Friday 20 January 2012

ਨਾ ਜਾ ਸਵਾਮੀ ਪਰਦੇਸਾ

   ਅਨੁਪਮ ਮਿਸ਼ਰ  
ਢੌਡ ਪਿੰਡ ਦੇ ਪੰਚਾਇਤ ਭਵਨ ਵਿੱਚ ਛੋਟੀਆਂ-ਛੋਟੀਆਂ ਕੁੜੀਆਂ ਨੱਚ ਰਹੀਆਂ ਸਨ। ਉਹਨਾਂ ਦੇ ਗੀਤ ਦੇ ਬੋਲ ਸਨ - ਠੰਡੋ ਪਾਨੀ ਮੇਰਾ ਪਹਾੜ ਮਾ, ਨਾ ਜਾ ਸਵਾਮੀ ਪਰਦੇਸਾ। ਇਹ ਬੋਲ ਸਾਹਮਣੇ ਬੈਠੇ ਪੂਰੇ ਪਿੰਡ ਨੂੰ ਬਰਸਾਤ ਦੀ ਝੜੀ ਵਿੱਚ ਵੀ ਬੰਨ ਕੇ ਰੱਖੇ ਹੋਏ ਸਨ। ਭਿੱਜਣ ਵਾਲੇ ਦਰਸ਼ਕਾਂ ਵਿੱਚ ਅਜਿਹੇ ਕਈ ਨੌਜਵਾਨ ਅਤੇ ਅਧੇੜ ਔਰਤਾਂ ਸਨ ਜਿੰਨ੍ਹਾ ਦੇ ਪਤੀ ਅਤੇ ਬੇਟੇ ਆਪਣੇ ਜੀਵਨ ਦੇ ਕਈ ਬਸੰਤ 'ਪਰਦੇਸ' ਵਿੱਚ ਹੀ ਬਿਤਾ ਰਹੇ ਸਨ। ਅਜਿਹੇ ਬਜ਼ੁਰਗ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਨ, ਜਿੰਨ੍ਹਾ ਨੇ ਆਪਣੇ ਜੀਵਨ ਦਾ ਇੱਕ ਵੱਡਾ ਹਿੱਸਾ ਪਰਦੇਸ ਦੀ ਸੇਵਾ ਵਿੱਚ ਬਿਤਾਇਆ ਸੀ। ਅਤੇ ਭਿੱਜੀ ਹੋਈ ਦਰੀ ਉੱਪਰ ਉਹ ਛੋਟੇ ਬੱਚੇ ਵੀ ਬੈਠੇ ਸਨ, ਜਿੰਨ੍ਹਾ ਨੇ ਸ਼ਾਇਦ ਕੱਲ ਨੂੰ ਪਰਦੇਸ ਚਲੇ ਜਾਣਾ ਹੈ।

ਇੱਕ ਗੀਤ ਪਹਾੜਾਂ ਦੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਲਾਇਨ ਕਰਨ ਤੋ ਭਲਾ ਕਿਵੇਂ ਰੋਕ ਸਕਦਾ ਹੈ? ਪਰ ਗੀਤ ਗਾਉਣ ਵਾਲੀ ਟੁਕੜੀ ਗੀਤ ਗਾਉਂਦੀ ਰਹਿੰਦੀ ਹੈ। ਅੱਜ ਢੌਡ ਪਿੰਡ ਵਿੱਚ ਹੈ ਤਾਂ ਕੱਲ ਨੂੰ ਡੁਲਮੋਟ ਪਿੰਡ ਵਿੱਚ। ਫਿਰ ਜੰਦਰੀਆਂ ਵਿੱਚ, ਭਰਨੋਂ ਵਿੱਚ, ਉਫਰੈਖਾਲ ਵਿੱਚ। ਇਹ ਕੇਵਲ ਸੱਭਿਆਚਾਰਕ ਪ੍ਰੋਗਰਾਮ ਨਹੀ ਹੈ। ਇਸ ਵਿੱਚ ਕੁੱਝ ਗਾਇਕ ਹਨ, ਨੱਚਣ ਵਾਲੇ ਹਨ, ਇੱਕ ਹਾਰਮੋਨੀਅਮ, ਢੋਲ ਹੈ ਅਤੇ  ਸੈਂਕੜੇਂ ਕਸੀਏ ਅਤੇ ਕਹੀਂਆਂ ਵੀ ਹਨ ਜੋ ਹਰ ਪਿੰਡ ਵਿੱਚ ਕੁੱਝ ਅਜਿਹਾ ਕੰਮ ਕਰ ਰਹੇ ਹਨ ਕਿ ਉੱਥੇ ਬਰਸ ਕੇ ਤੇਜ਼ੀ ਨਾਲ ਬਹਿ ਜਾਣ ਵਾਲਾ ਪਾਣੀ ਉੱਥੇ ਹੀ ਕੁੱਝ ਮਾਤਰਾ ਵਿੱਚ ਰੁਕ ਸਕੇ, ਤੇਜ਼ੀ ਨਾਲ ਵਹਿ ਜਾਣ ਵਾਲੀ ਮਿੱਟੀ ਉੱਥੇ ਹੀ ਰੁਕ ਸਕੇ ਅਤੇ ਇਹਨਾਂ ਪਿੰਡਾਂ ਦੇ ਉੱਜੜ ਚੁੱਕੇ ਜੰਗਲ, ਉੱਜੜ ਚੁੱਕੀ ਖੇਤੀ ਫਿਰ ਤੋ ਸੰਵਰ ਸਕੇ। ਆਧੁਨਿਕ ਵਿਕਾਸ ਦੀਆਂ ਨੀਤੀਆਂ ਨੇ ਇੱਥੋਂ ਦੇ ਜੀਵਨ ਦੀ ਜਿਸ ਲੈਅ ਨੂੰ, ਸੰਗੀਤ ਨੂੰ ਬੇਸੁਰਾ ਬਣਾ ਦਿੱਤਾ ਹੈ, ਉਸਨੂੰ ਫਿਰ ਤੋਂ ਸੁਰੀਲਾ ਬਣਾਉਣ ਵਾਲਿਆਂ ਦੀ ਟੋਲੀ ਹੈ ਇਹ ਦੂਧਾਤੋਲੀ ਦੀ।

ਪੌੜੀ ਗੜ੍ਹਵਾਲ, ਉੱਤਰਾਖੰਡ ਦੇ ਦੂਧਾਤੋਲੀ ਇਲਾਕੇ ਦੇ ਉਫਰੈਖਾਲ ਵਿੱਚ ਅੱਜ ਤੋਂ ਕੋਈ 21 ਸਾਲ ਪਹਿਲਾਂ ਬਣੀ ਇਹ ਛੋਟੀ ਜਿਹੀ ਟੋਲੀ ਅੱਜ ਇੱਥੋਂ ਦੇ ਕੋਈ 100 ਪਿੰਡਾਂ ਵਿੱਚ ਫੈਲ ਗਈ ਹੈ ਅਤੇ ਇਸ ਖੇਤਰ ਵਿੱਚ ਆਪਣੇ ਕੰਮ ਨੂੰ ਖ਼ੁਦ ਕਰਨ ਦਾ ਮਾਹੌਲ ਬਣਾ ਰਹੀ ਹੈ। ਆਪਣੇ ਕੰਮਾਂ ਵਿੱਚ ਹੈ ਆਪਣੇ ਜੰਗਲ, ਆਪਣਾ ਪਾਣੀ, ਆਪਣਾ ਚਾਰਾ, ਆਪਣਾ ਈਂਧਨ ਅਤੇ ਆਪਣਾ ਮੱਥਾ, ਸਵਾਭਿਮਾਨ।

ਇਸ ਟੋਲੀ ਦੇ ਵਿਨਿਮਰ ਨਾਇਕ ਹਨ ਅਧਿਆਪਕ ਸੱਚਿਦਾਨੰਦ ਭਾਰਤੀ। ਉਹ ਉਫਰੈਖਾਲ ਦੇ ਇੰਟਰ ਕਾਲਜ ਵਿੱਚ ਪੜਾਉਂਦੇ ਹਨ। ਸੰਨ 1979 ਵਿੱਚ ਉਹ ਚਮੇਲੀ ਜਿਲ੍ਹੇ ਦੇ ਗੋਪੇਸ਼ਵਰ ਕਾਲਜ ਵਿੱਚ ਪੜ੍ਹ ਰਹੇ ਸਨ। ਉਸੀ ਦੌਰ ਵਿੱਚ ਪ੍ਰਸਿੱਧ ਚਿਪਕੋ ਅੰਦੋਲਨ ਨੇ ਜਨਮ ਲਿਆ ਸੀ। ਭਾਰਤੀ ਨੇ ਆਪਣੀ ਕਾਲਜ ਦੀ ਪੜ੍ਹਾਈ ਦੇ ਇਲਾਵਾ ਉਸ ਦੌਰ ਵਿੱਚ ਇੱਕ ਚੇਤੰਨ ਵਿਦਿਆਰਥੀ ਹੋਣ ਦੇ ਨਾਤੇ ਪਹਾੜ ਦੇ ਜੀਵਨ ਦੇ ਵਾਤਾਵਰਣ ਦੀ ਪੜ੍ਹਾਈ ਵਿੱਚ ਵੀ ਪੂਰੀ ਲਗਨ ਨਾਲ ਰੁਚੀ ਲਈ। ਉਹ ਚਿਪਕੋ ਅੰਦੋਲਨ ਦੇ ਜਨਕ ਸ਼੍ਰੀ ਚੰਡੀਪ੍ਰਸਾਦ ਭੱਟ ਦੇ ਨਾਲ ਅੰਦੋਲਨ ਵਿੱਚ ਕਈ ਮੋਰਚਿਆਂ ਤੇ ਲੜੇ ਵੀ ਸਨ ਅਤੇ ਬਾਅਦ ਵਿੱਚ ਉਸਦੇ ਰਚਨਾਤਮਕ ਪੱਖ ਵਿੱਚ ਵੀ ਕਿਰਿਆਸ਼ੀਲ ਰਹੇ। ਸੰਘਰਸ਼ ਅਤੇ ਰਚਨਾ ਦਾ ਇਹ ਸੰਯੁਕਤ ਪਾਠ ਉਹਨਾਂ ਨੇ ਉੱਥੋਂ ਹੀ ਸਿੱਖਿਆ।

ਸੰਨ 1979 ਵਿੱਚ ਆਪਣੀ ਪੜ੍ਹਾਈ  ਪੂਰੀ ਕਰਕੇ ਉਹ ਪੌੜੀ ਜਿਲ੍ਹੇ ਵਿੱਚ ਆਪਣੇ ਪਿੰਡ ਗਾਡਖ੍ਰਕ, ਉਫਰੈਖਾਲ ਪਰਤੇ। ਉਹਨਾਂ ਦਿਨਾਂ ਵਿੰਚ ਉੁਹਨਾਂ ਨੂੰ ਪਿੰਡ ਵਿੰਚ ਖ਼ਬੁਰ ਮਿਲੀ ਕਿ ਉੱਤਰਾਖੰਡ ਦੇ ਮੱਧ ਵਿੰਚ ਸਥਿਤ ਦੂਧਾਤੋਲੀ ਖੇਤਰ ਵਿੱਚ ਵਣ ਵਿਭਾਗ ਫਰ-ਰਾਗਾ ਦੇ ਦਰੱਖ਼ਤਾਂ ਨੂੰ ਕਟਵਾ ਰਿਹਾ ਹੈ। ਹਿਮਾਲਿਆ ਵਿੱਚ ਰਾਗਾ ਪ੍ਰਜਾਤੀ ਭੋਜਬ੍ਰਿਖ ਦੀ ਤਰ੍ਹਾ ਹੀ ਹੌਲੀ-ਹੌਲੀ ਲੋਪ ਹੁੰਦੀ ਜਾ ਰਹੀ ਹੈ। ਪੁਰਾਣੇ ਦਰੱਖਤ ਖ਼ਤਮ ਹੋ ਰਹੇ ਹਨ ਅਤੇ ਜੋ ਨਵੇਂ ਪੌਦੇ ਉੱਗਣੇ ਚਾਹੀਦੇ ਸਨ, ਨਹੀਂ ਉੱਗ ਪਾ ਰਹੇ।

