ਤੋਂ ਇਲਾਵਾ ਉਦਯੋਗਾਂ ਅਤੇ ਵਾਹਣਾਂ ਵਿੱਚੋਂ ਨਿਕਲਣ ਵਾਲੇ ਅਨੇਕਾਂ ਪ੍ਰਕਾਰ ਦੇ ਜ਼ਹਿਰੀਲੇ ਮਾਦੇ ਵੀ ਵਾਤਾਵਰਣੀ ਜ਼ਹਿਰੀਲੇਪਨ ਵਿੱਚ ਭਾਰੀ ਵਾਧਾ ਕਰ ਰਹੇ ਹਨ। ਸਿੱਟੇ ਵਜੋਂ ਸੂਬੇ ਭਰ ਵਿੱਚ ਲੋਕ ਭਿਆਨਕ ਕਿਸਮ ਦੀਆਂ ਤੇ ਲਾਇਲਾਜ਼ ਬਿਮਾਰੀਆਂ ਦੇ ਸ਼ਿਕਾਰ ਬਣੇ ਹੋਏ ਹਨ। ਇਸ ਵਰਤਾਰੇ ਨੂੰ ਰੋਕਣ ਲਈ ਫ਼ਿਲਹਾਲ ਸਰਕਾਰ ਕੋਈ ਰੁਚੀ ਨਹੀਂ ਲੈ ਰਹੀ ਸੋ ਖੇਤੀ ਵਿਰਾਸਤ ਮਿਸ਼ਨ, ਹਮਖਿਆਲ ਜੱਥੇਬੰਦੀਆਂ ਅਤੇ ਜਾਗਰੂਕ ਲੋਕਾਂ ਦੁਆਰਾ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਇਹ ਫ਼ੈਸਲਾ ਲਿਆ ਗਿਆ ਹੈ ਕਿ ਮਿਸ਼ਨ ਦੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਗਰੁੱਪ ਦੀ ਦੇਖ-ਰੇਖ ਵਿੱਚ ਪੰਜਾਬ ਵਿੱਚ ਟੌਕਸੀਸਿਟੀ ਐਂਡ ਇਨਵਾਇਰਨਮੈਂਟਲ ਇਪੋਡਿਮੋਲੋਜ਼ੀਕਲ ਮੈਪਿੰਗ ਕਰਵਾਈ ਜਾਵੇਗੀ।  ਇਹ ਮੈਪਿੰਗ ਕਿਸ tਤਰ੍ਹਾ ਕੀਤੀ ਜਾਵੇ ਇਸ ਸਬੰਧੀ ਮੁਢਲੀ ਜਾਣਕਾਰੀ ਦੇਣ ਸਬੰਧੀ ਹੀ ਅੱਜ ਦੀ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ।
ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ਡਾ. ਅਮਰ ਸਿੰਘ ਆਜ਼ਾਦ ਨੇ ਆਏ ਹੋਏ ਸੱਜਣਾਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਮਨੁੱਖ ਆਦਿ ਕਾਲ / ਆਪਣੀ ਸ਼ੁਰੂਆਤੀ ਅਵਸਥਾ ਤੋਂ ਹੀ ਸਿਹਤ ਪ੍ਰਤੀ ਜਾਗਰੂਕ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਉਸ ਸਮੇਂ ਬਹੁਤੀਆਂ ਬਿਮਾਰੀਆਂ ਸਮੇਂ ਦੇ ਨਾਲ ਆਪਣੇ-ਆਪ ਹੀ ਠੀਕ ਹੋ ਜਾਂਦੀਆਂ ਸਨ ਅਤੇ ਉਹਨਾਂ ਦੀ ਤੀਬਰਤਾ ਵੀ ਬਹੁਤ ਘੱਟ ਹੁੰਦੀ ਸੀ। ਪਰੰਤੂ ਬੀਤਦੇ ਸਮੇਂ ਦੇ ਨਾਲ-ਨਾਲ ਬਿਮਾਰੀਆਂ ਦੀ ਤਾਸੀਰ ਵੀ ਬਦਲਦੀ ਗਈ ਅਤੇ ਉਹ ਕੁਝ ਗੁੰਝਲਦਾਰ ਰੂਪ ਅਖਤਿਆਰ ਕਰਨ ਲੱਗ ਪਈਆਂ। ਅਜਿਹੇ ਵਿੱਚ ਬਿਮਾਰੀਆਂ 'ਤੇ ਕਾਬੂ ਪਾਉਣ ਲਈ ਮਨੁੱਖ ਨੇ ਇੱਕ ਸੰਤੁਲਿਤ ਪਹੁੰਚ ਅਪਣਾਉਣੀ ਸ਼ੁਰੂ ਕਰ ਦਿੱਤੀ। ਕੁਦਰਤੀ ਇਲਾਜ਼ ਪ੍ਰਣਾਲੀ/ਨੇਚਰੋਪੈਥੀ, ਆਯੁਰਵੇਦ ਅਤੇ ਯੋਗ ਆਦਿ ਇਸੇ ਸੰਤੁਲਿਤ ਪਹੁੰਚ ਦੇ ਨਤੀਜ਼ੇ ਵਜੋਂ ਹੀ ਵਿਕਸਤ ਹੋਈਆਂ।
ਪਰੰਤੂ ਜਿਵੇਂ-ਜਿਵੇਂ ਮਨੁੱਖ ਕੁਦਰਤੀ ਵਾਤਾਵਰਣ ਤੋਂ ਦੂਰ ਹੁੰਦਾ ਗਿਆ ਨਵੀਆਂ-ਨਵੀਆਂ ਬਿਮਾਰੀਆਂ ਉਪਜਣ ਲੱਗੀਆਂ। ਇਹਨਾਂ ਵਿੱਚ ਹੈਜ਼ਾ, ਪਲੇਗ, ਟੀ. ਬੀ. ਆਦਿ ਜੀਵਾਣੂ/ਕੀਟਾਣੂ ਜਨਿਤ ਛੂਤ ਦੀਆਂ ਬਿਮਾਰੀਆਂ ਦੀ ਭਰਮਾਰ ਸੀ। ਇਹਨਾਂ ਅਤੇ ਅਜਿਹੀਆਂ ਹੀ ਹੋਰਨਾ ਕੀਟਾਣੂ ਜਨਿਤ ਬਿਮਾਰੀਆਂ ਕਰਕੇ ਵੱਡੀ ਸੰਖਿਆ ਵਿੱਚ ਲੋਕਾਂ ਅਣਆਈ ਮੌਤ ਮਰਨ ਲੱਗ ਪਏ। ਸਿੱਟੇ ਵਜੋਂ ਅੱਗੇ ਚੱਲ ਕੇ ਆਧੁਨਿਕ ਚਿਕਿਤਸਾ ਪ੍ਰਣਾਲੀ ਦੀ ਖੋਜ਼ ਹੋਈ ਅਤੇ 100-150 ਸਾਲ ਪਹਿਲਾਂ ਐਂਟੀਬਾਇਉਟਿਕਸ ਨਾਲ ਰੋਗਾਂ ਦਾ ਇਲਾਜ਼ ਕੀਤਾ ਜਾਣਾ ਸ਼ੁਰੂ ਹੋ ਗਿਆ। ਅਰਥਾਤ ਸਬੰਧਤ ਬਿਮਾਰੀ ਲਈ ਜ਼ਿਮੇਵਾਰ ਜੀਵਾਣੂ/ਕੀਟਾਣੂ ਨੂੰ ਮਾਰ ਕੇ ਬਿਮਾਰੀ ਦਾ ਇਲਾਜ਼ ਕਰਨ। ਇਸ ਨਾਲ ਆਧੁਨਿਕ ਚਿਕਿਤਸਾ ਪੱਧਤੀ ਨੂੰ ਅਪਾਰ ਸਫ਼ਲਤਾ ਮਿਲੀ। ਪਰੰਤੂ ਇਸੇ ਦੌਰਾਨ ਸ਼ੂਗਰ, ਕੈਂਸਰ, ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਵਰਗੀਆਂ ਬਿਲਕੁਲ ਹੀ ਨਿਵੇਕਲੀਆਂ ਬਿਮਾਰੀਆਂ ਪ੍ਰਗਟ ਹੋਈਆਂ ਜਿਹੜੀਆਂ ਕਿ ਛੂਤ ਨਾਲ ਨਹੀਂ ਫੈਲਦੀਆਂ ਅਤੇ ਜਿਹਨਾਂ ਦਾ ਇਲਾਜ਼ ਬਹੁਤ ਹੀ ਮਹਿੰਗਾ ਅਤੇ ਲਗਪਗ ਅਸੰਭਵ ਹੈ। ਇਹ ਅਤੇ ਇਹਨਾਂ ਵਰਗੀਆਂ ਅਨੇਕਾਂ ਹੋਰ ਅਜਿਹੀਆਂ ਬਿਮਾਰੀਆਂ ਹਨ ਜਿਹਨਾਂ ਦਾ ਕੋਈ ਸਟੀਕ ਇਲਾਜ਼ ਨਹੀਂ ਹੈ ਅਤੇ ਭੁਗਤਭੋਗੀ ਨੂੰ ਦਵਾਈਆਂ ਦੇ ਸਹਾਰੇ ਜ਼ਿੰਦਗੀ ਭਰ ਇਹਨਾਂ ਦੇ ਨਾਲ ਹੀ ਜੀਣਾ ਪੈਂਦਾ ਹੈ।
ਡਾ. ਆਜ਼ਾਦ ਨੇ ਹੋਰ ਵਿਸਥਾਰ ਨਾਲ ਦੱਸਿਆ ਕਿ ਬਿਮਾਰੀਆਂ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ ਸਗੋਂ ਇਹਨਾਂ ਦੇ ਕਈ ਮਿਲੇ-ਜੁਲੇ ਕਾਰਨ ਹੁੰਦੇ ਹਨ ਅਰਥਾਤ ਕਿਸੇ ਵੀ ਬਿਮਾਰੀ ਲਈ ਮੁੱਖ ਤੌਰ 'ਤੇ ਕੋਈ ਇੱਕ ਕਾਰਨ ਜਿੰਮੇਵਾਰ ਨਹੀਂ ਹੁੰਦਾ। ਇਪੋਡਿਮੋਲੋਜ਼ੀ ਵਿਗਿਆਨ ਇਸ ਸਿਧਾਂਤ 'ਤੇ ਕੰਮ ਕਰਦਾ ਹੈ ਕਿ ਬਿਮਾਰੀ ਦੇ ਪਨਪਣ ਲਈ ਏਜੰਟ, ਹੋਸਟ ਅਤੇ ਵਾਤਾਵਰਣ ਤਿੰਨੇਂ ਚੀਜਾਂ ਦੀ ਲੋੜ ਹੁੰਦੀ ਹੈ। ਸੋ ਬਿਮਾਰੀ ਨੂੰ ਸਮਝਣ ਲਈ ਇਹਨਾਂ ਤਿੰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। 
ਏਜੰਟ
ਹੋਸਟ  
ਵਾਤਾਵਰਣ

ਏਜੰਟ ਅਰਥਾਤ ਬਿਮਾਰੀ, ਹੋਸਟ ਅਰਥਾਤ ਬਿਮਾਰੀ ਦਾ ਸੰਭਾਵਿਤ ਸ਼ਿਕਾਰ ਅਤੇ ਵਾਤਾਵਰਣ ਅਰਥਾਤ ਏਜੰਟ ਅਤੇ ਹੋਸਟ ਨੂੰ ਮਿਲਾਉਣ ਵਾਲਾ ਮਹੱਤਵਪੂਰਨ ਕਾਰਕ। ਇਸ ਦਾ ਸਾਫ ਮਤਲਬ ਇਹ ਹੈ ਕਿ ਜੇਕਰ ਵਾਤਾਵਰਣ ਚੰਗਾ ਹੋਵੇਗਾ ਤਾਂ ਬਿਮਾਰੀ ਨਹੀਂ ਹੋਵੇਗੀ ਪਰੰਤੂ ਜੇਕਰ ਵਾਤਾਵਰਣ ਮਾੜਾ ਹੋਵੇਗਾ ਤਾਂ ਬਿਮਾਰੀ ਜ਼ਰੂਰ ਉਪਜੇਗੀ। ਇਹ ਵੀ ਸੱਚ ਹੈ ਕਿ ਉਪਰੋਕਤ ਤਿੰਨੇਂ ਬਿਮਾਰੀ ਲਈ ਬਰਾਬਰ ਦੇ ਦੋਸ਼ੀ ਨਹੀਂ ਹਨ ਜੇਕਰ ਵਾਤਾਵਰਣ ਸਿਹਤ ਪੱਖੀ ਹੋਵੇ ਤਾਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ। ਵਾਤਾਵਰਣ ਵੀ ਤਿੰਨ ਪ੍ਰਕਾਰ ਦਾ ਹੁੰਦਾ ਹੈ। ਸਮਾਜਿਕ, ਸ਼ਰੀਰਕ ਅਤੇ ਜੈਵਿਕ। ਪਰ ਹਾਂ ਜੇਕਰ ਸਮਾਜਿਕ ਵਾਤਾਵਰਣ ਚੰਗਾ ਹੋਵੇਗਾ ਤਾਂ ਸ਼ਰੀਰਕ ਅਤੇ ਜੈਵਿਕ ਵਾਤਾਵਰਣ ਆਪਣੇ-ਆਪ ਹੀ ਚੰਗਾ ਹੋ ਜਾਵੇਗਾ। ਸਮਾਜਿਕ ਵਾਤਾਵਰਣ ਦੇ ਚੰਗਾ ਹੋਣ ਤੋਂ ਭਾਵ ਸਮਾਜ ਵਿੱਚ ਉੱਚ ਪਾਏ ਦੀ ਚੇਤਨਾਂ ਤੋਂ ਹੈ। ਇੱਕ ਚੇਤਨ ਸਮਾਜ ਦਾ ਫਿਜ਼ੀਕਲ ਅਤੇ ਬਾਇਉਲੌਜ਼ੀਕਲ ਵਾਤਾਵਰਣ ਕਿਸੇ ਪੱਖੋਂ ਵੀ ਗੜਬੜ ਨਹੀਂ ਹੋ ਸਕਦਾ।
ਇਸ ਵੇਲੇ ਪੰਜਾਬ ਸਮੇਤ ਸਮੁੱਚੇ ਦੇਸ ਅਤੇ ਦੁਨੀਆਂ ਭਰ ਦਾ ਸਮਾਜਿਕ ਵਾਤਾਵਰਣ ਇੰਨਾਂ ਕੁ ਗੰਧਲ ਗਿਆ ਹੈ ਕਿ ਸਾਡਾ ਸ਼ਰੀਰ ਅਤੇ ਜੈਵਿਕ ਵਾਤਾਵਰਣ ਕਿਸੇ ਵੀ ਪੱਖੋਂ ਠੀਕ ਜਾਂ ਪਾਏਦਾਰ ਨਹੀਂ ਰਹਿ ਗਿਆ। ਨਤੀਜ਼ੇ ਵਜੋਂ ਪੂਰੀ ਦੁਨੀਆਂ ਦਾ ਡਿਜ਼ੀਜ਼ ਪੈਟਰਨ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਪੰਜਾਬ ਵਿੱਚ ਖਾਸ ਕਰ ਕੇ। ਕੈਂਸਰ, ਕਿਡਨੀ, ਸ਼ੂਗਰ, ਬੱਲਡ ਪ੍ਰੈਸ਼ਰ ਆਦਿ ਬਿਮਾਰੀਆਂ ਆਮ ਹੋ ਗਈਆਂ ਹਨ ਅਤੇ ਆਧੁਨਿਕ ਚਿਕਿਤਸਾ ਪ੍ਰਣਾਲੀ ਵਿੱਚ ਇਹਨਾਂ ਬਿਮਾਰੀਆਂ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ ਬਲਕਿ ਇਹਨਾਂ ਦੇ ਨਾਲ ਹੀ ਜਿਉਣਾ ਪੈਂਦਾ ਹੈ। ਇਹ ਬਿਮਾਰੀਆਂ ਉਮਰ ਘਟਾਉਂਦੀਆਂ ਹਨ। ਇਹਨਾਂ ਤੋਂ ਪੀੜਤ ਵਿਅਕਤੀ ਆਪਣੀ ਪੂਰੀ ੂਉਮਰ ਕਦੇ ਨਹੀਂ ਭੋਗ ਪਾਉਂਦਾ। ਇਹਨਾਂ ਵਿੱਚੋਂ ਕੁੱਝ ਬਿਮਾਰੀਆਂ ਦਾ ਤਾਂ ਭੁਗਤਭੋਗੀ ਨੂੰ ਕਿੰਨਾ-ਕਿੰਨਾ ਚਿਰ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਪਤਾ ਲੱਗਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਹਨਾਂ ਬਿਮਾਰੀਆਂ ਦਾ ਇਲਾਜ਼ ਬਹੁਤ ਮਹਿੰਗਾ ਹੈ। ਸਬੰਧਤ ਟੈਸਟ ਅਤੇ ਦਵਾਈਆਂ ਇੰਨੀਆਂ ਕੁ ਮਹਿੰਗੀਆਂ ਹਨ ਕਿ ਹਰ ਕੋਈ ਉਹਨਾਂ ਦੀ ਖਰੀਦ ਕੇ ਵਰਤ ਨਹੀਂ ਸਕਦਾ।
