Friday, 20 January 2012

ਬਲਿਹਾਰੀ ਕੁਦਰਤ

ਕਵਰ ਸਟੋਰੀ

ਮੌਨਸੈਂਟੋ ਦੀਆਂ ਕਰਤੂਤਾਂ 
ਬਲਿਹਾਰੀ ਕੁਦਰਤ


ਖੇਤੀ ਵਿਰਾਸਤ ਮਿਸ਼ਨ ਦਾ ਬੁਲਾਰਾ
ਬਲਿਹਾਰੀ ਕੁਦਰਤ
ਕੁਦਰਤ,ਕੁਦਰਤੀ ਖੇਤੀ, ਵਾਤਾਵਰਣ, ਸਿਹਤ ਸਰੋਕਾਰਾਂ ਅਤੇ ਲੋਕ ਪੱਖੀ ਵਿਕਾਸ ਨੂੰ ਸਮਰਪਿਤ ਜਨ ਪੱਤ੍ਰਿਕਾ
ਪ੍ਰਯੋਗ ਅੰਕ 2, ਸਰਦ ਰੁੱਤ, ਮੱਘਰ-ਪੋਹ, ਨਵੰਬਰ ਦਸੰਬਰ 2011
ਆਪਣੀ ਗੱਲ
ਪਿਆਰੇ ਪਾਠਕੋ! ਬਲਿਹਾਰੀ ਕੁਦਰਤ ਦੇ ਪਹਿਲੇ ਅੰਕ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਉਸ ਵਿੱਚ ਛਪੀ ਸਮਗਰੀ ਦੇ ਮਿਆਰ ਬਾਰੇ ਅਨੇਕਾਂ ਦੋਸਤਾਂ ਅਤੇ ਸੁਹਿਰਦ ਪਾਠਕਾਂ ਤੋਂ ਉਤਸਾਹਜਨਕ ਟਿੱਪਣੀਆਂ ਪ੍ਰਾਪਤ ਹੋਈਆਂ। ਅਦਾਰਾ 'ਬਲਿਹਾਰੀ ਕੁਦਰਤ' ਖੇਤੀ ਵਿਰਾਸਤ ਮਿਸ਼ਨ ਦੀ ਇੱਕ ਨਿੱਕੀ ਜਿਹੀ ਟੋਲੀ ਦਾ ਉਪਰਾਲਾ ਹੈ। ਜੋ ਕੁੱਝ ਅਸੀਂ ਪੰਜਾਬ ਦੀ ਜ਼ਹਿਰ ਮੁਕਤੀ ਦੇ ਆਪਣੇ ਕੰਮ ਦੇ ਦੌਰਾਨ ਸਿੱਖ ਰਹੇ ਹਾਂ ਉਹੀਓ ਅਸੀਂ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ। ਸਾਡਾ ਅਨਾੜੀਪਨ, ਅਨੁਭਵਹੀਨਤਾ, ਸਾਡੀ ਸੀਮਾ ਬਣ ਸਾਹਮਣੇ ਆਉਂਦੀ ਹੈ। ਸਭ ਤੋਂ ਵੱਡੀ ਗੱਲ ਇਸ ਪੱਤ੍ਰਿਕਾ ਲਈ ਕੋਈ ਸਟਾਫ ਨਾ ਹੋਣਾ ਵੀ ਸਾਡੀ ਇੱਕ ਮਰਿਆਦਾ ਹੈ।
ਅਸੀਂ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ 'ਜਨ ਪੱਤ੍ਰਿਕਾ' ਨੂੰ  ਅਪਣਾਉਣ ਅਤੇ ਪੱਤ੍ਰਿਕਾ ਨੂੰ ਸੁਚੱਜੇ ਅਤੇ ਮਿਆਰੀ ਢੰਗ ਨਾਲ ਪ੍ਰਕਾਸ਼ਿਤ ਕਰਨ ਲਈ ਅਦਾਰਾ 'ਬਲਿਹਾਰੀ ਕੁਦਰਤ' ਦੇ ਹਿੱਸਾ ਬਣਨ।
ਧੰਨਵਾਦ ਸਹਿਤ
ਉਮੇਂਦਰ ਦੱਤ'ਬਲਿਹਾਰੀ ਕੁਦਰਤ' ਖੇਤੀ ਵਿਰਾਸਤ ਮਿਸ਼ਨ ਵੱਲੋਂ ਨਿੱਜੀ ਵਿਤਰਣ ਲਈ ਪ੍ਰਕਾਸ਼ਿਤ ਦੋ ਮਾਸਿਕ ਜਨ ਪੱਤ੍ਰਿਕਾ ਹੈ। ਜੇਕਰ ਤੁਸੀਂ ਕੁਦਰਤ ਅਤੇ ਵਾਤਾਵਰਣ ਨਾਲ ਸਰੋਕਾਰ ਰੱਖਦੇ ਹੋ ਤਾਂ ਪੱਤ੍ਰਿਕਾ ਵਿੱਚ ਪ੍ਰਕਾਸ਼ਨ ਲਈ ਆਪਣੇ ਲੇਖ, ਰਚਨਾਵਾਂ ਅਤੇ ਸਲਾਹ ਭੇਜ ਸਕਦੇ ਹੋ। ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਕੁਦਰਤੀ ਖੇਤੀ ਸਬੰਧੀ ਆਪਣੇ ਅਨੁਭਵ, ਸਵਾਲ ਅਤੇ ਰਚਨਾਵਾਂ  ਜ਼ਰੂਰ ਭੇਜਿਆ ਕਰਨ।

ਸੰਪਾਦਕ 
'ਬਲਿਹਾਰੀ ਕੁਦਰਤ'
79, ਡਾਕਟਰਜ਼ ਕਾਲੋਨੀ, ਭਾਦਸੋਂ ਰੋਡ 
ਪਟਿਆਲਾ-147001, ਫੋਨ ਨੰ. 98728-61321
baliharikudrat0gmail.com 

ਸੰਪਾਦਕੀ

ਆਓ! ਵਾਤਾਵਰਣ ਤੇ ਸਮਾਜ ਨੂੰ ਬਚਾਉਣ ਲਈ ਲੋਕ ਮੁੱਦਿਆਂ ਨੂੰ ਰਾਜਸੀ ਪਿੜ ਵਿੱਚ ਲੈ ਚੱਲੀਏ

ਭਾਰਤ ਇੱਕ ਅਮੀਰ ਦੇਸ ਹੈ। ਕੁਦਰਤੀ ਸੋਮਿਆਂ ਨਾਲ ਭਰਪੂਰ ਇਸ ਦੇਸ ਦੀ ਪੁਰਾਤਨ ਸੱਭਿਅਤਾ ਇੱਕ ਆਦਰਸ਼ ਸੱਭਿਅਤਾ ਰਹੀ ਹੈ। ਵਿਦੇਸ਼ੀ ਲੁਟੇਰੇ ਹਜ਼ਾਰਾਂ ਸਾਲਾਂ ਤੋਂ ਇਸਦੀ ਅਮੀਰੀ ਨੂੰ ਲੁਟਦੇ ਆ ਰਹੇ ਹਨ। ਇਸ ਨਿਰਦਈ ਲੁੱਟ ਦੇ ਲੰਮੇ ਇਤਿਹਾਸ ਵਿੱਚ ਅੰਗਰੇਜ਼ ਅਖ਼ੀਰਲੇ ਵਿਦੇਸ਼ੀ ਲੁਟੇਰੇ ਹੋਏ ਹਨ। ਜਿਹਨਾਂ ਨੇ ਪੂਰੇ ਦੋ ਸੌ ਸਾਲਾਂ ਤੱਕ ਹਰ ਪੱਖੋਂ ਇਸ ਦੇਸ ਦੀ ਅੰਨੀ ਲੁੱਟ ਕੀਤੀ। 
1947 ਵਿੱਚ ਪ੍ਰਾਪਤ ਆਜ਼ਾਦੀ ਉਪਰੰਤ ਲੋਕਾਂ ਨੂੰ ਇਹ ਆਸ ਬੱਝੀ ਸੀ ਕਿ ਹੁਣ ਅੰਨੀ ਲੁੱਟ ਦੇ ਉਸ ਕਾਲੇ ਦੌਰ ਦਾ ਅੰਤ ਹੋ ਜਾਵੇਗਾ। ਲੋਕਾਂ ਨੂੰ ਸੱਚੀ ਆਜ਼ਾਦੀ 'ਤੇ ਆਧਾਰਿਤ ਖੁਸ਼ੀਆਂ ਭਰੀ ਖੁਸ਼ਹਾਲ ਜ਼ਿੰਦਗੀ ਜੀ ਸਕਣਗੇ। ਪਰ ਅਫਸੋਸ ਕਿ ਆਜ਼ਾਦੀ ਸੰਗਰਾਮੀਆਂ ਅਤੇ ਆਮ ਜਨਤਾ ਦੇ ਸੁਪਨਿਆਂ 'ਤੇ ਪੂਰੀ ਤਰਾਂ ਪਾਣੀ ਫਿਰ ਗਿਆ। ਅੰਗਰੇਜ਼ਾਂ ਦੇ ਜਾਣ ਮੰਗਰੋਂ ਦੇਸੀ ਪੂੰਜ਼ੀਪਤੀਆਂ ਨੇ ਵਿਦੇਸ਼ੀ ਸਾਮਰਾਜੀਆਂ ਨਾਲ ਸਾਂਝ ਭਿਆਲੀ ਪਾ ਲਈ। ਇਸ ਨਾਪਾਕ ਗਠਜੋੜ ਦੇ ਮਾਧਿਅਮ ਨਾਲ ਮੁਨਾਫ਼ੇਖੋਰ ਕਾਰਪੋਰੇਟ ਜਗਤ ਨੇ ਸਾਡੇ ਦੇਸ ਉੱਤੇ ਇੱਕ ਨਵੀਂ ਕਿਸਮ ਦੀ ਗ਼ੁਲਾਮੀ ਠੋਸ ਦਿੱਤੀ ਹੈ। ਇਸਦਾ ਨਤੀਜਾ ਇਹ ਹੈ ਕਿ ਸਾਡੇ ਦੇਸ ਦੇ ਬਹੁਮੁੱਲੇ ਕੁਦਰਤੀ ਸੋਮਿਆਂ ਅਤੇ ਆਮ ਲੋਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ। 
ਸਾਮਰਾਜੀ ਤਾਕਤਾਂ ਫ਼ੌਜ਼ੀ ਅਤੇ ਹਥਿਆਰਾਂ ਦੀ ਤਾਕਤ ਦੇ ਬਲ 'ਤੇ ਲੁੱਟਦੇ ਸਨ ਜਦੋਂਕਿ ਅੱਜ ਉਹਨਾਂ ਨੇ ਪੁੰਜ਼ੀ, ਵਿੱਗਿਆਨ ਅਤੇ ਲੂੰਬੜ ਚਾਲਾਂ ਨੂੰ ਲੁੱਟ ਦਾ ਹਥਿਆਰ ਬਣਾ ਲਿਆ ਹੈ। ਪੁਰਾਣੇ ਸਮਿਆਂ ਵਾਂਗੂੰ ਹਿੰਸਾ ਤਾਂ ਅੱਜ ਵੀ ਹੋ ਰਹੀ ਹੈ ਪਰ ਅਜੋਕੀ ਹਿੰਸਾ ਨੂੰ ਵੇਖਣ ਲਈ ਚੇਤਨਾ ਦੀ ਅੱਖ ਲੋੜੀਂਦੀ ਹੈ। ਅੱਜ ਵੀ ਆਰਥਿਕ ਆਜ਼ਾਦੀ , ਸਮਾਜਿਕ ਬਰਾਬਰਤਾ, ਮਨੁੱਖੀ ਹੱਕਾਂ ਅਤੇ ਕੁਦਰਤੀ ਸੋਮਿਆਂ ਦੀ ਰੱਖਆ ਲਈ ਚੱਲ ਰਹੇ ਸੰਘਰਸ਼ਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਕੁਚਲਿਆ ਜਾਂ ਬੜੀ ਹੀ ਚਾਲਾਕੀ ਨਾਲ ਦਿਸ਼ਾਹੀਣ ਕੀਤਾ ਜਾ ਰਿਹਾ ਹੈ। 
ਜਿੱਥੋਂ ਤੱਕ ਗੱਲ ਵਿਕਾਸ ਦੀ ਹੈ ਤਾਂ ਵਿਕਾਸ ਦਾ ਮੌਜੂਦਾ ਮਾਡਲ ਤਾਂ ਹੈ ਹੀ ਹਿੰਸਾ ਭਰਪੂਰ। ਇਸ ਹਿੰਸਕ ਵਿਕਾਸ ਮਾਡਲ ਦੇ ਚਲਦਿਆਂ ਦੁਨੀਆਂ ਭਰ ਵਿੱਚ ਕਰੋੜਾਂ ਔਰਤਾਂ, ਬੱਚੇ ਅਤੇ ਸਧਾਰਣ ਲੋਕ ਕੁਪੋਸ਼ਣ, ਵਾਤਾਵਰਣੀ ਜ਼ਹਿਰਾਂ, ਭਿਆਨਕ ਰੋਗਾਂ ਦੀ ਚਪੇਟ ਵਿੱਚ ਹਨ। ਸਿਹਤ ਸਹੂਲਤਾਂ ਦੀ ਘਾਟ ਕਾਰਨ ਉਹ ਸਾਰਾ ਜੀਵਨ ਦੁੱਖ ਭੋਗਦੇ ਹਨ ਅਤੇ ਦੁੱਖ ਭੋਗਦੇ ਹੋਏ ਅਣਆਈ ਮੌਤੇ ਹੀ ਮਰ ਜਾਂਦੇ ਹਨ। ਸਮਾਜਿਕ ਅਤੇ ਮਾਨਸਿਕ ਤਣਾਅ ਕਾਰਨ ਲੋਕਾਂ ਵੱਲੋਂ ਆਪਣੇ ਆਪ ਅਤੇ ਦੂਜਿਆਂ ਪ੍ਰਤੀ ਸਰੀਰਕ ਤੇ ਮਾਨਸਿਕ ਹਿੰਸਾ ਕਰਨਾ ਆਮ ਵਰਤਾਰਾ ਹੋ ਗਿਆ ਹੈ। ਸਿਰਫ ਮਨੁੱਖ ਹੀ ਨਹੀਂ ਕੁਦਰਤ ਦੇ ਹੋਰ ਜੀਵ-ਜੰਤੂ ਦੀ ਲਗਾਤਾਰ ਇਸ ਹਿੰਸਕ ਵਰਤਾਰੇ ਦੀ ਭੇਟ ਚੜ ਰਹੇ ਹਨ। ਪੰਛੀਆਂ ਅਤੇ ਜਾਨਵਰਾਂ ਦੀਆਂ ਸੈਂਕੜੇ ਪ੍ਰਜਾਤੀਆਂ ਲੋਪ ਹੋ ਚੁੱਕੀਆਂ ਹਨ ਜਾਂ ਲੋਪ ਹੋਣ ਕਿਨਾਰੇ ਹਨ। ਕੁਦਰਤੀ ਸੰਤੁਲਨ ਇੰਨਾ ਕੁ ਵਿਗੜ ਗਿਆ ਹੈ ਕਿ ਧਰਤੀ ਉਤਲਾ ਸਾਰਾ ਜੀਵਨ ਹੀ ਗੰਭੀਰ ਖ਼ਤਰੇ ਵਿੱਚ ਪੈ ਗਿਆ ਹੈ। 
ਦੂਰ ਸੰਚਾਰ ਅਤੇ ਵਿੱਦਿਅਕ ਸਾਧਨਾਂ 'ਤੇ ਕਬਜਾ ਕਰਕੇ ਲੋਕਾਂ ਨੂੰ ਬੌਧਿਕ ਪੱਖੋਂ ਪੰਗੂ ਅਤੇ ਜੱਥੇਬੰਦਕ ਪੱਖੋਂ ਸ਼ਕਤੀਹੀਣ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਜੋਬਨ 'ਤੇ ਹਨ। ਲੱਚਰ ਸੱਭਿਆਚਾਰ ਅਤੇ ਨਸ਼ਿਆਂ ਦੇ ਸਹਾਰੇ ਲੋਕ ਚੇਤਨਾਂ ਨੂੰ ਖੁੰਢਿਆਂ ਕਰਨ ਦਾ ਵਰਤਾਰਾ ਪੂਰੇ ਜ਼ੋਰਾਂ 'ਤੇ ਹੈ। ਸਥਾਨਕ ਸੱਭਿਆਚਾਰ ਅਤੇ ਭਾਸ਼ਾਵਾਂ ਨੂੰ ਪ੍ਰਫੁੱਲਤ ਅਤੇ ਵਿਕਸਤ ਕਰਨ ਦੀ ਬਜਾਏ ਵਿਦੇਸ਼ੀ ਭਾਸ਼ਾ, ਖਾਣ-ਪਾਣ, ਰਹਿਣ-ਸਹਿਣ ਅਤੇ ਮਨੋਰੰਜ਼ਨ ਦੇ ਤਰੀਕਿਆਂ ਨੂੰ ਲੋਕਾਂ 'ਤੇ ਥੋਪਿਆ ਜਾ ਰਿਹਾ ਹੈ। ਇਸ ਪ੍ਰਕਾਰ ਹਰ ਤਰਾਂ ਦੇ ਲੁਭਾਊ ਢੰਗ-ਤਰੀਰੇ ਵਰਤ ਕੇ ਗ਼ੁਲਾਮ ਜ਼ਹਿਨੀਅਤ ਨੂੰ ਸਾਡੇ ਚੇਤਨਾ ਦਾ ਹਿੱਸਾ ਬਣਾਇਆ ਜਾ ਰਿਹਾ ਹੈ। 
ਪੰਜਾਬ ਵਿੱਚ ਇਹ ਪ੍ਰਕੋਪ ਖਾਸ ਤੌਰ 'ਤੇ ਬਹੁਤ ਤਿੱਖਾ ਹੈ। ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਖ਼ੇਤਰਾਂ ਵਿੱਚ ਤਾਂ ਇਹ ਸਭ ਸਪਸ਼ਟ ਨਜ਼ਰ ਆਉਂਦਾ ਹੀ ਹੈ। ਵਾਤਾਵਰਣ ਦੀ ਤਬਾਹੀ ਅਤੇ ਕੁਦਰਤੀ ਸੰਤੁਲਨ ਦੇ ਵਿਗਾੜ ਵਿੱਚ ਵੀ ਇਸ ਦੀ ਤੀਬਰਤਾ ਬਹੁਤ ਜਿਆਦਾ ਹੈ। 
ਬਹੁਮੁੱਖੀ ਤਬਾਹੀ ਦੀ ਇਸ ਹਨੇਰੀ ਨੂੰ ਠੱਲ ਪਾਉਣ ਲਈ ਪੂਰੇ ਪੰਜਾਬ ਵਿੱਚ ਵੱਖ-ਵੱਖ ਜੱਥੇਬੰਦੀਆਂ ਆਪਣੇ-ਆਪਣੇ ਪੱਧਰ 'ਤੇ ਵੱਖ-ਵੱਖ ਢੰਗਾਂ ਨਾਲ ਇਸ ਨਵੀਂ ਤਰਾਂ ਦੀ ਗ਼ੁਲਾਮੀ ਦਾ ਵਿਰੋਧ ਕਰ ਰਹੀਆਂ ਹਨ। ਪਰ ਇਹ ਕੋਸ਼ਿਸ਼ਾਂ ਛੋਟੀਆਂ ਹੋਣ ਕਰਕੇ ਉਲਟ ਪ੍ਰਚਾਰ ਦੀ ਹਨੇਰੀ ਸਾਹਮਣੇ ਠਹਿਰ ਨਹੀਂ ਪਾਉਂਦੀਆਂ। ਇਹੀ ਕਾਰਨ ਹੈ ਕਿ ਇਹ ਕੋਸ਼ਿਸ਼ਾਂ ਹਾਲੇ ਤੱਕ ਜ਼ਿਕਰਯੋਗ ਪ੍ਰਭਾਵ ਨਹੀਂ ਛੱਡ ਸਕੀਆਂ, ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਨਹੀਂ ਬਣ ਸਕੀਆਂ। 
ਅੱਜ ਲੋੜ ਹੈ ਇਹਨਾਂ ਕੋਸ਼ਿਸ਼ਾਂ ਨੂੰ ਇੱਕ ਲੜੀ ਵਿੱਚ ਪਿਰੋਇਆ ਜਾਵੇ ਤਾਂ ਕਿ ਦਿਓ ਕੱਦ ਦੁਸ਼ਮਣ ਨੂੰ ਪ੍ਰਭਾਵੀ ਢੰਗ ਨਾਲ ਤੇ ਕਰਾਰੀ ਭਾਂਜ ਦਿੱਤੀ ਜਾ ਸਕੇ। ਸਿਹਤਾਂ, ਵਾਤਾਵਰਣ, ਕੁਦਰਤ ਅਤੇ ਸਮਾਜ ਨੂੰ ਬਚਾਉਣ ਲਈ ਅਜਿਹਾ ਕਰਨਾ ਅੱਜ ਦੀ ਫ਼ੌਰੀ ਲੋੜ ਹੈ। 
“ਵਾਤਾਵਰਣ ਤੇ ਸਮਾਜ ਬਚਾਉ ਮੋਰਚਾ”, ਪੰਜਾਬ ਇਸੇ ਕੋਸ਼ਿਸ਼ ਤਹਿਤ ਇੱਕ ਠੋਸ ਪਹਿਲਕਦਮੀ ਹੈ। ਹੁਣ ਤੱਕ 50 ਦੇ ਲਗਪਗ ਛੋਟੀਆਂ-ਵੱਡੀਆਂ ਜੱਥੇਬੰਦੀਆਂ ਮੋਰਚੇ ਦਾ ਹਿੱਸਾ ਬਣ ਚੁੱਕੀਆਂ ਹਨ। ਮੋਰਚੇ ਦੇ ਇਹਨਾਂ ਭਾਈਵਾਲਾਂ ਨੇ ਸਬੰਧਿਤ ਮੁੱਦਿਆਂ 'ਤੇ ਆਪਣੀ ਸੋਚ ਨੂੰ ਪ੍ਰਪੱਕ ਕਰਨ ਲਈ ਸੈਮੀਨਾਰ ਅਤੇ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ ਉੱਥੇ ਹੀ ਆਪਣੀਆਂ ਸਰਗਰਮੀਆਂ ਵਿੱਚ ਪ੍ਰਸਪਰ ਤਾਲਮੇਲ ਕਰਨ ਦੇ ਨਾਲ-ਨਾਲ ਸਾਝਾਂ ਸੰਘਰਸ਼ ਵਿੱਢਣ ਦਾ ਫੈਸਲਾ ਵੀ ਲਿਆ ਹੈ। 
ਸੋ ਪੰਜਾਬ ਦੀ ਚਹੁੰਮੁੱਖੀ ਬੇਹਤਰੀ ਲਈ ਅਸੀਂ ਸੂਬੇ ਦੀਆਂ ਸਮੂਹ ਰਾਜਨੀਤਕ ਪਾਰਟੀਆਂ, ਕਿਸਾਨ-ਮਜ਼ਦੂਰ-ਮੁਲਾਜਿਮ ਜਮਾਤਾਂ, ਧਾਰਮਿਕ ਸੰਸਥਾਵਾਂ ਅਤੇ ਸਾਰੀਆਂ ਸਮਾਜਿਕ 'ਤੇ ਸੱਭਿਆਚਾਰਕ ਜੱਥੇਬੰਦੀਆਂ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਉਹ ਇਸ ਮੋਰਚੇ ਨਾਲ ਤਾਲਮੇਲ ਬਣਾਉਣ ਤਾਂ ਕਿ ਸਾਂਝੀ ਸਮਝ ਉੱਤੇ ਆਧਾਰਿਤ ਸਾਂਝੇ ਐਕਸ਼ਨ ਕੀਤੇ ਜਾ ਸਕਣ ਅਤੇ ਵੱਡੇ ਪੱਧਰ 'ਤੇ ਤਹਿਸ-ਨਹਿਸ ਹੋ ਰਹੇ ਸਮਾਜਿਕ ਤਾਣੇਬਾਣੇ, ਸੱਭਿਆਚਾਰ, ਵਾਤਾਵਰਣ, ਸਿਹਤਾਂ ਅਤੇ ਕੁਦਰਤੀ ਸੰਤੁਲਨ ਨੂੰ ਬਚਾਇਆ ਜਾ ਸਕੇ।  

“ਆਦਾਰਾ ਬਲਿਹਾਰੀ ਕੁਦਰਤ”

ਵਾਤਾਵਰਨ ਤੇ ਸਿਹਤ ਸਰੋਕਾਰ ਹੋਣ ਚੋਣ ਮੁੱਦਾ

ਵਾਤਾਵਰਨ ਤੇ ਸਮਾਜ ਬਚਾਓ ਮੋਰਚਾ, ਪੰਜਾਬ ਦਾ ਹੋਇਆ ਗਠਨ

ਪੰਜਾਬ ਅੰਦਰ ਕੁਦਰਤੀ ਵਾਤਾਵਰਣ, ਜਨ-ਸਿਹਤ ਅਤੇ ਸਮਾਜਿਕ ਸੰਤੁਲਨ ਦੀ ਰਾਖੀ ਲਈ ਸਰਗਰਮ ਧਾਰਮਿਕ, ਰਾਜਸੀ, ਸਮਾਜਿਕ ਅਤੇ ਸਵੈ-ਸੇਵੀ ਸੰਗਠਨਾਂ ਅਤੇ ਬੁੱਧੀਜੀਵੀਆਂ ਦੀ ਦੋ ਦਿਨਾਂ ਬੈਠਕ ਮਿਤੀ 26 ਅਤੇ 27 ਨਵੰਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਦੋ ਦਿਨ ਹੋਏ ਗੰਭੀਰ ਵਿਚਾਰ-ਵਟਾਂਦਰੇ ਉਪਰੰਤ “ਵਾਤਾਵਰਨ ਤੇ ਸਮਾਜ ਬਚਾਓ ਮੋਰਚਾ, ਪੰਜਾਬ” ਸਥਾਪਤ ਕਰਕੇ ਪੰਜਾਬ ਅੰਦਰ ਜਨ-ਸਿਹਤਾਂ, ਵਾਤਾਵਰਨ ਅਤੇ ਸਮਾਜਿਕ ਪਤਨ ਦੇ ਮੁੱਦਿਆਂ 'ਤੇ ਲੋਕ ਲਹਿਰ ਉਸਾਰਨ ਲਈ ਸਾਂਝੇ ਯਤਨ ਆਰੰਭਣ ਦਾ ਐਲਾਨ ਕੀਤਾ ਗਿਆ। ਇਸ ਬੈਠਕ ਵਿੱਚ 40 ਤੋਂ ਵੱਧ ਜੱਥੇਬੰਦੀਆਂ ਨੇ ਹਿੱਸਾ ਲਿਆ ਜਾਂ ਆਪਣਾ ਸਮਰਥਨ ਭੇਜਿਆ। 

ਇਸ ਸਬੰਧੀ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਓਮੇਂਦਰ ਦੱਤ ਦੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਅੰਦਰ ਕਿਹਾ ਗਿਆ ਹੈ ਕਿ ਪੰਜਾਬ ਅੰਦਰ ਕੁਦਰਤੀ ਵਾਤਾਵਰਨ ਅਤੇ ਸਮਾਜਿਕ ਸੰਤੁਲਨ ਅੰਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਵਿਕਾਸ ਮਾਡਲ ਅਤੇ ਸੁਆਰਥੀ ਰਾਜਸੀ ਜਮਾਤਾਂ ਵੱਲੋਂ ਲੋਕਾਂ ਪ੍ਰਤੀ ਧਾਰਨ ਕੀਤੀ ਗਈ ਬੇਪਰਵਾਹੀ ਵਾਲੀ ਸੋਚ ਕਾਰਨ ਗੰਭੀਰ ਵਿਗਾੜ ਪੈਦਾ ਹੋ ਗਏ ਹਨ। ਇਸ ਮਨੁੱਖ ਵਿਰੋਧੀ ਵਰਤਾਰੇ ਖਿਲਾਫ਼ ਪੰਜਾਬ ਅੰਦਰ ਸਰਗਰਮ ਧਿਰਾਂ ਨੂੰ ਇੱਕ ਸਾਂਝੇ ਮੰਚ ਹੇਠ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅੰਦਰ ਹਵਾ, ਪਾਣੀ ਅਤੇ ਧਰਤ ਨੂੰ ਜ਼ਹਿਰੀਲਾ ਬਣਾਉਣ ਅਤੇ ਭਾਈਚਾਰੇ ਅੰਦਰ ਤਨਾਅ, ਪਾੜਾ ਤੇ ਬੇਵਿਸ਼ਵਾਸ਼ੀ ਫੈਲਾਉਣ ਦੇ ਕਾਰਨਾ ਦੀ ਤਹਿ ਤੱਕ ਪਹੁੰਚ ਕੇ ਉਹਨਾਂ ਨੂੰ ਦੂਰ ਕਰਨ ਜਾਗਰੂਕਤਾ ਮੁਹਿੰਮ ਵਿੱਢਣ ਦਾ ਫੈਸਲਾ ਕਰਨਾ ਬਹੁਤ ਹੀ ਪ੍ਰਭਾਵਸ਼ਾਲੀ  ਤੇ ਸਾਰਥਕ ਉਪਰਾਲਾ ਹੈ। ਬਿਆਨ ਅੰਦਰ ਕਿਹਾ ਗਿਆਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਅੰਦਰ ਸਰਗਰਮ ਰਾਜਸੀ ਦਲਾਂ ਅੱਗੇ ਉਪਰੋਕਤ ਮਸਲਿਆਂ ਨੂੰ ਵਿਚਾਰਨ ਤੇ ਲੋਕਾਂ ਨੂੰ  ਸਮਾਂਬੱਧ ਹੱਲ ਪੇਸ਼ ਕਰਨ ਲਈ ਲੋਕ ਰਾਇ ਲਾਮਬੰਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਨੂੰ ਬਲਦੀ ਦੇ ਬੂਥੇ ਧੱਕ ਰਹੀਆਂ ਇਹਨਾਂ ਅਲਾਮਤਾਂ ਨੂੰ ਖਤਮ ਕਰਨ ਦੇ ਨਾਲ-ਨਾਲ ਲੋਕਾਂ ਨੂੰ ਚੋਣ ਅਮਲ ਅੰਦਰ ਸਰਗਰਮ ਤੇ ਪੁਖਤਾ ਪਹੁੰਚ ਨਾਲ ਸ਼ਮੂਲੀਅਤ ਕਰਨੀ ਪਵੇਗੀ। ਰਾਜਸੀ ਦਲਾਂ 'ਤੇ ਇਸ ਗੱਲ ਲਈ ਦਬਾਅ ਬਣਾਇਆ ਜਾਵੇਗਾ ਕਿ ਉਹ ਵਾਤਾਵਰਨ ਤੇ ਸਿਹਤਾਂ ਦੇ ਮਸਲੇ ਨੂੰ ਚੋਣ ਮੁੱਦਾ ਬਣਾਉਣ ਅਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਕਾਨੂੰਨੀ ਜਾਮਾ ਪਹਿਨਾਉਣ। ਸਰਕਾਰ ਅਤੇ ਚੋਣ ਕਮਿਸ਼ਨ 'ਤੇ ਇਸ ਗੱਲ ਲਈ ਵੀ ਦਬਾਅ ਬਣਾਇਆ ਜਾਵੇਗਾ ਕਿ ਵੋਟਰਾਂ ਨੂੰ ਨਾਪਸੰਦਗੀ ਦਾ ਅਧਿਕਾਰ ਦਿੱਤਾ ਜਾਵੇ। 

ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਪ੍ਰਸ਼ਾਸ਼ਨ ਦੇ ਲੋਕ ਵਿਰੋਧੀ ਵਤੀਰੇ ਕਾਰਨ ਆਮ ਲੋਕਾਂ ਦੁਸ਼ਵਾਰ ਹਾਲਤਾਂ ਅੰਦਰ ਜਿਊਣ ਲਈ ਮਜ਼ਬੂਰ ਹਨ। ਉਹਨਾਂ ਹੋਰ ਕਿਹਾ ਕਿ ਲੋਕਾਂ ਨੂੰ ਹਵਾ, ਪਾਣੀ ਤੇ ਖ਼ੁਰਾਕੀ ਪਦਾਰਥਾਂ ਨੂੰ ਦੂਸ਼ਿਤ ਕਰਨ ਵਾਲੇ ਵਰਤਾਰੇ ਦੇ ਠੋਸ ਮੁੱਦਿਆਂ 'ਤੇ ਵੋਟਾਂ ਮੰਗਣ ਆਏ ਉਮੀਦਵਾਰਾਂ ਤੋਂ ਠੋਸ ਕਦਮ ਚੁੱਕਣ ਲਈ ਦੇ ਵਾਅਦੇ ਲਏ ਜਾਣ। ਅਤੇ ਵਾਅਦੇ ਨਾ ਪੂਰੇ ਕਰਨ ਦੀ ਸੂਰਤ ਵਿੱਚ ਉਹਨਾਂ ਤੇ ਕਾਨੂੰਨੀ ਕਾਰਵਾਈ ਦੀ ਸ਼ਾਹਦੀ ਭਰਦਾ ਪ੍ਰਣ ਪੱਤਰ ਵੀ ਉਹਨਾਂ ਤੋਂ ਲਿਆ ਜਾਵੇ। 
ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਜੀ ਨੇ ਮੀਟਿੰਗ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਸਮਾਜਕ ਕਾਰਕੁੰਨਾਂ ਤੇ ਸਿਆਸੀ ਆਗੂਆਂ ਨੂੰ ਮਿਲ ਬੈਠਣ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਇਤਿਹਾਸ ਤੇ ਵਿਰਾਸਤ ਸਾਨੂੰ ਅਜਿਹੀ ਖ਼ਤਰਨਾਕ ਸਥਿਤੀ ਦਾ ਸਾਹਮਣਾ ਕਰਨ ਲਈ ਸੇਧ ਤੇ ਸਮਰਥਾ ਬਖ਼ਸ਼ਦਾ ਹੈ। 