ਸ਼੍ਰੀ ਭਾਰਤੀ ਨੂੰ ਲੱਗਿਆ ਕਿ ਇਸ ਨੂੰ ਹਰ ਕੀਮਤ ਤੇ ਰੋਕਿਆ ਜਾਣਾ ਚਾਹੀਦਾ ਹੈ। ਉਹ ਆਪਣੇ ਕੁੱਝ ਸਾਥੀਆਂ ਨਾਲ ਦੂਧਾਤੋਲੀ ਵਣ ਖੇਤਰ ਦੇ ਨਾਲ ਲੱਗਦੇ ਪਿੰਡਾਂ ਵੱਲ ਨਿਕਲ ਪਏ। ਪਿੰਡਾਂ ਵਿੱਚ ਪੈਦਲ ਯਾਤਰਾ ਰਾਹੀ ਜਗ੍ਹਾ-ਜਗ੍ਹਾ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਜੰਗਲ ਸਰਕਾਰ ਦਾ ਜ਼ਰੂਰ ਹੈ, ਪਰ ਇਸਨੂੰ ਕੱਟਣ ਦਾ, ਇਸਦੇ ਵਿਨਾਸ਼ ਦਾ ਪਹਿਲਾਂ ਬੁਰਾ ਝਟਕਾ ਪਿੰਡਾਂ ਨੂੰ ਹੀ ਭੁਗਤਣਾ ਪਏਗਾ। ਇਹ ਜੰਗਲ ਭਾਂਵੇਂ ਹੀ ਸਾਡਾ ਨਾ ਹੋਵੇ ਪਰ ਵਿਨਾਸ਼ ਜ਼ਰੂਰ ਸਾਡਾ ਹੀ ਹੋਵੇਗਾ। ਸਾਰੇ ਲੋਕ ਸਾਥ ਦੇਣ ਤਾਂ ਇਸ ਵਿਨਾਸ਼ ਨੂੰ ਰੋਕਿਆ ਜਾ ਸਕਦਾ ਹੈ।

ਲੋਕਾਂ ਦੀ ਜਾਗ੍ਰਿਤੀ ਦਾ, ਇੱਕ ਜੁੱਟ ਹੋਣ ਦਾ ਇਹ ਕਿੱਸਾ ਕਾਫੀ ਪੁਰਾਣਾ ਅਤੇ ਲੰਬਾ ਹੈ। ਇੱਥੇ ਇਸਨੂੰ ਦੁਹਰਾਉਣਾ ਜ਼ਰੂਰੀ ਨਹੀਂ। ਬੱਸ ਏਨਾ ਹੀ ਦੱਸ ਦੇਣਾ ਕਾਫੀ ਹੈ ਕਿ ਕਈ ਵਾਰ ਵਧੀਆ ਢੰਗ ਨਾਲ ਰੱਖੀ ਗੱਲ ਸਰਕਾਰ ਅਤੇ ਉਸਦੇ ਅਧਿਕਾਰੀ ਵੀ ਸਮਝ ਲੈਂਦੇ ਹਨ ਅਤੇ ਹਮੇਸ਼ਾ ਸੰਘਰਸ਼, ਟਕਰਾਅ ਦਾ ਰਸਤਾ ਫੜਨਾ ਜ਼ਰੂਰੀ ਨਹੀਂ ਹੁੰਦਾ। ਦੂਧਾਤੋਲੀ ਵਿੱਚ ਵੀ ਇਹੀ ਹੋਇਆ।

ਅਜਿਹੀ ਘਟਨਾ ਉਸ ਖੇਤਰ ਲਈ ਨਵੀਂ ਸੀ।  ਇਸਤੋਂ ਦੋ ਗੱਲਾਂ ਨਿਕਲੀਆਂ- ਪਹਿਲੀ ਇਹ ਕਿ ਜੇ ਲੋਕ ਇੱਕ ਹੋ ਜਾਣ ਤਾਂ ਸਰਕਾਰ ਦੇ ਗਲਤ ਕੰਮਾਂ, ਫੈਸਲਿਆਂ ਨੂੰ ਵੀ ਰੋਕਿਆ ਜਾ ਸਕਦਾ ਹੈ, ਬਦਲਿਆ ਜਾ ਸਕਦਾ ਹੈ। ਅਤੇ ਦੂਸਰੀ ਇਹ ਕਿ ਹੁਣ ਜਦ ਇੱਕ ਵੱਡੇ ਵਿਨਾਸ਼ ਨੂੰ ਰੋਕ ਹੀ ਲਿਆ ਗਿਆ ਹੈ ਤਾਂ ਫਿਰ ਇਸੇ ਸਥਾਨ ਤੋ ਹੀ ਜੰਗਲਾਂ ਨੂੰ ਬਚਾਉਣ ਦਾ ਕੰਮ ਕਿਉਂ ਨਾ ਸ਼ੁਰੂ ਕੀਤਾ ਜਾਵੇ।

ਇੱਕ ਵਾਤਾਵਰਣ ਕੈਂਪ ਰੱਖਿਆ ਗਿਆ। ਆਸਪਾਸ ਅਤੇ ਕੁੱਝ ਦੂਰ ਦੇ ਲੋਕਾਂ ਨੂੰ, ਪਿੰਡਾਂ ਨੂੰ, ਉਫਰੈਖਾਲ ਆਉਣ ਦਾ ਸੱਦਾ ਦਿੱਤਾ ਗਿਆ। ਸੜਕਾਂ ਤੋ ਬਹੁਤ ਦੂਰ ਇੱਕ ਛੋਟਾ ਜਿਹਾ ਪਿੰਡ, ਹੱਥ ਵਿੱਚ ਨਾ ਕੋਈ ਸਾਧਨ, ਨਾ ਕੋਈ ਸੰਪਰਕ। ਕੈਂਪ ਤਾਂ ਰੱਖ ਲਿਆ ਗਿਆ ਪਰ ਉਸਦੇ ਲਈ ਪੈਸਾ ਚਾਹੀਦਾ ਸੀ। ਭੋਜਨ ਆਦਿ ਉੱਪਰ ਤਾਂ ਖ਼ਰਚ ਹੋਵੇਗਾ ਹੀ। ਕਿਸਨੂੰ ਪੁੱਛੀਏ, ਕਿਸਤੋਂ ਮੰਗੀਏ? ਨਵੀਂ ਦਿੱਲੀ ਦੇ ਗਾਂਧੀ ਸ਼ਾਂਤੀ ਸੰਸਥਾ ਨੂੰ ਪੱਤਰ ਲਿਖਿਆ। ਇੱਕ ਹਜ਼ਾਰ ਰੁਪਏ ਉੱਥੋਂ ਆਏ।

ਇਸ ਪ੍ਰਕਾਰ ਜੁਲਾਈ 1980 ਵਿੱਚ ਦੂਧਾਤੋਲੀ ਖੇਤਰ ਵਿੱਚ ਪਹਿਲਾਂ ਵਾਤਾਵਰਣ ਕੈਂਪ ਸੰਪੰਨ ਹੋਇਆ। ਲੋਕਾਂ ਨੇ ਆਪਣੇ-ਆਪਣੇ ਖੇਤਰ ਦੀਆਂ ਪਰਿਸਥਿਤੀਆਂ, ਜੰਗਲਾਂ ਦੀ ਸਥਿਤੀ, ਕਿੱਥੇ ਕਿੰਨਾਂ ਉੱਜੜ ਗਿਆ ਹੈ ਆਦਿ ਗੱਲਾਂ ਇੱਕ ਦੂਜੇ ਦੇ ਸਾਹਮਣੇ ਰੱਖੀਆ। ਇਹ ਘਟਨਾਵਾਂ ਚੁੱਪਚਾਪ ਘਟ ਰਹੀਆਂ ਸਨ, ਉਹਨਾਂ ਦੀ ਚੁੱਪ ਤਾਂ ਟੁੱਟੀ। ਕੈਂਪ ਦੇ ਅੰਤ ਵਿੱਚ ਸਭ ਨੇ ਨੇੜੇ ਦੇ ਵਣ ਖੇਤਰ ਵਿੱਚ ਜਾ ਕੇ ਪੌਦੇ ਲਗਾਏ।

ਦੂਧਾਤੋਲੀ ਖੇਤਰ ਵਿੱਚ ਪਹਿਲੇ ਕੈਂਪ ਨਾਲ ਇਸ ਤਰ੍ਹਾ ਦੇ ਇੱਕ ਨਵੇਂ ਵਿਚਾਰ ਦਾ ਪੌਦਾ ਲੱਗਿਆ। ਉਦੋਂ ਇਸ ਵਿਚਾਰ ਨੂੰ ਲਗਾਉਣ ਵਾਲੇ ਹੱਥਾਂ ਨੂੰ ਵੀ ਇਹ ਨਹੀਂ ਸੀ ਪਤਾ ਕਿ ਅੱਗੇ ਚੱਲ ਕੇ ਇਹ ਇਸ ਖੇਤਰ ਦੇ ਠੀਕ ਵਿਕਾਸ ਦਾ ਇੱਕ ਮਜ਼ਬੂਤ ਰੁੱਖ ਬਣ ਜਾਵੇਗਾ ਅਤੇ ਇਸਦੀ ਸੰਘਣੀ ਛਾਂ ਹੇਠ ਕਈ ਹੋਰ ਵਿਚਾਰ ਪੈਦਾ ਹੁੰਦੇ ਜਾਣਗੇ।

ਇਸ ਕੰਮ ਨੂੰ ਵਿਵਸਥਿਤ ਰੂਪ ਨਾਲ ਚਲਾਉਣ ਲਈ ਸੰਨ 1982 ਵਿੱਚ ਇੱਕ ਸੰਸਥਾ ਬਣੀ: 'ਦੂਧਾਤੋਲੀ ਲੋਕ ਵਿਕਾਸ ਸੰਸਥਾਨ'। ਸਥਾਪਨਾ ਦੇ ਸਮੇਂ ਹੀ ਕੁੱਝ ਗੱਲਾਂ ਤੈਅ ਕੀਤੀਆਂ ਗਈਆਂ। ਆਪਣੇ ਖੇਤਰ ਵਿੱਚ ਵਾਤਾਵਰਣ ਨੂੰ ਬਚਾਉਣ ਦਾ ਕੰਮ ਤਾਂ ਕਰਨਾ ਹੀ ਹੈ ਅਤੇ ਇਸ ਵਿੱਚ ਸੰਸਥਾ ਦਾ ਆਧਾਰ ਉੱਥੋਂ ਦੇ ਹੀ ਲੋਕ ਅਤੇ ਦੇਸੀ ਸਾਧਨ ਹੋਣ, ਇਸ ਗੱਲ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਇਹ ਵੀ ਯੋਜਨਾ ਬਣੀ ਕਿ ਕੈਂਪਾਂ ਦੇ ਮਾਧਿਅਮ ਨਾਲ ਇਹ ਸਭ ਕੰਮ ਕੀਤਾ ਜਾਵੇਗਾ। ਜਲਦੀ ਹੀ ਇਹ ਵੀ ਸਮਝ ਵਿੱਚ ਆ ਗਿਆ ਕਿ ਜੇਕਰ ਜੰਗਲਾਂ ਨੂੰ ਤਿਆਰ ਕਰਨਾ ਹੈ ਤਾਂ ਆਪਣੀ ਜ਼ਰੂਰਤ ਦੇ ਪੌਦੇ ਵੀ ਖ਼ੁਦ ਹੀ ਤਿਆਰ ਕਰਨੇ ਹੋਣਗੇ। ਸੰਸਥਾ ਬਣਾਉਣ ਵਿੱਚ ਅਧਿਆਪਕਾਂ ਦੀ ਭੂਮਿਕਾ ਪ੍ਰਮੁੱਖ ਸੀ, ਇਸਲਈ ਅੱਗੇ ਦੀਆਂ ਯੋਜਨਾਵਾਂ ਵਿੱਚ ਉਹਨਾਂ ਦਾ ਧਿਆਨ ਸਭ ਤੋਂ ਪਹਿਲਾਂ ਆਪਣੇ ਵਿਦਿਆਰਥੀਆਂ ਵੱਲ ਗਿਆ। ਉਦੋਂ ਸਕੂਲਾਂ ਵਿੱਚ ਵਾਤਾਵਰਣ ਇੱਕ ਵਿਸ਼ੇ ਦੀ ਤਰ੍ਹਾ ਨਹੀਂ ਆਇਆ ਸੀ। ਪਰ ਇੱਥੇ ਤਾਂ ਇਹ ਪੜ੍ਹਾਈ ਦਾ ਨਹੀ, ਜੀਵਨ ਦਾ ਇੱਕ ਅੰਗ ਬਣ ਗਿਆ।

ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਪ੍ਰੇਰਣਾ ਨਾਲ ਤਰ੍ਹਾ-ਤਰ੍ਹਾ ਦੇ ਬੀਜਾਂ ਦਾ ਸੰਗ੍ਰਿਹ ਕਰਨਾ ਸ਼ੁਰੂ ਕੀਤਾ। ਸਭਤੋਂ ਪਹਿਲਾਂ ਇਹਨਾਂ ਲੋਕਾਂ ਨੇ ਅਖ਼ਰੋਟ ਦੇ ਪੌਦਿਆਂ ਦੀ ਨਰਸਰੀ ਬਣਾਈ। ਇਹਨਾਂ ਪੌਦਿਆਂ ਦੀ ਵਿਕਰੀ ਆਰੰਭ ਹੋਈ। ਉੱਥੋਂ ਦੇ ਹੀ ਪਿੰਡਾਂ ਤੋਂ ਉੱਥੋਂ ਦੀ ਹੀ ਸੰਸਥਾ ਨੂੰ ਪੋਦਿਆਂ ਦੀ ਵਿਕਰੀ ਤੋ ਕੁੱਝ ਆਮਦਨੀ ਹੋਣ ਲੱਗੀ। ਇਹ ਰਾਸ਼ੀ ਫਿਰ ਉੱਥੇ ਹੀ ਲੱਗਣ ਵਾਲੀ ਸੀ। ਛੋਟੇ-ਛੋਟੇ ਸਾਧਨਾਂ ਨਾਲ ਇੱਕ ਵੱਡੇ ਉਦੇਸ਼ ਨੂੰ ਪ੍ਰਾਪਤ ਕਰਨ ਦੀ ਇੱਕ ਲੰਬੀ ਯਾਤਰਾ ਦਾ ਆਰੰਭ ਹੋਇਆ। ਇੱਕ ਤੋਂ ਬਾਅਦ ਇੱਕ ਕੈਂਪ ਲੱਗਦੇ ਗਏ ਅਤੇ ਉੱਜੜੇ ਹੋਏ ਵਣ ਖੇਤਰ ਦੁਬਾਰਾ ਤੋ ਹਰੇ-ਭਰੇ ਹੋਣ ਲੱਗੇ।

ਇਹਨਾਂ ਕੈਂਪਾਂ ਵਿੱਚ ਸਿਰਫ ਰਸਮ ਪੂਰੀ ਨਹੀ ਕੀਤੀ ਜਾਂਦੀ ਸੀ। ਪੂਰਾ ਕੰਮ ਕਰਨ ਦੇ ਲਈ ਹੀ ਇਹ ਲੱਗਦੇ ਸਨ, ਇਸਲਈ ਕਦੇ-ਕਦੇ ਤਾਂ ਇਹਨਾਂ ਦੀ ਅਵਧੀ ਦਸ ਦਿਨ ਤੱਕ ਦੀ ਵੀ ਹੁੰਦੀ। ਕਦੇ ਇਹ ਵਣ ਖੇਤਰ ਵਿੱਚ ਲੱਗਦੇ, ਤਾਂ ਕਦੀ ਪਿੰਡ ਦੇ ਸਕੂਲ ਵਿੱਚ ਜਾਂ ਪੰਚਾਇਤ ਭਵਨ ਵਿੱਚ। ਧਿਆਨ ਰੱਖਿਆ ਜਾਂਦਾ ਕਿ ਸਥਾਨ ਸਾਰਵਜਨਿਕ ਹੋਵੇ ਤਾਕਿ ਸਾਰੇ ਲੋਕ ਉਸ ਵਿੱਚ ਆ ਸਕਣ। ਕੈਂਪ ਕਿਤੇ ਵੀ ਲੱਗੇ, ਇਹਨਾਂ ਵਿੱਚ ਆਸਪਾਸ ਦੇ ਪੰਜ-ਦਸ ਪਿੰਡਾਂ ਦੇ ਔਰਤਾਂ, ਮਰਦਾਂ ਅਤੇ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਹੁੰਦੀ ਸੀ। ਕਿਉਕਿ ਕੈਂਪਾਂ ਦਾ ਮੁੱਖ ਵਿਸ਼ਾ ਹੀ ਘਾਹ, ਜੰਗਲ, ਪਾਣੀ, ਖੇਤੀ ਆਦਿ ਹੋਇਆ ਕਰਦਾ ਸੀ, ਇਸਲਈ ਹੌਲੀ-ਹੌਲੀ ਔਰਤਾਂ ਇਸ ਨਾਲ ਜੁੜਦੀਆਂ ਚਲੀਆ ਗਈਆ। ਫਿਰ ਇਹਨਾਂ ਕੈਂਪਾਂ ਵਿੱਚ ਹੋਈ ਗੱਲਬਾਤ ਤੋਂ ਇਹ ਵੀ ਨਿਰਣੈ ਸਾਹਮਣੇ ਆਇਆ ਕਿ ਹਰ ਪਿੰਡ ਵਿੱਚ ਆਪਣਾ ਜੰਗਲ ਬਣੇ। ਉਹ ਸੰਘਣਾ ਵੀ ਬਣੇ ਤਾਂਕਿ ਈਂਧਨ, ਚਾਰੇ ਆਦਿ ਦੇ ਲਈ ਔਰਤਾਂ ਦੀ ਸੁਵਿਧਾ ਵਧ ਸਕੇ। ਇਸ ਤਰ੍ਹਾ ਹਰ ਕੈਂਪ ਤੋ ਬਾਅਦ ਹਿਹਨਾਂ ਪਿੰਡਾਂ ਦੀਆਂ ਔਰਤਾਂ ਦੇ ਆਪਣੇ ਨਵੇਂ ਸੰਗਠਨ ਉੱਭਰ ਆਏ। ਇਹ ਮਹਿਲਾ ਮੰਗਲ ਦਲ ਅਖਵਾਏ।

ਇਹ ਮਹਿਲਾ ਦਲ ਕਾਗਜ਼ੀ ਨਹੀ ਸਨ। ਕਾਗਜ਼ ਤੇ ਨਹੀ ਬਣੇ ਸਨ। ਕੋਈ ਲੇਖਾ-ਜੋਖਾ, ਰਜਿਸਟਰ, ਦਸਤਾਵੇਜ਼ ਨਹੀ। ਪੂਰੇ ਸੱਚੇ ਮਨ ਤੋ ਬਣੇ ਸੰਗਠਨ ਸਨ ਇਸਲਈ ਕੈਂਪ ਚਲਾਉਣ ਵਾਲੀ ਮੁੱਖ ਮੰਨੀ ਗਈ ਸੰਸਥਾ ਦੂਧਾਤੋਲੀ ਦੇ ਦਫ਼ਤਰ ਵਿੱਚ ਵੀ ਇਹਨਾਂ ਦੀ ਗਿਣਤੀ ਜਾਂ ਕੋਈ ਬਿਓਰਾ ਦੇਖਣ ਨੂੰ ਨਹੀਂ ਮਿਲਦਾ। ਅਜਿਹੇ ਮਹਿਲਾ ਮੰਗਲ ਦਲਾਂ ਦੀ ਵਾਸਤਵਿਕਤਾ ਤਾਂ ਉਹਨਾਂ ਪਿੰਡਾਂ ਵਿੱਚ ਹੌਲੀ-ਹੌਲੀ ਉੱਪਰ ਉੱਠ ਰਹੇ ਸੰਘਣੇ ਹੋ ਚੱਲੇ ਜੰਗਲਾਂ ਤੋ ਹੀ ਪਤਾ ਚੱਲ ਸਕਦੀ ਹੈ।

ਹਰ ਰੋਜ਼ ਦਲ ਦੀਆਂ ਮੈਂਬਰ ਔਰਤਾਂ ਬਾਰੀ-ਬਾਰੀ ਨਾਲ ਜੰਗਲ ਦੀ ਰਖਵਾਲੀ ਕਰਦੀਆਂ ਹਨ। ਰਖਵਾਲੀ ਦਾ ਤਰੀਕਾ ਆਪਣੇ-ਆਪ ਵਿੱਚ ਅਨੋਖਾ ਅਤੇ ਸੁਰੀਲਾ, ਸੰਗੀਤ ਵਾਲਾ ਹੈ। ਇੱਕ ਲਾਠੀ ਹੈ, ਪਰ ਕੋਈ ਸਧਾਰਨ ਲਾਠੀ ਨਹੀ ਹੈ। ਇਸਦੇ ਉੱਪਰੀ ਸਿਰੇ ਤੇ ਵੱਡੇ ਆਕਾਰ ਦੇ ਦੋ-ਚਾਰ ਘੁੰਘਰੂ ਲੱਗੇ ਹਨ। ਇਸ ਲਾਠੀ ਦਾ ਨਾਮ ਹੈ ਖਾਂਕਰ। ਖਾਂਕਰ ਲੈ ਕੇ ਔਰਤਾਂ ਜੰਗਲ ਦੀ ਰਖਵਾਲੀ ਕਰਦੀਆਂ ਹਨ। ਹਰ ਕਦਮ ਤੇ ਲਾਠੀ ਜ਼ਮੀਨ ਤੇ ਲੱਗਦੀ ਹੈ ਅਤੇ ਖਾਂਕਰ ਦੇ ਘੁੰਘਰੂ ਛਣਕ ਪੈਂਦੇ ਹਨ। ਇੱਕ ਖਾਂਕਰ ਦੀ ਸੰਗੀਤਵੱਧ ਆਵਾਜ਼ ਜੰਗਲਾਂ ਦੀ ਸੰਘਣੀ ਚੁੱਪ ਨੂੰ ਤੋੜਦੀ ਜੰਗਲ ਦੇ ਦੂਸਰੇ ਭਾਗਾਂ ਵਿੱਚ ਇਸੀ ਤਰ੍ਹਾ ਰਖਵਾਲੀ ਕਰ ਰਹੀਆਂ ਹੋਰ ਔਰਤਾਂ ਨੂੰ ਇੱਕ ਦੂਸਰੇ ਨਾਲ ਜੋੜੇ ਰੱਖਦੀ ਹੈ। ਇਹ ਸੰਗੀਤਵੱਧ ਲਾਠੀ ਇੱਕ ਹੋਰ ਸੁਰੀਲੀ ਵਿਵਸਥਾ ਦਾ ਵੀ ਅੰਗ ਹੈ। ਸ਼ਾਮ ਨੂੰ ਜੰਗਲ ਦੀ ਰਖਵਾਲੀ ਤੋ ਬਾਅਦ ਔਰਤਾਂ ਪਿੰਡ ਨੂੰ ਵਾਪਸ ਆਉਂਦੀਆਂ ਹਨ ਅਤੇ ਆਪਣੀ ਖਾਂਕਰ ਆਪਣੇ ਦਰਵਾਜ਼ੇ ਅੱਗੇ ਨਾ ਰੱਖ ਕੇ ਕਿਸੇ ਹੋਰ ਔਰਤ ਦੇ ਦਰਵਾਜ਼ੇ ਅੱਗੇ ਟਿਕਾ ਦਿੰਦੀਆਂ ਹਨ। ਇਸਦਾ ਅਰਥ ਹੈ ਕੱਲ ਉਸ ਘਰ ਦੀ ਔਰਤ ਖਾਂਕਰ ਲੈਕੇ ਜੰਗਲ ਦੀ ਰਖਵਾਲੀ ਕਰਨ ਜਾਵੇਗੀ। ਆਪਣੇ ਬੱਚਿਆਂ ਦੀ ਤਰ੍ਹਾ ਪਾਲ-ਪੋਸ ਕੇ ਖੜ੍ਹੇ ਕੀਤੇ ਜੰਗਲਾਂ ਦੀ ਰਖਵਾਲੀ, ਨਿਗਰਾਨੀ, ਸਾਂਭ-ਸੰਭਾਲ ਦਾ ਇਹ ਘਰੇਲੂ ਤਰੀਕਾ ਅੱਜ ਦੂਧਾਤੋਲੀ ਦੇ ਕੋਈ 136 ਪਿੰਡਾਂ ਵਿੱਚ ਬੜੇ ਨਿਯਮ ਨਾਲ, ਸਵੈ-ਅਨੁਸ਼ਾਸਨ ਨਾਲ ਚੱਲ ਰਿਹਾ ਹੈ।  ਪਗਡੰਡੀਆਂ ਨਾਲ ਵੰਡੇ ਅਤੇ ਪਹਾੜਾਂ ਦੀਆਂ ਚੋਟੀਆਂ, ਘਾਟੀਆਂ ਵਿੱਚ ਇੱਕ ਦੂਜੇ ਤੋ ਮੀਲਾਂ ਦੂਰ ਵਸੇ ਇਹ ਪਿੰਡ ਬਿਨਾਂ ਬਾਹਰੀ ਪੈਸੇ, ਆਦੇਸ਼ ਦੇ ਆਪਣੇ ਦਮ ਤੇ ਖਾਂਕਰ ਦੇ ਸੰਗੀਤ ਨਾਲ ਜੁੜਦੇ ਗਏ।