ਅਜਿਹਾ ਸਿਰਫ ਇਸ ਲਈ ਹੈ ਕਿ ਆਧੁਨਿਕ ਚਿਕਤਸਾ ਪ੍ਰਣਾਲੀ ਵਿੱਚ ਸਾਰੀ ਰਿਸਰਚ ਦੇ ਸੈਂਟਰ ਵਿੱਚ ਵਪਾਰ ਹੈ ਅਤੇ  ਸਾਰੀ ਵਿਵਸਥਾ ਸ਼ੋਸ਼ਣਕਾਰੀ ਹੈ। ਮਰੀਜ਼ ਅਤੇ ਉਸਦੀ ਬਿਮਾਰੀ ਨੂੰ ਪੈਸਾ ਬਣਾਉਣ ਦੇ ਇੱਕ ਸਾਧਨ ਵਜੋਂ ਦੇਖਿਆ ਜਾਂਦਾ ਹੈ ਨਾ ਕਿ ਇਨਸਾਨ ਵਜੋਂ। ਇਸ ਤੋਂ ਵੀ ਅਗਲੀ ਗੱਲ- ਪੰਜਾਬ ਵਿੱਚ ਕਿਸੇ ਵੀ ਕ੍ਰੋਨਿਕ (ਗੰਭੀਰ) ਬਿਮਾਰੀ ਦਾ ਡੈਟਾ ਮੌਜੂਦ ਨਹੀਂ ਹੈ ਅਰਥਾਤ ਬਿਮਾਰੀਆਂ ਦੇ ਸੰਭਾਵਿਤ ਅਤੇ ਪੁਖਤਾ ਕਾਰਨਾਂ ਬਾਰੇ ਕਿਤੇ ਵੀ ਕੋਈ ਜਾਣਕਾਰੀ ਉਪਲਭਧ ਨਹੀਂ ਹੈ। ਇਸ ਦਾ ਇੱਕ ਮਾਤਰ ਕਾਰਨ ਇਹ ਹੈ ਕਿ ਸਾਰੀ ਦੀ ਸਾਰੀ ਰਿਸਰਚ ਫਾਰਮਾਸਿਉਟੀਕਲ (ਦਵਾਈਆਂ ਬਣਾਉਣ ਵਾਲੀਆਂ) ਕੰਪਨੀਆਂ ਦੇ ਏਕਾਧਿਕਾਰ ਵਿੱਚ ਹੈ। ਦੂਸਰਾ ਇਹ ਰਿਸਰਚ ਹੈ ਵੀ ਇੰਨੀ ਮਹਿੰਗੀ ਕਿ ਕਿਸੇ ਸਧਾਰਣ ਅਦਾਰੇ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੋ ਨਿੱਬੜਦੀ ਹੈ। ਸੋ ਵਿਆਪਕ ਜਨਹਿਤ ਵਿੱਚ ਇਹ ਕੰਮ ਸਰਕਾਰਾਂ ਹੀ ਆਸਾਨੀ ਨਾਲ ਕਰ ਸਕਦੀਆਂ ਹਨ। ਕਿਉਂਕਿ ਉਹਨਾਂ ਕੋਲ ਸਾਧਨਾਂ ਦੀ ਕੋਈ ਕਮੀ ਨਹੀਂ ਹੁੰਦੀ! ਪਰ ਹਾਂ ਇਸ ਕੰਮ ਨੂੰ ਸਿਰਫ ਤੇ ਸਿਰਫ ਸਰਕਾਰਾਂ 'ਤੇ ਛੱਡ ਕੇ ਅਵੇਸਲੇ ਨਹੀਂ ਹੋਇਆ ਜਾ ਸਕਦਾ। ਇਸ ਲਈ ਲੋਕ ਹਿੱਤ ਵਿੱਚ ਸਾਨੂੰ ਆਪਣੇ ਪੱਧਰ 'ਤੇ ਹੀ ਸਬੰਧਤ ਰਿਸਰਚ ਕਰਨ ਦੀ ਲੋੜ ਹੈ। ਇਹ ਰਿਸਰਚ ਕੀਤੀ ਕਿਸ ਤਰ੍ਹਾ ਜਾਵੇ? ਇਹ ਵੱਡਾ ਸਵਾਲ ਹੈ ਅਤੇ ਇਸ ਸਵਾਲ ਦਾ ਜਵਾਬ ਇਸ ਵਿਸ਼ੇ 'ਤੇ ਗੰਭੀਰ ਵਿਚਾਰ-ਵਟਾਂਦਰੇ ਵਿਚੋਂ ਰਿਸਰਚ ਏਜੰਡਾ ਤੈਅ ਕਰਨ ਵਿੱਚ ਨਿਹਿਤ ਹੈ।
ਪੰਜਾਬ ਦੇ ਮੌਜੂਦਾ ਸਿਹਤ ਸੰਕਟ ਦੇ ਮੱਦੇ ਨਜ਼ਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਰਕਾਰ ਸੂਬੇ ਵਿੱਚ ਹੈਲਥ ਐਮਰਜੰਸੀ ਦਾ    ਐਲਾਨ ਕਰੇ। ਅਜਿਹਾ ਕਰਨਾ ਇਸ ਲਈ ਲਾਜ਼ਮੀ ਹੈ, ਕਿਉਂਕਿ:
1) ਪੰਜਾਬ ਵਿੱਚ ਵਾਤਾਵਰਣੀ ਜ਼ਹਿਰੀਲਾਪਣ ਇੰਨਾ ਕੁ ਵਧ ਗਿਆ ਹੈ ਕਿ ਪੰਜਾਬ ਨੂੰ ਦੇਸ ਭਰ ਵਿੱਚ ਕੈਂਸਰ ਅਤੇ ਪ੍ਰਜਣਨ ਸਿਹਤ ਸਬੰਧੀ ਰੋਗਾਂ ਦੀ ਰਾਜਧਾਨੀ ਵਜੋਂ ਜਾਣਿਆ ਜਾਣ ਲੱਗਾ ਹੈ। ਦੇਸ ਭਰ ਵਿਚ ਵਰਤੇ ਜਾ ਰਹੇ ਪੈਸਟੀਸਾਈਡਜ਼ ਦਾ 18% ਅਤੇ ਰਸਾਇਣਿਕ ਖਾਦਾਂ ਦਾ 12 % ਇਕੱਲੇ ਪੰਜਾਬ ਵਿੱਚ ਖਪਾ ਦਿੱਤਾ ਜਾਂਦਾ ਹੈ। ਇਹ ਦੋਹੇਂ ਬਹੁਤ ਹੀ ਖ਼ਤਰਨਾਕ ਅਤੇ ਲੰਬੇ ਅਰਸੇ ਤੱਕ ਵਾਤਾਵਰਣ ਵਿੱਚ ਟਿਕੇ ਰਹਿਣ ਵਾਲੇ ਜ਼ਹਿਰੀਲੇ ਮਾਦੇ ਹਨ। ਇਹ ਕੈਂਸਰ ਕਾਰਕ ਹਨ, ਪ੍ਰਜਨ ਸਿਹਤ ਖ਼ਰਾਬ ਕਰਦੇ ਹਨ ਅਤੇ ਐਂਡੋਕ੍ਰਾਈਨ ਸਿਸਟਮ ਨੂੰ ਡਿਸਟਰਬ ਕਰਦੇ ਹਨ ਅਤੇ ਇਹ ਸਾਰੀਆਂ ਅਲਾਮਤਾਂ ਪੰਜਾਬ ਵਿੱਚ ਆਮ ਹੋ ਗਈਆਂ ਹਨ।
2) ਮਰਦਾਂ ਵਿੱਚ ਸਪਰਮ ਕਾਂਊਟ ਅਤੇ ਭੂਮੀ ਵਿੱਚ ਸੂਖਮ ਜੀਵਾਣੂ 40 ਸਾਲ ਪਹਿਲਾਂ ਦੇ ਮੁਕਾਬਲੇ 30-30 % ਘਟ ਗਏ ਹਨ। ਔਰਤਾਂ ਵਿੱਚ ਬੱਚੇਦਾਨੀ ਦੀਆਂ  ਰਸੌਲੀਆਂ ਦਾ ਵਰਤਾਰਾ ਆਮ ਹੋ ਗਿਆ ਹੈ।
3) ਬੱਚੀਆਂ ਵਿੱਚ ਮਹਾਵਾਰੀ 2 ਸਾਲ ਐਡਵਾਂਸ ਹੋ ਗਈ ਹੈ। ਇਸੇ ਤਰ੍ਹਾ  ਮੁੰਡਿਆਂ ਵਿੱਚ ਜਵਾਨੀ ਉਮਰ ਵੀ 2 ਸਾਲ ਤੱਕ ਲੇਟ ਹੋ ਗਈ ਹੈ। 40 ਸਾਲ ਤੋਂ ਵੱਧ ਉਮਰ ਦੇ ਲਗਪਗ 50 ਫੀਸਦੀ ਮਰਦ ਇਰੈਕਟਾਇਲ ਡਿਸਫੰਕਸ਼ਨ (ਸੈਕਸ ਦੀ ਕਮਜ਼ੋਰੀ) ਦੇ ਸ਼ਿਕਾਰ ਹੋ ਚੁੱਕੇ ਹਨ। ਇਸ ਦਾ ਸਪਸ਼ਟ ਅਰਥ ਇਹ ਹੈ ਕਿ ਪੰਜਾਬ ਮੇਲ ਫੈਮਾਲਾਇਜੇਸ਼ਨ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ।
4) ਜਿਥੋਂ ਤੱਕ ਗੱਲ ਕੈਂਸਰ ਦੀ ਹੈ ਤਾਂ ਇਹ ਮੁੱਖ ਰੂਪ ਨਾਲ ਤਿੰਨ ਤਰ੍ਹਾ  ਦੇ ਹਨ:
1) ਤੰਬਾਕੂ ਆਧਾਰਿਤ ਕੈਂਸਰ, 2) ਰੇਡੀਏਸ਼ਨ ਆਧਾਰਿਤ ਕੈਂਸਰ, 3) ਟੌਕਸੀਸਿਟੀ ਆਧਾਰਿਤ ਕੈਂਸਰ
ਪੰਜਾਬ ਵਿੱਚ ਟੌਕਸੀਸਿਟੀ ਆਧਾਰਿਤ ਕੈਂਸਰ ਵੱਡੇ ਪੈਮਾਨੇ 'ਤੇ ਵਧ ਰਹੇ ਹਨ। ਜਿਵੇਂ ਕਿ ਛਾਤੀ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਗਾਲ ਬਲੈਡਰ ਦਾ ਕੈਂਸਰ, ਅੰਤੜੀਆਂ ਦਾ ਕੈਂਸਰ ਆਦਿ-ਆਦਿ। ਇਸੇ ਤਰ੍ਹਾ  ਹੈਪੇਟਾਇਟਿਸ ਬੀ ਅਤੇ ਸੀ ਵਰਗੀਆਂ ਬਿਮਾਰੀਆਂ ਵੀ ਤੇਜ਼ੀ ਨਾਲ ਆਪਣਾ ਦਾਇਰਾ ਵਧਾ ਰਹੀਆਂ ਹਨ।
5) ਇਹ ਹੀ ਹਾਲ ਪ੍ਰਜਨਣ ਸਿਹਤ ਸਬੰਧੀ ਵੀ ਹੈ। ਕਦੇ ਇੱਕ ਹਜ਼ਾਰ ਪਿੱਛੇ ਇੱਕ ਮੰਦਬੁੱਧੀ ਬੱਚਾ ਪੈਦਾ ਹੁੰਦਾ ਸੀ ਪਰੰਤੂ ਵਰਤਮਾਨ ਸਮੇਂ ਇਹ ਗਿਣਤੀ 36 ਬੱਚਿਆਂ ਪਿੱਛੇ ਇੱਕ ਹੋ ਗਈ ਹੈ।
6) ਮਨੁੱਖਾਂ ਅਤੇ ਡੰਗਰਾਂ ਵਿੱਚ ਬਾਂਝਪਣ ਦਾ ਵਰਤਾਰਾ ਆਮ ਹੋ ਗਿਆ ਹੈ। ਜੰਗਲੀ ਜੀਵ ਵੀ ਤੇਜ਼ੀ ਨਾਲ ਲੋਪ ਹੋ ਰਹੇ ਹਨ। ਪੰਛੀਆਂ ਦੀਆਂ 10,000 ਵਿਚੋਂ 7,000 ਪ੍ਰਜਾਤੀਆਂ ਖਤਮ ਹੋ ਗਈਆਂ ਹਨ। ਦੁਨੀਆਂ ਭਰ ਦੇ ਲੋਕ ਪੱਖੀ ਵਿਗਿਆਨੀ ਕਹਿ ਰਹੇ ਹਨ ਕਿ ਪੂਰੀ ਦੁਨੀਆਂ ਇੱਕ ਧੀਮੀ ਮੌਤ ਮਰ ਰਹੀ ਹੈ, ਸਮੂਹਿਕ ਆਤਮਦਾਹ ਵੱਲ ਵਧ ਰਹੀ ਹੈ।
7) ਭੂਮੀ, ਪਾਣੀ, ਹਵਾ ਸਭ ਪਲੀਤੇ ਜਾ ਚੁੱਕੇ ਹਨ। ਪੰਜਾਬ ਦਾ ਧਰਤੀ ਹੇਠਲਾ ਅਤੇ ਉਪਰਲਾ ਸਾਰੇ ਪਾਣੀ ਬੁਰੀ ਤਰ੍ਹਾ  ਪ੍ਰਦੂਸ਼ਤ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਣੀ ਸਾਫ ਕਰਨ ਦੇ ਜੁਗਾੜ (ਆਰ. ਓ. ਬਗ਼ੈਰਾ) ਸਾਨੂੰ ਬਚਾਅ ਨਹੀਂ ਸਕਦੇ। ਕਿਉਂਕਿ 24 ਘੰਟਿਆਂ ਵਿੱਚ ਪੀਣ ਵਾਲੇ ਪਾਣੀ ਨਾਲ ਜਿੰਨਾਂ ਵਾਤਾਵਰਣੀ ਜ਼ਹਿਰ ਸਾਡੇ ਸ਼ਰੀਰ ਵਿੱਚ ਚਲਾ ਜਾਂਦੀ ਹੈ ਉੰਨਾਂ ਜ਼ਹਿਰ ਸਿਰਫ 15 ਮਿਨਟ ਨਹਾਉਣ ਨਾਲ ਹੀ ਸਾਡੇ ਸ਼ਰੀਰ ਵਿੱਚ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਸਾਡੀਆਂ ਸਾਡੇ ਡੰਗਰਾਂ ਨੂੰ ਪਿਲਾਇਆ ਜਾਣ ਵਾਲਾ ਅਸ਼ੁੱਧ ਪਾਣੀ ਖੁਰਾਕ ਰਾਹੀਂ ਸਾਡੇ ਸ਼ਰੀਰ ਵਿੱਚ ਹੀ ਜਾਵੇਗਾ। ਸੋ ਸਾਨੂੰ ਕਦੇ ਵੀ ਇਸ ਗਲਤਫ਼ਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਆਰ. ਓ. ਵਰਗੇ ਤਕਨੀਕੀ ਹੱਲ ਸਾਨੂੰ ਵਾਤਵਰਣੀ ਜ਼ਹਿਰੀਲੇਪਣ ਦੀ ਮਾਰ ਤੋਂ ਬਚਾ ਲੈਣਗੇ।
ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਚੁਗਿਰਦੇ ਵਿੱਚ ਹਵਾ, ਪਾਣੀ, ਭੂਮੀ ਅਤੇ ਭੋਜਨ ਲੜੀ ਵਿੱਚ ਕਿਹੜੇ-ਕਿਹੜੇ ਜ਼ਹਿਰ ਅਤੇ ਕਿੰਨੀ ਮਾਤਰਾ ਵਿੱਚ ਮੌਜੂਦ ਹਨ। ਇਸ ਮੰਤਵ ਲਈ ਸਾਨੂੰ ਸਰਕਾਰ ਤੋਂ ਪੰਜਾਬ ਦੀ ਟੌਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲਜ਼ੀਕਲ ਮੈਪਿੰਗ ਕਰਵਾਉਣ ਦੀ ਪੁਰਜ਼ੋਰ ਮੰਗ ਕਰਨੀ ਚਾਹੀਦੀ ਹੈ।
ਇਸ ਮੌਕੇ ਡਾ. ਜੀ. ਪੀ. ਆਈ. ਸਿੰਘ ਵਰਕਸ਼ਾਪ ਵਿੱਚ ਆਏ ਹੋਏ ਸੱਜਣਾਂ ਨੂੰ ਇਪੋਡਿਮੌਲੌਜ਼ੀ ਅਤੇ ਪੰਜਾਬ ਦੀ ਟਾਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲੌਜ਼ੀਕਲ ਮੈਪਿੰਗ ਬਾਰੇ ਅਰਥ ਭਰਪੂਰ ਜਾਣਕਾਰੀ ਦਿੱਤੀ।  ਡਾ. ਜੀ. ਪੀ. ਆਈ. ਸਿੰਘ ਨੇ ਦੱਸਿਆ ਕਿ ਚਿਕਤਿਸਾ ਪ੍ਰਣਾਲੀ ਵਿੱਚ ਇਪੋਡਿਮੌਲੋਜ਼ੀ ਨੂੰ ਬੜਾ ਹੀ ਔਖਾ ਸਬਜੈਕਟ ਮੰਨਿਆ ਜਾਂਦਾ ਹੈ। ਹਾਲਾਂਕਿ ਬਿਮਾਰੀ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣਾ ਅਤੇ ਉਸ ਸਮਝ ਦੇ ਆਧਾਰ 'ਤੇ ਇਲਾਜ਼ ਸੁਝਾਉਣਾ ਹੀ ਇਪੋਡਿਮੌਲੋਜ਼ੀ ਹੈ।
ਇਸ ਨੂੰ ਅਸੀਂ ਜਰਾ ਇਸ ਪ੍ਰਕਾਰ ਸਮਝਾਂਗੇ:
ਜਦੋਂ ਕਦੇ ਰਾਜਨੀਤਕ ਲੋਕਾਂ ਜਾਂ ਸਰਕਾਰ ਨੂੰ ਸਮਾਜ ਵਿੱਚ ਵਧ ਰਹੀਆਂ ਬਿਮਾਰੀਆਂ ਬਾਰੇ ਕਾਰਨ ਦੱਸ ਕੇ ਉਹਨਾਂ ਦੀ ਰੋਕਥਾਮ ਲਈ ਕੁਝ ਕਰਨ ਵਾਸਤੇ ਕਿਹਾ ਜਾਂਦਾ ਹੈ ਤਾਂ ਉਹ ਅਕਸਰ ਹੀ ਕਹਿੰਦੇ ਹਨ ਕਿ ਸਿੱਧ ਕਰੋ ਕਿ ਸਬੰਧਤ ਰੋਗ ਦੱਸੇ ਗਏ ਕਾਰਨਾਂ ਕਰਕੇ ਹੀ ਹੋ ਰਿਹਾ ਹੈ। ਪਰ ਅਜਿਹਾ ਕਰਨਾ ਕਦੇ ਵੀ ਆਸਾਨ ਨਹੀਂ ਹੈ। ਇਹ ਵਿਗਿਆਨਕ ਤੌਰ 'ਤੇ ਸਿੱਧ ਹੋ ਚੁੱਕਿਆ ਤੱਥ ਹੈ ਕਿ ਹਸਪਤਾਲਾਂ ਦਾ ਡੈਟਾ ਕਦੇ ਵੀ ਸਹੀ ਜਾਣਕਾਰੀ ਨਹੀਂ ਦੇ ਸਕਦਾ। ਇਹਦੇ ਲਈ ਬਹੁਤ ਸਾਰੇ ਕਾਰਨ ਜ਼ਿਮੇਵਾਰ ਹੁੰਦੇ ਹਨ ਜਿਵੇਂ ਕਿ ਭੁਗੋਲਿਕ ਅਤੇ ਚਿਕਤਿਸਕ ਅਰਥਾਤ ਕਿਸੇ ਇੱਕ ਹਸਪਤਾਲ ਵਿੱਚ ਕਈ ਇਲਾਕਿਆਂ ਦੇ ਲੋਕ ਇਲਾਜ਼ ਕਰਵਾਉਣ ਆ ਸਕਦੇ ਹਨ ਅਤੇ ਆਉਂਦੇ ਵੀ ਹਨ ਪਰ ਇਹ ਜ਼ਰੂਰੀ ਨਹੀਂ ਕਿ ਹਸਪਤਾਲ ਵਿੱਚ ਸਬੰਧਤ ਮਰੀਜ਼ਾਂ ਦੀ ਸੰਪੂਰਨ ਅਤੇ ਸਟੀਕ  ਹਿਸਟਰੀ ਲਈ ਜਾਂਦੀ ਹੋਵੇ। ਦੂਸਰਾ ਇਹ ਕਿ ਕਈ ਹਸਪਤਾਲ ਕਿਸੇ ਖਾਸ ਬਿਮਾਰੀ ਨੂੰ ਕੇਂਦਰ 'ਚ ਰੱਖ ਹੀ ਬਣਾਏ ਜਾਂਦੇ ਹਨ। ਸੋ ਉਹਨਾਂ ਹਸਪਤਾਲਾਂ ਵਿੱਚ ਉਸ ਖਾਸ ਬਿਮਾਰੀ ਨਾਲ ਪੀੜਤ ਲੋਕ ਹੀ ਆਉਣਗੇ। ਇਹ ਵੀ ਜ਼ਰੂਰੀ ਨਹੀਂ ਹੈ ਕਿ ਸਬੰਧਤ ਬਿਮਾਰੀ ਤੋਂ ਪੀੜਤ ਸਾਰੇ ਮਰੀਜ਼ ਹੀ ਸਬੰਧਤ ਹਸਪਤਾਲ ਵਿੱਚ ਜਾਣ। ਕਿਉਂਕਿ ਜਿਅਦਾਤਰ ਪੀੜਤ ਪੈਸੇ ਖੁਣੋਂ ਇਹਨਾਂ ਹਸਪਤਾਲਾਂ ਵਿੱਚ ਜਾ ਕੇ ਇਲਾਜ਼ ਕਰਵਾਉਣ ਦੀ ਹਾਲਤ ਵਿੱਚ ਨਹੀਂ ਹੁੰਦੇ।