ਡਾ. ਅਮਰ ਸਿੰਘ ਆਜਾਦ, ਸੁਖਦੇਵ ਸਿੰਘ ਭੁਪਾਲ, ਚਰਣ ਗਿੱਲ, ਹਮੀਰ ਸਿੰਘ ਪੱਤਰਕਾਰ, ਪ੍ਰੋ. ਜਗਮੋਹਨ ਸਿੰਘ, ਜਗਦੇਵ ਸਿੰਘ ਜੱਸੋਵਾਲ, ਡਾ. ਜੀ ਪੀ ਆਈ ਸਿੰਘ, ਕਰਨੈਲ ਸਿੰਘ ਜਖੇਪਲ, ਸੁਰਜੀਤ ਸਿੰਘ ਫੂਲ, ਡਾ. ਹਰਮਿੰਦਰ ਸਿੱਧੂ, ਡਾ. ਪਵਿੱਤਰ ਸਿੰਘ, ਬਲਵਿੰਦਰ ਸਿੰਘ ਜੈ ਸਿੰਘ ਵਾਲਾ, ਹਰਤੇਜ ਸਿੰਘ ਮਹਿਤਾ, ਡਾ. ਏ ਐੱਸ ਮਾਨ ਸੰਗਰੂਰ, ਮਾਲਵਿੰਦਰ ਸਿੰਘ ਮਾਲੀ, ਮਾਸਟਰ ਮਦਨ ਲਾਲ, ਦੀਪਕ ਬੱਬਰ ਅੰਮ੍ਰਿਤਸਰ, ਸੁਰਿੰਦਰ ਕੌਸ਼ਲ ਬਰਨਾਲਾ, ਸਾਬਕਾ ਸਰਪੰਚ ਹਰਬੰਤ ਸਿੰਘ ਠੁੱਲੇਵਾਲ ਸਮੇਤ ਬਹੁਤ ਸਾਰੇ ਬੁਲਾਰਿਆਂ ਨੇ ਕੁਦਰਤੀ ਵਾਤਾਵਰਨ, ਕੁਦਰਤੀ ਖੇਤੀ, ਚੋਣ ਅਮਲ ਅੰਦਰ ਸੁਧਾਰ ਮੁਹਿੰਮ ਆਦਿ ਬਾਰੇ ਵੱਖ-ਵੱਖ ਪੱਖਾਂ ਦਾ ਵਿਸਥਾਰ ਪੇਸ਼ ਕੀਤਾ। ਮੀਟਿੰਗ ਦੇ ਅੰਤਲੇ ਪੜਾਅ ਵਿੱਚ ਸਭ ਨੇ ਇੱਕ ਸੁਰ ਹੋ ਕੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ 'ਤੇ ਸਾਂਝਾ ਮੰਚ ਉਸਾਰ ਕੇ ਪੰਜਾਬ ਅੰਦਰ ਇੱਕ ਸ਼ਕਤੀਸ਼ਾਲੀ ਲੋਕ ਲਹਿਰ ਖੜੀ ਕਰਨ ਉੱਪਰ ਸਹਿਮਤੀ ਪ੍ਰਗਟਾਈ। 
ਅੰਤ ਵਿੱਚ ਆਪਸੀ ਸਹਿਮਤੀ ਨਾਲ ਤਿਆਰ ਕੀਤੇ ਗਏ ਸਾਂਝੇ ਪ੍ਰੋਗਰਾਮ ਤਹਿਤ ਸਾਂਝਾਂ ਮੰਚ ਉਸਾਰਨ ਲਈ “ਵਾਤਾਵਰਨ ਤੇ ਸਮਾਜ ਬਚਾਓ ਮੋਰਚਾ, ਪੰਜਾਬ” ਦੇ ਗਠਨ ਦਾ ਐਲਾਨ ਕਰਦਿਆਂ ਸ਼੍ਰੀ ਓਮੇਂਦਰ ਦੱਤ ਨੇ ਸੱਦਾ ਦਿੱਤਾ ਕਿ ਹਾਲੇ ਵੀ ਸਾਂਝੇ ਮੰਚ ਤੋਂ ਬਾਹਰ ਰਹਿ ਗਈਆਂ ਜੱਥੇਬੰਦੀਆਂ ਤੇ ਚੇਤੰਨ ਵਿਅਕਤੀਆਂ ਨਾਲ ਜੋੜਨ ਲਈ ਗੰਭੀਰ ਯਤਨ ਜਾਰੀ ਰੱਖੇ ਜਾਣਗੇ। ਮੰਚ ਦੀ ਸੂਬਾ ਕਮੇਟੀ ਨੇ ਇਹ ਫੈਸਲਾ ਵੀ ਲਿਆ ਕਿ ਜਲਦ ਹੀ ਮੁਹਿੰਮ ਦੀ ਰੂਪ ਰੇਖਾ ਵੀ ਐਲਾਨੀ ਜਾਵੇਗੀ। ਵਾਤਾਵਰਨ ਤੇ ਸਮਾਜ ਬਚਾਓ ਮੋਰਚਾ, ਪੰਜਾਬ ਦੀ ਪਹਿਲੀ ਮੀਟਿੰਗ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ ਜਿਸ ਵਿੱਚ ਸ਼ਾਮਿਲ ਹੋਣ ਲਈ ਸਮੂਹ ਕੁਦਰਤ ਅਤੇ ਲੋਕ ਪੱਖੀ ਜੱਥੇਬੰਦੀਆਂ ਅਤੇ ਚਿੰਤਨਸ਼ੀਲ ਵਿਅਕਤੀਆਂ ਨੂੰ ਆਉਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। 

ਕਵਰ ਸਟੋਰੀ- ਮੌਨਸੈਂਟੋ ਦੀਆਂ ਕਰਤੂਤਾਂ


ਇੱਕ ਵਾਰ ਫਿਰ ਵਿੱਗਿਆਨਕ ਧੋਖੇਬਾਜ਼ੀ ਦਾ ਸ਼ਿਕਾਰ ਹੋਇਆ ਦੇਸ

2011 ਦਾ ਅੰਤ 2010 ਦੀ ਤਰਾਂ ਹੀ ਭਾਰਤੀ ਵਿਗਿਆਨਕ ਸਮੁਦਾਇ 'ਤੇ ਧੱਬਾ ਛੱਡ ਗਿਆ। ਬੀ ਟੀ ਨਰਮਾ, ਜਿਸਦਾ ਪ੍ਰਚਾਰ-ਪ੍ਰਸਾਰ 'ਭਾਰਤ ਦੇ ਪਹਿਲੇ ਸਵਦੇਸ਼ੀ ਸਰਕਾਰੀ ਜੀ ਐੱਮ ਉਤਪਾਦ'ਦੇ ਤੌਰ ਤੇ ਕੀਤਾ ਗਿਆ ਸੀ, ਜੋ ਕਿ ਕੇਂਦਰੀ ਕਪਾਹ ਖੋਜ ਕੇਂਦਰ, ਨਾਗਪੁਰ, ਯੂਨੀਵਰਸਿਟੀ ਆਫ ਐਗਰੀਕਲਚਰਲ ਸਾਂਇੰਸਜ਼, ਧਾਰਵਾੜ ਅਤੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਦੁਆਰਾ ਪੈਦਾ ਕੀਤੀ ਗਈ ਮੰਨੀ ਗਈ ਸੀ, ਦੇ ਵਿੱਚ ਮੈਨਸੈਂਟੋ ਦੇ ਪੇਟੈਂਟਸ਼ੁਦਾ ਬੀ ਟੀ ਜੀਨ ਪਾਏ ਗਾਏ ਹਨ। ਸਿੱਟੇ ਵਜੋਂ ਭਾਰਤੀ ਖੇਤੀਬਾੜੀ ਖੋਜ਼ ਪਰਿਸ਼ਦ ਨੂੰ ਇਸ ਤਰਾਂ ਦੇ ਸਵਦੇਸ਼ੀ ਜ਼ੀ ਐੱਮ ਨਰਮਾ ਬੀਜ ਉਤਪਾਦਨ ਨੂੰ ਬੰਦ ਕਰਨਾ ਪਿਆ। ਇਹ ਖੁਲਾਸਾ ਕਰਦਿਆਂ 'ਜੀ ਐਮ ਮੁਕਤ ਭਾਰਤ ਗਠਜੋੜ' ਨੇ ਦਾਅਵਾ ਕੀਤਾ ਹੈ ਕਿ ਇਸ ਤਰਾਂ ਭਾਰਤੀ ਬਾਇਓਤਕਨੀਕੀ ਦੇ ਮਾਹਿਰਾਂ ਨੇ ਨਾ ਸਿਰਫ ਆਮ ਜਨਤਾ ਦੇ ਪੈਸੇ ਦਾ ਦੁਰਪਯੋਗ ਹੀ ਕੀਤਾ ਹੈ ਸਗੋਂ ਮੌਨਸੈਂਟੋ ਦੀ ਪੇਟੈਂਟਸ਼ੁਦਾ ਤਕਨੀਕ ਨੂੰ ਆਪਣੀ ਤਕਨੀਕ ਦੱਸ ਕੇ ਦੇਸ ਨੂੰ ਗੁੰਮਰਾਹ ਵੀ ਕੀਤਾ ਹੈ। 
ਇਸ ਲਈ ਗਠਜੋੜ ਮੰਗ ਕਰਦਾ ਹੈ ਕਿ ਸਰਕਾਰ ਜਨਤਕ ਖੇਤਰ ਵਿੱਚ ਹੋ ਰਹੀ ਇਸ ਤਰਾਂ ਦੀ ਕਿਸੇ ਵੀ ਜੀਨ ਪਰਿਵਰਤਿਤ ਖੋਜ਼ ਉੱਤੇ ਤੁਰੰਤ ਰੋਕ ਲਾਵੇ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਪ੍ਰਕਾਰ ਦੇ  ਹੋਰਨਾ ਖੋਜ਼ ਪ੍ਰੋਜੈਕਟਾਂ ਦੀ ਉੱਚ ਪੱਧਰੀ ਤੇ ਸੁਤੰਤਰ ਪੜਤਾਲ ਕੀਤੀ ਜਾਵੇ। ਗਠਜੋੜ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਨੂੰ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਮਾਮਲਾ ਸਮਝਿਆ ਜਾਵੇ ਅਤੇ ਇਸ ਵਿੱਚ ਸ਼ਾਮਿਲ ਸਾਰੇ ਸੰਸਥਾਨਾਂ ਅਤੇ ਵਿਗਿਆਨੀਆਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। 
ਬੀ ਟੀ ਨਰਮਾ, ਜਿਸ ਬਾਰੇ ਇਹ ਵਿਵਾਦ ਪੈਦਾ ਹੋਇਆ ਹੈ, ਉਸਦੀ ਇੱਕ ਕਿਸਮ ਹੈ ਬੀਕਾਨੇਰੀ ਨਰਮਾ (ਬੀ ਐਨ) ਬੀ ਟੀ ਅਤੇ ਇੱਕ ਹੈ ਐੱਨ ਐੱਚ ਐੱਚ 44 ਬੀ ਟੀ (ਹਾਈਬ੍ਰਿਡ)। ਇਹਨਾਂ ਦੋਵਾਂ ਵਿੱਚ ਬੀ ਟੀ ਕ੍ਰਾਈ 1 ਏ ਸੀ ਪ੍ਰੋਟੀਨ ਜੀਨ ਪਾਇਆ ਗਿਆ ਹੈ। ਕੇਂਦਰੀ ਕਪਾਹ ਖੋਜ ਕੇਂਦਰ ਅਤੇ ਯੂਨੀਵਰਸਿਟੀ ਆੱਫ ਐਗਰੀਕਲਚਰਲ ਸਾਂਇੰਸਜ਼ ਇਹ ਦਾਵਾ ਕਰਦੇ ਹਨ ਕਿ ਬੀ ਐੱਨ ਬੀ ਟੀ ਵਿੱਚ ਜੋ ਕ੍ਰਾਈ 1 ਏ ਸੀ ਜੀਨ ਹੈ, ਜੋ ਕਿ ਮੌਨਸੈਂਟੋ ਦੇ ਉਤਪਾਦ MON 531 ਵਿੱਚ ਪਾਏ ਜਾਣ ਵਾਲੇ ਕ੍ਰਾਈ 1 ਏ ਸੀ ਜੀਨ ਦੇ ਨਾਲ ਮਿਲਦਾ ਜੁਲਦਾ ਹੈ, ਉਹ ਉਹਨਾਂ ਦੁਆਰਾ ਵਿਕਸਿਤ ਕੀਤਾ ਗਿਆ ਹੈ। ਕੇਂਦਰੀ ਕਪਾਹ ਖੋਜ ਕੇਂਦਰ ਦੇ ਇੱਕ ਅਖ਼ਬਾਰ(ਅਪ੍ਰੈਲ-ਜੂਨ 2008) ਨੇ GEAC ਵੱਲੋਂ ਜੀਨ ਪਰਿਵਰਤਿਤ ਬੀ ਐੱਨ ਬੀ ਟੀ ਨੂੰ ਮਨਜ਼ੂਰੀ ਦਿੱਤੇ ਜਾਣ ਉਪਰੰਤ ਇਹ ਦਾਅਵਾ ਕੀਤਾ ਹੈ ਕਿ ਇਸ ਬੀ ਟੀ ਨਰਮੇ ਦਾ ਵਿਕਾਸ ਵਿਸ਼ਵ ਬੈਂਕ ਦੁਆਰਾ ਸਹਾਇਤਾ ਪ੍ਰਾਪਤ NATP ਦੁਆਰਾ ਸਨ 2000 ਤੋਂ 2008 ਤੱਕ ਦੇ ਸਮੇਂ ਦੌਰਾਨ  ਕੀਤਾ ਗਿਆ ਹੈ। ਇਸ ਸਥਿਤੀ ਵਿੱਚ ਇਹ ਮੰਨ ਲਿਆ ਗਿਆ ਕਿ ਬੀ ਟੀ ਕ੍ਰਾਈ 1 ਏ ਸੀ ਜੀਨ IARI ਦੀ NRPCB  ਦੁਆਰਾ CICR  ਦੇ ਨਾਲ ਮਿਲ ਕੇ ਵਿਕਸਿਤ ਕੀਤਾ ਗਿਆ ਹੈ ਅਤੇ ਇਸਦੇ ਬੀਜਾਂ ਨੂੰ ਵਧਾਉਣ ਦਾ ਕੰਮ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਂਇੰਸਜ਼ ਨੇ ਕੀਤਾ ਹੈ।
GEAC ਦੀ 2 ਅਪ੍ਰੈਲ 2008 ਨੂੰ ਹੋਈ ਬੈਠਕ ਦੌਰਾਨ ਇਸ ਦੇ ਮੈਂਬਰਾਂ ਨੇ ਪਹਿਲਾਂ ਤਾਂ ਵੱਡੇ ਪੱਧਰ ਤੇ ਇਹਨਾਂ ਸੰਸਥਾਵਾਂ ਦੁਆਰਾ ਵਿਕਸਤ ਕੀਤੇ ਗਏ ਇਸ ਬੀਟੀ ਨਰਮੇ ਦੇ ਟ੍ਰਾਇਲ ਕਰਨ ਦੀ ਇਜ਼ਾਜਤ ਦੇ ਦਿੱਤੀ ਪਰ ਫਿਰ ਅਗਲੀ ਮੀਟਿੰਗ, ਜੋ ਕਿ ਮਈ 2008 ਵਿੱਚ ਹੋਈ, ਮੈਂਬਰਾਂ ਨੇ ਦੁਬਾਰਾ ਆਪਣੇ ਫੈਸਲੇ ਤੇ ਵਿਚਾਰ ਕੀਤਾ ਅਤੇ ਬੀ ਟੀ ਨੂੰ ਬਿਨਾਂ ਕਿਸੇ ਟ੍ਰਾਇਲ ਦੇ ਵੇਚਣ ਦੀ ਅਗਿਆ ਦੇ ਦਿੱਤੀ। ਇਸ ਦੇ ਪਿੱਛੇ ਉਹਨਾਂ ਦਾ ਤਰਕ ਇਹ ਸੀ ਕਿ ਕਿਸਾਨ ਬੀਕਾਨੇਰੀ ਬੀ ਟੀ ਨਰਮੇ ਦੇ ਬੀਜ ਬਚਾ ਸਕਦੇ ਹਨ, ਇਸ ਲਈ ਵੱਡੇ ਟ੍ਰਾਇਲ ਦੀ ਲੋੜ ਨਹੀਂ ਹੈ। ਹਾਲਾਂਕਿ ਇੱਕ ਸਾਲ ਦੇ ਪ੍ਰਚਾਰ-ਪ੍ਰਸਾਰ ਤੋ ਬਾਅਦ ਬਿਨਾਂ ਕੋਈ ਸਫਾਈ ਦਿੱਤੇ ਇਸਨੂੰ ਬਾਜ਼ਾਰ ਵਿੱਚੋਂ ਵਾਪਸ ਲੈ ਲਿਆ ਗਿਆ ਅਤੇ ਇਸਦੀ ਉਸ ਸਮੇਂ ਤੱਕ ਦੀ ਕਾਰਗੁਜ਼ਾਰੀ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ। ਫਿਰ ਉਸੇ ਬੀ ਟੀ ਜੀਨ ਦੀ ਵਰਤੋਂ,NHH 44 ਨਾਂ ਦੇ ਬੀ ਟੀ ਹਾਈਬ੍ਰਿਡ ਨੂੰ ਬਣਾਉਣ ਵਿੱਚ ਇਸਤੇਮਾਲ ਕੀਤੀ ਗਈ। ਜ਼ੀ ਐੱਮ ਮੁਕਤ ਭਾਰਤ ਦੀਆਂ ਦੋ ਮੈਂਬਰ ਜੱਥੇਬੰਦੀਆਂ, ਯੁਵਾ ਅਤੇ ਹਮਾਰਾ ਬੀਜ ਅਭਿਆਨ ਵੱਲੋ 2010 ਵਿੱਚ ' 2009 ਵਿੱਚ ਕੇਂਦਰੀ ਕਪਾਹ ਖੋਜ ਕੇਂਦਰ ਦੇ ਬੀ ਟੀ ਨਰਮੇ ਦੀ ਕਾਰਗੁਜ਼ਾਰੀ - ਇੱਕ ਸਰਵੇ ਰਿਪੋਰਟ' ਲਿਆਂਦੀ ਗਈ ਜੋ ਕਿ ਇਹ ਦੱਸਦੀ ਹੈ ਕਿ ਬੀਕਾਨੇਰੀ ਬੀ ਟੀ ਨਰਮਾ ਕਿਸਾਨਾਂ ਦੇ ਖੇਤਾਂ ਵਿੱਚ ਸਫਲ ਨਾ ਹੋ ਸਕਿਆ ਅਤੇ ਸਾਰੇ ਦਾਅਵੇ ਝੂਠ ਨਿਕਲੇ। ਸਭ ਤੋ ਜ਼ਿਆਦਾ ਬੁਰੀ ਗੱਲ ਇਹ ਰਹੀ ਕਿ ਇਸ ਅਸਫਲਤਾ ਦੀ ਜਿੰਮੇਦਾਰੀ ਕਿਸੇ ਨੂੰ ਵੀ ਨਹੀਂ ਦਿੱਤੀ ਗਈ।  ਇਸੇ ਰਿਪੋਰਟ ਵਿੱਚ ਹੀ ਗਠਜੋੜ ਵੱਲੋ ਇਹ ਮੰਗ ਕੀਤੀ ਗਈ ਕਿ ਕੇਂਦਰੀ ਕਪਾਹ ਖੋਜ ਕੇਂਦਰ ਇਸ ਗੱਲ ਦੀ ਸਫਾਈ ਦੇਵੇ ਕਿ ਆਖਿਰ ਉਹ ਕਿਹੜੇ ਕਾਰਨ ਸਨ ਜਿੰਨਾ ਕਰਕੇ ਬੀਕਾਨੇਰੀ ਬੀ ਟੀ ਨਰਮੇ ਨੂੰ ਇੱਕ ਸਾਲ ਦੇ ਅੰਦਰ-ਅੰਦਰ ਵਾਪਸ ਲੈ ਲਿਆ ਗਿਆ। 
ਹੁਣ ਆਰ ਟੀ ਆਈ ਦੇ ਰਾਹੀ ਇਹ ਗੱਲ ਸਾਹਮਣੇ ਆਈ ਹੈ ਕਿ ਕੇਂਦਰੀ ਕਪਾਹ ਖੋਜ ਕੇਂਦਰ, ਨਾਗਪੁਰ ਅਤੇ ਯੂਨੀਵਰਸਿਟੀ ਆੱਫ ਐਗਰੀਕਲਚਰਲ ਸਾਇੰਸਜ਼ ਦੁਆਰਾ ਵਰਤੇ ਗਏ ਬੀ ਟੀ ਜੀਨ ਦੀ ਬਣਤਰ, ਵਿੱਚ ਕੁੱਝ ਵੀ ਦੇਸੀ ਨਹੀ ਸੀ, ਉਹ ਤਾਂ ਮੌਨਸੈਂਟੋ ਦਾ ਕ੍ਰਾਈ 1 ਏ ਸੀ ਜੀਨ ਸੀ। ਮੀਡੀਆ ਦੀਆਂ ਖ਼ਬਰਾਂ ਦੇ ਅਨੁਸਾਰ, NARS ਇਹ ਕਹਿ ਕੇ ਕਿ ਇਹ ਨਰਮੇ ਦੇ ਬੀਟੀ ਬੀਜ ਦੀ ਇਹ ਕਿਸਮ ਦੂਸ਼ਿਤ ਹੋ ਚੁੱਕੀ ਹੈ, ਇਸਦਾ ਬਚਾਅ ਕਰ ਰਿਹਾ ਹੈ। ਇਹ ਮਜ਼ੇ ਦੀ ਗੱਲ ਹੈ ਕਿ ਜਦ ਸਿਵਲ ਸੁਸਾਇਟੀ ਗਰੁੱਪਾਂ ਦੇ ਮੈਂਬਰਾਂ ਦੁਆਰਾ ਬੀ ਟੀ ਦੇ ਦੇਸ਼ ਵਿੱਚ ਆਉਣ 'ਤੇ ਦੂਸਰੀਆਂ ਦੇਸੀ ਕਿਸਮਾਂ ਨੂੰ ਦੂਸ਼ਿਤ ਕਰਨ ਦੇ ਖਤਰੇ ਬਾਰੇ ਦੱਸਿਆ ਸੀ ਤਾਂ ਇਹਨਾਂ ਵਿਗਿਆਨਕਾਂ ਨੇ ਇਹਨਾਂ ਗੱਲਾਂ ਨੂੰ ਖਾਰਿਜ਼ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਵਿਕਾਸ ਵਿਰੋਧੀ ਦੱਸਿਆ ਸੀ ਪਰ ਅੱਜ ਉਹੀ ਵਿਗਿਆਨਕ ਆਪਣੀ ਅਸਫਲਤਾ ਦੀ ਸਫਾਈ ਦੇਣ ਵੇਲੇ ਸਿਵਲ ਸੁਸਾਇਟੀ ਦੇ ਮੈਂਬਰਾਂ ਦੁਆਰਾ ਚਿਤਾਏ ਖ਼ਤਰੇ ਨੂੰ ਸ਼ਪੱਸ਼ਟੀਕਰਨ ਦੇਣ ਲਈ ਵਰਤ ਰਹੇ ਹਨ। 
ਇਹਨਾਂ ਗੱਲਾਂ ਕਰਕੇ ਕੁੱਝ ਪ੍ਰਸ਼ਨ ਪੈਦਾ ਹੁੰਦੇ ਹਨ-
• ਇਹ ਕਿਵੇਂ ਹੋ ਸਕਦਾ ਹੈ ਕਿ ਜਿੰਨਾ ਰੈਗੂਲੇਟਰਾਂ ਨੇ ਲਗਾਤਾਰ ਉਤਪਾਦ ਦਾ ਪ੍ਰੀਖਣ ਕੀਤਾ, ਉਹ ਵਰਤੀ ਗਈ ਜੀਨ ਬਣਤਰ ਨੂੰ ਪਹਿਚਾਣ ਨਾ ਸਕੇ ਹੋਣ। ਇਹ ਰੈਗੂਲੇਟਰਾਂ ਦੀ ਕਾਬਲੀਅਤ ਉੱਤੇ ਸਵਾਲ ਉਠਾਉਂਦਾ ਹੈ। 
• ਇਹ ਵੀ ਸਾਹਮਣੇ ਲਿਆਉਣ ਵਾਲੀ ਗੱਲ ਹੈ ਕਿ ਉਸ ਸਮੇਂ ਦੇ CICR ਦੇ ਨਿਰਦੇਸ਼ਕ,GEAC  ਦੇ ਮੈਂਬਰ ਵੀ ਸਨ। ਇਹ ਹਿੱਤਾਂ ਦੇ ਸੰਘਰਸ਼ ਦਾ ਇੱਕ ਸਾਫ-ਸਾਫ ਮਾਮਲਾ ਹੈ।
• ਜੇ ਇਹ ਜੈਵਿਕ ਪ੍ਰਦੂਸ਼ਣ ਦਾ ਮਾਮਲਾ ਹੈ ਅਤੇ ਇਸੇ ਕਰਕੇ ਬੀਜ ਉਤਪਾਦਨ ਰੋਕਿਆ ਗਿਆ ਹੈ ਕਿਉਕਿ ਮੌਨਸੌਂਟੋ ਦੇ ਕੋਲ ਜੀਨ ਅਤੇ ਤਕਨੀਕ ਉੱਪਰ  ਪੇਟੈਂਟ  ਹੈ। ਤਾਂ ਫਿਰ ਬਾਕੀ ਜਿੰਨੀਆਂ ਬੀ ਟੀ ਫਸਲਾਂ ਜਿਹੜੀਆਂ ਲਾਈਨ ਵਿੱਚ ਹਨ, ਉਹਨਾਂ ਦਾ ਕੀ ਬਣੇਗਾ ਕਿਉਕਿ ਜੈਵਿਕ ਪ੍ਰਦੂਸ਼ਣ ਨਹੀ ਰੋਕਿਆ ਜਾ ਸਕਦਾ।
• ਕੀ ਇਹ ਫ਼ਸਲਾਂ ਦਾ ਜੈਵਿਕ ਪ੍ਰਦੂਸ਼ਣ ਹੈ ਜਾਂ ਫਿਰ ਇੱਕ ਵਿਗਿਆਨਕ ਧੋਖਾਧੜੀ ਹੈ ਜੋ ਕਿ ਦੇਸੀ ਤਕਨੀਕ ਦੀ ਅਯੋਗਤਾ ਨੂੰ ਦਰਸਾਉਂਦੀ ਹੈ। 
• ਸਵਾਲ ਤਾਂ ਇਹ ਹੈ ਕਿ ਬੀਕਾਨੇਰੀ ਬੀ ਟੀ ਨਰਮੇ ਅਤੇ ਐਨ ਐੱਚ ਐੱਚ 44 ਬੀ ਟੀ ਉੱਪਰ ਹੁਣ ਕਿਸਦਾ ਅਧਿਕਾਰ ਹੈ। ਕੀ ਭਾਰਤੀ ਵਿਗਿਆਨਕਾਂ ਨੇ ਇਸਨੂੰ ਮੌਨਸੈਂਟੋ ਨੂੰ ਇੱਕ ਉਪਹਾਰ ਦੇ ਤੌਰ 'ਤੇ ਦਿੱਤਾ ਹੈ? 
• ਕੀ ਕੀੜਿਆਂ, ਬਿਮਾਰੀਆਂ ਅਤੇ ਵਾਤਾਵਰਣੀ ਖ਼ਤਰੇ ਨੂੰ ਕਾਬੂ ਕਰਨ ਦੇ ਸਥਾਨਕ ਤਰੀਕਿਆਂ ਨੂੰ ਛੱਡ ਕੇ ਜੀ ਐੱਮ ਤਕਨੀਕ ਉੱਪਰ ਇੰਨਾਂ ਪੈਸਾ ਖ਼ਰਚ ਕਰਕੇ ਇਹੀ ਸਭ ਕੁੱਝ ਮਿਲਦਾ ਹੈ?