ਇਹਨਾਂ ਕੈਂਪਾਂ ਦਾ ਆਯੋਜਨ ਹਮੇਸ਼ਾ ਬਹੁਤ ਆਸਾਨੀ ਨਾਲ ਹੁੰਦਾ ਰਿਹਾ ਹੋਵੇ- ਅਜਿਹਾ ਨਹੀ ਹੈ। ਵਿਚਕਾਰ ਦੇ ਕੁੱਝ ਸਾਲ ਬੜੀ ਔਖ ਦੇ ਸਨ। ਕਿਤੋਂ ਵੀ ਕੋਈ ਮੱਦਦ ਨਹੀ ਸੀ। ਪਰ ਕੈਂਪਾਂ ਦੀ ਅਤੇ ਕੰਮ ਦੀ ਕੜੀ ਕਿਤੇ ਵੀ ਟੁੱਟਣ ਨਹੀ ਦਿੱਤੀ ਗਈ। ਪਿੰਡਾਂ ਨੇ ਆਪਣੇ ਸੀਮਿਤ ਸਾਧਨਾਂ ਨਾਲ ਇਸ ਅਸੀਮਿਤ ਕੰਮ ਨੂੰ ਜਾਰੀ ਰੱਖਣ ਦੀ ਬਰਾਬਰ ਕੋਸ਼ਿਸ਼ ਕੀਤੀ।

1993 ਵਿੱਚ ਆਰੰਭ ਵਿੱਚ ਸੱਚਿਦਾਨੰਦ ਭਾਰਤੀ ਨੇ ਆਪਣੇ ਖੇਤਰ ਦੇ ਜੰਗਲਾਂ ਦੇ ਨਾਲ ਪਾਣੀ ਦੀ ਪਰੰਪਰਾ ਨੂੰ ਵੀ ਸਮਝਣਾ ਆਰੰਭ ਕੀਤਾ। ਪਹਾੜਾਂ ਵਿੱਚ ਤਲਾਬ ਤਾਂ ਅੱਜ ਵੀ ਹਨ। ਇਹਨਾਂ ਦੀ ਸੰਖਿਆ ਤੇਜ਼ ਢਲਾਨਾਂ ਕਰਕੇ ਘੱਟ ਹੋ ਰਹੀ ਹੈ। ਪਰ ਖਾਲ ਅਤੇ ਚਾਲ ਨਾਮਕ ਦੋ ਹੋਰ ਰੂਪ ਵੀ ਇੱਥੇ ਰਹੇ ਹਨ। ਇਹ ਪਿਛਲੀ ਸਦੀ ਵਿੱਚ ਲਗਭਗ ਮਿਟ ਗਏ ਸਨ। ਦੂਧਾਤੋਲੀ ਦਾ ਉਫਰੈਖਾਲ ਨਾਮ ਖੁਦ ਇਸ ਗੱਲ ਦਾ ਪ੍ਰਤੀਕ ਸੀ ਕਿ ਕਦੇ ਇੱਥੇ ਪਾਣੀ ਦਾ ਵਧੀਆ ਪ੍ਰਬੰਧ ਰਿਹਾ ਹੋਵੇਗਾ। ਖਾਲ ਤਲਾਬ ਦਾ ਛੋਟਾ ਰੂਪ ਹੈ ਤਾਂ ਚਾਲ ਖਾਲ ਤੋਂ ਵੀ ਛੋਟਾ। ਇਹ ਉੱਚੇ ਪਹਾੜਾਂ ਦੀਆਂ ਤਿੱਖੀਆਂ ਢਲਾਨਾਂ ਤੇ ਵੀ ਬਣਦੀ ਰਹੀ ਹੈ। ਪਰ ਹੁਣ ਤਾਂ ਇਹ ਸਾਹਮਣੇ ਰਹੀਆਂ ਹੀ ਨਹੀ ਸਨ। ਨਵਾਂ ਕੰਮ ਕਿਵੇਂ ਕਰੀਏ? ਕਿਸੇ ਨੂੰ ਕੁੱਝ ਪਤਾ ਨਹੀ ਸੀ। ਇਸਲਈ ਕੁੱਝ ਆਪਸੀ ਗੱਲਬਾਤ, ਕੁੱਝ ਅੰਦਾਜ਼, ਕੁੱਝ ਪ੍ਰਯੋਗ ਨਾਲ ਜੰਗਲਾਂ ਨੂੰ ਬਚਾਉਣ ਦੇ ਨਾਲ ਪਹਾੜਾਂ ਵਿੱਚ ਪਾਣੀ ਬਚਾਉਣ ਦੇ ਕੰਮ ਨੂੰ ਵੀ ਜੋੜਿਆ ਗਿਆ। ਇੱਕ ਨਾਲ ਇੱਕ ਨੂੰ ਜੋੜਿਆ ਗਿਆ ਤਾਂ ਇਹ ਦੋ ਨਾਂ ਹੋ ਕੇ ਗਿਆਰਾਂ ਹੋ ਗਿਆ। ਇਕਾਈ ਨਾਲ ਇਕਾਈ ਮਿਲੀ ਤਾਂ ਦਹਾਈ ਪਰਿਣਾਮ ਸਾਹਮਣੇ ਆਉਣ ਲੱਗੇ।

ਦੂਧਾਤੋਲੀ ਖੇਤਰ ਵਿੱਚ ਚਾਲ ਬਣਾਉਣ ਦਾ ਕੰਮ ਗਾਡਖ੍ਰਕ ਪਿੰਡ ਤੋਂ, ਉਫਰੈਖਾਲ ਤੋ ਆਰੰਭ ਹੋਇਆ ਪਰ ਫਿਰ ਜੰਗਲ ਦੀ ਅੱਗ ਦੀ ਤਰ੍ਹਾ ਫੈਲਣ ਲੱਗਾ। ਅੱਜ ਇਸ ਖੇਤਰ ਵਿੱਚ ਜੋਈ 35 ਪਿੰਡਾਂ ਦੀ ਖਾਲੀ ਪਈ ਬੰਜਰ ਜ਼ਮੀਨ ਉੱਤੇ, ਪਾਣੀ ਦੀ ਕਮੀ ਨਾਲ ਉੱਜੜ ਗਏ ਖੇਤਾਂ ਵਿੱਚ ਅਤੇ ਚੰਗੇ ਸੰਘਣੇ ਜੰਗਲਾਂ ਤੱਕ ਵਿੱਚ ਕੋਈ 7000 ਚਾਲਾਂ ਸਾਲ ਭਰ ਚਾਂਦੀ ਦੀ ਤਰ੍ਹਾ ਚਮਕਦੀਆਂ ਹਨ। ਉੱਤਰਾਖੰਡ ਵਿੱਚ ਜਦ ਸੰਨ 1999 ਵਿੱਚ ਸਾਰੇ ਕਿਤੇ ਪਾਣੀ ਦੀ ਬੇਹੱਦ ਕਮੀ ਸੀ, ਅਕਾਲ ਪੈ ਰਿਹਾ ਸੀ ਉਦੋਂ ਦੂਧਾਤੋਲੀ ਖੇਤਰ ਵਿੱਚ ਅਪ੍ਰੈਲ, ਮਈ, ਜੂਨ ਦੇ ਮਹੀਨਿਆਂ ਵਿੱਚ ਵੀ ਚਾਲਾਂ ਵਿੱਚ ਲਬਾਲਬ ਪਾਣੀ ਭਰਿਆ ਰਿਹਾ ਸੀ। ਅੱਜ ਸੰਨ 2010 ਵਿੱਚ ਇਸ ਇਲਾਕੇ ਵਿੱਚ ਕੋਈ 20,000 ਛੋਟੀਆਂ-ਵੱਡੀਆਂ ਚਾਲਾਂ ਬਣ ਚੁੱਕੀਆਂ ਹਨ।

ਚਾਲਾਂ ਦੀ ਪਰੰਪਰਾ ਦੀ ਵਾਪਸੀ ਨੇ ਇਸ ਖੇਤਰ ਵਿੱਚ ਅਨੇਕਾਂ ਪਰਿਵਰਤਨ ਕੀਤੇ ਹਨ। ਉੱਜੜੇ ਖੇਤਾਂ ਵਿੱਚ ਫਿਰ ਫਸਲ ਲਗਾਉਣ ਦੀ ਤਿਆਰੀ ਹੋ ਰਹੀ ਹੈ। ਬੰਜਰ ਜੰਗਲ ਭੂਮੀ ਵਿੱਚ ਸਾਲ ਭਰ ਪਾਣੀ ਰਹਿਣ ਦੇ ਕਾਰਣ ਕੁਦਰਤ ਖੁਦ ਆਪਣੇ ਅਨੇਕ ਅਦ੍ਰਿਸ਼ ਹੱਥਾਂ ਨਾਲ ਉਸ ਵਿੱਚ ਘਾਹ ਅਤੇ ਪੌਦੇ ਲਗਾ ਰਹੀ ਹੈ ਅਤੇ ਵਧੀਆ ਵਿਕਸਿਤ ਹੋ ਚੁੱਕੇ ਜੰਗਲਾਂ ਵਿੱਚ ਹੋਰ ਸੰਘਣਾਪਣ ਆ ਰਿਹਾ ਹੈ। ਘਾਹ, ਚਾਰਾ, ਈਂਧਨ ਅਤੇ ਪਾਣੀ - ਇਹਨਾਂ ਬਿਨਾਂ ਪਹਾੜੀ ਵਿਵਸਥਾ ਚਰਮਰਾ ਗਈ ਸੀ। ਅੱਜ ਇੱਥੇ ਫਿਰ ਤੋਂ ਜੀਵਨ ਦਾ ਮਧੁਰ ਸੰਗੀਤ ਵਾਪਸ ਆ ਗਿਆ ਹੈ। 'ਘਾਹ,ਚਾਰਾ, ਪਾਣੀ-ਇਹਨਾਂ ਦੇ ਬਿਨਾਂ ਯੋਜਨਾ ਕਾਣੀ' ਦਾ ਨਾਰਾ ਵੀ ਇੱਥੇ ਚੱਲਦਾ ਹੈ।