ਉਪਰੋਕਤ ਅਤੇ ਉਪਰੋਕਤ ਵਰਗੇ ਕਈ ਹੋਰ ਕਾਰਨਾ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸੂਬੇ ਵਿੱਚ ਵਧ ਰਹੀਆਂ ਨਾਮੁਰਾਦ ਬਿਮਾਰੀਆਂ ਵੱਲ ਸਰਕਾਰਾਂ ਦਾ ਧਿਆਨ ਖਿੱਚਣ ਅਤੇ ਉਹਨਾਂ ਤੋਂ ਇਸ ਸਬੰਧੀ ਕੋਈ ਨੀਤੀ ਬਣਾਵਾਉਣ ਲਈ ਅਸੀਂ ਕੁੱਝ ਅਜਿਹੇ ਸਰਵੇ ਕਰੀਏ ਜਿਹੜੇ ਕਿ ਸਰਕਾਰਾਂ ਨੂੰ ਸਬੰਧਤ ਠੋਸ ਕਦਮ ਉਠਾਉਣ ਲਈ ਮਜ਼ਬੂਰ ਕਰ ਸਕਣ। ਪਰ ਆਬਾਦੀ ਵਿੱਚ ਜਾ ਕੇ ਅੰਕੜੇ ਇਕੱਠੇ ਕਰਨ ਦਾ ਤਰੀਕਾ ਬਹੁਤ ਹੀ ਔਖਾ ਹੈ ਅਤੇ ਇਹ ਤਰੀਕਾ ਹੈ ਇਪੋਡਿਮੌਲੋਜ਼ੀਕਲ ਸਟਡੀ। ਇਸ ਸਟਡੀ ਵਿੱਚ ਡਾਕਟਰਾਂ, ਲੈਬ ਟੈਕਨੀਸ਼ੀਅਨਾਂ, ਕਿਸਾਨਾਂ, ਫੀਲਡ ਵਰਕਰਾਂ, ਵਲੰਟੀਅਰਾਂ ਦੀ ਲੋੜ ਪਵੇਗੀ।
ਸਾਡੀ ਇਪੋਡਿਮੌਲੋਜ਼ੀਕਲ ਸਟਡੀ ਦੇ ਦੋ ਮੁੱਖ ਉਦੇਸ਼ ਰਹਿਣਗੇ:
1) ਪੰਜਾਬ ਦੀਆਂ ਸਿਹਤ ਸਮੱਸਿਆਵਾਂ ਨੂੰ ਪਛਾਨਣਾ।
2) ਇਹ ਪਤਾ ਕਰਨਾ ਕਿ ਸਮੱਸਿਆਵਾਂ ਦੇ ਹੱਲ ਕੀ ਹੋ ਸਕਦੇ ਹਨ।
ਕਿਸੇ ਵੀ ਸਟਡੀ ਦੇ ਕਈ ਮਹੱਤਵਪੂਰਨ ਕੰਪੋਨੈਂਟ ਹੁੰਦੇ ਹਨ। ਇਹ ਕੰਪੋਨੈਂਟ ਹੇਠ ਲਿਖੇ ਅਨੁਸਾਰ ਹਨ:
1) ਕੇਸ: ਡਾਕਟਰੀ ਭਾਸ਼ਾ ਵਿੱਚ ਗਿਣਤੀ ਕਰਨ ਯੋਗ ਕੋਈ ਵੀ ਰੋਗ/ਚੀਜ ਕੇਸ ਅਖਵਾਉਂਦੀ ਹੈ। ਜਿਵੇਂ ਕਿ ਜੇਕਰ ਕਿਸੇ ਡਾਕਟਰ ਕੋਲ ਤਪੇਦਿਕ ਦੇ 10 ਮਰੀਜ਼ ਇਲਾਜ਼ ਲਈ ਜਾਂਦੇ ਹਨ ਤਾਂ ਇਸ ਦਾ ਅਰਥ ਹੈ ਕਿ ਉਸ ਡਾਕਟਰ ਕੋਲ ਤਪੇਦਿਕ ਦੇ ਦਸ ਕੇਸ ਹਨ।
2) ਇੰਸੀਡੈਂਸ/:  ਡਾਕਟਰੀ ਭਾਸ਼ਾ ਵਿੱਚ ਇੱਕ ਹੀ ਕਿਸਮ ਦੇ ਮਿਲਣ ਵਾਲੇ ਨਵੇਂ ਕੇਸਾਂ ਦੀ ਸੰਖਿਆ ਨੂੰ ਇੰਸੀਡੈਂਸ ਕਿਹਾ ਜਾਂਦਾ ਹੈ।
3) ਪ੍ਰੀਵੈਲੈਂਸ/ਮੌਜੂਦਗੀ: ਪ੍ਰੀਵੈਲੈਂਸ ਦਾ ਅਰਥ ਹੈ ਕਿ ਕਿਸੇ ਖਾਸ ਥਾਂ 'ਤੇ ਕਿੰਨੇ ਸਮੇਂ ਤੋਂ ਕੋਈ ਖਾਸ ਬਿਮਾਰੀ ਲਗਾਤਾਰ ਚਲੀ ਆ ਰਹੀ ਹੈ। ਪ੍ਰੀਵੈਲੈਂਸ ਵਿੱਚ ਜਗ੍ਹਾ ਅਤੇ ਅਰਸੇ ਨੂੰ ਕਾਫ਼ੀ ਮਹੱਤਵ ਦਿੱਤਾ ਜਾਂਦਾ ਹੈ। ਇਸ ਵਿੱਚ ਇੰਸੀਡੈਂਸ ਸ਼ਾਮਿਲ ਹੁੰਦਾ ਹੈ ਅਰਥਾਤ ਨਵੇਂ-ਪੁਰਾਣੇ ਸਭ ਤਰ੍ਹਾ  ਦੇ ਕੇਸ ਪ੍ਰੀਵੈਲੈਂਸ ਦਾ ਹਿੱਸਾ ਹੁੰਦੇ ਹਨ।
4) ਰੇਟ/ਦਰ: ਕਿਸੇ ਇਲਾਕੇ ਦੇ ਸਾਰੇ ਕੇਸਾਂ ਨੂੰ ਉਸ ਇਲਾਕੇ ਦੀ ਕੁੱਲ ਆਬਾਦੀ ਨਾਲ ਵੰਡ ਕੇ ਪ੍ਰਾਪਤ ਹੋਣ ਵਾਲੇ ਅੰਕੜੇ ਨੂੰ ਸਬੰਧਤ ਰੋਗ ਦੀ ਵਾਧਾ/ਘਾਟਾ ਦਰ ਕਿਹਾ ਜਾਂਦਾ ਹੈ। ਸਾਡੇ ਲਈ ਕਿਸੇ ਵੀ ਬਿਮਾਰੀ ਦੀ ਦੇ ਮਹੱਤਵ ਨੂੰ ਸਮਝਣ ਲਈ ਸਬੰਧਤ ਬਿਮਾਰੀ ਦੀ ਵਾਧਾ/ਘਾਟਾਂ ਦਰ ਪਤਾ ਕਰਨੀ ਲਾਜ਼ਮੀ ਹੈ।
5) ਰੇਸ਼ੋ/ਅਨੁਪਾਤ: ਕਿਸੇ ਇੱਕ ਇਲਾਕੇ 'ਚ ਸਰਵੇ ਦੌਰਾਨ ਲੱਭੀਆਂ ਗਈਆਂ ਅਲਗ-ਅਲਗ ਬਿਮਾਰੀਆਂ ਦੀ  ਇੱਕ-ਦੂਜੀ ਦੇ ਮੁਕਾਬਲੇ ਮੌਜੂਦਗੀ ਨੂੰ ਰੇਸ਼ੋ ਜਾਂ ਅਨੁਪਾਤ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਉਦਾਹਰਣ ਵਜੋਂ ਮੁਕਤਸਰ ਵਿੱਚ ਕੈਂਸਰ ਅਤੇ ਤਪੇਦਿਕ ਦੇ ਮਰੀਜ਼ 10:4 ਦੇ ਅਨੁਪਾਤ ਵਿੱਚ ਹਨ ਆਦਿ।
6) ਹਿਡਨ ਕੇਸਜ/ ਛੁਪੇ ਹੋਏ ਕੇਸ: ਇਹਨਾਂ ਵਿੱਚ ਉਹ ਕੇਸ ਸ਼ਾਮਿਲ ਹੁੰਦੇ ਹਨ ਜਿਹਨਾਂ ਨੂੰ ਕਿ ਪਤਾ ਹੀ ਨਹੀਂ ਹੁੰਦਾ ਕਿ ਉਹ ਬਿਮਾਰ ਹਨ ਜਾਂ ਜਿਹੜੇ ਇਲਾਜ਼ ਕਰਵਾਉਣ ਹੀ ਨਹੀਂ ਜਾਂਦੇ। ਇਹਨਾਂ ਕੇਸਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ।
7) ਕਨਫਾਂਊਂਡਰਜ਼: ਡਾਕਟਰੀ ਭਾਸ਼ਾ ਵਿੱਚ ਕਨਫਾਂਊਂਡਰਜ਼ ਉਹਨਾਂ ਤੱਥਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਕਰਕੇ ਸਟਡੀ ਦਾ ਨਤੀਜ਼ਾ ਸ਼ੱਕ ਦੇ ਘੇਰੇ ਵਿੱਚ ਆ ਜਾਵੇ। ਇੱਕ ਉੱਚਕੋਟੀ ਦੀ ਸਟਡੀ ਵਿੱਚ ਕਨਫਾਂਊਂਡਰਜ਼ ਲਈ ਕੋਈ ਜਗ੍ਹਾ  ਨਹੀਂ ਹੁੰਦੀ। ਸੋ ਸਟਡੀ ਦੌਰਾਨ ਸਾਡੇ ਲਈ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਸਟਡੀ ਦੌਰਾਨ ਕੈਂਸਰ ਦੇ ਸਾਰੇ ਸੰਭਵ ਕਾਰਨਾਂ ਦਾ ਪਤਾ ਲਾਈਏ।
8) ਬਾਇਸਡ/ਇੱਕਤਰਫ਼ਾ: ਡਾਕਟਰੀ ਭਾਸ਼ਾ ਵਿੱਚ ਬਾਇਸਡ ਦਾ ਅਰਥ ਹੈ ਅੰਦਾਜ਼ਾ ਆਧਾਰਿਤ ਅਤੇ ਇੱਕਤਰਫ਼ਾ ਸਟੇਟਮੈਂਟ। ਸਟਡੀ ਜਾਂ ਸਰਵੇ ਵਿੱਚ ਇਸ ਵਾਸਤੇ ਕੋਈ ਥਾਂ ਨਹੀਂ ਹੁੰਦੀ। ਅਸੀਂ ਜੋ ਕੁਝ ਵੀ ਸਰਕਾਰ ਜਾਂ ਲੋਕਾਂ ਸਾਹਮਣੇ ਰੱਖਾਂਗੇ ਉਹ ਪੂਰੀ ਤਰ੍ਹਾ  ਸਟੀਕ ਅਤੇ ਤੱਥਾਂ 'ਤੇ ਆਧਾਰਿਤ ਹੋਵੇਗਾ।
9) ਕੇਸ ਡੈਫੀਨੇਸ਼ਨ: ਕੇਸ ਡੈਫੀਨੇਸ਼ਨ ਕਿਸੇ ਵੀ ਸਟਡੀ ਜਾਂ ਸਰਵੇ ਦਾ ਅਤਿਅੰਤ ਮਹੱਤਵਪੂਰਨ ਪਹਿਲੂ ਹੁੰਦੀ ਹੈ। ਇਹਦੇ ਤਹਿਤ ਕੁੱਝ ਖਾਸ ਬਿੰਦੂਆਂ ਦੇ ਆਧਾਰ 'ਤੇ ਹੀ ਕਿਸੇ ਰੋਗ/ਰੋਗੀ ਨੂੰ ਕੇਸ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।  ਇਹਦੇ ਵਿੱਚ ਮਰੀਜ਼ ਦੀ ਉਮਰ ਪਰਿਭਾਸ਼ਿਤ ਕਰਨੀ ਜ਼ਰੂਰੀ ਹੁੰਦੀ ਹੈ। ਜਿੰਨੀ ਉਮਰ ਪੂਰੀ ਹੋ ਚੁੱਕੀ ਹੋਵੇ ਉੰਨੀ ਹੀ ਗਿਣੀ ਜਾਂਦੀ ਹੈ। ਜੇਕਰ ਕੇਸ ਸਹੀ ਢੰਗ ਨਾਲ ਡਿਫਾਈਨ ਨਹੀਂ ਕੀਤੇ ਜਾਣਗੇ ਤਾਂ ਸਟਡੀ ਨਕਾਰ ਦਿੱਤੀ ਜਾਵੇਗੀ।
ਸੋ ਅਸੀਂ ਉਪਰੋਕਤ ਕੰਪੋਨੈਂਟਸ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੀ ਸਟਡੀ ਕਰਾਂਗੇ।
ਸਟਡੀਜ਼ ਆਮਤੌਰ 'ਤੇ 4-5 ਪ੍ਰਕਾਰ ਦੀਆਂ ਹੁੰਦੀਆਂ ਹਨ। ਇਹਨਾਂ ਵਿੱਚੋਂ ਕੁੱਝ ਇੱਕ ਇਸ ਪ੍ਰਕਾਰ ਹਨ:
ਉ) ਕੇਸ ਕੰਟਰੋਲ ਸਟਡੀ: ਇਸ ਪ੍ਰਕਾਰ ਦੀ ਸਟਡੀ ਤਹਿਤ ਅਸੀਂ ਉਹਨਾਂ ਕੇਸਾਂ ਦੀ ਹੀ ਪੜਤਾਲ ਕਰਦੇ ਹਾਂ ਜਿਹੜੇ ਕਿ ਪਹਿਲਾਂ ਹੀ ਮੌਜੂਦ ਹੁੰਦੇ ਹਨ। ਹਸਪਤਾਲਾਂ ਦੀਆਂ ਫ਼ਾਈਲਾਂ ਆਦਿ 'ਚੋਂ ਉਹਨਾਂ ਦੀ ਹਿਸਟਰੀ ਲਈ ਜਾਂਦੀ ਹੈ ਅਤੇ ਉਹਨਾਂ ਦੀ ਅਗਾਉ   ਪੜਤਾਲ ਕੀਤੀ ਜਾਂਦੀ ਹੈ। ਇਹ ਤਰੀਕਾ ਪੂਰਾ ਸਟੀਕ ਨਹੀਂ ਹੈ ਕਿਉਂਕਿ ਅਕਸਰ ਸਾਰੇ ਸਬੰਧਤ ਤੱਥ ਆਨ ਰਿਕਾਰਡ ਨਹੀਂ ਹੁੰਦੇ।
ਅ) ਕੋਹੋਟ ਸਟਡੀ: ਇੱਕ ਹੀ ਜਨਮ ਮਿਤੀ ਵਾਲੇ ਲੋਕਾਂ ਨੂੰ ਕੋਹੋਟ ਕਿਹਾ ਜਾਂਦਾ ਹੈ। ਜੁੜਵੇਂ ਬੱਚੇ ਸਭ ਤੋਂ ਵਧੀਆਂ ਕੋਹੋਟ ਹੁੰਦੇ ਹਨ। ਇੱਕੋ ਵੇਲੇ ਇੱਕ ਹੀ ਉਮਰ, ਇੱਕ ਹੀ ਸੈਕਸ ਅਤੇ ਇੱਕ ਹੀ ਕਿੱਤੇ ਵਾਲੇ ਲੋਕ ਵੀ ਕੋਹੋਟ ਮੰਨੇ ਜਾਂਦੇ ਹਨ। ਕੋਹੋਟ ਸਟਡੀ ਤਹਿਤ ਅਜਿਹੇ ਲੋਕਾਂ ਨੂੰ ਲਗਾਤਾਰ 20-30 ਸਾਲ ਸਟਡੀ ਕੀਤਾ ਜਾਂਦਾ ਹੈ। ਅਜਿਹੀ ਸਟਡੀ ਤੋਂ ਮਿਲਣ ਵਾਲੇ ਨਤੀਜ਼ੇ ਬਹੁਤ ਹੀ ਸਟੀਕ ਅਤੇ ਪਾਏਦਾਰ ਹੁੰਦੇ ਹਨ। ਇਸੇ ਲਈ ਕੋਹੋਟ ਸਟਡੀ ਨੂੰ ਸਭ ਤੋਂ ਸ਼ਕਤੀਸ਼ਾਲੀ ਸਟਡੀ ਕਿਹਾ ਜਾਂਦਾ ਹੈ।  ਪਰ ਇਸ ਲਈ ਬਹੁਤ ਜਿਆਦਾ ਪੈਸਾ ਅਤੇ ਸਾਧਨ ਚਾਹੀਦੇ ਹੁੰਦੇ ਹਨ। ਸੋ ਫ਼ਿਲਹਾਲ ਸਾਡੇ ਪੱਧਰ 'ਤੇ ਕੋਹੋਟ ਸਟਡੀ ਸੰਭਵ ਨਹੀਂ ਹੈ।
3) ਕਰਾਸ ਸ਼ੈਕਸ਼ਨਲ ਸਟਡੀ: ਕਿਸੇ ਵੀ ਵੇਲੇ ਸਾਰੀ ਆਬਾਦੀ ਨੂੰ ਸਟਡੀ ਕਰਨਾ ਕਰਾਸ ਸ਼ੈਕਸ਼ਨਲ ਸਟਡੀ ਅਖਵਾਉਂਦਾ ਹੈ। ਅਸੀਂ ਇਹ ਹੀ ਸਟਡੀ ਕਰਾਂਗੇ।
ਕਿਸੇ ਵੀ ਸਟਡੀ ਦੀਆਂ 5-6 ਪੜਾਅ ਹੁੰਦੇ ਹਨ ਜਿਵੇਂ ਕਿ:
ਸਟੇਜ 1:
ਕੋਰੇਲਟਿੰਗ ਦਾ ਅਵੇਲੇਬਲ ਡੈਟਾ/ਉਪਲਭਧ ਜਾਣਕਾਰੀ ਵਿੱਚ ਪ੍ਰਸਪਰ ਸਬੰਧ ਲੱਭਣੇ:  ਇਸ ਪੜਾਅ ਤਹਿਤ ਇਕੱਠੀ ਕੀਤੀ ਗਈ ਜਾਣਕਾਰੀ ਵਿੱਚ ਪ੍ਰਸਪਰ ਸੰਬਧਾਂ ਦਾ ਮਿਲਾਣ ਕੀਤਾ ਜਾਂਦਾ ਹੈ।
ਸਟੇਜ 2:
ਇਪੋਡਿਮੌਲੋਜ਼ੀਕਲ ਮੈਪਿੰਗ: ਇਸ ਪੜਾਅ ਤਹਿਤ, ਉਪਲਭਧ ਜਾਣਕਾਰੀ 'ਚੋਂ ਪਨਪੇ ਮੁੱਦਿਆਂ ਦੀ ਪੜਤਾਲ ਕੀਤੀ ਜਾਂਦੀ ਹੈ।
ਸਟੇਜ 3:
ਡਿਸਕ੍ਰਿਪਟਿਵ ਸਟਡੀ: ਇਸ ਪੜਾਅ ਤਹਿਤ ਪੜਤਾਲੇ ਗਏ ਮੁੱਦਿਆਂ ਨੂੰ  ਵਕਤ, ਜਗ੍ਹਾ  ਅਤੇ ਵਿਅਕਤੀ ਵਿੱਚ ਵੰਡ ਕੇ ਫਿਰ ਤੋਂ ਪੜਤਾਲਿਆ ਜਾਂਦਾ ਹੈ। ਜਿਵੇਂ
ਵਕਤ 'ਚ ਵੰਡ ਕੇ: ਇਹਦੇ ਤਹਿਤ ਇਹ ਪੜਤਾਲ ਕੀਤੀ ਜਾਂਦੀ ਹੈ ਕਿ ਸਬੰਧਤ ਰੋਗ ਦਾ ਪ੍ਰਕੋਪ ਕਿੰਨੇ ਸਮੇਂ ਤੋਂ ਚਲਿਆ ਆ ਰਿਹਾ ਹੈ।
ਜਗ੍ਹਾ  'ਚ ਵੰਡ ਕੇ: ਇਹਦੇ ਤਹਿਤ ਬਲਾਕ ਆਧਾਰਿਤ ਪੜਤਾਲ ਕੀਤੀ ਜਾਂਦੀ ਹੈ ਕਿ ਸਬੰਧਤ ਰੋਗ ਕਿੱਥੇ-ਕਿੱਥੇ ਜਿਆਦਾ ਹੈ। ਵਿਅਕਤੀਆਂ 'ਚ ਵੰਡ ਕੇ: ਇਹਦੇ ਤਹਿਤ ਇਹ ਪੜਤਾਲ ਕੀਤੀ ਜਾਂਦੀ ਹੈ ਕਿ ਭੁਗਤਭੋਗੀ ਕੋਣ ਹਨ? ਮਰਦ ਕਿੰਨੇ ਹਨ? ਔਰਤਾਂ ਕਿੰਨੀਆਂ ਹਨ? ਬੱਚੇ ਕਿੰਨੇ ਹਨ? ਬਜ਼ੁਰਗ ਕਿੰਨੇ ਹਨ? ਉਮਰ ਦੇ ਹਿਸਾਬ ਨਾਲ 20 ਸਾਲ ਤੋਂ ਘੱਟ ਉਮਰ ਵਾਲੇ ਕਿੰਨੇ ਹਨ? 30 ਸਾਲ ਤੋਂ ਘੱਟ ਉਮਰ ਵਾਲੇ ਕਿੰਨੇ ਹਨ 60 ਸਾਲ ਤੋਂ ਘੱਟ ਉਮਰ ਵਾਲੇ ਕਿੰਨੇ ਹਨ ਆਦਿ-ਆਦਿ। ਇਸੇ ਤਰਾਂ ਸੈਕਸ, ਉਮਰ, ਕਿੱਤੇ ਅਤੇ ਧਰਮ ਦੇ ਹਿਸਾਬ ਨਾਲ ਕਿਸ ਨੂੰ ਕਿਹੜਾ ਰੋਗ ਹੈ ਅਤੇ ਕਿੰਨੀ ਤੀਬਰਤਾ ਵਾਲਾ ਹੈ ਆਦਿ ਤੱਥਾਂ ਦਾ ਪਤਾ ਲਾਇਆ ਜਾਂਦਾ ਹੈ।
ਸਟੇਜ 4:
ਕਲਸਟ੍ਰਿੰਗ ਆਫ ਕੇਸਜ/ ਕੇਸਾਂ ਦਾ ਸਮੂਹੀਕਰਨ: ਸਟਡੀ ਦੇ ਇਸ ਪੜਾਅ ਵਿੱਚ ਸਟਡੀ ਦੌਰਾਨ ਮਿਲੇ ਇੱਕੋ ਜਿਹੇ ਕੇਸਾਂ ਦਾ ਸਮੂਹੀਕਰਨ ਕੀਤਾ ਜਾਂਦਾ ਹੇ। ਇਸ ਕਿਰਿਆ ਨੂੰ ਹੀ ਕਲਸਟ੍ਰਿੰਗ ਆਫ ਕੇਸਜ਼ ਕਿਹਾ ਜਾਂਦਾ ਹੈ।
ਸਟੇਜ 5:
ਪ੍ਰਾਪਤ ਅੰਕੜਿਆਂ ਤੇ ਜਾਣਕਾਰੀਆਂ ਦਾ ਮੁਲਾਂਕਣ: ਇਸ ਸਟੇਜ 'ਤੇ ਸਟਡੀ ਦੌਰਾਨ ਪ੍ਰਾਪਤ ਜਾਣਕਾਰੀ ਅਤੇ ਅੰਕੜਿਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਮੁਲਾਂਕਣ ਤੋਂ ਪ੍ਰਾਪਤ ਜਾਣਕਾਰੀ ਨੂੰ ਹਾਈਪੋਥੀਸਿਸ ਕਿਹਾ ਜਾਂਦਾ ਹੈ।
ਸਟੇਜ 6: ਹਾਈਪੋਥੀਸਿਸ ਨੂੰ ਪਰਖਣਾ: ਅੰਤ ਵਿੱਚ ਉਪਲਭਧ ਹਾਈਪੋਥੀਸਿਸ ਨੂੰ ਪਰਖਣ/ਪੜਤਾਲਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਉਸ ਪੜਤਾਲ ਦੇ ਆਧਾਰ 'ਤੇ ਹੀ ਸਟਡੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਂਦੀਆਂ ਹਨ। ਇਹ ਕੰਮ ਮਾਹਿਰਾਂ\ ਡਾਕਟਰਾਂ ਦੁਆਰਾ ਕੀਤਾ ਜਾਂਦਾ ਹੈ।
ਉਪਰੰਤ ਅਕਾਲ ਤਖਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਹੁਣਾਂ ਹਾਜ਼ਰੀਨ ਨੂੰ ਸੰਬੋਧਿਤ ਕਰਦਿਆਂ ਪੰਜਾਬ ਦੀ ਟੌਕਸੀਸਿਟੀ ਅਤੇ ਇਨਵਾਇਰਨਮੈਂਟਲ ਇਪੋਡਿਮੌਲੋਜ਼ੀਕਲ ਮੈਪਿੰਗ ਦੇ ਮਹੱਤਵ 'ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜੇਕਰ ਸਿਹਤਾਂ ਅਤੇ ਵਾਤਾਵਰਣ ਪੱਖੋਂ ਪੰਜਾਬ ਦੀ ਹਾਲਤ ਇਸੇ ਤਰ੍ਹਾ ਨਿਘਰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਬੇਆਬਾਦ ਹੋ ਜਾਵੇਗਾ। ਸੋ ਇਸ ਵਰਤਾਰੇ ਨੂੰ ਠੱਲ ਪਾਉਣ ਲਈ ਅਜਿਹੇ ਨੇਕ ਉਦਮ ਕਰਨੇ ਸਮੇਂ ਦੀ ਅਟਲ ਲੋੜ ਹਨ। ਅਸੀਂ ਅਜਿਹੇ ਉਪਰਾਲਿਆਂ ਵਿੱਚ ਹਰ ਵੇਲੇ ਸੰਗਤ ਦੇ ਅੰਗ-ਸੰਗ ਵਿਚਰਾਂਗੇ।

ਇਸ ਮੌਕੇ ਬੋਲਦਿਆਂ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਸ਼੍ਰੀ ਸੁਖਦੇਵ ਸਿੰਘ ਭੁਪਾਲ ਹੁਣਾਂ ਕਿਹਾ ਕਿ ਸਭ ਤੋਂ ਪਹਿਲਾਂ ਸੂਬੇ ਭਰ ਵਿੱਚ ਸਟਡੀ ਲਈ ਉਸਾਰੂ ਮਾਹੌਲ ਬਣਾਉਣ ਲਈ ਹਸਤਾਖਰ ਮੁਹਿੰਮ ਚਲਾਉਣੀ ਹੋਵੇਗੀ। ਜਿੱਥੇ ਵੀ ਸਾਡੇ ਵਰਕਰ ਮੌਜੂਦ ਹਨ ਉਹ ਆਪਣੇ-ਆਪਣੇ ਪਿੰਡ, ਸ਼ਹਿਰ, ਮੁਹੱਲੇ ਵਿੱਚ ਇਹ ਕੰਮ ਕਰਨ। ਉਹਨਾਂ ਹੋਰ ਕਿਹਾ ਕਿ ਸਟਡੀ ਲਈ ਟ੍ਰੇਂਡ ਲੋਕਾਂ ਦੀ ਇੱਕ ਟੀਮ ਤਿਆਰ ਕਰਨੀ ਹੋਵੇਗੀ। ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਇਸ ਕੰਮ ਲਈ ਪੂਰਾ ਸਹਿਯੋਗ ਕਰੇਗੀ।
ਇਸ ਮੌਕੇ ਬੀ ਕੇ ਯੂ ਏਕਤਾ ਸਿੱਧੂਪੁਰ ਦੇ ਸ਼੍ਰੀ ਬੋਘ ਸਿੰਘ ਮਾਨਸਾ ਨੇ ਆਪਣੀ ਜੱਥੇਬੰਦੀ ਵੱਲੋਂ ਸਟਡੀ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਫਿਰੋਜ਼ਪੁਰ ਤੋਂ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਸਿਗਨੇਚਰ ਕੰਪੇਨ ਲਈ ਚਿੱਠੀ ਜਲਦੀ ਤੋਂ ਜਲਦੀ ਡ੍ਰਾਫਟ ਕੀਤੀ ਜਾਵੇ ਅਤੇ ਸਮੁੱਚੇ ਪੰਜਾਬ ਲਈ ਇਹ ਡ੍ਰਾਫਟਿੰਗ ਇੱਕ ਹੀ ਹੋਣੀ ਚਾਹੀਦੀ ਹੈ। ਅਸੀਂ ਸਟਡੀ ਲਈ ਖੇਤੀ ਵਿਰਾਸਤ ਮਿਸ਼ਨ ਨਾਲ ਹਰ ਕਿਸਮ ਦਾ ਸਹਿਯੋਗ ਕਰਾਂਗੇ।
ਵਰਕਸ਼ਾਪ ਦੇ ਅੰਤ ਵਿੱਚ ਜਿੱਥੇ ਪੰਜਾਬ ਦੀ ਟੌਕਸੀਸਿਟੀ ਐਂਡ ਇਨਵਾਇਰਨਮੈਂਟਲ ਇਪੋਡਿਮੌਲੋਜ਼ੀਕਲ ਮੈਪਿੰਗ ਲੋੜੀਂਦਾ ਕਾਰਜ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਉੱਥੇ ਹੀ ਇਹ ਵੀ ਫੈਸਲਾ ਲਿਆ ਗਿਆ ਕਿ ਪੰਜਾਬ ਭਰ 'ਚ ਇਸ ਸਬੰਧ ਵਿੱਚ ਜਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣਗੀਆਂ।
ਸਟਡੀ ਲਈ ਬਣਾਈ ਗਈ ਕਮੇਟੀ ਇਸ ਪ੍ਰਕਾਰ ਹੈ:
ਡਾ. ਜੀ ਪੀ ਆਈ ਸਿੰਘ, ਡਾ. ਅਮਰ ਸਿੰਘ ਆਜ਼ਾਦ, ਸ਼੍ਰੀ ਮਨਮੋਹਨ ਸ਼ਰਮਾ, ਡਾ. ਦਵਿੰਦਰ ਸਿੰਘ ਸੰਧੂ ਕੈਂਸਰ ਸ਼ਪੈਸ਼ਲਿਸਟ, ਡਾ. ਸਨੀ ਸੰਧੂ, ਡਾ. ਸ਼ੁਸ਼ੀਲ ਮੋਦਗਿਲ,  ਡਾ. ਅਮਰਜੀਤ ਸਿੰਘ ਮਾਨ, ਡਾ. ਗੁਰਨਾਮ ਸਿੰਘ, ਡਾ. ਨਰਿੰਦਰ ਸਿੰਘ,  ਸੁਖਦੇਵ ਸਿੰਘ ਭੁਪਾਲ, ਬੋਘ ਸਿੰਘ ਮਾਨਸਾ, ਯਸ਼ਪਾਲ ਸ਼ਰਮਾ, ਮਾਸਟਰ ਗੁਰਵਿੰਦਰ ਸਿੰਘ, ਹਰਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਫੂਲਾ ਸਿੰਘ, ਕਰਨੈਲ ਸਿੰਘ

ਬਠਿੰਡਾ ਵਿਖੇ ਹੋਇਆ ਤਿੰਨ ਰੋਜ਼ਾ ਕੁਦਰਤੀ ਖੇਤੀ ਤੇ ਵਾਤਾਵਰਣ ਉਤਸਵ

ਖੇਤੀ ਵਿਰਾਸਤ ਮਿਸ਼ਨ ਵੱਲੋਂ ਟੀਚਰਜ਼ ਹੋਮ, ਬਠਿੰਡਾ ਵਿਖੇ 11 ਤੋਂ 13 ਮਈ 2012 ਤੱਕ ਕੁਦਰਤੀ ਖੇਤੀ ਅਤੇ ਵਾਤਵਰਣ ਉਤਸਵ ਆਯੋਜਿਤ ਕੀਤਾ ਗਿਆ। ਪੰਜਾਬ ਨੂੰ ਦਰਪੇਸ਼ ਸਿਹਤਾਂ ਅਤੇ ਵਾਤਾਵਰਣ ਦੇ ਗੰਭੀਰ ਸੰਕਟ ਉਤਸਵ ਦਾ ਕੇਂਦਰ ਬਿੰਦੁ ਰਿਹਾ। ਇਸ ਤਿੰਨ ਰੋਜ਼ਾ ਉਤਸਵ ਦੌਰਾਨ ਜਿੱਥੇ ਪੰਜਾਬ ਦੇ ਸਿਹਤਾਂ, ਵਾਤਵਰਣ ਅਤੇ ਖੇਤੀ ਸੰਕਟ ਸੰਭਾਵਿਤ ਹੱਲ ਲਈ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਵਾਤਾਵਰਣੀ ਸਰੋਕਾਰਾਂ ਵਾਲਾਂ ਗੀਤ -ਸੰਗੀਤ ਅਤੇ ਫ਼ਿਲਮ ਸ਼ੋਅ ਸਮੇਤ ਰਵਾਇਤੀ ਖਾਣਿਆਂ ਦੀ ਸਟਾਲ ਬੇਬੇ ਦੀ ਰਸੋਈ ਵੀ ਉਤਸਵ ਵਿੱਚ ਖਿੱਚ ਦਾ ਕੇਂਦਰ ਬਣੀ ਰਹੀ।
ਉਤਸਵ ਦੌਰਾਨ ਤਿੰਨੇ ਦਿਨ ਉਪਰੋਕਤ ਮੁੱਦਿਆਂ 'ਤੇ ਵੱਖ-ਵੱਖ ਸੈਮੀਨਾਰ, ਸਾਰਵਜਨਿਕ ਵਿਚਾਰ-ਚਰਚਾਵਾਂ ਅਤੇ ਕਿਸਾਨ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ। ਕੁੱਲ ਚਾਰ ਸੈਮੀਨਾਰ ਆਯੋਜਿਤ ਹੋਏ- 1) 11 ਮਈ ਨੂੰ ਕਿਸਾਨ ਸੰਮੇਲਨ 'ਵਰਤਮਾਨ ਵਾਤਾਵਰਣ ਸੰਕਟ ਦੇ ਸੰਦਰਭ ਵਿੱਚ ਕੀ ਹੋਵੇ ਕਿਸਾਨ ਅੰਦੋਲਨਾਂ ਦੀ ਦਿਸ਼ਾ' ਉੱਪਰ ਆਯੋਜਿਤ ਕੀਤਾ ਗਿਆ ਜੋ ਕਿ ਬੀ ਕੇ ਯੂ ਡਕੌਦਾ ਦੇ ਬੂਟਾ ਸਿੰਘ ਬੁਰਜ਼ਗਿੱਲ, ਬੀ ਕੇ ਯੂ ਏਕਤਾ ਸਿੱਧੂਪੁਰ ਦੇ ਭੋਗ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਆਈ ਡੀ ਪੀ ਦੇ ਹਮੀਰ ਸਿੰਘ, ਕੁਦਰਤ ਮਾਨਵ ਕੇਂਦ੍ਰਿਤ ਲੋਕ ਲਹਿਰ ਦੇ ਸੁਖਦੇਵ ਸਿੰਘ ਭੋਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਫੂਲ, ਬੀ ਕੇ ਯੂ ਉਗਰਾਹਾਂ ਦੇ ਸ਼ਿੰਗਾਰਾ ਸਿੰਘ ਅਤੇ ਪੰਜਾਬ ਮੰਚ ਦੇ ਮਾਲਵਿੰਦਰ ਸਿੰਘ ਮਾਲੀ ਦੁਆਰਾ ਸੰਬੋਧਿਤ ਕੀਤਾ ਗਿਆ। ਵਿਭਿੰਨ ਸੰਸਥਾਵਾਂ ਦਾ ਸਾਂਝਾ ਵਿਚਾਰ ਸੀ ਕਿ ਪੰਜਾਬ ਦਾ ਮੌਜ਼ੂਦਾ ਵਾਤਾਵਰਣ ਅਤੇ ਸਿਹਤ ਸੰਕਟ ਖੇਤੀ ਵਿਕਾਸ ਦੇ ਵਰਤਮਾਨ ਮਾਡਲ ਦਾ ਪੈਦਾ ਕੀਤਾ ਹੋਇਆ ਹੈ। ਅਤੇ ਹੁਣ ਇਹ ਕੁਦਰਤ ਵਿਰੋਧੀ, ਮਨੁੱਖ ਵਿਰੋਧੀ ਅਤੇ ਕਿਸਾਨ ਵਿਰੋਧੀ ਮਾਡਲ ਖੇਤੀ ਦੇ ਇੱਕ ਨਵੇ ਮਾਡਲ ਉੱਪਰ ਜ਼ੋਰ ਦੇ ਰਿਹਾ ਹੈ ਜੋ ਕਿ ਰਾਸ਼ਟਰ ਦੀ ਭੋਜਨ ਅਤੇ ਖੇਤੀ ਪ੍ਰਭੂਸੱਤਾ ਨੂੰ ਗੁਲਾਮ ਬਣਾ ਦੇਵੇਗਾ। ਇਹ ਇੱਕ ਆਮ ਸਹਿਮਤੀ ਸੀ ਕਿ ਕਿਸਾਨ ਅੰਦੋਲਨਾਂ ਅਤੇ ਕਿਸਾਨ ਯੂਨੀਅਨਾਂ ਵਿੱਚ ਵਾਤਾਵਰਣ ਅਤੇ ਸਿਹਤ ਸੰਕਟ ਸੰਬੰਧੀ ਸਰੋਕਾਰ ਸ਼ਾਮਿਲ ਹੋਣੇ ਚਾਹੀਦੇ ਹਨ ਅਤੇ ਕੁਦਰਤੀ ਖੇਤੀ ਨੂੰ ਸਮਰਥਨ ਦੇਣਾ ਚਾਹੀਦਾ ਹੈ। ਖੇਤੀ ਵਿਰਾਸਤ ਮਿਸ਼ਨ ਨੇ ਇਹਨਾਂ ਮੁੱਦਿਆਂ ਉੱਪਰ ਕਿਸਾਨ ਅੰਦੋਲਨਾਂ ਅਤੇ ਕਿਸਾਨ ਯੂਨੀਅਨਾਂ ਨਾਲ ਕੰਮ ਕਰਨ ਦੀ ਪ੍ਰਤੀਬੱਧਤਾ ਜਤਾਈ।