ਇਹ ਪ੍ਰਕਰਣ ਇਹ ਵੀ ਦਰਸਾਂਦਾ ਹੈ ਕਿ ਜੀਨ ਪਰਿਵਰਤਿਤ ਫਸਲਾਂ  ਨਾਲ ਸੰਬੰਧਿਤ ਪੇਟੈਂਟ ਦੇ ਮਾਮਲੇ ਅਤੇ ਭਾਰਤੀ ਵਿਗਿਆਨਕਾਂ ਦੁਆਰਾ ਮੌਨਸੈਂਟੋ ਦੀ ਪੇਟੈਂਟ ਤਕਨੀਕ ਨੂੰ ਵਰਤ ਲੈਣ ਦੀ ਕਲਪਨਾ ਆਦਿ ਬਾਰੇ ਦੁਬਾਰਾ ਸੋਚਣ ਦੀ ਲੋੜ ਹੈ।
ਭਾਰਤੀ ਵਿਗਿਆਨਕ ਬਿਨਾਂ ਕਿਸੇ ਹੋਰ ਵਿਕਲਪ ਬਾਰੇ ਸੋਚੇ ਜੀ ਐੱਮ ਤਕਨੀਕ ਨੂੰ ਫੈਲਾਉਣ ਵਿੱਚ ਲੱਗੇ ਹੋਏ ਹਨ। ਹਾਲਾਂਕਿ ਇਹਨਾਂ ਦੇ ਕੋਲ ਇਸ ਜੀ ਐੱਮ ਤਕਨੀਕ ਦੇ ਖ਼ਤਰਿਆਂ ਬਾਰੇ ਸਾਰੇ ਪ੍ਰਮਾਣ ਹਨ। ਅਜਿਹੇ ਵਿਗਿਆਨਕ ਧੋਖੇ ਇਹ ਪ੍ਰਸ਼ਨ ਪੈਦਾ ਕਰਦੇ ਹਨ ਕਿ ਬਾਇਓਤਕਨੀਕ ਦੇ ਵਿਗਿਆਨਕ ਜੀ ਐੱਮ ਤਕਨੀਕ ਨੂੰ ਸਾਡੀ ਖੇਤੀ ਉੱਪਰ ਥੋਪਣ ਲਈ ਕਿਸ ਹੱਦ ਤੱਕ ਜਾਣਗੇ ਅਤੇ ਕਿਹੜੀ ਚੀਜ਼ ਉਹਨਾਂ ਨੂੰ ਇਹ ਸਭ ਕਰਨ ਲਈ ਪ੍ਰੇਰਿਤ ਕਰਦੀ ਹੈ। ਕੀ ਆਮ ਜਨਤਾ ਨੂੰ ਅਜਿਹੇ ਵਿਗਿਆਨਕਾਂ ਤੇ ਭਰੋਸਾ ਕਰਨਾ ਚਾਹੀਦਾ ਹੈ ਜੋ ਦੇਸ਼ ਅਤੇ ਦੇਸ਼ ਦੀ ਜਨਤਾ ਨਾਲ ਧੋਖਾਧੜੀ ਕਰਨ ਤੋਂ ਕਦੇ ਵੀ ਬਾਜ਼ ਨਹੀਂ ਆਉਂਦੇ। 
ਦੁਰਭਾਗ ਨਾਲ ਇਹ ਵਿਗਿਆਨਕ ਧੋਖਾਧੜੀ ਦਾ ਕੋਈ ਪਹਿਲਾਂ ਮਾਮਲਾ ਨਹੀ ਹੈ ਜੋ ਕਿ ਦੇਸ਼ ਦੇਖ ਰਿਹਾ ਹੈ।  ਪਿਛਲੇ ਸਾਲ 6 ਪ੍ਰਸਿੱਧ ਵਿਗਿਆਨਕ ਅਕਾਦਮੀਆਂ ਨੇ ਬੀ ਟੀ ਬੈਂਗਣ ਦੇ ਪੱਖ ਵਿੱਚ ਅਤੇ ਉਸਦੇ ਪ੍ਰਸਾਰ ਲਈ ਮੌਨਸੈਂਟੋ ਦੇ ਬੀ ਟੀ ਦੇ ਪੱਖ ਵਿੱਚ ਦਿੱਤੇ ਤਰਕਾਂ ਨੂੰ ਆਪਣੇ ਨਾਮ ਤੇ ਵਰਤਿਆ। ਉਸ ਸਮੇਂ ਦੇ ਵਾਤਾਵਰਣ ਅਤੇ ਜੰਗਲਾਤ ਵਿਭਾਗ ਦੇ ਮੰਤਰੀ ਸ਼੍ਰੀ ਜੈਰਾਮ ਰਮੇਸ਼ ਨੇ ਇਸ ਰਿਪੋਰਟ ਨੂੰ ਇਹ ਕਹਿ ਕੇ ਕਿ ਇਹ ਰਿਪੋਰਟ ਵਿਗਿਆਨਕ ਗੁਣਵੱਤਾ ਉੱਤੇ ਖਰੀ ਨਹੀ ਉੱਤਰਦੀ, ਖਾਰਿਜ ਕਰ ਦਿੱਤਾ। ਇਸਦੇ ਬਾਵਜੂਦ ਵੀ ਅਕਾਦਮੀਆਂ ਨੇ ਸਿਰਫ ਬੀ ਟੀ ਬੈਂਗਣ ਦੀ ਇੱਕ ਧਾਰਾ ਦਾ ਸੰਸ਼ੋਧਨ ਕਰਕੇ ਵਾਪਸ ਸਾਰਵਜਨਿਕ ਕਰ ਦਿੱਤਾ  ਅਤੇ ਕਿਹਾ ਕਿ ਉਹ ਆਪਣੇ ਕੱਢੇ ਹੋਏ ਨਤੀਜਿਆਂ ਦੇ ਨਾਲ ਖੜੇ ਹਨ। ਇਸ ਸਭ ਉੱਪਰ ਕੋਈ ਕਾਰਵਾਈ ਨਹੀ ਕੀਤੀ ਗਈ, ਕੋਈ ਸਫਾਈ ਨਹੀ ਮੰਗੀ ਗਈ ਕਿ ਇਹ ਕਿਉਂ ਹੋਇਆ ਅਤੇ ਨਾ ਹੀ ਕਿਸੇ ਦੇ ਖ਼ਿਲਾਫ ਕੋਈ ਕਦਮ ਚੁੱਕਿਆ ਗਿਆ। ਗਠਜੋੜ ਨੇ ਇਸਨੂੰ ਇੱਕ ਵਿਗਿਆਨਕ ਸਮੁਦਾਇ ਦੁਆਰਾ ਦੇਸ਼ ਅਤੇ ਦੇਸ਼ ਦੇ ਲੋਕਾਂ ਨਾਲ ਵੱਡਾ ਧੋਖਾ ਦੱਸਿਆ।  ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਦੋਵੇਂ ਘੋਟਾਲਿਆਂ ਵਿੱਚ ਡਾ. ਪੀ ਅਨੰਦ ਕੁਮਾਰ, NRCPB ਅਤੇ ਡਾ. ਕੇ ਸੀ ਬਾਂਸਲ, ICAR ਨੇ ਪ੍ਰਮੁੱਖ ਰੋਲ ਅਦਾ ਕੀਤਾ। 
ਇਹ ਸਮੁੱਚਾ ਘਟਨਾਕ੍ਰਮ ਅਤੇ ਖ਼ਾਸ ਤੌਕ ਤੇ UAS-D/CICR/IARI(NRCPB) ਦੀ ਅਸਫਲਤਾ ਇਹ ਸਾਬਤ ਕਰਦੀ ਹੈ ਕਿ ਭਾਰਤੀ ਵਿਗਿਆਨਕਾਂ ਦਾ ਇੱਕ ਤਬਕਾ  ਦੇਸ਼  ਅਤੇ ਦੇਸ਼ ਦੇ ਲੋਕਾਂ ਨਾਲ ਬੇਈਮਾਨੀ ਕਰਨ ਅਤੇ ਉਹਨਾਂ ਨੂੰ ਗੁੰਮਰਾਹ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀ ਕਰਦਾ। ਪਬਲਿਕ ਖੇਤਰ ਨੂੰ ਕਿਸੇ ਵੀ ਅਜਿਹੀ ਤਕਨੀਕ ਨੂੰ ਕਿਸਾਨਾਂ ਅਤੇ ਖ਼ਪਤਕਾਰਾਂ ਉੱਪਰ ਥੋਪਣ ਦੀ ਲੋੜ ਨਹੀਂ ਹੈ, ਜਿਹੜੀ ਕਿ ਹਾਲੇ ਤੱਕ ਵਿਵਾਦਾ ਵਿੱਚ ਘਿਰੀ ਹੋਈ ਹੈ ਅਤੇ ਜਿਸਨੂੰ ਹਾਲੇ ਤੱਕ ਸੁਰੱਖਿਅਤ ਨਹੀਂ ਮੰਨਿਆ ਗਿਆ। ਸਾਡੇ ਕੋਲ ਖੇਤੀ ਸੰਕਟ ਨਾਲ ਨਿਪਟਣ ਲਈ ਲੇਕ ਅਤੇ ਕਿਸਾਨ ਪੱਖੀ ਸਫਲ ਅਤੇ ਢੁਕਵੇ ਸਮਾਧਾਨ ਹਨ। KVM-ASHA-CGMFI  ਇਹ ਮੰਗ ਕਰਦੇ ਹਨ ਕਿ ਸਰਕਾਰ ਜੀ ਐੱਮ ਵਰਗੀ ਵਿਵਾਦਾਂ ਵਿੱਚ ਘਿਰੀ ਤਕਨੀਕ ਤੇ ਕੰਮ ਕਰਨ ਦੀ ਬਜਾਏ  ਇਹਨਾਂ ਸਮਾਧਾਨਾਂ ਉੱਪਰ ਕੰਮ ਕਰੇ।
ਕੁੱਝ ਰਾਜਨੀਤਿਕ ਦਲ ਜੋ ਕਿ ਪਬਲਿਕ ਖੇਤਰ ਵਿੱਚ ਜੀ ਐੱਮ ਬੀਜਾਂ ਦਾ ਸਮਰਥਨ ਕਰਦੇ ਹਨ, ਉਹਨਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਅਸੁਰੱਖਿਅਤ ਵਸਤੂ ਸਿਰਫ ਇਸ ਲਈ ਸੁਰੱਖਿਅਤ ਨਹੀ ਮੰਨੀ ਜਾ ਸਕਦੀ ਕਿਉਕਿ ਉਹ ਪਬਲਿਕ ਖੇਤਰ ਵੱਲੋ ਲਿਆਂਦੀ ਜਾ ਰਹੀ ਹੈ।  ਵਾਸਤਵ ਵਿੱਚ ਜਵਾਬਦੇਹੀ ਦੇ ਮੁੱਦੇ ਇੱਥੇ ਅੰਧੇਰੇ ਵਿੱਚ ਰੱਖ ਦਿੱਤੇ ਗਏ ਹਨ ਜਿਵੇਂ ਕਿ CICR ਦੇ ਬੀ ਟੀ ਨਰਮੇ ਦੇ ਕੇਸ ਵਿੱਚ ਦੇਖਿਆ ਗਿਆ ਹੈ ਜਿੱਥੇ ਕਿ ਵੱਡੇ ਪੱਧਰ ਤੇ ਫੀਲਡ ਟ੍ਰਾਇਲ ਨੂੰ ਸਿਰਫ ਇਸੇ ਲਈ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿਉਕਿ ਇਹ ਬੀ ਟੀ ਪਬਲਿਕ ਖੇਤਰ ਵੱਲੋਂ ਲਿਆਂਦਾ ਜਾ ਰਿਹਾ ਸੀ।
'ਅੰਤ, ਇਹ ਸਾਰੇ ਪ੍ਰਯੋਗ ਦੁਖੀ ਭਾਰਤੀ ਕਿਸਾਨ ਦੀ ਕੀਮਤ ਤੇ ਹੋ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ। ਇਸ ਮੁੱਦੇ ਉੱਪਰ ਉੱਚੇ ਸਤਰ ਦੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਅਸੀ ਮੰਗ ਕਰਦੇ ਹਾਂ ਕਿ ਸਰਕਾਰ ਇਸ ਮੁੱਦੇ ਤੇ ਜਿੰਨਾ ਵੀ ਨਿਵੇਸ਼ ਕੀਤਾ ਗਿਆ ਹੈ ਉਸਦੀ ਸਾਫ-ਸਾਫ ਜਾਣਕਾਰੀ ਦੇਵੇ ਅਤੇ ਜਦ ਤੱਕ ਸਾਰੇ ਪ੍ਰਸ਼ਨਾਂ ਦੇ ਉੱਤਰ, ਜਿੰਨਾ ਵਿੱਚ, ਪਬਲਿਕ ਖੇਤਰ ਵਿੱਚ ਜੀਨ ਪਰਿਵਰਤਿਤ ਖੋਜ ਅਤੇ ਵਿਕਾਸ ਲਈ ਪ੍ਰਯੋਗ ਕੀਤੀਆ ਤਕਨੀਕਾ, ਪੇਟੈਂਟ ਦੇ ਮੁੱਦੇ, ਭਵਿੱਖ ਵਿੱਚ ਜੈਵਿਕ ਪ੍ਰਦੂਸ਼ਣ ਦੀ ਸੰਭਾਵਨਾ ਦੇ ਮੁੱਦੇ ਸ਼ਾਮਿਲ ਹਨ, ਉਦੋਂ ਤੱਕ ਪ੍ਰੋਜੈਕਟ ਦੇ ਲਈ ਨਿਵੇਸ਼ ਬੰਦ ਕਰ ਦਿੱਤਾ ਜਾਵੇ। ਇਹਨਾਂ ਦੁਰਲਭ ਅਤੇ ਬਹੁਮੁੱਲੇ ਸੰਸਾਧਨਾ ਦੀ ਵਰਤੋਂ ਸੁਰੱਖਿਅਤ ਅਤੇ ਕਿਸਾਨੀ ਨਿਯੰਤਰਣ ਵਾਲੀ ਤਕਨੀਕ ਨੂੰ ਕਿਸਾਨਾਂ ਤੱਕ ਲੈ ਜਾਣ ਲਈ ਕੀਤਾ ਜਾਣਾ ਚਾਹੀਦਾ ਹੈ। ਖੇਤੀ ਵਿਰਾਸਤ ਮਿਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਹ ਬੇਨਤੀ ਕਰਦਾ ਹੈ ਕਿ ਉਹ ਇਹਨਾਂ ਸਾਰੇ ਪ੍ਰਕਰਣਾਂ ਤੋਂ ਸਬਕ ਸਿੱਖੇ ਅਤੇ ਆਪਣੇ ਖੋਜ ਏਜੰਡੇ ਖਾਸ ਕਰਕੇ ਜੀ ਐੱਮ ਫਸਲਾਂ ਦੀ ਸਮੀਖਿਆ ਕਰੇ। 

ਜੀਨ ਪਰਿਵਰਤਿਤ ਭੋਜਨ ਪ੍ਰਤੀ ਲੇਕ ਚੇਤਨਾ
ਭਾਰਤੀ ਵਿਗਿਆਪਨ ਮਿਆਰ ਕੌਸਿਲ ਦਾ ਸਿੱਟਾ:ਮਾਹੀਕੋ ਮੋਨਸੈਂਟੋ ਦੇ ਬੋਲਗਾਰਡ ਸਬੰਧੀ ਦਾਅਵੇ ਝੂਠੇ
30 ਅਗਸਤ ਨੂੰ ਹਿੰਦੁਸਤਾਨ ਟਾਈਮਜ਼ ਵਿੱਚ ਮਹੀਕੋ-ਮੌਨਸੈਂਟੋ ਬਾਇਓਟਿਕ ਲਿਮਿਟਡ ਦਾ ਇੱਕ ਪ੍ਰਸਿੱਧ ਵਿਗਿਆਪਨ 'ਬੋਲਗਾਰਡ ਨੇ ਲਿਆਂਦਾ ਭਾਰਤੀ ਨਰਮਾ ਕਿਸਾਨਾਂ ਦੀ ਆਮਦਨ ਵਿੱਚ 31,500 ਕਰੋੜ ਦਾ ਉਛਾਲ' ਛਪਿਆ। ਜਿਸ ਦਿਨ ਇਹ ਵਿਗਿਆਪਨ ਛਪਿਆ, ਉਸੇ ਦਿਨ ਹੀ ਗੁੜਗਾਂਉਂ ਦੀ ਰਹਿਣ ਵਾਲੀ ਜੀਨ ਪਰਿਵਰਤਿਤ ਭੋਜਨ ਬਾਰੇ ਜਨ ਚੇਤਨਾ ਗਰੁੱਪ ਦੀ ਮੈਂਬਰ ਰਚਨਾ ਅਰੋੜਾ ਨੇ ਭਾਰਤੀ ਵਿਗਿਆਪਨ ਸਟੈਂਡਰਡ ਕੌਸਿਲ ਵਿੱਚ ਇਸ ਵਿਗਿਆਪਨ ਦੇ ਗਲਤ ਅਤੇ ਗੁੰਮਰਾਹ ਕਰਨ ਵਾਲੀ ੇ ਅਤੇ ਇਸ ਵਿੱਚ ਕੀਤੇ ਦਾਅਵਿਆਂ ਦੇ ਝੂਠੇ ਹੋਣ ਬਾਰੇ ਸ਼ਿਕਾਇਤ ਕੀਤੀ। 

ਉਸ ਤੋਂ ਬਾਅਦ ਭਾਰਤੀ ਵਿਗਿਆਪਨ ਸਟੈਂਡਰਡ ਕੌਸਿਲ (Advertising Standards Council of India (ASCI)  ਦੁਆਰਾ ਜਾਂਚ ਕਰਨ ਤੇ ਮਹੀਕੋ-ਮੌਨਸੈਂਟੋ ਬਾਇਓਟਿਕ ਲਿਮਿਟਡ ਦੇ ਬੀ ਟੀ ਨਰਮੇ ਬਾਰੇ ਕੀਤੇ ਗਏ ਇਸ ਦਾਅਵੇ ਨੂੰ ਝੂਠਾ ਪਾਇਆ।  ASCI ਨੇ ਪਾਇਆ ਕਿ ਇਸ ਵਿਗਿਆਪਨ ਵਿੱਚ ਕੀਤੇ ਦਾਅਵੇ  ASCI  ਦੇ ਸੈਲਫ ਰੈਗੂਲੇਸ਼ਨ ਕੋਡ I.1 ਦੀ ਧਾਰਾ, ਜਿਹੜੀ ਕਿ ਕਿਸੇ ਵੀ ਵਿਗਿਆਪਨ ਦੇ ਪ੍ਰਦਰਸ਼ਨ  ਅਤੇ ਦਾਅਵਿਆਂ ਦੀ ਸੱਚਾਈ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਂਦੀ ਹੈ ਅਤੇ ਗੁੰਮਰਾਹ ਕਰਨ ਵਾਲੇ ਵਿਗਿਆਪਨਾਂ ਦੇ ਖ਼ਿਲਾਫ ਰੱਖਿਅਕ ਸਾਧਨ ਪ੍ਰਦਾਨ ਕਰਦੀ ਹੈ, ਦੇ ਅਧੀਨ ਝੂਠੇ ਪਾਏ ਗਏ ਹਨ। 

ਇਹ ਵਿਗਿਆਪਨ ਐਮ ਐਮ ਬੀ ਦੁਆਰਾ ਸ਼ੁਰੂ ਕੀਤੀ ਗਈ ਵੱਡੀ ਪ੍ਰਚਾਰ ਮੁਹਿੰਮ ਦਾ ਇੱਕ ਹਿੱਸਾ ਸੀ ਜਦੋ ਅਗਸਤ,2011 ਵਿੱਚ ਬਹੁਤ ਸਾਰੀਆ ਮਹੱਤਵਪੂਰਨ ਵਿਗਿਆਪਨ ਰਾਸ਼ਟਰੀ ਰੋਜ਼ਾਨਾ ਅਖ਼ਬਾਰਾਂ ਵਿੱਚ ਆ ਰਹੇ ਸਨ। 
ਇਹ  ਉਸ ਗੱਲ ਦਾ ਸਬੂਤ ਹੈ ਜੋ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇਂ ਹਾਂ ਕਿ ਬੀ ਟੀ ਨਰਮੇ ਬਾਰੇ ਜੋ ਵੀ ਦਾਅਵੇ ਕੀਤੇ ਜਾ ਰਹੇ ਹਨ, ਉਹ ਤੱਥਾਂ ਤੇ ਅਧਾਰਿਤ ਨਹੀ ਹਨ ਸਗੋਂ ਉਹਨਾਂ ਨੂੰ ਵਧਾ ਚੜ੍ਹਾ ਕੇ ਕਿਹਾ ਗਿਆ ਸੀ। ਸਾਨੂੰ ਖੁਸ਼ੀ ਹੈ ਕਿ ਏ ਐਸ ਸੀ ਆਈ ਦੀ ਉਪਭੋਗਤਾ ਸ਼ਿਕਾਇਤ ਕੌਸਿਲ ਨੇ ਇਹ ਮੁੱਦਾ ਜਿਹੜਾ ਕਿ ਇੱਕ ਸ਼ਿਕਾਇਤ ਦੇ ਤੌਰ ਤੇ ਅੱਗੇ ਲਿਆਂਦਾ ਗਿਆ ਸੀ, ਉਸ ਮੁੱਦੇ ਤੇ ਬਹੁਤ ਡੂੰਘਾ ਵਿਚਾਰ ਚਰਚਾ ਕੀਤੀ ਅਤੇ ਇਸ ਨਤੀਜੇ ਤੇ ਪਹੁੰਚੇ। ਰਚਨਾ ਅਰੋੜਾ ਦਾ ਕਹਿਣਾ ਹੈ ਕਿ ਉਹ ਉਹਨਾਂ ਸਾਰਿਆਂ ਨੂੰ ਗੁਜਾਰਿਸ਼ ਕਰਦੀ ਹੈ, ਜੋ ਇਸ ਤਰਾਂ ਦੇ ਵਿਗਿਆਪਨਾਂ ਰਾਹੀ ਗੁੰਮਰਾਹ ਕੀਤੇ ਜਾਂ ਰਹੇ ਹਨ, ਕਿ ਉਹ ਸਾਰੇ ਉਪਲਬਧ ਤੱਥਾ ਨੂੰ ਦੋਬਾਰਾ ਚੰਗੀ ਤਰਾਂ ਦੇਖਣ, ਵਿਚਾਰ ਕਰਨ ਅਤੇ ਬੀ ਟੀ ਨਰਮੇ ਵਰਗੇ ਉਤਪਾਦਾਂ ਬਾਰੇ ਤਰਕ ਅਤੇ ਵਿਗਿਆਨਕ ਸਿੱਟਿਆ ਤੇ ਪਹੁੰਚਣ। ਜੀਨ ਪਰਿਵਰਤਿਤ ਭੋਜਨ ਬਾਰੇ ਜਨ ਚੇਤਨਾ ਗਰੁੱਪ ਦੀ ਰਚਨਾ ਅਰੋੜਾ ਨੇ ਕਿਹਾ।

ਰਚਨਾ ਅਰੋੜਾ ਨੇ ਆਪਣੀ ਸ਼ਿਕਾਇਤ ਵਿੱਚ, ਜਿਹੜੀ ਕਿ ਉਸਨੇ ਵਿਗਿਆਪਨ ਦੇ ਛਪਣ ਵਾਲੇ ਦਿਨ ਹੀ ਕੀਤੀ ਸੀ, ਵਿਗਿਆਪਨਕਰਤਾ ਦੁਆਰਾ ਦਿੱਤੀ ਗਈ ਬੋਲਗਾਰਡ ਤਕਨੀਕ ਬਾਰੇ ਕੀਤੇ ਗਏ ਦਾਅਵਿਆਂ ਜਿੰਨਾ ਵਿੱਚ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਦੇ ਘਟਣ, ਝਾੜ ਦੇ ਵਧਣ, ਕਿਸਾਨਾਂ ਦੀ ਆਮਦਨ ਵਿੱਚ ਵਾਧਾ, ਪੌਦੇ ਦੀ ਅੰਦਰੂਨੀ ਸੁਰੱਖਿਆ ਅਤੇ ਕਿਸਾਨਾਂ ਦੀ ਆਮਦਨ ਵਿੱਚ 31,500 ਕਰੋੜ ਦਾ ਵਾਧਾ ਸ਼ਾਮਿਲ ਹਨ, ਨੂੰ ਚੁਣੌਤੀ ਦਿੱਤੀ ਅਤੇ ਇਹ ਗੱਲ ਉਠਾਈ ਕਿ ਜਾਂ ਤਾਂ ਇਹ ਦਾਅਵੇ ਝੂਠੇ ਹਨ ਜਾਂ ਗਲਤ ਹਨ।

ਏ ਐਸ ਸੀ ਆਈ ਨੇ ਟਿੱਪਣੀਆਂ ਲਈ ਇਹ ਸ਼ਿਕਾਇਤ ਵਿਗਿਆਪਨਕਰਤਾ ਨੂੰ ਭੇਜੀ। ਏ ਐਸ ਸੀ ਆਈ ਦੀ ਉਪਭੋਗਤਾ ਸ਼ਿਕਾਇਤ ਕੌਸਿਲ ਨੇ 22 ਨਵੰਬਰ 2011 ਨੂੰ ਹੋਈ ਮੀਟਿੰਗ ਵਿੱਚ ਇਸ ਸ਼ਿਕਾਇਤ ਤੇ ਵਿਚਾਰ ਕੀਤਾ ਅਤੇ ਉਪਭੋਗਤਾ ਸ਼ਿਕਾਇਤ ਕੌਸਿਲ ਦੁਆਰਾ ਕੀਤੇ ਅਵਲੋਕਨ ਦੀ ਬਾਅਦ ਵਿੱਚ ਵਿਗਿਆਪਨਕਰਤਾ ਦੀਆਂ ਟਿੱਪਣੀਆਂ ਦੇ ਨਾਲ ਦੁਬਾਰਾ ਵਾਚਿਆ ਗਿਆ। ਇਸ ਕਾਰਵਾਈ ਦੇ ਪੂਰੇ ਹੋਣ ਤੋਂ ਬਾਅਦ ਵੀ ਸੀ ਸੀ ਸੀ ਨੇ ਰਚਨਾ ਅਰੋੜਾ ਦੀ ਸ਼ਿਕਾਇਤ ਨੂੰ ਤਵੱਜ਼ੋ ਦਿੱਤੀ ਅਤੇ ਇਸ ਨਤੀਜੇ ਤੇ ਪਹੁੰਚੇ ਕਿ ਵਿਗਿਆਪਨ ਵਿੱਚ ਕੀਤੇ ਗਏ ਦਾਅਵੇ ਅਤੇ ਜਿੰਨਾ ਦਾ ਸ਼ਿਕਾਇਤ ਵਿੱਚ ਵੀ ਹਵਾਲਾ ਦਿੱਤਾ ਗਿਆ ਸੀ, ਝੂਠੇ ਨੇ।

ਏ ਐਸ ਸੀ ਆਈ ਦੀ ਉਪਭੋਗਤਾ ਸ਼ਿਕਾਇਤ ਕੌਸਿਲ ਨੇ ਰਚਨਾ ਅਰੋੜਾ ਦੀ ਸ਼ਿਕਾਇਤ ਨੂੰ 'ਏ ਐਸ ਸੀ ਆਈ ਕੋਡ ਦੇ ਚੈਪਟਰ 1.1 ਦੇ ਵਿਰੁੱਧ ਵਿਗਿਆਪਨ ਦੇ ਤੌਰ ਤੇ' ਪਾਇਆ ਜੋ ਕਿ ਇਹ ਦੱਸਦਾ ਹੈ-
ਵਿਗਿਆਪਨ ਸੱਚ ਤੇ ਅਧਾਰਿਤ ਹੋਣ,ਸਾਰੇ ਵੇਰਵੇ, ਦਾਅਵੇ ਅਤੇ ਤੁਲਨਾਵਾਂ, ਜੋ ਨਿਰਪੱਖਤਾ ਨਾਲ ਨਿਸ਼ਚਿਤ ਕੀਤੇ ਜਾ ਸਕਣ ਵਾਲੇ ਤੱਥਾਂ ਨਾਲ ਸੰਬੰਧਿਤ ਹੋਣ, ਸਾਬਤ ਕਰਨ ਯੋਗ ਹੋਣ ਅਤੇ ਵਿਗਿਆਪਨਕਰਤਾਵਾਂ ਅਤੇ ਵਿਗਿਆਪਨ ਏਜੰਸੀਆਂ ਇਹਨਾਂ ਸੰਬੰਧਿਤ ਪ੍ਰਮਾਣਾਂ ਦੀ ਜਦੋ ਵੀ ਏ ਐਸ ਸੀ ਆਈ ਮੰਗ ਕਰੇ ਤਾਂ ਉਹ ਪੇਸ਼ ਕਰਨ।

ਇਸ ਤੋਂ ਪਹਿਲਾਂ ਵੀ ਮੌਨਸੈਟੋ ਤੇ ਫ੍ਰਾਂਸ ਵਿੱਚ ਜਨਵਰੀ 2007 ਵਿੱਚ ਆਪਣੇ ਨਦੀਨਨਾਸ਼ਕ ਬਾਰੇ ਝੂਠੇ ਵਿਗਿਆਪਨ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ 15,000 ਯੂਰੋ ਦਾ  ਜੁਰਮਾਨਾ ਲਗਾਇਆ ਗਿਆ ਸੀ। ਮਈ 2010 ਵਿੱਚ ਦੱਖਣੀ ਅਫ਼ਰੀਕਾ ਦੀ ਵਿਗਿਆਪਨ ਸਟੈਂਡਰਡ ਅਥਾਰਿਟੀ ਨੇ ਪਾਇਆ ਕਿ ਮੌਨਸੈਂਟੋ ਦੁਆਰਾ ਇੱਕ ਮੈਗਜ਼ੀਨ ਵਿੱਚ ਦਿੱਤੇ ਵਿਗਿਆਪਨ'ਕੀ ਤੁਹਾਡਾ ਖਾਣਾ ਸੁਰੱਖਿਅਤ ਹੈ? ਬਾਇਓਤਕਨੀਕ:ਸੱਚੇ ਤੱਥ' ਰਾਹੀ ਕੀਤੇ ਗਏ ਦਾਅਵੇ ਨੂੰ ਗਲਤ ਪਾਇਆ ਅਤੇ ਤੁਰੰਤ ਵਿਗਿਆਪਨ ਨੂੰ ਬੰਦ ਕਰਨ ਲਈ ਕਿਹਾ।

'ਇਹ ਸਭ ਇਹੀ ਸਾਬਿਤ ਕਰਦਾ ਹੈ ਕਿ ਮੌਨਸੈਂਟੋ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੁਆਰਾ ਇਸ ਦੇ ਉਤਪਾਦਾਂ ਬਾਰੇ ਕੀਤੇ ਗਏ ਦਾਅਵਿਆਂ ਵਿੱਚ ਇਹ ਪੱਖ ਵਾਰ-ਵਾਰ ਦੁਹਰਾਇਆ ਗਿਆ ਹੈ ਅਤੇ ਜਦੋਂਕਿ ਆਮ ਲੋਕ ਜੀਨ ਪਰਿਵਰਤਿਤ ਅਤੇ ਹੋਰ ਜ਼ਹਿਰੀਲੇ ਉਤਪਾਦਾਂ ਦੇ ਖ਼ਤਰਿਆਂ ਤੋ ਜਾਣੂ ਹੋ ਰਹੀ ਹੈ ਫਿਰ ਵੀ ਮੌਨਸੈਂਟੋ ਵਰਗੀਆਂ ਕੰਪਨੀਆਂ ਨੂੰ ਇਹੋ ਜਿਹੇ ਵਿਗਿਆਪਨਾਂ ਤੇ ਆਪਣੇ ਸ੍ਰੋਤਾਂ ਨੂੰ ਖ਼ਰਚ ਕਰ ਰਹੀ ਹੈ।' 

ਸੁਣੀ ਨਹੀਂ ਗਈ ਕਿਸਾਨਾਂ ਦੀ ਪੁਕਾਰ
ਮੋਨਸੈਂਟੋ ਦੀ ਮੱਕੀ ਹੋਈ ਫ਼ੇਲ  ਕਿਸਾਨਾਂ ਨੂੰ ਉਠਾਉਣਾ ਪਿਆ ਭਾਰੀ ਨੁਕਸਾਨ

ਹੁਸ਼ਿਆਰਪੁਰ) ਹੁਸ਼ਿਆਰਪੁਰ ਜਿਲ੍ਹੇ ਵਿੱਚ ਇਸ ਸਾਲ  ਮੋਨਸੈਂਟੋ ਦੁਆਰਾ ਕਿਸਾਨਾਂ ਨੂੰ ਵੱਧ ਝਾੜ ਅਤੇ ਵਧੀਆਂ ਕਵਾਲਿਟੀ ਅਤੇ ਭਰਪੁਰ ਮੁਨਾਫ਼ੇ ਦਾ ਲਾਲਚ ਦੇ ਕੇ ਵੇਚੀ ਗਈ ਸਾਉਣੀ ਦੀ ਮੱਕੀ ਬੁਰੀ ਤਰਾਂ ਫ਼ੇਲ ਹੋ ਗਈ। ਸਿੱਟੇ ਵਜੋਂ ਸਬੰਧਿਤ ਕਿਸਾਨਾਂ ਨੂੰ ਭਾਰੀ ਮਾਲੀ ਨੁਕਸਾਨ ਉਠਾਉਣਾ ਪਿਆ। ਕਿਸਾਨਾਂ ਨਾਲ ਇੱਕ ਵਾਰ ਫਿਰ ਠੱਗੀ ਮਾਰਨ ਵਾਲੀ ਮੋਨਸੈਂਟੋ ਅਕਸਰ ਇਹ ਦਾਅਵਾ ਕਰਦੀ ਹੈ ਕਿ ਰਵਾਇਤੀ ਬੀਜਾਂ ਨਾਲ ਖੇਤੀ ਕਰਨਾ ਘਾਟੇ ਦਾ ਸੌਦਾ ਹੈ। ਇੰਨਾ ਹੀ ਨਹੀਂ ਇਹ ਕੰਪਨੀ ਨਵੀਂ ਤਕਨੀਕ ਦੇ ਨਾਂਅ 'ਤੇ ਦੁਨੀਆਂ ਭਰ ਵਿੱਚ ਜੀ ਐੱਮ/ਬੀਟੀ ਬੀਜਾਂ ਨੂੰ ਖੇਤੀ ਵਿੱਚ ਉਤਾਰਨ ਲਈ ਵੱਡੇ ਪੱਧਰ 'ਤੇ ਯਤਨਸ਼ੀਲ ਹੈ। 
ਪਰ ਹੁਸ਼ਿਆਰਪੁਰ ਜਿਲ੍ਹੇ ਵਿੱਚ ਜਿਹਨਾਂ ਕਿਸਾਨਾਂ ਨੇ ਮੋਨਸੈਂਟੋ ਦੀ ਡੀ ਕੇ ਸੀ-9106 ਮੱਕੀ ਦੀ ਬਿਜਾਈ ਕੀਤੀ ਸੀ ਉਹਨਾਂ ਦਾ ਤਜ਼ਰਬਾ ਕੁਝ ਹੋਰ ਹੀ ਤਸਵੀਰ ਦਿਖਾਉਂਦਾ ਹੈ। ਕਾਲਕਟ ਪਿੰਡ ਦੇ ਕਿਸਾਨਾਂ ਸਤਨਾਮ ਸਿੰਘ ਪੁੱਤਰ ਹਰਦਿਆਲ ਸਿੰਘ ਅਤੇ ਤਰਲੋਚਨ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾ ਸਾਉਣੀ ਦੇ ਬੀਤੇ ਸੀਜਨ ਵਿੱਚ ਮੋਨਸੈਂਟੋ ਦੀ ਮੱਕੀ ਡੀ ਕੇ ਸੀ-9106 ਕੁੱਲ 9 ਏਕੜਾਂ ਵਿੱਚ ਪ੍ਰਤੀ ਏਕੜ 200 ਰੁਪਏ ਪੈਕਟ ਦੇ ਹਿਸਾਬ ਨਾਲ 8 ਤੋਂ 10 ਕਿੱਲੋ ਬੀਜ ਪਾ ਕੇ ਬੀਜੀ ਸੀ। ਵਹਾਈ, ਬਿਜਾਈ, ਸਿੰਜਾਈ, ਖਾਦ, ਕੀਟ ਅਤੇ ਨਦੀਨਾਸ਼ਕਾਂ ਸਮੇਤ ਫਸਲ ਦੀ ਵਢਾਈ ਤੱਕ 10,000 ਰੁਪਏ ਪ੍ਰਤੀ ਏਕੜ ਖਰਚ ਹੋਏ। ਜੇ ਗਿਣਿਆ ਜਾਵੇ ਤਾਂ ਇੱਕ ਫਸਲ ਸੀਜਨ ਦਾ ਕੁੱਲ 13,000 ਰੁਪਏ ਠੇਕਾ ਵੱਖਰਾ। ਇੰਨਾ ਖਰਚ ਕਰਨ ਦੇ ਬਾਵਜੂਦ ਮੋਨਸੈਂਟੋ ਦੀ ਇਸ ਮੱਕੀ ਤੋਂ ਪ੍ਰਤੀ ਏਕੜ ਛੇ ਤੋਂ ਨੌਂ ਹਜ਼ਾਰ ਰੁਪਏ ਹੀ ਆਮਦਨ ਹੋਈ। ਜਦੋਂਕਿ ਹੋਰਨਾ ਵਰਾਇਟੀਆਂ ਦੇ ਬੀਜ ਵਰਤਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ਅਠਾਈ ਤੋਂ ਤੀਹ ਹਜ਼ਾਰ ਰੁਪਏ ਆਮਦਨ ਹੋਈ।
ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਬਿਜਾਈ ਤੋਂ ਲੈ ਕੇ ਕਟਾਈ ਤੱਕ ਕੰਪਨੀ ਦੇ ਨੁਮਾਂਇੰਦਿਆਂ ਦੁਆਰਾ ਦਿੱਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਇੰਨਬਿੰਨ ਪਾਲਣਾ ਕੀਤੀ ਪਰ ਜਦੋਂ ਫਸਲ ਨੂੰ ਛੱਲੀਆਂ ਪਈਆਂ ਤਾਂ ਬੂਟੇ ਸੁੱਕਣੇ ਸ਼ੁਰੂ ਹੋ ਗਏ ਅਤੇ ਛੱਲੀਆਂ ਵਿੱਚ ਬਹੁਤ ਹੀ ਘੱਟ ਦਾਣੇ ਬਣੇ, ਕਈ ਛੱਲੀਆਂ ਤਾਂ ਖ਼ਾਲੀ ਹੀ ਰਹਿ ਗਈਆਂ। ਜਦੋਂ ਉਹਨਾਂ ਨੇ ਕੰਪਨੀ ਦੇ ਨੁਮਾਂਇੰਦਿਆਂ ਨੂੰ ਫਸਲ ਦਿਖਾਈ ਤਾਂ ਉਹ ਕਈ ਤਰਾਂ ਦੇ ਬਹਾਨੇ ਬਣਾਉਣ ਲੱਗ ਪਏ ਕਿ ਜਿਅਦਾ ਵਰਖਾ ਜਾਂ ਸਿਉਂਕ ਦੇ ਕਾਰਨ ਇਹ ਸਭ ਹੋਇਆ ਹੈ। ਪਰ ਜਦੋਂ ਕਿਸਾਨਾਂ ਨੂੰ ਉਹਨਾਂ ਨੂੰ ਦੂਸਰੀ ਵਰਾਇਟੀਆਂ ਵਿੱਚ ਇਹ ਸਮੱਸਿਆਵਾਂ ਕਿਉਂ ਨਹੀਂ ਆਈਆਂ? ਤਾਂ ਉਹਨਾਂ ਨੂੰ ਕੋਲ ਕੋਈ ਜਵਾਬ ਨਹੀਂ ਸੀ। 
ਅੰਤ ਵਿੱਚ ਕੰਪਨੀ ਦੇ ਨੁਮਾਂਇੰਦਿਆਂ ਨੇ ਇਹ ਮੰਨ ਲਿਆ ਕਿ ਇਸ ਕੰਪਨੀ ਦੇ ਬੀਜ ਕਾਰਨ ਹੀ ਫਸਲ ਦਾ ਇੰਨਾ ਨੁਕਸਾਨ ਹੋਇਆ ਹੈ। ਪਰ ਜਦੋਂ ਕਿਸਾਨਾਂ ਨੇ ਕੰਪਨੀ ਤੋਂ ਆਪਣੇ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਤਾਂ ਕੰਪਨੀ ਨੇ ਸਾਫ ਮਨਾ ਕਰ ਦਿੱਤਾ ਅਤੇ ਸਿਰਫ ਇੰਨਾ ਹੀ ਵਾਅਦਾ ਕੀਤਾ ਕਿ ਕੰਪਨੀ ਸਬੰਧਤ ਕਿਸਾਨਾ ਨੂੰ ਬਦਲੇ ਵਿੱਚ ਸਿਆਲੂ ਮੱਕੀ ਦਾ ਬੀਜ ਬਣਦੀ ਮਿਕਦਾਰ 'ਚ ਮੁਫ਼ਤ ਦੇਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਅਖ਼ਬਾਰਾਂ ਵਿੱਚ ਖ਼ਬਰਾਂ ਵੀ ਲਵਾਈਆਂ ਪਰ ਉਹਨਾਂ ਕੋਈ ਸੁਣਵਾਈ ਨਹੀਂ ਹੋਈ।