ਚਾਲ ਦਾ ਜੋ ਕੰਮ ਜੰਗਲਾਂ ਵਿੱਚ ਅੱਗ ਦੀ ਤਰ੍ਹਾ ਫੈਲਿਆ ਹੈ, ਉਸਨੇ ਜੰਗਲਾਂ ਵਿੱਚ ਅੱਗ ਨੂੰ ਵੀ ਸਮੇਟਣ ਵਿੱਚ ਅਦਭੁੱਤ ਭੂਮਿਕਾ ਨਿਭਾਈ ਹੈ। ਉੱਤਰਾਖੰਡ ਅਤੇ ਦੇਸ਼ ਦੇ ਹੋਰ ਪਹਾੜੀ ਇਲਾਕਿਆਂ ਵਿੱਚ ਹਰ ਸਾਲ ਗਰਮੀਆਂ ਵਿੱਚ ਜੰਗਲਾਂ ਵਿੱਚ ਵੱਡੇ ਪੈਮਾਨੇ ਤੇ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਹਨ। ਇਹਨਾਂ ਨੂੰ ਬੁਝਾਉਣ ਦਾ ਕੋਈ ਕਾਰਗਾਰ ਤਰੀਕਾ ਵਣ ਵਿਭਾਗ ਦੇ ਹੱਥ ਨਹੀ ਲੱਗਿਆ ਹੈ। ਜਦ ਵੀ ਇਸ ਵਿਸ਼ੇ ਤੇ ਬਹਿਸ ਹੁੰਦੀ ਹੈ ਤਾਂ ਸਾਡਾ ਵਣ ਵਿਭਾਗ ਰੂਸ, ਯੂਨਾਨ, ਸਪੇਨ, ਅਮਰੀਕਾ ਅਤੇ ਅਸਟ੍ਰੇਲੀਆ ਦੇ ਵਣ ਖੇਤਰਾਂ ਦਾ ਉਦਾਹਰਣ ਦੇ ਕੇ ਹੈਲੀਕਾਪਟਰਾਂ ਦੇ ਪ੍ਰਯੋਗ ਦੀ ਵਕਾਲਤ ਕਰਦਾ ਹੈ। ਉਹ ਇਹ ਭੁੱਲ ਜਾਦਾ ਹੈ ਕਿ ਉੱਥੇ ਹੈਲੀਕਾਪਟਰਾਂ ਨਾਲ ਵੀ ਅੱਗ ਨਹੀ ਬੁੱਝਦੀ। ਇਹ ਘਟਨਾਵਾਂ ਹਰ ਸਾਲ ਵਧਦੀਆਂ ਹੀ ਜਾ ਰਹੀਆਂ ਹਨ।

ਜੰਗਲਾਂ ਵਿੱਚ ਅੱਗ ਇੱਕ ਵੱਡੀ ਸਮੱਸਿਆ ਹੈ।  ਵਰਖਾ ਦੇ ਦਿਨਾ ਵਿੱਚ ਬਰਸਿਆ ਪਾਣੀ ਪਹਾੜ ਦੀਆਂ ਚੋਟੀਆਂ ਤੋ ਹੇਠਾਂ ਘਾਟੀ ਵਿੱਚ, ਨਦੀ ਵਿੱਚ ਚਲਾ ਜਾਂਦਾ ਹੈ। ਫਿਰ ਠੰਢ ਦਾ ਮੌਸਮ ਤਾਂ ਠੀਕ ਲੰਘਦਾ ਹੈ ਪਰ ਗਰਮੀਆਂ ਦਾ ਮੌਸਮ ਆਉਂਦੇ ਹੀ ਸਾਰਾ ਜੰਗਲ ਦਾ ਖੇਤਰ ਤਪ ਜਾਂਦਾ ਹੈ। ਘਾਹ ਸੁੱਕ ਜਾਂਦੀ ਹੈ ਅਤੇ ਜੰਗਲ ਦੇ ਜੰਗਲ ਸੁੱਕੀ ਘਾਹ ਦੇ ਢੇਰ ਤੇ ਬੱਸ ਇੱਕ ਜਰਾ ਜਿੰਨੀ ਚੰਗਿਆੜੀ ਦਾ ਇੰਤਜਾਰ ਕਰਦੇ ਰਹਿੰਦੇ ਹਨ। ਮਈ 1998 ਵਿੱਚ ਕੋਈ 80,000 ਹੈਕਟੇਅਰ ਜੰਗਲ ਖੇਤਰ ਅੱਗ ਵਿੱਚ ਸੜ ਕੇ ਸਵਾਹ ਹੋ ਗਏ। ਅੱਜ ਦੇਸ਼ ਵਿੱਚ ਹਰ ਸਾਲ ਜੰਗਲਾਂ ਦੀ ਅੱਗ ਵਿੱਚ ਕੋਈ 450 ਕਰੋੜ ਰੁਪਏ ਦੀ ਹਾਨੀ ਹੁੰਦੀ ਹੈ। ਪਰ ਕੀਮਤੀ ਜੰਗਲ, ਰੁੱਖ-ਪੌਦੇ, ਘਾਹ, ਚਾਰਾ ਅਤੇ ਹੋਰ ਜੰਗਲੀ ਜੀਵਾਂ ਦੇ ਨੁਕਸਾਨ ਨੂੰ ਤੁਸੀ ਸਰਕਾਰੀ ਅੰਕੜਿਆਂ ਵਿੱਚ, ਰੁਪਇਆ ਵਿੱਚ ਨਹੀ ਨਾਪ ਸਕਦੇ। ਕੁਦਰਤ ਦੀ ਵਰਿਆਂ ਦੀ ਮਿਹਨਤ, ਸਮਾਜ ਦੇ ਲਈ ਪੀੜ੍ਹੀਆਂ ਤੱਕ ਸੁਵਿਧਾ, ਅਕਾਲ, ਹੜ੍ਹਾਂ ਤੋ ਰੱਖਿਆ ਦਾ ਸਭ ਤੋ ਵਧੀਆ ਕਵਚ - ਸਭ ਕੁੱਝ ਦੇਖਦੇ ਹੀ ਦੇਖਦੇ ਸਵਾਹ ਹੋ ਜਾਂਦਾ ਹੈ।

ਦੂਧਾਤੋਲੀ ਵਿੱਚ ਜਦੋਂ ਤੋ ਪਾਣੀ ਦਾ, ਚਾਲ ਅਤੇ ਖਾਲ ਦਾ ਕੰਮ ਸ਼ੁਰੂ ਹੋਇਆ ਹੈ, ਉਦੋਂ ਤੋਂ ਇੱਥੋਂ ਦੇ ਜੰਗਲ ਅੱਗ ਤੋ ਸੁਰੱਖਿਅਤ ਹੋ ਗਏ ਹਨ। ਸਾਰੇ ਪਿੰਡਾਂ ਦੇ ਜੰਗਲਾਂ ਵਿੱਚ ਬਣੀਆਂ ਚਾਲਾਂ ਕਾਰਨ ਉਹਨਾਂ ਵਿੱਚ ਗਰਮੀ ਦੇ ਤਪਦੇ ਮੌਸਮ ਵਿੱਚ ਵੀ ਨਮੀ ਅਤੇ ਹਰਿਆਲੀ ਬਣੀ ਰਹਿੰਦੀ ਹੈ। ਜਿਸ ਕਾਰਨ ਅੱਗ ਨਹੀ ਲੱਗਦੀ। ਕਿਤੇ ਅੱਗ ਲੱਗ ਵੀ ਜਾਵੇ ਤਾਂ ਇਹ ਲਾਚਾਰੀ ਨਹੀ ਹੁੰਦੀ ਕਿ ਹੁਣ ਇਸਨੂੰ ਬੁਝਾਇਆ ਕਿਵੇ ਜਾਵੇ। ਭਰਨੋਂ ਨਾਂ ਦੇ ਪਿੰਡ ਦੇ ਆਪਣੇ ਪਾਲੇ ਜੰਗਲ ਵਿੱਚ, ਮਈ 1998 ਵਿੱਚ ਅੱਗ ਜ਼ਰੂਰ ਲੱਗੀ ਸੀ ਪਰ ਚਾਲਾਂ ਦੀ ਉਪਸਥਿਤੀ ਦੇ ਕਰਕੇ ਇਹ ਜਲਦੀ ਹੀ ਨਿਯੰਤ੍ਰਣ ਵਿੱਚ ਆ ਗਈ। ਪਰ ਇਸੇ ਹੀ ਪਿੰਡ ਦੇ ਕੋਲ ਦਾ ਸਰਕਾਰੀ ਜੰਗਲ ਅੱਗ ਤੋਂ ਨਹੀ ਬਚ ਪਾਇਆ। ਇਸੇ ਤਰ੍ਹਾ ਜੰਦ੍ਰੀਆਂ ਪਿੰਡ ਦਾ ਸਰਕਾਰੀ ਜੰਗਲ ਅੱਗ ਦੀ ਭੇਂਟ ਚੜ੍ਹ ਗਿਆ। ਇੱਥੇ ਵਣ ਵਿਭਾਗ ਜੰਗਲਾਂ ਨੂੰ ਅੱਗ ਤੋ ਬਚਾਉਣ ਲਈ ਅਪੀਲ ਕਰਨ ਵਾਲੇ ਬੋਰਡ ਤਾਂ ਲਗਾਉਣ ਆਉਂਦਾ ਹੈ ਪਰ ਅੱਗ ਬੁਝਾਉਣ ਨਹੀ ਆ ਪਾਉਂਦਾ। ਇਹਨਾਂ ਪਿੰਡਾਂ ਵਿੱਚ ਲੋਕਾਂ ਨੇ ਚਾਲਾਂ ਬਣਾ ਕੇ ਆਪਣੇ ਜੰਗਲ ਸੁਰੱਖਿਅਤ ਕਰ ਲਏ ਅਤੇ ਸਰਕਾਰੀ ਜੰਗਲਾਂ ਵਿੱਚ ਲੱਗੀ ਅੱਗ ਨੂੰ ਵੀ ਆਪਣੀਆਂ ਚਾਲਾਂ ਦੇ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ। ਸੰਨ 1998 ਦੀ ਮਈ ਵਿੱਚ ਅਜਿਹੇ ਹੀ ਯਤਨ ਕਰਦਿਆਂ ਪਿੰਡ ਦੀਆਂ ਤਿੰਨ ਔਰਤਾਂ ਅੱਗ ਬੁਝਾਉਂਦੇ ਹੋਏ ਖੁਦ ਝੁਲਸ ਗਈਆ ਅਤੇ ਉਹਨਾ ਨੂੰ ਬਚਾਇਆ ਨਹੀ ਜਾ ਸਕਿਆ।