12 ਮਈ ਨੂੰ ਆਯੋਜਿਤ ਔਰਤਾਂ ਦੇ ਸੰਮੇਲਨ ਨੂੰ ਪੂਨਮ ਪ੍ਰੀਤਲੜੀ, ਪਿੰਗਲਵਾੜਾ ਅੰਮਿਤਸਰ ਦੇ ਬੀਬੀ ਇੰਦਰਜੀਤ ਕੌਰ, ਫਰੀਦਕੋਟ ਦੇ ਡਾ. ਜੀਵਨਜੋਤ ਕੌਰ, ਗ੍ਰੀਨਪੀਸ ਦੀ ਨੈਨਾ ਸਹਿਗਲ, ਟੇਰੀ ਤੋਂ ਸ਼ਿਲਪਾਂਜਲੀ ਸ਼ਰਮਾ ਅਤੇ ਹੋਰਨਾਂ ਨੇ ਸੰਬੋਧਿਤ ਕੀਤਾ। ਕੁਦਰਤੀ ਘਰੇਲੂ ਬਗੀਚੀ ਕਰਨ ਵਾਲੀਆਂ ਔਰਤਾਂ ਨੇ ਵੀ ਆਪਣੇ ਵਿਚਾਰ ਰੱਖੇ। ਬੱਚਿਆਂ, ਔਰਤਾਂ ਅਤੇ ਪੂਰੇ ਪਰਿਵਾਰ ਦੀ ਚੰਗੀ ਸਿਹਤ ਲਈ ਕੁਦਰਤੀ ਖੇਤੀ ਨੂੰ ਪ੍ਰਤਸਾਹਿਤ ਕਰਨ ਦੇ ਲਈ ਔਰਤਾਂ ਦਾ ਅੰਦੋਲਨ ਖੜ੍ਹਾ ਕਰਨ ਬਾਰੇ ਵੀ ਤੈਅ ਕੀਤਾ ਗਿਆ। ਖੇਤੀ ਵਿਰਾਸਤ ਮਿਸ਼ਨ ਪੰਜਾਬ ਵਿੱਚ ਸਿਹਤ, ਵਾਤਾਵਰਣ, ਸੁਰੱਖਿਅਤ ਅਤੇ ਜ਼ਹਿਰ ਮੁਕਤ ਭੋਜਨ ਦੇ ਮੁੱਦਿਆਂ ਉੱਪਰ ਔਰਤਾਂ ਦੀਆਂ ਕਾਨਫਰੰਸਾਂ ਦੀ ਇੱਕ ਲੜੀ ਆਯੋਜਿਤ ਕਰੇਗਾ।
13 ਮਈ ਨੂੰ ਪੰਜਾਬ ਵਿੱਚ ਵਾਤਾਵਰਣ ਉੱਪਰ ਕੰਮ ਕਰਨ ਵਾਲੀਆਂ ਗੈਰ ਸਰਕਾਰੀ ਸੰਸੰਥਾਵਾਂ ਦਾ ਸੈਮੀਨਾਰ ਹੋਇਆ ਇੱਕ ਸਮਾਜਿਕ ਅੰਦੋਲਨ ਰਾਹੀ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਕਰਨ ਦੀ ਮੰਗ ਕੀਤੇ ਜਾਣ ਬਾਰੇ ਤੈਅ ਹੋਇਆ। ਇਹ ਮਹਿਸੂਸ ਕੀਤਾ ਗਿਆ ਕਿ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਵਧੀਆ ਪੱਧਰ ਤੇ ਲਾਗੂ ਹੋਵੇ। ਹਾਲਾਂਕਿ ਪੰਜਾਬ ਸਰਕਾਰ ਨੇ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਲਾਗੂ ਕਰਨ ਬਾਰੇ ਫੈਸਲਾ ਕੀਤਾ ਹੈ ਪਰ ਹਾਲੇ ਹੋਰ ਵੀ ਸੁਧਾਰ ਦੀ ਜ਼ਰੂਰਤ ਹੈ। ਇਸਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਕੈਂਸਰ, ਖਾਸ ਕਰਕੇ ਜ਼ਹਿਰਾਂ ਨਾਲ ਹੋਣ ਵਾਲੇ ਕੈਂਸਰ ਤੇਜ਼ੀ ਨਾਲ ਵਧ ਰਹੇ ਹਨ। ਸਾਨੂੰ ਅਲੱਗ- ਅਲੱਗ ਕੈਂਸਰ ਬਾਰੇ ਜੋ ਕਿ ਪੰਜਾਬ ਵਿੱਚ ਫੈਲ ਰਹੇ ਹਨ, ਦੇ ਸਹੀ ਅੰਕੜਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਸਾਨੂੰ ਕੈਂਸਰ ਦੇ ਕਾਰਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਤਾਂਕਿ ਸਹੀ ਕਦਮ ਉਠਾਏ ਜਾ ਸਕਣ। ਸਹੀ ਕਾਰਨਾਂ ਬਾਰੇ ਪਤਾ ਨਾ ਹੋਣ ਤੇ ਪੰਜਾਬ ਸਰਕਾਰ ਵੀ ਹਨੇਰੇ ਵਿੱਚ ਹੈ। ਸਵਾਰਥਾਂ ਦੇ ਕਾਰਨ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਵਾਤਾਵਰਣ ਸੰਕਟ ਉੱਪਰ ਵਿਚਾਰ ਚਰਚਾ ਦੌਰਾਨ ਸਮਾਜਿਕ ਅੰਦੋਲਨ ਰਾਹੀ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਲਾਗੂ ਕਰਨ ਦੀ ਮੰਗ ਉਠਾਉਣ ਬਾਰੇ ਤੈਅ ਹੋਇਆ। ਇਸ ਪ੍ਰਸਤਾਵਿਤ ਅੰਦੋਲਨ ਉੱਪਰ ਵਿਸਤਾਰ ਨਾਲ ਕੰਮ ਕਰਨ ਲਈ ਚਿਕਿਤਸਕਾਂ ਦੀ ਇੱਕ ਟੀਮ ਦਾ ਵੀ ਗਠਨ ਕੀਤਾ ਗਿਆ। ਵਿਸ਼ਵ ਵਾਤਾਵਰਣ ਦਿਵਸ ਨੂੰ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀ ਤੁਰੰਤ ਲਾਗੂ ਕਰਨ ਲਈ ਮੰਗ ਦਿਵਸ ਦੇ ਰੂਪ ਵਿੱਚ ਮਨਾਉਣ ਬਾਰੇ ਤੈਅ ਹੋਇਆ। ਸਵੱਛ ਊਰਜਾ ਉੱਪਰ ਇੱਕ ਗਰੁੱਪ ਬਣਾਇਆ ਗਿਆ ਜੋ ਕਿ ਟੀ ਪੀ ਪੀ ਦੀਆਂ ਵਾਤਾਵਰਣੀ ਸਮੱਸਿਆਵਾਂ, ਪਰਮਾਣੂ ਊਰਜਾ ਸਯੰਤ੍ਰਾਂ ਅਤੇ ਹੋਰ ਊਰਜਾ ਉਤਪਾਦਨ ਦੇ ਖਤਰਨਾਕ ਤਰੀਕਿਆਂ ਅਤੇ ਉਹਨਾਂ ਦੇ ਬਦਲਾਂ ਬਾਰੇ ਪੇਪਰ ਤਿਆਰ ਕਰੇਗਾ।
13 ਮਈ ਨੂੰ ਸਾਹਿਤ ਸਭਾ ਬਠਿੰਡਾ ਅਤੇ ਪੰਜਾਬੀ ਸੱਥ ਦੇ ਸਹਿਯੋਗ ਨਾਲ ਵਾਤਾਵਰਣ ਦੇ ਮੁੱਦੇ ਉੱਪਰ ਸਾਹਿਤਿਕ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਖੇਤੀ ਵਿਰਾਸਤ ਮਿਸ਼ਨ ਵਾਤਾਵਰਣ ਅਠੰਦੋਲਨ ਅਤੇ ਸਾਹਿਤਿਕ ਅੰਦੋਲਨ ਨੂੰ ਕਰੀਬ ਲਿਆਉਣ ਲਈ ਕੰਮ ਕਰੇਗਾ।
ਵਾਤਾਵਰਣ ਸਿਹਤ ਸੰਕਟ ਉੱਪਰ ਆਯੋਜਿਤ ਦੋ ਸੰਵਾਦਾਂ ਵਿੱਚੋਂ ਇੱਕ ਜੀ ਐਮ ਭੋਜਨ ਉੱਪਰ ਡਾ. ਅਮਰ ਸਿੰਘ ਆਜ਼ਾਦ ਅਤੇ ਦੂਸਰੇ ਵਾਤਾਵਰਣੀ ਜ਼ਹਿਰਾਂ ਉੱਪਰ ਡਾ. ਜੀ ਪੀ ਆਈ ਵੱਲੋਂ ਸੰਬੋਧਿਤ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਬੁੱਧੀਜੀਵੀਆਂ ਅਤੇ ਜਸਗਰੂਕ ਸ਼ਹਿਰੀਆਂ ਨੇ ਭਾਗ ਲਿਆ।
ਇਹਨਾਂ ਤਿੰਨ ਦਿਨਾਂ ਵਿੱਚ ਕਿਸਾਨਾਂ ਦੀਆਂ 13 ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ  ਜਿਸ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਗੁਰਾ ਬਾਰੇ ਦੱਸਿਆ ਗਿਆ। ਇਹਨਾਂ ਵਰਕਸ਼ਾਪਾਂ ਨੂੰ ਕਰਨਾਟਕ ਦੇ ਸੁਰੇਸ਼ ਦੇਸਾਈ ਅਤੇ ਭੋਲਾ ਨਾਥ , ਮਹਾਂਰਾਸ਼ਟਰ ਦੇ ਸੁਭਾਸ਼ ਸ਼ਰਮਾ ਅਤੇ ਹਰਿਆਣਾ ਦੇ ਡਾ. ਸੁਰੇਂਦਰ ਦਲਾਲ ਨੇ ਸੰਬੋਧਿਤ ਕੀਤਾ।
ਬੀਜ ਸੰਪ੍ਰਭੂਤਾ ਅੰਦੋਲਨ ਤਹਿਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਰਨਾਟਕ ਦੇ ਕਿਸਾਨਾਂ ਦੁਆਰਾ ਲਿਆਂਦੇ ਗਏ ਝੋਨੇ, ਨਾਰ੍ਮ੍ਹੇ ਅਤੇ ਮੂਲ ਅਨਾਜਾਂ ਦੇ ਬੀਜ ਵੰਡੇ ਗਏ। ਕਣਕ ਦੇ ਬੀਜ ਵਿਕਸਿਤ ਕਰਨ ਵਾਲੇ ਕਿਸਾਨ ਸ਼੍ਰੀ ਪ੍ਰਕਾਸ਼ ਰਘੂਵੰਸ਼ੀ ਦੇ ਬੀਜ ਵੀ ਕਿਸਾਨਾਂ ਵਿੱਚ ਵੰਡੇ ਗਏ।
ਇਸ ਮੌਕੇ ਵਾਤਵਰਣੀ ਜ਼ਹਿਰਾਂ ਦੇ ਅਸਰਾਂ ਅਤੇ ਭੋਪਾਲ ਗੈਸ ਕਾਂਡ ਉੱਪਰ ਆਧਾਰਿਤ 'ਸਿਆਹ ਹਾਸ਼ੀਏ' ਨਾਂ ਹੇਠ ਫੋਟੋ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।
ਜੈਵਿਕ ਉਤਪਾਦਾਂ ਦੇ ਵਿਕਰੀ ਸਟਾਲਾਂ ਪ੍ਰਤਿ ਵੀ ਲੋਕਾਂ ਦਾ ਵਧੀਆਂ ਹੁੰਗਾਰਾ ਮਿਲਿਆ ਅਤੇ ਲਗਭਗ ਸਾਰਾ ਸਟਾਕ ਵਿਕ ਗਿਆ। ਇਹਨਾਂ ਤਿੰਨ ਦਿਨਾਂ ਵਿੱਚ ਇੱਕ ਲੱਖ ਦਾ ਸਮਾਨ ਵਿਕਿਆ।

ਖਰਪਤਵਾਰ ਨੂੰ ਦੋਸਤ ਬਣਾ ਕੇ ਬਿਨਾਂ ਜੁਤਾਈ ਦੇ ਖੇਤੀ

                                                                                                                                      ਬਾਬਾ ਮਾਇਆਰਾਮ

ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਸ਼ਹਿਰ ਤੋਂ ਭੋਪਾਲ ਵੱਲ ਸਿਰਫ 3 ਕਿਲੋਮੀਟਰ ਦੂਰ ਹੈ ਟਾਈਟਸ ਫਾਰਮ। ਇੱਥੇ ਪਿਛਲੇ 25 ਸਾਲ ਤੋਂ ਕੁਦਰਤੀ ਖੇਤੀ ਦਾ ਇੱਕ ਅਨੋਖਾ ਪ੍ਰਯੋਗ ਕੀਤਾ ਜਾ ਰਿਹਾ ਹੈ। ਰਾਜੂ ਟਾਈਟਸ ਜੋ ਪਹਿਲਾਂ ਖੁਦ ਰਸਾਇਣਿਕ ਖੇਤੀ ਕਰਦੇ ਸਨ, ਹੁਣ ਕੁਦਰਤੀ ਖੇਤੀ ਕਰਨ ਦੇ ਲਈ ਪ੍ਰਸਿੱਧ ਹੋ ਗਏ ਹਨ। ਉਹਨਾਂ ਦੇ ਖੇਤ ਨੂੰ ਦੇਖਣ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਲੋਕ ਆਉਂਦੇ ਹਨ। ਹੋਸ਼ੰਗਾਬਾਦ ਜਿਲ੍ਹੇ ਵਿੱਚ ਹਾਲ ਹੀ ਵਿੱਚ 3 ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ, ਇਸ ਤੋਂ ਉਹ ਵਿਚਲਿਤ ਹਨ ਪਰ ਨਿਰਾਸ਼ ਨਹੀ। ਉਹ ਕੁਦਰਤੀ ਖੇਤੀ ਨੂੰ ਇੱਕ ਵਿਕਲਪ ਦੇ ਰੂਪ ਵਿੱਚ ਦੇਖਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਰਸਾਇਣਿਕ ਖੇਤੀ ਦੇ ਦਿਨ ਲੱਦ ਗਏ ਹਨ। ਰਸਾਇਣਿਕ ਖਾਦ, ਕੀਟਨਾਸ਼ਕ, ਨਦੀਨਨਾਸ਼ਕ ਅਤੇ ਜੁਤਾਈ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟ ਗਈ ਹੈ। ਤਵਾ ਬੰਨ੍ਹ ਦੀ ਸਿੰਚਾਈ ਤੋਂ ਸ਼ੁਰੂ ਵਿੱਚ ਕੁੱਝ ਖੁਸ਼ਹਾਲੀ ਜ਼ਰੂਰ ਦਿਖਾਈ ਦਿੱਤੀ ਪਰ ਹੁਣ ਇਹ ਬੁਰੇ ਸਪਨੇ ਵਿੱਚ ਬਦਲ ਗਈ ਹੈ। ਹੋਸ਼ੰਗਾਬਾਦ ਵਿੱਚ ਇਸ ਵਾਰ ਜੋ ਸੋਇਆਬੀਨ ਦੀ ਫਸਲ ਖਰਾਬ ਹੋ ਗਈ। 20 ਕਿਲੋਗ੍ਰਾਮ ਤੋਂ ਲੈ ਕੇ 2 ਕੁਇੰਟਲ ਤੱਕ ਪ੍ਰਤਿ ਏਕੜ ਦੀ ਔਸਤਨ ਪੈਦਾਵਾਰ ਹੋਈ ਹੈ। ਅਜਿਹੇ ਵਿੱਚ ਬਦਲਵੀਂ ਖੇਤੀ ਦੇ ਬਾਰੇ ਵਿੱਚ ਵਿਚਾਰ ਕਰਨਾ ਜ਼ਰੂਰੀ ਹੈ। ਅਜਿਹੀਆਂ ਸਥਿਤੀਆਂ ਵਿੱਚ ਕੁਦਰਤੀ ਖੇਤੀ ਦਾ ਪ੍ਰਯੋਗ ਧਿਆਨ ਖਿੱਚਦਾ ਹੈ।