ਮੌਨਸੈਂਟੋ ਦੀ ਬੀ ਟੀ ਮੱਕੀ ਨੇ ਜੜ੍ਹ ਦੇ ਕੀੜੇ ਨੂੰ ਬਣਾਇਆ ਸੁਪਰ ਕੀੜਾ

ਮੈਨਸੈਂਟੋ ਦੀ ਬੀ ਟੀ ਮੱਕੀ ਅਮਰੀਕਾ ਦੇ ਕਿਸਾਨਾਂ ਵਿੱਚ ਇਹ ਕਹਿ ਕੇ ਵੇਚੀ ਗਈ ਕਿ ਇਹ ਮੱਕੀ ਦੀ ਜੜ੍ਹ ਨੂੰ ਖਾਣ ਵਾਲੇ ਕੀੜੇ ਨੂੰ ਖ਼ਤਮ ਕਰਕੇ ਮੱਕੀ ਨੂੰ ਹੋਣ ਵਾਲੇ ਨੁਕਸਾਨ ਤੋ ਸੁਰੱਖਿਅਤ ਕਰੇਗੀ ਪਰ ਇਓਵਾ ਵਿੱਚ ਪਿਛਲੇ ਅਗਸਤ ਵਿੱਚ ਅਚਾਨਕ ਬੀ ਟੀ ਮੱਕੀ ਦੇ ਪੌਦੇ ਡਿੱਗਣੇ ਸ਼ੁਰੂ ਹੋ ਗਏ। ਪਤਾ ਕਰਨ ਤੇ ਪਤਾ ਲੱਗਿਆ ਕਿ ਮੱਕੀ ਦੀਆਂ ਜੜ੍ਹਾਂ ਨੂੰ ਜੜ੍ਹ ਖਾਣ ਵਾਲੇ ਕੀੜਿਆਂ ਨੇ ਖਾਣਾ ਸ਼ੁਰੂ ਕਰ ਦਿੱਤਾ ਸੀ। ਅਜ਼ੀਬ ਗੱਲ ਇਹ ਸੀ ਕਿ ਇਹ ਮੱਕੀ ਦਾ ਬੀਜ ਹੋਰ ਕੋਈ ਬੀਜ ਨਹੀਂ ਬਲਕਿ ਮੌਨਸੈਂਟੋ ਵੱਲੋਂ ਮੱਕੀ ਦੇ ਜੜ੍ਹ ਦੇ ਕੀੜੇ ਨੂੰ ਖ਼ਤਮ ਕਰਨ ਲਈ ਤਿਆਰ ਕੀਤਾ ਗਿਆ ਬੀ ਟੀ ਮੱਕੀ ਦਾ ਬੀਜ ਸੀ। ਪਰ ਇਹ ਬੀਜ ਫੇਲ ਹੋ ਗਿਆ ਅਤੇ ਮੱਕੀ ਦੀ ਜੜ੍ਹ ਖਾਣ ਵਾਲੇ ਕੀੜਿਆਂ ਨੇ ਬੀ ਟੀ ਦੇ ਜ਼ਹਿਰ ਪ੍ਰਤਿ ਪ੍ਰਤਿਰੋਧਕ ਸ਼ਕਤੀ ਵਿਕਸਿਤ ਕਰ ਲਈ। 
ਪਹਿਲਾਂ-ਪਹਿਲ ਤਾਂ ਮੌਨਸੈਂਟੋ ਦੀਆਂ ਜ਼ਹਿਰ ਯੁਕਤ ਫ਼ਸਲਾਂ ਨੂੰ ਰਜਿਸਟਰ ਕਰਨ ਵਾਲੀ ਏਜੰਸੀ ਈ ਪੀ ਏ ਚੁੱਪ ਰਹੀ ਪਰ ਬਾਅਦ ਵਿੱਚ ਏਜੰਸੀ ਦੀ ਰਿਪੋਰਟ ਵਿੱਚ ਮੌਨਸੈਂਟੋ ਨੂੰ ਨਾਕਾਫ਼ੀ ਨਿਰੀਖਣ ਸਿਸਟਮ ਲਈ ਫਿਟਕਾਰ ਲਗਾਈ ਗਈ। ਇਹ ਰਿਪੋਰਟ ਕਿਸੇ ਸਿਆਸੀ ਜਾਂ ਉੱਚ ਅਧਿਕਾਰੀਆਂ ਵੱਲੋਂ ਲਿਖੀ ਨਾ ਹੋ ਕੇ ਸਟਾਫ਼ ਵਿਗਿਆਨੀਆਂ ਵੱਲੋਂ ਨਿਰੀਖਣ ਕਰਕੇ ਤਿਆਰ ਕੀਤੀ ਗਈ।
ਰਿਪੋਰਟ ਤੋ ਇਹ ਗੱਲ ਸਾਹਮਣੇ ਆਈ ਕਿ ਬੀ ਟੀ ਜ਼ਹਿਰ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਵਾਲਾ ਜੜ੍ਹ-ਕੀੜਾ ਚਾਰ ਰਾਜਾਂ ਇਓਵਾ, ਮਿਨੀਸੋਤਾ, ਈਲੀਨੋਸ ਅਤੇ ਨੈਬਰਾਸਕਾ ਵਿੱਚ ਫੈਲ ਚੁੱਕਿਆ ਹੈ ਅਤੇ ਤਿੰਨ ਹੋਰ ਰਾਜਾਂ ਕੋਲੋਰਾਡੋ, ਦੱਖਣੀ ਡਕੋਤਾ ਅਤੇ ਵਿਸਕੌਨਸਿਨ ਵਿੱਚ ਇਸਦੇ ਫੈਲਣ ਦਾ ਸ਼ੱਕ ਹੈ। ਹੁਣ ਈ ਪੀ ਏ, ਮੌਨਸੈਂਟੋ ਅਤੇ ਖੇਤੀਬਾੜੀ ਵਿਗਿਆਨੀ ਇਹ ਜਾਣ ਚੁੱਕੇ ਹਨ ਕਿ ਜੜ੍ਹ ਦੇ ਕੀੜੇ ਦੁਆਰਾ ਬੀ ਟੀ ਮੱਕੀ ਪ੍ਰਤਿ ਪ੍ਰਤੀਰੋਧਕ ਸ਼ਕਤੀ ਦਾ ਵਿਕਾਸ ਇੱਕ ਖ਼ਤਰਾ ਸੀ। ਸੋ 2003 ਵਿੱਚ, ਕੀੜ੍ਹੇ ਦੀ ਇਸ ਪ੍ਰਤੀਰੋਧਕ ਸ਼ਕਤੀ ਨੂੰ ਘਟਾਉਣ ਲਈ ਇਹ ਐਲਾਨ ਕੀਤਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਬੀ ਟੀ ਮੱਕੀ ਵਾਲੇ ਖੇਤਾਂ ਵਿੱਚ ਬੀ ਟੀ ਮੱਕੀ ਦੀ ਜੜ੍ਹ ਕੀੜੇ ਤੋਂ ਰੱਖਿਆ ਲਈ ਗੈਰ ਬੀ ਟੀ ਮੱਕੀ ਵੀ ਲਗਾਈ ਜਾਵੇ ਤਾਂਕਿ ਪ੍ਰਤੀਰੋਧਕ ਸ਼ਕਤੀ ਪੈਦਾ ਕਰ ਚੁੱਕੇ ਜੜ੍ਹ ਦੇ ਕੀੜੇ ਉੱਪਰ ਕਾਬੂ ਪਾਇਆ ਜਾ ਸਕੇ।
ਹੁਣ ਸਵਾਲ ਇਹ ਸੀ ਕਿ ਬੀ ਟੀ ਮੱਕੀ ਦੀ ਰੱਖਿਆ ਲਈ ਗੈਰ ਬੀ ਟੀ ਮੱਕੀ ਦੀ ਕਿੰਨੀ ਮਾਤਰਾ ਲਗਾਈ ਜਾਵੇ। ਇੱਕ ਸਵਤੰਤਰ ਵਿਗਿਆਨਕ ਪੈਨਲ ਨੇ 50 ਪ੍ਰਤੀਸ਼ਤ ਦੀ ਸਿਫ਼ਾਰਿਸ਼ ਕੀਤੀ ਪਰ ਮੈਨਸੈਂਟੋ ਦੇ ਪ੍ਰਭਾਵਾਧੀਨ ਈ ਪੀ ਏ ਵੱਲੋਂ ਸਿਰਫ 20 ਪ੍ਰਤੀਸ਼ਤ ਲਈ ਪ੍ਰਵਾਨਗੀ ਦਿੱਤੀ ਗਈ। 
ਬਾਅਦ ਦੇ ਦਸਤਾਵੇਜ਼ਾਂ ਤੋਂ ਏਜੰਸੀ ਇਹ ਚੰਗੀ ਤਰਾਂ ਜਾਣ ਗਈ ਕਿ ਵਿਗਿਆਨਕ ਪੈਨਲ ਠੀਕ ਸੀ ਅਤੇ ਮੌਨਸੈਂਟੋ ਗਲਤ। ਸਂੈਟਰ ਫਾਰ ਫੂਡ ਸੇਫਟੀ ਦੇ ਬਿਲ ਫ੍ਰੀਜ਼ ਨੇ ਈਲੀਨੋਸ ਦੀ ਯੂਨੀਵਰਸਿਟੀ ਦੇ ਫ਼ਸਲ ਵਿਗਿਆਨੀ ਮਾਈਕਲ ਗ੍ਰੇਅ ਦੀ ਖੋਜ 'ਤੇ ਇਹ ਸਵਾਲ ਉਠਾਇਆ ਹੈ ਕਿ ਈਲੀਨੋਸ ਦੇ ਖੇਤਰਾਂ ਵਿੱਚ 40 ਪ੍ਰਤੀਸ਼ਤ ਕਿਸਾਨਾਂ ਦੀ ਤਾਂ ਉੱਚ ਗੁਣਵੱਤਾ ਵਾਲੇ ਗੈਰ ਬੀ ਟੀ ਬੀਜਾਂ ਤੱਕ ਪਹੁੰਚ ਹੀ ਨਹੀ ਹੈ। ਇਹ ਹੀ ਸਮੱਸਿਆ ਪੂਰੀ ਮੱਕੀ ਪੱਟੀ ਦੇ ਕਿਸਾਨਾਂ ਨੂੰ ਆ ਰਹੀ ਹੈ। ਸੋ ਕਿਸਾਨਾਂ ਨੇ ਸੁਪਰਕੀੜਾ ਬਣ ਚੁੱਕੇ ਜੜ੍ਹ ਦੇ ਇਸ ਕੀੜੇ ਨੂੰ ਕਾਬੂ ਕਰਨ ਲਈ ਜ਼ਹਿਰੀਲੇ ਕੀਟਨਾਸ਼ਕਾਂ ਦੇ ਪ੍ਰਯੋਗ ਦੀ ਮਾਤਰਾ ਵਧਾ ਦਿੱਤੀ।
ਜਦ ਮੌਨਸੈਂਟੋ ਨੂੰ ਕਿਸਾਨਾਂ ਅਤੇ ਬੀਜ ਡੀਲਰਾਂ ਤੋ ਕੀੜੇ ਦੇ ਪ੍ਰਤੀਰੋਧਕ ਸ਼ਕਤੀ ਪੈਦਾ ਕਰ ਲੈਣ ਬਾਰੇ ਪਤਾ ਲੱਗਣ ਉਪਰੰਤ ਵੀ  ਮੌਨਸੈਂਟੋ ਨੇ ਇਸ ਦੀ ਕੋਈ ਜਾਂਚ ਨਹੀਂ ਕਰਵਾਈ ਸਗੋਂ ਮੱਕੀ ਦੀ ਇਸ ਬੀਟੀ ਕਿਸਮ ਖਿਲਾਫ਼ ਆ ਰਹੀਆਂ  ਸ਼ੁਰੂਆਤੀ ਸ਼ਿਕਾਇਤਾਂ ਵੱਲ ਵੀ ਖ਼ਾਸ ਧਿਆਨ ਨਹੀ ਦਿੱਤਾ। 
ਈ ਪੀ ਏ ਨੇ ਦੱਸਿਆ ਕਿ ਮੌਨਸੈਂਟੋ ਨੂੰ ਬੀ ਟੀ ਮੱਕੀ  ਬਾਜ਼ਾਰ ਵਿੱਚ ਲਿਆਉਣ ਤੋਂ ਇੱਕ ਸਾਲ ਬਾਅਦ ਸੰਨ 2004 ਤੋਂ ਹੀ ਜੜ੍ਹ ਦੇ ਕੀੜੇ ਦੁਆਰਾ ਬੀ ਟੀ ਮੱਕੀ ਵਿਰੁੱਧ ਪ੍ਰਤਿਰੋਧਕ ਸ਼ਕਤੀ ਵਿਕਸਿਤ ਕਰ ਲੈਣ ਬਾਰੇ ਰਿਪੋਰਟਾਂ ਮਿਲਣੀਆ ਸ਼ੁਰੂ ਹੋ ਗਈਆਂ ਸਨ। ਉਸ ਸਾਲ ਉਸਨੂੰ ਕੁੱਲ 21 ਸ਼ਿਕਾਇਤਾਂ ਮਿਲੀਆਂ। 2006 ਵਿੱਚ ਸ਼ਿਕਾਇਤਾਂ ਦੀ ਗਿਣਤੀ ਵਧ ਕੇ 96 ਹੋ ਗਈ ਅਤੇ ਹਰ ਸਾਲ ਇਹ ਗਿਣਤੀ ਵਧ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੌਨਸੈਟੋ ਨੇ ਆਪਣੀ ਰਿਪੋਰਟ ਵਿੱਚ ਅਜਿਹੀ ਕੋਈ ਵੀ ਘਟਨਾ ਵਾਪਰਨ ਤੋਂ ਸਾਫ ਇਨਕਾਰ ਕਰ ਦਿੱਤਾ।
ਦੂਜ਼ੇ ਸ਼ਬਦਾ ਵਿੱਚ, ਮੌਨਸੈਟੋ ਦੇ ਅਨੁਸਾਰ ਕੀੜੇ ਦੁਆਰਾ ਬੀ ਟੀ ਜ਼ਹਿਰ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਪੈਦਾ ਕਰ ਲੈਣਾ ਕੋਈ ਵੱਡੀ ਸਮੱਸਿਆ ਨਹੀ ਸੀ। ਮੌਨਸੈਟੋ ਇਸ ਸਮਸਿਆ ਦੇ ਨਿਰੀਖਣ ਲਈ ਜਿੰਮੇਵਾਰ ਸੀ ਪਰ ਇਹ ਗੱਲ ਕਦੇ ਵੀ ਸਾਹਮਣੇ ਨਾ ਆ ਪਾਉਂਦੀ ਜੇਕਰ ਇਓਵਾ ਰਾਜ ਯੂਨੀਵਰਸਿਟੀ ਦੇ ਇੱਕ ਸਵਤੰਤਰ ਕੀਟ ਵਿਗਿਆਨੀ ਆਰਨ ਗਾਸਮਾਨ ਅਗਸਤ ਵਿੱਚ ਇਓਵਾ ਵਿੱਚ ਇਸ ਤਰਾਂ ਦੇ ਹੋਏ ਚਾਰ ਕੇਸਾਂ ਨੂੰ ਲੋਕਾਂ ਸਾਹਮਣੇ ਨਾ ਲੈ ਕੇ ਆਉਂਦੇ।
ਮੌਨਸੈਂਟੋ ਤੋ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਤਰਾਂ ਦੀ ਹੋਈ ਕਿਸੇ ਵੀ ਘਟਨਾ ਨੂੰ ਮੰਨਣ ਤੋ ਇਨਕਾਰ ਕਰ ਦਿੱਤਾ। 
ਇਸ ਤਰਾਂ ਮੱਕੀ ਦੇ ਜੜ੍ਹ ਦੇ ਕੀੜੇ ਨੂੰ ਖ਼ਤਮ ਕਰਨ ਲਈ ਲਿਆਂਦੀ ਬੀ ਟੀ ਮੱਕੀ ਦੇ ਫੇਲ ਹੋਣ ਦੇ ਬਾਵਜ਼ੂਦ ਮੌਨਸੈਂਟੋ ਬੜੀ ਹੀ ਬੇਸ਼ਰਮੀ ਨਾਲ ਆਪਣੀ ਲਵੀਂ 'ਸਮਾਰਟਸਟੈਕਸ' ਮੱਕੀ ਦੇ ਬੀਜਾਂ ਦੀ ਮਸ਼ਹੂਰੀ ਕਰਨ ਵਿੱਚ ਲੱਗ ਗਈ ਹੈ, ਜਿਸ ਵਿੱਚ ਵਰਤਮਾਨ ਫੇਲ ਹੋਏ ਬੀ ਟੀ ਜ਼ਹਿਰ ਦੇ ਨਾਲ ਇੱਕ ਹੋਰ ਜ਼ਹਿਰ ਦਵਾਈ ਦੇ ਤੌਰ ਤੇ ਪਾਇਆ ਗਿਆ ਹੈ, ਜਿਸਨੂੰ ਵਰਤਣ ਦਾ ਲਾਇਸੈਂਸ ਮੌਨਸੈਂਟੋ ਨੇ ਆਪਣੀ ਪ੍ਰਤੀਯੋਗੀ ਕੰਪਨੀ 'ਡੋ' ਤੋ ਲਿਆ ਗਿਆ ਹੈ। 
ਮੌਨਸੈਂਟੋ ਨੇ ਆਪਣੇ ਇੱਕ ਬਿਆਨ ਵਿੱਚ ਉਹਨਾਂ ਕਿਸਾਨਾਂ, ਜਿੰਨਾਂ ਦੇ ਖੇਤਾਂ ਵਿੱਚ ਖੜੀ ਬੀ ਟੀ ਮੱਕੀ ਨੂੰ ਜੜ੍ਹ ਖਾਣ ਵਾਲੇ ਕੀੜੇ ਨੇ ਖ਼ਤਮ ਕਰ ਦਿੱਤਾ ਸੀ, ਨੂੰ ਕਿਹਾ ਹੈ ਕਿ ਉਹਨਾਂ ਨੂੰ ਇਸ ਕੀੜੇ ਤੋਂ ਅੱਗੇ ਰਹਿੰਦੇ ਹੋਏ ਆਪਣਿਆਂ ਢੰਗਾਂ ਨੂੰ ਬਦਲਣਾ ਚਾਹੀਦਾ ਹੈ। ਉਹਨਾਂ ਨੂੰ ਜਾਂ ਤਾਂ ਮੱਕੀ ਅਤੇ ਸੋਇਆਬੀਨ ਦਾ ਫ਼ਸਲ ਚੱਕਰ ਅਪਣਾਉਣਾ ਚਾਹੀਦਾ ਹੈ ਜਾਂ ਫਿਰ ਮੌਨਸੈਂਟੋ ਦਾ ਬੀ ਟੀ ਦੇ ਦੋ ਪ੍ਰਕਾਰ ਦੇ ਜ਼ਹਿਰਾਂ ਵਾਲਾ ਨਵਾਂ 'ਸਮਾਰਟਸਟੈਕਸ' ਮੱਕੀ ਦਾ ਬੀਜ ਖਰੀਦਣਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਜੜ੍ਹ ਦੇ ਕੀੜੇ ਨੂੰ ਖ਼ਤਮ ਕਰਨ ਲਈ ਦੋ ਅਲੱਗ ਪਕਾਰ ਦੇ ਜ਼ਹਿਰ ਹਨ, ਇਸ ਲਈ ਇਸ ਵਿਰੁੱਧ ਪ੍ਰਤੀਰੋਧਕ ਸ਼ਕਤੀ ਪੈਦਾ ਹੋਣ ਦਾ ਖ਼ਤਰਾ ਘੱਟ ਹੈ ਅਤੇ ਇਸ ਲਈ ਰੱਖਿਅਕ ਖੇਤਰ ਵੀ ਸਿਰਫ਼ 5 ਪ੍ਰਤੀਸ਼ਤ ਹੀ ਚਾਹੀਦਾ ਹੈ। ਕੰਪਨੀ ਨੇ ਈ ਪੀ ਏ ਨੂੰ 'ਸਮਾਰਟਸਟੈਕਸ' ਮੱਕੀ ਦੀ ਰੱਖਿਆ ਲਈ ਸਿਰਫ 5 ਪ੍ਰਤੀਸ਼ਤ ਜਮੀਨ ਰੱਖ ਕੇ ਬਾਕੀ 95 ਪ੍ਰਤੀਸ਼ਤ ਜਮੀਨ ਮੌਨਸੈਂਟੋ ਦੇ ਵਪਾਰ ਲਈ ਖੋਲਣ ਲਈ ਕਿਹਾ। 
ਪਰ ਦਸੰਬਰ ਵਿੱਚ ਈ ਪੀ ਏ ਦੇ ਵਿਗਿਆਨੀਆਂ ਵੱਲੋ ਇਸ ਸਿਫਾਰਿਸ਼ ਦੀ ਸਮਝ ਉੱਪਰ ਤਿੱਖਾ ਪ੍ਰਸ਼ਨ ਕੀਤਾ ਗਿਆ। ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਸਿਰਫ 5 ਪ੍ਰਤੀਸ਼ਤ ਰੱਖਿਆ ਖੇਤਰ ਦੇ ਨਾਲ ਬੀਜੇ ਜਾਣ ਤੇ ਦੋ ਬੀ ਟੀ ਜ਼ਹਿਰਾਂ ਵਿੱਚੋਂ ਇੱਕ ਦੇ ਪਹਿਲਾਂ ਹੀ ਫੇਲ ਹੋ ਚੁੱਕੇ ਅਤੇ ਆਪਣਾ ਅਸਰ ਗਵਾ ਚੁੱਕੇ ਬੀ ਟੀ ਜ਼ਹਿਰ ਦੇ ਨਾਲ 'ਸਮਾਰਟਸਟੈਕਸ' ਮੱਕੀ 'ਅਸਲ ਵਿੱਚ ਘੱਟ ਟਿਕਾਊ' ਸਾਬਿਤ ਹੋਵੇਗੀ ਅਤੇ ਅੰਤ ਵਿੱਚ ਇਹ ਕੀੜੇ ਨੂੰ ਕਾਬੂ ਕਰਨ ਲਈ ਵਰਤੇ ਗਏ ਦੂਸਰੇ ਅਸੰਬੰਧਿਤ ਜ਼ਹਿਰ ਨਾਲ ਸਮਝੌਤਾ ਕਰ ਸਕਦੀ ਹੈ। ਦੂਜ਼ੇ ਸ਼ਬਦਾਂ ਵਿੱਚ, 'ਸਮਾਰਟਸਟੈਕਸ' ਮੱਕੀ ਦਾ ਆਉਣਾ ਬੀ ਟੀ ਵਿਰੋਧੀ ਪ੍ਰਤੀਰੋਧਕ ਸ਼ਕਤੀ ਪ੍ਰਾਪਤ ਕਰ ਚੁੱਕੇ ਸੁਪਰਕੀੜੇ ਦੇ ਆਉਣ ਵਿੱਚ ਦੇਰ ਕਰਵਾ ਸਕਦਾ ਹੈ, ਪਰ ਉਸਨੂੰ ਆਉਣ ਤੋਂ ਰੋਕ ਨਹੀ ਸਕਦਾ। ਪ੍ਰੰਤੂ ਸਮੱਸਿਆਵਾਂ ਨੂੰ ਅੱਖੋਂ ਪ੍ਰੋਖੇ ਕਰਕੇ (ਖ਼ਤਮ ਕਰਨ ਲਈ ਨਹੀ) ਨਵੇ, ਮਹਿੰਗੇ ਅਤੇ ਕੰਪਨੀ ਲਈ ਲਾਭਦਾਇਕ ਸਮਾਧਾਨਾਂ ਨੂੰ ਲੈ ਕੇ ਆਉਣਾ ਸ਼ਾਇਦ ਇਸ ਐਗ੍ਰੀਕੈਮੀਕਲ ਕੰਪਨੀ ਦਾ ਬਿਜਨੈੱਸ ਮਾਡਲ ਹੈ।
ਹੁਣ ਪ੍ਰਸ਼ਨ ਇਹ ਹੈ ਕਿ ਕੀ ਈ ਪੀ ਏ ਦੇ ਫੈਸਲਾ ਕਰਨ ਵਾਲੇ ਅਧਿਕਾਰੀ ਰਿਪੋਰਟ ਦੇ ਇਸ ਹੈਰਾਨ ਕਰਨ ਵਾਲੇ ਹਿੱਸੇ ਵੱਲ ਧਿਆਨ ਦੇਣਗੇ ਅਤੇ ਅਸਲ ਕਰਤਾ ਮੌਨਸੈਂਟੋ 'ਤੇ ਸਵਤੰਤਰ ਨਿਗ੍ਹਾ ਰੱਖਣੀ ਸ਼ੁਰੂ ਕਰਨਗੇ?
ਜਿੱਥੋ ਤੱਕ ਮੱਧ ਪੱਛਮ ਵਿੱਚ ਫਿਰ ਰਹੇ ਉਸ ਭੁੱਖੇ ਜੜ੍ਹਾਂ ਨੂੰ ਖਾਣ ਵਾਲੇ ਕੀੜੇ ਦਾ ਸਵਾਲ ਹੈ ਤਾਂ ਉਸ ਲਈ ਬੜਾ ਹੀ ਆਸਾਨ ਹੱਲ ਹੈ - 'ਦਿ ਯੂਨੀਅਨ ਆੱਫ ਕਨਸਰਨਡ ਸਾਂਇੰਟਿਸਟ ਦੇ ਡਾੱਗ ਗੁਰੀਅਨ ਸ਼ੇਰਮਨ ਨੇ ਪਹਿਲਾਂ ਵੀ ਅਤੇ ਹੁਣ ਵੀ ਕਿਹਾ ਹੈ ਕਿ ਸਭ ਤੋਂ ਪਹਿਲਾਂ ਖੇਤਾ ਵਿੱਚ ਬਹੁਤ ਜ਼ਿਆਦਾ ਮੱਕੀ ਲਗਾਉਣਾ ਬੰਦ ਕਰੋ। ਖੇਤਾਂ ਵਿੱਚ ਵੰਨ-ਸੁਵੰਨਤਾ, ਮੌਨਸੈਂਟੋ ਵੱਲੋ ਬਣਾਏ ਅਤੇ ਪੇਟੈਂਟ ਕੀਤੇ ਗਏ ਬੀ ਟੀ ਤਕਨੀਕ ਤੋ ਕਿਤੇ ਵਧੀਆ ਹੈ ਅਤੇ ਇਹ ਵਿਭਿੰਨਤਾ ਸਾਨੂੰ ਇੱਕ ਸਿਹਤਮੰਦ ਭੋਜਨ ਦੀ ਪੂਰਤੀ ਵੀ ਕਰਦੀ ਹੈ।   

ਖੇਤੀ ਵਿੱਚ ਨਦੀਨਾਂ ਨੂੰ ਖਤਮ ਕਰਨ ਲਈ ਗਲਾਈਸੋਫੇਟ ਦੀ ਵਰਤੋਂ ਫਸਲਾਂ, ਜ਼ਮੀਨ, ਪਸ਼ੂਆਂ ਅਤੇ ਖਪਤਕਾਰਾਂ ਦੀ ਸਿਹਤ ਲਈ ਘਾਤਕ