ਇਹਨਾਂ ਚਾਲਾਂ, ਜਿੰਨ੍ਹਾ ਨੂੰ ਹੁਣ ਜਲ ਤਲਾਈ ਵੀ ਕਿਹਾ ਜਾਣ ਲੱਗਿਆ ਹੈ, ਪਿੰਡ ਵਿੱਚ ਸਰਕਾਰੀ ਜਲ ਆਪੂਰਤੀ ਯੋਜਨਾਵਾਂ ਨੂੰ ਵੀ ਨਵਾਂ ਜੀਵਨ ਦਿੱਤਾ ਹੈ। ਉੱਤਰਾਖੰਡ ਵਿੱਚ ਅਨੇਕਾਂ ਪਿੰਡਾਂ ਵਿੱਚ ਪਾਣੀ ਦੀ ਕਮੀ ਹੋਣ ਲੱਗੀ ਹੈ। ਹਿਮਾਲਿਆ ਪਾਣੀ ਦਾ, ਨਦੀਆਂ ਦਾ ਪੇਕਾ ਵੀ ਅਖਵਾਉਂਦਾ ਹੈ। ਪਰ ਪਾਣੀ ਦੇ ਪੇਕੇ ਘਰ ਵਿੱਚ ਵੀ ਪਾਣੀ ਨਹੀ ਬਚ ਪਾਉਂਦਾ ਸੀ। 'ਸਵਜਲ' ਜਿਹੀਆਂ ਖਰਚੀਲੀਆਂ ਯੋਜਨਾਵਾਂ ਤੇ ਵੀ ਖੂਬ ਪੈਸਾ ਬਹਾਇਆ ਗਿਆ ਪਰ ਪਾਣੀ ਨਹੀ ਬਹਿ ਪਾਇਆ। ਇੱਕ ਸੀਮਿਤ ਖੇਤਰ ਵਿੱਚ ਹੀ ਸਹੀ ਪਰ ਲੋਕਾਂ ਦੀਆ ਚਾਲਾਂ ਨੇ ਇੱਥੇ ਪਾਣੀ ਦੇ ਪ੍ਰਸ਼ਨ ਦਾ ਹੱਲ ਕਰ ਦਿਖਾਇਆ। ਹੁਣ ਪੂਰਾ ਸਾਲ ਖੂਬ ਪਾਣੀ ਮਿਲਦਾ ਹੈ। ਚਾਲਾਂ ਨੇ ਸੁੱਕ ਚੁੱਕੇ ਨਾਲਿਆਂ, ਛੋਟੀਆਂ ਨਦੀਆਂ ਤੱਕ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।

ਉਫਰੈਖਾਲ ਦੇ ਜੰਗਲਾਂ ਵਿੱਚੋ ਨਿਕਲਣ ਵਾਲੀ ਸੂਖਾਰੌਲਾ ਨਦੀ ਵਰਖਾ ਦੇ ਦਿਨਾਂ ਵਿੱਚ ਉੱਫਨ ਜਾਂਦੀ ਸੀ ਅਤੇ ਫਿਰ ਨਵੰਬਰ ਵਿੱਚ ਸੁੱਕ ਜਾਦੀ ਸੀ। ਇਸਲਈ ਇਸਦਾ ਨਾਮ ਹੀ ਸੂਖਾਰੌਲਾ ਪੈ ਗਿਆ। ਇੱਥੇ ਸੰਨ 1993 ਤੋ 1998 ਤੱਕ ਕੋਈ 1000 ਜਲ ਤਲਾਈ ਬਣੀ ਹੋਵੇਗੀ - ਇਹਨਾਂ ਸਭ ਵਿੱਚ ਇਕੱਠੇ ਹੋਏ ਜਲ ਦੀ ਇੱਕ-ਇੱਕ ਬੂੰਦ ਨੇ ਇਸ ਸੂਖਾਰੌਲਾ ਨਦੀ ਦਾ ਸੁਭਾਅ ਬਦਲਿਆ। ਜਦੋਂ ਜਨਵਰੀ 2001 ਵਿੱਚ ਵੀ ਸੂਖਾਰੌਲਾ ਨਦੀ ਨਹੀ ਸੁੱਕੀ ਤਾਂ ਅਹਿਸਾਨਮੰਦ ਪਿੰਡ ਨੇ ਇਸਦਾ ਨਵਾਂ ਨਾਮ ਰੱਖਣ ਦਾ ਨਿਰਣਾ ਕੀਤਾ। ਕੀ ਹੋਵੇਗਾ ਨਵਾਂ ਨਾਮ? ਨਵਾਂ ਨਾਮ ਰੱਖਣਾ ਕੋਈ ਆਸਾਨ ਕੰਮ ਨਹੀ ਸੀ। ਪਰ ਇਸ ਕਠਿਨ ਕੰਮ ਨੂੰ ਪਿੰਡ ਨੇ ਆਪਣੀ ਸ਼ਰਧਾ ਨਾਲ ਗੰਗਾ ਦੇ ਨਾਲ ਜੋੜਨਾ ਹੀ ਠੀਕ ਸਮਝਿਆ। ਪਿੰਡ ਦਾ ਨਾਮ ਗਾਡਖ੍ਰਕ, ਤਾਂ ਨਵੀ ਨਦੀ ਹੋ ਗਈ ਗਾਡਗੰਗਾ। ਅੱਜ ਗਾਡਗੰਗਾ ਸਾਰਾ ਸਾਲ ਵਹਿੰਦੀ ਹੈ ਅਤੇ ਫਿਰ ਪਸੋਲੀ ਨਦੀ ਵਿੱਚ ਮਿਲਕੇ ਉਸਨੂੰ ਵੀ ਖੁਸ਼ਹਾਲ ਬਣਾ ਰਹੀ ਹੈ।

ਹਿਮਾਲਿਆ ਵਿੱਚ ਇਹਨਾਂ ਪਿੰਡਾਂ ਨੂੰ ਉਦਾਰਤਾ ਨਾਲ ਇਹਨਾਂ ਲਾਭ ਵੰਡਣ ਵਾਲੀ ਚਾਲ ਖਦ ਬਹੁਤ ਹੀ ਛੋਟੀ ਹੁੰਦੀ ਹੈ। ਇਸ ਛੋਟੇਪਣ ਵਿੱਚ ਹੀ ਇਸਦਾ ਵਡੱਪਣ ਲੁਕਿਆ ਹੋਇਆ ਹੈ। ਜਿੱਥੇ ਵੀ ਠੀਕ ਜਗ੍ਹਾ ਮਿਲੀ ਉੱਥੇ ਹੀ 5 ਤੋ 10 ਘਨਮੀਟਰ ਦੇ ਆਕਾਰ ਦੀ ਜਲ ਤਲਾਈ ਬਣਾਈ ਜਾਂਦੀ ਹੈ। ਇਹ ਆਪਣੇ ਆਪ ਕੋਈ ਚਮਤਕਾਰ ਨਹੀ ਕਰ ਸਕਦੀ, ਚਮਤਕਾਰ ਤਾਂ ਜਲ ਤਲਾਈ ਦੀ ਲੜੀ ਵਿੱਚ ਛਿਪਿਆ ਹੋਇਆ ਹੈ। ਜਦ ਉੱਪਰ ਤੋਂ ਹੇਠਾਂ ਤੱਕ ਪੂਰੇ ਢਲਾਨ ਨੂੰ ਅਨੇਕਾਂ ਜਲ ਤਲਾਈਆਂ ਆਪਣੇ ਛੋਟੇ-ਛੋਟੇ ਆਕਾਰ ਨਾਲ ਢਕ ਲੈਂਦੀਆਂ ਹਨ ਉਦੋਂ ਪਾਣੀ ਦਾ ਅਮੁੱਕਵਾਂ ਭੰਡਾਰ ਬਣ ਜਾਂਦਾ ਹੈ। ਪਾਣੀ ਪਹਾੜਾਂ ਦੀਆਂ ਢਲਾਨਾਂ ਵਿੱਚ ਇੱਥੇ-ਉੱਥੇ ਬਹਿੰਦਾ ਹੈ। ਇਸਲਈ ਜਲ ਤਲਾਈ ਵੀ ਇੱਥੇ-ਉੱਥੇ ਬਣਾਈ ਜਾਂਦੀ ਹੈ ਅਤੇ ਇਸ ਤਰ੍ਹਾ ਹਰ ਜਗ੍ਹਾ ਪਾਣੀ ਇਕੱਠਾ ਹੁੰਦਾ ਜਾਂਦਾ ਹੈ। ਇਹਨਾਂ ਸਭ ਵਿੱਚ ਇਕੱਠਾ ਪਾਣੀ ਹੌਲੀ-ਹੌਲੀ ਰਿਸ ਕੇ ਹੇਠਾਂ ਘਾਟੀ ਤੱਕ ਆਉਂਦਾ ਹੈ। ਇੱਥੇ ਘਾਟੀ ਵਿੱਚ ਚਾਲਾਂ ਤੋ ਵੱਡੇ ਢਾਂਚੇ ਭਾਵ ਖਾਲ ਜਾਂ ਤਲਾਬ ਬਣਾਏ ਗਏ ਹਨ। ਇਹਨਾਂ ਵਿੱਚ ਵੀ ਹੁਣ ਪੂਰਾ ਸਾਲ ਪਾਣੀ ਦਾ ਭੰਡਾਰ ਬਣਿਆ ਰਹਿੰਦਾ ਹੈ।

ਚਾਲ ਛੋਟੀ ਹੈ ਆਕਾਰ ਵਿੱਚ ਵੀ ਅਤੇ ਲਾਗਤ ਵਿੱਚ ਵੀ। ਕੋਈ 50 ਤੋਂ ਲੈ ਕੇ 100-200 ਰੁਪਏ ਵਿੱਚ ਇੱਕ ਚਾਲ ਬਣ ਜਾਂਦੀ ਹੈ। ਬਣਾਉਣ ਵਾਲੇ ਇਸਨੂੰ ਆਪਣਾ ਕੰਮ ਮੰਨ ਕੇ ਕਰਦੇ ਹਨ। ਇਸਲਈ 50-100 ਰੁਪਏ ਦੀ ਮੱਦਦ ਵੀ ਘੱਟ ਨਹੀ ਮੰਨਦੇ। ਉਹ ਇਸਨੂੰ ਬਣਾਉਂਦੇ ਸਮੇਂ ਆਪਣੇ ਆਪ ਨੂੰ ਕਿਸੇ ਦਾ ਮਜ਼ਦੂਰ ਨਹੀ ਮੰਨਦੇ। ਉਹ ਇਸਦੇ ਮਾਲਿਕ ਹਨ ਅਤੇ ਉਹਨਾਂ ਦੀ ਮਾਲਿਕੀ ਨਾਲ ਸਮਾਜਿਕ ਖੁਸ਼ਹਾਲੀ ਸਾਕਾਰ ਹੁੰਦੀ ਹੈ। ਅਜਿਹੀ ਮਜ਼ਬੂਤ ਖੁਸ਼ਹਾਲੀ ਪੂਰੇ ਸਮਾਜ ਦਾ ਆਤਮਵਿਸ਼ਵਾਸ ਵਧਾਉਂਦੀ ਹੈ। ਉਹਨਾਂ ਦਾ ਸਿਰ ਉੱਚਾ ਕਰਦੀ ਹੈ। ਉਦੋਂ ਜਦ ਕੋਈ ਵੱਡੀ ਪਰ ਅਵਿਵਹਾਰਿਕ ਯੋਜਨਾ ਉੱਥੇ ਆ ਜਾਵੇ ਤਾਂ ਲੋਕਾਂ ਦੇ ਪੈਰ ਨਹੀ ਡਗਮਗਾਉਂਦੇ।