ਹਾਲ ਹੀ ਵਿੱਚ ਜਦ ਮੈਂ ਉਹਨਾਂ ਦੇ ਖੇਤ ਪਹੁੰਚਿਆ, ਉਦੋਂ ਉਹ ਮੁੱਖ ਗੇਟ ਤੇ ਮੇਰਾ ਇੰਤਜ਼ਾਰ ਕਰ ਰਹੇ ਸਨ। ਸਭ ਤੋਂ ਪਹਿਲਾਂ ਉਹਨਾਂ ਨੇ ਚਾਹ ਦੇ ਬਦਲੇ ਕੁਦਰਤੀ ਸ਼ਰਬਤ ਪਿਆਇਆ ਜਿਸਨੂੰ ਗੁੜ, ਨਿੰਬੂ ਅਤੇ ਪਾਣੀ ਨਾਲ ਤਿਆਰ ਕੀਤਾ ਗਿਆ ਸੀ। ਖੇਤ ਦੇ ਅਮਰੂਦ ਖਵਾਏ ਅਤੇ ਫਿਰ ਖੇਤ ਦਿਖਾਉਣ ਲੈ ਗਏ।
ਥੋੜ੍ਹੀ ਦੇਰ ਵਿੱਚ ਅਸੀ ਖੇਤ ਪਹੁੰਚ ਗਏ। ਇਸ ਅਨੂਠੇ ਪ੍ਰਯੋਗ ਵਿੱਚ ਬਰਾਬਰ ਦੀ ਹਿੱਸੇਦਾਰ ਉਹਨਾਂ ਦੀ ਪਤਨੀ ਸ਼ਾਲਿਨੀ ਵੀ ਉਹਨਾਂ ਦੇ ਨਾਲ ਸੀ। ਹਰੇ-ਭਰੇ ਅਮਰੂਦ ਦੇ ਰੁੱਖ ਹਵਾ ਵਿੱਚ ਲਹਿਲਹਾ ਰਹੇ ਸਨ। ਇੱਕ ਜਵਾਨ ਮਜ਼ਦੂਰ ਹੱਥ ਵਿੱਚ ਯੰਤਰ ਲਏ ਨਦੀਨਾਂ ਨੂੰ ਸੁਲਾ ਰਿਹਾ ਸੀ। ਕ੍ਰਿੰਪਰ ਰੋਲਰ ਨਾਲ ਨਦੀਨਾਂ ਨੂੰ ਸੁਲਾ ਦਿੱਤਾ ਜਾਂਦਾ ਹੈ। ਇਸ ਖੇਤ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਸੀ। ਖੇਤ ਵਿੱਚ ਹਰਾ ਮੈਦਾਨ ਢਕਿਆ ਹੋਇਆ ਸੀ। ਯਾਨੀ ਨਦੀਨਾਂ ਨਾਲ ਖੇਤ ਨੂੰ ਢਕ ਕੇ ਰੱਖਣਾ। ਇੱਥੇ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢਕ ਕੇ ਰੱਖਿਆ ਹੋਇਆ ਸੀ। ਇਸ ਵਿੱਚ ਗਾਜਰ ਘਾਹ ਜਿਹੇ ਨਦੀਨ ਦਾ ਵੀ ਇਸਤੇਮਾਲ ਕੀਤਾ ਗਿਆ ਸੀ। ਪੁੱਛਣ ਤੇ ਦੱਸਿਆ ਗਿਆ ਕਿ ਆਮ ਸਿੰਚਾਈ ਤੋਂ ਬਾਅਦ ਜ਼ਮੀਨ ਪਰਾਲੀ ਨਾਲ ਜਾਂ ਨਦੀਨਾਂ ਨਾਲ ਢਕ ਦਿੱਤੀ ਜਾਂਦੀ ਹੈ। ਸੂਰਜ ਦੀਆਂ ਕਿਰਣਾਂ ਤੋਂ ਊਰਜਾ ਪਾ ਕੇ ਸੁੱਕੀ ਪਰਾਲੀ ਦੇ ਵਿੱਚੋਂ ਕਣਕ ਦੇ ਹਰੇ ਪੌਦੇ ਉੱਪਰ ਆ ਜਾਂਦੇ ਹਨ। ਇਹ ਦੇਖਣਾ ਸੁਖਦਾਈ ਸੀ।
ਰਾਜੂ ਦੱਸ ਰਹੇ ਸਨ ਕਿ ਖੇਤ ਨੂੰ ਪਰਾਲੀ ਨਾਲ ਢਕਣ ਦੇ ਕਾਰਨ ਸੂਖ਼ਮ ਜੀਵਾਣੂ, ਗੰਡੋਏ, ਕੀੜੇ-ਮਕੌੜੇ ਪੈਦਾ ਹੋ ਜਾਂਦੇ ਹਨ ਅਤੇ ਜਮੀਨ ਨੂੰ ਛੇਕਦਾਰ, ਪੋਲਾ ਅਤੇ ਪਾਣੀਦਾਰ ਬਣਾਉਂਦੇ ਹਨ। ਇਹ ਸਭ ਮਿਲ ਕੇ ਜਮੀਨ ਨੂੰ ਉਪਜਾਊ ਅਤੇ ਤਾਕਤਵਰ ਬਣਾਉਂਦੇ ਹਨ ਜਿਸ ਨਾਲ ਫਸਲ ਵਧੀਆ ਹੁੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਰਸਾਇਣਿਕ ਖੇਤੀ ਵਿੱਚ ਝੋਨੇ ਦੇ ਖੇਤ ਵਿੱਚ ਪਾਣੀ ਭਰ ਕੇ ਉਸਨੂੰ ਮਚਾਇਆ ਜਾਂਦਾ ਹੈ ਜਿਸ ਨਾਲ ਪਾਣੀ ਹੇਠਾਂ ਨਹੀ ਜਾ ਪਾਉਂਦਾ। ਧਰਤੀ ਵਿੱਚ ਨਹੀ ਸਮਾਉਂਦਾ। ਜਦਕਿ ਕੁਦਰਤੀ ਖੇਤੀ ਵਿੱਚ ਪਾਣੀ ਖੇਤ ਵਿੱਚ ਸਮਾ ਜਾਂਦਾ ਹੈ। ਭੂਮੀਗਤ ਜਲ ਸਤਰ ਵਧਦਾ ਹੈ।
ਖੇਤ ਨੂੰ ਢਕਣ ਕਾਰਨ ਜਿੱਥੇ ਇੱਕ ਪਾਸੇ ਜਮੀਨ ਵਿੱਚ ਜਲ ਸਰੱਖਿਅਣ ਕਰਦਾ ਹੈ ਅਤੇ ਇੱਥੋ ਦੇ ਉਥਲੇ ਖੂਹਾਂ ਦਾ ਜਲ ਸਤਰ ਵਧਦਾ ਹੈ। ਉੱਥੇ ਹੀ ਦੂਸਰੇ ਪਾਸੇ ਫਸਲ ਨੂੰ ਕੀੜਿਆਂ ਦੇ ਪ੍ਰਕੋਪ ਤੋਂ ਬਚਾਉਂਦਾ ਹੈ ਕਿਉਂਕਿ ਉੱਥੇ ਅਨੇਕ ਫਸਲਾਂ ਦੇ ਕੀੜਿਆਂ ਦੇ ਸ਼ਿਕਾਰੀ  ਕੀੜ•ੇ ਨਿਵਾਸ ਕਰਦੇ ਹਨ ਜਿਸ ਨਾਲ ਰੋਗ ਲੱਗਦੇ ਹੀ ਨਹੀ।
ਉਹਨਾਂ ਮੁਤਾਬਿਕ ਜਦ ਵੀ ਖੇਤ ਵਿੱਚ ਜੁਤਾਈ ਕੀਤੀ ਜਾਂਦੀ ਹੈ ਤਾਂ ਬਾਰੀਕ ਮਿੱਟੀ ਨੂੰ ਬਾਰਿਸ਼ ਵਹਾ ਕੇ ਲੇ ਜਾਂਦੀ ਹੈ। ਸਾਲ-ਦਰ-ਸਾਲ ਖਾਦ-ਮਿੱਟੀ ਦੀ ਉਪਜਾਊ ਪਰਤ ਬਾਰਿਸ਼ ਵਿੱਚ ਵਹਿ ਜਾਂਦੀ ਹੈ ਜਿਸ ਨਾਲ ਖੇਤ ਭੁੱਖੇ-ਪਿਆਸੇ ਰਹਿ ਜਾਂਦੇ ਹਨ ਅਤੇ ਇਸ ਲਈ ਸਾਨੂੰ ਬਾਹਰੀ ਨਿਵੇਸ਼ ਦੀ ਜ਼ਰੂਰਤ ਪੈਂਦੀ ਹੈ। ਭਾਵ ਬਾਹਰ ਤੋਂ ਰਸਾਇਣਿਕ ਖਾਦਾਂ ਆਦਿ ਪਾਉਣ ਦੀ ਜ਼ਰੂਰਤ ਪੈਂਦੀ ਹੈ।
ਜਮੀਨ ਦੇ ਅੰਦਰ ਦੀ ਜੈਵਿਕ ਖਾਦ ਜਿਸਨੂੰ ਵਿਗਿਆਨਕ ਕਾਰਬਨ ਕਹਿੰਦੇ ਹਨ, ਜੁਤਾਈ ਨਾਲ ਗੈਸ ਬਣਕੇ ਉੱਡ ਜਾਂਦੀ ਹੈ ਜੋ ਧਰਤੀ ਦੇ ਗਰਮ ਹੋਣ ਅਤੇ ਮੌਸਮ ਪਰਿਵਰਤਨ ਵਿੱਚ ਸਹਾਇਕ ਹੁੰਦੀ ਹੈ। ਗਲੋਬਲ ਵਾਰਮਿੰਗ ਅਤੇ ਮੌਸਮ ਪਰਿਵਰਤਨ ਇਸ ਸਮੇਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਚਿੰਤਾ ਦਾ ਸਬੱਬ ਬਣੇ ਹੋਏ ਹਨ। ਪਰ ਜੇਕਰ ਬਿਨਾਂ ਜੁਤਾਈ ਦੀ ਪਦਤੀ ਨਾਲ ਖੇਤੀ ਕੀਤੀ ਜਾਵੇ ਤਾਂ ਇਹ ਸਮੱਸਿਆ ਨਹੀ ਹੋਵੇਗੀ ਅਤੇ ਹੁਣ ਤਾਂ ਜਿਲ੍ਹੇ ਵਿੱਚ ਜੋ ਟਰੈਕਟਰ-ਹਾਰਵੈਸਟਰ ਦੀ ਖੇਤੀ ਹੋ ਰਹੀ ਹੈ, ਉਹ ਗਲੋਬਲ ਵਾਰਮਿੰਗ ਦੇ ਹਿਸਾਬ ਨਾਲ ਉੱਚਿਤ ਨਹੀ ਮੰਨੀ ਜਾ ਸਕਦੀ।
ਰਾਜੂ ਟਾਈਟਸ ਦੇ ਕੋਲ 13.5 ਏਕੜ ਜਮੀਨ ਹੈ ਜਿਸ ਵਿੱਚੋਂ 12 ਏਕੜ ਵਿੱਚ ਉਹ ਖੇਤੀ ਕਰਦੇ ਹਨ। ਇਸ ਸਾਲ ਗਵਾਂਢੀ ਦੀ ਕੁੱਝ ਜਮੀਨ 'ਤੇ ਉਹ ਪ੍ਰਯੋਗ ਕਰ ਰਹੇ ਹਨ। ਇਸ 12 ਏਕੜ ਜਮੀਨ ਵਿੱਚੋਂ 11 ਏਕੜ ਵਿੱਚ ਸੁਬਬੂਲ (ਆਸਟ੍ਰੇਲਿਅਨ ਅਗੇਸੀਆ) ਦਾ ਸੰਘਣਾ ਜੰਗਲ ਹੈ। ਇਹ ਚਾਰੇ ਦੀ ਇੱਕ ਪ੍ਰਜਾਤੀ ਹੈ। ਇਸ ਨਾਲ ਪਸ਼ੂਆਂ ਦੇ ਲਈ ਚਾਰਾ ਅਤੇ ਈਂਧਨ ਦੇ ਲਈ ਲੱਕੜੀਆਂ ਮਿਲਦੀਆਂ ਹਨ ਜਿੰਨ੍ਹਾਂ ਨੂੰ ਉਹ ਸਸਤੇ ਮੁੱਲ 'ਤੇ ਗਰੀਬ ਮਜ਼ਦੂਰਾਂ ਨੂੰ ਵੇਚ ਦਿੰਦੇ ਹਨ। ਉਹਨਾਂ ਅਨੁਸਾਰ ਸਿਰਫ ਲੱਕੜੀ ਵੇਚਣ ਨਾਲ ਸਾਲਾਨਾ ਆਮਦਨੀ ਢਾਈ ਲੱਖ ਰੁਪਏ ਹੁੰਦੀ ਹੈ। ਸਿਰਫ ਇੱਕ ਏਕੜ ਜਮੀਨ ਉੱਪਰ ਹੀ ਖੇਤੀ ਕੀਤੀ ਜਾ ਰਹੀ ਹੈ।
ਰਾਜੂ ਜੀ ਦੱਸਦੇ ਹਨ ਕਿ ਅਸੀ ਖੇਤੀ ਨੂੰ ਭੋਜਨ ਦੀ ਜ਼ਰੂਰਤ ਦੇ ਹਿਸਾਬ ਨਾਲ ਕਰਦੇ ਹਾਂ, ਬਾਜ਼ਾਰ ਦੇ ਹਿਸਾਬ ਨਾਲ ਨਹੀ। ਸਾਡੀ ਜ਼ਰੂਰਤ ਇੱਕ ਏਕੜ ਤੋਂ ਹੀ ਪੂਰੀ ਹੋ ਜਾਂਦੀ ਹੈ। ਇੱਥੋਂ ਸਾਨੂੰ ਅਨਾਜ, ਫਲ, ਦੁੱਧ ਅਤੇ ਸਬਜੀਆਂ ਮਿਲਦੀਆਂ ਹਨ, ਜੋ ਸਾਡੇ ਪਰਿਵਾਰ ਦੀ ਜਰੂਰਤ ਪੂਰੀ ਕਰ ਦਿੰਦੇ ਹਨ। ਸਰਦੀਆਂ ਵਿੱਚ ਕਣਕ, ਗਰਮੀ ਵਿੱਚ ਮੱਕੀ ਅਤੇ ਮੂੰਗ ਅਤੇ ਬਾਰਿਸ਼ ਵਿੱਚ ਝੋਨੇ ਦੀ ਫਸਲ ਲੈਂਦੇ ਹਨ।
ਕਣਕ ਦਾ ਖੇਤ ਦਿਖਾਉਣ ਤੋਂ ਬਾਅਦ ਉਹ ਜੰਗਲ ਵੱਲ ਲੈ ਗਏ। ਰਸਤੇ ਵਿੱਚ ਨਾਲੇ ਵਿੱਚ ਪਾਣੀ ਵਹਿ ਰਿਹਾ ਸੀ। ਇਸ ਵਿੱਚ ਉਹਨਾਂ ਨੇ ਦੇਸੀ ਤਰੀਕੇ ਦਾ ਲੱਕੜੀ ਦਾ ਪੁਲ ਬਣਾਇਆ ਹੋਇਆ ਹੈ। ਅਸੀ ਉਸਨੂੰ ਪਾਰ ਕਰਕੇ ਜੰਗਲ ਵਿੱਚ ਪਹੁੰਚ ਗਏ। ਇਸਨੂੰ ਪਾਰ ਕਰਨਾ ਤਣੀ ਰੱਸੀ ਉੱਤੇ ਚੱਲਣ ਦੇ ਸਮਾਨ ਸੀ।
ਕੁਦਰਤੀ ਖੇਤੀ ਨੂੰ ਰਿਸ਼ੀ ਖੇਤੀ ਵੀ ਕਹਿੰਦੇ ਹਨ। ਰਾਜੂ ਟਾਈਟਸ ਇਸਨੂੰ ਕੁਦਰਤੀ-ਜੈਵਿਕ ਖੇਤੀ ਕਹਿੰਦੇ ਹਨ ਜਿਸ ਵਿੱਚ ਬਾਹਰ ਤੋਂ ਕੁੱਝ ਵੀ ਨਹੀ ਪਾਉਣਾ ਪੈਂਦਾ। ਨਾ ਹੀ ਖੇਤ ਵਿੱਚ ਹਲ ਨਾਲ ਜੁਤਾਈ ਕੀਤੀ ਜਾਂਦੀ ਹੈ ਅਤੇ ਨਾ ਹੀ ਬਾਹਰ ਤੋਂ ਕਿਸੇ ਵੀ ਪ੍ਰਕਾਰ ਦੀ ਮਾਨਵ ਨਿਰਮਿਤ ਖਾਦ ਪਾਈ ਜਾਂਦੀ ਹੈ। ਨੋ ਟਿਲਿੰਗ ਭਾਵ ਬਿਨਾਂ ਜੁਤਾਈ ਦੇ ਖੇਤੀ। ਪਿਛਲੇ 25 ਸਾਲਾਂ ਤੋਂ ਉਹਨਾਂ ਨੇ ਆਪਣੇ ਖੇਤ ਵਿੱਚ ਹਲ ਨਹੀ ਚਲਾਇਆ ਅਤੇ ਨਾ ਹੀ ਕੀੜਿਆਂ ਨੂੰ ਮਾਰਨ ਦੇ ਲਈ ਕੀਟਨਾਸ਼ਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪੂਰੀ ਤਰ੍ਹਾ  ਅਹਿੰਸਕ ਕੁਦਰਤੀ ਖੇਤੀ ਹੈ।
ਇਸਦੀ ਸ਼ੁਰੂਆਤ ਜਾਪਾਨ ਦੇ ਮਸ਼ਹੂਰ ਖੇਤੀ ਵਿਗਿਆਨਕ ਮਾਸਾਨੋਬੂ ਫੁਕੂਓਕਾ ਨੇ ਕੀਤੀ ਸੀ ਜੋ ਖ਼ੁਦ ਇੱਥੇ ਆਏ ਸਨ। ਫੁਕੂਓਕਾ ਨੇ ਖ਼ੁਦ ਵਰਿਆਂ ਤੱਕ ਆਪਣੇ ਖੇਤ ਵਿੱਚ ਪ੍ਰਯੋਗ ਕੀਤਾ ਅਤੇ ਇੱਕ ਕਿਤਾਬ ਲਿਖੀ - ਵੰਨ ਸਟ੍ਰਾਅ ਰੈਵੂਲੇਸ਼ਨ ਭਾਵ ਇੱਕ ਤਿਨਕੇ ਤੋਂ ਆਈ ਕ੍ਰਾਂਤੀ। ਅਮਰੀਕਾ ਵਿੱਚ ਵੀ ਹੁਣ ਬਿਨਾਂ ਜੁਤਾਈ ਦੇ ਖੇਤੀ ਕਰਨ ਦਾ ਚਲਨ ਹੋ ਗਿਆ ਹੈ।