ਅਮਰੀਕਾ ਵਿੱਚ ਵੱਖ-ਵੱਖ ਫਸਲਾਂ ਉੱਤੇ ਗਲਾਈਸੋਫੇਟ ਦੇ ਮਾਰੂ ਅਸਰਾਂ ਬਾਰੇ ਪਿਛਲੇ 20 ਸਾਲਾਂ ਤੇ ਲਗਾਤਾਰ ਖੋਜ਼ ਕਰ ਰਹੇ ਅਮਰੀਕੀ ਖੇਤੀਬਾੜੀ ਵਿਭਾਗ ਦੇ ਸੀਨੀਅਰ ਵਿੱਗਿਆਨੀ ਡਾਨ ਹਿਊਬਰ ਨੇ ਖੁਲਾਸਾ ਕੀਤਾ ਹੈ ਕਿ ਫਸਲਾਂ ਲਗਾਤਾਰ ਵਿੱਚ ਵਧ ਰਹੇ ਰੋਗਾਂ ਦੇ ਹਮਲੇ ਪਿੱਛੇ ਗਲਾਈਸੋਫੇਟ ਸਿੱਧੇ ਤੌਰ 'ਤੇ ਜਿੰਮੇਵਾਰ ਹੈ। ਸ਼੍ਰੀ ਹਿਊਬਰ ਸੰਯੁਕਤ ਰਾਜ ਅਮਰੀਕਾ ਖੇਤੀਬਾੜੀ ਵਿਭਾਗ ਦੇ ਨੈਸ਼ਨਲ ਡਿਜੀਜ਼ ਰਿਕਵਰੀ ਸਿਸਟਮ (ਰਾਸ਼ਟਰੀ ਰੋਗ ਨਿਵਾਰਣ ਪ੍ਰਣਾਲੀ) ਵਿੱਚ ਪਿਛਲੇ 40 ਸਾਲਾਂ ਤੋਂ ਪਲਾਂਟ ਫੀਜਿਉਲੌਜ਼ੀ ਅਤੇ ਪੈਥੋਲੋਜਿਸਟ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਗਲਾਈਸੋਫੇਟ ਦੇ ਫਸਲਾਂ ਉੱਪਰ ਮਾਰੂ ਅਸਰਾਂ ਬਾਰੇ ਖੋਜ਼ ਦੌਰਾਨ ਉਹਨਾਂ ਨੇ ਪਾਇਆ ਕਿ ਗਲਾਈਸੋਫੇਟ ਕਾਰਨ ਭੂਮੀ ਵਿੱਚ ਨਵੀਂ ਤਰ੍ਹਾਂ ਦੇ ਵਿਛਾਣੂ ਪੈਦਾ ਹੋਏ ਹਨ, ਜਿਹਨਾਂ ਨੂੰ ਉਹਨਾਂ ਨੇ ਨਿਊ ਟੂ ਸਾਂਇੰਸ ਦਾ ਵਿਸ਼ੇਸ਼ਣ ਦਿੱਤਾ ਹੈ। ਇਸਦੇ ਨਾਲ ਹੀ ਸ਼੍ਰੀ ਹਿਊਬਰ ਨੇ ਯੂਨਾਇਟਿਡ ਕਿੰਗਡਮ (ਇੰਗਲੈਂਡ) ਦੀ ਸੰਸਦ ਵਿੱਚ ਤਕਰੀਰ ਕਰਦਿਆਂ ਇਹ ਵੀ ਖੁਲਾਸਾ ਕੀਤਾ ਕਿ ਵਾਤਾਵਰਣ, ਜਾਨਵਰਾਂ ਅਤੇ ਮਨੁੱਖੀ ਸਿਹਤ ਲਈ ਸਭ ਤੋਂ ਗੰਭੀਰ ਖ਼ਤਰਾ ਹੈ।
ਸ਼੍ਰੀ ਹਿਊਬਰ ਦੀ ਖੋਜ਼ ਅਨੁਸਾਰ ਗਲਾਈਸੋਫੇਟ ਕਾਰਨ ਭੂਮੀ ਵਿੱਚ ਨਵੀਂਆਂ ਕਿਸਮਾਂ ਦੇ ਵਿਛਾਣੂ ਪਨਪਣ ਕਾਰਨ ਫਸਲਾਂ ਉੱਤੇ ਬਿਮਾਰੀਆਂ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ। ਭੂਮੀ ਵਿਚਲੇ ਸਹਿਯੋਗੀ ਜੀਵਾਣੂਆਂ ਦੇ ਵਿਨਾਸ਼ ਕਾਰਨ ਪੌਦਿਆਂ ਨੂੰ ਪੋਸ਼ਕ ਤੱਤਾਂ ਦੀ ਉਪਲਭਧਤਾ ਘਟ ਜਾਂਦੀ ਹੈ। ਸਿੱਟੇ ਵਜੋਂ ਉਹ ਕਈ ਤਰ੍ਹਾਂ ਦੇ ਤੱਤਾਂ ਘਾਟ ਦਾ ਸ਼ਿਕਾਰ ਹੋ ਜਾਂਦੇ ਹਨ। ਇਸਦੇ ਨਤੀਜੇ ਵਜੋਂ ਜਾਨਵਰ ਅਤੇ ਅੱਗੇ ਚੱਲ ਕੇ ਮਨੁੱਖ ਭਿਆਨਕ ਬਿਮਾਰੀਆਂ ਸ਼ਿਕਾਰ ਹੋ ਸਕਦੇ ਹਨ।
ਖੋਜ਼ ਵਿੱਚ ਇਹ ਤੱਥ ਵਿਸ਼ੇਸ਼ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ ਕਿ ਗਲਾਈਸੋਫੇਟ ਪੌਦਿਆਂ ਨੂੰ ਸੂਖਮ ਪੋਸ਼ਕ ਤੱਤਾਂ ਦੀ ਸਪਲਾਈ ਰੋਕ ਦਿੰਦਾ ਹੈ। ਜਿਹੜੇ ਕਿ ਪੌਦਿਆਂ ਨੂੰ ਤੰਦਰੁਸਤੀ ਪ੍ਰਦਾਨ ਕਰਨ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਪ੍ਰਦਾਨ ਕਰਦੇ ਹਨ। ਜੀ ਐਮ ਜਾਂ ਬੀਟੀ ਫਸਲਾਂ ਦੇ ਮਾਮਲੇ ਵਿੱਚ ਇਹ ਤੱਥ ਹੋਰ ਵੀ ਭਿਆਨਕ ਸਿੱਧ ਹੋ ਸਕਦੇ ਹਨ। ਜਿਵੇਂ ਕਿ ਰਾਂਊਂਡ ਅੱਪ ਰੈਡੀ ਜੀ ਐਮ ਫਸਲਾਂ ਜਿਹਨਾਂ ਵਿੱਚ ਕਿ ਗਲਾਈਸੋਫੇਟ ਵੱਡੇ ਪੱਧਰ 'ਤੇ ਨਦੀਨਨਾਸ਼ਕ ਵਜੋਂ ਛਿੜਕਿਆ ਜਾਂਦਾ ਹੈ ਵਿੱਚ ਨਵੇਂ ਤਰ੍ਹਾਂ ਦੇ ਵਿਛਾਣੂਆਂ ਦੀ ਭਰਮਾਰ ਹੈ। ਜਿਹੜੀ ਕਿ ਹੁਣ ਘੋੜਿਆਂ, ਭੇਡਾਂ, ਸੂਰਾਂ, ਗਊਆਂ, ਮੁਰਗੀਆਂ ਦੇ ਪ੍ਰਜਨਣ ਭਾਗਾਂ- ਵੀਰਯ ਅਤੇ ਐਮਿਉਟਿਕ ਤਰਲ (ਗਰਭ ਕਾਲ ਦੌਰਾਨ ਬੱਚੇਦਾਨੀ ਵਿੱਚ ਪਾਇਆ ਜਾਣ ਵਾਲਾ ਤਰਲ ਪਦਾਰਥ ) ਸਮੇਤ ਮਲਟੀਪਲ ਟਿਸ਼ੂਜ, ਫਸਲੀ ਰਹਿੰਦ-ਖੂੰਹਦ, ਮਲ-ਮੂਤਰ, ਭੂਮੀ, ਅੰਡਿਆਂ, ਦੁੱਧ ਵਿੱਚ ਪਾਈ ਜਾ ਰਹੀ ਹੈ।  ਇੱਥੋਂ ਤੱਕ ਕਿ ਆਮ ਹੀ ਪਾਈਆਂ ਜਾਣ ਵਾਲੀਆ ਹਾਨੀਕਾਰੀ ਉੱਲੀਆਂ ਜਿਵੇਂ ਕਿ ਫਿਊਜੇਰੀਅਮ ਸੋਲਿਨੀ ਐਫ ਐਸ ਪੀ ਗਲਾਈਸਿਨਜ਼ ਮਾਈਸੇਲੀਅਮ ਜੀ ਐਮ ਫਸਲਾਂ 'ਤੇ ਭਾਰੀ ਪੈ ਰਹੀਆਂ ਹਨ। ਸਿੱਟੇ ਵਜੋਂ ਗਲਾਈਸੋਫੇਟ ਦੇ ਛਿੜਕਾਅ ਵਾਲੇ ਖੇਤਾਂ ਵਿੱਚ ਪੌਦੇ ਪਲਾਂਟ ਗੌਸ ਵਿਲਟ ਅਤੇ ਸਡਨ ਡੈੱਥ ਸਿੰਡਰੋਮ ਦੇ ਸ਼ਿਕਾਰ ਹੋ ਕੇ ਮਰ ਰਹੇ ਹਨ।  
ਇਸ ਲਈ ਗਲਾਈਸੋਫੇਟ ਦੇ ਭੂਮੀ ਦੀ ਉਪਜਾਊ ਸ਼ਕਤੀ ਸਮੇਤ ਸਮੁੱਚੇ ਵਾਤਾਵਰਣ, ਜਾਨਵਰਾਂ ਅਤੇ ਮਨੁਖੀ ਉੱਪਰ ਹੋ ਰਹੇ ਮਾਰੂ ਅਸਰਾਂ ਮੱਦ-ਏ-ਨਜ਼ਰ ਖੇਤੀ ਵਿੱਚ ਗਲਾਈਸੋਫੇਟ ਦੀ ਵਰਤੋਂ 'ਤੇ ਮੁੜ ਵਿਚਾਰ ਕੀਤੀ ਜਾਣੀ ਚਾਹੀਦੀ ਹੈ।
ਪੂਰੀ ਰਿਪੋਰਟ ਦਾ ਵਿਸਥਾਰ  “ਬਲਿਹਾਰੀ ਕੁਦਰਤ” ਦੇ ਅਗਲੇ ਅੰਕ ਵਿੱਚ ਪਾਠਕਾਂ ਨਾਲ ਸਾਂਝਾ  ਕੀਤਾ ਜਾਵੇਗਾ

ਖੁਦਰਾ ਬਾਜ਼ਾਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਕਿਸਾਨਾਂ ਦੀ ਆਫ਼ਤ!


ਯੂ ਪੀ ਵਿੱਚ ਚੋਣਾਂ ਦੇ ਮੱਦੇਨਜ਼ਰ ਭਲੇ ਹੀ ਸਰਕਾਰ ਨੇ ਸਿੱਧੇ ਵਿਦੇਸ਼ੀ ਨਿਵੇਸ਼ ਦੀ ਨੀਤੀ ਨੂੰ ਸਥਗਿਤ ਕਰ ਦਿੱਤਾ ਹੋਵੇ ਪਰ ਇਹ ਵੀ ਸੱਚ ਹੈ ਕਿ ਇਸ ਅੰਤਰਾਲ ਵਿੱਚ ਸਰਕਾਰ ਇਸਨੂੰ ਵਾਪਸ ਲਿਆਉਣ ਲਈ ਸਾਰੇ ਜ਼ਰੂਰੀ ਕ੍ਰਿਆ ਕਲਾਪ ਕਰੇਗੀ। ਕਿਉਂਕਿ ਵਪਾਰੀ ਇਸ ਨੀਤੀ ਦਾ ਵਿਰੋਧ ਕਰ ਰਹੇ ਹਨ, ਇਸ ਲਈ ਸਰਕਾਰ ਕਿਸਾਨਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਅਤੇ ਪ੍ਰਚਾਰ ਸਾਧਨਾਂ ਰਾਹੀ ਵਾਰ-ਵਾਰ ਇੱਕੋ ਕਹਾਣੀ ਸੁਣਾਈ ਗਈ ਕਿ ਖੁਦਰਾ ਬਾਜ਼ਾਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਕਿਸਾਨਾਂ ਲਈ ਕਿੰਨਾਂ ਹਿਤਕਾਰੀ ਹੈ, ਜਦੋਂਕਿ ਜਿਹਨਾਂ ਦੇਸ਼ਾਂ ਵਿੱਚ ਇਹ ਨੀਤੀ ਲਾਗੂ ਹੈ, ਉੱਥੇ ਕਿਸਾਨ ਅਤੇ ਖੇਤੀ ਦੋਵਾਂ ਦੀ ਸਥਿਤੀ ਕਾਫੀ ਬੁਰੀ ਹੈ, ਜਿਸਦਾ ਸਿੱਧਾ ਜਿਹਾ ਅਰਥ ਹੈ ਕਿ ਇਹ ਨੀਤੀ ਕਿਸਾਨਾਂ ਦੇ ਲਈ ਕਾਫੀ ਨੁਕਸਾਨਦੇਹ ਹੈ। ਸ਼ੇਖਰ ਸਵਾਮੀ ਕਰ ਰਹੇ ਹਨ ਪੂਰਾ ਆਕਲਨ


ਵੱਡੇ ਰਿਟੇਲਰਾਂ ਦਾ ਬਿਜਨੈੱਸ ਮਾਡਲ

ਪੱਛਮ ਵਿੱਚ ਅਤੇ ਹੋਰ ਸਾਰੀ ਜਗਾ ਵੱਡੇ ਰਿਟੇਲ ਇੱਕ ਸਰਲ ਬਿਜਨੈੱਸ ਮਾਡਲ ਉੱਤੇ ਕੰਮ ਕਰਦੇ ਹਨ। ਇਹ ਮਾਡਲ ਹੈ- ਵੱਡੇ ਤੋਂ ਵੱਡਾ ਬਣਦੇ ਜਾਉ, ਜਦ ਤੱਕ ਬਾਜ਼ਾਰ ਵਿੱਚ ਅਲਪਾਧਿਕਾਰ ਸਥਾਪਿਤ ਨਾ ਹੋ ਜਾਵੇ। ਇਹ ਇੱਕ ਅਜਿਹੀ ਸਥਿਤੀ ਹੈ ਜਿੱਥੇ ਘੱਟ ਸੰਖਿਆਂ ਵਾਲੇ ਵਿਕ੍ਰੇਤਾ ਖ਼ਰੀਦਣ ਵਾਲਿਆਂ ਦੀ ਵੱਡੀ ਸੰਖਿਆ ਉੱਤੇ ਹਾਵੀ ਹੋ ਜਾਂਦੇ ਹਨ। ਉਦਾਹਰਣ ਦੇ ਲਈ ਬ੍ਰਿਟੇਨ ਦੇ ਫੂਡ ਰਿਟੇਲ ਉਦਯੋਗ ਉੱਤੇ ਕੇਵਲ ਚਾਰ ਸੁਪਰ ਮਾਰਕਿਟ ਚੇਨਾਂ ਦਾ ਅਧਿਕਾਰ ਹੈ, ਜੋ ਸੰਮਲਿਤ ਰੂਪ ਵਿੱਚ ਲਗਭਗ ਦੋ ਤਿਹਾਈ ਤੋਂ ਜ਼ਿਆਦਾ ਰਿਟੇਲ ਫੂਡ ਦੀ ਵਿਕਰੀ ਕਰਦੀ ਹੈ।
ਇਸੀ ਤਰਾਂ ਅਮਰੀਕਾ ਵਿੱਚ ਚੋਟੀ ਦੇ ਪੰਜ ਵੱਡੇ ਰਿਟੇਲਰਜ਼ ਦੀ ਲਗਭਗ 60 ਪ੍ਰਤੀਸ਼ਤ ਵਿਕਰੀ ਹੈ। ਇਸਦਾ ਪਰਿਣਾਮ ਇਹ ਹੁੰਦਾ ਹੈ ਕਿ ਇਹ ਰਿਟੇਲਰਜ਼ ਆਪਣੇ ਸਪਲਾਇਰਾਂ ਦੇ ਉੱਪਰ ਆਪਣਾ ਵਿਸ਼ਾਲ ਨਿਯੰਤ੍ਰਣ ਬਣਾ ਲੈਂਦੇ ਹਨ ਜਿਨ੍ਹਾਂ ਵਿੱਚ ਕਿਸਾਨ ਵੀ ਸ਼ਾਮਿਲ ਹਨ। ਇਸ ਸਥਿਤੀ ਦੀ ਵਜ੍ਹਾ  ਨਾਲ ਵਿਦੇਸ਼ਾਂ ਵਿੱਚ ਖੇਤੀ ਮੁੱਲ ਘੱਟ ਹੋ ਗਏ ਹਨ ਅਤੇ ਕਿਸਾਨ ਖੇਤੀ ਛੱਡਣ ਲਈ ਮਜ਼ਬੂਰ ਹੋ ਗਏ ਹਨ। ਜਲਦੀ ਹੀ ਇਹ ਰਿਟੇਲਰ ਭਾਰਤ ਵਿੱਚ ਵੀ ਇਸੇ ਮਾਡਲ ਤੇ ਕੰਮ ਕਰਨਗੇ ਜਿਸਦੇ ਭਾਰਤੀ ਕਿਸਾਨਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ

ਪੰਜਾਬ ਦਾ ਉਦਾਹਰਣ ਗਲਤ ਕਿਉਂ ਹੈ?
ਇੱਕ ਪ੍ਰਮੁੱਖ ਟੀ ਵੀ ਚੈਨਲ ਨੇ ਪੰਜਾਬ ਦੇ ਕੁੱਝ ਕਿਸਾਨਾਂ ਦੀ ਕਹਾਣੀ ਨੂੰ ਦਿਖਾਇਆ ਜਿਸ ਵਿੱਚ ਇਸ ਗੱਲ ਤੇ ਚਾਨਣਾ ਪਾਇਆ ਗਿਆ ਕਿ ਕਿਵੇਂ ਇੱਕ ਰਿਟੇਲਰ ਨੇ ਅਨਾਜ ਨੂੰ ਉਹਨਾਂ ਤੋ ਸਿੱਧੇ ਖਰੀਦ ਕੇ ਉਹਨਾਂ ਨੂੰ ਜ਼ਿਆਦਾ ਮੁਨਾਫਾ ਪਹੁੰਚਾਇਆ। ਇਹ ਇੱਕ ਪ੍ਰਕਾਰ ਦਾ ਦੋਸ਼ਪੂਰਣ ਤਰਕ ਹੈ ਜਿਸਦਾ ਵਰਣਨ ਕਾਲਜ ਦੀਆਂ ਪਾਠ ਪੁਸਤਕਾਂ ਵਿੱਚ ਭਰਮ ਪੈਦਾ ਕਰਨ ਵਾਲੀ ਸਥਿਤੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦ ਕਿਸੀ ਇੱਕ ਅਨੁਚਿਤ ਨਮੂਨੇ ਨੂੰ ਆਧਾਰ ਬਣਾ ਕੇ ਪੂਰੀ ਵਿਵਸਥਾ ਦਾ ਨਤੀਜਾ ਕੱਢ ਲਿਆ ਜਾਂਦਾ ਹੈ। ਸਪੱਸ਼ਟ ਰੂਪ ਵਿੱਚ ਚੈਨਲ ਨੇ ਕੁੱਝ ਅਜਿਹੇ ਕਿਸਾਨਾਂ ਨੂੰ ਚੁਣਿਆ ਸੀ ਜੋ ਇਸ ਉਦਾਹਰਣ ਵਿੱਚ ਉਹਨਾਂ ਦੇ ਨਤੀਜੇ ਕੱਢਣ ਲਈ ਉਚਿਤ ਸਨ। ਕਿਸਾਨਾਂ ਉੱਪਰ ਇਸਦੇ ਅਸਰ ਦਾ ਵਿਸ਼ਲੇਸ਼ਣ ਕਰਨ ਦਾ ਸਿਰਫ ਇੱਕ ਹੀ ਤਰੀਕਾ ਹੈ ਕਿ ਉਹਨਾਂ ਦੇਸ਼ਾਂ ਵੱਲ ਦੇਖਿਆ ਜਾਵੇ ਜਿੱਥੇ ਵੱਡੇ ਰਿਟੇਲਰ ਬਜ਼ਾਰ ਉੱਤੇ ਰਾਜ ਕਰਦੇ ਹਨ ਅਤੇ ਜਾਣਿਆ ਜਾਵੇ ਕਿ ਉੱਥੋਂ ਦੇ ਪੂਰੇ ਕਿਸਾਨ ਸਮਾਜ ਦਾ ਕੀ ਹਾਲ ਹੋਇਆ ਹੈ। 

ਕਿਸਾਨਾਂ ਲਈ ਨਿਰੰਤਰ ਘਟਦੇ ਹੋਏ ਵੇਚ ਮੁੱਲ
ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਉੱਤੇ ਰਿਟੇਲ ਸ਼ਕਤੀ ਦੇ ਪ੍ਰਭਾਵ ਨੂੰ ਮਾਪਣ ਲਈ ਇੱਕ ਸਹੀ ਤਰੀਕਾ ਹੈ ਕਿ ਸੁਪਰ ਮਾਰਕਿਟ ਵਿੱਚ ਅਨਾਜ ਉੱਪਰ ਖ਼ਰਚ ਕੀਤੇ ਜਾ ਰਹੇ ਹਰੇਕ ਡਾਲਰ ਦੇ ਉਸ ਭਾਗ ਉੱਪਰ ਨਜ਼ਰ ਮਾਰੋ ਜਿਸਨੂੰ ਰਿਟੇਲ ਫੂਡ ਡਾਲਰ ਕਿਹਾ ਜਾਂਦਾ ਹੈ ਅਤੇ ਜੋ ਖੇਤੀ ਵਿੱਚ ਵਾਪਸ ਚਲਾ ਜਾਂਦਾ ਹੈ। ਇਸ ਨਾਪ ਦੁਆਰਾ ਅਮਰੀਕਾ ਵਿੱਚ ਲਗਭਗ ਸਾਰੇ ਅਨਾਜ ਉਤਪਾਦਕਾਂ ਨੇ ਦੇਖਿਆ ਹੈ ਕਿ ਰਿਟੇਲ ਫੂਡ ਡਾਲਰ ਦਾ ਉਹਨਾਂ ਦਾ ਅੰਸ਼ ਸਮੇਂ ਦੇ ਨਾਲ ਘੱਟ ਹੁੰਦਾ ਗਿਆ ਹੈ ਅਤੇ ਇੰਨੇ ਘੱਟ ਅੰਕਾਂ ਤੱਕ ਪਹੁੰਚ ਗਿਆ ਹੈ ਕਿ ਕਿਸਾਨਾਂ ਦਾ ਇੱਕ ਵੱਡਾ ਸਮੂਹ ਵਪਾਰ ਤੋਂ ਬਾਹਰ ਨਿਕਲਣ ਲਈ ਮਜ਼ਬੂਰ ਹੋ ਗਿਆ।
1950 ਵਿੱਚ ਖੇਤੀ ਉਤਪਾਦਾਂ ਦੀ ਵਿਆਪਕ ਸ਼੍ਰੇਣੀ ਵਿੱਚੋਂ ਅਮਰੀਕਾ ਦੇ ਕਿਸਾਨਾਂ ਨੂੰ ਸੁਪਰ ਮਾਰਕਿਟ ਵਿੱਚ ਖ਼ਰਚ ਕੀਤੇ ਗਏ ਹਰੇਕ ਫੂਡ ਡਾਲਰ ਦੇ 40.9 ਸੈਂਟ ਮਿਲਦੇ ਸਨ। ਸੰਨ 2007 ਤੱਕ ਇਹ ਸੰਖਿਆ ਸੁੰਗੜ ਕੇ 18.5 ਸੈਂਟ ਤੱਕ ਰਹਿ ਗਈ। ਖੇਤੀ ਨੂੰ ਮਿਲਣ ਵਾਲੀ ਇਹ 22 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਸੀ, ਜਿਸਨੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। ਦਰਅਸਲ ਜਿਵੇਂ-ਜਿਵੇਂ ਵੱਡੇ ਰਿਟੇਲਰਜ਼ ਆਪਣਾ ਮਾਰਕਿਟ ਸ਼ੇਅਰ ਵਧਾਉਂਦੇ ਹਨ, ਕਿਸਾਨਾਂ ਦਾ ਹਿੱਸਾ ਘੱਟ ਤੋਂ ਘੱਟ ਹੁੰਦਾ ਜਾਂਦਾ ਹੈ। ਨਾ ਸਿਰਫ ਕਿਸਾਨ, ਬਲਕਿ ਅਮਰੀਕਾ ਵਿੱਚ ਛੋਟੇ ਪਸ਼ੂਸ਼ਾਲਾ ਮਾਲਿਕਾਂ/ਕਿਸਾਨਾਂ ਦੇ ਵਜ਼ੂਦ ਵੀ ਗੰਭੀਰ ਖ਼ਤਰੇ ਵਿੱਚ ਹੈ ਕਿਉਂਕਿ ਉਹ ਸਾਲ ਦਰ ਸਾਲ ਵਿਸ਼ਾਲ ਸੰਖਿਆ ਵਿੱਚ ਵਪਾਰ ਤੋਂ ਬਾਹਰ ਨਿਕਲਦੇ ਜਾ ਰਹੇ ਹਨ। ਦਰਅਸਲ ਉਹਨਾਂ ਦੇ ਮੁਨਾਫੇ ਦਾ ਪ੍ਰਤੀਸ਼ਤ ਲਗਾਤਾਰ ਘਟਦਾ ਜਾ ਰਿਹਾ ਹੈ।
ਬ੍ਰਿਟੇਨ ਵਿੱਚ ਰਾਇਲ ਐਸੋਸੀਏਸ਼ਨ ਆਫ ਬ੍ਰਿਟਿਸ਼ ਡੇਅਰੀ ਫਾਰਮਰਜ਼ ਨੇ ਉੱਚੀ ਆਵਾਜ਼ ਵਿੱਚ ਸ਼ਿਕਾਇਤ ਕੀਤੀ ਹੈ ਕਿ ਤਾਜ਼ੇ ਦੁੱਧ ਦੇ ਲਈ ਉਤਪਾਦਕਾਂ ਨੂੰ ਦਿੱਤਾ ਜਾਣ ਮੁੱਲ ਹੁਣ ਹੋਰ ਕਾਇਮ ਨਹੀ ਰੱਖਿਆ ਜਾ ਸਕਦਾ ਕਿਉਂਕਿ ਇੱਕ ਔਸਤ ਉਤਪਾਦਕ ਉਤਪਾਦਿਤ ਦੁੱਧ ਦੇ ਹਰ ਲਿਟਰ ਉੱਤੇ ਨੁਕਸਾਨ ਉਠਾ ਰਿਹਾ ਹੈ। ਅਜਿਹਾ ਹੋਣ ਦੇ ਬਾਵਜ਼ੂਦ ਵੀ,ਤਾਜ਼ੇ ਦੁੱਧ ਉੱਤੇ ਸੁਪਰ ਮਾਰਕਿਟ ਦੇ ਲਾਭ ਸਮੇਂ ਦੇ ਨਾਲ ਨਿਯਮਿਤ ਰੂਪ ਨਾਲ ਵਧਦੇ ਰਹੇ ਹਨ। ਇਸਦੇ ਪਰਿਣਾਮਸਵਰੂਪ ਛੋਟੇ ਉਤਪਾਦਕਾਂ ਨੇ ਆਪਣੇ ਡੇਅਰੀ ਉਦਯੋਗ ਬੰਦ ਕਰ ਦਿੱਤੇ ਹਨ।      

ਆਰਕਿਕ ਸਹਾਇਤਾ ਤੇ ਅਧਾਰਿਤ ਖੇਤੀ
ਜਿਵੇਂ ਕਿ ਪ੍ਰਚਾਰ ਰਿਪੋਰਟਰਾਂ ਦੁਆਰਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੱਡੇ ਵਿਦੇਸ਼ੀ ਰਿਟੇਲਰ ਸਾਡੇ ਕਿਸਾਨਾਂ ਨੂੰ ਮਜ਼ਬੂਤ ਕਰ ਸਕਦੇ ਹਨ ਤਾਂ ਉਹਨਾਂ ਦੇਸ਼ਾਂ ਵਿੱਚ ਇਸ ਗੱਲ ਦੇ ਸਬੂਤ ਕਿਉਂ ਨਹੀ ਨਜ਼ਰ ਆਉਂਦੇ, ਜਿੱਥੇ ਇਹਨਾਂ ਰਿਟੇਲਰਜ਼ ਨੇ ਆਪਣੇ ਖੰਭ ਸਭ ਤੋਂ ਜ਼ਿਆਦਾ ਫੈਲਾ ਰੱਖੇ ਹਨ। ਅਮਰੀਕਾ ਵਿੱਚ ਸੰਨ 1995 ਤੋਂ 2010 ਦੇ ਦੌਰਾਨ ਕਿਸਾਨਾਂ ਨੂੰ ਲਗਭਗ 167 ਬਿਲੀਅਨ ਡਾਲਰ ਦੀ ਪ੍ਰਤੱਖ ਸਮੱਗਰੀ ਆਰਥਿਕ ਸਹਾਇਤਾ ਪ੍ਰਾਪਤ ਹੋਈ।  ਯੂਰਪੀਨ ਯੂਨੀਅਨ ਨੇ ਸਿਰਫ 2010 ਵਿੱਚ 39 ਬਿਲੀਅਨ ਯੂਰੋ(51 ਬਿਲੀਅਨ ਅਮਰੀਕੀ ਡਾਲਰ) ਦੀ ਪ੍ਰਤੱਖ ਕਿਸਾਨ ਆਰਥਿਕ ਸਹਾਇਤਾ ਦਾ ਭੁਗਤਾਨ ਕੀਤਾ। ਇਹ ਆਰਥਿਕ ਸਹਾਇਤਾ ਕਿਉਂ? ਜਦ ਕਿ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਵੱਡੇ ਰਿਟੇਲਰਜ਼ ਕਿਸਾਨਾਂ ਨੂੰ ਉੱਤਮ ਮੁੱਲ ਦੇ ਰਹੇ ਹਨ। 

ਮੈਕਸਿਕੋ ਦਾ ਤਰਸਯੋਗ ਉਦਾਹਰਣ
ਸੰਨ 1994 ਵਿੱਚ ਮੈਕਸਿਕੋ(ਜਨਸੰਖਿਆਂ ਇੱਕ ਕਰੋੜ) ਨੇ ਨਾਰਥ ਅਮੇਰਿਕਨ ਫ੍ਰੀ ਟ੍ਰੇਡ ਐਗ੍ਰੀਮੈਂਟ(ਨਾਫਟਾ) ਉੱਪਰ ਦਸਤਖ਼ਤ ਕੀਤੇ। ਉਦੋਂ ਤੋਂ ਇਸ ਦੇਸ਼ ਉੱਤੇ ਵਾਸਤਵਿਕ ਰੂਪ ਵਿੱਚ ਵਾਲਮਾਰਟ ਦਾ ਕਬਜ਼ਾ ਹੁੰਦੇ ਦੇਖਿਆ ਗਿਆ ਹੈ। ਇਸ ਦੇਸ਼ ਵਿੱਚ ਵਾਲਮਾਰਟ ਨੇ ਦੇਸ਼ ਦੇ ਰਿਟੇਲ ਬਾਜ਼ਾਰ ਦਾ ਲਗਭਗ 50 ਪ੍ਰਤੀਸ਼ਤ ਹਿੱਸਾ ਪ੍ਰਾਪਤ ਕਰ ਲਿਆ ਹੈ। ਮੈਕਸਿਕੋ ਨੂੰ ਹੁਣ ਆਰਥਿਕ ਰੂਪ ਤੋਂ ਗ਼ੁਲਾਮ ਰਾਜ ਕਿਹਾ ਜਾ ਸਕਦਾ ਹੈ। ਵੱਡੇ ਰਿਟੇਲ ਅਤੇ ਨਾਫਟਾ ਦੇ ਅੰਤਰਗਤ ਆਯਾਤ ਦੇ ਮੇਲ ਨੇ ਦੇਸ਼ ਦੇ 25 ਪ੍ਰਤੀਸ਼ਤ ਕਿਸਾਨਾਂ ਭਾਵ ਲਗਭਗ 12.5 ਲੱਖ ਛੋਟੇ ਮੈਕਸਿਕਨ ਕਿਸਾਨਾਂ ਨੂੰ ਉਹਨਾਂ ਦੇ ਖੇਤ ਛੱਡਣ ਤੇ ਮਜ਼ਬੂਰ ਕਰ ਦਿੱਤਾ ਹੈ।
ਨਤੀਜੇ ਵਜੋਂ ਅਮਰੀਕਾ ਵਿੱਚ ਨਜ਼ਾਇਜ਼ ਪ੍ਰਵਾਸ, ਜਿਸਨੂੰ ਨਾਫਟਾ ਦੇ ਕਾਰਣ ਘੱਟ ਹੋਣਾ ਸੀ, ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ।
ਭਾਰਤ ਵਿੱਚ ਪਥ-ਭ੍ਰਿਸ਼ਟ ਨੀਤੀਆਂ ਦੇ ਕਾਰਣ ਹੋਣ ਵਾਲਾ ਇਸ ਤਰਾਂ ਦਾ ਥੋੜ੍ਹਾ ਜਿਹਾ ਵਿਸਥਾਪਨ ਇੱਕ ਵੱਡੇ ਪੱਧਰ 'ਤੇ ਸਮਾਜਿਕ ਅਸ਼ਾਂਤੀ ਦਾ ਕਾਰਣ ਬਣੇਗਾ। ਭਾਰਤ ਵਿੱਚ 5.8 ਕਰੋੜ ਤੋਂ ਅਧਿਕ ਛੋਟੇ ਕਿਸਾਨ, 1.2 ਕਰੋੜ ਤੋਂ ਜ਼ਿਆਦਾ ਛੋਟੇ ਰਿਟੇਲਰਜ਼ ਅਤੇ 2.6 ਕਰੋੜ ਤੋਂ ਜ਼ਿਆਦਾ ਛੁਟੇ ਅਤੇ ਅਤੀ ਛੋਟੇ ਉਦਯੋਗ ਹਨ, ਜੋ ਲਗਭਗ 45 ਕਰੋੜ ਲੋਕਾਂ ਦਾ ਪ੍ਰਤੀਨਿਧਤਵ ਕਰਦੇ ਹਨ। ਰਿਟੇਲ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਰਨ ਵਾਲੀਆਂ ਪਾਰਟੀਆ ਦੇ 300 ਸੰਸਦ ਸਹੀ ਹਨ। ਇੰਨੇ ਵੱਡੇ ਜਨ ਸਮੂਹ ਨੂੰ ਅਸ਼ਾਂਤ ਕਰਨਾ ਰਾਜਨੀਤਿਕ ਰੂਪ ਨਾਲ ਜੋਖਿਮ ਭਰਿਆ ਹੋਵੇਗਾ।
ਵਿਦੇਸ਼ਾਂ ਵਿੱਚ ਰਿਟੇਲ ਦਾ ਅਸਰ
1950 ਵਿੱਚ ਅਮਰੀਕਾ ਦੇ ਕਿਸਾਨਾਂ ਨੂੰ ਸੁਪਰਮਾਰਕਿਟ ਵਿੱਚ ਖਰਚ ਕੀਤੇ ਗਏ ਹਰੇਕ ਫੂਡ ਡਾਲਰ ਦੇ 40.9 ਸੈਂਟ ਮਿਲਦੇ ਸਨ।
2007 ਤੱਕ ਇਹ ਸੰਖਿਆ ਸੁੰਗੜ ਕੇ 18.5 ਸੈਂਟ ਤੱਕ ਰਹਿ ਗਈ। ਖੇਤੀ ਨੂੰ ਮਿਲਣ ਵਾਲੀ ਇਹ 22 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਸੀ, ਜਿਸਨੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ।
1990 ਵਿੱਚ ਪਸ਼ੂਸ਼ਾਲਾ ਮਾਲਿਕਾਂ ਅਤੇ ਕਿਸਾਨਾਂ ਨੂੰ ਮਾਂਸ ਉੱਤੇ ਖਰਚ ਹੋਏ ਰਿਟੇਲ ਡਾਲਰ ਦੇ 60 ਸੈਂਟ, ਰਿਟੇਲਰਜ਼ ਨੂੰ 32.5 ਸੈਂਟ  ਅਤੇ ਮਾਂਸ ਕੰਪਨੀਆਂ ਨੂੰ 7.5 ਸੈਂਟ ਪ੍ਰਾਪਤ ਹੁੰਦੇ ਸਨ।
2009 ਵਿੱਚ ਇਹ ਸੰਖਿਆਵਾਂ ਉਲਟ ਚੁੱਕੀਆਂ ਸਨ - ਰਿਟੇਲਰਜ਼ ਮਾਂਸ ਉੱਤੇ ਖ਼ਪਤਕਾਰਾਂ ਦੁਆਰਾ ਖਰਚੇ ਹਰੇਕ ਡਾਲਰ ਦਾ 49 ਸੈਂਟ ਅੰਸ਼ ਲੈਂਦੇ ਸਨ (16.5 ਸੈਂਟ ਜ਼ਿਆਦਾ), ਜਦੋਂਕਿ ਪਸ਼ੂਸ਼ਾਲਾ ਮਾਲਿਕਾਂ ਅਤੇ ਕਿਸਾਨਾਂ ਨੂੰ 42.5 ਸੈਂਟ(17.5 ਸੈਂਟ ਘੱਟ) ਮਾਂਸ ਪੈਕ ਕਰਨ ਵਾਲਿਆਂ ਨੂੰ 8.5
ਸੈਂਟ ਮਿਲਦੇ ਸਨ।
ਟੈਸਕੋ ਵਿੱਚ ਜਿੱਥੇ ਖਪਤਕਾਰ ਨੂੰ ਦੁੱਧ ਦੇ ਚਾਰ ਪਵਾਇੰਟ ਖਰੀਦਣ ਲÂਂੀ 1.45 ਬ੍ਰਿਟਿਸ਼ ਪੌਡ ਦੇਣੇ ਹੁੰਦੇ ਹਨ, ਉਤਪਾਦਕਾਂ ਨੂੰ ਇਸਦਾ ਕੇਵਲ 58 ਪੈਨ (40 ਪ੍ਰਤੀਸ਼ਤ) ਪ੍ਰਾਪਤ ਹੁੰਦਾ ਹੈ, ਜਿਸ ਵਿੱਚ ਹਰ ਪਵਾਇੰਟ ਤੇ 3 ਪੈਨ ਦਾ ਨੁਕਸਾਨ ਹੁੰਦਾ ਹੈ। ਫਲਸਵਰੂਪ ਛੋਟੇ ਉਤਪਾਦਕਾਂ ਨੇ ਡੇਅਰੀ ਉਦਯੋਗ ਬੰਦ ਕਰ ਦਿੱਤੇ ਹਨ।ਸਰੋਤ: news.bbc.co.uk 
ਭਾਰਤ ਵਿੱਚ ਇੱਕ ਲਿਟਰ ਦੁੱਧ ਉੱਤੇ ਜੋ ਖਪਤਕਾਰ ਖਰਚ ਕਰਦਾ ਹੈ, ਉਸਦਾ ਡੇਅਰੀ ਉਤਪਾਦਕ 75 ਪ੍ਰਤੀਸ਼ਤ ਤੱਕ ਪ੍ਰਾਪਤ ਕਰਦੇ ਹਨ।    
 ਪੱਛਮੀ ਯੂਰਪ ਵਿੱਚ ਫੂਡ ਰਿਟੇਲ ਢਾਂਚਾ
ਪੱਛਮੀ ਯੂਰਪ ਵਿੱਚ ਵੱਡੇ ਰਿਟੇਲਰਜ਼ ਦੇ 110 ਖਰੀਦਾਰੀ ਕਾਊਂਟਰ 32 ਲੱਖ ਕਿਸਾਨਾਂ ਤੋਂ ਆਉਣ ਵਾਲੇ ਮਾਲ ਉੱਪਰ ਨਿਯੰਤ੍ਰਣ ਰੱਖਦੇ ਹਨ, ਜਿਸਦੀ ਸਪਲਾਈ 16 ਕਰੋੜ ਖਪਤਕਾਰਾਂ ਤੱਕ ਕੀਤੀ ਜਾਂਦੀ ਹੈ। 
*ਲੇਖਕ ਆਰ ਕੇ ਸਵਾਮੀ, ਹੰਸਾ ਦੇ ਗਰੁੱਪ ਸੀ ਈ ਓ ਅਤੇ ਨਾਰਥਵੈਸਟਰਨ ਯੂਨੀਵਰਯਿਟੀ, ਅਮਰੀਕਾ ਵਿੱਚ ਅਤਿਥੀ ਪ੍ਰੋਫੈਸਰ ਹਨ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)   