ਇੱਕ ਅਜਿਹੀ ਹੀ ਯੋਜਨਾ ਸੰਨ 1998 ਵਿੱਚ ਇਸ ਖੇਤਰ ਦੀ ਪੂਰਬੀ ਨਿਆਰ ਘਾਟੀ ਵਿੱਚ ਆਈ ਸੀ। ਪਾਣੀ ਦੇ ਸੋਮਿਆਂ ਦੇ (ਜਲਾਗਮ) ਵਿਕਾਸ ਦਾ ਕੰਮ ਸੀ। ਸਮਰਥਨ ਸੀ ਵਿਸ਼ਵ ਬੈਂਕ ਜਿਹੀ ਸੰਸਥਾ ਦਾ। ਪਰ ਇਹਨਾਂ ਪਿੰਡਾਂ ਨੇ ਇਸ ਯੋਜਨਾ ਦਾ ਸਮਰਥਨ ਨਹੀ ਕੀਤਾ। ਕੰਮ ਤਾਂ ਉਹੀ ਸੀ ਜਿਹੜਾ ਇਹ ਪਿੰਡ ਕਰ ਹੀ ਰਹੇ ਸਨ - ਜੰਗਲਾਂ ਦਾ ਵਿਕਾਸ। ਪਾਣੀ ਦੇ ਸੋਮਿਆਂ (ਜਲਾਗਮ) ਦੇ ਖੇਤਰ ਦਾ ਵਿਕਾਸ। ਪੈਸੇ ਦੀ ਕੋਈ ਕਮੀ ਨਹੀ ਸੀ। ਪੂਰੀ ਪਰਿਯੋਜਨਾ ਦੀ ਲਾਗਤ 90 ਕਰੋੜ ਰੁਪਏ ਸੀ। ਪਿੰਡ-ਪਿੰਡ ਵਿੱਚ ਜਦ ਇਸ ਯੋਜਨਾ ਦਾ ਬਖ਼ਾਨ ਕਰਨ ਵਾਲੇ ਬੋਰਡ ਲਗਾ ਦਿੱਤੇ ਗਏ ਉਦੋਂ ਸਚਿਦਾਨੰਦ ਭਾਰਤੀ ਨੇ ਵਣ ਵਿਭਾਗ ਦੇ ਜਿੰਮੇਦਾਰ ਅਧਿਕਾਰੀਆਂ ਨੂੰ ਇੱਕ ਛੋਟਾ ਜਿਹਾ ਪੱਤਰ ਲਿਖਿਆ।  ਉਸ ਵਿੱਚ ਉਹਨਾਂ ਨੇ ਬੜੀ ਵਿਨਿਮਰਤਾ ਨਾਲ ਦੱਸਿਆ ਕਿ ਇਸ ਖੇਤਰ ਦੇ ਜੰਗਲਾਂ ਦਾ, ਪਾਣੀ ਦਾ ਚੰਗਾ ਕੰਮ ਪਿੰਡ ਖੁਦ ਹੀ ਕਰ ਚੁੱਕੇ ਹਨ - ਬਿਨਾਂ ਬਾਹਰੀ, ਵਿਦੇਸ਼ੀ ਜਾਂ ਸਰਕਾਰੀ ਮੱਦਦ ਦੇ। ਤਦ ਇੱਥੇ 90 ਕਰੋੜ ਰੁਪਇਆ ਨਾਲ ਹੋਰ ਕੀ ਕੰਮ ਕਰਨ ਜਾ ਰਹੇ ਹੋ ਤੁਸੀ? ਭਰੋਸਾ ਨਾ ਹੋਵੇ ਤਾਂ ਤੁਸੀ ਕੁੱਝ ਚੰਗੇ ਅਧਿਕਾਰੀਆਂ ਦਾ ਇੱਕ ਦਲ ਇੱਥੇ ਭੇਜੋ, ਉਸਦੀ ਜਾਂਚ ਕਰਵਾ ਲਉ ਅਤੇ ਜੇਕਰ ਸਾਡੀ ਗੱਲ ਸਹੀ ਲੱਗੇ ਤਾਂ ਕ੍ਰਿਪਾ ਇਸ ਯੋਜਨਾ ਨੂੰ ਇੱਥੋ ਵਾਪਸ ਲੈ ਲਵੋ।

ਸ਼ਾਇਦ ਦੇਸ਼ ਵਿੱਚ ਪਹਿਲੀ ਵਾਰ ਹੀ ਅਜਿਹਾ ਹੋਵੇਗਾ ਕਿ ਸੱਚਮੁੱਚ ਵਣ ਵਿਭਾਗ ਦਾ ਇੱਕ ਦਲ ਉੱਥੇ ਆਇਆ ਅਤੇ ਉਸ ਖੇਤਰ ਵਿੱਚ ਪਹਿਲਾਂ ਤੋ ਹੀ ਲੱਗੇ, ਪਨਪੇ ਅਤੇ ਪਾਲੇ ਗਏ ਸੁੰਦਰ ਸੰਘਣੇ ਜੰਗਲਾਂ ਨੂੰ ਦੇਖ ਕੇ ਨਾ ਸਿਰਫ ਚੁੱਪਚਾਪ ਵਾਪਸ ਚਲਾ ਗਿਆ ਬਲਕਿ ਆਪਣੇ ਨਾਲ 90 ਕਰੋੜ ਦੀ ਯੋਜਨਾ ਵੀ ਸਮੇਟ ਲੈ ਗਿਆ।

ਜੰਗਲਾਂ ਦੇ ਪਿੰਡ, ਹਿਮਾਲਿਆ ਦੇ ਕੁੱਝ ਥੋੜ੍ਹੇ ਜਿਹੇ ਪਿੰਡ ਤੈਅ ਕਰ ਲੈਣ ਤਾਂ ਉਹ ਬਿਨਾਂ ਕਿਸੇ ਬਾਹਰੀ ਮੱਦਦ, ਵਿਦੇਸ਼ੀ ਪੈਸੇ, ਸਰਕਾਰੀ ਪੈਸੇ ਦੇ ਆਪਣੇ ਅਤੇ ਆਪਣੇ ਥੋੜ੍ਹੇ ਜਿਹੇ ਸ਼ੁਭਚਿੰਤਕਾਂ ਦੇ ਸਹਾਰੇ ਨਾਲ ਕੋਈ ਇੱਕ ਸ਼ਤਾਬਦੀ ਦੀਆਂ ਗਲਤੀਆਂ ਨੂੰ 20 ਸਾਲਾਂ ਵਿੱਚ ਸੁਧਾਰ ਕੇ ਕਿੰਨਾਂ ਵੱਡਾ ਕੰਮ ਖੜ੍ਹਾ ਕਰਕੇ ਦਿਖਾ ਸਕਦੇ ਹਨ। ਇਸ ਵਿੱਚ ਕੇਵਲ ਉੱਤਰਾਖੰਡ ਹੀ ਨਹੀਂ, ਸਾਰੇ ਪਹਾੜੀ ਖੇਤਰਾਂ ਦੀ ਸਮਝ ਦੇ ਬੀਜ ਛਿਪੇ ਹੋਏ ਹਨ।

ਪਹਾੜ ਜਿਹੇ ਇਸ ਉਦੇਸ਼ ਨੂੰ ਪਾਉਣ ਲਈ ਦੂਧਾਤੋਲੀ ਲੋਕ ਵਿਕਾਸ ਸੰਸਥਾ ਦੇ ਕਾਰਜਕਰਤਾਵਾਂ ਨੇ ਸਾਧਨਾਂ ਦੇ ਸੰਬੰਧ ਵਿੱਚ ਵੀ ਇੱਕ ਅਲੱਗ ਹੀ ਸਾਧਨਾ ਕੀਤੀ ਹੈ। 136 ਪਿੰਡਾਂ ਵਿੱਚ ਅਜਿਹਾ ਸੁੰਦਰ ਕੰਮ ਕਰਨ ਵਾਲੀ ਸੰਸਥਾ ਵਿੱਚ ਸਿਰਫ ਪੰਜ ਕਾਰਜਕਰਤਾ ਹਨ।

ਪ੍ਰਮੁੱਖ ਹੈ ਸ਼੍ਰੀ ਸੱਚਿਦਾਨੰਦ ਭਾਰਤੀ। ਇਹ ਉਫਰੈਖਾਲ ਦੇ ਇੰਟਰ ਕਾਲਜ ਵਿੱਚ ਅਧਿਆਪਕ ਹਨ। ਤਨਖ਼ਾਹ ਸਿੱਖਿਆ ਵਿਭਾਗ ਤੋ ਮਿਲਦੀ ਹੈ। ਬੱਚਿਆਂ ਨੂੰ ਪ੍ਰੇਮ ਨਾਲ ਪੜਾਉਂਦੇ ਹਨ ਅਤੇ ਬਚੇ ਹੋਏ ਸਮੇਂ ਵਿੱਚ ਪੂਰਾ ਸਮਾਂ ਹੀ ਸਮਾਜ ਦੀ ਸੇਵਾ ਕਰਦੇ ਹਨ।  ਭਾਰਤੀ ਨੇ ਸਿੱਖਿਆ ਨੂੰ, ਸਮਾਜ ਦੀ ਸੇਵਾ ਦੀ ਸਿੱਖਿਆ ਨੂੰ ਸਚਮੁੱਚ ਛੋਟੇ ਜਿਹੇ ਸਕੂਲ ਦੀ ਚਾਰਦੀਵਾਰੀ ਤੋ ਬਾਹਰ ਕੱਢ ਕੇ ਪੂਰੀ ਪੱਟੀ ਵਿੱਚ, ਹੇਠਾਂ ਘਾਟੀਆਂ ਤੋ ਲੈ ਕੇ ਉੱਪਰ ਦੀਆਂ ਚੋਟੀਆਂ ਤੱਕ ਫੈਲਾਇਆ ਹੈ। ਦੂਸਰੇ ਕਾਰਜਕਰਤਾ ਸ਼੍ਰੀ ਦਿਨੇਸ਼ ਹਨ। ਸੰਸਥਾ ਦੇ ਹੁਣ ਇਹ ਮੰਤਰੀ ਹਨ। ਇਹ ਉਫਰੈਖਾਲ ਪਿੰਡ ਵਿੱਚ ਹੀ ਦਵਾਈਆਂ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਜਦ ਵੀ ਸਮਾਜ ਦਾ, ਸੰਸਥਾ ਦਾ ਕੰਮ ਆਉਂਦਾ ਹੈ, ਇਹ ਦਵਾਈਆਂ ਦੀ ਦੁਕਾਨ ਦਾ ਸ਼ਟਰ ਬੰਦ ਕਰਕੇ ਸੇਵਾ ਦਾ ਦਵਾਰ ਖੋਲ ਲੈਂਦੇ ਹਨ।  ਉਹ ਵੀ ਸੰਸਥਾ ਤੋ ਵੇਤਨ ਨਹੀ ਲੈਂਦੇ। ਤੀਸਰੇ ਕਾਰਜਕਰਤਾ ਹਨ ਸ਼੍ਰੀ ਦੀਨਦਿਆਲ ਜੀ। ਉਹ ਰੋਜ਼ੀ-ਰੋਟੀ ਲਈ ਡਾਕੀਏ ਦਾ ਕੰਮ ਕਰਦੇ ਹਨ।  ਡਾਕ ਵੀ ਵੰਡਦੇ ਹਨ ਅਤੇ ਨਾਲ-ਨਾਲ ਦੂਧਾਤੋਲੀ ਸੰਸਥਾਨ ਦੇ ਮਾਧਿਅਮ ਨਾਲ ਲੋਕਾ ਦਾ ਦੁੱਖ ਦਰਦ ਵੀ ਵੰਡ ਲੈਂਦੇ ਹਨ। ਆਪਣੇ ਖੇਤਰ ਵਿੱਚ ਵਾਤਾਵਰਣ ਨੂੰ ਬਚਾਉਣ ਦੀ ਪਾਤੀ, ਚਿੱਠੀ ਵੀ ਦੂਰ-ਦੂਰ ਤੱਕ ਪੈਦਲ ਪਹੁੰਚਾਉਂਦੇ ਹਨ। ਅਤੇ ਉਹਨਾਂ ਦੀ ਇਸ ਪਾਤੀ ਨੂੰ ਸਭ ਪੜ੍ਹਦੇ ਹਨ। ਚੌਥੇ ਹਨ ਵਿਕਰਮ ਜੀ, ਇਹ ਵੀ ਪਿੰਡ ਡੁਲਮੋਟ ਵਿੱਚ ਆਪਣੀ ਪੰਸਾਰੀ ਦੀ ਦੁਕਾਨ ਚਲਾਉਂਦੇ ਹਨ। ਪੰਜਵੇਂ ਹਨ ਹਰੀ ਸਿੰਘ ਜੀ। ਇਹ ਖੇਤੀ ਕਰਦੇ ਹਨ। ਅਤੇ ਫਿਰ ਕਈ ਸੌ ਪਿੰਡਾਂ ਵਿੱਚ ਫੈਲੇ ਹਨ ਸੰਸਥਾ ਦੇ ਸਵੈ-ਸੇਵਕ। ਇਹਨਾਂ ਦੀ ਸੰਖਿਆ ਹੋਵੇਗੀ ਲਗਭਗ ਇੱਕ ਹਜ਼ਾਰ। ਇਹਨਾਂ ਵਿੱਚ ਉਹਨਾਂ ਔਰਤਾਂ ਦੀ ਸੰਖਿਆ ਹੋਵੇਗੀ ਪੰਜ ਸੌ, ਜੋ ਸਵੇਰ ਤੋ ਸ਼ਾਮ ਤੱਕ ਖਾਂਕਰ ਲੈ ਕੇ ਜੰਗਲਾਂ ਦੀ ਰਖਵਾਲੀ ਕਰਦੀਆਂ ਹਨ।