ਆਮ ਤੌਰ ਤੇ ਖੇਤੀ ਵਿੱਚ ਫਸਲ ਦੇ ਇਲਾਵਾ ਕਿਸੇ ਵੀ ਤਰ੍ਹਾ  ਦੇ ਨਦੀਨ, ਰੁੱਖਾਂ, ਪੌਦਿਆਂ ਨੂੰ ਦੁਸ਼ਮਣ ਮੰਨਿਆ ਜਾਂਦਾ ਹੈ ਪਰ ਕੁਦਰਤੀ ਖੇਤੀ ਵਿੱਚ ਇਹਨਾਂ ਦੇ ਸਹਿਅਸਿਤਤਵ ਨਾਲ ਹੀ ਹੁੰਦੀ ਹੈ। ਇਹਨਾਂ ਸਭ ਨਾਲ ਮਿੱਤਰਤਾਪੂਰਨ ਵਿਵਹਾਰ ਕੀਤਾ ਜਾਂਦਾ ਹੈ। ਰੁੱਖਾਂ ਅਤੇ ਪੌਦਿਆਂ ਨੂੰ ਵੱਢਿਆ ਨਹੀ ਜਾਂਦਾ ਜਿਸ ਨਾਲ ਹਰਿਆਲੀ ਬਣੀ ਰਹਿੰਦੀ ਹੈ। ਇਹ ਪੁੱਛਣ ਤੇ ਕਿ ਕੀ ਰੁੱਖਾਂ ਕਾਰਨ ਫਸਲਾਂ ਨੂੰ ਨੁਕਸਾਨ ਨਹੀਂ ਹੁੰਦਾ। ਰਾਜੂ ਦਾ ਜਵਾਬ ਸੀ- ਬਿਲਕੁਲ ਨਹੀਂ।
ਰਾਜੂ ਦੱਸਦੇ ਹਨ ਕਿ ਰੁੱਖਾਂ ਦੇ ਕਾਰਨ ਖੇਤਾਂ ਵਿੱਚ ਗਹਿਰਾਈ ਤੱਕ ਜੜ੍ਹਾਂ ਦਾ ਜਾਲ ਬੁਣਿਆ ਰਹਿੰਦਾ ਹੈ ਅਤੇ ਇਸ ਨਾਲ ਵੀ ਜਮੀਨ ਤਾਕਤਵਰ ਬਣਦੀ ਜਾਂਦੀ ਹੈ। ਅਨਾਜ ਅਤੇ ਫਸਲਾਂ ਰੁੱਖਾਂ ਦੀ ਛਾਂ ਹੇਠ ਵਧੀਆ ਹੁੰਦੇ ਹਨ। ਛਾਂ ਦਾ ਅਸਰ ਜ਼ਮੀਨ ਦੇ ਉਪਜਾਊ ਹੋਣ 'ਤੇ ਨਿਰਭਰ ਕਰਦਾ ਹੈ। ਕਿਉਂਕਿ ਸਾਡੀ ਜਮੀਨ ਦੀ ਤਾਕਤ ਅਤੇ ਉਪਜਾਊ ਸ਼ਕਤੀ ਜ਼ਿਆਦਾ ਹੈ, ਇਸਲਈ ਰੁੱਖਾਂ ਦੀ ਛਾਂ ਦਾ ਫਸਲ ਉੱਪਰ ਕੋਈ ਉਲਟ ਅਸਰ ਨਹੀਂ ਪੈਂਦਾ।
ਬਿਨਾਂ ਜੁਤਾਈ ਦੇ ਖੇਤੀ ਮੁਸ਼ਕਿਲ ਹੈ, ਅਜਿਹਾ ਲੱਗਣਾ ਸੁਭਾਵਿਕ ਹੈ। ਜਦ ਪਹਿਲੀ ਵਾਰ ਮੈਂ ਇਹ ਸੁਣਿਆ ਸੀ ਤਾਂ ਵਿਸ਼ਵਾਸ਼ ਨਹੀ ਹੋਇਆ ਸੀ। ਪਰ ਦੇਖਣ ਤੋਂ ਬਾਅਦ ਸਾਰੀਆਂ ਸ਼ੰਕਾਵਾਂ ਦੂਰ ਹੋ ਗਈਆਂ। ਦਰਅਸਲ, ਇਸ ਵਾਤਾਵਰਣੀ ਪੱਧਤੀ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਜਾਂਦੀ ਹੈ ਜਦਕਿ ਰਸਾਇਣਿਕ ਖੇਤੀ ਵਿੱਚ ਇਹ ਲਗਾਤਾਰ ਘਟਦੀ ਜਾਂਦੀ ਹੈ ਅਤੇ ਇੱਕ ਸਥਿਤੀ ਤੋਂ ਬਾਅਦ ਉਸ ਵਿੱਚ ਕੁੱਝ ਨਹੀ ਉੱਗਦਾ। ਉਹ ਬੰਜਰ ਹੋ ਜਾਂਦੀ ਹੈ।
ਕੁਦਰਤੀ ਖੇਤੀ ਇੱਕ ਜੀਵਨ ਪੱਦਤੀ ਹੈ। ਇਸ ਵਿੱਚ ਮਾਨਵ ਦੀ ਭੁੱਖ ਮਿਟਾਉਣ ਦੇ ਨਾਲ ਸਭ ਜੀਵ-ਜਗਤ ਦੇ ਪਾਲਣ ਦਾ ਵਿਚਾਰ ਹੈ। ਸ਼ੁੱਧ ਹਵਾ ਅਤੇ ਪਾਣੀ ਮਿਲਦਾ ਹੈ। ਧਰਤੀ ਨੂੰ ਨੂੰ ਗਰਮ ਹੋਣ ਤੋਂ ਬਚਾਉਣ ਦੇ ਲਈ ਅਤੇ ਮੌਸਮ ਨੂੰ ਨਿਯੰਤ੍ਰਣ ਕਰਨ ਵਿੱਚ ਵੀ ਮੱਦਦਗਾਰ ਹੈ। ਇਸਨੂੰ ਰਿਸ਼ੀ ਖੇਤੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਰਿਸ਼ੀ-ਮੁਨੀ ਕੰਦ-ਮੂਲ, ਫਲ ਅਤੇ ਦੁੱਧ ਨੂੰ ਭੋਜਨ ਦੇ ਰੂਪ ਵਿੱਚ ਗ੍ਰਹਿਣ ਕਰਦੇ ਸਨ। ਬਹੁਤ ਘੱਟ ਜ਼ਮੀਨ 'ਤੇ ਮੂਲ ਅਨਾਜ ਉਪਜਾਉਂਦੇ ਸਨ। ਉਹ ਧਰਤੀ ਨੂੰ ਮਾਂ ਸਮਾਨ ਮੰਨਦੇ ਸਨ। ਉਸਨੂੰ ਧਰਤੀ ਮਾਤਾ ਕਹਿੰਦੇ ਸਨ। ਉਸ ਤੋਂ ਓਨਾ ਹੀ ਲੈਂਦੇ ਸਨ ਜਿੰਨੀ  ਜ਼ਰੂਰਤ ਹੁੰਦੀ ਸੀ। ਸਭ ਕੁੱਝ ਨਿਚੋੜਨ ਦੀ ਨੀਅਤ ਨਹੀ ਹੁੰਦੀ ਸੀ। ਇਸ ਸਭ ਦੇ ਮੱਦੇਨਜ਼ਰ ਕੁਦਰਤੀ ਖੇਤੀ ਵੀ ਇੱਕ ਰਸਤਾ ਹੋ ਸਕਦਾ ਹੈ।

ਖੂਨਦਾਨ: ਜਲਾਲਦੀਵਾਲ ਦੀਆਂ ਧੀਆਂ ਨੇ ਪਾਈ ਨਵੀਂ ਪਿਰਤ

                                                                                                                                  ਡਾ. ਹਰਮਿੰਦਰ ਸਿੱਧੂ
ਕਈ ਵਰੇ ਪਹਿਲਾਂ ਦੀ ਉਹ ਘਟਨਾ ਯਾਦ ਆਉਂਦੀ ਹੈ ਤਾਂ ਮਨ ਬੇਚੈਨ ਹੋ ਉੁੱਠਦਾ ਹੈ। ਸੋਚਣ ਲੱਗਦਾ ਹਾਂ ਕਿ ਕੀ ਇੱਕ ਸੱਭਿਅਕ ਸਮਾਜ ਅੰਦਰ ਇਸ ਤਰ੍ਹਾ ਵੀ ਵਾਪਰ ਸਕਦਾ ਹੈ? ਸਾਡੇ ਇਲਾਕੇ ਦਾ ਇੱਕ ਬਜ਼ੁਰਗ ਇਲਾਜ਼ ਲਈ ਹਸਪਤਾਲ ਵਿੱਚ ਦਾਖਲ ਸੀ, ਬਿਮਾਰੀ ਜਿਆਦਾ ਵਧੀ ਹੋਈ ਸੀ। ਉਸ ਦੀ ਜ਼ਿੰਦਗੀ ਲਈ ਕੁੱਝ ਬੋਤਲਾਂ ਖੂਨ ਦੀ ਲੋੜ ਸੀ। ਜਦੋਂ ਡਾਕਟਰ ਨੇ ਉਸਦੇ ਪਰਿਵਾਰ ਨੂੰ ਖੂਨ ਦਾ ਬੰਦੋਬਸਤ ਕਰਨ ਲਈ ਕਿਹਾ ਤਾਂ ਸਾਰਾ ਟੱਬਰ ਚਿੰਤਾ ਵਿੱਚ ਘਿਰ ਗਿਆ। ਬਜ਼ੁਰਗ ਦੇ ਪੁੱਤ-ਭਤੀਜੇ ਖੂਨ ਦੇਣ ਤੋਂ ਮੁਨਕਰ ਸੀ। ਕਿਉਂਕਿ ਉਹਨਾਂ ਨੂੰ ਡਰ ਸੀ ਕਿ ਖੂਨ ਦੇਣ ਨਾਲ ਉਹ ਕਮਜ਼ੋਰ ਹੋ ਜਾਣਗੇ ਅਤੇ ਬਜ਼ੁਰਗ ਦੀ ਘਰਵਾਲੀ ਜਿਹੜੀ ਕਿ ਕਦੇ ਉਸਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀ ਹੋਵੇਗੀ, ਰੱਬ ਅੱਗੇ ਅਰਦਾਸ ਕਰ ਰਹੀ ਸੀ ਮੇਰੇ ਬੱਚਿਆਂ ਨੂੰ ਖੂਨ ਨਾ ਦੇਣਾ ਪਵੇ, ਤੂੰ ਇਸਨੂੰ ਹੀ ਚੁੱਕ ਲੈ ਰੱਬਾ!
ਇਹ ਗੱਲ ਵੱਖਰੀ ਹੈ ਕਿ ਕਿਸੇ ਤਰ੍ਹਾ ਖੂਨ ਦਾ ਪ੍ਰਬੰਧ ਹੋ ਜਾਣ ਸਦਕਾ ਬਜ਼ੁਰਗ ਦੀ ਜ਼ਿੰਦਗੀ ਬਚ ਗਈ ਅਤੇ ਉਹ ਅੱਜ ਵੀ ਜਿਉਂਦਾ ਹੈ। ਇੰਨਾ ਹੀ ਨਹੀਂ ਘਰ ਚਲਾਉਣ ਵਿੱਚ ਵੀ ਪੂਰਾ ਯੋਗਦਾਨ ਪਾ ਰਿਹਾ ਹੈ। ਆਹ! ਕਿੱਡੀ ਵੱਡੀ ਭੁੱਲ ਸੀ ਉਸ ਦੇ ਪਰਿਵਾਰ ਦੀ। ਇੱਕ ਵਹਿਮ, ਡਰ ਦੇ ਕਾਰਨ ਖੂਨ ਦੀ ਕਮੀ ਦੇ ਚਲਦਿਆਂ ਬਜ਼ੁਰਗ ਕਈ ਵਰ੍ਹੇ ਪਹਿਲਾਂ ਹੀ ਪੂਰਾ ਹੋ ਚੱਲਿਆ ਸੀ।
ਸਥਿਤੀਆਂ ਅੱਜ ਵੀ ਉਹੀ ਨੇ। ਇੱਕੀਵੀਂ ਸਦੀ ਆਧੁਨਿਕ ਕਹਾਉਣ ਵਾਲੇ ਅਸੀਂ ਲੋਕ ਅੱਜ ਉੱਥੇ ਦੇ ਉੱਥੇ ਹੀ ਖੜੇ ਲੱਭਦੇ ਹਾਂ। ਖੂਨਦਾਨ ਸਬੰਧੀ ਸਾਡੀ ਸੋਚ ਵਿੱਚ ਕੋਈ ਵਰਨਣਯੋਗ ਪਰਿਵਰਤਨ ਆਇਆ ਨਜ਼ਰ ਨਹੀਂ ਆਉਂਦਾ। ਹਾਲਾਂਕਿ ਅਨੇਕਾਂ ਹੀ ਸਮਾਜ ਸੇਵੀ ਸੰਸਥਾਵਾਂ ਵੱਧ ਤੋਂ ਵੱਧ ਖੂਨਦਾਨ ਕਰਨ ਦਾ ਪ੍ਰਚਾਰ-ਪ੍ਰਸਾਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਲੋਕ ਹਾਲੇ ਵੀ ਇਸ ਵਹਿਮ ਵਿੱਚ ਜੀ ਰਹੇ ਹਨ ਕਿ ਖੂਨਦਾਨ ਕਰਨ ਨਾਲ ਸ਼ਰੀਰਕ ਕਮਜ਼ੋਰੀ ਆ ਜਾਂਦੀ ਹੈ। ਹਾਲਾਂਕਿ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ।  ਸਗੋਂ ਖੂਨਦਾਨ ਕਰਕੇ ਤੁਸੀਂ ਕਿਤੇ ਦੂਰ ਬੈਠੇ ਹੋਏ ਵੀ ਕਿਸੇ ਅਨਮੋਲ ਜ਼ਿੰਦਗੀ ਨੂੰ ਬਚਾਉਣ ਵਿੱਚ ਨਿੱਗਰ ਯੋਗਦਾਨ ਪਾ ਰਹੇ ਹੁੰਦੇ ਹੋ। 18 ਤੋਂ 60 ਸਾਲ ਦਾ ਕੋਈ ਵੀ ਮਰਦ ਤੇ ਔਰਤ ਜਿਸਦਾ ਭਾਰ 45 ਕਿੱਲੋ ਹੋਵੇ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦੇ ਹਨ।
ਖੂਨਦਾਨ ਸਮੇਂ ਸਾਡੇ ਸ਼ਰੀਰ ਵਿੱਚੋਂ ਇੱਕ ਵੇਲੇ ਸਿਰਫ 350 ਮਿਲੀ ਲਿਟਰ ਖੂਨ ਲਿਆ ਜਾਂਦਾ ਹੈ ਅਤੇ ਸ਼ਰੀਰ ਵਿੱਚ ਇਸਦੀ ਪੂਰਤੀ ਖੂਨਦਾਨ ਦੇ 24 ਘੰਟਿਆਂ ਅੰਦਰ ਹੋ ਜਾਂਦੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਖੂਨਦਾਨ ਕਰਨ ਨਾਲ ਸ਼ਰੀਰ ਦੀ ਰੋਗ ਪ੍ਰਤਿਰੋਧੀ ਸ਼ਕਤੀ ਵਧਦੀ ਹੈ। ਬਲੱਡ ਬੈਂਕ ਦੁਆਰਾ ਖੂਨਦਾਨੀਆਂ ਦੇ ਸਾਰੇ ਲੋੜੀਂਦੇ ਟੈਸਟ ਕਰਕੇ ਸਬੰਧਤ ਕਾਰਡ ਵੀ ਦਿੱਤਾ ਜਾਂਦਾ ਹੈ।
ਅਸੀਂ ਭਾਰਤ ਵਾਸੀ ਵਹਿਮਾਂ-ਭਰਮਾਂ ਕਾਰਨ ਖੂਨਦਾਨ ਕਰਨ ਵਿੱਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਪਿੱਛੇ ਹਾਂ ਖਾਸ ਕਰਕੇ ਕੈਂਪ ਲਗਾ ਕੇ ਖੂਨਦਾਨ ਕਰਨ ਵਿੱਚ। ਹਾਲਾਂਕਿ ਦੁਨੀਆਂ ਭਰ ਵਿੱਚ ਹਰ ਸਾਲ 80 ਮਿਲੀਅਨ ਯੂਨਿਟ ਖੂਨਦਾਨ ਕੀਤਾ ਜਾਂਦਾ ਹੈ। ਇਹਦੇ ਵਿੱਚ ਵਿਕਾਸਸ਼ੀਲ ਦੇਸ਼ਾਂ ਦਾ ਯੋਗਦਾਨ ਸਿਰਫ 39 ਫੀਸਦੀ ਹੈ ਜਦੋਂਕਿ ਸੰਸਾਰ ਦੀ 80 ਫੀਸਦੀ ਆਬਾਦੀ ਵਿਕਾਸਸ਼ੀਲ ਦੇਸ਼ਾਂ ਵਿੱਚ ਵਸਦੀ ਹੈ।
ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਭਾਰਤ ਵਰਸ਼ ਵਿੱਚ ਹਰ ਸਾਲ 9 ਮਿਲੀਅਨ ਯੂਨਿਟ ਖੂਨ ਦੀ ਜ਼ਰੂਰਤ ਰਹਿੰਦੀ ਹੈ ਪਰੰਤੂ ਇੱਥੇ ਖੂਨਦਾਨ ਤੋਂ ਸਿਰਫ 4.2 ਮਿਲੀਅਨ ਯੂਨਿਟ ਖੂਨ ਪ੍ਰਾਪਤ ਹੁੰਦਾ ਹੈ। ਪਰ ਹਾਂ ਇਹ ਗੱਲ ਵੱਖਰੀ ਹੈ ਕਿ ਅਸੀਂ ਇੱਕ-ਦੂਜੇ ਦਾ ਖੂਨ ਵਹਾਉਣ ਹਮੇਸ਼ਾ ਤਤਪਰ ਰਹਿੰਦੇ ਹਾਂ। ਜੇਕਰ ਭਾਰਤ ਦੀ 2 ਫੀਸਦੀ ਆਬਾਦੀ ਵੀ ਸਾਲ ਵਿੱਚ ਸਿਰਫ ਇੱਕ ਵਾਰ ਖੂਨਦਾਨ ਕਰੇ ਤਾਂ ਦੇਸ਼ ਵਿੱਚ ਕਿਸੇ ਨੂੰ ਵੀ ਖੂਨ ਦੀ ਕਮੀ ਕਾਰਨ ਜ਼ਿੰਦਗੀ ਨਹੀਂ ਗਵਾਉਣੀ ਪਵੇਗੀ।
ਜਿੱਥੋਂ ਤੱਕ ਗੱਲ ਇਸ ਮਾਮਲੇ ਵਿੱਚ ਪੰਜਾਬ ਦੀ ਦੇਸ਼ ਦੇ ਹੋਰਨਾ ਰਾਜਾਂ ਨਾਲ ਤੁਲਨਾ ਕਰਨ ਦੀ ਹੈ ਤਾਂ ਪੰਜਾਬ ਇਸ ਪੱਖੋਂ ਸਵੈ-ਇੱਛਾ ਨਾਲ ਖੂਨਦਾਨ ਕਰਨ ਵਿੱਚ ਅਸੀਂ ਬਿਹਾਰ ਅਤੇ ਛਤੀਸਗੜ ਜਿਹੇ ਪਛੜੇ ਕਹੇ ਜਾਣ ਵਾਲੇ ਰਾਜਾਂ ਤੋਂ ਵੀ ਬਹੁਤ ਪਿੱਛੇ ਹਾਂ। ਸਵੈ-ਇੱਛਾ ਨਾਲ ਖੂਨਦਾਨ ਕਰਨ ਵਿੱਚ ਜਿੱਥੇ ਅਰੁਣਾਚਲ ਪ੍ਰਦੇਸ਼ 90 % ਨਾਲ ਪਹਿਲੇ ਨੰਬਰ 'ਤੇ ਹੈ ਉੱਥੇ ਹੀ ਬੰਗਾਲ 80% ਨਾਲ ਦੂਜੇ, ਚੰਡੀਗੜ ਤੇ ਮਹਾਰਾਸ਼ਟਰ ਕ੍ਰਮਵਾਰ 70-73 % ਨਾਲ ਤੀਜੇ-ਚੌਥੇ, ਛੱਤੀਸਗੜ 28% ਨਾਲ ਪੰਜਵੇਂ, ਬਿਹਾਰ ਅਤੇ ਦਿੱਲੀ 25% ਨਾਲ ਛੇਵੇਂ ਨੰਬਰ 'ਤੇ ਹਨ, ਉੱਥੇ ਹੀ ਸਾਡਾ ਪੰਜਾਬ ਖੂਨਦਾਨ ਵਿੱਚ 17.6% ਹਿੱਸਾ ਹੀ ਆਪਣੇ ਲੋਕਾਂ ਨੂੰ ਬਚਾਉਣ ਦੇ ਇਸ ਮਹਾਨ ਕਾਰਜ ਵਿੱਚ ਪਾਉਂਦਾ ਹੈ।
ਬੇਸ਼ੱਕ ਇਹ ਇੱਕ ਕੌੜੀ ਸੱਚਾਈ ਹੈ ਕਿ ਅਸੀਂ ਮਨ ਦੇ ਕੋਮਲ ਭਾਵਾਂ ਤੋਂ ਸੱਖਣੇ ਹੋ ਗਏ ਹਾਂ। ਅਸੀਂ ਭਰੂਣ ਹੱਤਿਆ, ਨਸ਼ੇ ਕਰਨ ਅਤੇ ਨਸ਼ਿਆਂ ਤੋਂ ਕਮਾਈ ਦੇ ਮਾਮਲਿਆਂ 'ਚ ਤਾਂ ਜ਼ਰੂਰ ਇੱਕ ਨੰਬਰ 'ਤੇ ਪਹੁੰਚ ਗਏ ਹਾਂ ਪਰੰਤੂ ਖੂਨਦਾਨ ਰਾਹੀਂ ਲੋਕਾਂ ਨੂੰ ਜ਼ਿੰਦਗੀਆਂ ਵੰਡਣ ਵਿੱਚ ਹਾਲਾਂ ਵੀ ਬਹੁਤ ਪਿੱਛੇ ਖੜੇ ਹਾਂ।  ਇਹ ਸਾਡੇ ਲਈ ਵਿਚਾਰਨਯੋਗ  ਤੇ ਵੱਡਾ ਮੁੱਦਾ ਹੈ ਕਿ ਕਿਉਂ ਅਸੀਂ ਖੂਨ ਦੀ ਕਿੱਲਤ ਦੇ ਛਾਏ ਹੇਠ ਜਿਉਂ ਰਹੇ ਹਾਂ? ਹਾਲਾਂਕਿ ਵਧਦੀਆਂ ਬਿਮਾਰੀਆਂ ਅਤੇ ਹਾਦਸਿਆਂ ਕਾਰਨ ਖੂਨ ਦੀ ਲੋੜ ਅਤੇ ਮੰਗ ਲਗਾਤਾਰ ਵਧ ਰਹੀ ਹੈ।
ਪਰ ਇਸ ਪੱਖੋਂ ਘੁੱਪ ਹਨੇਰੇ ਵਿੱਚ ਆਸ ਦੀ ਕਿਰਨ ਬਣ ਕੇ ਉੱਭਰਿਆ ਹੈ ਗਦਰੀ ਬਾਬਾ ਦੁੱਲਾ ਸਿੰਘ ਦਾ ਪਿੰਡ ਜਲਾਲਦੀਵਾਲ। ਪਿੰਡ ਵਾਸੀ 'ਗਦਰੀ ਬਾਬਾ ਦੁੱਲਾ ਸਿੰਘ ਅਤੇ ਨਿਹਾਲ ਸਿੰਘ ਫਾਂਊਂਡੇਸ਼ਨ ਬਣਾ ਕੇ ਸੰਨ 2008 ਤੋਂ ਹਰ ਸਾਲ ਲਗਾਤਾਰ ਖੂਨਦਾਨ ਕੈਂਪ ਲਾ ਕੇ ਹਰ ਸਾਲ 125 ਯੂਨਿਟ ਖੂਨਦਾਨ ਕਰ ਰਹੇ ਹਨ।
ਜਲਾਲਦੀਵਾਲ ਵਿੱਚ ਪਈ ਇਸ ਜੀਵਨਦਾਨੀ ਪਿਰਤ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਪਿੰਡ ਦੀਆਂ ਧੀਆਂ ਪਿੰਡ ਵਿੱਚ ਲੱਗਣ ਵਾਲੇ ਖੂਨਦਾਨ ਕੈਂਪਾ ਵਿੱਚ ਵਧ-ਚੜ ਕੇ ਹਿੱਸਾ ਲੈਂਦੀਆਂ ਹਨ ਅਤੇ ਸਵੈ-ਇੱਛਾ ਨਾਲ ਖੂਨਦਾਨ ਕਰਦੀਆਂ ਹਨ। ਪਿੰਡ ਵਿੱਚ ਵਸਨੀਕ ਸ. ਕੁਲਦੀਪ ਸਿੰਘ ਪੂਨੀਆਂ ਦਾ ਪੂਰਾ ਪਰਿਵਾਰ ਆਪਣੀਆਂ 4 ਧੀਆਂ ਸਮੇਤ ਖੂਨਦਾਨ ਦੇ ਇਸ ਮਹਾਯੱਗ ਵਿੱਚ ਆਹੂਤੀ ਦਿੰਦਾ ਹੈ। ਡਿਸਕਸ ਥ੍ਰੋਇੰਗ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਅਤੇ ਪੂਨੀਆ ਪਰਿਵਾਰ ਦੀ ਸਭ ਤੋਂ ਵੱਡੀ ਤੋਂ ਛੋਟੀ ਬੇਟੀ  ਦੀਪ ਪੂਨੀਆ ਨੇ ਪਿੰਡ ਦੀਆਂ ਹੋਰਨਾਂ ਲੜਕੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਭਰੂਣ ਹੱਤਿਆ ਅਤੇ ਦਹੇਜ਼ ਲਈ ਧੀਆਂ ਮਾਰਨ ਦੇ ਇਸ ਕਾਲੇ ਦੌਰ ਵਿੱਚ ਇਸ ਪਰਿਵਾਰ ਅਤੇ ਪਿੰਡ ਦੀਆਂ ਸਮੂਹ ਖੂਨਦਾਨੀ ਬੱਚੀਆਂ ਸਾਡੇ ਲਈ ਚਾਨਣ ਮੁਨਾਰਾ ਹਨ।  ਅਜਿਹੇ ਕਾਲੇ ਸਮੇਂ ਵਿੱਚ ਪਿੰਡ ਦੀਆਂ 10-15 ਧੀਆਂ ਦਾ ਸਵੈਇੱਛਾ ਨਾਲ ਖੂਨਦਾਨ ਕਰਨ ਲਈ ਅੱਗੇ ਆ ਕੇ ਨਵੀਂ ਪਿਰਤ ਪਾਉਣਾ ਇਸ ਪਿੰਡ ਦੇ ਮਾਣਮੱਤੇ ਇਤਿਹਾਸ ਲਈ ਫ਼ਖਰ ਦੀ ਗੱਲ ਹੈ।
28 ਮਾਰਚ 2011 ਵਿੱਚ ਫਾਂਊਂਡੇਸ਼ਨ ਨਾਲ ਉਸ ਵੇਲੇ ਇੱਕ ਹੋਰ ਬੇਹੱਦ ਮਾਣ, ਖੁਸ਼ੀ ਅਤੇ ਸੁਖਦ ਅਚੰਭੇ ਵਾਲੀ ਪ੍ਰਾਪਤੀ ਜੁੜ ਗਈ ਜਦੋਂ ਪਿੰਡ ਵਿੱਚ ਸੰਸਥਾ ਵੱਲੋਂ ਅਵਤਾਰ ਸਿੰਘ ਅਮਰੀਕਾ ਵਾਲਿਆਂ ਦੀ ਸਹਾਇਤਾ ਨਾਲ ਲਾਏ ਗਏ ਖੂਨਦਾਨ ਕੈਂਪ ਵਿੱਚ ਬਚਪਨ ਤੋਂ ਹੀ ਅਪਾਹਜ਼ ਇੱਕ ਬੱਚੀ ਆਪਣੀ ਟ੍ਰਾਈਸਾਈਕਲ 'ਤੇ ਗੁਰੂਘਰ ਪਹੁੰਚ ਗਈ। ਸਭ ਨੇ ਸੋਚਿਆ ਕਿ ਇਹ ਕਿਸੇ ਡਾਕਟਰੀ ਕੈਂਪ ਦੇ ਭੁਲੇਖੇ ਦਵਾਈ ਆਦਿ ਲੈਣ ਆਈ ਹੈ ਪਰੰਤੂ ਉਹ ਤਾਂ ਖੂਨਦਾਨ ਕਰ ਕੇ ਜ਼ਿੰਦਗੀਆਂ ਬਚਾਉਣ ਦੇ ਮਹਾਯੱਗ ਵਿੱਚ ਆਪਣਾ ਹਿੱਸਾ ਪਾਉਣ ਆਈ ਸੀ। ਇਹ ਸਭ ਦੇਖ ਕੇ ਜਿੱਥੇ ਸਾਰੇ ਪ੍ਰਬੰਧਕ ਹੈਰਾਨ ਸਨ ਉੱਥੇ ਹੀ ਮੈਂ ਸੋਚ ਰਿਹਾ ਸੀ ਕਿ ਜਦੋਂ ਹੱਟੇ-ਕੱਟੇ ਤੰਦਰੁਸਤ ਨੌਜਵਾਨ ਖੂਨਦਾਨ ਦੇ ਨਾਮ ਤੋਂ ਹੀ ਭੱਜ ਖੜੇ ਹੁੰਦੇ ਹਨ ਉਦੋਂ ਗਰੀਬ ਮਜ਼ਦੂਰ ਪਰਿਵਾਰ ਦੀ ਇਹ ਅਪਾਹਜ਼ ਧੀ ਬਿਨਾਂ ਕਿਸੇ ਦੇ ਸੱਦੇ ਆਪਣੀ ਮਾਂ ਨੂੰ ਨਾਲ ਲੈਕੇ ਖੂਨਦਾਨ ਕਰਨ ਲਈ ਮੋਹਰੀ ਬਣ ਕੇ ਆਈ ਹੈ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ?
ਉਸਦੇ ਸਾਰੇ ਲੋੜੀਂਦੇ ਟੈਸਟ ਕੀਤੇ ਗਏ। ਉਹ ਖੂਨਦਾਨ ਲਈ ਯੋਗ ਪਾਈ ਗਈ। ਉਹ ਬੜੀ ਹੀ ਮੁਸ਼ਕਿਲ ਨਾਲ ਬੈਂਚ 'ਤੇ ਲੇਟੀ ਅਤੇ ਸਬੰਧਤ ਸਟਾਫ ਨੂੰ ਖੂਨ ਲੈਣ ਵਾਸਤੇ ਲੋੜੀਂਦੀ ਨਾੜ ਲੱਭਣ ਵਿੱਚ ਥੋੜੀ ਪਰੇਸ਼ਾਨੀ ਵੀ ਹੋਈ। ਨਾੜ ਲੱਭਦੇ ਸਮੇਂ ਉਸਨੂੰ ਹੋ ਰਹੀ ਤਕਲੀਫ਼ ਦਾ ਧਿਆਨ ਕਰਦਿਆਂ ਪ੍ਰਬੰਧਕਾਂ ਅਤੇ ਸਟਾਫ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਤੁਹਾਡੀਆਂ ਨਾੜਾਂ ਡੂੰਘੀਆਂ ਹੋਣ ਕਰਕੇ ਤੁਹਾਨੂੰ ਤਕਲੀਫ਼ ਹੋ ਰਹੀ ਹੈ ਤੁਸੀਂ ਖੂਨਦਾਨ ਨਾ ਕਰੋ, ਰਹਿਣ ਦਿਉ ਅਤੇ ਜਿੰਨੀ ਸ਼ਰਧਾ ਨਾਲ ਤੁਸੀਂ ਖੂਨਦਾਨ ਲਈ ਅੱਗੇ ਆਏ ਹੋ ਤੁਹਾਡੀ ਮਨਸ਼ਾ ਪੂਰੀ ਹੋ ਗਈ ਹੈ। ਪਰੰਤੂ ਉਹ ਨਹੀਂ ਮੰਨੀ ਅਤੇ ਇੱਕ ਯੂਨਿਟ ਖੂਨਦਾਨ ਕਰਕੇ ਹੀ ਉਸਦੇ ਮਨ ਨੂੰ ਸਕੂਨ ਮਿਲਿਆ। ਪਿੰਡ ਦੀ ਇਸ ਧੀ ਦੇ ਹੌਸਲੇ ਨੇ ਕੈਂਪ ਨੂੰ ਲਾਸਾਨੀ ਬਣਾ ਦਿੱਤਾ। ਇਸ ਘਟਨਾਕ੍ਰਮ ਸਦਕਾ ਜਿੱਥੇ ਪਿਛਲੇ ਕਈ ਸਾਲਾਂ ਤੋਂ ਸੰਸਥਾ ਵੱਲੋਂ  ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਂਦਾ ਨਜ਼ਰ ਆਇਆ ਉਥੇ ਹੀ ਸਭ ਦੀਆਂ ਨਮ ਹੋਈਆਂ ਅੱਖਾਂ ਅਤੇ ਸਿਰ ਸ਼ਰਧਾ ਨਾਲ ਉਹਦੇ ਅੱਗੇ ਝੁਕ ਗਏ।
ਖੂਨਦਾਨ ਦੇ ਉਸ ਮਹਯੱਗ ਵਿੱਚ ਆਪਣਾ ਹਿੱਸਾ ਪਾ ਕੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੀ ਉਹ ਅਪਾਹਿਜ਼ ਧੀ ਲੋਕਾਂ ਲਈ ਇਹ ਸਵਾਲ ਛੱਡ ਗਈ ਕਿ ਜੇਕਰ ਉਹ ਅਜਿਹਾ ਕਰ ਸਕਦੀ ਹੈ ਤਾਂ ਖਾਂਦੇ-ਪੀਂਦੇ ਅਮੀਰ ਘਰਾਂ ਦੀਆਂ ਨੌ-ਬਰ-ਨੌ ਬੀਬੀਆਂ ਅਜਿਹਾ ਕਿਉਂ ਨਹੀਂ ਕਰ ਸਕਦੀਆਂ? ਨੌਜਵਾਨ ਅਤੇ ਆਮ ਲੋਕ ਅਜਿਹਾ ਕਿਉਂ ਨਹੀਂ ਕਰ ਸਕਦੇ?
ਪਿੰਡ ਵਾਸੀਆਂ ਦੇ ਇਸ ਨੇਕ ਉੱਦਮ ਵਿੱਚ ਸੀ ਐਮ ਸੀ ਲੁਧਿਆਣਾ ਅਤੇ ਉੁਸਦੇ ਖੂਨਦਾਨ ਵਿਭਾਗ ਦੇ ਮੁੱਖ ਡਾ. ਰੁਪਿੰਦਰ ਕੌਰ ਹੁਣਾਂ ਦਾ ਅਹਿਮ ਯੋਗਦਾਨ ਹੈ। ਜੇਕਰ ਗਦਰੀ 'ਬਾਬਾ ਦੁੱਲਾ ਸਿੰਘ ਅਤੇ ਗਿਆਨੀ ਨਿਹਾਲ ਸਿੰਘ ਫਾਂਊਂਡੇਸ਼ਨ'  ਲੋਕਾਂ ਵਿੱਚ ਜਾ ਕੇ ਖੂਨਦਾਨ ਸਬੰਧੀ ਵਹਿਮਾ-ਭਰਮ ਘੱਟ ਕਰਨ ਵਿੱਚ ਸਫ਼ਲ ਹੋਈ ਹੈ ਤਾਂ ਇਸ ਵਿੱਚ ਸੀ. ਐਮ. ਸੀ. ਲੁਧਿਆਣਾ ਅਤੇ ਡਾ. ਰੁਪਿੰਦਰ ਕੌਰ ਹੁਣਾਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅੱਜ ਜ਼ਰੂਰਤ ਹੈ ਬੇਤੁਕੇ ਵਹਿਮਾਂ-ਭਰਮਾਂ ਅਤੇ ਫਾਲਤੂ ਦੇ ਡਰ ਨੂੰ ਪਿੱਛੇ ਛੱਡਦਿਆਂ ਵੱਧ ਤੋਂ ਵੱਧ ਜਾਗਰੂਕ ਹੋਣ ਦੀ, ਵੱਡੇ ਪੱਧਰ 'ਤੇ ਖੂਨਦਾਨ ਕਰਨ ਦੀ ਤਾਂ ਕਿ ਕਦੇ ਵੀ ਕੋਈ ਜ਼ਿਦਗੀ ਖੂਨ ਦੀ ਕਮੀਂ ਕਾਰਨ ਕਾਲ ਦਾ ਗ੍ਰਾਸ ਨਾ ਬਣੇ। ਕਿਸੇ ਦੇ ਬੱਚੇ ਮਾਂ-ਬਾਪ, ਭੈਣ-ਭਾਈ ਦੇ ਪਿਆਰ ਤੋਂ ਵਾਂਝੇ ਨਾ ਰਹਿ ਜਾਣ। ਕਿਉਂਕਿ ਪੈਸੇ ਨਾਲ ਹਰੇਕ ਚੀਜ਼ ਨਹੀਂ ਖਰੀਦੀ ਜਾ ਸਕਦੀ। ਅਸੀਂ ਵੱਡੇ-ਵੱਡੇ ਧਨਪਤੀਆਂ ਨੂੰ ਔਖੇ ਵੇਲੇ ਖੂਨ ਦੀ ਕਮੀ ਨਾਲ ਜੂਝਦਿਆਂ ਦੇਖਿਆ ਹੈ। ਜਿਹਨਾਂ ਲਈ ਪੈਸਾ ਲੋੜ ਪੈਣ 'ਤੇ ਖੂਨ ਦਾ ਰੂਪ ਨਹੀਂ ਵਟਾਉਂਦਾ। ਅਜਿਹੇ ਵਿੱਚ ਜਲਾਲਦੀਵਾਲ ਦੀਆਂ ਇਹ ਬਹਾਦਰ ਬੱਚੀਆਂ ਸਾਨੂੰ ਸੱਦਾ ਦੇ ਰਹੀਆਂ ਹਨ ਕਿ ਨਿਰਸਵਾਰਥ ਭਾਵ ਨਾਲ ਸਾਨੂੰ ਸਭ ਨੂੰ ਬਿਨਾਂ ਹੋਰ ਦੇਰ ਕੀਤਿਆਂ ਜ਼ਿੰਦਗੀਆਂ ਵੰਡਣ ਵਾਲੇ ਇਸ ਮਹਾਨ ਕਾਰਜ ਵਿੱਚ ਜੁੱਟ  ਜਾਣਾ ਚਾਹੀਦਾ ਹੈ। ਕਿਉਂਕਿ ਕਿਸੇ ਸਿਆਣੇ ਨੇ ਕਿਹਾ ਹੈ, “ਜੇਕਰ ਤੁਸੀਂ ਪੈਸਾ ਦਾਨ ਕਰਦੇ ਹੋ ਤਾਂ ਤੁਸੀਂ ਭੋਜਨਦਾਨ ਦਿੰਦੇ ਹੋ ਪਰੰਤੂ ਜੇਕਰ ਤੁਸੀਂ ਖੂਨਦਾਨ ਕਰਦੇ ਹੋ ਤਾਂ ਤੁਸੀਂ ਜੀਵਨਦਾਨ ਦਿੰਦੇ ਹੋ।”
ਅਸੀਂ ਨੌਜਵਾਨ ਮੁੰਡੇ ਕੁੜੀਆਂ ਤੋਂ ਇਹ ਉਮੀਦ ਕਰਦੇ ਹਾਂ ਕਿ ਉਹ ਸਾਡੀ ਉਮੀਦ ਦਾ ਹੁੰਗਾਰਾ ਬਣਨਗੇ।
         ਆਮੀਨ!