ਜੈਵਿਕ ਖੇਤੀ ਦਾ ਵਿਗਿਆਨ: ਪ੍ਰਚੱਲਿਤ ਖੇਤੀ ਦੇ ਤੁਲਨਾਤਮਕ ਅਧਿਐਨ 'ਤੇ ਆਧਾਰਿਤ ਸਾਰਾਂਸ਼

ਡਾ. ਓਮ ਪ੍ਰਕਾਸ਼ ਰੁਪੇਲਾ
(ਸੇਵਾ ਮੁਕਤ ਪ੍ਰਧਾਨ ਵਿਗਿਆਨਕ, ਅਰਧ-ਖ਼ੁਸ਼ਕ ਊਸ਼ਣ ਕਟੀਬੰਧੀ ਖੇਤਰਾਂ ਦੇ ਲਈ ਅੰਤਰਾਸ਼ਟਰੀ ਫ਼ਸਲ ਖੋਜ ਸੰਸਥਾਨ, ਪਤਨਚੇਰੂ, ਆਧਰਾਂ ਪ੍ਰਦੇਸ਼

ਭਾਰਤ ਦੀ ਵਧਦੀ ਹੋਈ ਜਨਸੰਖਿਆ ਦੇ ਲਈ ਖਾਧ ਉਤਪਾਦਨ ਵਿੱਚ ਅਨੁਪਾਤਿਕ ਵਾਧੇ ਦੀ ਜ਼ਰੂਰਤ ਹੈ, ਦੇਸ਼ ਦੀ ਜ਼ਿਆਦਾਤਰ ਭੂਮੀ ਪਹਿਲਾਂ ਤੋਂ ਹੀ ਖੇਤੀ ਦੇ ਕੰਮ ਵਿੱਚ ਵਰਤੀ ਜਾ ਰਹੀ ਹੈ। ਇਸਲਈ ਉਤਪਾਦਨ ਵਿੱਚ ਵਾਧਾ ਮੁੱਖ ਰੂਪ ਵਿੱਚ ਵਧੇ ਹੋਏ ਉਤਪਾਦਨ (ਉਪਜ ਪ੍ਰਤਿ ਭੂਮੀ ਇਕਾਈ) ਅਤੇ ਕੀੜਿਆ ਅਤੇ ਹੋਰ ਕਾਰਨਾਂ ਕਰਕੇ ਹੋਣ ਵਾਲੀ ਹਾਨੀ ਨੂੰ ਘੱਟ ਕਰਕੇ ਹੀ ਕੀਤਾ ਜਾ ਸਕਦਾ ਹੈ। ਲਗਭਗ ਪਿਛਲੇ ਪੰਜ ਦਸ਼ਕਾਂ ਤੋਂ, ਖੇਤੀ ਸਿੱਖਿਆ ਪ੍ਰਣਾਲੀ ਖੇਤੀ ਰਸਾਇਣਾਂ ਅਤੇ ਹਰੀ ਕ੍ਰਾਂਤੀ ਤਕਨੀਕਾਂ  ਤੇ ਹੀ ਕੇਂਦ੍ਰਿਤ ਰਹੀ ਹੈ। ਜਿਸਦੇ ਚਲਦੇ ਵਿਕਾਸ ਦੇ ਲਈ ਖੇਤੀ ਖੋਜ ਵਿਵਸਥਾ ਦੇ ਤਹਿਤ ਹੋਣ ਵਾਲਾ ਖੇਤੀ ਖੋਜ ਕੰਮ ਅਤੇ ਉਸ ਅਨਸਾਰ ਖੇਤੀ ਨੀਤੀਆਂ ਵੀ ਪ੍ਰਭਾਵਿਤ ਹੋਈਆ ਹਨ। ਸ਼ੁਰੂ ਵਿੱਚ, ਹਰੀ ਕ੍ਰਾਂਤੀ ਤਕਨੀਕ ਆਧਾਰਿਤ ਖੇਤੀ ਦੇ ਤਹਿਤ ਉਤਪਾਦਨ ਵਿੱਚ ਵਾਧਾ ਹੋਇਆ। ਇਸ ਨਾਲ ਭਾਰਤ ਨੂੰ ਘੱਟ ਉਤਪਾਦਕਤਾ ਦੇ ਦੌਰ ਵਿੱਚੋਂ ਬਾਹਰ ਆਉਣ ਅਤੇ ਖਾਧ-ਸੁਰੱਖਿਅਤ ਰਾਸ਼ਟਰ ਬਣਨ ਵਿੱਚ ਮਦਦ ਮਿਲੀ। ਪਰ ਪਿਛਲੇ ਲਗਭਗ ਇੱਕ ਦਸ਼ਕ ਤੋ ਉਤਪਾਦਨ ਵਿੱਚ ਇੱਕ ਖੜੋਤ ਹੈ। [Chand and Haque 1998, Economic and Political Weekly 33(26): 1 108 -112]  ਇਸਦੇ ਇਲਾਵਾ ਹਰੀ ਕ੍ਰਾਂਤੀ ਤਕਨੀਕਾਂ, ਵਿਸ਼ੇਸ਼ ਰੂਪ ਵਿੱਚ ਕੀਟਨਾਸ਼ਕਾਂ ਦੇ ਉਪਯੋਗ ਦੇ 30 ਸਾਲਾਂ ਬਾਅਦ ਮਨੁੱਖੀ ਸਿਹਤ ਅਤੇ ਵਾਤਾਵਰਣ ਸੰਬੰਧੀ ਮੁੱਦੇ ਵੀ ਉਭਰੇ ਹਨ। (www.gcrio.org/ipcc/techrepI/agriculture.html)

ਪਿਛਲੇ 20 ਸਾਲਾਂ ਵਿੱਚ ਜੈਵਿਕ ਖੇਤੀ ਪ੍ਰਚੱਲਿਤ ਖੇਤੀ (ਰਸਾਇਣਿਕ ਖੇਤੀ) ਦੇ ਇੱਕ ਕਾਰਗਾਰ ਬਦਲ ਦੇ ਰੂਪ ਵਿੱਚ ਉੱਭਰੀ ਹੈ। ਜੈਵਿਕ ਖੇਤੀ ਠੋਸ ਵਿਗਿਆਨਕ ਸਿਧਾਤਾਂ ਉੱਪਰ ਆਧਾਰਿਤ ਹੈ। ਜੈਵਿਕ ਖੇਤੀ ਅਪਣਾਉਣ ਵਾਲੇ ਕਈ ਕਿਸਾਨਾਂ ਨੇ ਰਸਾਇਣ ਪ੍ਰਯੋਗ ਕਰਨ ਵਾਲੇ ਆਪਣੇ ਗਵਾਢੀਆਂ ਦੇ ਮੁਕਾਬਲੇ ਦੀ ਪੈਦਾਵਾਰ ਲੈਣ ਦਾ ਦਾਵਾ ਕੀਤਾ ਹੈ। (http://infochangeindia.org/ agenda/agricultural-revival/the-new-natural-economics-of-agriculture.html) ਕਈ ਵਿਗਿਆਨਕ ਸਰਵੇਖਣਾਂ ਅਤੇ ਪ੍ਰਕਾਸ਼ਨਾਂ ਵਿੱਚ (http://www.indiawaterportal. org/search/node/o.p.%2੦rupela) ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਸੰਘ - ਖਾਧ ਅਤੇ ਖੇਤੀ ਸੰਗਠਨ ਦੇ ਪ੍ਰਕਾਸ਼ਨ ਵੀ ਸ਼ਾਮਿਲ ਹਨ, (http://www.fao.org/docs/eims/upload/275960/ al185e.pdf)  ਜੈਵਿਕ ਖੇਤੀ ਦੇ ਪੱਖ ਵਿੱਚ ਪਰਿਣਾਮ ਪਾਏ ਹਨ। ਇਸਦੇ ਬਾਵਜ਼ੂਦ ਭਾਰਤ ਵਿੱਚ ਖੇਤੀ ਖੋਜ ਵਿਵਸਥਾ (ਜਿਸ ਵਿੱਚ ਖੇਤੀ ਯੂਨੀਵਰਸਿਟੀਆਂ, ਆਈ ਸੀ ਏ ਆਰ ਦੇ ਤਹਿਤ ਅਤੇ ਹੋਰ ਖੇਤੀ ਖੋਜ ਕੇਂਦਰ ਅਤੇ ਵਿਭਿੰਨ ਰਾਜਾਂ ਅਤੇ ਕੇਦਰਾਂ ਦੇ ਖੇਤੀ ਵਿਭਾਗ ਸਭ ਸ਼ਾਮਿਲ ਹਨ) ਦੀ ਅਧਿਕਾਰਕ ਸਮਝ ਜੈਵਿਕ ਖੇਤੀ ਦਾ ਸਮਰਥਨ ਨਹੀ ਕਰਦੀ ਸਿਵਾਏ ਕੁੱਝ ਵਿਸ਼ੇਸ਼ ਖੇਤਰਾਂ ਦੇ। ਅਧਿਕਾਰਕ ਸਮਝ ਦੇ ਅਨੁਸਾਰ 
(À) ਰਸਾਇਣਿਕ ਖਾਦਾਂ ਦੀ ਅਣਹੋਂਦ ਵਿੱਚ ਜੈਵਿਕ ਖੇਤੀ ਅਧੀਨ ਉਪਜ ਵਿੱਚ ਕਮੀ ਆਉਂਦੀ ਹੈ। 
(ਅ) ਦੇਸ਼ ਵਿੱਚ ਜੈਵਿਕ ਖੇਤੀ ਦੇ ਲਈ ਲੋੜ ਅਨੁਸਾਰ ਗੋਬਰ ਅਤੇ ਕੰਪੋਸਟ ਖਾਦ ਨਹੀ ਹੈ। 
(Â) ਰਸਾਇਣਿਕ ਕੀਟਨਾਸ਼ਕ ਫ਼ਸਲਾਂ ਦੀ ਰੱਖਿਆ ਲਈ ਜ਼ਰੂਰੀ ਹਨ। ਅਤੇ 
(ਸ) ਹਾਨੀਕਾਰਕ ਕੀਟਨਾਸ਼ਕਾਂ ਦੇ ਉਪਯੋਗ ਨੂੰ ਘੱਟ ਕਰਨ ਲਈ ਬੀ ਟੀ ਫ਼ਸਲਾਂ ਉਪਲਬਧ ਹਨ ਜਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। 
ਹਾਲਾਂਕਿ ਇਹ ਅਧਿਕਾਰਕ ਸਮਝ ਵਿਗਿਆਨਕ ਪ੍ਰਯੋਗਾਂ ਉੱਤੇ ਅਧਾਰਿਤ ਹੈ ਪ੍ਰੰਤੂ ਇਹਨਾਂ ਵਿੱਚੋਂ ਜ਼ਿਆਦਾਤਰ ਪ੍ਰਯੋਗ ਖੋਜ ਕੇਂਦਰਾਂ ਦੇ ਖੇਤਾਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਹੀ ਕੀਤੇ ਗਏ ਹਨ। ਇਸ ਤੋ ਇਲਾਵਾ ਇਹ ਪ੍ਰਯੋਗ ਜ਼ਿਆਦਾਤਰ ਛੋਟੇ ਭੂ-ਖੰਡਾਂ ਉੱਤੇ ਹੀ ਕੀਤੇ ਜਾਂਦੇ ਹਨ ਅਤੇ ਇਹਨਾਂ ਪ੍ਰਯੋਗਾਂ ਦੇ ਦੌਰਾਨ ਜੈਵਿਕ ਖੇਤੀ ਦੇ ਬੁਨਿਆਦੀ ਸਿਧਾਤਾਂ ਦਾ ਸਨਮਾਨ ਨਹੀ ਕੀਤਾ ਜਾਂਦਾ। ਅਜਿਹੇ ਸਫਲ ਕਿਸਾਨ, ਜੋ ਬਾਹਰੀ ਸਾਧਨਾਂ ਤੇ ਨਿਰਭਰ ਨਹੀ ਹਨ ਅਤੇ ਜੋ ਉੱਚ ਸ਼ੁੱਧ ਲਾਭ ਲੈ ਰਹੇ ਹਨ, ਜੈਵਿਕ ਖੇਤੀ ਦੇ ਅਸਲੀ ਮਾਹਿਰ ਹਨ। ਕਈ ਅਜਿਹੇ ਕਿਸਾਨਾਂ ਦੀ ਸੰਪਰਕ ਜਾਣਕਾਰੀ ਸਾਰਵਜਨਿਕ ਰੂਪ ਵਿੱਚ ਉਪਲਬਧ ਹੈ।   

ਆਧੁਨਿਕ ਖੇਤੀ ਵਿਗਿਆਨ ਵਿੱਚ ਸਿੱਖਿਅਤ ਇੱਕ ਅਜਿਹੇ ਵਿਗਿਆਨਕ ਦੇ ਰੂਪ ਵਿੱਚ ਜਿਸਨੇ ਕਈ ਸਫਲ ਜੈਵਿਕ ਕਿਸਾਨਾਂ ਦੇ ਖੇਤੀ ਪ੍ਰਯੋਗਾਂ ਤੋ ਵੀ ਕਾਫੀ ਕੁੱਝ ਸਿੱਖਿਆ ਹੈ ਅਤੇ ਇਹਨਾਂ ਵਿੱਚੋਂ ਕਈਆਂ ਦਾ ਇੱਕ ਲੰਬੇ ਸਮੇਂ ਲਈ (10 ਸਾਲ ਦੇ ਲਈ), ICRISAT“ ਦੇ ਖੋਜ ਕੇਂਦਰ ਵਿੱਚ ਵੱਡੇ ਭੂ-ਖੰਡਾਂ ਉੱਤੇ (2000 ਵਰਗ ਮੀ.) ਵਿਸ਼ਲੇਸ਼ਣ ਵੀ ਕੀਤਾ ਹੈ। ਮੈਂ ਹੇਠ ਲਿਖੀਆਂ ਗੱਲਾਂ ਕਹਿਣੀਆਂ ਚਾਹੁੰਦਾ ਹਾਂ। ਜੇਕਰ ਮੇਰੇ ਸਹਿਕਰਮੀ ਵਿਗਿਆਨਕ ਮੇਰੇ ਤਰਕ ਵਿੱਚ ਕਿਸੇ ਖਾਮੀ ਬਾਰੇ ਦੱਸਣਗੇ ਤਾਂ ਮੈਨੂੰ ਖ਼ੁਸ਼ੀ ਹੋਵੇਗੀ।
1. ਇੱਕ ਫ਼ਸਲ ਨੂੰ ਚੰਗੇ ਵਾਧੇ ਅਤੇ ਉਤਪਾਦਨ ਲਈ 30 ਤੋਂ ਜ਼ਿਆਦਾ ਪੋਸ਼ਕ ਤੱਤਾਂ ਦੀ ਸੰਤੁਲਿਤ ਰੂਪ ਵਿੱਚ ਜ਼ਰੂਰਤ ਹੁੰਦੀ ਹੈ, ਨਾ ਕਿ ਕੇਵਲ ਨਾਈਟ੍ਰੋਜਨ, ਪੋਟਾਸ਼ ਅਤੇ ਫਾਸਫੋਰਸ ਦੀ ਜੋ ਵੱਡੇ ਪੈਮਾਨੇ ਤੇ ਬਾਜ਼ਾਰ ਵਿੱਚ ਉਪਲਬਧ ਹਨ ਅਤੇ ਜਿਸਨੂੰ ਵਿਸ਼ਵ ਸਤਰ ਉੱਤੇ ਖੇਤੀ ਖੋਜ ਵਿਵਸਥਾ ਦੁਆਰਾ ਲਗਾਤਾਰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
2. ਇਹ ਸਾਰੇ 30 ਤੋਂ ਜ਼ਿਆਦਾ ਪੋਸ਼ਕ ਤੱਤ ਜ਼ਿਆਦਾਤਰ ਮਿੱਟੀ ਅਤੇ ਫ਼ਸਲਾਂ/ਪੌਦਿਆਂ ਦੇ ਅਵਸ਼ੇਸ਼ਾਂ ਜਾਂ ਬਾਇਓਮਾਸ (ਪੱਤੇ, ਟਹਿਣੀਆਂ, ਫੁੱਲ, ਫਲ ਆਦਿ) ਵਿੱਚ ਉਪਲਬਧ ਹੈ, ਕੇਵਲ ਇਹਨਾਂ ਦੀ ਸਰੰਚਨਾ ਅਤੇ ਅਨੁਪਾਤ ਅਲੱਗ-ਅਲੱਗ ਹਨ।
3. ਇਹ ਸਾਰੇ 30 ਤੋਂ ਜ਼ਿਆਦਾ ਪੋਸ਼ਕ ਤੱਤਾਂ ਘੱਟ ਤੋਂ ਘੱਟ ਦੋ ਰੂਪਾਂ ਵਿੱਚ ਮੌਜ਼ੂਦ ਹੁੰਦੇ ਹਨ - ਉਪਲਬਧ ਜਾਂ ਪਾਣੀ ਵਿੱਚ ਘੁਲਨਸ਼ੀਲ ਰੂਪ ਵਿੱਚ ਅਤੇ ਅਣ-ਉਪਲਬਧ ਜਾਂ ਅਘੁਲਣਸ਼ੀਲ ਰੂਪ ਵਿੱਚ। ਮਿੱਟੀ ਅਤੇ ਬਾਇਓਮਾਸ ਵਿੱਚ ਮੌਜ਼ੂਦ ਇਹਨਾਂ ਪੋਸ਼ਕ ਤੱਤਾਂ ਦਾ ਜ਼ਿਆਦਾਤਰ ਹਿੱਸਾ ਅਣੁਉਪਲਬਧ ਜਾਂ ਅਘੁਲਣਸ਼ੀਲ ਰੂਪ ਵਿੱਚ ਹੁੰਦਾ ਹੈ। ਕੇਵਲ ਇੱਕ ਛੋਟਾ ਜਿਹਾ ਅੰਸ਼ ਉਪਲਬਧ ਰੂਪ ਵਿੱਚ ਮੌਜ਼ੂਦ ਰਹਿੰਦਾ ਹੈ।
4. ਦਿਲਚਸਪ ਗੱਲ ਇਹ ਹੈ ਕਿ ਸਾਰੀਆਂ ਭੂਮੀ ਪਰੀਖਣ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਕਿਸਾਨਾਂ ਨੂੰ ਸਿਰਫ਼ ਉਪਲਬਧ ਰੂਪ ਵਿੱਚ ਮਿਲਣ ਵਾਲੀ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਨੂੰ ਮਾਪਣ ਦੀ ਸੇਵਾ ਹੀ ਮੁਹੱਈਆ ਕਰਵਾਉਂਦੀਆਂ ਹਨ ਅਤੇ ਜ਼ਿਆਦਾਤਰ ਪ੍ਰਯੋਗਸ਼ਾਲਾਵਾਂ ਕੋਲ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਨੂੰ ਬੱਝਵੇ ਜਾਂ ਪੂਰਨ ਰੂਪ ਵਿੱਚ ਮਾਪਣ ਲਈ ਸੁਵਿਧਾਵਾਂ ਜਾਂ ਯੰਤਰ ਵੀ ਨਹੀ ਹਨ। ਇਹਨਾਂ ਤੱਤਾਂ ਦੇ ਉਪਲਬਧ ਰੂਪ ਵਿੱਚ ਮਿਲਣ ਵਾਲੀ ਮਾਤਰਾ ਦੇ ਅੰਕੜਿਆਂ ਦੇ ਆਧਾਰ ਤੇ ਹੀ ਕਿਸਾਨਾਂ ਨੂੰ, ਖੇਤ ਵਿੱਚ ਰਸਾਇਣਿਕ ਖਾਦਾਂ ਦੀ ਕਿੰਨੀ ਮਾਤਰਾ ਪਾਉਣੀ ਹੈ, ਦੱਸੀ ਜਾਂਦੀ ਹੈ। ਨਿਸ਼ਚਿਤ ਹੀ ਜੈਵਿਕ ਕਿਸਾਨਾਂ ਨੂੰ ਅਲੱਗ-ਅਲੱਗ ਤੱਤਾਂ ਦੇ ਬੱਝਵੇ ਅਤੇ ਅਣਉਪਲਬਧ ਰੂਪਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੁਆਰਾ ਵਰਤੇ ਜਾਂਦੇ ਜੀਵ, ਖੇਤੀ ਦੇ ਢੰਗ ਅਤੇ ਬਹੁਫਸਲੀ ਪ੍ਰਣਾਲੀ ਆਦਿ ਬੱਝੇ ਜਾਂ ਅਣਉਪਲਬਧ ਨੂੰ ਉਪਲਬਧ ਰੂਪ ਵਿੱਚ ਬਦਲ ਦਿੰਦੇ ਹਨ।
5. ਕੇਵਲ ਵਰਖਾ ਤੇ ਨਿਰਭਰ ਖੇਤਰਾਂ ਵਿੱਚ ਵੀ, ਕਿਸੇ ਖੇਤ ਦੀਆਂ ਸੀਮਾਵਾਂ ਉੱਤੇ ਖੜ੍ਹੇ ਦਰੱਖਤਾਂ ਮਾਤਰ ਤੋਂ ਪੰਜਵੇ ਸਾਲ ਤੋਂ ਘੱਟ ਤੋਂ ਘੱਟ 3.5 ਟਨ ਸੁੱਕਿਆ ਬਾਇਓਮਾਸ (ਪੱਤਿਆ ਅਤੇ ਟਹਿਣੀਆਂ ਦੇ ਰੂਪ ਵਿੱਚ) ਪ੍ਰਤਿ ਹੈਕਟੇਅਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇੰਨੇ ਬਾਇਓਮਾਸ ਵਿੱਚ ਲਗਭਗ 80 ਕਿਲੋਗ੍ਰਾਮ ਨਾਈਟ੍ਰੋਜਨ ਅਤੇ ਲਗਭਗ 10 ਕਿਲੋ ਫਾਸਫੋਰਸ ਹੁੰਦਾ ਹੈ। ਚੰਗੀ ਮਿੱਟੀ ਵਿੱਚ ਅਤੇ ਸਿੰਚਾਈ ਦੇ ਨਾਲ ਬਾਇਓਮਾਸ ਦੀ ਮਾਤਰਾ ਦੁੱਗਣੀ ਵੀ ਹੋ ਸਕਦੀ ਹੈ। 
6. ਇਹਨਾਂ ਸਾਰੇ ਪੋਸ਼ਕ ਤੱਤਾਂ ਦੇ ਅਣ-ਉਪਲਬਧ ਰੂਪ ਨੂੰ ਮਿੱਟੀ ਅਤੇ ਪੌਦਿਆਂ ਦੀ ਜੜ੍ਹਾਂ ਦੀ ਸਤਹ ਤੇ ਮੌਜ਼ੂਦ ਸੂਖ਼ਮ ਜੀਵਾਂ ਅਤੇ ਮਿੱਟੀ ਵਿੱਚ ਮੌਜ਼ੂਦ ਵੱਡੇ ਜੀਵਾਂ ਦੁਆਰਾ ਪੌਦਿਆਂ ਲਈ ਉਪਲਬਧ ਰੂਪ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ।
7. ਗੋਬਰ ਅਤੇ ਗੋਬਰ ਆਧਾਰਿਤ ਪਰੰਪਰਾਗਤ ਗਿਆਨ ਤੋ ਤਿਆਰ (ਖਮੀਰੀਕ੍ਰਿਤ) ਪਦਾਰਥਾਂ ਜਿਵੇਂ ਅੰਮ੍ਰਿਤਪਾਣੀ ਵਿੱਚ ਖੇਤੀ ਦੇ ਲਈ ਲਾਭਕਾਰੀ ਸੂਖ਼ਮ ਜੀਵ ਵੱਡੀ ਮਾਤਰਾ ਵਿੱਚ ਹੁੰਦੇ ਹਨ ਅਤੇ ਇਹ ਸੂਖ਼ਮ ਜੀਵ 30 ਤੋਂ ਜ਼ਿਆਦਾ ਪੋਸ਼ਕ ਤੱਤਾਂ ਦੇ ਅਣੁਉਪਲਬਧ ਰੂਪ ਨੂੰ ਪੌਦਿਆਂ ਨੂੰ ਉਪਲਬਧ ਰੂਪ ਵਿੱਚ ਬਦਲਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।
8. ਜੇਕਰ ਖੇਤੀ ਰਸਾਇਣਾਂ ਦੇ ਪ੍ਰਯੋਗ ਨਾਲ ਸੂਖ਼ਮ ਜੀਵ ਮਾਰੇ ਨਾ ਜਾਣ ਜਾਂ ਅਕ੍ਰਿਆਸ਼ੀਲ ਨਾ ਬਣਾ ਦਿੱਤੇ ਜਾਣ ਤਾਂ ਖੇਤੀ ਲਈ ਲਾਭਕਾਰੀ ਇਹ ਸੂਖ਼ਮ ਜੀਵ ਜ਼ਿਆਦਾਤਰ ਮਿੱਟੀ ਵਿੱਚ ਮੌਜ਼ੂਦ ਰਹਿੰਦੇ ਹਨ। ਇਹ ਸੂਖ਼ਮ ਜੀਵ ਕਈ ਤਰਾਂ ਦੇ ਲਾਭਕਾਰੀ ਕੰਮ ਕਰਦੇ ਹਨ ਜਿਵੇਂ ਨਾਈਟ੍ਰੋਜਨ ਸਥਿਰੀਕਰਨ, ਫਾਸਫੇਟ ਅਤੇ ਪੋਟਾਸ਼ ਨੂੰ ਘੁਲਣਸ਼ੀਲ ਬਣਾਉਣਾ, ਪੌਦਿਆਂ ਦੇ ਵਾਧੇ ਨੂੰ ਵਧਾਉਣਾ, ਹਾਨੀਕਾਰਕ ਫਫੂੰਦ ਅਤੇ ਕੀਟਾਂ ਨੂੰ ਮਾਰਨਾ ਜਾਂ ਘੱਟ ਕਰਨਾ।
9. ਰਸਾਇਣਿਕ ਖਾਦਾਂ ਖੇਤੀ ਦੇ ਲਈ ਲਾਭਕਾਰੀ ਸੂਖ਼ਮ ਜੀਵਾਂ ਦੀ ਜਨਸਸ਼ਖਿਆਂ ਅਤੇ ਕੰਮਾਂ ਉੱਪਰ ਪ੍ਰਭਾਵ ਪਾਉਂਦੇ ਹਨ। ਉਦਾਹਰਣ ਦੇ ਲਈ 'ਰਾਈਜੋਬੀਆ' ਨਾਮਕ ਸੂਖ਼ਮ ਜੀਵ, ਜੋ ਹਵਾ ਵਿੱਚ ਉਪਲਬਧ ਅਕ੍ਰਿਆਸ਼ੀਲ ਨਾਈਟ੍ਰੋਜਨ ਨੂੰ ਪੌਦਿਆਂ ਦੇ ਇਸਤੇਮਾਲ ਲਾਇਕ ਨਾਈਟ੍ਰੋਜਨ ਵਿੱਚ ਬਦਲਣ (ਜਿਸਨੂੰ ਨਾਈਟ੍ਰੋਜਨ ਸਥਿਰੀਕਰਣ ਕਿਹਾ ਜਾਂਦਾ ਹੈ) ਵਿੱਚ ਸਹਾਇਕ ਹੁੰਦਾ ਹੈ, ਦੀ ਕੰਮ ਕਰਨ ਦੀ ਤਾਕਤ ਰਸਾਇਣਿਕ ਖਾਦਾਂ ਦੇ ਪ੍ਰਯੋਗ ਕਰਕੇ ਘੱਟ ਹੋ ਜਾਂਦੀ ਹੈ।
10. ਕਿਸੇ ਖੇਤ ਦੀ ਪੂਰੀ ਲੰਬਾਈ ਦੇ ਨਾਲ 50 ਤੋਂ 60 ਫੁੱਟ ਦੀ ਦੂਰੀ ਤੇ ਲਗਾਏ ਰੁੱਖਾਂ (ਹਰ ਤਰਾਂ ਦੇ ਰੁੱਖ, ਫਲਾਂ ਦੇ ਰੁੱਖ, ਜਲਦੀ ਵਧ ਕੇ ਬਾਇਓਮਾਸ ਦੇਣ ਵਾਲੇ ਰੁੱਖ,ਜੜ੍ਹੀ -ਬੂਟੀਆਂ ਵਾਲੇ ਰੁੱਖ) ਦੀ ਵਲਗਣ (ਗਲਿਆਰਾ) ਤੋਂ ਉੱਚ ਉਤਪਾਦਨ ਦੇ ਲਈ ਜ਼ਰੂਰੀ ਸਾਰੇ ਪੋਸ਼ਕ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ, ਜਦ ਉਹਨਾਂ ਦੇ ਪੱਤਿਆਂ ਅਤੇ ਟਹਿਣੀਆ ਨੂੰ ਜ਼ਮੀਨ ਦੀ ਖਾਲੀ ਜਗਾ ਨੂੰ ਢਕਣ ਲਈ ਪ੍ਰਯੋਗ ਕੀਤਾ ਜਾਂਦਾ ਹੈ। ਰੁੱਖ ਮਿੱਟੀ ਦੀਆਂ ਡੂੰਘੀਆਂ ਪਰਤਾਂ ਤੋ ਪੋਸ਼ਕ ਤੱਤ ਲੈ ਕੇ ਪੱਤੇ ਅਤੇ ਟਹਿਣੀਆਂ ਆਦਿ ਦੇ ਮਾਧਿਅਮ ਨਾਲ ਉਹਨਾਂ ਨੂੰ ਮਿੱਟੀ ਦੀ ਉੱਪਰੀ ਸਤਹ ਤੇ ਉਪਲਬਧ ਕਰਵਾਉਂਦੇ ਹਨ। ਉੱਚ ਉਪਜ ਲੈਣ ਲਈ ਇਹਨਾਂ ਰੁੱਖਾਂ ਨੂੰ ਛੋਟੀ ਵਾੜ ਦੇ ਰੂਪ ਵਿੱਚ ਰੱਖਣਾ ਚਾਹੀਦਾ ਹੈ ਨਾ ਕਿ ਵੱਡੇ ਰੁੱਖਾਂ ਦੇ ਰੂਪ ਵਿੱਚ ਤਾਂਕਿ ਇਹਨਾਂ ਦੀ ਛਾਂ ਫ਼ਸਲ ਉੱਪਰ ਨਾ ਪਏ।
11. ਬਾਇਓਮਾਸ ਦੇ ਭੂਮੀ ਦੀ ਖਾਲੀ ਜਗਾ ਨੂੰ ਢਕਣ ਦੇ ਲਈ ਨਿਯਮਿਤ ਪ੍ਰਯੋਗ ਅਤੇ ਅੰਮ੍ਰਿਤ ਪਾਣੀ ਆਦਿ ਦੇ ਮਾਧਿਅਮ ਨਾਲ ਸੂਖ਼ਮ ਜੀਵਾਂ ਦੀ ਨਿਯਮਿਤ ਪੂਰਤੀ ਨਾਲ ਮਿੱਟੀ ਵਿੱਚ ਕਾਰਬਨਿਕ ਪਦਾਰਥਾਂ ਦੀ ਮਾਤਰਾ ਵਧਦੀ ਹੈ। ਜਿਸ ਨਾਲ ਮਿੱਟੀ ਦੀ ਸਿਹਤ ਸੁਧਰਣ ਦੇ ਕਾਰਨ ਫ਼ਸਲ ਸੁੱਕੇ ਅਤੇ ਕੀਟਾਂ ਦੇ ਪ੍ਰਤਿ ਸਹਿਣਸ਼ੀਲ ਹੋ ਜਾਂਦੀ ਹੈ। ਇਸ ਨਾਲ ਅੰਤ ਵਿੱਚ ਉੱਚ ਪੈਦਾਵਾਰ ਮਿਲਦੀ ਹੈ।
12. ਕੁਦਰਤ ਵਿੱਚ ਫ਼ਸਲ ਦੇ ਲਈ ਹਾਨੀਕਾਰਕ ਹਰ ਕੀੜ੍ਹੇ ਦੇ ਲਈ ਪਰਜੀਵੀ ਅਤੇ ਸ਼ਿਕਾਰੀ ਉਪਲਬਧ ਹੈ। ਉਦਾਹਰਣ ਦੇ ਲਈ ਦਾਲ ਦੀਆਂ ਫਲੀਆਂ ਜਾਂ ਕਪਾਹ ਦੇ ਟੀਂਡੇਂ ਵਿੱਚ ਮੋਰੀ ਕਰਨ ਵਾਲੇ ਕੀੜੇ ਦੇ 300 ਪ੍ਰਕਾਰ ਦੇ ਦੁਸ਼ਮਣ ਹਨ। ਰਸਾਇਣਿਕ ਕੀਟਨਾਸ਼ਕਾਂ ਦਾ ਪ੍ਰਯੋਗ ਬੰਦ ਕਰਨ ਨਾਲ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਸੰਖਿਆ ਵਧ ਜਾਂਦੀ ਹੈ।
13. ਪੰਛੀ ਕੀਟ ਨਿਯੰਤ੍ਰਣ ਪ੍ਰਬੰਧ ਦੇ ਕੁਸ਼ਲ ਪ੍ਰਬੰਧਕ ਹਨ ਕਿਉਂਕਿ ਕੀੜੇ ਅਤੇ ਸੁੰਡੀਆਂ ਉਹਨਾਂ ਦਾ ਮਨਭਾਉਂਦਾਂ ਭੋਜਨ ਹਨ (ਪੰਛੀਆਂ ਦੀ ਘੱਟੋ-ਘੱਟ 90 ਪ੍ਰਤੀਸ਼ਤ ਪ੍ਰਜਾਤੀਆਂ ਲਈ ਇਹ ਗੱਲ ਸੱਚ ਹੈ)। ਖੇਤ ਦੇ ਕਿਨਾਰੇ ਤੇ ਲੱਗੇ ਰੁੱਖ ਪੰਛੀਆਂ ਨੂੰ ਰਹਿਣ ਲਈ ਟਿਕਾਣਾ ਦਿੰਦੇ ਹਨ। ਕਈ ਪੰਛੀਆਂ ਦੀ ਜਨਸੰਖਿਆਂ ਜ਼ਹਿਰੀਲੇ ਕੀਟਨਾਸ਼ਕਾਂ ਨਾਲ ਸੰਕ੍ਰਮਿਤ ਕੀੜੇ ਖਾਣ ਨਾਲ ਘੱਟ ਹੋ ਜਾਂਦੀ ਹੈ।
14. ਖਰਪਤਵਾਰ ਇੱਕ ਗੰਭੀਰ ਸਮੱਸਿਆ ਹੈ ਪਰ ਉਸਦੇ ਪਿੱਛੇ ਸਕਾਰਾਤਮਕ ਪਹਿਲੂ ਵੀ ਹੈ। ਕੁੱਝ ਖਰਪਤਵਾਰ (ਜਿਵੇਂ ਬਾਥੂ) ਪੌਸ਼ਟਿਕ ਤੱਤਾਂ ਦੀ ਖਾਣ ਹਨ ਤਾਂ ਕੁੱਝ ਹੋਰ ਖਰਪਤਵਾਰ ਖੇਤੀ ਦੇ ਲਈ ਲਾਭਦਾਇਕ ਪਰਜੀਵੀ ਅਤੇ ਸ਼ਿਕਾਰੀ ਕੀੜਿਆਂ( ਜਿਵੇਂ ਲੇਡੀ ਬਰਡ ਬੀਟਲ, ਜੋ ਕਿ ਚੇਪੇ ਨੂੰ ਮਾਰ ਕੇ ਖਾਂਦੀ ਹੈ) ਦੇ ਲਈ ਰਹਿਣ ਦਾ ਸਥਾਨ ਅਤੇ ਭੋਜਨ ਪ੍ਰਦਾਨ ਕਰਦੇ ਹਨ। ਖੇਤੀ ਖੋਜ ਵਿਵਸਥਾ ਨੇ ਇਸ ਤਰਾਂ ਦੇ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰ ਰੱਖਿਆ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਚੱਲਿਤ ਖੇਤੀ ਪਦਤੀ ਠੋਸ ਵਿਗਿਆਨ ਉੱਪਰ ਅਧਾਰਿਤ ਹੈ ਪਰ ਇਸਦਾ ਖੋਜ ਕੰਮ ਇੱਕ ਅਜਿਹੀ ਪਦਤੀ ਵਿਕਸਿਤ ਕਰਨ ਵੱਲ ਕੇਂਦ੍ਰਿਤ ਹੈ ਜੋ ਕਿਸਾਨਾਂ ਨੂੰ ਬਾਹਰੋਂ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਉੱਪਰ ਨਿਰਭਰ ਬਣਾ ਦੇਵੇ। ਇਸ ਖੋਜ ਵਿੱਚ ਸਮਾਨ ਵੇਚਣ ਵਾਲਿਆਂ ਜਾਂ ਕੰਪਨੀਆਂ ਦੇ ਹਿੱਤ ਕੇਂਦਰ ਵਿੱਚ ਹਨ। ਇਸਦੇ ਵਿਪਰੀਤ ਜੇਕਰ ਅਸੀ ਖੇਤੀ ਖੇਤਰ ਵਿੱਚ ਫੈਲੇ ਸੰਕਟ ਦੇ ਹੱਲ ਦੇ ਬਾਰੇ ਵਿੱਚ ਗੰਭੀਰ ਹਾਂ ਤਾਂ ਸਾਨੂੰ ਅਜਿਹੀਆਂ ਖੇਤੀ ਤਕਨੀਕਾਂ ਨੂੰ ਪ੍ਰੋਤਸਾਹਿਤ ਕਰਨਾ ਹੋਵੇਗਾ ਜੋ ਕਿਸਾਨਾਂ ਨੂੰ ਮਜ਼ਬੂਤ ਕਰਨ। ਸਾਡੇ ਲਈ ਚੁਨੌਤੀ ਇਹ ਹੈ ਕਿ ਖੇਤੀ ਖੋਜ ਵਿਵਸਥਾ ਨੂੰ ਇਸ ਪਾਸੇ ਵੱਲ ਕਿਵੇਂ ਲਿਆਈਏ। ਚੁਨੌਤੀ ਇਹ ਹੈ ਕਿ ਆਧੁਨਿਕ ਖੇਤੀ ਵਿਗਿਆਨ ਜੈਵਿਕ ਕਿਸਾਨਾਂ ਦੀਆਂ ਪਰੰਪਰਾਗਤ ਗਿਆਨ ਅਧਾਰਿਤ ਕਿਰਿਆਵਾਂ ਨਾਲ ਕਿਵੇਂ ਜੁੜੇ। ਅਜਿਹਾ ਹੋਣ ਨਾਲ ਜੈਵਿਕ ਖੇਤੀ ਦੇ ਫੈਲਾਅ ਲਈ ਜ਼ਰੂਰੀ ਵਿਸ਼ਵਾਸ ਪੈਦਾ ਹੋਵੇਗਾ।
ਵਰਤਮਾਨ ਹਾਲਾਤਾਂ ਵਿੱਚ ਹਰ ਕਿਸਾਨ ਨੂੰ ਪ੍ਰਯੋਗਸ਼ੀਲ ਬਣਨਾ ਹੋਵੇਗਾ ਅਤੇ ਆਪਣੇ ਖੇਤ ਦੇ ਇੱਕ ਛੋਟੇ ਹਿੱਸੇ, ਮਸਲਨ ਇੱਕ ਏਕੜ ਵਿੱਚ ਫ਼ਸਲ ਦੀ ਪੋਸ਼ਕ ਤੱਤਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਤੇ ਫ਼ਸਲ ਸੁਰੱਖਿਆ ਲਈ ਬਦਲਵੇਂ ਤਰੀਕਿਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਫਿਰ ਗਵਾਂਢੀ ਖੇਤ ਜਿੱਥੇ ਰਸਾਇਣਾਂ ਦਾ ਪ੍ਰਯੋਗ ਕੀਤਾ ਗਿਆ ਹੈ, ਨਾਲ ਆਪਣੇ ਪਰਿਣਾਮਾਂ ਦੀ ਤੁਲਨਾ ਕਰਨੀ ਚਾਹੀਦੀ ਹੈ। ਜੇਕਰ ਖੇਤੀ ਰਸਾਇਣਾਂ ਨੂੰ ਪ੍ਰਯੋਗ ਕੀਤੇ ਬਿਨਾਂ ਉਪਜ ਘੱਟ ਹੁੰਦੀ ਹੈ ਤਾਂ ਉਸਨੂੰ ਆਪਣੇ ਖੇਤਰ ਦੇ ਕੁੱਝ ਸਫਲ  ਜੈਵਿਕ ਕਿਸਾਨਾਂ ਦੇ ਕੋਲ ਜਾ ਕੇ ਇਹ ਸਿੱਖਣਾ ਚਾਹੀਦਾ ਹੈ ਕਿ ਉਹ ਉੱਚ ਉਪਜ ਪਾਉਣ ਲਈ ਕੀ ਕਰ ਰਹੇ ਹਨ। ਇਹ ਧਿਆਨ ਰਹੇ ਕਿ ਬਿਨਾਂ ਖੇਤੀ ਰਸਾਇਣਾਂ ਦਾ ਪ੍ਰਯੋਗ ਕੀਤੇ ਉੱਚ ਉਤਪਾਦਨ ਲੈਣ ਦਾ ਗਿਆਨ ਅਤੇ ਅਨੁਭਵ ਕਿਸਾਨਾਂ ਕੋਲ ਹੈ ਨਾ ਕਿ ਖੇਤੀ ਖੋਜ ਵਿਵਸਥਾ(ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੇਤੀ ਖੋਜ ਸੰਸਥਾਵਾਂ ਜਾਂ ਵਿਭਾਗਾਂ) ਦੇ ਕੋਲ। 