ਸੰਸਥਾ ਦੇ ਖ਼ਰਚ, ਇੰਨੇ ਵੱਡੇ ਕੰਮ ਦੇ ਲਈ ਸਾਧਨ ਜੁਟਾਉਣ ਲਈ ਵੀ ਭਾਰਤੀ ਨੇ ਪਹਿਲੇ ਦਿਨ ਤੋ ਹੀ ਵਿਦੇਸ਼ੀ ਪੈਸਾ ਨਾ ਲੈਣ ਦਾ ਨਿਯਮ ਪੱਕਾ ਕਰ ਦਿੱਤਾ ਸੀ। ਹੋਰ ਵੀ ਸਮਾਜਸੇਵੀ ਸੰਸਥਾਵਾਂ ਅਜਿਹਾ ਕਰਦੀਆਂ ਹਨ। ਫਿਰ ਸਮੇਂ ਦੇ ਨਾਲ-ਨਾਲ ਜ਼ਰੂਰਤ ਪੈਣ ਤੇ ਇਹ ਨਿਯਮ ਤੋੜ ਵੀ ਦਿੰਦੀਆਂ ਹਨ। ਦੂਧਾਤੋਲੀ ਵਿੱਚ ਇਹ ਨਿਯਮ ਹੁਣ ਤੱਕ ਨਹੀ ਟੁੱਟਿਆ।

ਸਾਧਨਾਂ ਨੂੰ ਜੁਟਾਉਣ ਅਤੇ ਉਹਨਾਂ ਨੂੰ ਏਨੀ ਕਿਫ਼ਾਇਤ ਨਾਲ ਖ਼ਰਚ ਕਰਨ ਦਾ ਅਸਰ ਦੂਸਰਿਆਂ ਉੱਪਰ ਵੀ ਪੈਂਦਾ ਹੈ। ਸੰਸਥਾ ਰਜਿਸਟਰਡ ਹੈ। ਹਰ ਸਾਲ ਉਸਨੂੰ ਆਪਣੀ ਆਮਦਨੀ ਅਤੇ ਖ਼ਰਚ ਦਾ ਆਡਿਟ ਕਰਨਾ ਪੈਂਦਾ ਹੈ। ਪਰ ਇਸ ਕੰਮ ਨੂੰ ਕਰਨ ਲਈ ਆਡੀਟਰ ਇਸ ਸੰਸਥਾ ਨੂੰ ਆਪਣੀਆਂ ਸੇਵਾਵਾਂ ਮੁਫ਼ਤ ਦਿੰਦੇ ਹਨ। ਸੰਸਥਾ ਵੀ ਪੂਰੀ ਆਡਿਟ ਰਿਪੋਰਟ ਆਪਣੇ ਖੇਤਰ ਦੇ ਛੋਟੇ-ਵੱਡੇ ਅਖ਼ਬਾਰਾਂ ਵਿੱਚ ਵਿਤਰਿਤ ਕਰ ਦਿੰਦੀ ਹੈ। ਉਹ ਇਸਨੂੰ ਛਾਪ ਕੇ ਸਾਰਵਜਨਿਕ ਕਰ ਦਿੰਦੇ ਹਨ। ਸਾਰਵਜਨਿਕ ਕੰਮ ਦੀ ਜਾਣਕਾਰੀ ਸਾਰਵਜਨਿਕ ਹੋ ਜਾਂਦੀ ਹੈ।

ਇਸ ਖੇਤਰ ਦੇ ਇਹ ਪਿੰਡ ਕੋਈ 4000 ਤੋ 7000 ਫੁੱਟ ਦੀ ਉਚਾਈ ਤੇ ਬਸੇ ਹੋਏ ਹਨ। ਸਾਲ ਭਰ ਮੌਸਮ ਖੂਬ ਠੰਡਾ ਰਹਿੰਦਾ ਹੈ। ਠੰਡ ਦੇ ਮੌਸਮ ਵਿੱਚ ਜ਼ਿਆਦਾਤਰ ਭਾਗ ਬਰਫ਼ ਦੀ ਚਾਦਰ ਨਾਲ ਢਕ ਜਾਂਦਾ ਹੈ। ਅਜਿਹੇ ਠੰਡੇ ਇਲਾਕਿਆਂ ਵਿੱਚ ਬਨਸਪਤੀ ਦਾ ਵਿਸਤਾਰ ਵੀ ਹੌਲੀ-ਹੌਲੀ ਹੁੰਦਾ ਹੈ। ਅਤੇ ਕੀਮਤੀ ਉਪਜਾਊ ਮਿੱਟੀ ਵੀ ਹੌਲੀ-ਹੌਲੀ ਹੀ ਬਣ ਪਾਉਂਦੀ ਹੈ। ਪਰ ਤਿੱਖੀਆਂ ਢਲਾਨਾਂ ਦੇ ਕਾਰਨ ਵਰਖਾ ਦੇ ਮੌਸਮ ਵਿੱਚ ਇਸ ਕੀਮਤੀ ਮਿੱਟੀ ਨੂੰ ਹੇਠਾਂ ਮੈਦਾਨ ਵੱਲ ਵਹਿੰਦੇ ਦੇਰ ਨਹੀ ਲੱਗਦੀ। ਤੇਜ਼ ਵਹਿੰਦਾ ਪਾਣੀ ਆਪਣੇ ਨਾਲ ਹੋਰ ਵੀ ਤੇਜ਼ੀ ਨਾਲ ਮਿੱਟੀ ਕੱਟ ਕੇ, ਬਹਾ ਕੇ ਲੈ ਜਾਂਦਾ ਹੈ। ਅਜਿਹੇ ਵਿੱਚ ਮਿੱਟੀ ਅਤੇ ਪਾਣੀ ਦਾ ਸਰੱਖਿਅਣ ਦੋ ਚਾਰ ਸਾਲ ਦਾ ਨਹੀ, ਕੁੱਝ ਸਦੀਆਂ ਦਾ ਕੰਮ ਬਣ ਜਾਂਦਾ ਹੈ।

ਦੂਧਾਤੋਲੀ ਦਾ ਇਹ ਕੰਮ ਇਸਲਈ ਬਹੁਤ ਹੀ ਧੀਰਜ ਨਾਲ ਖੜ੍ਹਾ ਕੀਤਾ ਗਿਆ ਹੈ। ਇਸ ਵਿੱਚ ਉਦੇਸ਼ ਸੰਖਿਆ, ਆਂਕੜਿਆਂ ਜਾਂ ਪੈਸਿਆਂ, ਰੁਪਇਆ ਦਾ ਨਹੀ, ਚੁਪਚਾਪ ਕੰਮ ਦਾ ਰੱਖਿਆ ਗਿਆ ਹੈ। ਇਸਲਈ ਦੂਧਾਤੋਲੀ ਦਾ ਇਹ ਦਲ ਸ਼ਾਇਦ ਹੀ ਕਦੇ ਆਪਣਾ ਖੇਤਰ ਛੱਡ ਕੇ ਬਾਹਰ ਨਿਕਲ ਪਾਉਂਦਾ ਹੋਵੇ। ਬਾਹਰ ਦੇ ਲੋਕ, ਕੁੱਝ ਮਿੱਤਰ, ਸ਼ੁਭਚਿੰਤਕ ਇੱਥੇ ਕਦੇ-ਕਦੇ ਹੀ ਆ ਪਾਉਂਦੇ ਹਨ। ਉਦੋਂ ਉਹਨਾਂ ਦਾ ਬਹੁਤ ਹੀ ਨਿੱਘਾ ਸਵਾਗਤ ਹੁੰਦਾ ਹੈ। ਦੇਵਪੂਜਾ ਦੇ ਕੰਮ ਆਉਣ ਵਾਲੇ ਪਈਆਂ ਦੀ ਪੱਤੀ ਦੀ ਸਾਦੀ ਪਰ ਸੁੰਦਰ ਮਾਲਾ ਵਿੱਚ ਬਾਂਸ ਦਾ ਇੱਕ ਅੱਧਾ ਫੁੱਲ ਪੂਰੇ ਪਿੰਡ ਦੀ ਮਹਿਮਾਨ ਨਵਾਜ਼ੀ ਦੀ ਭਾਵਨਾ ਨੂੰ ਆਨੰਦ ਵਿੱਚ ਬਦਲ ਦਿੰਦਾ ਹੈ। ਖੇਤ ਅਤੇ ਜੰਗਲਾਂ ਦੇ ਫੁੱਲ ਕੈਂਪਾਂ ਨੂੰ ਨਵੇਂ ਢੰਗ ਨਾਲ ਰੰਗ ਦਿੰਦੇ ਹਨ। ਸੰਗੀਤ ਟੁਕੜੀ ਦੇ ਬੋਲ, ਢੋਲ-ਨਗਾੜੇ, ਰੰਗਸਿੰਗੇ ਪੂਰੀ ਘਾਟੀ ਵਿੱਚ ਗੂੰਜਣ ਲੱਗਦੇ ਹਨ। ਮਿੱਟੀ ਅਤੇ ਪਾਣੀ ਨੂੰ 'ਪਰਦੇਸ' ਜਾਣ ਤੋ ਰੋਕਣ ਦੇ ਲਈ।
(ਮੱਧ ਪ੍ਰਦੇਸ਼ ਸਰਕਾਰ ਨੇ ਸੰਨ 2011 ਦਾ ਪ੍ਰਤਿਸ਼ਠਿਤ ਰਾਸ਼ਟਰੀ ਮਹਾਤਮਾ ਗਾਂਧੀ ਪੁਰਸਕਾਰ ਸਨਮਾਨ ਦੂਧਾਤੋਲੀ ਲੋਕ ਵਿਕਾਸ ਸੰਸਥਾਨ ਨੂੰ ਪ੍ਰਦਾਨ ਕੀਤਾ ਹੈ।)

No comments:

Post a Comment