* 23-24 ਨਵੰਬਰ ਨੂੰ ਹਰਿਦੁਆਰ, ਉੱਤਰਾਖੰਡ ਵਿੱਚ ਆਯੋਜਿਤ ਜੈਵਿਕ ਖੇਤੀ ਸੰਗੋਸ਼ਠੀ ਦੇ ਲਈ ਤਿਆਰ ਭਾਸ਼ਣ

ਕੁਦਰਤੀ ਖੇਤੀ ਦੇ ਵਿਗਿਆਨੀ ਕਿਸਾਨ

ਕੁਦਰਤੀ ਖੇਤੀ ਨੂੰ ਸਭ ਦੀ ਖੇਵਨਹਾਰ ਮੰਨਣ ਵਾਲਾ ਅਗਾਂਹ ਵਧੂ ਕੁਦਰਤੀ ਖੇਤੀ ਕਿਸਾਨ ਗੁਰਮੀਤ ਸਿੰਘ ਬਹਾਵਲਪੁਰ

ਦੋਸਤੋ! ਇਸ ਵਾਰ ਇਸ ਕਾਲਮ ਤਹਿਤ ਅਸੀਂ ਤੁਹਾਡੀ ਮੁਲਾਕਾਤ ਪਟਿਆਲਾ ਜਿਲ੍ਹੇ ਤੋਂ ਬਹਾਵਲਪੁਰ ਪਿੰਡ ਦੇ ਕੁਦਰਤੀ ਖੇਤੀ ਕਿਸਾਨ ਸ. ਗੁਰਮੀਤ ਸਿੰਘ ਨਾਲ  ਕਰਵਾ ਰਹੇ ਹਾਂ। ਗੁਰਮੀਤ ਸਿੰਘ ਨੂੰ ਇਹਨਾਂ ਲਿਆਕਤ, ਹਲੀਮੀ ਅਤੇ ਸਭ ਦੇ ਹਿੱਤ ਵਿੱਚ ਸੋਚਣ ਦੇ ਗੁਣਾਂ ਸਦਕਾ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਉਣ ਦੀ ਵੀ ਜਿੰਮੇਵਾਰੀ ਸੌਂਪੀ ਹੋਈ ਹੈ। ਗਿਆਰਵੀਂ ਜਮਾਤ ਤੱਕ ਪੜੇ ਹੋਏ ਗੁਰਮੀਤ ਸਿੰਘ ਨੇ ਖੇਤੀਬਾੜੀ 20 ਕੁ ਸਾਲ ਪਹਿਲਾਂ ਸ਼ੁਰੂ ਕੀਤੀ ਅਤੇ ਅੱਜ ਤੋਂ ਸਾਢੇ ਚਾਰ ਸਾਲ ਪਹਿਲਾਂ ਸ਼੍ਰੀ ਉਮੇਂਦਰ ਦੱਤ ਦੀ ਪ੍ਰੇਰਨਾ ਸਦਕਾ ਉਹਨਾ ਕੁਦਰਤੀ ਖੇਤੀ ਸ਼ੁਰੂ ਕਰ ਦਿੱਤੀ। ਅੱਜ ਗੁਰਮੀਤ ਸਿੰਘ ਇੱਕ ਸਫਲ ਕੁਦਰਤੀ ਖੇਤੀ ਕਿਸਾਨ ਵਜੋਂ ਜਾਣੇ ਜਾਂਦੇ ਹਨ। 
ਸਾਡੇ ਨਾਲ ਕੁਦਰਤੀ ਖੇਤੀ ਸਬੰਧੀ ਆਪਣਾ ਹੁਣ ਤੱਕ ਦਾ ਤਜ਼ਰਬਾ ਸਾਂਝਾ ਕਰਦਿਆ ਉਹਨਾ ਦੱਸਿਆ ਕਿ ਰਸਾਇਣਕ ਖੇਤੀ ਵਿੱਚ ਰਸਾਇਣਕ ਖਾਦਾਂ ਅਤੇ ਜ਼ਹਿਰਾਂ ਦੇ ਇਸਤੇਮਾਲ ਵਿੱਚ ਹੋ ਰਹੇ ਲਗਾਤਾਰ ਵਾਧੇ, ਉਹਨਾਂ ਉੱਪਰ ਆਉਣ ਵਾਲੀ ਲਾਗਤ, ਜ਼ਹਿਰਾਂ ਦੀ ਵਰਤੋਂ ਦੇ ਬਾਵਜੂਦ ਬੇਕਾਬੂ ਹੁੰਦੇ ਜਾ ਰਹੇ ਕੀਟਾਂ ਅਤੇ ਪੰਜਾਬੀਆਂ ਦੀ ਸਿਹਤ ਵਿੱਚ ਆ ਰਹੇ ਨਿਘਾਰ ਨੇ ਉਹਨਾਂ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ। ਸਿੱਟੇ ਵਜੋਂ ਉਹਨਾ ਨੇ ਬਿਨਾਂ ਹੋਰ ਵਕਤ ਗਵਾਏ ਕੁਦਰਤੀ ਖੇਤੀ ਅਪਣਾ ਲਈ। ਗੁਰਮੀਤ ਜੀ ਦਾ ਕਹਿਣਾ ਹੈ ਕਿ ਬੇਸ਼ੱਕ ਸ਼ੁਰੂ-ਸ਼ੁਰੂ ਵਿੱਚ ਕੁਦਰਤੀ ਖੇਤੀ ਵਿੱਚ ਕਣਕ ਦਾ ਝਾੜ ਕਾਫੀ ਘਟਦਾ ਰਿਹਾ ਪਰ ਉਹਨਾ ਸਬਰ ਨਹੀਂ ਗਵਾਇਆ। ਕਿਉਂਕਿ ਉਹ ਜਾਣਦੇ ਸਨ ਕਿ ਜਿਵੇਂ-ਜਿਵੇਂ ਭੂਮੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧਦੀ ਜਾਵੇਗੀ ਉਵੇਂ-ਉਵੇਂ ਝਾੜ ਵੀ ਵਧਦਾ ਜਾਵੇਗਾ ਅਤੇ ਅੱਜ ਹੋ ਵੀ ਇੰਞ ਹੀ ਰਿਹੈ। 
ਉਹਨਾਂ ਦੱਸਿਆ ਕਿ ਕੁਦਰਤੀ ਖੇਤੀ ਸਦਕਾ ਉਹਨਾ ਦੀ ਜ਼ਮੀਨ ਵਿੱਚ ਬਣਤਰ ਵਿੱਚ ਬਹੁਤ ਸੁਧਾਰ ਆਇਆ ਹੈ। ਇਹ ਹੁਣ ਪਹਿਲਾਂ ਵਾਂਗੂ ਕਠੋਰ ਨਹੀਂ ਰਹਿ ਗਈ ਸਗੋਂ ਮਖਮਲ ਵਾਂਗੂੰ ਨਰਮ ਬਣ ਗਈ ਹੈ। ਉਹਨਾਂ ਦੇ ਖੇਤਾਂ ਦੀ ਮਿੱਟੀ ਵਿੱਚੋਂ ਭਿੰਨੀ-ਭਿੰਨੀ ਖੁਸ਼ਬੂ ਆਉਂਦੀ ਹੈ। ਜ਼ਮੀਨ ਪਹਿਲਾਂ ਦੇ ਮੁਕਾਬਲੇ ਪਾਣੀ ਵੀ ਘੱਟ ਮੰਗਦੀ ਹੈ ਅਤੇ ਭੂਮੀ ਵਿੱਚ ਕੱਲਰ ਵੀ ਘਟ ਗਿਆ ਹੈ। ਗੰਡੋਏ ਤੋਂ ਲੈ ਧਰਤੀ ਨੂੰ ਉਪਜਾਊ ਬਣਾਉਣ ਵਾਲੇ ਘੀ ਘੁੰਮਿਆਰਾਂ ਸਮੇਤ ਅਨੇਕਾਂ ਪ੍ਰਕਾਰਦੇ ਜੀਵ ਜੰਤੂ ਉਹਨਾਂ ਦੀ ਜ਼ਮੀਨ ਵਿੱਚ ਵਾਪਸ ਆ ਗਏ ਹਨ। ਇੰਨਾ ਹੀ ਨਹੀਂ ਜਦੋਂ ਤੋਂ ਕੁਦਰਤੀ ਖੇਤੀ ਕਰਨ ਲੱਗੇ ਹਨ ਉਦੋਂ ਤੋਂ ਉਹਨਾਂ ਦੇ ਖੇਤਾਂ ਵਿੱਚ ਤਿੱਤਰਾਂ ਸਮੇਤ ਅਨੇਕਾਂ ਪ੍ਰਕਾਰ ਦੇ ਪੰਛੀਆਂ ਦੀ ਆਮਦ ਵੀ ਵਧ ਗਈ ਹੈ। 
ਜਦੋਂ ਗੁਰਮੀਤ ਜੀ ਨੂੰ ਕੁਦਰਤੀ ਖੇਤੀ ਉਪਜ ਦੇ ਉਹਨਾਂ ਦੀ ਪਰਿਵਾਰਕ ਸਿਹਤ ਉੱਤੇ ਪਏ ਪ੍ਰਭਾਵ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਕੁਦਰਤੀ ਖੇਤੀ ਸਦਕਾ ਉਹਨਾਂ ਦੇ ਖ਼ੁਰਾਕ ਵਿੱਚ 40 ਸਾਲ ਪੁਰਾਣੀ ਕੁਦਰਤੀ ਮਿਠਾਸ, ਸਵਾਦ ਅਤੇ ਪੌਸ਼ਟਿਕਤਾ ਵਾਪਸ ਆ ਗਈ ਹੈ। ਜਿਹਦੇ ਕਰਕੇ ਪੂਰੇ ਪਰਿਵਾਰ ਦੀ ਪਾਚਣ ਪ੍ਰਣਾਲੀ ਵਿੱਚ ਜ਼ਿਕਰਯੋਗ ਸੁਧਾਰ ਆਇਆ ਹੈ। ਹਰ ਸਾਲ ਸਰਦੀਆਂ ਵਿੱਚ ਹੋਣ ਵਾਲਾ ਬੁਖਾਰ, ਜ਼ੁਕਾਮ ਪਿਛਲੇ ਡੇਢ ਸਾਲ ਤੋਂ ਬੀਤੇ ਦੀ ਗੱਲ ਹੋ ਗਿਆ ਹੈ।  ਇੰਞ ਮਹਿਸੂਸ ਹੁੰਦਾ ਹੈ ਕਿ ਕੁਦਰਤੀ ਖੇਤੀ ਤਹਿਤ ਉਪਜਾਈ ਗਈ ਖ਼ੁਰਾਕ ਖਾਣ ਨਾਲ ਉਹਨਾਂ ਦੇ ਪਰਿਵਾਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਕੁਦਰਤੀ ਖੇਤੀ ਤੋ ਪਹਿਲਾ ਜਿਹੜੀ ਗੋਭੀ ਖਾਣ ਮਗਰੋਂ ਮੂੰਹ ਕੌੜਾ ਹੋ ਜਾਂਦਾ ਸੀ ਹੁਣ ਉਹੀ ਗੋਭੀ ਮੂੰਹੋਂ ਨਹੀਂ ਲਹਿੰਦੀ। ਇੱਥੋਂ ਤੱਕ ਬੱਚੇ ਵੀ ਕੁਦਰਤੀ ਖੇਤੀ 'ਚੋਂ ਆਏ ਘਰ ਦੇ ਖਾਣੇ ਨੂੰ ਹੀ ਪਹਿਲ ਦਿੰਦੇ ਹਨ। 
ਗੁਰਮੀਤ ਜੀ ਦਾ ਕਹਿਣਾ ਹੈ ਕਿ ਰਸਾਇਣਕ ਖੇਤੀ ਕਾਰਨ ਜਿਸ ਤੇਜੀ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਖ਼ੁਰਾਕ ਲੜੀ ਵਿੱਚ ਜ਼ਹਿਰ ਭਰ ਰਹੇ ਹਨ ਅਤੇ ਨਤੀਜ਼ੇ ਵਜੋਂ ਲੋਕਾਂ ਉੱਤੇ ਬਿਮਾਰੀਆਂ ਦਾ ਪ੍ਰਕੋਪ ਵਧ ਰਿਹਾ, ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਇਸ ਸਭ ਦੇ ਮੱਦੇ-ਨਜ਼ਰ ਸਰਕਾਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਚਾਹੀਦਾ ਹੈ ਕਿ ਉਹ ਕੁਦਰਤੀ ਖੇਤੀ ਨੂੰ ਆਪਣੇ ਮੁੱਖ ਏਜੰਡੇ ਵਜੋਂ ਸਵੀਕਾਰ ਕਰਕੇ ਖੇਤੀ ਖੋਜ਼ ਦੀ ਦਿਸ਼ਾ ਕੁਦਰਤੀ ਖੇਤੀ ਵੱਲ ਮੋੜ ਦੇਣ। ਉਹਨਾ ਦਾ ਮਤ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਜਾਣੇ-ਅਨਜਾਣੇ ਪੰਜਾਬ ਖੇਤੀ, ਕਿਸਾਨੀ ਅਤੇ ਲੋਕਾਈ ਨੂੰ ਬਲਦੀ ਦੇ ਬੂਥੇ ਧੱਕਿਆ ਹੈ ਅਤੇ ਹੁਣ ਆਪਣੀਆਂ ਗਲਤੀਆਂ 'ਤੇ ਪਰਦਾ ਪਾਉਣ ਲਈ ਉਹ ਦੇਸ ਦੀ ਅੰਨ ਸੁਰੱਖਿਆ ਦਾ ਰੋਣਾ ਰੋ ਕੇ ਕੁਦਰਤੀ ਖੇਤੀ ਨੂੰ ਛੁਟਿਆਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। 
ਮਾਰਕੀਟਿੰਗ ਸਬੰਧੀ ਗੱਲ ਕਰਦਿਆਂ ਗੁਰਮੀਤ ਜੀ ਨੇ ਦੱਸਿਆ ਕਿ ਉਹਨਾਂ ਦੁਆਰਾ ਪੈਦਾ ਕੀਤੀ ਗਈ ਕੁਦਰਤੀ ਕਣਕ ਖੇਤ ਵਿੱਚ ਖੜੀ ਹੀ ਵਿਕ ਜਾਂਦੀ ਹੈ,  ਸਬਜ਼ੀਆਂ, ਕੁੱਝ ਮਾਤਰਾ ਵਿੱਚ ਪੰਚਕੂਲੇ ਭੇਜੀਆਂ ਜਾਂਦੀਆਂ ਹਨ ਅਤੇ ਬਾਕੀ ਉਹਨਾਂ ਦੇ ਸਾਂਝੀਦਾਰ ਵੱਲੋਂ ਘਨੌਰ ਸ਼ਹਿਰ ਵਿੱਚ ਫੇਰੀ ਲਾ ਕੇ ਰੇਹੜੀ ਵਾਲਿਆਂ ਦੇ ਰੇਟ 'ਤੇ ਵੇਚੀਆਂ ਜਾਂਦੀਆਂ ਹਨ ਜਦੋਂਕਿ ਜੀਰੀ ਆਮ ਮੰਡੀ ਵਿੱਚ ਵੇਚ ਜਾਂਦੀ ਹੈ। 
ਅੰਤ ਵਿੱਚ ਆਮ ਕਿਸਾਨਾਂ ਨੂੰ ਸੁਨੇਹਾਂ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਵਰਤਮਾਨ ਸਮੇਂ ਰਸਾਇਣਕ ਖੇਤੀ ਦੇ ਝਾੜ ਵਿੱਚ ਖੜੋਤ ਆ ਚੁੱਕੀ ਹੈ ਅਤੇ ਇਹ ਲਗਾਤਾਰ ਨਿਘਾਰ ਵੱਲ ਵਧ ਰਹੀ ਹੈ। ਇਸ ਲਈ ਸਮੂਹ ਕਿਸਾਨ ਵੀਰਾਂ ਨੂੰ ਸਮਾਂ ਰਹਿੰਦਿਆਂ ਹੀ ਰਸਾਇਣਕ ਖੇਤੀ ਅਤੇ ਇਸਦੇ ਲੰਬਰਦਾਰਾਂ ਨੂੰ ਤੱਜ ਕੇ ਕੁਦਰਤੀ ਖੇਤੀ ਵੱਲ ਮੁਹਾਰਾਂ ਮੋੜ ਲੈਣੀਆਂ ਚਾਹੀਦੀਆਂ ਹਨ। ਕਿਸਾਨਾ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਕੁਦਰਤੀ ਖੇਤੀ 'ਤੇ ਖੋਜ਼ ਕਰਨ ਅਤੇ ਇਸਦਾ ਪਸਾਰ ਕਰਨ ਲਈ ਮਜ਼ਬੂਰ ਕਰ ਦੇਣ। ਕਿਉਂਕਿ ਕੁਦਰਤੀ ਖੇਤੀ ਹੀ ਅੰਤ ਸਭ ਦੀ ਖੇਵਨਹਾਰ ਬਣੇਗੀ। 

ਕੋਲੇ ਤੋਂ ਬਿਜਲੀ, ਤਬਾਹੀ ਨੂੰ ਸੱਦਾ

ਡਾ. ਅਮਰ ਸਿੰਘ ਆਜ਼ਾਦ

ਅੱਜ ਪੂਰਾ ਜੀਵਨ ਬਿਜਲੀ ਉੱਪਰ ਨਿਰਭਰ ਹੋ ਚੁੱਕਾ ਹੈ। ਅੱਜ ਦਾ ਮਨੁੱਖ ਬਿਜਲੀ ਤੋਂ ਬਿਨਾ ਇੱਕ ਪਲ ਵੀ ਨਹੀ ਰਹਿ ਸਕਦਾ। ਜੀਵਨ ਦੀ ਹਰ ਪ੍ਰਕ੍ਰਿਆ ਬਿਜਲੀ ਨਾਲ ਜੁੜ ਗਈ ਹੈ। ਜਿਨ੍ਹਾਂ ਕੋਈ ਵੱਧ ਅਮੀਰ ਹੈ, ਉਹਨੀ ਹੀ ਉਸਦੀ ਬਿਜਲੀ ਦੀ ਖਪਤ ਵੱਧ ਹੈ। ਬਹੁਤ ਸਾਰੀ ਬਿਜਲੀ ਅੱਯਾਸ਼ੀ ਅਤੇ ਦਿਖਾਵੇ ਲਈ ਖਰਚੀ ਜਾਂਦੀ ਹੈ। ਬਿਜਲੀ ਉਪਕਰਨਾਂ ਨੂੰ ਵਰਤਦੇ ਸਮੇਂ ਅਸੀਂ ਇਸ ਪੱਖੋਂ ਕਦੇ ਵੀ ਚੇਤੰਨ ਨਹੀ ਹੁੰਦੇ ਕਿ 'ਬਿਜਲੀ ਦਾ ਹਰ ਯੂਨਿਟ ਵਾਤਾਵਰਣ ਨੂੰ ਗੰਧਲਾ ਕਰਨ ਦੀ ਕੀਮਤ ਦੇ ਕੇ ਪੈਦਾ ਕੀਤਾ ਜਾਂਦਾ ਹੈ।' ਬਿਜਲੀ ਦੀ ਬੇਤਹਾਸ਼ਾ ਅਤੇ ਬੇਲੋੜੀ ਵਰਤੋਂ ਦੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਅੱਜ ਸਾਨੂੰ ਇਹ ਸੋਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ ਜੀਵਨ ਨੂੰ ਚਿਰੰਜੀਵੀ ਬਣਾਉਣ ਲਈ ਬਿਜਲੀ ਤੋਂ ਕਿਧਰੇ ਵੱਧ ਸਾਫ ਸੁਥਰਾ ਵਾਤਾਵਰਣ ਅਤੇ ਕੁਦਰਤੀ ਸੰਤੁਲਣ ਨੂੰ ਬਚਾਉਣਾ ਹੈ। ਸਾਨੂੰ ਇਸ ਬਾਰੇ ਵੀ ਚੇਤੰਨ ਹੋਣ ਦੀ ਲੋੜ ਹੈ ਕਿ ਜੋ ਬਿਜਲੀ ਅਸੀ ਜੀਵਨ ਨੂੰ ਸੋਹਣਾ ਅਤੇ ਸੁਖਾਲਾ ਬਣਾਉਣ ਲਈ ਵਰਤ ਰਹੇ ਹਾਂ, ਉਹ ਕਿਤੇ ਲੰਮੇ ਸਮੇਂ ਵਿੱਚ ਸਾਡੀ ਬਰਬਾਦੀ ਦਾ ਕਾਰਨ ਨਾ ਬਣ ਜਾਵੇ।
'ਬਿਜਲੀ ਪੈਦਾ ਕਰਨਾ', ਸ਼ਾਇਦ ਸਹੀ ਸ਼ਬਦ ਨਹੀਂ। ਸੱਚ ਤਾਂ ਇਹ ਹੈ ਕਿ ਅਸੀ ਬਿਜਲੀ ਪੈਦਾ ਕਰ ਹੀ ਨਹੀਂ ਸਕਦੇ। ਬਿਜਲੀ ਊਰਜਾ ਕੁਦਰਤ ਵਿੱਚ ਕਿਸੇ ਨਾ ਕਿਸੇ ਸ਼ਕਲ ਵਿੱਚ ਛੁਪੀ ਹੋਈ ਹੈ। ਪੂਰਾ ਬ੍ਰਹਿਮੰਡ ਹੀ ਊਰਜਾ ਦਾ ਭਰਿਆ ਹੋਇਆ ਹੈ। ਅਸੀ ਆਪਣੀ ਵਰਤੋਂ ਦੇ ਲਾਇਕ ਬਿਜਲੀ ਕੁਦਰਤ ਦੀ ਊਰਜਾ ਤੋਂ ਹੀ ਲੈਂਦੇ ਹਾਂ। ਇਸੇ ਪ੍ਰਕ੍ਰਿਆ ਨੂੰ ਅਸੀਂ ਬਿਜਲੀ ਪੈਦਾ ਕਰਨਾ ਕਹਿ ਦਿੰਦੇ ਹਾਂ।
ਬਿਜਲੀ ਹੇਠ ਲਿਖੇ ਕੁਦਰਤੀ ਸ੍ਰੋਤਾਂ ਵਿੱਚ ਛੁਪੀ ਹੋਈ ਹੈ-
1. ਸੂਰਜ ਦੀ ਧੁੱਪ ਵਿੱਚ
2. ਵਗਦੀ ਹਵਾ ਵਿੱਚ
3. ਵਗਦੇ ਪਾਣੀ ਵਿੱਚ
4. ਧਰਤੀ ਦੇ ਗਰਭ ਵਿੱਚ ਦੱਬੇ ਤੇਲ ਅਤੇ ਕੋਲੇ ਵਿੱਚ
5. ਜ਼ਲਣਸ਼ੀਲ ਪਦਾਰਥਾਂ ਵਿੱਚ
6. ਗਲਣਸ਼ੀਲ ਪਦਾਰਥਾਂ ਵਿੱਚ
7. ਐਟਮੀ ਸ਼ਕਤੀ ਵਿੱਚ
ਇਹਨਾਂ ਵਿੱਚੋਂ ਬਿਜਲੀ ਪੈਦਾ ਕਰਨ ਦੇ ਕੁੱਝ ਢੰਗ ਤਾਂ ਬਿਲਕੁਲ ਵੀ ਪ੍ਰਦੂਸ਼ਣ ਨਹੀ ਫੈਲਾਉਦੇਂ ਜਿਵੇਂ ਕਿ ਹਵਾ, ਧੁੱਪ ਅਤੇ ਪਾਣੀ ਤੋਂ ਬਿਜਲੀ ਪੈਦਾ ਕਰਨ ਦੀ ਪ੍ਰਕ੍ਰਿਆ ਲਗਭਗ ਪ੍ਰਦੂਸ਼ਣ ਮੁਕਤ ਹੈ। ਜਦੋਂਕਿ ਕੁੱਝ ਢੰਗ ਹੱਦ ਦਰਜ਼ੇ ਦਾ ਪ੍ਰਦੂਸ਼ਣ ਫੈਲਾਉਂਦੇ ਹਨ ਜਾਂ ਹੋਰ ਕਾਰਨਾਂ ਕਰਕੇ ਬੇਹੱਦ ਖ਼ਤਰਨਾਕ ਹਨ। ਕੋਲੇ ਤੋਂ ਬਿਜਲੀ ਪੈਦਾ ਕਰਨ ਦੀ ਪ੍ਰਕ੍ਰਿਆ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੀ ਹੈ। ਇਸੇ ਲਈ ਹਵਾ, ਪਾਣੀ ਅਤੇ ਧੁੱਪ ਤੋਂ ਪੈਦਾ ਕੀਤੀ ਬਿਜਲੀ ਨੂੰ ਸਾਫ-ਸੁਥਰੀ ਬਿਜਲੀ ਅਤੇ ਕੋਲੇ ਤੋਂ ਪੈਦਾ ਕੀਤੀ ਬਿਜਲੀ ਨੂੰ ਸਭ ਤੋਂ ਗੰਦੀ ਬਿਜਲੀ ਮੰਨਿਆ ਜਾਂਦਾ ਹੈ। 
ਕੋਲੇ ਤੋਂ ਬਿਜਲੀ ਪੈਦਾ ਕਰਨਾ ਇੰਨਾ ਕੁ ਖ਼ਤਰਨਾਕ ਹੈ ਕਿ ਇਸ ਨੂੰ ਬੰਦ ਕਰਨ ਦੀ ਮੰਗ ਪੂਰੀ ਦੁਨੀਆ ਵਿੱਚ ਉੱਠ ਰਹੀ ਹੈ। ਇਸਦੇ ਬਾਵਜੂਦ ਦੁਨੀਆਂ ਦੇ ਬਹੁਤੇ ਦੇਸ਼ਾਂ ਵਿੱਚ ਜਿਆਦਾਤਰ ਬਿਜਲੀ ਕੋਲੇ ਤੋਂ ਹੀ ਪੈਦਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਵੀ ਕੋਲੇ 'ਤੇ ਆਧਾਰਿਤ ਤਾਪ ਬਿਜਲੀ ਘਰ ਲਗਾਏ ਗਏ ਹਨ ਅਤੇ ਕਈ ਹੋਰ ਤਾਪ ਬਿਜਲੀ ਘਰ ਤੇਜ਼ੀ ਨਲ ਲਗਾਏ ਜਾ ਰਹੇ ਹਨ। ਇਹਨਾਂ ਤਾਪ ਬਿਜਲੀ ਘਰਾਂ ਦੇ ਲੰਮੇ ਸਮੇਂ ਵਿੱਚ ਵਾਤਾਵਰਣ, ਕੁਦਰਤੀ ਸੰਤੁਲਣ ਅਤੇ ਪ੍ਰਾਣੀਆਂ (ਮਨੁੱਖਾਂ ਸਮੇਤ) ਉੱਪਰ ਹੋਣ ਵਾਲੇ ਅਸਰਾਂ ਪ੍ਰਤਿ ਲੋਕ-ਚੇਤਨਾ ਬਹੁਤ ਹੀ ਨੀਵੇਂ ਪੱਧਰ ਦੀ ਹੈ। ਇਸੇ ਕਾਰਨ ਇੱਕ ਛੋਟੇ ਜਿਹੇ ਸੂਬੇ ਵਿੱਚ ਏਨੇ ਜ਼ਿਆਦਾ ਕੋਲੇ 'ਤੇ ਆਧਾਰਿਤ ਤਾਪ ਬਿਜਲੀ ਘਰਾਂ ਦੇ ਨਿਰਮਾਣ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਅਤੇ ਇਹ ਕੰਮ ਬੇਰੋਕ ਜਾਰੀ ਹੈ। ਸੁਮੱਚੇ ਪੰਜਾਬ ਦਾ ਵਾਤਾਵਰਣ ਪਹਿਲਾਂ ਹੀ ਬਹੁਤ ਗੰਧਲਾ ਹੋ ਚੁੱਕਿਆ ਹੈ। ਇਸ ਨੂੰ ਅੱਤ ਦਾ ਗੰਧਲਾ ਅਤੇ ਜ਼ਹਿਰੀਲਾ ਬਣਾਉਣ ਲਈ ਜਿੱਥੇ ਖੇਤੀ ਰਸਾਇਣ (ਕੀਟ ਨਾਸ਼ਕ ਅਤੇ ਰਸਾਇਣਿਕ ਖਾਦਾਂ) ਵੱਡੀ ਭੂਮਿਕਾ ਨਿਭਾ ਰਹੇ ਹਨ, ਉੱਥੇ ਹਿਮਾਚਲ, ਹਰਿਆਣਾ ਅਤੇ ਪੰਜਾਬ ਦੀਆਂ ਸਨਅਤਾਂ ਨੇ ਪੂਰੇ ਪਾਣੀ ਦਾ ਸਤਿਆਨਾਸ਼ ਕਰ ਦਿੱਤਾ ਹੈ। ਉਹ ਆਪਣਾ ਗੰਦਾ ਪਾਣੀ (ਜੋ ਬੇਹੱਦ ਜ਼ਹਿਰੀਲਾ ਹੁੰਦਾ ਹੈ) ਬਿਨਾਂ ਸਾਫ ਕੀਤੇ ਪਾਣੀ ਸਰੋਤਾਂ ਵਿੱਚ ਸੁੱਟੀ ਜਾ ਰਹੇ ਹਨ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਵਾਤਾਵਰਣੀ ਪ੍ਰਦੂਸ਼ਣ ਵਿੱਚ ਤਾਪ ਬਿਜਲੀ ਘਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਚਿੰਤਾਂ ਤਾਂ ਇਸ ਗੱਲ ਦੀ ਹੈ ਕਿ ਜਦੋਂ ਸਾਰੇ ਨਵੇਂ ਤਾਪ ਘਰ ਵੀ ਚਾਲੂ ਹੋ ਗਏ ਤਾਂ ਸਥਿਤੀ ਹੋਰ ਵੀ ਮਾੜੀ ਹੋ ਜਾਵੇਗੀ। ਇਸ ਲਈ ਅੱਜ ਹਰ ਪੰਜਾਬੀ ਨੂੰ ਘੱਟੋ-ਘੱਟ ਇੰਨਾਂ ਜ਼ਰੂਰ ਪਤਾ ਹੋਣਾ ਚਹੀਦਾ ਹੈ ਕਿ ਤਾਪ ਬਿਜਲੀ ਘਰਾਂ ਵਿੱਚ ਬਾਲਿਆ ਜਾਣ ਵਾਲਾ ਕੋਲਾ ਕਿਸ ਤਰਾਂ ਦੀ ਬਰਬਾਦੀ ਕਰ ਸਕਦਾ ਹੈ।?
ਪੰਜਾਬ ਵਿੱਚ ਪਹਿਲਾਂ ਹੀ ਕੋਲੇ ਨਾਲ ਚੱਲਣ ਵਾਲੇ ਤਿੰਨ ਤਾਪ ਬਿਜਲੀ ਘਰ ਚੱਲ ਰਹੇ ਹਨ 
1. ਗੁਰੂ ਨਾਨਕ ਦੇਵ ਤਾਪ ਬਿਜਲੀ ਘਰ ਬਠਿੰਡਾ - ਇਸ ਵਿੱਚ ਚਾਰ ਯੂਨਿਟ ਹਨ। ਇਹ 1970 ਵਿੱਚ ਬਣਨਾ ਸ਼ੁਰੂ ਹੋਇਆ ਅਤੇ 1982 ਤੋਂ ਚਲ ਰਿਹਾ ਹੈ। ਇਸ ਦੀ ਸਮਰੱਥਾ 440 ਮੈਗਾਵਾਟ ਹੈ।
2. ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਜਿਲ੍ਹਾ ਬਠਿੰਡਾ) - ਇਸ ਵਿਚਲੇ ਦੋ ਯੂਨਿਟ (420 ਮੈਗਾਵਾਟ) ਚਾਲੂ ਹਨ ਅਤੇ ਦੋ ਹੋਰ ਯੂਨਿਟ (500 ਮੈਗਾਵਾਟ) ਹੋਰ ਲੱਗਣ ਜਾ ਰਹੇ ਹਨ। ਇਸ ਤਰਾਂ ਇਸ ਦੀ ਕੁੱਲ ਸਮਰੱਥਾ 920 ਮੈਗਾਵਾਟ ਹੋ ਜਾਵੇਗੀ।
3. ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਬਿਜਲੀ ਘਰ ਰੋਪੜ - ਜਿਸਦੇ ਕੁੱਲ ਛੇ ਯੂਨਿਟਾਂ ਦੀ ਸਮਰੱਥਾ 1260 ਮੈਗਾਵਾਟ ਹੈ। ਸਾਲ 1984 ਤੋਂ ਸ਼ੁਰੂ ਹੋ ਕੇ 1993 ਤੋਂ ਇਸ ਦੇ ਸਾਰੇ ਯੂਨਿਟ ਚਾਲੂ ਹਨ। ਪਰ ਇਸ ਦੇ ਬਾਵਜੂਦ ਵਧਦੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ ਸਰਕਾਰ ਦੁਆਰਾ ਲਹਿਰਾ ਮਹੁਬੱਤ (ਬਠਿੰਡਾ), ਨਲਾਸ-ਰਾਜਪੁਰਾ (ਪਟਿਆਲਾ), ਗਿੱਤੜਬਾਹਾ (ਮੁਕਤਸਰ), ਤਲਵੰਡੀ ਸਾਬੋ (ਮਾਨਸਾ) ਅਤੇ ਗੋਇੰਦਵਾਲ (ਤਰਨਤਾਰਨ) ਵਿਖੇ 500 ਤੋਂ 2640 ਮੈਗਾਵਾਟ ਸਮਰਥਾ ਵਾਲੇ ਪੰਜ ਹੋਰ ਕੋਲਾ ਆਧਾਰਿਤ ਤਾਪ ਬਿਜਲੀ ਘਰਾਂ ਦੇ ਨਿਰਮਾਣ ਲਈ ਜਾਂ ਤਾਂ ਰਾਹ ਪੱਧਰਾ ਕਰ ਦਿੱਤਾ ਗਿਆ ਜਾਂ ਕੀਤਾ ਜਾ ਰਿਹਾ ਹੈ। 
ਹਾਲਾਂਕਿ ਕੋਲਾ, ਕੁਦਰਤ ਵਿੱਚ ਪਾਏ ਜਾਣ ਵਾਲੇ ਸਾਰੇ ਬਾਲਣਾਂ ਵਿੱਚੋਂ ਸਭ ਤੋਂ ਅਸ਼ੁੱਧ ਗਿਣਿਆ ਜਾਂਦਾ ਹੈ। ਕੋਲਾ ਬਾਲਣ ਉਪਰੰਤ ਪੈਦਾ ਹੋਈ ਗਰਮੀ ਤੋਂ ਅਸੀ ਬਿਜਲੀ ਬਣਾ ਲੈਂਦੇ ਹਾਂ। ਪਰ ਇਸ ਪ੍ਰਕ੍ਰਿਆ ਵਿੱਚ ਬਹੁਤ ਕੁੱਝ ਅਣਚਾਹਿਆ ਨਿਕਲਦਾ ਹੈ। ਅਨੇਕਾਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਹਵਾ ਵਿੱਚ ਰਲ ਜਾਂਦੀਆਂ ਹਨ। ਇਸ ਤਰਾਂ ਹਵਾ ਖ਼ਤਰਨਾਕ ਹੱਦ ਤੱਕ ਪ੍ਰਦੂਸ਼ਤ ਹੋ ਜਾਂਦੀ ਹੈ। ਖਾਣਾਂ ਵਿੱਚੋਂ ਕੱਢਣ ਤੋਂ ਲੈ ਕੇ ਤਾਪ ਘਰ ਵਿੱਚ ਬਲਣ ਤੱਕ ਕੋਲਾ ਅਤੇ ਕੋਲੇ ਵਿੱਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾ, ਕੋਲੇ ਦੀ ਗਾਰ ਵਾਤਾਵਰਣ ਦਾ ਹਿੱਸਾ ਬਣ ਜਾਂਦੀ ਹੈ। 500 ਮੈਗਾਵਾਟ ਵਾਲੇ ਤਾਪ ਘਰ ਵਿੱਚ ਹਰ ਸਾਲ ਇੱਕ ਲੱਖ 20 ਹਜ਼ਾਰ ਟਨ (12 ਲੱਖ ਕੁਇੰਟਲ) ਸੁਆਹ ਅਤੇ ਇੱਕ ਲੱਖ 93 ਹਜ਼ਾਰ ਟਨ ਕੋਲੇ ਦੀ ਗਾਰ ਪਿੱਛੇ ਬਚ ਜਾਂਦੀ ਹੈ।
ਇਹ ਸਾਰਾ ਕਚਰਾ ਅਨੇਕਾਂ ਕਿਸਮ ਦੇ ਜ਼ਹਿਰਾਂ ਨਾਲ ਭਰਪੂਰ ਹੁੰਦਾ ਹੈ। ਬਲਣ ਉਪਰੰਤ ਨਿਕਲੀਆਂ ਗੈਸਾਂ ਅਤੇ ਸੁਆਹ ਦਾ ਕਾਫ਼ੀ ਹਿੱਸਾ ਸਿੱਧਾ ਹਵਾ ਵਿੱਚ ਪਹੁੰਚ ਜਾਂਦਾ ਹੈ। ਹਵਾ ਰਾਹੀ ਇਹ 600 ਮੀਲ (600 ਮੀਲ ਚਾਰੇ ਪਾਸੇ) ਤੱਕ ਪਹੁੰਚ ਕੇ ਵਾਤਾਵਰਣ ਵਿੱਚ ਮਿਲ ਜਾਂਦਾ ਹੈ। ਜਿਹੜਾ ਕਿ ਬਾਅਦ ਵਿੱਚ ਥੱਲੇ ਆ ਕੇ ਪਾਣੀ ਅਤੇ ਧਰਤੀ ਵਿੱਚ ਹੀ ਮਿਲਦਾ ਹੈ। ਇੰਨਾਂ ਹੀ ਨਹੀਂ ਤਾਪ ਬਿਜਲੀ ਘਰਾਂ ਚੋਂ ਨਿਕਲੀ ਕੋਲੇ ਦੀ ਰਾਖ ਵੀ ਨੇੜਲੇ ਇਲਾਕਿਆਂ ਵਿੱਚ ਇਧਰ-ਉਧਰ ਖਾਲੀ ਥਾਂਵਾਂ ਜਾਂ ਰੇਲਵੇ ਲਾਈਨਾਂ ਦੇ ਕਿਨਾਰੇ ਡੰਪ ਕਰ ਦਿੱਤੀ ਜਾਂਦੀ ਹੈ।
ਹਵਾ, ਪਾਣੀ ਅਤੇ ਧਰਤੀ ਰਾਹੀ ਸਾਰੇ ਜ਼ਹਿਰੀਲੇ ਤੱਤ ਭੋਜਨ ਲੜ੍ਹੀ ਰਾਹੀ ਸਮੂਹ ਪ੍ਰਾਣੀਆਂ ਦੇ ਸ਼ਰੀਰਾਂ ਦਾ ਹਿੱਸਾ ਬਣ ਜਾਂਦੇ ਹਨ। ਭੋਜਨ ਲੜ੍ਹੀ ਵਿੱਚ ਇਹਨਾਂ ਦੀ ਮਾਤਰਾ ਸੈਂਕੜੇ, ਹਜ਼ਾਰ ਜਾਂ ਲੱਖਾਂ ਗੁਣਾ ਵੱਧ ਜਾਂਦੀ ਹੈ। ਕੁਦਰਤ ਦੇ ਇਸ ਵਰਤਾਰੇ ਨੂੰ ਬਾਇਓ ਅਨੁਮਿਊਲੇਸ਼ਨ ਅਤੇ ਬਾਇਓਮੈਗਨੀਫਿਕੇਸ਼ਨ ਆਖਿਆ ਜਾਂਦਾ ਹੈ।
ਇਸ ਵਰਤਾਰੇ ਨੂੰ ਸਮਝਣਾ ਵੀ ਬੇਹੱਦ ਜ਼ਰੂਰੀ ਹੈ। ਜ਼ਹਿਰ ਸਭ ਤੋਂ ਪਹਿਲਾਂ ਛੋਟੇ-ਵੱਡੇ ਪੌਦਿਆਂ ਵਿੱਚ ਪਹੁੰਚਦੇ ਹਨ। ਇਹਨਾਂ ਪੌਦਿਆਂ ਨੂੰ ਛੋਟੇ ਜੀਵ ਖਾਂਦੇ ਹਨ। ਮੰਨ ਲਉ 10 ਗ੍ਰਾਮ ਦਾ ਇੱਕ ਕੀੜਾ ਆਪਣੇ ਸ਼ਰੀਰ ਨੂੰ 10 ਗ੍ਰਾਮ ਤੇ ਪਹੁੰਚਾਉਣ ਲਈ 100 ਗ੍ਰਾਮ ਪੌਦੇ ਖਾਂਦਾ ਹੈ। ਇਸ ਤਰਾਂ ਉਸਦੇ ਸ਼ਰੀਰ ਅੰਦਰ ਜ਼ਹਿਰ ਪੌਦੇ ਨਾਲੋਂ 10 ਗੁਣਾ ਵੱਧ ਤੀਬਰ ਪੱਧਰ ਤੇ ਹੋਣਗੇ। ਇਸਨੂੰ ਬਾਇਓਅਨੁਮਿਊਲਸ ਆਖਿਆ ਜਾਂਦਾ ਹੈ। ਇਸ ਕੀੜੇ ਨੂੰ ਹੁਣ ਵੱਡੇ ਕੀੜੇ ਨੇ ਖਾਧਾ। ਵੱਡੇ ਕੀੜੇ ਨੇ ਆਪਣਾ ਸ਼ਰੀਰ 20 ਗ੍ਰਾਮ ਬਣਾਉਣ ਲਈ 100 ਗ੍ਰਾਮ ਛੋਟੇ ਕੀੜੇ ਖਾਧੇ। ਇਸ ਤਰਾਂ ਉਸਦੇ ਸ਼ਰੀਰ ਵਿੱਚ ਛੋਟੇ ਕੀੜੇ ਨਾਲੋਂ ਪੰਜ ਗੁਣਾ ਜ਼ਹਿਰ ਹੋਰ ਵੱਧ ਗਏ। ਇਸ ਤਰਾਂ ਪੌਦੇ ਤੋਂ ਛੋਟੇ ਕੀੜੇ ਤੱਕ 10 ਗੁਣਾ - ਛੋਟੇ ਕੀੜੇ ਤੋਂ ਵੱਡੇ ਕੀੜੇ ਵਿਧਚ ਪੰਜ ਗੁਣਾ - ਕੁੱਲ 50 ਗੁਣਾ। ਇਸ ਤਰਾਂ ਭੋਜਨ ਲੜੀ ਵਿੱਚ ਕਈ ਵਾਰੀ 10-20 ਪੌੜੀਆਂ ਹੁੰਦੀਆਂ ਹਨ। ਹਰ ਪੌੜੀ ਤੇ ਵੱਧਦਾ-ਵੱਧਦਾ ਇਹ ਸੈਂਕੜੇ, ਹਜ਼ਾਰਾਂ ਜਾਂ ਲੱਖਾਂ ਗੁਣਾ ਵੀ ਵੱਧ ਸਕਦਾ ਹੈ। ਇਸ ਪ੍ਰਕ੍ਰਿਆ ਨੂੰ ਬਾਇਓਮੈਗਨੀਫਿਕੇਸ਼ਨ ਆਖਿਆ ਜਾਂਦਾ ਹੈ।
ਸਪੱਸ਼ਟ ਹੈ ਕਿ ਜੋ ਵੀ ਜੀਵ ਭੋਜਨ ਲੜੀ ਵਿੱਚ ਜਿਨ੍ਹਾਂ ਉੱਪਰ ਹੋਵੇਗਾ, ਉਸਦੇ ਸ਼ਰੀਰ ਵਿੱਚ ਜ਼ਹਿਰ ਦੀ ਤੀਬਰਤਾ ਦੀ ਪੱਧਰ ਉਨ੍ਹੀ ਹੀ ਵੱਧ ਹੋਵੇਗੀ ਅਤੇ ਜ਼ਹਿਰਾਂ ਦੀ ਮਾਰ ਵਿੱਚ ਪਹਿਲਾਂ ਆਵੇਗਾ। ਇਸ ਕਰਕੇ ਹੀ ਗਿੱਧਾਂ ਸਭ ਤੋਂ ਪਹਿਲਾਂ ਮਾਰ ਵਿੱਚ ਆਈਆ। ਕਿਉਂਕਿ ਉਹਨਾਂ ਨੇ ਤਾਂ ਮਰੇ ਹੋਏ ਸ਼ੇਰ ਨੂੰ ਵੀ ਖਾਣਾ ਹੈ। ਇਸੇ ਤਰਾਂ ਹੀ ਕੀੜੇ ਖਾਣ ਵਾਲੇ ਅਤੇ ਮੱਛੀਆਂ ਖਾਣ ਵਾਲੇ ਪੰਛੀਆਂ ਦੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਹਨ ਜਾਂ ਖ਼ਤਮ ਹੋ ਰਹੀਆਂ ਹਨ। ਇਹ ਵੀ ਸਪੱਸ਼ਟ ਹੈ ਕਿ ਜੋ ਮਨੁੱਖ ਮਾਸ-ਮੱਛੀ ਅਤੇ ਜ਼ਾਨਵਰਾਂ ਤੋਂ ਬੁਣੇ ਭੋਜਨ ਖਾਂਦਾ ਹੋਵੇਗਾ, ਉਹ ਸ਼ਾਕਾਹਾਰੀ ਮਨੁੱਖਾਂ ਤੋਂ ਜਲਦੀ ਇਹਨਾਂ ਜ਼ਹਿਰਾਂ ਦੀ ਮਾਰ ਵਿੱਚ ਆਵੇਗਾ।
ਇਸ ਤਰਾਂ ਖਾਣਾਂ ਵਿੱਚੋਂ ਕੋਲਾ ਕੱਢਣ ਤੋਂ ਵਾਤਾਵਰਣ ਦੀ ਤਬਾਹੀ ਸ਼ੁਰੂ ਹੁੰਦੀ ਹੈ ਅਤੇ ਤਾਪ ਬਿਜਲੀ ਘਰਾਂ ਦੀ ਸ਼ੁਰੂਆਤ ਦੇ ਰੂਪ ਵਿੱਚ ਇਹ ਤਬਾਹੀ ਜ਼ਾਰੀ ਰਹਿੰਦੀ ਹੈ। ਇਹ ਹਵਾ, ਪਾਣੀ ਅਤੇ ਧਰਤੀ ਦਾ ਨਾਸ਼ ਮਾਰਦੀ ਹੈ। ਸਮੂਹ ਪ੍ਰਾਣੀਆਂ ਉੱਪਰ ਅਤਿ ਮਾੜੇ ਪ੍ਰਭਾਵ ਪੈਂਦੇ ਹਨ। ਮਨੁੱਖ ਅਤੇ ਪਸ਼ੂ ਵੱਡੀਆਂ ਅਤੇ ਲਾ-ਇਲਾਜ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਪੂਰੀ ਉਮਰ ਭੋਗਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। 
500 ਮੈਗਾਵਾਟ ਦੇ ਤਾਪ ਬਿਜਲੀ ਘਰਾਂ ਵਿੱਚ ਬਾਲੇ ਜਾਣ ਵਾਲੇ ਕੋਲੇ ਵਿੱਚੋਂ ਜ਼ਹਿਰੀਲੇ ਤੱਤਾਂ ਵਜੋਂ ਹਰ ਸਾਲ 37 ਲੱਖ ਟਨ ਕਾਰਬਨ ਡਾਇਆਕਸਾਈਡ, ਜਿਹੜੀ ਕਿ 16 ਕਰੋੜ ਦਰੱਖਤਾਂ ਨੂੰ ਕੱਟਣ ਦੇ ਬਰਾਬਰ ਹੈ, 10 ਹਜ਼ਾਰ ਟਨ ਸਲਫ਼ਰ ਡਾਈਅਕਸਾਈਡ, 10 ਹਜ਼ਾਰ ਟਨ ਨਾਈਟਰੋਜ਼ਨ ਅਕਸਾਈਡ, 500 ਟਨ ਸੂਖਮ ਕਣ, 720 ਟਨ ਕਾਰਬਨਮੋਨੋਅਕਸਾਈਡ, 220 ਟਨ ਹਾਈਡਰੋ ਕਾਰਬਨ, 170 ਪਾਊਂਡ ਪਾਰਾ (ਮਰਕਰੀ), 225 ਪਾਊਂਡ ਸੰਖੀਆ (ਆਰਸੈਨਿਕ), 114 ਪੌਂਡ ਸਿੱਕਾ (ਲੈੱਡ), 4 ਪਾਊਂਡ ਕੈਡਮੀਅਮ, ਲਗਪਗ 2.5 ਟਨ ਯੂਰੇਨੀਅ ਅਤੇ ਲਗਪਗ 6.7 ਟਨ ਥੋਰੀਅਮ ਨੂੰ ਵਾਤਾਵਰਣ ਵਿੱਚ ਖਿਲਾਰਦਾ ਹੈ। ਕੋਲੇ ਵਿੱਚ 1.3 ਪੀ.ਪੀ.ਐਮ ਯੂਰੇਨੀਅਮ ਅਤੇ 3.2 ਪਾਰਟ ਪਰ ਮਿਲੀਅਨ ਥੋਰੀਅਮ ਹੁੰਦਾ ਹੈ।
ਯੂਰੇਨੀਅਮ ਅਤੇ ਥੋਰੀਅਮ ਜਦ ਟੁੱਟਦੇ ਹਨ ਤਾਂ ਅਨੇਕਾਂ ਜ਼ਹਿਰੀਲੇ ਪਦਾਰਥ ਬਣਦੇ ਹਨ। ਇਹਨਾਂ ਵਿੱਚੋਂ ਰੇਡਾਨ ਗੈਸ ਪ੍ਰਮੁੱਖ ਹੈ ਜਿਹੜੀ ਕਿ ਸਾਹ ਰਾਹੀ ਸਾਡੇ ਸ਼ਰੀਰ ਦੀਆਂ ਹੋਰ ਕੋਸ਼ਿਕਾਵਾਂ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਰੇਡੀਅਮ ਪੋਲੋਨੀਅਮ, ਬਿਸਮਥ ਅਤੇ ਲੈੱਡ ਆਦਿ ਕਈ ਜ਼ਹਿਰੀਲੇ ਤੱਤ ਹਨ ਜਿਹੜੇ ਕਿ ਯੂਰੇਨੀਅਮ ਦੀ ਖਾਸੀਅਤ ਹਨ। ਯੂਰੇਨੀਅਮ ਅਤੇ ਥੋਰੀਅਮ ਜਿੱਥੇ ਰੇਡੀਉ ਐਕਟਿਵ (ਪ੍ਰਮਾਣੂ ਕਿਰਣਾਂ ਪੈਦਾ ਕਰਨ ਵਾਲੇ) ਹਨ, ਉੱਥੇ ਇਹ ਭਾਰੀ ਧਾਤਾਂ ਵੀ ਹਨ। ਇਸ ਲਈ ਇਹ ਤੀਹਰੀ ਮਾਰ ਕਰਦੇ ਹਨ। ਪ੍ਰਮਾਣੂ ਕਿਰਣਾਂ ਰਾਹੀ ਭਾਰੀ ਧਾਤਾਂ ਦੇ ਤੌਰ 'ਤੇ ਅਤੇ ਇਹਨਾਂ ਤੋਂ ਬਣਨ ਵਾਲੇ ਹੋਰ ਜ਼ਹਿਰਾਂ ਦੀ ਸ਼ਕਲ ਵਿੱਚ।
ਕਾਰਬਨ ਡਾਈਆਕਸਾਈਡ, ਕਾਰਬਨ ਮੋਨੇਆਕਸਾਈਡ, ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡਜ਼ ਅਤੇ ਹੋਰ ਅਨੇਕਾਂ ਜ਼ਹਿਰੀਲੀਆਂ ਗੈਸਾਂ ਅਤੇ ਪਾਰੇ ਦੇ ਸਾਹ ਰਾਹੀ ਪ੍ਰਾਣੀਆਂ ਦੇ ਅੰਦਰ ਜਾ ਕੇ ਉਹਨਾਂ ਦਾ ਨੁਕਸਾਨ ਕਰਦੇ ਹਨ। ਇਹ ਮਨੁੱਖਾਂ ਨੂੰ ਬਿਮਾਰੀਆਂ ਲਾਉਂਦੇ ਹਨ ਅਤੇ ਪੂਰੀ ਉਮਰ ਤੋਂ ਪਹਿਲਾਂ ਹੀ ਮੌਤ ਦਾ ਕਾਰਨ ਬਣਦੇ ਹਨ। ਇਹ ਗੈਸਾਂ ਗ੍ਰੀਨ ਹਾਊਸ ਗੈਸਾਂ ਹੁੰਦੀਆਂ ਹਨ ਅਤੇ ਆਲਮੀ ਤਪਸ਼ ਦੇ ਵਧਣ ਦਾ ਕਾਰਨ ਬਣਦੀਆਂ ਹਨ। 
ਇਹ ਗੈਸਾਂ ਹੌਲੀ-ਹੌਲੀ ਧਰਤੀ 'ਤੇ ਡਿੱਗ ਜਾਂਦੀਆਂ ਹਨ ਅਤੇ ਮਿੱਟੀ ਅਤੇ ਪਾਣੀ ਵਿੱਚ ਰਲ ਜਾਂਦੀਆਂ ਹਨ। ਭਾਰੀ ਧਾਤਾਂ ਅਤੇ ਹੋਰ ਜ਼ਹਿਰੀਲੇ ਤੱਤ ਵੀ ਧਰਤੀ ਅਤੇ ਪਾਣੀ ਰਾਹੀ ਹੁੰਦੇ ਹੋਏ ਭੋਜਨ ਲੜੀ ਵਿੱਚ ਰਲ ਜਾਂਦੀਆਂ ਹਨ। ਭੋਜਨ ਲੜੀ ਅਤੇ ਪਾਣੀ ਰਾਹੀ ਇਹ ਮਨੁੱਖਾਂ ਅਤੇ ਹੋਰ ਭੋਜਨ ਲੜੀ ਵਿੱਚ ਆ ਜਾਂਦੇ ਹਨ। ਭੋਜਨ ਲੜੀ ਅਤੇ ਪਾਣੀ ਰਾਹੀ ਇਹ ਮਨੁੱਖਾਂ ਅਤੇ ਹੋਰ ਜੀਵ ਜੰਤੂਆਂ ਦੀ ਸਿਹਤ ਦਾ ਘਾਣ ਕਰਦੇ ਹਨ। ਉਹਨਾਂ ਨੂੰ ਲਾ-ਇਲਾਜ ਅਤੇ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ ਅਤੇ ਪੂਰੀ ਉਮਰ ਭੋਗਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ।